
ਤਿਲੰਗ ਘਰੁ ੨ ਮਹਲਾ ੫ ॥ ਤੁਧੁ ਬਿਨੁ ਦੂਜਾ ਨਾਹੀ ਕੋਇ ॥ ਤੂ ਕਰਤਾਰੁ ਕਰਹਿ ਸੋ ਹੋਇ ॥ ਤੇਰਾ ਜੋਰੁ ਤੇਰੀ ਮਨਿ ਟੇਕ ॥ ਸਦਾ ਸਦਾ ਜਪਿ ਨਾਨਕ ਏਕ ॥੧॥ ਸਭ ਊਪਰਿ ਪਾਰਬ੍ਰਹਮੁ ਦਾਤਾਰੁ ॥ ਤੇਰੀ ਟੇਕ ਤੇਰਾ ਆਧਾਰੁ ॥ ਰਹਾਉ ॥ ਹੈ ਤੂਹੈ ਤੂ ਹੋਵਨਹਾਰ ॥ ਅਗਮ ਅਗਾਧਿ ਊਚ ਆਪਾਰ ॥ ਜੋ ਤੁਧੁ ਸੇਵਹਿ ਤਿਨ ਭਉ ਦੁਖੁ ਨਾਹਿ ॥ ਗੁਰ ਪਰਸਾਦਿ ਨਾਨਕ ਗੁਣ ਗਾਹਿ ॥੨॥ ਜੋ ਦੀਸੈ ਸੋ ਤੇਰਾ ਰੂਪੁ ॥ ਗੁਣ ਨਿਧਾਨ ਗੋਵਿੰਦ ਅਨੂਪ ॥ ਸਿਮਰਿ ਸਿਮਰਿ ਸਿਮਰਿ ਜਨ ਸੋਇ ॥ ਨਾਨਕ ਕਰਮਿ ਪਰਾਪਤਿ ਹੋਇ ॥੩॥ ਜਿਨਿ ਜਪਿਆ ਤਿਸ ਕਉ ਬਲਿਹਾਰ ॥ ਤਿਸ ਕੈ ਸੰਗਿ ਤਰੈ ਸੰਸਾਰ ॥ ਕਹੁ ਨਾਨਕ ਪ੍ਰਭ ਲੋਚਾ ਪੂਰਿ ॥ ਸੰਤ ਜਨਾ ਕੀ ਬਾਛਉ ਧੂਰਿ ॥੪॥੨॥ {ਪੰਨਾ 723-724}
ਪਦਅਰਥ: ਕਰਹਿ = ਤੂੰ ਕਰਦਾ ਹੈਂ। ਜੋਰੁ = ਬਲ। ਮਨਿ = ਮਨ ਵਿਚ। ਟੇਕ = ਆਸਰਾ। ਨਾਨਕ = ਹੇ ਨਾਨਕ!।੧।
ਆਧਾਰੁ = ਸਹਾਰਾ।ਰਹਾਉ।
ਤੂ ਹੈ– ਤੂੰ ਹੀ। ਹੋਵਨਹਾਰ = ਸਦਾ ਕਾਇਮ ਰਹਿਣ ਵਾਲਾ। ਅਗਮ = ਅਪਹੁੰਚ। ਅਗਾਧਿ = ਅਥਾਹ। ਆਪਾਰ = ਅਪਾਰ, ਬੇਅੰਤ। ਤੁਧੁ = ਤੈਨੂੰ। ਸੇਵਹਿ = ਸਿਮਰਦੇ ਹਨ। ਪ੍ਰਸਾਦਿ = ਕਿਰਪਾ ਨਾਲ। ਗਾਹਿ = ਗਾਂਦੇ ਹਨ।੨।
ਦੀਸੈ = ਦਿੱਸਦਾ ਹੈ। ਗੁਣ ਨਿਧਾਨ = ਹੇ ਗੁਣਾਂ ਦੇ ਖ਼ਜ਼ਾਨੇ! ਅਨੂਪ = ਹੇ ਸੁੰਦਰ! ਜਨ = ਹੇ ਜਨ! ਸੋਇ = ਉਸ ਪਰਮਾਤਮਾ ਨੂੰ ਹੀ। ਕਰਮਿ = ਮੇਹਰ ਨਾਲ।੩।
ਜਿਨਿ = ਜਿਸ (ਮਨੁੱਖ) ਨੇ। ਤਿਸ ਕਉ = {ਲਫ਼ਜ਼ 'ਤਿਸੁ' ਦਾ ੁ ਸੰਬੰਧਕ 'ਕਉ' ਦੇ ਕਾਰਨ ਉੱਡ ਗਿਆ ਹੈ}। ਬਲਿਹਾਰ = ਸਦਕੇ। ਤਿਸ ਕੈ = {ਲਫ਼ਜ਼ 'ਤਿਸੁ' ਦਾ ੁ ਸੰਬੰਧਕ 'ਕੈ' ਦੇ ਕਾਰਨ ਉੱਡਿਆ ਹੈ}। ਕੈ ਸੰਗਿ = ਦੇ ਨਾਲ। ਲੋਚਾ = ਤਾਂਘ। ਪੂਰਿ = ਪੂਰੀ ਕਰ। ਬਾਛਉ = ਬਾਛਉਂ, ਮੈਂ ਚਾਹੁੰਦਾ ਹਾਂ। ਧੂਰਿ = ਚਰਨ = ਧੂੜ।੪।
ਅਰਥ: ਹੇ ਭਾਈ! ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਪਰਮਾਤਮਾ ਸਭ ਜੀਵਾਂ ਦੇ ਸਿਰ ਉਤੇ ਰਾਖਾ ਹੈ। ਹੇ ਪ੍ਰਭੂ! ਅਸਾਂ ਜੀਵਾਂ ਨੂੰ) ਤੇਰਾ ਹੀ ਆਸਰਾ ਹੈ, ਤੇਰਾ ਹੀ ਸਹਾਰਾ ਹੈ।ਰਹਾਉ।
ਹੇ ਪ੍ਰਭੂ! ਤੂੰ ਸਾਰੇ ਜਗਤ ਦਾ ਪੈਦਾ ਕਰਨ ਵਾਲਾ ਹੈਂ, ਜੋ ਕੁਝ ਤੂੰ ਕਰਦਾ ਹੈਂ, ਉਹੀ ਹੁੰਦਾ ਹੈ, ਤੈਥੋਂ ਬਿਨਾ ਹੋਰ ਕੋਈ ਦੂਜਾ ਕੁਝ ਕਰ ਸਕਣ ਵਾਲਾ ਨਹੀਂ ਹੈ। (ਅਸਾਂ ਜੀਵਾਂ ਨੂੰ) ਤੇਰਾ ਹੀ ਤਾਣ ਹੈ, (ਸਾਡੇ) ਮਨ ਵਿਚ ਤੇਰਾ ਹੀ ਸਹਾਰਾ ਹੈ। ਹੇ ਨਾਨਕ! ਸਦਾ ਹੀ ਉਸ ਇਕ ਪਰਮਾਤਮਾ ਦਾ ਨਾਮ ਜਪਦਾ ਰਹੁ।੧।
ਹੇ ਅਪਹੁੰਚ ਪ੍ਰਭੂ! ਹੇ ਅਥਾਹ ਪ੍ਰਭੂ! ਹੇ ਸਭ ਤੋਂ ਉੱਚੇ ਤੇ ਬੇਅੰਤ ਪ੍ਰਭੂ! ਹਰ ਥਾਂ ਹਰ ਵੇਲੇ ਤੂੰ ਹੀ ਤੂੰ ਹੈਂ, ਤੂੰ ਹੀ ਸਦਾ ਕਾਇਮ ਰਹਿਣ ਵਾਲਾ ਹੈਂ। ਹੇ ਪ੍ਰਭੂ! ਜੇਹੜੇ ਮਨੁੱਖ ਤੈਨੂੰ ਸਿਮਰਦੇ ਹਨ, ਉਹਨਾਂ ਨੂੰ ਕੋਈ ਡਰ ਕੋਈ ਦੁੱਖ ਪੋਹ ਨਹੀਂ ਸਕਦਾ। ਹੇ ਨਾਨਕ! ਗੁਰੂ ਦੀ ਕਿਰਪਾ ਨਾਲ ਹੀ (ਮਨੁੱਖ ਪਰਮਾਤਮਾ ਦੇ) ਗੁਣ ਗਾ ਸਕਦੇ ਹਨ।੨।
ਹੇ ਗੁਣਾਂ ਦੇ ਖ਼ਜ਼ਾਨੇ! ਹੇ ਸੋਹਣੇ ਗੋਬਿੰਦ! ਜਗਤ ਵਿਚ) ਜੋ ਕੁਝ ਦਿੱਸਦਾ ਹੈ ਤੇਰਾ ਹੀ ਸਰੂਪ ਹੈ। ਹੇ ਮਨੁੱਖ! ਸਦਾ ਉਸ ਪਰਮਾਤਮਾ ਦਾ ਸਿਮਰਨ ਕਰਦਾ ਰਹੁ। ਹੇ ਨਾਨਕ! ਪਰਮਾਤਮਾ ਦਾ ਸਿਮਰਨ) ਪਰਮਾਤਮਾ ਦੀ ਕਿਰਪਾ ਨਾਲ ਹੀ ਮਿਲਦਾ ਹੈ।੩।
ਹੇ ਭਾਈ! ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਜਪਿਆ ਹੈ, ਉਸ ਤੋਂ ਕੁਰਬਾਨ ਹੋਣਾ ਚਾਹੀਦਾ ਹੈ। ਉਸ ਮਨੁੱਖ ਦੀ ਸੰਗਤਿ ਵਿਚ (ਰਹਿ ਕੇ) ਸਾਰਾ ਜਗਤ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ। ਹੇ ਨਾਨਕ! ਆਖ-ਹੇ ਪ੍ਰਭੂ! ਮੇਰੀ ਤਾਂਘ ਪੂਰੀ ਕਰ, ਮੈਂ (ਤੇਰੇ ਦਰ ਤੋਂ) ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ।੪।੨।
