
ਸੋਰਠਿ ਮਹਲਾ ੩ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਸੇਵਕ ਸੇਵ ਕਰਹਿ ਸਭਿ ਤੇਰੀ ਜਿਨ ਸਬਦੈ ਸਾਦੁ ਆਇਆ ॥ ਗੁਰ ਕਿਰਪਾ ਤੇ ਨਿਰਮਲੁ ਹੋਆ ਜਿਨਿ ਵਿਚਹੁ ਆਪੁ ਗਵਾਇਆ ॥ ਅਨਦਿਨੁ ਗੁਣ ਗਾਵਹਿ ਨਿਤ ਸਾਚੇ ਗੁਰ ਕੈ ਸਬਦਿ ਸੁਹਾਇਆ ॥੧॥ ਮੇਰੇ ਠਾਕੁਰ ਹਮ ਬਾਰਿਕ ਸਰਣਿ ਤੁਮਾਰੀ ॥ ਏਕੋ ਸਚਾ ਸਚੁ ਤੂ ਕੇਵਲੁ ਆਪਿ ਮੁਰਾਰੀ ॥ ਰਹਾਉ ॥ ਜਾਗਤ ਰਹੇ ਤਿਨੀ ਪ੍ਰਭੁ ਪਾਇਆ ਸਬਦੇ ਹਉਮੈ ਮਾਰੀ ॥ ਗਿਰਹੀ ਮਹਿ ਸਦਾ ਹਰਿ ਜਨ ਉਦਾਸੀ ਗਿਆਨ ਤਤ ਬੀਚਾਰੀ ॥ ਸਤਿਗੁਰੁ ਸੇਵਿ ਸਦਾ ਸੁਖੁ ਪਾਇਆ ਹਰਿ ਰਾਖਿਆ ਉਰ ਧਾਰੀ ॥੨॥ ਇਹੁ ਮਨੂਆ ਦਹ ਦਿਸਿ ਧਾਵਦਾ ਦੂਜੈ ਭਾਇ ਖੁਆਇਆ ॥ ਮਨਮੁਖ ਮੁਗਧੁ ਹਰਿ ਨਾਮੁ ਨ ਚੇਤੈ ਬਿਰਥਾ ਜਨਮੁ ਗਵਾਇਆ ॥ ਸਤਿਗੁਰੁ ਭੇਟੇ ਤਾ ਨਾਉ ਪਾਏ ਹਉਮੈ ਮੋਹੁ ਚੁਕਾਇਆ ॥੩॥ ਹਰਿ ਜਨ ਸਾਚੇ ਸਾਚੁ ਕਮਾਵਹਿ ਗੁਰ ਕੈ ਸਬਦਿ ਵੀਚਾਰੀ ॥ ਆਪੇ ਮੇਲਿ ਲਏ ਪ੍ਰਭਿ ਸਾਚੈ ਸਾਚੁ ਰਖਿਆ ਉਰ ਧਾਰੀ ॥ ਨਾਨਕ ਨਾਵਹੁ ਗਤਿ ਮਤਿ ਪਾਈ ਏਹਾ ਰਾਸਿ ਹਮਾਰੀ ॥੪॥੧॥ {ਪੰਨਾ 599-600}
ਪਦਅਰਥ: ਸਭਿ = ਸਾਰੇ। ਸਬਦੈ = ਗੁਰੂ ਦੇ ਸ਼ਬਦ ਦਾ। ਸਾਦੁ = ਸੁਆਦ, ਰਸ। ਤੇ = ਤੋਂ, ਨਾਲ। ਜਿਨਿ = ਜਿਸ (ਮਨੁੱਖ) ਨੇ {ਲਫ਼ਜ਼ 'ਜਿਨ' ਬਹੁ-ਵਚਨ ਹੈ, 'ਜਿਨਿ' ਇਕ-ਵਚਨ ਹੈ}। ਆਪੁ = ਆਪਾ = ਭਾਵ। ਅਨਦਿਨੁ = ਹਰ ਰੋਜ਼। ਗਾਵਹਿ = ਗਾਂਦੇ ਹਨ। ਸਾਚੇ = ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ। ਸਬਦਿ = ਸ਼ਬਦ ਦੀ ਰਾਹੀਂ। ਸੁਹਾਇਆ = ਸੋਹਣੇ ਜੀਵਨ ਵਾਲੇ ਹੋ ਜਾਂਦੇ ਹਨ।੧।
ਠਾਕੁਰ = ਹੇ ਮਾਲਕ! ਸਚਾ = ਸਦਾ-ਥਿਰ ਰਹਿਣ ਵਾਲਾ।ਰਹਾਉ।
ਜਾਗਤ = (ਵਿਕਾਰਾਂ ਵਲੋਂ) ਸੁਚੇਤ। ਗਿਰਹੀ ਮਹਿ = ਗ੍ਰਿਹ ਵਿਚ ਹੀ, ਗ੍ਰਿਹਸਤ ਵਿਚ ਹੀ। ਉਰ = ਹਿਰਦਾ।੨।
ਮਨੂਆ = ਅੱਲ੍ਹੜ ਮਨ। ਦਹ ਦਿਸਿ = ਦਸੀਂ ਪਾਸੀਂ। ਦੂਜੈ ਭਾਇ = ਮਾਇਆ ਦੇ ਮੋਹ ਵਿਚ। ਖੁਆਇਆ = ਰਾਹੋਂ ਖੁੰਝ ਜਾਂਦਾ ਹੈ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ। ਮੁਗਧੁ = ਮੂਰਖ। ਭੇਟੇ = ਮਿਲ ਪਏ।੩।
ਵੀਚਾਰੀ = ਵਿਚਾਰਵਾਨ (ਹੋ ਕੇ) । ਪ੍ਰਭਿ = ਪ੍ਰਭੂ ਨੇ। ਸਾਚੈ = ਸਦਾ-ਥਿਰ ਰਹਿਣ ਵਾਲੇ ਨੇ। ਨਾਵਹੁ = ਨਾਮ ਤੋਂ ਹੀ। ਗਤਿ = ਉੱਚੀ ਆਤਮਕ ਅਵਸਥਾ। ਏਹਾ = ਇਹ (ਨਾਮ) ਹੀ। ਰਾਸਿ = ਪੂੰਜੀ, ਸਰਮਾਇਆ।੪।
ਅਰਥ: ਹੇ ਮੇਰੇ ਮਾਲਕ-ਪ੍ਰਭੂ! ਅਸੀ (ਜੀਵ) ਤੇਰੇ ਬੱਚੇ ਹਾਂ, ਤੇਰੀ ਸਰਨ ਆਏ ਹਾਂ। ਸਿਰਫ਼ ਇਕ ਤੂੰ ਹੀ ਸਦਾ ਕਾਇਮ ਰਹਿਣ ਵਾਲਾ ਹੈਂ, (ਜੀਵ ਮਾਇਆ ਵਿਚ ਡੋਲ ਜਾਂਦੇ ਹਨ) ।ਰਹਾਉ।
ਹੇ ਪ੍ਰਭੂ! ਤੇਰੇ ਜਿਨ੍ਹਾਂ ਸੇਵਕਾਂ ਨੂੰ ਗੁਰੂ ਦੇ ਸ਼ਬਦ ਦਾ ਰਸ ਆ ਜਾਂਦਾ ਹੈ, ਉਹੀ ਸਾਰੇ ਤੇਰੀ ਸੇਵਾ-ਭਗਤੀ ਕਰਦੇ ਹਨ। (ਹੇ ਭਾਈ!) ਜਿਸ ਮਨੁੱਖ ਨੇ ਗੁਰੂ ਦੀ ਕਿਰਪਾ ਨਾਲ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਲਿਆ ਉਹ ਪਵਿਤ੍ਰ (ਜੀਵਨ ਵਾਲਾ) ਹੋ ਜਾਂਦਾ ਹੈ। ਜੇਹੜੇ ਮਨੁੱਖ ਗੁਰੂ ਦੇ ਸ਼ਬਦ ਵਿਚ (ਜੁੜ ਕੇ) ਹਰ ਵੇਲੇ ਸਦਾ-ਥਿਰ ਪ੍ਰਭੂ ਦੇ ਗੁਣ ਗਾਂਦੇ ਰਹਿੰਦੇ ਹਨ, ਉਹ ਸੋਹਣੇ ਜੀਵਨ ਵਾਲੇ ਬਣ ਜਾਂਦੇ ਹਨ।੧।
ਹੇ ਭਾਈ! ਜੇਹੜੇ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਅੰਦਰੋਂ) ਹਉਮੈ ਮੁਕਾ ਲੈਂਦੇ ਹਨ, ਉਹ (ਮਾਇਆ ਦੇ ਮੋਹ ਆਦਿਕ ਵਲੋਂ) ਸੁਚੇਤ ਰਹਿੰਦੇ ਹਨ, ਉਹਨਾਂ ਨੇ ਹੀ ਪਰਮਾਤਮਾ ਦਾ ਮਿਲਾਪ ਪ੍ਰਾਪਤ ਕੀਤਾ ਹੈ। ਪਰਮਾਤਮਾ ਦੇ ਭਗਤ ਗੁਰੂ ਦੇ ਬਖ਼ਸ਼ੇ ਅਸਲ ਗਿਆਨ ਦੀ ਰਾਹੀਂ ਵਿਚਾਰਵਾਨ ਹੋ ਕੇ ਗ੍ਰਿਹਸਤ ਵਿਚ ਰਹਿੰਦੇ ਹੋਏ ਹੀ ਮਾਇਆ ਵਲੋਂ ਵਿਰਕਤ ਰਹਿੰਦੇ ਹਨ। ਉਹ ਭਗਤ ਗੁਰੂ ਦੀ ਦੱਸੀ ਸੇਵਾ ਕਰ ਕੇ ਸਦਾ ਆਤਮਕ ਆਨੰਦ ਮਾਣਦੇ ਹਨ, ਤੇ, ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦੇ ਹਨ।੨।
ਹੇ ਭਾਈ! ਇਹ ਅੱਲ੍ਹੜ ਮਨ ਮਾਇਆ ਦੇ ਮੋਹ ਵਿਚ ਫਸ ਕੇ ਦਸੀਂ ਪਾਸੀਂ ਦੌੜਦਾ ਰਹਿੰਦਾ ਹੈ, ਤੇ, (ਜੀਵਨ ਦੇ ਸਹੀ ਰਸਤੇ ਤੋਂ) ਖੁੰਝਿਆ ਰਹਿੰਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮੂਰਖ ਮਨੁੱਖ ਪਰਮਾਤਮਾ ਦਾ ਨਾਮ ਚੇਤੇ ਨਹੀਂ ਕਰਦਾ, ਆਪਣਾ ਜੀਵਨ ਵਿਅਰਥ ਗਵਾ ਜਾਂਦਾ ਹੈ। ਪਰ ਜਦੋਂ ਉਸ ਨੂੰ ਗੁਰੂ ਮਿਲ ਪੈਂਦਾ ਹੈ ਤਦੋਂ ਉਹ ਹਰਿ-ਨਾਮ ਦੀ ਦਾਤਿ ਹਾਸਲ ਕਰਦਾ ਹੈ, ਤੇ, ਆਪਣੇ ਅੰਦਰੋਂ ਮਾਇਆ ਦਾ ਮੋਹ ਅਤੇ ਹਉਮੈ ਦੂਰ ਕਰ ਲੈਂਦਾ ਹੈ।੩।
ਹੇ ਭਾਈ! ਗੁਰੂ ਦੇ ਸ਼ਬਦ ਦੀ ਰਾਹੀਂ ਵਿਚਾਰਵਾਨ ਹੋ ਕੇ ਪਰਮਾਤਮਾ ਦੇ ਦਾਸ ਸਦਾ-ਥਿਰ ਪ੍ਰਭੂ ਦਾ ਸਦਾ-ਥਿਰ ਨਾਮ ਸਿਮਰਨ ਦੀ ਕਮਾਈ ਕਰਦੇ ਰਹਿੰਦੇ ਹਨ। ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੇ ਆਪ ਹੀ ਉਹਨਾਂ ਨੂੰ ਆਪਣੇ ਚਰਨਾਂ ਵਿਚ ਮਿਲਾ ਰੱਖਿਆ ਹੁੰਦਾ ਹੈ। ਉਹ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦੇ ਹਨ।
ਹੇ ਨਾਨਕ! ਆਖ-) ਪਰਮਾਤਮਾ ਦੇ ਨਾਮ ਤੋਂ ਹੀ ਉੱਚੀ ਆਤਮਕ ਅਵਸਥਾ ਤੇ (ਚੰਗੀ) ਅਕਲ ਪ੍ਰਾਪਤ ਹੁੰਦੀ ਹੈ। ਪਰਮਾਤਮਾ ਦਾ ਨਾਮ ਹੀ ਸਾਡਾ (ਜੀਵਾਂ) ਦਾ ਸਰਮਾਇਆ ਹੈ।੪।੧।
ਟੋਡੀ ਮਃ ੫ ॥ ਨੀਕੇ ਗੁਣ ਗਾਉ ਮਿਟਹੀ ਰੋਗ ॥ ਮੁਖ ਊਜਲ ਮਨੁ ਨਿਰਮਲ ਹੋਈ ਹੈ ਤੇਰੋ ਰਹੈ ਈਹਾ ਊਹਾ ਲੋਗੁ ॥੧॥ ਰਹਾਉ ॥ ਚਰਨ ਪਖਾਰਿ ਕਰਉ ਗੁਰ ਸੇਵਾ ਮਨਹਿ ਚਰਾਵਉ ਭੋਗ ॥ ਛੋਡਿ ਆਪਤੁ ਬਾਦੁ ਅਹੰਕਾਰਾ ਮਾਨੁ ਸੋਈ ਜੋ ਹੋਗੁ ॥੧॥ ਸੰਤ ਟਹਲ ਸੋਈ ਹੈ ਲਾਗਾ ਜਿਸੁ ਮਸਤਕਿ ਲਿਖਿਆ ਲਿਖੋਗੁ ॥ ਕਹੁ ਨਾਨਕ ਏਕ ਬਿਨੁ ਦੂਜਾ ਅਵਰੁ ਨ ਕਰਣੈ ਜੋਗੁ ॥੨॥੩॥੮॥ {ਪੰਨਾ 713}
ਪਦਅਰਥ: ਨੀਕੇ = ਸੋਹਣੇ, ਚੰਗੇ। ਗਾਉ = ਗਾ, ਗਾਇਆ ਕਰ। ਮਿਟਹੀ = ਮਿਟਹਿ, ਮਿਟ ਜਾਂਦੇ ਹਨ। ਊਜਲ = ਰੌਸ਼ਨ। ਰਹੈ– ਬਣਿਆ ਰਹਿੰਦਾ ਹੈ। ਈਹਾ ਊਹਾ ਲੋਗੁ = ਇਹ ਲੋਕ ਤੇ ਪਰਲੋਕ।੧।ਰਹਾਉ।
ਪਖਾਰਿ = ਧੋ ਕੇ। ਕਰਉ = ਕਰਉਂ, ਮੈਂ ਕਰਾਂ। ਮਨਹਿ = ਮਨ ਨੂੰ ਹੀ। ਚਰਾਵਉ = ਚਰਾਵਉਂ, ਮੈਂ ਚੜ੍ਹਾ ਦਿਆਂ। ਭੋਗ = ਭੇਟਾ। ਛੋਡਿ = ਛੱਡ ਕੇ। ਆਪਤੁ = ਆਪਾ = ਭਾਵ। ਬਾਦੁ = ਝਗੜਾ। ਮਾਨੁ = ਮੰਨ। ਹੋਗੁ = ਹੋਵੇਗਾ।੧।
ਸੋਈ = ਉਹੀ ਮਨੁੱਖ। ਮਸਤਕਿ = ਮੱਥੇ ਉਤੇ। ਲਿਖੋਗੁ = ਲੇਖ। ਕਰਣੈ ਜੋਗੁ = ਕਰਨ ਦੀ ਸਮਰੱਥਾ ਵਾਲਾ।੨।
ਅਰਥ: ਹੇ ਭਾਈ! ਪਰਮਾਤਮਾ ਦੇ ਸੋਹਣੇ ਗੁਣ ਗਾਂਦਾ ਰਿਹਾ ਕਰ। (ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ) ਸਾਰੇ ਰੋਗ ਮਿਟ ਜਾਂਦੇ ਹਨ। (ਇਸ ਤਰ੍ਹਾਂ) ਤੇਰਾ ਇਹ ਲੋਕ ਅਤੇ ਪਰਲੋਕ ਸੰਵਰ ਜਾਣਗੇ, ਮਨ ਪਵਿਤ੍ਰ ਹੋ ਜਾਇਗਾ, (ਲੋਕ ਪਰਲੋਕ ਵਿਚ) ਮੂੰਹ ਭੀ ਰੌਸ਼ਨ ਰਹੇਗਾ।੧।ਰਹਾਉ।
ਹੇ ਭਾਈ! ਮੈਂ (ਤਾਂ) ਗੁਰੂ ਦੇ ਚਰਨ ਧੋ ਕੇ ਗੁਰੂ ਦੀ ਸੇਵਾ ਕਰਦਾ ਹਾਂ, ਆਪਣਾ ਮਨ ਗੁਰੂ ਅੱਗੇ ਭੇਟ ਕਰਦਾ ਹਾਂ (ਕਿਉਂਕਿ ਗੁਰੂ ਦੀ ਕਿਰਪਾ ਨਾਲ ਹੀ ਪ੍ਰਭੂ ਦੀ ਸਿਫ਼ਤਿ-ਸਾਲਾਹ ਕੀਤੀ ਜਾ ਸਕਦੀ ਹੈ) । ਹੇ ਭਾਈ! ਤੂੰ ਭੀ (ਗੁਰੂ ਦੀ ਸਰਨ ਪੈ ਕੇ) ਆਪਾ-ਭਾਵ, (ਮਾਇਆ ਵਾਲਾ) ਝਗੜਾ ਅਤੇ ਅਹੰਕਾਰ ਤਿਆਗ, ਜੋ ਕੁਝ ਪ੍ਰਭੂ ਦੀ ਰਜ਼ਾ ਵਿਚ ਹੁੰਦਾ ਹੈ ਉਸ ਨੂੰ (ਮਿੱਠਾ ਕਰ ਕੇ) ਮੰਨ।੧।
(ਪਰ,) ਹੇ ਨਾਨਕ! ਆਖ-ਗੁਰੂ ਦੀ ਸੇਵਾ ਵਿਚ ਉਹੀ ਮਨੁੱਖ ਲੱਗਦਾ ਹੈ ਜਿਸ ਦੇ ਮੱਥੇ ਉਤੇ (ਧੁਰੋਂ ਇਹ) ਲੇਖ ਲਿਖਿਆ ਹੁੰਦਾ ਹੈ, ਉਸ ਇਕ ਪਰਮਾਤਮਾ ਤੋਂ ਬਿਨਾ ਕੋਈ ਹੋਰ (ਇਹ ਮੇਹਰ) ਕਰਨ ਜੋਗਾ ਨਹੀਂ ਹੈ।੨।੩।੮।
ਧਨਾਸਰੀ ਭਗਤ ਰਵਿਦਾਸ ਜੀ ਕੀ ੴ ਸਤਿਗੁਰ ਪ੍ਰਸਾਦਿ ॥ ਹਮ ਸਰਿ ਦੀਨੁ ਦਇਆਲੁ ਨ ਤੁਮ ਸਰਿ ਅਬ ਪਤੀਆਰੁ ਕਿਆ ਕੀਜੈ ॥ ਬਚਨੀ ਤੋਰ ਮੋਰ ਮਨੁ ਮਾਨੈ ਜਨ ਕਉ ਪੂਰਨੁ ਦੀਜੈ ॥੧॥ ਹਉ ਬਲਿ ਬਲਿ ਜਾਉ ਰਮਈਆ ਕਾਰਨੇ ॥ ਕਾਰਨ ਕਵਨ ਅਬੋਲ ॥ ਰਹਾਉ ॥ ਬਹੁਤ ਜਨਮ ਬਿਛੁਰੇ ਥੇ ਮਾਧਉ ਇਹੁ ਜਨਮੁ ਤੁਮ੍ਹ੍ਹਾਰੇ ਲੇਖੇ ॥ ਕਹਿ ਰਵਿਦਾਸ ਆਸ ਲਗਿ ਜੀਵਉ ਚਿਰ ਭਇਓ ਦਰਸਨੁ ਦੇਖੇ ॥੨॥੧॥ {ਪੰਨਾ 694}
ਪਦਅਰਥ: ਹਮ ਸਰਿ = ਮੇਰੇ ਵਰਗਾ। ਸਰਿ = ਵਰਗਾ, ਬਰਾਬਰ ਦਾ। ਦੀਨੁ = ਨਿਮਾਣਾ, ਕੰਗਾਲ। ਅਬ = ਹੁਣ। ਪਤੀਆਰੁ = (ਹੋਰ) ਪਰਤਾਵਾ। ਕਿਆ ਕੀਜੈ = ਕੀਹ ਕਰਨਾ ਹੋਇਆ? ਕਰਨ ਦੀ ਲੋੜ ਨਹੀਂ। ਬਚਨੀ ਤੋਰ = ਤੇਰੀਆਂ ਗੱਲਾਂ ਕਰ ਕੇ। ਮੋਰ = ਮੇਰਾ। ਮਾਨੈ = ਮੰਨ ਜਾਏ, ਪਤੀਜ ਜਾਏ। ਪੂਰਨ = ਪੂਰਨ ਭਰੋਸਾ।੧।
ਰਮਈਆ ਕਾਰਨੇ = ਸੋਹਣੇ ਰਾਮ ਤੋਂ। ਕਵਨ = ਕਿਸ ਕਾਰਨ? ਅਬੋਲ = ਨਹੀਂ ਬੋਲਦਾ।ਰਹਾਉ।
ਮਾਧਉ = ਹੇ ਮਾਧੋ! ਤੁਮ੍ਹ੍ਹਾਰੇ ਲੇਖੇ = (ਭਾਵ,) ਤੇਰੀ ਯਾਦ ਵਿਚ ਬੀਤੇ। ਕਹਿ = ਕਹੇ, ਆਖਦਾ ਹੈ।੨।
ਅਰਥ: (ਹੇ ਮਾਧੋ!) ਮੇਰੇ ਵਰਗਾ ਕੋਈ ਨਿਮਾਣਾ ਨਹੀਂ, ਤੇ, ਤੇਰੇ, ਵਰਗਾ ਹੋਰ ਕੋਈ ਦਇਆ ਕਰਨ ਵਾਲਾ ਨਹੀਂ, (ਮੇਰੀ ਕੰਗਾਲਤਾ ਦਾ) ਹੁਣ ਹੋਰ ਪਰਤਾਵਾ ਕਰਨ ਦੀ ਲੋੜ ਨਹੀਂ। (ਹੇ ਸੋਹਣੇ ਰਾਮ!) ਮੈਨੂੰ ਦਾਸ ਨੂੰ ਇਹ ਪੂਰਨ ਸਿਦਕ ਬਖ਼ਸ਼ ਕਿ ਮੇਰਾ ਮਨ ਤੇਰੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਵਿਚ ਪਰਚ ਜਾਇਆ ਕਰੇ।੧।
ਹੇ ਸੋਹਣੇ ਰਾਮ! ਮੈਂ ਤੈਥੋਂ ਸਦਾ ਸਦਕੇ ਹਾਂ; ਤੂੰ ਕਿਸ ਗੱਲੇ ਮੇਰੇ ਨਾਲ ਨਹੀਂ ਬੋਲਦਾ?।ਰਹਾਉ।
ਰਵਿਦਾਸ ਆਖਦਾ ਹੈ-ਹੇ ਮਾਧੋ! ਕਈ ਜਨਮਾਂ ਤੋਂ ਮੈਂ ਤੈਥੋਂ ਵਿਛੁੜਿਆ ਆ ਰਿਹਾ ਹਾਂ (ਮਿਹਰ ਕਰ, ਮੇਰਾ) ਇਹ ਜਨਮ ਤੇਰੀ ਯਾਦ ਵਿਚ ਬੀਤੇ; ਤੇਰਾ ਦੀਦਾਰ ਕੀਤਿਆਂ ਬੜਾ ਚਿਰ ਹੋ ਗਿਆ ਹੈ, (ਦਰਸ਼ਨ ਦੀ) ਆਸ ਵਿਚ ਹੀ ਮੈਂ ਜੀਊਂਦਾ ਹਾਂ।੨।੧।
ਤਿਲੰਗ ਮਹਲਾ ੪ ॥ ਹਰਿ ਕੀਆ ਕਥਾ ਕਹਾਣੀਆ ਗੁਰਿ ਮੀਤਿ ਸੁਣਾਈਆ ॥ ਬਲਿਹਾਰੀ ਗੁਰ ਆਪਣੇ ਗੁਰ ਕਉ ਬਲਿ ਜਾਈਆ ॥੧॥ ਆਇ ਮਿਲੁ ਗੁਰਸਿਖ ਆਇ ਮਿਲੁ ਤੂ ਮੇਰੇ ਗੁਰੂ ਕੇ ਪਿਆਰੇ ॥ ਰਹਾਉ ॥ ਹਰਿ ਕੇ ਗੁਣ ਹਰਿ ਭਾਵਦੇ ਸੇ ਗੁਰੂ ਤੇ ਪਾਏ ॥ ਜਿਨ ਗੁਰ ਕਾ ਭਾਣਾ ਮੰਨਿਆ ਤਿਨ ਘੁਮਿ ਘੁਮਿ ਜਾਏ ॥੨॥ ਜਿਨ ਸਤਿਗੁਰੁ ਪਿਆਰਾ ਦੇਖਿਆ ਤਿਨ ਕਉ ਹਉ ਵਾਰੀ ॥ ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਦ ਬਲਿਹਾਰੀ ॥੩॥ ਹਰਿ ਹਰਿ ਤੇਰਾ ਨਾਮੁ ਹੈ ਦੁਖ ਮੇਟਣਹਾਰਾ ॥ ਗੁਰ ਸੇਵਾ ਤੇ ਪਾਈਐ ਗੁਰਮੁਖਿ ਨਿਸਤਾਰਾ ॥੪॥ ਜੋ ਹਰਿ ਨਾਮੁ ਧਿਆਇਦੇ ਤੇ ਜਨ ਪਰਵਾਨਾ ॥ ਤਿਨ ਵਿਟਹੁ ਨਾਨਕੁ ਵਾਰਿਆ ਸਦਾ ਸਦਾ ਕੁਰਬਾਨਾ ॥੫॥ {ਪੰਨਾ 725}
ਪਦਅਰਥ: ਕੀਆ = ਦੀਆਂ। ਕਥਾ ਕਹਾਣੀਆ = ਸਿਫ਼ਤਿ-ਸਾਲਾਹ ਦੀਆਂ ਗੱਲਾਂ। ਗੁਰਿ = ਗੁਰੂ ਨੇ। ਮੀਤਿ = ਮਿੱਤਰ ਨੇ। ਕਉ = ਨੂੰ, ਤੋਂ। ਬਲਿ ਜਾਈਆ = ਮੈਂ ਸਦਕੇ ਜਾਂਦਾ ਹਾਂ, ਬਲਿ ਜਾਂਦੀਆਂ।੧।
ਆਇ = ਆ ਕੇ। ਗੁਰਸਿਖ = ਹੇ ਗੁਰੂ ਦੇ ਸਿੱਖ!।ਰਹਾਉ।
ਭਾਵਦੇ = ਚੰਗੇ ਲੱਗਦੇ ਹਨ। ਸੇ = ਉਹ ਗੁਣ (ਬਹੁ-ਵਚਨ) । ਤੇ = ਤੋਂ, ਪਾਸੋਂ। ਭਾਣਾ = ਰਜ਼ਾ। ਘੁਮਿ ਘੁਮਿ ਜਾਏ = ਘੁਮਿ ਘੁਮਿ ਜਾਈਂ, ਮੈਂ ਮੁੜ ਮੁੜ ਸਦਕੇ ਜਾਂਦਾ ਹਾਂ।੨।
ਹਉ = ਮੈਂ, ਹਉਂ। ਵਾਰੀ = ਕੁਰਬਾਨ। ਚਾਕਰੀ = ਸੇਵਾ। ਸਦ = ਸਦਾ।੩।
ਹਰਿ = ਹੇ ਹਰੀ! ਤੇ = ਤੋਂ। ਗੁਰਮੁਖਿ = ਗੁਰੂ ਦੀ ਸਰਨ ਪਿਆਂ। ਨਿਸਤਾਰਾ = ਪਾਰ = ਉਤਾਰਾ।੪।
ਤੇ = ਉਹ {ਬਹੁ-ਵਚਨ}। ਪਰਵਾਨਾ = ਕਬੂਲ, ਮਨਜ਼ੂਰ। ਵਿਟਹੁ = ਤੋਂ।੫।
ਅਰਥ: ਹੇ ਮੇਰੇ ਗੁਰੂ ਦੇ ਪਿਆਰੇ ਸਿੱਖ! ਮੈਨੂੰ ਆ ਕੇ ਮਿਲ, ਮੈਨੂੰ ਆ ਕੇ ਮਿਲ।ਰਹਾਉ।
ਹੇ ਗੁਰਸਿੱਖ! ਮਿੱਤਰ ਗੁਰੂ ਨੇ (ਮੈਨੂੰ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਸੁਣਾਈਆਂ ਹਨ। ਮੈਂ ਆਪਣੇ ਗੁਰੂ ਤੋਂ ਮੁੜ ਮੁੜ ਸਦਕੇ ਕੁਰਬਾਨ ਜਾਂਦਾ ਹਾਂ।੧।
ਹੇ ਗੁਰਸਿੱਖ! ਪਰਮਾਤਮਾ ਦੇ ਗੁਣ (ਗਾਉਣੇ) ਪਰਮਾਤਮਾ ਨੂੰ ਪਸੰਦ ਆਉਂਦੇ ਹਨ। ਮੈਂ ਉਹ ਗੁਣ (ਗਾਉਣੇ) ਗੁਰੂ ਪਾਸੋਂ ਸਿੱਖੇ ਹਨ। ਮੈਂ ਉਹਨਾਂ (ਵਡ-ਭਾਗੀਆਂ ਤੋਂ) ਮੁੜ ਮੁੜ ਕੁਰਬਾਨ ਜਾਂਦਾ ਹਾਂ, ਜਿਨ੍ਹਾਂ ਨੇ ਗੁਰੂ ਦੇ ਹੁਕਮ ਨੂੰ (ਮਿੱਠਾ ਕਰ ਕੇ) ਮੰਨਿਆ ਹੈ।੨।
ਹੇ ਗੁਰਸਿੱਖ! ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ ਸਦਾ ਸਦਕੇ ਜਾਂਦਾ ਹਾਂ, ਜਿਨ੍ਹਾਂ ਪਿਆਰੇ ਗੁਰੂ ਦਾ ਦਰਸਨ ਕੀਤਾ ਹੈ, ਜਿਨ੍ਹਾਂ ਗੁਰੂ ਦੀ (ਦੱਸੀ) ਸੇਵਾ ਕੀਤੀ ਹੈ।੩।
ਹੇ ਹਰੀ! ਤੇਰਾ ਨਾਮ ਸਾਰੇ ਦੁੱਖ ਦੂਰ ਕਰਨ ਦੇ ਸਮਰੱਥ ਹੈ, (ਪਰ ਇਹ ਨਾਮ) ਗੁਰੂ ਦੀ ਸਰਨ ਪਿਆਂ ਹੀ ਮਿਲਦਾ ਹੈ। ਗੁਰੂ ਦੇ ਸਨਮੁਖ ਰਿਹਾਂ ਹੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਸਕੀਦਾ ਹੈ।੪।
ਹੇ ਗੁਰਸਿੱਖ! ਜੇਹੜੇ ਮਨੁੱਖ ਪਰਮਾਤਮਾ ਦਾ ਨਾਮ ਸਿਮਰਦੇ ਹਨ, ਉਹ ਮਨੁੱਖ (ਪਰਮਾਤਮਾ ਦੀ ਹਜ਼ੂਰੀ ਵਿਚ) ਕਬੂਲ ਹੋ ਜਾਂਦੇ ਹਨ। ਨਾਨਕ ਉਹਨਾਂ ਮਨੁੱਖਾਂ ਤੋਂ ਕੁਰਬਾਨ ਜਾਂਦਾ ਹੈ, ਸਦਾ ਸਦਕੇ ਜਾਂਦਾ ਹੈ।੫।
ਸਾ ਹਰਿ ਤੇਰੀ ਉਸਤਤਿ ਹੈ ਜੋ ਹਰਿ ਪ੍ਰਭ ਭਾਵੈ ॥ ਜੋ ਗੁਰਮੁਖਿ ਪਿਆਰਾ ਸੇਵਦੇ ਤਿਨ ਹਰਿ ਫਲੁ ਪਾਵੈ ॥੬॥ ਜਿਨਾ ਹਰਿ ਸੇਤੀ ਪਿਰਹੜੀ ਤਿਨਾ ਜੀਅ ਪ੍ਰਭ ਨਾਲੇ ॥ ਓਇ ਜਪਿ ਜਪਿ ਪਿਆਰਾ ਜੀਵਦੇ ਹਰਿ ਨਾਮੁ ਸਮਾਲੇ ॥੭॥ ਜਿਨ ਗੁਰਮੁਖਿ ਪਿਆਰਾ ਸੇਵਿਆ ਤਿਨ ਕਉ ਘੁਮਿ ਜਾਇਆ ॥ ਓਇ ਆਪਿ ਛੁਟੇ ਪਰਵਾਰ ਸਿਉ ਸਭੁ ਜਗਤੁ ਛਡਾਇਆ ॥੮॥ ਗੁਰਿ ਪਿਆਰੈ ਹਰਿ ਸੇਵਿਆ ਗੁਰੁ ਧੰਨੁ ਗੁਰੁ ਧੰਨੋ ॥ ਗੁਰਿ ਹਰਿ ਮਾਰਗੁ ਦਸਿਆ ਗੁਰ ਪੁੰਨੁ ਵਡ ਪੁੰਨੋ ॥੯॥ ਜੋ ਗੁਰਸਿਖ ਗੁਰੁ ਸੇਵਦੇ ਸੇ ਪੁੰਨ ਪਰਾਣੀ ॥ ਜਨੁ ਨਾਨਕੁ ਤਿਨ ਕਉ ਵਾਰਿਆ ਸਦਾ ਸਦਾ ਕੁਰਬਾਣੀ ॥੧੦॥ {ਪੰਨਾ 725}
