Shabad Play Touch This Link👆
*┈┉┅━❀꧁ੴ꧂❀━┅┉┈*
||ਅੱਜ ਦਾ ਫੁਰਮਾਨ|| ਸ਼੍ਰੀ ਅਕਾਲ ਤਖ਼ਤ ਸਾਹਿਬ, ਅੰਮ੍ਰਿਤਸਰ ||
*Please cover your head & Remove your shoes before reading Hukamnama sahib Ji*
ਜੈਤਸਰੀ ਮਹਲਾ ੫ ਵਾਰ ਸਲੋਕਾ ਨਾਲਿ ੴ ਸਤਿਗੁਰ ਪ੍ਰਸਾਦਿ ॥ ਸਲੋਕ ॥ ਆਦਿ ਪੂਰਨ ਮਧਿ ਪੂਰਨ ਅੰਤਿ ਪੂਰਨ ਪਰਮੇਸੁਰਹ ॥ ਸਿਮਰੰਤਿ ਸੰਤ ਸਰਬਤ੍ਰ ਰਮਣੰ ਨਾਨਕ ਅਘਨਾਸਨ ਜਗਦੀਸੁਰਹ ॥੧॥ ਪੇਖਨ ਸੁਨਨ ਸੁਨਾਵਨੋ ਮਨ ਮਹਿ ਦ੍ਰਿੜੀਐ ਸਾਚੁ ॥ ਪੂਰਿ ਰਹਿਓ ਸਰਬਤ੍ਰ ਮੈ ਨਾਨਕ ਹਰਿ ਰੰਗਿ ਰਾਚੁ ॥੨॥ {ਪੰਨਾ 705-706}
ਪਦਅਰਥ: ਆਦਿ = ਜਗਤ ਦੇ ਸ਼ੁਰੂ ਤੋਂ। ਪੂਰਨ = ਸਭ ਥਾਂ ਮੌਜੂਦ। ਮਧਿ = ਵਿਚਕਾਰਲੇ ਸਮੇ। ਅੰਤਿ = ਜਗਤ ਦੇ ਮੁੱਕ ਜਾਣ ਤੇ। ਸਰਬਤ੍ਰ ਰਮਣੰ = ਹਰ ਥਾਂ ਵਿਆਪਕ ਪ੍ਰਭੂ ਨੂੰ। ਅਘ = ਪਾਪ। ਜਗਦੀਸੁਰਹ = (ਜਗਤ+ਈਸੁਰ) ਜਗਤ ਦਾ ਮਾਲਕ।੧।
ਪੇਖਨ = ਵੇਖਣ ਵਾਲਾ। ਦ੍ਰਿੜੀਐ = ਪੱਕੀ ਤਰ੍ਹਾਂ ਟਿਕਾ ਰੱਖੀਏ। ਸਾਚੁ = ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ। ਪੂਰਿ ਰਹਿਓ = ਮੌਜੂਦ ਹੈ। ਸਰਬਤ੍ਰ ਮੈ = ਹਰ ਥਾਂ ਵਿਆਪਕ। ਹਰਿ ਰੰਗਿ = ਹਰੀ ਦੇ ਪਿਆਰ ਵਿਚ। ਰਾਚੁ = ਇਕ ਇਕ ਹੋ ਜਾ, ਲੀਨ ਹੋ ਜਾ।੨।
ਅਰਥ: ਸੰਤ ਜਨ ਉਸ ਸਰਬ-ਵਿਆਪਕ ਪਰਮੇਸਰ ਨੂੰ ਸਿਮਰਦੇ ਹਨ ਜੋ ਜਗਤ ਦੇ ਸ਼ੁਰੂ ਤੋਂ ਹਰ ਥਾਂ ਮੌਜੂਦ ਹੈ, ਹੁਣ ਭੀ ਸਰਬ-ਵਿਆਪਕ ਹੈ ਤੇ ਅਖ਼ੀਰ ਵਿਚ ਭੀ ਹਰ ਥਾਂ ਹਾਜ਼ਰ ਨਾਜ਼ਰ ਰਹੇਗਾ। ਹੇ ਨਾਨਕ! ਉਹ ਜਗਤ ਦਾ ਮਾਲਕ ਪ੍ਰਭੂ ਸਭ ਪਾਪਾਂ ਦੇ ਨਾਸ ਕਰਨ ਵਾਲਾ ਹੈ।੧।
ਉਸ ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ ਮਨ ਵਿਚ ਚੰਗੀ ਤਰ੍ਹਾਂ ਧਾਰਨ ਕਰਨਾ ਚਾਹੀਦਾ ਹੈ ਜੋ (ਹਰ ਥਾਂ) ਆਪ ਹੀ ਵੇਖਣ ਵਾਲਾ ਹੈ, ਆਪ ਹੀ ਸੁਣਨ ਵਾਲਾ ਹੈ ਤੇ ਆਪ ਹੀ ਸੁਣਾਉਣ ਵਾਲਾ ਹੈ। ਹੇ ਨਾਨਕ! ਉਸ ਹਰੀ ਦੀ ਪਿਆਰੀ ਯਾਦ ਵਿਚ ਲੀਨ ਹੋ ਜਾ ਜੋ ਸਭ ਥਾਈਂ ਮੌਜੂਦ ਹੈ।੨।
ਪਉੜੀ ॥ ਹਰਿ ਏਕੁ ਨਿਰੰਜਨੁ ਗਾਈਐ ਸਭ ਅੰਤਰਿ ਸੋਈ ॥ ਕਰਣ ਕਾਰਣ ਸਮਰਥ ਪ੍ਰਭੁ ਜੋ ਕਰੇ ਸੁ ਹੋਈ ॥ ਖਿਨ ਮਹਿ ਥਾਪਿ ਉਥਾਪਦਾ ਤਿਸੁ ਬਿਨੁ ਨਹੀ ਕੋਈ ॥ ਖੰਡ ਬ੍ਰਹਮੰਡ ਪਾਤਾਲ ਦੀਪ ਰਵਿਆ ਸਭ ਲੋਈ ॥ ਜਿਸੁ ਆਪਿ ਬੁਝਾਏ ਸੋ ਬੁਝਸੀ ਨਿਰਮਲ ਜਨੁ ਸੋਈ ॥੧॥ {ਪੰਨਾ 706}
ਪਦਅਰਥ: ਨਿਰੰਜਨੁ = ਨਿਰ = ਅੰਜਨੁ {ਅੰਜਨੁ = ਕਾਲਖ, ਮਾਇਆ} ਮਾਇਆ ਤੋਂ ਨਿਰਲੇਪ। ਕਰਣ = ਰਚਿਆ ਹੋਇਆ ਜਗਤ। ਕਰਣ ਕਾਰਣ = ਸਾਰੇ ਜਗਤ ਦਾ ਮੂਲ। ਖਿਨੁ = ਪਲ, ਰਤਾ ਕੁ ਸਮਾ। ਥਾਪਿ = ਪੈਦਾ ਕਰ ਕੇ। ਉਥਾਪਦਾ = ਨਾਸ ਕਰ ਦੇਂਦਾ ਹੈ। ਖੰਡ = ਧਰਤੀ ਦੇ ਟੋਟੇ, ਵੱਡੇ ਵੱਡੇ ਦੇਸ। ਬ੍ਰਹਮੰਡ = ਸਾਰਾ ਜਗਤ। ਦੀਪ = ਜਜ਼ੀਰੇ। ਲੋਈ = ਜਗਤ, ਲੋਕ। ਨਿਰਮਲ = ਪਵਿਤ੍ਰ। ਸੁ = ਸੋ, ਉਹੀ।
ਅਰਥ: ਜੋ ਪ੍ਰਭੂ ਮਾਇਆ ਤੋਂ ਨਿਰਲੇਪ ਹੈ ਸਿਰਫ਼ ਉਸ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ, ਉਹੀ ਸਭ ਦੇ ਅੰਦਰ ਮੌਜੂਦ ਹੈ। ਉਹ ਪ੍ਰਭੂ ਸਾਰੇ ਜਗਤ ਦਾ ਮੂਲ ਹੈ, ਸਭ ਕਿਸਮ ਦੀ ਤਾਕਤ ਵਾਲਾ ਹੈ, (ਜਗਤ ਵਿਚ) ਉਹੀ ਕੁਝ ਹੁੰਦਾ ਹੈ ਜੋ ਉਹ ਪ੍ਰਭੂ ਕਰਦਾ ਹੈ। ਇਕ ਪਲਕ ਵਿਚ (ਜੀਵਾਂ ਨੂੰ) ਪੈਂਦਾ ਕਰ ਕੇ ਨਾਸ ਕਰ ਦੇਂਦਾ ਹੈ, ਉਸ ਤੋਂ ਬਿਨਾ (ਉਸ ਵਰਗਾ) ਹੋਰ ਕੋਈ ਨਹੀਂ ਹੈ। ਸਭ ਦੇਸਾਂ ਵਿਚ, ਸਾਰੇ ਬ੍ਰਹਮੰਡ ਵਿਚ, ਹੇਠਲੀ ਧਰਤੀ, ਜਜ਼ੀਰਿਆਂ ਵਿਚ, ਸਾਰੇ ਹੀ ਜਗਤ ਵਿਚ ਉਹ ਪ੍ਰਭੂ ਵਿਆਪਕ ਹੈ।
ਜਿਸ ਮਨੁੱਖ ਨੂੰ (ਇਹ) ਸਮਝ ਆਪ ਪ੍ਰਭੂ ਦੇਂਦਾ ਹੈ, ਉਸ ਨੂੰ ਸਮਝ ਪੈਂਦੀ ਹੈ ਤੇ ਉਹ ਮਨੁੱਖ ਪਵਿਤ੍ਰ ਹੋ ਜਾਂਦਾ ਹੈ।੧।
*┈┉┅━❀꧁ੴ꧂❀━┅┉┈*
||ਅੱਜ ਦਾ ਫੁਰਮਾਨ|| ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ (ਨਾਂਦੇੜ) ||
ਰਾਗੁ ਸੂਹੀ ਮਹਲਾ ੫ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਬਾਜੀਗਰਿ ਜੈਸੇ ਬਾਜੀ ਪਾਈ ॥ ਨਾਨਾ ਰੂਪ ਭੇਖ ਦਿਖਲਾਈ ॥ ਸਾਂਗੁ ਉਤਾਰਿ ਥੰਮ੍ਹ੍ਹਿਓ ਪਾਸਾਰਾ ॥ ਤਬ ਏਕੋ ਏਕੰਕਾਰਾ ॥੧॥ ਕਵਨ ਰੂਪ ਦ੍ਰਿਸਟਿਓ ਬਿਨਸਾਇਓ ॥ ਕਤਹਿ ਗਇਓ ਉਹੁ ਕਤ ਤੇ ਆਇਓ ॥੧॥ ਰਹਾਉ ॥ ਜਲ ਤੇ ਊਠਹਿ ਅਨਿਕ ਤਰੰਗਾ ॥ ਕਨਿਕ ਭੂਖਨ ਕੀਨੇ ਬਹੁ ਰੰਗਾ ॥ ਬੀਜੁ ਬੀਜਿ ਦੇਖਿਓ ਬਹੁ ਪਰਕਾਰਾ ॥ ਫਲ ਪਾਕੇ ਤੇ ਏਕੰਕਾਰਾ ॥੨॥ ਸਹਸ ਘਟਾ ਮਹਿ ਏਕੁ ਆਕਾਸੁ ॥ ਘਟ ਫੂਟੇ ਤੇ ਓਹੀ ਪ੍ਰਗਾਸੁ ॥ ਭਰਮ ਲੋਭ ਮੋਹ ਮਾਇਆ ਵਿਕਾਰ ॥ ਭ੍ਰਮ ਛੂਟੇ ਤੇ ਏਕੰਕਾਰ ॥੩॥ ਓਹੁ ਅਬਿਨਾਸੀ ਬਿਨਸਤ ਨਾਹੀ ॥ ਨਾ ਕੋ ਆਵੈ ਨਾ ਕੋ ਜਾਹੀ ॥ ਗੁਰਿ ਪੂਰੈ ਹਉਮੈ ਮਲੁ ਧੋਈ ॥ ਕਹੁ ਨਾਨਕ ਮੇਰੀ ਪਰਮ ਗਤਿ ਹੋਈ ॥੪॥੧॥ {ਪੰਨਾ 736}
ਪਦਅਰਥ: ਬਾਜੀਗਰਿ = ਬਾਜੀਗਰ ਨੇ। ਨਾਨਾ ਰੂਪ = ਅਨੇਕਾਂ ਰੂਪ। ਸਾਂਗੁ = ਨਕਲੀ ਸ਼ਕਲ। ਉਤਾਰਿ = ਲਾਹ ਕੇ। ਥੰਮ੍ਹ੍ਹਿਓ = ਰੋਕ ਦਿੱਤਾ। ਪਾਸਾਰਾ = ਖੇਡ ਦਾ ਖਿਲਾਰ। ਏਕੰਕਾਰਾ = ਪਰਮਾਤਮਾ।੧।
ਕਵਨ ਰੂਪ = ਕੇਹੜੇ ਕੇਹੜੇ ਰੂਪ? ਅਨੇਕਾਂ ਰੂਪ। ਦ੍ਰਿਸਟਿਓ = ਦਿੱਸਿਆ। ਬਿਨਸਾਇਓ = ਬਿਨਸਿਓ, ਨਾਸ ਹੋਇਆ। ਕਤਹਿ = ਕਿੱਥੇ? ਉਹੁ = ਜੀਵ। ਕਤ ਤੇ = ਕਿੱਥੋਂ?।੧।ਰਹਾਉ।
ਤੇ = ਤੋਂ। ਊਠਹਿ = ਉੱਠਦੇ ਹਨ। ਤਰੰਗ = ਲਹਿਰਾਂ। ਕਨਿਕ = ਸੋਨਾ। ਭੂਖਨ = ਗਹਿਣੇ। ਕੀਨੇ = ਬਣਾਏ ਜਾਂਦੇ ਹਨ। ਬੀਜਿ = ਬੀਜ ਕੇ। ਫਲ ਪਾਕੇ ਤੇ = ਫਲ ਪੱਕਣ ਨਾਲ।੨।
ਸਹਸ = ਹਜ਼ਾਰਾਂ। ਘਟ = ਘੜਾ। ਘਟ ਫੂਟੇ ਤੇ = ਘੜੇ ਟੁੱਟਣ ਨਾਲ। ਭਰਮ = ਭਟਕਣਾ।੩।
ਅਬਿਨਾਸੀ = ਨਾਸ = ਰਹਿਤ। ਕੋ = ਕੋਈ ਜੀਵ। ਆਵੈ = ਜੰਮਦਾ ਹੈ। ਜਾਹੀ = ਜਾਹਿ, ਜਾਂਦੇ ਹਨ, ਮਰਦੇ ਹਨ। ਗੁਰਿ = ਗੁਰੂ ਨੇ। ਪਰਮ ਗਤਿ = ਉੱਚੀ ਆਤਮਕ ਅਵਸਥਾ।੪।
ਅਰਥ: ਹੇ ਭਾਈ! ਪਰਮਾਤਮਾ ਦੇ) ਅਨੇਕਾਂ ਹੀ ਰੂਪ ਦਿੱਸਦੇ ਰਹਿੰਦੇ ਹਨ, ਅਨੇਕਾਂ ਹੀ ਰੂਪ ਨਾਸ ਹੁੰਦੇ ਰਹਿੰਦੇ ਹਨ। (ਕੋਈ ਨਹੀਂ ਦੱਸ ਸਕਦਾ ਕਿ) ਜੀਵ ਕਿੱਥੋਂ ਆਇਆ ਸੀ, ਤੇ, ਕਿੱਥੇ ਚਲਾ ਜਾਂਦਾ ਹੈ।੧।ਰਹਾਉ।
ਹੇ ਭਾਈ! ਜਿਵੇਂ ਕਿਸੇ ਬਾਜ਼ੀਗਰ ਨੇ (ਕਦੇ) ਬਾਜ਼ੀ ਪਾ ਕੇ ਵਿਖਾਈ ਹੋਵੇ, ਉਹ ਕਈ ਕਿਸਮਾਂ ਦੇ ਰੂਪ ਤੇ ਭੇਖ ਵਿਖਾਂਦਾ ਹੈ (ਇਸੇ ਤਰ੍ਹਾਂ ਪਰਮਾਤਮਾ ਨੇ ਇਹ ਜਗਤ-ਤਮਾਸ਼ਾ ਰਚਿਆ ਹੋਇਆ ਹੈ। ਇਸ ਵਿਚ ਅਨੇਕਾਂ ਰੂਪ ਭੇਖ ਵਿਖਾ ਰਿਹਾ ਹੈ) । ਜਦੋਂ ਪ੍ਰਭੂ ਆਪਣੀ ਇਹ (ਜਗਤ-ਰੂਪ) ਨਕਲੀ ਸ਼ਕਲ ਲਾਹ ਕੇ ਖੇਡ ਦਾ ਖਿਲਾਰਾ ਰੋਕ ਦੇਂਦਾ ਹੈ, ਤਦੋਂ ਇਕ ਆਪ ਹੀ ਆਪ ਰਹਿ ਜਾਂਦਾ ਹੈ।੧।
ਹੇ ਭਾਈ! ਪਾਣੀ ਤੋਂ ਅਨੇਕਾਂ ਲਹਿਰਾਂ ਉਠਦੀਆਂ ਹਨ (ਮੁੜ ਪਾਣੀ ਵਿਚ ਰਲ ਜਾਂਦੀਆਂ ਹਨ) । ਸੋਨੇ ਤੋਂ ਕਈ ਕਿਸਮਾਂ ਦੇ ਗਹਿਣੇ ਘੜੇ ਜਾਂਦੇ ਹਨ (ਉਹ ਅਸਲ ਵਿਚ ਸੋਨਾ ਹੀ ਹੁੰਦੇ ਹਨ) । (ਕਿਸੇ ਰੁੱਖ ਦਾ) ਬੀ ਬੀਜ ਕੇ (ਸ਼ਾਖ਼ਾਂ ਪੱਤੇ ਆਦਿਕ ਉਸ ਦਾ) ਕਈ ਕਿਸਮਾਂ ਦਾ ਸਰੂਪ ਵੇਖਣ ਵਿਚ ਆ ਜਾਂਦਾ ਹੈ। (ਰੁੱਖ ਦੇ) ਫਲ ਪੱਕਣ ਤੇ (ਉਹੀ ਪਹਿਲੀ ਕਿਸਮ ਦੇ ਬੀਜ ਬਣ ਜਾਂਦੇ ਹਨ) (ਤਿਵੇਂ ਇਸ ਬਹੁ-ਰੰਗੀ ਸੰਸਾਰ ਦਾ ਅਸਲਾ) ਇਕ ਪਰਮਾਤਮਾ ਹੀ ਹੈ।੨।
ਹੇ ਭਾਈ! ਇਕੋ ਆਕਾਸ਼ (ਪਾਣੀ ਨਾਲ ਭਰੇ ਹੋਏ) ਹਜ਼ਾਰਾਂ ਘੜਿਆਂ ਵਿਚ (ਵਖ ਵਖ ਦਿੱਸਦਾ ਹੈ) । ਜਦੋਂ ਘੜੇ ਟੁੱਟ ਜਾਂਦੇ ਹਨ, ਤਾਂ ਉਹ (ਆਕਾਸ਼) ਹੀ ਦਿੱਸਦਾ ਰਹਿ ਜਾਂਦਾ ਹੈ। ਮਾਇਆ ਦੇ ਭ੍ਰਮ ਦੇ ਕਾਰਨ (ਪਰਮਾਤਮਾ ਦੀ ਅੰਸ਼ ਜੀਵਾਤਮਾ ਵਿਚ) ਭਟਕਣਾ, ਲੋਭ ਮੋਹ ਆਦਿਕ ਵਿਕਾਰ ਉੱਠਦੇ ਹਨ। ਭ੍ਰਮ ਮਿਟ ਜਾਣ ਨਾਲ ਇਕ ਪਰਮਾਤਮਾ ਦਾ ਹੀ ਰੂਪ ਹੋ ਜਾਂਦਾ ਹੈ।੩।
ਹੇ ਭਾਈ! ਉਹ ਪਰਮਾਤਮਾ ਨਾਸ-ਰਹਿਤ ਹੈ, ਉਸ ਕਦੇ ਨਾਸ ਨਹੀਂ ਹੁੰਦਾ। (ਉਹ ਪ੍ਰਭੂ ਜੀਵਾਤਮਾ ਰੂਪ ਹੋ ਕੇ ਭੀ) ਨਾਹ ਕੋਈ ਆਤਮਾ ਜੰਮਦਾ ਹੈ, ਨਾਹ ਕੋਈ ਆਤਮਾ ਮਰਦਾ ਹੈ। ਹੇ ਨਾਨਕ! ਆਖ-ਪੂਰੇ ਗੁਰੂ ਨੇ (ਮੇਰੇ ਅੰਦਰੋਂ) ਹਉਮੈ ਦੀ ਮੈਲ ਧੋ ਦਿੱਤੀ ਹੈ, ਹੁਣ ਮੇਰੀ ਉੱਚੀ ਆਤਮਕ ਅਵਸਥਾ ਬਣ ਗਈ ਹੈ (ਤੇ, ਮੈਨੂੰ ਇਹ ਜਗਤ ਉਸ ਪਰਮਾਤਮਾ ਦਾ ਆਪਣਾ ਹੀ ਰੂਪ ਦਿੱਸ ਰਿਹਾ ਹੈ) ।੪।੧।
*┈┉┅━❀꧁ੴ꧂❀━┅┉┈*
||ਅੱਜ ਦਾ ਫੁਰਮਾਨ|| ਤਖ਼ਤ ਸ੍ਰੀ ਪਟਨਾ ਸਾਹਿਬ ||
ਧਨਾਸਰੀ ਮਹਲਾ ੧ ਘਰੁ ੧ ਚਉਪਦੇ
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ
ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ਜੀਉ ਡਰਤੁ ਹੈ ਆਪਣਾ ਕੈ ਸਿਉ ਕਰੀ ਪੁਕਾਰ ॥ ਦੂਖ ਵਿਸਾਰਣੁ ਸੇਵਿਆ ਸਦਾ ਸਦਾ ਦਾਤਾਰੁ ॥੧॥ ਸਾਹਿਬੁ ਮੇਰਾ ਨੀਤ ਨਵਾ ਸਦਾ ਸਦਾ ਦਾਤਾਰੁ ॥੧॥ ਰਹਾਉ ॥ ਅਨਦਿਨੁ ਸਾਹਿਬੁ ਸੇਵੀਐ ਅੰਤਿ ਛਡਾਏ ਸੋਇ ॥ ਸੁਣਿ ਸੁਣਿ ਮੇਰੀ ਕਾਮਣੀ ਪਾਰਿ ਉਤਾਰਾ ਹੋਇ ॥੨॥ ਦਇਆਲ ਤੇਰੈ ਨਾਮਿ ਤਰਾ ॥ ਸਦ ਕੁਰਬਾਣੈ ਜਾਉ ॥੧॥ ਰਹਾਉ ॥ ਸਰਬੰ ਸਾਚਾ ਏਕੁ ਹੈ ਦੂਜਾ ਨਾਹੀ ਕੋਇ ॥ ਤਾ ਕੀ ਸੇਵਾ ਸੋ ਕਰੇ ਜਾ ਕਉ ਨਦਰਿ ਕਰੇ ॥੩॥ ਤੁਧੁ ਬਾਝੁ ਪਿਆਰੇ ਕੇਵ ਰਹਾ ॥ ਸਾ ਵਡਿਆਈ ਦੇਹਿ ਜਿਤੁ ਨਾਮਿ ਤੇਰੇ ਲਾਗਿ ਰਹਾਂ ॥ ਦੂਜਾ ਨਾਹੀ ਕੋਇ ਜਿਸੁ ਆਗੈ ਪਿਆਰੇ ਜਾਇ ਕਹਾ ॥੧॥ ਰਹਾਉ ॥ ਸੇਵੀ ਸਾਹਿਬੁ ਆਪਣਾ ਅਵਰੁ ਨ ਜਾਚੰਉ ਕੋਇ ॥ ਨਾਨਕੁ ਤਾ ਕਾ ਦਾਸੁ ਹੈ ਬਿੰਦ ਬਿੰਦ ਚੁਖ ਚੁਖ ਹੋਇ ॥੪॥ ਸਾਹਿਬ ਤੇਰੇ ਨਾਮ ਵਿਟਹੁ ਬਿੰਦ ਬਿੰਦ ਚੁਖ ਚੁਖ ਹੋਇ ॥੧॥ ਰਹਾਉ ॥੪॥੧॥ {ਪੰਨਾ 660}
ਪਦਅਰਥ: ਜੀਉ = ਜਿੰਦ। ਕੈ ਸਿਉ = ਕਿਸ ਪਾਸ? ਕਰੀ = ਮੈਂ ਕਰਾਂ। ਦੂਖ ਵਿਸਾਰਣੁ = ਦੁੱਖ ਦੂਰ ਕਰਨ ਵਾਲਾ ਪ੍ਰਭੂ। ਸੇਵਿਆ = ਮੈਂ ਸਿਮਰਿਆ ਹੈ।੧।
ਨੀਤ = ਨਿੱਤ। ਨਵਾ = (ਭਾਵ, ਦਾਤਾਂ ਦੇ ਦੇ ਕੇ ਅੱਕਣ ਵਾਲਾ ਨਹੀਂ) । ਦਾਤਾਰੁ = ਦਾਤਾਂ ਦੇਣ ਵਾਲਾ।੧।ਰਹਾਉ।
ਅਨਦਿਨੁ = ਹਰ ਰੋਜ਼, ਸਦਾ। ਅੰਤਿ = ਆਖ਼ਰ ਨੂੰ। ਮੇਰੀ ਕਾਮਣੀ = ਹੇ ਮੇਰੀ ਜਿੰਦੇ!।੨।
ਦਇਆਲ = ਹੇ ਦਇਆ ਦੇ ਘਰ! ਨਾਮਿ = ਨਾਮ ਦੀ ਰਾਹੀਂ। ਤਰਾ = ਤਰ ਸਕਦਾ ਹਾਂ, ਪਾਰ ਲੰਘ ਸਕਦਾ ਹਾਂ।੧।ਰਹਾਉ।
ਸਰਬੰ = ਹਰ ਥਾਂ। ਸਾਚਾ = ਸਦਾ ਕਾਇਮ ਰਹਿਣ ਵਾਲਾ। ਕਉ = ਨੂੰ। ਨਦਰਿ = ਮੇਹਰ ਦੀ ਨਜ਼ਰ। ਕਰੇਇ = ਕਰਦਾ ਹੈ।੩।
ਕੇਵ ਰਹਾ = ਕਿਵੇਂ ਰਹਿ ਸਕਦਾ ਹਾਂ? ਮੈਂ ਵਿਆਕੁਲ ਹੋ ਜਾਂਦਾ ਹਾਂ। ਜਿਤੁ = ਜਿਸ ਦੀ ਰਾਹੀਂ। ਜਾਇ = ਜਾ ਕੇ।੧।ਰਹਾਉ।
ਸੇਵੀ = ਮੈਂ ਸੇਂਵਦਾ ਹਾਂ। ਜਾਚੰਉ = ਮੈਂ ਮੰਗਦਾ ਹਾਂ। ਬਿੰਦ ਬਿੰਦ = ਖਿਨ ਖਿਨ। ਚੁਖ ਚੁਖ = ਟੋਟੇ ਟੋਟੇ, ਕੁਰਬਾਨ।੪।
ਵਿਟਹੁ = ਤੋਂ। ਸਾਹਿਬ = ਹੇ ਸਾਹਿਬ!
