Shabad Play Touch This Link👆
*┈┉┅━❀꧁ੴ꧂❀━┅┉┈*
||ਅੱਜ ਦਾ ਫੁਰਮਾਨ|| ਸ਼੍ਰੀ ਅਕਾਲ ਤਖ਼ਤ ਸਾਹਿਬ, ਅੰਮ੍ਰਿਤਸਰ ||
*Please cover your head & Remove your shoes before reading Hukamnama sahib Ji*
ਸੋਰਠਿ ਮਹਲਾ ੪ ॥ ਆਪੇ ਕੰਡਾ ਆਪਿ ਤਰਾਜੀ ਪ੍ਰਭਿ ਆਪੇ ਤੋਲਿ ਤੋਲਾਇਆ ॥ ਆਪੇ ਸਾਹੁ ਆਪੇ ਵਣਜਾਰਾ ਆਪੇ ਵਣਜੁ ਕਰਾਇਆ ॥ ਆਪੇ ਧਰਤੀ ਸਾਜੀਅਨੁ ਪਿਆਰੈ ਪਿਛੈ ਟੰਕੁ ਚੜਾਇਆ ॥੧॥ ਮੇਰੇ ਮਨ ਹਰਿ ਹਰਿ ਧਿਆਇ ਸੁਖੁ ਪਾਇਆ ॥ ਹਰਿ ਹਰਿ ਨਾਮੁ ਨਿਧਾਨੁ ਹੈ ਪਿਆਰਾ ਗੁਰਿ ਪੂਰੈ ਮੀਠਾ ਲਾਇਆ ॥ ਰਹਾਉ ॥ ਆਪੇ ਧਰਤੀ ਆਪਿ ਜਲੁ ਪਿਆਰਾ ਆਪੇ ਕਰੇ ਕਰਾਇਆ ॥ ਆਪੇ ਹੁਕਮਿ ਵਰਤਦਾ ਪਿਆਰਾ ਜਲੁ ਮਾਟੀ ਬੰਧਿ ਰਖਾਇਆ ॥ ਆਪੇ ਹੀ ਭਉ ਪਾਇਦਾ ਪਿਆਰਾ ਬੰਨਿ ਬਕਰੀ ਸੀਹੁ ਹਢਾਇਆ ॥੨॥ ਆਪੇ ਕਾਸਟ ਆਪਿ ਹਰਿ ਪਿਆਰਾ ਵਿਚਿ ਕਾਸਟ ਅਗਨਿ ਰਖਾਇਆ ॥ ਆਪੇ ਹੀ ਆਪਿ ਵਰਤਦਾ ਪਿਆਰਾ ਭੈ ਅਗਨਿ ਨ ਸਕੈ ਜਲਾਇਆ ॥ ਆਪੇ ਮਾਰਿ ਜੀਵਾਇਦਾ ਪਿਆਰਾ ਸਾਹ ਲੈਦੇ ਸਭਿ ਲਵਾਇਆ ॥੩॥ ਆਪੇ ਤਾਣੁ ਦੀਬਾਣੁ ਹੈ ਪਿਆਰਾ ਆਪੇ ਕਾਰੈ ਲਾਇਆ ॥ ਜਿਉ ਆਪਿ ਚਲਾਏ ਤਿਉ ਚਲੀਐ ਪਿਆਰੇ ਜਿਉ ਹਰਿ ਪ੍ਰਭ ਮੇਰੇ ਭਾਇਆ ॥ ਆਪੇ ਜੰਤੀ ਜੰਤੁ ਹੈ ਪਿਆਰਾ ਜਨ ਨਾਨਕ ਵਜਹਿ ਵਜਾਇਆ ॥੪॥੪॥ {ਪੰਨਾ 605-606}
ਪਦਅਰਥ: ਕੰਡਾ = ਤਰਾਜ਼ੂ ਦੀ ਉਪਰਲੀ ਵਿਚਕਾਰਲੀ ਸੂਈ। ਤਰਾਜੀ = ਤਰਾਜ਼ੂ, ਤੱਕੜੀ। ਪ੍ਰਭਿ = ਪ੍ਰਭੂ ਨੇ। ਤੋਲਿ = ਤੋਲ ਨਾਲ, ਵੱਟੇ ਨਾਲ। ਸਾਹੁ = ਸ਼ਾਹ, ਸਾਹੂਕਾਰ। ਸਾਜੀਅਨੁ = ਉਸ (ਪ੍ਰਭੂ) ਨੇ ਸਾਜੀ ਹੈ। ਪਿਆਰੈ = ਪਿਆਰੇ (ਪ੍ਰਭੂ) ਨੇ। ਪਿਛੈ = ਤਕੜੀ ਦੇ ਪਿਛਲੇ ਛਾਬੇ ਵਿਚ। ਟੰਕੁ = ਚਾਰ ਮਾਸੇ ਦਾ ਵੱਟਾ।੧।
ਮਨ = ਹੇ ਮਨ! ਨਿਧਾਨੁ = ਖ਼ਜ਼ਾਨਾ। ਗੁਰਿ ਪੂਰੈ = ਪੂਰੇ ਗੁਰੂ ਨੇ।ਰਹਾਉ।
ਆਪੇ = ਆਪ ਹੀ। ਹੁਕਮਿ = ਹੁਕਮ ਦੀ ਰਾਹੀਂ। ਵਰਤਦਾ = ਮੌਜੂਦ ਹੈ। ਬੰਧਿ = ਬੰਨ੍ਹ ਕੇ। ਭਉ = ਡਰ। ਬੰਨਿ = ਬੰਨ੍ਹ ਕੇ। ਸੀਹੁ = ਸ਼ੇਰ (ਨੂੰ) । ਹਢਾਇਆ = ਫਿਰਾ ਰਿਹਾ ਹੈ।੨।
ਕਾਸਟ = ਕਾਠ, ਲੱਕੜ। ਭੈ = ਡਰ ਦੇ ਕਾਰਨ। ਅਗਨਿ = ਅੱਗ। ਮਾਰਿ = ਮਾਰ ਕੇ। ਸਭਿ = ਸਾਰੇ।੪।
ਤਾਣੁ = ਤਾਕਤ। ਦੀਬਾਣੁ = ਦਰਬਾਰ ਲਾਣ ਵਾਲਾ, ਹਾਕਮ। ਕਾਰੈ = ਕਾਰ ਵਿਚ। ਚਲੀਐ = ਚੱਲ ਸਕੀਦਾ ਹੈ। ਪਿਆਰੇ = ਹੇ ਪਿਆਰੇ (ਭਾਈ) ! ਪ੍ਰਭ ਭਾਇਆ = ਪ੍ਰਭੂ ਨੂੰ ਚੰਗਾ ਲੱਗਦਾ ਹੈ। ਜੰਤੀ = ਵਾਜਾ ਵਜਾਣ ਵਾਲਾ। ਜੰਤੁ = ਵਾਜਾ। ਵਜਹਿ = ਵੱਜਦੇ ਹਨ।੪।
ਅਰਥ: ਹੇ ਮੇਰੇ ਮਨ! ਸਦਾ ਪਰਮਾਤਮਾ ਦਾ ਸਿਮਰਨ ਕਰ, (ਜਿਸ ਕਿਸੇ ਨੇ ਸਿਮਰਿਆ ਹੈ, ਉਸ ਨੇ) ਸੁਖ ਪਾਇਆ ਹੈ। ਹੇ ਭਾਈ! ਪਰਮਾਤਮਾ ਦਾ ਨਾਮ (ਸਾਰੇ) ਸੁਖਾਂ ਦਾ ਖ਼ਜ਼ਾਨਾ ਹੈ (ਜੇਹੜਾ ਮਨੁੱਖ ਗੁਰੂ ਦੀ ਸ਼ਰਨ ਪਿਆ ਹੈ) ਪੂਰੇ ਗੁਰੂ ਨੇ ਉਸ ਨੂੰ ਪਰਮਾਤਮਾ ਦਾ ਨਾਮ ਮਿੱਠਾ ਅਨੁਭਵ ਕਰਾ ਦਿੱਤਾ ਹੈ।ਰਹਾਉ।
ਹੇ ਭਾਈ! ਪ੍ਰਭੂ ਨੇ ਆਪ ਹੀ ਧਰਤੀ ਪੈਦਾ ਕੀਤੀ ਹੋਈ ਹੈ (ਆਪਣੀ ਮਰਯਾਦਾ ਰੂਪ ਤੱਕੜੀ ਦੇ) ਪਿਛਲੇ ਛਾਬੇ ਵਿਚ ਚਾਰ ਮਾਸੇ ਦਾ ਵੱਟਾ ਰੱਖ ਕੇ (ਪ੍ਰਭੂ ਨੇ ਆਪ ਹੀ ਇਸ ਸ੍ਰਿਸ਼ਟੀ ਨੂੰ ਆਪਣੀ ਮਰਯਾਦਾ ਵਿਚ ਰੱਖਿਆ ਹੋਇਆ ਹੈ। ਇਹ ਕੰਮ ਉਸ ਪ੍ਰਭੂ ਵਾਸਤੇ ਬਹੁਤ ਸਾਧਾਰਨ ਤੇ ਸੌਖਾ ਜਿਹਾ ਹੈ) । ਉਹ ਤੱਕੜੀ ਭੀ ਪ੍ਰਭੂ ਆਪ ਹੀ ਹੈ, ਉਸ ਤੱਕੜੀ ਦੀ ਸੂਈ (ਬੋਦੀ) ਭੀ ਪ੍ਰਭੂ ਆਪ ਹੀ ਹੈ, ਪ੍ਰਭੂ ਨੇ ਆਪ ਹੀ ਵੱਟੇ ਨਾਲ (ਇਸ ਸ੍ਰਿਸ਼ਟੀ ਨੂੰ) ਤੋਲਿਆ ਹੋਇਆ ਹੈ (ਆਪਣੇ ਹੁਕਮ ਵਿਚ ਰੱਖਿਆ ਹੋਇਆ ਹੈ) । ਪ੍ਰਭੂ ਆਪ ਹੀ (ਇਸ ਧਰਤੀ ਉਤੇ ਵਣਜ ਕਰਨ ਵਾਲਾ) ਸ਼ਾਹਕਾਰ ਹੈ, ਆਪ ਹੀ (ਜੀਵ-ਰੂਪ ਹੋ ਕੇ) ਵਣਜ ਕਰਨ ਵਾਲਾ ਹੈ, ਆਪ ਹੀ ਵਣਜ ਕਰ ਰਿਹਾ ਹੈ।੧।
ਹੇ ਭਾਈ! ਪ੍ਰਭੂ ਪਿਆਰਾ ਆਪ ਹੀ ਧਰਤੀ ਪੈਦਾ ਕਰਨ ਵਾਲਾ ਹੈ, ਆਪ ਹੀ ਪਾਣੀ ਪੈਦਾ ਕਰਨ ਵਾਲਾ ਹੈ, ਆਪ ਹੀ ਸਭ ਕੁਝ ਕਰਦਾ ਹੈ ਆਪ ਹੀ (ਜੀਵਾਂ ਪਾਸੋਂ ਸਭ ਕੁਝ) ਕਰਾਂਦਾ ਹੈ। ਆਪ ਹੀ ਆਪਣੇ ਹੁਕਮ ਅਨੁਸਾਰ ਹਰ ਥਾਂ ਕਾਰ ਚਲਾ ਰਿਹਾ ਹੈ, ਪਾਣੀ ਨੂੰ ਮਿੱਟੀ ਨਾਲ (ਉਸ ਨੇ ਆਪਣੇ ਹੁਕਮ ਵਿਚ ਹੀ) ਬੰਨ੍ਹ ਰੱਖਿਆ ਹੈ (ਪਾਣੀ ਮਿੱਟੀ ਨੂੰ ਰੋੜ੍ਹ ਨਹੀਂ ਸਕਦਾ, ਪਾਣੀ ਵਿਚ ਉਸ ਨੇ) ਆਪ ਹੀ ਆਪਣਾ ਡਰ ਪਾ ਰੱਖਿਆ ਹੈ, (ਮਾਨੋ) ਬੱਕਰੀ ਸ਼ੇਰ ਨੂੰ ਬੰਨ੍ਹ ਕੇ ਫਿਰਾ ਰਹੀ ਹੈ।੨।
ਹੇ ਭਾਈ! ਪ੍ਰਭੂ ਆਪ ਹੀ ਲੱਕੜੀ (ਪੈਦਾ ਕਰਨ ਵਾਲਾ) ਹੈ, (ਆਪ ਹੀ ਅੱਗ ਬਣਾਣ ਵਾਲਾ ਹੈ) ਲੱਕੜੀ ਵਿਚ ਉਸ ਨੇ ਆਪ ਹੀ ਅੱਗ ਟਿਕਾ ਰੱਖੀ ਹੈ। ਪ੍ਰਭੂ ਪਿਆਰਾ ਆਪ ਹੀ ਆਪਣਾ ਹੁਕਮ ਵਰਤਾ ਰਿਹਾ ਹੈ (ਉਸ ਦੇ ਹੁਕਮ ਵਿਚ) ਅੱਗ (ਲੱਕੜ ਨੂੰ) ਸਾੜ ਨਹੀਂ ਸਕਦੀ। ਪ੍ਰਭੂ ਆਪ ਹੀ ਮਾਰ ਕੇ ਜੀਵਾਲਣ ਵਾਲਾ ਹੈ। ਸਾਰੇ ਜੀਵ ਉਸ ਦੇ ਪ੍ਰੇਰੇ ਹੋਏ ਹੀ ਸਾਹ ਲੈ ਰਹੇ ਹਨ।੩।
ਹੇ ਭਾਈ! ਪ੍ਰਭੂ ਆਪ ਹੀ ਤਾਕਤ ਹੈ, ਆਪ ਹੀ (ਤਾਕਤ ਵਰਤਣ ਵਾਲਾ) ਹਾਕਮ ਹੈ, (ਸਾਰੇ ਜਗਤ ਨੂੰ ਉਸ ਨੇ) ਆਪ ਹੀ ਕਾਰ ਵਿਚ ਲਾਇਆ ਹੋਇਆ ਹੈ। ਹੇ ਪਿਆਰੇ ਸੱਜਣ! ਜਿਵੇਂ ਪ੍ਰਭੂ ਆਪ ਜੀਵਾਂ ਨੂੰ ਤੋਰਦਾ ਹੈ, ਜਿਵੇਂ ਮੇਰੇ ਹਰੀ-ਪ੍ਰਭੂ ਨੂੰ ਭਾਉਂਦਾ ਹੈ, ਤਿਵੇਂ ਹੀ ਚੱਲ ਸਕੀਦਾ ਹੈ। ਹੇ ਦਾਸ ਨਾਨਕ! ਪ੍ਰਭੂ ਆਪ ਹੀ (ਜੀਵ-) ਵਾਜਾ (ਬਣਾਣ ਵਾਲਾ) ਹੈ, ਆਪ ਵਾਜਾ ਵਜਾਣ ਵਾਲਾ ਹੈ, ਸਾਰੇ ਜੀਵ-ਵਾਜੇ ਉਸੇ ਦੇ ਵਜਾਏ ਵੱਜ ਰਹੇ ਹਨ।੪।੪।
*┈┉┅━❀꧁ੴ꧂❀━┅┉┈*
||ਅੱਜ ਦਾ ਫੁਰਮਾਨ|| ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ (ਨਾਂਦੇੜ) ||
ਟੋਡੀ ਮਹਲਾ ੫ ਘਰੁ ੫ ਦੁਪਦੇ ੴ ਸਤਿਗੁਰ ਪ੍ਰਸਾਦਿ ॥ ਐਸੋ ਗੁਨੁ ਮੇਰੋ ਪ੍ਰਭ ਜੀ ਕੀਨ ॥ ਪੰਚ ਦੋਖ ਅਰੁ ਅਹੰ ਰੋਗ ਇਹ ਤਨ ਤੇ ਸਗਲ ਦੂਰਿ ਕੀਨ ॥ ਰਹਾਉ ॥ ਬੰਧਨ ਤੋਰਿ ਛੋਰਿ ਬਿਖਿਆ ਤੇ ਗੁਰ ਕੋ ਸਬਦੁ ਮੇਰੈ ਹੀਅਰੈ ਦੀਨ ॥ ਰੂਪੁ ਅਨਰੂਪੁ ਮੋਰੋ ਕਛੁ ਨ ਬੀਚਾਰਿਓ ਪ੍ਰੇਮ ਗਹਿਓ ਮੋਹਿ ਹਰਿ ਰੰਗ ਭੀਨ ॥੧॥ ਪੇਖਿਓ ਲਾਲਨੁ ਪਾਟ ਬੀਚ ਖੋਏ ਅਨਦ ਚਿਤਾ ਹਰਖੇ ਪਤੀਨ ॥ ਤਿਸ ਹੀ ਕੋ ਗ੍ਰਿਹੁ ਸੋਈ ਪ੍ਰਭੁ ਨਾਨਕ ਸੋ ਠਾਕੁਰੁ ਤਿਸ ਹੀ ਕੋ ਧੀਨ ॥੨॥੧॥੨੦॥ {ਪੰਨਾ 716}
ਪਦਅਰਥ: ਗੁਨੁ = ਉਪਕਾਰ। ਪੰਚ ਦੋਖ = (ਕਾਮਾਦਿਕ) ਪੰਜੇ ਵਿਕਾਰ। ਅਰੁ = ਅਤੇ। ਅਹੰ ਰੋਗ = ਹਉਮੈ ਦਾ ਰੋਗ। ਤੇ = ਤੋਂ। ਸਗਲ = ਸਾਰੇ।ਰਹਾਉ।
ਬੰਧਨ = ਫਾਹੀਆਂ। ਤੋਰਿ = ਤੋੜ ਕੇ। ਛੋਰਿ = ਛੁਡਾ ਕੇ। ਬਿਖਿਆ ਤੇ = ਮਾਇਆ (ਦੇ ਮੋਹ) ਤੋਂ। ਕੋ = ਦਾ। ਮੇਰੈ ਹੀਅਰੈ = ਮੇਰੇ ਹਿਰਦੇ ਵਿਚ। ਰੂਪੁ = ਸੁਹਜ। ਅਨਰੂਪੁ = ਕੁਹਜ। ਗਹਿਓ = ਫੜ ਲਿਆ, ਬੰਨ੍ਹ ਦਿੱਤਾ। ਮੋਹਿ = ਮੈਨੂੰ। ਰੰਗਿ = ਪ੍ਰੇਮ = ਰੰਗ ਵਿਚ। ਭੀਨ = ਭਿਉਂ ਦਿੱਤਾ।੧।
ਲਾਲਨੁ = ਸੋਹਣਾ ਲਾਲ। ਪਾਟ ਬੀਚ = ਵਿਚਲੇ ਪਰਦੇ। ਖੋਏ = ਖੋਇ, ਦੂਰ ਕਰਕੇ। ਹਰਖੇ = ਖ਼ੁਸ਼ੀ ਵਿਚ। ਪਤੀਨ = ਪਤੀਜ ਗਿਆ। ਤਿਸ ਹੀ = {ਲਫ਼ਜ਼ 'ਤਿਸੁ' ਦਾ ੁ ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਿਆ ਹੈ}। ਗ੍ਰਿਹੁ = ਸਰੀਰ = ਘਰ। ਠਾਕੁਰੁ = ਮਾਲਕ। ਕੋ ਧੀਨ = ਕਾ ਅਧੀਨ, ਦਾ ਸੇਵਕ।੨।
ਅਰਥ: ਹੇ ਭਾਈ! ਮੇਰੇ ਪ੍ਰਭੂ ਜੀ ਨੇ (ਮੇਰੇ ਉੱਤੇ) ਇਹੋ ਜਿਹਾ ਉਪਕਾਰ ਕਰ ਦਿੱਤਾ ਹੈ, (ਕਿ) ਕਾਮਾਦਿਕ ਪੰਜੇ ਵਿਕਾਰ ਅਤੇ ਹਉਮੈ ਦਾ ਰੋਗ-ਇਹ ਸਾਰੇ ਉਸ ਨੇ ਮੇਰੇ ਸਰੀਰ ਵਿਚੋਂ ਕੱਢ ਦਿੱਤੇ ਹਨ।ਰਹਾਉ।
(ਹੇ ਭਾਈ! ਮੇਰੇ ਪ੍ਰਭੂ ਜੀ ਨੇ ਮੇਰੀਆਂ ਮਾਇਆ ਦੀਆਂ) ਫਾਹੀਆਂ ਤੋੜ ਕੇ (ਮੈਨੂੰ) ਮਾਇਆ (ਦੇ ਮੋਹ) ਤੋਂ ਛੁਡਾ ਕੇ ਗੁਰੂ ਦਾ ਸ਼ਬਦ ਮੇਰੇ ਹਿਰਦੇ ਵਿਚ ਵਸਾ ਦਿੱਤਾ ਹੈ। ਮੇਰਾ ਕੋਈ ਸੁਹਜ ਕੋਈ ਕੁਹਜ ਉਸ ਨੇ ਕੋਈ ਭੀ ਆਪਣੇ ਮਨ ਵਿਚ ਨਹੀਂ ਲਿਆਂਦਾ। ਮੈਨੂੰ ਉਸ ਨੇ ਆਪਣੇ ਪ੍ਰੇਮ ਨਾਲ ਬੰਨ੍ਹ ਦਿੱਤਾ ਹੈ। ਮੈਨੂੰ ਆਪਣੇ ਪਿਆਰ-ਰੰਗ ਵਿਚ ਭਿਉਂ ਦਿੱਤਾ ਹੈ।੧।
ਹੇ ਨਾਨਕ! ਆਖ-ਹੇ ਭਾਈ!) ਹੁਣ ਜਦੋਂ ਵਿਚਕਾਰਲੇ ਪਰਦੇ ਦੂਰ ਕਰ ਕੇ ਮੈਂ ਉਸ ਸੋਹਣੇ ਲਾਲ ਨੂੰ ਵੇਖਿਆ ਹੈ, ਤਾਂ ਮੇਰੇ ਚਿਤ ਵਿਚ ਆਨੰਦ ਪੈਦਾ ਹੋ ਗਿਆ ਹੈ, ਮੇਰਾ ਮਨ ਖ਼ੁਸ਼ੀ ਵਿਚ ਗਦ-ਗਦ ਹੋ ਉੱਠਿਆ ਹੈ। (ਹੁਣ ਮੇਰਾ ਇਹ ਸਰੀਰ) ਉਸੇ ਦਾ ਹੀ ਘਰ (ਬਣ ਗਿਆ ਹੈ) ਉਹੀ (ਇਸ ਘਰ ਦਾ) ਮਾਲਕ (ਬਣ ਗਿਆ ਹੈ) , ਉਸੇ ਦਾ ਹੀ ਮੈਂ ਸੇਵਕ ਬਣ ਗਿਆ ਹਾਂ।੨।੧।੨੦।
*┈┉┅━❀꧁ੴ꧂❀━┅┉┈*
||ਅੱਜ ਦਾ ਫੁਰਮਾਨ|| ਤਖ਼ਤ ਸ੍ਰੀ ਪਟਨਾ ਸਾਹਿਬ ||
ਰਾਗੁ ਸੂਹੀ ਛੰਤ ਮਹਲਾ ੩ ਘਰੁ ੨ ੴ ਸਤਿਗੁਰ ਪ੍ਰਸਾਦਿ ॥ ਸੁਖ ਸੋਹਿਲੜਾ ਹਰਿ ਧਿਆਵਹੁ ॥ ਗੁਰਮੁਖਿ ਹਰਿ ਫਲੁ ਪਾਵਹੁ ॥ ਗੁਰਮੁਖਿ ਫਲੁ ਪਾਵਹੁ ਹਰਿ ਨਾਮੁ ਧਿਆਵਹੁ ਜਨਮ ਜਨਮ ਕੇ ਦੂਖ ਨਿਵਾਰੇ ॥ ਬਲਿਹਾਰੀ ਗੁਰ ਅਪਣੇ ਵਿਟਹੁ ਜਿਨਿ ਕਾਰਜ ਸਭਿ ਸਵਾਰੇ ॥ ਹਰਿ ਪ੍ਰਭੁ ਕ੍ਰਿਪਾ ਕਰੇ ਹਰਿ ਜਾਪਹੁ ਸੁਖ ਫਲ ਹਰਿ ਜਨ ਪਾਵਹੁ ॥ ਨਾਨਕੁ ਕਹੈ ਸੁਣਹੁ ਜਨ ਭਾਈ ਸੁਖ ਸੋਹਿਲੜਾ ਹਰਿ ਧਿਆਵਹੁ ॥੧॥ {ਪੰਨਾ 767}
ਪਦਅਰਥ: ਸੁਖ = ਆਤਮਕ ਆਨੰਦ। ਸੋਹਿਲੜਾ = {सुख केल:ਸੋਹਿਲਾ} ਖ਼ੁਸ਼ੀ ਪੈਦਾ ਕਰਨ ਵਾਲਾ ਗੀਤ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਨਿਵਾਰੇ = ਦੂਰ ਕਰਦਾ ਹੈ। ਵਿਟਹੁ = ਤੋਂ। ਬਲਿਹਾਰੀ = ਸਦਕੇ। ਜਿਨਿ = ਜਿਸ (ਗੁਰੂ) ਨੇ। ਸਭਿ = ਸਾਰੇ। ਜਾਪਹੁ = ਜਪਿਆ ਕਰੋ। ਨਾਨਕੁ ਕਹੈ– ਨਾਨਕ ਆਖਦਾ ਹੈ। ਜਨ ਭਾਈ = ਹੇ ਭਾਈ ਜਨੋ!।੧।
ਅਰਥ: ਹੇ ਭਾਈ ਜਨੋ! ਆਤਮਕ ਆਨੰਦ ਦੇਣ ਵਾਲਾ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਇਆ ਕਰੋ। ਗੁਰੂ ਦੀ ਸਰਨ ਪੈ ਕੇ (ਸਿਫ਼ਤਿ-ਸਾਲਾਹ ਦਾ ਗੀਤ ਗਾਇਆਂ) ਪਰਮਾਤਮਾ ਦੇ ਦਰ ਤੋਂ (ਇਸ ਦਾ) ਫਲ ਪ੍ਰਾਪਤ ਕਰੋਗੇ।
ਹੇ ਭਾਈ! ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰਿਆ ਕਰੋ, (ਇਸ ਦਾ) ਫਲ ਹਾਸਲ ਕਰੋਗੇ, ਪਰਮਾਤਮਾ ਦਾ ਨਾਮ ਅਨੇਕਾਂ ਜਨਮਾਂ ਦੇ ਦੁੱਖ ਦੂਰ ਕਰ ਦੇਂਦਾ ਹੈ। ਜਿਸ ਗੁਰੂ ਨੇ ਤੁਹਾਡੇ (ਲੋਕ ਪਰਲੋਕ ਦੇ) ਸਾਰੇ ਕੰਮ ਸਵਾਰ ਦਿੱਤੇ ਹਨ, ਉਸ ਆਪਣੇ ਗੁਰੂ ਤੋਂ ਸਦਕੇ ਜਾਵੋ।
ਹੇ ਭਾਈ! ਪਰਮਾਤਮਾ ਦਾ ਨਾਮ ਜਪਿਆ ਕਰੋ। ਹਰੀ-ਪ੍ਰਭੂ ਕਿਰਪਾ ਕਰੇਗਾ, (ਉਸ ਦੇ ਦਰ ਤੋਂ) ਆਤਮਕ ਆਨੰਦ ਦਾ ਫਲ ਪ੍ਰਾਪਤ ਕਰ ਲਵੋਗੇ। ਨਾਨਕ ਆਖਦਾ ਹੈ-ਹੇ ਭਾਈ ਜਨੋ! ਆਤਮਕ ਆਨੰਦ ਦੇਣ ਵਾਲਾ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦੇ ਰਿਹਾ ਕਰੋ।੧।
ਸੁਣਿ ਹਰਿ ਗੁਣ ਭੀਨੇ ਸਹਜਿ ਸੁਭਾਏ ॥ ਗੁਰਮਤਿ ਸਹਜੇ ਨਾਮੁ ਧਿਆਏ ॥ ਜਿਨ ਕਉ ਧੁਰਿ ਲਿਖਿਆ ਤਿਨ ਗੁਰੁ ਮਿਲਿਆ ਤਿਨ ਜਨਮ ਮਰਣ ਭਉ ਭਾਗਾ ॥ ਅੰਦਰਹੁ ਦੁਰਮਤਿ ਦੂਜੀ ਖੋਈ ਸੋ ਜਨੁ ਹਰਿ ਲਿਵ ਲਾਗਾ ॥ ਜਿਨ ਕਉ ਕ੍ਰਿਪਾ ਕੀਨੀ ਮੇਰੈ ਸੁਆਮੀ ਤਿਨ ਅਨਦਿਨੁ ਹਰਿ ਗੁਣ ਗਾਏ ॥ ਸੁਣਿ ਮਨ ਭੀਨੇ ਸਹਜਿ ਸੁਭਾਏ ॥੨॥ {ਪੰਨਾ 767-768}
ਪਦਅਰਥ: ਭੀਨੇ = ਭਿੱਜ ਜਾਂਦੇ ਹਨ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਏ = ਸੁਭਾਇ, ਪ੍ਰੇਮ ਵਿਚ। ਧਿਆਏ = ਧਿਆਇ, ਸਿਮਰ ਕੇ। ਧੁਰਿ = ਧੁਰ ਦਰਗਾਹ ਤੋਂ। ਤਿਨ੍ਹ੍ਹ = ਉਹਨਾਂ ਨੂੰ। ਤਿਨ ਭਉ = ਉਹਨਾਂ ਦਾ ਡਰ। ਅੰਦਰਹੁ = ਹਿਰਦੇ ਵਿਚੋਂ। ਦੁਰਮਤਿ ਦੂਜੀ = ਮਾਇਆ ਵਲ ਲੈ ਜਾਣ ਵਾਲੀ ਖੋਟੀ ਮਤਿ। ਖੋਈ = ਦੂਰ ਕਰ ਲਈ। ਲਿਵ = ਲਗਨ। ਮੇਰੈ ਸੁਆਮੀ = ਮੇਰੇ ਮਾਲਕ ਨੇ। ਅਨਦਿਨੁ = ਹਰ ਰੋਜ਼ {अनुदिनां} ਹਰ ਵੇਲੇ।੨।
ਅਰਥ: ਹੇ ਭਾਈ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣ ਕੇ ਆਤਮਕ ਅਡੋਲਤਾ ਵਿਚ ਪ੍ਰੇਮ ਵਿਚ ਭਿੱਜ ਜਾਈਦਾ ਹੈ। ਹੇ ਭਾਈ! ਤੂੰ ਭੀ ਗੁਰੂ ਦੀ ਮਤਿ ਉਤੇ ਤੁਰ ਕੇ ਪ੍ਰਭੂ ਦਾ ਨਾਮ ਸਿਮਰ ਦੇ ਆਤਮਕ ਅਡੋਲਤਾ ਵਿਚ ਟਿਕ। ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਮੱਥੇ ਉਤੇ ਧੁਰ ਦਰਗਾਹ ਤੋਂ ਲਿਖਿਆ ਲੇਖ ਉੱਘੜਦਾ ਹੈ ਉਹਨਾਂ ਨੂੰ ਗੁਰੂ ਮਿਲਦਾ ਹੈ (ਤੇ, ਨਾਮ ਦੀ ਬਰਕਤਿ ਨਾਲ) ਉਹਨਾਂ ਦਾ ਜਨਮ ਮਰਨ (ਦੇ ਗੇੜ) ਦਾ ਡਰ ਦੂਰ ਹੋ ਜਾਂਦਾ ਹੈ। (ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਆਪਣੇ) ਹਿਰਦੇ ਵਿਚੋਂ ਮਾਇਆ ਵਲ ਲੈ ਜਾਣ ਵਾਲੀ ਖੋਟੀ ਮਤਿ ਦੂਰ ਕਰਦਾ ਹੈ, ਉਹ ਮਨੁੱਖ ਪਰਮਾਤਮਾ ਦੇ ਚਰਨਾਂ ਵਿਚ ਸੁਰਤਿ ਜੋੜਦਾ ਹੈ।
ਹੇ ਭਾਈ! ਮੇਰੇ ਮਾਲਕ-ਪ੍ਰਭੂ ਨੇ ਜਿਨ੍ਹਾਂ ਮਨੁੱਖਾਂ ਉਤੇ ਮੇਹਰ ਕੀਤੀ, ਉਹਨਾਂ ਹਰ ਵੇਲੇ ਪਰਮਾਤਮਾ ਦੇ ਗੁਣ ਗਾਣੇ ਸ਼ੁਰੂ ਕਰ ਦਿੱਤੇ। ਹੇ ਮਨ! ਪਰਮਾਤਮਾ ਦੀ ਸਿਫ਼ਤਿ-ਸਾਲਾਹ) ਸੁਣ ਕੇ ਆਤਮਕ ਅਡੋਲਤਾ ਵਿਚ ਪ੍ਰੇਮ ਵਿਚ ਭਿੱਜ ਜਾਈਦਾ ਹੈ।੨।
ਜੁਗ ਮਹਿ ਰਾਮ ਨਾਮੁ ਨਿਸਤਾਰਾ ॥ ਗੁਰ ਤੇ ਉਪਜੈ ਸਬਦੁ ਵੀਚਾਰਾ ॥ ਗੁਰ ਸਬਦੁ ਵੀਚਾਰਾ ਰਾਮ ਨਾਮੁ ਪਿਆਰਾ ਜਿਸੁ ਕਿਰਪਾ ਕਰੇ ਸੁ ਪਾਏ ॥ ਸਹਜੇ ਗੁਣ ਗਾਵੈ ਦਿਨੁ ਰਾਤੀ ਕਿਲਵਿਖ ਸਭਿ ਗਵਾਏ ॥ ਸਭੁ ਕੋ ਤੇਰਾ ਤੂ ਸਭਨਾ ਕਾ ਹਉ ਤੇਰਾ ਤੂ ਹਮਾਰਾ ॥ ਜੁਗ ਮਹਿ ਰਾਮ ਨਾਮੁ ਨਿਸਤਾਰਾ ॥੩॥ {ਪੰਨਾ 768}