ਪਦਅਰਥ: ਸਾ = ਉਹ {ਇਸਤ੍ਰੀ ਲਿੰਗ}। ਹਰਿ ਪ੍ਰਭ = ਹੇ ਹਰੀ ਪ੍ਰਭੂ! ਭਾਵੈ = (ਤੈਨੂੰ) ਚੰਗੀ ਲੱਗਦੀ ਹੈ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਪਾਵੈ = ਦੇਂਦਾ ਹੈ।੬।
ਸੇਤੀ = ਨਾਲ। ਪਿਰਹੜੀ = ਪ੍ਰੇਮ। ਤਿਨਾ ਜੀਅ = ਉਹਨਾਂ ਦੇ ਦਿਲ। ਜੀਅ = {ਲਫ਼ਜ਼ 'ਜੀਉ' ਤੋਂ ਬਹੁ-ਵਚਨ}। ਓਇ = {ਲਫ਼ਜ਼ 'ਓਹ' ਤੋਂ ਬਹੁ-ਵਚਨ} ਉਹ ਬੰਦੇ। ਜਪਿ = ਜਪ ਕੇ। ਜੀਵਦੇ = ਆਤਮਕ ਜੀਵਨ ਹਾਸਲ ਕਰਦੇ ਹਨ। ਸਮਾਲੇ = ਸਮਾਲਿ, ਹਿਰਦੇ ਵਿਚ ਸੰਭਾਲ ਕੇ।੭।
ਕਉ = ਨੂੰ, ਤੋਂ। ਘੁਮਿ ਜਾਇਆ = ਮੈਂ ਸਦਕੇ ਜਾਂਦਾ ਹਾਂ। ਸਿਉ = ਸਮੇਤ। ਸਭੁ = ਸਾਰਾ।੮।
ਗੁਰਿ ਪਿਆਰੈ = ਪਿਆਰੇ ਗੁਰੂ ਦੀ ਰਾਹੀਂ। ਧੰਨੁ = {धन्य} ਸਲਾਹੁਣ = ਜੋਗ। ਗੁਰਿ = ਗੁਰੂ ਨੇ। ਮਾਰਗੁ = ਰਸਤਾ। ਗੁਰ ਪੁੰਨੁ = ਗੁਰੂ ਦਾ ਉਪਕਾਰ।੯।
ਗੁਰਸਿਖ = ਗੁਰੂ ਦੇ ਸਿੱਖ। ਪੁੰਨ = {ਵਿਸ਼ੇਸ਼ਣ} ਪਵਿਤ੍ਰ, ਭਾਗਾਂ ਵਾਲੇ। ਸੇ ਪਰਾਣੀ = ਉਹ ਬੰਦੇ।੧੦।
ਅਰਥ: ਹੇ ਹਰੀ! ਹੇ ਪ੍ਰਭੂ! ਉਹੀ ਸਿਫ਼ਤਿ-ਸਾਲਾਹ ਤੇਰੀ ਸਿਫ਼ਤਿ-ਸਾਲਾਹ ਕਹੀ ਜਾ ਸਕਦੀ ਹੈ ਜੇਹੜੀ ਤੈਨੂੰ ਪਸੰਦ ਆ ਜਾਂਦੀ ਹੈ। (ਹੇ ਭਾਈ!) ਜੇਹੜੇ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਪਿਆਰੇ ਪ੍ਰਭੂ ਦੀ ਸੇਵਾ-ਭਗਤੀ ਕਰਦੇ ਹਨ, ਉਹਨਾਂ ਨੂੰ ਪ੍ਰਭੂ (ਸੁਖ-) ਫਲ ਦੇਂਦਾ ਹੈ।੬।
ਹੇ ਭਾਈ! ਜਿਨ੍ਹਾਂ ਮਨੁੱਖਾਂ ਦਾ ਪਰਮਾਤਮਾ ਨਾਲ ਪਿਆਰ ਪੈ ਜਾਂਦਾ ਹੈ, ਉਹਨਾਂ ਦੇ ਦਿਲ (ਸਦਾ) ਪ੍ਰਭੂ (ਦੇ ਚਰਨਾਂ) ਨਾਲ ਹੀ (ਜੁੜੇ ਰਹਿੰਦੇ) ਹਨ। ਉਹ ਮਨੁੱਖ ਪਿਆਰੇ ਪ੍ਰਭੂ ਨੂੰ ਸਦਾ ਸਿਮਰ ਸਿਮਰ ਕੇ, ਪ੍ਰਭੂ ਦਾ ਨਾਮ ਹਿਰਦੇ ਵਿਚ ਸੰਭਾਲ ਕੇ ਆਤਮਕ ਜੀਵਨ ਹਾਸਲ ਕਰਦੇ ਹਨ।੭।
ਹੇ ਭਾਈ! ਮੈਂ ਉਹਨਾਂ ਮਨੁੱਖਾਂ ਤੋਂ ਸਦਕੇ ਜਾਂਦਾ ਹਾਂ, ਜਿਨ੍ਹਾਂ ਨੇ ਗੁਰੂ ਦੀ ਸਰਨ ਪੈ ਕੇ ਪਿਆਰੇ ਪ੍ਰਭੂ ਦੀ ਸੇਵਾ-ਭਗਤੀ ਕੀਤੀ ਹੈ। ਉਹ ਮਨੁੱਖ ਆਪ (ਆਪਣੇ) ਪਰਵਾਰ ਸਮੇਤ (ਸੰਸਾਰ-ਸਮੁੰਦਰ ਦੇ ਵਿਕਾਰਾਂ ਤੋਂ) ਬਚ ਗਏ, ਉਹਨਾਂ ਸਾਰਾ ਸੰਸਾਰ ਭੀ ਬਚਾ ਲਿਆ ਹੈ।੮।
ਹੇ ਭਾਈ! ਗੁਰੂ ਸਲਾਹੁਣ-ਜੋਗ ਹੈ, ਗੁਰੂ ਸਲਾਹੁਣ-ਜੋਗ ਹੈ, ਪਿਆਰੇ ਗੁਰੂ ਦੀ ਰਾਹੀਂ (ਹੀ) ਮੈਂ ਪਰਮਾਤਮਾ ਦੀ ਸੇਵਾ-ਭਗਤੀ ਸ਼ੁਰੂ ਕੀਤੀ ਹੈ। ਮੈਨੂੰ ਗੁਰੂ ਨੇ (ਹੀ) ਪਰਮਾਤਮਾ (ਦੇ ਮਿਲਾਪ) ਦਾ ਰਸਤਾ ਦੱਸਿਆ ਹੈ। ਗੁਰੂ ਦਾ (ਮੇਰੇ ਉਤੇ ਇਹ) ਉਪਕਾਰ ਹੈ, ਵੱਡਾ ਉਪਕਾਰ ਹੈ।੯।
ਹੇ ਭਾਈ! ਗੁਰੂ ਦੇ ਜੇਹੜੇ ਸਿੱਖ ਗੁਰੂ ਦੀ (ਦੱਸੀ) ਸੇਵਾ ਕਰਦੇ ਹਨ, ਉਹ ਭਾਗਾਂ ਵਾਲੇ ਹੋ ਗਏ ਹਨ। ਦਾਸ ਨਾਨਕ ਉਹਨਾਂ ਤੋਂ ਸਦਕੇ ਜਾਂਦਾ ਹੈ, ਸਦਾ ਹੀ ਕੁਰਬਾਨ ਜਾਂਦਾ ਹੈ।੧੦।
ਗੁਰਮੁਖਿ ਸਖੀ ਸਹੇਲੀਆ ਸੇ ਆਪਿ ਹਰਿ ਭਾਈਆ ॥ ਹਰਿ ਦਰਗਹ ਪੈਨਾਈਆ ਹਰਿ ਆਪਿ ਗਲਿ ਲਾਈਆ ॥੧੧॥ ਜੋ ਗੁਰਮੁਖਿ ਨਾਮੁ ਧਿਆਇਦੇ ਤਿਨ ਦਰਸਨੁ ਦੀਜੈ ॥ ਹਮ ਤਿਨ ਕੇ ਚਰਣ ਪਖਾਲਦੇ ਧੂੜਿ ਘੋਲਿ ਘੋਲਿ ਪੀਜੈ ॥੧੨॥ ਪਾਨ ਸੁਪਾਰੀ ਖਾਤੀਆ ਮੁਖਿ ਬੀੜੀਆ ਲਾਈਆ ॥ ਹਰਿ ਹਰਿ ਕਦੇ ਨ ਚੇਤਿਓ ਜਮਿ ਪਕੜਿ ਚਲਾਈਆ ॥੧੩॥ ਜਿਨ ਹਰਿ ਨਾਮਾ ਹਰਿ ਚੇਤਿਆ ਹਿਰਦੈ ਉਰਿ ਧਾਰੇ ॥ ਤਿਨ ਜਮੁ ਨੇੜਿ ਨ ਆਵਈ ਗੁਰਸਿਖ ਗੁਰ ਪਿਆਰੇ ॥੧੪॥ ਹਰਿ ਕਾ ਨਾਮੁ ਨਿਧਾਨੁ ਹੈ ਕੋਈ ਗੁਰਮੁਖਿ ਜਾਣੈ ॥ ਨਾਨਕ ਜਿਨ ਸਤਿਗੁਰੁ ਭੇਟਿਆ ਰੰਗਿ ਰਲੀਆ ਮਾਣੈ ॥੧੫॥ {ਪੰਨਾ 726}
ਪਦਅਰਥ: ਸਖੀ = ਸਖੀਆਂ, ਸਹੇਲੀਆਂ। ਸੇ = ਉਹ ਸਖੀਆਂ। ਭਾਈਆ = ਭਾਈਆਂ, ਪਿਆਰੀਆਂ ਲੱਗੀਆਂ। ਪੈਨਾਈਆ = ਪੈਨਾਈਆਂ, ਸਤਕਾਰੀਆਂ ਗਈਆਂ, ਉਹਨਾਂ ਨੂੰ ਸਿਰੋਪਾ ਮਿਲਿਆ। ਗਲਿ = ਗਲ ਨਾਲ। ਲਾਈਆ = ਲਾਈਆਂ।੧੧।
ਦੀਜੈ = ਕਿਰਪਾ ਕਰ ਕੇ ਦੇਹ। ਪਖਾਲਦੇ = ਧੋਂਦੇ ਹਾਂ। ਘੋਲਿ = ਘੋਲ ਕੇ।੧੨।
ਖਾਤੀਆ = ਖਾਤੀਆਂ, ਖਾਂਦੀਆਂ। ਮੁਖਿ = ਮੂੰਹ ਵਿਚ। ਬੀੜੀਆ = ਬੀੜੀਆਂ, ਪਾਨਾਂ ਦੀਆਂ ਬੀੜੀਆਂ। ਜਮਿ = ਜਮ ਨੇ, ਮੌਤ ਨੇ। ਪਕੜਿ = ਫੜ ਕੇ।੧੩।
ਹਿਰਦੈ = ਹਿਰਦੇ ਵਿਚ। ਉਰਿ = ਹਿਰਦੇ ਵਿਚ। ਧਾਰੇ = ਧਾਰਿ, ਧਾਰ ਕੇ। ਜਮੁ = ਮੌਤ, ਮੌਤ ਦਾ ਡਰ। ਆਵਈ = ਆਵਏ, ਆਵੈ, ਆਉਂਦਾ।੧੪।
ਨਿਧਾਨੁ = ਖ਼ਜ਼ਾਨਾ। ਕੋਈ = ਕੋਈ ਵਿਰਲਾ। ਗੁਰਮੁਖਿ = ਗੁਰੂ ਦੀ ਸਰਨ ਪੈਣ ਵਾਲਾ ਮਨੁੱਖ। ਭੇਟਿਆ = ਮਿਲ ਪਿਆ। ਰੰਗਿ = ਪ੍ਰੇਮ = ਰੰਗ ਵਿਚ। ਮਾਣੈ = ਮਾਣਦਾ ਹੈ। ਨਾਨਕ = ਹੇ ਨਾਨਕ!।੧੫।
ਅਰਥ: ਹੇ ਭਾਈ! ਗੁਰੂ ਦੀ ਸਰਨ ਪੈ ਕੇ (ਪਰਸਪਰ ਪ੍ਰੇਮ ਨਾਲ ਰਹਿਣ ਵਾਲੀਆਂ ਸਤ-ਸੰਗੀ) ਸਹੇਲੀਆਂ (ਐਸੀਆਂ ਹੋ ਜਾਂਦੀਆਂ ਹਨ ਕਿ) ਉਹ ਆਪ ਪ੍ਰਭੂ ਨੂੰ ਪਿਆਰੀਆਂ ਲੱਗਦੀਆਂ ਹਨ। ਪਰਮਾਤਮਾ ਦੀ ਹਜ਼ੂਰੀ ਵਿਚ ਉਹਨਾਂ ਨੂੰ ਆਦਰ ਮਿਲਦਾ ਹੈ, ਪਰਮਾਤਮਾ ਨੇ ਉਹਨਾਂ ਨੂੰ ਆਪ ਆਪਣੇ ਗਲ ਨਾਲ (ਸਦਾ) ਲਾ ਲਿਆ ਹੈ।੧੧।
ਹੇ ਪ੍ਰਭੂ! ਜੇਹੜੇ ਮਨੁੱਖ ਗੁਰੂ ਦੀ ਸਰਨ ਪੈ ਕੇ (ਤੇਰਾ) ਨਾਮ ਸਿਮਰਦੇ ਹਨ, ਉਹਨਾਂ ਦਾ ਮੈਨੂੰ ਦਰਸਨ ਬਖ਼ਸ਼। ਮੈਂ ਉਹਨਾਂ ਦੇ ਚਰਨ ਧੋਂਦਾ ਰਹਾਂ, ਤੇ, ਉਹਨਾਂ ਦੀ ਚਰਨ-ਧੂੜ ਘੋਲ ਘੋਲ ਕੇ ਪੀਂਦਾ ਰਹਾਂ।੧੨।
ਹੇ ਭਾਈ! ਜੇਹੜੀਆਂ ਜੀਵ-ਇਸਤ੍ਰੀਆਂ ਪਾਨ ਸੁਪਾਰੀ ਆਦਿਕ ਖਾਂਦੀਆਂ ਰਹਿੰਦੀਆਂ ਹਨ, ਮੂੰਹ ਵਿਚ ਪਾਨ ਚਬਾਂਦੀਆਂ ਰਹਿੰਦੀਆਂ ਹਨ (ਭਾਵ, ਸਦਾ ਪਦਾਰਥਾਂ ਦੇ ਭੋਗਾਂ ਵਿਚ ਮਸਤ ਹਨ) , ਤੇ, ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਕਦੇ ਭੀ ਨਾਹ ਸਿਮਰਿਆ, ਉਹਨਾਂ ਨੂੰ ਮੌਤ (ਦੇ ਗੇੜ) ਨੇ ਫੜ ਕੇ (ਸਦਾ ਲਈ) ਅੱਗੇ ਲਾ ਲਿਆ (ਉਹ ਚੌਰਾਸੀ ਦੇ ਗੇੜ ਵਿਚ ਪੈ ਗਈਆਂ) ।੧੩।
ਹੇ ਭਾਈ! ਜਿਨ੍ਹਾਂ ਆਪਣੇ ਮਨ ਵਿਚ ਹਿਰਦੇ ਵਿਚ ਟਿਕਾ ਕੇ ਪਰਮਾਤਮਾ ਦਾ ਨਾਮ ਸਿਮਰਿਆ, ਉਹਨਾਂ ਗੁਰੂ ਦੇ ਪਿਆਰੇ ਗੁਰਸਿੱਖਾਂ ਦੇ ਨੇੜੇ ਮੌਤ (ਦਾ ਡਰ) ਨਹੀਂ ਆਉਂਦਾ।੧੪।
ਹੇ ਭਾਈ! ਪਰਮਾਤਮਾ ਦਾ ਨਾਮ ਖ਼ਜ਼ਾਨਾ ਹੈ, ਕੋਈ ਵਿਰਲਾ ਮਨੁੱਖ ਗੁਰੂ ਦੀ ਸਰਨ ਪੈ ਕੇ (ਨਾਮ ਨਾਲ) ਸਾਂਝ ਪਾਂਦਾ ਹੈ। ਹੇ ਨਾਨਕ! ਆਖ-) ਜਿਨ੍ਹਾਂ ਮਨੁੱਖਾਂ ਨੂੰ ਗੁਰੂ ਮਿਲ ਪੈਂਦਾ ਹੈ, ਉਹ (ਹਰੇਕ ਮਨੁੱਖ) ਹਰਿ-ਨਾਮ ਦੇ ਪ੍ਰੇਮ ਵਿਚ ਜੁੜ ਕੇ ਆਤਮਕ ਆਨੰਦ ਮਾਣਦਾ ਹੈ।੧੫।
ਸਤਿਗੁਰੁ ਦਾਤਾ ਆਖੀਐ ਤੁਸਿ ਕਰੇ ਪਸਾਓ ॥ ਹਉ ਗੁਰ ਵਿਟਹੁ ਸਦ ਵਾਰਿਆ ਜਿਨਿ ਦਿਤੜਾ ਨਾਓ ॥੧੬॥ ਸੋ ਧੰਨੁ ਗੁਰੂ ਸਾਬਾਸਿ ਹੈ ਹਰਿ ਦੇਇ ਸਨੇਹਾ ॥ ਹਉ ਵੇਖਿ ਵੇਖਿ ਗੁਰੂ ਵਿਗਸਿਆ ਗੁਰ ਸਤਿਗੁਰ ਦੇਹਾ ॥੧੭॥ ਗੁਰ ਰਸਨਾ ਅੰਮ੍ਰਿਤੁ ਬੋਲਦੀ ਹਰਿ ਨਾਮਿ ਸੁਹਾਵੀ ॥ ਜਿਨ ਸੁਣਿ ਸਿਖਾ ਗੁਰੁ ਮੰਨਿਆ ਤਿਨਾ ਭੁਖ ਸਭ ਜਾਵੀ ॥੧੮॥ ਹਰਿ ਕਾ ਮਾਰਗੁ ਆਖੀਐ ਕਹੁ ਕਿਤੁ ਬਿਧਿ ਜਾਈਐ ॥ ਹਰਿ ਹਰਿ ਤੇਰਾ ਨਾਮੁ ਹੈ ਹਰਿ ਖਰਚੁ ਲੈ ਜਾਈਐ ॥੧੯॥ ਜਿਨ ਗੁਰਮੁਖਿ ਹਰਿ ਆਰਾਧਿਆ ਸੇ ਸਾਹ ਵਡ ਦਾਣੇ ॥ ਹਉ ਸਤਿਗੁਰ ਕਉ ਸਦ ਵਾਰਿਆ ਗੁਰ ਬਚਨਿ ਸਮਾਣੇ ॥੨੦॥ ਤੂ ਠਾਕੁਰੁ ਤੂ ਸਾਹਿਬੋ ਤੂਹੈ ਮੇਰਾ ਮੀਰਾ ॥ ਤੁਧੁ ਭਾਵੈ ਤੇਰੀ ਬੰਦਗੀ ਤੂ ਗੁਣੀ ਗਹੀਰਾ ॥੨੧॥ ਆਪੇ ਹਰਿ ਇਕ ਰੰਗੁ ਹੈ ਆਪੇ ਬਹੁ ਰੰਗੀ ॥ ਜੋ ਤਿਸੁ ਭਾਵੈ ਨਾਨਕਾ ਸਾਈ ਗਲ ਚੰਗੀ ॥੨੨॥੨॥ {ਪੰਨਾ 726}
ਪਦਅਰਥ: ਦਾਤਾ = (ਨਾਮ ਦੀ ਦਾਤਿ) ਦੇਣ ਵਾਲਾ। ਆਖੀਐ = ਆਖਣਾ ਚਾਹੀਦਾ ਹੈ। ਤੁਸਿ = ਤ੍ਰੁੱਠ ਕੇ। ਪਸਾਓ = ਪ੍ਰਸਾਦੁ, ਕਿਰਪਾ। ਹਉ = ਮੈਂ। ਵਿਟਹੁ = ਤੋਂ। ਵਾਰਿਆ = ਕੁਰਬਾਨ। ਜਿਨਿ = ਜਿਸ (ਗੁਰੂ) ਨੇ। ਨਾਓ = ਨਾਉ, ਨਾਮ।੧੬।
ਧੰਨੁ = ਸਲਾਹੁਣ = ਜੋਗ। ਦੇਇ = ਦੇਂਦਾ ਹੈ। ਸਨੇਹਾ = ਉਪਦੇਸ਼। ਵੇਖਿ = ਵੇਖ ਕੇ। ਵਿਗਸਿਆ = ਖਿੜ ਪਿਆ ਹਾਂ। ਗੁਰ ਦੇਹਾ = ਗੁਰੂ ਦਾ ਸਰੀਰ।੧੭।
ਰਸਨਾ = ਜੀਭ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਹਰਿ = ਨਾਮ। ਨਾਮਿ = ਨਾਮ ਦੀ ਰਾਹੀਂ। ਸੁਹਾਵੀ = ਸੋਹਣੀ। ਜਿਨ = ਜਿਨ੍ਹਾਂ ਨੇ {ਲਫ਼ਜ਼ 'ਜਿਨਿ' ਅਤੇ 'ਜਿਨ' ਦਾ ਫ਼ਰਕ ਵੇਖੋ}। ਸਿਖਾ = ਸਿੱਖਾਂ (ਨੇ) । ਜਾਵੀ = ਦੂਰ ਹੋ ਜਾਂਦੀ ਹੈ।੧੮।
ਮਾਰਗੁ = ਰਸਤਾ। ਕਹੁ = ਦੱਸੋ। ਕਿਤੁ ਬਿਧਿ = ਕਿਸ ਤਰੀਕੇ ਨਾਲ?।੧੯।
ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਸੇ = ਉਹ {ਬਹੁ-ਵਚਨ}। ਸਾਹ = ਸ਼ਾਹ। ਦਾਣੇ = ਸਿਆਣੇ, ਦਾਨੇ। ਸਦ = ਸਦਾ। ਗੁਰ ਬਚਨਿ = ਗੁਰੂ ਦੇ ਬਚਨ ਦੀ ਰਾਹੀਂ।੨੦।
ਸਾਹਿਬੋ = ਸਾਹਿਬੁ, ਮਾਲਕ। ਮੀਰਾ = ਸਰਦਾਰ, ਪਾਤਿਸ਼ਾਹ। ਤੁਧੁ = ਤੈਨੂੰ। ਗੁਣੀ = ਗੁਣਾਂ ਦਾ ਮਾਲਕ। ਗਹੀਰਾ = ਡੂੰਘੇ ਜਿਗਰੇ ਵਾਲਾ।੨੧।
ਆਪੇ = ਆਪ ਹੀ। ਇਕ ਰੰਗੁ = ਇਕ ਸਰੂਪ ਵਾਲਾ। ਬਹੁ ਰੰਗੀ = ਅਨੇਕਾਂ ਸਰੂਪਾਂ ਵਾਲਾ।੨੨।
ਅਰਥ: ਹੇ ਭਾਈ! ਗੁਰੂ ਨੂੰ (ਹੀ ਨਾਮ ਦੀ ਦਾਤਿ) ਦੇਣ ਵਾਲਾ ਆਖਣਾ ਚਾਹੀਦਾ ਹੈ। ਗੁਰੂ ਤੱ੍ਰੁਠ ਕੇ (ਨਾਮ ਦੇਣ ਦੀ) ਕਿਰਪਾ ਕਰਦਾ ਹੈ। ਮੈਂ (ਤਾਂ) ਸਦਾ ਗੁਰੂ ਤੋਂ (ਹੀ) ਕੁਰਬਾਨ ਜਾਂਦਾ ਹਾਂ, ਜਿਸ ਨੇ (ਮੈਨੂੰ) ਪਰਮਾਤਮਾ ਦਾ ਨਾਮ ਦਿੱਤਾ ਹੈ।੧੬।
ਹੇ ਭਾਈ! ਉਹ ਗੁਰੂ ਸਲਾਹੁਣ-ਜੋਗ ਹੈ, ਉਸ ਗੁਰੂ ਦੀ ਵਡਿਆਈ ਕਰਨੀ ਚਾਹੀਦੀ ਹੈ, ਜੇਹੜਾ ਪਰਮਾਤਮਾ ਦਾ ਨਾਮ ਜਪਣ ਦਾ ਉਪਦੇਸ਼ ਦੇਂਦਾ ਹੈ। ਮੈਂ (ਤਾਂ) ਗੁਰੂ ਨੂੰ ਵੇਖ ਵੇਖ ਕੇ ਗੁਰੂ ਦਾ (ਸੋਹਣਾ) ਸਰੀਰ ਵੇਖ ਕੇ ਖਿੜ ਰਿਹਾ ਹਾਂ।੧੭।
ਹੇ ਭਾਈ! ਗੁਰੂ ਦੀ ਜੀਭ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਉਚਾਰਦੀ ਹੈ, ਹਰਿ-ਨਾਮ (ਉਚਾਰਨ ਦੇ ਕਾਰਨ ਸੋਹਣੀ ਲੱਗਦੀ ਹੈ। ਜਿਨ੍ਹਾਂ ਭੀ ਸਿੱਖਾਂ ਨੇ (ਗੁਰੂ ਦਾ ਉਪਦੇਸ਼) ਸੁਣ ਕੇ ਗੁਰੂ ਉੱਤੇ ਯਕੀਨ ਲਿਆਂਦਾ ਹੈ, ਉਹਨਾਂ ਦੀ (ਮਾਇਆ ਦੀ) ਸਾਰੀ ਭੁੱਖ ਦੂਰ ਹੋ ਗਈ ਹੈ।੧੮।
ਹੇ ਭਾਈ! ਹਰਿ-ਨਾਮ ਸਿਮਰਨ ਹੀ) ਪਰਮਾਤਮਾ (ਦੇ ਮਿਲਾਪ) ਦਾ ਰਸਤਾ ਕਿਹਾ ਜਾਂਦਾ ਹੈ। ਹੇ ਭਾਈ! ਦੱਸ, ਕਿਸ ਤਰੀਕੇ ਨਾਲ (ਇਸ ਰਸਤੇ ਉੱਤੇ) ਤੁਰ ਸਕੀਦਾ ਹੈ? ਹੇ ਪ੍ਰਭੂ! ਤੇਰਾ ਨਾਮ ਹੀ (ਰਸਤੇ ਦਾ) ਖ਼ਰਚ ਹੈ, ਇਹ ਖ਼ਰਚ ਪੱਲੇ ਬੰਨ੍ਹ ਕੇ (ਇਸ ਰਸਤੇ ਉੱਤੇ) ਤੁਰਨਾ ਚਾਹੀਦਾ ਹੈ।੧੯।
ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਜਪਿਆ ਹੈ ਉਹ ਵੱਡੇ ਸਿਆਣੇ ਸ਼ਾਹ ਬਣ ਗਏ ਹਨ। ਮੈਂ ਸਦਾ ਗੁਰੂ ਤੋਂ ਕੁਰਬਾਨ ਜਾਂਦਾ ਹਾਂ, ਗੁਰੂ ਦੇ ਬਚਨ ਦੀ ਰਾਹੀਂ (ਪਰਮਾਤਮਾ ਦੇ ਨਾਮ ਵਿਚ) ਲੀਨ ਹੋ ਸਕੀਦਾ ਹੈ।੨੦।
ਹੇ ਪ੍ਰਭੂ! ਤੂੰ ਮੇਰਾ ਮਾਲਕ ਹੈਂ ਤੂੰ ਮੇਰਾ ਸਾਹਿਬ ਹੈਂ, ਤੂੰ ਹੀ ਮੇਰਾ ਪਾਤਿਸ਼ਾਹ ਹੈਂ। ਜੇ ਤੈਨੂੰ ਪਸੰਦ ਆਵੇ, ਤਾਂ ਹੀ ਤੇਰੀ ਭਗਤੀ ਕੀਤੀ ਜਾ ਸਕਦੀ ਹੈ। ਤੂੰ ਗੁਣਾਂ ਦਾ ਖ਼ਜ਼ਾਨਾ ਹੈਂ, ਤੂੰ ਡੂੰਘੇ ਜਿਗਰੇ ਵਾਲਾ ਹੈਂ।੨੧।
ਹੇ ਨਾਨਕ! ਆਖ-ਹੇ ਭਾਈ!) ਪਰਮਾਤਮਾ ਆਪ ਹੀ (ਨਿਰਗੁਣ ਸਰੂਪ ਵਿਚ) ਇਕੋ ਇਕ ਹਸਤੀ ਹੈ, ਤੇ, ਆਪ ਹੀ (ਸਰਗੁਣ ਸਰੂਪ ਵਿਚ) ਅਨੇਕਾਂ ਰੂਪਾਂ ਵਾਲਾ ਹੈ। ਜੇਹੜੀ ਗੱਲ ਉਸ ਨੂੰ ਚੰਗੀ ਲੱਗਦੀ ਹੈ, ਉਹੀ ਗੱਲ ਜੀਵਾਂ ਦੇ ਭਲੇ ਵਾਸਤੇ ਹੁੰਦੀ ਹੈ।੨੨।੨।
ਵਡਹੰਸੁ ਮਹਲਾ ੧ ਘਰੁ ੨ ॥ ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣੁ ਆਇਆ ॥ ਤੇਰੇ ਮੁੰਧ ਕਟਾਰੇ ਜੇਵਡਾ ਤਿਨਿ ਲੋਭੀ ਲੋਭ ਲੁਭਾਇਆ ॥ ਤੇਰੇ ਦਰਸਨ ਵਿਟਹੁ ਖੰਨੀਐ ਵੰਞਾ ਤੇਰੇ ਨਾਮ ਵਿਟਹੁ ਕੁਰਬਾਣੋ ॥ ਜਾ ਤੂ ਤਾ ਮੈ ਮਾਣੁ ਕੀਆ ਹੈ ਤੁਧੁ ਬਿਨੁ ਕੇਹਾ ਮੇਰਾ ਮਾਣੋ ॥ {ਪੰਨਾ 557}
ਪਦਅਰਥ: ਮੋਰੀ = ਮੋਰਾਂ ਨੇ। ਰੁਣਝੁਣ = ਮਿੱਠਾ ਗੀਤ। ਲਾਇਆ = ਸ਼ੁਰੂ ਕੀਤਾ। ਤੇਰੇ = (ਹੇ ਪ੍ਰਭੂ!) ਤੇਰੇ ਇਹ ਕੁਦਰਤੀ ਦ੍ਰਿੱਸ਼। ਮੁੰਧ = ਇਸਤ੍ਰੀ। ਕਟਾਰੇ = ਕਟਾਰ। ਜੇਵਡਾ = ਜੇਵੜਾ, ਫਾਹੀ। ਤਿਨਿ = (ਕੁਦਰਤਿ ਦੇ) ਇਸ (ਸੁਹਾਵਣੇ ਸਰੂਪ) ਨੇ। ਲੁਭਾਇਆ = ਮੋਹ ਲਿਆ ਹੈ। ਦਰਸਨ ਵਿਟਹੁ = ਇਸ ਸੋਹਣੇ ਸਰੂਪ ਤੋਂ ਜੋ ਹੁਣ ਦਿੱਸ ਰਿਹਾ ਹੈ। ਖੰਨੀਐ ਵੰਞਾ = ਮੈਂ ਟੋਟੇ ਟੋਟੇ ਹੁੰਦਾ ਹਾਂ। ਜਾ ਤੂ = ਚੂੰਕਿ ਤੂੰ (ਇਸ ਕੁਦਰਤਿ ਵਿਚ ਮੈਨੂੰ ਦਿੱਸ ਰਿਹਾ ਹੈਂ) । ਮੈਂ ਮਾਣੁ ਕੀਆ ਹੈ– ਮੈਂ ਇਹ ਆਖਣ ਦਾ ਹੌਸਲਾ ਕੀਤਾ ਹੈ ਕਿ ਤੇਰੀ ਇਹ ਕੁਦਰਤਿ ਸੁਹਾਵਣੀ ਹੈ) ।
ਅਰਥ: ਹੇ ਭੈਣ! ਸਾਵਨ (ਦਾ ਮਹੀਨਾ) ਆ ਗਿਆ ਹੈ (ਸਾਵਨ ਦੀਆਂ ਕਾਲੀਆਂ ਘਟਾਂ ਵੇਖ ਕੇ ਸੋਹਣੇ) ਮੋਰਾਂ ਨੇ ਮਿੱਠੇ ਗੀਤ ਸ਼ੁਰੂ ਕਰ ਦਿੱਤੇ ਹਨ (ਤੇ ਪੈਲਾਂ ਪਾਣੀਆਂ ਸ਼ੁਰੂ ਕਰ ਦਿੱਤੀਆਂ ਹਨ) । (ਹੇ ਪ੍ਰਭੂ!) ਤੇਰੀ ਇਹ ਸੋਹਣੀ ਕੁਦਰਤਿ ਮੈਂ ਜੀਵ-ਇਸਤ੍ਰੀ ਵਾਸਤੇ, ਮਾਨੋ, ਕਟਾਰ ਹੈ (ਜੋ ਮੇਰੇ ਅੰਦਰ ਬਿਰਹੋਂ ਦੀ ਚੋਟ ਲਾ ਰਹੀ ਹੈ) ਫਾਹੀ ਹੈ, ਇਸ ਨੇ ਮੈਨੂੰ ਤੇਰੇ ਦੀਦਾਰ ਦੀ ਪ੍ਰੇਮਣ ਨੂੰ ਮੋਹ ਲਿਆ ਹੈ (ਤੇ ਮੈਨੂੰ ਤੇਰੇ ਚਰਨਾਂ ਵਿਚ ਖਿੱਚੀ ਜਾ ਰਹੀ ਹੈ) । (ਹੇ ਪ੍ਰਭੂ!) ਤੇਰੇ ਇਸ ਸੋਹਣੇ ਸਰੂਪ ਤੋਂ ਜੋ ਹੁਣ ਦਿੱਸ ਰਿਹਾ ਹੈ ਮੈਂ ਸਦਕੇ ਹਾਂ ਸਦਕੇ ਹਾਂ (ਤੇਰਾ ਇਹ ਸਰੂਪ ਮੈਨੂੰ ਤੇਰਾ ਨਾਮ ਚੇਤੇ ਕਰਾ ਰਿਹਾ ਹੈ, ਤੇ) ਮੈਂ ਤੇਰੇ ਨਾਮ ਤੋਂ ਕੁਰਬਾਨ ਹਾਂ। (ਹੇ ਪ੍ਰਭੂ!) ਚੂੰਕਿ ਤੂੰ (ਇਸ ਕੁਦਰਤਿ ਵਿਚ ਮੈਨੂੰ ਦਿੱਸ ਰਿਹਾ ਹੈਂ) ਮੈਂ ਇਹ ਆਖਣ ਦਾ ਹੌਸਲਾ ਕੀਤਾ ਹੈ (ਕਿ ਤੇਰੀ ਇਹ ਕੁਦਰਤਿ ਸੁਹਾਵਣੀ ਹੈ) । ਜੇ ਕੁਦਰਤਿ ਵਿਚ ਤੂੰ ਨ ਦਿੱਸੇਂ ਤਾਂ ਇਹ ਆਖਣ ਵਿਚ ਕੀਹ ਸਵਾਦ ਰਹਿ ਜਾਏ ਕਿ ਕੁਦਰਤਿ ਸੋਹਣੀ ਹੈ?