ਅਰਥ: (ਜਗਤ ਦੁੱਖਾਂ ਦਾ ਸਮੁੰਦਰ ਹੈ, ਇਹਨਾਂ ਦੁੱਖਾਂ ਨੂੰ ਵੇਖ ਕੇ) ਮੇਰੀ ਜਿੰਦ ਕੰਬਦੀ ਹੈ (ਪਰਮਾਤਮਾ ਤੋਂ ਬਿਨਾ ਹੋਰ ਕੋਈ ਬਚਾਣ ਵਾਲਾ ਦਿੱਸਦਾ ਨਹੀਂ) ਜਿਸ ਦੇ ਪਾਸ ਮੈਂ ਮਿੰਨਤਾਂ ਕਰਾਂ। (ਸੋ, ਹੋਰ ਆਸਰੇ ਛੱਡ ਕੇ) ਮੈਂ ਦੁੱਖਾਂ ਦੇ ਨਾਸ ਕਰਨ ਵਾਲੇ ਪ੍ਰਭੂ ਨੂੰ ਹੀ ਸਿਮਰਦਾ ਹਾਂ, ਉਹ ਸਦਾ ਹੀ ਬਖ਼ਸ਼ਸ਼ਾਂ ਕਰਨ ਵਾਲਾ ਹੈ।੧।
(ਫਿਰ ਉਹ) ਮੇਰਾ ਮਾਲਿਕ ਸਦਾ ਹੀ ਬਖ਼ਸ਼ਸ਼ਾਂ ਤਾਂ ਕਰਦਾ ਰਹਿੰਦਾ ਹੈ (ਪਰ ਉਹ ਮੇਰੇ ਨਿੱਤ ਦੇ ਤਰਲੇ ਸੁਣ ਕੇ ਕਦੇ ਅੱਕਦਾ ਨਹੀਂ, ਬਖ਼ਸ਼ਸ਼ਾਂ ਵਿਚ) ਨਿੱਤ ਇਉਂ ਹੈ ਜਿਵੇਂ ਪਹਿਲੀ ਵਾਰੀ ਹੀ ਬਖ਼ਸ਼ਸ਼ ਕਰਨ ਲੱਗਾ ਹੈ।੧।ਰਹਾਉ।
ਹੇ ਮੇਰੀ ਜਿੰਦੇ! ਹਰ ਰੋਜ਼ ਉਸ ਮਾਲਿਕ ਨੂੰ ਯਾਦ ਕਰਨਾ ਚਾਹੀਦਾ ਹੈ (ਦੁੱਖਾਂ ਵਿਚੋਂ) ਆਖ਼ਰ ਉਹੀ ਬਚਾਂਦਾ ਹੈ। ਹੇ ਜਿੰਦੇ! ਧਿਆਨ ਨਾਲ ਸੁਣ (ਉਸ ਮਾਲਿਕ ਦਾ ਆਸਰਾ ਲਿਆਂ ਹੀ ਦੁੱਖਾਂ ਦੇ ਸਮੁੰਦਰ ਵਿਚੋਂ) ਪਾਰ ਲੰਘ ਸਕੀਦਾ ਹੈ।੨।
ਹੇ ਦਿਆਲ ਪ੍ਰਭੂ! ਮੈਂ ਤੈਥੋਂ ਸਦਾ ਸਦਕੇ ਜਾਂਦਾ ਹਾਂ (ਮੇਹਰ ਕਰ, ਆਪਣਾ ਨਾਮ ਦੇਹ, ਤਾ ਕਿ) ਤੇਰੇ ਨਾਮ ਦੀ ਰਾਹੀਂ ਮੈਂ (ਦੁੱਖਾਂ ਦੇ ਇਸ ਸਮੁੰਦਰ ਵਿਚੋਂ) ਪਾਰ ਲੰਘ ਸਕਾਂ।੧।ਰਹਾਉ।
ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਹੀ ਸਭ ਥਾਈਂ ਮੌਜੂਦ ਹੈ, ਉਸ ਤੋਂ ਬਿਨਾ ਹੋਰ ਕੋਈ ਨਹੀਂ। ਜਿਸ ਜੀਵ ਉਤੇ ਉਹ ਮੇਹਰ ਦੀ ਨਿਗਾਹ ਕਰਦਾ ਹੈ, ਉਹ ਉਸ ਦਾ ਸਿਮਰਨ ਕਰਦਾ ਹੈ।੩।
ਹੇ ਪਿਆਰੇ (ਪ੍ਰਭੂ!) ਤੇਰੀ ਯਾਦ ਤੋਂ ਬਿਨਾ ਮੈਂ ਵਿਆਕੁਲ ਹੋ ਜਾਂਦਾ ਹਾਂ। ਮੈਨੂੰ ਕੋਈ ਉਹ ਵੱਡੀ ਦਾਤਿ ਦੇਹ, ਜਿਸ ਦਾ ਸਦਕਾ ਮੈਂ ਤੇਰੇ ਨਾਮ ਵਿਚ ਜੁੜਿਆ ਰਹਾਂ। ਹੇ ਪਿਆਰੇ! ਤੈਥੋਂ ਬਿਨਾ ਹੋਰ ਐਸਾ ਕੋਈ ਨਹੀਂ ਹੈ, ਜਿਸ ਪਾਸ ਜਾ ਕੇ ਮੈਂ ਇਹ ਅਰਜ਼ੋਈ ਕਰ ਸਕਾਂ।੧।ਰਹਾਉ।
(ਦੁੱਖਾਂ ਦੇ ਇਸ ਸਾਗਰ ਵਿਚੋਂ ਤਰਨ ਲਈ) ਮੈਂ ਆਪਣੇ ਮਾਲਿਕ ਪ੍ਰਭੂ ਨੂੰ ਹੀ ਯਾਦ ਕਰਦਾ ਹਾਂ, ਕਿਸੇ ਹੋਰ ਪਾਸੋਂ ਮੈਂ ਇਹ ਮੰਗ ਨਹੀਂ ਮੰਗਦਾ। ਨਾਨਕ (ਆਪਣੇ) ਉਸ (ਮਾਲਿਕ) ਦਾ ਹੀ ਸੇਵਕ ਹੈ, ਉਸ ਮਾਲਿਕ ਤੋਂ ਹੀ ਖਿਨ ਖਿਨ ਸਦਕੇ ਹੁੰਦਾ ਹੈ।੪।
ਹੇ ਮੇਰੇ ਮਾਲਿਕ! ਮੈਂ ਤੇਰੇ ਨਾਮ ਤੋਂ ਖਿਨ ਖਿਨ ਕੁਰਬਾਨ ਜਾਂਦਾ ਹਾਂ।੧।ਰਹਾਉ।
*┈┉┅━❀꧁ੴ꧂❀━┅┉┈*
||ਅੱਜ ਦਾ ਫੁਰਮਾਨ|| ਤਖ਼ਤ ਸ੍ਰੀ ਕੇਸ਼ਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ (ਰੋਪੜ) ||
ਸੋਰਠਿ ਮਹਲਾ ੫ ॥ ਗੁਰਿ ਪੂਰੈ ਕਿਰਪਾ ਧਾਰੀ ॥ ਪ੍ਰਭਿ ਪੂਰੀ ਲੋਚ ਹਮਾਰੀ ॥ ਕਰਿ ਇਸਨਾਨੁ ਗ੍ਰਿਹਿ ਆਏ ॥ ਅਨਦ ਮੰਗਲ ਸੁਖ ਪਾਏ ॥੧॥ ਸੰਤਹੁ ਰਾਮ ਨਾਮਿ ਨਿਸਤਰੀਐ ॥ ਊਠਤ ਬੈਠਤ ਹਰਿ ਹਰਿ ਧਿਆਈਐ ਅਨਦਿਨੁ ਸੁਕ੍ਰਿਤੁ ਕਰੀਐ ॥੧॥ ਰਹਾਉ ॥ ਸੰਤ ਕਾ ਮਾਰਗੁ ਧਰਮ ਕੀ ਪਉੜੀ ਕੋ ਵਡਭਾਗੀ ਪਾਏ ॥ ਕੋਟਿ ਜਨਮ ਕੇ ਕਿਲਬਿਖ ਨਾਸੇ ਹਰਿ ਚਰਣੀ ਚਿਤੁ ਲਾਏ ॥੨॥ ਉਸਤਤਿ ਕਰਹੁ ਸਦਾ ਪ੍ਰਭ ਅਪਨੇ ਜਿਨਿ ਪੂਰੀ ਕਲ ਰਾਖੀ ॥ ਜੀਅ ਜੰਤ ਸਭਿ ਭਏ ਪਵਿਤ੍ਰਾ ਸਤਿਗੁਰ ਕੀ ਸਚੁ ਸਾਖੀ ॥੩॥ ਬਿਘਨ ਬਿਨਾਸਨ ਸਭਿ ਦੁਖ ਨਾਸਨ ਸਤਿਗੁਰਿ ਨਾਮੁ ਦ੍ਰਿੜਾਇਆ ॥ ਖੋਏ ਪਾਪ ਭਏ ਸਭਿ ਪਾਵਨ ਜਨ ਨਾਨਕ ਸੁਖਿ ਘਰਿ ਆਇਆ ॥੪॥੩॥੫੩॥ {ਪੰਨਾ 621-622}
ਪਦਅਰਥ: ਗੁਰਿ = ਗੁਰੂ ਨੇ। ਪ੍ਰਭਿ = ਪ੍ਰਭੂ ਨੇ। ਲੋਚ = ਤਾਂਘ। ਕਰਿ ਇਸਨਾਨੁ = ਮਨ ਨੂੰ ਨਾਮ ਜਲ ਨਾਲ ਪਵਿਤ੍ਰ ਕਰ ਕੇ। ਗ੍ਰਿਹਿ ਆਏ = ਅੰਤਰ = ਆਤਮੇ ਟਿਕ ਗਏ ਹਾਂ, ਮਾਇਆ ਦੀ ਖ਼ਾਤਰ ਭਟਕਣ ਤੋਂ ਬਚ ਗਏ ਹਾਂ।੧।
ਨਾਮਿ = ਨਾਮ ਵਿਚ (ਜੁੜ ਕੇ ਹੀ) । ਨਿਸਤਰੀਐ = ਪਾਰ ਲੰਘ ਸਕੀਦਾ ਹੈ। ਧਿਆਈਐ = ਧਿਆਉਣਾ ਚਾਹੀਦਾ ਹੈ। ਅਨਦਿਨੁ = ਹਰਿ ਰੋਜ਼, ਹਰ ਵੇਲੇ। ਸੁਕ੍ਰਿਤੁ = ਨੇਕ ਕਰਮ। ਕਰੀਐ = ਕਰਨਾ ਚਾਹੀਦਾ ਹੈ।੧।ਰਹਾਉ।
ਮਾਰਗੁ = (ਜੀਵਨ ਦਾ) ਰਸਤਾ। ਕੋ = ਕੋਈ ਵਿਰਲਾ। ਕੋਟਿ = ਕ੍ਰੋੜਾਂ। ਕਿਲਬਿਖ = ਪਾਪ।੨।
ਉਸਤਤਿ = ਸਿਫ਼ਤਿ-ਸਾਲਾਹ। ਜਿਨਿ = ਜਿਸ (ਪ੍ਰਭੂ) ਨੇ। ਕਲ = ਕਲਾ, ਤਾਕਤ। ਸਭਿ = ਸਾਰੇ। ਸਾਖੀ = ਸਿੱਖਿਆ। ਸਚੁ = ਸਦਾ-ਥਿਰ ਹਰਿ = ਨਾਮ (ਦਾ ਸਿਮਰਨ) ।੩।
ਸਤਿਗੁਰਿ = ਗੁਰੂ ਨੇ। ਦ੍ਰਿੜਾਇਆ = ਹਿਰਦੇ ਵਿਚ ਪੱਕਾ ਕਰ ਦਿੱਤਾ। ਸਭਿ = ਸਾਰੇ। ਪਾਵਨ = ਪਵਿੱਤ੍ਰ। ਸੁਖਿ = ਆਨੰਦ ਨਾਲ। ਘਰਿ = ਘਰ ਵਿਚ, ਹਿਰਦੇ ਵਿਚ, ਅੰਤਰ = ਆਤਮੇ।੪।
ਅਰਥ: ਹੇ ਸੰਤ ਜਨੋ! ਪਰਮਾਤਮਾ ਦੇ ਨਾਮ ਵਿਚ (ਜੁੜਿਆਂ ਹੀ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਸਕੀਦਾ ਹੈ। (ਇਸ ਵਾਸਤੇ) ਉਠਦਿਆਂ ਬੈਠਦਿਆਂ ਹਰ ਵੇਲੇ ਹਰਿ-ਨਾਮ ਸਿਮਰਨਾ ਚਾਹੀਦਾ ਹੈ, (ਹਰਿ-ਨਾਮ ਸਿਮਰਨ ਦੀ ਇਹ) ਨੇਕ ਕਮਾਈ ਹਰ ਵੇਲੇ ਕਰਨੀ ਚਾਹੀਦੀ ਹੈ।੧।ਰਹਾਉ।
(ਹੇ ਸੰਤ ਜਨੋ! ਜਦੋਂ ਤੋਂ) ਪੂਰੇ ਗੁਰੂ ਨੇ ਮੇਹਰ ਕੀਤੀ ਹੈ, ਪ੍ਰਭੂ ਨੇ ਸਾਡੀ (ਨਾਮ ਸਿਮਰਨ ਦੀ) ਤਾਂਘ ਪੂਰੀ ਕਰ ਦਿੱਤੀ ਹੈ। (ਨਾਮ ਸਿਮਰਨ ਦੀ ਬਰਕਤਿ ਨਾਲ) ਆਤਮਕ ਇਸ਼ਨਾਨ ਕਰ ਕੇ ਅਸੀ ਅੰਤਰ-ਆਤਮੇ ਟਿਕੇ ਰਹਿੰਦੇ ਹਾਂ। ਆਤਮਕ ਆਨੰਦ ਆਤਮਕ ਖ਼ੁਸ਼ੀਆਂ ਆਤਮਕ ਸੁਖ ਮਾਣ ਰਹੇ ਹਾਂ।੧।
(ਹੇ ਸੰਤ ਜਨੋ! ਸਿਮਰਨ ਕਰਨਾ ਹੀ ਇਨਸਾਨ ਵਾਸਤੇ) ਗੁਰੂ ਦਾ (ਦੱਸਿਆ ਹੋਇਆ ਸਹੀ) ਰਸਤਾ ਹੈ, (ਸਿਮਰਨ ਹੀ) ਧਰਮ ਦੀ ਪਉੜੀ ਹੈ (ਜਿਸ ਦੀ ਰਾਹੀਂ ਮਨੁੱਖ ਪ੍ਰਭੂ-ਚਰਨਾਂ ਵਿਚ ਪਹੁੰਚ ਸਕਦਾ ਹੈ, ਪਰ) ਕੋਈ ਵਿਰਲਾ ਭਾਗਾਂ ਵਾਲਾ (ਇਹ ਪਉੜੀ) ਲੱਭਦਾ ਹੈ। ਜੇਹੜਾ ਮਨੁੱਖ (ਸਿਮਰਨ ਦੀ ਰਾਹੀਂ) ਪਰਮਾਤਮਾ ਦੇ ਚਰਨਾਂ ਵਿਚ ਚਿੱਤ ਜੋੜਦਾ ਹੈ, ਉਸ ਦੇ ਕ੍ਰੋੜਾਂ ਜਨਮਾਂ ਦੇ ਪਾਪ ਨਾਸ ਹੋ ਜਾਂਦੇ ਹਨ।
ਹੇ ਸੰਤ ਜਨੋ! ਜਿਸ ਪਰਮਾਤਮਾ ਨੇ (ਸਾਰੇ ਸੰਸਾਰ ਵਿਚ ਆਪਣੀ) ਪੂਰੀ ਸੱਤਿਆ ਟਿਕਾ ਰੱਖੀ ਹੈ, ਉਸ ਦੀ ਸਿਫ਼ਤਿ-ਸਾਲਾਹ ਸਦਾ ਕਰਦੇ ਰਿਹਾ ਕਰੋ। ਹੇ ਭਾਈ! ਉਹ ਸਾਰੇ ਹੀ ਪ੍ਰਾਣੀ ਸੁੱਚੇ ਜੀਵਨ ਵਾਲੇ ਬਣ ਜਾਂਦੇ ਹਨ, ਜੇਹੜੇ ਸਦਾ-ਥਿਰ ਹਰਿ-ਨਾਮ ਸਿਮਰਨ ਵਾਲੀ ਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕਰਦੇ ਹਨ।੩।
ਹੇ ਨਾਨਕ! ਆਖ-ਜੀਵਨ ਦੇ ਰਸਤੇ ਵਿਚੋਂ ਸਾਰੀਆਂ) ਰੁਕਾਵਟਾਂ ਦੂਰ ਕਰਨ ਵਾਲਾ, ਸਾਰੇ ਦੁੱਖ ਨਾਸ ਕਰਨ ਵਾਲਾ ਹਰਿ-ਨਾਮ ਗੁਰੂ ਨੇ ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪੱਕਾ ਕਰ ਦਿੱਤਾ, ਉਹਨਾਂ ਦੇ ਸਾਰੇ ਪਾਪ ਨਾਸ ਹੋ ਜਾਂਦੇ ਹਨ, ਉਹ ਸਾਰੇ ਪਵਿਤ੍ਰ ਜੀਵਨ ਵਾਲੇ ਬਣ ਜਾਂਦੇ ਹਨ, ਉਹ ਆਤਮਕ ਆਨੰਦ ਨਾਲ ਅੰਤਰ-ਆਤਮੇ ਟਿਕੇ ਰਹਿੰਦੇ ਹਨ।੪।੩।੫੩।
*┈┉┅━❀꧁ੴ꧂❀━┅┉┈*
||ਅੱਜ ਦਾ ਫੁਰਮਾਨ|| ਤਖ਼ਤ ਸ੍ਰੀ ਦਮਦਮਾ ਸਾਹਿਬ (ਤਲਵੰਡੀ ਸਾਬੋ) ||
ਧਨਾਸਰੀ ਮਹਲਾ ੪ ॥ ਇਛਾ ਪੂਰਕੁ ਸਰਬ ਸੁਖਦਾਤਾ ਹਰਿ ਜਾ ਕੈ ਵਸਿ ਹੈ ਕਾਮਧੇਨਾ ॥ ਸੋ ਐਸਾ ਹਰਿ ਧਿਆਈਐ ਮੇਰੇ ਜੀਅੜੇ ਤਾ ਸਰਬ ਸੁਖ ਪਾਵਹਿ ਮੇਰੇ ਮਨਾ ॥੧॥ ਜਪਿ ਮਨ ਸਤਿ ਨਾਮੁ ਸਦਾ ਸਤਿ ਨਾਮੁ ॥ ਹਲਤਿ ਪਲਤਿ ਮੁਖ ਊਜਲ ਹੋਈ ਹੈ ਨਿਤ ਧਿਆਈਐ ਹਰਿ ਪੁਰਖੁ ਨਿਰੰਜਨਾ ॥ ਰਹਾਉ ॥ ਜਹ ਹਰਿ ਸਿਮਰਨੁ ਭਇਆ ਤਹ ਉਪਾਧਿ ਗਤੁ ਕੀਨੀ ਵਡਭਾਗੀ ਹਰਿ ਜਪਨਾ ॥ ਜਨ ਨਾਨਕ ਕਉ ਗੁਰਿ ਇਹ ਮਤਿ ਦੀਨੀ ਜਪਿ ਹਰਿ ਭਵਜਲੁ ਤਰਨਾ ॥੨॥੬॥੧੨॥ {ਪੰਨਾ 669-670}
ਪਦਅਰਥ: ਪੂਰਕੁ = ਪੂਰੀਆਂ ਕਰਨ ਵਾਲਾ। ਦਾਤਾ = ਦੇਣ ਵਾਲਾ। ਸਰਬ = ਸਾਰੇ। ਜਾ ਕੈ ਵਸਿ = ਜਿਸ ਦੇ ਇਖ਼ਤਿਆਰ ਵਿਚ। ਧੇਨ = ਗਾਂ। ਕਾਮ = ਵਾਸਨਾ। ਕਾਮਧੇਨ = ਸ੍ਵਰਗ ਦੀ ਉਹ ਗਾਂ ਜੋ ਸਾਰੀਆਂ ਵਾਸਨਾਂ ਪੂਰੀਆਂ ਕਰ ਦੇਂਦੀ ਹੈ। ਜੀਅੜੇ = ਹੇ ਸੋਹਣੀ ਜਿੰਦੇ! ਤਾ = ਤਦੋਂ। ਪਾਵਹਿ = ਪਾ ਲਏਂਗਾ।੧।
ਮਨ = ਹੇ ਮਨ! ਸਤਿ ਨਾਮੁ = ਸਦਾ-ਥਿਰ ਰਹਿਣ ਵਾਲਾ ਹਰਿ = ਨਾਮ। ਹਲਤਿ = {अत्र} ਇਸ ਲੋਕ ਵਿਚ। ਪਲਤਿ = {परत्र} ਪਰਲੋਕ ਵਿਚ। ਮੁਖ ਊਜਲ = ਉੱਜਲ ਮੂੰਹ ਵਾਲੇ, ਸੁਰਖ਼ = ਰੂ। ਪੁਰਖੁ = ਸਰਬ = ਵਿਆਪਕ। ਨਿਰੰਜਨਾ = ਮਾਇਆ ਤੋਂ ਨਿਰਲੇਪ ਪ੍ਰਭੂ।ਰਹਾਉ।
ਜਹ = ਜਿਥੇ, ਜਿਸ ਹਿਰਦੇ ਵਿਚ। ਤਹ = ਉਸ ਹਿਰਦੇ ਵਿਚੋਂ। ਉਪਾਧਿ = ਝਗੜਾ = ਬਖੇੜਾ। ਗਤੁ ਕੀਨੀ = ਚਾਲੇ ਪਾ ਜਾਂਦਾ ਹੈ। ਕਉ = ਨੂੰ। ਗੁਰਿ = ਗੁਰੂ ਨੇ। ਭਵਜਲੁ = ਸੰਸਾਰ = ਸਮੁੰਦਰ।੨।
ਅਰਥ: ਹੇ ਮਨ! ਸਦਾ-ਥਿਰ ਪ੍ਰਭੂ ਦਾ ਨਾਮ ਸਦਾ ਜਪਿਆ ਕਰ। ਹੇ ਭਾਈ! ਸਰਬ-ਵਿਆਪਕ ਨਿਰਲੇਪ ਹਰੀ ਦਾ ਸਦਾ ਧਿਆਨ ਧਰਨਾ ਚਾਹੀਦਾ ਹੈ, (ਇਸ ਤਰ੍ਹਾਂ) ਲੋਕ ਪਰਲੋਕ ਵਿਚ ਇੱਜ਼ਤ ਖੱਟ ਲਈਦੀ ਹੈ।ਰਹਾਉ।
ਹੇ ਮੇਰੀ ਜਿੰਦੇ! ਜੇਹੜਾ ਹਰੀ ਸਾਰੀਆਂ ਕਾਮਨਾਂ ਪੂਰੀਆਂ ਕਰਨ ਵਾਲਾ ਹੈ, ਜੇਹੜਾ ਸਾਰੇ ਸੁਖ ਦੇਣ ਵਾਲਾ ਹੈ, ਜਿਸ ਦੇ ਵੱਸ ਵਿਚ (ਸ੍ਵਰਗ ਵਿਚ ਰਹਿਣ ਵਾਲੀ ਸਮਝੀ ਗਈ) ਕਾਮਧੇਨ ਹੈ ਉਸ ਅਜੇਹੀ ਸਮਰਥਾ ਵਾਲੇ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ। ਹੇ ਮੇਰੇ ਮਨ! ਜਦੋਂ ਤੂੰ ਪਰਮਾਤਮਾ ਦਾ ਸਿਮਰਨ ਕਰੇਂਗਾ) ਤਦੋਂ ਸਾਰੇ ਸੁਖ ਹਾਸਲ ਕਰ ਲਏਂਗਾ।੧।
ਹੇ ਭਾਈ! ਜਿਸ ਹਿਰਦੇ ਵਿਚ ਪਰਮਾਤਮਾ ਦੀ ਭਗਤੀ ਹੁੰਦੀ ਹੈ ਉਸ ਵਿਚੋਂ ਹਰੇਕ ਕਿਸਮ ਦਾ ਝਗੜਾ-ਬਖੇੜਾ ਚਾਲੇ ਪਾ ਜਾਂਦਾ ਹੈ। (ਫਿਰ ਭੀ) ਵੱਡੇ ਭਾਗਾਂ ਨਾਲ ਹੀ ਪਰਮਾਤਮਾ ਦਾ ਭਜਨ ਹੋ ਸਕਦਾ ਹੈ। ਹੇ ਭਾਈ! ਦਾਸ ਨਾਨਕ ਨੂੰ (ਤਾਂ) ਗੁਰੂ ਨੇ ਇਹ ਸਮਝ ਬਖ਼ਸ਼ੀ ਹੈ ਕਿ ਪਰਮਾਤਮਾ ਦਾ ਨਾਮ ਜਪ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ।੨।੬।੧੨।
*┈┉┅━❀꧁ੴ꧂❀━┅┉┈*
||ਅੱਜ ਦਾ ਫੁਰਮਾਨ|| ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ||
ਸਲੋਕ ॥ ਸੰਤ ਉਧਰਣ ਦਇਆਲੰ ਆਸਰੰ ਗੋਪਾਲ ਕੀਰਤਨਹ ॥ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸੁਰਹ ॥੧॥ ਚੰਦਨ ਚੰਦੁ ਨ ਸਰਦ ਰੁਤਿ ਮੂਲਿ ਨ ਮਿਟਈ ਘਾਂਮ ॥ ਸੀਤਲੁ ਥੀਵੈ ਨਾਨਕਾ ਜਪੰਦੜੋ ਹਰਿ ਨਾਮੁ ॥੨॥ {ਪੰਨਾ 709}