ਪਦਅਰਥ: ਜੁਗ ਮਹਿ = ਜਗਤ ਵਿਚ। ਨਿਸਤਾਰਾ = ਪਾਰ = ਉਤਾਰਾ (ਕਰਦਾ ਹੈ) । ਗੁਰ ਤੇ ਉਪਜੈ = (ਜੇਹੜਾ ਮਨੁੱਖ) ਗੁਰੂ ਪਾਸੋਂ ਨਵਾਂ ਜਨਮ ਲੈਂਦਾ ਹੈ। ਸਹਜੇ = ਆਤਮਕ ਅਡੋਲਤਾ ਵਿਚ (ਟਿਕ ਕੇ) । ਕਿਲਵਿਖ = ਪਾਪ। ਸਭਿ = ਸਾਰੇ। ਸਭੁ ਕੋ = ਹਰੇਕ ਜੀਵ। ਹਉ = ਮੈਂ।੩।
ਅਰਥ: ਹੇ ਭਾਈ! ਜਗਤ ਵਿਚ ਪਰਮਾਤਮਾ ਦਾ ਨਾਮ ਹੀ (ਹਰੇਕ ਜੀਵ ਦਾ) ਪਾਰ-ਉਤਾਰਾ ਕਰਦਾ ਹੈ। ਜੇਹੜਾ ਮਨੁੱਖ ਗੁਰੂ ਪਾਸੋਂ ਨਵਾਂ ਆਤਮਕ ਜੀਵਨ ਲੈਂਦਾ ਹੈ, ਉਹ ਗੁਰੂ ਦੇ ਸ਼ਬਦ ਨੂੰ ਵਿਚਾਰਦਾ ਹੈ। ਉਹ ਮਨੁੱਖ ਗੁਰੂ ਦੇ ਸ਼ਬਦ ਨੂੰ (ਜਿਉਂ ਜਿਉਂ) ਵਿਚਾਰਦਾ ਹੈ ਤਿਉਂ ਤਿਉਂ) ਪਰਮਾਤਮਾ ਦਾ ਨਾਮ ਉਸ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ ਪਰ, ਹੇ ਭਾਈ! ਜਿਸ ਮਨੁੱਖ ਉਤੇ ਪ੍ਰਭੂ ਕਿਰਪਾ ਕਰਦਾ ਹੈ, ਉਹੀ ਮਨੁੱਖ (ਇਹ ਦਾਤਿ) ਪ੍ਰਾਪਤ ਕਰਦਾ ਹੈ।
ਉਹ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ ਦਿਨ ਰਾਤ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ, ਅਤੇ ਆਪਣੇ ਸਾਰੇ ਪਾਪ ਦੂਰ ਕਰ ਲੈਂਦਾ ਹੈ।
ਹੇ ਪ੍ਰਭੂ! ਹਰੇਕ ਜੀਵ ਤੇਰਾ (ਪੈਦਾ ਕੀਤਾ ਹੋਇਆ ਹੈ) , ਤੂੰ ਸਾਰੇ ਜੀਵਾਂ ਦਾ ਖਸਮ ਹੈਂ। ਹੇ ਪ੍ਰਭੂ! ਮੈਂ ਤੇਰਾ (ਸੇਵਕ) ਹਾਂ, ਤੂੰ ਸਾਡਾ ਮਾਲਕ ਹੈਂ (ਸਾਨੂੰ ਆਪਣਾ ਨਾਮ ਬਖ਼ਸ਼) । ਹੇ ਭਾਈ! ਸੰਸਾਰ ਵਿਚ ਪਰਮਾਤਮਾ ਦਾ ਨਾਮ (ਹੀ ਹਰੇਕ ਜੀਵ ਦਾ ਪਾਰ-ਉਤਾਰਾ ਕਰਦਾ ਹੈ।੩।
ਸਾਜਨ ਆਇ ਵੁਠੇ ਘਰ ਮਾਹੀ ॥ ਹਰਿ ਗੁਣ ਗਾਵਹਿ ਤ੍ਰਿਪਤਿ ਅਘਾਹੀ ॥ ਹਰਿ ਗੁਣ ਗਾਇ ਸਦਾ ਤ੍ਰਿਪਤਾਸੀ ਫਿਰਿ ਭੂਖ ਨ ਲਾਗੈ ਆਏ ॥ ਦਹ ਦਿਸਿ ਪੂਜ ਹੋਵੈ ਹਰਿ ਜਨ ਕੀ ਜੋ ਹਰਿ ਹਰਿ ਨਾਮੁ ਧਿਆਏ ॥ ਨਾਨਕ ਹਰਿ ਆਪੇ ਜੋੜਿ ਵਿਛੋੜੇ ਹਰਿ ਬਿਨੁ ਕੋ ਦੂਜਾ ਨਾਹੀ ॥ ਸਾਜਨ ਆਇ ਵੁਠੇ ਘਰ ਮਾਹੀ ॥੪॥੧॥ {ਪੰਨਾ 768}
ਪਦਅਰਥ: ਸਾਜਨ = ਸੱਜਣ ਪ੍ਰਭੂ ਜੀ। ਵੁਠੇ = ਵੱਸ ਪਏ। ਘਰ = ਹਿਰਦਾ = ਘਰ। ਗਾਵਹਿ = ਗਾਂਦੇ ਹਨ। ਤ੍ਰਿਪਤਿ = ਸੰਤੋਖ। ਅਘਾਹੀ = ਅਘਾਹਿ, ਰੱਜ ਜਾਂਦੇ ਹਨ। ਤ੍ਰਿਪਤਾਸੀ = (ਜੇਹੜੀ ਜਿੰਦ) ਤ੍ਰਿਪਤ ਹੋ ਗਈ, ਰੱਜ ਗਈ। ਨ ਲਾਗੈ = ਨਹੀਂ ਚੰਬੜਦੀ। ਆਏ = ਆਇ, ਆ ਕੇ। ਦਹ ਦਿਸਿ = ਦਸੀਂ ਪਾਸੀਂ, ਹਰ ਥਾਂ। ਪੂਜ = ਇੱਜ਼ਤ। ਨਾਨਕ = ਹੇ ਨਾਨਕ! ਆਪੇ = ਆਪ ਹੀ। ਜੋੜਿ = (ਮਾਇਆ ਵਿਚ) ਜੋੜ ਕੇ। ਵਿਛੋੜੇ = (ਆਪਣੇ ਚਰਨਾਂ ਨਾਲੋਂ) ਵਿਛੋੜਦਾ ਹੈ।੪।
ਅਰਥ: ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਹਿਰਦੇ-ਘਰ ਵਿਚ ਸੱਜਣ ਪ੍ਰਭੂ ਜੀ ਆ ਵੱਸਦੇ ਹਨ, ਉਹ ਮਨੁੱਖ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ, ਮਾਇਆ ਵਲੋਂ ਉਹਨਾਂ ਨੂੰ ਸੰਤੋਖ ਆ ਜਾਂਦਾ ਹੈ, ਉਹ ਰੱਜ ਜਾਂਦੇ ਹਨ।
ਹੇ ਭਾਈ! ਜੇਹੜੀ ਜਿੰਦ ਸਦਾ ਪ੍ਰਭੂ ਦੇ ਗੁਣ ਗਾ ਗਾ ਕੇ (ਮਾਇਆ ਵਲੋਂ) ਤ੍ਰਿਪਤ ਹੋ ਜਾਂਦੀ ਹੈ, ਉਸ ਨੂੰ ਮੁੜ ਮਾਇਆ ਦੀ ਭੁੱਖ ਆ ਕੇ ਨਹੀਂ ਚੰਬੜਦੀ। ਜੇਹੜਾ ਮਨੁੱਖ ਸਦਾ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ, ਉਸ ਸੇਵਕ ਦੀ ਹਰ ਥਾਂ ਇੱਜ਼ਤ ਹੁੰਦੀ ਹੈ।
ਹੇ ਨਾਨਕ! ਪਰਮਾਤਮਾ ਆਪ ਹੀ (ਕਿਸੇ ਨੂੰ ਮਾਇਆ ਵਿਚ) ਜੋੜ ਕੇ (ਆਪਣੇ ਚਰਨਾਂ) ਨਾਲੋਂ ਵਿਛੋੜਦਾ ਹੈ। ਪਰਮਾਤਮਾ ਤੋਂ ਬਿਨਾ ਹੋਰ (ਐਸੀ ਸਮਰਥਾ ਵਾਲਾ) ਨਹੀਂ ਹੈ। (ਜਿਸ ਉਤੇ ਮੇਹਰ ਕਰਦੇ ਹਨ) ਉਸ ਦੇ ਹਿਰਦੇ-ਘਰ ਵਿਚ ਸੱਜਣ ਪ੍ਰਭੂ ਜੀ ਆ ਨਿਵਾਸ ਕਰਦੇ ਹਨ।੪।੧।
*┈┉┅━❀꧁ੴ꧂❀━┅┉┈*
||ਅੱਜ ਦਾ ਫੁਰਮਾਨ|| ਤਖ਼ਤ ਸ੍ਰੀ ਕੇਸ਼ਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ (ਰੋਪੜ) ||
ਧਨਾਸਰੀ ਮਹਲਾ ੧ ਛੰਤ ੴ ਸਤਿਗੁਰ ਪ੍ਰਸਾਦਿ ॥ ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ ॥ ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ ॥ ਗੁਰ ਗਿਆਨੁ ਸਾਚਾ ਥਾਨੁ ਤੀਰਥੁ ਦਸ ਪੁਰਬ ਸਦਾ ਦਸਾਹਰਾ ॥ ਹਉ ਨਾਮੁ ਹਰਿ ਕਾ ਸਦਾ ਜਾਚਉ ਦੇਹੁ ਪ੍ਰਭ ਧਰਣੀਧਰਾ ॥ ਸੰਸਾਰੁ ਰੋਗੀ ਨਾਮੁ ਦਾਰੂ ਮੈਲੁ ਲਾਗੈ ਸਚ ਬਿਨਾ ॥ ਗੁਰ ਵਾਕੁ ਨਿਰਮਲੁ ਸਦਾ ਚਾਨਣੁ ਨਿਤ ਸਾਚੁ ਤੀਰਥੁ ਮਜਨਾ ॥੧॥ ਸਾਚਿ ਨ ਲਾਗੈ ਮੈਲੁ ਕਿਆ ਮਲੁ ਧੋਈਐ ॥ ਗੁਣਹਿ ਹਾਰੁ ਪਰੋਇ ਕਿਸ ਕਉ ਰੋਈਐ ॥ ਵੀਚਾਰਿ ਮਾਰੈ ਤਰੈ ਤਾਰੈ ਉਲਟਿ ਜੋਨਿ ਨ ਆਵਏ ॥ ਆਪਿ ਪਾਰਸੁ ਪਰਮ ਧਿਆਨੀ ਸਾਚੁ ਸਾਚੇ ਭਾਵਏ ॥ ਆਨੰਦੁ ਅਨਦਿਨੁ ਹਰਖੁ ਸਾਚਾ ਦੂਖ ਕਿਲਵਿਖ ਪਰਹਰੇ ॥ ਸਚੁ ਨਾਮੁ ਪਾਇਆ ਗੁਰਿ ਦਿਖਾਇਆ ਮੈਲੁ ਨਾਹੀ ਸਚ ਮਨੇ ॥੨॥ ਸੰਗਤਿ ਮੀਤ ਮਿਲਾਪੁ ਪੂਰਾ ਨਾਵਣੋ ॥ ਗਾਵੈ ਗਾਵਣਹਾਰੁ ਸਬਦਿ ਸੁਹਾਵਣੋ ॥ ਸਾਲਾਹਿ ਸਾਚੇ ਮੰਨਿ ਸਤਿਗੁਰੁ ਪੁੰਨ ਦਾਨ ਦਇਆ ਮਤੇ ॥ ਪਿਰ ਸੰਗਿ ਭਾਵੈ ਸਹਜਿ ਨਾਵੈ ਬੇਣੀ ਤ ਸੰਗਮੁ ਸਤ ਸਤੇ ॥ ਆਰਾਧਿ ਏਕੰਕਾਰੁ ਸਾਚਾ ਨਿਤ ਦੇਇ ਚੜੈ ਸਵਾਇਆ ॥ ਗਤਿ ਸੰਗਿ ਮੀਤਾ ਸੰਤਸੰਗਤਿ ਕਰਿ ਨਦਰਿ ਮੇਲਿ ਮਿਲਾਇਆ ॥੩॥ ਕਹਣੁ ਕਹੈ ਸਭੁ ਕੋਇ ਕੇਵਡੁ ਆਖੀਐ ॥ ਹਉ ਮੂਰਖੁ ਨੀਚੁ ਅਜਾਣੁ ਸਮਝਾ ਸਾਖੀਐ ॥ ਸਚੁ ਗੁਰ ਕੀ ਸਾਖੀ ਅੰਮ੍ਰਿਤ ਭਾਖੀ ਤਿਤੁ ਮਨੁ ਮਾਨਿਆ ਮੇਰਾ ॥ ਕੂਚੁ ਕਰਹਿ ਆਵਹਿ ਬਿਖੁ ਲਾਦੇ ਸਬਦਿ ਸਚੈ ਗੁਰੁ ਮੇਰਾ ॥ ਆਖਣਿ ਤੋਟਿ ਨ ਭਗਤਿ ਭੰਡਾਰੀ ਭਰਿਪੁਰਿ ਰਹਿਆ ਸੋਈ ॥ ਨਾਨਕ ਸਾਚੁ ਕਹੈ ਬੇਨੰਤੀ ਮਨੁ ਮਾਂਜੈ ਸਚੁ ਸੋਈ ॥੪॥੧॥ {ਪੰਨਾ 687-688}
ਪਦਅਰਥ: ਤੀਰਥਿ = ਤੀਰਥ ਉਤੇ। ਜਾਉ = ਮੈਂ ਜਾਂਦਾ ਹਾਂ। ਸਬਦ ਬੀਚਾਰੁ = ਸ਼ਬਦ ਦੀ ਵਿਚਾਰ। ਅੰਤਰਿ = ਅੰਦਰ, ਮਨ ਵਿਚ। ਗਿਆਨੁ = ਪਰਮਾਤਮਾ ਨਾਲ ਜਾਣ-ਪਛਾਣ। ਸਾਚਾ = ਸਦਾ-ਥਿਰ ਰਹਿਣ ਵਾਲਾ। ਦਸ ਪੁਰਬ = ਦਸ ਪਵਿਤ੍ਰ ਦਿਹਾੜੇ {ਮੱਸਿਆ, ਸੰਗ੍ਰਾਂਦ, ਪੂਰਨਮਾਸੀ, ਚਾਨਣਾ ਐਤਵਾਰ, ਸੂਰਜ ਗ੍ਰਹਣ, ਚੰਦ ਗ੍ਰਹਣ, ਦੋ ਅਸ਼ਟਮੀਆਂ, ਦੋ ਚੌਦੇਂ}। ਦਸਾਹਰਾ = ਦਸ ਪਾਪ ਹਰਨ ਵਾਲਾ ਦਿਨ, ਜੇਠ ਸੁਦੀ ਦਸਮੀ, ਗੰਗਾ ਦਾ ਜਨਮ ਦਿਨ। ਹਉ = ਮੈਂ। ਜਾਚਉ = ਮੰਗਦਾ ਹਾਂ। ਧਰਣੀਧਰਾ = {ਧਰਣੀ = ਧਰਤੀ। ਧਰ = ਆਸਰਾ} ਹੇ ਧਰਤੀ ਦੇ ਆਸਰੇ ਪ੍ਰਭੂ! ਸਾਚੁ = ਸਦਾ-ਥਿਰ ਰਹਿਣ ਵਾਲਾ। ਮਜਨਾ = ਇਸ਼ਨਾਨ।੧।
ਸਾਚਿ = ਸਦਾ-ਥਿਰ ਪ੍ਰਭੂ ਦੇ ਨਾਮ ਵਿਚ (ਜੁੜਿਆਂ) । ਕਿਆ ਧੋਈਐ = (ਤੀਰਥ ਆਦਿਕਾਂ ਤੇ ਜਾ ਕੇ) ਧੋਣ ਦੀ ਲੋੜ ਨਹੀਂ ਪੈਂਦੀ। ਗੁਣਹਿ ਹਾਰੁ = ਗੁਣਾਂ ਦਾ ਹਾਰ। ਪਰੋਇ = ਪ੍ਰੋ ਕੇ। ਕਿਸ ਕਉ ਰੋਈਐ = ਕਿਸੇ ਅੱਗੇ ਪੁਕਾਰ ਕਰਨ ਦੀ ਲੋੜ ਨਹੀਂ ਰਹਿੰਦੀ। ਵੀਚਾਰਿ = ਗੁਰੂ ਦੇ ਸ਼ਬਦ ਦੀ ਵਿਚਾਰ ਰਾਹੀਂ। ਉਲਟਿ = ਮੁੜ। ਆਵਏ = ਆਵੈ, ਆਉਂਦਾ। ਪਾਰਸੁ = ਧਾਤਾਂ ਨੂੰ ਸੋਨਾ ਬਣਾ ਦੇਣ ਵਾਲੀ ਪੱਥਰੀ। ਪਰਮ ਧਿਆਨੀ = ਬਹੁਤ ਉੱਚੀ ਸੁਰਤਿ ਦਾ ਮਾਲਕ। ਸਾਚੁ = ਸਦਾ-ਥਿਰ ਪ੍ਰਭੂ ਦਾ ਰੂਪ। ਭਾਵਏ = ਭਾਵੈ, ਪਸੰਦ ਆ ਜਾਂਦਾ ਹੈ। ਅਨਦਿਨੁ = ਹਰ ਰੋਜ਼। ਹਰਖੁ = ਖ਼ੁਸ਼ੀ। ਕਿਲਵਿਖ = ਪਾਪ। ਪਰਹਰੇ = ਦੂਰ ਕਰ ਲੈਂਦਾ ਹੈ। ਗੁਰਿ = ਗੁਰੂ ਨੇ। ਸਚ ਮਨੇ = ਸਦਾ-ਥਿਰ ਨਾਮ ਨੂੰ ਜਪਣ ਵਾਲੇ ਮਨ ਨੂੰ।੨।
ਮੀਤ ਮਿਲਾਪੁ = ਮਿੱਤ੍ਰ ਪ੍ਰਭੂ ਦਾ ਮਿਲਾਪ। ਨਾਵਣੋ = ਨਾਵਣੁ, ਇਸ਼ਨਾਨ। ਗਾਵਣਹਾਰੁ = ਗਾਵਣ = ਜੋਗ ਪ੍ਰਭੂ। ਸਬਦਿ = ਗੁਰੂ ਦੇ ਸ਼ਬਦ ਵਿਚ (ਜੁੜ ਕੇ) । ਸੁਹਾਵਣੋ = ਸੋਹਣੇ ਜੀਵਨ ਵਾਲਾ। ਸਾਲਾਹਿ = ਸਿਫ਼ਤਿ-ਸਾਲਾਹ ਕਰ ਕੇ। ਮੰਨਿ = ਮੰਨ ਕੇ, ਸਰਧਾ ਰੱਖ ਕੇ। ਮਤੇ = ਮਤਿ। ਪਿਰ ਸੰਗਿ = ਪਤੀ ਪ੍ਰਭੂ ਦੀ ਸੰਗਤਿ ਵਿਚ। ਭਾਵੈ = (ਪ੍ਰਭੂ ਨੂੰ) ਪਿਆਰਾ ਲੱਗਦਾ ਹੈ। ਸਹਜਿ = ਆਤਮਕ ਅਡੋਲਤਾ ਵਿਚ। ਬੇਣੀ ਸੰਗਮੁ = ਤ੍ਰਿਬੇਣੀ ਜੰਗਮ, ਤਿੰਨ ਨਦੀਆਂ (ਗੰਗਾ, ਜਮਨਾ, ਸਰਸ੍ਵਤੀ) ਦਾ ਮਿਲਾਪ = ਥਾਂ, ਪ੍ਰਯਾਗ (ਅਲਾਹਾਬਾਦ ਦੇ ਨਜ਼ਦੀਕ) । ਸਤ ਸਤੇ = ਸੁੱਚੇ ਤੋਂ ਸੁੱਚਾ। ਸਾਚਾ = ਸਦਾ-ਥਿਰ ਰਹਿਣ ਵਾਲਾ। ਦੇਇ = ਦੇਂਦਾ ਹੈ (ਜੋ ਪ੍ਰਭੂ) । ਚੜੈ ਸਵਾਇਆ = (ਉਸ ਦਾ ਦਿੱਤਾ) ਦਿਨੋ ਦਿਨ ਵਧਦਾ ਹੈ। ਕਰਿ = ਕਰ ਕੇ। ਮੇਲਿ = ਸੰਗਤਿ ਵਿਚ।੩।
ਕਹਣੁ = ਕਥਨ। ਕਹਣੁ ਕਹੈ– ਕਥਨ ਕਥੈ। ਸਭੁ ਕੋਇ = ਹਰੇਕ ਜੀਵ। ਕੇਵਡੁ = ਕਿਤਨਾ ਵੱਡਾ। ਕੇਵਡੁ ਆਖੀਐ = ਕਿਤਨਾ ਵੱਡਾ ਆਖਿਆ ਜਾ ਸਕਦਾ ਹੈ, ਇਹ ਨਹੀਂ ਦੱਸਿਆ ਜਾ ਸਕਦਾ ਕਿ ਪਰਮਾਤਮਾ ਕੇਡਾ ਵੱਡਾ ਹੈ। ਹਉ = ਮੈਂ। ਸਮਝਾ = ਮੈਂ ਸਮਝ ਸਕਦਾ ਹਾਂ। ਸਾਖੀਐ = ਗੁਰੂ ਦੇ ਉਪਦੇਸ਼ ਨਾਲ। ਸਾਖੀ = ਸਿੱਖਿਆ, ਉਪਦੇਸ਼, ਸ਼ਬਦ। ਅੰਮ੍ਰਿਤ ਸਾਖੀ = ਆਤਮਕ ਜੀਵਨ ਦੇਣ ਵਾਲਾ ਉਪਦੇਸ਼। ਗੁਰ ਕੀ ਭਾਖੀ ਸਾਖੀ = ਗੁਰੂ ਦਾ ਉਚਾਰਿਆ ਹੋਇਆ ਸ਼ਬਦ। ਸਚੁ ਸਾਖੀ = ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਸ਼ਬਦ। ਤਿਤੁ = ਉਸ ਸ਼ਬਦ ਵਿਚ। ਬਿਖੁ = (ਮਾਇਆ = ਮੋਹ ਦਾ) ਜ਼ਹਰ। ਸਬਦਿ ਸਚੈ = ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਦੀ ਰਾਹੀਂ। ਆਖਣਿ = ਆਖਣ ਨਾਲ, ਬਿਆਨ ਕਰਨ ਨਾਲ। ਤੋਟਿ = ਖ਼ਾਤਮਾ। ਭੰਡਾਰੀ = ਭੰਡਾਰੀਂ, ਭੰਡਾਰਿਆਂ ਵਿਚ। ਭਰਿਪੁਰਿ ਰਹਿਆ = ਹਰ ਥਾਂ ਮੌਜੂਦ ਹੈ। ਸੋਈ = ਉਹ (ਪ੍ਰਭੂ) ਹੀ। ਸਾਚੁ ਕਹੈ– ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਦਾ ਹੈ। ਕਹੈ ਬੇਨੰਤੀ = ਅਰਦਾਸਾਂ ਕਰਦਾ ਹੈ। ਮਾਂਜੈ = ਸਾਫ਼ ਕਰਦਾ ਹੈ। ਸਚੁ = ਸਦਾ-ਥਿਰ ਪ੍ਰਭੂ। ਸਚੁ ਸੋਈ = ਸਦਾ-ਥਿਰ ਪ੍ਰਭੂ ਹੀ (ਹਰ ਥਾਂ ਦਿੱਸਦਾ ਹੈ) ।੪।
ਅਰਥ: ਮੈਂ (ਭੀ) ਤੀਰਥ ਉਤੇ ਇਸ਼ਨਾਨ ਕਰਨ ਜਾਂਦਾ ਹਾਂ (ਪਰ ਮੇਰੇ ਵਾਸਤੇ ਪਰਮਾਤਮਾ ਦਾ) ਨਾਮ (ਹੀ) ਤੀਰਥ ਹੈ। ਗੁਰੂ ਦੇ ਸ਼ਬਦ ਨੂੰ ਵਿਚਾਰ-ਮੰਡਲ ਵਿਚ ਟਿਕਾਣਾ (ਮੇਰੇ ਵਾਸਤੇ) ਤੀਰਥ ਹੈ (ਕਿਉਂਕਿ ਇਸ ਦੀ ਬਰਕਤਿ ਨਾਲ) ਮੇਰੇ ਅੰਦਰ ਪਰਮਾਤਮਾ ਨਾਲ ਡੂੰਘੀ ਸਾਂਝ ਬਣਦੀ ਹੈ। ਸਤਿਗੁਰੂ ਦਾ ਬਖ਼ਸ਼ਿਆ ਇਹ ਗਿਆਨ ਮੇਰੇ ਵਾਸਤੇ ਸਦਾ ਕਾਇਮ ਰਹਿਣ ਵਾਲਾ ਤੀਰਥ-ਅਸਥਾਨ ਹੈ, ਮੇਰੇ ਵਾਸਤੇ ਦਸ ਪਵਿਤ੍ਰ ਦਿਹਾੜੇ ਹੈ, ਮੇਰੇ ਵਾਸਤੇ ਗੰਗਾ ਦਾ ਜਨਮ-ਦਿਨ ਹੈ। ਮੈਂ ਤਾਂ ਸਦਾ ਪ੍ਰਭੂ ਦਾ ਨਾਮ ਹੀ ਮੰਗਦਾ ਹਾਂ ਤੇ (ਅਰਦਾਸ ਕਰਦਾ ਹਾਂ-) ਹੇ ਧਰਤੀ ਦੇ ਆਸਰੇ ਪ੍ਰਭੂ! ਮੈਨੂੰ ਆਪਣਾ ਨਾਮ) ਦੇਹ। ਜਗਤ (ਵਿਕਾਰਾਂ ਵਿਚ) ਰੋਗੀ ਹੋਇਆ ਪਿਆ ਹੈ, ਪਰਮਾਤਮਾ ਦਾ ਨਾਮ (ਇਹਨਾਂ ਰੋਗਾਂ ਦਾ) ਇਲਾਜ ਹੈ। ਸਦਾ-ਥਿਰ ਪ੍ਰਭੂ ਦੇ ਨਾਮ ਤੋਂ ਬਿਨਾ (ਮਨ ਨੂੰ ਵਿਕਾਰਾਂ ਦੀ) ਮੈਲ ਲੱਗ ਜਾਂਦੀ ਹੈ। ਗੁਰੂ ਦਾ ਪਵਿਤ੍ਰ ਸ਼ਬਦ (ਮਨੁੱਖ ਨੂੰ) ਸਦਾ (ਆਤਮਕ) ਚਾਨਣ (ਦੇਂਦਾ ਹੈ, ਇਹੀ) ਨਿੱਤ ਸਦਾ ਕਾਇਮ ਰਹਿਣ ਵਾਲਾ ਤੀਰਥ ਹੈ, ਇਹੀ ਤੀਰਥ-ਇਸ਼ਨਾਨ ਹੈ।੧।
ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਜੁੜਿਆਂ ਮਨ ਨੂੰ (ਵਿਕਾਰਾਂ ਦੀ) ਮੈਲ ਨਹੀਂ ਲੱਗਦੀ, (ਫਿਰ ਤੀਰਥ ਆਦਿਕਾਂ ਤੇ ਜਾ ਕੇ) ਕੋਈ ਮੈਲ ਧੋਣ ਦੀ ਲੋੜ ਹੀ ਨਹੀਂ ਪੈਂਦੀ। ਪਰਮਾਤਮਾ ਦੇ ਗੁਣਾਂ ਦਾ ਹਾਰ (ਹਿਰਦੇ ਵਿਚ) ਪ੍ਰੋ ਕੇ ਕਿਸੇ ਅੱਗੇ ਪੁਕਾਰ ਕਰਨ ਦੀ ਭੀ ਲੋੜ ਨਹੀਂ ਪੈਂਦੀ।
ਜੇਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਵਿਚਾਰ ਰਾਹੀਂ (ਆਪਣੇ ਮਨ ਨੂੰ ਵਿਕਾਰਾਂ ਵਲੋਂ) ਮਾਰ ਲੈਂਦਾ ਹੈ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ, (ਹੋਰਨਾਂ ਨੂੰ ਭੀ) ਪਾਰ ਲੰਘਾ ਲੈਂਦਾ ਹੈ, ਉਹ ਮੁੜ ਜੂਨਾਂ (ਦੇ ਚੱਕਰ) ਵਿਚ ਨਹੀਂ ਆਉਂਦਾ। ਉਹ ਮਨੁੱਖ ਆਪ ਪਾਰਸ ਬਣ ਜਾਂਦਾ ਹੈ, ਬੜੀ ਹੀ ਉੱਚੀ ਸੁਰਤਿ ਦਾ ਮਾਲਕ ਹੋ ਜਾਂਦਾ ਹੈ, ਉਹ ਸਦਾ-ਥਿਰ ਪ੍ਰਭੂ ਦਾ ਰੂਪ ਬਣ ਜਾਂਦਾ ਹੈ, ਉਹ ਸਦਾ-ਥਿਰ ਪ੍ਰਭੂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ। ਉਸ ਦੇ ਅੰਦਰ ਹਰ ਵੇਲੇ ਆਨੰਦ ਬਣਿਆ ਰਹਿੰਦਾ ਹੈ, ਸਦਾ-ਥਿਰ ਰਹਿਣ ਵਾਲੀ ਖ਼ੁਸ਼ੀ ਪੈਦਾ ਹੋ ਜਾਂਦੀ ਹੈ, ਉਹ ਮਨੁੱਖ ਆਪਣੇ (ਸਾਰੇ) ਦੁੱਖ ਪਾਪ ਦੂਰ ਕਰ ਲੈਂਦਾ ਹੈ।
ਜਿਸ ਮਨੁੱਖ ਨੇ ਸਦਾ-ਥਿਰ ਪ੍ਰਭੂ-ਨਾਮ ਪ੍ਰਾਪਤ ਕਰ ਲਿਆ, ਜਿਸ ਨੂੰ ਗੁਰੂ ਨੇ (ਪ੍ਰਭੂ) ਵਿਖਾ ਦਿੱਤਾ, ਉਸ ਦੇ ਸਦਾ-ਥਿਰ ਨਾਮ ਜਪਦੇ ਮਨ ਨੂੰ ਕਦੇ ਵਿਕਾਰਾਂ ਦੀ ਮੈਲ ਨਹੀਂ ਲੱਗਦੀ।੨।
ਸਾਧ ਸੰਗਤਿ ਵਿਚ ਮਿੱਤਰ-ਪ੍ਰਭੂ ਦਾ ਮਿਲਾਪ ਹੋ ਜਾਣਾ-ਇਹੀ ਉਹ ਤੀਰਥ-ਇਸ਼ਨਾਨ ਹੈ ਜਿਸ ਵਿਚ ਕੋਈ ਉਕਾਈ ਨਹੀਂ ਰਹਿ ਜਾਂਦੀ। ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ ਗਾਵਣ-ਜੋਗ ਪ੍ਰਭੂ (ਦੇ ਗੁਣ) ਗਾਂਦਾ ਹੈ ਉਸ ਦਾ ਜੀਵਨ ਸੋਹਣਾ ਬਣ ਜਾਂਦਾ ਹੈ। ਸਤਿਗੁਰੂ ਨੂੰ (ਜੀਵਨ-ਦਾਤਾ) ਮੰਨ ਕੇ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰ ਕੇ ਮਨੁੱਖ ਦੀ ਮਤਿ ਦੂਜਿਆਂ ਦੀ ਸੇਵਾ ਕਰਨ ਵਾਲੀ ਸਭ ਤੇ ਦਇਆ ਕਰਨ ਵਾਲੀ ਬਣ ਜਾਂਦੀ ਹੈ। (ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਮਨੁੱਖ) ਪਤੀ-ਪ੍ਰਭੂ ਦੀ ਸੰਗਤਿ ਵਿਚ ਰਹਿ ਕੇ ਉਸ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ ਆਤਮਕ ਅਡੋਲਤਾ ਵਿਚ (ਮਾਨੋ, ਆਤਮਕ) ਇਸ਼ਨਾਨ ਕਰਦਾ ਹੈ; ਇਹੀ ਉਸ ਦੇ ਵਾਸਤੇ ਸੁੱਚੇ ਤੋਂ ਸੁੱਚਾ ਤ੍ਰਿਬੇਣੀ ਸੰਗਮ (ਦਾ ਇਸ਼ਨਾਨ) ਹੈ।