ਚੂੜਾ ਭੰਨੁ ਪਲੰਘ ਸਿਉ ਮੁੰਧੇ ਸਣੁ ਬਾਹੀ ਸਣੁ ਬਾਹਾ ॥ ਏਤੇ ਵੇਸ ਕਰੇਦੀਏ ਮੁੰਧੇ ਸਹੁ ਰਾਤੋ ਅਵਰਾਹਾ ॥ ਨਾ ਮਨੀਆਰੁ ਨ ਚੂੜੀਆ ਨਾ ਸੇ ਵੰਗੁੜੀਆਹਾ ॥ ਜੋ ਸਹ ਕੰਠਿ ਨ ਲਗੀਆ ਜਲਨੁ ਸਿ ਬਾਹੜੀਆਹਾ ॥ ਸਭਿ ਸਹੀਆ ਸਹੁ ਰਾਵਣਿ ਗਈਆ ਹਉ ਦਾਧੀ ਕੈ ਦਰਿ ਜਾਵਾ ॥ ਅੰਮਾਲੀ ਹਉ ਖਰੀ ਸੁਚਜੀ ਤੈ ਸਹ ਏਕਿ ਨ ਭਾਵਾ ॥ ਮਾਠਿ ਗੁੰਦਾਈ ਪਟੀਆ ਭਰੀਐ ਮਾਗ ਸੰਧੂਰੇ ॥ ਅਗੈ ਗਈ ਨ ਮੰਨੀਆ ਮਰਉ ਵਿਸੂਰਿ ਵਿਸੂਰੇ ॥ {ਪੰਨਾ 558}
ਪਦਅਰਥ: ਭੰਨੁ = ਤੋੜ ਦੇ। ਸਿਉ = ਨਾਲ। ਮੁੰਧੇ = ਹੇ ਇਸਤ੍ਰੀਏ! ਸਣੁ = ਸਮੇਤ। ਬਾਹੀ = ਪਲੰਘ ਦੀਆਂ ਹੀਆਂ। ਏਤੇ = ਇਤਨੇ, ਇਹ ਕਈ। ਵੇਸ = ਸਿੰਗਾਰ। ਕਰੇਦੀਏ = ਕਰਨ ਵਾਲੀਏ! ਰਾਤੋ = ਰੱਤਾ ਹੋਇਆ ਹੈ, ਪਿਆਰ ਕਰ ਰਿਹਾ ਹੈ। ਅਵਰਾਹਾ = ਹੋਰਨਾਂ ਨਾਲ। ਮਨੀਆਰੁ = ਚੂੜੀਆਂ ਚਾੜਨ ਵਾਲਾ। ਨਾ ਸੇ ਵੰਗੁੜੀਆਹਾ = ਨਾਹ ਹੀ ਉਹ ਵੰਗਾਂ ਸੋਹਣੀਆਂ ਜਾਣੋ। ਸਹ ਕੰਠਿ = ਖਸਮ ਦੇ ਗਲ ਨਾਲ। ਜਲਨੁ = ਸੜ ਜਾਣ {ਵਿਆਕਰਨ ਅਨੁਸਾਰ ਲਫ਼ਜ਼ 'ਜਲਨੁ' ਹੁਕਮੀ ਭਵਿੱਖਤ, ਅੱਨ ਪੁਰਖ, ਬਹੁ-ਵਚਨ ਹੈ। ਇਸ ਦਾ ਇਕ-ਵਚਨ ਹੈ 'ਜਲਉ' ਜਿਵੇਂ "ਕਲਮ ਜਲਉ ਸਣੁ ਮਸਵਾਣੀਐ"}। ਸਭਿ = ਸਾਰੀਆਂ। ਰਾਵਣਿ = ਪ੍ਰਸੰਨ ਕਰਨ। ਹਉ = ਮੈਂ। ਦਾਧੀ = ਤੱਤੀ, (ਵਿਕਾਰਾਂ ਵਿਚ) ਸੜੀ ਹੋਈ। ਕੈ ਦਰਿ = ਕਿਸ ਦੇ ਦਰ ਤੇ? ਅੰਮਾਲੀ = {अम् आली} ਹੇ ਸਖੀ! ਖਰੀ = ਬਹੁਤ। ਸੁਚਜੀ = ਚੰਗੇ ਚੱਜ ਵਾਲੀ, ਚੰਗੀ ਕਰਤੂਤ ਵਾਲੀ। ਏਕਿ = ਇੱਕ ਦੇ ਕਾਰਨ, ਇੱਕ ਭੀ ਗੁਣ ਦੇ ਕਾਰਨ। ਮਾਠਿ = ਸਵਾਰ ਕੇ। ਗੁੰਦਾਈ = ਮੈਂ ਗੁੰਦਾਂਦੀ ਹਾਂ। ਮਾਗ = ਪੱਟੀਆਂ ਵਿਚਲਾ ਚੀਰ। ਨ ਮੰਨੀਆ = ਮੈਨੂੰ ਆਦਰ ਨਹੀਂ ਮਿਲਦਾ। ਮਰਉ = ਮੈਂ ਮਰਦੀ ਹਾਂ। ਵਿਸੂਰਿ ਵਿਸੂਰੇ = ਵਿਸੂਰਿ, ਵਿਸੂਰਿ ਝੁਰ ਝੁਰ ਕੇ, ਧੁਖ ਧੁਖ ਕੇ।
ਅਰਥ: ਹੇ ਭੋਲੀ ਇਸਤ੍ਰੀਏ! ਤੂੰ ਪਤੀ ਨੂੰ ਮਿਲਣ ਲਈ ਆਪਣੀਆਂ ਬਾਹਾਂ ਵਿਚ ਚੂੜਾ ਪਾਇਆ, ਤੇ ਹੋਰ ਭੀ ਕਈ ਸਿੰਗਾਰ ਕੀਤੇ, ਪਰ) ਹੇ ਇਤਨੇ ਸਿੰਗਾਰ ਕਰਦੀਏ ਨਾਰੇ! ਜੇ ਤੇਰਾ ਪਤੀ (ਫਿਰ ਭੀ) ਹੋਰਨਾਂ ਨਾਲ ਹੀ ਪਿਆਰ ਕਰਦਾ ਰਿਹਾ (ਤਾਂ ਇਹਨਾਂ ਸਿੰਗਾਰਾਂ ਦਾ ਕੀਹ ਲਾਭ?, ਫਿਰ) ਪਲੰਘ ਨਾਲ ਮਾਰ ਕੇ ਆਪਣਾ ਚੂੜਾ ਭੰਨ ਦੇ, ਪਲੰਘ ਦੀਆਂ ਹੀਆਂ ਭੀ ਭੰਨ ਦੇ ਤੇ ਆਪਣੀਆਂ ਸਜਾਈਆਂ ਬਾਹਾਂ ਭੀ ਭੰਨ ਦੇ ਕਿਉਂਕਿ ਨਾਹ ਇਹਨਾਂ ਬਾਹਾਂ ਨੂੰ ਸਜਾਣ ਵਾਲਾ ਮਨਿਆਰ ਹੀ ਤੇਰਾ ਕੁਝ ਸਵਾਰ ਸਕਿਆ, ਨਾਹ ਹੀ ਉਸ ਦੀਆਂ ਦਿੱਤੀਆਂ ਚੂੜੀਆਂ ਤੇ ਵੰਗਾਂ ਕਿਸੇ ਕੰਮ ਆਈਆਂ। ਸੜ ਜਾਣ ਉਹ (ਸਜਾਈਆਂ) ਬਾਹਾਂ ਜੋ ਖਸਮ ਦੇ ਗਲ ਨਾਹ ਲੱਗ ਸਕੀਆਂ। (ਭਾਵ, ਜੇ ਜੀਵ-ਇਸਤ੍ਰੀ ਸਾਰੀ ਉਮਰ ਧਾਰਮਿਕ ਭੇਖ ਕਰਨ ਵਿਚ ਹੀ ਗੁਜ਼ਾਰ ਦੇਵੇ, ਇਸ ਨੂੰ ਧਰਮ-ਉਪਦੇਸ਼ ਦੇਣ ਵਾਲਾ ਭੀ ਜੇ ਬਾਹਰਲੇ ਭੇਖ ਵਲ ਹੀ ਪ੍ਰੇਰਦਾ ਰਹੇ, ਤਾਂ ਇਹ ਸਾਰੇ ਉੱਦਮ ਵਿਅਰਥ ਚਲੇ ਗਏ, ਕਿਉਂਕਿ ਧਾਰਮਿਕ ਭੇਖਾਂ ਨਾਲ ਪਰਮਾਤਮਾ ਨੂੰ ਪ੍ਰਸੰਨ ਨਹੀਂ ਕਰ ਸਕੀਦਾ। ਉਸ ਦੇ ਨਾਲ ਤਾਂ ਸਿਰਫ਼ ਆਤਮਕ ਮਿਲਾਪ ਹੀ ਹੋ ਸਕਦਾ ਹੈ) ।
(ਪ੍ਰਭੂ-ਚਰਨਾਂ ਵਿਚ ਜੁੜਨ ਵਾਲੀਆਂ) ਸਾਰੀਆਂ ਸਹੇਲੀਆਂ (ਤਾਂ) ਪ੍ਰਭੂ-ਪਤੀ ਨੂੰ ਪ੍ਰਸੰਨ ਕਰਨ ਦੇ ਜਤਨ ਕਰ ਰਹੀਆਂ ਹਨ (ਪਰ ਮੈਂ ਜੇਹੜੀ ਨਿਰੇ ਵਿਖਾਵੇ ਦੇ ਹੀ ਧਰਮ-ਭੇਖ ਕਰਦੀ ਰਹੀ) ਮੈਂ ਸੜੇ ਕਰਮਾਂ ਵਾਲੀ ਕਿਸ ਦੇ ਦਰ ਤੇ ਜਾਵਾਂ? ਹੇ ਸਖੀ! ਮੈਂ (ਇਹਨਾਂ ਧਰਮ-ਭੇਖਾਂ ਤੇ ਹੀ ਟੇਕ ਰੱਖ ਕੇ) ਆਪਣੇ ਵਲੋਂ ਤਾਂ ਬੜੀ ਚੰਗੀ ਕਰਤੂਤ ਵਾਲੀ ਬਣੀ ਬੈਠੀ ਹਾਂ। ਪਰ, ਪ੍ਰਭੂ ਪਤੀ! ਕਿਸੇ ਇੱਕ ਭੀ ਗੁਣ ਕਰ ਕੇ ਮੈਂ ਤੈਨੂੰ ਪਸੰਦ ਨਹੀਂ ਆ ਰਹੀ। ਮੈਂ ਸਵਾਰ ਸਵਾਰ ਕੇ ਪੱਟੀਆਂ ਗੁੰਦਾਂਦੀ ਹਾਂ, ਮੇਰੀਆਂ ਪੱਟੀਆਂ ਦੇ ਚੀਰ ਵਿਚ ਸੰਧੂਰ ਭੀ ਭਰਿਆ ਜਾਂਦਾ ਹੈ, ਪਰ ਤੇਰੀ ਹਜ਼ੂਰੀ ਵਿਚ ਮੈਂ ਫਿਰ ਭੀ ਪ੍ਰਵਾਨ ਨਹੀਂ ਹੋ ਰਹੀ, (ਇਸ ਵਾਸਤੇ) ਝੂਰ ਝੂਰ ਕੇ ਮਰ ਰਹੀ ਹਾਂ।
ਮੈ ਰੋਵੰਦੀ ਸਭੁ ਜਗੁ ਰੁਨਾ ਰੁੰਨੜੇ ਵਣਹੁ ਪੰਖੇਰੂ ॥ ਇਕੁ ਨ ਰੁਨਾ ਮੇਰੇ ਤਨ ਕਾ ਬਿਰਹਾ ਜਿਨਿ ਹਉ ਪਿਰਹੁ ਵਿਛੋੜੀ ॥ ਸੁਪਨੈ ਆਇਆ ਭੀ ਗਇਆ ਮੈ ਜਲੁ ਭਰਿਆ ਰੋਇ ॥ ਆਇ ਨ ਸਕਾ ਤੁਝ ਕਨਿ ਪਿਆਰੇ ਭੇਜਿ ਨ ਸਕਾ ਕੋਇ ॥ ਆਉ ਸਭਾਗੀ ਨੀਦੜੀਏ ਮਤੁ ਸਹੁ ਦੇਖਾ ਸੋਇ ॥ ਤੈ ਸਾਹਿਬ ਕੀ ਬਾਤ ਜਿ ਆਖੈ ਕਹੁ ਨਾਨਕ ਕਿਆ ਦੀਜੈ ॥ ਸੀਸੁ ਵਢੇ ਕਰਿ ਬੈਸਣੁ ਦੀਜੈ ਵਿਣੁ ਸਿਰ ਸੇਵ ਕਰੀਜੈ ॥ ਕਿਉ ਨ ਮਰੀਜੈ ਜੀਅੜਾ ਨ ਦੀਜੈ ਜਾ ਸਹੁ ਭਇਆ ਵਿਡਾਣਾ ॥੧॥੩॥ {ਪੰਨਾ 558}
ਪਦਅਰਥ: ਰੁੰਨਾ = ਰੋ ਪਿਆ ਹੈ, ਤਰਸ ਕਰ ਰਿਹਾ ਹੈ। ਵਣਹੁ = ਜੰਗਲ ਵਿਚੋਂ। ਪੰਖੇਰੂ = ਪੰਛੀ। ਇਕੁ = ਸਿਰਫ਼। ਮੇਰੇ ਤਨ ਕਾ ਬਿਰਹਾ = ਮੇਰੇ ਅੰਦਰਲਾ ਤੇਰੇ ਚਰਨਾਂ ਤੋਂ ਵਿਛੋੜਾ। ਜਿਨਿ = ਜਿਸ (ਵਿਛੋੜੇ) ਨੇ। ਪਿਰਹੁ = ਪਤੀ (-ਪ੍ਰਭੂ) ਤੋਂ। ਸੁਪਨੈ = ਸੁਪਨੇ ਵਿਚ। ਭੀ = ਮੁੜ। ਜਲੁ ਭਰਿਆ ਰੋਇ = ਹੰਝੂ ਭਰ ਕੇ ਰੋਈ। ਤੁਝ ਕਨਿ = ਤੇਰੇ ਪਾਸ। ਕੋਇ = ਕਿਸੇ ਨੂੰ। ਮਤੁ ਦੇਖਾ = ਸ਼ਾਇਦ ਮੈਂ ਵੇਖ ਲਵਾਂ। ਜਿ = ਜੇਹੜਾ ਮਨੁੱਖ। ਦੀਜੈ = ਦੇਣਾ ਚਾਹੀਦਾ ਹੈ। ਵਢੇ ਕਰਿ = ਵੱਢ ਕੇ। ਬੈਸਣੁ = ਬੈਠਣ ਲਈ ਥਾਂ। ਕਿਉ ਨ ਮਰੀਜੈ = ਆਪਾ = ਭਾਵ ਕਿਉਂ ਨ ਮਾਰੀਏ? ਕਿਉ ਜੀਅੜਾ ਨ ਦੀਜੈ = ਜਿੰਦ ਕਿਉਂ ਨ ਸਦਕੇ ਕਰੀਏ? ਵਿਡਾਣਾ = ਓਪਰਾ, ਬਿਗਾਨਾ।੧।
ਅਰਥ: (ਪ੍ਰਭੂ-ਪਤੀ ਤੋਂ ਵਿਛੁੜ ਕੇ) ਮੈਂ ਇਤਨੀ ਦੁਖੀ ਹੋ ਰਹੀ ਹਾਂ (ਕਿ) ਸਾਰਾ ਜਗਤ ਮੇਰੇ ਉਤੇ ਤਰਸ ਕਰ ਰਿਹਾ ਹੈ, ਜੰਗਲ ਦੇ ਪੰਛੀ ਭੀ (ਮੇਰੀ ਦੁਖੀ ਹਾਲਤ ਤੇ) ਤਰਸ ਕਰ ਰਹੇ ਹਨ। ਸਿਰਫ਼ ਇਹ ਮੇਰੇ ਅੰਦਰਲਾ ਵਿਛੋੜਾ ਹੀ ਹੈ ਜੋ ਤਰਸ ਨਹੀਂ ਕਰਦਾ (ਜੋ ਮੇਰੀ ਖ਼ਲਾਸੀ ਨਹੀਂ ਕਰਦਾ) , ਇਸੇ ਨੇ ਮੈਨੂੰ ਪ੍ਰਭੂ-ਪਤੀ ਤੋਂ ਵਿਛੋੜਿਆ ਹੋਇਆ ਹੈ।
(ਹੇ ਪਤੀ!) ਮੈਨੂੰ ਤੂੰ ਸੁਪਨੇ ਵਿਚ ਮਿਲਿਆ (ਸੁਪਨਾ ਮੁੱਕਿਆ, ਤੇ ਤੂੰ) ਫਿਰ ਚਲਾ ਗਿਆ, (ਵਿਛੋੜੇ ਦੇ ਦੁੱਖ ਵਿਚ) ਮੈਂ ਹੰਝੂ ਭਰ ਕੇ ਰੋਈ। ਹੇ ਪਿਆਰੇ! ਮੈਂ (ਨਿਮਾਣੀ) ਤੇਰੇ ਪਾਸ ਅੱਪੜ ਨਹੀਂ ਸਕਦੀ, ਮੈਂ (ਗ਼ਰੀਬ) ਕਿਸੇ ਨੂੰ ਤੇਰੇ ਪਾਸ ਘੱਲ ਨਹੀਂ ਸਕਦੀ (ਜੋ ਮੇਰੀ ਹਾਲਤ ਤੈਨੂੰ ਦੱਸੇ। ਨੀਂਦ ਅੱਗੇ ਹੀ ਤਰਲੇ ਕਰਦੀ ਹਾਂ-) ਹੇ ਭਾਗਾਂ ਵਾਲੀ ਸੋਹਣੀ ਨੀਂਦ! ਤੂੰ (ਮੇਰੇ ਕੋਲ ਆ) ਸ਼ਾਇਦ (ਤੇਰੀ ਰਾਹੀਂ ਹੀ) ਮੈਂ ਆਪਣੇ ਖਸਮ-ਪ੍ਰਭੂ ਦਾ ਦੀਦਾਰ ਕਰ ਸਕਾਂ।
ਹੇ ਨਾਨਕ! ਪ੍ਰਭੂ-ਦਰ ਤੇ) ਆਖ-ਹੇ ਮੇਰੇ ਮਾਲਕ! ਜੇ ਕੋਈ ਗੁਰਮੁਖਿ ਮੈਨੂੰ ਤੇਰੀ ਕੋਈ ਗੱਲ ਸੁਣਾਵੇ ਤਾਂ ਮੈਂ ਉਸ ਅੱਗੇ ਕੇਹੜੀ ਭੇਟ ਧਰਾਂ! ਆਪਣਾ ਸਿਰ ਵੱਢ ਕੇ ਮੈਂ ਉਸ ਦੇ ਬੈਠਣ ਲਈ ਆਸਣ ਬਣਾ ਦਿਆਂ (ਭਾਵ,) ਆਪਾ-ਭਾਵ ਦੂਰ ਕਰ ਕੇ ਮੈਂ ਉਸ ਦੀ ਸੇਵਾ ਕਰਾਂ।
ਜਦੋਂ ਸਾਡਾ ਪ੍ਰਭੂ-ਪਤੀ (ਸਾਡੀ ਮੂਰਖਤਾ ਦੇ ਕਾਰਨ) ਸਾਥੋਂ ਓਪਰਾ ਹੋ ਜਾਏ (ਤਾਂ ਉਸ ਨੂੰ ਮੁੜ ਆਪਣਾ ਬਨਾਣ ਲਈ ਇਹੀ ਇਕ ਤਰੀਕਾ ਹੈ ਕਿ) ਅਸੀ ਆਪਾ-ਭਾਵ ਮਾਰ ਦੇਈਏ, ਤੇ ਆਪਣੀ ਜਿੰਦ ਉਸ ਤੋਂ ਸਦਕੇ ਕਰ ਦੇਈਏ।੧।੩।
ਸੋਰਠਿ ਮਹਲਾ ੩ ॥ ਬਿਨੁ ਸਤਿਗੁਰ ਸੇਵੇ ਬਹੁਤਾ ਦੁਖੁ ਲਾਗਾ ਜੁਗ ਚਾਰੇ ਭਰਮਾਈ ॥ ਹਮ ਦੀਨ ਤੁਮ ਜੁਗੁ ਜੁਗੁ ਦਾਤੇ ਸਬਦੇ ਦੇਹਿ ਬੁਝਾਈ ॥੧॥ ਹਰਿ ਜੀਉ ਕ੍ਰਿਪਾ ਕਰਹੁ ਤੁਮ ਪਿਆਰੇ ॥ ਸਤਿਗੁਰੁ ਦਾਤਾ ਮੇਲਿ ਮਿਲਾਵਹੁ ਹਰਿ ਨਾਮੁ ਦੇਵਹੁ ਆਧਾਰੇ ॥ ਰਹਾਉ ॥ ਮਨਸਾ ਮਾਰਿ ਦੁਬਿਧਾ ਸਹਜਿ ਸਮਾਣੀ ਪਾਇਆ ਨਾਮੁ ਅਪਾਰਾ ॥ ਹਰਿ ਰਸੁ ਚਾਖਿ ਮਨੁ ਨਿਰਮਲੁ ਹੋਆ ਕਿਲਬਿਖ ਕਾਟਣਹਾਰਾ ॥੨॥ ਸਬਦਿ ਮਰਹੁ ਫਿਰਿ ਜੀਵਹੁ ਸਦ ਹੀ ਤਾ ਫਿਰਿ ਮਰਣੁ ਨ ਹੋਈ ॥ ਅੰਮ੍ਰਿਤੁ ਨਾਮੁ ਸਦਾ ਮਨਿ ਮੀਠਾ ਸਬਦੇ ਪਾਵੈ ਕੋਈ ॥੩॥ ਦਾਤੈ ਦਾਤਿ ਰਖੀ ਹਥਿ ਅਪਣੈ ਜਿਸੁ ਭਾਵੈ ਤਿਸੁ ਦੇਈ ॥ ਨਾਨਕ ਨਾਮਿ ਰਤੇ ਸੁਖੁ ਪਾਇਆ ਦਰਗਹ ਜਾਪਹਿ ਸੇਈ ॥੪॥੧੧॥ {ਪੰਨਾ 603-604}
ਪਦਅਰਥ: ਜੁਗ ਚਾਰੇ = ਚਹੁੰਆਂ ਜੁਗਾਂ ਵਿਚ। ਭਰਮਾਈ = ਭਟਕਦਾ ਹੈ। ਦੀਨ = ਕੰਗਾਲ, ਮੰਗਤੇ। ਸਬਦੇ = ਗੁਰੂ ਦੇ ਸ਼ਬਦ ਦੀ ਰਾਹੀਂ। ਦੇਹਿ = ਦੇਂਹਿ, ਤੂੰ ਦੇਂਦਾ ਹੈਂ। ਬੁਝਾਈ = ਸਮਝ।੧।
ਆਧਾਰੇ = ਆਸਰਾ।ਰਹਾਉ।
ਮਨਸਾ = {मनीषा} ਵਾਸਨਾ। ਮਾਰਿ = ਮਾਰ ਕੇ। ਦੁਬਿਧਾ = ਦੁ = ਕਿਸਮਾ = ਪਨ, ਡਾਂਵਾਂ = ਡੋਲ ਹਾਲਤ। ਸਹਜਿ = ਆਤਮਕ ਅਡੋਲਤਾ ਵਿਚ। ਕਿਲਬਿਖ = ਪਾਪ।੨।
ਸਬਦਿ = ਸ਼ਬਦ ਦੀ ਰਾਹੀਂ। ਮਰਹੁ = (ਵਿਕਾਰਾਂ ਵਲੋਂ) ਅਛੋਹ ਹੋ ਜਾਵੋ। ਜੀਵਹੁ = ਆਤਮਕ ਜੀਵਨ ਹਾਸਲ ਕਰ ਲਵੋਗੇ। ਸਦ ਹੀ = ਸਦਾ ਹੀ। ਮਰਣੁ = ਆਤਮਕ ਮੌਤ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਜਲ। ਮਨਿ = ਮਨ ਵਿਚ।੩।
ਦਾਤੈ = ਦਾਤੇ ਨੇ। ਹਥਿ = ਹੱਥ ਵਿਚ। ਦੇਈ = ਦੇਂਦਾ ਹੈ। ਜਾਪਹਿ = ਆਦਰ ਪਾਂਦੇ ਹਨ, ਪਰਗਟ ਹੁੰਦੇ ਹਨ।੪।
ਅਰਥ: ਹੇ ਪਿਆਰੇ ਪ੍ਰਭੂ ਜੀ! ਮੇਰੇ ਉਤੇ) ਮੇਹਰ ਕਰ, ਤੇਰੇ ਨਾਮ ਦੀ ਦਾਤਿ ਦੇਣ ਵਾਲਾ ਗੁਰੂ ਮੈਨੂੰ ਮਿਲਾ, ਅਤੇ (ਮੇਰੀ ਜ਼ਿੰਦਗੀ ਦਾ) ਸਹਾਰਾ ਆਪਣਾ ਨਾਮ ਮੈਨੂੰ ਦੇਹ।ਰਹਾਉ।
ਹੇ ਭਾਈ! ਗੁਰੂ ਦੀ ਸਰਨ ਪੈਣ ਤੋਂ ਬਿਨਾ ਮਨੁੱਖ ਨੂੰ ਬਹੁਤ ਦੁੱਖ ਚੰਬੜਿਆ ਰਹਿੰਦਾ ਹੈ, ਮਨੁੱਖ ਸਦਾ ਹੀ ਭਟਕਦਾ ਫਿਰਦਾ ਹੈ। ਹੇ ਪ੍ਰਭੂ! ਅਸੀ (ਜੀਵ, ਤੇਰੇ ਦਰ ਦੇ) ਮੰਗਤੇ ਹਾਂ, ਤੂੰ ਸਦਾ ਹੀ (ਸਾਨੂੰ) ਦਾਤਾਂ ਦੇਣ ਵਾਲਾ ਹੈਂ, (ਮੇਹਰ ਕਰ, ਗੁਰੂ ਦੇ) ਸ਼ਬਦ ਵਿਚ ਜੋੜ ਕੇ ਆਤਮਕ ਜੀਵਨ ਦੀ ਸਮਝ ਬਖ਼ਸ਼।੧।
(ਹੇ ਭਾਈ! ਗੁਰੂ ਦੀ ਸਰਨ ਪੈ ਕੇ ਜਿਸ ਮਨੁੱਖ ਨੇ) ਬੇਅੰਤ ਪ੍ਰਭੂ ਦਾ ਨਾਮ ਹਾਸਲ ਕਰ ਲਿਆ (ਨਾਮ ਦੀ ਬਰਕਤਿ ਨਾਲ) ਵਾਸਨਾ ਨੂੰ ਮੁਕਾ ਕੇ ਉਸ ਦੀ ਮਾਨਸਕ ਡਾਂਵਾਂ-ਡੋਲ ਹਾਲਤ ਆਤਮਕ ਅਡੋਲਤਾ ਵਿਚ ਲੀਨ ਹੋ ਜਾਂਦੀ ਹੈ। ਹੇ ਭਾਈ! ਪਰਮਾਤਮਾ ਦਾ ਨਾਮ ਸਾਰੇ ਪਾਪ ਕੱਟਣ ਦੇ ਸਮਰਥ ਹੈ (ਜੇਹੜਾ ਮਨੁੱਖ ਨਾਮ ਪ੍ਰਾਪਤ ਕਰ ਲੈਂਦਾ ਹੈ) ਹਰਿ-ਨਾਮ ਦਾ ਸੁਆਦ ਚੱਖ ਕੇ ਉਸ ਦਾ ਮਨ ਪਵਿਤ੍ਰ ਹੋ ਜਾਂਦਾ ਹੈ।੨।
ਹੇ ਭਾਈ! ਗੁਰੂ ਦੇ ਸ਼ਬਦ ਵਿਚ ਜੁੜ ਕੇ (ਵਿਕਾਰਾਂ ਵਲੋਂ) ਅਛੋਹ ਹੋ ਜਾਵੋ, ਫਿਰ ਸਦਾ ਲਈ ਹੀ ਆਤਮਕ ਜੀਵਨ ਜੀਊਂਦੇ ਰਹੋਗੇ, ਫਿਰ ਕਦੇ ਆਤਮਕ ਮੌਤ ਨੇੜੇ ਨਹੀਂ ਢੁਕੇਗੀ। ਜੇਹੜਾ ਭੀ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਹਰਿ-ਨਾਮ ਪ੍ਰਾਪਤ ਕਰ ਲੈਂਦਾ ਹੈ, ਉਸ ਨੂੰ ਇਹ ਆਤਮਕ ਜੀਵਨ ਦੇਣ ਵਾਲਾ ਨਾਮ ਸਦਾ ਲਈ ਮਨ ਵਿਚ ਮਿੱਠਾ ਲੱਗਣ ਲੱਗ ਪੈਂਦਾ ਹੈ।੩।
ਹੇ ਭਾਈ! ਦਾਤਾਰ ਨੇ (ਨਾਮ ਦੀ ਇਹ) ਦਾਤਿ ਆਪਣੇ ਹੱਥ ਵਿਚ ਰੱਖੀ ਹੋਈ ਹੈ, ਜਿਸ ਨੂੰ ਚਾਹੁੰਦਾ ਹੈ ਉਸ ਨੂੰ ਦੇ ਦੇਂਦਾ ਹੈ। ਹੇ ਨਾਨਕ! ਜੇਹੜੇ ਮਨੁੱਖ ਪ੍ਰਭੂ ਦੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ, ਉਹ (ਇਥੇ) ਸੁਖ ਮਾਣਦੇ ਹਨ, ਪਰਮਾਤਮਾ ਦੀ ਹਜ਼ੂਰੀ ਵਿਚ ਭੀ ਉਹੀ ਮਨੁੱਖ ਆਦਰ-ਮਾਣ ਪਾਂਦੇ ਹਨ।੪।੧੧।
*┈┉┅━❀꧁ੴ꧂❀━┅┉┈*

ਜੈਤਸਰੀ ਮਹਲਾ ੪ ॥ ਜਿਨ ਹਰਿ ਹਿਰਦੈ ਨਾਮੁ ਨ ਬਸਿਓ ਤਿਨ ਮਾਤ ਕੀਜੈ ਹਰਿ ਬਾਂਝਾ ॥ ਤਿਨ ਸੁੰਞੀ ਦੇਹ ਫਿਰਹਿ ਬਿਨੁ ਨਾਵੈ ਓਇ ਖਪਿ ਖਪਿ ਮੁਏ ਕਰਾਂਝਾ ॥੧॥ ਮੇਰੇ ਮਨ ਜਪਿ ਰਾਮ ਨਾਮੁ ਹਰਿ ਮਾਝਾ ॥ ਹਰਿ ਹਰਿ ਕ੍ਰਿਪਾਲਿ ਕ੍ਰਿਪਾ ਪ੍ਰਭਿ ਧਾਰੀ ਗੁਰਿ ਗਿਆਨੁ ਦੀਓ ਮਨੁ ਸਮਝਾ ॥ ਰਹਾਉ ॥ ਹਰਿ ਕੀਰਤਿ ਕਲਜੁਗਿ ਪਦੁ ਊਤਮੁ ਹਰਿ ਪਾਈਐ ਸਤਿਗੁਰ ਮਾਝਾ ॥ ਹਉ ਬਲਿਹਾਰੀ ਸਤਿਗੁਰ ਅਪੁਨੇ ਜਿਨਿ ਗੁਪਤੁ ਨਾਮੁ ਪਰਗਾਝਾ ॥੨॥ ਦਰਸਨੁ ਸਾਧ ਮਿਲਿਓ ਵਡਭਾਗੀ ਸਭਿ ਕਿਲਬਿਖ ਗਏ ਗਵਾਝਾ ॥ ਸਤਿਗੁਰੁ ਸਾਹੁ ਪਾਇਆ ਵਡ ਦਾਣਾ ਹਰਿ ਕੀਏ ਬਹੁ ਗੁਣ ਸਾਝਾ ॥੩॥ ਜਿਨ ਕਉ ਕ੍ਰਿਪਾ ਕਰੀ ਜਗਜੀਵਨਿ ਹਰਿ ਉਰਿ ਧਾਰਿਓ ਮਨ ਮਾਝਾ ॥ ਧਰਮ ਰਾਇ ਦਰਿ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ ॥੪॥੫॥ {ਪੰਨਾ 697}