ਪਦਅਰਥ: ਸੰਤ ਉਧਰਣ = ਸੰਤਾਂ ਨੂੰ (ਵਿਕਾਰਾਂ ਦੀ ਤਪਸ਼ ਤੋਂ) ਬਚਾਉਣ ਵਾਲਾ। ਦਇਆਲੰ = ਦਿਆਲ ਪ੍ਰਭੂ। ਆਸਰੰ ਗੋਪਾਲ ਕੀਰਤਨਹ = (ਜਿਨ੍ਹਾਂ ਨੂੰ) ਗੋਪਾਲ ਦੇ ਕੀਰਤਨ ਦਾ ਆਸਰਾ ਹੈ, ਜਿਨ੍ਹਾਂ ਨੇ ਗੋਪਾਲ ਦੇ ਕੀਰਤਨ ਨੂੰ ਆਪਣੇ ਜੀਵਨ ਦਾ ਸਹਾਰਾ ਬਣਾਇਆ ਹੈ। ਸੰਤ ਸੰਗੇਣ = (ਉਹਨਾਂ) ਸੰਤਾਂ ਦੀ ਸੰਗਤਿ ਕੀਤਿਆਂ।੧।
ਸਰਦ ਰੁਤਿ = ਠੰਢੀ ਰੁੱਤ। ਘਾਂਮ = ਮਨ ਦੀ ਤਪਸ਼। ਸੀਤਲੁ = ਸ਼ਾਂਤ, ਠੰਢਾ।੨।
ਅਰਥ: ਜੋ ਸੰਤ ਜਨ ਗੋਪਾਲ-ਪ੍ਰਭੂ ਦੇ ਕੀਰਤਨ ਨੂੰ ਆਪਣੇ ਜੀਵਨ ਦਾ ਸਹਾਰਾ ਬਣਾ ਲੈਂਦੇ ਹਨ, ਦਿਆਲ ਪ੍ਰਭੂ ਉਹਨਾਂ ਸੰਤਾਂ ਨੂੰ (ਮਾਇਆ ਦੀ ਤਪਸ਼ ਤੋਂ) ਬਚਾ ਲੈਂਦਾ ਹੈ, ਉਹਨਾਂ ਸੰਤਾਂ ਦੀ ਸੰਗਤਿ ਕੀਤਿਆਂ ਪਵਿਤ੍ਰ ਹੋ ਜਾਈਦਾ ਹੈ। ਹੇ ਨਾਨਕ! (ਤੂੰ ਭੀ ਅਜੇਹੇ ਗੁਰਮੁਖਾਂ ਦੀ ਸੰਗਤਿ ਵਿਚ ਰਹਿ ਕੇ) ਪਰਮੇਸਰ ਦਾ ਪੱਲਾ ਫੜ।੧।
ਭਾਵੇਂ ਚੰਦਨ (ਦਾ ਲੇਪ ਕੀਤਾ) ਹੋਵੇ ਚਾਹੇ ਚੰਦ੍ਰਮਾ (ਦੀ ਚਾਨਣੀ) ਹੋਵੇ, ਤੇ ਭਾਵੇਂ ਠੰਢੀ ਰੁੱਤ ਹੋਵੇ-ਇਹਨਾਂ ਦੀ ਰਾਹੀਂ ਮਨ ਦੀ ਤਪਸ਼ ਉੱਕਾ ਹੀ ਮਿਟ ਨਹੀਂ ਸਕਦੀ। ਹੇ ਨਾਨਕ! ਪ੍ਰਭੂ ਦਾ ਨਾਮ ਸਿਮਰਿਆਂ ਹੀ ਮਨੁੱਖ (ਦਾ ਮਨ) ਸ਼ਾਂਤ ਹੁੰਦਾ ਹੈ।੨।
ਪਉੜੀ ॥ ਚਰਨ ਕਮਲ ਕੀ ਓਟ ਉਧਰੇ ਸਗਲ ਜਨ ॥ ਸੁਣਿ ਪਰਤਾਪੁ ਗੋਵਿੰਦ ਨਿਰਭਉ ਭਏ ਮਨ ॥ ਤੋਟਿ ਨ ਆਵੈ ਮੂਲਿ ਸੰਚਿਆ ਨਾਮੁ ਧਨ ॥ ਸੰਤ ਜਨਾ ਸਿਉ ਸੰਗੁ ਪਾਈਐ ਵਡੈ ਪੁਨ ॥ ਆਠ ਪਹਰ ਹਰਿ ਧਿਆਇ ਹਰਿ ਜਸੁ ਨਿਤ ਸੁਨ ॥੧੭॥ {ਪੰਨਾ 709}
ਪਦਅਰਥ: ਓਟ = ਆਸਰਾ। ਸਗਲ = ਸਾਰੇ। ਜਨ = ਮਨੁੱਖ। ਪਰਤਾਪੁ = ਵਡਿਆਈ। ਨਿਰਭਉ = ਨਿਡਰ। ਤੋਟਿ = ਕਮੀ, ਘਾਟਾ। ਨ ਮੂਲਿ = ਕਦੇ ਭੀ ਨਹੀਂ। ਸੰਚਿਆ = ਇਕੱਠਾ ਕੀਤਾ। ਵਡੈ ਪੁਨ = ਚੰਗੇ ਭਾਗਾਂ ਨਾਲ। ਕਮਲ = ਕਉਲ ਫੁੱਲ। ਚਰਨ ਕਮਲ = ਕਉਲ ਫੁੱਲ ਵਰਗੇ ਚਰਨ।
ਅਰਥ: ਪ੍ਰਭੂ ਦੇ ਸੋਹਣੇ ਚਰਨਾਂ ਦਾ ਆਸਰਾ ਲੈ ਕੇ ਸਾਰੇ ਜੀਵ (ਦੁਨੀਆ ਦੀ ਤਪਸ਼ ਤੋਂ) ਬਚ ਜਾਂਦੇ ਹਨ। ਗੋਬਿੰਦ ਦੀ ਵਡਿਆਈ ਸੁਣ ਕੇ (ਬੰਦਗੀ ਵਾਲਿਆਂ ਦੇ) ਮਨ ਨਿਡਰ ਹੋ ਜਾਂਦੇ ਹਨ। ਉਹ ਪ੍ਰਭੂ ਦਾ ਨਾਮ-ਧਨ ਇਕੱਠਾ ਕਰਦੇ ਹਨ ਤੇ ਉਸ ਧਨ ਵਿਚ ਕਦੇ ਘਾਟਾ ਨਹੀਂ ਪੈਂਦਾ। ਅਜੇਹੇ ਗੁਰਮੁਖਾਂ ਦੀ ਸੰਗਤਿ ਬੜੇ ਭਾਗਾਂ ਨਾਲ ਮਿਲਦੀ ਹੈ, ਇਹ ਸੰਤ ਜਨ ਅੱਠੇ ਪਹਿਰ ਪ੍ਰਭੂ ਨੂੰ ਸਿਮਰਦੇ ਹਨ ਤੇ ਸਦਾ ਪ੍ਰਭੂ ਦਾ ਜਸ ਸੁਣਦੇ ਹਨ।੧੭।
*┈┉┅━❀꧁ੴ꧂❀━┅┉┈*
||ਅੱਜ ਦਾ ਫੁਰਮਾਨ|| ਗੁਰਦੁਆਰਾ ਨਨਕਾਣਾ ਸਾਹਿਬ ( ਪਾਕਿਸਤਾਨ ) ||
*┈┉┅━❀꧁ੴ꧂❀━┅┉┈*
||ਅੱਜ ਦਾ ਫੁਰਮਾਨ|| ਗੁਰਦੁਆਰਾ ਪੰਜਾ ਸਾਹਿਬ ( ਪਾਕਿਸਤਾਨ ) ||
ਤਿਲੰਗ ਘਰੁ ੨ ਮਹਲਾ ੫ ॥ ਤੁਧੁ ਬਿਨੁ ਦੂਜਾ ਨਾਹੀ ਕੋਇ ॥ ਤੂ ਕਰਤਾਰੁ ਕਰਹਿ ਸੋ ਹੋਇ ॥ ਤੇਰਾ ਜੋਰੁ ਤੇਰੀ ਮਨਿ ਟੇਕ ॥ ਸਦਾ ਸਦਾ ਜਪਿ ਨਾਨਕ ਏਕ ॥੧॥ ਸਭ ਊਪਰਿ ਪਾਰਬ੍ਰਹਮੁ ਦਾਤਾਰੁ ॥ ਤੇਰੀ ਟੇਕ ਤੇਰਾ ਆਧਾਰੁ ॥ ਰਹਾਉ ॥ ਹੈ ਤੂਹੈ ਤੂ ਹੋਵਨਹਾਰ ॥ ਅਗਮ ਅਗਾਧਿ ਊਚ ਆਪਾਰ ॥ ਜੋ ਤੁਧੁ ਸੇਵਹਿ ਤਿਨ ਭਉ ਦੁਖੁ ਨਾਹਿ ॥ ਗੁਰ ਪਰਸਾਦਿ ਨਾਨਕ ਗੁਣ ਗਾਹਿ ॥੨॥ ਜੋ ਦੀਸੈ ਸੋ ਤੇਰਾ ਰੂਪੁ ॥ ਗੁਣ ਨਿਧਾਨ ਗੋਵਿੰਦ ਅਨੂਪ ॥ ਸਿਮਰਿ ਸਿਮਰਿ ਸਿਮਰਿ ਜਨ ਸੋਇ ॥ ਨਾਨਕ ਕਰਮਿ ਪਰਾਪਤਿ ਹੋਇ ॥੩॥ ਜਿਨਿ ਜਪਿਆ ਤਿਸ ਕਉ ਬਲਿਹਾਰ ॥ ਤਿਸ ਕੈ ਸੰਗਿ ਤਰੈ ਸੰਸਾਰ ॥ ਕਹੁ ਨਾਨਕ ਪ੍ਰਭ ਲੋਚਾ ਪੂਰਿ ॥ ਸੰਤ ਜਨਾ ਕੀ ਬਾਛਉ ਧੂਰਿ ॥੪॥੨॥ {ਪੰਨਾ 723-724}
ਪਦਅਰਥ: ਕਰਹਿ = ਤੂੰ ਕਰਦਾ ਹੈਂ। ਜੋਰੁ = ਬਲ। ਮਨਿ = ਮਨ ਵਿਚ। ਟੇਕ = ਆਸਰਾ। ਨਾਨਕ = ਹੇ ਨਾਨਕ!।੧।
ਆਧਾਰੁ = ਸਹਾਰਾ।ਰਹਾਉ।
ਤੂ ਹੈ– ਤੂੰ ਹੀ। ਹੋਵਨਹਾਰ = ਸਦਾ ਕਾਇਮ ਰਹਿਣ ਵਾਲਾ। ਅਗਮ = ਅਪਹੁੰਚ। ਅਗਾਧਿ = ਅਥਾਹ। ਆਪਾਰ = ਅਪਾਰ, ਬੇਅੰਤ। ਤੁਧੁ = ਤੈਨੂੰ। ਸੇਵਹਿ = ਸਿਮਰਦੇ ਹਨ। ਪ੍ਰਸਾਦਿ = ਕਿਰਪਾ ਨਾਲ। ਗਾਹਿ = ਗਾਂਦੇ ਹਨ।੨।
ਦੀਸੈ = ਦਿੱਸਦਾ ਹੈ। ਗੁਣ ਨਿਧਾਨ = ਹੇ ਗੁਣਾਂ ਦੇ ਖ਼ਜ਼ਾਨੇ! ਅਨੂਪ = ਹੇ ਸੁੰਦਰ! ਜਨ = ਹੇ ਜਨ! ਸੋਇ = ਉਸ ਪਰਮਾਤਮਾ ਨੂੰ ਹੀ। ਕਰਮਿ = ਮੇਹਰ ਨਾਲ।੩।
ਜਿਨਿ = ਜਿਸ (ਮਨੁੱਖ) ਨੇ। ਤਿਸ ਕਉ = {ਲਫ਼ਜ਼ 'ਤਿਸੁ' ਦਾ ੁ ਸੰਬੰਧਕ 'ਕਉ' ਦੇ ਕਾਰਨ ਉੱਡ ਗਿਆ ਹੈ}। ਬਲਿਹਾਰ = ਸਦਕੇ। ਤਿਸ ਕੈ = {ਲਫ਼ਜ਼ 'ਤਿਸੁ' ਦਾ ੁ ਸੰਬੰਧਕ 'ਕੈ' ਦੇ ਕਾਰਨ ਉੱਡਿਆ ਹੈ}। ਕੈ ਸੰਗਿ = ਦੇ ਨਾਲ। ਲੋਚਾ = ਤਾਂਘ। ਪੂਰਿ = ਪੂਰੀ ਕਰ। ਬਾਛਉ = ਬਾਛਉਂ, ਮੈਂ ਚਾਹੁੰਦਾ ਹਾਂ। ਧੂਰਿ = ਚਰਨ = ਧੂੜ।੪।
ਅਰਥ: ਹੇ ਭਾਈ! ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਪਰਮਾਤਮਾ ਸਭ ਜੀਵਾਂ ਦੇ ਸਿਰ ਉਤੇ ਰਾਖਾ ਹੈ। ਹੇ ਪ੍ਰਭੂ! ਅਸਾਂ ਜੀਵਾਂ ਨੂੰ) ਤੇਰਾ ਹੀ ਆਸਰਾ ਹੈ, ਤੇਰਾ ਹੀ ਸਹਾਰਾ ਹੈ।ਰਹਾਉ।
ਹੇ ਪ੍ਰਭੂ! ਤੂੰ ਸਾਰੇ ਜਗਤ ਦਾ ਪੈਦਾ ਕਰਨ ਵਾਲਾ ਹੈਂ, ਜੋ ਕੁਝ ਤੂੰ ਕਰਦਾ ਹੈਂ, ਉਹੀ ਹੁੰਦਾ ਹੈ, ਤੈਥੋਂ ਬਿਨਾ ਹੋਰ ਕੋਈ ਦੂਜਾ ਕੁਝ ਕਰ ਸਕਣ ਵਾਲਾ ਨਹੀਂ ਹੈ। (ਅਸਾਂ ਜੀਵਾਂ ਨੂੰ) ਤੇਰਾ ਹੀ ਤਾਣ ਹੈ, (ਸਾਡੇ) ਮਨ ਵਿਚ ਤੇਰਾ ਹੀ ਸਹਾਰਾ ਹੈ। ਹੇ ਨਾਨਕ! ਸਦਾ ਹੀ ਉਸ ਇਕ ਪਰਮਾਤਮਾ ਦਾ ਨਾਮ ਜਪਦਾ ਰਹੁ।੧।
ਹੇ ਅਪਹੁੰਚ ਪ੍ਰਭੂ! ਹੇ ਅਥਾਹ ਪ੍ਰਭੂ! ਹੇ ਸਭ ਤੋਂ ਉੱਚੇ ਤੇ ਬੇਅੰਤ ਪ੍ਰਭੂ! ਹਰ ਥਾਂ ਹਰ ਵੇਲੇ ਤੂੰ ਹੀ ਤੂੰ ਹੈਂ, ਤੂੰ ਹੀ ਸਦਾ ਕਾਇਮ ਰਹਿਣ ਵਾਲਾ ਹੈਂ। ਹੇ ਪ੍ਰਭੂ! ਜੇਹੜੇ ਮਨੁੱਖ ਤੈਨੂੰ ਸਿਮਰਦੇ ਹਨ, ਉਹਨਾਂ ਨੂੰ ਕੋਈ ਡਰ ਕੋਈ ਦੁੱਖ ਪੋਹ ਨਹੀਂ ਸਕਦਾ। ਹੇ ਨਾਨਕ! ਗੁਰੂ ਦੀ ਕਿਰਪਾ ਨਾਲ ਹੀ (ਮਨੁੱਖ ਪਰਮਾਤਮਾ ਦੇ) ਗੁਣ ਗਾ ਸਕਦੇ ਹਨ।੨।
ਹੇ ਗੁਣਾਂ ਦੇ ਖ਼ਜ਼ਾਨੇ! ਹੇ ਸੋਹਣੇ ਗੋਬਿੰਦ! ਜਗਤ ਵਿਚ) ਜੋ ਕੁਝ ਦਿੱਸਦਾ ਹੈ ਤੇਰਾ ਹੀ ਸਰੂਪ ਹੈ। ਹੇ ਮਨੁੱਖ! ਸਦਾ ਉਸ ਪਰਮਾਤਮਾ ਦਾ ਸਿਮਰਨ ਕਰਦਾ ਰਹੁ। ਹੇ ਨਾਨਕ! ਪਰਮਾਤਮਾ ਦਾ ਸਿਮਰਨ) ਪਰਮਾਤਮਾ ਦੀ ਕਿਰਪਾ ਨਾਲ ਹੀ ਮਿਲਦਾ ਹੈ।੩।
ਹੇ ਭਾਈ! ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਜਪਿਆ ਹੈ, ਉਸ ਤੋਂ ਕੁਰਬਾਨ ਹੋਣਾ ਚਾਹੀਦਾ ਹੈ। ਉਸ ਮਨੁੱਖ ਦੀ ਸੰਗਤਿ ਵਿਚ (ਰਹਿ ਕੇ) ਸਾਰਾ ਜਗਤ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ। ਹੇ ਨਾਨਕ! ਆਖ-ਹੇ ਪ੍ਰਭੂ! ਮੇਰੀ ਤਾਂਘ ਪੂਰੀ ਕਰ, ਮੈਂ (ਤੇਰੇ ਦਰ ਤੋਂ) ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ।੪।੨।
*┈┉┅━❀꧁ੴ꧂❀━┅┉┈*
||ਅੱਜ ਦਾ ਫੁਰਮਾਨ|| ਗੁਰਦੁਆਰਾ ਕਰਤਾਰਪੁਰ ਸਾਹਿਬ (ਪਾਕਿਸਤਾਨ)
ਧਨਾਸਰੀ ਮਹਲਾ ੫ ॥ ਚਤੁਰ ਦਿਸਾ ਕੀਨੋ ਬਲੁ ਅਪਨਾ ਸਿਰ ਊਪਰਿ ਕਰੁ ਧਾਰਿਓ ॥ ਕ੍ਰਿਪਾ ਕਟਾਖ੍ਯ੍ਯ ਅਵਲੋਕਨੁ ਕੀਨੋ ਦਾਸ ਕਾ ਦੂਖੁ ਬਿਦਾਰਿਓ ॥੧॥ ਹਰਿ ਜਨ ਰਾਖੇ ਗੁਰ ਗੋਵਿੰਦ ॥ ਕੰਠਿ ਲਾਇ ਅਵਗੁਣ ਸਭਿ ਮੇਟੇ ਦਇਆਲ ਪੁਰਖ ਬਖਸੰਦ ॥ ਰਹਾਉ ॥ ਜੋ ਮਾਗਹਿ ਠਾਕੁਰ ਅਪੁਨੇ ਤੇ ਸੋਈ ਸੋਈ ਦੇਵੈ ॥ ਨਾਨਕ ਦਾਸੁ ਮੁਖ ਤੇ ਜੋ ਬੋਲੈ ਈਹਾ ਊਹਾ ਸਚੁ ਹੋਵੈ ॥੨॥੧੪॥੪੫॥ {ਪੰਨਾ 681}
ਪਦਅਰਥ: ਚਤੁਰ = ਚਾਰ। ਦਿਸਾ = ਤਰਫ਼ਾਂ, ਪਾਸੇ। ਥਲੁ = ਸ਼ਕਤੀ। ਕਰੁ = ਹੱਥ {ਇਕ-ਵਚਨ}। ਕਟਾਖ੍ਹ = ਨਿਗਾਹ। ਅਵਲੋਕਨੁ = ਵੇਖਣ। ਅਵਲੋਕਨੁ ਕੀਨੋ = ਵੇਖਿਆ। ਬਿਦਾਰਿਓ = ਦੂਰ ਕਰ ਦਿੱਤਾ।੧।
ਜਨ = ਸੇਵਕ, ਦਾਸ {ਬਹੁ-ਵਚਨ}। ਗੁਰ ਗੋਵਿੰਦ = ਵੱਡੇ ਮਾਲਕ ਨੇ। ਗੋਵਿੰਦ = ਪ੍ਰਿਥਵੀ ਦਾ ਮਾਲਕ। ਕੰਠਿ = ਗਲ ਨਾਲ। ਲਾਇ = ਲਾ ਕੇ। ਸਭਿ = ਸਾਰੇ। ਪੁਰਖ = ਸਰਬ = ਵਿਆਪਕ।ਰਹਾਉ।
ਮਾਗਹਿ = ਮੰਗਦੇ ਹਨ। ਤੇ = ਤੋਂ। ਮੁਖ ਤੇ = ਮੂੰਹੋਂ। ਈਹਾ = ਇਸ ਲੋਕ ਵਿਚ। ਊਹਾ = ਪਰਲੋਕ ਵਿਚ। ਸਚੁ = ਸਦਾ-ਥਿਰ ਰਹਿਣ ਵਾਲਾ ਬਚਨ, ਅਟੱਲ ਬਚਨ।੨।
ਅਰਥ: ਹੇ ਭਾਈ! ਪਰਮਾਤਮਾ ਆਪਣੇ ਸੇਵਕਾਂ ਦੀ (ਸਦਾ) ਰਾਖੀ ਕਰਦਾ ਹੈ। (ਸੇਵਕਾਂ ਨੂੰ ਆਪਣੇ) ਗਲ ਨਾਲ ਲਾ ਕੇ ਦਇਆ-ਦਾ-ਘਰ ਸਰਬ-ਵਿਆਪਕ ਬਖ਼ਸ਼ਣਹਾਰ ਪ੍ਰਭੂ ਉਹਨਾਂ ਦੇ ਸਾਰੇ ਔਗੁਣ ਮਿਟਾ ਦੇਂਦਾ ਹੈ।ਰਹਾਉ।
ਹੇ ਭਾਈ! ਜਿਸ ਪ੍ਰਭੂ ਨੇ ਚੌਹੀਂ ਪਾਸੀਂ (ਸਾਰੀ ਸ੍ਰਿਸ਼ਟੀ ਵਿਚ) ਆਪਣੀ ਕਲਾ ਵਰਤਾਈ ਹੋਈ ਹੈ, ਉਸ ਨੇ (ਆਪਣੇ ਦਾਸ ਦੇ) ਸਿਰ ਉੱਤੇ ਸਦਾ ਹੀ ਆਪਣਾ ਹੱਥ ਰੱਖਿਆ ਹੋਇਆ ਹੈ। ਮੇਹਰ ਦੀ ਨਿਗਾਹ ਨਾਲ ਆਪਣੇ ਦਾਸ ਵੱਲ ਤੱਕਦਾ ਹੈ, ਤੇ, ਉਸ ਦਾ ਹਰੇਕ ਦੁੱਖ ਦੂਰ ਕਰ ਦੇਂਦਾ ਹੈ।੧।
ਹੇ ਭਾਈ! ਪ੍ਰਭੂ ਦੇ ਦਾਸ ਆਪਣੇ ਪ੍ਰਭੂ ਪਾਸੋਂ ਜੋ ਕੁਝ ਮੰਗਦੇ ਹਨ ਉਹ ਉਹੀ ਕੁਝ ਉਹਨਾਂ ਨੂੰ ਦੇਂਦਾ ਹੈ। ਹੇ ਨਾਨਕ! ਪ੍ਰਭੂ ਦਾ) ਸੇਵਕ ਜੋ ਕੁਝ ਮੂੰਹੋਂ ਬੋਲਦਾ ਹੈ, ਉਹ ਇਸ ਲੋਕ ਵਿਚ ਪਰਲੋਕ ਵਿਚ ਅਟੱਲ ਹੋ ਜਾਂਦਾ ਹੈ।੨।੧੪।੪੫।
*┈┉┅━❀꧁ੴ꧂❀━┅┉┈*
||ਅੱਜ ਦਾ ਫੁਰਮਾਨ|| ਗੁਰਦੁਆਰਾ ਬੰਗਲਾ ਸਾਹਿਬ ਜੀ (ਦਿੱਲੀ) ||
ਸਲੋਕੁ ਮਃ ੩ ॥ ਵਿਣੁ ਨਾਵੈ ਸਭਿ ਭਰਮਦੇ ਨਿਤ ਜਗਿ ਤੋਟਾ ਸੈਸਾਰਿ ॥ ਮਨਮੁਖਿ ਕਰਮ ਕਮਾਵਣੇ ਹਉਮੈ ਅੰਧੁ ਗੁਬਾਰੁ ॥ ਗੁਰਮੁਖਿ ਅੰਮ੍ਰਿਤੁ ਪੀਵਣਾ ਨਾਨਕ ਸਬਦੁ ਵੀਚਾਰਿ ॥੧॥ {ਪੰਨਾ 646}
ਪਦਅਰਥ: ਜਗਿ = ਜਗਤ ਵਿਚ। ਤੋਟਾ = ਘਾਟਾ। ਸੰਸਾਰਿ = ਸੰਸਾਰ ਵਿਚ। ਸਭਿ = ਸਾਰੇ ਜੀਵ।
ਅਰਥ: ਨਾਮ ਤੋਂ ਬਿਨਾ ਸਾਰੇ ਲੋਕ ਭਟਕਦੇ ਫਿਰਦੇ ਹਨ; ਉਹਨਾਂ ਨੂੰ ਸੰਸਾਰ ਵਿਚ ਸਦਾ ਘਾਟਾ ਹੀ ਘਾਟਾ ਹੈ; ਹੇ ਨਾਨਕ! ਮਨਮੁਖ ਤਾਂ ਹਉਮੈ ਦੇ ਆਸਰੇ ਉਹ ਕਰਮ ਕਮਾਂਦੇ ਹਨ ਜੋ ਘੁੱਪ ਹਨੇਰਾ ਪੈਦਾ ਕਰਦੇ ਹਨ। ਪਰ ਸਤਿਗੁਰੂ ਦੇ ਸਨਮੁਖ ਜੀਵ ਸ਼ਬਦ ਨੂੰ ਵਿਚਾਰ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦੇ ਹਨ।੧।
ਮਃ ੩ ॥ ਸਹਜੇ ਜਾਗੈ ਸਹਜੇ ਸੋਵੈ ॥ ਗੁਰਮੁਖਿ ਅਨਦਿਨੁ ਉਸਤਤਿ ਹੋਵੈ ॥ {ਪੰਨਾ 646}
ਅਰਥ: ਜੋ ਮਨੁੱਖ ਸਤਿਗੁਰੂ ਦੇ ਸਨਮੁਖ ਹੁੰਦਾ ਹੈ ਉਹ ਆਤਮਕ ਅਡੋਲਤਾ ਵਿਚ ਹੀ ਜਾਗਦਾ ਹੈ ਤੇ ਆਤਮਕ ਅਡੋਲਤਾ ਵਿਚ ਹੀ ਸੌਂਦਾ ਹੈ (ਭਾਵ, ਜਾਗਦਿਆਂ ਹਰੀ ਵਿਚ ਲੀਨ ਤੇ ਸੁੱਤਿਆਂ ਹਰੀ ਵਿਚ ਲੀਨ ਰਹਿੰਦਾ ਹੈ) ਉਸ ਨੂੰ ਹਰ ਰੋਜ਼ (ਭਾਵ, ਹਰ ਵੇਲੇ) ਹਰੀ ਦੀ ਉਸਤਤਿ (ਦਾ ਹੀ ਆਹਰ ਹੁੰਦਾ) ਹੈ।
ਮਨਮੁਖ ਭਰਮੈ ਸਹਸਾ ਹੋਵੈ ॥ ਅੰਤਰਿ ਚਿੰਤਾ ਨੀਦ ਨ ਸੋਵੈ ॥ {ਪੰਨਾ 646}