(ਹੇ ਭਾਈ!) ਉਸ ਸਦਾ-ਥਿਰ ਰਹਿਣ ਵਾਲੇ ਇੱਕ ਅਕਾਲ ਪੁਰਖ ਨੂੰ ਸਿਮਰ, ਜੋ ਸਦਾ (ਸਭ ਜੀਵਾਂ ਨੂੰ ਦਾਤਾਂ) ਦੇਂਦਾ ਹੈ ਤੇ (ਜਿਸ ਦੀਆਂ ਦਿੱਤੀਆਂ ਦਾਤਾਂ ਦਿਨੋ ਦਿਨ) ਵਧਦੀਆਂ ਹਨ। ਮਿੱਤਰ-ਪ੍ਰਭੂ ਦੀ ਸੰਗਤਿ ਵਿਚ, ਗੁਰੂ ਸੰਤ ਦੀ ਸੰਗਤਿ ਵਿਚ ਆਤਮਕ ਅਵਸਥਾ ਉੱਚੀ ਹੋ ਜਾਂਦੀ ਹੈ, ਪ੍ਰਭੂ ਮੇਹਰ ਦੀ ਨਜ਼ਰ ਕਰ ਕੇ ਆਪਣੀ ਸੰਗਤਿ ਵਿਚ ਮਿਲਾ ਲੈਂਦਾ ਹੈ।੩।
ਹਰੇਕ ਜੀਵ (ਪਰਮਾਤਮਾ ਬਾਰੇ) ਕਥਨ ਕਰਦਾ ਹੈ (ਤੇ ਆਖਦਾ ਹੈ ਕਿ ਪਰਮਾਤਮਾ ਬਹੁਤ ਵੱਡਾ ਹੈ, ਪਰ) ਕੋਈ ਨਹੀਂ ਦੱਸ ਸਕਦਾ ਕਿ ਉਹ ਕੇਡਾ ਵੱਡਾ ਹੈ। (ਮੈਂ ਇਤਨੇ ਜੋਗਾ ਨਹੀਂ ਕਿ ਪਰਮਾਤਮਾ ਦਾ ਸਰੂਪ ਬਿਆਨ ਕਰ ਸਕਾਂ) ਮੈਂ (ਤਾਂ) ਮੂਰਖ ਹਾਂ, ਨੀਵੇਂ ਸੁਭਾਵ ਦਾ ਹਾਂ, ਅੰਞਾਣ ਹਾਂ, ਮੈਂ ਤਾਂ ਗੁਰੂ ਦੇ ਉਪਦੇਸ਼ ਨਾਲ ਹੀ (ਕੁਝ) ਸਮਝ ਸਕਦਾ ਹਾਂ (ਭਾਵ, ਮੈਂ ਤਾਂ ਉਤਨਾ ਕੁਝ ਹੀ ਮਸਾਂ ਸਮਝ ਸਕਦਾ ਹਾਂ ਜਿਤਨਾ ਗੁਰੂ ਆਪਣੇ ਸ਼ਬਦ ਦੀ ਰਾਹੀਂ ਸਮਝਾਏ) । ਮੇਰਾ ਮਨ ਤਾਂ ਉਸ ਗੁਰ-ਸ਼ਬਦ ਵਿਚ ਹੀ ਪਤੀਜ ਗਿਆ ਹੈ ਜੋ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹੈ ਤੇ ਜੋ ਆਤਮਕ ਜੀਵਨ ਦੇਣ ਵਾਲਾ ਹੈ।
ਜੇਹੜੇ ਜੀਵ (ਮਾਇਆ-ਮੋਹ ਦੇ) ਜ਼ਹਰ ਨਾਲ ਲੱਦੇ ਹੋਏ ਜਗਤ ਵਿਚ ਆਉਂਦੇ ਹਨ (ਗੁਰੂ ਦੇ ਸ਼ਬਦ ਨੂੰ ਵਿਸਾਰ ਕੇ ਤੇ ਤੀਰਥ-ਇਸ਼ਨਾਨ ਆਦਿਕ ਦੀ ਟੇਕ ਰੱਖ ਕੇ, ਉਸੇ ਜ਼ਹਰ ਨਾਲ ਲੱਦੇ ਹੋਏ ਹੀ ਜਗਤ ਤੋਂ) ਕੂਚ ਕਰ ਜਾਂਦੇ ਹਨ, ਪਰ ਜੇਹੜੇ ਮਨੁੱਖ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਵਿਚ ਜੁੜਦੇ ਹਨ, ਉਹਨਾਂ ਨੂੰ ਮੇਰਾ ਗੁਰੂ ਉਸ ਜ਼ਹਰ ਦੇ ਭਾਰ ਤੋਂ ਬਚਾ ਲੈਂਦਾ ਹੈ।
(ਪਰਮਾਤਮਾ ਦੇ ਗੁਣ ਬੇਅੰਤ ਹਨ, ਗੁਣ) ਬਿਆਨ ਕਰਨ ਨਾਲ ਮੁੱਕਦੇ ਨਹੀਂ, (ਪਰਮਾਤਮਾ ਦੀ ਭਗਤੀ ਦੇ ਖ਼ਜ਼ਾਨੇ ਭਰੇ ਪਏ ਹਨ, ਜੀਵਾਂ ਨੂੰ ਭਗਤੀ ਦੀ ਦਾਤਿ ਵੰਡਿਆਂ) ਭਗਤੀ ਦੇ ਖ਼ਜ਼ਾਨਿਆਂ ਵਿਚ ਕੋਈ ਕਮੀ ਨਹੀਂ ਹੁੰਦੀ, (ਪਰ ਭਗਤੀ ਕਰਨ ਨਾਲ ਤੇ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨ ਨਾਲ ਮਨੁੱਖ ਨੂੰ ਇਹ ਨਿਸ਼ਚਾ ਬਣ ਜਾਂਦਾ ਹੈ ਕਿ) ਪਰਮਾਤਮਾ ਹੀ ਹਰ ਥਾਂ ਵਿਆਪਕ ਹੈ। ਹੇ ਨਾਨਕ! ਜੇਹੜਾ ਮਨੁੱਖ ਸਦਾ-ਥਿਰ ਪ੍ਰਭੂ ਦਾ ਸਿਮਰਨ ਕਰਦਾ ਹੈ, ਜੋ ਪ੍ਰਭੂ-ਦਰ ਤੇ ਅਰਦਾਸਾਂ ਕਰਦਾ ਹੈ (ਤੇ ਇਸ ਤਰ੍ਹਾਂ) ਆਪਣੇ ਮਨ ਨੂੰ ਵਿਕਾਰਾਂ ਦੀ ਮੈਲ ਤੋਂ ਸਾਫ਼ ਕਰ ਲੈਂਦਾ ਹੈ ਉਸ ਨੂੰ ਹਰ ਥਾਂ ਉਹ ਸਦਾ-ਥਿਰ ਪ੍ਰਭੂ ਹੀ ਦਿੱਸਦਾ ਹੈ (ਤੀਰਥ-ਇਸ਼ਨਾਨਾਂ ਨਾਲ ਇਹ ਆਤਮਕ ਅਵਸਥਾ ਪ੍ਰਾਪਤ ਨਹੀਂ ਹੁੰਦੀ) ।੪।੧।
*┈┉┅━❀꧁ੴ꧂❀━┅┉┈*
||ਅੱਜ ਦਾ ਫੁਰਮਾਨ|| ਤਖ਼ਤ ਸ੍ਰੀ ਦਮਦਮਾ ਸਾਹਿਬ (ਤਲਵੰਡੀ ਸਾਬੋ) ||
ਸੋਰਠਿ ਮਹਲਾ ੫ ॥ ਪ੍ਰਭ ਕੀ ਸਰਣਿ ਸਗਲ ਭੈ ਲਾਥੇ ਦੁਖ ਬਿਨਸੇ ਸੁਖੁ ਪਾਇਆ ॥ ਦਇਆਲੁ ਹੋਆ ਪਾਰਬ੍ਰਹਮੁ ਸੁਆਮੀ ਪੂਰਾ ਸਤਿਗੁਰੁ ਧਿਆਇਆ ॥੧॥ ਪ੍ਰਭ ਜੀਉ ਤੂ ਮੇਰੋ ਸਾਹਿਬੁ ਦਾਤਾ ॥ ਕਰਿ ਕਿਰਪਾ ਪ੍ਰਭ ਦੀਨ ਦਇਆਲਾ ਗੁਣ ਗਾਵਉ ਰੰਗਿ ਰਾਤਾ ॥ ਰਹਾਉ ॥ ਸਤਿਗੁਰਿ ਨਾਮੁ ਨਿਧਾਨੁ ਦ੍ਰਿੜਾਇਆ ਚਿੰਤਾ ਸਗਲ ਬਿਨਾਸੀ ॥ ਕਰਿ ਕਿਰਪਾ ਅਪੁਨੋ ਕਰਿ ਲੀਨਾ ਮਨਿ ਵਸਿਆ ਅਬਿਨਾਸੀ ॥੨॥ ਤਾ ਕਉ ਬਿਘਨੁ ਨ ਕੋਊ ਲਾਗੈ ਜੋ ਸਤਿਗੁਰਿ ਅਪੁਨੈ ਰਾਖੇ ॥ ਚਰਨ ਕਮਲ ਬਸੇ ਰਿਦ ਅੰਤਰਿ ਅੰਮ੍ਰਿਤ ਹਰਿ ਰਸੁ ਚਾਖੇ ॥੩॥ ਕਰਿ ਸੇਵਾ ਸੇਵਕ ਪ੍ਰਭ ਅਪੁਨੇ ਜਿਨਿ ਮਨ ਕੀ ਇਛ ਪੁਜਾਈ ॥ ਨਾਨਕ ਦਾਸ ਤਾ ਕੈ ਬਲਿਹਾਰੈ ਜਿਨਿ ਪੂਰਨ ਪੈਜ ਰਖਾਈ ॥੪॥੧੪॥੨੫॥ {ਪੰਨਾ 615-616}
ਪਦਅਰਥ: ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ}। ਪੂਰਾ = ਸਾਰੇ ਗੁਣਾਂ ਦਾ ਮਾਲਕ।੧।
ਪ੍ਰਭ = ਹੇ ਪ੍ਰਭੂ! ਸਾਹਿਬੁ = ਮਾਲਕ। ਗਾਵਉ = ਗਾਵਉਂ, ਮੈਂ ਗਾਵਾਂ। ਰੰਗਿ = ਪ੍ਰੇਮ = ਰੰਗ ਵਿਚ। ਰਾਤਾ = ਰੰਗਿਆ ਹੋਇਆ।ਰਹਾਉ।
ਸਤਿਗੁਰਿ = ਗੁਰੂ ਨੇ। ਨਿਧਾਨੁ = ਖ਼ਜ਼ਾਨਾ। ਦ੍ਰਿੜਾਇਆ = ਹਿਰਦੇ ਵਿਚ ਪੱਕਾ ਕਰ ਦਿੱਤਾ। ਕਰਿ ਲੀਨਾ = ਬਣਾ ਲਿਆ। ਮਨਿ = ਮਨ ਵਿਚ।੨।
ਕਉ = ਨੂੰ। ਬਿਘਨੁ = ਰੁਕਾਵਟ। ਰਿਦ = ਹਿਰਦਾ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ।੩।
ਸੇਵਕ = ਸੇਵਕਾਂ ਵਾਂਗ। ਜਿਨਿ = ਜਿਸ (ਪ੍ਰਭੂ) ਨੇ। ਇਛ = ਕਾਮਨਾ। ਪੁਜਾਈ = ਪੂਰੀ ਕਰ ਦਿੱਤੀ। ਤਾ ਕੈ = ਉਸ ਤੋਂ। ਪੈਜ = ਇੱਜ਼ਤ। ਪੂਰਨ = ਪੂਰੇ ਤੌਰ ਤੇ।੪।
ਅਰਥ: ਹੇ ਪ੍ਰਭੂ ਜੀ! ਤੂੰ ਮੇਰਾ ਮਾਲਕ ਹੈਂ, ਤੂੰ ਮੈਨੂੰ ਸਾਰੀਆਂ ਦਾਤਾਂ ਦੇਣ ਵਾਲਾ ਹੈਂ। ਹੇ ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ! ਮੇਰੇ ਉਤੇ) ਮੇਹਰ ਕਰ, ਮੈਂ ਤੇਰੇ ਪ੍ਰੇਮ-ਰੰਗ ਵਿਚ ਰੰਗੀਜ ਕੇ ਤੇਰੇ ਗੁਣ ਗਾਂਦਾ ਰਹਾਂ।ਰਹਾਉ।
ਹੇ ਭਾਈ! ਜੇਹੜਾ ਮਨੁੱਖ ਪੂਰੇ ਗੁਰੂ ਦਾ ਧਿਆਨ ਧਰਦਾ ਹੈ, ਉਸ ਉੱਤੇ ਮਾਲਕ ਪਰਮਾਤਮਾ ਦਇਆਵਾਨ ਹੁੰਦਾ ਹੈ (ਤੇ, ਉਹ ਮਨੁੱਖ ਪਰਮਾਤਮਾ ਦੀ ਸਰਨ ਪੈਂਦਾ ਹੈ) ਪਰਮਾਤਮਾ ਦੀ ਸਰਨ ਪਿਆਂ ਉਸ ਦੇ ਸਾਰੇ ਡਰ ਲਹਿ ਜਾਂਦੇ ਹਨ, ਸਾਰੇ ਦੁੱਖ ਦੂਰ ਹੋ ਜਾਂਦੇ ਹਨ, ਉਹ (ਸਦਾ) ਆਤਮਕ ਆਨੰਦ ਮਾਣਦਾ ਹੈ।੧।
ਹੇ ਭਾਈ! ਜਿਸ ਮਨੁੱਖ ਦੇ ਹਿਰਦੇ ਵਿਚ ਗੁਰੂ ਨੇ ਸਾਰੇ ਸੁਖਾਂ ਦਾ ਖ਼ਜ਼ਾਨਾ ਪ੍ਰਭੂ-ਨਾਮ ਪੱਕਾ ਕਰ ਦਿੱਤਾ, ਉਸ ਦੀ ਸਾਰੀ ਚਿੰਤਾ ਦੂਰ ਹੋ ਗਈ। ਪਰਮਾਤਮਾ ਮੇਹਰ ਕਰ ਕੇ ਉਸ ਨੂੰ ਆਪਣਾ ਬਣਾ ਲੈਂਦਾ ਹੈ, ਉਸ ਦੇ ਮਨ ਵਿਚ ਨਾਸ ਰਹਿਤ ਪਰਮਾਤਮਾ ਆ ਵੱਸਦਾ ਹੈ।੨।
ਹੇ ਭਾਈ! ਆਪਣੇ ਗੁਰੂ ਨੇ ਜਿਸ ਮਨੁੱਖ ਦੀ ਰੱਖਿਆ ਕੀਤੀ ਉਸ ਨੂੰ (ਆਤਮਕ ਜੀਵਨ ਦੇ ਰਸਤੇ ਵਿਚ) ਕੋਈ ਰੁਕਾਵਟ ਨਹੀਂ ਆਉਂਦੀ। ਪਰਮਾਤਮਾ ਦੇ ਕੌਲ ਫੁੱਲਾਂ ਵਰਗੇ ਕੋਮਲ ਚਰਨ ਉਸ ਦੇ ਹਿਰਦੇ ਵਿਚ ਆ ਵੱਸਦੇ ਹਨ, ਉਹ ਮਨੁੱਖ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ-ਰਸ ਸਦਾ ਚੱਖਦਾ ਹੈ।੩।
ਹੇ ਭਾਈ! ਜਿਸ ਪਰਮਾਤਮਾ ਨੇ (ਹਰ ਵੇਲੇ) ਤੇਰੇ ਮਨ ਦੀ (ਹਰੇਕ) ਕਾਮਨਾ ਪੂਰੀ ਕੀਤੀ ਹੈ, ਸੇਵਕਾਂ ਵਾਂਗ ਉਸ ਦੀ ਸੇਵਾ-ਭਗਤੀ ਕਰਦਾ ਰਹੁ। ਹੇ ਦਾਸ ਨਾਨਕ! ਆਖ-) ਮੈਂ ਉਸ ਪ੍ਰਭੂ ਤੋਂ ਸਦਕੇ ਜਾਂਦਾ ਹਾਂ, ਜਿਸ ਨੇ (ਵਿਘਨਾਂ ਦੇ ਟਾਕਰੇ ਤੇ ਹਰ ਵੇਲੇ) ਪੂਰੇ ਤੌਰ ਤੇ ਇੱਜ਼ਤ ਰੱਖੀ ਹੈ।੪।੧੪।੨੫।
*┈┉┅━❀꧁ੴ꧂❀━┅┉┈*
||ਅੱਜ ਦਾ ਫੁਰਮਾਨ|| ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ||
ਤਿਲੰਗ ਬਾਣੀ ਭਗਤਾ ਕੀ ਕਬੀਰ ਜੀ ੴ ਸਤਿਗੁਰ ਪ੍ਰਸਾਦਿ ॥ ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰੁ ਨ ਜਾਇ ॥ ਟੁਕੁ ਦਮੁ ਕਰਾਰੀ ਜਉ ਕਰਹੁ ਹਾਜਿਰ ਹਜੂਰਿ ਖੁਦਾਇ ॥੧॥ ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ ॥ ਇਹ ਜੁ ਦੁਨੀਆ ਸਿਹਰੁ ਮੇਲਾ ਦਸਤਗੀਰੀ ਨਾਹਿ ॥੧॥ ਰਹਾਉ ॥ ਦਰੋਗੁ ਪੜਿ ਪੜਿ ਖੁਸੀ ਹੋਇ ਬੇਖਬਰ ਬਾਦੁ ਬਕਾਹਿ ॥ ਹਕੁ ਸਚੁ ਖਾਲਕੁ ਖਲਕ ਮਿਆਨੇ ਸਿਆਮ ਮੂਰਤਿ ਨਾਹਿ ॥੨॥ ਅਸਮਾਨ ਮ੍ਯ੍ਯਿਾਨੇ ਲਹੰਗ ਦਰੀਆ ਗੁਸਲ ਕਰਦਨ ਬੂਦ ॥ ਕਰਿ ਫਕਰੁ ਦਾਇਮ ਲਾਇ ਚਸਮੇ ਜਹ ਤਹਾ ਮਉਜੂਦੁ ॥੩॥ ਅਲਾਹ ਪਾਕੰ ਪਾਕ ਹੈ ਸਕ ਕਰਉ ਜੇ ਦੂਸਰ ਹੋਇ ॥ ਕਬੀਰ ਕਰਮੁ ਕਰੀਮ ਕਾ ਉਹੁ ਕਰੈ ਜਾਨੈ ਸੋਇ ॥੪॥੧॥ {ਪੰਨਾ 727}
ਪਦਅਰਥ: ਕਤੇਬ = ਪੱਛਮੀ ਮਤਾਂ ਦੇ ਧਰਮ = ਪੁਸਤਕ (ਤੌਰੇਤ, ਜ਼ੰਬੂਰ, ਅੰਜੀਲ, ਕੁਰਾਨ) । ਇਫਤਰਾ = {ਅਰਬੀ} ਮੁਬਾਲਗ਼ਾ, ਬਣਾਵਟ, ਅਸਲੀਅਤ ਨਾਲੋਂ ਵਧਾ ਕੇ ਦੱਸੀਆਂ ਹੋਈਆਂ ਗੱਲਾਂ। ਫਿਕਰੁ = ਸਹਿਮ, ਅਸ਼ਾਂਤੀ। ਟੁਕੁ = ਰਤਾ ਕੁ। ਟੁਕੁ ਦਮੁ = ਪਲਕ ਭਰ। ਕਰਾਰੀ = ਟਿਕਾਉ ਇਕਾਗ੍ਰਤਾ। ਜਉ = ਜੇ। ਹਾਜਿਰ ਹਜੂਰਿ = ਹਰ ਥਾਂ ਮੌਜੂਦ। ਖੁਦਾਇ = ਰੱਬ, ਪਰਮਾਤਮਾ।੧।
ਬੰਦੇ = ਹੇ ਮਨੁੱਖ! ਪਰੇਸਾਨੀ = ਘਬਰਾਹਟ। ਸਿਹਰੁ = ਜਾਦੂ, ਉਹ ਜਿਸ ਦੀ ਅਸਲੀਅਤ ਕੁਝ ਹੋਰ ਹੋਵੇ ਪਰ ਵੇਖਣ ਨੂੰ ਕੁਝ ਅਜੀਬ ਮਨ = ਮੋਹਣਾ ਦਿੱਸਦਾ ਹੋਵੇ। ਮੇਲਾ = ਤਮਾਸ਼ਾ, ਖੇਡ। ਦਸਤਗੀਰੀ = {ਦਸਤ = ਹੱਥ। ਗੀਰੀ = ਫੜਨਾ} ਹੱਥ ਪੱਲੇ ਪੈਣ ਵਾਲੀ ਚੀਜ਼, ਸਦਾ ਸਾਂਭ ਰੱਖਣ ਵਾਲੀ ਸ਼ੈ।ਰਹਾਉ।
ਦਰੋਗੁ = ਝੂਠ। ਦਰੋਗੁ ਪੜਿ ਪੜਿ = ਇਹ ਪੜ੍ਹ ਕੇ ਕਿ ਵੇਦ ਝੂਠੇ ਹਨ ਜਾਂ ਇਹ ਪੜ੍ਹ ਕੇ ਕਿ ਕਤੇਬ ਝੂਠੇ ਹਨ। ਹੋਇ = ਹੋ ਕੇ। ਬੇਖਬਰ = ਅਣਜਾਣ ਮਨੁੱਖ। ਬਾਦੁ = ਝਗੜਾ, ਬਹਿਸ। ਬਕਾਹਿ = ਬੋਲਦੇ ਹਨ। ਬਾਦੁ ਬਕਾਹਿ = ਬਹਿਸ ਕਰਦੇ ਹਨ। ਹਕੁ ਸਚੁ = ਸਦਾ ਕਾਇਮ ਰਹਿਣ ਵਾਲਾ ਰੱਬ। ਮਿਆਨੇ = ਵਿਚ। ਸਿਆਮ ਮੂਰਤਿ = ਕ੍ਰਿਸ਼ਨ ਜੀ ਦੀ ਮੂਰਤੀ। ਨਾਹਿ = (ਰੱਬ) ਨਹੀਂ ਹੈ।੨।
ਅਸਮਾਨ = ਅਕਾਸ਼, ਦਸਮ ਦੁਆਰ, ਅੰਤਹਕਰਨ, ਮਨ। ਮ੍ਯ੍ਯਿਾਨੇ = ਮਿਆਨੇ, ਅੰਦਰ। ਲਹੰਗ = ਲੰਘਦਾ ਹੈ, ਵਗਦਾ ਹੈ। ਦਰੀਆ = (ਸਰਬ = ਵਿਆਪਕ ਪ੍ਰਭੂ = ਰੂਪ) ਨਦੀ। ਗੁਸਲ = ਇਸ਼ਨਾਨ। ਕਰਦਨ ਬੂਦ = {ਕਰਦਨੀ ਬੂਦ} ਕਰਨਾ ਚਾਹੀਦਾ ਸੀ। ਫਕਰੁ = ਫ਼ਕੀਰੀ, ਬੰਦਗੀ ਵਾਲਾ ਜੀਵਨ। ਚਸਮੇ = ਐਨਕਾਂ। ਜਹ ਤਹਾ = ਹਰ ਥਾਂ।੩।
ਅਲਾਹ = ਅੱਲਾਹ, ਰੱਬ। ਪਾਕੰ ਪਾਕ = ਪਵਿੱਤਰ ਤੋਂ ਪਵਿੱਤਰ, ਸਭ ਤੋਂ ਪਵਿੱਤਰ। ਸਕ = ਸ਼ੱਕ, ਭਰਮ। ਕਰਉ = ਕਰਉਂ, ਮੈਂ ਕਰਾਂ। ਦੂਸਰ = (ਉਸ ਵਰਗਾ ਕੋਈ ਹੋਰ) ਦੂਜਾ। ਕਰਮੁ = ਬਖ਼ਸ਼ਸ਼। ਕਰੀਮ = ਬਖ਼ਸ਼ਸ਼ ਕਰਨ ਵਾਲਾ। ਉਹੁ = ਉਹ ਪ੍ਰਭੂ। ਸੋਇ = ਉਹ ਮਨੁੱਖ (ਜਿਸ ਉੱਤੇ ਪ੍ਰਭੂ ਬਖ਼ਸ਼ਸ਼ ਕਰਦਾ ਹੈ) ।੪।
ਅਰਥ: ਹੇ ਭਾਈ! ਵਾਦ-ਵਿਵਾਦ ਦੀ ਖ਼ਾਤਰ) ਵੇਦਾਂ ਕਤੇਬਾਂ ਦੇ ਹਵਾਲੇ ਦੇ ਦੇ ਕੇ ਵਧ ਗੱਲਾਂ ਕਰਨ ਨਾਲ (ਮਨੁੱਖ ਦੇ ਆਪਣੇ) ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। (ਹੇ ਭਾਈ!) ਜੇ ਤੁਸੀ ਆਪਣੇ ਮਨ ਨੂੰ ਪਲਕ ਭਰ ਹੀ ਟਿਕਾਓ, ਤਾਂ ਤੁਹਾਨੂੰ ਸਭਨਾਂ ਵਿਚ ਹੀ ਵੱਸਦਾ ਰੱਬ ਦਿੱਸੇਗਾ (ਕਿਸੇ ਦੇ ਵਿਰੁੱਧ ਤਰਕ ਕਰਨ ਦੀ ਲੋੜ ਨਹੀਂ ਪਏਗੀ) ।੧।
ਹੇ ਭਾਈ! ਆਪਣੇ ਹੀ) ਦਿਲ ਨੂੰ ਹਰ ਵੇਲੇ ਖੋਜ, (ਬਹਿਸ ਮੁਬਾਹਸੇ ਦੀ) ਘਬਰਾਹਟ ਵਿਚ ਨਾਹ ਭਟਕ। ਇਹ ਜਗਤ ਇਕ ਜਾਦੂ ਜਿਹਾ ਹੈ, ਇਕ ਤਮਾਸ਼ਾ ਜਿਹਾ ਹੈ, (ਇਸ ਵਿਚੋਂ ਇਸ ਵਿਅਰਥ ਵਾਦ-ਵਿਵਾਦ ਦੀ ਰਾਹੀਂ) ਹੱਥ-ਪੱਲੇ ਪੈਣ ਵਾਲੀ ਕੋਈ ਸ਼ੈ ਨਹੀਂ।੧।ਰਹਾਉ।
ਬੇ-ਸਮਝ ਲੋਕ (ਅਨ-ਮਤਾਂ ਦੇ ਧਰਮ-ਪੁਸਤਕਾਂ ਬਾਰੇ ਇਹ) ਪੜ੍ਹ ਪੜ੍ਹ ਕੇ (ਕਿ ਇਹਨਾਂ ਵਿਚ ਜੋ ਲਿਖਿਆ ਹੈ) ਝੂਠ (ਹੈ) , ਖ਼ੁਸ਼ ਹੋ ਹੋ ਕੇ ਬਹਿਸ ਕਰਦੇ ਹਨ। (ਪਰ ਉਹ ਇਹ ਨਹੀਂ ਜਾਣਦੇ ਕਿ) ਸਦਾ ਕਾਇਮ ਰਹਿਣ ਵਾਲਾ ਰੱਬ ਖ਼ਲਕਤ ਵਿਚ (ਭੀ) ਵੱਸਦਾ ਹੈ, (ਨਾਹ ਉਹ ਵੱਖਰਾ ਸੱਤਵੇਂ ਅਸਮਾਨ ਤੇ ਬੈਠਾ ਹੈ ਤੇ) ਨਾਹ ਉਹ ਪਰਮਾਤਮਾ ਕ੍ਰਿਸ਼ਨ ਦੀ ਮੂਰਤੀ ਹੈ।੨।
(ਸਤਵੇਂ ਅਸਮਾਨ ਦੇ ਵਿਚ ਬੈਠਾ ਸਮਝਣ ਦੇ ਥਾਂ, ਹੇ ਭਾਈ!) ਉਹ ਪ੍ਰਭੂ-ਰੂਪ ਦਰਿਆ ਤੇ ਅੰਤਹਕਰਨ ਵਿਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿਚ ਇਸ਼ਨਾਨ ਕਰਨਾ ਸੀ। ਸੋ, ਉਸ ਦੀ ਸਦਾ ਬੰਦਗੀ ਕਰ, (ਇਹ ਭਗਤੀ ਦੀ) ਐਨਕ ਲਾ (ਕੇ ਵੇਖ) , ਉਹ ਹਰ ਥਾਂ ਮੌਜੂਦ ਹੈ।੩।
ਰੱਬ ਸਭ ਤੋਂ ਪਵਿੱਤਰ (ਹਸਤੀ) ਹੈ (ਉਸ ਤੋਂ ਪਵਿੱਤਰ ਕੋਈ ਹੋਰ ਨਹੀਂ ਹੈ) , ਇਸ ਗੱਲ ਵਿਚ ਮੈਂ ਤਾਂ ਹੀ ਸ਼ੱਕ ਕਰਾਂ, ਜੇ ਉਸ ਰੱਬ ਵਰਗਾ ਕੋਈ ਹੋਰ ਦੂਜਾ ਹੋਵੇ। ਹੇ ਕਬੀਰ! ਇਸ ਭੇਤ ਨੂੰ) ਉਹ ਮਨੁੱਖ ਹੀ ਸਮਝ ਸਕਦਾ ਹੈ ਜਿਸ ਨੂੰ ਉਹ ਸਮਝਣ-ਜੋਗ ਬਣਾਏ। ਤੇ, ਇਹ ਬਖ਼ਸ਼ਸ਼ ਉਸ ਬਖ਼ਸ਼ਸ਼ ਕਰਨ ਵਾਲੇ ਦੇ ਆਪਣੇ ਹੱਥ ਹੈ।੪।੧।
ਨੋਟ: ਇਸ ਸ਼ਬਦ ਦੇ ਦੂਜੇ ਬੰਦ ਦੇ ਲਫ਼ਜ਼ 'ਬਾਦੁ' ਤੇ 'ਸਿਆਮ ਮੂਰਤਿ' ਤੋਂ ਇਉਂ ਪ੍ਰਤੀਤ ਹੁੰਦਾ ਹੈ ਕਿ ਕਬੀਰ ਜੀ ਕਿਸੇ ਕਾਜ਼ੀ ਤੇ ਪੰਡਿਤ ਦੀ ਬਹਿਸ ਨੂੰ ਨਾ-ਪਸੰਦ ਕਰਦੇ ਹੋਏ ਇਹ ਸ਼ਬਦ ਉਚਾਰ ਰਹੇ ਹਨ। ਬਹਿਸਾਂ ਵਿਚ ਆਮ ਤੌਰ ਤੇ ਇਕ-ਦੂਜੇ ਦੇ ਧਰਮ-ਪੁਸਤਕਾਂ ਉੱਤੇ ਚਿੱਕੜ ਸੁੱਟਣ ਦੇ ਜਤਨ ਕੀਤੇ ਜਾਂਦੇ ਹਨ, ਦੂਜੇ ਮਤ ਨੂੰ ਝੂਠਾ ਸਾਬਤ ਕਰਨ ਦੀ ਕੋਸ਼ਸ਼ ਕੀਤੀ ਜਾਂਦੀ ਹੈ। ਪਰ ਬਹਿਸ ਕਰਨ ਵਾਲੇ ਨੂੰ ਪੁੱਛੋ ਕਿ ਕਦੇ ਇਸ ਵਿਚੋਂ ਦਿਲ ਨੂੰ ਭੀ ਕੋਈ ਸ਼ਾਂਤੀ ਹਾਸਲ ਹੋਈ ਹੈ? ਕੋਈ ਆਖਦਾ ਹੈ ਰੱਬ ਸਤਵੇਂ ਅਸਮਾਨ ਤੇ ਹੈ, ਕੋਈ ਆਖਦਾ ਹੈ ਕ੍ਰਿਸ਼ਨ ਜੀ ਦੀ ਮੂਰਤੀ ਹੀ ਪਰਮਾਤਮਾ ਹੈ; ਪਰ ਇਹ ਭੇਤ ਬੰਦਗੀ ਕਰਨ ਵਾਲੇ ਨੂੰ ਸਮਝ ਵਿਚ ਆਉਂਦਾ ਹੈ ਕਿ ਪਰਮਾਤਮਾ ਖ਼ਲਕਤ ਵਿਚ ਵੱਸਦਾ ਹੈ, ਪਰਮਾਤਮਾ ਹਰ ਥਾਂ ਮੌਜੂਦ ਹੈ।੪।
ਸ਼ਬਦ ਦਾ ਭਾਵ: ਦੂਜਿਆਂ ਦੀਆਂ ਧਰਮ-ਪੁਸਤਕਾਂ ਉੱਤੇ ਚਿੱਕੜ ਸੁੱਟਿਆਂ ਮਨ ਵਿਚ ਸ਼ਾਂਤੀ ਨਹੀਂ ਹੋ ਸਕਦੀ। ਅੰਦਰ-ਵੱਸਦੇ ਰੱਬ ਦੀ ਬੰਦਗੀ ਕਰੋ, ਸਾਰੀ ਖ਼ਲਕਤ ਵਿਚ ਦਿੱਸ ਪਏਗਾ।
*┈┉┅━❀꧁ੴ꧂❀━┅┉┈*
||ਅੱਜ ਦਾ ਫੁਰਮਾਨ|| ਗੁਰਦੁਆਰਾ ਨਨਕਾਣਾ ਸਾਹਿਬ ( ਪਾਕਿਸਤਾਨ ) ||