ਪਦਅਰਥ: ਜਿਨ ਹਿਰਦੇ = ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ। ਤਿਨ ਮਾਤ = ਉਹਨਾਂ ਦੀ ਮਾਂ। ਬਾਂਝਾ = ਸੰਢ, ਜਿਸ ਦੇ ਘਰ ਸੰਤਾਨ ਪੈਦਾ ਨਾਹ ਹੋ ਸਕੇ। ਸੁੰਞੀ = ਸੱਖਣੀ। ਦੇਹ = ਕਾਂਇਆਂ, ਸਰੀਰ। ਓਇ = ਉਹ {ਲਫ਼ਜ਼ 'ਓਹ' ਤੋਂ ਬਹੁ-ਵਚਨ}। ਮੁਏ = ਆਤਮਕ ਮੌਤ ਮਰ ਗਏ। ਕਰਾਂਝਾ = ਕ੍ਰੁਝ ਕ੍ਰੁਝ ਕੇ।੧।
ਮਾਝਾ = ਅੰਦਰ, ਜੋ ਅੰਦਰ ਹੀ ਵੱਸ ਰਿਹਾ ਹੈ। ਕ੍ਰਿਪਾਲਿ = ਕ੍ਰਿਪਾਲ ਨੇ। ਪ੍ਰਭਿ = ਪ੍ਰਭੂ ਨੇ। ਗੁਰਿ = ਗੁਰੂ ਨੇ।ਰਹਾਉ।
ਕੀਰਤਿ = ਸਿਫ਼ਤਿ-ਸਾਲਾਹ। ਕਲਜੁਗਿ = ਜਗਤ ਵਿਚ। ਪਦੁ = ਆਤਮਕ ਦਰਜਾ। ਪਾਈਐ = ਮਿਲਦਾ ਹੈ। ਮਾਝਾ = ਦੀ ਰਾਹੀਂ। ਹਉ = ਮੈਂ। ਜਿਨਿ = ਜਿਸ (ਗੁਰੂ) ਨੇ {ਲਫ਼ਜ਼ 'ਜਿਨ' ਅਤੇ 'ਜਿਨਿ' ਦਾ ਫ਼ਰਕ ਚੇਤੇ ਰੱਖੋ}। ਗੁਪਤੁ = ਅੰਦਰ ਲੁਕਿਆ ਹੋਇਆ।੨।
ਸਾਧ = ਗੁਰੂ। ਸਭਿ = ਸਾਰੇ। ਕਿਲਬਿਖ = ਪਾਪ। ਦਾਣਾ = ਦਾਨਾ, ਸਿਆਣਾ। ਸਾਝਾ = ਸਾਂਝੀਵਾਲ।੩।
ਜਗ ਜੀਵਨਿ = ਜਗਤ ਦੇ ਜੀਵਨ (ਪ੍ਰਭੂ) ਨੇ। ਉਰਿ = ਹਿਰਦੇ ਵਿਚ। ਮਾਝਾ = ਵਿਚ। ਦਰਿ = ਦਰ ਤੇ। ਕਾਗਦ = ਕੀਤੇ ਕਰਮਾਂ ਦੇ ਲੇਖੇ ਦੇ ਕਾਗ਼ਜ਼। ਫਾਰੇ = ਪਾੜ ਦਿੱਤੇ ਗਏ।੪।
ਅਰਥ: ਹੇ ਮੇਰੇ ਮਨ! ਉਸ ਪਰਮਾਤਮਾ ਦਾ ਨਾਮ ਜਪਿਆ ਕਰ, ਜੋ ਤੇਰੇ ਅੰਦਰ ਹੀ ਵੱਸ ਰਿਹਾ ਹੈ। ਹੇ ਭਾਈ! ਕ੍ਰਿਪਾਲ ਪ੍ਰਭੂ ਨੇ (ਜਿਸ ਮਨੁੱਖ ਉਤੇ) ਕਿਰਪਾ ਕੀਤੀ ਉਸ ਨੂੰ ਗੁਰੂ ਨੇ ਆਤਮਕ ਜੀਵਨ ਦੀ ਸੂਝ ਬਖ਼ਸ਼ੀ ਉਸ ਦਾ ਮਨ (ਨਾਮ ਜਪਣ ਦੀ ਕਦਰ) ਸਮਝ ਗਿਆ।ਰਹਾਉ।
ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਨਹੀਂ ਵੱਸਦਾ, ਉਹਨਾਂ ਦੀ ਮਾਂ ਨੂੰ ਹਰੀ ਬਾਂਝ ਹੀ ਕਰ ਦਿਆ ਕਰੇ (ਤਾਂ ਚੰਗਾ ਹੈ, ਕਿਉਂਕਿ) ਉਹਨਾਂ ਦਾ ਸਰੀਰ ਹਰਿ-ਨਾਮ ਤੋਂ ਸੁੰਞਾ ਰਹਿੰਦਾ ਹੈ, ਉਹ ਨਾਮ ਤੋਂ ਵਾਂਜੇ ਹੀ ਤੁਰੇ ਫਿਰਦੇ ਹਨ, ਅਤੇ, ਉਹ ਕ੍ਰੁਝ ਕ੍ਰੁਝ ਕੇ ਖ਼ੁਆਰ ਹੋ ਹੋ ਕੇ ਆਤਮਕ ਮੌਤ ਸਹੇੜਦੇ ਰਹਿੰਦੇ ਹਨ।੧।
ਹੇ ਭਾਈ! ਜਗਤ ਵਿਚ ਪਰਮਾਤਮਾ ਦੀ ਸਿਫ਼ਤਿ-ਸਾਲਾਹ ਹੀ ਸਭ ਤੋਂ ਉੱਚਾ ਦਰਜਾ ਹੈ, (ਪਰ) ਪਰਮਾਤਮਾ ਗੁਰੂ ਦੀ ਰਾਹੀਂ (ਹੀ) ਮਿਲਦਾ ਹੈ। ਹੇ ਭਾਈ! ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ ਜਿਸ ਨੇ ਮੇਰੇ ਅੰਦਰ ਹੀ ਗੁੱਝੇ ਵੱਸਦੇ ਪਰਮਾਤਮਾ ਦਾ ਨਾਮ ਪਰਗਟ ਕਰ ਦਿੱਤਾ।੨।
ਹੇ ਭਾਈ! ਜਿਸ ਮਨੁੱਖ ਨੂੰ ਵੱਡੇ ਭਾਗਾਂ ਨਾਲ ਗੁਰੂ ਦਾ ਦਰਸਨ ਪ੍ਰਾਪਤ ਹੁੰਦਾ ਹੈ, ਉਸ ਦੇ ਸਾਰੇ ਪਾਪ ਦੂਰ ਹੋ ਜਾਂਦੇ ਹਨ। ਜਿਸ ਨੂੰ ਵੱਡਾ ਸਿਆਣਾ ਤੇ ਸ਼ਾਹ ਗੁਰੂ ਮਿਲ ਪਿਆ, ਗੁਰੂ ਨੇ ਪਰਮਾਤਮਾ ਦੇ ਬਹੁਤੇ ਗੁਣਾਂ ਨਾਲ ਉਸ ਨੂੰ ਸਾਂਝੀਵਾਲ ਬਣਾ ਦਿੱਤਾ।੩।
ਹੇ ਭਾਈ! ਜਗਤ ਦੇ ਜੀਵਨ ਪ੍ਰਭੂ ਨੇ ਜਿਨ੍ਹਾਂ ਮਨੁੱਖਾਂ ਉਤੇ ਕਿਰਪਾ ਕੀਤੀ, ਉਹਨਾਂ ਨੇ ਆਪਣੇ ਮਨ ਵਿਚ ਹਿਰਦੇ ਵਿਚ ਪਰਮਾਤਮਾ ਦਾ ਨਾਮ ਟਿਕਾ ਲਿਆ। ਹੇ ਨਾਨਕ! ਆਖ-ਹੇ ਭਾਈ) ਧਰਮਰਾਜ ਦੇ ਦਰ ਤੇ ਉਹਨਾਂ ਮਨੁੱਖਾਂ ਦੇ (ਕੀਤੇ ਕਰਮਾਂ ਦੇ ਲੇਖੇ ਦੇ ਸਾਰੇ) ਕਾਗ਼ਜ਼ ਪਾੜ ਦਿੱਤੇ ਗਏ, ਉਹਨਾਂ ਦਾਸਾਂ ਦਾ ਲੇਖਾ ਨਿੱਬੜ ਗਿਆ।੪।੫।
ਸੂਹੀ ਮਹਲਾ ੫ ॥ ਸਿਮ੍ਰਿਤਿ ਬੇਦ ਪੁਰਾਣ ਪੁਕਾਰਨਿ ਪੋਥੀਆ ॥ ਨਾਮ ਬਿਨਾ ਸਭਿ ਕੂੜੁ ਗਾਲ੍ਹ੍ਹੀ ਹੋਛੀਆ ॥੧॥ ਨਾਮੁ ਨਿਧਾਨੁ ਅਪਾਰੁ ਭਗਤਾ ਮਨਿ ਵਸੈ ॥ ਜਨਮ ਮਰਣ ਮੋਹੁ ਦੁਖੁ ਸਾਧੂ ਸੰਗਿ ਨਸੈ ॥੧॥ ਰਹਾਉ ॥ ਮੋਹਿ ਬਾਦਿ ਅਹੰਕਾਰਿ ਸਰਪਰ ਰੁੰਨਿਆ ॥ ਸੁਖੁ ਨ ਪਾਇਨ੍ਹ੍ਹਿ ਮੂਲਿ ਨਾਮ ਵਿਛੁੰਨਿਆ ॥੨॥ ਮੇਰੀ ਮੇਰੀ ਧਾਰਿ ਬੰਧਨਿ ਬੰਧਿਆ ॥ ਨਰਕਿ ਸੁਰਗਿ ਅਵਤਾਰ ਮਾਇਆ ਧੰਧਿਆ ॥੩॥ ਸੋਧਤ ਸੋਧਤ ਸੋਧਿ ਤਤੁ ਬੀਚਾਰਿਆ ॥ ਨਾਮ ਬਿਨਾ ਸੁਖੁ ਨਾਹਿ ਸਰਪਰ ਹਾਰਿਆ ॥੪॥ {ਪੰਨਾ 761}
ਪਦਅਰਥ: ਪੁਕਾਰਨਿ = (ਜੇਹੜੇ ਮਨੁੱਖ ਕਰਮ ਕਾਂਡ ਆਦਿਕ ਦਾ ਰਾਹ) ਉੱਚੀ ਉੱਚੀ ਦੱਸਦੇ ਹਨ। ਸਭਿ = ਸਾਰੇ। ਗਾਲ੍ਹ੍ਹੀ = ਗੱਲਾਂ। ਹੋਛੀਆ = ਹੋਛੀਆਂ, ਥੋਥੀਆਂ।੧।
ਨਿਧਾਨੁ = ਖ਼ਜ਼ਾਨਾ। ਅਪਾਰੁ = ਬੇਅੰਤ। ਮਨਿ = ਮਨ ਵਿਚ। ਸਾਧੂ ਸੰਗਿ = ਗੁਰੂ ਦੀ ਸੰਗਤਿ ਵਿਚ।੧।ਰਹਾਉ।
ਮੋਹਿ = ਮੋਹ ਵਿਚ। ਬਾਦਿ = ਝਗੜੇ ਵਿਚ। ਅਹੰਕਾਰਿ = ਅਹੰਕਾਰ ਵਿਚ। ਸਰਪਰ = ਜ਼ਰੂਰ। ਰੁੰਨਿਆ = ਰੋਂਦੇ ਹਨ। ਨ ਪਾਇਨ੍ਹ੍ਹਿ = ਨਹੀਂ ਪਾਂਦੇ। ਮੂਲਿ = ਬਿਲਕੁਲ। ਵਿਛੁੰਨਿਆ = ਵਿਛੁੜੇ ਹੋਏ।੨।
ਮੇਰੀ ਮੇਰੀ ਧਾਰਿ = ਮਾਇਆ ਦੀ ਮਮਤਾ ਦੇ ਖ਼ਿਆਲ ਮਨ ਵਿਚ ਟਿਕਾ ਕੇ। ਬੰਧਨਿ = (ਮੋਹ ਦੇ) ਬੰਧਨ ਵਿਚ। ਨਰਕਿ = ਨਰਕ ਵਿਚ, ਦੁੱਖ ਵਿਚ। ਸੁਰਗਿ = ਸੁਰਗ ਵਿਚ, ਸੁਖ ਵਿਚ। ਅਵਤਾਰ = ਜਨਮ।੩।
ਸੋਧਤ = ਵਿਚਾਰ ਕਰਦਿਆਂ। ਸੋਧਿ = ਵਿਚਾਰ ਕਰ ਕੇ। ਤਤੁ = ਅਸਲੀਅਤ। ਹਾਰਿਆ = (ਜੀਵਨ = ਬਾਜ਼ੀ) ਹਾਰਦੇ ਹਨ।੪।
ਅਰਥ: ਹੇ ਭਾਈ! ਪਰਮਾਤਮਾ ਦੇ ਨਾਮ ਦਾ ਬੇਅੰਤ ਖ਼ਜ਼ਾਨਾ (ਪਰਮਾਤਮਾ ਦੇ) ਭਗਤਾਂ ਦੇ ਹਿਰਦੇ ਵਿਚ ਵੱਸਦਾ ਹੈ। ਗੁਰੂ ਦੀ ਸੰਗਤਿ ਵਿਚ (ਨਾਮ ਜਪਿਆਂ) ਜਨਮ ਮਰਨ ਦੇ ਦੁੱਖ ਅਤੇ ਮੋਹ ਆਦਿਕ ਹਰੇਕ ਕਲੇਸ਼ ਦੂਰ ਹੋ ਜਾਂਦਾ ਹੈ।੧।ਰਹਾਉ।
ਹੇ ਭਾਈ! ਜੇਹੜੇ ਮਨੁੱਖ ਵੇਦ ਪੁਰਾਣ ਸਿੰਮ੍ਰਿਤੀਆਂ ਆਦਿਕ ਧਰਮ-ਪੁਸਤਕਾਂ ਪੜ੍ਹ ਕੇ (ਨਾਮ ਨੂੰ ਲਾਂਭੇ ਛੱਡ ਕੇ ਕਰਮ ਕਾਂਡ ਆਦਿਕ ਦਾ ਉਪਦੇਸ਼) ਉੱਚੀ ਉੱਚੀ ਸੁਣਾਂਦੇ ਹਨ, ਉਹ ਮਨੁੱਖ ਥੋਥੀਆਂ ਗੱਲਾਂ ਕਰਦੇ ਹਨ। ਪਰਮਾਤਮਾ ਦੇ ਨਾਮ ਤੋਂ ਬਿਨਾ ਝੂਠਾ ਪਰਚਾਰ ਹੀ ਇਹ ਸਾਰੇ ਲੋਕ ਕਰਦੇ ਹਨ।੧।
ਹੇ ਭਾਈ! ਪ੍ਰਭੂ ਦੇ ਨਾਮ ਤੋਂ ਵਿਛੁੜੇ ਹੋਏ ਮਨੁੱਖ ਕਦੇ ਭੀ ਆਤਮਕ ਆਨੰਦ ਨਹੀਂ ਮਾਣਦੇ। ਉਹ ਮਨੁੱਖ ਮਾਇਆ ਦੇ ਮੋਹ ਵਿਚ, ਸ਼ਾਸਤ੍ਰਾਰਥ ਵਿਚ, ਅਹੰਕਾਰ ਵਿਚ ਫਸ ਕੇ ਜ਼ਰੂਰ ਦੁਖੀ ਹੁੰਦੇ ਹਨ।੨।
ਹੇ ਭਾਈ! ਪਰਮਾਤਮਾ ਦੇ ਨਾਮ ਤੋਂ ਖੁੰਝ ਕੇ) ਮਾਇਆ ਦੀ ਮਮਤਾ ਦਾ ਖ਼ਿਆਲ ਮਨ ਵਿਚ ਟਿਕਾ ਕੇ ਮੋਹ ਦੇ ਬੰਧਨ ਵਿਚ ਬੱਝੇ ਰਹਿੰਦੇ ਹਨ। ਨਿਰੀ ਮਾਇਆ ਦੇ ਝੰਬੇਲਿਆਂ ਦੇ ਕਾਰਨ ਉਹ ਲੋਕ ਦੁੱਖ ਸੁਖ ਭੋਗਦੇ ਰਹਿੰਦੇ ਹਨ।੩।
ਹੇ ਭਾਈ! ਚੰਗੀ ਤਰ੍ਹਾਂ ਪੜਤਾਲ ਕਰ ਕੇ ਨਿਰਨਾ ਕਰ ਕੇ ਅਸੀ ਇਸ ਅਸਲੀਅਤ ਉਤੇ ਪਹੁੰਚੇ ਹਾਂ ਕਿ ਪਰਮਾਤਮਾ ਦੇ ਨਾਮ ਤੋਂ ਬਿਨਾ ਆਤਮਕ ਆਨੰਦ ਨਹੀਂ ਮਿਲ ਸਕਦਾ। ਨਾਮ ਤੋਂ ਵਾਂਜੇ ਰਹਿਣ ਵਾਲੇ ਜ਼ਰੂਰ (ਮਨੁੱਖਾ ਜਨਮ ਦੀ ਬਾਜ਼ੀ) ਹਾਰ ਕੇ ਜਾਂਦੇ ਹਨ।੪।
ਆਵਹਿ ਜਾਹਿ ਅਨੇਕ ਮਰਿ ਮਰਿ ਜਨਮਤੇ ॥ ਬਿਨੁ ਬੂਝੇ ਸਭੁ ਵਾਦਿ ਜੋਨੀ ਭਰਮਤੇ ॥੫॥ ਜਿਨ੍ਹ੍ਹ ਕਉ ਭਏ ਦਇਆਲ ਤਿਨ੍ਹ੍ਹ ਸਾਧੂ ਸੰਗੁ ਭਇਆ ॥ ਅੰਮ੍ਰਿਤੁ ਹਰਿ ਕਾ ਨਾਮੁ ਤਿਨ੍ਹ੍ਹੀ ਜਨੀ ਜਪਿ ਲਇਆ ॥੬॥ ਖੋਜਹਿ ਕੋਟਿ ਅਸੰਖ ਬਹੁਤੁ ਅਨੰਤ ਕੇ ॥ ਜਿਸੁ ਬੁਝਾਏ ਆਪਿ ਨੇੜਾ ਤਿਸੁ ਹੇ ॥੭॥ ਵਿਸਰੁ ਨਾਹੀ ਦਾਤਾਰ ਆਪਣਾ ਨਾਮੁ ਦੇਹੁ ॥ ਗੁਣ ਗਾਵਾ ਦਿਨੁ ਰਾਤਿ ਨਾਨਕ ਚਾਉ ਏਹੁ ॥੮॥੨॥੫॥੧੬॥ {ਪੰਨਾ 762}
ਪਦਅਰਥ: ਆਵਹਿ = ਸੰਸਾਰ ਵਿਚ ਆਉਂਦੇ ਹਨ। ਜਾਹਿ = (ਸੰਸਾਰ ਤੋਂ) ਚਲੇ ਜਾਂਦੇ ਹਨ। ਮਰਿ ਮਰਿ = ਆਤਮਕ ਮੌਤ ਸਹੇੜ ਸਹੇੜ ਕੇ। ਵਾਦਿ = ਵਿਅਰਥ। ਭਰਮਤੇ = ਭਟਕਦੇ ਹਨ।੫।
ਕਉ = ਨੂੰ, ਉਤੇ। ਸੰਗੁ = ਸਾਥ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ। ਜਨੀ = ਜਨੀਂ, ਜਨਾਂ ਨੇ।੬।
ਖੋਜਹਿ = ਖੋਜਦੇ ਹਨ। ਕੋਟਿ = ਕ੍ਰੋੜਾਂ। ਅਸੰਖ = ਅਣਗਿਣਤ। ਅਨੰਤ = ਬੇਅੰਤ। ਕੇ = ਕਈ, ਅਨੇਕਾਂ। ਨੇੜਾ = ਨਿਕਟਤਾ, ਨੇੜ। ਤਿਸੁ ਹੇ = ਉਸ ਮਨੁੱਖ ਨੂੰ ਪ੍ਰਾਪਤ ਹੁੰਦੀ ਹੈ।੭।
ਦਾਤਾਰ = ਹੇ ਦਾਤਾਰ! ਗਾਵਾ = ਗਾਵਾਂ, ਮੈਂ ਗਾਂਦਾ ਹਰਾਂ। ਨਾਨਕ = ਹੇ ਨਾਨਕ! ਆਖ-) ।੮।
ਅਰਥ: (ਪਰਮਾਤਮਾ ਦੇ ਨਾਮ ਤੋਂ ਖੁੰਝ ਕੇ) ਅਨੇਕਾਂ ਪ੍ਰਾਣੀ (ਮੁੜ ਮੁੜ) ਜੰਮਦੇ ਹਨ ਮਰਦੇ ਹਨ। ਆਤਮਕ ਮੌਤ ਸਹੇੜ ਸਹੇੜ ਕੇ ਮੁੜ ਮੁੜ ਜਨਮ ਲੈਂਦੇ ਰਹਿੰਦੇ ਹਨ। (ਆਤਮਕ ਜੀਵਨ ਦੀ) ਸੂਝ ਤੋਂ ਬਿਨਾ ਉਹਨਾਂ ਦਾ ਸਾਰਾ ਹੀ ਉੱਦਮ ਵਿਅਰਥ ਰਹਿੰਦਾ ਹੈ, ਉਹ ਅਨੇਕਾਂ ਜੂਨਾਂ ਵਿਚ ਭਟਕਦੇ ਰਹਿੰਦੇ ਹਨ।੫।
ਹੇ ਭਾਈ! ਜਿਨ੍ਹਾਂ ਮਨੁੱਖਾਂ ਉਤੇ ਪਰਮਾਤਮਾ ਦਇਆਵਾਨ ਹੁੰਦਾ ਹੈ ਉਹਨਾਂ ਨੂੰ ਗੁਰੂ ਦੀ ਸੰਗਤਿ ਪ੍ਰਾਪਤ ਹੁੰਦੀ ਹੈ, ਉਹ ਮਨੁੱਖ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਜਪਦੇ ਰਹਿੰਦੇ ਹਨ।੬।
ਹੇ ਭਾਈ! ਕ੍ਰੋੜਾਂ ਅਣਗਿਣਤ, ਬੇਅੰਤ, ਅਨੇਕਾਂ ਹੀ ਪ੍ਰਾਣੀ (ਪਰਮਾਤਮਾ ਦੀ) ਭਾਲ ਕਰਦੇ ਹਨ, ਪਰ ਪਰਮਾਤਮਾ ਆਪ ਜਿਸ ਮਨੁੱਖ ਨੂੰ ਸੂਝ ਬਖ਼ਸ਼ਦਾ ਹੈ, ਉਸ ਮਨੁੱਖ ਨੂੰ ਪ੍ਰਭੂ ਦੀ ਨੇੜਤਾ ਮਿਲ ਜਾਂਦੀ ਹੈ।੭।
ਹੇ ਨਾਨਕ! ਪ੍ਰਭੂ-ਚਰਨਾਂ ਵਿਚ ਅਰਦਾਸ ਕਰ, ਤੇ ਆਖ-) ਹੇ ਦਾਤਾਰ! ਮੇਰੇ ਅੰਦਰ ਇਹ ਤਾਂਘ ਹੈ ਕਿ ਮੈਂ ਦਿਨ ਰਾਤ ਤੇਰੇ ਗੁਣ ਗਾਂਦਾ ਰਹਾਂ। ਮੈਨੂੰ ਆਪਣਾ ਨਾਮ ਬਖ਼ਸ਼। ਮੈਂ ਤੈਨੂੰ ਕਦੇ ਨਾਹ ਭੁਲਾਵਾਂ।੮।੨।੫।
ਧਨਾਸਰੀ ਮਹਲਾ ੫ ॥ ਦੀਨ ਦਰਦ ਨਿਵਾਰਿ ਠਾਕੁਰ ਰਾਖੈ ਜਨ ਕੀ ਆਪਿ ॥ ਤਰਣ ਤਾਰਣ ਹਰਿ ਨਿਧਿ ਦੂਖੁ ਨ ਸਕੈ ਬਿਆਪਿ ॥੧॥ ਸਾਧੂ ਸੰਗਿ ਭਜਹੁ ਗੁਪਾਲ ॥ ਆਨ ਸੰਜਮ ਕਿਛੁ ਨ ਸੂਝੈ ਇਹ ਜਤਨ ਕਾਟਿ ਕਲਿ ਕਾਲ ॥ ਰਹਾਉ ॥ ਆਦਿ ਅੰਤਿ ਦਇਆਲ ਪੂਰਨ ਤਿਸੁ ਬਿਨਾ ਨਹੀ ਕੋਇ ॥ ਜਨਮ ਮਰਣ ਨਿਵਾਰਿ ਹਰਿ ਜਪਿ ਸਿਮਰਿ ਸੁਆਮੀ ਸੋਇ ॥੨॥ ਬੇਦ ਸਿੰਮ੍ਰਿਤਿ ਕਥੈ ਸਾਸਤ ਭਗਤ ਕਰਹਿ ਬੀਚਾਰੁ ॥ ਮੁਕਤਿ ਪਾਈਐ ਸਾਧਸੰਗਤਿ ਬਿਨਸਿ ਜਾਇ ਅੰਧਾਰੁ ॥੩॥ ਚਰਨ ਕਮਲ ਅਧਾਰੁ ਜਨ ਕਾ ਰਾਸਿ ਪੂੰਜੀ ਏਕ ॥ ਤਾਣੁ ਮਾਣੁ ਦੀਬਾਣੁ ਸਾਚਾ ਨਾਨਕ ਕੀ ਪ੍ਰਭ ਟੇਕ ॥੪॥੨॥੨੦॥ {ਪੰਨਾ 675}
ਪਦਅਰਥ: ਦੀਨ = ਗਰੀਬ, ਅਨਾਥ। ਨਿਵਾਰਿ = ਦੂਰ ਕਰ ਕੇ। ਜਨ = ਸੇਵਕ। ਰਾਖੈ = ਲਾਜ ਰੱਖਦਾ ਹੈ। ਤਰਣ = ਜਹਾਜ਼। ਨਿਧਿ = ਖ਼ਜ਼ਾਨਾ। ਨ ਸਕੈ ਬਿਆਪਿ = ਪੋਹ ਨਹੀਂ ਸਕਦਾ।੧।
ਸਾਧੂ ਸੰਗਿ = ਗੁਰੂ ਦੀ ਸੰਗਤਿ ਵਿਚ। ਗੋਪਾਲ = ਧਰਤੀ ਦਾ ਪਾਲਣ ਵਾਲਾ। ਆਨ = {अन्य} ਕੋਈ ਹੋਰ। ਸੰਜਮ = ਜੁਗਤਿ। ਕਟਿ = ਕੱਟ ਲੈ। ਕਲਿ ਕਾਲ = ਸੰਸਾਰ ਦੀ ਕਲਪਣਾ, ਜਗਤ ਦੇ ਝੰਬੇਲੇ।ਰਹਾਉ।
ਆਦਿ = ਸ਼ੁਰੂ ਤੋਂ। ਅੰਤਿ = ਅਖ਼ੀਰ ਵਿਚ। ਆਦਿ ਅੰਤਿ = ਜਗਤ ਦੇ ਸ਼ੁਰੂ ਤੋਂ ਲੈ ਕੇ ਅਖ਼ੀਰ ਤਕ, ਸਦਾ ਹੀ। ਦਇਆਲ = ਦਇਆ ਦਾ ਘਰ। ਪੂਰਨ = ਸਰਬ = ਵਿਆਪਕ। ਨਿਵਾਰਿ = ਦੂਰ ਕਰ ਲੈ। ਜਪਿ = ਜਪ ਕੇ। ਸੋਇ = ਉਹੀ।੨।
ਕਰਹਿ = ਕਰਦੇ ਹਨ। ਮੁਕਤਿ = (ਜਗਤ ਦੇ ਝਗੜਿਆਂ ਝੰਬੇਲਿਆਂ ਤੋਂ) ਖ਼ਲਾਸੀ। ਅੰਧਾਰੁ = ਹਨੇਰਾ।੩।
ਅਧਾਰੁ = ਆਸਰਾ। ਸਾਚਾ = ਸਦਾ ਕਾਇਮ ਰਹਿਣ ਵਾਲਾ।੪।
ਅਰਥ: ਹੇ ਭਾਈ! ਗੁਰੂ ਦੀ ਸੰਗਤਿ ਵਿਚ (ਰਹਿ ਕੇ) ਪਰਮਾਤਮਾ ਦਾ ਨਾਮ ਜਪਿਆ ਕਰ। ਇਹਨਾਂ ਜਤਨਾਂ ਨਾਲ ਹੀ ਸੰਸਾਰ ਦੇ ਝੰਬੇਲਿਆਂ ਦੀ ਫਾਹੀ ਕੱਟ। (ਮੈਨੂੰ ਇਸ ਤੋਂ ਬਿਨਾ) ਹੋਰ ਕੋਈ ਜੁਗਤਿ ਨਹੀਂ ਸੁੱਝਦੀ।ਰਹਾਉ।
ਹੇ ਭਾਈ! ਪਰਮਾਤਮਾ ਅਨਾਥਾਂ ਦੇ ਦੁੱਖ ਦੂਰ ਕਰ ਕੇ ਆਪਣੇ ਸੇਵਕਾਂ ਦੀ ਲਾਜ ਆਪ ਰੱਖਦਾ ਹੈ। ਉਹ ਪ੍ਰਭੂ (ਸੰਸਾਰ-ਸਮੁੰਦਰ ਤੋਂ ਪਾਰ) ਲੰਘਾਣ ਵਾਸਤੇ (ਮਾਨੋ) ਜਹਾਜ਼ ਹੈ, ਉਹ ਹਰੀ ਸਾਰੇ ਸੁਖਾਂ ਦਾ ਖ਼ਜ਼ਾਨਾ ਹੈ, (ਉਸ ਦੀ ਸਰਨ ਪਿਆਂ ਕੋਈ) ਦੁੱਖ ਪੋਹ ਨਹੀਂ ਸਕਦਾ।੧।
ਹੇ ਭਾਈ! ਜੇਹੜਾ ਦਇਆ-ਦਾ-ਘਰ ਸਰਬ-ਵਿਆਪਕ ਪ੍ਰਭੂ ਸਦਾ ਹੀ (ਜੀਵਾਂ ਦੇ ਸਿਰ ਉਤੇ ਰਾਖਾ) ਹੈ ਤੇ ਉਸ ਤੋਂ ਬਿਨਾ (ਉਸ ਵਰਗਾ) ਹੋਰ ਕੋਈ ਨਹੀਂ ਉਸੇ ਮਾਲਕ ਦਾ ਨਾਮ ਸਦਾ ਸਿਮਰਿਆ ਕਰ, ਉਸੇ ਹਰੀ ਦਾ ਨਾਮ ਜਪ ਕੇ ਆਪਣਾ ਜਨਮ-ਮਰਨ ਦਾ ਗੇੜ ਦੂਰ ਕਰ।੨।