ਅਰਥ: ਮਨਮੁਖ ਭਟਕਦਾ ਹੈ, ਕਿਉਂਕਿ ਉਸ ਨੂੰ ਸਦਾ ਤੌਖ਼ਲਾ ਰਹਿੰਦਾ ਹੈ; ਮਨ ਵਿਚ ਚਿੰਤਾ ਹੋਣ ਕਰ ਕੇ ਉਹ (ਸੁਖ ਦੀ) ਨੀਂਦਰ ਨਹੀਂ ਸੌਂਦਾ।
ਗਿਆਨੀ ਜਾਗਹਿ ਸਵਹਿ ਸੁਭਾਇ ॥ ਨਾਨਕ ਨਾਮਿ ਰਤਿਆ ਬਲਿ ਜਾਉ ॥੨॥ {ਪੰਨਾ 646}
ਅਰਥ: ਪ੍ਰਭੂ ਨਾਲ ਡੂੰਘੀ ਸਾਂਝ ਰੱਖਣ ਵਾਲੇ ਬੰਦੇ ਪ੍ਰਭੂ ਦੇ ਪਿਆਰ ਵਿਚ ਹੀ ਜਾਗਦੇ ਸੌਂਦੇ ਹਨ (ਭਾਵ, ਜਾਗਦੇ ਤੇ ਸੁੱਤੇ ਹੋਏ ਇਕ-ਰਸ ਰਹਿੰਦੇ ਹਨ) । ਹੇ ਨਾਨਕ! ਮੈਂ ਨਾਮ ਵਿਚ ਰੰਗੇ ਹੋਇਆਂ ਤੋਂ ਸਦਕੇ ਹਾਂ।੨।
ਪਉੜੀ ॥ ਸੇ ਹਰਿ ਨਾਮੁ ਧਿਆਵਹਿ ਜੋ ਹਰਿ ਰਤਿਆ ॥ ਹਰਿ ਇਕੁ ਧਿਆਵਹਿ ਇਕੁ ਇਕੋ ਹਰਿ ਸਤਿਆ ॥ ਹਰਿ ਇਕੋ ਵਰਤੈ ਇਕੁ ਇਕੋ ਉਤਪਤਿਆ ॥ ਜੋ ਹਰਿ ਨਾਮੁ ਧਿਆਵਹਿ ਤਿਨ ਡਰੁ ਸਟਿ ਘਤਿਆ ॥ ਗੁਰਮਤੀ ਦੇਵੈ ਆਪਿ ਗੁਰਮੁਖਿ ਹਰਿ ਜਪਿਆ ॥੯॥ {ਪੰਨਾ 646}
ਪਦਅਰਥ: ਸਤਿਆ = ਸਤਿ, ਸਦਾ-ਥਿਰ ਰਹਿਣ ਵਾਲਾ।
ਅਰਥ: ਜੋ ਮਨੁੱਖ ਹਰੀ ਵਿਚ ਰੱਤੇ ਹੋਏ ਹਨ, ਉਹ ਉਸ ਦਾ ਨਾਮ ਸਿਮਰਦੇ ਹਨ; ਉਸ ਇੱਕ ਹਰੀ ਨੂੰ ਧਿਆਉਂਦੇ ਹਨ; ਜੋ ਸਦਾ ਕਾਇਮ ਰਹਿਣ ਵਾਲਾ ਹੈ, ਜੋ ਇੱਕ ਆਪ ਹਰ ਥਾਂ ਵਿਆਪਕ ਹੈ ਤੇ ਜਿਸ ਇਕ ਨੇ ਹੀ (ਸਾਰੀ ਸ੍ਰਿਸ਼ਟੀ) ਪੈਦਾ ਕੀਤੀ ਹੈ। ਜੋ ਮਨੁੱਖ ਨਾਮ ਸਿਮਰਦੇ ਹਨ, ਉਹਨਾਂ ਨੇ ਸਾਰਾ ਡਰ ਦੂਰ ਕਰ ਦਿੱਤਾ ਹੈ। ਪਰ ਉਹੀ ਗੁਰਮੁਖ ਨਾਮ ਸਿਮਰਦਾ ਹੈ ਜਿਸਨੂੰ ਪ੍ਰਭੂ ਆਪ ਗੁਰੂ ਦੀ ਮਤਿ ਦੀ ਰਾਹੀਂ ਇਹ ਦਾਤਿ ਦੇਂਦਾ ਹੈ।੯।
*┈┉┅━❀꧁ੴ꧂❀━┅┉┈*
||ਅੱਜ ਦਾ ਫੁਰਮਾਨ|| ਗੁਰਦੁਆਰਾ ਸੀਸ ਗੰਜ ਸਾਹਿਬ ਜੀ (ਦਿੱਲੀ) ||
ਧਨਾਸਰੀ ਮਹਲਾ ੫ ॥ ਤੁਮ ਦਾਤੇ ਠਾਕੁਰ ਪ੍ਰਤਿਪਾਲਕ ਨਾਇਕ ਖਸਮ ਹਮਾਰੇ ॥ ਨਿਮਖ ਨਿਮਖ ਤੁਮ ਹੀ ਪ੍ਰਤਿਪਾਲਹੁ ਹਮ ਬਾਰਿਕ ਤੁਮਰੇ ਧਾਰੇ ॥੧॥ ਜਿਹਵਾ ਏਕ ਕਵਨ ਗੁਨ ਕਹੀਐ ॥ ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤੁ ਨ ਕਿਨ ਹੀ ਲਹੀਐ ॥੧॥ ਰਹਾਉ ॥ ਕੋਟਿ ਪਰਾਧ ਹਮਾਰੇ ਖੰਡਹੁ ਅਨਿਕ ਬਿਧੀ ਸਮਝਾਵਹੁ ॥ ਹਮ ਅਗਿਆਨ ਅਲਪ ਮਤਿ ਥੋਰੀ ਤੁਮ ਆਪਨ ਬਿਰਦੁ ਰਖਾਵਹੁ ॥੨॥ ਤੁਮਰੀ ਸਰਣਿ ਤੁਮਾਰੀ ਆਸਾ ਤੁਮ ਹੀ ਸਜਨ ਸੁਹੇਲੇ ॥ ਰਾਖਹੁ ਰਾਖਨਹਾਰ ਦਇਆਲਾ ਨਾਨਕ ਘਰ ਕੇ ਗੋਲੇ ॥੩॥੧੨॥ {ਪੰਨਾ 674}
ਪਦਅਰਥ: ਪ੍ਰਤਿਪਾਲਕ = ਪਾਲਣ ਵਾਲੇ। ਨਾਇਕ = ਆਗੂ। ਨਿਮਖ = ਅੱਖ ਝਮਕਣ ਜਿਤਨਾ ਸਮਾ। ਤੁਮਰੇ ਧਾਰੇ = ਤੇਰੇ ਆਸਰੇ।੧।
ਜਿਹਵਾ = ਜੀਭ। ਕਹੀਐ = ਬਿਆਨ ਕੀਤਾ ਜਾ ਸਕਦਾ ਹੈ। ਤੇਰੋ = ਤੇਰਾ। ਕਿਨ ਹੀ = ਕਿਨਿ ਹੀ, ਕਿਸੇ ਪਾਸੋਂ ਭੀ {ਲਫ਼ਜ਼ 'ਕਿਨਿ' ਦੀ 'ਿ' ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਈ ਹੈ}। ਲਹੀਐ = ਲੱਭਿਆ ਜਾ ਸਕਦਾ।੧।ਰਹਾਉ।
ਕੋਟਿ = ਕ੍ਰੋੜਾਂ। ਪਰਾਧ = ਅਪਰਾਧ। ਖੰਡਹੁ = ਨਾਸ ਕਰਦੇ ਹੋ। ਬਿਧਿ = ਤਰੀਕਾ। ਅਗਿਆਨ = ਗਿਆਨ = ਹੀਣ, ਆਤਮਕ ਜੀਵਨ ਦੀ ਸੂਝ ਤੋਂ ਸੱਖਣੇ। ਅਲਪ = ਥੋੜੀ, ਹੋਛੀ। ਬਿਰਦੁ = ਮੁੱਢ = ਕਦੀਮਾਂ ਦਾ (ਪਿਆਰ ਵਾਲਾ) ਸੁਭਾਉ।੨।
ਤੁਮਾਰੀ = ਤੇਰੀ ਹੀ। ਸੁਹੇਲੇ = ਸੁਖ ਦੇਣ ਵਾਲੇ। ਰਾਖਨਹਾਰ = ਰੱਖਿਆ ਕਰਨ ਦੀ ਸਮਰਥਾ ਵਾਲੇ! ਗੋਲੇ = ਗ਼ੁਲਾਮ।੩।
ਅਰਥ: ਹੇ ਅਣਗਿਣਤ ਗੁਣਾਂ ਦੇ ਮਾਲਕ! ਹੇ ਬੇਅੰਤ ਮਾਲਕ-ਪ੍ਰਭੂ! ਕਿਸੇ ਭੀ ਪਾਸੋਂ ਤੇਰੇ ਗੁਣਾਂ ਦਾ ਅੰਤ ਨਹੀਂ ਲੱਭਿਆ ਜਾ ਸਕਿਆ। (ਮਨੁੱਖ ਦੀ) ਇਕ ਜੀਭ ਨਾਲ ਤੇਰਾ ਕੇਹੜਾ ਕੇਹੜਾ ਗੁਣ ਦੱਸਿਆ ਜਾਏ?।੧।ਰਹਾਉ।
ਹੇ ਪ੍ਰਭੂ! ਤੂੰ ਸਭ ਦਾਤਾਂ ਦੇਣ ਵਾਲਾ ਹੈਂ, ਤੂੰ ਮਾਲਕ ਹੈਂ, ਤੂੰ ਸਭਨਾਂ ਨੂੰ ਪਾਲਣ ਵਾਲਾ ਹੈਂ, ਤੂੰ ਸਾਡਾ ਆਗੂ ਹੈਂ (ਜੀਵਨ-ਅਗਵਾਈ ਦੇਣ ਵਾਲਾ ਹੈਂ) , ਤੂੰ ਸਾਡਾ ਖਸਮ ਹੈਂ। ਹੇ ਪ੍ਰਭੂ! ਤੂੰ ਹੀ ਇਕ ਇਕ ਛਿਨ ਸਾਡੀ ਪਾਲਣਾ ਕਰਦਾ ਹੈਂ, ਅਸੀ (ਤੇਰੇ) ਬੱਚੇ ਤੇਰੇ ਆਸਰੇ (ਜੀਊਂਦੇ) ਹਾਂ।੧।
ਹੇ ਪ੍ਰਭੂ! ਤੂੰ ਸਾਡੇ ਕ੍ਰੋੜਾਂ ਅਪਰਾਧ ਨਾਸ ਕਰਦਾ ਹੈਂ, ਤੂੰ ਸਾਨੂੰ ਅਨੇਕਾਂ ਤਰੀਕਿਆਂ ਨਾਲ (ਜੀਵਨ-ਜੁਗਤਿ) ਸਮਝਾਂਦਾ ਹੈਂ। ਅਸੀ ਜੀਵ ਆਤਮਕ ਜੀਵਨ ਦੀ ਸੂਝ ਤੋਂ ਸੱਖਣੇ ਹਾਂ, ਸਾਡੀ ਅਕਲ ਥੋੜੀ ਹੈ ਹੋਛੀ ਹੈ। (ਫਿਰ ਭੀ) ਤੂੰ ਆਪਣਾ ਮੁੱਢ-ਕਦੀਮਾਂ ਦਾ ਪਿਆਰ ਵਾਲਾ ਸੁਭਾਉ ਕਾਇਮ ਰੱਖਦਾ ਹੈਂ।੨।
ਹੇ ਨਾਨਕ! ਆਖ-) ਹੇ ਪ੍ਰਭੂ! ਅਸੀ ਤੇਰੇ ਹੀ ਆਸਰੇ-ਪਰਨੇ ਹਾਂ, ਸਾਨੂੰ ਤੇਰੀ ਹੀ (ਸਹਾਇਤਾ ਦੀ) ਆਸ ਹੈ, ਤੂੰ ਹੀ ਸਾਡਾ ਸੱਜਣ ਹੈਂ, ਤੂੰ ਹੀ ਸਾਨੂੰ ਸੁਖ ਦੇਣ ਵਾਲਾ ਹੈਂ। ਹੇ ਦਇਆਵਾਨ! ਹੇ ਸਭ ਦੀ ਰੱਖਿਆ ਕਰਨ-ਜੋਗੇ! ਸਾਡੀ ਰੱਖਿਆ ਕਰ, ਅਸੀ ਤੇਰੇ ਘਰ ਦੇ ਗ਼ੁਲਾਮ ਹਾਂ।੩।੧੨।
*┈┉┅━❀꧁ੴ꧂❀━┅┉┈*
||ਅੱਜ ਦਾ ਫੁਰਮਾਨ|| ਗੁਰਦੁਆਰਾ ਸ੍ਰੀ ਭੱਠਾ ਸਾਹਿਬ ਪਾਤਸ਼ਾਹੀ ੧੦ਵੀਂ (ਰੋਪੜ) ||
ਬਿਲਾਵਲੁ ਮਹਲਾ ੫ ॥ ਭੂਲੇ ਮਾਰਗੁ ਜਿਨਹਿ ਬਤਾਇਆ ॥ ਐਸਾ ਗੁਰੁ ਵਡਭਾਗੀ ਪਾਇਆ ॥੧॥ ਸਿਮਰਿ ਮਨਾ ਰਾਮ ਨਾਮੁ ਚਿਤਾਰੇ ॥ ਬਸਿ ਰਹੇ ਹਿਰਦੈ ਗੁਰ ਚਰਨ ਪਿਆਰੇ ॥੧॥ ਰਹਾਉ ॥ਕਾਮਿ ਕ੍ਰੋਧਿ ਲੋਭਿ ਮੋਹਿ ਮਨੁ ਲੀਨਾ ॥ ਬੰਧਨ ਕਾਟਿ ਮੁਕਤਿ ਗੁਰਿ ਕੀਨਾ ॥੨॥ ਦੁਖ ਸੁਖ ਕਰਤ ਜਨਮਿ ਫੁਨਿ ਮੂਆ ॥ ਚਰਨ ਕਮਲ ਗੁਰਿ ਆਸ੍ਰਮੁ ਦੀਆ ॥੩॥ ਅਗਨਿ ਸਾਗਰ ਬੂਡਤ ਸੰਸਾਰਾ ॥ ਨਾਨਕ ਬਾਹ ਪਕਰਿ ਸਤਿਗੁਰਿ ਨਿਸਤਾਰਾ ॥੪॥੩॥੮॥ {ਪੰਨਾ 803-804}
ਪਦਅਰਥ: ਭੂਲੇ = (ਜੀਵਨ ਦੇ ਸਹੀ ਰਸਤੇ ਤੋਂ) ਖੁੰਝੇ ਜਾ ਰਹੇ ਨੂੰ। ਮਾਰਗੁ = (ਜੀਵਨ ਦਾ ਸਹੀ) ਰਸਤਾ। ਜਿਨਹਿ = ਜਿਨਿ ਹੀ, ਜਿਸ (ਗੁਰੂ) ਨੇ। ਵਡ ਭਾਗੀ = ਵੱਡੇ ਭਾਗਾਂ ਨਾਲ।੧।
ਮਨਾ = ਹੇ ਮਨ! ਚਿਤਾਰੇ = ਚਿਤਾਰਿ, ਚਿਤਾਰ ਕੇ, ਧਿਆਨ ਜੋੜ ਕੇ। ਹਿਰਦੈ = ਹਿਰਦੇ ਵਿਚ।੧।ਰਹਾਉ।
ਕਾਮਿ = ਕਾਮ ਵਿਚ। ਕ੍ਰੋਧਿ = ਕ੍ਰੋਧ ਵਿਚ। ਲੀਨਾ = ਫਸਿਆ ਹੋਇਆ। ਕਾਟਿ = ਕੱਟ ਕੇ। ਗੁਰਿ = ਗੁਰੂ ਨੇ। ਮੁਕਤਿ = ਖ਼ਲਾਸੀ।੨।
ਕਰਤ = ਕਰਦਿਆਂ। ਜਨਮਿ = ਜਨਮ ਵਿਚ (ਆ ਕੇ) , ਜੰਮ ਕੇ। ਫੁਨਿ = ਮੁੜ। ਗੁਰਿ = ਗੁਰੂ ਨੇ। ਆਸ੍ਰਮੁ = ਸਹਾਰਾ, ਟਿਕਾਣਾ।੩।
ਅਗਨਿ ਸਾਗਰ = (ਤ੍ਰਿਸ਼ਨਾ ਦੀ) ਅੱਗ ਦਾ ਸਮੁੰਦਰ। ਬੂਡਤ = ਡੁੱਬ ਰਿਹਾ ਹੈ। ਪਕਰਿ = ਫੜ ਕੇ। ਸਤਿਗੁਰਿ = ਸਤਿਗੁਰੂ ਨੇ। ਨਿਸਤਾਰਾ = ਪਾਰ ਲੰਘਾ ਦਿੱਤਾ।੪।
ਅਰਥ: ਹੇ (ਮੇਰੇ) ਮਨ! ਧਿਆਨ ਜੋੜ ਕੇ ਪਰਮਾਤਮਾ ਦਾ ਨਾਮ ਸਿਮਰਿਆ ਕਰ। (ਪਰ ਉਹੀ ਮਨੁੱਖ ਹਰਿ-ਨਾਮ ਸਿਮਰ ਸਕਦਾ ਹੈ, ਜਿਸ ਦੇ) ਹਿਰਦੇ ਵਿਚ ਪਿਆਰੇ ਗੁਰੂ ਦੇ ਚਰਨ ਵੱਸੇ ਰਹਿੰਦੇ ਹਨ (ਤਾਂ ਤੇ, ਹੇ ਮਨ! ਤੂੰ ਭੀ ਗੁਰੂ ਦਾ ਆਸਰਾ ਲੈ) ।੧।ਰਹਾਉ।
(ਹੇ ਮਨ!) ਇਹੋ ਜਿਹਾ ਗੁਰੂ ਵੱਡੇ ਭਾਗਾਂ ਨਾਲ ਹੀ ਮਿਲਦਾ ਹੈ, ਜਿਹੜਾ (ਜੀਵਨ ਦੇ ਸਹੀ ਰਸਤੇ ਤੋਂ) ਖੁੰਝੇ ਜਾ ਰਹੇ ਮਨੁੱਖ ਨੂੰ (ਜ਼ਿੰਦਗੀ ਦਾ ਸਹੀ) ਰਸਤਾ ਦੱਸ ਦੇਂਦਾ ਹੈ।੧।
(ਹੇ ਮਨ! ਵੇਖ, ਮਨੁੱਖ ਦਾ) ਮਨ (ਸਦਾ) ਕਾਮ ਵਿਚ ਕ੍ਰੋਧ ਵਿਚ ਲੋਭ ਵਿਚ ਮੋਹ ਵਿਚ ਫਸਿਆ ਰਹਿੰਦਾ ਹੈ। (ਪਰ ਜਦੋਂ ਉਹ ਗੁਰੂ ਦੇ ਸਰਨ ਆਇਆ) , ਗੁਰੂ ਨੇ (ਉਸ ਦੇ ਇਹ ਸਾਰੇ) ਬੰਧਨ ਕੱਟ ਕੇ ਉਸ ਨੂੰ (ਇਹਨਾਂ ਵਿਕਾਰਾਂ ਤੋਂ) ਖ਼ਲਾਸੀ ਦੇ ਦਿੱਤੀ।੨।
ਹੇ ਮਨ! ਦੁੱਖ ਸੁਖ ਕਰਦਿਆਂ ਮਨੁੱਖ ਕਦੇ ਮਰਦਾ ਹੈ ਕਦੇ ਜੀਊ ਪੈਂਦਾ ਹੈ (ਦੁੱਖ ਵਾਪਰਿਆਂ ਸਹਿਮ ਜਾਂਦਾ ਹੈ, ਸੁਖ ਮਿਲਣ ਤੇ ਸੌਖਾ ਸਾਹ ਲੈਣ ਲੱਗ ਪੈਂਦਾ ਹੈ। ਇਸ ਤਰ੍ਹਾਂ ਡੁਬਕੀਆਂ ਲੈਂਦਾ ਮਨੁੱਖ ਜਦੋਂ ਗੁਰੂ ਦੀ ਸਰਨ ਆਇਆ) ਗੁਰੂ ਨੇ ਉਸ ਨੂੰ ਪਰਮਾਤਮਾ ਦੇ ਸੋਹਣੇ ਚਰਨਾਂ ਦਾ ਆਸਰਾ ਦੇ ਦਿੱਤਾ।੩।
ਹੇ ਨਾਨਕ! ਜਗਤ ਤ੍ਰਿਸ਼ਨਾ ਦੀ ਅੱਗ ਦੇ ਸਮੁੰਦਰ ਵਿਚ ਡੁੱਬ ਰਿਹਾ ਹੈ। (ਜੇਹੜਾ ਮਨੁੱਖ ਗੁਰੂ ਦੀ ਸਰਨ ਪਿਆ) ਗੁਰੂ ਨੇ (ਉਸ ਦੀ) ਬਾਂਹ ਫੜ ਕੇ (ਉਸ ਨੂੰ ਸੰਸਾਰ-ਸਮੁੰਦਰ ਵਿਚੋਂ) ਪਾਰ ਲੰਘਾ ਦਿੱਤਾ।੪।੩।੮।
*┈┉┅━❀꧁ੴ꧂❀━┅┉┈*
||ਅੱਜ ਦਾ ਫੁਰਮਾਨ|| ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ||
ਰਾਗੁ ਸੂਹੀ ਮਹਲਾ ੫ ਘਰੁ ੩ ੴ ਸਤਿਗੁਰ ਪ੍ਰਸਾਦਿ ॥ ਮਿਥਨ ਮੋਹ ਅਗਨਿ ਸੋਕ ਸਾਗਰ ॥ ਕਰਿ ਕਿਰਪਾ ਉਧਰੁ ਹਰਿ ਨਾਗਰ ॥੧॥ ਚਰਣ ਕਮਲ ਸਰਣਾਇ ਨਰਾਇਣ ॥ ਦੀਨਾ ਨਾਥ ਭਗਤ ਪਰਾਇਣ ॥੧॥ ਰਹਾਉ ॥ ਅਨਾਥਾ ਨਾਥ ਭਗਤ ਭੈ ਮੇਟਨ ॥ ਸਾਧਸੰਗਿ ਜਮਦੂਤ ਨ ਭੇਟਨ ॥੨॥ ਜੀਵਨ ਰੂਪ ਅਨੂਪ ਦਇਆਲਾ ॥ ਰਵਣ ਗੁਣਾ ਕਟੀਐ ਜਮ ਜਾਲਾ ॥੩॥ ਅੰਮ੍ਰਿਤ ਨਾਮੁ ਰਸਨ ਨਿਤ ਜਾਪੈ ॥ ਰੋਗ ਰੂਪ ਮਾਇਆ ਨ ਬਿਆਪੈ ॥੪॥ ਜਪਿ ਗੋਬਿੰਦ ਸੰਗੀ ਸਭਿ ਤਾਰੇ ॥ ਪੋਹਤ ਨਾਹੀ ਪੰਚ ਬਟਵਾਰੇ ॥੫॥ ਮਨ ਬਚ ਕ੍ਰਮ ਪ੍ਰਭੁ ਏਕੁ ਧਿਆਏ ॥ ਸਰਬ ਫਲਾ ਸੋਈ ਜਨੁ ਪਾਏ ॥੬॥ ਧਾਰਿ ਅਨੁਗ੍ਰਹੁ ਅਪਨਾ ਪ੍ਰਭਿ ਕੀਨਾ ॥ ਕੇਵਲ ਨਾਮੁ ਭਗਤਿ ਰਸੁ ਦੀਨਾ ॥੭॥ ਆਦਿ ਮਧਿ ਅੰਤਿ ਪ੍ਰਭੁ ਸੋਈ ॥ ਨਾਨਕ ਤਿਸੁ ਬਿਨੁ ਅਵਰੁ ਨ ਕੋਈ ॥੮॥੧॥੨॥ {ਪੰਨਾ 760}
ਪਦਅਰਥ: ਮਿਥਨ = ਨਾਸਵੰਤ। ਅਗਨਿ = (ਤ੍ਰਿਸ਼ਨਾ ਦੀ) ਅੱਗ। ਸੋਕ = ਸ਼ੋਕ, ਚਿੰਤਾ। ਸਾਗਰ = ਸਮੁੰਦਰ। ਕਰਿ = ਕਰ ਕੇ। ਉਧਰੁ = ਬਚਾ ਲੈ। ਹਰਿ ਨਾਗਰ = ਹੇ ਸੋਹਣੇ ਹਰੀ!।੧।
ਨਰਾਇਣ = ਹੇ ਨਰਾਇਣ! ਪਰਾਇਣ = ਆਸਰਾ।੧।ਰਹਾਉ।
ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ} ਸਾਰੇ ਡਰ। ਸਾਧਸੰਗਿ = ਸੰਗਤਿ ਵਿਚ। ਭੇਟਨ = ਨੇੜੇ ਛੁਂਹਦਾ।੨।
ਅਨੂਪ = ਅਦੁੱਤੀ। ਰਵਣ = ਸਿਮਰਨ।੩।
ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ। ਰਸਨ = ਜੀਭ (ਨਾਲ) । ਨ ਬਿਆਪੈ = ਜ਼ੋਰ ਨਹੀਂ ਪਾ ਸਕਦੀ।੪।
ਸੰਗੀ = ਸਾਥੀ। ਸਭਿ = ਸਾਰੇ। ਪੰਚ = ਪੰਜ। ਬਟਵਾਰੇ = ਲੁਟੇਰੇ, ਡਾਕੂ।੫।
ਬਚ = ਬਚਨ। ਕ੍ਰਮ = ਕਰਮ। ਧਿਆਏ = ਧਿਆਉਂਦਾ ਹੈ।੬।
ਧਾਰਿ = ਧਾਰ ਕੇ। ਅਨੁਗ੍ਰਹੁ = ਕਿਰਪਾ। ਪ੍ਰਭਿ = ਪ੍ਰਭੂ ਨੇ। ਰਸੁ = ਸੁਆਦ।੭।
ਆਦਿ ਮਧਿ ਅੰਤਿ = ਸਦਾ ਹੀ। ਆਦਿ = ਜਗਤ ਦੇ ਸ਼ੁਰੂ ਵਿਚ। ਮਧਿ = ਵਿਚਕਾਰਲੇ ਸਮੇ। ਅੰਤਿ = ਅਖ਼ੀਰ ਵਿਚ।੮।
ਅਰਥ: ਹੇ ਗਰੀਬਾਂ ਦੇ ਖਸਮ! ਹੇ ਭਗਤਾਂ ਦੇ ਆਸਰੇ! ਹੇ ਨਾਰਾਇਣ! ਅਸੀ ਜੀਵ) ਤੇਰੇ ਸੋਹਣੇ ਚਰਨਾਂ ਦੀ ਸਰਨ ਵਿਚ ਆਏ ਹਾਂ (ਸਾਨੂੰ ਵਿਕਾਰਾਂ ਤੋਂ ਬਚਾਈ ਰੱਖ) ।੧।ਰਹਾਉ।