ਸੋਰਠਿ ਮਹਲਾ ੫ ਘਰੁ ੨ ਅਸਟਪਦੀਆ ੴ ਸਤਿਗੁਰ ਪ੍ਰਸਾਦਿ ॥ ਪਾਠੁ ਪੜਿਓ ਅਰੁ ਬੇਦੁ ਬੀਚਾਰਿਓ ਨਿਵਲਿ ਭੁਅੰਗਮ ਸਾਧੇ ॥ ਪੰਚ ਜਨਾ ਸਿਉ ਸੰਗੁ ਨ ਛੁਟਕਿਓ ਅਧਿਕ ਅਹੰਬੁਧਿ ਬਾਧੇ ॥੧॥ ਪਿਆਰੇ ਇਨ ਬਿਧਿ ਮਿਲਣੁ ਨ ਜਾਈ ਮੈ ਕੀਏ ਕਰਮ ਅਨੇਕਾ ॥ ਹਾਰਿ ਪਰਿਓ ਸੁਆਮੀ ਕੈ ਦੁਆਰੈ ਦੀਜੈ ਬੁਧਿ ਬਿਬੇਕਾ ॥ ਰਹਾਉ ॥ ਮੋਨਿ ਭਇਓ ਕਰਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ ॥ ਤਟ ਤੀਰਥ ਸਭ ਧਰਤੀ ਭ੍ਰਮਿਓ ਦੁਬਿਧਾ ਛੁਟਕੈ ਨਾਹੀ ॥੨॥ ਮਨ ਕਾਮਨਾ ਤੀਰਥ ਜਾਇ ਬਸਿਓ ਸਿਰਿ ਕਰਵਤ ਧਰਾਏ ॥ ਮਨ ਕੀ ਮੈਲੁ ਨ ਉਤਰੈ ਇਹ ਬਿਧਿ ਜੇ ਲਖ ਜਤਨ ਕਰਾਏ ॥੩॥ ਕਨਿਕ ਕਾਮਿਨੀ ਹੈਵਰ ਗੈਵਰ ਬਹੁ ਬਿਧਿ ਦਾਨੁ ਦਾਤਾਰਾ ॥ ਅੰਨ ਬਸਤ੍ਰ ਭੂਮਿ ਬਹੁ ਅਰਪੇ ਨਹ ਮਿਲੀਐ ਹਰਿ ਦੁਆਰਾ ॥੪॥ {ਪੰਨਾ 641-642}
ਪਦਅਰਥ: ਪੜਿਓ = ਪੜ੍ਹਿਆ (ਕਈਆਂ ਨੇ) । ਅਰੁ = ਅਤੇ। ਨਿਵਲਿ = ਖਲੋ ਕੇ, ਗੋਡਿਆਂ ਉਤੇ ਹੱਥ ਰੱਖ ਕੇ, ਸਾਹ ਬਾਹਰ ਵਲ ਖਿੱਚ ਕੇ, ਆਂਦਰਾਂ ਨੂੰ ਭਵਾਣਾ = ਇਸ ਨਾਲ ਪੇਟ ਦੀਆਂ ਆਂਦਰਾਂ ਸਾਫ਼ ਰਹਿੰਦੀਆਂ ਹਨ, ਕਬਜ਼ ਨਹੀਂ ਰਹਿੰਦੀ। ਨਿਉਲੀ ਕਰਮ ਸਵੇਰੇ ਖ਼ਾਲੀ = ਪੇਟ ਕਰੀਦਾ ਹੈ। ਭੁਅੰਗਮ = ਭੁਇਅੰਗਮ, ਭੁਯੰਗਮ। ਪਿੱਠ ਦੀ ਕੰਗਰੋੜ ਦੇ ਨਾਲ ਨਾਲ ਕੁੰਡਲਨੀ ਨਾੜੀ ਜਿਸ ਦੀ ਸ਼ਕਲ ਸਰਪਣੀ ਵਰਗੀ ਹੈ। ਇਸ ਦੇ ਰਾਹ ਸੁਆਸ ਚੜ੍ਹਾਂਦੇ ਹਨ। ਸਾਧੇ = ਸਾਧਨ ਕੀਤੇ (ਕਈਆਂ ਨੇ) । ਸਿਉ = ਨਾਲ। ਸੰਗੁ = ਸਾਥ। ਛੁਟਕਿਓ = ਮੁੱਕ ਸਕਿਆ। ਅਧਿਕ = ਬਹੁਤ ਵਧੀਕ। ਅਹੰਬੁਧਿ = ਅਹੰਕਾਰ = ਭਰੀ ਮਤਿ। ਬਾਧੇ = ਬੱਝ ਗਏ।੧।
ਪਿਆਰੇ = ਹੇ ਸੱਜਣ! ਇਨ ਬਿਧਿ = ਇਹਨਾਂ ਤਰੀਕਿਆਂ ਨਾਲ। ਮੈ = ਮੇਰੇ ਵੇਖਦਿਆਂ। ਹਾਰਿ = ਹਾਰ ਕੇ, ਇਹਨਾਂ ਕਰਮਾਂ ਦਾ ਆਸਰਾ ਛੱਡ ਕੇ। ਪਰਿਓ = ਪਿਆ ਹਾਂ। ਕੈ ਦੁਆਰੈ = ਦੇ ਦਰ ਉਤੇ। ਬਿਬੇਕਾ = ਪਰਖ।ਰਹਾਉ।
ਮੋਨਿ ਭਇਓ = ਕੋਈ ਚੁੱਪ ਸਾਧੀ ਬੈਠਾ ਹੈ। ਕਰਪਾਤੀ = {ਕਰ = ਹੱਥ। ਪਾਤ੍ਰ = ਭਾਂਡਾ} ਹੱਥਾਂ ਨੂੰ ਹੀ ਭਾਂਡਾ ਬਣਾ ਰੱਖਣ ਵਾਲਾ। ਮਾਹੀ = ਵਿਚ। ਤਟ = ਦਰੀਆ ਦਾ ਕੰਢਾ। ਸਭ = ਸਾਰੀ। ਭ੍ਰਮਿਓ = ਭਟਕਦਾ ਫਿਰਿਆ। ਦੁਬਿਧਾ = ਦੁ = ਚਿੱਤਾ = ਪਨ, ਮੇਰ = ਤੇਰ, ਡਾਵਾਂ ਡੋਲ ਮਾਨਸਕ ਦਸ਼ਾ। ਛੁਟਕੈ ਨਾਹੀ = ਮੁੱਕਦੀ ਨਹੀਂ।੨।
ਕਾਮਨਾ = ਇੱਛਾ, ਫੁਰਨਾ। ਸਿਰਿ = ਸਿਰ ਉਤੇ। ਕਰਵਤ = ਆਰਾ, ਸ਼ਿਵ ਜੀ ਵਾਲਾ ਆਰਾ ਜੋ ਬਨਾਰਸ ਦੇ ਸ਼ਿਵ = ਮੰਦਰ ਵਿਚ ਹੈ। ਸ਼ਿਵ = ਲੋਕ ਵਿਚ ਪਹੁੰਚਣ ਦੀ ਤਾਂਘ ਵਾਲੇ ਕਈ ਭੁੱਲੜ ਮਨੁੱਖ ਆਪਣੇ ਆਪ ਨੂੰ ਇਸ ਆਰੇ ਨਾਲ ਚਿਰਾ ਲੈਂਦੇ ਸਨ। ਇਹ ਬਿਧਿ = ਇਸ ਤਰੀਕੇ ਨਾਲ।੩।
ਕਨਿਕ = ਸੋਨਾ। ਕਾਮਿਨੀ = ਇਸਤ੍ਰੀ। ਹੈਵਰ = {हयवर} ਵਧੀਆ ਘੋੜੇ। ਗੈਵਰ = {गजवर} ਵਧੀਆ ਹਾਥੀ। ਦਾਤਾਰਾ = ਦੇਣ ਵਾਲਾ। ਅਰਪੇ = ਦਾਨ ਕਰਦਾ ਹੈ। ਹਰਿ ਦੁਆਰਾ = ਹਰੀ ਦੇ ਦਰ ਤੇ।੪।
ਅਰਥ: ਹੇ ਭਾਈ! ਕੋਈ ਮਨੁੱਖ ਵੇਦ (ਆਦਿਕ ਧਰਮ-ਪੁਸਤਕ ਨੂੰ) ਪੜ੍ਹਦਾ ਹੈ ਅਤੇ ਵਿਚਾਰਦਾ ਹੈ। ਕੋਈ ਮਨੁੱਖ ਨਿਵਲੀਕਰਮ ਕਰਦਾ ਹੈ, ਕੋਈ ਕੁੰਡਲਨੀ ਨਾੜੀ ਰਸਤੇ ਪ੍ਰਾਣ ਚਾੜ੍ਹਦਾ ਹੈ। (ਪਰ ਇਹਨਾਂ ਸਾਧਨਾਂ ਨਾਲ ਕਾਮਾਦਿਕ) ਪੰਜਾਂ ਨਾਲੋਂ ਸਾਥ ਮੁੱਕ ਨਹੀਂ ਸਕਦਾ। (ਸਗੋਂ) ਵਧੀਕ ਅਹੰਕਾਰ ਵਿਚ (ਮਨੁੱਖ) ਬੱਝ ਜਾਂਦੇ ਹਨ।੧।
ਹੇ ਭਾਈ! ਮੇਰੇ ਵੇਖਦਿਆਂ ਲੋਕ ਅਨੇਕਾਂ ਹੀ (ਮਿਥੇ ਹੋਏ ਧਾਰਮਿਕ) ਕਰਮ ਕਰਦੇ ਹਨ, ਪਰ ਇਹਨਾਂ ਤਰੀਕਿਆਂ ਨਾਲ ਪਰਮਾਤਮਾ ਦੇ ਚਰਨਾਂ ਵਿਚ ਜੁੜਿਆ ਨਹੀਂ ਜਾ ਸਕਦਾ। ਹੇ ਭਾਈ! ਮੈਂ ਤਾਂ ਇਹਨਾਂ ਕਰਮਾਂ ਦਾ ਆਸਰਾ ਛੱਡ ਕੇ ਮਾਲਕ-ਪ੍ਰਭੂ ਦੇ ਦਰ ਤੇ ਆ ਡਿੱਗਾ ਹਾਂ (ਤੇ ਅਰਜ਼ੋਈ ਕਰਦਾ ਰਹਿੰਦਾ ਹਾਂ-ਹੇ ਪ੍ਰਭੂ! ਮੈਨੂੰ ਭਲਾਈ ਬੁਰਾਈ ਦੀ) ਪਰਖ ਕਰ ਸਕਣ ਵਾਲੀ ਅਕਲ ਦੇਹ।ਰਹਾਉ।
ਹੇ ਭਾਈ! ਕੋਈ ਮਨੁੱਖ ਚੁੱਪ ਸਾਧੀ ਬੈਠਾ ਹੈ, ਕੋਈ ਕਰ-ਪਾਤੀ ਬਣ ਗਿਆ ਹੈ (ਭਾਂਡਿਆਂ ਦੇ ਥਾਂ ਆਪਣੇ ਹੱਥ ਹੀ ਵਰਤਦਾ ਹੈ) , ਕੋਈ ਜੰਗਲ ਵਿਚ ਨੰਗਾ ਤੁਰਿਆ ਫਿਰਦਾ ਹੈ। ਕੋਈ ਮਨੁੱਖ ਸਾਰੇ ਤੀਰਥਾਂ ਦਾ ਰਟਨ ਕਰ ਰਿਹਾ ਹੈ, ਕੋਈ ਸਾਰੀ ਧਰਤੀ ਦਾ ਭ੍ਰਮਣ ਕਰ ਰਿਹਾ ਹੈ, (ਪਰ ਇਸ ਤਰ੍ਹਾਂ ਭੀ) ਮਨ ਦੀ ਡਾਂਵਾਂ-ਡੋਲ ਹਾਲਤ ਮੁੱਕਦੀ ਨਹੀਂ।੨।
ਹੇ ਭਾਈ! ਕੋਈ ਮਨੁੱਖ ਆਪਣੀ ਮਨੋ-ਕਾਮਨਾ ਅਨੁਸਾਰ ਤੀਰਥਾਂ ਉੱਤੇ ਜਾ ਵੱਸਿਆ ਹੈ, (ਮੁਕਤੀ ਦਾ ਚਾਹਵਾਨ ਆਪਣੇ) ਸਿਰ ਉਤੇ (ਸ਼ਿਵ ਜੀ ਵਾਲਾ) ਆਰਾ ਰਖਾਂਦਾ ਹੈ (ਤੇ, ਆਪਣੇ ਆਪ ਨੂੰ ਚਿਰਾ ਲੈਂਦਾ ਹੈ) । ਪਰ ਜੇ ਕੋਈ ਮਨੁੱਖ (ਇਹੋ ਜਿਹੇ) ਲੱਖਾਂ ਹੀ ਜਤਨ ਕਰੇ, ਇਸ ਤਰ੍ਹਾਂ ਭੀ ਮਨ ਦੀ (ਵਿਕਾਰਾਂ ਦੀ) ਮੈਲ ਨਹੀਂ ਲਹਿੰਦੀ।੩।
ਹੇ ਭਾਈ! ਕੋਈ ਮਨੁੱਖ ਸੋਨਾ, ਇਸਤ੍ਰੀ, ਵਧੀਆ ਘੋੜੇ, ਵਧੀਆ ਹਾਥੀ (ਅਤੇ ਇਹੋ ਜਿਹੇ) ਕਈ ਕਿਸਮਾਂ ਦੇ ਦਾਨ ਕਰਨ ਵਾਲਾ ਹੈ। ਕੋਈ ਮਨੁੱਖ ਅੰਨ ਦਾਨ ਕਰਦਾ ਹੈ, ਕੱਪੜੇ ਦਾਨ ਕਰਦਾ ਹੈ, ਜ਼ਿਮੀਂ ਦਾਨ ਕਰਦਾ ਹੈ। (ਇਸ ਤਰ੍ਹਾਂ ਭੀ) ਪਰਮਾਤਮਾ ਦੇ ਦਰ ਤੇ ਪਹੁੰਚ ਨਹੀਂ ਸਕੀਦਾ।੪।
ਪੂਜਾ ਅਰਚਾ ਬੰਦਨ ਡੰਡਉਤ ਖਟੁ ਕਰਮਾ ਰਤੁ ਰਹਤਾ ॥ ਹਉ ਹਉ ਕਰਤ ਬੰਧਨ ਮਹਿ ਪਰਿਆ ਨਹ ਮਿਲੀਐ ਇਹ ਜੁਗਤਾ ॥੫॥ ਜੋਗ ਸਿਧ ਆਸਣ ਚਉਰਾਸੀਹ ਏ ਭੀ ਕਰਿ ਕਰਿ ਰਹਿਆ ॥ ਵਡੀ ਆਰਜਾ ਫਿਰਿ ਫਿਰਿ ਜਨਮੈ ਹਰਿ ਸਿਉ ਸੰਗੁ ਨ ਗਹਿਆ ॥੬॥ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮੁ ਅਫਾਰਾ ॥ ਸੇਜ ਸੋਹਨੀ ਚੰਦਨੁ ਚੋਆ ਨਰਕ ਘੋਰ ਕਾ ਦੁਆਰਾ ॥੭॥ ਹਰਿ ਕੀਰਤਿ ਸਾਧਸੰਗਤਿ ਹੈ ਸਿਰਿ ਕਰਮਨ ਕੈ ਕਰਮਾ ॥ ਕਹੁ ਨਾਨਕ ਤਿਸੁ ਭਇਓ ਪਰਾਪਤਿ ਜਿਸੁ ਪੁਰਬ ਲਿਖੇ ਕਾ ਲਹਨਾ ॥੮॥ ਤੇਰੋ ਸੇਵਕੁ ਇਹ ਰੰਗਿ ਮਾਤਾ ॥ ਭਇਓ ਕ੍ਰਿਪਾਲੁ ਦੀਨ ਦੁਖ ਭੰਜਨੁ ਹਰਿ ਹਰਿ ਕੀਰਤਨਿ ਇਹੁ ਮਨੁ ਰਾਤਾ ॥ ਰਹਾਉ ਦੂਜਾ ॥੧॥੩॥ {ਪੰਨਾ 642}
ਪਦਅਰਥ: ਅਰਚਾ = ਮੂਰਤੀ ਦੀ ਪੂਜਾ। ਬੰਧਨ = ਨਮਸਕਾਰ। ਡੰਡਉਤ = ਡੰਡੇ ਵਾਂਗ ਸਿੱਧੇ ਲੰਮੇ ਪੈ ਕੇ ਨਮਸਕਾਰ ਕਰਨੀ। ਖਟੁ = ਛੇ। ਖਟੁ ਕਰਮਾ = ਬ੍ਰਾਹਮਣ ਵਾਸਤੇ ਛੇ ਜ਼ਰੂਰੀ ਧਾਰਮਿਕ ਕਰਮ = ਵਿੱਦਿਆ ਪੜ੍ਹਾਣੀ ਤੇ ਪੜ੍ਹਨੀ, ਜੱਗ ਕਰਨਾ ਤੇ ਕਰਾਣਾ, ਦਾਨ ਦੇਣਾ ਤੇ ਲੈਣਾ। ਰਤੁ ਰਹਤਾ = ਮਗਨ ਰਹਿੰਦਾ ਹੈ। ਹਉ ਹਉ = ਮੈਂ ਮੈਂ। ਇਹ ਜੁਗਤਾ = ਇਸ ਤਰੀਕੇ ਨਾਲ।੫।
ਸਿਧ = ਜੋਗ = ਆਸਣਾਂ ਵਿਚ ਪੁੱਗੇ ਹੋਏ ਜੋਗੀ। ਰਹਿਆ = ਥੱਕ ਗਿਆ। ਆਰਜਾ = ਉਮਰ। ਸੰਗੁ = ਸਾਥ। ਗਹਿਆ = ਲੱਭਾ।੬।
ਲੀਲਾ = ਰੰਗ = ਤਮਾਸ਼ੇ। ਰਚਨਾ = ਠਾਠ = ਬਾਠ। ਅਫਾਰਾ = ਜਿਸ ਨੂੰ ਕੋਈ ਮੋੜ ਨਾਹ ਸਕੇ। ਚੋਆ = ਅਤਰ। ਘੋਰ = ਭਿਆਨਕ।੭।
ਕੀਰਤਿ = ਸਿਫ਼ਤਿ-ਸਾਲਾਹ। ਕਰਮਨ ਕੈ ਸਿਰਿ = ਸਭ (ਧਾਰਮਿਕ) ਕੰਮਾਂ ਦੇ ਸਿਰ ਉਤੇ, ਸਭ ਕਰਮਾਂ ਨਾਲੋਂ ਸ੍ਰੇਸ਼ਟ। ਪੁਰਬ ਲਿਖੇ ਕਾ = ਪਹਿਲੇ ਜਨਮ ਵਿਚ ਕੀਤੇ ਕਰਮਾਂ ਦੇ ਲਿਖੇ ਲੇਖ ਅਨੁਸਾਰ।੮।
ਰੰਗਿ = ਰੰਗ ਵਿਚ। ਮਾਤਾ = ਮਸਤ। ਕੀਰਤਨਿ = ਕੀਰਤਨ ਵਿਚ। ਰਾਤਾ = ਰੰਗਿਆ ਹੋਇਆ।ਰਹਾਉ ਦੂਜਾ।
ਅਰਥ: ਹੇ ਭਾਈ! ਕੋਈ ਮਨੁੱਖ ਦੇਵ-ਪੂਜਾ ਵਿਚ, ਦੇਵਤਿਆਂ ਨੂੰ ਨਮਸਕਾਰ ਡੰਡਉਤ ਕਰਨ ਵਿਚ, ਛੇ ਕਰਮਾਂ ਦੇ ਕਰਨ ਵਿਚ ਮਸਤ ਰਹਿੰਦਾ ਹੈ। ਪਰ ਉਹ ਭੀ (ਇਹਨਾਂ ਮਿੱਥੇ ਹੋਏ ਧਾਰਮਿਕ ਕਰਮਾਂ ਦੇ ਕਰਨ ਕਰ ਕੇ ਆਪਣੇ ਆਪ ਨੂੰ ਧਰਮੀ ਜਾਣ ਕੇ) ਅਹੰਕਾਰ ਨਾਲ ਕਰਦਾ ਕਰਦਾ (ਮਾਇਆ ਦੇ ਮੋਹ ਦੇ) ਬੰਧਨਾਂ ਵਿਚ ਜਕੜਿਆ ਰਹਿੰਦਾ ਹੈ। ਇਸ ਤਰੀਕੇ ਭੀ ਪਰਮਾਤਮਾ ਨੂੰ ਨਹੀਂ ਮਿਲ ਸਕੀਦਾ।੫।
ਜੋਗ-ਮਤ ਵਿਚ ਸਿੱਧਾਂ ਦੇ ਪ੍ਰਸਿੱਧ ਚੌਰਾਸੀ ਆਸਣ ਹਨ। ਇਹ ਆਸਣ ਕਰ ਕਰ ਕੇ ਭੀ ਮਨੁੱਖ ਥੱਕ ਜਾਂਦਾ ਹੈ। ਉਮਰ ਤਾਂ ਲੰਮੀ ਕਰ ਲੈਂਦਾ ਹੈ, ਪਰ ਇਸ ਤਰ੍ਹਾਂ ਪਰਮਾਤਮਾ ਨਾਲ ਮਿਲਾਪ ਨਾਲ ਨਹੀਂ ਬਣਦਾ, ਮੁੜ ਮੁੜ ਜਨਮਾਂ ਦੇ ਗੇੜ ਵਿਚ ਪਿਆ ਰਹਿੰਦਾ ਹੈ।੬।
ਹੇ ਭਾਈ! ਕਈ ਐਸੇ ਹਨ ਜੋ ਰਾਜ-ਹਕੂਮਤ ਦੇ ਰੰਗ-ਤਮਾਸ਼ੇ ਮਾਣਦੇ ਹਨ, ਰਾਜਿਆਂ ਵਾਲੇ ਠਾਠ-ਬਾਠ ਬਣਾਂਦੇ ਹਨ, ਲੋਕਾਂ ਉੱਤੇ ਹੁਕਮ ਚਲਾਂਦੇ ਹਨ, ਕੋਈ ਉਹਨਾਂ ਦਾ ਹੁਕਮ ਮੋੜ ਨਹੀਂ ਸਕਦਾ। ਸੁੰਦਰ ਇਸਤ੍ਰੀ ਦੀ ਸੇਜ ਮਾਣਦੇ ਹਨ, (ਆਪਣੇ ਸਰੀਰ ਉਤੇ) ਚੰਦਨ ਤੇ ਅਤਰ ਵਰਤਦੇ ਹਨ। ਪਰ ਇਹ ਸਭ ਕੁਝ ਤਾਂ ਭਿਆਨਕ ਨਰਕ ਵਲ ਲੈ ਜਾਣ ਵਾਲਾ ਹੈ।੭।
ਹੇ ਭਾਈ! ਸਾਧ ਸੰਗਤਿ ਵਿਚ ਬੈਠ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ-ਇਹ ਕੰਮ ਹੋਰ ਸਾਰੇ ਕਰਮਾਂ ਨਾਲੋਂ ਸ੍ਰੇਸ਼ਟ ਹੈ। ਪਰ, ਹੇ ਨਾਨਕ! ਆਖ-ਇਹ ਅਵਸਰ ਉਸ ਮਨੁੱਖ ਨੂੰ ਹੀ ਮਿਲਦਾ ਹੈ ਜਿਸ ਦੇ ਮੱਥੇ ਉਤੇ ਪੂਰਬਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਲੇਖ ਲਿਖਿਆ ਹੁੰਦਾ ਹੈ।੮।
ਹੇ ਭਾਈ! ਤੇਰਾ ਸੇਵਕ ਤੇਰੀ ਸਿਫ਼ਤਿ-ਸਾਲਾਹ ਦੇ ਰੰਗ ਵਿਚ ਮਸਤ ਰਹਿੰਦਾ ਹੈ। ਹੇ ਭਾਈ! ਦੀਨਾਂ ਦੇ ਦੁੱਖ ਦੂਰ ਕਰਨ ਵਾਲਾ ਪਰਮਾਤਮਾ ਜਿਸ ਮਨੁੱਖ ਉਤੇ ਦਇਆਵਾਨ ਹੁੰਦਾ ਹੈ, ਉਸ ਦਾ ਇਹ ਮਨ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਰੰਗ ਵਿਚ ਰੰਗਿਆ ਰਹਿੰਦਾ ਹੈ। ਰਹਾਉ ਦੂਜਾ।੧।੩।
*┈┉┅━❀꧁ੴ꧂❀━┅┉┈*
||ਅੱਜ ਦਾ ਫੁਰਮਾਨ|| ਗੁਰਦੁਆਰਾ ਪੰਜਾ ਸਾਹਿਬ ( ਪਾਕਿਸਤਾਨ ) ||
ਟੋਡੀ ਮਹਲਾ ੫ ॥ ਗਰਬਿ ਗਹਿਲੜੋ ਮੂੜੜੋ ਹੀਓ ਰੇ ॥ ਹੀਓ ਮਹਰਾਜ ਰੀ ਮਾਇਓ ॥ ਡੀਹਰ ਨਿਆਈ ਮੋਹਿ ਫਾਕਿਓ ਰੇ ॥ ਰਹਾਉ ॥ ਘਣੋ ਘਣੋ ਘਣੋ ਸਦ ਲੋੜੈ ਬਿਨੁ ਲਹਣੇ ਕੈਠੈ ਪਾਇਓ ਰੇ ॥ ਮਹਰਾਜ ਰੋ ਗਾਥੁ ਵਾਹੂ ਸਿਉ ਲੁਭੜਿਓ ਨਿਹਭਾਗੜੋ ਭਾਹਿ ਸੰਜੋਇਓ ਰੇ ॥੧॥ ਸੁਣਿ ਮਨ ਸੀਖ ਸਾਧੂ ਜਨ ਸਗਲੋ ਥਾਰੇ ਸਗਲੇ ਪ੍ਰਾਛਤ ਮਿਟਿਓ ਰੇ ॥ ਜਾ ਕੋ ਲਹਣੋ ਮਹਰਾਜ ਰੀ ਗਾਠੜੀਓ ਜਨ ਨਾਨਕ ਗਰਭਾਸਿ ਨ ਪਉੜਿਓ ਰੇ ॥੨॥੨॥੧੯॥ {ਪੰਨਾ 715}
ਪਦਅਰਥ: ਗਰਬਿ = ਅਹੰਕਾਰ ਵਿਚ। ਗਹਿਲੜੋ = ਗਹਿਲਾ, ਬਾਵਲਾ, ਝੱਲਾ। ਮੂੜੜੋ = ਮੂੜ੍ਹਾ, ਮੂਰਖ। ਹੀਓ = ਹਿਰਦਾ। ਰੇ = ਹੇ ਭਾਈ! ਮਹਰਾਜ ਰੀ = ਮਹਾਰਾਜ ਦੀ। ਮਾਇਓ = ਮਾਇਆ (ਨੇ) । ਡੀਹਰ ਨਿਆਈ = ਮੱਛੀ ਵਾਂਗ। ਮੋਹਿ = ਮੋਹ ਵਿਚ। ਫਾਕਿਓ = ਫਸਾ ਲਿਆ ਹੈ।ਰਹਾਉ।
ਘਣੋ = ਬਹੁਤ। ਸਦ = ਸਦਾ। ਲੋੜੈ = ਮੰਗਦਾ ਹੈ। ਬਿਨੁ ਲਹਣੇ = ਭਾਗਾਂ ਤੋਂ ਬਿਨਾ। ਕੈਠੇ = ਕਿਸ ਥਾਂ ਤੋਂ, ਕਿਥੋਂ? ਮਹਰਾਜ ਰੋ = ਮਹਾਰਾਜ ਦਾ। ਗਾਥੁ = ਸਰੀਰ। ਵਾਹੂ ਸਿਉ = ਉਸ (ਸਰੀਰ) ਨਾਲ ਹੀ। ਲੁਭੜਿਓ = ਲੋਭ ਕਰ ਰਿਹਾ ਹੈ, ਮੋਹ ਕਰ ਰਿਹਾ ਹੈ। ਨਿਹਭਾਗੜੋ = ਨਿਭਾਗਾ। ਭਾਹਿ = (ਤ੍ਰਿਸ਼ਨਾ ਦੀ) ਅੱਗ। ਸੰਜੋਇਓ = ਜੋੜ ਰਿਹਾ ਹੈ।੧।
ਮਨ = ਹੇ ਮਨ! ਸੀਖ = ਸਿੱਖਿਆ। ਸਾਧੂ ਜਨ = ਗੁਰਮੁਖਿ ਸਤਸੰਗੀ। ਸਗਲੋ = ਸਾਰੇ। ਥਾਰੇ = ਤੇਰੇ। ਪ੍ਰਾਛਤ = ਪਾਪ। ਜਾ ਕੋ = ਜਿਸ ਦਾ। ਗਾਠੜੀਓ = ਗਠੜੀ ਵਿਚੋਂ। ਗਰਭਾਸਿ = ਗਰਭ ਜੂਨ ਵਿਚ। ਨ ਪਉੜਿਓ = ਨਹੀਂ ਪੈਂਦਾ।੨।
ਅਰਥ: ਹੇ ਭਾਈ! ਮੂਰਖ ਹਿਰਦਾ ਅਹੰਕਾਰ ਵਿਚ ਝੱਲਾ ਹੋਇਆ ਰਹਿੰਦਾ ਹੈ। ਇਸ ਹਿਰਦੇ ਨੂੰ ਮਹਾਰਾਜ (ਪ੍ਰਭੂ) ਦੀ ਮਾਇਆ ਨੇ ਮੱਛੀ ਵਾਂਗ ਮੋਹ ਵਿਚ ਫਸਾ ਰੱਖਿਆ ਹੈ (ਜਿਵੇਂ ਮੱਛੀ ਨੂੰ ਕੁੰਡੀ ਵਿਚ) ।ਰਹਾਉ।
ਹੇ ਭਾਈ! ਮੋਹ ਵਿਚ ਫਸਿਆ ਹੋਇਆ ਹਿਰਦਾ) ਸਦਾ ਬਹੁਤ ਬਹੁਤ (ਮਾਇਆ) ਮੰਗਦਾ ਰਹਿੰਦਾ ਹੈ, ਪਰ ਭਾਗਾਂ ਤੋਂ ਬਿਨਾ ਕਿਥੋਂ ਪ੍ਰਾਪਤ ਕਰੇ? ਹੇ ਭਾਈ! ਮਹਾਰਾਜ ਦਾ (ਦਿੱਤਾ ਹੋਇਆ) ਇਹ ਸਰੀਰ ਹੈ, ਇਸੇ ਨਾਲ (ਮੂਰਖ ਜੀਵ) ਮੋਹ ਕਰਦਾ ਰਹਿੰਦਾ ਹੈ। ਨਿਭਾਗਾ ਮਨੁੱਖ (ਆਪਣੇ ਮਨ ਨੂੰ ਤ੍ਰਿਸ਼ਨਾ ਦੀ) ਅੱਗ ਨਾਲ ਜੋੜੀ ਰੱਖਦਾ ਹੈ।੧।
ਹੇ ਮਨ! ਸਾਰੇ ਸਾਧੂ ਜਨਾਂ ਦੀ ਸਿੱਖਿਆ ਸੁਣਿਆ ਕਰ, (ਇਸ ਦੀ ਬਰਕਤਿ ਨਾਲ) ਤੇਰੇ ਸਾਰੇ ਪਾਪ ਮਿਟ ਜਾਣਗੇ। ਹੇ ਦਾਸ ਨਾਨਕ! ਆਖ-) ਮਹਾਰਾਜ ਦੇ ਖ਼ਜ਼ਾਨੇ ਵਿਚੋਂ ਜਿਸ ਦੇ ਭਾਗਾਂ ਵਿਚ ਕੁਝ ਪ੍ਰਾਪਤੀ ਲਿਖੀ ਹੈ, ਉਹ ਜੂਨਾਂ ਵਿਚ ਨਹੀਂ ਪੈਂਦਾ।੨।੨।੧੯।
*┈┉┅━❀꧁ੴ꧂❀━┅┉┈*
||ਅੱਜ ਦਾ ਫੁਰਮਾਨ|| ਗੁਰਦੁਆਰਾ ਕਰਤਾਰਪੁਰ ਸਾਹਿਬ (ਪਾਕਿਸਤਾਨ)
ਬਿਲਾਵਲੁ ਮਹਲਾ ੫ ॥ ਮਾਤ ਪਿਤਾ ਸੁਤ ਬੰਧਪ ਭਾਈ ॥ ਨਾਨਕ ਹੋਆ ਪਾਰਬ੍ਰਹਮੁ ਸਹਾਈ ॥੧॥ ਸੂਖ ਸਹਜ ਆਨੰਦ ਘਣੇ ॥ ਗੁਰੁ ਪੂਰਾ ਪੂਰੀ ਜਾ ਕੀ ਬਾਣੀ ਅਨਿਕ ਗੁਣਾ ਜਾ ਕੇ ਜਾਹਿ ਨ ਗਣੇ ॥੧॥ ਰਹਾਉ ॥ਸਗਲ ਸਰੰਜਾਮ ਕਰੇ ਪ੍ਰਭੁ ਆਪੇ ॥ ਭਏ ਮਨੋਰਥ ਸੋ ਪ੍ਰਭੁ ਜਾਪੇ ॥੨॥ ਅਰਥ ਧਰਮ ਕਾਮ ਮੋਖ ਕਾ ਦਾਤਾ ॥ ਪੂਰੀ ਭਈ ਸਿਮਰਿ ਸਿਮਰਿ ਬਿਧਾਤਾ ॥੩॥ ਸਾਧਸੰਗਿ ਨਾਨਕਿ ਰੰਗੁ ਮਾਣਿਆ ॥ ਘਰਿ ਆਇਆ ਪੂਰੈ ਗੁਰਿ ਆਣਿਆ ॥੪॥੧੨॥੧੭॥ {ਪੰਨਾ 805}
ਪਦਅਰਥ: ਮਾਤ = ਮਾਂ। ਸੁਤ = ਪੁੱਤਰ। ਬੰਧਪ = ਰਿਸ਼ਤੇਦਾਰ। ਭਾਈ = ਭਰਾ। ਨਾਨਕ ਸਹਾਈ = ਨਾਨਕ ਦਾ ਮਦਦਗਾਰ।੧।
ਸਹਜ = ਆਤਮਕ ਅਡੋਲਤਾ। ਘਣੇ = ਬਹੁਤ। ਜਾ ਕੀ = ਜਿਸ (ਗੁਰੂ) ਦੀ। ਜਾ ਕੇ = ਜਿਸ (ਗੁਰੂ ਦੇ) ।੧।ਰਹਾਉ।
ਸਰੰਜਾਮ = ਕੰਮ ਸਿਰੇ ਚਾੜ੍ਹਨ ਦੇ ਉੱਦਮ। ਸਗਲ = ਸਾਰੇ। ਆਪੇ = ਆਪ ਹੀ। ਜਾਪੇ = ਜਪਿਆਂ।੨।
ਪੂਰੀ ਭਈ = ਘਾਲ ਸਿਰੇ ਚੜ੍ਹ ਗਈ। ਸਿਮਰਿ = ਸਿਮਰ ਕੇ। ਬਿਧਾਤਾ = ਸਿਰਜਣਹਾਰ ਪ੍ਰਭੂ।੩।
ਨਾਨਕਿ = ਨਾਨਕ ਨੇ। ਘਰਿ = ਹਿਰਦੇ = ਘਰ ਵਿਚ। ਗੁਰਿ = ਗੁਰੂ ਨੇ। ਆਣਿਆ = ਲਿਆਂਦਾ ਹੈ।੪।
ਅਰਥ: ਹੇ ਭਾਈ! ਜੇਹੜਾ ਗੁਰੂ (ਸਭ ਗੁਣਾਂ ਨਾਲ) ਭਰਪੂਰ ਹੈ, ਜਿਸ ਗੁਰੂ ਦੀ ਬਾਣੀ (ਆਤਮਕ ਆਨੰਦ ਨਾਲ) ਭਰਪੂਰ ਹੈ, ਜਿਸ ਗੁਰੂ ਦੇ ਅਨੇਕਾਂ ਹੀ ਗੁਣ ਹਨ ਜੋ ਗਿਣਨ-ਗੋਚਰੇ ਨਹੀਂ, (ਉਸ ਗੁਰੂ ਦੀ ਸਰਨ ਪਿਆਂ) ਆਤਮਕ ਅਡੋਲਤਾ ਦੇ ਅਨੇਕਾਂ ਸੁਖ ਆਨੰਦ ਮਿਲ ਜਾਂਦੇ ਹਨ।੧।ਰਹਾਉ।