ਧਨਾਸਰੀ ਮਹਲਾ ੫ ॥ ਨੇਤ੍ਰ ਪੁਨੀਤ ਭਏ ਦਰਸ ਪੇਖੇ ਮਾਥੈ ਪਰਉ ਰਵਾਲ ॥ ਰਸਿ ਰਸਿ ਗੁਣ ਗਾਵਉ ਠਾਕੁਰ ਕੇ ਮੋਰੈ ਹਿਰਦੈ ਬਸਹੁ ਗੋਪਾਲ ॥੧॥ ਤੁਮ ਤਉ ਰਾਖਨਹਾਰ ਦਇਆਲ ॥ ਸੁੰਦਰ ਸੁਘਰ ਬੇਅੰਤ ਪਿਤਾ ਪ੍ਰਭ ਹੋਹੁ ਪ੍ਰਭੂ ਕਿਰਪਾਲ ॥੧॥ ਰਹਾਉ ॥ ਮਹਾ ਅਨੰਦ ਮੰਗਲ ਰੂਪ ਤੁਮਰੇ ਬਚਨ ਅਨੂਪ ਰਸਾਲ ॥ ਹਿਰਦੈ ਚਰਣ ਸਬਦੁ ਸਤਿਗੁਰ ਕੋ ਨਾਨਕ ਬਾਂਧਿਓ ਪਾਲ ॥੨॥੭॥੩੮॥ {ਪੰਨਾ 680}
ਪਦਅਰਥ: ਨੇਤ੍ਰ = ਅੱਖਾਂ। ਪੁਨੀਤ = ਪਵਿਤ੍ਰ। ਪੇਖੇ = ਪੇਖਿ, ਵੇਖ ਕੇ। ਮਾਥੈ = ਮੱਥੇ ਉੱਤੇ। ਪਰਉ = ਪਈ ਰਹੇ। ਰਵਾਲ = ਚਰਨ = ਧੂੜ। ਰਸਿ = ਸੁਆਦ ਨਾਲ। ਗਾਵਉ = ਗਾਵਉਂ, ਮੈਂ ਗਾਂਦਾ ਹਾਂ। ਮੋਰੈ ਹਿਰਦੈ = ਮੇਰੇ ਹਿਰਦੇ ਵਿਚ।੧।
ਰਾਖਨਹਾਰ = ਰੱਖਿਆ ਕਰਨ ਦੀ ਸਮਰਥਾ ਵਾਲਾ। ਸੁਘਰ = ਸੁੱਘੜ, ਸੁਚੱਜੀ ਘਾੜਤ ਵਾਲਾ, ਸਿਆਣਾ।੧।ਰਹਾਉ।
ਅਨੂਪ = ਉਪਮਾ = ਰਹਿਤ, ਬਹੁਤ ਸੋਹਣੇ। ਰਸਾਲ = ਰਸ = ਭਰੇ {ਰਸ = ਆਲਯ}। ਹਿਰਦੈ = ਹਿਰਦੇ ਵਿਚ। ਕੋ = ਦਾ। ਪਾਲ = ਪੱਲੇ।੨।
ਅਰਥ: ਹੇ ਦਇਆ ਦੇ ਘਰ ਪ੍ਰਭੂ! ਤੂੰ ਤਾਂ (ਸਭ ਜੀਵਾਂ ਦੀ) ਰੱਖਿਆ ਕਰਨ ਦੀ ਸਮਰਥਾ ਵਾਲਾ ਹੈਂ। ਤੂੰ ਸੋਹਣਾ ਹੈਂ, ਸਿਆਣਾ ਹੈਂ, ਬੇਅੰਤ ਹੈਂ। ਹੇ ਪਿਤਾ ਪ੍ਰਭੂ! ਮੇਰੇ ਉੱਤੇ ਭੀ) ਦਇਆਵਾਨ ਹੋ।੧।ਰਹਾਉ।
ਹੇ ਸ੍ਰਿਸ਼ਟੀ ਦੇ ਪਾਲਣਹਾਰ! ਮੇਰੇ ਹਿਰਦੇ ਵਿਚ ਆ ਵੱਸ। ਮੈਂ ਬੜੇ ਸੁਆਦ ਨਾਲ ਤੇਰੇ ਗੁਣ ਗਾਂਦਾ ਰਹਾਂ, ਮੇਰੇ ਮੱਥੇ ਉੱਤੇ ਤੇਰੀ ਚਰਨ-ਧੂੜ ਟਿਕੀ ਰਹੇ। ਤੇਰਾ ਦਰਸਨ ਕਰ ਕੇ ਅੱਖਾਂ ਪਵਿੱਤ੍ਰ ਹੋ ਜਾਂਦੀਆਂ ਹਨ (ਵਿਕਾਰਾਂ ਵੱਲੋਂ ਹਟ ਜਾਂਦੀਆਂ ਹਨ) ।੧।
ਹੇ ਪ੍ਰਭੂ! ਤੂੰ ਆਨੰਦ-ਸਰੂਪ ਹੈਂ, ਤੂੰ ਮੰਗਲ-ਰੂਪ ਹੈਂ (ਆਨੰਦ ਹੀ ਆਨੰਦ; ਖ਼ੁਸ਼ੀ ਹੀ ਖ਼ੁਸ਼ੀ ਤੇਰਾ ਵਜੂਦ ਹੈ। ਹੇ ਪ੍ਰਭੂ! ਤੇਰੀ ਸਿਫ਼ਤਿ-ਸਾਲਾਹ ਦੀ ਬਾਣੀ ਸੁੰਦਰ ਹੈ ਰਸੀਲੀ ਹੈ। ਹੇ ਨਾਨਕ! ਜਿਸ ਮਨੁੱਖ ਨੇ ਸਤਿਗੁਰੂ ਦੀ ਬਾਣੀ ਪੱਲੇ ਬੰਨ੍ਹ ਲਈ ਉਸ ਦੇ ਹਿਰਦੇ ਵਿਚ ਪਰਮਾਤਮਾ ਦੇ ਚਰਨ ਵੱਸੇ ਰਹਿੰਦੇ ਹਨ।੨।੭।੩੮।
ਸੂਹੀ ਮਹਲਾ ੧ ॥ ਜਿਨ ਕਉ ਭਾਂਡੈ ਭਾਉ ਤਿਨਾ ਸਵਾਰਸੀ ॥ ਸੂਖੀ ਕਰੈ ਪਸਾਉ ਦੂਖ ਵਿਸਾਰਸੀ ॥ ਸਹਸਾ ਮੂਲੇ ਨਾਹਿ ਸਰਪਰ ਤਾਰਸੀ ॥੧॥ ਤਿਨ੍ਹ੍ਹਾ ਮਿਲਿਆ ਗੁਰੁ ਆਇ ਜਿਨ ਕਉ ਲੀਖਿਆ ॥ ਅੰਮ੍ਰਿਤੁ ਹਰਿ ਕਾ ਨਾਉ ਦੇਵੈ ਦੀਖਿਆ ॥ ਚਾਲਹਿ ਸਤਿਗੁਰ ਭਾਇ ਭਵਹਿ ਨ ਭੀਖਿਆ ॥੨॥ ਜਾ ਕਉ ਮਹਲੁ ਹਜੂਰਿ ਦੂਜੇ ਨਿਵੈ ਕਿਸੁ ॥ ਦਰਿ ਦਰਵਾਣੀ ਨਾਹਿ ਮੂਲੇ ਪੁਛ ਤਿਸੁ ॥ ਛੁਟੈ ਤਾ ਕੈ ਬੋਲਿ ਸਾਹਿਬ ਨਦਰਿ ਜਿਸੁ ॥੩॥ ਘਲੇ ਆਣੇ ਆਪਿ ਜਿਸੁ ਨਾਹੀ ਦੂਜਾ ਮਤੈ ਕੋਇ ॥ ਢਾਹਿ ਉਸਾਰੇ ਸਾਜਿ ਜਾਣੈ ਸਭ ਸੋਇ ॥ ਨਾਉ ਨਾਨਕ ਬਖਸੀਸ ਨਦਰੀ ਕਰਮੁ ਹੋਇ ॥੪॥੩॥੫॥ {ਪੰਨਾ 729}
ਪਦਅਰਥ: ਜਿਨ ਕਉ = ਜਿਨ੍ਹਾਂ (ਜੀਵਾਂ) ਨੂੰ। ਭਾਂਡੈ = ਭਾਂਡੇ ਵਿਚ, ਹਿਰਦੇ ਵਿਚ। ਭਾਉ = ਪ੍ਰੇਮ। ਸਵਾਰਸੀ = ਸਵਾਰੇਗਾ, ਸੋਹਣਾ ਬਣਾਏਗਾ। ਸੂਖੀ = ਸੁਖਾਂ ਦੀ। ਪਸਾਉ = ਪ੍ਰਸਾਦੁ, ਬਖ਼ਸ਼ਸ਼। ਵਿਸਾਰਸੀ = ਵਿਸਾਰ ਦੇਵੇਗਾ, ਭੁਲਾ ਦੇਂਦਾ ਹੈ। ਸਹਸਾ = ਸਹਿਮ, ਸ਼ੱਕ। ਸਰਪਰ = ਜ਼ਰੂਰ।੧।
ਲੀਖਿਆ = (ਬਖ਼ਸ਼ਸ਼ ਦਾ) ਲੇਖਾ। ਦੀਖਿਆ = ਸਿੱਖਿਆ। ਸਤਿਗੁਰ ਭਾਇ = ਗੁਰੂ ਦੇ ਪ੍ਰੇਮ ਵਿਚ, ਗੁਰੂ ਦੇ ਅਨੁਸਾਰ। ਭੀਖਿਆ = ਭਿੱਖਿਆ ਵਾਸਤੇ।੨।
ਮਹਲੁ = ਟਿਕਾਣਾ। ਹਜੂਰਿ = ਪ੍ਰਭੂ ਦੀ ਹਜ਼ੂਰੀ ਵਿਚ। ਦਰਿ = ਦਰਵਾਜ਼ੇ ਤੇ। ਦਰਵਾਣੀ = ਦਰਬਾਨਾਂ ਦੀ। ਨਾਹਿ ਮੂਲੇ = ਬਿਲਕੁਲ ਨਹੀਂ। ਤਾ ਕੈ ਬੋਲਿ = ਉਸ (ਗੁਰੂ) ਦੇ ਬਚਨ ਦੀ ਰਾਹੀਂ।੩।
ਆਣੇ = ਲਿਆਉਂਦਾ ਹੈ, ਵਾਪਸ ਬੁਲਾ ਲੈਂਦਾ ਹੈ। ਦੂਜਾ ਕੋਇ ਮਤੈ ਨਾਹਿ = ਕੋਈ ਦੂਜਾ ਮੱਤਾਂ ਨਹੀਂ ਦੇ ਸਕਦਾ। ਸਾਜਿ ਜਾਣੈ = ਪੈਦਾ ਕਰਨੇ ਜਾਣਦਾ ਹੈ। ਕਰਮੁ = ਬਖ਼ਸ਼ਸ਼। ਨਦਰੀ = ਮੇਹਰ ਦੀ ਨਜ਼ਰ ਕਰਨ ਵਾਲਾ ਪ੍ਰਭੂ।੪।