ਹੇ ਭਾਈ! ਵੇਦ ਸਿੰਮ੍ਰਿਤੀ ਸ਼ਾਸਤਰ (ਹਰੇਕ ਧਰਮ ਪੁਸਤਕ ਜਿਸ ਪਰਮਾਤਮਾ ਦਾ) ਜ਼ਿਕਰ ਕਰਦਾ ਹੈ, ਭਗਤ ਜਨ (ਭੀ ਜਿਸ ਪਰਮਾਤਮਾ ਦੇ ਗੁਣਾਂ ਦਾ) ਵਿਚਾਰ ਕਰਦੇ ਹਨ, ਸਾਧ ਸੰਗਤਿ ਵਿਚ (ਉਸ ਦਾ ਨਾਮ ਸਿਮਰ ਕੇ ਜਗਤ ਦੇ ਝੰਬੇਲਿਆਂ ਤੋਂ) ਖ਼ਲਾਸੀ ਮਿਲਦੀ ਹੈ, (ਮਾਇਆ ਦੇ ਮੋਹ ਦਾ) ਹਨੇਰਾ ਦੂਰ ਹੋ ਜਾਂਦਾ ਹੈ।੩।
ਹੇ ਨਾਨਕ! ਆਖ-ਹੇ ਭਾਈ!) ਪਰਮਾਤਮਾ ਦੇ ਸੋਹਣੇ ਚਰਨ ਹੀ ਭਗਤਾਂ (ਦੇ ਆਤਮਕ ਜੀਵਨ) ਦਾ ਸਰਮਾਇਆ ਹੈ, ਪਰਮਾਤਮਾ ਦੀ ਓਟ ਹੀ ਉਹਨਾਂ ਦਾ ਬਲ ਹੈ, ਸਹਾਰਾ ਹੈ, ਸਦਾ ਕਾਇਮ ਰਹਿਣ ਵਾਲਾ ਆਸਰਾ ਹੈ।੪।੨।੨੦।
*┈┉┅━❀꧁ੴ꧂❀━┅┉┈*
ਧਨਾਸਰੀ ਮਹਲਾ ੫ ਛੰਤ ੴ ਸਤਿਗੁਰ ਪ੍ਰਸਾਦਿ ॥ ਸਤਿਗੁਰ ਦੀਨ ਦਇਆਲ ਜਿਸੁ ਸੰਗਿ ਹਰਿ ਗਾਵੀਐ ਜੀਉ ॥ ਅੰਮ੍ਰਿਤੁ ਹਰਿ ਕਾ ਨਾਮੁ ਸਾਧਸੰਗਿ ਰਾਵੀਐ ਜੀਉ ॥ ਭਜੁ ਸੰਗਿ ਸਾਧੂ ਇਕੁ ਅਰਾਧੂ ਜਨਮ ਮਰਨ ਦੁਖ ਨਾਸਏ ॥ ਧੁਰਿ ਕਰਮੁ ਲਿਖਿਆ ਸਾਚੁ ਸਿਖਿਆ ਕਟੀ ਜਮ ਕੀ ਫਾਸਏ ॥ ਭੈ ਭਰਮ ਨਾਠੇ ਛੁਟੀ ਗਾਠੇ ਜਮ ਪੰਥਿ ਮੂਲਿ ਨ ਆਵੀਐ ॥ ਬਿਨਵੰਤਿ ਨਾਨਕ ਧਾਰਿ ਕਿਰਪਾ ਸਦਾ ਹਰਿ ਗੁਣ ਗਾਵੀਐ ॥੧॥ {ਪੰਨਾ 691}
ਪਦਅਰਥ: ਦੀਨ ਦਇਆਲ = ਦੀਨਾਂ ਉੱਤੇ ਦਇਆ ਕਰਨ ਵਾਲਾ। ਜਿਸੁ ਸੰਗਿ = ਜਿਸ (ਗੁਰੂ) ਦੀ ਸੰਗਤਿ ਵਿਚ। ਗਾਵੀਐ = ਗਾਇਆ ਜਾ ਸਕਦਾ ਹੈ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਜਲ। ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ। ਰਾਵੀਐ = ਸਿਮਰਿਆ ਜਾ ਸਕਦਾ ਹੈ। ਭਜੁ = ਜਾਹ। ਅਰਾਧੂ = ਆਰਾਧ, ਸਿਮਰ। ਨਾਸਏ = ਨਾਸੈ, ਨਾਸ ਹੋ ਜਾਂਦਾ ਹੈ। ਧੁਰਿ = ਧੁਰ ਦਰਗਾਹ ਤੋਂ। ਕਰਮੁ = ਬਖ਼ਸ਼ਸ਼। ਸਾਚੁ = ਸਦਾ-ਥਿਰ ਹਰਿ = ਨਾਮ (ਦਾ ਸਿਮਰਨ) । ਸਿਖਿਆ = ਸਿੱਖ ਲਿਆ, ਸਿੱਖਿਆ ਲੈ ਲਈ। ਫਾਸਏ = ਫਾਸ, ਫਾਹੀ। ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ} ਗਾਠੇ = ਗਾਠਿ, ਗੰਢ। ਪੰਥਿ = ਰਸਤੇ ਉਤੇ। ਮੂਲਿ = ਬਿਲਕੁਲ। ਬਿਨਵੰਤਿ = ਬੇਨਤੀ ਕਰਦਾ ਹੈ। ਧਾਰਿ = ਕਰ।੧।
ਅਰਥ: ਹੇ ਭਾਈ! ਉਹ ਗੁਰੂ ਦੀਨਾਂ ਉੱਤੇ ਦਇਆ ਕਰਨ ਵਾਲਾ ਹੈ ਜਿਸ ਦੀ ਸੰਗਤਿ ਵਿਚ (ਰਹਿ ਕੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਕੀਤੀ ਜਾ ਸਕਦੀ ਹੈ। ਗੁਰੂ ਦੀ ਸੰਗਤਿ ਵਿਚ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਸਿਮਰਿਆ ਜਾ ਸਕਦਾ ਹੈ। ਹੇ ਭਾਈ! ਗੁਰੂ ਦੀ ਸੰਗਤਿ ਵਿਚ ਜਾਹ, (ਉਥੇ) ਇਕ ਪ੍ਰਭੂ ਦਾ ਸਿਮਰਨ ਕਰ, (ਸਿਮਰਨ ਦੀ ਬਰਕਤਿ ਨਾਲ) ਜਨਮ ਮਰਨ ਦਾ ਦੁੱਖ ਦੂਰ ਹੋ ਜਾਂਦਾ ਹੈ। (ਜਿਸ ਮਨੁੱਖ ਦੇ ਮੱਥੇ ਉੱਤੇ) ਧੁਰ ਦਰਗਾਹ ਤੋਂ (ਸਿਮਰਨ ਕਰਨ ਵਾਸਤੇ) ਬਖ਼ਸ਼ਸ਼ (ਦਾ ਲੇਖ) ਲਿਖਿਆ ਹੁੰਦਾ ਹੈ, ਉਹੀ ਸਦਾ-ਥਿਰ ਹਰਿ-ਨਾਮ ਸਿਮਰਨ ਦੀ ਸਿੱਖਿਆ ਗ੍ਰਹਣ ਕਰਦਾ ਹੈ, ਉਸ ਦੀ ਆਤਮਕ ਮੌਤ ਦੀ ਫਾਹੀ ਕੱਟੀ ਜਾਂਦੀ ਹੈ। ਹੇ ਭਾਈ! ਸਿਮਰਨ ਦੀ ਬਰਕਤਿ ਨਾਲ ਸਾਰੇ ਡਰ ਸਾਰੇ ਭਰਮ ਨਾਸ ਹੋ ਜਾਂਦੇ ਹਨ, (ਮਨ ਵਿਚ ਬੱਝੀ ਹੋਈ) ਗੰਢ ਖੁਲ੍ਹ ਜਾਂਦੀ ਹੈ, ਆਤਮਕ ਮੌਤ ਸਹੇੜਨ ਵਾਲੇ ਰਸਤੇ ਉਤੇ ਬਿਲਕੁਲ ਨਹੀਂ ਤੁਰੀਦਾ। ਨਾਨਕ ਬੇਨਤੀ ਕਰਦਾ ਹੈ-ਹੇ ਪ੍ਰਭੂ! ਮੇਹਰ ਕਰ ਕਿ ਅਸੀ ਜੀਵ ਸਦਾ ਤੇਰੀ ਸਿਫ਼ਤਿ-ਸਾਲਾਹ ਕਰਦੇ ਰਹੀਏ।੧।
ਨਿਧਰਿਆ ਧਰ ਏਕੁ ਨਾਮੁ ਨਿਰੰਜਨੋ ਜੀਉ ॥ ਤੂ ਦਾਤਾ ਦਾਤਾਰੁ ਸਰਬ ਦੁਖ ਭੰਜਨੋ ਜੀਉ ॥ ਦੁਖ ਹਰਤ ਕਰਤਾ ਸੁਖਹ ਸੁਆਮੀ ਸਰਣਿ ਸਾਧੂ ਆਇਆ ॥ ਸੰਸਾਰੁ ਸਾਗਰੁ ਮਹਾ ਬਿਖੜਾ ਪਲ ਏਕ ਮਾਹਿ ਤਰਾਇਆ ॥ ਪੂਰਿ ਰਹਿਆ ਸਰਬ ਥਾਈ ਗੁਰ ਗਿਆਨੁ ਨੇਤ੍ਰੀ ਅੰਜਨੋ ॥ ਬਿਨਵੰਤਿ ਨਾਨਕ ਸਦਾ ਸਿਮਰੀ ਸਰਬ ਦੁਖ ਭੈ ਭੰਜਨੋ ॥੨॥ {ਪੰਨਾ 691}
ਪਦਅਰਥ: ਧਰ = ਆਸਰਾ। ਨਿਧਰਿਆ ਧਰ = ਨਿਆਸਰਿਆਂ ਦਾ ਆਸਰਾ। ਏਕੁ ਨਾਮੁ = ਸਿਰਫ਼ ਹਰਿ = ਨਾਮ ਹੀ। ਨਿਰੰਜਨੋ = ਨਿਰੰਜਨੁ, ਮਾਇਆ ਦੀ ਕਾਲਖ ਤੋਂ ਰਹਿਤ {ਅੰਜਨ = ਕਾਲਖ}। ਭੰਜਨੋ = ਨਾਸ ਕਰਨ ਵਾਲਾ। ਹਰਤ = ਦੂਰ ਕਰਨ ਵਾਲਾ। ਕਰਤਾ = ਕਰਤਾਰ, ਪੈਦਾ ਕਰਨ ਵਾਲਾ। ਸੁਖਹ ਸੁਆਮੀ = ਹੇ ਸੁਖਾਂ ਦੇ ਮਾਲਕ! ਸਾਧੂ = ਗੁਰੂ। ਸਾਗਰੁ = ਸਮੁੰਦਰ। ਬਿਖੜਾ = ਔਖਿਆਈਆਂ ਨਾਲ ਭਰਿਆ ਹੋਇਆ। ਗਿਆਨੁ = ਆਤਮਕ ਜੀਵਨ ਦੀ ਸੂਝ। ਨੇਤ੍ਰੀ = ਅੱਖਾਂ ਵਿਚ। ਅੰਜਨੋ = ਸੁਰਮਾ। ਸਿਮਰੀ = ਸਿਮਰੀਂ, ਮੈਂ ਸਿਮਰਾਂ।੨।
ਅਰਥ: ਹੇ ਪ੍ਰਭੂ! ਤੂੰ ਮਾਇਆ ਦੀ ਕਾਲਖ ਤੋਂ ਰਹਿਤ ਹੈਂ, ਤੇਰਾ ਨਾਮ ਹੀ ਨਿਆਸਰਿਆਂ ਦਾ ਆਸਰਾ ਹੈ। ਤੂੰ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈਂ, ਤੂੰ ਸਭਨਾਂ ਦੇ ਦੁੱਖ ਨਾਸ ਕਰਨ ਵਾਲਾ ਹੈਂ। ਹੇ (ਸਭ ਜੀਵਾਂ ਦੇ) ਦੁੱਖ ਨਾਸ ਕਰਨ ਵਾਲੇ, ਸਭ ਦੇ ਪੈਦਾ ਕਰਨ ਵਾਲੇ, ਸਾਰੇ ਸੁਖਾਂ ਦੇ ਮਾਲਕ-ਪ੍ਰਭੂ! ਜੇਹੜਾ ਮਨੁੱਖ ਗੁਰੂ ਦੀ ਸਰਨ ਆਉਂਦਾ ਹੈ, ਉਸ ਨੂੰ ਤੂੰ ਇਸ ਬੜੇ ਔਖੇ ਸੰਸਾਰ-ਸਮੁੰਦਰ ਤੋਂ ਇਕ ਛਿਨ ਵਿਚ ਪਾਰ ਲੰਘਾ ਦੇਂਦਾ ਹੈਂ। ਹੇ ਪ੍ਰਭੂ! ਗੁਰੂ ਦਾ ਦਿੱਤਾ ਗਿਆਨ-ਸੁਰਮਾ ਜਿਸ ਮਨੁੱਖ ਦੀਆਂ ਅੱਖਾਂ ਵਿਚ ਪੈਂਦਾ ਹੈ, ਉਸ ਨੂੰ ਤੂੰ ਸਭ ਥਾਵਾਂ ਵਿਚ ਵਿਆਪਕ ਦਿੱਸਦਾ ਹੈਂ। ਨਾਨਕ ਬੇਨਤੀ ਕਰਦਾ ਹੈ-ਹੇ ਸਾਰੇ ਦੁੱਖਾਂ ਦੇ ਨਾਸ ਕਰਨ ਵਾਲੇ! ਮੇਹਰ ਕਰ) ਮੈਂ ਸਦਾ ਤੇਰਾ ਨਾਮ ਸਿਮਰਦਾ ਰਹਾਂ।੨।
ਆਪਿ ਲੀਏ ਲੜਿ ਲਾਇ ਕਿਰਪਾ ਧਾਰੀਆ ਜੀਉ ॥ ਮੋਹਿ ਨਿਰਗੁਣੁ ਨੀਚੁ ਅਨਾਥੁ ਪ੍ਰਭ ਅਗਮ ਅਪਾਰੀਆ ਜੀਉ ॥ ਦਇਆਲ ਸਦਾ ਕ੍ਰਿਪਾਲ ਸੁਆਮੀ ਨੀਚ ਥਾਪਣਹਾਰਿਆ ॥ ਜੀਅ ਜੰਤ ਸਭਿ ਵਸਿ ਤੇਰੈ ਸਗਲ ਤੇਰੀ ਸਾਰਿਆ ॥ ਆਪਿ ਕਰਤਾ ਆਪਿ ਭੁਗਤਾ ਆਪਿ ਸਗਲ ਬੀਚਾਰੀਆ ॥ ਬਿਨਵੰਤ ਨਾਨਕ ਗੁਣ ਗਾਇ ਜੀਵਾ ਹਰਿ ਜਪੁ ਜਪਉ ਬਨਵਾਰੀਆ ॥੩॥ {ਪੰਨਾ 691}
ਪਦਅਰਥ: ਲੜਿ = ਲੜ ਨਾਲ, ਪੱਲੇ ਨਾਲ। ਮੋਹਿ = ਮੈਂ। ਨੀਚੁ = ਨੀਵੇਂ ਜੀਵਨ ਵਾਲਾ। ਅਨਾਥੁ = ਨਿਆਸਰਾ। ਪ੍ਰਭ = ਹੇ ਪ੍ਰਭੂ! ਅਗਮ = ਹੇ ਅਪਹੁੰਚ! ਅਪਾਰੀਆ = ਹੇ ਬੇਅੰਤ! ਸੁਆਮੀ = ਹੇ ਸੁਆਮੀ! ਥਾਪਣਹਾਰਿਆ = ਹੇ (ਉੱਚੇ ਥਾਂ) ਟਿਕਾਣ ਵਾਲਿਆ! ਜੀਅ = {ਲਫ਼ਜ਼ 'ਜੀਵ' ਤੋਂ ਬਹੁ-ਵਚਨ}। ਸਭਿ = ਸਾਰੇ। ਵਸਿ = ਵੱਸ ਵਿਚ। ਸਾਰਿਆ = ਸੰਭਾਲ ਵਿਚ। ਭੁਗਤਾ = (ਪਦਾਰਥਾਂ ਨੂੰ) ਭੋਗਣ ਵਾਲਾ। ਬੀਚਾਰੀਆ = ਵੀਚਾਰੀ, ਵਿਚਾਰ ਕਰਨ ਵਾਲਾ। ਜੀਵਾ = ਜੀਵਾਂ, ਆਤਮਕ ਜੀਵਨ ਹਾਸਲ ਕਰਾਂ। ਜਪਉ = ਜਪਉਂ, ਮੈਂ ਜਪਾਂ। ਬਨਵਾਰੀਆ = ਹੇ ਪ੍ਰਭੂ!।੩।
ਅਰਥ: ਹੇ ਅਪਹੁੰਚ ਤੇ ਬੇਅੰਤ ਪ੍ਰਭੂ! ਜਿਨ੍ਹਾਂ ਉੱਤੇ ਤੂੰ ਮੇਹਰ (ਦੀ ਨਿਗਾਹ) ਕਰਦਾ ਹੈਂ, ਉਹਨਾਂ ਨੂੰ ਆਪਣੇ ਲੜ ਲਾ ਲੈਂਦਾ ਹੈਂ। ਮੈਂ ਗੁਣ-ਹੀਨ ਨੀਚ ਅਤੇ ਅਨਾਥ (ਭੀ ਤੇਰੀ ਸਰਨ ਆਇਆ ਹਾਂ, ਮੇਰੇ ਉਤੇ ਭੀ ਮੇਹਰ ਕਰ) । ਹੇ ਦਇਆ ਦੇ ਘਰ! ਹੇ ਕਿਰਪਾ ਦੇ ਘਰ ਮਾਲਕ! ਹੇ ਨੀਵਿਆਂ ਨੂੰ ਉੱਚੇ ਬਣਾਣ ਵਾਲੇ ਪ੍ਰਭੂ! ਸਾਰੇ ਜੀਵ ਤੇਰੇ ਵੱਸ ਵਿਚ ਹਨ, ਸਾਰੇ ਤੇਰੀ ਸੰਭਾਲ ਵਿਚ ਹਨ। ਤੂੰ ਆਪ (ਸਭ ਜੀਵਾਂ ਨੂੰ) ਪੈਦਾ ਕਰਨ ਵਾਲਾ ਹੈਂ, (ਸਭ ਵਿਚ ਵਿਆਪਕ ਹੋ ਕੇ) ਤੂੰ ਆਪ (ਸਾਰੇ ਪਦਾਰਥ) ਭੋਗਣ ਵਾਲਾ ਹੈਂ, ਤੂੰ ਆਪ ਸਾਰੇ ਜੀਵਾਂ ਵਾਸਤੇ ਵਿਚਾਰਾਂ ਕਰਨ ਵਾਲਾ ਹੈਂ। ਨਾਨਕ (ਤੇਰੇ ਦਰ ਤੇ) ਬੇਨਤੀ ਕਰਦਾ ਹੈ-ਹੇ ਪ੍ਰਭੂ! ਮੇਹਰ ਕਰ) ਮੈਂ ਤੇਰੇ ਗੁਣ ਗਾ ਕੇ ਆਤਮਕ ਜੀਵਨ ਪ੍ਰਾਪਤ ਕਰਦਾ ਰਹਾਂ, ਮੈਂ ਸਦਾ ਤੇਰੇ ਨਾਮ ਦਾ ਜਾਪ ਜਪਦਾ ਰਹਾਂ।੩।
ਤੇਰਾ ਦਰਸੁ ਅਪਾਰੁ ਨਾਮੁ ਅਮੋਲਈ ਜੀਉ ॥ ਨਿਤਿ ਜਪਹਿ ਤੇਰੇ ਦਾਸ ਪੁਰਖ ਅਤੋਲਈ ਜੀਉ ॥ ਸੰਤ ਰਸਨ ਵੂਠਾ ਆਪਿ ਤੂਠਾ ਹਰਿ ਰਸਹਿ ਸੇਈ ਮਾਤਿਆ ॥ ਗੁਰ ਚਰਨ ਲਾਗੇ ਮਹਾ ਭਾਗੇ ਸਦਾ ਅਨਦਿਨੁ ਜਾਗਿਆ ॥ ਸਦ ਸਦਾ ਸਿੰਮ੍ਰਤਬ੍ਯ੍ਯ ਸੁਆਮੀ ਸਾਸਿ ਸਾਸਿ ਗੁਣ ਬੋਲਈ ॥ ਬਿਨਵੰਤਿ ਨਾਨਕ ਧੂਰਿ ਸਾਧੂ ਨਾਮੁ ਪ੍ਰਭੂ ਅਮੋਲਈ ॥੪॥੧॥ {ਪੰਨਾ 691}
ਪਦਅਰਥ: ਅਪਾਰੁ = ਬੇਅੰਤ। ਅਮੋਲਈ = ਅਮੋਲਕ, ਜੇਹੜਾ ਕਿਸੇ (ਦੁਨੀਆਵੀ) ਮੁੱਲ ਤੋਂ ਨਾਹ ਮਿਲ ਸਕੇ। ਨਿਤਿ = ਸਦਾ। ਜਪਹਿ = ਜਪਦੇ ਹਨ। ਪੁਰਖ = ਹੇ ਸਰਬ = ਵਿਆਪਕ! ਅਤੋਲਈ = ਜੋ ਤੋਲਿਆ ਨਾਹ ਜਾ ਸਕੇ। ਰਸਨ = ਜੀਭ। ਵੂਠਾ = ਆ ਵੱਸਿਆ। ਤੂਠਾ = ਤ੍ਰੁੱਠਾ। ਰਸਹਿ = ਰਸ ਵਿਚ। ਸੇਈ = ਉਹੀ ਸੰਤ ਜਨ। ਮਾਤਿਆ = ਮਸਤ। ਮਹਾ ਭਾਗੇ = ਵੱਡੇ ਭਾਗਾਂ ਵਾਲੇ। ਅਨਦਿਨੁ = {अनुदिनां} ਹਰ ਰੋਜ਼, ਹਰ ਵੇਲੇ। ਜਾਗਿਆ = ਸੁਚੇਤ ਰਹਿੰਦੇ ਹਨ। ਸਿੰਮ੍ਰਤਬ੍ਯ੍ਯ = ਜਿਸ ਦਾ ਸਿਮਰਨ ਕਰਨਾ ਚਾਹੀਦਾ ਹੈ। ਸਿੰਮ੍ਰਤਬ੍ਯ੍ਯ ਸੁਆਮੀ = ਹੇ ਸਿਮਰਨ = ਜੋਗ ਮਾਲਕ! ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਬੋਲਈ = ਬੋਲਏ, ਬੋਲੈ, ਬੋਲਦਾ ਹੈ। ਸਾਧੂ = ਗੁਰੂ। ਪ੍ਰਭੂ = ਹੇ ਪ੍ਰਭੂ!।੪।
ਅਰਥ: ਹੇ ਪ੍ਰਭੂ! ਤੂੰ ਬੇਅੰਤ ਹੈਂ। ਤੇਰਾ ਨਾਮ ਕਿਸੇ (ਦੁਨੀਆਵੀ) ਕੀਮਤ ਤੋਂ ਨਹੀਂ ਮਿਲ ਸਕਦਾ। ਹੇ ਨਾਹ ਤੋਲੇ ਜਾ ਸਕਣ ਵਾਲੇ ਸਰਬ-ਵਿਆਪਕ ਪ੍ਰਭੂ! ਤੇਰੇ ਦਾਸ ਸਦਾ ਤੇਰਾ ਨਾਮ ਜਪਦੇ ਰਹਿੰਦੇ ਹਨ। ਹੇ ਪ੍ਰਭੂ! ਸੰਤਾਂ ਉੱਤੇ ਤੂੰ ਆਪ ਪ੍ਰਸੰਨ ਹੁੰਦਾ ਹੈਂ, ਤੇ ਉਹਨਾਂ ਦੀ ਜੀਭ ਉਤੇ ਆ ਵੱਸਦਾ ਹੈਂ, ਉਹ ਤੇਰੇ ਨਾਮ ਦੇ ਰਸ ਵਿਚ ਮਸਤ ਰਹਿੰਦੇ ਹਨ। ਜੇਹੜੇ ਮਨੁੱਖ ਗੁਰੂ ਦੀ ਚਰਨੀਂ ਆ ਲੱਗਦੇ ਹਨ, ਉਹ ਵੱਡੇ ਭਾਗਾਂ ਵਾਲੇ ਹੋ ਜਾਂਦੇ ਹਨ, ਉਹ ਸਦਾ ਹਰ ਵੇਲੇ (ਸਿਮਰਨ ਦੀ ਬਰਕਤਿ ਨਾਲ ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦੇ ਹਨ।
ਨਾਨਕ ਬੇਨਤੀ ਕਰਦਾ ਹੈ-ਹੇ ਸਿਮਰਨ-ਜੋਗ ਮਾਲਕ! ਹੇ ਪ੍ਰਭੂ! ਮੈਨੂੰ ਉਸ ਗੁਰੂ ਦੀ ਚਰਨ-ਧੂੜ ਦੇਹ, ਜੇਹੜਾ ਤੇਰਾ ਅਮੋਲਕ ਨਾਮ (ਸਦਾ ਜਪਦਾ ਹੈ) , ਜੇਹੜਾ ਸਦਾ ਹੀ ਹਰੇਕ ਸਾਹ ਦੇ ਨਾਲ ਤੇਰੇ ਗੁਣ ਉਚਾਰਦਾ ਰਹਿੰਦਾ ਹੈ।੪।੧।
ਧਨਾਸਰੀ ਮਹਲਾ ੫ ਘਰੁ ੧੨ ੴ ਸਤਿਗੁਰ ਪ੍ਰਸਾਦਿ ॥ ਬੰਦਨਾ ਹਰਿ ਬੰਦਨਾ ਗੁਣ ਗਾਵਹੁ ਗੋਪਾਲ ਰਾਇ ॥ ਰਹਾਉ ॥ ਵਡੈ ਭਾਗਿ ਭੇਟੇ ਗੁਰਦੇਵਾ ॥ ਕੋਟਿ ਪਰਾਧ ਮਿਟੇ ਹਰਿ ਸੇਵਾ ॥੧॥ ਚਰਨ ਕਮਲ ਜਾ ਕਾ ਮਨੁ ਰਾਪੈ ॥ ਸੋਗ ਅਗਨਿ ਤਿਸੁ ਜਨ ਨ ਬਿਆਪੈ ॥੨॥ ਸਾਗਰੁ ਤਰਿਆ ਸਾਧੂ ਸੰਗੇ ॥ ਨਿਰਭਉ ਨਾਮੁ ਜਪਹੁ ਹਰਿ ਰੰਗੇ ॥੩॥ ਪਰ ਧਨ ਦੋਖ ਕਿਛੁ ਪਾਪ ਨ ਫੇੜੇ ॥ ਜਮ ਜੰਦਾਰੁ ਨ ਆਵੈ ਨੇੜੇ ॥੪॥ ਤ੍ਰਿਸਨਾ ਅਗਨਿ ਪ੍ਰਭਿ ਆਪਿ ਬੁਝਾਈ ॥ ਨਾਨਕ ਉਧਰੇ ਪ੍ਰਭ ਸਰਣਾਈ ॥੫॥੧॥੫੫॥ {ਪੰਨਾ 683-684}
ਪਦਅਰਥ: ਬੰਦਨਾ = ਨਮਸਕਾਰ। ਗੁਣ ਗੋਪਾਲ ਰਾਇ = ਪ੍ਰਭੂ ਪਾਤਿਸ਼ਾਹ ਦੇ ਗੁਣ।ਰਹਾਉ।
ਭਾਗਿ = ਕਿਸਮਤ ਨਾਲ। ਭੇਟੇ = ਮਿਲਦਾ ਹੈ। ਕੋਟਿ = ਕ੍ਰੋੜਾਂ। ਸੇਵਾ = ਭਗਤੀ।੪।
ਜਾ ਕਾ = ਜਿਸ (ਮਨੁੱਖ) ਦਾ। ਰਾਪੈ = ਰੰਗਿਆ ਜਾਂਦਾ ਹੈ। ਸੋਗ = ਚਿੰਤਾ। ਬਿਆਪੈ = ਜ਼ੋਰ ਪਾਂਦੀ।੨।
ਸਾਗਰੁ = ਸਮੁੰਦਰ। ਸਾਧੂ = ਗੁਰੂ। ਰੰਗੇ = ਰੰਗਿ, ਪ੍ਰੇਮ ਨਾਲ।੩।
ਪਰ ਧਨ = ਪਰਾਇਆ ਧਨ। ਦੋਖ = ਐਬ। ਫੇੜੇ = ਮੰਦੇ ਕਰਮ। ਜੰਦਾਰੁ = {ਜੰਦਾਲ} ਅਵੈੜਾ।੪।
ਪ੍ਰਭਿ = ਪ੍ਰਭੂ ਨੇ। ਉਧਰੇ = (ਵਿਕਾਰਾਂ ਤੋਂ) ਬਚ ਗਏ।੫।
ਅਰਥ: ਹੇ ਭਾਈ! ਪਰਮਾਤਮਾ ਨੂੰ ਸਦਾ ਨਮਸਕਾਰ ਕਰਿਆ ਕਰੋ, ਪ੍ਰਭੂ ਪਾਤਿਸ਼ਾਹ ਦੇ ਗੁਣ ਗਾਂਦੇ ਰਹੋ। ਰਹਾਉ।
ਹੇ ਭਾਈ! ਜਿਸ ਮਨੁੱਖ ਨੂੰ ਵੱਡੀ ਕਿਸਮਤ ਨਾਲ ਗੁਰੂ ਮਿਲ ਪੈਂਦਾ ਹੈ, (ਗੁਰੂ ਦੀ ਰਾਹੀਂ) ਪਰਮਾਤਮਾ ਦੀ ਸੇਵਾ-ਭਗਤੀ ਕਰਨ ਨਾਲ ਉਸ ਦੇ ਕ੍ਰੋੜਾਂ ਪਾਪ ਮਿਟ ਜਾਂਦੇ ਹਨ।੧।
ਹੇ ਭਾਈ! ਜਿਸ ਮਨੁੱਖ ਦਾ ਮਨ ਪਰਮਾਤਮਾ ਦੇ ਸੋਹਣੇ ਚਰਨਾਂ (ਦੇ ਪ੍ਰੇਮ-ਰੰਗ) ਵਿਚ ਰੰਗਿਆ ਜਾਂਦਾ ਹੈ, ਉਸ ਮਨੁੱਖ ਉਤੇ ਚਿੰਤਾ ਦੀ ਅੱਗ ਜ਼ੋਰ ਨਹੀਂ ਪਾ ਸਕਦੀ।੨।
ਹੇ ਭਾਈ! ਪ੍ਰੇਮ ਨਾਲ ਨਿਰਭਉ ਪ੍ਰਭੂ ਦਾ ਨਾਮ ਜਪਿਆ ਕਰੋ। ਗੁਰੂ ਦੀ ਸੰਗਤਿ ਵਿਚ (ਨਾਮ ਜਪਣ ਦੀ ਬਰਕਤਿ ਨਾਲ) ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ।੩।