ਹੇ ਭਾਈ! ਮਾਂ, ਪਿਉ, ਪੁੱਤਰ, ਰਿਸ਼ਤੇਦਾਰ, ਭਰਾ (ਇਹਨਾਂ ਸਭਨਾਂ ਵਾਂਗ) ਪਰਮਾਤਮਾ ਹੀ ਨਾਨਕ ਦਾ ਮਦਦਗਾਰ ਬਣਿਆ ਹੋਇਆ ਹੈ।੧।
ਹੇ ਭਾਈ! ਪ੍ਰਭੂ ਆਪ ਹੀ (ਸਰਨ ਪਏ ਮਨੁੱਖ ਦੇ) ਸਾਰੇ ਕੰਮ ਸਿਰੇ ਚਾੜ੍ਹਨ ਦੇ ਪ੍ਰਬੰਧ ਕਰਦਾ ਹੈ, ਉਸ ਪ੍ਰਭੂ ਦਾ ਨਾਮ ਜਪਿਆਂ ਮਨ ਦੀਆਂ ਸਾਰੀਆਂ ਕਾਮਨਾਂ ਪੂਰੀਆਂ ਹੋ ਜਾਂਦੀਆਂ ਹਨ।੨।
ਹੇ ਭਾਈ! ਦੁਨੀਆ ਦੇ ਪ੍ਰਸਿੱਧ ਮੰਨੇ ਹੋਏ ਚਾਰ ਪਦਾਰਥਾਂ) ਧਰਮ ਅਰਥ ਕਾਮ ਮੋਖ ਦਾ ਦੇਣ ਵਾਲਾ ਪਰਮਾਤਮਾ ਆਪ ਹੀ ਹੈ। ਉਸ ਸਿਰਜਣਹਾਰ ਪ੍ਰਭੂ ਦਾ ਨਾਮ ਸਿਮਰ ਸਿਮਰ ਕੇ (ਸਿਮਰਨ ਦੀ) ਘਾਲ-ਕਮਾਈ ਸਫਲ ਹੋ ਜਾਂਦੀ ਹੈ।੩।
ਹੇ ਭਾਈ! ਨਾਨਕ ਨੇ (ਤਾਂ) ਗੁਰੂ ਦੀ ਸੰਗਤਿ ਵਿਚ ਰਹਿ ਕੇ ਆਤਮਕ ਆਨੰਦ ਮਾਣਿਆ ਹੈ, (ਗੁਰੂ ਦੀ ਕਿਰਪਾ ਨਾਲ) ਪਰਮਾਤਮਾ (ਨਾਨਕ ਦੇ) ਹਿਰਦੇ ਵਿਚ ਆ ਵੱਸਿਆ ਹੈ, ਪੂਰੇ ਗੁਰੂ ਨੇ ਲਿਆ ਕੇ ਵਸਾ ਦਿੱਤਾ ਹੈ।੪।੧੨।੧੭।
*┈┉┅━❀꧁ੴ꧂❀━┅┉┈*
||ਅੱਜ ਦਾ ਫੁਰਮਾਨ|| ਗੁਰਦੁਆਰਾ ਬੰਗਲਾ ਸਾਹਿਬ ਜੀ (ਦਿੱਲੀ) ||
ਸੋਰਠਿ ਮਹਲਾ ੫ ॥ ਪਰਮੇਸਰਿ ਦਿਤਾ ਬੰਨਾ ॥ ਦੁਖ ਰੋਗ ਕਾ ਡੇਰਾ ਭੰਨਾ ॥ ਅਨਦ ਕਰਹਿ ਨਰ ਨਾਰੀ ॥ ਹਰਿ ਹਰਿ ਪ੍ਰਭਿ ਕਿਰਪਾ ਧਾਰੀ ॥੧॥ ਸੰਤਹੁ ਸੁਖੁ ਹੋਆ ਸਭ ਥਾਈ ॥ ਪਾਰਬ੍ਰਹਮੁ ਪੂਰਨ ਪਰਮੇਸਰੁ ਰਵਿ ਰਹਿਆ ਸਭਨੀ ਜਾਈ ॥ ਰਹਾਉ ॥ ਧੁਰ ਕੀ ਬਾਣੀ ਆਈ ॥ ਤਿਨਿ ਸਗਲੀ ਚਿੰਤ ਮਿਟਾਈ ॥ ਦਇਆਲ ਪੁਰਖ ਮਿਹਰਵਾਨਾ ॥ ਹਰਿ ਨਾਨਕ ਸਾਚੁ ਵਖਾਨਾ ॥੨॥੧੩॥੭੭॥ {ਪੰਨਾ 628}
ਪਦਅਰਥ: ਪਰਮੇਸਰਿ = ਪਰਮੇਸਰ ਨੇ। ਬੰਨਾ = ਡੱਕਾ, ਰੁਕਾਵਟ, ਬੰਨ੍ਹ। ਭੰਨਾ = ਭੰਨ ਦਿੱਤਾ, ਤੋੜ ਦਿੱਤਾ। ਕਰਹਿ = ਕਰਦੇ ਹਨ। ਨਰ ਨਾਰੀ = (ਉਹ ਸਾਰੇ) ਨਰ ਨਾਰ, ਉਹ ਸਾਰੇ ਜੀਵ। ਪ੍ਰਭਿ = ਪ੍ਰਭੂ ਨੇ।੧।
ਰਵਿ ਰਹਿਆ = ਮੌਜੂਦ ਹੈ। ਸਭਨੀ ਜਾਈ = ਸਭ ਥਾਵਾਂ ਵਿਚ।ਰਹਾਉ।
ਧੁਰ ਕੀ ਬਾਣੀ = ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ। ਆਈ = ਆ ਵੱਸੀ। ਤਿਨਿ = ਉਸ (ਮਨੁੱਖ) ਨੇ। ਸਾਚੁ = ਸਦਾ-ਥਿਰ ਪ੍ਰਭੂ ਦਾ ਨਾਮ। ਵਖਾਨਾ = ਉਚਾਰਿਆ।੨।
ਅਰਥ: ਹੇ ਸੰਤ ਜਨੋ! ਜਿਸ ਮਨੁੱਖ ਨੂੰ ਇਹ ਯਕੀਨ ਹੋ ਜਾਂਦਾ ਹੈ ਕਿ) ਪਾਰਬ੍ਰਹਮ ਪੂਰਨ ਪਰਮੇਸਰ ਸਭ ਥਾਵਾਂ ਵਿਚ ਮੌਜੂਦ ਹੈ (ਉਸ ਮਨੁੱਖ ਨੂੰ) ਸਭ ਥਾਵਾਂ ਵਿਚ ਸੁਖ ਹੀ ਪ੍ਰਤੀਤ ਹੁੰਦਾ ਹੈ।ਰਹਾਉ।
ਹੇ ਸੰਤ ਜਨੋ! ਜਿਸ ਮਨੁੱਖ ਦੇ ਆਤਮਕ ਜੀਵਨ ਵਾਸਤੇ) ਪਰਮੇਸਰ ਨੇ (ਵਿਕਾਰਾਂ ਦੇ ਰਾਹ ਵਿਚ) ਡੱਕਾ ਮਾਰ ਦਿੱਤਾ, (ਉਸ ਮਨੁੱਖ ਦੇ ਅੰਦਰੋਂ) ਪਰਮੇਸਰ ਨੇ ਦੁੱਖਾਂ ਤੇ ਰੋਗਾਂ ਦਾ ਡੇਰਾ ਹੀ ਮੁਕਾ ਦਿੱਤਾ। ਜਿਨ੍ਹਾਂ ਜੀਵਾਂ ਉਤੇ ਪ੍ਰਭੂ ਨੇ (ਇਹ) ਕਿਰਪਾ ਕਰ ਦਿੱਤੀ ਉਹ ਸਾਰੇ ਜੀਵ ਆਤਮਕ ਆਨੰਦ ਮਾਣਦੇ ਹਨ।੧।
ਹੇ ਸੰਤ ਜਨੋ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਜਿਸ ਮਨੁੱਖ ਦੇ ਅੰਦਰ ਆ ਵੱਸੀ, ਉਸ ਨੇ ਆਪਣੀ ਸਾਰੀ ਚਿੰਤਾ ਦੂਰ ਕਰ ਲਈ। ਹੇ ਨਾਨਕ! ਦਇਆ ਦਾ ਸੋਮਾ ਪ੍ਰਭੂ ਉਸ ਮਨੁੱਖ ਉੱਤੇ ਮੇਹਰਵਾਨ ਹੋਇਆ ਰਹਿੰਦਾ ਹੈ, ਉਹ ਮਨੁੱਖ ਉਸ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦਾ ਨਾਮ (ਸਦਾ) ਉਚਾਰਦਾ ਹੈ।੨।੧੩।੭੭।
*┈┉┅━❀꧁ੴ꧂❀━┅┉┈*
||ਅੱਜ ਦਾ ਫੁਰਮਾਨ|| ਗੁਰਦੁਆਰਾ ਸੀਸ ਗੰਜ ਸਾਹਿਬ ਜੀ (ਦਿੱਲੀ) ||
ਸਲੋਕੁ ਮਃ ੩ ॥ ਹਸਤੀ ਸਿਰਿ ਜਿਉ ਅੰਕਸੁ ਹੈ ਅਹਰਣਿ ਜਿਉ ਸਿਰੁ ਦੇਇ ॥ ਮਨੁ ਤਨੁ ਆਗੈ ਰਾਖਿ ਕੈ ਊਭੀ ਸੇਵ ਕਰੇਇ ॥ ਇਉ ਗੁਰਮੁਖਿ ਆਪੁ ਨਿਵਾਰੀਐ ਸਭੁ ਰਾਜੁ ਸ੍ਰਿਸਟਿ ਕਾ ਲੇਇ ॥ {ਪੰਨਾ 647-648}
ਪਦਅਰਥ: ਸਿਰਿ = ਸਿਰ ਉਤੇ। ਅੰਕਸੁ = ਮਹਾਵਤ ਦਾ ਕੁੰਡਾ। ਊਭੀ = ਖਲੋ ਕੇ, ਸੁਚੇਤ ਹੋ ਕੇ। ਆਪੁ = ਆਪਾ = ਭਾਵ, ਅਪਣੱਤ। ਨਿਵਾਰੀਐ = ਦੂਰ ਕੀਤੀ ਜਾਂਦੀ ਹੈ।
ਅਰਥ: ਜਿਵੇਂ ਹਾਥੀ ਦੇ ਸਿਰ ਤੇ ਕੁੰਡਾ ਹੈ ਤੇ ਜਿਵੇਂ ਅਹਰਣ (ਵਦਾਨ ਹੇਠਾਂ) ਸਿਰ ਦੇਂਦੀ ਹੈ, ਤਿਵੇਂ ਸਰੀਰ ਤੇ ਮਨ (ਸਤਿਗੁਰੂ ਨੂੰ) ਅਰਪਣ ਕਰ ਕੇ ਸਾਵਧਾਨ ਹੋ ਕੇ ਸੇਵਾ ਕਰੋ; ਸਤਿਗੁਰੂ ਦੇ ਸਨਮੁਖ ਹੋਇਆਂ ਮਨੁੱਖ ਇਸ ਤਰ੍ਹਾਂ ਆਪਾ-ਭਾਵ ਗਵਾਂਦਾ ਹੈ ਤੇ, ਮਾਨੋ, ਸਾਰੀ ਸ੍ਰਿਸ਼ਟੀ ਦਾ ਰਾਜ ਲੈ ਲੈਂਦਾ ਹੈ।
ਨਾਨਕ ਗੁਰਮੁਖਿ ਬੁਝੀਐ ਜਾ ਆਪੇ ਨਦਰਿ ਕਰੇਇ ॥੧॥ {ਪੰਨਾ 648}
ਅਰਥ: ਹੇ ਨਾਨਕ! ਜਦੋਂ ਹਰੀ ਆਪ ਕ੍ਰਿਪਾ ਦੀ ਨਜ਼ਰ ਕਰਦਾ ਹੈ ਤਦੋਂ ਸਤਿਗੁਰੂ ਦੇ ਸਨਮੁਖ ਹੋ ਕੇ ਇਹ ਸਮਝ ਆਉਂਦੀ ਹੈ।੧।
ਮਃ ੩ ॥ ਜਿਨ ਗੁਰਮੁਖਿ ਨਾਮੁ ਧਿਆਇਆ ਆਏ ਤੇ ਪਰਵਾਣੁ ॥ ਨਾਨਕ ਕੁਲ ਉਧਾਰਹਿ ਆਪਣਾ ਦਰਗਹ ਪਾਵਹਿ ਮਾਣੁ ॥੨॥ {ਪੰਨਾ 648}
ਅਰਥ: (ਸੰਸਾਰ ਵਿਚ) ਆਏ ਉਹ ਮਨੁੱਖ ਕਬੂਲ ਹਨ ਜਿਨ੍ਹਾਂ ਨੇ ਸਤਿਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਨਾਮ ਸਿਮਰਿਆ ਹੈ; ਹੇ ਨਾਨਕ! ਉਹ ਮਨੁੱਖ ਆਪਣੀ ਕੁਲ ਨੂੰ ਤਾਰ ਲੈਂਦੇ ਹਨ ਤੇ ਆਪ ਦਰਗਾਹ ਵਿਚ ਆਦਰ ਪਾਂਦੇ ਹਨ।੨।
ਪਉੜੀ ॥ ਗੁਰਮੁਖਿ ਸਖੀਆ ਸਿਖ ਗੁਰੂ ਮੇਲਾਈਆ ॥ ਇਕਿ ਸੇਵਕ ਗੁਰ ਪਾਸਿ ਇਕਿ ਗੁਰਿ ਕਾਰੈ ਲਾਈਆ ॥ ਜਿਨਾ ਗੁਰੁ ਪਿਆਰਾ ਮਨਿ ਚਿਤਿ ਤਿਨਾ ਭਾਉ ਗੁਰੂ ਦੇਵਾਈਆ ॥ ਗੁਰ ਸਿਖਾ ਇਕੋ ਪਿਆਰੁ ਗੁਰ ਮਿਤਾ ਪੁਤਾ ਭਾਈਆ ॥ ਗੁਰੁ ਸਤਿਗੁਰੁ ਬੋਲਹੁ ਸਭਿ ਗੁਰੁ ਆਖਿ ਗੁਰੂ ਜੀਵਾਈਆ ॥੧੪॥ {ਪੰਨਾ 648}
ਅਰਥ: ਸਤਿਗੁਰੂ ਨੇ ਗੁਰਮੁਖ ਸਿੱਖ (-ਰੂਪ) ਸਹੇਲੀਆਂ (ਆਪੋ ਵਿਚ) ਮਿਲਾਈਆਂ ਹਨ; ਉਹਨਾਂ ਵਿਚੋਂ ਕਈ ਸਤਿਗੁਰੂ ਦੇ ਕੋਲ ਸੇਵਾ ਕਰਦੀਆਂ ਹਨ, ਕਈਆਂ ਨੂੰ ਸਤਿਗੁਰੂ ਨੇ (ਹੋਰ) ਕਾਰੇ ਲਾਇਆ ਹੋਇਆ ਹੈ; ਜਿਨ੍ਹਾਂ ਦੇ ਮਨ ਵਿਚ ਪਿਆਰਾ ਗੁਰੂ ਵੱਸਦਾ ਹੈ, ਸਤਿਗੁਰੂ ਉਹਨਾਂ ਨੂੰ ਆਪਣਾ ਪਿਆਰ ਬਖ਼ਸ਼ਦਾ ਹੈ, ਸਤਿਗੁਰੂ ਦਾ ਆਪਣੇ ਸਿੱਖਾਂ ਮਿੱਤ੍ਰਾਂ ਪੁਤ੍ਰਾਂ ਤੇ ਭਰਾਵਾਂ ਨਾਲ ਇਕੋ ਜਿਹਾ ਪਿਆਰ ਹੁੰਦਾ ਹੈ। (ਹੇ ਸਿੱਖ ਸਹੇਲੀਓ!) ਸਾਰੀਆਂ 'ਗੁਰੂ, ਗੁਰੂ' ਆਖੋ, 'ਗੁਰੂ, ਗੁਰੂ' ਆਖਿਆਂ ਗੁਰੂ ਆਤਮਕ ਜੀਵਨ ਦੇ ਦੇਂਦਾ ਹੈ।੧੪।
*┈┉┅━❀꧁ੴ꧂❀━┅┉┈*
||ਅੱਜ ਦਾ ਫੁਰਮਾਨ|| ਗੁਰਦੁਆਰਾ ਸ੍ਰੀ ਭੱਠਾ ਸਾਹਿਬ ਪਾਤਸ਼ਾਹੀ ੧੦ਵੀਂ (ਰੋਪੜ) ||
ਰਾਗੁ ਸੂਹੀ ਮਹਲਾ ੩ ਘਰੁ ੧ ਅਸਟਪਦੀਆ ੴ ਸਤਿਗੁਰ ਪ੍ਰਸਾਦਿ ॥ ਨਾਮੈ ਹੀ ਤੇ ਸਭੁ ਕਿਛੁ ਹੋਆ ਬਿਨੁ ਸਤਿਗੁਰ ਨਾਮੁ ਨ ਜਾਪੈ ॥ ਗੁਰ ਕਾ ਸਬਦੁ ਮਹਾ ਰਸੁ ਮੀਠਾ ਬਿਨੁ ਚਾਖੇ ਸਾਦੁ ਨ ਜਾਪੈ ॥ ਕਉਡੀ ਬਦਲੈ ਜਨਮੁ ਗਵਾਇਆ ਚੀਨਸਿ ਨਾਹੀ ਆਪੈ ॥ ਗੁਰਮੁਖਿ ਹੋਵੈ ਤਾ ਏਕੋ ਜਾਣੈ ਹਉਮੈ ਦੁਖੁ ਨ ਸੰਤਾਪੈ ॥੧॥ ਬਲਿਹਾਰੀ ਗੁਰ ਅਪਣੇ ਵਿਟਹੁ ਜਿਨਿ ਸਾਚੇ ਸਿਉ ਲਿਵ ਲਾਈ ॥ ਸਬਦੁ ਚੀਨ੍ਹ੍ਹਿ ਆਤਮੁ ਪਰਗਾਸਿਆ ਸਹਜੇ ਰਹਿਆ ਸਮਾਈ ॥੧॥ ਰਹਾਉ ॥ਗੁਰਮੁਖਿ ਗਾਵੈ ਗੁਰਮੁਖਿ ਬੂਝੈ ਗੁਰਮੁਖਿ ਸਬਦੁ ਬੀਚਾਰੇ ॥ ਜੀਉ ਪਿੰਡੁ ਸਭੁ ਗੁਰ ਤੇ ਉਪਜੈ ਗੁਰਮੁਖਿ ਕਾਰਜ ਸਵਾਰੇ ॥ ਮਨਮੁਖਿ ਅੰਧਾ ਅੰਧੁ ਕਮਾਵੈ ਬਿਖੁ ਖਟੇ ਸੰਸਾਰੇ ॥ ਮਾਇਆ ਮੋਹਿ ਸਦਾ ਦੁਖੁ ਪਾਏ ਬਿਨੁ ਗੁਰ ਅਤਿ ਪਿਆਰੇ ॥੨॥ {ਪੰਨਾ 753}
ਪਦਅਰਥ: ਨਾਮੈ ਹੀ ਤੇ = ਪਰਮਾਤਮਾ ਦੇ ਨਾਮ ਤੇ ਹੀ। ਨ ਜਾਪੈ = ਕਦਰ ਨਹੀਂ ਪੈਂਦੀ, ਸਮਝ ਨਹੀਂ ਆਉਂਦੀ। ਮਹਾ ਰਸੁ = ਵੱਡੇ ਰਸ ਵਾਲਾ। ਸਾਦੁ = ਸੁਆਦ। ਚੀਨ੍ਹ੍ਹਸਿ = ਪਛਾਣਦਾ। ਆਪੈ = ਆਪਣੇ ਆਪ ਨੂੰ, ਆਪਣੇ ਆਤਮਕ ਜੀਵਨ ਨੂੰ। ਗੁਰਮੁਖਿ = ਗੁਰੂ ਦੇ ਦੱਸੇ ਰਾਹ ਉਤੇ ਤੁਰਨ ਵਾਲਾ। ਜਾਣੈ = ਸਾਂਝ ਪਾਂਦਾ ਹੈ। ਸੰਤਾਪੈ = ਦੁੱਖ ਦੇਂਦਾ।੧।
ਵਿਟਹੁ = ਤੋਂ। ਜਿਨਿ = ਜਿਸ (ਗੁਰੂ) ਨੇ। ਸਿਉ = ਨਾਲ। ਲਿਵ = ਲਗਨ, ਪ੍ਰੀਤਿ। ਚੀਨ੍ਹ੍ਹਿ = ਪਛਾਣ ਕੇ। ਆਤਮੁ = ਆਪਣਾ ਆਪਾ। ਪਰਗਾਸਿਆ = ਰੌਸ਼ਨ ਹੋ ਜਾਂਦਾ ਹੈ, ਚਮਕ ਪੈਂਦਾ ਹੈ। ਸਹਜੇ = ਆਤਮਕ ਅਡੋਲਤਾ ਵਿਚ।੧।ਰਹਾਉ।
ਜੀਉ = ਜਿੰਦ। ਪਿੰਡੁ = ਸਰੀਰ। ਤੇ = ਤੋਂ। ਉਪਜੈ = ਪੈਦਾ ਹੁੰਦਾ ਹੈ, ਆਤਮਕ ਜਨਮ ਲੈਂਦਾ ਹੈ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਬਿਖ = ਜ਼ਹਿਰ, ਆਤਮਕ ਜੀਵਨ ਨੂੰ ਮਾਰ ਮੁਕਾਣ ਵਾਲਾ ਜ਼ਹਿਰ। ਮੋਹਿ = ਮੋਹ ਵਿਚ।੨।
ਅਰਥ: ਹੇ ਭਾਈ! ਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ, ਜਿਸ ਨੇ (ਸਰਨ ਆਏ ਮਨੁੱਖ ਦੀ) ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨਾਲ ਪ੍ਰੀਤਿ ਜੋੜ ਦਿੱਤੀ (ਭਾਵ, ਜੋੜ ਦੇਂਦਾ ਹੈ) । ਗੁਰੂ ਦੇ ਸ਼ਬਦ ਨਾਲ ਸਾਂਝ ਪਾ ਕੇ ਮਨੁੱਖ ਦਾ ਆਤਮਕ ਜੀਵਨ ਚਮਕ ਪੈਂਦਾ ਹੈ, ਮਨੁੱਖ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ।੧।ਰਹਾਉ।
ਹੇ ਭਾਈ! ਪਰਮਾਤਮਾ ਦੇ ਨਾਮ ਤੋਂ ਸਭ ਕੁਝ (ਸਾਰਾ ਰੌਸ਼ਨ ਆਤਮਕ ਜੀਵਨ) ਹੁੰਦਾ ਹੈ, ਪਰ ਗੁਰੂ ਦੀ ਸਰਨ ਪੈਣ ਤੋਂ ਬਿਨਾ ਨਾਮ ਦੀ ਕਦਰ ਨਹੀਂ ਪੈਂਦੀ। ਗੁਰੂ ਦਾ ਸ਼ਬਦ ਵੱਡੇ ਰਸ ਵਾਲਾ ਹੈ ਮਿੱਠਾ ਹੈ, ਜਿਤਨਾ ਚਿਰ ਇਸ ਨੂੰ ਚੱਖਿਆ ਨਾਹ ਜਾਏ, ਸੁਆਦ ਦਾ ਪਤਾ ਨਹੀਂ ਲੱਗ ਸਕਦਾ। ਜੇਹੜਾ ਮਨੁੱਖ (ਗੁਰੂ ਦੇ ਸ਼ਬਦ ਦੀ ਰਾਹੀਂ) ਆਪਣੇ ਆਤਮਕ ਜੀਵਨ ਨੂੰ ਪਛਾਣਦਾ ਨਹੀਂ, ਉਹ ਆਪਣੇ ਮਨੁੱਖਾ ਜਨਮ ਨੂੰ ਕੌਡੀ ਦੇ ਵੱਟੇ (ਵਿਅਰਥ ਹੀ) ਗਵਾ ਲੈਂਦਾ ਹੈ। ਜਦੋਂ ਮਨੁੱਖ ਗੁਰੂ ਦੇ ਦੱਸੇ ਰਾਹ ਉਤੇ ਤੁਰਦਾ ਹੈ, ਤਦੋਂ ਇਕ ਪਰਮਾਤਮਾ ਨਾਲ ਡੂੰਘੀ ਸਾਂਝ ਪਾਂਦਾ ਹੈ, ਤੇ, ਉਸ ਨੂੰ ਹਉਮੈ ਦਾ ਦੁੱਖ ਨਹੀਂ ਸਤਾ ਸਕਦਾ।੧।
ਹੇ ਭਾਈ! ਗੁਰੂ ਦੀ ਸਰਨ ਪੈਣ ਵਾਲਾ ਮਨੁੱਖ ਗੁਰੂ ਦੇ ਸ਼ਬਦ ਨੂੰ ਗਾਂਦਾ ਰਹਿੰਦਾ ਹੈ, ਗੁਰੂ ਦੇ ਸ਼ਬਦ ਨੂੰ ਸਮਝਦਾ ਹੈ, ਗੁਰੂ ਦੇ ਸ਼ਬਦ ਨੂੰ ਵਿਚਾਰਦਾ ਹੈ। ਉਸ ਮਨੁੱਖ ਦੀ ਜਿੰਦ ਉਸ ਦਾ ਸਰੀਰ ਗੁਰੂ ਦੀ ਬਰਕਤਿ ਨਾਲ ਨਵਾਂ ਆਤਮਕ ਜਨਮ ਲੈਂਦਾ ਹੈ, ਗੁਰੂ ਦੀ ਸਰਨ ਪੈ ਕੇ ਉਹ ਆਪਣੇ ਸਾਰੇ ਕੰਮ ਸਵਾਰ ਲੈਂਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਰਹਿੰਦਾ ਹੈ, ਉਹ ਸਦਾ ਅੰਨਿ੍ਹਆਂ ਵਾਲਾ ਕੰਮ ਹੀ ਕਰਦਾ ਰਹਿੰਦਾ ਹੈ, ਜਗਤ ਵਿਚ ਉਹ ਉਹੀ ਖੱਟੀ ਖੱਟਦਾ ਹੈ ਜੇਹੜੀ ਉਸ ਦੇ ਆਤਮਕ ਜੀਵਨ ਵਾਸਤੇ ਜ਼ਹਿਰ ਬਣ ਜਾਂਦੀ ਹੈ। ਪਿਆਰੇ ਗੁਰੂ ਦੀ ਸਰਨ ਤੋਂ ਬਿਨਾ ਉਹ ਮਨੁੱਖ ਮਾਇਆ ਦੇ ਮੋਹ ਵਿਚ ਫਸ ਕੇ ਸਦਾ ਦੁੱਖ ਸਹਾਰਦਾ ਰਹਿੰਦਾ ਹੈ।੨।
ਸੋਈ ਸੇਵਕੁ ਜੇ ਸਤਿਗੁਰ ਸੇਵੇ ਚਾਲੈ ਸਤਿਗੁਰ ਭਾਏ ॥ ਸਾਚਾ ਸਬਦੁ ਸਿਫਤਿ ਹੈ ਸਾਚੀ ਸਾਚਾ ਮੰਨਿ ਵਸਾਏ ॥ ਸਚੀ ਬਾਣੀ ਗੁਰਮੁਖਿ ਆਖੈ ਹਉਮੈ ਵਿਚਹੁ ਜਾਏ ॥ ਆਪੇ ਦਾਤਾ ਕਰਮੁ ਹੈ ਸਾਚਾ ਸਾਚਾ ਸਬਦੁ ਸੁਣਾਏ ॥੩॥ ਗੁਰਮੁਖਿ ਘਾਲੇ ਗੁਰਮੁਖਿ ਖਟੇ ਗੁਰਮੁਖਿ ਨਾਮੁ ਜਪਾਏ ॥ ਸਦਾ ਅਲਿਪਤੁ ਸਾਚੈ ਰੰਗਿ ਰਾਤਾ ਗੁਰ ਕੈ ਸਹਜਿ ਸੁਭਾਏ ॥ ਮਨਮੁਖੁ ਸਦ ਹੀ ਕੂੜੋ ਬੋਲੈ ਬਿਖੁ ਬੀਜੈ ਬਿਖੁ ਖਾਏ ॥ ਜਮਕਾਲਿ ਬਾਧਾ ਤ੍ਰਿਸਨਾ ਦਾਧਾ ਬਿਨੁ ਗੁਰ ਕਵਣੁ ਛਡਾਏ ॥੪॥ {ਪੰਨਾ 753}
ਪਦਅਰਥ: ਸੋਈ = ਉਹੀ ਮਨੁੱਖ। ਸੇਵਕੁ = ਪਰਮਾਤਮਾ ਦਾ ਭਗਤ। ਸਤਿਗੁਰ ਸੇਵੇ = ਗੁਰੂ ਦੀ ਸਰਨ ਪਏ। ਸਤਿਗੁਰ ਭਾਏ = ਸਤਿਗੁਰ ਭਾਇ, ਗੁਰੂ ਦੀ ਰਜ਼ਾ ਵਿਚ। ਸਾਚਾ ਸਬਦੁ = ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ। ਸਾਚੀ = ਸਦਾ ਕਾਇਮ ਰਹਿਣ ਵਾਲੀ। ਸਾਚਾ = ਸਦਾ-ਥਿਰ ਰਹਿਣ ਵਾਲਾ ਪਰਮਾਤਮਾ। ਮੰਨਿ = ਮਨਿ, ਮਨ ਵਿਚ। ਗੁਰਮੁਖਿ = ਗੁਰੂ ਦੇ ਦੱਸੇ ਰਾਹ ਉਤੇ ਤੁਰ ਕੇ। ਆਖੈ = ਉਚਾਰਦਾ ਹੈ। ਜਾਏ = ਦੂਰ ਹੋ ਜਾਂਦੀ ਹੈ। ਆਪੇ = (ਪ੍ਰਭੂ) ਆਪ ਹੀ। ਕਰਮੁ = ਬਖ਼ਸ਼ਸ਼।੩।
ਘਾਲੇ = (ਸਿਮਰਨ ਦੀ) ਮੇਹਨਤ ਕਰਦਾ ਹੈ। ਖਟੇ = ਨਾਮ = ਧਨ ਖੱਟਦਾ ਹੈ। ਅਲਿਪਤੁ = ਨਿਰਲੇਪ। ਸਾਚੈ ਰੰਗਿ = ਸਦਾ-ਥਿਰ ਪ੍ਰਭੂ ਦੇ ਪ੍ਰੇਮ = ਰੰਗ ਵਿਚ। ਰਾਤਾ = ਰੰਗਿਆ ਹੋਇਆ। ਗੁਰ ਕੈ = ਗੁਰੂ ਦੀ ਰਾਹੀਂ, ਗੁਰੂ ਦੇ ਦਰ ਤੇ ਰਹਿ ਕੇ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਏ = ਸੁਭਾਇ, ਪ੍ਰੇਮ ਵਿਚ। ਮਨਮੁਖੁ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਕੂੜੋ = ਕੂੜ ਹੀ, ਝੂਠ ਹੀ। ਜਮ ਕਾਲਿ ਬਾਧਾ = ਮੌਤ (ਦੇ ਪੰਜੇ) ਵਿਚ ਬੱਝਾ ਹੋਇਆ, ਆਤਮਕ ਮੌਤ (ਦੀਆਂ ਫਾਹੀਆਂ) ਵਿਚ ਬੱਝਾ ਹੋਇਆ। ਦਾਧਾ = ਸਾੜਿਆ ਹੋਇਆ।੪।
ਅਰਥ: ਜੇਹੜਾ ਮਨੁੱਖ ਗੁਰੂ ਦੀ ਸਰਨ ਆ ਪੈਂਦਾ ਹੈ, ਗੁਰੂ ਦੀ ਰਜ਼ਾ ਵਿਚ ਤੁਰਨ ਲੱਗ ਪੈਂਦਾ ਹੈ ਉਹ ਮਨੁੱਖ ਪਰਮਾਤਮਾ ਦਾ ਭਗਤ ਬਣ ਜਾਂਦਾ ਹੈ। ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ, ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ (ਉਸ ਦੇ ਮਨ ਵਿਚ ਟਿਕੀ ਰਹਿੰਦੀ ਹੈ) , ਉਹ ਮਨੁੱਖ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਆਪਣੇ ਮਨ ਵਿਚ ਵਸਾਈ ਰੱਖਦਾ ਹੈ। ਗੁਰੂ ਦੇ ਦੱਸੇ ਰਾਹ ਉਤੇ ਤੁਰਨ ਵਾਲਾ ਮਨੁੱਖ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਉਚਾਰਦਾ ਰਹਿੰਦਾ ਹੈ (ਜਿਸ ਦੀ ਬਰਕਤਿ ਨਾਲ ਉਸ ਦੇ) ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ। (ਉਸ ਨੂੰ ਯਕੀਨ ਬਣ ਜਾਂਦਾ ਹੈ ਕਿ) ਪਰਮਾਤਮਾ ਆਪ ਹੀ ਸਭ ਦਾਤਾਂ ਦੇਣ ਵਾਲਾ ਹੈ, ਪਰਮਾਤਮਾ ਦੀ ਬਖ਼ਸ਼ਸ਼ ਅਟੱਲ ਹੈ। ਉਹ ਮਨੁੱਖ (ਹੋਰਨਾਂ ਨੂੰ ਭੀ) ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਸੁਣਾਂਦਾ ਰਹਿੰਦਾ ਹੈ।੩।