ਅਰਥ: (ਪ੍ਰਭੂ) ਜਿਨ੍ਹਾਂ (ਜੀਵਾਂ) ਨੂੰ (ਹਿਰਦੇ-ਰੂਪ) ਭਾਂਡੇ ਵਿਚ ਪ੍ਰੇਮ (ਦੀ ਭਿੱਛਿਆ ਦੇਂਦਾ ਹੈ) , (ਉਸ ਪ੍ਰੇਮ ਦੀ ਬਰਕਤਿ ਨਾਲ ਪ੍ਰਭੂ) ਉਹਨਾਂ ਦਾ ਜੀਵਨ ਸੋਹਣਾ ਬਣਾ ਦੇਂਦਾ ਹੈ। ਉਹਨਾਂ ਉਤੇ ਸੁਖਾਂ ਦੀ ਬਖ਼ਸ਼ਸ਼ ਕਰਦਾ ਹੈ, ਉਹਨਾਂ ਦੇ ਦੁੱਖ ਭੁਲਾ ਦੇਂਦਾ ਹੈ। ਇਸ ਗੱਲ ਵਿਚ ਰਤਾ ਭੀ ਸ਼ੱਕ ਨਹੀਂ ਕਿ ਅਜੇਹੇ ਜੀਵਾਂ ਨੂੰ ਪ੍ਰਭੂ ਜ਼ਰੂਰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ।੧।
ਜਿਨ੍ਹਾਂ ਬੰਦਿਆਂ ਨੂੰ (ਧੁਰੋਂ ਲਿਖਿਆ ਬਖ਼ਸ਼ਸ਼ ਦਾ) ਲੇਖ ਮਿਲ ਜਾਂਦਾ ਹੈ, ਉਹਨਾਂ ਨੂੰ ਗੁਰੂ ਆ ਕੇ ਮਿਲ ਪੈਂਦਾ ਹੈ। ਗੁਰੂ ਉਹਨਾਂ ਨੂੰ ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਸਿੱਖਿਆ ਵਜੋਂ ਦੇਂਦਾ ਹੈ, ਉਹ ਬੰਦੇ (ਜੀਵਨ-ਸਫ਼ਰ ਵਿਚ) ਗੁਰੂ ਦੇ ਦੱਸੇ ਅਨੁਸਾਰ ਤੁਰਦੇ ਹਨ, ਤੇ (ਹੋਰ ਹੋਰ ਪਾਸੇ) ਭਟਕਦੇ ਨਹੀਂ ਫਿਰਦੇ।੨।
(ਗੁਰੂ ਦੇ ਦੱਸੇ ਰਾਹ ਤੇ ਤੁਰ ਕੇ) ਜਿਸ ਬੰਦੇ ਨੂੰ ਪਰਮਾਤਮਾ ਦੀ ਹਜ਼ੂਰੀ ਵਿਚ ਥਾਂ ਮਿਲ ਜਾਂਦਾ ਹੈ ਉਹ ਕਿਸੇ ਹੋਰ ਦੇ ਅੱਗੇ ਤਰਲੇ ਨਹੀਂ ਕਰਦਾ ਫਿਰਦਾ; ਪਰਮਾਤਮਾ ਦੇ ਦਰਵਾਜ਼ੇ ਤੇ (ਪਹੁੰਚੇ ਹੋਏ ਨੂੰ ਜਮ ਆਦਿਕ) ਦਰਬਾਨਾਂ ਵਲੋਂ ਕੋਈ ਰਤਾ ਭਰ ਭੀ ਪੁੱਛ-ਗਿੱਛ ਨਹੀਂ ਹੁੰਦੀ, ਕਿਉਂਕਿ ਜਿਸ ਗੁਰੂ ਉਤੇ ਮਾਲਕ-ਪ੍ਰਭੂ ਦੀ ਮੇਹਰ ਦੀ ਨਜ਼ਰ ਹੈ ਉਸ ਗੁਰੂ ਦੇ ਬਚਨ ਵਿਚ (ਚੱਲ ਕੇ) ਉਹ ਬੰਦਾ (ਵਿਕਾਰਾਂ ਤੋਂ) ਮੁਕਤ ਹੋ ਜਾਂਦਾ ਹੈ।੩।
ਜਿਸ ਮਾਲਕ ਪ੍ਰਭੂ ਨੂੰ ਕੋਈ ਹੋਰ ਦੂਜਾ ਕੋਈ ਮੱਤਾਂ ਨਹੀਂ ਦੇ ਸਕਦਾ ਹੈ ਉਹ ਆਪ ਹੀ ਜੀਵਾਂ ਨੂੰ ਜਗਤ ਵਿਚ ਭੇਜਦਾ ਹੈ ਆਪ ਹੀ ਵਾਪਸ ਸੱਦ ਲੈਂਦਾ ਹੈ, ਪ੍ਰਭੂ ਆਪ ਹੀ ਜਗਤ-ਰਚਨਾ ਢਾਹੁੰਦਾ ਹੈ ਤੇ ਉਸਾਰਦਾ ਹੈ, ਉਹ ਸਭ ਕੁਝ ਆਪ ਹੀ ਪੈਦਾ ਕਰਨੀ ਜਾਣਦਾ ਹੈ।
ਹੇ ਨਾਨਕ! ਜਿਸ ਮਨੁੱਖ ਉਤੇ ਮੇਹਰ ਦੀ ਨਜ਼ਰ ਕਰਨ ਵਾਲੇ ਪ੍ਰਭੂ ਦੀ ਨਿਗਾਹ ਹੋ ਜਾਂਦੀ ਹੈ ਉਸ ਨੂੰ ਬਖ਼ਸ਼ਸ਼ ਵਜੋਂ ਉਸ ਦਾ ਨਾਮ ਮਿਲਦਾ ਹੈ।੪।੩।੫।
ਟੋਡੀ ਮਹਲਾ ੫ ॥ ਹਰਿ ਬਿਸਰਤ ਸਦਾ ਖੁਆਰੀ ॥ ਤਾ ਕਉ ਧੋਖਾ ਕਹਾ ਬਿਆਪੈ ਜਾ ਕਉ ਓਟ ਤੁਹਾਰੀ ॥ ਰਹਾਉ ॥ ਬਿਨੁ ਸਿਮਰਨ ਜੋ ਜੀਵਨੁ ਬਲਨਾ ਸਰਪ ਜੈਸੇ ਅਰਜਾਰੀ ॥ ਨਵ ਖੰਡਨ ਕੋ ਰਾਜੁ ਕਮਾਵੈ ਅੰਤਿ ਚਲੈਗੋ ਹਾਰੀ ॥੧॥ ਗੁਣ ਨਿਧਾਨ ਗੁਣ ਤਿਨ ਹੀ ਗਾਏ ਜਾ ਕਉ ਕਿਰਪਾ ਧਾਰੀ ॥ ਸੋ ਸੁਖੀਆ ਧੰਨੁ ਉਸੁ ਜਨਮਾ ਨਾਨਕ ਤਿਸੁ ਬਲਿਹਾਰੀ ॥੨॥੨॥ {ਪੰਨਾ 711-712}
ਪਦਅਰਥ: ਖੁਆਰੀ = ਬੇ = ਇੱਜ਼ਤੀ। ਕਉ = ਨੂੰ। ਕਹਾ ਬਿਆਪੈ = ਨਹੀਂ ਵਿਆਪ ਸਕਦਾ। ਓਟ = ਆਸਰਾ।ਰਹਾਉ।
ਬਲਨਾ = ਬਿਲਾਨਾ, ਗੁਜ਼ਾਰਨਾ। ਅਰਜਾਰੀ = ਉਮਰ। ਨਵ ਖੰਡਨ ਕੋ ਰਾਜੁ = ਸਾਰੀ ਧਰਤੀ ਦਾ ਰਾਜ। ਅੰਤਿ = ਆਖ਼ਰ ਨੂੰ। ਹਾਰੀ = ਹਾਰਿ, (ਮਨੁੱਖਾ ਜੀਵਨ ਦੀ ਬਾਜ਼ੀ) ਹਾਰ ਕੇ।੧।
ਗੁਣ ਨਿਧਾਨ ਗੁਣ = ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦੇ ਗੁਣ। ਤਿਨ ਹੀ = ਉਸ ਨੇ ਹੀ {ਲਫ਼ਜ਼ 'ਤਿਨਿ' ਦੀ 'ਿ' ਕ੍ਰਿਆ = ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਈ ਹੈ} ਤਿਨਿ ਹੀ। ਜਾ ਕਉ = ਜਿਸ ਉਤੇ। ਧਾਰੀ = ਕੀਤੀ। ਧੰਨੁ = ਮੁਬਾਰਿਕ। ਤਿਸੁ = ਬਲਿਹਾਰੀ = ਉਸ ਤੋਂ ਕੁਰਬਾਨ।੨।
ਅਰਥ: ਹੇ ਭਾਈ! ਪਰਮਾਤਮਾ (ਦੇ ਨਾਮ) ਨੂੰ ਭੁਲਾਇਆਂ ਸਦਾ (ਮਾਇਆ ਦੇ ਹੱਥੋਂ ਮਨੁੱਖ ਦੀ) ਬੇ-ਪਤੀ ਹੀ ਹੁੰਦੀ ਹੈ। ਹੇ ਪ੍ਰਭੂ! ਜਿਸ ਮਨੁੱਖ ਨੂੰ ਤੇਰਾ ਆਸਰਾ ਹੋਵੇ, ਉਸ ਨੂੰ (ਮਾਇਆ ਦੇ ਕਿਸੇ ਭੀ ਵਿਕਾਰ ਵੱਲੋਂ) ਧੋਖਾ ਨਹੀਂ ਲੱਗ ਸਕਦਾ।ਰਹਾਉ।
ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਜਿਤਨੀ ਭੀ ਜ਼ਿੰਦਗੀ ਗੁਜ਼ਾਰਨੀ ਹੈ (ਉਹ ਇਉਂ ਹੀ ਹੁੰਦੀ ਹੈ) ਜਿਵੇਂ ਸੱਪ (ਆਪਣੀ) ਉਮਰ ਗੁਜ਼ਾਰਦਾ ਹੈ (ਉਮਰ ਭਾਵੇਂ ਲੰਮੀ ਹੁੰਦੀ ਹੈ, ਪਰ ਉਹ ਸਦਾ ਆਪਣੇ ਅੰਦਰ ਜ਼ਹਿਰ ਪੈਦਾ ਕਰਦਾ ਰਹਿੰਦਾ ਹੈ) । (ਸਿਮਰਨ ਤੋਂ ਵਾਂਜਿਆ ਹੋਇਆ ਮਨੁੱਖ ਜੇ) ਸਾਰੀ ਧਰਤੀ ਦਾ ਰਾਜ ਭੀ ਕਰਦਾ ਰਹੇ, ਤਾਂ ਭੀ ਆਖ਼ਰ ਮਨੁੱਖਾ ਜੀਵਨ ਦੀ ਬਾਜ਼ੀ ਹਾਰ ਕੇ ਹੀ ਜਾਂਦਾ ਹੈ।੧।