ਹੇ ਭਾਈ! ਸਿਮਰਨ ਦਾ ਸਦਕਾ) ਪਰਾਏ ਧਨ (ਆਦਿਕ) ਦੇ ਕੋਈ ਐਬ ਪਾਪ ਮੰਦੇ ਕਰਮ ਨਹੀਂ ਹੁੰਦੇ, ਭਿਆਨਕ ਜਮ ਭੀ ਨੇੜੇ ਨਹੀਂ ਢੁਕਦਾ (ਮੌਤ ਦਾ ਡਰ ਨਹੀਂ ਵਿਆਪਦਾ, ਆਤਮਕ ਮੌਤ ਨੇੜੇ ਨਹੀਂ ਆਉਂਦੀ) ।੪।
ਹੇ ਭਾਈ! ਜੇਹੜੇ ਮਨੁੱਖ ਪ੍ਰਭੂ ਦੇ ਗੁਣ ਗਾਂਦੇ ਹਨ) ਉਹਨਾਂ ਦੀ ਤ੍ਰਿਸ਼ਨਾ ਦੀ ਅੱਗ ਪ੍ਰਭੂ ਨੇ ਆਪ ਬੁਝਾ ਦਿੱਤੀ ਹੈ। ਹੇ ਨਾਨਕ! ਪ੍ਰਭੂ ਦੀ ਸਰਨ ਪੈ ਕੇ (ਅਨੇਕਾਂ ਜੀਵ ਤ੍ਰਿਸ਼ਨਾ ਦੀ ਅੱਗ ਵਿਚੋਂ) ਬਚ ਨਿਕਲਦੇ ਹਨ।੫।੧।੫੫।
*┈┉┅━❀꧁ੴ꧂❀━┅┉┈*
ਰਾਗੁ ਬਿਲਾਵਲੁ ਮਹਲਾ ੫ ਘਰੁ ੧੩ ਪੜਤਾਲ ੴ ਸਤਿਗੁਰ ਪ੍ਰਸਾਦਿ ॥ ਮੋਹਨ ਨੀਦ ਨ ਆਵੈ ਹਾਵੈ ਹਾਰ ਕਜਰ ਬਸਤ੍ਰ ਅਭਰਨ ਕੀਨੇ ॥ ਉਡੀਨੀ ਉਡੀਨੀ ਉਡੀਨੀ ॥ ਕਬ ਘਰਿ ਆਵੈ ਰੀ ॥੧॥ ਰਹਾਉ ॥ ਸਰਨਿ ਸੁਹਾਗਨਿ ਚਰਨ ਸੀਸੁ ਧਰਿ ॥ ਲਾਲਨੁ ਮੋਹਿ ਮਿਲਾਵਹੁ ॥ ਕਬ ਘਰਿ ਆਵੈ ਰੀ ॥੧॥ ਸੁਨਹੁ ਸਹੇਰੀ ਮਿਲਨ ਬਾਤ ਕਹਉ ਸਗਰੋ ਅਹੰ ਮਿਟਾਵਹੁ ਤਉ ਘਰ ਹੀ ਲਾਲਨੁ ਪਾਵਹੁ ॥ ਤਬ ਰਸ ਮੰਗਲ ਗੁਨ ਗਾਵਹੁ ॥ ਆਨਦ ਰੂਪ ਧਿਆਵਹੁ ॥ਨਾਨਕੁ ਦੁਆਰੈ ਆਇਓ ॥ ਤਉ ਮੈ ਲਾਲਨੁ ਪਾਇਓ ਰੀ ॥੨॥ ਮੋਹਨ ਰੂਪੁ ਦਿਖਾਵੈ ॥ ਅਬ ਮੋਹਿ ਨੀਦ ਸੁਹਾਵੈ ॥ ਸਭ ਮੇਰੀ ਤਿਖਾ ਬੁਝਾਨੀ ॥ ਅਬ ਮੈ ਸਹਜਿ ਸਮਾਨੀ ॥ ਮੀਠੀ ਪਿਰਹਿ ਕਹਾਨੀ ॥ ਮੋਹਨੁ ਲਾਲਨੁ ਪਾਇਓ ਰੀ ॥ ਰਹਾਉ ਦੂਜਾ ॥੧॥੧੨੮॥ {ਪੰਨਾ 830}
ਪਦਅਰਥ: ਮੋਹਨ– ਹੇ ਮੋਹਨ! ਹੇ ਪਿਆਰੇ ਪ੍ਰਭੂ! ਹਾਵੈ = ਹਾਹੁਕੇ ਵਿਚ। ਕਜਰ = ਕੱਜਲ। ਅਭਰਣ = ਆਭਰਣ, ਗਹਿਣੇ। ਉਡੀਨੀ = ਉਦਾਸ, (ਉਡੀਕ ਵਿਚ) । ਘਰਿ = ਘਰ ਵਿਚ। ਰੀ = ਹੇ ਭੈਣ! ਹੇ ਸੁਹਾਗਣ ਭੈਣ!।੧।ਰਹਾਉ।
ਸੁਹਾਗਨਿ = ਗੁਰਮੁਖਿ ਸਹੇਲੀ, ਗੁਰੂ। ਸੀਸੁ = ਸਿਰ। ਧਰਿ = ਧਰ ਕੇ। ਲਾਲਨੁ = ਸੋਹਣਾ ਲਾਲ। ਮੋਹਿ = ਮੈਨੂੰ। ਘਰਿ = ਹਿਰਦੇ = ਘਰ ਵਿਚ।੧।
ਸਹੇਲੀ = ਹੇ ਸਹੇਲੀ! ਮਿਲਨ ਬਾਤ = ਮਿਲਣ ਦੀ ਗੱਲ। ਕਹਉ = ਕਹਉਂ, ਮੈਂ ਦੱਸਦੀ ਹਾਂ। ਸਗਰੋ = ਸਾਰਾ। ਅਹੰ = ਅਹੰਕਾਰ। ਤਉ = ਤਦੋਂ। ਘਰ ਹੀ = ਘਰਿ ਹੀ, ਘਰ ਵਿਚ ਹੀ {ਲਫ਼ਜ਼ 'ਘਰਿ' ਦੀ 'ਿ' ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਈ ਹੈ}। ਰਸ = ਆਨੰਦ। ਮੰਗਲ = ਖ਼ੁਸ਼ੀ। ਆਨਦ ਰੂਪੁ = ਉਹ ਪ੍ਰਭੂ ਜੋ ਨਿਰੋਲ ਆਨੰਦ ਹੀ ਆਨੰਦ ਹੈ। ਨਾਨਕੁ ਆਇਓ = ਨਾਨਕ ਆਇਆ ਹੈ। ਦੁਆਰੈ = ਦਰ ਤੇ।੨।
ਰੂਪੁ ਦਿਖਾਵੈ = ਦਰਸ਼ਨ ਦੇਂਦਾ ਹੈ, ਆਪਣਾ ਰੂਪ ਵਿਖਾਂਦਾ ਹੈ। ਮੋਹਿ = ਮੈਨੂੰ। ਨੀਦ = (ਮਾਇਆ ਦੇ ਮੋਹ ਵਲੋਂ) ਬੇ = ਪਰਵਾਹੀ। ਸੁਹਾਵੈ = ਸੁਖਾਂਦੀ ਹੈ। ਤਿਖਾ = ਤ੍ਰਿਸ਼ਨਾ, ਮਾਇਆ ਦੀ ਤ੍ਰੇਹ। ਸਹਜਿ = ਆਤਮਕ ਅਡੋਲਤਾ ਵਿਚ। ਪਿਰਹਿ = ਪਿਰ ਦੀ, ਪ੍ਰਭੂ = ਪਤੀ ਦੀ। ਰਹਾਉ ਦੂਜਾ।੧।੧੨੮।
ਨੋਟ: ਨਵੇਂ ਸੰਗ੍ਰਹ ਦਾ ਇਹ ਪਹਿਲਾ ਸ਼ਬਦ ਹੈ। ਪਹਿਲੇ 'ਰਹਾਉ' ਵਿਚ ਪ੍ਰਸ਼ਨ ਕੀਤਾ ਸੀ ਕਿ 'ਕਬ ਘਰਿ ਆਵੈ ਰੀ'। ਬੰਦ ਨੰ: ੨ ਵਿਚ ਮਿਲਾਪ ਦਾ ਤਰੀਕਾ ਦੱਸਿਆ ਹੈ, ਦੂਜੇ 'ਰਹਾਉ' ਵਿਚ ਉੱਤਰ ਦਿਤਾ ਹੈ ਕਿ 'ਅਹੰ' ਮਿਟਾਇਆਂ 'ਮੋਹਨੁ ਲਾਲਨੁ ਪਾਇਓ ਰੀ'। ਇਹ ਸ਼ਬਦ ਦੋ ਬੰਦਾਂ ਵਾਲਾ ਹੀ ਹੈ।
ਪੜਤਾਲ = ਪਟਹ ਤਾਲ {ਪਟਨ = ਢੋਲ} ਢੋਲ ਦੇ ਵੱਜਣ ਵਾਂਗ ਖੜਕਵਾਂ ਤਾਲ।
ਅਰਥ: ਹੇ ਮੋਹਨ-ਪ੍ਰਭੂ! ਜਿਵੇਂ ਪਤੀ ਤੋਂ ਵਿਛੁੜੀ ਹੋਈ ਇਸਤ੍ਰੀ ਭਾਵੇਂ ਜੀਕਰ) ਹਾਰ, ਕੱਜਲ, ਕਪੜੇ, ਗਹਿਣੇ ਪਾਂਦੀ ਹੈ, (ਪਰ ਵਿਛੋੜੇ ਦੇ ਕਾਰਨ) ਹਾਹੁਕੇ ਵਿਚ (ਉਸ ਨੂੰ) ਨੀਂਦ ਨਹੀਂ ਆਉਂਦੀ, (ਪਤੀ ਦੀ ਉਡੀਕ ਵਿਚ ਉਹ) ਹਰ ਵੇਲੇ ਉਦਾਸ ਉਦਾਸ ਰਹਿੰਦੀ ਹੈ, (ਤੇ ਸਹੇਲੀ ਪਾਸੋਂ ਪੁੱਛਦੀ ਹੈ-) ਹੇ ਭੈਣ! ਮੇਰਾ ਪਤੀ) ਕਦੋਂ ਘਰ ਆਵੇਗਾ (ਇਸੇ ਤਰ੍ਹਾਂ, ਹੇ ਮੋਹਨ! ਤੈਥੋਂ ਵਿਛੁੜ ਕੇ ਮੈਨੂੰ ਸ਼ਾਂਤੀ ਨਹੀਂ ਆਉਂਦੀ) ।੧।ਰਹਾਉ।
ਹੇ ਮੋਹਨ ਪ੍ਰਭੂ! ਮੈਂ ਗੁਰਮੁਖ ਸੁਹਾਗਣ ਦੀ ਸਰਨ ਪੈਂਦੀ ਹਾਂ, ਉਸ ਦੇ ਚਰਨਾਂ ਉਤੇ (ਆਪਣਾ) ਸਿਰ ਧਰ ਕੇ (ਪੁੱਛਦੀ ਹਾਂ-) ਹੇ ਭੈਣ! ਮੈਨੂੰ ਸੋਹਣਾ ਲਾਲ ਮਿਲਾ ਦੇ (ਦੱਸ, ਉਹ) ਕਦੋਂ ਮੇਰੇ ਹਿਰਦੇ-ਘਰ ਵਿਚ ਆਵੇਗਾ।੧।
(ਸੁਹਾਗਣ ਆਖਦੀ ਹੈ-) ਹੇ ਸਹੇਲੀਏ! ਸੁਣ, ਮੈਂ ਤੈਨੂੰ ਮੋਹਨ-ਪ੍ਰਭੂ ਦੇ ਮਿਲਣ ਦੀ ਗੱਲ ਸੁਣਾਂਦੀ ਹਾਂ। ਤੂੰ (ਆਪਣੇ ਅੰਦਰੋਂ) ਸਾਰਾ ਅਹੰਕਾਰ ਦੂਰ ਕਰ ਦੇ। ਤਦੋਂ ਤੂੰ ਆਪਣੇ ਹਿਰਦੇ-ਘਰ ਵਿਚ ਹੀ ਉਸ ਸੋਹਣੇ ਲਾਲ ਨੂੰ ਲੱਭ ਲਏਂਗੀ। (ਹਿਰਦੇ-ਘਰ ਵਿਚ ਉਸ ਦਾ ਦਰਸਨ ਕਰ ਕੇ) ਫਿਰ ਤੂੰ ਖ਼ੁਸ਼ੀ ਆਨੰਦ ਪੈਦਾ ਕਰਨ ਵਾਲੇ ਹਰਿ-ਗੁਣ ਗਾਇਆ ਕਰੀਂ, ਅਤੇ ਉਸ ਪ੍ਰਭੂ ਦਾ ਸਿਮਰਨ ਕਰਿਆ ਕਰੀਂ ਜੋ ਨਿਰਾ ਆਨੰਦ ਹੀ ਆਨੰਦ-ਰੂਪ ਹੈ।
ਹੇ ਭੈਣ! ਨਾਨਕ (ਭੀ ਉਸ ਗੁਰੂ ਦੇ) ਦਰ ਤੇ ਆ ਗਿਆ ਹੈ, (ਗੁਰੂ ਦੇ ਦਰ ਤੇ ਆ ਕੇ) ਮੈਂ (ਨਾਨਕ ਨੇ ਹਿਰਦੇ-ਘਰ ਵਿਚ ਹੀ) ਸੋਹਣਾ ਲਾਲ ਲੱਭ ਲਿਆ ਹੈ।੨।
ਹੇ ਭੈਣ! ਹੁਣ) ਮੋਹਨ ਪ੍ਰਭੂ ਮੈਨੂੰ ਦਰਸਨ ਦੇ ਰਿਹਾ ਹੈ, ਹੁਣ (ਮਾਇਆ ਦੇ ਮੋਹ ਵਲੋਂ ਪੈਦਾ ਹੋਈ) ਉਪਰਾਮਤਾ ਮੈਨੂੰ ਮਿੱਠੀ ਲੱਗ ਰਹੀ ਹੈ, ਮੇਰੀ ਸਾਰੀ ਮਾਇਆ ਦੀ ਤ੍ਰਿਸ਼ਨਾ ਮਿਟ ਗਈ ਹੈ। ਹੁਣ ਮੈਂ ਆਤਮਕ ਅਡੋਲਤਾ ਵਿਚ ਟਿਕ ਗਈ ਹਾਂ। ਪ੍ਰਭੂ-ਪਤੀ ਦੀਆਂ ਸਿਫ਼ਤਿ-ਸਾਲਾਹ ਦੀਆਂ ਗੱਲਾਂ ਮੈਨੂੰ ਪਿਆਰੀਆਂ ਲੱਗ ਰਹੀਆਂ ਹਨ। ਹੇ ਭੈਣ! ਹੁਣ ਮੈਂ ਸੋਹਣਾ ਲਾਲ ਮੋਹਣ ਲੱਭ ਲਿਆ ਹੈ।ਰਹਾਉ ਦੂਜਾ।੧।੧੨੮।
*┈┉┅━❀꧁ੴ꧂❀━┅┉┈*

ਧਨਾਸਰੀ ਮਹਲਾ ੧ ਛੰਤ ੴ ਸਤਿਗੁਰ ਪ੍ਰਸਾਦਿ ॥ ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ ॥ ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ ॥ ਗੁਰ ਗਿਆਨੁ ਸਾਚਾ ਥਾਨੁ ਤੀਰਥੁ ਦਸ ਪੁਰਬ ਸਦਾ ਦਸਾਹਰਾ ॥ ਹਉ ਨਾਮੁ ਹਰਿ ਕਾ ਸਦਾ ਜਾਚਉ ਦੇਹੁ ਪ੍ਰਭ ਧਰਣੀਧਰਾ ॥ ਸੰਸਾਰੁ ਰੋਗੀ ਨਾਮੁ ਦਾਰੂ ਮੈਲੁ ਲਾਗੈ ਸਚ ਬਿਨਾ ॥ ਗੁਰ ਵਾਕੁ ਨਿਰਮਲੁ ਸਦਾ ਚਾਨਣੁ ਨਿਤ ਸਾਚੁ ਤੀਰਥੁ ਮਜਨਾ ॥੧॥ ਸਾਚਿ ਨ ਲਾਗੈ ਮੈਲੁ ਕਿਆ ਮਲੁ ਧੋਈਐ ॥ ਗੁਣਹਿ ਹਾਰੁ ਪਰੋਇ ਕਿਸ ਕਉ ਰੋਈਐ ॥ ਵੀਚਾਰਿ ਮਾਰੈ ਤਰੈ ਤਾਰੈ ਉਲਟਿ ਜੋਨਿ ਨ ਆਵਏ ॥ ਆਪਿ ਪਾਰਸੁ ਪਰਮ ਧਿਆਨੀ ਸਾਚੁ ਸਾਚੇ ਭਾਵਏ ॥ ਆਨੰਦੁ ਅਨਦਿਨੁ ਹਰਖੁ ਸਾਚਾ ਦੂਖ ਕਿਲਵਿਖ ਪਰਹਰੇ ॥ ਸਚੁ ਨਾਮੁ ਪਾਇਆ ਗੁਰਿ ਦਿਖਾਇਆ ਮੈਲੁ ਨਾਹੀ ਸਚ ਮਨੇ ॥੨॥ ਸੰਗਤਿ ਮੀਤ ਮਿਲਾਪੁ ਪੂਰਾ ਨਾਵਣੋ ॥ ਗਾਵੈ ਗਾਵਣਹਾਰੁ ਸਬਦਿ ਸੁਹਾਵਣੋ ॥ ਸਾਲਾਹਿ ਸਾਚੇ ਮੰਨਿ ਸਤਿਗੁਰੁ ਪੁੰਨ ਦਾਨ ਦਇਆ ਮਤੇ ॥ ਪਿਰ ਸੰਗਿ ਭਾਵੈ ਸਹਜਿ ਨਾਵੈ ਬੇਣੀ ਤ ਸੰਗਮੁ ਸਤ ਸਤੇ ॥ ਆਰਾਧਿ ਏਕੰਕਾਰੁ ਸਾਚਾ ਨਿਤ ਦੇਇ ਚੜੈ ਸਵਾਇਆ ॥ ਗਤਿ ਸੰਗਿ ਮੀਤਾ ਸੰਤਸੰਗਤਿ ਕਰਿ ਨਦਰਿ ਮੇਲਿ ਮਿਲਾਇਆ ॥੩॥ ਕਹਣੁ ਕਹੈ ਸਭੁ ਕੋਇ ਕੇਵਡੁ ਆਖੀਐ ॥ ਹਉ ਮੂਰਖੁ ਨੀਚੁ ਅਜਾਣੁ ਸਮਝਾ ਸਾਖੀਐ ॥ ਸਚੁ ਗੁਰ ਕੀ ਸਾਖੀ ਅੰਮ੍ਰਿਤ ਭਾਖੀ ਤਿਤੁ ਮਨੁ ਮਾਨਿਆ ਮੇਰਾ ॥ ਕੂਚੁ ਕਰਹਿ ਆਵਹਿ ਬਿਖੁ ਲਾਦੇ ਸਬਦਿ ਸਚੈ ਗੁਰੁ ਮੇਰਾ ॥ ਆਖਣਿ ਤੋਟਿ ਨ ਭਗਤਿ ਭੰਡਾਰੀ ਭਰਿਪੁਰਿ ਰਹਿਆ ਸੋਈ ॥ ਨਾਨਕ ਸਾਚੁ ਕਹੈ ਬੇਨੰਤੀ ਮਨੁ ਮਾਂਜੈ ਸਚੁ ਸੋਈ ॥੪॥੧॥ {ਪੰਨਾ 687-688}
ਪਦਅਰਥ: ਤੀਰਥਿ = ਤੀਰਥ ਉਤੇ। ਜਾਉ = ਮੈਂ ਜਾਂਦਾ ਹਾਂ। ਸਬਦ ਬੀਚਾਰੁ = ਸ਼ਬਦ ਦੀ ਵਿਚਾਰ। ਅੰਤਰਿ = ਅੰਦਰ, ਮਨ ਵਿਚ। ਗਿਆਨੁ = ਪਰਮਾਤਮਾ ਨਾਲ ਜਾਣ-ਪਛਾਣ। ਸਾਚਾ = ਸਦਾ-ਥਿਰ ਰਹਿਣ ਵਾਲਾ। ਦਸ ਪੁਰਬ = ਦਸ ਪਵਿਤ੍ਰ ਦਿਹਾੜੇ {ਮੱਸਿਆ, ਸੰਗ੍ਰਾਂਦ, ਪੂਰਨਮਾਸੀ, ਚਾਨਣਾ ਐਤਵਾਰ, ਸੂਰਜ ਗ੍ਰਹਣ, ਚੰਦ ਗ੍ਰਹਣ, ਦੋ ਅਸ਼ਟਮੀਆਂ, ਦੋ ਚੌਦੇਂ}। ਦਸਾਹਰਾ = ਦਸ ਪਾਪ ਹਰਨ ਵਾਲਾ ਦਿਨ, ਜੇਠ ਸੁਦੀ ਦਸਮੀ, ਗੰਗਾ ਦਾ ਜਨਮ ਦਿਨ। ਹਉ = ਮੈਂ। ਜਾਚਉ = ਮੰਗਦਾ ਹਾਂ। ਧਰਣੀਧਰਾ = {ਧਰਣੀ = ਧਰਤੀ। ਧਰ = ਆਸਰਾ} ਹੇ ਧਰਤੀ ਦੇ ਆਸਰੇ ਪ੍ਰਭੂ! ਸਾਚੁ = ਸਦਾ-ਥਿਰ ਰਹਿਣ ਵਾਲਾ। ਮਜਨਾ = ਇਸ਼ਨਾਨ।੧।
ਸਾਚਿ = ਸਦਾ-ਥਿਰ ਪ੍ਰਭੂ ਦੇ ਨਾਮ ਵਿਚ (ਜੁੜਿਆਂ) । ਕਿਆ ਧੋਈਐ = (ਤੀਰਥ ਆਦਿਕਾਂ ਤੇ ਜਾ ਕੇ) ਧੋਣ ਦੀ ਲੋੜ ਨਹੀਂ ਪੈਂਦੀ। ਗੁਣਹਿ ਹਾਰੁ = ਗੁਣਾਂ ਦਾ ਹਾਰ। ਪਰੋਇ = ਪ੍ਰੋ ਕੇ। ਕਿਸ ਕਉ ਰੋਈਐ = ਕਿਸੇ ਅੱਗੇ ਪੁਕਾਰ ਕਰਨ ਦੀ ਲੋੜ ਨਹੀਂ ਰਹਿੰਦੀ। ਵੀਚਾਰਿ = ਗੁਰੂ ਦੇ ਸ਼ਬਦ ਦੀ ਵਿਚਾਰ ਰਾਹੀਂ। ਉਲਟਿ = ਮੁੜ। ਆਵਏ = ਆਵੈ, ਆਉਂਦਾ। ਪਾਰਸੁ = ਧਾਤਾਂ ਨੂੰ ਸੋਨਾ ਬਣਾ ਦੇਣ ਵਾਲੀ ਪੱਥਰੀ। ਪਰਮ ਧਿਆਨੀ = ਬਹੁਤ ਉੱਚੀ ਸੁਰਤਿ ਦਾ ਮਾਲਕ। ਸਾਚੁ = ਸਦਾ-ਥਿਰ ਪ੍ਰਭੂ ਦਾ ਰੂਪ। ਭਾਵਏ = ਭਾਵੈ, ਪਸੰਦ ਆ ਜਾਂਦਾ ਹੈ। ਅਨਦਿਨੁ = ਹਰ ਰੋਜ਼। ਹਰਖੁ = ਖ਼ੁਸ਼ੀ। ਕਿਲਵਿਖ = ਪਾਪ। ਪਰਹਰੇ = ਦੂਰ ਕਰ ਲੈਂਦਾ ਹੈ। ਗੁਰਿ = ਗੁਰੂ ਨੇ। ਸਚ ਮਨੇ = ਸਦਾ-ਥਿਰ ਨਾਮ ਨੂੰ ਜਪਣ ਵਾਲੇ ਮਨ ਨੂੰ।੨।
ਮੀਤ ਮਿਲਾਪੁ = ਮਿੱਤ੍ਰ ਪ੍ਰਭੂ ਦਾ ਮਿਲਾਪ। ਨਾਵਣੋ = ਨਾਵਣੁ, ਇਸ਼ਨਾਨ। ਗਾਵਣਹਾਰੁ = ਗਾਵਣ = ਜੋਗ ਪ੍ਰਭੂ। ਸਬਦਿ = ਗੁਰੂ ਦੇ ਸ਼ਬਦ ਵਿਚ (ਜੁੜ ਕੇ) । ਸੁਹਾਵਣੋ = ਸੋਹਣੇ ਜੀਵਨ ਵਾਲਾ। ਸਾਲਾਹਿ = ਸਿਫ਼ਤਿ-ਸਾਲਾਹ ਕਰ ਕੇ। ਮੰਨਿ = ਮੰਨ ਕੇ, ਸਰਧਾ ਰੱਖ ਕੇ। ਮਤੇ = ਮਤਿ। ਪਿਰ ਸੰਗਿ = ਪਤੀ ਪ੍ਰਭੂ ਦੀ ਸੰਗਤਿ ਵਿਚ। ਭਾਵੈ = (ਪ੍ਰਭੂ ਨੂੰ) ਪਿਆਰਾ ਲੱਗਦਾ ਹੈ। ਸਹਜਿ = ਆਤਮਕ ਅਡੋਲਤਾ ਵਿਚ। ਬੇਣੀ ਸੰਗਮੁ = ਤ੍ਰਿਬੇਣੀ ਜੰਗਮ, ਤਿੰਨ ਨਦੀਆਂ (ਗੰਗਾ, ਜਮਨਾ, ਸਰਸ੍ਵਤੀ) ਦਾ ਮਿਲਾਪ = ਥਾਂ, ਪ੍ਰਯਾਗ (ਅਲਾਹਾਬਾਦ ਦੇ ਨਜ਼ਦੀਕ) । ਸਤ ਸਤੇ = ਸੁੱਚੇ ਤੋਂ ਸੁੱਚਾ। ਸਾਚਾ = ਸਦਾ-ਥਿਰ ਰਹਿਣ ਵਾਲਾ। ਦੇਇ = ਦੇਂਦਾ ਹੈ (ਜੋ ਪ੍ਰਭੂ) । ਚੜੈ ਸਵਾਇਆ = (ਉਸ ਦਾ ਦਿੱਤਾ) ਦਿਨੋ ਦਿਨ ਵਧਦਾ ਹੈ। ਕਰਿ = ਕਰ ਕੇ। ਮੇਲਿ = ਸੰਗਤਿ ਵਿਚ।੩।
ਕਹਣੁ = ਕਥਨ। ਕਹਣੁ ਕਹੈ– ਕਥਨ ਕਥੈ। ਸਭੁ ਕੋਇ = ਹਰੇਕ ਜੀਵ। ਕੇਵਡੁ = ਕਿਤਨਾ ਵੱਡਾ। ਕੇਵਡੁ ਆਖੀਐ = ਕਿਤਨਾ ਵੱਡਾ ਆਖਿਆ ਜਾ ਸਕਦਾ ਹੈ, ਇਹ ਨਹੀਂ ਦੱਸਿਆ ਜਾ ਸਕਦਾ ਕਿ ਪਰਮਾਤਮਾ ਕੇਡਾ ਵੱਡਾ ਹੈ। ਹਉ = ਮੈਂ। ਸਮਝਾ = ਮੈਂ ਸਮਝ ਸਕਦਾ ਹਾਂ। ਸਾਖੀਐ = ਗੁਰੂ ਦੇ ਉਪਦੇਸ਼ ਨਾਲ। ਸਾਖੀ = ਸਿੱਖਿਆ, ਉਪਦੇਸ਼, ਸ਼ਬਦ। ਅੰਮ੍ਰਿਤ ਸਾਖੀ = ਆਤਮਕ ਜੀਵਨ ਦੇਣ ਵਾਲਾ ਉਪਦੇਸ਼। ਗੁਰ ਕੀ ਭਾਖੀ ਸਾਖੀ = ਗੁਰੂ ਦਾ ਉਚਾਰਿਆ ਹੋਇਆ ਸ਼ਬਦ। ਸਚੁ ਸਾਖੀ = ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਸ਼ਬਦ। ਤਿਤੁ = ਉਸ ਸ਼ਬਦ ਵਿਚ। ਬਿਖੁ = (ਮਾਇਆ = ਮੋਹ ਦਾ) ਜ਼ਹਰ। ਸਬਦਿ ਸਚੈ = ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਦੀ ਰਾਹੀਂ। ਆਖਣਿ = ਆਖਣ ਨਾਲ, ਬਿਆਨ ਕਰਨ ਨਾਲ। ਤੋਟਿ = ਖ਼ਾਤਮਾ। ਭੰਡਾਰੀ = ਭੰਡਾਰੀਂ, ਭੰਡਾਰਿਆਂ ਵਿਚ। ਭਰਿਪੁਰਿ ਰਹਿਆ = ਹਰ ਥਾਂ ਮੌਜੂਦ ਹੈ। ਸੋਈ = ਉਹ (ਪ੍ਰਭੂ) ਹੀ। ਸਾਚੁ ਕਹੈ– ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਦਾ ਹੈ। ਕਹੈ ਬੇਨੰਤੀ = ਅਰਦਾਸਾਂ ਕਰਦਾ ਹੈ। ਮਾਂਜੈ = ਸਾਫ਼ ਕਰਦਾ ਹੈ। ਸਚੁ = ਸਦਾ-ਥਿਰ ਪ੍ਰਭੂ। ਸਚੁ ਸੋਈ = ਸਦਾ-ਥਿਰ ਪ੍ਰਭੂ ਹੀ (ਹਰ ਥਾਂ ਦਿੱਸਦਾ ਹੈ) ।੪।