ਹੇ ਭਾਈ! ਜੇਹੜਾ ਮਨੁੱਖ ਗੁਰੂ ਦੇ ਦੱਸੇ ਰਾਹ ਉਤੇ ਤੁਰਦਾ ਹੈ ਉਹ (ਨਾਮ ਸਿਮਰਨ ਦੀ) ਮੇਹਨਤ ਕਰਦਾ ਹੈ, (ਨਾਮ-ਧਨ) ਖੱਟਦਾ ਹੈ, ਤੇ, (ਹੋਰਨਾਂ ਨੂੰ ਭੀ) ਨਾਮ ਜਪਾਂਦਾ ਹੈ। ਸਦਾ-ਥਿਰ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੀਜ ਕੇ ਉਹ ਮਨੁੱਖ ਸਦਾ (ਮਾਇਆ ਦੇ ਮੋਹ ਤੋਂ) ਨਿਰਲੇਪ ਰਹਿੰਦਾ ਹੈ। ਗੁਰੂ ਦੇ ਦਰ ਤੇ ਰਹਿ ਕੇ ਉਹ ਮਨੁੱਖ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ, ਪ੍ਰਭੂ ਦੇ ਪ੍ਰੇਮ ਵਿਚ ਲੀਨ ਰਹਿੰਦਾ ਹੈ।
ਪਰ, ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਸਦਾ ਹੀ ਝੂਠ ਬੋਲਦਾ ਹੈ, (ਆਤਮਕ ਜੀਵਨ ਨੂੰ ਮਾਰ ਮੁਕਾਣ ਵਾਲਾ ਮਾਇਆ ਦੇ ਮੋਹ ਦਾ) ਜ਼ਹਿਰ ਬੀਜਦਾ ਹੈ, ਤੇ ਉਹੀ ਜ਼ਹਿਰ ਖਾਂਦਾ ਹੈ (ਉਸੇ ਜ਼ਹਿਰ ਨੂੰ ਆਪਣੇ ਜੀਵਨ ਦਾ ਸਹਾਰਾ ਬਣਾਈ ਰੱਖਦਾ ਹੈ) । ਉਹ ਮਨੁੱਖ ਆਤਮਕ ਮੌਤ ਦੀਆਂ ਫਾਹੀਆਂ ਵਿਚ ਬੱਝਾ ਰਹਿੰਦਾ ਹੈ, ਤ੍ਰਿਸ਼ਨਾ ਦੀ ਅੱਗ ਨਾਲ ਸੜਿਆ ਰਹਿੰਦਾ ਹੈ। (ਇਸ ਬਿਪਤਾ ਵਿਚੋਂ ਉਸ ਨੂੰ) ਗੁਰੂ ਤੋਂ ਬਿਨਾ ਹੋਰ ਕੋਈ ਛਡਾ ਨਹੀਂ ਸਕਦਾ।੪।
ਸਚਾ ਤੀਰਥੁ ਜਿਤੁ ਸਤ ਸਰਿ ਨਾਵਣੁ ਗੁਰਮੁਖਿ ਆਪਿ ਬੁਝਾਏ ॥ ਅਠਸਠਿ ਤੀਰਥ ਗੁਰ ਸਬਦਿ ਦਿਖਾਏ ਤਿਤੁ ਨਾਤੈ ਮਲੁ ਜਾਏ ॥ ਸਚਾ ਸਬਦੁ ਸਚਾ ਹੈ ਨਿਰਮਲੁ ਨਾ ਮਲੁ ਲਗੈ ਨ ਲਾਏ ॥ ਸਚੀ ਸਿਫਤਿ ਸਚੀ ਸਾਲਾਹ ਪੂਰੇ ਗੁਰ ਤੇ ਪਾਏ ॥੫॥ ਤਨੁ ਮਨੁ ਸਭੁ ਕਿਛੁ ਹਰਿ ਤਿਸੁ ਕੇਰਾ ਦੁਰਮਤਿ ਕਹਣੁ ਨ ਜਾਏ ॥ ਹੁਕਮੁ ਹੋਵੈ ਤਾ ਨਿਰਮਲੁ ਹੋਵੈ ਹਉਮੈ ਵਿਚਹੁ ਜਾਏ ॥ ਗੁਰ ਕੀ ਸਾਖੀ ਸਹਜੇ ਚਾਖੀ ਤ੍ਰਿਸਨਾ ਅਗਨਿ ਬੁਝਾਏ ॥ ਗੁਰ ਕੈ ਸਬਦਿ ਰਾਤਾ ਸਹਜੇ ਮਾਤਾ ਸਹਜੇ ਰਹਿਆ ਸਮਾਏ ॥੬॥ {ਪੰਨਾ 753}
ਪਦਅਰਥ: ਸਚਾ = ਸਦਾ-ਥਿਰ ਰਹਿਣ ਵਾਲਾ। ਜਿਤੁ ਸਤਿਸਰਿ = ਜਿਸ ਸੱਚੇ ਸਰੋਵਰ ਵਿਚ। ਗੁਰਮੁਖਿ = ਗੁਰੂ ਦੀ ਸਰਨ ਪੈਣ ਵਾਲਾ ਮਨੁੱਖ। ਅਠਸਠਿ = ਅਠਾਹਠ। ਸਬਦਿ = ਸ਼ਬਦ ਵਿਚ। ਦਿਖਾਏ = (ਪ੍ਰਭੂ) ਵਿਖਾ ਦੇਂਦਾ ਹੈ। ਤਿਤੁ = ਉਸ (ਗੁਰ = ਸ਼ਬਦ ਤੀਰਥ) ਵਿਚ। ਨਾਤੈ = ਨ੍ਹਾਤਿਆਂ। ਗੁਰ ਤੇ = ਗੁਰੂ ਪਾਸੋਂ।੫।
ਹਰਿ ਤਿਸੁ ਕੇਰਾ = ਉਸ ਹਰੀ ਦਾ। ਕੇਰਾ = ਦਾ। ਦੁਰਮਤਿ = ਖੋਟੀ ਮਤਿ (ਦੇ ਕਾਰਨ। ਨਿਰਮਲੁ = ਪਵਿਤ੍ਰ। ਸਾਖੀ = ਸਿੱਖਿਆ। ਸਹਜੇ = ਆਤਮਕ ਅਡੋਲਤਾ ਵਿਚ। ਕੈ ਸਬਦਿ = ਦੇ ਸ਼ਬਦ ਵਿਚ। ਰਾਤਾ = ਰੰਗਿਆ ਹੋਇਆ। ਮਾਤਾ = ਮਸਤ, ਲੀਨ। ਸਹਜੇ = ਆਤਮਕ ਅਡੋਲਤਾ ਵਿਚ।੬।
ਅਰਥ: ਜੇਹੜਾ ਮਨੁੱਖ ਗੁਰੂ ਦੀ ਸਰਨ ਆ ਪੈਂਦਾ ਹੈ ਉਸ ਨੂੰ ਪ੍ਰਭੂ ਆਪ ਇਹ ਸੂਝ ਬਖ਼ਸ਼ਦਾ ਹੈ ਕਿ ਜਿਸ ਸੱਚੇ ਸਰੋਵਰ ਵਿਚ ਇਸ਼ਨਾਨ ਕਰਨਾ ਚਾਹੀਦਾ ਹੈ ਉਹ ਸਦਾ ਕਾਇਮ ਰਹਿਣ ਵਾਲਾ ਤੀਰਥ (ਗੁਰੂ ਦਾ ਸ਼ਬਦ ਹੀ ਹੈ) ਗੁਰੂ ਦੇ ਸ਼ਬਦ ਵਿਚ (ਹੀ ਪ੍ਰਭੂ ਉਸ ਨੂੰ) ਅਠਾਹਠ ਤੀਰਥ ਵਿਖਾ ਦੇਂਦਾ ਹੈ (ਅਤੇ ਵਿਖਾ ਦੇਂਦਾ ਹੈ ਕਿ) ਉਸ (ਗੁਰੂ-ਸ਼ਬਦ-ਤੀਰਥ) ਵਿਚ ਨ੍ਹਾਤਿਆਂ (ਵਿਕਾਰਾਂ ਦੀ) ਮੈਲ ਲਹਿ ਜਾਂਦੀ ਹੈ। (ਉਸ ਮਨੁੱਖ ਨੂੰ ਯਕੀਨ ਬਣ ਜਾਂਦਾ ਹੈ ਕਿ) ਗੁਰੂ ਦਾ ਸ਼ਬਦ ਹੀ ਸਦਾ ਕਾਇਮ ਰਹਿਣ ਵਾਲਾ ਅਤੇ ਪਵਿਤ੍ਰ ਤੀਰਥ ਹੈ (ਉਸ ਵਿਚ ਇਸ਼ਨਾਨ ਕੀਤਿਆਂ ਵਿਕਾਰਾਂ ਦੀ) ਮੈਲ ਨਹੀਂ ਲੱਗਦੀ,
(ਉਹ ਤੀਰਥ) ਮੈਲ ਨਹੀਂ ਚੰਬੋੜਦਾ। ਉਹ ਮਨੁੱਖ ਪੂਰੇ ਗੁਰੂ ਪਾਸੋਂ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਪ੍ਰਾਪਤ ਕਰ ਲੈਂਦਾ ਹੈ।੫।
ਪਰ, ਜੇਹੜਾ ਮਨੁੱਖ ਗੁਰੂ ਦੀ ਸਰਨ ਨਹੀਂ ਪੈਂਦਾ, ਉਹ (ਮਨੁੱਖ) ਖੋਟੀ ਮਤਿ ਦੇ ਕਾਰਨ ਇਹ ਨਹੀਂ ਆਖ ਸਕਦਾ ਕਿ ਸਾਡਾ ਇਹ ਸਰੀਰ ਸਾਡਾ ਇਹ ਮਨ ਸਭ ਕੁਝ ਉਸ ਪ੍ਰਭੂ ਦਾ ਹੀ ਦਿੱਤਾ ਹੋਇਆ ਹੈ। ਜਦੋਂ ਪਰਮਾਤਮਾ ਦੀ ਰਜ਼ਾ ਹੁੰਦੀ ਹੈ (ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਸ ਦਾ ਮਨ) ਪਵਿਤ੍ਰ ਹੋ ਜਾਂਦਾ ਹੈ (ਉਸ ਦੇ) ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ ਉਹ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ ਗੁਰੂ ਦੇ ਉਪਦੇਸ਼ ਦਾ ਆਨੰਦ ਮਾਣਦਾ ਹੈ, (ਗੁਰੂ ਦਾ ਉਪਦੇਸ਼ ਉਸ ਦੇ ਅੰਦਰੋਂ) ਤ੍ਰਿਸ਼ਨਾ ਦੀ ਅੱਗ ਬੁਝਾ ਦੇਂਦਾ ਹੈ। ਉਹ ਮਨੁੱਖ ਗੁਰੂ ਦੇ ਸ਼ਬਦ ਵਿਚ ਰੰਗਿਆ ਜਾਂਦਾ ਹੈ, ਆਤਮਕ ਅਡੋਲਤਾ ਵਿਚ ਮਸਤ ਹੋ ਜਾਂਦਾ ਹੈ, ਆਤਮਕ ਅਡੋਲਤਾ ਵਿਚ ਹੀ ਲੀਨ ਰਹਿੰਦਾ ਹੈ।੬।
ਹਰਿ ਕਾ ਨਾਮੁ ਸਤਿ ਕਰਿ ਜਾਣੈ ਗੁਰ ਕੈ ਭਾਇ ਪਿਆਰੇ ॥ ਸਚੀ ਵਡਿਆਈ ਗੁਰ ਤੇ ਪਾਈ ਸਚੈ ਨਾਇ ਪਿਆਰੇ ॥ ਏਕੋ ਸਚਾ ਸਭ ਮਹਿ ਵਰਤੈ ਵਿਰਲਾ ਕੋ ਵੀਚਾਰੇ ॥ ਆਪੇ ਮੇਲਿ ਲਏ ਤਾ ਬਖਸੇ ਸਚੀ ਭਗਤਿ ਸਵਾਰੇ ॥੭॥ ਸਭੋ ਸਚੁ ਸਚੁ ਸਚੁ ਵਰਤੈ ਗੁਰਮੁਖਿ ਕੋਈ ਜਾਣੈ ॥ ਜੰਮਣ ਮਰਣਾ ਹੁਕਮੋ ਵਰਤੈ ਗੁਰਮੁਖਿ ਆਪੁ ਪਛਾਣੈ ॥ ਨਾਮੁ ਧਿਆਏ ਤਾ ਸਤਿਗੁਰੁ ਭਾਏ ਜੋ ਇਛੈ ਸੋ ਫਲੁ ਪਾਏ ॥ ਨਾਨਕ ਤਿਸ ਦਾ ਸਭੁ ਕਿਛੁ ਹੋਵੈ ਜਿ ਵਿਚਹੁ ਆਪੁ ਗਵਾਏ ॥੮॥੧॥ {ਪੰਨਾ 754}
ਪਦਅਰਥ: ਸਤਿ ਕਰਿ ਜਾਣੈ = ਸੱਚ ਕਰ ਕੇ ਜਾਣਦਾ ਹੈ, ਇਹ ਜਾਣ ਲੈਂਦਾ ਹੈ ਕਿ ਇਹੀ ਸੱਚਾ ਸਾਥੀ ਹੈ। ਕੈ ਭਾਇ = ਦੇ ਪ੍ਰੇਮ ਵਿਚ। ਗੁਰ ਤੇ = ਗੁਰੂ ਪਾਸੋਂ। ਸਚੈ ਨਾਇ = ਸਦਾ-ਥਿਰ ਹਰਿ = ਨਾਮ ਵਿਚ। ਪਿਆਰੇ = ਪਿਆਰ ਬਣਾਂਦਾ ਹੈ। ਸਚਾ = ਸਦਾ ਕਾਇਮ ਰਹਿਣ ਵਾਲਾ ਪ੍ਰਭੂ। ਆਪੇ = (ਪ੍ਰਭੂ) ਆਪ ਹੀ। ਸਚੀ = ਸਦਾ-ਥਿਰ ਰਹਿਣ ਵਾਲੀ।੭।
ਸਭੋ = ਹਰ ਥਾਂ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਹੁਕਮੋ = ਹੁਕਮ ਹੀ। ਆਪੁ ਪਛਾਣੈ = ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਹੈ। ਸਤਿਗੁਰ ਭਾਏ = ਗੁਰੂ ਨੂੰ ਪਿਆਰਾ ਲੱਗਦਾ ਹੈ। ਸਭੁ ਕਿਛੁ ਹੋਵੈ = ਆਤਮਕ ਜੀਵਨ ਦਾ ਸਾਰਾ ਸਰਮਾਇਆ ਬਣਿਆ ਰਹਿੰਦਾ ਹੈ। ਆਪੁ = ਆਪਾ = ਭਾਵ।੮।
ਅਰਥ: ਜੇਹੜਾ ਮਨੁੱਖ ਪਿਆਰੇ ਗੁਰੂ ਦੇ ਪ੍ਰੇਮ ਵਿਚ ਟਿਕਿਆ ਰਹਿੰਦਾ ਹੈ, ਉਹ ਇਹ ਗੱਲ ਸਮਝ ਲੈਂਦਾ ਹੈ ਕਿ ਪਰਮਾਤਮਾ ਦਾ ਨਾਮ ਹੀ ਸੱਚਾ ਸਾਥੀ ਹੈ। ਉਹ ਮਨੁੱਖ ਪਰਮਾਤਮਾ ਦੀ ਸਦਾ-ਥਿਰ ਰਹਿਣ ਵਾਲੀ ਸਿਫ਼ਤਿ-ਸਾਲਾਹ ਗੁਰੂ ਪਾਸੋਂ ਪ੍ਰਾਪਤ ਕਰ ਲੈਂਦਾ ਹੈ, ਉਹ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਪਿਆਰ ਕਰਨ ਲੱਗ ਪੈਂਦਾ ਹੈ। ਕੋਈ ਵਿਰਲਾ ਮਨੁੱਖ (ਗੁਰੂ ਦੀ ਸਰਨ ਪੈ ਕੇ) ਇਹ ਵਿਚਾਰ ਕਰਦਾ ਹੈ ਕਿ ਸਾਰੀ ਸ੍ਰਿਸ਼ਟੀ ਵਿਚ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਹੀ ਵੱਸਦਾ ਹੈ। (ਅਜੇਹੇ ਮਨੁੱਖ ਨੂੰ) ਜਦੋਂ ਪ੍ਰਭੂ ਆਪ ਹੀ ਆਪਣੇ ਚਰਨਾਂ ਵਿਚ ਜੋੜਦਾ ਹੈ, ਤਾਂ ਉਸ ਉਤੇ ਬਖ਼ਸ਼ਸ਼ ਕਰਦਾ ਹੈ, ਸਦਾ-ਥਿਰ ਰਹਿਣ ਵਾਲੀ ਆਪਣੀ ਭਗਤੀ ਦੇ ਕੇ ਉਸ ਦਾ ਜੀਵਨ ਸੋਹਣਾ ਬਣਾ ਦੇਂਦਾ ਹੈ।੭।
ਹੇ ਭਾਈ! ਕੋਈ ਵਿਰਲਾ ਮਨੁੱਖ ਗੁਰੂ ਦੀ ਸਰਨ ਪੈ ਕੇ ਸਮਝਦਾ ਹੈ ਕਿ ਹਰ ਥਾਂ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਹੀ ਕੰਮ ਕਰ ਰਿਹਾ ਹੈ। ਜਗਤ ਵਿਚ ਜੰਮਣਾ ਮਰਨਾ ਭੀ ਉਸੇ ਦੇ ਹੁਕਮ ਵਿਚ ਚੱਲ ਰਿਹਾ ਹੈ। ਗੁਰੂ ਦੀ ਸਰਨ ਪੈਣ ਵਾਲਾ ਉਹ ਮਨੁੱਖ ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ। ਜਦੋਂ ਉਹ ਮਨੁੱਖ ਪਰਮਾਤਮਾ ਦਾ ਨਾਮ ਸਿਮਰਨਾ ਸ਼ੁਰੂ ਕਰਦਾ ਹੈ ਤਾਂ ਉਹ ਗੁਰੂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ, ਫਿਰ ਉਹ ਜੇਹੜੀ ਮੁਰਾਦ ਮੰਗਦਾ ਹੈ ਉਹੀ ਹਾਸਲ ਕਰ ਲੈਂਦਾ ਹੈ। ਹੇ ਨਾਨਕ! ਆਖ-) ਜੇਹੜਾ ਮਨੁੱਖ (ਗੁਰੂ ਦੀ ਸਰਨ ਪੈ ਕੇ) ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਲੈਂਦਾ ਹੈ, ਉਸ ਦਾ ਆਤਮਕ ਜੀਵਨ ਦਾ ਸਾਰਾ ਸਰਮਾਇਆ ਬਚਿਆ ਰਹਿੰਦਾ ਹੈ।੮।੧।
*┈┉┅━❀꧁ੴ꧂❀━┅┉┈*
||ਅੱਜ ਦਾ ਫੁਰਮਾਨ|| ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ||
ਸੋਰਠਿ ਮਹਲਾ ੫ ॥ ਜਿਤੁ ਪਾਰਬ੍ਰਹਮੁ ਚਿਤਿ ਆਇਆ ॥ ਸੋ ਘਰੁ ਦਯਿ ਵਸਾਇਆ ॥ ਸੁਖ ਸਾਗਰੁ ਗੁਰੁ ਪਾਇਆ ॥ ਤਾ ਸਹਸਾ ਸਗਲ ਮਿਟਾਇਆ ॥੧॥ ਹਰਿ ਕੇ ਨਾਮ ਕੀ ਵਡਿਆਈ ॥ ਆਠ ਪਹਰ ਗੁਣ ਗਾਈ ॥ ਗੁਰ ਪੂਰੇ ਤੇ ਪਾਈ ॥ ਰਹਾਉ ॥ ਪ੍ਰਭ ਕੀ ਅਕਥ ਕਹਾਣੀ ॥ ਜਨ ਬੋਲਹਿ ਅੰਮ੍ਰਿਤ ਬਾਣੀ ॥ ਨਾਨਕ ਦਾਸ ਵਖਾਣੀ ॥ ਗੁਰ ਪੂਰੇ ਤੇ ਜਾਣੀ ॥੨॥੨॥੬੬॥ {ਪੰਨਾ 626}
ਪਦਅਰਥ: ਜਿਤੁ = ਜਿਸ ਵਿਚ। ਚਿਤਿ = ਚਿੱਤ ਵਿਚ, ਹਿਰਦੇ ਵਿਚ। ਜਿਤੁ ਚਿਤਿ = ਜਿਸ ਹਿਰਦੇ = ਘਰ ਵਿਚ। ਸੋ ਘਰੁ = ਉਹ ਹਿਰਦਾ = ਘਰ। ਦਯਿ = ਪਿਆਰ ਕਰਨ ਵਾਲੇ ਪ੍ਰਭੂ ਨੇ। ਸੁਖ ਸਾਗਰੁ = ਸੁਖਾਂ ਦਾ ਸਮੁੰਦਰ। ਤਾ = ਤਦੋਂ। ਸਹਸਾ = ਸਹਿਮ।੧।
ਵਡਿਆਈ = ਸੋਭਾ, ਸਿਫ਼ਤਿ-ਸਾਲਾਹ। ਆਠ ਪਹਿਰ = ਹਰ ਵੇਲੇ। ਤੇ = ਤੋਂ। ਪਾਈ = ਪ੍ਰਾਪਤ ਕੀਤੀ।ਰਹਾਉ।
ਅਕਥ: ਬਿਆਨ ਨਾਹ ਹੋ ਸਕਣ ਵਾਲੀ। ਕਹਾਣੀ = ਸਰੂਪ ਦਾ ਵਰਣਨ। ਬੋਲਹਿ = ਬੋਲਦੇ ਹਨ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੀ। ਵਖਾਣੀ = ਉਚਾਰੀ। ਤੇ = ਤੋਂ।੨।
ਅਰਥ: ਹੇ ਭਾਈ! ਪਰਮਾਤਮਾ ਦੇ ਨਾਮ ਦੀ ਸਿਫ਼ਤਿ-ਸਾਲਾਹ ਕਰਨੀ, ਅੱਠੇ ਪਹਿਰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਣੇ-(ਇਹ ਦਾਤਿ) ਪੂਰੇ ਗੁਰੂ ਤੋਂ ਹੀ ਮਿਲਦੀ ਹੈ।ਰਹਾਉ।
ਹੇ ਭਾਈ! ਜਿਸ ਦੇ ਹਿਰਦੇ-ਘਰ ਵਿਚ ਪਰਮਾਤਮਾ ਆ ਵੱਸਿਆ ਹੈ, ਪ੍ਰੀਤਮ-ਪ੍ਰਭੂ ਨੇ ਉਹ ਹਿਰਦਾ-ਘਰ (ਆਤਮਕ ਗੁਣਾਂ ਨਾਲ) ਭਰਪੂਰ ਕਰ ਦਿੱਤਾ। ਹੇ ਭਾਈ! ਜਦੋਂ ਕਿਸੇ ਵਡ-ਭਾਗੀ ਨੂੰ) ਸੁਖਾਂ ਦਾ ਸਮੁੰਦਰ ਗੁਰੂ ਮਿਲ ਪਿਆ, ਤਦੋਂ ਉਸ ਨੇ ਆਪਣਾ ਸਾਰਾ ਸਹਿਮ ਦੂਰ ਕਰ ਲਿਆ।੧।
ਹੇ ਭਾਈ! ਪਰਮਾਤਮਾ ਦੇ ਸਰੂਪ ਦੀ ਗੱਲ-ਬਾਤ ਦੱਸੀ ਨਹੀਂ ਜਾ ਸਕਦੀ। ਪ੍ਰਭੂ ਦੇ ਸੇਵਕ ਆਤਮਕ ਜੀਵਨ ਦੇਣ ਵਾਲੀ ਸਿਫ਼ਤਿ-ਸਾਲਾਹ ਦੀ ਬਾਣੀ ਉਚਾਰਦੇ ਰਹਿੰਦੇ ਹਨ। ਹੇ ਨਾਨਕ! ਉਹੀ ਸੇਵਕ ਇਹ ਬਾਣੀ ਉਚਾਰਦੇ ਹਨ, ਜਿਨ੍ਹਾਂ ਨੇ ਪੂਰੇ ਗੁਰੂ ਪਾਸੋਂ ਇਹ ਸਮਝ ਹਾਸਲ ਕੀਤੀ ਹੈ।੨।੨।੬੬।
*┈┉┅━❀꧁ੴ꧂❀━┅┉┈*
||ਅੱਜ ਦਾ ਫੁਰਮਾਨ|| ਗੁਰੂਦਵਾਰਾ ਸ਼੍ਰੀ ਕਤਲਗੜ ਸਾਹਿਬ ਸ਼੍ਰੀ ਚਮਕੌਰ ਸਾਹਿਬ ।।
ਧਨਾਸਰੀ ਮਹਲਾ ੧ ਘਰੁ ੨ ਅਸਟਪਦੀਆ ੴ ਸਤਿਗੁਰ ਪ੍ਰਸਾਦਿ ॥ ਗੁਰੁ ਸਾਗਰੁ ਰਤਨੀ ਭਰਪੂਰੇ ॥ ਅੰਮ੍ਰਿਤੁ ਸੰਤ ਚੁਗਹਿ ਨਹੀ ਦੂਰੇ ॥ ਹਰਿ ਰਸੁ ਚੋਗ ਚੁਗਹਿ ਪ੍ਰਭ ਭਾਵੈ ॥ ਸਰਵਰ ਮਹਿ ਹੰਸੁ ਪ੍ਰਾਨਪਤਿ ਪਾਵੈ ॥੧॥ ਕਿਆ ਬਗੁ ਬਪੁੜਾ ਛਪੜੀ ਨਾਇ ॥ ਕੀਚੜਿ ਡੂਬੈ ਮੈਲੁ ਨ ਜਾਇ ॥੧॥ ਰਹਾਉ ॥ ਰਖਿ ਰਖਿ ਚਰਨ ਧਰੇ ਵੀਚਾਰੀ ॥ ਦੁਬਿਧਾ ਛੋਡਿ ਭਏ ਨਿਰੰਕਾਰੀ ॥ ਮੁਕਤਿ ਪਦਾ ਰਥੁ ਹਰਿ ਰਸ ਚਾਖੇ ॥ ਆਵਣ ਜਾਣ ਰਹੇ ਗੁਰਿ ਰਾਖੇ ॥੨॥ ਸਰਵਰ ਹੰਸਾ ਛੋਡਿ ਨ ਜਾਇ ॥ ਪ੍ਰੇਮ ਭਗਤਿ ਕਰਿ ਸਹਜਿ ਸਮਾਇ ॥ ਸਰਵਰ ਮਹਿ ਹੰਸੁ ਹੰਸ ਮਹਿ ਸਾਗਰੁ ॥ ਅਕਥ ਕਥਾ ਗੁਰ ਬਚਨੀ ਆਦਰੁ ॥੩॥ ਸੁੰਨ ਮੰਡਲ ਇਕੁ ਜੋਗੀ ਬੈਸੇ ॥ ਨਾਰਿ ਨ ਪੁਰਖੁ ਕਹਹੁ ਕੋਊ ਕੈਸੇ ॥ ਤ੍ਰਿਭਵਣ ਜੋਤਿ ਰਹੇ ਲਿਵ ਲਾਈ ॥ ਸੁਰਿ ਨਰ ਨਾਥ ਸਚੇ ਸਰਣਾਈ ॥੪॥ ਆਨੰਦ ਮੂਲੁ ਅਨਾਥ ਅਧਾਰੀ ॥ ਗੁਰਮੁਖਿ ਭਗਤਿ ਸਹਜਿ ਬੀਚਾਰੀ ॥ ਭਗਤਿ ਵਛਲ ਭੈ ਕਾਟਣਹਾਰੇ ॥ ਹਉਮੈ ਮਾਰਿ ਮਿਲੇ ਪਗੁ ਧਾਰੇ ॥੫॥ ਅਨਿਕ ਜਤਨ ਕਰਿ ਕਾਲੁ ਸੰਤਾਏ ॥ ਮਰਣੁ ਲਿਖਾਇ ਮੰਡਲ ਮਹਿ ਆਏ ॥ ਜਨਮੁ ਪਦਾਰਥੁ ਦੁਬਿਧਾ ਖੋਵੈ ॥ ਆਪੁ ਨ ਚੀਨਸਿ ਭ੍ਰਮਿ ਭ੍ਰਮਿ ਰੋਵੈ ॥੬॥ ਕਹਤਉ ਪੜਤਉ ਸੁਣਤਉ ਏਕ ॥ ਧੀਰਜ ਧਰਮੁ ਧਰਣੀਧਰ ਟੇਕ ॥ ਜਤੁ ਸਤੁ ਸੰਜਮੁ ਰਿਦੈ ਸਮਾਏ ॥ ਚਉਥੇ ਪਦ ਕਉ ਜੇ ਮਨੁ ਪਤੀਆਏ ॥੭॥ ਸਾਚੇ ਨਿਰਮਲ ਮੈਲੁ ਨ ਲਾਗੈ ॥ ਗੁਰ ਕੈ ਸਬਦਿ ਭਰਮ ਭਉ ਭਾਗੈ ॥ ਸੂਰਤਿ ਮੂਰਤਿ ਆਦਿ ਅਨੂਪੁ ॥ ਨਾਨਕੁ ਜਾਚੈ ਸਾਚੁ ਸਰੂਪੁ ॥੮॥੧॥ {ਪੰਨਾ 685-686}
ਪਦਅਰਥ: ਰਤਨੀ = ਰਤਨਾਂ ਨਾਲ, ਸੋਹਣੇ ਜੀਵਨ = ਉਪਦੇਸ਼। ਭਰਪੂਰੇ = ਨਕਾ ਨਕ ਭਰਿਆ ਹੋਇਆ। ਸੰਤ = ਗੁਰਮੁਖਿ ਬੰਦੇ। ਚੁਗਹਿ = ਚੁਗਦੇ ਹਨ। ਚੋਗ = ਖ਼ੁਰਾਕ, ਆਤਮਕ ਜੀਵਨ ਦੀ ਖ਼ੁਰਾਕ। ਪ੍ਰਾਨਪਤਿ = ਪਰਮਾਤਮਾ।੧।
ਬਗੁ = ਬਗਲਾ। ਬਪੁੜਾ = ਵਿਚਾਰਾ। ਨਾਇ = ਨ੍ਹਾਉਂਦਾ ਹੈ। ਕੀਚੜਿ = ਚਿੱਕੜ ਵਿਚ।੧।ਰਹਾਉ।
ਰਖਿ ਰਖਿ = ਰੱਖ ਕੇ, ਰੱਖ ਕੇ, ਧਿਆਨ ਨਾਲ। ਵੀਚਾਰੀ = ਵੀਚਾਰ ਦੇ ਆਸਰੇ। ਦੁਬਿਧਾ = ਕਿਸੇ ਹੋਰ ਆਸਰੇ ਦੀ ਭਾਲ। ਰਹੇ = ਮੁੱਕ ਜਾਂਦੇ ਹਨ। ਗੁਰਿ = ਗੁਰੂ ਨੇ।੨।
ਸਹਜਿ = ਸਹਜ ਵਿਚ, ਅਡੋਲ ਆਤਮਕ ਅਵਸਥਾ ਵਿਚ। ਆਦਰੁ = ਇੱਜ਼ਤ।੩।
ਸੁੰਨ ਮੰਡਲ = ਅਫੁਰ ਅਵਸਥਾ, ਉਹ ਅਵਸਥਾ ਜਿਥੇ ਮਾਇਆ ਦੇ ਫੁਰਨਿਆਂ ਵਲੋਂ ਸੁੰਞ ਹੈ। ਜੋਗੀ = ਪ੍ਰਭੂ = ਚਰਨਾਂ ਵਿਚ ਜੁੜਿਆ ਹੋਇਆ। ਤ੍ਰਿਭਵਣ ਜੋਤਿ = ਉਹ ਪ੍ਰਭੂ ਜਿਸ ਦੀ ਜੋਤਿ ਤਿੰਨਾਂ ਭਵਨਾਂ ਵਿਚ ਹੈ। ਸੁਰਿ = ਦੇਵਤੇ।੪।