ਹੇ ਸੋਹਣੇ ਹਰੀ! ਨਾਸਵੰਤ ਪਦਾਰਥਾਂ ਦੇ ਮੋਹ; ਤ੍ਰਿਸ਼ਨ ਦੀ ਅੱਗ, ਚਿੰਤਾ ਦੇ ਸਮੁੰਦਰ ਵਿਚੋਂ ਕਿਰਪਾ ਕਰ ਕੇ (ਸਾਨੂੰ) ਬਚਾ ਲੈ।੧।
ਹੇ ਨਿਆਸਰਿਆਂ ਦੇ ਆਸਰੇ! ਹੇ ਭਗਤਾਂ ਦੇ ਸਾਰੇ ਡਰ ਦੂਰ ਕਰਨ ਵਾਲੇ! ਮੈਨੂੰ ਗੁਰੂ ਦੀ ਸੰਗਤਿ ਬਖ਼ਸ਼) ਗੁਰੂ ਦੀ ਸੰਗਤਿ ਵਿਚ ਰਿਹਾਂ ਜਮਦੂਤ (ਭੀ) ਨੇੜੇ ਨਹੀਂ ਢੁਕਦੇ (ਮੌਤ ਦਾ ਡਰ ਪੋਹ ਨਹੀਂ ਸਕਦਾ) ।੨।
ਹੇ ਜ਼ਿੰਦਗੀ ਦੇ ਸੋਮੇ! ਹੇ ਅਦੁੱਤੀ ਪ੍ਰਭੂ! ਹੇ ਦਇਆ ਦੇ ਘਰ! ਆਪਣੀ ਸਿਫ਼ਤਿ-ਸਾਲਾਹ ਬਖ਼ਸ਼) , ਤੇਰੇ ਗੁਣਾਂ ਨੂੰ ਯਾਦ ਕੀਤਿਆਂ ਮੌਤ ਦੀ ਫਾਹੀ ਕੱਟੀ ਜਾਂਦੀ ਹੈ।੩।
ਹੇ ਭਾਈ! ਜੇਹੜਾ ਮਨੁੱਖ ਆਪਣੀ ਜੀਭ ਨਾਲ ਸਦਾ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਜਪਦਾ ਹੈ, ਉਸ ਉਤੇ ਇਹ ਮਾਇਆ ਜ਼ੋਰ ਨਹੀਂ ਪਾ ਸਕਦੀ, ਜੇਹੜੀ ਸਾਰੇ ਰੋਗਾਂ ਦਾ ਮੂਲ ਹੈ।੪।
ਹੇ ਭਾਈ! ਸਦਾ ਪਰਾਮਤਮਾ ਦਾ ਨਾਮ ਜਪਿਆ ਕਰ (ਜੇਹੜਾ ਜਪਦਾ ਹੈ) ਉਹ (ਆਪਣੇ) ਸਾਰੇ ਸਾਥੀਆਂ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ਪੰਜੇ ਲੁਟੇਰੇ ਉਸ ਉਤੇ ਦਬਾਉ ਨਹੀਂ ਪਾ ਸਕਦੇ।੫।
ਹੇ ਭਾਈ! ਜੇਹੜਾ ਮਨੁੱਖ ਆਪਣੇ ਮਨ ਨਾਲ, ਕੰਮਾਂ ਨਾਲ ਇਕ ਪਰਮਾਤਮਾ ਦਾ ਧਿਆਨ ਧਰੀ ਰੱਖਦਾ ਹੈ, ਉਹੀ ਮਨੁੱਖ (ਮਨੁੱਖਾ ਜਨਮ ਦੇ) ਸਾਰੇ ਫਲ ਹਾਸਲ ਕਰ ਲੈਂਦਾ ਹੈ।੬।
ਹੇ ਭਾਈ! ਪਰਮਾਤਮਾ ਨੇ ਕਿਰਪਾ ਕਰ ਕੇ ਜਿਸ ਮਨੁੱਖ ਨੂੰ ਆਪਣਾ ਬਣਾ ਲਿਆ, ਉਸ ਨੂੰ ਉਸ ਨੇ ਆਪਣਾ ਨਾਮ ਬਖ਼ਸ਼ਿਆ, ਉਸ ਨੂੰ ਆਪਣੀ ਭਗਤੀ ਦਾ ਸੁਆਦ ਦਿੱਤਾ।੭।
ਹੇ ਨਾਨਕ! ਉਹ ਪਰਮਾਤਮਾ ਹੀ ਜਗਤ ਦੇ ਸ਼ੁਰੂ ਤੋਂ ਹੈ, ਹੁਣ ਭੀ ਹੈ, ਜਗਤ ਦੇ ਅਖ਼ੀਰ ਵਿਚ ਭੀ ਹੋਵੇਗਾ। ਉਸ ਤੋਂ ਬਿਨਾ (ਉਸ ਦੇ ਵਰਗਾ) ਹੋਰ ਕੋਈ ਨਹੀਂ ਹੈ।੮।੧।੨
*┈┉┅━❀꧁ੴ꧂❀━┅┉┈*
||ਅੱਜ ਦਾ ਫੁਰਮਾਨ|| ਗੁਰੂਦਵਾਰਾ ਸ਼੍ਰੀ ਕਤਲਗੜ ਸਾਹਿਬ ਸ਼੍ਰੀ ਚਮਕੌਰ ਸਾਹਿਬ ।।
ਰਾਗੁ ਧਨਾਸਰੀ ਬਾਣੀ ਭਗਤ ਕਬੀਰ ਜੀ ਕੀ ੴ ਸਤਿਗੁਰ ਪ੍ਰਸਾਦਿ ॥ ਸਨਕ ਸਨੰਦ ਮਹੇਸ ਸਮਾਨਾਂ ॥ ਸੇਖਨਾਗਿ ਤੇਰੋ ਮਰਮੁ ਨ ਜਾਨਾਂ ॥੧॥ ਸੰਤਸੰਗਤਿ ਰਾਮੁ ਰਿਦੈ ਬਸਾਈ ॥੧॥ ਰਹਾਉ ॥ ਹਨੂਮਾਨ ਸਰਿ ਗਰੁੜ ਸਮਾਨਾਂ ॥ ਸੁਰਪਤਿ ਨਰਪਤਿ ਨਹੀ ਗੁਨ ਜਾਨਾਂ ॥੨॥ ਚਾਰਿ ਬੇਦ ਅਰੁ ਸਿੰਮ੍ਰਿਤਿ ਪੁਰਾਨਾਂ ॥ ਕਮਲਾਪਤਿ ਕਵਲਾ ਨਹੀ ਜਾਨਾਂ ॥੩॥ ਕਹਿ ਕਬੀਰ ਸੋ ਭਰਮੈ ਨਾਹੀ ॥ ਪਗ ਲਗਿ ਰਾਮ ਰਹੈ ਸਰਨਾਂਹੀ ॥੪॥੧॥ {ਪੰਨਾ 691}
ਪਦਅਰਥ: ਸਨਕ ਸਨੰਦ = ਬ੍ਰਹਮਾ ਦੇ ਪੁੱਤਰ (ਸਨਕ, ਸਨੰਦ, ਸਨਾਤਨ, ਸਨਤ ਕੁਮਾਰ) । ਮਹੇਸ = ਸ਼ਿਵ। ਸਮਾਨਾਂ = ਵਰਗਿਆਂ ਨੇ। ਸੇਖ ਨਾਗਿ = ਸ਼ੇਸ਼ ਨਾਗ ਨੇ (ਸ਼ੇਸ਼ ਨਾਗ = ਸੱਪਾਂ ਦਾ ਰਾਜਾ, ਇਸ ਦੇ ਇੱਕ ਹਜ਼ਾਰ ਫਣ ਮਿੱਥੇ ਗਏ ਹਨ; ਇਹਨਾਂ ਨਾਲ ਇਹ ਆਪਣੇ ਇਸ਼ਟ ਵਿਸ਼ਨੂ ਭਗਵਾਨ ਉੱਤੇ ਛਾਂ ਕਰਦਾ ਹੈ, ਹਰੇਕ ਜੀਭ ਨਾਲ ਨਿੱਤ ਨਵਾਂ ਨਾਮ ਭਗਵਾਨ ਦਾ ਉਚਾਰਦਾ ਹੈ) । ਮਰਮੁ = ਭੇਤ।੧।
ਰਿਦੈ = ਹਿਰਦੇ ਵਿਚ। ਬਸਾਈ = ਬਸਾਈਂ, ਮੈਂ ਵਸਾਉਂਦਾ ਹਾਂ।੧।ਰਹਾਉ।
ਸਰਿ = ਵਰਗੇ ਨੇ। ਗਰੁੜ = ਵਿਸ਼ਨੂ ਭਗਵਾਨ ਦੀ ਸਵਾਰੀ, ਸਾਰੇ ਪੰਛੀਆਂ ਦਾ ਰਾਜਾ। ਸੁਰ ਪਤਿ = ਦੇਵਤਿਆਂ ਦਾ ਰਾਜਾ, ਇੰਦਰ। ਨਰਪਤਿ = ਮਨੁੱਖਾਂ ਦਾ ਰਾਜਾ।੨।
ਕਮਲਾਪਤਿ = ਲੱਛਮੀ ਦਾ ਪਤੀ, ਵਿਸ਼ਨੂ। ਕਵਲਾ = ਲੱਛਮੀ।੩।
ਕਹਿ = ਕਹੇ, ਆਖਦਾ ਹੈ। ਭਰਮੈ ਨਾਹੀ = ਭਟਕਦਾ ਨਹੀਂ। ਪਗ ਲਗਿ = ਚਰਨੀਂ ਲੱਗ ਕੇ। ਸਰਨਾਂਹੀ = ਸ਼ਰਨ ਵਿਚ।੪।
ਅਰਥ: ਮੈਂ ਸੰਤਾਂ ਦੀ ਸੰਗਤਿ ਵਿਚ ਰਹਿ ਕੇ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਉਂਦਾ ਹਾਂ।੧।ਰਹਾਉ।
ਹੇ ਪ੍ਰਭੂ! ਬ੍ਰਹਮਾ ਦੇ ਪੁੱਤਰਾਂ) ਸਨਕ, ਸਨੰਦ ਅਤੇ ਸ਼ਿਵ ਜੀ ਵਰਗਿਆਂ ਨੇ ਤੇਰਾ ਭੇਦ ਨਹੀਂ ਪਾਇਆ; (ਵਿਸ਼ਨੂ ਦੇ ਭਗਤ) ਸ਼ੇਸ਼ਨਾਗ ਨੇ ਤੇਰੇ (ਦਿਲ ਦਾ) ਰਾਜ਼ ਨਹੀਂ ਸਮਝਿਆ।੧।
(ਸ੍ਰੀ ਰਾਮ ਚੰਦਰ ਜੀ ਦੇ ਸੇਵਕ) ਹਨੂਮਾਨ ਵਰਗੇ ਨੇ, (ਵਿਸ਼ਨੂ ਦੇ ਸੇਵਕ ਤੇ ਪੰਛੀਆਂ ਦੇ ਰਾਜੇ) ਗਰੁੜ ਵਰਗਿਆਂ ਨੇ, ਦੇਵਤਿਆਂ ਦੇ ਰਾਜੇ ਇੰਦਰ ਨੇ, ਵੱਡੇ ਵੱਡੇ ਰਾਜਿਆਂ ਨੇ ਭੀ ਤੇਰੇ ਗੁਣਾਂ ਦਾ ਅੰਤ ਨਹੀਂ ਪਾਇਆ।੨।
ਚਾਰ ਵੇਦ, (ਅਠਾਰਾਂ) ਸਿਮ੍ਰਿਤੀਆਂ, (ਅਠਾਰਾਂ) ਪੁਰਾਣ-(ਇਹਨਾਂ ਦੇ ਕਰਤਾ ਬ੍ਰਹਮਾ, ਮਨੂ ਤੇ ਹੋਰ ਰਿਸ਼ੀਆਂ) ਨੇ ਤੈਨੂੰ ਨਹੀਂ ਸਮਝਿਆ; ਵਿਸ਼ਨੂ ਤੇ ਲੱਛਮੀ ਨੇ ਭੀ ਤੇਰਾ ਅੰਤ ਨਹੀਂ ਪਾਇਆ।੩।
ਕਬੀਰ ਆਖਦਾ ਹੈ-(ਬਾਕੀ ਸਾਰੀ ਸ੍ਰਿਸ਼ਟੀ ਦੇ ਲੋਕ ਪ੍ਰਭੂ ਨੂੰ ਛੱਡ ਕੇ ਹੋਰ ਹੋਰ ਪਾਸੇ ਭਟਕਦੇ ਰਹੇ) ਇੱਕ ਉਹ ਮਨੁੱਖ ਭਟਕਦਾ ਨਹੀਂ, ਜੋ (ਸੰਤਾਂ ਦੀ) ਚਰਨੀਂ ਲੱਗ ਕੇ ਪਰਮਾਤਮਾ ਦੀ ਸ਼ਰਨ ਵਿਚ ਟਿਕਿਆ ਰਹਿੰਦਾ ਹੈ।੪।੧।
ਸ਼ਬਦ ਦਾ ਭਾਵ: ਅੱਨ ਪੂਜਾ ਛੱਡ ਕੇ ਇਕ ਪਰਮਾਤਮਾ ਦਾ ਹੀ ਭਜਨ ਕਰੋ। ਬ੍ਰਹਮਾ, ਸ਼ਿਵ, ਵਿਸ਼ਨੂ, ਇੰਦਰ ਆਦਿਕ ਅਤੇ ਉਹਨਾਂ ਦੇ ਸੇਵਕ ਪਰਮਾਤਮਾ ਦਾ ਅੰਤ ਨਾਹ ਪਾ ਸਕੇ।੧।
*┈┉┅━❀꧁ੴ꧂❀━┅┉┈*
||ਅੱਜ ਦਾ ਫੁਰਮਾਨ|| ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ ਪਾਤਸ਼ਾਹੀ ੯ਵੀਂ (ਪਟਿਆਲਾ) ||
ਦੇਵਗੰਧਾਰੀ ਮਹਲਾ ੫ ॥ ਮਾਈ ਪ੍ਰਭ ਕੇ ਚਰਨ ਨਿਹਾਰਉ ॥ ਕਰਹੁ ਅਨੁਗ੍ਰਹੁ ਸੁਆਮੀ ਮੇਰੇ ਮਨ ਤੇ ਕਬਹੁ ਨ ਡਾਰਉ ॥੧॥ ਰਹਾਉ ॥ ਸਾਧੂ ਧੂਰਿ ਲਾਈ ਮੁਖਿ ਮਸਤਕਿ ਕਾਮ ਕ੍ਰੋਧ ਬਿਖੁ ਜਾਰਉ ॥ ਸਭ ਤੇ ਨੀਚੁ ਆਤਮ ਕਰਿ ਮਾਨਉ ਮਨ ਮਹਿ ਇਹੁ ਸੁਖੁ ਧਾਰਉ ॥੧॥ ਗੁਨ ਗਾਵਹ ਠਾਕੁਰ ਅਬਿਨਾਸੀ ਕਲਮਲ ਸਗਲੇ ਝਾਰਉ ॥ ਨਾਮ ਨਿਧਾਨੁ ਨਾਨਕ ਦਾਨੁ ਪਾਵਉ ਕੰਠਿ ਲਾਇ ਉਰਿ ਧਾਰਉ ॥੨॥੧੯॥ {ਪੰਨਾ 532}
ਪਦਅਰਥ: ਮਾਈ = ਹੇ ਮਾਂ! ਨਿਹਾਰਉ = ਨਿਹਾਰਉਂ, ਮੈਂ ਤੱਕਦਾ ਹਾਂ। ਅਨੁਗ੍ਰਹੁ = ਦਇਆ। ਸੁਆਮੀ = ਹੇ ਸੁਆਮੀ! ਤੇ = ਤੋਂ। ਕਬਹੁ = ਕਦੇ ਭੀ। ਡਾਰਉ = ਡਾਰਉਂ, ਦੂਰ ਕਰਾਂ।੧।ਰਹਾਉ।
ਸਾਧੂ = ਗੁਰੂ। ਲਾਈ = ਲਾਈਂ, ਮੈਂ ਲਾਵਾਂ। ਮੁਖਿ = ਮੂੰਹ ਉਤੇ। ਮਸਤਕਿ = ਮੱਥੇ ਉਤੇ। ਬਿਖੁ = ਜ਼ਹਿਰ। ਜਾਰਉ = ਜਾਰਉਂ, ਮੈਂ ਸਾੜ ਦਿਆਂ। ਤੇ = ਤੋਂ। ਆਤਮ = ਆਪਣੇ ਆਪ ਨੂੰ। ਮਾਨਉ = ਮਾਨਉਂ, ਮੈਂ ਮੰਨਦਾ ਹਾਂ। ਧਾਰਉ = ਧਾਰਉਂ, ਮੈਂ ਟਿਕਾਂਦਾ ਹਾਂ।੧।
ਗਾਵਹ = ਆਓ, ਅਸੀ ਗਾਵੀਏ। ਕਲਮਲ = ਪਾਪ। ਝਾਰਉ = ਝਾਰਉਂ, ਮੈਂ ਝਾੜਦਾ ਹਾਂ। ਪਾਵਉ = ਪਾਵਉਂ, ਮੈਂ ਪ੍ਰਾਪਤ ਕਰ ਲਵਾਂ। ਕੰਠਿ = ਗਲ ਨਾਲ। ਉਰਿ = ਹਿਰਦੇ ਵਿਚ।੨।
ਅਰਥ: ਹੇ (ਮੇਰੀ) ਮਾਂ! ਮੈਂ (ਸਦਾ) ਪਰਮਾਤਮਾ ਦੇ (ਸੋਹਣੇ) ਚਰਨਾਂ ਵਲ ਤੱਕਦਾ ਰਹਿੰਦਾ ਹਾਂ (ਤੇ, ਅਰਦਾਸ ਕਰਦਾ ਰਹਿੰਦਾ ਹਾਂ ਕਿ) ਹੇ ਮੇਰੇ ਮਾਲਕ! ਮੇਰੇ ਉਤੇ) ਮੇਹਰ ਕਰ, ਮੈਂ (ਆਪਣੇ) ਮਨ ਤੋਂ (ਤੈਨੂੰ) ਕਦੇ ਭੀ ਨਾਹ ਭੁਲਾਵਾਂ।੧।ਰਹਾਉ।
(ਹੇ ਮਾਂ! ਮੈਂ ਪ੍ਰਭੂ ਅੱਗੇ ਅਰਦਾਸ ਕਰਦਾ ਰਹਿੰਦਾ ਹਾਂ ਕਿ) ਮੈਂ ਗੁਰੂ ਦੇ ਪੈਰਾਂ ਦੀ ਖ਼ਾਕ ਆਪਣੇ ਮੂੰਹ ਉੱਤੇ ਆਪਣੇ ਮੱਥੇ ਉੱਤੇ ਲਾਂਦਾ ਰਹਾਂ, (ਤੇ, ਆਪਣੇ ਅੰਦਰੋਂ ਆਤਮਕ ਜੀਵਨ ਨੂੰ ਮਾਰ ਦੇਣ ਵਾਲੀ) ਕਾਮ ਕ੍ਰੋਧ ਦੀ ਜ਼ਹਿਰ ਸਾੜਦਾ ਰਹਾਂ; ਮੈਂ ਆਪਣੇ ਆਪ ਨੂੰ ਸਭਨਾਂ ਤੋਂ ਨੀਵਾਂ ਸਮਝਦਾ ਰਹਾਂ, ਤੇ ਆਪਣੇ ਮਨ ਵਿਚ (ਗਰੀਬੀ ਸੁਭਾਵ ਦਾ) ਇਹ ਸੁਖ (ਸਦਾ) ਟਿਕਾਈ ਰੱਖਾਂ।੧।
ਹੇ ਭਾਈ! ਆਓ ਰਲ ਕੇ ਠਾਕੁਰ-ਪ੍ਰਭੂ ਦੇ ਗੁਣ ਗਾਵੀਏ, (ਗੁਣ ਗਾਣ ਦੀ ਬਰਕਤਿ ਨਾਲ) ਮੈਂ ਆਪਣੇ ਸਾਰੇ (ਪਿਛਲੇ) ਪਾਪ (ਮਨ ਤੋਂ) ਝਾੜ ਰਿਹਾ ਹਾਂ। ਹੇ ਨਾਨਕ! ਆਖ-ਹੇ ਪ੍ਰਭੂ! ਮੈਂ ਤੇਰੇ ਪਾਸੋਂ ਇਹ) ਦਾਨ (ਮੰਗਦਾ ਹਾਂ ਕਿ) ਮੈਂ ਤੇਰਾ ਨਾਮ-ਖ਼ਜ਼ਾਨਾ ਹਾਸਲ ਕਰ ਲਵਾਂ, ਤੇ, ਇਸ ਨੂੰ ਆਪਣੇ ਗਲ ਨਾਲ ਲਾ ਕੇ ਆਪਣੇ ਹਿਰਦੇ ਵਿਚ ਟਿਕਾਈ ਰੱਖਾਂ।੨।੧੯।
*┈┉┅━❀꧁ੴ꧂❀━┅┉┈*
||ਅੱਜ ਦਾ ਫੁਰਮਾਨ|| ਗੁਰਦੁਆਰਾ ਸ੍ਰੀ ਪੰੰਜੋਖਰਾ ਸਾਹਿਬ ਪਾਤਸ਼ਾਹੀ: ਅੱੱਠਵੀਂ (ਅੰਬਾਲਾ)
ਸਲੋਕੁ ਮਃ ੩ ॥ ਗੁਰ ਸੇਵਾ ਤੇ ਸੁਖੁ ਊਪਜੈ ਫਿਰਿ ਦੁਖੁ ਨ ਲਗੈ ਆਇ ॥ ਜੰਮਣੁ ਮਰਣਾ ਮਿਟਿ ਗਇਆ ਕਾਲੈ ਕਾ ਕਿਛੁ ਨ ਬਸਾਇ ॥ ਹਰਿ ਸੇਤੀ ਮਨੁ ਰਵਿ ਰਹਿਆ ਸਚੇ ਰਹਿਆ ਸਮਾਇ ॥ {ਪੰਨਾ 651}
ਅਰਥ: ਸਤਿਗੁਰੂ ਦੀ ਸੇਵਾ ਤੋਂ (ਮਨੁੱਖ) ਨੂੰ ਸੁਖ ਪ੍ਰਾਪਤ ਹੁੰਦਾ ਹੈ, ਫਿਰ ਕਦੇ ਕਲੇਸ਼ ਨਹੀਂ ਹੁੰਦਾ, ਉਸ ਦਾ ਜਨਮ ਮਰਨ ਮੁੱਕ ਜਾਂਦਾ ਹੈ ਤੇ ਜਮਕਾਲ ਦਾ ਕੁਝ ਵੱਸ ਨਹੀਂ ਚੱਲਦਾ; ਹਰੀ ਨਾਲ ਉਸ ਦਾ ਮਨ ਮਿਲਿਆ ਰਹਿੰਦਾ ਹੈ ਤੇ ਉਹ ਸੱਚੇ ਵਿਚ ਸਮਾਇਆ ਰਹਿੰਦਾ ਹੈ।
ਨਾਨਕ ਹਉ ਬਲਿਹਾਰੀ ਤਿੰਨ ਕਉ ਜੋ ਚਲਨਿ ਸਤਿਗੁਰ ਭਾਇ ॥੧॥ {ਪੰਨਾ 651}
ਅਰਥ: ਹੇ ਨਾਨਕ! ਮੈਂ ਉਹਨਾਂ ਤੋਂ ਸਦਕੇ ਹਾਂ, ਜੋ ਸਤਿਗੁਰੂ ਦੇ ਪਿਆਰ ਵਿਚ ਤੁਰਦੇ ਹਨ।੧।
ਮਃ ੩ ॥ ਬਿਨੁ ਸਬਦੈ ਸੁਧੁ ਨ ਹੋਵਈ ਜੇ ਅਨੇਕ ਕਰੈ ਸੀਗਾਰ ॥ ਪਿਰ ਕੀ ਸਾਰ ਨ ਜਾਣਈ ਦੂਜੈ ਭਾਇ ਪਿਆਰੁ ॥ ਸਾ ਕੁਸੁਧ ਸਾ ਕੁਲਖਣੀ ਨਾਨਕ ਨਾਰੀ ਵਿਚਿ ਕੁਨਾਰਿ ॥੨॥ {ਪੰਨਾ 651-652}
ਪਦਅਰਥ: ਸਾਰ = ਕਦਰ। ਦੂਜੈ ਭਾਇ = ਮਾਇਆ ਦੇ ਪਿਆਰ ਵਿਚ।
ਅਰਥ: ਸਤਿਗੁਰੂ ਦੇ ਸ਼ਬਦ ਤੋਂ ਬਿਨਾ (ਜੀਵ-ਇਸਤ੍ਰੀ) ਭਾਵੇਂ ਬਿਅੰਤ ਸ਼ਿੰਗਾਰ ਕਰੇ ਸੁੱਧ ਨਹੀਂ ਹੋ ਸਕਦੀ, (ਕਿਉਂਕਿ) ਉਹ ਪਤੀ ਦੀ ਕਦਰ ਨਹੀਂ ਜਾਣਦੀ ਤੇ ਉਸ ਦੀ ਮਾਇਆ ਦੇ ਵਿਚ ਸੁਰਤਿ ਹੁੰਦੀ ਹੈ। ਹੇ ਨਾਨਕ! ਇਹੋ ਜਹੀ ਇਸਤ੍ਰੀ ਮਨੋਂ ਖੋਟੀ ਤੇ ਭੈੜੇ ਲੱਛਣਾਂ ਵਾਲੀ ਹੁੰਦੀ ਹੈ ਤੇ ਨਾਰੀਆਂ ਵਿਚ ਉਹ ਭੈੜੀ ਨਾਰਿ (ਕਹਾਉਂਦੀ ਹੈ) ।੨।
ਪਉੜੀ ॥ ਹਰਿ ਹਰਿ ਅਪਣੀ ਦਇਆ ਕਰਿ ਹਰਿ ਬੋਲੀ ਬੈਣੀ ॥ ਹਰਿ ਨਾਮੁ ਧਿਆਈ ਹਰਿ ਉਚਰਾ ਹਰਿ ਲਾਹਾ ਲੈਣੀ ॥ {ਪੰਨਾ 652}
ਅਰਥ: ਹੇ ਹਰੀ! ਆਪਣੀ ਮੇਹਰ ਕਰ, ਮੈਂ ਤੇਰੀ ਬਾਣੀ (ਭਾਵ, ਤੇਰਾ ਜੱਸ) ਉਚਾਰਾਂ, ਹਰੀ-ਨਾਮ ਸਿਮਰਾਂ, ਹਰੀ-ਨਾਮ ਦਾ ਉਚਾਰਨ ਕਰਾਂ ਤੇ ਇਹੀ ਲਾਭ ਖੱਟਾਂ।
ਜੋ ਜਪਦੇ ਹਰਿ ਹਰਿ ਦਿਨਸੁ ਰਾਤਿ ਤਿਨ ਹਉ ਕੁਰਬੈਣੀ ॥ ਜਿਨਾ ਸਤਿਗੁਰੁ ਮੇਰਾ ਪਿਆਰਾ ਅਰਾਧਿਆ ਤਿਨ ਜਨ ਦੇਖਾ ਨੈਣੀ ॥ {ਪੰਨਾ 652}