ਹੇ ਨਾਨਕ! ਆਖ-ਹੇ ਭਾਈ!) ਗੁਣਾਂ ਦੇ ਖ਼ਜ਼ਾਨੇ ਹਰੀ ਦੇ ਗੁਣ ਉਸ ਮਨੁੱਖ ਨੇ ਹੀ ਗਾਏ ਹਨ ਜਿਸ ਉਤੇ ਹਰੀ ਨੇ ਮੇਹਰ ਕੀਤੀ ਹੈ। ਉਹ ਮਨੁੱਖ ਸਦਾ ਸੁਖੀ ਜੀਵਨ ਬਿਤੀਤ ਕਰਦਾ ਹੈ, ਉਸ ਦੀ ਜ਼ਿੰਦਗੀ ਮੁਬਾਰਿਕ ਹੁੰਦੀ ਹੈ। ਅਜੇਹੇ ਮਨੁੱਖ ਤੋਂ ਸਦਕੇ ਹੋਣਾ ਚਾਹੀਦਾ ਹੈ।੨।੨।
ਸੋਰਠਿ ਮਹਲਾ ੯ ॥ ਮਨ ਰੇ ਕਉਨੁ ਕੁਮਤਿ ਤੈ ਲੀਨੀ ॥ ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤਿ ਨਹਿ ਕੀਨੀ ॥੧॥ ਰਹਾਉ ॥ ਮੁਕਤਿ ਪੰਥੁ ਜਾਨਿਓ ਤੈ ਨਾਹਨਿ ਧਨ ਜੋਰਨ ਕਉ ਧਾਇਆ ॥ ਅੰਤਿ ਸੰਗ ਕਾਹੂ ਨਹੀ ਦੀਨਾ ਬਿਰਥਾ ਆਪੁ ਬੰਧਾਇਆ ॥੧॥ ਨਾ ਹਰਿ ਭਜਿਓ ਨ ਗੁਰ ਜਨੁ ਸੇਵਿਓ ਨਹ ਉਪਜਿਓ ਕਛੁ ਗਿਆਨਾ ॥ ਘਟ ਹੀ ਮਾਹਿ ਨਿਰੰਜਨੁ ਤੇਰੈ ਤੈ ਖੋਜਤ ਉਦਿਆਨਾ ॥੨॥ ਬਹੁਤੁ ਜਨਮ ਭਰਮਤ ਤੈ ਹਾਰਿਓ ਅਸਥਿਰ ਮਤਿ ਨਹੀ ਪਾਈ ॥ ਮਾਨਸ ਦੇਹ ਪਾਇ ਪਦ ਹਰਿ ਭਜੁ ਨਾਨਕ ਬਾਤ ਬਤਾਈ ॥੩॥੩॥ {ਪੰਨਾ 631-632}
ਪਦਅਰਥ: ਕੁਮਤਿ = ਭੈੜੀ ਮਤਿ। ਦਾਰਾ = ਇਸਤ੍ਰੀ। ਰਾਸਿ = ਰਸ ਵਿਚ। ਰਚਿਓ = ਮਸਤ ਹੈਂ।ਰਹਾਉ।
ਮੁਕਤਿ ਪੰਥੁ = (ਇਹਨਾਂ) ਵਿਕਾਰਾਂ ਤੋਂ ਖ਼ਲਾਸੀ ਦਾ ਰਾਹ। ਨਾਹਨਿ = ਨਹੀਂ। ਧਾਇਆ = ਦੌੜਿਆ ਫਿਰਦਾ ਹੈਂ। ਸੰਗ = ਸਾਥ। ਕਾਹੂ = ਕਿਸੇ ਨੇ ਭੀ। ਬਿਰਥਾ = ਵਿਅਰਥ ਹੀ। ਆਪੁ = ਆਪਣੇ ਆਪ ਨੂੰ।੧।
ਗਿਆਨਾ = ਆਤਮਕ ਜੀਵਨ ਦੀ ਸੂਝ। ਘਟ = ਹਿਰਦਾ। ਤੇਰੈ ਘਟ ਹੀ ਮਾਹਿ = ਤੇਰੇ ਹਿਰਦੇ ਵਿਚ ਹੀ। ਉਦਿਆਨਾ = ਜੰਗਲ।੨।
ਤੈ ਹਾਰਿਓ = ਤੂੰ (ਮਨੁੱਖਾ ਜਨਮ ਦੀ ਬਾਜ਼ੀ) ਹਾਰ ਲਈ ਹੈ। ਅਸਥਿਰ = ਅਡੋਲਤਾ ਵਿਚ ਰੱਖਣ ਵਾਲੀ। ਮਾਨਸ ਦੇਹ ਪਦ = ਮਨੁੱਖਾ ਸਰੀਰ ਦਾ ਦਰਜਾ। ਪਾਇ = ਹਾਸਲ ਕਰ ਕੇ। ਨਾਨਕ = ਹੇ ਨਾਨਕ!।੩।
ਅਰਥ: ਹੇ ਮਨ! ਤੂੰ ਕੇਹੜੀ ਭੈੜੀ ਸਿੱਖਿਆ ਲੈ ਲਈ ਹੈ? ਤੂੰ ਪਰਾਈ ਇਸਤ੍ਰੀ, ਪਰਾਈ ਨਿੰਦਿਆ ਦੇ ਰਸ ਵਿਚ ਮਸਤ ਰਹਿੰਦਾ ਹੈਂ। ਪਰਮਾਤਮਾ ਦੀ ਭਗਤੀ ਤੂੰ (ਕਦੇ) ਨਹੀਂ ਕੀਤੀ।੧।ਰਹਾਉ।
ਹੇ ਭਾਈ! ਤੂੰ ਵਿਕਾਰਾਂ ਤੋਂ ਖ਼ਲਾਸੀ ਪਾਣ ਦਾ ਰਸਤਾ (ਅਜੇ ਤਕ) ਨਹੀਂ ਸਮਝਿਆ, ਧਨ ਇਕੱਠਾ ਕਰਨ ਲਈ ਤੂੰ ਸਦਾ ਦੌੜ-ਭਜ ਕਰ ਰਿਹਾ ਹੈਂ। (ਦੁਨੀਆ ਦੇ ਪਦਾਰਥਾਂ ਵਿਚੋਂ) ਕਿਸੇ ਨੇ ਭੀ ਆਖ਼ਰ ਕਿਸੇ ਦਾ ਸਾਥ ਨਹੀਂ ਦਿੱਤਾ। ਤੂੰ ਵਿਅਰਥ ਹੀ ਆਪਣੇ ਆਪ ਨੂੰ (ਮਾਇਆ ਦੇ ਮੋਹ ਵਿਚ) ਜਕੜ ਰੱਖਿਆ ਹੈ।੧।
ਹੇ ਭਾਈ! ਅਜੇ ਤਕ) ਨਾਹ ਤੂੰ ਪਰਮਾਤਮਾ ਦੀ ਭਗਤੀ ਕੀਤੀ ਹੈ, ਨਾਹ ਗੁਰੂ ਦੀ ਸ਼ਰਨ ਪਿਆ ਹੈਂ, ਨਾਹ ਹੀ ਤੇਰੇ ਅੰਦਰ ਆਤਮਕ ਜੀਵਨ ਦੀ ਸੋਝੀ ਪਈ ਹੈ। ਮਾਇਆ ਤੋਂ ਨਿਰਲੇਪ ਪ੍ਰਭੂ ਤੇਰੇ ਹਿਰਦੇ ਵਿਚ ਵੱਸ ਰਿਹਾ ਹੈ, ਪਰ ਤੂੰ (ਬਾਹਰ) ਜੰਗਲਾਂ ਵਿਚ ਉਸ ਨੂੰ ਭਾਲ ਰਿਹਾ ਹੈਂ।੨।
ਹੇ ਭਾਈ! ਅਨੇਕਾਂ ਜਨਮਾਂ ਵਿਚ ਭਟਕ ਭਟਕ ਕੇ ਤੂੰ (ਮਨੁੱਖਾ ਜਨਮ ਦੀ ਬਾਜ਼ੀ) ਹਾਰ ਲਈ ਹੈ, ਤੂੰ ਅਜੇਹੀ ਅਕਲ ਨਹੀਂ ਸਿੱਖੀ ਜਿਸ ਦੀ ਬਰਕਤਿ ਨਾਲ (ਜਨਮਾਂ ਦੇ ਗੇੜ ਵਿਚੋਂ) ਤੈਨੂੰ ਅਡੋਲਤਾ ਹਾਸਲ ਹੋ ਸਕੇ। ਹੇ ਨਾਨਕ! ਆਖ-ਹੇ ਭਾਈ! ਗੁਰੂ ਨੇ ਤਾਂ ਇਹ) ਗੱਲ ਸਮਝਾਈ ਹੈ ਕਿ ਮਨੁੱਖਾ ਜਨਮ ਦਾ (ਉੱਚਾ) ਦਰਜਾ ਹਾਸਲ ਕਰ ਕੇ ਪਰਮਾਤਮਾ ਦਾ ਭਜਨ ਕਰ।੩।੩।
ਧਨਾਸਰੀ ਮਹਲਾ ੫ ॥ ਤ੍ਰਿਪਤਿ ਭਈ ਸਚੁ ਭੋਜਨੁ ਖਾਇਆ ॥ ਮਨਿ ਤਨਿ ਰਸਨਾ ਨਾਮੁ ਧਿਆਇਆ ॥੧॥ ਜੀਵਨਾ ਹਰਿ ਜੀਵਨਾ ॥ ਜੀਵਨੁ ਹਰਿ ਜਪਿ ਸਾਧਸੰਗਿ ॥੧॥ ਰਹਾਉ ॥ ਅਨਿਕ ਪ੍ਰਕਾਰੀ ਬਸਤ੍ਰ ਓਢਾਏ ॥ ਅਨਦਿਨੁ ਕੀਰਤਨੁ ਹਰਿ ਗੁਨ ਗਾਏ ॥੨॥ ਹਸਤੀ ਰਥ ਅਸੁ ਅਸਵਾਰੀ ॥ ਹਰਿ ਕਾ ਮਾਰਗੁ ਰਿਦੈ ਨਿਹਾਰੀ ॥੩॥ ਮਨ ਤਨ ਅੰਤਰਿ ਚਰਨ ਧਿਆਇਆ ॥ ਹਰਿ ਸੁਖ ਨਿਧਾਨ ਨਾਨਕ ਦਾਸਿ ਪਾਇਆ ॥੪॥੨॥੫੬॥ {ਪੰਨਾ 684}
ਪਦਅਰਥ: ਤ੍ਰਿਪਤਿ = ਰੱਜ, ਸ਼ਾਂਤੀ। ਸਚੁ = ਸਦਾ-ਥਿਰ ਹਰਿ = ਨਾਮ। ਮਨਿ = ਮਨ ਵਿਚ। ਤਨਿ = ਹਿਰਦੇ ਵਿਚ। ਰਸਨਾ = ਜੀਭ (ਨਾਲ) ।੧।
ਜਪਿ = ਜਪਿਆ ਕਰੋ। ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ।੧।ਰਹਾਉ।