ਅਰਥ: ਮੈਂ (ਭੀ) ਤੀਰਥ ਉਤੇ ਇਸ਼ਨਾਨ ਕਰਨ ਜਾਂਦਾ ਹਾਂ (ਪਰ ਮੇਰੇ ਵਾਸਤੇ ਪਰਮਾਤਮਾ ਦਾ) ਨਾਮ (ਹੀ) ਤੀਰਥ ਹੈ। ਗੁਰੂ ਦੇ ਸ਼ਬਦ ਨੂੰ ਵਿਚਾਰ-ਮੰਡਲ ਵਿਚ ਟਿਕਾਣਾ (ਮੇਰੇ ਵਾਸਤੇ) ਤੀਰਥ ਹੈ (ਕਿਉਂਕਿ ਇਸ ਦੀ ਬਰਕਤਿ ਨਾਲ) ਮੇਰੇ ਅੰਦਰ ਪਰਮਾਤਮਾ ਨਾਲ ਡੂੰਘੀ ਸਾਂਝ ਬਣਦੀ ਹੈ। ਸਤਿਗੁਰੂ ਦਾ ਬਖ਼ਸ਼ਿਆ ਇਹ ਗਿਆਨ ਮੇਰੇ ਵਾਸਤੇ ਸਦਾ ਕਾਇਮ ਰਹਿਣ ਵਾਲਾ ਤੀਰਥ-ਅਸਥਾਨ ਹੈ, ਮੇਰੇ ਵਾਸਤੇ ਦਸ ਪਵਿਤ੍ਰ ਦਿਹਾੜੇ ਹੈ, ਮੇਰੇ ਵਾਸਤੇ ਗੰਗਾ ਦਾ ਜਨਮ-ਦਿਨ ਹੈ। ਮੈਂ ਤਾਂ ਸਦਾ ਪ੍ਰਭੂ ਦਾ ਨਾਮ ਹੀ ਮੰਗਦਾ ਹਾਂ ਤੇ (ਅਰਦਾਸ ਕਰਦਾ ਹਾਂ-) ਹੇ ਧਰਤੀ ਦੇ ਆਸਰੇ ਪ੍ਰਭੂ! ਮੈਨੂੰ ਆਪਣਾ ਨਾਮ) ਦੇਹ। ਜਗਤ (ਵਿਕਾਰਾਂ ਵਿਚ) ਰੋਗੀ ਹੋਇਆ ਪਿਆ ਹੈ, ਪਰਮਾਤਮਾ ਦਾ ਨਾਮ (ਇਹਨਾਂ ਰੋਗਾਂ ਦਾ) ਇਲਾਜ ਹੈ। ਸਦਾ-ਥਿਰ ਪ੍ਰਭੂ ਦੇ ਨਾਮ ਤੋਂ ਬਿਨਾ (ਮਨ ਨੂੰ ਵਿਕਾਰਾਂ ਦੀ) ਮੈਲ ਲੱਗ ਜਾਂਦੀ ਹੈ। ਗੁਰੂ ਦਾ ਪਵਿਤ੍ਰ ਸ਼ਬਦ (ਮਨੁੱਖ ਨੂੰ) ਸਦਾ (ਆਤਮਕ) ਚਾਨਣ (ਦੇਂਦਾ ਹੈ, ਇਹੀ) ਨਿੱਤ ਸਦਾ ਕਾਇਮ ਰਹਿਣ ਵਾਲਾ ਤੀਰਥ ਹੈ, ਇਹੀ ਤੀਰਥ-ਇਸ਼ਨਾਨ ਹੈ।੧।
ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਜੁੜਿਆਂ ਮਨ ਨੂੰ (ਵਿਕਾਰਾਂ ਦੀ) ਮੈਲ ਨਹੀਂ ਲੱਗਦੀ, (ਫਿਰ ਤੀਰਥ ਆਦਿਕਾਂ ਤੇ ਜਾ ਕੇ) ਕੋਈ ਮੈਲ ਧੋਣ ਦੀ ਲੋੜ ਹੀ ਨਹੀਂ ਪੈਂਦੀ। ਪਰਮਾਤਮਾ ਦੇ ਗੁਣਾਂ ਦਾ ਹਾਰ (ਹਿਰਦੇ ਵਿਚ) ਪ੍ਰੋ ਕੇ ਕਿਸੇ ਅੱਗੇ ਪੁਕਾਰ ਕਰਨ ਦੀ ਭੀ ਲੋੜ ਨਹੀਂ ਪੈਂਦੀ।
ਜੇਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਵਿਚਾਰ ਰਾਹੀਂ (ਆਪਣੇ ਮਨ ਨੂੰ ਵਿਕਾਰਾਂ ਵਲੋਂ) ਮਾਰ ਲੈਂਦਾ ਹੈ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ, (ਹੋਰਨਾਂ ਨੂੰ ਭੀ) ਪਾਰ ਲੰਘਾ ਲੈਂਦਾ ਹੈ, ਉਹ ਮੁੜ ਜੂਨਾਂ (ਦੇ ਚੱਕਰ) ਵਿਚ ਨਹੀਂ ਆਉਂਦਾ। ਉਹ ਮਨੁੱਖ ਆਪ ਪਾਰਸ ਬਣ ਜਾਂਦਾ ਹੈ, ਬੜੀ ਹੀ ਉੱਚੀ ਸੁਰਤਿ ਦਾ ਮਾਲਕ ਹੋ ਜਾਂਦਾ ਹੈ, ਉਹ ਸਦਾ-ਥਿਰ ਪ੍ਰਭੂ ਦਾ ਰੂਪ ਬਣ ਜਾਂਦਾ ਹੈ, ਉਹ ਸਦਾ-ਥਿਰ ਪ੍ਰਭੂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ। ਉਸ ਦੇ ਅੰਦਰ ਹਰ ਵੇਲੇ ਆਨੰਦ ਬਣਿਆ ਰਹਿੰਦਾ ਹੈ, ਸਦਾ-ਥਿਰ ਰਹਿਣ ਵਾਲੀ ਖ਼ੁਸ਼ੀ ਪੈਦਾ ਹੋ ਜਾਂਦੀ ਹੈ, ਉਹ ਮਨੁੱਖ ਆਪਣੇ (ਸਾਰੇ) ਦੁੱਖ ਪਾਪ ਦੂਰ ਕਰ ਲੈਂਦਾ ਹੈ।
ਜਿਸ ਮਨੁੱਖ ਨੇ ਸਦਾ-ਥਿਰ ਪ੍ਰਭੂ-ਨਾਮ ਪ੍ਰਾਪਤ ਕਰ ਲਿਆ, ਜਿਸ ਨੂੰ ਗੁਰੂ ਨੇ (ਪ੍ਰਭੂ) ਵਿਖਾ ਦਿੱਤਾ, ਉਸ ਦੇ ਸਦਾ-ਥਿਰ ਨਾਮ ਜਪਦੇ ਮਨ ਨੂੰ ਕਦੇ ਵਿਕਾਰਾਂ ਦੀ ਮੈਲ ਨਹੀਂ ਲੱਗਦੀ।੨।
ਸਾਧ ਸੰਗਤਿ ਵਿਚ ਮਿੱਤਰ-ਪ੍ਰਭੂ ਦਾ ਮਿਲਾਪ ਹੋ ਜਾਣਾ-ਇਹੀ ਉਹ ਤੀਰਥ-ਇਸ਼ਨਾਨ ਹੈ ਜਿਸ ਵਿਚ ਕੋਈ ਉਕਾਈ ਨਹੀਂ ਰਹਿ ਜਾਂਦੀ। ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ ਗਾਵਣ-ਜੋਗ ਪ੍ਰਭੂ (ਦੇ ਗੁਣ) ਗਾਂਦਾ ਹੈ ਉਸ ਦਾ ਜੀਵਨ ਸੋਹਣਾ ਬਣ ਜਾਂਦਾ ਹੈ। ਸਤਿਗੁਰੂ ਨੂੰ (ਜੀਵਨ-ਦਾਤਾ) ਮੰਨ ਕੇ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰ ਕੇ ਮਨੁੱਖ ਦੀ ਮਤਿ ਦੂਜਿਆਂ ਦੀ ਸੇਵਾ ਕਰਨ ਵਾਲੀ ਸਭ ਤੇ ਦਇਆ ਕਰਨ ਵਾਲੀ ਬਣ ਜਾਂਦੀ ਹੈ। (ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਮਨੁੱਖ) ਪਤੀ-ਪ੍ਰਭੂ ਦੀ ਸੰਗਤਿ ਵਿਚ ਰਹਿ ਕੇ ਉਸ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ ਆਤਮਕ ਅਡੋਲਤਾ ਵਿਚ (ਮਾਨੋ, ਆਤਮਕ) ਇਸ਼ਨਾਨ ਕਰਦਾ ਹੈ; ਇਹੀ ਉਸ ਦੇ ਵਾਸਤੇ ਸੁੱਚੇ ਤੋਂ ਸੁੱਚਾ ਤ੍ਰਿਬੇਣੀ ਸੰਗਮ (ਦਾ ਇਸ਼ਨਾਨ) ਹੈ।
(ਹੇ ਭਾਈ!) ਉਸ ਸਦਾ-ਥਿਰ ਰਹਿਣ ਵਾਲੇ ਇੱਕ ਅਕਾਲ ਪੁਰਖ ਨੂੰ ਸਿਮਰ, ਜੋ ਸਦਾ (ਸਭ ਜੀਵਾਂ ਨੂੰ ਦਾਤਾਂ) ਦੇਂਦਾ ਹੈ ਤੇ (ਜਿਸ ਦੀਆਂ ਦਿੱਤੀਆਂ ਦਾਤਾਂ ਦਿਨੋ ਦਿਨ) ਵਧਦੀਆਂ ਹਨ। ਮਿੱਤਰ-ਪ੍ਰਭੂ ਦੀ ਸੰਗਤਿ ਵਿਚ, ਗੁਰੂ ਸੰਤ ਦੀ ਸੰਗਤਿ ਵਿਚ ਆਤਮਕ ਅਵਸਥਾ ਉੱਚੀ ਹੋ ਜਾਂਦੀ ਹੈ, ਪ੍ਰਭੂ ਮੇਹਰ ਦੀ ਨਜ਼ਰ ਕਰ ਕੇ ਆਪਣੀ ਸੰਗਤਿ ਵਿਚ ਮਿਲਾ ਲੈਂਦਾ ਹੈ।੩।
ਹਰੇਕ ਜੀਵ (ਪਰਮਾਤਮਾ ਬਾਰੇ) ਕਥਨ ਕਰਦਾ ਹੈ (ਤੇ ਆਖਦਾ ਹੈ ਕਿ ਪਰਮਾਤਮਾ ਬਹੁਤ ਵੱਡਾ ਹੈ, ਪਰ) ਕੋਈ ਨਹੀਂ ਦੱਸ ਸਕਦਾ ਕਿ ਉਹ ਕੇਡਾ ਵੱਡਾ ਹੈ। (ਮੈਂ ਇਤਨੇ ਜੋਗਾ ਨਹੀਂ ਕਿ ਪਰਮਾਤਮਾ ਦਾ ਸਰੂਪ ਬਿਆਨ ਕਰ ਸਕਾਂ) ਮੈਂ (ਤਾਂ) ਮੂਰਖ ਹਾਂ, ਨੀਵੇਂ ਸੁਭਾਵ ਦਾ ਹਾਂ, ਅੰਞਾਣ ਹਾਂ, ਮੈਂ ਤਾਂ ਗੁਰੂ ਦੇ ਉਪਦੇਸ਼ ਨਾਲ ਹੀ (ਕੁਝ) ਸਮਝ ਸਕਦਾ ਹਾਂ (ਭਾਵ, ਮੈਂ ਤਾਂ ਉਤਨਾ ਕੁਝ ਹੀ ਮਸਾਂ ਸਮਝ ਸਕਦਾ ਹਾਂ ਜਿਤਨਾ ਗੁਰੂ ਆਪਣੇ ਸ਼ਬਦ ਦੀ ਰਾਹੀਂ ਸਮਝਾਏ) । ਮੇਰਾ ਮਨ ਤਾਂ ਉਸ ਗੁਰ-ਸ਼ਬਦ ਵਿਚ ਹੀ ਪਤੀਜ ਗਿਆ ਹੈ ਜੋ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹੈ ਤੇ ਜੋ ਆਤਮਕ ਜੀਵਨ ਦੇਣ ਵਾਲਾ ਹੈ।
ਜੇਹੜੇ ਜੀਵ (ਮਾਇਆ-ਮੋਹ ਦੇ) ਜ਼ਹਰ ਨਾਲ ਲੱਦੇ ਹੋਏ ਜਗਤ ਵਿਚ ਆਉਂਦੇ ਹਨ (ਗੁਰੂ ਦੇ ਸ਼ਬਦ ਨੂੰ ਵਿਸਾਰ ਕੇ ਤੇ ਤੀਰਥ-ਇਸ਼ਨਾਨ ਆਦਿਕ ਦੀ ਟੇਕ ਰੱਖ ਕੇ, ਉਸੇ ਜ਼ਹਰ ਨਾਲ ਲੱਦੇ ਹੋਏ ਹੀ ਜਗਤ ਤੋਂ) ਕੂਚ ਕਰ ਜਾਂਦੇ ਹਨ, ਪਰ ਜੇਹੜੇ ਮਨੁੱਖ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਵਿਚ ਜੁੜਦੇ ਹਨ, ਉਹਨਾਂ ਨੂੰ ਮੇਰਾ ਗੁਰੂ ਉਸ ਜ਼ਹਰ ਦੇ ਭਾਰ ਤੋਂ ਬਚਾ ਲੈਂਦਾ ਹੈ।
(ਪਰਮਾਤਮਾ ਦੇ ਗੁਣ ਬੇਅੰਤ ਹਨ, ਗੁਣ) ਬਿਆਨ ਕਰਨ ਨਾਲ ਮੁੱਕਦੇ ਨਹੀਂ, (ਪਰਮਾਤਮਾ ਦੀ ਭਗਤੀ ਦੇ ਖ਼ਜ਼ਾਨੇ ਭਰੇ ਪਏ ਹਨ, ਜੀਵਾਂ ਨੂੰ ਭਗਤੀ ਦੀ ਦਾਤਿ ਵੰਡਿਆਂ) ਭਗਤੀ ਦੇ ਖ਼ਜ਼ਾਨਿਆਂ ਵਿਚ ਕੋਈ ਕਮੀ ਨਹੀਂ ਹੁੰਦੀ, (ਪਰ ਭਗਤੀ ਕਰਨ ਨਾਲ ਤੇ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨ ਨਾਲ ਮਨੁੱਖ ਨੂੰ ਇਹ ਨਿਸ਼ਚਾ ਬਣ ਜਾਂਦਾ ਹੈ ਕਿ) ਪਰਮਾਤਮਾ ਹੀ ਹਰ ਥਾਂ ਵਿਆਪਕ ਹੈ। ਹੇ ਨਾਨਕ! ਜੇਹੜਾ ਮਨੁੱਖ ਸਦਾ-ਥਿਰ ਪ੍ਰਭੂ ਦਾ ਸਿਮਰਨ ਕਰਦਾ ਹੈ, ਜੋ ਪ੍ਰਭੂ-ਦਰ ਤੇ ਅਰਦਾਸਾਂ ਕਰਦਾ ਹੈ (ਤੇ ਇਸ ਤਰ੍ਹਾਂ) ਆਪਣੇ ਮਨ ਨੂੰ ਵਿਕਾਰਾਂ ਦੀ ਮੈਲ ਤੋਂ ਸਾਫ਼ ਕਰ ਲੈਂਦਾ ਹੈ ਉਸ ਨੂੰ ਹਰ ਥਾਂ ਉਹ ਸਦਾ-ਥਿਰ ਪ੍ਰਭੂ ਹੀ ਦਿੱਸਦਾ ਹੈ (ਤੀਰਥ-ਇਸ਼ਨਾਨਾਂ ਨਾਲ ਇਹ ਆਤਮਕ ਅਵਸਥਾ ਪ੍ਰਾਪਤ ਨਹੀਂ ਹੁੰਦੀ) ।੪।੧।
*┈┉┅━❀꧁ੴ꧂❀━┅┉┈*
ਬਿਲਾਵਲੁ ਮਹਲਾ ੪ ॥ ਹਰਿ ਹਰਿ ਨਾਮੁ ਸੀਤਲ ਜਲੁ ਧਿਆਵਹੁ ਹਰਿ ਚੰਦਨ ਵਾਸੁ ਸੁਗੰਧ ਗੰਧਈਆ ॥ ਮਿਲਿ ਸਤਸੰਗਤਿ ਪਰਮ ਪਦੁ ਪਾਇਆ ਮੈ ਹਿਰਡ ਪਲਾਸ ਸੰਗਿ ਹਰਿ ਬੁਹੀਆ ॥੧॥ ਜਪਿ ਜਗੰਨਾਥ ਜਗਦੀਸ ਗੁਸਈਆ ॥ ਸਰਣਿ ਪਰੇ ਸੇਈ ਜਨ ਉਬਰੇ ਜਿਉ ਪ੍ਰਹਿਲਾਦ ਉਧਾਰਿ ਸਮਈਆ ॥੧॥ ਰਹਾਉ ॥ਭਾਰ ਅਠਾਰਹ ਮਹਿ ਚੰਦਨੁ ਊਤਮ ਚੰਦਨ ਨਿਕਟਿ ਸਭ ਚੰਦਨੁ ਹੁਈਆ ॥ ਸਾਕਤ ਕੂੜੇ ਊਭ ਸੁਕ ਹੂਏ ਮਨਿ ਅਭਿਮਾਨੁ ਵਿਛੁੜਿ ਦੂਰਿ ਗਈਆ ॥੨॥ {ਪੰਨਾ 833-834}
ਪਦਅਰਥ: ਸੀਤਲ = ਠੰਢ ਪਾਣ ਵਾਲਾ। ਧਿਆਵਹੁ = ਸਿਮਰਿਆ ਕਰੋ। ਵਾਸੁ = ਸੁਗੰਧੀ। ਗੰਧਈਆ = ਸੁਗੰਧਿਤ ਕਰਦੀ ਹੈ। ਮਿਲਿ = ਮਿਲ ਕੇ। ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ। ਹਿਰਡ = ਅਰਿੰਡ। ਪਲਾਸ = ਪਲਾਹ, ਛਿਛਰਾ। ਸੰਗਿ = (ਚੰਦਨ ਦੇ) ਨਾਲ। ਬੁਹੀਆ = ਸੁਗੰਧਿਤ ਹੋ ਜਾਂਦਾ ਹੈ।੧।
ਜਪਿ = ਜਪਿਆ ਕਰ। ਜਗੰਨਾਥ = ਜਗਤ ਦਾ ਨਾਥ। ਜਗਦੀਸ = ਜਗਤ ਦਾ ਈਸ਼੍ਵਰ। ਗੁਸਈਆ = ਧਰਤੀ ਦਾ ਖਸਮ। ਉਬਰੇ = ਵਿਕਾਰਾਂ ਤੋਂ ਬਚ ਗਏ। ਉਧਾਰਿ = ਪਾਰ = ਉਤਾਰਾ ਕਰ ਕੇ।੧।ਰਹਾਉ।
ਭਾਰ ਅਠਾਰਹ = ਸਾਰੀ ਬਨਸਪਤੀ। {ਪੁਰਾਣਾ ਖ਼ਿਆਲ ਤੁਰਿਆ ਆ ਰਿਹਾ ਹੈ ਕਿ ਹਰੇਕ ਬੂਟੇ ਦਾ ਇਕ ਇਕ ਪੱਤਰ ਲੈ ਕੇ ਤੋਲਿਆਂ ੧੮ ਭਾਰ ਤੋਲ ਬਣਦਾ ਹੈ। ਇਕ ਭਾਰ ਪੰਜ ਮਣ ਕੱਚੇ ਦਾ}। ਨਿਕਟਿ = ਨੇੜੇ। ਸਾਕਤ = ਪਰਮਾਤਮਾ ਤੋਂ ਟੁੱਟੇ ਹੋਏ ਮਨੁੱਖ। ਊਭ ਸੁਕ = (ਧਰਤੀ ਉਤੇ) ਖਲੋਤੇ ਹੋਏ ਹੀ ਸੁੱਕ ਚੁਕੇ ਰੁੱਖ। ਮਨਿ = ਮਨ ਵਿਚ। ਵਿਛੁੜਿ = ਵਿਛੁੜ ਕੇ।੨।
ਅਰਥ: ਹੇ ਭਾਈ! ਜਗਤ ਦੇ ਨਾਥ, ਜਗਤ ਦੇ ਈਸ਼੍ਵਰ, ਧਰਤੀ ਦੇ ਖਸਮ ਪ੍ਰਭੂ ਦਾ ਨਾਮ ਜਪਿਆ ਕਰ। ਜਿਹੜੇ ਮਨੁੱਖ ਪ੍ਰਭੂ ਦੀ ਸਰਨ ਆ ਪੈਂਦੇ ਹਨ, ਉਹ ਮਨੁੱਖ (ਸੰਸਾਰ-ਸਮੁੰਦਰ ਵਿਚੋਂ) ਬਚ ਨਿਕਲਦੇ ਹਨ, ਜਿਵੇਂ ਪ੍ਰਹਿਲਾਦ (ਆਦਿਕ ਭਗਤਾਂ) ਨੂੰ (ਪਰਮਾਤਮਾ ਨੇ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਕੇ (ਆਪਣੇ ਚਰਨਾਂ ਵਿਚ) ਲੀਨ ਕਰ ਲਿਆ।੧।ਰਹਾਉ।
ਹੇ ਭਾਈ! ਪ੍ਰਭੂ ਦਾ ਨਾਮ ਸਿਮਰਿਆ ਕਰੋ, ਇਹ ਨਾਮ ਠੰਢ ਪਾਣ ਵਾਲਾ ਜਲ ਹੈ, ਇਹ ਨਾਮ ਚੰਦਨ ਦੀ ਸੁਗੰਧੀ ਹੈ ਜਿਹੜੀ (ਸਾਰੀ ਬਨਸਪਤੀ ਨੂੰ) ਸੁਗੰਧਿਤ ਕਰ ਦੇਂਦੀ ਹੈ। ਹੇ ਭਾਈ! ਸਾਧ ਸੰਗਤਿ ਵਿਚ ਮਿਲ ਕੇ ਸਭ ਤੋਂ ਉੱਚਾ ਆਤਮਕ ਦਰਜਾ ਪ੍ਰਾਪਤ ਕਰ ਲਈਦਾ ਹੈ। ਜਿਵੇਂ ਅਰਿੰਡ ਤੇ ਪਲਾਹ (ਆਦਿਕ ਨਿਕੰਮੇ ਰੁੱਖ ਚੰਦਨ ਦੀ ਸੰਗਤਿ ਨਾਲ) ਸੁਗੰਧਿਤ ਹੋ ਜਾਂਦੇ ਹਨ, (ਤਿਵੇਂ) ਮੇਰੇ ਵਰਗੇ ਜੀਵ (ਹਰਿ ਨਾਮ ਦੀ ਬਰਕਤਿ ਨਾਲ ਉੱਚੇ ਜੀਵਨ ਵਾਲੇ ਬਣ ਜਾਂਦੇ ਹਨ) ।੧।
ਹੇ ਭਾਈ! ਸਾਰੀ ਬਨਸਪਤੀ ਵਿਚ ਚੰਦਨ ਸਭ ਤੋਂ ਸ੍ਰੇਸ਼ਟ (ਰੁੱਖ) ਹੈ, ਚੰਦਨ ਦੇ ਨੇੜੇ (ਉੱਗਾ ਹੋਇਆ) ਹਰੇਕ ਬੂਟਾ ਚੰਦਨ ਬਣ ਜਾਂਦਾ ਹੈ। ਪਰ ਪਰਮਾਤਮਾ ਨਾਲੋਂ ਟੁੱਟੇ ਹੋਏ ਮਾਇਆ-ਵੇੜ੍ਹੇ ਪ੍ਰਾਣੀ (ਉਹਨਾਂ ਰੁੱਖਾਂ ਵਰਗੇ ਹਨ ਜੋ ਧਰਤੀ ਵਿਚੋਂ ਖ਼ੁਰਾਕ ਮਿਲ ਸਕਣ ਤੇ ਭੀ) ਖਲੋਤੇ ਹੀ ਸੁੱਕ ਜਾਂਦੇ ਹਨ, (ਉਹਨਾਂ ਦੇ) ਮਨ ਵਿਚ ਅਹੰਕਾਰ ਵੱਸਦਾ ਹੈ, (ਇਸ ਵਾਸਤੇ ਪਰਮਾਤਮਾ ਤੋਂ) ਵਿਛੁੱੜ ਕੇ ਉਹ ਕਿਤੇ ਦੂਰ ਪਏ ਰਹਿੰਦੇ ਹਨ।੨।
ਹਰਿ ਗਤਿ ਮਿਤਿ ਕਰਤਾ ਆਪੇ ਜਾਣੈ ਸਭ ਬਿਧਿ ਹਰਿ ਹਰਿ ਆਪਿ ਬਨਈਆ ॥ ਜਿਸੁ ਸਤਿਗੁਰੁ ਭੇਟੇ ਸੁ ਕੰਚਨੁ ਹੋਵੈ ਜੋ ਧੁਰਿ ਲਿਖਿਆ ਸੁ ਮਿਟੈ ਨ ਮਿਟਈਆ ॥੩॥ ਰਤਨ ਪਦਾਰਥ ਗੁਰਮਤਿ ਪਾਵੈ ਸਾਗਰ ਭਗਤਿ ਭੰਡਾਰ ਖੁਲ੍ਹ੍ਹਈਆ ॥ ਗੁਰ ਚਰਣੀ ਇਕ ਸਰਧਾ ਉਪਜੀ ਮੈ ਹਰਿ ਗੁਣ ਕਹਤੇ ਤ੍ਰਿਪਤਿ ਨ ਭਈਆ ॥੪॥ ਪਰਮ ਬੈਰਾਗੁ ਨਿਤ ਨਿਤ ਹਰਿ ਧਿਆਏ ਮੈ ਹਰਿ ਗੁਣ ਕਹਤੇ ਭਾਵਨੀ ਕਹੀਆ ॥ ਬਾਰ ਬਾਰ ਖਿਨੁ ਖਿਨੁ ਪਲੁ ਕਹੀਐ ਹਰਿ ਪਾਰੁ ਨ ਪਾਵੈ ਪਰੈ ਪਰਈਆ ॥੫॥ {ਪੰਨਾ 834}
ਪਦਅਰਥ: ਗਤਿ = ਉੱਚੀ ਆਤਮਕ ਹਾਲਤ। ਮਿਤਿ = ਗਿਣਤੀ, ਮਰਯਾਦਾ, ਹੱਦ = ਬੰਨਾ। ਆਪੇ = ਆਪ ਹੀ। ਸਭ ਬਿਧਿ = ਸਾਰੀ ਮਰਯਾਦਾ। ਭੇਟੇ = ਮਿਲਦਾ ਹੈ। ਕੰਚਨੁ = ਸੋਨਾ। ਧੁਰਿ = ਧੁਰ ਦਰਗਾਹ ਤੋਂ।੩।
ਗੁਰਮਤਿ = ਗੁਰੂ ਦੀ ਮਤਿ ਦੀ ਰਾਹੀਂ। ਪਾਵੈ = (ਮਨੁੱਖ) ਲੱਭ ਲੈਂਦਾ ਹੈ। ਸਾਗਰ = ਸਮੁੰਦਰ। ਇਕ ਸਰਧਾ = ਇਕ ਪਰਮਾਤਮਾ ਦਾ ਪਿਆਰ। ਕਹਤੇ = ਕਹਿੰਦਿਆਂ। ਤ੍ਰਿਪਤਿ = ਰਜੇਵਾਂ।੪।
ਪਰਮ ਬੈਰਾਗੁ = ਸਭ ਤੋਂ ਉੱਚਾ ਵੈਰਾਗ, ਸਭ ਤੋਂ ਉੱਚੀ ਲਗਨ। ਭਾਵਨੀ = ਪਿਆਰ। ਬਾਰ ਬਾਰ = ਮੁੜ ਮੁੜ। ਕਹੀਐ = ਸਿਮਰਨਾ ਚਾਹੀਦਾ ਹੈ। ਪਾਰੁ = ਪਾਰਲਾ ਬੰਨਾ। ਪਰੈ ਪਰਈਆ = ਪਰੇ ਤੋਂ ਪਰੇ।੫।
ਅਰਥ: ਹੇ ਭਾਈ! ਪਰਮਾਤਮਾ ਕਿਹੋ ਜਿਹਾ ਹੈ ਤੇ ਕੇਡਾ ਵੱਡਾ ਹੈ-ਇਹ ਗੱਲ ਉਹ ਆਪ ਹੀ ਜਾਣਦਾ ਹੈ। (ਜਗਤ ਦੀ) ਸਾਰੀ ਮਰਯਾਦਾ ਉਸ ਨੇ ਆਪ ਹੀ ਬਣਾਈ ਹੋਈ ਹੈ (ਉਸ ਮਰਯਾਦਾ ਅਨੁਸਾਰ) ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਉਹ ਸੋਨਾ ਬਣ ਜਾਂਦਾ ਹੈ (ਸੁੱਚੇ ਜੀਵਨ ਵਲ ਬਣ ਜਾਂਦਾ ਹੈ। ਹੇ ਭਾਈ! ਧੁਰ ਦਰਗਾਹ ਤੋਂ (ਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਜੀਵਾਂ ਦੇ ਮੱਥੇ ਉਤੇ ਜੋ ਲੇਖ) ਲਿਖਿਆ ਜਾਂਦਾ ਹੈ, ਉਹ ਲੇਖ (ਕਿਸੇ ਦੇ ਆਪਣੇ ਉੱਦਮ ਨਾਲ) ਮਿਟਾਇਆਂ ਮਿਟ ਨਹੀਂ ਸਕਦਾ (ਗੁਰੂ ਦੇ ਮਿਲਣ ਨਾਲ ਹੀ ਲੋਹੇ ਤੋਂ ਕੰਚਨ ਬਣਦਾ) ਹੈ।੩।
ਹੇ ਭਾਈ! ਗੁਰੂ ਦੇ ਅੰਦਰ) ਭਗਤੀ ਦੇ ਸਮੁੰਦਰ (ਭਰੇ ਪਏ) ਹਨ, ਭਗਤੀ ਦੇ ਖ਼ਜ਼ਾਨੇ ਖੁਲ੍ਹੇ ਪਏ ਹਨ, ਗੁਰੂ ਦੀ ਮਤਿ ਉਤੇ ਤੁਰ ਕੇ ਹੀ ਮਨੁੱਖ (ਉੱਚੇ ਆਤਮਕ ਗੁਣ-) ਰਤਨ ਪ੍ਰਾਪਤ ਕਰ ਸਕਦਾ ਹੈ। (ਵੇਖੋ) ਗੁਰੂ ਦੀ ਚਰਨੀਂ ਲੱਗ ਕੇ (ਹੀ ਮੇਰੇ ਅੰਦਰ) ਇਕ ਪਰਮਾਤਮਾ ਵਾਸਤੇ ਪਿਆਰ ਪੈਦਾ ਹੋਇਆ ਹੈ (ਹੁਣ) ਪਰਮਾਤਮਾ ਦੇ ਗੁਣ ਗਾਂਦਿਆਂ ਮੇਰਾ ਮਨ ਰੱਜਦਾ ਨਹੀਂ ਹੈ।੪।