ਅਰਥ: ਮੈਂ ਉਹਨਾਂ ਤੋਂ ਕੁਰਬਾਨ ਹਾਂ, ਜੋ ਦਿਨ ਰਾਤ ਹਰੀ-ਨਾਮ ਜਪਦੇ ਹਨ, ਉਹਨਾਂ ਨੂੰ ਮੈਂ ਅੱਖੀਂ ਵੇਖਾਂ ਜੋ ਪਿਆਰੇ ਸਤਿਗੁਰੂ ਦੀ ਸੇਵਾ ਕਰਦੇ ਹਨ।
ਹਉ ਵਾਰਿਆ ਅਪਣੇ ਗੁਰੂ ਕਉ ਜਿਨਿ ਮੇਰਾ ਹਰਿ ਸਜਣੁ ਮੇਲਿਆ ਸੈਣੀ ॥੨੪॥ {ਪੰਨਾ 652}
ਪਦਅਰਥ: ਸੈਣੀ = ਰਿਸ਼ਤੇਦਾਰ।
ਅਰਥ: ਮੈਂ ਆਪਣੇ ਸਤਿਗੁਰੂ ਤੋਂ ਸਦਕੇ ਹਾਂ, ਜਿਸ ਨੇ ਮੈਨੂੰ ਪਿਆਰਾ ਸੱਜਣ ਪ੍ਰਭੂ ਸਾਥੀ ਮਿਲਾ ਦਿੱਤਾ ਹੈ।੨੪।
*┈┉┅━❀꧁ੴ꧂❀━┅┉┈*
||ਅੱਜ ਦਾ ਫੁਰਮਾਨ|| ਗੁਰਦੁਆਰਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ, ਸ਼ਹੀਦ ਗੰਜ ਸਾਹਿਬ, ਅੰਮ੍ਰਿਤਸਰ ||
ਸਲੋਕੁ ਮਃ ੩ ॥ ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ ॥ ਵਾਹੁ ਵਾਹੁ ਅਗਮ ਅਥਾਹੁ ਹੈ ਵਾਹੁ ਵਾਹੁ ਸਚਾ ਸੋਇ ॥ ਵਾਹੁ ਵਾਹੁ ਵੇਪਰਵਾਹੁ ਹੈ ਵਾਹੁ ਵਾਹੁ ਕਰੇ ਸੁ ਹੋਇ ॥ ਵਾਹੁ ਵਾਹੁ ਅੰਮ੍ਰਿਤ ਨਾਮੁ ਹੈ ਗੁਰਮੁਖਿ ਪਾਵੈ ਕੋਇ ॥ ਵਾਹੁ ਵਾਹੁ ਕਰਮੀ ਪਾਈਐ ਆਪਿ ਦਇਆ ਕਰਿ ਦੇਇ ॥ ਨਾਨਕ ਵਾਹੁ ਵਾਹੁ ਗੁਰਮੁਖਿ ਪਾਈਐ ਅਨਦਿਨੁ ਨਾਮੁ ਲਏਇ ॥੧॥ {ਪੰਨਾ 515}
ਅਰਥ: ਜੋ ਪ੍ਰਭੂ ਆਕਾਰ-ਰਹਿਤ ਹੈ; ਜਿਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ; ਜੋ ਅਪਹੁੰਚ ਹੈ, ਜਿਸ ਦੀ ਥਾਹ ਨਹੀਂ ਪਾਈ ਜਾ ਸਕਦੀ, ਜਿਸ ਨੂੰ ਕਿਸੇ ਦੀ ਮੁਥਾਜੀ ਨਹੀਂ ਹੈ, ਜਿਸ ਦਾ ਕੀਤਾ ਹੋਇਆ ਹੀ ਸਭ ਕੁਝ ਹੋ ਰਿਹਾ ਹੈ, ਉਸ ਦੀ ਸਿਫ਼ਤਿ-ਸਾਲਾਹ ਉਸੇ ਦਾ ਰੂਪ ਹੈ। ਉਸ ਦਾ ਨਾਮ ਜੀਵਾਂ ਨੂੰ ਆਤਮਕ ਜੀਵਨ ਦੇਣ ਵਾਲਾ ਹੈ, ਪਰ ਉਸ ਦੀ ਪ੍ਰਾਪਤੀ ਕਿਸੇ ਗੁਰਮੁਖ ਨੂੰ ਹੀ ਹੁੰਦੀ ਹੈ। ਸਿਫ਼ਤਿ-ਸਾਲਾਹ ਦੀ ਦਾਤਿ ਭਾਗਾਂ ਨਾਲ ਹੀ ਮਿਲਦੀ ਹੈ, ਜਿਸ ਨੂੰ ਮੇਹਰ ਕਰ ਕੇ ਆਪ ਪ੍ਰਭੂ ਦੇਂਦਾ ਹੈ, ਹੇ ਨਾਨਕ! ਜੋ ਮਨੁੱਖ ਗੁਰੂ ਦੇ ਹੁਕਮ ਵਿਚ ਤੁਰਦਾ ਹੈ ਉਸ ਨੂੰ ਸਿਫ਼ਤਿ-ਸਾਲਾਹ ਦੀ ਦਾਤਿ ਮਿਲਦੀ ਹੈ, ਉਹ ਹਰ ਵੇਲੇ ਪ੍ਰਭੂ ਦਾ ਨਾਮ ਜਪਦਾ ਹੈ।੧।
ਮਃ ੩ ॥ ਬਿਨੁ ਸਤਿਗੁਰ ਸੇਵੇ ਸਾਤਿ ਨ ਆਵਈ ਦੂਜੀ ਨਾਹੀ ਜਾਇ ॥ ਜੇ ਬਹੁਤੇਰਾ ਲੋਚੀਐ ਵਿਣੁ ਕਰਮੈ ਨ ਪਾਇਆ ਜਾਇ ॥ ਜਿਨ੍ਹ੍ਹਾ ਅੰਤਰਿ ਲੋਭ ਵਿਕਾਰੁ ਹੈ ਦੂਜੈ ਭਾਇ ਖੁਆਇ ॥ ਜੰਮਣੁ ਮਰਣੁ ਨ ਚੁਕਈ ਹਉਮੈ ਵਿਚਿ ਦੁਖੁ ਪਾਇ ॥ ਜਿਨ੍ਹ੍ਹਾ ਸਤਿਗੁਰ ਸਿਉ ਚਿਤੁ ਲਾਇਆ ਸੁ ਖਾਲੀ ਕੋਈ ਨਾਹਿ ॥ ਤਿਨ ਜਮ ਕੀ ਤਲਬ ਨ ਹੋਵਈ ਨਾ ਓਇ ਦੁਖ ਸਹਾਹਿ ॥ ਨਾਨਕ ਗੁਰਮੁਖਿ ਉਬਰੇ ਸਚੈ ਸਬਦਿ ਸਮਾਹਿ ॥੨॥ {ਪੰਨਾ 516}
ਅਰਥ: ਸਤਿਗੁਰੂ ਦੀ ਦੱਸੀ ਸੇਵਾ ਕਰਨ ਤੋਂ ਬਿਨਾ ਸ਼ਾਂਤੀ ਨਹੀਂ ਆਉਂਦੀ ਤੇ (ਸਤਿਗੁਰੂ ਤੋਂ ਬਿਨਾ) ਹੋਰ ਕੋਈ ਥਾਂ ਨਹੀਂ (ਜਿਥੇ ਇਹ ਮਿਲ ਸਕੇ) ਭਾਵੇਂ ਕਿਤਨੀ ਹੀ ਤਾਂਘ ਕਰੀਏ, ਮੇਹਰ ਤੋਂ ਬਿਨਾ ਪ੍ਰਭੂ ਦੀ ਪ੍ਰਾਪਤੀ ਨਹੀਂ ਹੋ ਸਕਦੀ। ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਲੋਭ ਦਾ ਔਗੁਣ ਹੈ, ਉਹ ਮਾਇਆ ਦੇ ਪਿਆਰ ਵਿਚ ਭੁੱਲੇ ਹੋਏ ਹਨ, ਉਹਨਾਂ ਦਾ ਜੰਮਣਾ ਮਰਣਾ ਮੁੱਕਦਾ ਨਹੀਂ ਤੇ ਉਹ ਅਹੰਕਾਰ ਵਿਚ ਕਲੇਸ਼ ਉਠਾਉਂਦੇ ਹਨ। ਜਿਨ੍ਹਾਂ ਮਨੁੱਖਾਂ ਨੇ ਆਪਣੇ ਸਤਿਗੁਰੂ ਨਾਲ ਚਿੱਤ ਜੋੜਿਆ ਹੈ ਉਹਨਾਂ ਵਿਚੋਂ (ਪ੍ਰਭੂ ਦੇ ਮਿਲਾਪ ਤੋਂ) ਵਾਂਜਿਆਂ ਕੋਈ ਨਹੀਂ ਰਿਹਾ, ਨਾਹ ਤਾਂ ਉਹਨਾਂ ਨੂੰ ਜਮ ਦਾ ਸੱਦਾ ਪੈਂਦਾ ਹੈ ਤੇ ਨਾਹ ਉਹ ਦੁੱਖ ਸਹਿੰਦੇ ਹਨ (ਭਾਵ, ਉਹਨਾਂ ਨੂੰ ਮੌਤ ਦਾ ਸਹਮ ਪੋਹ ਨਹੀਂ ਸਕਦਾ)।
ਹੇ ਨਾਨਕ! ਜੋ ਮਨੁੱਖ ਗੁਰੂ ਦੇ ਸਨਮੁਖ ਹੋਏ ਹਨ, ਉਹ (ਦੁੱਖਾਂ ਤੋਂ) ਬਚ ਗਏ ਹਨ ਤੇ ਸੱਚੇ ਸ਼ਬਦ ਵਿਚ ਲੀਨ ਰਹਿੰਦੇ ਹਨ।੨।
ਪਉੜੀ ॥ ਢਾਢੀ ਤਿਸ ਨੋ ਆਖੀਐ ਜਿ ਖਸਮੈ ਧਰੇ ਪਿਆਰੁ ॥ ਦਰਿ ਖੜਾ ਸੇਵਾ ਕਰੇ ਗੁਰ ਸਬਦੀ ਵੀਚਾਰੁ ॥ ਢਾਢੀ ਦਰੁ ਘਰੁ ਪਾਇਸੀ ਸਚੁ ਰਖੈ ਉਰ ਧਾਰਿ ॥ ਢਾਢੀ ਕਾ ਮਹਲੁ ਅਗਲਾ ਹਰਿ ਕੈ ਨਾਇ ਪਿਆਰਿ ॥ ਢਾਢੀ ਕੀ ਸੇਵਾ ਚਾਕਰੀ ਹਰਿ ਜਪਿ ਹਰਿ ਨਿਸਤਾਰਿ ॥੧੮॥ {ਪੰਨਾ 516}
ਪਦਅਰਥ: ਮਹਲੁ = ਨਿਵਾਸ = ਅਸਥਾਨ, ਆਤਮਕ ਅਵਸਥਾ। ਅਗਲਾ = ਉੱਚਾ।
ਅਰਥ: ਜੋ ਮਨੁੱਖ ਆਪਣੇ ਮਾਲਕ-ਪ੍ਰਭੂ ਨਾਲ ਪਿਆਰ ਪਾਉਂਦਾ ਹੈ, ਉਹੀ ਪ੍ਰਭੂ ਦਾ ਢਾਢੀ ਅਖਵਾ ਸਕਦਾ ਹੈ (ਭਾਵ, ਪ੍ਰਭੂ ਦੀ ਸਿਫ਼ਤਿ-ਸਾਲਾਹ ਉਹੀ ਬੰਦਾ ਕਰ ਸਕਦਾ ਹੈ) , ਉਹ ਮਨੁੱਖ ਪ੍ਰਭੂ ਦੀ ਹਜ਼ੂਰੀ ਵਿਚ ਟਿਕ ਕੇ ਉਸ ਦਾ ਸਿਮਰਨ ਕਰਦਾ ਹੈ ਤੇ ਗੁਰੂ ਦੇ ਸ਼ਬਦ ਰਾਹੀਂ ਉਸ ਦੇ ਗੁਣਾਂ ਦੀ ਵਿਚਾਰ ਕਰਦਾ ਹੈ। ਜਿਉਂ ਜਿਉਂ ਉਹ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾਉਂਦਾ ਹੈ, ਉਹ ਪ੍ਰਭੂ ਦੇ ਚਰਨਾਂ ਵਿਚ ਜੁੜਦਾ ਹੈ (ਪ੍ਰਭੂ ਦੀ ਹਜ਼ੂਰੀ ਉਸ ਨੂੰ ਪ੍ਰਾਪਤ ਹੁੰਦੀ ਹੈ) , ਪ੍ਰਭੂ ਦੇ ਨਾਮ ਵਿਚ ਪਿਆਰ ਕਰਨ ਨਾਲ ਉਸ ਦੇ ਮਨ ਦੀ ਅਵਸਥਾ ਬਹੁਤ ਉੱਚੀ ਹੋ ਜਾਂਦੀ ਹੈ, ਬੱਸ, ਉਹ ਢਾਢੀ ਇਹੀ ਸੇਵਾ ਕਰਦਾ ਹੈ, ਇਹੀ ਚਾਕਰੀ ਕਰਦਾ ਹੈ ਕਿ ਉਹ ਪ੍ਰਭੂ ਦਾ ਨਾਮ ਜਪਦਾ ਹੈ, ਤੇ ਪ੍ਰਭੂ ਉਸ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ।੧੮।
*┈┉┅━❀꧁ੴ꧂❀━┅┉┈*
||ਅੱਜ ਦਾ ਫੁਰਮਾਨ|| ਗੁਰਦੁਆਰਾ ਸ਼੍ਰੀ ਕੰਧ ਸਾਹਿਬ ਬਟਾਲਾ ||
ਰਾਗੁ ਸੂਹੀ ਛੰਤ ਮਹਲਾ ੧ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਭਰਿ ਜੋਬਨਿ ਮੈ ਮਤ ਪੇਈਅੜੈ ਘਰਿ ਪਾਹੁਣੀ ਬਲਿ ਰਾਮ ਜੀਉ ॥ ਮੈਲੀ ਅਵਗਣਿ ਚਿਤਿ ਬਿਨੁ ਗੁਰ ਗੁਣ ਨ ਸਮਾਵਨੀ ਬਲਿ ਰਾਮ ਜੀਉ ॥ ਗੁਣ ਸਾਰ ਨ ਜਾਣੀ ਭਰਮਿ ਭੁਲਾਣੀ ਜੋਬਨੁ ਬਾਦਿ ਗਵਾਇਆ ॥ ਵਰੁ ਘਰੁ ਦਰੁ ਦਰਸਨੁ ਨਹੀ ਜਾਤਾ ਪਿਰ ਕਾ ਸਹਜੁ ਨ ਭਾਇਆ ॥ ਸਤਿਗੁਰ ਪੂਛਿ ਨ ਮਾਰਗਿ ਚਾਲੀ ਸੂਤੀ ਰੈਣਿ ਵਿਹਾਣੀ ॥ ਨਾਨਕ ਬਾਲਤਣਿ ਰਾਡੇਪਾ ਬਿਨੁ ਪਿਰ ਧਨ ਕੁਮਲਾਣੀ ॥੧॥ ਬਾਬਾ ਮੈ ਵਰੁ ਦੇਹਿ ਮੈ ਹਰਿ ਵਰੁ ਭਾਵੈ ਤਿਸ ਕੀ ਬਲਿ ਰਾਮ ਜੀਉ ॥ ਰਵਿ ਰਹਿਆ ਜੁਗ ਚਾਰਿ ਤ੍ਰਿਭਵਣ ਬਾਣੀ ਜਿਸ ਕੀ ਬਲਿ ਰਾਮ ਜੀਉ ॥ ਤ੍ਰਿਭਵਣ ਕੰਤੁ ਰਵੈ ਸੋਹਾਗਣਿ ਅਵਗਣਵੰਤੀ ਦੂਰੇ ॥ ਜੈਸੀ ਆਸਾ ਤੈਸੀ ਮਨਸਾ ਪੂਰਿ ਰਹਿਆ ਭਰਪੂਰੇ ॥ ਹਰਿ ਕੀ ਨਾਰਿ ਸੁ ਸਰਬ ਸੁਹਾਗਣਿ ਰਾਂਡ ਨ ਮੈਲੈ ਵੇਸੇ ॥ ਨਾਨਕ ਮੈ ਵਰੁ ਸਾਚਾ ਭਾਵੈ ਜੁਗਿ ਜੁਗਿ ਪ੍ਰੀਤਮ ਤੈਸੇ ॥੨॥ ਬਾਬਾ ਲਗਨੁ ਗਣਾਇ ਹੰ ਭੀ ਵੰਞਾ ਸਾਹੁਰੈ ਬਲਿ ਰਾਮ ਜੀਉ ॥ ਸਾਹਾ ਹੁਕਮੁ ਰਜਾਇ ਸੋ ਨ ਟਲੈ ਜੋ ਪ੍ਰਭੁ ਕਰੈ ਬਲਿ ਰਾਮ ਜੀਉ ॥ ਕਿਰਤੁ ਪਇਆ ਕਰਤੈ ਕਰਿ ਪਾਇਆ ਮੇਟਿ ਨ ਸਕੈ ਕੋਈ ॥ ਜਾਞੀ ਨਾਉ ਨਰਹ ਨਿਹਕੇਵਲੁ ਰਵਿ ਰਹਿਆ ਤਿਹੁ ਲੋਈ ॥ ਮਾਇ ਨਿਰਾਸੀ ਰੋਇ ਵਿਛੁੰਨੀ ਬਾਲੀ ਬਾਲੈ ਹੇਤੇ ॥ ਨਾਨਕ ਸਾਚ ਸਬਦਿ ਸੁਖ ਮਹਲੀ ਗੁਰ ਚਰਣੀ ਪ੍ਰਭੁ ਚੇਤੇ ॥੩॥ ਬਾਬੁਲਿ ਦਿਤੜੀ ਦੂਰਿ ਨਾ ਆਵੈ ਘਰਿ ਪੇਈਐ ਬਲਿ ਰਾਮ ਜੀਉ ॥ ਰਹਸੀ ਵੇਖਿ ਹਦੂਰਿ ਪਿਰਿ ਰਾਵੀ ਘਰਿ ਸੋਹੀਐ ਬਲਿ ਰਾਮ ਜੀਉ ॥ ਸਾਚੇ ਪਿਰ ਲੋੜੀ ਪ੍ਰੀਤਮ ਜੋੜੀ ਮਤਿ ਪੂਰੀ ਪਰਧਾਨੇ ॥ ਸੰਜੋਗੀ ਮੇਲਾ ਥਾਨਿ ਸੁਹੇਲਾ ਗੁਣਵੰਤੀ ਗੁਰ ਗਿਆਨੇ ॥ ਸਤੁ ਸੰਤੋਖੁ ਸਦਾ ਸਚੁ ਪਲੈ ਸਚੁ ਬੋਲੈ ਪਿਰ ਭਾਏ ॥ ਨਾਨਕ ਵਿਛੁੜਿ ਨਾ ਦੁਖੁ ਪਾਏ ਗੁਰਮਤਿ ਅੰਕਿ ਸਮਾਏ ॥੪॥੧॥ {ਪੰਨਾ 763-764}
ਪਦਅਰਥ: ਭਰਿ ਜੋਬਨਿ = ਭਰੀ ਜਵਾਨੀ ਵਿਚ, ਭਰ = ਜਵਾਨੀ ਦੇ ਸਮੇ। ਮੈ = ਸ਼ਰਾਬ। ਮਤ = ਮੱਤ, ਮਸਤ। ਪੇਈਅੜੈ ਘਰਿ = ਪੇਕੇ ਘਰ ਵਿਚ। ਪਾਹੁਣੀ = ਪ੍ਰਾਹੁਣੀ। ਬਲਿ = ਸਦਕੇ। ਰਾਮ = ਹੇ ਰਾਮ! ਅਵਗਣਿ = ਔਗੁਣ ਦੇ ਕਾਰਨ। ਚਿਤਿ = ਚਿੱਤ ਵਿਚ। ਨ ਸਮਾਵਨੀ = ਨਹੀਂ ਸਮਾਂਦੇ। ਸਾਰ = ਕਦਰ। ਭਰਮਿ = ਭਟਕਣਾ ਵਿਚ। ਬਾਦਿ = ਵਿਅਰਥ। ਵਰੁ = ਖਸਮ = ਪ੍ਰਭੂ। ਸਹਜੁ = ਸੁਭਾਉ। ਭਾਇਆ = ਚੰਗਾ ਲੱਗਾ। ਪੂਛਿ = ਪੁੱਛ ਕੇ। ਮਾਰਗਿ = (ਸਹੀ) ਰਸਤੇ ਉਤੇ। ਰੈਣਿ = (ਜ਼ਿੰਦਗੀ ਦੀ) ਰਾਤ। ਬਾਲਤਣ = ਬਾਲ = ਉਮਰ ਵਿਚ (ਹੀ) । ਧਨ = ਜੀਵ = ਇਸਤ੍ਰੀ।੧।
ਬਾਬਾ = ਹੇ ਗੁਰੂ! ਮੈ = ਮੈਨੂੰ। ਵਰੁ = ਪ੍ਰਭੂ = ਪਤੀ। ਦੇਹਿ = ਮਿਲਾ। ਭਾਵੈ = ਪਿਆਰਾ ਲੱਗਦਾ ਹੈ। ਮੈ ਤਿਸ ਕੀ ਬਲਿ ਰਾਮ = ਮੈਂ ਉਸ ਰਾਮ ਤੋਂ ਸਦਕੇ ਹਾਂ। ਰਵਿ ਰਹਿਆ = ਮੌਜੂਦ ਹੈ, ਹਰ ਥਾਂ ਵਿਆਪਕ ਹੈ। ਜੁਗ ਚਾਰਿ = ਸਦਾ ਹੀ। ਤ੍ਰਿਭਵਣ = ਤਿੰਨਾਂ ਭਵਨਾਂ ਵਿਚ, ਸਾਰੇ ਜਗਤ ਵਿਚ। ਬਾਣੀ = ਹੁਕਮ। ਰਵੈ = ਪਿਆਰ ਕਰਦਾ ਹੈ। ਮਨਸਾ = {मनीषा} ਇੱਛਾ। ਸਰਬ = ਸਦਾ ਹੀ। ਰਾਂਡ = ਰੰਡੀ। ਤੈਸੇ = ਇਕ = ਸਮਾਨ।੨।
ਲਗਨੁ = ਮੁਹੂਰਤ। ਲਗਨੁ ਗਣਾਇ = ਮੁਹੂਰਤ ਕਢਾ ਕੇ। ਹੰਭੀ = ਮੈਂ ਭੀ। ਵੰਞਾ = ਪਹੁੰਚ ਸਕਾਂ। ਸਾਹੁਰੈ = ਪਤੀ ਦੇ ਘਰ ਵਿਚ, ਪ੍ਰਭੂ = ਚਰਨਾਂ ਵਿਚ। ਸਾਹਾ = ਲਗਨ, ਮੁਹੂਰਤ। ਰਜਾਇ = ਪਰਮਾਤਮਾ ਦੀ ਮਰਜ਼ੀ ਅਨੁਸਾਰ। ਨ ਟਲੈ = ਅਗਾਂਹ ਪਿਛਾਂਹ ਨਹੀਂ ਹੋ ਸਕਦਾ। ਕਿਰਤੁ ਪਇਆ = ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਮਿਲਿਆ ਹੋਇਆ। ਕਿਰਤ = {कृत} ਕੀਤੇ ਹੋਏ ਕਰਮਾਂ ਦਾ ਇਕੱਠ। ਕਰਤੈ = ਕਰਤਾਰ ਨੇ। ਜਾਞੀ = ਜੰਞ ਦਾ ਮਾਲਕ, ਲਾੜਾ। ਨਿਹਕੇਵਲ = {निष्कैवल्य} ਪਵਿਤ੍ਰ, ਸੁਤੰਤਰ। ਨਰਹ ਨਿਹਕੇਵਲੁ = ਮਨੁੱਖਾਂ ਤੋਂ ਸੁਤੰਤਰ। ਤਿਹੁ ਲੋਈ = ਤਿੰਨਾਂ ਲੋਕਾਂ ਵਿਚ। ਮਾਇ = ਮਾਇਆ। ਨਿਰਾਸੀ = ਆਸ = ਹੀਣੀ। ਰੋਇ = ਰੋ ਕੇ। ਵਿਛੁੰਨੀ = ਵਿੱਛੁੜ ਜਾਂਦੀ ਹੈ। ਬਾਲੀ = ਕੁੜੀ। ਬਾਲੈ = ਮੁੰਡੇ ਦਾ। ਹੇਤੇ = ਪਿਆਰ ਦੇ ਕਾਰਨ। ਬਾਲੀ ਬਾਲੈ ਹੇਤੇ = ਕੁੜੀ ਮੁੰਡੇ ਦੇ ਪਿਆਰ ਦੇ ਕਾਰਨ। ਸਬਦਿ = ਸ਼ਬਦ ਦੀ ਬਰਕਤਿ ਨਾਲ। ਸੁਖ = ਆਨੰਦ। ਮਹਲੀ = ਪ੍ਰਭੂ ਦੇ ਘਰ ਵਿਚ।੩।
ਬਾਬੁਲਿ = ਪਿਉ ਨੇ, ਸਤਿਗੁਰੂ ਨੇ। ਦਿਤੜੀ = ਭੇਜ ਦਿੱਤੀ। ਦੂਰਿ = (ਮਾਇਆ ਦੇ ਪ੍ਰਭਾਵ ਤੋਂ) ਦੂਰ ਪਰੇ। ਘਰਿ = ਘਰ ਵਿਚ। ਪੇਈਐ ਘਰਿ = ਪੇਕੇ ਘਰ ਵਿਚ, ਜਨਮ ਮਰਨ ਵਿਚ। ਰਹਸੀ = ਪ੍ਰਸੰਨ ਹੁੰਦੀ ਹੈ। ਵੇਖਿ = ਵੇਖ ਕੇ। ਹਦੂਰਿ = ਆਪਣੇ ਸਾਹਮਣੇ। ਪਿਰਿ = ਪਿਰ ਨੇ, ਪ੍ਰਭੂ = ਪਤੀ ਨੇ। ਰਾਵੀ = ਪਿਆਰ ਕੀਤਾ। ਘਰਿ = ਘਰ ਵਿਚ, ਪ੍ਰਭੂ ਦੇ ਚਰਨਾਂ ਵਿਚ। ਸੋਹੀਐ = ਸੋਭਦੀ ਹੈ, ਆਤਮਕ ਜੀਵਨ ਸੋਹਣਾ ਬਣਾ ਲੈਂਦੀ ਹੈ। ਪਰਧਾਨੇ = ਮੰਨੀ = ਪ੍ਰਮੰਨੀ। ਸੰਜੋਗੀ = ਚੰਗੇ ਭਾਗਾਂ ਨਾਲ। ਥਾਨਿ = ਪ੍ਰਭੂ = ਚਰਨਾਂ ਵਿਚ। ਸੁਹੇਲਾ = ਸੌਖਾ (ਜੀਵਨ) । ਸਚੁ = ਸਦਾ-ਥਿਰ ਪ੍ਰਭੂ ਦਾ ਨਾਮ। ਪਲੈ = ਪੱਲੇ ਵਿਚ, ਉਸ ਦੇ ਪਾਸ। ਬੋਲੈ = ਸਿਮਰਦੀ ਹੈ। ਪਿਰ ਭਾਏ = ਪਤੀ ਨੂੰ ਪਿਆਰੀ ਲੱਗਦੀ ਹੈ। ਅੰਕਿ = ਅੰਕ ਵਿਚ, ਜੱਫੀ ਵਿਚ। ਸਮਾਏ = ਲੀਨ ਹੋ ਜਾਂਦੀ ਹੈ।੪।