ਅਨਿਕ ਪ੍ਰਕਾਰੀ = ਕਈ ਕਿਸਮਾਂ ਦੇ। ਬਸਤ੍ਰ = ਕੱਪੜੇ। ਓਢਾਏ = ਪਹਿਨ ਲਏ। ਅਨਦਿਨੁ = ਹਰ ਰੋਜ਼, ਹਰ ਵੇਲੇ।੨।
ਹਸਤੀ = ਹਾਥੀ। ਅਸੁ = {अश्व} ਘੋੜੇ। ਮਾਰਗੁ = ਰਸਤਾ। ਰਿਦੈ = ਹਿਰਦੇ ਵਿਚ। ਨਿਹਾਰੀ = ਵੇਖਦਾ ਹੈ।੩।
ਅੰਤਰਿ = ਅੰਦਰ। ਸੁਖ ਨਿਧਾਨ = ਸੁਖਾਂ ਦਾ ਖ਼ਜ਼ਾਨਾ। ਦਾਸਿ = (ਉਸ) ਦਾਸ ਨੇ।੪।
ਅਰਥ: ਹੇ ਭਾਈ! ਸਾਧ ਸੰਗਤਿ ਵਿਚ (ਬੈਠ ਕੇ) ਪਰਮਾਤਮਾ ਦਾ ਨਾਮ ਜਪਿਆ ਕਰੋ-ਇਹੀ ਹੈ ਅਸਲ ਜੀਵਨ, ਇਹੀ ਹੈ ਅਸਲ ਜ਼ਿੰਦਗੀ।੧।ਰਹਾਉ।
ਹੇ ਭਾਈ! ਜਿਸ ਮਨੁੱਖ ਨੇ ਆਪਣੇ ਮਨ ਵਿਚ, ਹਿਰਦੇ ਵਿਚ, ਜੀਭ ਨਾਲ ਪਰਮਾਤਮਾ ਦਾ ਨਾਮ ਸਿਮਰਨਾ ਸ਼ੁਰੂ ਕਰ ਦਿੱਤਾ, ਜਿਸ ਨੇ ਸਦਾ-ਥਿਰ ਹਰਿ-ਨਾਮ (ਦੀ) ਖ਼ੁਰਾਕ ਖਾਣੀ ਸ਼ੁਰੂ ਕਰ ਦਿੱਤੀ ਉਸ ਨੂੰ (ਮਾਇਆ ਦੀ ਤ੍ਰਿਸ਼ਨਾ ਵਲੋਂ) ਸ਼ਾਂਤੀ ਆ ਜਾਂਦੀ ਹੈ।੧।
ਜੇਹੜਾ ਮਨੁੱਖ ਹਰ ਵੇਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ, ਪ੍ਰਭੂ ਦੇ ਗੁਣ ਗਾਂਦਾ ਹੈ, ਉਸ ਨੇ (ਮਾਨੋ) ਕਈ ਕਿਸਮਾਂ ਦੇ (ਵੰਨ ਸੁਵੰਨੇ) ਕੱਪੜੇ ਪਹਿਨ ਲਏ ਹਨ (ਤੇ ਉਹ ਇਹਨਾਂ ਸੋਹਣੀਆਂ ਪੁਸ਼ਾਕਾਂ ਦਾ ਆਨੰਦ ਮਾਣ ਰਿਹਾ ਹੈ) ।੨।
ਹੇ ਭਾਈ! ਜੇਹੜਾ ਮਨੁੱਖ ਆਪਣੇ ਹਿਰਦੇ ਵਿਚ ਪਰਮਾਤਮਾ ਦੇ ਮਿਲਾਪ ਦਾ ਰਾਹ ਤੱਕਦਾ ਰਹਿੰਦਾ ਹੈ, ਉਹ (ਮਾਨੋ) ਹਾਥੀ ਰਥਾਂ ਘੋੜਿਆਂ ਦੀ ਸਵਾਰੀ (ਦਾ ਸੁਖ ਮਾਣ ਰਿਹਾ ਹੈ) ।੩।
ਹੇ ਨਾਨਕ! ਜਿਸ ਮਨੁੱਖ ਨੇ ਆਪਣੇ ਮਨ ਵਿਚ ਹਿਰਦੇ ਵਿਚ ਪਰਮਾਤਮਾ ਦੇ ਚਰਨਾਂ ਦਾ ਧਿਆਨ ਧਰਨਾ ਸ਼ੁਰੂ ਕਰ ਦਿੱਤਾ ਹੈ, ਉਸ ਦਾਸ ਨੇ ਸੁਖਾਂ ਦੇ ਖ਼ਜ਼ਾਨੇ ਪ੍ਰਭੂ ਨੂੰ ਲੱਭ ਲਿਆ ਹੈ।੪।੨।੫੬।
*┈┉┅━❀꧁ੴ꧂❀━┅┉┈*

ਵਡਹੰਸੁ ਮਹਲਾ ੩ ॥ ਗੁਰਮੁਖਿ ਸਚੁ ਸੰਜਮੁ ਤਤੁ ਗਿਆਨੁ ॥ ਗੁਰਮੁਖਿ ਸਾਚੇ ਲਗੈ ਧਿਆਨੁ ॥੧॥ ਗੁਰਮੁਖਿ ਮਨ ਮੇਰੇ ਨਾਮੁ ਸਮਾਲਿ ॥ ਸਦਾ ਨਿਬਹੈ ਚਲੈ ਤੇਰੈ ਨਾਲਿ ॥ ਰਹਾਉ ॥ ਗੁਰਮੁਖਿ ਜਾਤਿ ਪਤਿ ਸਚੁ ਸੋਇ ॥ ਗੁਰਮੁਖਿ ਅੰਤਰਿ ਸਖਾਈ ਪ੍ਰਭੁ ਹੋਇ ॥੨॥ ਗੁਰਮੁਖਿ ਜਿਸ ਨੋ ਆਪਿ ਕਰੇ ਸੋ ਹੋਇ ॥ ਗੁਰਮੁਖਿ ਆਪਿ ਵਡਾਈ ਦੇਵੈ ਸੋਇ ॥੩॥ ਗੁਰਮੁਖਿ ਸਬਦੁ ਸਚੁ ਕਰਣੀ ਸਾਰੁ ॥ ਗੁਰਮੁਖਿ ਨਾਨਕ ਪਰਵਾਰੈ ਸਾਧਾਰੁ ॥੪॥੬॥ {ਪੰਨਾ 559-560}
ਪਦਅਰਥ: ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਸਚੁ = ਸਦਾ-ਥਿਰ ਪ੍ਰਭੂ (ਦਾ ਨਾਮ ਸਿਮਰਨਾ) । ਸੰਜਮੁ = ਇੰਦ੍ਰਿਆਂ ਨੂੰ ਵੱਸ ਕਰਨ ਦਾ ਜਤਨ। ਤਤੁ = ਅਸਲ। ਸਾਚੇ = ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ।੧।
ਮਨ = ਹੇ ਮਨ! ਸਮਾਲਿ = ਸਾਂਭ, ਯਾਦ ਕਰਦਾ ਰਹੁ।ਰਹਾਉ।
ਜਾਤਿ ਪਤਿ = ਜਾਤਿ ਪਾਤਿ, ਉੱਚੀ ਕੁਲ। ਸਖਾਈ = ਮਿੱਤਰ, ਸਾਥੀ।੨।
ਜਿਸ ਨੋ = {ਲਫ਼ਜ਼ 'ਜਿਸ' ਦਾ ੁ ਸੰਬੰਧਕ 'ਨੋ' ਦੇ ਕਾਰਨ ਉੱਡ ਗਿਆ ਹੈ}। ਵਡਾਈ = ਇੱਜ਼ਤ।੩।
ਕਰਣੀ = ਕਰਤੱਬ, ਜੀਵਨ = ਮਨੋਰਥ। ਪਰਵਾਰੈ = ਪਰਵਾਰ ਵਾਸਤੇ। ਸਾਧਾਰੁ = ਸੁ = ਆਧਾਰੁ, ਆਧਾਰ ਸਹਿਤ, ਆਸਰਾ ਦੇਣ = ਜੋਗ।੪।
ਅਰਥ: ਹੇ ਮਨ! ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਯਾਦ ਕਰਦਾ ਰਹੁ। ਇਹ ਨਾਮ ਹੀ ਤੇਰੇ ਨਾਲ ਜਾਣ ਵਾਲਾ ਹੈ ਸਾਥ ਨਿਬਾਹੁਣ ਵਾਲਾ ਹੈ।ਰਹਾਉ।
ਹੇ ਭਾਈ! ਗੁਰੂ ਦੀ ਸਰਨ ਪੈ ਕੇ ਸਦਾ-ਥਿਰ ਪ੍ਰਭੂ ਦਾ ਨਾਮ-ਸਿਮਰਨ ਹੀ ਇੰਦ੍ਰਿਆਂ ਨੂੰ ਵੱਸ ਕਰਨ ਦਾ ਸਹੀ ਜਤਨ ਹੈ, ਤੇ, ਆਤਮਕ ਜੀਵਨ ਦੀ ਸੂਝ ਦਾ ਮੂਲ ਹੈ। ਗੁਰੂ ਦੀ ਸਰਨ ਪਿਆਂ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਸੁਰਤਿ ਜੁੜੀ ਰਹਿੰਦੀ ਹੈ।੧।
ਹੇ ਭਾਈ! ਗੁਰੂ ਦੀ ਸਰਨ ਪੈ ਕੇ ਉਸ ਸਦਾ-ਥਿਰ ਹਰੀ ਦਾ ਨਾਮ-ਸਿਮਰਨ ਉੱਚੀ ਜਾਤਿ ਤੇ ਉੱਚੀ ਕੁਲ (ਦਾ ਮੂਲ) ਹੈ। ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦੇ ਅੰਦਰ ਪਰਮਾਤਮਾ ਆ ਵੱਸਦਾ ਹੈ, ਤੇ, ਉਸ ਦਾ (ਸਦਾ ਦਾ) ਸਾਥੀ ਬਣ ਜਾਂਦਾ ਹੈ।੨।