ਆਨੰਦ ਮੂਲੁ = ਆਨੰਦ ਦਾ ਸੋਮਾ। ਭਗਤਿ ਵਛਲ = ਭਗਤੀ ਨਾਲ ਪਿਆਰ ਕਰਨ ਵਾਲਾ। ਪਗੁ ਧਾਰੇ = (ਸਤਸੰਗ ਵਿਚ) ਪੈਰ ਟਿਕਾ ਕੇ, ਜਾ ਕੇ।੫।
ਕਰਿ = ਕਰ ਕੇ, ਕਰਨ ਤੇ ਭੀ। ਕਾਲੁ = ਮੌਤ, ਮੌਤ ਦਾ ਡਰ, ਆਤਮਕ ਮੌਤ। ਮੰਡਲ = ਜਗਤ। ਮਰਣੁ = ਮੌਤ, ਆਤਮਕ ਮੌਤ। ਖੋਵੈ = ਗਵਾ ਲੈਂਦਾ ਹੈ। ਆਪੁ = ਆਪਣੇ ਆਪ ਨੂੰ, ਆਪਣੇ ਆਤਮਕ ਜੀਵਨ ਨੂੰ।੬।
ਏਕ = ਇਕ ਪ੍ਰਭੂ ਦੀ (ਸਿਫ਼ਤਿ-ਸਾਲਾਹ) । ਧਰਣੀਧਰ = ਧਰਤੀ ਦਾ ਆਸਰਾ ਪ੍ਰਭੂ। ਚਉਥਾ ਪਦ = ਉਹ ਆਤਮਕ ਅਵਸਥਾ ਜਿਥੇ ਮਾਇਆ ਦੇ ਤਿੰਨ ਗੁਣ ਜ਼ੋਰ ਨਹੀਂ ਪਾ ਸਕਦੇ। ਪਤੀਆਇ = ਗਿਝਾ ਲਏ।੭।
ਸੂਰਤਿ = ਸ਼ਕਲ। ਮੂਰਤਿ = ਹਸਤੀ, ਵਜੂਦ, ਹੋਂਦ। ਅਨੂਪੁ = ਜੋ ਉਪਮਾ ਤੋਂ ਪਰੇ ਹੈ, ਜਿਸ ਵਰਗਾ ਹੋਰ ਕੋਈ ਨਹੀਂ। ਸਾਚੁ ਸਰੂਪੁ = ਜਿਸ ਦਾ ਸਰੂਪ ਸਦਾ ਕਾਇਮ ਰਹਿਣ ਵਾਲਾ ਹੈ।੮।
ਅਰਥ: ਵਿਚਾਰਾ ਬਗਲਾ ਛਪੜੀ ਵਿਚ ਕਾਹਦੇ ਲਈ ਨ੍ਹਾਉਂਦਾ ਹੈ? (ਕੁੱਝ ਨਹੀਂ ਖੱਟਦਾ, ਸਗੋਂ ਛਪੜੀ ਵਿਚ ਨ੍ਹਾ ਕੇ) ਚਿੱਕੜ ਵਿਚ ਡੁੱਬਦਾ ਹੈ, (ਉਸ ਦੀ ਇਹ) ਮੈਲ ਦੂਰ ਨਹੀਂ ਹੁੰਦੀ (ਜੇਹੜਾ ਮਨੁੱਖ ਗੁਰੂ-ਸਮੁੰਦਰ ਨੂੰ ਛੱਡ ਕੇ ਦੇਵੀ ਦੇਵਤਿਆਂ ਆਦਿਕ ਹੋਰ ਹੋਰ ਦੇ ਆਸਰੇ ਭਾਲਦਾ ਹੈ ਉਹ, ਮਾਨੋ, ਛਪੜੀ ਵਿਚ ਹੀ ਨ੍ਹਾ ਰਿਹਾ ਹੈ। ਉਥੋਂ ਉਹ ਹੋਰ ਮਾਇਆ-ਮੋਹ ਦੀ ਮੈਲ ਸਹੇੜ ਲੈਂਦਾ ਹੈ) ।੧।ਰਹਾਉ।
ਗੁਰੂ (ਮਾਨੋ) ਇਕ ਸਮੁੰਦਰ (ਹੈ ਜੋ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ) ਰਤਨਾਂ ਨਾਲ ਨਕਾਨਕ ਭਰਿਆ ਹੋਇਆ ਹੈ। ਗੁਰਮੁਖ ਸਿੱਖ (ਉਸ ਸਾਗਰ ਵਿਚੋਂ) ਆਤਮਕ ਜੀਵਨ ਦੇਣ ਵਾਲੀ ਖ਼ੁਰਾਕ (ਪ੍ਰਾਪਤ ਕਰਦੇ ਹਨ ਜਿਵੇਂ ਹੰਸ ਮੋਤੀ) ਚੁਗਦੇ ਹਨ, (ਤੇ ਗੁਰੂ ਤੋਂ) ਦੂਰ ਨਹੀਂ ਰਹਿੰਦੇ। ਪ੍ਰਭੂ ਦੀ ਮੇਹਰ ਅਨੁਸਾਰ ਸੰਤ-ਹੰਸ ਹਰਿ-ਨਾਮ ਰਸ (ਦੀ) ਚੋਗ ਚੁਗਦੇ ਹਨ। (ਗੁਰਸਿੱਖ) ਹੰਸ (ਗੁਰੂ-) ਸਰੋਵਰ ਵਿਚ (ਟਿਕਿਆ ਰਹਿੰਦਾ ਹੈ, ਤੇ) ਜਿੰਦ ਦੇ ਮਾਲਕ ਪ੍ਰਭੂ ਨੂੰ ਲੱਭ ਲੈਂਦਾ ਹੈ।੧।
ਗੁਰਸਿੱਖ ਬੜਾ ਸੁਚੇਤ ਹੋ ਕੇ ਪੂਰੀ ਵੀਚਾਰ ਨਾਲ (ਜੀਵਨ-ਸਫ਼ਰ ਵਿਚ) ਪੈਰ ਰੱਖਦਾ ਹੈ। ਪਰਮਾਤਮਾ ਤੋਂ ਬਿਨਾ ਕਿਸੇ ਹੋਰ ਆਸਰੇ ਦੀ ਭਾਲ ਛੱਡ ਕੇ ਪਰਮਾਤਮਾ ਦਾ ਹੀ ਬਣ ਜਾਂਦਾ ਹੈ। ਪਰਮਾਤਮਾ ਦੇ ਨਾਮ ਦਾ ਰਸ ਚੱਖ ਕੇ ਗੁਰਸਿੱਖ ਉਹ ਪਦਾਰਥ ਹਾਸਲ ਕਰ ਲੈਂਦਾ ਹੈ ਜੋ ਮਾਇਆ ਦੇ ਮੋਹ ਤੋਂ ਖ਼ਲਾਸੀ ਦਿਵਾ ਦੇਂਦਾ ਹੈ। ਜਿਸ ਦੀ ਗੁਰੂ ਨੇ ਸਹਾਇਤਾ ਕਰ ਦਿੱਤੀ ਉਸ ਦੇ ਜਨਮ ਮਰਨ ਦੇ ਗੇੜ ਮੁੱਕ ਗਏ।੨।
(ਜਿਵੇਂ) ਹੰਸ ਮਾਨਸਰੋਵਰ ਨੂੰ ਛੱਡ ਕੇ ਨਹੀਂ ਜਾਂਦਾ (ਤਿਵੇਂ ਜੇਹੜਾ ਸਿੱਖ ਗੁਰੂ ਦਾ ਦਰ ਛੱਡ ਕੇ ਨਹੀਂ ਜਾਂਦਾ ਉਹ) ਪ੍ਰੇਮ ਭਗਤੀ ਦੀ ਬਰਕਤਿ ਨਾਲ ਅਡੋਲ ਆਤਮਕ ਅਵਸਥਾ ਵਿਚ ਲੀਨ ਹੋ ਜਾਂਦਾ ਹੈ। ਜੇਹੜਾ ਗੁਰਸਿੱਖ-ਹੰਸ ਗੁਰੂ-ਸਰੋਵਰ ਵਿਚ ਟਿਕਦਾ ਹੈ, ਉਸ ਦੇ ਅੰਦਰ ਗੁਰੂ-ਸਰੋਵਰ ਆਪਣਾ ਆਪ ਪਰਗਟ ਕਰਦਾ ਹੈ (ਉਸ ਸਿੱਖ ਦੇ ਅੰਦਰ ਗੁਰੂ ਵੱਸ ਪੈਂਦਾ ਹੈ) -ਇਹ ਕਥਾ ਅਕੱਥ ਹੈ (ਭਾਵ, ਇਸ ਆਤਮਕ ਅਵਸਥਾ ਦਾ ਬਿਆਨ ਨਹੀਂ ਹੋ ਸਕਦਾ। ਸਿਰਫ਼ ਇਹ ਕਹਿ ਸਕਦੇ ਹਾਂ ਕਿ) ਗੁਰੂ ਦੇ ਬਚਨਾਂ ਉਤੇ ਤੁਰ ਕੇ ਉਹ (ਲੋਕ ਪਰਲੋਕ ਵਿਚ) ਆਦਰ ਪਾਂਦਾ ਹੈ।੩।
ਜੇਹੜਾ ਕੋਈ ਵਿਰਲਾ ਪ੍ਰਭੂ-ਚਰਨਾਂ ਵਿਚ ਜੁੜਿਆ ਬੰਦਾ ਅਫੁਰ ਅਵਸਥਾ ਵਿਚ ਟਿਕਦਾ ਹੈ, ਉਸ ਦੇ ਅੰਦਰ ਇਸਤ੍ਰੀ ਮਰਦ ਵਾਲੀ ਤਮੀਜ਼ ਨਹੀਂ ਰਹਿੰਦੀ (ਭਾਵ, ਉਸ ਦੇ ਅੰਦਰ ਕਾਮ ਚੇਸ਼ਟਾ ਜ਼ੋਰ ਨਹੀਂ ਪਾਂਦੀ) । ਦੱਸੋ, ਕੋਈ ਇਹ ਸੰਕਲਪ ਕਰ ਭੀ ਕਿਵੇਂ ਸਕਦਾ ਹੈ? ਕਿਉਂਕਿ ਉਹ ਤਾਂ ਸਦਾ ਉਸ ਪਰਮਾਤਮਾ ਵਿਚ ਸੁਰਤਿ ਜੋੜੀ ਰੱਖਦਾ ਹੈ ਜਿਸ ਦੀ ਜੋਤਿ ਤਿੰਨਾਂ ਭਵਨਾਂ ਵਿਚ ਵਿਆਪਕ ਹੈ ਅਤੇ ਦੇਵਤੇ ਮਨੁੱਖ ਨਾਥ ਆਦਿਕ ਸਭ ਜਿਸ ਸਦਾ-ਥਿਰ ਦੀ ਸਰਨ ਲਈ ਰੱਖਦੇ ਹਨ।੪।
(ਗੁਰਮੁਖ-ਹੰਸ ਗੁਰੂ-ਸਾਗਰ ਵਿਚ ਟਿਕ ਕੇ ਉਸ ਪ੍ਰਾਨਪਤਿ-ਪ੍ਰਭੂ ਨੂੰ ਮਿਲਦਾ ਹੈ) ਜੋ ਆਤਮਕ ਆਨੰਦ ਦਾ ਸੋਮਾ ਹੈ ਜੋ ਨਿਆਸਰਿਆਂ ਦਾ ਆਸਰਾ ਹੈ। ਗੁਰਮੁਖ ਉਸ ਦੀ ਭਗਤੀ ਦੀ ਰਾਹੀਂ ਅਤੇ ਉਸ ਦੇ ਗੁਣਾਂ ਦੀ ਵਿਚਾਰ ਦੀ ਰਾਹੀਂ ਅਡੋਲ ਆਤਮਕ ਅਵਸਥਾ ਵਿਚ ਟਿਕੇ ਰਹਿੰਦੇ ਹਨ। ਉਹ ਪ੍ਰਭੂ (ਆਪਣੇ ਸੇਵਕਾਂ ਦੀ) ਭਗਤੀ ਨਾਲ ਪ੍ਰੇਮ ਕਰਦਾ ਹੈ, ਉਹਨਾਂ ਦੇ ਸਾਰੇ ਡਰ ਦੂਰ ਕਰਨ ਦੇ ਸਮਰੱਥ ਹੈ। ਗੁਰਮੁਖਿ ਹਉਮੈ ਮਾਰ ਕੇ ਅਤੇ (ਸਾਧ ਸੰਗਤਿ ਵਿਚ) ਟਿਕ ਕੇ ਉਸ ਆਨੰਦ-ਮੂਲ ਪ੍ਰਭੂ (ਦੇ ਚਰਨਾਂ) ਵਿਚ ਜੁੜਦੇ ਹਨ।੫।
ਜੇਹੜਾ-ਮਨੁੱਖ (ਵਿਚਾਰੇ ਬਗੁਲੇ ਵਾਂਗ ਹਉਮੈ ਦੀ ਛਪੜੀ ਵਿਚ ਹੀ ਨ੍ਹਾਉਂਦਾ ਰਹਿੰਦਾ ਹੈ, ਤੇ) ਆਪਣੇ ਆਤਮਕ ਜੀਵਨ ਨੂੰ ਨਹੀਂ ਪਛਾਣਦਾ, ਉਹ (ਹਉਮੈ ਵਿਚ) ਭਟਕ ਭਟਕ ਕੇ ਦੁਖੀ ਹੁੰਦਾ ਹੈ; ਪਰਮਾਤਮਾ ਤੋਂ ਬਿਨਾ ਕਿਸੇ ਹੋਰ ਆਸਰੇ ਦੀ ਭਾਲ ਵਿਚ ਉਹ ਅਮੋਲਕ ਮਨੁੱਖਾ ਜਨਮ ਨੂੰ ਗਵਾ ਲੈਂਦਾ ਹੈ; ਅਨੇਕਾਂ ਹੋਰ ਹੋਰ ਜਤਨ ਕਰਨ ਕਰਕੇ (ਸਹੇੜੀ ਹੋਈ) ਆਤਮਕ ਮੌਤ ਉਸ ਨੂੰ (ਸਦਾ) ਦੁਖੀ ਕਰਦੀ ਹੈ, ਉਹ (ਪਿਛਲੇ ਕੀਤੇ ਕਰਮਾਂ ਅਨੁਸਾਰ ਧੁਰੋਂ) ਆਤਮਕ ਮੌਤ (ਦਾ ਲੇਖ ਹੀ ਆਪਣੇ ਮੱਥੇ ਉਤੇ) ਲਿਖਾ ਕੇ ਇਸ ਜਗਤ ਵਿਚ ਆਇਆ (ਤੇ ਇਥੇ ਭੀ ਆਤਮਕ ਮੌਤ ਹੀ ਵਿਹਾਝਦਾ ਰਿਹਾ) ।੬।
(ਪਰ) ਜੇਹੜਾ ਮਨੁੱਖ ਇਕ ਪਰਮਾਤਮਾ ਦੀ ਸਿਫ਼ਤਿ-ਸਾਲਾਹ ਹੀ (ਨਿੱਤ) ਉਚਾਰਦਾ ਹੈ ਪੜ੍ਹਦਾ ਹੈ ਤੇ ਸੁਣਦਾ ਹੈ ਤੇ ਧਰਤੀ ਦੇ ਆਸਰੇ ਪ੍ਰਭੂ ਦੀ ਟੇਕ ਫੜਦਾ ਹੈ ਉਹ ਗੰਭੀਰ ਸੁਭਾਉ ਗ੍ਰਹਣ ਕਰਦਾ ਹੈ ਉਹ (ਮਨੁੱਖ ਜੀਵਨ ਦੇ) ਫ਼ਰਜ਼ ਨੂੰ (ਪਛਾਣਦਾ ਹੈ) ।
ਜੇ ਮਨੁੱਖ (ਗੁਰੂ ਦੀ ਸਰਨ ਵਿਚ ਰਹਿ ਕੇ) ਆਪਣੇ ਮਨ ਨੂੰ ਉਸ ਆਤਮਕ ਅਵਸਥਾ ਵਿਚ ਗਿਝਾ ਲਏ ਜਿਥੇ ਮਾਇਆ ਦੇ ਤਿੰਨੇ ਹੀ ਗੁਣ ਜ਼ੋਰ ਨਹੀਂ ਪਾ ਸਕਦੇ, ਤਾਂ (ਸੁਤੇ ਹੀ) ਜਤ ਸਤ ਤੇ ਸੰਜਮ ਉਸ ਦੇ ਹਿਰਦੇ ਵਿਚ ਲੀਨ ਰਹਿੰਦੇ ਹਨ।੭।
ਸਦਾ-ਥਿਰ ਪ੍ਰਭੂ ਵਿਚ ਟਿਕ ਕੇ ਪਵਿਤ੍ਰ ਹੋਏ ਮਨੁੱਖ ਦੇ ਮਨ ਨੂੰ ਵਿਕਾਰਾਂ ਦੀ ਮੈਲ ਨਹੀਂ ਚੰਬੜਦੀ। ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਸ ਦੀ ਭਟਕਣਾ ਦੂਰ ਹੋ ਜਾਂਦੀ ਹੈ ਉਸ ਦਾ (ਦੁਨੀਆ ਵਾਲਾ) ਡਰ-ਸਹਮ ਮੁੱਕ ਜਾਂਦਾ ਹੈ।
ਨਾਨਕ (ਭੀ) ਉਸ ਸਦਾ-ਥਿਰ ਹਸਤੀ ਵਾਲੇ ਪ੍ਰਭੂ (ਦੇ ਦਰ ਤੋਂ ਨਾਮ ਦੀ ਦਾਤਿ) ਮੰਗਦਾ ਹੈ ਜਿਸ ਵਰਗਾ ਹੋਰ ਕੋਈ ਨਹੀਂ ਹੈ ਜਿਸ ਦੀ (ਸੋਹਣੀ) ਸੂਰਤ ਤੇ ਜਿਸ ਦਾ ਵਜੂਦ ਆਦਿ ਤੋਂ ਹੀ ਚਲਿਆ ਆ ਰਿਹਾ ਹੈ।੮।੧।
*┈┉┅━❀꧁ੴ꧂❀━┅┉┈*
||ਅੱਜ ਦਾ ਫੁਰਮਾਨ|| ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ ਪਾਤਸ਼ਾਹੀ ੯ਵੀਂ (ਪਟਿਆਲਾ) ||
ਧਨਾਸਰੀ ਮਹਲਾ ੩ ਘਰੁ ੨ ਚਉਪਦੇ ੴ ਸਤਿਗੁਰ ਪ੍ਰਸਾਦਿ ॥ ਇਹੁ ਧਨੁ ਅਖੁਟੁ ਨ ਨਿਖੁਟੈ ਨ ਜਾਇ ॥ ਪੂਰੈ ਸਤਿਗੁਰਿ ਦੀਆ ਦਿਖਾਇ ॥ ਅਪੁਨੇ ਸਤਿਗੁਰ ਕਉ ਸਦ ਬਲਿ ਜਾਈ ॥ ਗੁਰ ਕਿਰਪਾ ਤੇ ਹਰਿ ਮੰਨਿ ਵਸਾਈ ॥੧॥ ਸੇ ਧਨਵੰਤ ਹਰਿ ਨਾਮਿ ਲਿਵ ਲਾਇ ॥ ਗੁਰਿ ਪੂਰੈ ਹਰਿ ਧਨੁ ਪਰਗਾਸਿਆ ਹਰਿ ਕਿਰਪਾ ਤੇ ਵਸੈ ਮਨਿ ਆਇ ॥ ਰਹਾਉ ॥ ਅਵਗੁਣ ਕਾਟਿ ਗੁਣ ਰਿਦੈ ਸਮਾਇ ॥ ਪੂਰੇ ਗੁਰ ਕੈ ਸਹਜਿ ਸੁਭਾਇ ॥ ਪੂਰੇ ਗੁਰ ਕੀ ਸਾਚੀ ਬਾਣੀ ॥ ਸੁਖ ਮਨ ਅੰਤਰਿ ਸਹਜਿ ਸਮਾਣੀ ॥੨॥ ਏਕੁ ਅਚਰਜੁ ਜਨ ਦੇਖਹੁ ਭਾਈ ॥ ਦੁਬਿਧਾ ਮਾਰਿ ਹਰਿ ਮੰਨਿ ਵਸਾਈ ॥ ਨਾਮੁ ਅਮੋਲਕੁ ਨ ਪਾਇਆ ਜਾਇ ॥ ਗੁਰ ਪਰਸਾਦਿ ਵਸੈ ਮਨਿ ਆਇ ॥੩॥ ਸਭ ਮਹਿ ਵਸੈ ਪ੍ਰਭੁ ਏਕੋ ਸੋਇ ॥ ਗੁਰਮਤੀ ਘਟਿ ਪਰਗਟੁ ਹੋਇ ॥ ਸਹਜੇ ਜਿਨਿ ਪ੍ਰਭੁ ਜਾਣਿ ਪਛਾਣਿਆ ॥ ਨਾਨਕ ਨਾਮੁ ਮਿਲੈ ਮਨੁ ਮਾਨਿਆ ॥੪॥੧॥ {ਪੰਨਾ 663}
ਪਦਅਰਥ: ਅਖੁਟੁ = ਕਦੇ ਨਾਹ ਮੁੱਕਣ ਵਾਲਾ। ਨ ਨਿਖੁਟੈ = ਮੁੱਕਦਾ ਨਹੀਂ। ਨ ਜਾਇ = ਨਾਹ ਨਾਸ ਹੁੰਦਾ ਹੈ। ਸਤਿਗੁਰਿ = ਗੁਰੂ ਨੇ। ਕਉ = ਨੂੰ, ਤੋਂ। ਸਦ = ਸਦਾ। ਬਲਿ ਜਾਈ = ਬਲਿ ਜਾਈਂ, ਸਦਕੇ ਜਾਂਦਾ ਹਾਂ। ਤੇ = ਨਾਲ, ਤੋਂ। ਮੰਨਿ = ਮਨਿ, ਮਨ ਵਿਚ। ਵਸਾਈ = ਵਸਾਈਂ, ਮੈਂ ਵਸਾਂਦਾ ਹਾਂ।੧।
ਸੇ = ਉਹ {ਬਹੁ-ਵਚਨ}। ਨਾਮਿ = ਨਾਮ ਵਿਚ। ਲਿਵ = ਲਗਨ। ਲਾਇ = ਲਾ ਕੇ। ਗੁਰਿ = ਗੁਰੂ ਨੇ। ਪਰਗਾਸਿਆ = ਵਿਖਾ ਦਿੱਤਾ। ਕਿਰਪਾ ਤੇ = ਕਿਰਪਾ ਨਾਲ। ਮਨਿ = ਮਨ ਵਿਚ।ਰਹਾਉ।
ਕਾਟਿ = ਕੱਟ ਕੇ, ਦੂਰ ਕਰ ਕੇ। ਰਿਦੈ = ਹਿਰਦੇ ਵਿਚ। ਸਮਾਇ = ਟਿਕਾ ਦੇਂਦਾ ਹੈ। ਗੁਰ ਕੈ = ਗੁਰੂ ਦੀ ਰਾਹੀਂ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਇ = ਪ੍ਰੇਮ ਵਿਚ। ਸਾਚੀ = ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲੀ। ਸੁਖ = ਆਤਮਕ ਆਨੰਦ {ਬਹੁ-ਵਚਨ}। ਮਨ ਅੰਤਰਿ = ਮਨ ਵਿਚ।੨।
ਅਚਰਜੁ = ਹੈਰਾਨ ਕਰਨ ਵਾਲਾ ਤਮਾਸ਼ਾ। ਜਨ = ਹੇ ਜਨੋ! ਭਾਈ = ਹੇ ਭਾਈ! ਦੁਬਿਧਾ = ਮਨ ਦੀ ਡਾਂਵਾਂ = ਡੋਲ ਹਾਲਤ, ਮੇਰ = ਤੇਰ। ਮੰਨਿ = ਮਨਿ, ਮਨ ਵਿਚ। ਅਮੋਲਕੁ = ਜੇ ਕਿਸੇ ਭੀ ਕੀਮਤ ਤੋਂ ਨਹੀਂ ਮਿਲ ਸਕਦਾ। ਪਰਸਾਦਿ = ਕਿਰਪਾ ਨਾਲ। ਆਇ = ਆ ਕੇ।੩।
ਸਭ ਮਹਿ = ਸਭ ਜੀਵਾਂ ਵਿਚ। ਸੋਇ = ਉਹੀ। ਗੁਰਮਤਿ = ਗੁਰੂ ਦੀ ਮਤਿ ਉਤੇ ਤੁਰਿਆਂ। ਘਟਿ = ਹਿਰਦੇ ਵਿਚ। ਸਹਜੇ = ਸਹਜਿ, ਆਤਮਕ ਅਡੋਲਤਾ ਵਿਚ। ਜਿਨਿ = ਜਿਸ (ਮਨੁੱਖ) ਨੇ। ਜਾਣਿ = ਸਾਂਝ ਪਾ ਕੇ। ਮਾਨਿਆ = ਪਤੀਜ ਜਾਂਦਾ ਹੈ।੪।
ਅਰਥ: (ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ) ਪੂਰੇ ਗੁਰੂ ਨੇ ਪਰਮਾਤਮਾ ਦੇ ਨਾਮ ਦਾ ਧਨ ਪਰਗਟ ਕਰ ਦਿੱਤਾ, ਉਹ ਮਨੁੱਖ ਪਰਮਾਤਮਾ ਦੇ ਨਾਮ ਵਿਚ ਸੁਰਤਿ ਜੋੜ ਕੇ (ਆਤਮਕ ਜੀਵਨ ਦੇ) ਸ਼ਾਹ ਬਣ ਗਏ। ਹੇ ਭਾਈ! ਇਹ ਨਾਮ-ਧਨ ਪਰਮਾਤਮਾ ਦੀ ਕਿਰਪਾ ਨਾਲ ਮਨ ਵਿਚ ਆ ਕੇ ਵੱਸਦਾ ਹੈ।ਰਹਾਉ।
ਹੇ ਭਾਈ! ਇਹ ਨਾਮ-ਖ਼ਜ਼ਾਨਾ ਕਦੇ ਮੁੱਕਣ ਵਾਲਾ ਨਹੀਂ, ਨਾਹ ਇਹ (ਖ਼ਰਚਿਆਂ) ਮੁੱਕਦਾ ਹੈ, ਨਾਹ ਇਹ ਗਵਾਚਦਾ ਹ ੈ। (ਇਸ ਧਨ ਦੀ ਇਹ ਸਿਫ਼ਤਿ ਮੈਨੂੰ) ਪੂਰੇ ਗੁਰੂ ਨੇ ਵਿਖਾ ਦਿੱਤੀ ਹੈ। (ਹੇ ਭਾਈ!) ਮੈਂ ਆਪਣੇ ਗੁਰੂ ਤੋਂ ਸਦਾ ਸਦਕੇ ਜਾਂਦਾ ਹਾਂ, ਗੁਰੂ ਦੀ ਕਿਰਪਾ ਨਾਲ ਪਰਮਾਤਮਾ (ਦਾ ਨਾਮ-ਧਨ ਆਪਣੇ) ਮਨ ਵਿਚ ਵਸਾਂਦਾ ਹਾਂ।੧।
(ਹੇ ਭਾਈ! ਗੁਰੂ ਸਰਨ ਆਏ ਮਨੁੱਖ ਦੇ) ਔਗੁਣ ਦੂਰ ਕਰ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ (ਉਸ ਦੇ) ਹਿਰਦੇ ਵਿਚ ਵਸਾ ਦੇਂਦਾ ਹੈ। (ਹੇ ਭਾਈ!) ਪੂਰੇ ਗੁਰੂ ਦੀ (ਉਚਾਰੀ ਹੋਈ) ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲੀ ਬਾਣੀ (ਮਨੁੱਖ ਦੇ) ਮਨ ਵਿਚ ਆਤਮਕ ਹੁਲਾਰੇ ਪੈਦਾ ਕਰਦੀ ਹੈ। (ਇਸ ਬਾਣੀ ਦੀ ਬਰਕਤਿ ਨਾਲ) ਆਤਮਕ ਅਡੋਲਤਾ ਵਿਚ ਸਮਾਈ ਹੋਈ ਰਹਿੰਦੀ ਹੈ।੨।
ਹੇ ਭਾਈ ਜਨੋ! ਇਕ ਹੈਰਾਨ ਕਰਨ ਵਾਲਾ ਤਮਾਸ਼ਾ ਵੇਖੋ। (ਗੁਰੂ ਮਨੁੱਖ ਦੇ ਅੰਦਰੋਂ) ਤੇਰ-ਮੇਰ ਮਿਟਾ ਕੇ ਪਰਮਾਤਮਾ (ਦਾ ਨਾਮ ਉਸ ਦੇ) ਮਨ ਵਿਚ ਵਸਾ ਦੇਂਦਾ ਹੈ। ਹੇ ਭਾਈ! ਪਰਮਾਤਮਾ ਦਾ ਨਾਮ ਅਮੋਲਕ ਹੈ, (ਕਿਸੇ ਭੀ ਦੁਨਿਆਵੀ ਕੀਮਤ ਨਾਲ) ਨਹੀਂ ਮਿਲ ਸਕਦਾ। (ਹਾਂ,) ਗੁਰੂ ਦੀ ਕਿਰਪਾ ਨਾਲ ਮਨ ਵਿਚ ਆ ਵੱਸਦਾ ਹੈ।੩।
(ਹੇ ਭਾਈ! ਭਾਵੇਂ) ਪਰਮਾਤਮਾ ਆਪ ਹੀ ਸਭ ਵਿਚ ਵੱਸਦਾ ਹੈ, (ਪਰ) ਗੁਰੂ ਦੀ ਮਤਿ ਉਤੇ ਤੁਰਿਆਂ ਹੀ (ਮਨੁੱਖ ਦੇ) ਹਿਰਦੇ ਵਿਚ ਪਰਗਟ ਹੁੰਦਾ ਹੈ। ਹੇ ਨਾਨਕ! ਆਤਮਕ ਅਡੋਲਤਾ ਵਿਚ ਟਿਕ ਕੇ ਜਿਸ ਮਨੁੱਖ ਨੇ ਪ੍ਰਭੂ ਨਾਲ ਡੂੰਘੀ ਸਾਂਝ ਪਾ ਕੇ (ਉਸ ਨੂੰ ਆਪਣੇ ਅੰਦਰ ਵੱਸਦਾ) ਪਛਾਣ ਲਿਆ ਹੈ, ਉਸ ਨੂੰ ਪਰਮਾਤਮਾ ਦਾ ਨਾਮ (ਸਦਾ ਲਈ) ਪ੍ਰਾਪਤ ਹੋ ਜਾਂਦਾ ਹੈ, ਉਸ ਦਾ ਮਨ (ਪਰਮਾਤਮਾ ਦੀ ਯਾਦ ਵਿਚ) ਪਤੀਜਿਆ ਰਹਿੰਦਾ ਹੈ।੪।
*┈┉┅━❀꧁ੴ꧂❀━┅┉┈*
||ਅੱਜ ਦਾ ਫੁਰਮਾਨ|| ਗੁਰਦੁਆਰਾ ਸ੍ਰੀ ਪੰੰਜੋਖਰਾ ਸਾਹਿਬ ਪਾਤਸ਼ਾਹੀ: ਅੱੱਠਵੀਂ (ਅੰਬਾਲਾ)
*┈┉┅━❀꧁ੴ꧂❀━┅┉┈*
||ਅੱਜ ਦਾ ਫੁਰਮਾਨ|| ਗੁਰਦੁਆਰਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ, ਸ਼ਹੀਦ ਗੰਜ ਸਾਹਿਬ, ਅੰਮ੍ਰਿਤਸਰ ||
ਪਹਿਲ ਪੁਰੀਏ ਪੁੰਡਰਕ ਵਨਾ ॥ ਤਾ ਚੇ ਹੰਸਾ ਸਗਲੇ ਜਨਾਂ ॥ ਕ੍ਰਿਸ੍ਨਾ ਤੇ ਜਾਨਊ ਹਰਿ ਹਰਿ ਨਾਚੰਤੀ ਨਾਚਨਾ ॥੧॥ ਪਹਿਲ ਪੁਰਸਾਬਿਰਾ ॥ ਅਥੋਨ ਪੁਰਸਾਦਮਰਾ ॥ ਅਸਗਾ ਅਸ ਉਸਗਾ ॥ ਹਰਿ ਕਾ ਬਾਗਰਾ ਨਾਚੈ ਪਿੰਧੀ ਮਹਿ ਸਾਗਰਾ ॥੧॥ ਰਹਾਉ ॥ ਨਾਚੰਤੀ ਗੋਪੀ ਜੰਨਾ ॥ ਨਈਆ ਤੇ ਬੈਰੇ ਕੰਨਾ ॥ ਤਰਕੁ ਨ ਚਾ ॥ ਭ੍ਰਮੀਆ ਚਾ ॥ ਕੇਸਵਾ ਬਚਉਨੀ ਅਈਏ ਮਈਏ ਏਕ ਆਨ ਜੀਉ ॥੨॥ ਪਿੰਧੀ ਉਭਕਲੇ ਸੰਸਾਰਾ ॥ ਭ੍ਰਮਿ ਭ੍ਰਮਿ ਆਏ ਤੁਮ ਚੇ ਦੁਆਰਾ ॥ ਤੂ ਕੁਨੁ ਰੇ ॥ ਮੈ ਜੀ ॥ ਨਾਮਾ ॥ ਹੋ ਜੀ ॥ ਆਲਾ ਤੇ ਨਿਵਾਰਣਾ ਜਮ ਕਾਰਣਾ ॥੩॥੪॥ {ਪੰਨਾ 693}
ਪਦਅਰਥ: ਪਹਿਲ ਪੁਰੀਏ = ਪਹਿਲਾਂ ਪਹਿਲ। {ਪੁਰਾ (पुरा) ਸੰਸਕ੍ਰਿਤ ਪਦ ਹੈ, ਇਸ ਦਾ ਅਰਥ ਹੈ 'ਪਹਿਲਾਂ'}। ਪੁੰਡਰਕ ਵਨਾ = ਪੁੰਡਰਕਾਂ ਦਾ ਬਨ, ਕੌਲ ਫੁੱਲਾਂ ਦਾ ਖੇਤ। ਪੁੰਡਰਕ = {पुंडरीक} ਚਿੱਟਾ ਕੌਲ ਫੁੱਲ। ਤਾ ਚੇ = ਉਸ (ਪੁੰਡਰਕ ਵਨ) ਦੇ, ਉਸ (ਕੌਲ ਫੁੱਲਾਂ ਦੇ ਖੇਤ) ਦੇ। ਸਗਲੇ ਜਨਾਂ = ਸਾਰੇ ਜੀਅ ਜੰਤ। ਕ੍ਰਿਸ੍ਨਾ = ਮਾਇਆ। ਤੇ = ਤੋਂ। ਜਾਨਊ = ਜਾਣੋ, ਸਮਝੋ। ਹਰਿ ਕ੍ਰਿਸ੍ਨਾ = ਪ੍ਰਭੂ ਦੀ ਮਾਇਆ। ਹਰਿ ਨਾਚਨਾ = ਪ੍ਰਭੂ ਦੀ ਨਾਚ ਕਰਨ ਵਾਲੀ (ਸ੍ਰਿਸ਼ਟੀ) । ਨਾਚੰਤੀ = ਨੱਚ ਰਹੀ ਹੈ।੧।