ਹੇ ਭਾਈ! ਜਿਹੜਾ ਮਨੁੱਖ ਸਦਾ ਹੀ ਪਰਮਾਤਮਾ ਦਾ ਧਿਆਨ ਧਰਦਾ ਰਹਿੰਦਾ ਹੈ ਉਸਦੇ ਅੰਦਰ ਸਭ ਤੋਂ ਉੱਚੀ ਲਗਨ ਬਣ ਜਾਂਦੀ ਹੈ। ਪ੍ਰਭੂ ਦੇ ਗੁਣ ਗਾਂਦਿਆਂ ਗਾਂਦਿਆਂ ਜਿਹੜਾ ਪਿਆਰ ਮੇਰੇ ਅੰਦਰ ਬਣਿਆ ਹੈ, ਮੈਂ (ਤੁਹਾਨੂੰ ਉਸ ਦਾ ਹਾਲ) ਦੱਸਿਆ ਹੈ। ਸੋ, ਹੇ ਭਾਈ! ਮੁੜ ਮੁੜ, ਹਰੇਕ ਖਿਨ, ਹਰੇਕ ਪਲ, ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ (ਪਰ, ਇਹ ਚੇਤੇ ਰੱਖੋ) ਪਰਮਾਤਮਾ ਪਰੇ ਤੋਂ ਪਰੇ ਹੈ, ਕੋਈ ਜੀਵ ਉਸ (ਦੀ ਹਸਤੀ) ਦਾ ਪਾਰਲਾ ਬੰਨ੍ਹਾ ਲੱਭ ਨਹੀਂ ਸਕਦਾ।੫।
ਸਾਸਤ ਬੇਦ ਪੁਰਾਣ ਪੁਕਾਰਹਿ ਧਰਮੁ ਕਰਹੁ ਖਟੁ ਕਰਮ ਦ੍ਰਿੜਈਆ ॥ ਮਨਮੁਖ ਪਾਖੰਡਿ ਭਰਮਿ ਵਿਗੂਤੇ ਲੋਭ ਲਹਰਿ ਨਾਵ ਭਾਰਿ ਬੁਡਈਆ ॥੬॥ ਨਾਮੁ ਜਪਹੁ ਨਾਮੇ ਗਤਿ ਪਾਵਹੁ ਸਿਮ੍ਰਿਤਿ ਸਾਸਤ੍ਰ ਨਾਮੁ ਦ੍ਰਿੜਈਆ ॥ ਹਉਮੈ ਜਾਇ ਤ ਨਿਰਮਲੁ ਹੋਵੈ ਗੁਰਮੁਖਿ ਪਰਚੈ ਪਰਮ ਪਦੁ ਪਈਆ ॥੭॥ ਇਹੁ ਜਗੁ ਵਰਨੁ ਰੂਪੁ ਸਭੁ ਤੇਰਾ ਜਿਤੁ ਲਾਵਹਿ ਸੇ ਕਰਮ ਕਮਈਆ ॥ ਨਾਨਕ ਜੰਤ ਵਜਾਏ ਵਾਜਹਿ ਜਿਤੁ ਭਾਵੈ ਤਿਤੁ ਰਾਹਿ ਚਲਈਆ ॥੮॥੨॥੫॥ {ਪੰਨਾ 834}
ਪਦਅਰਥ: ਪੁਕਾਰਹਿ = ਪੁਕਾਰਦੇ ਹਨ, (ਇਸੇ ਗੱਲ ਉੱਤੇ) ਜ਼ੋਰ ਦੇਂਦੇ ਹਨ। ਧਰਮੁ = (ਖਟ = ਕਰਮੀ) ਧਰਮ। ਖਟ ਕਰਮ = ਛੇ ਧਾਰਮਿਕ ਕਰਮ (ਵਿੱਦਿਆ ਪੜ੍ਹਨੀ ਤੇ ਪੜ੍ਹਾਣੀ, ਜੱਗ ਕਰਨੇ ਤੇ ਕਰਾਣੇ, ਦਾਨ ਦੇਣਾ ਤੇ ਲੈਣਾ) । ਦ੍ਰਿੜਈਆ = ਪਕਿਆਈ ਕਰਦੇ ਹਨ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਪਾਖੰਡਿ = ਪਖੰਡ ਵਿਚ। ਭਰਮਿ = ਭਟਕਣਾ ਵਿਚ। ਵਿਗੂਤੇ = ਖ਼ੁਆਰ ਹੁੰਦੇ ਹਨ। ਨਾਵ = (ਜ਼ਿੰਦਗੀ ਦੀ) ਬੇੜੀ। ਭਾਰਿ = ਭਾਰ ਨਾਲ।੬।
ਨਾਮੇ = ਨਾਮ ਦੀ ਰਾਹੀਂ ਹੀ। ਗਤਿ = ਉੱਚੀ ਆਤਮਕ ਅਵਸਥਾ। ਦ੍ਰਿੜਈਆ = ਹਿਰਦੇ ਵਿਚ ਪੱਕਾ ਕਰੋ। ਜਾਇ = ਦੂਰ ਹੁੰਦੀ ਹੈ। ਤ = ਤਦੋਂ। ਨਿਰਮਲੁ = ਪਵਿੱਤਰ ਜੀਵਨ ਵਾਲਾ। ਗੁਰਮੁਖਿ = ਗੁਰੂ ਦੀ ਰਾਹੀਂ। ਪਰਚੈ = (ਨਾਮ ਵਿਚ) ਪਰਚਦਾ ਹੈ। ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ।੭।
ਵਰਨੁ = ਰੰਗ। ਜਿਤੁ = ਜਿਸ (ਕੰਮ) ਵਿਚ। ਲਾਵਹਿ = ਤੂੰ ਲਾਂਦਾ ਹੈਂ। ਸੇ = ਉਹ {ਬਹੁ-ਵਚਨ}। ਜੰਤ = ਜੀਵ {ਬਹੁ-ਵਚਨ}। ਵਾਜਹਿ = ਵੱਜਦੇ ਹਨ। ਜਿਤੁ = ਜਿਸ (ਰਾਹ) ਵਿਚ। ਭਾਵੈ = ਤੈਨੂੰ ਚੰਗਾ ਲੱਗਦਾ ਹੈ। ਤਿਤੁ ਰਾਹਿ = ਉਸੇ ਰਾਹ ਤੇ।੮।
ਅਰਥ: ਹੇ ਭਾਈ! ਵੇਦ ਸ਼ਾਸਤ੍ਰ ਪੁਰਾਣ (ਆਦਿਕ ਧਰਮ ਪੁਸਤਕ ਇਸੇ ਗੱਲ ਉੱਤੇ) ਜ਼ੋਰ ਦੇਂਦੇ ਹਨ (ਕਿ ਖਟ-ਕਰਮੀ) ਧਰਮ ਕਮਾਇਆ ਕਰੋ, ਉਹ ਇਹਨਾਂ ਛੇ ਧਾਰਮਿਕ ਕਰਮਾਂ ਬਾਰੇ ਹੀ ਪਕਿਆਈ ਕਰਦੇ ਹਨ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਇਸੇ) ਪਾਖੰਡ ਵਿਚ ਭਟਕਣਾ ਵਿਚ (ਪੈ ਕੇ) ਖ਼ੁਆਰ ਹੁੰਦੇ ਹਨ, (ਉਹਨਾਂ ਦੀ ਜ਼ਿੰਦਗੀ ਦੀ) ਬੇੜੀ (ਆਪਣੇ ਹੀ ਪਾਖੰਡ ਦੇ) ਭਾਰ ਨਾਲ ਲੋਭ ਦੀ ਲਹਿਰ ਵਿਚ ਡੁੱਬ ਜਾਂਦੀ ਹੈ।੬।
ਹੇ ਭਾਈ! ਪਰਮਾਤਮਾ ਦਾ ਨਾਮ ਜਪਿਆ ਕਰੋ, ਨਾਮ ਵਿਚ ਜੁੜ ਕੇ ਹੀ ਉੱਚੀ ਆਤਮਕ ਅਵਸਥਾ ਪ੍ਰਾਪਤ ਕਰੋਗੇ। (ਆਪਣੇ ਹਿਰਦੇ ਵਿਚ ਪਰਮਾਤਮਾ ਦਾ) ਨਾਮ ਪੱਕਾ ਟਿਕਾਈ ਰੱਖੋ, (ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਵਾਸਤੇ ਇਹ ਹਰਿ-ਨਾਮ ਹੀ) ਸਿਮ੍ਰਿਤੀਆਂ ਸ਼ਾਸਤ੍ਰਾਂ ਦਾ ਉਪਦੇਸ ਹੈ। (ਹਰਿ-ਨਾਮ ਦੀ ਰਾਹੀਂ ਜਦੋਂ ਮਨੁੱਖ ਦੇ ਅੰਦਰੋਂ) ਹਉਮੈ ਦੂਰ ਹੋ ਜਾਂਦੀ ਹੈ, ਤਦੋਂ ਮਨੁੱਖ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਹੈ। ਗੁਰੂ ਦੀ ਸਰਨ ਪੈ ਕੇ ਜਦੋਂ ਮਨੁੱਖ (ਪਰਮਾਤਮਾ ਦੇ ਨਾਮ ਵਿਚ) ਪਤੀਜਦਾ ਹੈ, ਤਦੋਂ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦਾ ਹੈ।੭।
ਹੇ ਨਾਨਕ! ਆਖ-ਹੇ ਪ੍ਰਭੂ!) ਇਹ ਸਾਰਾ ਜਗਤ ਤੇਰਾ ਹੀ ਰੂਪ ਹੈ ਤੇਰਾ ਹੀ ਰੰਗ ਹੈ। ਜਿਸ ਪਾਸੇ ਤੂੰ (ਜੀਵਾਂ ਨੂੰ) ਲਾਂਦਾ ਹੈਂ, ਉਹੀ ਕਰਮ ਜੀਵ ਕਰਦੇ ਹਨ। ਜੀਵ (ਤੇਰੇ ਵਾਜੇ ਹਨ) ਜਿਵੇਂ ਤੂੰ ਵਜਾਂਦਾ ਹੈਂ, ਤਿਵੇਂ ਵੱਜਦੇ ਹਨ। ਜਿਸ ਰਾਹ ਤੇ ਤੋਰਨਾ ਤੈਨੂੰ ਚੰਗਾ ਲੱਗਦਾ ਹੈ, ਉਸੇ ਰਾਹ ਤੇ ਜੀਵ ਤੁਰਦੇ ਹਨ।੮।੨।
*┈┉┅━❀꧁ੴ꧂❀━┅┉┈*
ਸੂਹੀ ਮਹਲਾ ੫ ॥ ਗੁਰ ਅਪੁਨੇ ਊਪਰਿ ਬਲਿ ਜਾਈਐ ॥ ਆਠ ਪਹਰ ਹਰਿ ਹਰਿ ਜਸੁ ਗਾਈਐ ॥੧॥ ਸਿਮਰਉ ਸੋ ਪ੍ਰਭੁ ਅਪਨਾ ਸੁਆਮੀ ॥ ਸਗਲ ਘਟਾ ਕਾ ਅੰਤਰਜਾਮੀ ॥੧॥ ਰਹਾਉ ॥ ਚਰਣ ਕਮਲ ਸਿਉ ਲਾਗੀ ਪ੍ਰੀਤਿ ॥ ਸਾਚੀ ਪੂਰਨ ਨਿਰਮਲ ਰੀਤਿ ॥੨॥ ਸੰਤ ਪ੍ਰਸਾਦਿ ਵਸੈ ਮਨ ਮਾਹੀ ॥ ਜਨਮ ਜਨਮ ਕੇ ਕਿਲਵਿਖ ਜਾਹੀ ॥੩॥ ਕਰਿ ਕਿਰਪਾ ਪ੍ਰਭ ਦੀਨ ਦਇਆਲਾ ॥ ਨਾਨਕੁ ਮਾਗੈ ਸੰਤ ਰਵਾਲਾ ॥੪॥੧੭॥੨੩॥ {ਪੰਨਾ 741}
ਪਦਅਰਥ: ਬਲਿ ਜਾਈਐ = ਕੁਰਬਾਨ ਹੋਣਾ ਚਾਹੀਦਾ ਹੈ। ਗਾਈਐ = ਗਾਣਾ ਚਾਹੀਦਾ ਹੈ। ਜਸੁ = ਸਿਫ਼ਤਿ-ਸਾਲਾਹ (ਦਾ ਗੀਤ) ।੧।
ਸਿਮਰਉ = ਸਿਮਰਉਂ, ਮੈਂ ਸਿਮਰਦਾ ਹਾਂ। ਸੁਆਮੀ = ਮਾਲਕ। ਸਗਲ = ਸਾਰੇ। ਅੰਤਰਜਾਮੀ = ਅੰਦਰ ਦੀ ਜਾਣਨ ਵਾਲਾ।੧।ਰਹਾਉ।
ਸਿਉ = ਨਾਲ। ਸਾਚੀ = ਸਦਾ ਕਾਇਮ ਰਹਿਣ ਵਾਲੀ। ਪੂਰਨ = ਮੁਕੰਮਲ। ਰੀਤਿ = ਜੀਵਨ = ਜੁਗਤਿ।੨।
ਸੰਤ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਮਾਹੀ = ਮਾਹਿ, ਵਿਚ। ਕਿਲਵਿਖ = ਪਾਪ। ਜਾਹੀ = ਜਾਹਿ, ਦੂਰ ਹੋ ਜਾਂਦੇ ਹਨ।੩।
ਪ੍ਰਭ = ਹੇ ਪ੍ਰਭੂ! ਦੀਨ = ਕੰਗਾਲ। ਨਾਨਕੁ ਮਾਗੈ = ਨਾਨਕ ਮੰਗਦਾ ਹੈ। ਰਵਾਲਾ = ਚਰਨ = ਧੂੜ।੪।
ਅਰਥ: ਹੇ ਭਾਈ! ਗੁਰੂ ਦੀ ਕਿਰਪਾ ਨਾਲ) ਮੈਂ ਆਪਣਾ ਉਹ ਮਾਲਕ-ਪ੍ਰਭੂ ਸਿਮਰਦਾ ਰਹਿੰਦਾ ਹਾਂ, ਜੇਹੜਾ ਸਭ ਜੀਵਾਂ ਦੇ ਦਿਲ ਦੀ ਜਾਣਨ ਵਾਲਾ ਹੈ।੧।ਰਹਾਉ।
ਹੇ ਭਾਈ! ਆਪਣੇ ਗੁਰੂ ਉੱਤੋਂ (ਸਦਾ) ਕੁਰਬਾਨ ਹੋਣਾ ਚਾਹੀਦਾ ਹੈ (ਗੁਰੂ ਦੀ ਸਰਨ ਪੈ ਕੇ ਆਪਣੇ ਅੰਦਰੋਂ ਆਪਾ- ਭਾਵ ਮਿਟਾ ਦੇਣਾ ਚਾਹੀਦਾ ਹੈ, (ਕਿਉਂਕਿ, ਗੁਰੂ ਦੀ ਕਿਰਪਾ ਨਾਲ ਹੀ) ਅੱਠੇ ਪਹਰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਇਆ ਜਾ ਸਕਦਾ ਹੈ।੧।
ਹੇ ਭਾਈ! ਗੁਰੂ ਦੀ ਕਿਰਪਾ ਨਾਲ ਹੀ) ਪਰਮਾਤਮਾ ਦੇ ਸੋਹਣੇ ਚਰਨਾਂ ਨਾਲ ਪਿਆਰ ਬਣਦਾ ਹੈ। (ਗੁਰ-ਚਰਨਾਂ ਦੀ ਪ੍ਰੀਤਿ ਹੀ) ਅਟੱਲ ਮੁਕੰਮਲ ਤੇ ਪਵਿਤ੍ਰ ਜੀਵਨ-ਜੁਗਤਿ ਹੈ।੨।
ਹੇ ਭਾਈ! ਗੁਰੂ ਦੀ ਕਿਰਪਾ ਨਾਲ (ਪਰਮਾਤਮਾ ਜਿਸ ਮਨੁੱਖ ਦੇ) ਮਨ ਵਿਚ ਆ ਵੱਸਦਾ ਹੈ (ਉਸ ਮਨੁੱਖ ਦੇ) ਅਨੇਕਾਂ ਜਨਮਾਂ ਦੇ ਪਾਪ ਦੂਰ ਹੋ ਜਾਂਦੇ ਹਨ।੩।
ਹੇ ਨਿਮਾਣਿਆਂ ਉਤੇ ਦਇਆ ਕਰਨ ਵਾਲੇ ਪ੍ਰਭੂ! (ਆਪਣੇ ਦਾਸ ਨਾਨਕ ਉਤੇ) ਕਿਰਪਾ ਕਰ। (ਤੇਰਾ ਦਾਸ) ਨਾਨਕ (ਤੇਰੇ ਦਰ ਤੋਂ) ਗੁਰੂ ਦੇ ਚਰਨਾਂ ਦੀ ਧੂੜ ਮੰਗਦਾ ਹੈ।੪।੧੭।੨੩।
*┈┉┅━❀꧁ੴ꧂❀━┅┉┈*
ਸੂਹੀ ਮਹਲਾ ੫ ॥ ਗੁਰ ਅਪੁਨੇ ਊਪਰਿ ਬਲਿ ਜਾਈਐ ॥ ਆਠ ਪਹਰ ਹਰਿ ਹਰਿ ਜਸੁ ਗਾਈਐ ॥੧॥ ਸਿਮਰਉ ਸੋ ਪ੍ਰਭੁ ਅਪਨਾ ਸੁਆਮੀ ॥ ਸਗਲ ਘਟਾ ਕਾ ਅੰਤਰਜਾਮੀ ॥੧॥ ਰਹਾਉ ॥ ਚਰਣ ਕਮਲ ਸਿਉ ਲਾਗੀ ਪ੍ਰੀਤਿ ॥ ਸਾਚੀ ਪੂਰਨ ਨਿਰਮਲ ਰੀਤਿ ॥੨॥ ਸੰਤ ਪ੍ਰਸਾਦਿ ਵਸੈ ਮਨ ਮਾਹੀ ॥ ਜਨਮ ਜਨਮ ਕੇ ਕਿਲਵਿਖ ਜਾਹੀ ॥੩॥ ਕਰਿ ਕਿਰਪਾ ਪ੍ਰਭ ਦੀਨ ਦਇਆਲਾ ॥ ਨਾਨਕੁ ਮਾਗੈ ਸੰਤ ਰਵਾਲਾ ॥੪॥੧੭॥੨੩॥ {ਪੰਨਾ 741}
ਪਦਅਰਥ: ਬਲਿ ਜਾਈਐ = ਕੁਰਬਾਨ ਹੋਣਾ ਚਾਹੀਦਾ ਹੈ। ਗਾਈਐ = ਗਾਣਾ ਚਾਹੀਦਾ ਹੈ। ਜਸੁ = ਸਿਫ਼ਤਿ-ਸਾਲਾਹ (ਦਾ ਗੀਤ) ।੧।
ਸਿਮਰਉ = ਸਿਮਰਉਂ, ਮੈਂ ਸਿਮਰਦਾ ਹਾਂ। ਸੁਆਮੀ = ਮਾਲਕ। ਸਗਲ = ਸਾਰੇ। ਅੰਤਰਜਾਮੀ = ਅੰਦਰ ਦੀ ਜਾਣਨ ਵਾਲਾ।੧।ਰਹਾਉ।
ਸਿਉ = ਨਾਲ। ਸਾਚੀ = ਸਦਾ ਕਾਇਮ ਰਹਿਣ ਵਾਲੀ। ਪੂਰਨ = ਮੁਕੰਮਲ। ਰੀਤਿ = ਜੀਵਨ = ਜੁਗਤਿ।੨।
ਸੰਤ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਮਾਹੀ = ਮਾਹਿ, ਵਿਚ। ਕਿਲਵਿਖ = ਪਾਪ। ਜਾਹੀ = ਜਾਹਿ, ਦੂਰ ਹੋ ਜਾਂਦੇ ਹਨ।੩।
ਪ੍ਰਭ = ਹੇ ਪ੍ਰਭੂ! ਦੀਨ = ਕੰਗਾਲ। ਨਾਨਕੁ ਮਾਗੈ = ਨਾਨਕ ਮੰਗਦਾ ਹੈ। ਰਵਾਲਾ = ਚਰਨ = ਧੂੜ।੪।
ਅਰਥ: ਹੇ ਭਾਈ! ਗੁਰੂ ਦੀ ਕਿਰਪਾ ਨਾਲ) ਮੈਂ ਆਪਣਾ ਉਹ ਮਾਲਕ-ਪ੍ਰਭੂ ਸਿਮਰਦਾ ਰਹਿੰਦਾ ਹਾਂ, ਜੇਹੜਾ ਸਭ ਜੀਵਾਂ ਦੇ ਦਿਲ ਦੀ ਜਾਣਨ ਵਾਲਾ ਹੈ।੧।ਰਹਾਉ।
ਹੇ ਭਾਈ! ਆਪਣੇ ਗੁਰੂ ਉੱਤੋਂ (ਸਦਾ) ਕੁਰਬਾਨ ਹੋਣਾ ਚਾਹੀਦਾ ਹੈ (ਗੁਰੂ ਦੀ ਸਰਨ ਪੈ ਕੇ ਆਪਣੇ ਅੰਦਰੋਂ ਆਪਾ- ਭਾਵ ਮਿਟਾ ਦੇਣਾ ਚਾਹੀਦਾ ਹੈ, (ਕਿਉਂਕਿ, ਗੁਰੂ ਦੀ ਕਿਰਪਾ ਨਾਲ ਹੀ) ਅੱਠੇ ਪਹਰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਇਆ ਜਾ ਸਕਦਾ ਹੈ।੧।
ਹੇ ਭਾਈ! ਗੁਰੂ ਦੀ ਕਿਰਪਾ ਨਾਲ ਹੀ) ਪਰਮਾਤਮਾ ਦੇ ਸੋਹਣੇ ਚਰਨਾਂ ਨਾਲ ਪਿਆਰ ਬਣਦਾ ਹੈ। (ਗੁਰ-ਚਰਨਾਂ ਦੀ ਪ੍ਰੀਤਿ ਹੀ) ਅਟੱਲ ਮੁਕੰਮਲ ਤੇ ਪਵਿਤ੍ਰ ਜੀਵਨ-ਜੁਗਤਿ ਹੈ।੨।
ਹੇ ਭਾਈ! ਗੁਰੂ ਦੀ ਕਿਰਪਾ ਨਾਲ (ਪਰਮਾਤਮਾ ਜਿਸ ਮਨੁੱਖ ਦੇ) ਮਨ ਵਿਚ ਆ ਵੱਸਦਾ ਹੈ (ਉਸ ਮਨੁੱਖ ਦੇ) ਅਨੇਕਾਂ ਜਨਮਾਂ ਦੇ ਪਾਪ ਦੂਰ ਹੋ ਜਾਂਦੇ ਹਨ।੩।
ਹੇ ਨਿਮਾਣਿਆਂ ਉਤੇ ਦਇਆ ਕਰਨ ਵਾਲੇ ਪ੍ਰਭੂ! (ਆਪਣੇ ਦਾਸ ਨਾਨਕ ਉਤੇ) ਕਿਰਪਾ ਕਰ। (ਤੇਰਾ ਦਾਸ) ਨਾਨਕ (ਤੇਰੇ ਦਰ ਤੋਂ) ਗੁਰੂ ਦੇ ਚਰਨਾਂ ਦੀ ਧੂੜ ਮੰਗਦਾ ਹੈ।੪।੧੭।੨੩।
ਗੂਜਰੀ ਮਹਲਾ ੫ ॥ ਤੂੰ ਦਾਤਾ ਜੀਆ ਸਭਨਾ ਕਾ ਬਸਹੁ ਮੇਰੇ ਮਨ ਮਾਹੀ ॥ ਚਰਣ ਕਮਲ ਰਿਦ ਮਾਹਿ ਸਮਾਏ ਤਹ ਭਰਮੁ ਅੰਧੇਰਾ ਨਾਹੀ ॥੧॥ ਠਾਕੁਰ ਜਾ ਸਿਮਰਾ ਤੂੰ ਤਾਹੀ ॥ ਕਰਿ ਕਿਰਪਾ ਸਰਬ ਪ੍ਰਤਿਪਾਲਕ ਪ੍ਰਭ ਕਉ ਸਦਾ ਸਲਾਹੀ ॥੧॥ ਰਹਾਉ ॥ ਸਾਸਿ ਸਾਸਿ ਤੇਰਾ ਨਾਮੁ ਸਮਾਰਉ ਤੁਮ ਹੀ ਕਉ ਪ੍ਰਭ ਆਹੀ ॥ ਨਾਨਕ ਟੇਕ ਭਈ ਕਰਤੇ ਕੀ ਹੋਰ ਆਸ ਬਿਡਾਣੀ ਲਾਹੀ ॥੨॥੧੦॥੧੯॥ {ਪੰਨਾ 499}
ਪਦ ਅਰਥ: ਮਾਹੀ = ਮਾਹਿ, ਵਿਚ। ਰਿਦ = ਹਿਰਦਾ। ਤਹ = ਉਸ ਹਿਰਦੇ ਵਿਚ। ਭਰਮੁ = ਭਟਕਣਾ। ਅੰਧੇਰਾ = ਹਨੇਰਾ।1।
ਜਾ = ਜਦੋਂ। ਸਿਮਰਾ = ਸਿਮਰਾਂ, ਮੈਂ ਚੇਤੇ ਕਰਦਾ ਹਾਂ। ਤਾਹੀ = ਉਥੇ ਹੀ। ਪ੍ਰਤਿਪਾਲਕ = ਹੇ ਪਾਲਣਹਾਰ! ਸਲਾਹੀ = ਸਲਾਹੀਂ, ਮੈਂ ਸਿਫ਼ਤਿ-ਸਾਲਾਹ ਕਰਦਾ ਰਹਾਂ।1। ਰਹਾਉ।
ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਸਮਾਰਉ = ਸਮਾਰਉਂ, ਮੈਂ ਸੰਭਾਲਦਾ ਰਹਾਂ। ਪ੍ਰਭ = ਹੇ ਪ੍ਰਭੂ! ਆਹੀ = ਆਹੀਂ, ਮੈਂ ਲੋਚਦਾ ਹਾਂ। ਟੇਕ = ਸਹਾਰਾ। ਬਿਡਾਣੀ = ਬਿਗਾਨੀ।2।
ਅਰਥ: ਹੇ ਮੇਰੇ ਮਾਲਕ! ਮੈਂ ਜਦੋਂ (ਜਿੱਥੇ) ਤੈਨੂੰ ਯਾਦ ਕਰਦਾ ਹਾਂ ਤੂੰ ਉੱਥੇ ਹੀ (ਆ ਪਹੁੰਚਦਾ ਹੈਂ)। ਹੇ ਸਭ ਜੀਵਾਂ ਦੀ ਪਾਲਣਾ ਕਰਨ ਵਾਲੇ! (ਮੇਰੇ ਉਤੇ) ਮੇਹਰ ਕਰ, ਮੈਂ ਸਦਾ ਤੇਰੀ ਹੀ ਸਿਫ਼ਤਿ-ਸਾਲਾਹ ਕਰਦਾ ਰਹਾਂ।1। ਰਹਾਉ।
ਹੇ ਪ੍ਰਭੂ! ਤੂੰ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈਂ (ਮੇਹਰ ਕਰ) ਮੇਰੇ ਮਨ ਵਿਚ (ਸਦਾ) ਵੱਸਿਆ ਰਹੁ। (ਹੇ ਪ੍ਰਭੂ!) ਤੇਰੇ ਸੋਹਣੇ ਕੋਮਲ ਚਰਨ ਜਿਸ ਹਿਰਦੇ ਵਿਚ ਟਿਕੇ ਰਹਿੰਦੇ ਹਨ, ਉਸ ਵਿਚ ਭਟਕਣਾ ਨਹੀਂ ਰਹਿੰਦੀ, ਉਸ ਵਿਚ ਮਾਇਆ ਦੇ ਮੋਹ ਦਾ ਹਨੇਰਾ ਨਹੀਂ ਰਹਿੰਦਾ।1।
ਹੇ ਪ੍ਰਭੂ! (ਮੇਹਰ ਕਰ) ਮੈਂ ਹਰੇਕ ਸਾਹ ਦੇ ਨਾਲ ਤੇਰਾ ਨਾਮ (ਆਪਣੇ ਹਿਰਦੇ ਵਿਚ) ਸਾਂਭ ਰੱਖਾਂ, ਮੈਂ ਸਦਾ ਤੇਰੇ ਹੀ ਮਿਲਾਪ ਦੀ ਤਾਂਘ ਕਰਦਾ ਰਹਾਂ। ਹੇ ਨਾਨਕ! (ਆਖ– ਹੇ ਭਾਈ! ਜਿਸ ਮਨੁੱਖ ਦੇ ਹਿਰਦੇ ਵਿਚ) ਕਰਤਾਰ ਦਾ ਸਹਾਰਾ ਬਣ ਗਿਆ, ਉਸ ਨੇ ਹੋਰ ਬਿਗਾਨੀ ਆਸ ਦੂਰ ਕਰ ਦਿੱਤੀ।2।10। 19।
*┈┉┅━❀꧁ੴ꧂❀━┅┉┈*
No comments:
Post a Comment