ਪਰ ਉਹੀ ਮਨੁੱਖ ਗੁਰੂ ਦੇ ਸਨਮੁਖ ਹੋ ਸਕਦਾ ਹੈ ਜਿਸ ਨੂੰ ਪਰਮਾਤਮਾ ਆਪ (ਇਸ ਜੋਗ) ਬਣਾਂਦਾ ਹੈ, ਉਹ ਪਰਮਾਤਮਾ ਆਪ ਮਨੁੱਖ ਨੂੰ ਗੁਰੂ ਦੇ ਸਨਮੁਖ ਕਰ ਕੇ ਇੱਜ਼ਤ ਬਖ਼ਸ਼ਦਾ ਹੈ।੩।
ਹੇ ਭਾਈ! ਗੁਰੂ ਦੀ ਸਰਨ ਪੈ ਕੇ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ (ਹਿਰਦੇ ਵਿਚ) ਸੰਭਾਲ, ਇਹੀ ਕਰਨ-ਜੋਗ ਕੰਮ ਹੈ। ਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਆਪਣੇ ਪਰਵਾਰ ਵਾਸਤੇ ਭੀ ਆਸਰਾ ਦੇਣ ਜੋਗਾ ਹੋ ਜਾਂਦਾ ਹੈ।੪।੬।
*┈┉┅━❀꧁ੴ꧂❀━┅┉┈*
ਧਨਾਸਰੀ ਮਹਲਾ ੫ ॥ ਦੀਨ ਦਰਦ ਨਿਵਾਰਿ ਠਾਕੁਰ ਰਾਖੈ ਜਨ ਕੀ ਆਪਿ ॥ ਤਰਣ ਤਾਰਣ ਹਰਿ ਨਿਧਿ ਦੂਖੁ ਨ ਸਕੈ ਬਿਆਪਿ ॥੧॥ ਸਾਧੂ ਸੰਗਿ ਭਜਹੁ ਗੁਪਾਲ ॥ ਆਨ ਸੰਜਮ ਕਿਛੁ ਨ ਸੂਝੈ ਇਹ ਜਤਨ ਕਾਟਿ ਕਲਿ ਕਾਲ ॥ ਰਹਾਉ ॥ ਆਦਿ ਅੰਤਿ ਦਇਆਲ ਪੂਰਨ ਤਿਸੁ ਬਿਨਾ ਨਹੀ ਕੋਇ ॥ ਜਨਮ ਮਰਣ ਨਿਵਾਰਿ ਹਰਿ ਜਪਿ ਸਿਮਰਿ ਸੁਆਮੀ ਸੋਇ ॥੨॥ ਬੇਦ ਸਿੰਮ੍ਰਿਤਿ ਕਥੈ ਸਾਸਤ ਭਗਤ ਕਰਹਿ ਬੀਚਾਰੁ ॥ ਮੁਕਤਿ ਪਾਈਐ ਸਾਧਸੰਗਤਿ ਬਿਨਸਿ ਜਾਇ ਅੰਧਾਰੁ ॥੩॥ ਚਰਨ ਕਮਲ ਅਧਾਰੁ ਜਨ ਕਾ ਰਾਸਿ ਪੂੰਜੀ ਏਕ ॥ ਤਾਣੁ ਮਾਣੁ ਦੀਬਾਣੁ ਸਾਚਾ ਨਾਨਕ ਕੀ ਪ੍ਰਭ ਟੇਕ ॥੪॥੨॥੨੦॥ {ਪੰਨਾ 675}
ਪਦਅਰਥ: ਦੀਨ = ਗਰੀਬ, ਅਨਾਥ। ਨਿਵਾਰਿ = ਦੂਰ ਕਰ ਕੇ। ਜਨ = ਸੇਵਕ। ਰਾਖੈ = ਲਾਜ ਰੱਖਦਾ ਹੈ। ਤਰਣ = ਜਹਾਜ਼। ਨਿਧਿ = ਖ਼ਜ਼ਾਨਾ। ਨ ਸਕੈ ਬਿਆਪਿ = ਪੋਹ ਨਹੀਂ ਸਕਦਾ।੧।
ਸਾਧੂ ਸੰਗਿ = ਗੁਰੂ ਦੀ ਸੰਗਤਿ ਵਿਚ। ਗੋਪਾਲ = ਧਰਤੀ ਦਾ ਪਾਲਣ ਵਾਲਾ। ਆਨ = {अन्य} ਕੋਈ ਹੋਰ। ਸੰਜਮ = ਜੁਗਤਿ। ਕਟਿ = ਕੱਟ ਲੈ। ਕਲਿ ਕਾਲ = ਸੰਸਾਰ ਦੀ ਕਲਪਣਾ, ਜਗਤ ਦੇ ਝੰਬੇਲੇ।ਰਹਾਉ।
ਆਦਿ = ਸ਼ੁਰੂ ਤੋਂ। ਅੰਤਿ = ਅਖ਼ੀਰ ਵਿਚ। ਆਦਿ ਅੰਤਿ = ਜਗਤ ਦੇ ਸ਼ੁਰੂ ਤੋਂ ਲੈ ਕੇ ਅਖ਼ੀਰ ਤਕ, ਸਦਾ ਹੀ। ਦਇਆਲ = ਦਇਆ ਦਾ ਘਰ। ਪੂਰਨ = ਸਰਬ = ਵਿਆਪਕ। ਨਿਵਾਰਿ = ਦੂਰ ਕਰ ਲੈ। ਜਪਿ = ਜਪ ਕੇ। ਸੋਇ = ਉਹੀ।੨।
ਕਰਹਿ = ਕਰਦੇ ਹਨ। ਮੁਕਤਿ = (ਜਗਤ ਦੇ ਝਗੜਿਆਂ ਝੰਬੇਲਿਆਂ ਤੋਂ) ਖ਼ਲਾਸੀ। ਅੰਧਾਰੁ = ਹਨੇਰਾ।੩।
ਅਧਾਰੁ = ਆਸਰਾ। ਸਾਚਾ = ਸਦਾ ਕਾਇਮ ਰਹਿਣ ਵਾਲਾ।੪।
ਅਰਥ: ਹੇ ਭਾਈ! ਗੁਰੂ ਦੀ ਸੰਗਤਿ ਵਿਚ (ਰਹਿ ਕੇ) ਪਰਮਾਤਮਾ ਦਾ ਨਾਮ ਜਪਿਆ ਕਰ। ਇਹਨਾਂ ਜਤਨਾਂ ਨਾਲ ਹੀ ਸੰਸਾਰ ਦੇ ਝੰਬੇਲਿਆਂ ਦੀ ਫਾਹੀ ਕੱਟ। (ਮੈਨੂੰ ਇਸ ਤੋਂ ਬਿਨਾ) ਹੋਰ ਕੋਈ ਜੁਗਤਿ ਨਹੀਂ ਸੁੱਝਦੀ।ਰਹਾਉ।
ਹੇ ਭਾਈ! ਪਰਮਾਤਮਾ ਅਨਾਥਾਂ ਦੇ ਦੁੱਖ ਦੂਰ ਕਰ ਕੇ ਆਪਣੇ ਸੇਵਕਾਂ ਦੀ ਲਾਜ ਆਪ ਰੱਖਦਾ ਹੈ। ਉਹ ਪ੍ਰਭੂ (ਸੰਸਾਰ-ਸਮੁੰਦਰ ਤੋਂ ਪਾਰ) ਲੰਘਾਣ ਵਾਸਤੇ (ਮਾਨੋ) ਜਹਾਜ਼ ਹੈ, ਉਹ ਹਰੀ ਸਾਰੇ ਸੁਖਾਂ ਦਾ ਖ਼ਜ਼ਾਨਾ ਹੈ, (ਉਸ ਦੀ ਸਰਨ ਪਿਆਂ ਕੋਈ) ਦੁੱਖ ਪੋਹ ਨਹੀਂ ਸਕਦਾ।੧।
ਹੇ ਭਾਈ! ਜੇਹੜਾ ਦਇਆ-ਦਾ-ਘਰ ਸਰਬ-ਵਿਆਪਕ ਪ੍ਰਭੂ ਸਦਾ ਹੀ (ਜੀਵਾਂ ਦੇ ਸਿਰ ਉਤੇ ਰਾਖਾ) ਹੈ ਤੇ ਉਸ ਤੋਂ ਬਿਨਾ (ਉਸ ਵਰਗਾ) ਹੋਰ ਕੋਈ ਨਹੀਂ ਉਸੇ ਮਾਲਕ ਦਾ ਨਾਮ ਸਦਾ ਸਿਮਰਿਆ ਕਰ, ਉਸੇ ਹਰੀ ਦਾ ਨਾਮ ਜਪ ਕੇ ਆਪਣਾ ਜਨਮ-ਮਰਨ ਦਾ ਗੇੜ ਦੂਰ ਕਰ।੨।
ਹੇ ਭਾਈ! ਵੇਦ ਸਿੰਮ੍ਰਿਤੀ ਸ਼ਾਸਤਰ (ਹਰੇਕ ਧਰਮ ਪੁਸਤਕ ਜਿਸ ਪਰਮਾਤਮਾ ਦਾ) ਜ਼ਿਕਰ ਕਰਦਾ ਹੈ, ਭਗਤ ਜਨ (ਭੀ ਜਿਸ ਪਰਮਾਤਮਾ ਦੇ ਗੁਣਾਂ ਦਾ) ਵਿਚਾਰ ਕਰਦੇ ਹਨ, ਸਾਧ ਸੰਗਤਿ ਵਿਚ (ਉਸ ਦਾ ਨਾਮ ਸਿਮਰ ਕੇ ਜਗਤ ਦੇ ਝੰਬੇਲਿਆਂ ਤੋਂ) ਖ਼ਲਾਸੀ ਮਿਲਦੀ ਹੈ, (ਮਾਇਆ ਦੇ ਮੋਹ ਦਾ) ਹਨੇਰਾ ਦੂਰ ਹੋ ਜਾਂਦਾ ਹੈ।੩।
ਹੇ ਨਾਨਕ! ਆਖ-ਹੇ ਭਾਈ!) ਪਰਮਾਤਮਾ ਦੇ ਸੋਹਣੇ ਚਰਨ ਹੀ ਭਗਤਾਂ (ਦੇ ਆਤਮਕ ਜੀਵਨ) ਦਾ ਸਰਮਾਇਆ ਹੈ, ਪਰਮਾਤਮਾ ਦੀ ਓਟ ਹੀ ਉਹਨਾਂ ਦਾ ਬਲ ਹੈ, ਸਹਾਰਾ ਹੈ, ਸਦਾ ਕਾਇਮ ਰਹਿਣ ਵਾਲਾ ਆਸਰਾ ਹੈ।੪।੨।੨੦।