ਪੁਰਸਾਬਿਰਾ = ਪੁਰਸ = ਆਬਿਰਾ। ਪੁਰਸ = ਪਰਮਾਤਮਾ। ਆਬਿਰਾ = ਪਰਗਟ (ਹੋਇਆ) । ਆਬਿਰ ਭੂ = {आविर भु } ਪਰਗਟ ਹੋਣਾ। ਅਥੋਨ = ਉਸ ਤੋਂ ਪਿਛੋਂ, ਫਿਰ। ਪੁਰਸਾਦਮਰਾ = ਪੁਰਸ਼ਾਤ = ਅਮਰਾ {पुरूषात् = अमरा} ਪੁਰਸ਼ ਤੋਂ ਮਾਇਆ। ਅਮਰਾ = ਮਾਇਆ, ਕੁਦਰਤ। ਅਸ ਗਾ = ਇਸ ਦਾ। ਅਸ = ਅਤੇ। ਉਸ ਗਾ = ਉਸ ਦਾ। ਬਾਗਰਾ = ਸੋਹਣਾ ਜਿਹਾ ਬਾਗ਼। ਪਿੰਧੀ = ਟਿੰਡਾਂ। ਸਾਗਰਾ = ਸਮੁੰਦਰ, ਪਾਣੀ।੧।ਰਹਾਉ।
ਗੋਪੀ ਜੰਨਾ = ਇਸਤ੍ਰੀਆਂ ਅਤੇ ਮਰਦ। ਨਈਆ = ਨਾਇਕ, ਪਰਮਾਤਮਾ। ਤੇ = ਤੋਂ। ਬੈਰੇ = ਵੱਖਰੇ। ਕੰਨਾ = ਕੋਈ ਨਹੀਂ। ਕੇਸਵਾ ਬਚਉਨੀ = ਕੇਸ਼ਵ ਦੇ ਬਚਨ ਹੀ। ਅਈਏ ਮਈਏ = ਇਸਤ੍ਰੀ ਮਰਦ ਵਿਚ। ਅਈਆ = {अर्या} ਇਸਤ੍ਰੀ। ਮਈਆ {मर्य} ਮਨੁੱਖ। ਏਕ ਆਨ = {एकायन = ਇਕ ਅਯਨ। ਅਯਨ = ਰਸਤਾ} ਇੱਕੋ ਰਾਹੇ, ਇੱਕ = ਰਸ।੨।
ਉਭਕਲੇ = ਡੁਬਕੀਆਂ। ਸੰਸਾਰਾ = ਸੰਸਾਰ (ਸਮੁੰਦਰ) ਵਿਚ। ਭ੍ਰਮਿ ਭ੍ਰਮਿ = ਭਟਕ ਭਟਕ ਕੇ। ਤੁਮ ਚੇ = ਤੇਰੇ। ਚੇ = ਦੇ। ਰੇ = ਹੇ ਭਾਈ! ਕੁਨੁ = ਕੌਣ? ਜੀ = ਹੇ (ਪ੍ਰਭੂ) ਜੀ! ਆਲਾ = ਆਲਯ, ਘਰ, ਜਗਤ ਦਾ ਜੰਜਾਲ। ਤੇ = ਤੋਂ। ਨਿਵਾਰਣਾ = ਬਚਾ ਲੈ। ਜਮ ਕਾਰਣਾ = ਜਮਾਂ (ਦੇ ਡਰ) ਦਾ ਕਾਰਨ।
ਨੋਟ: ਲਫ਼ਜ਼ 'ਆਲਾ' ਦਾ ਅਰਥ ਕਈ ਸੱਜਣ 'ਆਇਆ' ਕਰਦੇ ਹਨ। ਇਸ ਲਫ਼ਜ਼ 'ਆਲਾ' ਨੂੰ ਉਹ ਧਾਤੂ 'ਆ' ਦਾ 'ਭੂਤਕਾਲ' ਮੰਨਦੇ ਹਨ। ਮਰਾਠੀ ਬੋਲੀ ਵਿਚ ਕਿਸੇ ਧਾਤੂ ਤੋਂ 'ਭੂਤਕਾਲ' ਬਣਾਣ ਲਈ ਪਿਛੇਤਰ 'ਲਾ' ਵਰਤੀਦਾ ਹੈ। ਪਰ ਧਾਤੂ 'ਆ' ਤੋਂ ਮਰਾਠੀ ਵਿਚ 'ਆਲਾ' ਭੂਤਕਾਲ ਨਹੀਂ ਬਣਦਾ, 'ਆ' ਅਤੇ 'ਲਾ' ਦੇ ਵਿਚਕਾਰ 'ਇ' ਭੀ ਵਰਤੀ ਜਾਂਦੀ ਹੈ। 'ਆ' ਤੋਂ ਭੂਤਕਾਲ 'ਆਇਲਾ' ਹੈ; ਜਿਵੇਂ:
"ਗਰੁੜ ਚੜੇ ਗੋਬਿੰਦੁ ਆਇਲਾ" {ਨਾਮਦੇਵ ਜੀ}
ਲਫ਼ਜ਼ 'ਤੇ' ਦਾ ਉਹ ਸੱਜਣ 'ਅਤੇ' ਅਰਥ ਕਰਦੇ ਹਨ। ਇਹ ਭੀ ਗ਼ਲਤ ਹੈ। 'ਤੇ' ਦਾ ਅਰਥ ਹੈ 'ਤੋਂ'। 'ਅਤੇ' ਵਾਸਤੇ ਪੁਰਾਣੀ ਪੰਜਾਬੀ ਵਿਚ ਲਫ਼ਜ਼ 'ਤੈ' ਹੈ।੩।
ਅਰਥ: ਪਹਿਲਾਂ ਪੁਰਸ਼ (ਅਕਾਲ ਪੁਰਖ) ਪਰਗਟ ਹੋਇਆ {"ਆਪੀਨ੍ਹ੍ਹੈ ਆਪੁ ਸਾਜਿਓ, ਆਪੀਨ੍ਹ੍ਹੈ ਰਚਿਓ ਨਾਉ"}। ਫਿਰ ਅਕਾਲ ਪੁਰਖ ਤੋਂ ਮਾਇਆ (ਬਣੀ) ("ਦੁਯੀ ਕੁਦਰਤਿ ਸਾਜੀਐ") । ਇਸ ਮਾਇਆ ਦਾ ਅਤੇ ਉਸ ਅਕਾਲ ਪੁਰਖ ਦਾ (ਮੇਲ ਹੋਇਆ) ("ਕਰਿ ਆਸਣੁ ਡਿਠੋ ਚਾਉ") । (ਇਸ ਤਰ੍ਹਾਂ ਇਹ ਸੰਸਾਰ) ਪਰਮਾਤਮਾ ਦਾ ਇਕ ਸੋਹਣਾ ਜਿਹਾ ਬਾਗ਼ (ਬਣ ਗਿਆ ਹੈ, ਜੋ) ਇਉਂ ਨੱਚ ਰਿਹਾ ਹੈ ਜਿਵੇਂ (ਖੂਹ ਦੀਆਂ) ਟਿੰਡਾਂ ਵਿਚ ਪਾਣੀ ਨੱਚਦਾ ਹੈ (ਭਾਵ, ਸੰਸਾਰ ਦੇ ਜੀਵ ਮਾਇਆ ਵਿਚ ਮੋਹਿਤ ਹੋ ਕੇ ਦੌੜ-ਭੱਜ ਕਰ ਰਹੇ ਹਨ, ਮਾਇਆ ਦੇ ਹੱਥਾਂ ਉੱਤੇ ਨੱਚ ਰਹੇ ਹਨ) ।੧।ਰਹਾਉ।
ਪਹਿਲਾਂ ਪਹਿਲ (ਜੋ ਜਗਤ ਬਣਿਆ ਹੈ ਉਹ, ਮਾਨੋ) ਕੌਲ ਫੁੱਲਾਂ ਦਾ ਖੇਤ ਹੈ, ਸਾਰੇ ਜੀਅ ਜੰਤ ਉਸ (ਕੌਲ ਫੁੱਲਾਂ ਦੇ ਖੇਤ) ਦੇ ਹੰਸ ਹਨ। ਪਰਮਾਤਮਾ ਦੀ ਇਹ ਰਚਨਾ ਨਾਚ ਕਰ ਰਹੀ ਹੈ। ਇਹ ਪ੍ਰਭੂ ਦੀ ਮਾਇਆ (ਦੀ ਪ੍ਰੇਰਨਾ) ਤੋਂ ਸਮਝੋ।੧।
ਇਸਤ੍ਰੀਆਂ ਮਰਦ ਸਭ ਨੱਚ ਰਹੇ ਹਨ, (ਪਰ ਇਹਨਾਂ ਸਭਨਾਂ ਵਿਚ) ਪਰਮਾਤਮਾ ਤੋਂ ਬਿਨਾ ਕੋਈ ਹੋਰ ਨਹੀਂ ਹੈ। (ਹੇ ਭਾਈ! ਇਸ ਵਿਚ) ਸ਼ੱਕ ਨਾ ਕਰ, (ਇਸ ਸੰਬੰਧੀ) ਭਰਮ ਦੂਰ ਕਰ ਦੇਹ। ਹਰੇਕ ਇਸਤ੍ਰੀ-ਮਰਦ ਵਿਚ ਪਰਮਾਤਮਾ ਦੇ ਬਚਨ ਹੀ ਇੱਕ-ਰਸ ਹੋ ਰਹੇ ਹਨ (ਭਾਵ, ਹਰੇਕ ਜੀਵ ਵਿਚ ਪਰਮਾਤਮਾ ਆਪ ਹੀ ਬੋਲ ਰਿਹਾ ਹੈ) ।੨।
(ਹੇ ਭਾਈ! ਜੀਵ-) ਟਿੰਡਾਂ ਸੰਸਾਰ-ਸਮੁੰਦਰ ਵਿਚ ਡੁਬਕੀਆਂ ਲੈ ਰਹੀਆਂ ਹਨ। ਹੇ ਪ੍ਰਭੂ! ਭਟਕ ਭਟਕ ਕੇ ਮੈਂ ਤੇਰੇ ਦਰ ਤੇ ਆ ਡਿੱਗਾ ਹਾਂ। ਹੇ (ਪ੍ਰਭੂ) ਜੀ! ਜੇ ਤੂੰ ਮੈਨੂੰ ਪੁੱਛੇਂ-) ਤੂੰ ਕੌਣ ਹੈਂ? (ਤਾਂ) ਹੇ ਜੀ! ਮੈਂ ਨਾਮਾ ਹਾਂ। ਮੈਨੂੰ ਜਗਤ ਦੇ ਜੰਜਾਲ ਤੋਂ, ਜੋ ਕਿ ਜਮਾਂ (ਦੇ ਡਰ) ਦਾ ਕਾਰਨ ਹੈ, ਬਚਾ ਲੈ।੩, ੪।
*┈┉┅━❀꧁ੴ꧂❀━┅┉┈*
||ਅੱਜ ਦਾ ਫੁਰਮਾਨ|| ਗੁਰਦੁਆਰਾ ਸ਼੍ਰੀ ਕੰਧ ਸਾਹਿਬ ਬਟਾਲਾ ||
ਬਿਲਾਵਲੁ ਮਹਲਾ ੫ ॥ ਮਾਤ ਪਿਤਾ ਸੁਤ ਬੰਧਪ ਭਾਈ ॥ ਨਾਨਕ ਹੋਆ ਪਾਰਬ੍ਰਹਮੁ ਸਹਾਈ ॥੧॥ ਸੂਖ ਸਹਜ ਆਨੰਦ ਘਣੇ ॥ ਗੁਰੁ ਪੂਰਾ ਪੂਰੀ ਜਾ ਕੀ ਬਾਣੀ ਅਨਿਕ ਗੁਣਾ ਜਾ ਕੇ ਜਾਹਿ ਨ ਗਣੇ ॥੧॥ ਰਹਾਉ ॥ਸਗਲ ਸਰੰਜਾਮ ਕਰੇ ਪ੍ਰਭੁ ਆਪੇ ॥ ਭਏ ਮਨੋਰਥ ਸੋ ਪ੍ਰਭੁ ਜਾਪੇ ॥੨॥ ਅਰਥ ਧਰਮ ਕਾਮ ਮੋਖ ਕਾ ਦਾਤਾ ॥ ਪੂਰੀ ਭਈ ਸਿਮਰਿ ਸਿਮਰਿ ਬਿਧਾਤਾ ॥੩॥ ਸਾਧਸੰਗਿ ਨਾਨਕਿ ਰੰਗੁ ਮਾਣਿਆ ॥ ਘਰਿ ਆਇਆ ਪੂਰੈ ਗੁਰਿ ਆਣਿਆ ॥੪॥੧੨॥੧੭॥ {ਪੰਨਾ 805}
ਪਦਅਰਥ: ਮਾਤ = ਮਾਂ। ਸੁਤ = ਪੁੱਤਰ। ਬੰਧਪ = ਰਿਸ਼ਤੇਦਾਰ। ਭਾਈ = ਭਰਾ। ਨਾਨਕ ਸਹਾਈ = ਨਾਨਕ ਦਾ ਮਦਦਗਾਰ।੧।
ਸਹਜ = ਆਤਮਕ ਅਡੋਲਤਾ। ਘਣੇ = ਬਹੁਤ। ਜਾ ਕੀ = ਜਿਸ (ਗੁਰੂ) ਦੀ। ਜਾ ਕੇ = ਜਿਸ (ਗੁਰੂ ਦੇ) ।੧।ਰਹਾਉ।
ਸਰੰਜਾਮ = ਕੰਮ ਸਿਰੇ ਚਾੜ੍ਹਨ ਦੇ ਉੱਦਮ। ਸਗਲ = ਸਾਰੇ। ਆਪੇ = ਆਪ ਹੀ। ਜਾਪੇ = ਜਪਿਆਂ।੨।
ਪੂਰੀ ਭਈ = ਘਾਲ ਸਿਰੇ ਚੜ੍ਹ ਗਈ। ਸਿਮਰਿ = ਸਿਮਰ ਕੇ। ਬਿਧਾਤਾ = ਸਿਰਜਣਹਾਰ ਪ੍ਰਭੂ।੩।
ਨਾਨਕਿ = ਨਾਨਕ ਨੇ। ਘਰਿ = ਹਿਰਦੇ = ਘਰ ਵਿਚ। ਗੁਰਿ = ਗੁਰੂ ਨੇ। ਆਣਿਆ = ਲਿਆਂਦਾ ਹੈ।੪।
ਅਰਥ: ਹੇ ਭਾਈ! ਜੇਹੜਾ ਗੁਰੂ (ਸਭ ਗੁਣਾਂ ਨਾਲ) ਭਰਪੂਰ ਹੈ, ਜਿਸ ਗੁਰੂ ਦੀ ਬਾਣੀ (ਆਤਮਕ ਆਨੰਦ ਨਾਲ) ਭਰਪੂਰ ਹੈ, ਜਿਸ ਗੁਰੂ ਦੇ ਅਨੇਕਾਂ ਹੀ ਗੁਣ ਹਨ ਜੋ ਗਿਣਨ-ਗੋਚਰੇ ਨਹੀਂ, (ਉਸ ਗੁਰੂ ਦੀ ਸਰਨ ਪਿਆਂ) ਆਤਮਕ ਅਡੋਲਤਾ ਦੇ ਅਨੇਕਾਂ ਸੁਖ ਆਨੰਦ ਮਿਲ ਜਾਂਦੇ ਹਨ।੧।ਰਹਾਉ।
ਹੇ ਭਾਈ! ਮਾਂ, ਪਿਉ, ਪੁੱਤਰ, ਰਿਸ਼ਤੇਦਾਰ, ਭਰਾ (ਇਹਨਾਂ ਸਭਨਾਂ ਵਾਂਗ) ਪਰਮਾਤਮਾ ਹੀ ਨਾਨਕ ਦਾ ਮਦਦਗਾਰ ਬਣਿਆ ਹੋਇਆ ਹੈ।੧।
ਹੇ ਭਾਈ! ਪ੍ਰਭੂ ਆਪ ਹੀ (ਸਰਨ ਪਏ ਮਨੁੱਖ ਦੇ) ਸਾਰੇ ਕੰਮ ਸਿਰੇ ਚਾੜ੍ਹਨ ਦੇ ਪ੍ਰਬੰਧ ਕਰਦਾ ਹੈ, ਉਸ ਪ੍ਰਭੂ ਦਾ ਨਾਮ ਜਪਿਆਂ ਮਨ ਦੀਆਂ ਸਾਰੀਆਂ ਕਾਮਨਾਂ ਪੂਰੀਆਂ ਹੋ ਜਾਂਦੀਆਂ ਹਨ।੨।
ਹੇ ਭਾਈ! ਦੁਨੀਆ ਦੇ ਪ੍ਰਸਿੱਧ ਮੰਨੇ ਹੋਏ ਚਾਰ ਪਦਾਰਥਾਂ) ਧਰਮ ਅਰਥ ਕਾਮ ਮੋਖ ਦਾ ਦੇਣ ਵਾਲਾ ਪਰਮਾਤਮਾ ਆਪ ਹੀ ਹੈ। ਉਸ ਸਿਰਜਣਹਾਰ ਪ੍ਰਭੂ ਦਾ ਨਾਮ ਸਿਮਰ ਸਿਮਰ ਕੇ (ਸਿਮਰਨ ਦੀ) ਘਾਲ-ਕਮਾਈ ਸਫਲ ਹੋ ਜਾਂਦੀ ਹੈ।੩।
ਹੇ ਭਾਈ! ਨਾਨਕ ਨੇ (ਤਾਂ) ਗੁਰੂ ਦੀ ਸੰਗਤਿ ਵਿਚ ਰਹਿ ਕੇ ਆਤਮਕ ਆਨੰਦ ਮਾਣਿਆ ਹੈ, (ਗੁਰੂ ਦੀ ਕਿਰਪਾ ਨਾਲ) ਪਰਮਾਤਮਾ (ਨਾਨਕ ਦੇ) ਹਿਰਦੇ ਵਿਚ ਆ ਵੱਸਿਆ ਹੈ, ਪੂਰੇ ਗੁਰੂ ਨੇ ਲਿਆ ਕੇ ਵਸਾ ਦਿੱਤਾ ਹੈ।੪।੧੨।੧੭।
*┈┉┅━❀꧁ੴ꧂❀━┅┉┈*
||ਅੱਜ ਦਾ ਫੁਰਮਾਨ|| ਗੁਰਦੁਆਰਾ ਸ਼੍ਰੀ ਪਾਉਂਟਾ ਸਾਹਿਬ ਪਾਤਸ਼ਾਹੀ ੧੦ ਵੀਂ (ਹਿਮਾਚਲ ਪ੍ਰਦੇਸ਼)||
*┈┉┅━❀꧁ੴ꧂❀━┅┉┈*
||ਅੱਜ ਦਾ ਫੁਰਮਾਨ|| ਗੁਰਦੁਆਰਾ ਸ਼੍ਰੀ ਬਾਉਲੀ ਸਾਹਿਬ, ਗੋਇੰਦਵਾਲ ਸਾਹਿਬ ||
ਸੂਹੀ ਮਹਲਾ ੧ ਕਾਫੀ ਘਰੁ ੧੦ ੴ ਸਤਿਗੁਰ ਪ੍ਰਸਾਦਿ ॥ ਮਾਣਸ ਜਨਮੁ ਦੁਲੰਭੁ ਗੁਰਮੁਖਿ ਪਾਇਆ ॥ ਮਨੁ ਤਨੁ ਹੋਇ ਚੁਲੰਭੁ ਜੇ ਸਤਿਗੁਰ ਭਾਇਆ ॥੧॥ ਚਲੈ ਜਨਮੁ ਸਵਾਰਿ ਵਖਰੁ ਸਚੁ ਲੈ ॥ ਪਤਿ ਪਾਏ ਦਰਬਾਰਿ ਸਤਿਗੁਰ ਸਬਦਿ ਭੈ ॥੧॥ ਰਹਾਉ ॥ਮਨਿ ਤਨਿ ਸਚੁ ਸਲਾਹਿ ਸਾਚੇ ਮਨਿ ਭਾਇਆ ॥ ਲਾਲਿ ਰਤਾ ਮਨੁ ਮਾਨਿਆ ਗੁਰੁ ਪੂਰਾ ਪਾਇਆ ॥੨॥ ਹਉ ਜੀਵਾ ਗੁਣ ਸਾਰਿ ਅੰਤਰਿ ਤੂ ਵਸੈ ॥ ਤੂੰ ਵਸਹਿ ਮਨ ਮਾਹਿ ਸਹਜੇ ਰਸਿ ਰਸੈ ॥੩॥ ਮੂਰਖ ਮਨ ਸਮਝਾਇ ਆਖਉ ਕੇਤੜਾ ॥ ਗੁਰਮੁਖਿ ਹਰਿ ਗੁਣ ਗਾਇ ਰੰਗਿ ਰੰਗੇਤੜਾ ॥੪॥ ਨਿਤ ਨਿਤ ਰਿਦੈ ਸਮਾਲਿ ਪ੍ਰੀਤਮੁ ਆਪਣਾ ॥ ਜੇ ਚਲਹਿ ਗੁਣ ਨਾਲਿ ਨਾਹੀ ਦੁਖੁ ਸੰਤਾਪਣਾ ॥੫॥ ਮਨਮੁਖ ਭਰਮਿ ਭੁਲਾਣਾ ਨਾ ਤਿਸੁ ਰੰਗੁ ਹੈ ॥ ਮਰਸੀ ਹੋਇ ਵਿਡਾਣਾ ਮਨਿ ਤਨਿ ਭੰਗੁ ਹੈ ॥੬॥ ਗੁਰ ਕੀ ਕਾਰ ਕਮਾਇ ਲਾਹਾ ਘਰਿ ਆਣਿਆ ॥ ਗੁਰਬਾਣੀ ਨਿਰਬਾਣੁ ਸਬਦਿ ਪਛਾਣਿਆ ॥੭॥ ਇਕ ਨਾਨਕ ਕੀ ਅਰਦਾਸਿ ਜੇ ਤੁਧੁ ਭਾਵਸੀ ॥ ਮੈ ਦੀਜੈ ਨਾਮ ਨਿਵਾਸੁ ਹਰਿ ਗੁਣ ਗਾਵਸੀ ॥੮॥੧॥੩॥ {ਪੰਨਾ 751-752}
ਨੋਟ: ਇਹ ਅਸ਼ਟਪਦੀ ਸੂਹੀ ਅਤੇ ਕਾਫੀ ਦੋਹਾਂ ਮਿਲਵੀਆਂ ਰਾਗਣੀਆਂ ਵਿਚ ਗਾਈ ਜਾਣੀ ਹੈ। ਕਾਫੀ ਇਕ ਰਾਗਣੀ ਦਾ ਨਾਮ ਹੈ।
ਪਦਅਰਥ: ਮਾਣਸ ਜਨਮੁ = ਮਨੁੱਖਾ ਜਨਮ। ਦੁਲੰਭੁ = ਦੁਰਲੱਭ, ਬੜੀ ਮੁਸ਼ਕਲ ਨਾਲ ਮਿਲਣ ਵਾਲਾ। ਪਾਇਆ = ਕਦਰ ਪਾਈ। ਚੁਲੰਭੁ = ਗੂੜ੍ਹਾ ਲਾਲ।੧।
ਸਵਾਰਿ = ਸਵਾਰ ਕੇ। ਵਖਰੁ = ਵਪਾਰ ਦਾ ਸੌਦਾ। ਸਚੁ = ਸਦਾ-ਥਿਰ ਨਾਮ। ਲੈ = ਲੈ ਕੇ। ਪਤਿ = ਇੱਜ਼ਤ। ਦਰਬਾਰਿ = ਪ੍ਰਭੂ ਦੀ ਹਜ਼ੂਰੀ ਵਿਚ। ਭੈ = ਡਰ = ਅਦਬ ਵਿਚ (ਰਹਿ ਕੇ) ।੧।ਰਹਾਉ।
ਮਨਿ = ਮਨ ਵਿਚ। ਤਨਿ = ਸਰੀਰ ਦੀ ਰਾਹੀਂ। ਸਾਲਾਹਿ = ਸਲਾਹ ਕੇ, ਸਿਫ਼ਤਿ-ਸਾਲਾਹ ਕਰ ਕੇ। ਲਾਲਿ = ਲਾਲ (ਰੰਗ) ਵਿਚ। ਰਤਾ = ਰੰਗਿਆ ਗਿਆ।੨।
ਹਉ = ਮੈਂ। ਸਾਰਿ = ਸੰਭਾਲ ਕੇ। ਤੂ ਵਸੈ = 'ਤੂ ਹੀ ਤੂ' ਦਾ ਬੋਲ ਵੱਸ ਪਏ। ਸਹਜੇ = ਸਹਿਜ ਵਿਚ, ਅਡੋਲ ਆਤਮਕ ਅਵਸਥਾ ਵਿਚ। ਰਸਿ = (ਨਾਮ-) ਅੰਮ੍ਰਿਤ ਨਾਲ। ਰਸੈ = ਰਸਦਾ ਹੈ, ਭਿੱਜਦਾ ਹੈ, ਰਚਦਾ ਹੈ।੩।
ਮਨ = ਹੇ ਮਨ! ਆਖਉ = ਮੈਂ ਆਖਾਂ। ਕੇਤੜਾ = ਕਿਤਨਾ ਕੁ? ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਗਾਇ = ਗਾ ਕੇ। ਰੰਗਿ = ਰੰਗ ਵਿਚ। ਰੰਗੇਤੜਾ = ਰੰਗਿਆ ਜਾ।੪।
ਰਿਦੈ = ਹਿਰਦੇ ਵਿਚ। ਸਮਾਲਿ = ਸਾਂਭ। ਸੰਤਾਪਣਾ = ਕਲੇਸ਼ ਦੇ ਸਕਣਾ।੫।
ਰੰਗੁ = (ਨਾਮ ਦੀ) ਲਾਲੀ। ਮਰਸੀ = ਆਤਮਕ ਜੀਵਨ ਗਵਾ ਬੈਠੇਗਾ। ਵਿਡਾਣਾ = ਓਪਰਾ, ਨਿਖਸਮਾ। ਭੰਗੁ = ਤੋਟ, ਵਿਛੋੜਾ।੬।
ਲਾਹਾ = ਲਾਭ। ਆਣਿਆ = ਲਿਆਂਦਾ। ਨਿਰਬਾਣੁ = ਵਾਸਨਾ = ਰਹਿਤ ਪ੍ਰਭੂ।੭।
ਭਾਵਸੀ = ਚੰਗੀ ਲੱਗੇ, ਪਸੰਦ ਆਵੇ। ਮੈ = ਮੈਨੂੰ, ਮੇਰੇ ਹਿਰਦੇ ਵਿਚ। ਗਾਵਸੀ = ਗਾਵੇਗਾ।੮।
ਅਰਥ: ਜੇਹੜਾ ਮਨੁੱਖ ਸਤਿਗੁਰੂ ਦੇ ਸ਼ਬਦ ਦੀ ਰਾਹੀਂ (ਪਰਮਾਤਮਾ ਦੇ) ਡਰ ਅਦਬ ਵਿਚ (ਰਹਿ ਕੇ) ਸਦਾ-ਥਿਰ ਪ੍ਰਭੂ ਦਾ ਨਾਮ-ਸੌਦਾ ਵਿਹਾਝਦਾ ਹੈ ਤੇ ਆਪਣਾ ਜੀਵਨ ਸੋਹਣਾ ਬਣਾ ਕੇ (ਇਥੋਂ) ਤੁਰਦਾ ਹੈ ਉਹ (ਪਰਮਾਤਮਾ ਦੀ) ਦਰਗਾਹ ਵਿਚ ਇੱਜ਼ਤ ਹਾਸਲ ਕਰਦਾ ਹੈ।੧।ਰਹਾਉ।
(ਚੌਰਾਸੀ ਲੱਖ ਜੂਨਾਂ ਵਿਚੋਂ) ਮਨੁੱਖਾ ਜਨਮ ਬੜੀ ਮੁਸ਼ਕਲ ਨਾਲ ਮਿਲਦਾ ਹੈ, ਪਰ ਇਸ ਦੀ ਕਦਰ ਉਹੀ ਮਨੁੱਖ ਜਾਣਦਾ ਹੈ ਜੋ ਗੁਰੂ ਦੀ ਸਰਨ ਪਏ। ਜੇ ਸਤਿਗੁਰੂ ਨੂੰ ਚੰਗਾ ਲੱਗੇ (ਭਾਵ, ਜੇ ਗੁਰੂ ਦੀ ਕਿਰਪਾ ਹੋ ਜਾਏ) ਤਾਂ (ਸਰਨ ਪਏ ਉਸ ਮਨੁੱਖ ਦਾ) ਮਨ ਅਤੇ ਸਰੀਰ (ਪ੍ਰਭੂ ਦੇ ਪ੍ਰੇਮ-ਰੰਗ ਨਾਲ) ਗੂੜ੍ਹਾ ਲਾਲ ਹੋ ਜਾਂਦਾ ਹੈ (ਨਾਮ ਦੀ ਬਰਕਤਿ ਨਾਲ ਉਸ ਨੂੰ ਲਾਲੀ ਚੜ੍ਹੀ ਰਹਿੰਦੀ ਹੈ) ।੧।
ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ ਉਹ ਆਪਣੇ ਮਨ ਅਤੇ ਸਰੀਰ ਦੀ ਰਾਹੀਂ ਸਦਾ-ਥਿਰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰ ਕੇ ਸਦਾ-ਥਿਰ ਪ੍ਰਭੂ ਦੇ ਮਨ ਵਿਚ ਪਿਆਰਾ ਲੱਗਣ ਲੱਗ ਪੈਂਦਾ ਹੈ। ਪ੍ਰਭੂ-ਨਾਮ ਦੀ ਲਾਲੀ ਵਿਚ ਮਸਤ ਹੋਇਆ ਉਸ ਦਾ ਮਨ ਉਸ ਲਾਲੀ ਵਿਚ ਗਿੱਝ ਜਾਂਦਾ ਹੈ (ਉਸ ਤੋਂ ਬਿਨਾ ਰਹਿ ਨਹੀਂ ਸਕਦਾ) ।੨।
ਹੇ ਪ੍ਰਭੂ! ਜੇ ਤੂੰ ਮੇਰੇ ਮਨ ਵਿਚ ਵੱਸ ਪਏਂ, ਤਾਂ ਮੇਰਾ ਮਨ ਅਡੋਲ ਅਵਸਥਾ ਵਿਚ ਟਿਕ ਕੇ ਤੇਰੇ ਨਾਮ ਦੇ ਸੁਆਦ ਵਿਚ ਭਿੱਜ ਜਾਏ, ਤੇਰੇ ਗੁਣ ਚੇਤੇ ਕਰ ਕਰ ਕੇ ਮੇਰੇ ਅੰਦਰ ਆਤਮਕ ਜੀਵਨ ਮੌਲ ਪਏ, ਮੇਰੇ ਅੰਦਰ "ਤੂ ਹੀ ਤੂ" ਦੀ ਧੁਨ ਲੱਗ ਪਏ।੩।
ਹੇ ਮੇਰੇ ਮੂਰਖ ਮਨ! ਮੈਂ ਤੈਨੂੰ ਕਿਤਨਾ ਕੁ ਸਮਝਾ ਸਮਝਾ ਕੇ ਦੱਸਾਂ ਕਿ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰ, ਪਰਮਾਤਮਾ ਦੇ ਨਾਮ-ਰੰਗ ਵਿਚ ਰੰਗਿਆ ਜਾ (ਤੇ ਇਸ ਤਰ੍ਹਾਂ ਆਪਣਾ ਜਨਮ ਮਰਨ ਸੋਹਣਾ ਬਣਾ ਲੈ) ।੪।
ਹੇ ਭਾਈ! ਆਪਣੇ ਪ੍ਰੀਤਮ ਪ੍ਰਭੂ ਨੂੰ ਸਦਾ ਆਪਣੇ ਹਿਰਦੇ ਵਿਚ ਸਾਂਭ ਕੇ ਰੱਖ। ਜੇ ਤੂੰ (ਪ੍ਰਭੂ ਦੀ ਭਗਤੀ ਵਾਲੇ ਚੰਗੇ) ਗੁਣ ਨਾਲ ਲੈ ਕੇ (ਜੀਵਨ ਸਫ਼ਰ ਵਿਚ) ਤੁਰੇਂ ਤਾਂ ਕੋਈ ਦੁੱਖ ਕਲੇਸ਼ ਤੈਨੂੰ ਪੋਹ ਨਹੀਂ ਸਕੇਗਾ।੫।
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦਾ ਮਨ ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ, ਉਸ ਨੂੰ ਪਰਮਾਤਮਾ ਦੇ ਨਾਮ ਦੀ ਲਾਲੀ ਨਹੀਂ ਚੜ੍ਹਦੀ। ਉਹ ਨਿਖਸਮਾ ਹੋ ਕੇ ਆਤਮਕ ਮੌਤ ਸਹੇੜਦਾ ਹੈ, ਉਸ ਦੇ ਮਨ ਵਿਚ ਉਸ ਦੇ ਸਰੀਰ ਵਿਚ (ਪਰਮਾਤਮਾ ਨਾਲੋਂ) ਵਿਛੋੜਾ ਬਣਿਆ ਰਹਿੰਦਾ ਹੈ।੬।
ਜਿਸ ਮਨੁੱਖ ਨੇ ਗੁਰੂ ਦੀ ਦੱਸੀ ਕਾਰ (ਭਗਤੀ) ਕਰ ਕੇ (ਭਗਤੀ ਦਾ) ਲਾਭ ਆਪਣੇ ਹਿਰਦੇ-ਘਰ ਵਿਚ ਲੈ ਆਂਦਾ ਉਸ ਨੇ ਗੁਰੂ ਦੀ ਬਾਣੀ ਦੀ ਬਰਕਤਿ ਨਾਲ ਗੁਰੂ ਦੇ ਸ਼ਬਦ ਵਿਚ ਜੁੜ ਕੇ ਵਾਸਨਾ-ਰਹਿਤ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲਈ।੭।
ਹੇ ਪ੍ਰਭੂ! ਮੇਰੀ ਨਾਨਕ ਦੀ ਅਰਦਾਸ ਭੀ ਇਹੀ ਹੈ ਜੇ ਤੈਨੂੰ ਇਹ ਪਸੰਦ ਆ ਜਾਏ ਤਾਂ ਮੇਰੇ ਹਿਰਦੇ ਵਿਚ ਆਪਣੇ ਨਾਮ ਦਾ ਨਿਵਾਸ ਕਰ ਦੇਹ ਤਾ ਕਿ ਮੈਂ ਤੇਰੇ ਗੁਣ ਗਾਂਦਾ ਰਹਾਂ।੮।੧।੩।
ਨੋਟ: ਇਹ ਅਸਟਪਦੀ 'ਘਰੁ ੧੦' ਦੀ ਹੈ। ਕੁੱਲ ਜੋੜ ੩ ਹੈ।
ਵਾਹਿਗੁਰੂ ਜੀ
ReplyDelete