ਅਰਥ: ਹੇ ਪ੍ਰਭੂ ਜੀ! ਮੈਂ ਤੈਥੋਂ ਸਦਕੇ ਹਾਂ (ਤੂੰ ਕੈਸੀ ਅਚਰਜ ਲੀਲਾ ਰਚਾਈ ਹੈ!) ਜੀਵ-ਇਸਤ੍ਰੀ (ਤੇਰੀ ਰਚੀ ਮਾਇਆ ਦੇ ਪ੍ਰਭਾਵ ਹੇਠ) ਜਵਾਨੀ ਦੇ ਸਮੇ ਇਉਂ ਮਸਤ ਹੈ ਜਿਵੇਂ ਸ਼ਰਾਬ ਪੀ ਕੇ ਮਦ ਹੋਸ਼ ਹੈ, (ਇਹ ਭੀ ਨਹੀਂ ਸਮਝਦੀ ਕਿ) ਇਸ ਪੇਕੇ-ਘਰ ਵਿਚ (ਇਸ ਜਗਤ ਵਿਚ) ਉਹ ਇਕ ਪ੍ਰਾਹੁਣੀ ਹੀ ਹੈ। ਵਿਕਾਰਾਂ ਦੀ ਕਮਾਈ ਨਾਲ ਚਿੱਤ ਵਿਚ ਉਹ ਮੈਲੀ ਰਹਿੰਦੀ ਹੈ (ਗੁਰੂ ਦੀ ਸਰਨ ਨਹੀਂ ਆਉਂਦੀ, ਤੇ) ਗੁਰੂ (ਦੀ ਸਰਨ ਪੈਣ) ਤੋਂ ਬਿਨਾ (ਹਿਰਦੇ ਵਿਚ) ਗੁਣ ਟਿਕ ਨਹੀਂ ਸਕਦੇ।
(ਮਾਇਆ ਦੀ) ਭਟਕਣਾ ਵਿਚ ਪੈ ਕੇ ਜੀਵ-ਇਸਤ੍ਰੀ ਨੇ (ਪ੍ਰਭੂ ਦੇ) ਗੁਣਾਂ ਦੀ ਕੀਮਤ ਨਾਹ ਸਮਝੀ, ਕੁਰਾਹੇ ਪਈ ਰਹੀ, ਤੇ ਜਵਾਨੀ ਦਾ ਸਮਾ ਵਿਅਰਥ ਗਵਾ ਲਿਆ। ਨਾਹ ਉਸ ਨੇ ਖਸਮ-ਪ੍ਰਭੂ ਨਾਲ ਸਾਂਝ ਪਾਈ, ਨਾਹ ਉਸ ਦੇ ਦਰ ਨਾਹ ਉਸ ਦੇ ਘਰ ਤੇ ਨਾਹ ਹੀ ਉਸ ਦੇ ਦਰਸਨ ਦੀ ਕਦਰ ਪਛਾਣੀ। (ਭਟਕਣਾ ਵਿਚ ਹੀ ਰਹਿ ਕੇ) ਜੀਵ-ਇਸਤ੍ਰੀ ਨੂੰ ਪ੍ਰਭੂ-ਪਤੀ ਦਾ ਸੁਭਾਉ ਭੀ ਪਸੰਦ ਨਾਹ ਆਇਆ।
ਮਾਇਆ ਦੇ ਮੋਹ ਵਿਚ ਸੁੱਤੀ ਹੋਈ ਜੀਵ-ਇਸਤ੍ਰੀ ਦੀ ਜ਼ਿੰਦਗੀ ਦੀ ਸਾਰੀ ਰਾਤ ਬੀਤ ਗਈ, ਸਤਿਗੁਰੂ ਦੀ ਸਿੱਖਿਆ ਲੈ ਕੇ ਜੀਵਨ ਦੇ ਠੀਕ ਰਸਤੇ ਉਤੇ ਕਦੇ ਭੀ ਨਾਹ ਤੁਰੀ। ਹੇ ਨਾਨਕ! ਅਜੇਹੀ ਜੀਵ-ਇਸਤ੍ਰੀ ਨੇ ਤਾਂ ਬਾਲ-ਉਮਰੇ ਹੀ ਰੰਡੇਪਾ ਸਹੇੜ ਲਿਆ,
ਤੇ ਪ੍ਰਭੂ-ਪਤੀ ਦੇ ਮਿਲਾਪ ਤੋਂ ਬਿਨਾ ਉਸ ਦਾ ਹਿਰਦਾ-ਕਮਲ ਕੁਮਲਾਇਆ ਹੀ ਰਿਹਾ।੧।
ਹੇ ਪਿਆਰੇ ਸਤਿਗੁਰੂ! ਮੈਨੂੰ ਖਸਮ-ਪ੍ਰਭੂ ਮਿਲਾ। (ਮੇਹਰ ਕਰ) ਮੈਨੂੰ ਉਹ ਪ੍ਰਭੂ-ਪਤੀ ਪਿਆਰਾ ਲੱਗੇ, ਮੈਂ ਉਸ ਤੋਂ ਸਦਕੇ ਜਾਵਾਂ, ਜੋ ਸਦਾ ਹੀ ਹਰ ਥਾਂ ਵਿਆਪਕ ਹੈ, ਤਿੰਨਾਂ ਹੀ ਭਵਨਾਂ ਵਿਚ ਜਿਸ ਦਾ ਹੁਕਮ ਚੱਲ ਰਿਹਾ ਹੈ।
ਤਿੰਨਾਂ ਭਵਨਾਂ ਦਾ ਮਾਲਕ ਪ੍ਰਭੂ ਭਾਗਾਂ ਵਾਲੀ ਜੀਵ-ਇਸਤ੍ਰੀ ਨਾਲ ਪਿਆਰ ਕਰਦਾ ਹੈ, ਪਰ ਜਿਸ ਨੇ ਔਗੁਣ ਹੀ ਔਗੁਣ ਸਹੇੜੇ ਉਹ ਉਸ ਦੇ ਚਰਨਾਂ ਤੋਂ ਵਿਛੁੜੀ ਰਹਿੰਦੀ ਹੈ। ਉਹ ਮਾਲਕ ਹਰੇਕ ਦੇ ਹਿਰਦੇ ਵਿਚ ਵਿਆਪਕ ਹੈ (ਉਹ ਹਰੇਕ ਦੇ ਦਿਲ ਦੀ ਜਾਣਦਾ ਹੈ) ਜਿਹੋ ਜਿਹੀ ਆਸ ਧਾਰ ਕੇ ਕੋਈ ਉਸ ਦੇ ਦਰ ਤੇ ਆਉਂਦੀ ਹੈ ਉਹੋ ਜਿਹੀ ਇੱਛਾ ਉਹ ਪੂਰੀ ਕਰ ਦੇਂਦਾ ਹੈ।
ਜੇਹੜੀ ਜੀਵ-ਇਸਤ੍ਰੀ ਪ੍ਰਭੂ-ਪਤੀ ਦੀ ਬਣੀ ਰਹਿੰਦੀ ਹੈ ਉਹ ਸਦਾ ਸੁਹਾਗ-ਭਾਗ ਵਾਲੀ ਹੈ, ਉਹ ਕਦੇ ਰੰਡੀ ਨਹੀਂ ਹੁੰਦੀ, ਉਸ ਦਾ ਵੇਸ ਕਦੇ ਮੈਲਾ ਨਹੀਂ ਹੁੰਦਾ (ਉਸ ਦਾ ਹਿਰਦਾ ਕਦੇ ਵਿਕਾਰਾਂ ਨਾਲ ਮੈਲਾ ਨਹੀਂ ਹੁੰਦਾ) ।
ਹੇ ਨਾਨਕ! ਅਰਦਾਸ ਕਰ ਤੇ ਆਖ-ਹੇ ਸਤਿਗੁਰੂ! ਤੇਰੀ ਮੇਹਰ ਹੋਵੇ ਤਾਂ) ਉਹ ਸਦਾ-ਥਿਰ ਰਹਿਣ ਵਾਲਾ ਪ੍ਰਭੂ-ਪਤੀ ਮੈਨੂੰ (ਸਦਾ) ਪਿਆਰਾ ਲੱਗਦਾ ਰਹੇ ਜੇਹੜਾ ਪ੍ਰੀਤਮ ਹਰੇਕ ਜੁਗ ਵਿਚ ਇਕ-ਸਮਾਨ ਰਹਿਣ ਵਾਲਾ ਹੈ।੨।
ਹੇ ਸਤਿਗੁਰੂ! ਉਹ) ਮੁਹੂਰਤ ਕਢਾ (ਉਹ ਅਵਸਰ ਪੈਦਾ ਕਰ, ਜਿਸ ਦੀ ਬਰਕਤਿ ਨਾਲ) ਮੈਂ ਭੀ ਪ੍ਰਭੂ-ਪਤੀ ਦੇ ਚਰਨਾਂ ਵਿਚ ਜੁੜ ਸਕਾਂ। (ਹੇ ਗੁਰੂ! ਤੇਰੀ ਕਿਰਪਾ ਨਾਲ) ਰਜ਼ਾ ਦੇ ਮਾਲਕ ਪ੍ਰਭੂ ਜੋ ਹੁਕਮ ਕਰਦਾ ਹੈ ਉਹ ਮੇਲ ਦਾ ਅਵਸਰ ਬਣ ਜਾਂਦਾ ਹੈ, ਉਸ ਨੂੰ ਕੋਈ ਅਗਾਂਹ ਪਿਛਾਂਹ ਨਹੀਂ ਕਰ ਸਕਦਾ (ਉਸ ਵਿਚ ਕੋਈ ਵਿਘਨ ਨਹੀਂ ਪਾ ਸਕਦਾ) ।
ਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਕਰਤਾਰ ਨੇ (ਉਹਨਾਂ ਦੇ ਮਿਲਾਪ ਜਾਂ ਵਿਛੋੜੇ ਦਾ) ਜੋ ਭੀ ਹੁਕਮ ਦਿੱਤਾ ਹੈ ਉਸ ਨੂੰ ਕੋਈ ਉਲੰਘ ਨਹੀਂ ਸਕਦਾ।
(ਗੁਰੂ ਵਿਚੋਲੇ ਦੀ ਕਿਰਪਾ ਨਾਲ) ਉਹ ਪਰਮਾਤਮਾ ਜੋ ਤਿੰਨਾਂ ਲੋਕਾਂ ਵਿਚ ਵਿਆਪਕ ਹੈ ਤੇ (ਫਿਰ ਭੀ ਆਪਣੇ ਪੈਦਾ ਕੀਤੇ) ਬੰਦਿਆਂ ਤੋਂ ਸੁਤੰਤਰ ਹੈ (ਜੀਵ-ਇਸਤ੍ਰੀ ਨੂੰ ਆਪਣੇ ਚਰਨਾਂ ਵਿਚ ਜੋੜਨ ਲਈ) ਲਾੜਾ ਬਣ ਕੇ ਆਉਂਦਾ ਹੈ। (ਜਿਵੇਂ ਧੀ ਨੂੰ ਤੋਰਨ ਲੱਗੀ ਮਾਂ ਮੁੜ ਮਿਲਣ ਦੀਆਂ ਆਸਾਂ ਲਾਹ ਕੇ ਰੋ ਕੇ ਵਿਛੁੜਦੀ ਹੈ, ਤਿਵੇਂ) ਮਾਇਆ ਜੀਵ-ਇਸਤ੍ਰੀ ਦੇ ਪ੍ਰਭੂ-ਪਤੀ ਨਾਲ ਪ੍ਰੇਮ ਦੇ ਕਾਰਨ ਜੀਵ-ਇਸਤ੍ਰੀ ਨੂੰ ਆਪਣੇ ਕਾਬੂ ਵਿਚ ਰੱਖ ਸਕਣ ਦੀਆਂ ਆਸਾਂ ਲਾਹ ਕੇ (ਮਾਨੋ) ਰੋ ਕੇ ਵਿਛੁੜਦੀ ਹੈ।
ਹੇ ਨਾਨਕ! ਜੀਵ-ਇਸਤ੍ਰੀ ਗੁਰੂ ਦੇ ਚਰਨਾਂ ਦੀ ਬਰਕਤਿ ਨਾਲ ਪ੍ਰਭੂ-ਪਤੀ ਨੂੰ ਹਿਰਦੇ ਵਿਚ ਵਸਾਂਦੀ ਹੈ, ਤੇ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲੇ ਸ਼ਬਦ ਦੀ ਰਾਹੀਂ ਪ੍ਰਭੂ ਦੀ ਹਜ਼ੂਰੀ ਵਿਚ ਆਨੰਦ ਮਾਣਦੀ ਹੈ।੩।
ਸਤਿਗੁਰੂ ਨੇ (ਮੇਹਰ ਕਰ ਕੇ ਜੀਵ-ਇਸਤ੍ਰੀ ਮਾਇਆ ਦੇ ਪ੍ਰਭਾਵ ਤੋਂ ਇਤਨੀ) ਦੂਰ ਅਪੜਾ ਦਿੱਤੀ ਕਿ ਉਹ ਮੁੜ ਜਨਮ ਮਰਨ ਦੇ ਗੇੜ ਵਿਚ ਨਹੀਂ ਆਉਂਦੀ। ਪ੍ਰਭੂ-ਪਤੀ ਦਾ ਪ੍ਰਤੱਖ ਦੀਦਾਰ ਕਰ ਕੇ ਉਹ ਪ੍ਰਸੰਨ-ਚਿੱਤ ਹੁੰਦੀ ਹੈ। ਪ੍ਰਭੂ-ਪਤੀ ਨੇ (ਜਦੋਂ) ਉਸ ਨਾਲ ਪਿਆਰ ਕੀਤਾ, ਤਾਂ ਉਸ ਦੇ ਚਰਨਾਂ ਵਿਚ ਜੁੜ ਕੇ ਉਹ ਆਪਣਾ ਆਤਮਕ ਜੀਵਨ ਸੰਵਾਰਦੀ ਹੈ।
ਸਦਾ-ਥਿਰ ਪ੍ਰੀਤਮ ਪ੍ਰਭੂ ਨੂੰ ਉਸ ਜੀਵ-ਇਸਤ੍ਰੀ ਦੀ ਲੋੜ ਪਈ (ਭਾਵ, ਜੀਵ-ਇਸਤ੍ਰੀ ਉਸ ਦੇ ਲੇਖੇ ਵਿਚ ਆ ਗਈ) ਉਸ ਨੇ ਉਸ ਨੂੰ ਆਪਣੇ ਨਾਲ ਮਿਲਾ ਲਿਆ। (ਇਸ ਮਿਲਾਪ ਦੀ ਬਰਕਤਿ ਨਾਲ) ਉਸ ਦੀ ਮਤਿ ਉਕਾਈ-ਹੀਣ ਹੋ ਗਈ, ਉਹ ਮੰਨੀ-ਪ੍ਰਮੰਨੀ ਗਈ। ਚੰਗੇ ਭਾਗਾਂ ਨਾਲ ਉਸ ਦਾ ਮਿਲਾਪ ਹੋ ਗਿਆ, ਪ੍ਰਭੂ-ਚਰਨਾਂ ਵਿਚ ਉਸ ਦਾ ਜੀਵਨ ਸੁਖੀ ਹੋ ਗਿਆ, ਉਹ ਗੁਣਾਂ ਵਾਲੀ ਹੋ ਗਈ, ਗੁਰੂ ਦੇ ਦਿੱਤੇ ਗਿਆਨ ਵਾਲੀ ਹੋ ਗਈ।
ਸਤ ਸੰਤੋਖ ਤੇ ਸਦਾ-ਥਿਰ ਯਾਦ ਉਸ ਦੇ ਹਿਰਦੇ ਵਿਚ ਟਿਕ ਜਾਂਦੀ ਹੈ, ਉਹ ਸਦਾ-ਥਿਰ ਪ੍ਰਭੂ ਨੂੰ ਸਦਾ ਸਿਮਰਦੀ ਹੈ, ਉਹ ਪ੍ਰਭੂ-ਪਤੀ ਨੂੰ ਪਿਆਰੀ ਲੱਗਣ ਲੱਗ ਪੈਂਦੀ ਹੈ। ਹੇ ਨਾਨਕ! ਜੀਵ-ਇਸਤ੍ਰੀ (ਪ੍ਰਭੂ-ਚਰਨਾਂ ਤੋਂ) ਵਿਛੁੜ ਕੇ ਦੁੱਖ ਨਹੀਂ ਪਾਂਦੀ, ਗੁਰੂ ਦੀ ਸਿੱਖਿਆ ਦੀ ਬਰਕਤਿ ਨਾਲ ਉਹ ਪ੍ਰਭੂ ਦੀ ਗੋਦ ਵਿਚ ਹੀ ਲੀਨ ਹੋ ਜਾਂਦੀ ਹੈ।੪।੧।
*┈┉┅━❀꧁ੴ꧂❀━┅┉┈*
||ਅੱਜ ਦਾ ਫੁਰਮਾਨ|| ਗੁਰਦੁਆਰਾ ਸ਼੍ਰੀ ਪਾਉਂਟਾ ਸਾਹਿਬ ਪਾਤਸ਼ਾਹੀ ੧੦ ਵੀਂ (ਹਿਮਾਚਲ ਪ੍ਰਦੇਸ਼)||
ਸੂਹੀ ਮਹਲਾ ੫ ॥ ਜਿਨਿ ਮੋਹੇ ਬ੍ਰਹਮੰਡ ਖੰਡ ਤਾਹੂ ਮਹਿ ਪਾਉ ॥ ਰਾਖਿ ਲੇਹੁ ਇਹੁ ਬਿਖਈ ਜੀਉ ਦੇਹੁ ਅਪੁਨਾ ਨਾਉ ॥੧॥ ਰਹਾਉ ॥ ਜਾ ਤੇ ਨਾਹੀ ਕੋ ਸੁਖੀ ਤਾ ਕੈ ਪਾਛੈ ਜਾਉ ॥ ਛੋਡਿ ਜਾਹਿ ਜੋ ਸਗਲ ਕਉ ਫਿਰਿ ਫਿਰਿ ਲਪਟਾਉ ॥੧॥ ਕਰਹੁ ਕ੍ਰਿਪਾ ਕਰੁਣਾਪਤੇ ਤੇਰੇ ਹਰਿ ਗੁਣ ਗਾਉ ॥ ਨਾਨਕ ਕੀ ਪ੍ਰਭ ਬੇਨਤੀ ਸਾਧਸੰਗਿ ਸਮਾਉ ॥੨॥੩॥੪੩॥ {ਪੰਨਾ 745}
ਪਦਅਰਥ: ਜਿਨਿ = ਜਿਸ (ਮਾਇਆ) ਨੇ। ਮੋਹੇ = ਮੋਹ ਲਏ ਹਨ। ਬ੍ਰਹਮੰਡ = ਸਾਰੀ ਸ੍ਰਿਸ਼ਟੀ। ਖੰਡ = ਸਾਰੇ ਦੇਸ। ਤਾ ਹੂ ਮਹਿ = ਉਸੇ ਵਿਚ ਹੀ। ਪਾਉ = ਪਾਉਂ, ਮੈਂ ਪੈ ਰਿਹਾ ਹਾਂ। ਬਿਖਈ = ਵਿਕਾਰੀ।੧।ਰਹਾਉ।
ਜਾ ਤੇ = ਜਿਸ (ਮਾਇਆ) ਪਾਸੋਂ। ਜਾਉ = ਜਾਉਂ, ਮੈਂ ਜਾਂਦਾ ਹਾਂ। ਕਉ = ਨੂੰ। ਲਪਟਾਉ = ਲਪਟਾਉਂ।੧।
ਕਰੁਣਾ = ਤਰਸ। ਪਤਿ = ਮਾਲਕ। ਪਤੇ = ਹੇ ਮਾਲਕ! ਕਰੁਣਾਪਤੇ = ਹੇ ਤਰਸ ਦੇ ਮਾਲਕ! ਗਾਉ = ਗਾਉਂ। ਸਮਾਉ = ਸਮਾਉਂ, ਮੈਂ ਲੀਨ ਰਹਾਂ।੨।
ਅਰਥ: ਹੇ ਪ੍ਰਭੂ! ਜਿਸ (ਮਾਇਆ) ਨੇ ਸਾਰੀ ਸ੍ਰਿਸ਼ਟੀ ਤੇ ਸਾਰੇ ਦੇਸ ਆਪਣੇ ਪਿਆਰ ਵਿਚ ਫਸਾਏ ਹੋਏ ਹਨ, ਉਸੇ (ਮਾਇਆ) ਦੇ ਵੱਸ ਵਿਚ ਮੈਂ ਭੀ ਪਿਆ ਹੋਇਆ ਹਾਂ। ਹੇ ਪ੍ਰਭੂ! ਮੈਨੂੰ ਆਪਣਾ ਨਾਮ ਬਖ਼ਸ਼, ਤੇ ਮੈਨੂੰ ਇਸ ਵਿਕਾਰੀ ਜੀਵ ਨੂੰ (ਮਾਇਆ ਦੇ ਹੱਥੋਂ) ਬਚਾ ਲੈ।੧।ਰਹਾਉ।
ਹੇ ਪ੍ਰਭੂ! ਮੈਂ ਭੀ ਉਸ (ਮਾਇਆ) ਦੇ ਪਿੱਛੇ (ਮੁੜ ਮੁੜ) ਜਾਂਦਾ ਹਾਂ ਜਿਸ ਪਾਸੋਂ ਕੋਈ ਭੀ ਕਦੇ ਸੁਖੀ ਨਹੀਂ ਹੋਇਆ। ਮੈਂ ਮੁੜ ਮੁੜ (ਉਹਨਾਂ ਪਦਾਰਥਾਂ ਨਾਲ) ਚੰਬੜਦਾ ਹਾਂ, ਜੋ (ਆਖ਼ਰ) ਸਭਨਾਂ ਨੂੰ ਛੱਡ ਜਾਂਦੇ ਹਨ।੧।
ਹੇ ਤਰਸ ਦੇ ਮਾਲਕ! ਹੇ ਹਰੀ! ਮੇਰੇ ਉਤੇ) ਮੇਹਰ ਕਰ, ਮੈਂ ਤੇਰੇ ਗੁਣ ਗਾਂਦਾ ਰਹਾਂ। ਹੇ ਪ੍ਰਭੂ! ਤੇਰੇ ਸੇਵਕ) ਨਾਨਕ ਦੀ (ਤੇਰੇ ਅੱਗੇ ਇਹੀ) ਬੇਨਤੀ ਹੈ ਕਿ ਮੈਂ ਸਾਧ ਸੰਗਤਿ ਵਿਚ ਟਿਕਿਆ ਰਹਾਂ।੨।੩।੪੩।
*┈┉┅━❀꧁ੴ꧂❀━┅┉┈*
||ਅੱਜ ਦਾ ਫੁਰਮਾਨ|| ਗੁਰਦੁਆਰਾ ਸ਼੍ਰੀ ਬਾਉਲੀ ਸਾਹਿਬ, ਗੋਇੰਦਵਾਲ ਸਾਹਿਬ ||
ਰਾਗੁ ਸੂਹੀ ਛੰਤ ਮਹਲਾ ੪ ਘਰੁ ੩ ੴ ਸਤਿਗੁਰ ਪ੍ਰਸਾਦਿ ॥ ਆਵਹੋ ਸੰਤ ਜਨਹੁ ਗੁਣ ਗਾਵਹ ਗੋਵਿੰਦ ਕੇਰੇ ਰਾਮ ॥ ਗੁਰਮੁਖਿ ਮਿਲਿ ਰਹੀਐ ਘਰਿ ਵਾਜਹਿ ਸਬਦ ਘਨੇਰੇ ਰਾਮ ॥ ਸਬਦ ਘਨੇਰੇ ਹਰਿ ਪ੍ਰਭ ਤੇਰੇ ਤੂ ਕਰਤਾ ਸਭ ਥਾਈ ॥ ਅਹਿਨਿਸਿ ਜਪੀ ਸਦਾ ਸਾਲਾਹੀ ਸਾਚ ਸਬਦਿ ਲਿਵ ਲਾਈ ॥ ਅਨਦਿਨੁ ਸਹਜਿ ਰਹੈ ਰੰਗਿ ਰਾਤਾ ਰਾਮ ਨਾਮੁ ਰਿਦ ਪੂਜਾ ॥ ਨਾਨਕ ਗੁਰਮੁਖਿ ਏਕੁ ਪਛਾਣੈ ਅਵਰੁ ਨ ਜਾਣੈ ਦੂਜਾ ॥੧॥ {ਪੰਨਾ 775}
ਪਦਅਰਥ: ਆਵਹੋ = ਆਵਹੁ, ਆਓ। ਸੰਤ ਜਨਹੁ = ਹੇ ਸੰਤ ਜਨੋ! ਗਾਵਹ = ਆਓ, ਅਸੀ ਗਾਵੀਏ। ਕੇਰੇ = ਦੇ। ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਮਿਲਿ ਰਹੀਐ = (ਪ੍ਰਭੂ = ਚਰਨਾਂ ਵਿਚ) ਖੜੇ ਰਹਿਣਾ ਚਾਹੀਦਾ ਹੈ। ਘਰਿ = (ਹਿਰਦੇ-) ਘਰ ਵਿਚ। ਵਾਜਹਿ = ਵੱਜ ਪੈਂਦੇ ਹਨ, ਆਪਣਾ ਪ੍ਰਭਾਵ ਪਾਈ ਰੱਖਦੇ ਹਨ। ਸਬਦ = (ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ) ਸ਼ਬਦ। ਘਨੇਰੇ = ਅਨੇਕਾਂ, ਬਹੁਤ। ਪ੍ਰਭ = ਹੇ ਪ੍ਰਭੂ! ਥਾਈ = ਥਾਈਂ, ਥਾਵਾਂ ਵਿਚ। ਅਹਿ = ਦਿਨ। ਨਿਸਿ = ਰਾਤ। ਜਪੀ = ਜਪੀਂ, ਮੈਂ ਜਪਦਾ ਰਹਾਂ। ਸਾਲਾਹੀ = ਸਾਲਾਹੀਂ, ਮੈਂ ਸਲਾਹੁੰਦਾ ਰਹਾਂ। ਸਾਚ ਸਬਦਿ = ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਵਿਚ। ਲਿਵ ਲਾਈ = ਲਿਵ ਲਾਈਂ, ਸੁਰਤਿ ਜੋੜੀ ਰੱਖਾਂ। ਅਨਦਿਨੁ = {अनुदिनां} ਹਰ ਰੋਜ਼, ਹਰ ਵੇਲੇ। ਸਹਜਿ = ਆਤਮਕ ਅਡੋਲਤਾ ਵਿਚ। ਰੰਗਿ = ਪ੍ਰੇਮ = ਰੰਗ ਵਿਚ। ਰਾਤਾ ਰਹੈ– ਰੰਗਿਆ ਰਹਿੰਦਾ ਹੈ। ਰਿਦ ਪੂਜਾ = ਹਿਰਦੇ ਦੀ ਪੂਜਾ (ਬਣਾਂਦਾ ਹੈ) ।੧।