ਸੋਰਠਿ ਮਹਲਾ ੫ ॥ ਗੁਰਿ ਪੂਰੈ ਕਿਰਪਾ ਧਾਰੀ ॥ ਪ੍ਰਭਿ ਪੂਰੀ ਲੋਚ ਹਮਾਰੀ ॥ ਕਰਿ ਇਸਨਾਨੁ ਗ੍ਰਿਹਿ ਆਏ ॥ ਅਨਦ ਮੰਗਲ ਸੁਖ ਪਾਏ ॥੧॥ ਸੰਤਹੁ ਰਾਮ ਨਾਮਿ ਨਿਸਤਰੀਐ ॥ ਊਠਤ ਬੈਠਤ ਹਰਿ ਹਰਿ ਧਿਆਈਐ ਅਨਦਿਨੁ ਸੁਕ੍ਰਿਤੁ ਕਰੀਐ ॥੧॥ ਰਹਾਉ ॥ ਸੰਤ ਕਾ ਮਾਰਗੁ ਧਰਮ ਕੀ ਪਉੜੀ ਕੋ ਵਡਭਾਗੀ ਪਾਏ ॥ ਕੋਟਿ ਜਨਮ ਕੇ ਕਿਲਬਿਖ ਨਾਸੇ ਹਰਿ ਚਰਣੀ ਚਿਤੁ ਲਾਏ ॥੨॥ ਉਸਤਤਿ ਕਰਹੁ ਸਦਾ ਪ੍ਰਭ ਅਪਨੇ ਜਿਨਿ ਪੂਰੀ ਕਲ ਰਾਖੀ ॥ ਜੀਅ ਜੰਤ ਸਭਿ ਭਏ ਪਵਿਤ੍ਰਾ ਸਤਿਗੁਰ ਕੀ ਸਚੁ ਸਾਖੀ ॥੩॥ ਬਿਘਨ ਬਿਨਾਸਨ ਸਭਿ ਦੁਖ ਨਾਸਨ ਸਤਿਗੁਰਿ ਨਾਮੁ ਦ੍ਰਿੜਾਇਆ ॥ ਖੋਏ ਪਾਪ ਭਏ ਸਭਿ ਪਾਵਨ ਜਨ ਨਾਨਕ ਸੁਖਿ ਘਰਿ ਆਇਆ ॥੪॥੩॥੫੩॥ {ਪੰਨਾ 621-622}
ਪਦਅਰਥ: ਗੁਰਿ = ਗੁਰੂ ਨੇ। ਪ੍ਰਭਿ = ਪ੍ਰਭੂ ਨੇ। ਲੋਚ = ਤਾਂਘ। ਕਰਿ ਇਸਨਾਨੁ = ਮਨ ਨੂੰ ਨਾਮ ਜਲ ਨਾਲ ਪਵਿਤ੍ਰ ਕਰ ਕੇ। ਗ੍ਰਿਹਿ ਆਏ = ਅੰਤਰ = ਆਤਮੇ ਟਿਕ ਗਏ ਹਾਂ, ਮਾਇਆ ਦੀ ਖ਼ਾਤਰ ਭਟਕਣ ਤੋਂ ਬਚ ਗਏ ਹਾਂ।੧।
ਨਾਮਿ = ਨਾਮ ਵਿਚ (ਜੁੜ ਕੇ ਹੀ) । ਨਿਸਤਰੀਐ = ਪਾਰ ਲੰਘ ਸਕੀਦਾ ਹੈ। ਧਿਆਈਐ = ਧਿਆਉਣਾ ਚਾਹੀਦਾ ਹੈ। ਅਨਦਿਨੁ = ਹਰਿ ਰੋਜ਼, ਹਰ ਵੇਲੇ। ਸੁਕ੍ਰਿਤੁ = ਨੇਕ ਕਰਮ। ਕਰੀਐ = ਕਰਨਾ ਚਾਹੀਦਾ ਹੈ।੧।ਰਹਾਉ।
ਮਾਰਗੁ = (ਜੀਵਨ ਦਾ) ਰਸਤਾ। ਕੋ = ਕੋਈ ਵਿਰਲਾ। ਕੋਟਿ = ਕ੍ਰੋੜਾਂ। ਕਿਲਬਿਖ = ਪਾਪ।੨।
ਉਸਤਤਿ = ਸਿਫ਼ਤਿ-ਸਾਲਾਹ। ਜਿਨਿ = ਜਿਸ (ਪ੍ਰਭੂ) ਨੇ। ਕਲ = ਕਲਾ, ਤਾਕਤ। ਸਭਿ = ਸਾਰੇ। ਸਾਖੀ = ਸਿੱਖਿਆ। ਸਚੁ = ਸਦਾ-ਥਿਰ ਹਰਿ = ਨਾਮ (ਦਾ ਸਿਮਰਨ) ।੩।
ਸਤਿਗੁਰਿ = ਗੁਰੂ ਨੇ। ਦ੍ਰਿੜਾਇਆ = ਹਿਰਦੇ ਵਿਚ ਪੱਕਾ ਕਰ ਦਿੱਤਾ। ਸਭਿ = ਸਾਰੇ। ਪਾਵਨ = ਪਵਿੱਤ੍ਰ। ਸੁਖਿ = ਆਨੰਦ ਨਾਲ। ਘਰਿ = ਘਰ ਵਿਚ, ਹਿਰਦੇ ਵਿਚ, ਅੰਤਰ = ਆਤਮੇ।੪।
ਅਰਥ: ਹੇ ਸੰਤ ਜਨੋ! ਪਰਮਾਤਮਾ ਦੇ ਨਾਮ ਵਿਚ (ਜੁੜਿਆਂ ਹੀ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਸਕੀਦਾ ਹੈ। (ਇਸ ਵਾਸਤੇ) ਉਠਦਿਆਂ ਬੈਠਦਿਆਂ ਹਰ ਵੇਲੇ ਹਰਿ-ਨਾਮ ਸਿਮਰਨਾ ਚਾਹੀਦਾ ਹੈ, (ਹਰਿ-ਨਾਮ ਸਿਮਰਨ ਦੀ ਇਹ) ਨੇਕ ਕਮਾਈ ਹਰ ਵੇਲੇ ਕਰਨੀ ਚਾਹੀਦੀ ਹੈ।੧।ਰਹਾਉ।
(ਹੇ ਸੰਤ ਜਨੋ! ਜਦੋਂ ਤੋਂ) ਪੂਰੇ ਗੁਰੂ ਨੇ ਮੇਹਰ ਕੀਤੀ ਹੈ, ਪ੍ਰਭੂ ਨੇ ਸਾਡੀ (ਨਾਮ ਸਿਮਰਨ ਦੀ) ਤਾਂਘ ਪੂਰੀ ਕਰ ਦਿੱਤੀ ਹੈ। (ਨਾਮ ਸਿਮਰਨ ਦੀ ਬਰਕਤਿ ਨਾਲ) ਆਤਮਕ ਇਸ਼ਨਾਨ ਕਰ ਕੇ ਅਸੀ ਅੰਤਰ-ਆਤਮੇ ਟਿਕੇ ਰਹਿੰਦੇ ਹਾਂ। ਆਤਮਕ ਆਨੰਦ ਆਤਮਕ ਖ਼ੁਸ਼ੀਆਂ ਆਤਮਕ ਸੁਖ ਮਾਣ ਰਹੇ ਹਾਂ।੧।
(ਹੇ ਸੰਤ ਜਨੋ! ਸਿਮਰਨ ਕਰਨਾ ਹੀ ਇਨਸਾਨ ਵਾਸਤੇ) ਗੁਰੂ ਦਾ (ਦੱਸਿਆ ਹੋਇਆ ਸਹੀ) ਰਸਤਾ ਹੈ, (ਸਿਮਰਨ ਹੀ) ਧਰਮ ਦੀ ਪਉੜੀ ਹੈ (ਜਿਸ ਦੀ ਰਾਹੀਂ ਮਨੁੱਖ ਪ੍ਰਭੂ-ਚਰਨਾਂ ਵਿਚ ਪਹੁੰਚ ਸਕਦਾ ਹੈ, ਪਰ) ਕੋਈ ਵਿਰਲਾ ਭਾਗਾਂ ਵਾਲਾ (ਇਹ ਪਉੜੀ) ਲੱਭਦਾ ਹੈ। ਜੇਹੜਾ ਮਨੁੱਖ (ਸਿਮਰਨ ਦੀ ਰਾਹੀਂ) ਪਰਮਾਤਮਾ ਦੇ ਚਰਨਾਂ ਵਿਚ ਚਿੱਤ ਜੋੜਦਾ ਹੈ, ਉਸ ਦੇ ਕ੍ਰੋੜਾਂ ਜਨਮਾਂ ਦੇ ਪਾਪ ਨਾਸ ਹੋ ਜਾਂਦੇ ਹਨ।
ਹੇ ਸੰਤ ਜਨੋ! ਜਿਸ ਪਰਮਾਤਮਾ ਨੇ (ਸਾਰੇ ਸੰਸਾਰ ਵਿਚ ਆਪਣੀ) ਪੂਰੀ ਸੱਤਿਆ ਟਿਕਾ ਰੱਖੀ ਹੈ, ਉਸ ਦੀ ਸਿਫ਼ਤਿ-ਸਾਲਾਹ ਸਦਾ ਕਰਦੇ ਰਿਹਾ ਕਰੋ। ਹੇ ਭਾਈ! ਉਹ ਸਾਰੇ ਹੀ ਪ੍ਰਾਣੀ ਸੁੱਚੇ ਜੀਵਨ ਵਾਲੇ ਬਣ ਜਾਂਦੇ ਹਨ, ਜੇਹੜੇ ਸਦਾ-ਥਿਰ ਹਰਿ-ਨਾਮ ਸਿਮਰਨ ਵਾਲੀ ਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕਰਦੇ ਹਨ।੩।
ਹੇ ਨਾਨਕ! ਆਖ-ਜੀਵਨ ਦੇ ਰਸਤੇ ਵਿਚੋਂ ਸਾਰੀਆਂ) ਰੁਕਾਵਟਾਂ ਦੂਰ ਕਰਨ ਵਾਲਾ, ਸਾਰੇ ਦੁੱਖ ਨਾਸ ਕਰਨ ਵਾਲਾ ਹਰਿ-ਨਾਮ ਗੁਰੂ ਨੇ ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪੱਕਾ ਕਰ ਦਿੱਤਾ, ਉਹਨਾਂ ਦੇ ਸਾਰੇ ਪਾਪ ਨਾਸ ਹੋ ਜਾਂਦੇ ਹਨ, ਉਹ ਸਾਰੇ ਪਵਿਤ੍ਰ ਜੀਵਨ ਵਾਲੇ ਬਣ ਜਾਂਦੇ ਹਨ, ਉਹ ਆਤਮਕ ਆਨੰਦ ਨਾਲ ਅੰਤਰ-ਆਤਮੇ ਟਿਕੇ ਰਹਿੰਦੇ ਹਨ।੪।੩।੫੩।