ਅਰਥ: ਹੇ ਸੰਤ ਜਨੋ! ਆਓ, (ਸਾਧ ਸੰਗਤਿ ਵਿਚ ਮਿਲ ਕੇ) ਪਰਮਾਤਮਾ ਦੇ ਗੁਣ ਗਾਂਦੇ ਰਹੀਏ। (ਹੇ ਸੰਤ ਜਨੋ!) ਗੁਰੂ ਦੀ ਸਰਨ ਪੈ ਕੇ (ਪ੍ਰਭੂ-ਚਰਨਾਂ ਵਿਚ) ਜੁੜੇ ਰਹਿਣਾ ਚਾਹੀਦਾ ਹੈ (ਪ੍ਰਭੂ-ਚਰਨਾਂ ਵਿਚ ਜੁੜਨ ਦੀ ਬਰਕਤ ਨਾਲ) ਹਿਰਦੇ-ਘਰ ਵਿਚ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਆਪਣਾ ਪ੍ਰਭਾਵ ਪਾਈ ਰੱਖਦੇ ਹਨ।
ਹੇ ਪ੍ਰਭੂ! ਜਿਉਂ ਜਿਉਂ) ਤੇਰੀ ਸਿਫ਼ਤਿ-ਸਾਲਾਹ ਦੇ ਸ਼ਬਦ (ਮਨੁੱਖ ਦੇ ਹਿਰਦੇ ਵਿਚ) ਪ੍ਰਭਾਵ ਪਾਂਦੇ ਹਨ, (ਤਿਉਂ ਤਿਉਂ ਤੂੰ) ਉਸ ਨੂੰ ਸਭ ਥਾਈਂ ਵੱਸਦਾ ਦਿੱਸਦਾ ਹੈਂ। (ਹੇ ਪ੍ਰਭੂ! ਮੇਰੇ ਉੱਤੇ ਭੀ ਮਿਹਰ ਕਰ) ਮੈਂ ਦਿਨ ਰਾਤ ਤੇਰਾ ਨਾਮ ਜਪਦਾ ਰਹਾਂ, ਮੈਂ ਸਦਾ ਤੇਰੀ ਸਿਫ਼ਤਿ-ਸਾਲਾਹ ਕਰਦਾ ਰਹਾਂ, ਮੈਂ ਤੇਰੀ ਸਦਾ-ਥਿਰ ਸਿਫ਼ਤਿ-ਸਾਲਾਹ ਵਿਚ ਸੁਰਤਿ ਜੋੜੀ ਰੱਖਾਂ।
ਹੇ ਨਾਨਕ! ਜਿਹੜਾ ਮਨੁੱਖ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਦੀ ਪੂਜਾ ਬਣਾਂਦਾ ਹੈ (ਭਾਵ, ਹਰ ਵੇਲੇ ਹਿਰਦੇ ਵਿਚ ਵਸਾਈ ਰੱਖਦਾ ਹੈ) ਉਹ ਮਨੁੱਖ ਹਰ ਵੇਲੇ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ, ਉਹ ਮਨੁੱਖ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹੈ। ਗੁਰੂ ਦੀ ਸਰਨ ਪੈ ਕੇ ਉਹ ਇਕ ਪ੍ਰਭੂ ਨਾਲ ਹੀ ਸਾਂਝ ਪਾਈ ਰੱਖਦਾ ਹੈ, ਕਿਸੇ ਹੋਰ ਦੂਜੇ ਨਾਲ ਡੂੰਘੀ ਸਾਂਝ ਨਹੀਂ ਪਾਂਦਾ।੧।
ਸਭ ਮਹਿ ਰਵਿ ਰਹਿਆ ਸੋ ਪ੍ਰਭੁ ਅੰਤਰਜਾਮੀ ਰਾਮ ॥ ਗੁਰ ਸਬਦਿ ਰਵੈ ਰਵਿ ਰਹਿਆ ਸੋ ਪ੍ਰਭੁ ਮੇਰਾ ਸੁਆਮੀ ਰਾਮ ॥ ਪ੍ਰਭੁ ਮੇਰਾ ਸੁਆਮੀ ਅੰਤਰਜਾਮੀ ਘਟਿ ਘਟਿ ਰਵਿਆ ਸੋਈ ॥ ਗੁਰਮਤਿ ਸਚੁ ਪਾਈਐ ਸਹਜਿ ਸਮਾਈਐ ਤਿਸੁ ਬਿਨੁ ਅਵਰੁ ਨ ਕੋਈ ॥ ਸਹਜੇ ਗੁਣ ਗਾਵਾ ਜੇ ਪ੍ਰਭ ਭਾਵਾ ਆਪੇ ਲਏ ਮਿਲਾਏ ॥ ਨਾਨਕ ਸੋ ਪ੍ਰਭੁ ਸਬਦੇ ਜਾਪੈ ਅਹਿਨਿਸਿ ਨਾਮੁ ਧਿਆਏ ॥੨॥ {ਪੰਨਾ 775}
ਪਦਅਰਥ: ਰਵਿ ਰਹਿਆ = ਵਿਆਪਕ ਹੈ। ਅੰਤਰਜਾਮੀ = ਹਰੇਕ ਦੇ ਦਿਲ ਦੀ ਜਾਣਨ ਵਾਲਾ। ਸਬਦਿ = ਸ਼ਬਦ ਦੀ ਰਾਹੀਂ। ਰਵੈ = ਸਿਮਰਦਾ ਹੈ। ਘਟਿ ਘਟਿ = ਹਰੇਕ ਸਰੀਰ ਵਿਚ। ਰਵਿਆ = ਵਿਆਪਕ। ਸੋਈ = ਉਹੀ। ਸਚੁ = ਸਦਾ-ਥਿਰ ਪ੍ਰਭੂ। ਪਾਈਐ = ਮਿਲਦਾ ਹੈ। ਸਹਜਿ = ਆਤਮਕ ਅਡੋਲਤਾ ਵਿਚ। ਸਮਾਈਐ = ਟਿਕੇ ਰਹੀਦਾ ਹੈ। ਅਵਰੁ = ਹੋਰ। ਸਹਜੇ = ਆਤਮਕ ਅਡੋਲਤਾ ਵਿਚ (ਟਿਕ ਕੇ। ਗਾਵਾ = ਗਾਵਾਂ, ਮੈਂ ਗਾ ਸਕਦਾ ਹਾਂ। ਪ੍ਰਭ ਭਾਵਾ = ਪ੍ਰਭੂ ਨੂੰ ਭਾਵਾਂ, ਪ੍ਰਭੂ ਨੂੰ ਚੰਗਾ ਲੱਗਾਂ। ਆਪੇ = ਆਪ ਹੀ। ਸਬਦੇ = ਸ਼ਬਦ ਦੀ ਰਾਹੀਂ। ਜਾਪੈ = ਜਾਣਿਆ ਜਾ ਸਕਦਾ ਹੈ, ਡੂੰਘੀ ਸਾਂਝ ਪੈ ਸਕਦੀ ਹੈ। ਅਹਿ = ਦਿਨ। ਨਿਸਿ = ਰਾਤ।੨।
ਅਰਥ: ਹੇ ਭਾਈ! ਉਹ ਪਰਮਾਤਮਾ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ, ਅਤੇ ਸਭ ਜੀਵਾਂ ਵਿਚ ਵਿਆਪਕ ਹੈ। (ਪਰ ਜਿਹੜਾ ਮਨੁੱਖ) ਗੁਰੂ ਦੇ ਸ਼ਬਦ ਦੀ ਰਾਹੀਂ (ਉਸ ਨੂੰ) ਸਿਮਰਦਾ ਹੈ, ਉਸ ਨੂੰ ਹੀ ਉਹ ਮਾਲਕ-ਪ੍ਰਭੂ (ਸਭ ਥਾਈਂ) ਵਿਆਪਕ ਦਿੱਸਦਾ ਹੈ। (ਉਸ ਮਨੁੱਖ ਨੂੰ ਹੀ ਇਹ ਨਿਸ਼ਚਾ ਬਣਦਾ ਹੈ ਕਿ) ਮਾਲਕ-ਪ੍ਰਭੂ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ, ਅਤੇ ਹਰੇਕ ਸਰੀਰ ਵਿਚ ਮੌਜੂਦ ਹੈ।
ਹੇ ਭਾਈ! ਗੁਰੂ ਦੀ ਮਤਿ ਉਤੇ ਤੁਰਿਆਂ ਸਦਾ-ਥਿਰ ਪ੍ਰਭੂ ਮਿਲ ਪੈਂਦਾ ਹੈ, (ਗੁਰੂ ਦੀ ਮਤਿ ਦੀ ਬਰਕਤਿ ਨਾਲ) ਆਤਮਕ ਅਡੋਲਤਾ ਵਿਚ ਲੀਨ ਰਹਿ ਸਕੀਦਾ ਹੈ (ਅਤੇ ਇਹ ਨਿਸ਼ਚਾ ਬਣਦਾ ਹੈ ਕਿ ਕਿਤੇ ਭੀ) ਉਸ ਪਰਮਾਤਮਾ ਤੋਂ ਬਿਨਾ ਹੋਰ ਕੋਈ ਨਹੀਂ।
ਹੇ ਭਾਈ! ਪ੍ਰਭੂ ਦੀ ਆਪਣੀ ਹੀ ਮਿਹਰ ਨਾਲ) ਜੇ ਮੈਂ ਉਸ ਪ੍ਰਭੂ ਨੂੰ ਚੰਗਾ ਲੱਗ ਪਵਾਂ, ਤਾਂ ਆਤਮਕ ਅਡੋਲਤਾ ਵਿਚ ਟਿਕ ਕੇ ਮੈਂ ਉਸ ਦੇ ਗੁਣ ਗਾ ਸਕਦਾ ਹਾਂ, ਉਹ ਆਪ ਹੀ (ਜੀਵ ਨੂੰ ਆਪਣੇ ਨਾਲ) ਮਿਲਾਂਦਾ ਹੈ। ਹੇ ਨਾਨਕ! ਗੁਰੂ ਦੇ ਸ਼ਬਦ ਦੀ ਰਾਹੀਂ ਹੀ ਉਸ ਪ੍ਰਭੂ ਨਾਲ ਡੂੰਘੀ ਸਾਂਝ ਪੈ ਸਕਦੀ ਹੈ (ਜਿਹੜਾ ਮਨੁੱਖ ਸ਼ਬਦ ਵਿਚ) ਜੁੜਦਾ ਹੈ, (ਉਹ) ਦਿਨ ਰਾਤ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ।੨।
ਇਹੁ ਜਗੋ ਦੁਤਰੁ ਮਨਮੁਖੁ ਪਾਰਿ ਨ ਪਾਈ ਰਾਮ ॥ ਅੰਤਰੇ ਹਉਮੈ ਮਮਤਾ ਕਾਮੁ ਕ੍ਰੋਧੁ ਚਤੁਰਾਈ ਰਾਮ ॥ ਅੰਤਰਿ ਚਤੁਰਾਈ ਥਾਇ ਨ ਪਾਈ ਬਿਰਥਾ ਜਨਮੁ ਗਵਾਇਆ ॥ ਜਮ ਮਗਿ ਦੁਖੁ ਪਾਵੈ ਚੋਟਾ ਖਾਵੈ ਅੰਤਿ ਗਇਆ ਪਛੁਤਾਇਆ ॥ ਬਿਨੁ ਨਾਵੈ ਕੋ ਬੇਲੀ ਨਾਹੀ ਪੁਤੁ ਕੁਟੰਬੁ ਸੁਤੁ ਭਾਈ ॥ ਨਾਨਕ ਮਾਇਆ ਮੋਹੁ ਪਸਾਰਾ ਆਗੈ ਸਾਥਿ ਨ ਜਾਈ ॥੩॥ {ਪੰਨਾ 775}
ਪਦਅਰਥ: ਜਗੋ = ਜਗੁ, ਜਗਤ। ਦੁਤਰੁ = {दुस्तर} ਜਿਸ ਤੋਂ ਪਾਰ ਲੰਘਣਾ ਔਖਾ ਹੈ। ਮਨਮੁਖੁ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਪਾਰਿ ਨ ਪਾਈ = ਪਰਲੇ ਪਾਸੇ ਨਹੀਂ ਪਹੁੰਚ ਸਕਦਾ। ਅੰਤਰੇ = (ਮਨਮੁਖ ਦੇ) ਅੰਦਰ ਹੀ। ਮਮਤਾ = ਅਪਣੱਤ, ਮਲਕੀਅਤ ਦੀ ਲਾਲਸਾ। ਥਾਇ = ਥਾਂ ਵਿਚ। ਥਾਇ ਨ ਪਾਈ = (ਪ੍ਰਭੂ ਦੀ ਹਜ਼ੂਰੀ ਵਿਚ) ਪਰਵਾਨ ਨਹੀਂ ਹੁੰਦਾ। ਬਿਰਥਾ = ਵਿਅਰਥ {व्यथा}। ਜਮ ਮਗਿ = ਜਮਰਾਜ ਦੇ ਰਸਤੇ ਉੱਤੇ। ਪਾਵੈ = ਸਹਿੰਦਾ ਹੈ। ਅੰਤਿ = ਆਖ਼ਰ ਵੇਲੇ, ਅੰਤ ਵੇਲੇ। ਕੋ = ਕੋਈ ਮਨੁੱਖ। ਬੇਲੀ = ਮਦਦਗਾਰ। ਸੁਤੁ = ਪੁੱਤਰ। ਭਾਈ = ਭਰਾ। ਪਸਾਰਾ = ਖਿਲਾਰਾ। ਆਗੈ = ਪਰਲੋਕ ਵਿਚ। ਸਾਥਿ = ਨਾਲ।੩।
ਅਰਥ: ਹੇ ਭਾਈ! ਇਹ ਜਗਤ (ਇਕ ਅਜਿਹਾ ਸਮੁੰਦਰ ਹੈ, ਜਿਸ ਤੋਂ) ਪਾਰ ਲੰਘਣਾ ਔਖਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਇਸ ਦੇ) ਪਾਰਲੇ ਪਾਸੇ ਨਹੀਂ ਪਹੁੰਚ ਸਕਦਾ, (ਕਿਉਂਕਿ ਉਸ ਦੇ) ਅੰਦਰ ਹੀ ਅਹੰਕਾਰ, ਅਸਲੀਅਤ ਦੀ ਲਾਲਸਾ, ਕਾਮ, ਕ੍ਰੋਧ, ਚਤੁਰਾਈ (ਆਦਿਕ ਭੈੜ) ਟਿਕੇ ਰਹਿੰਦੇ ਹਨ।
ਹੇ ਭਾਈ! ਜਿਸ ਮਨੁੱਖ ਦੇ) ਅੰਦਰ ਆਪਣੀ ਸਿਆਣਪ ਦਾ ਮਾਣ ਟਿਕਿਆ ਰਹਿੰਦਾ ਹੈ ਉਹ ਮਨੁੱਖ (ਪ੍ਰਭੂ-ਦਰ ਤੇ) ਪਰਵਾਨ ਨਹੀਂ ਹੁੰਦਾ, ਉਹ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਲੈਂਦਾ ਹੈ। (ਉਹ ਮਨੁੱਖ ਸਾਰੀ ਉਮਰ) ਜਮਰਾਜ ਦੇ ਰਸਤੇ ਉਤੇ ਤੁਰਦਾ ਹੈ, ਦੁੱਖ ਸਹਾਰਦਾ ਹੈ, (ਆਤਮਕ ਮੌਤ ਦੀਆਂ) ਚੋਟਾਂ ਖਾਂਦਾ ਰਹਿੰਦਾ ਹੈ, ਅੰਤ ਵੇਲੇ ਇਥੋਂ ਹੱਥ ਮਲਦਾ ਜਾਂਦਾ ਹੈ। ਹੇ ਭਾਈ! ਜੀਵਨ-ਸਫ਼ਰ ਵਿਚ ਇੱਥੇ) ਪੁੱਤਰ, ਪਰਵਾਰ, ਭਰਾ-ਇਹਨਾਂ ਵਿਚੋਂ ਕੋਈ ਭੀ ਮਦਦਗਾਰ ਨਹੀਂ, ਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਬੇਲੀ ਨਹੀਂ ਬਣਦਾ। ਹੇ ਨਾਨਕ! ਇਹ ਸਾਰਾ ਮਾਇਆ ਦੇ ਮੋਹ ਦਾ (ਹੀ) ਖਿਲਾਰਾ ਹੈ, ਪਰਲੋਕ ਵਿਚ (ਭੀ ਮਨੁੱਖ ਦੇ) ਨਾਲ ਨਹੀਂ ਜਾਂਦਾ।੩।
ਹਉ ਪੂਛਉ ਅਪਨਾ ਸਤਿਗੁਰੁ ਦਾਤਾ ਕਿਨ ਬਿਧਿ ਦੁਤਰੁ ਤਰੀਐ ਰਾਮ ॥ ਸਤਿਗੁਰ ਭਾਇ ਚਲਹੁ ਜੀਵਤਿਆ ਇਵ ਮਰੀਐ ਰਾਮ ॥ ਜੀਵਤਿਆ ਮਰੀਐ ਭਉਜਲੁ ਤਰੀਐ ਗੁਰਮੁਖਿ ਨਾਮਿ ਸਮਾਵੈ ॥ ਪੂਰਾ ਪੁਰਖੁ ਪਾਇਆ ਵਡਭਾਗੀ ਸਚਿ ਨਾਮਿ ਲਿਵ ਲਾਵੈ ॥ ਮਤਿ ਪਰਗਾਸੁ ਭਈ ਮਨੁ ਮਾਨਿਆ ਰਾਮ ਨਾਮਿ ਵਡਿਆਈ ॥ ਨਾਨਕ ਪ੍ਰਭੁ ਪਾਇਆ ਸਬਦਿ ਮਿਲਾਇਆ ਜੋਤੀ ਜੋਤਿ ਮਿਲਾਈ ॥੪॥੧॥੪॥ {ਪੰਨਾ 775-776}
ਪਦਅਰਥ: ਹਉ = ਹਉਂ, ਮੈਂ। ਪੂਛਉ = ਪੂਛਉਂ, ਮੈਂ ਪੁੱਛਦਾ ਹਾਂ। ਕਿਨ ਬਿਧਿ = ਕਿਸ ਤਰੀਕੇ ਨਾਲ? ਦੁਤਰੁ = ਔਖਿਆਈ ਨਾਲ ਤਰਿਆ ਜਾ ਸਕਣ ਵਾਲਾ ਸਮੁੰਦਰ। ਤਰੀਐ = ਤਰਿਆ ਜਾ ਸਕਦਾ ਹੈ। ਸਤਿਗੁਰ ਭਾਇ = ਗੁਰੂ ਦੀ ਰਜ਼ਾ ਵਿਚ। ਇਵ = ਇਸ ਤਰ੍ਹਾਂ। ਮਰੀਐ = ਮਰ ਸਕੀਦਾ ਹੈ, ਵਿਕਾਰਾਂ ਵਲੋਂ ਮੁਰਦਾ ਹੋ ਜਾਈਦਾ ਹੈ। ਭਉਜਲੁ = ਸੰਸਾਰ = ਸਮੁੰਦਰ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਨਾਮਿ = ਨਾਮ ਵਿਚ। ਸਮਾਵੈ = ਲੀਨ ਰਹਿੰਦਾ ਹੈ। ਵਡਭਾਗੀ = ਵੱਡੇ ਭਾਗਾਂ ਨਾਲ। ਸਚਿ = ਸਦਾ-ਥਿਰ ਵਿਚ। ਸਚਿ ਨਾਮਿ = ਸਦਾ-ਥਿਰ ਹਰਿ = ਨਾਮ ਵਿਚ। ਲਿਵ ਲਾਵੈ = ਸੁਰਤਿ ਜੋੜੀ ਰੱਖਦਾ ਹੈ। ਪਰਗਾਸੁ = ਆਤਮਕ ਜੀਵਨ ਦੀ ਸੂਝ ਨਾਲ ਰੌਸ਼ਨ। ਮਾਨਿਆ = ਪਤੀਜ ਜਾਂਦਾ ਹੈ। ਵਡਿਆਈ = ਇੱਜ਼ਤ, ਸੋਭਾ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਜੋਤੀ = ਪ੍ਰਭੂ ਦੀ ਜੋਤਿ ਵਿਚ। ਜੋਤਿ = ਜਿੰਦੇ।੪।
ਅਰਥ: ਹੇ ਭਾਈ! ਜਦੋਂ) ਮੈਂ (ਨਾਮ ਦੀ) ਦਾਤਿ ਦੇਣ ਵਾਲੇ ਆਪਣੇ ਗੁਰੂ ਨੂੰ ਪੁੱਛਦਾ ਹਾਂ ਕਿ ਇਹ ਦੁੱਤਰ ਸੰਸਾਰ-ਸਮੁੰਦਰ ਕਿਸ ਤਰੀਕੇ ਨਾਲ ਲੰਘਿਆ ਜਾ ਸਕਦਾ ਹੈ (ਤਾਂ ਅੱਗੋਂ ਉੱਤਰ ਮਿਲਦਾ ਹੈ ਕਿ) ਗੁਰੂ ਦੀ ਰਜ਼ਾ ਵਿਚ (ਜੀਵਨ-ਤੋਰ) ਤੁਰਦੇ ਰਹੋ, ਇਸ ਤਰ੍ਹਾਂ ਦੁਨੀਆ ਦੀ ਕਿਰਤ-ਕਾਰ ਕਰਦਿਆਂ ਹੀ ਵਿਕਾਰਾਂ ਵਲੋਂ ਬਚੇ ਰਹੀਦਾ ਹੈ। (ਗੁਰੂ ਦੀ ਰਜ਼ਾ ਵਿਚ ਤੁਰਿਆਂ) ਦੁਨੀਆ ਦੀ ਕਾਰ ਕਰਦਿਆਂ ਵਿਕਾਰਾਂ ਵਲੋਂ ਮਰੇ ਰਹੀਦਾ ਹੈ, ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ। (ਕਿਉਂਕਿ) ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਉਹ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ ਉਸ ਨੂੰ ਵੱਡੀ ਕਿਸਮਤ ਨਾਲ ਸਾਰੇ ਗੁਣਾਂ ਨਾਲ ਭਰਪੂਰ ਪ੍ਰਭੂ ਮਿਲ ਪੈਂਦਾ ਹੈ, ਸਦਾ-ਥਿਰ ਹਰਿ-ਨਾਮ ਵਿਚ ਉਹ ਸੁਰਤਿ ਜੋੜੀ ਰੱਖਦਾ ਹੈ। ਉਸ ਦੀ ਮਤਿ ਵਿਚ ਆਤਮਕ ਜੀਵਨ ਦੀ ਸੂਝ ਦਾ ਚਾਨਣ ਹੋ ਜਾਂਦਾ ਹੈ, ਉਸ ਦਾ ਮਨ ਨਾਮ ਵਿਚ ਪਤੀਜ ਜਾਂਦਾ ਹੈ, ਉਸ ਨੂੰ ਨਾਮ ਦੀ ਬਰਕਤਿ ਨਾਲ (ਲੋਕ ਪਰਲੋਕ ਦੀ) ਇੱਜ਼ਤ ਮਿਲ ਜਾਂਦੀ ਹੈ। ਹੇ ਨਾਨਕ! ਜਿਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜਦਾ ਹੈ ਉਸ ਨੂੰ ਪ੍ਰਭੂ ਮਿਲ ਪੈਂਦਾ ਹੈ, ਉਸ ਦੀ ਜਿੰਦ ਪ੍ਰਭੂ ਦੀ ਜੋਤਿ ਵਿਚ ਇਕ-ਮਿਕ ਹੋਈ ਰਹਿੰਦੀ ਹੈ।੪।੧।੪।
Waheguru ji
ReplyDelete