*┈┉┅━❀꧁ੴ꧂❀━┅┉┈*
ਸਲੋਕ ॥ ਬਸੰਤਿ ਸ੍ਵਰਗ ਲੋਕਹ ਜਿਤਤੇ ਪ੍ਰਿਥਵੀ ਨਵ ਖੰਡਣਹ ॥ ਬਿਸਰੰਤ ਹਰਿ ਗੋਪਾਲਹ ਨਾਨਕ ਤੇ ਪ੍ਰਾਣੀ ਉਦਿਆਨ ਭਰਮਣਹ ॥੧॥ ਕਉਤਕ ਕੋਡ ਤਮਾਸਿਆ ਚਿਤਿ ਨ ਆਵਸੁ ਨਾਉ ॥ ਨਾਨਕ ਕੋੜੀ ਨਰਕ ਬਰਾਬਰੇ ਉਜੜੁ ਸੋਈ ਥਾਉ ॥੨॥ {ਪੰਨਾ 707}
ਪਦਅਰਥ: ਬਸੰਤਿ = ਵੱਸਦੇ ਹੋਣ। ਸ੍ਵਰਗ ਲੋਕਹ = ਸੁਰਗ ਵਰਗੇ ਦੇਸਾਂ ਵਿਚ। ਜਿਤਤੇ = ਜਿੱਤ ਲੈਣ। ਨਵ ਖੰਡਣਹ ਪ੍ਰਿਥਮੀ = ਨੌ ਖੰਡਾਂ ਵਾਲੀ ਧਰਤੀ, ਸਾਰੀ ਧਰਤੀ। ਗੋਪਾਲ = {ਗੋ+ਪਾਲ} ਧਰਤੀ ਦਾ ਰੱਖਕ। ਉਦਿਆਨ = ਜੰਗਲ।੧।
ਕਉਤਕ = ਖੇਲ, ਚੋਜ। ਕੋਡ = ਕ੍ਰੋੜਾਂ। ਚਿਤਿ = ਚਿੱਤ ਵਿਚ। ਨ ਆਵਸੁ = ਜੇ ਉਸ ਨੂੰ ਨਾਹ ਆਵੇ। ਕੋੜੀ ਨਰਕ = ਘੋਰ ਭਿਆਨਕ ਨਰਕ। ਉਜੜੁ = ਉਜੜਿਆ ਹੋਇਆ, ਉਜਾੜ।੨।
ਅਰਥ: ਜੇ ਸੁਰਗ ਵਰਗੇ ਦੇਸ ਵਿਚ ਵੱਸਦੇ ਹੋਣ, ਜੇ ਸਾਰੀ ਧਰਤੀ ਨੂੰ ਜਿੱਤ ਲੈਣ, ਪਰ, ਹੇ ਨਾਨਕ! ਜੇ ਜਗਤ ਦੇ ਰੱਖਕ ਪ੍ਰਭੂ ਨੂੰ ਵਿਸਾਰ ਦੇਣ, ਤਾਂ ਉਹ ਮਨੁੱਖ (ਮਾਨੋ) ਜੰਗਲ ਵਿਚ ਭਟਕ ਰਹੇ ਹਨ।੧।
ਜਗਤ ਦੇ ਕ੍ਰੋੜਾਂ ਚੋਜ ਤਮਾਸ਼ਿਆਂ ਦੇ ਕਾਰਨ ਜੇ ਪ੍ਰਭੂ ਦਾ ਨਾਮ ਚਿੱਤ ਵਿਚ (ਯਾਦ) ਨਾਹ ਰਹੇ, ਤਾਂ ਹੇ ਨਾਨਕ! ਉਹ ਥਾਂ ਉਜਾੜ ਸਮਝੋ, ਉਹ ਥਾਂ ਭਿਆਨਕ ਨਰਕ ਦੇ ਬਰਾਬਰ ਹੈ।੨।
ਪਉੜੀ ॥ ਮਹਾ ਭਇਆਨ ਉਦਿਆਨ ਨਗਰ ਕਰਿ ਮਾਨਿਆ ॥ ਝੂਠ ਸਮਗ੍ਰੀ ਪੇਖਿ ਸਚੁ ਕਰਿ ਜਾਨਿਆ ॥ ਕਾਮ ਕ੍ਰੋਧਿ ਅਹੰਕਾਰਿ ਫਿਰਹਿ ਦੇਵਾਨਿਆ ॥ ਸਿਰਿ ਲਗਾ ਜਮ ਡੰਡੁ ਤਾ ਪਛੁਤਾਨਿਆ ॥ ਬਿਨੁ ਪੂਰੇ ਗੁਰਦੇਵ ਫਿਰੈ ਸੈਤਾਨਿਆ ॥੯॥ {ਪੰਨਾ 707}
ਪਦਅਰਥ: ਮਹਾ ਭਇਆਨ = ਬੜਾ ਡਰਾਉਣਾ। ਉਦਿਆਨ = ਜੰਗਲ। ਨਗਰ = ਸ਼ਹਿਰ। ਸਮਗ੍ਰੀ = ਪਦਾਰਥ। ਝੂਠ = ਨਾਸ ਹੋ ਜਾਣ ਵਾਲੇ। ਪੇਖਿ = ਵੇਖ ਕੇ। ਸਚੁ = ਸਦਾ-ਥਿਰ ਰਹਿਣ ਵਾਲੇ। ਕ੍ਰੋਧਿ = ਕ੍ਰੋਧ ਵਿਚ। ਦੇਵਾਨਿਆ = ਪਾਗਲ, ਝੱਲੇ। ਸਿਰਿ = ਸਿਰ ਉੱਤੇ।
ਅਰਥ: ਬੜੇ ਡਰਾਉਣੇ ਜੰਗਲ ਨੂੰ ਜੀਵਾਂ ਨੇ ਸ਼ਹਿਰ ਕਰ ਕੇ ਮੰਨ ਲਿਆ ਹੈ, ਇਹਨਾਂ ਨਾਸਵੰਤ ਪਦਾਰਥਾਂ ਨੂੰ ਵੇਖ ਕੇ ਸਦਾ ਟਿਕੇ ਰਹਿਣ ਵਾਲੇ ਸਮਝ ਲਿਆ ਹੈ। (ਇਸ ਵਾਸਤੇ ਇਹਨਾਂ ਦੀ ਖ਼ਾਤਰ) ਕਾਮ ਵਿਚ ਕ੍ਰੋਧ ਵਿਚ ਅਹੰਕਾਰ ਵਿਚ ਝੱਲੇ ਹੋਏ ਫਿਰਦੇ ਹਨ, ਜਦੋਂ ਮੌਤ ਦਾ ਡੰਡਾ ਸਿਰ ਤੇ ਆ ਵੱਜਦਾ ਹੈ, ਤਦੋਂ ਪਛੁਤਾਉਂਦੇ ਹਨ। (ਹੇ ਭਾਈ! ਮਨੁੱਖ) ਪੂਰੇ ਗੁਰੂ ਦੀ ਸਰਨ ਤੋਂ ਬਿਨਾ ਸ਼ੈਤਾਨ ਵਾਂਗ ਫਿਰਦਾ ਹੈ।੯।
*┈┉┅━❀꧁ੴ꧂❀━┅┉┈*

ਰਾਗੁ ਸੂਹੀ ਅਸਟਪਦੀਆ ਮਹਲਾ ੪ ਘਰੁ ੨ ੴ ਸਤਿਗੁਰ ਪ੍ਰਸਾਦਿ ॥ ਕੋਈ ਆਣਿ ਮਿਲਾਵੈ ਮੇਰਾ ਪ੍ਰੀਤਮੁ ਪਿਆਰਾ ਹਉ ਤਿਸੁ ਪਹਿ ਆਪੁ ਵੇਚਾਈ ॥੧॥ ਦਰਸਨੁ ਹਰਿ ਦੇਖਣ ਕੈ ਤਾਈ ॥ ਕ੍ਰਿਪਾ ਕਰਹਿ ਤਾ ਸਤਿਗੁਰੁ ਮੇਲਹਿ ਹਰਿ ਹਰਿ ਨਾਮੁ ਧਿਆਈ ॥੧॥ ਰਹਾਉ ॥ ਜੇ ਸੁਖੁ ਦੇਹਿ ਤ ਤੁਝਹਿ ਅਰਾਧੀ ਦੁਖਿ ਭੀ ਤੁਝੈ ਧਿਆਈ ॥੨॥ ਜੇ ਭੁਖ ਦੇਹਿ ਤ ਇਤ ਹੀ ਰਾਜਾ ਦੁਖ ਵਿਚਿ ਸੂਖ ਮਨਾਈ ॥੩॥ ਤਨੁ ਮਨੁ ਕਾਟਿ ਕਾਟਿ ਸਭੁ ਅਰਪੀ ਵਿਚਿ ਅਗਨੀ ਆਪੁ ਜਲਾਈ ॥੪॥ ਪਖਾ ਫੇਰੀ ਪਾਣੀ ਢੋਵਾ ਜੋ ਦੇਵਹਿ ਸੋ ਖਾਈ ॥੫॥ ਨਾਨਕੁ ਗਰੀਬੁ ਢਹਿ ਪਇਆ ਦੁਆਰੈ ਹਰਿ ਮੇਲਿ ਲੈਹੁ ਵਡਿਆਈ ॥੬॥ {ਪੰਨਾ 757}
ਪਦਅਰਥ: ਆਣਿ = ਲਿਆ ਕੇ। ਹਉ = ਮੈਂ। ਪਹਿ = ਪਾਸ, ਅੱਗੇ। ਆਪੁ = ਆਪਣਾ ਆਪ। ਵੇਚਾਈ = ਵੇਚਾਈਂ, ਵੇਚ ਦਿਆਂ।੧।
ਕੈ ਤਾਈ = ਕੈ ਤਾਈਂ, ਵਾਸਤੇ। ਕਰਹਿ = (ਜੇ) ਤੂੰ ਕਰੇਂ। ਮੇਲਹਿ = ਤੂੰ ਮਿਲਾ ਦੇਵੇਂ। ਧਿਆਈ = ਧਿਆਈਂ, ਮੈਂ ਧਿਆਵਾਂ।੧।ਰਹਾਉ।
ਤ = ਤਾਂ। ਅਰਾਧੀ = ਅਰਾਧੀਂ, ਮੈਂ ਆਰਾਧਾਂ। ਦੁਖਿ = ਦੁੱਖ ਵਿਚ।੨।
ਇਤ ਹੀ = ਇਤੁ ਹੀ, ਇਸ (ਭੁਖ) ਵਿਚ ਹੀ {ਲਫ਼ਜ਼ 'ਇਤ' ਦਾ ੁ ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਿਆ ਹੈ}। ਰਾਜਾ = ਰਾਜਾਂ, ਮੈਂ ਰੱਜਿਆ ਰਹਾਂ। ਮਨਾਈ = ਮਨਾਈਂ, ਮਨਾਵਾਂਗਾ।੩।
ਕਾਟਿ = ਕੱਟ ਕੇ। ਸਭੁ = ਸਾਰਾ। ਅਰਪੀ = ਅਰਪੀਂ, ਮੈਂ ਭੇਟਾ ਕਰ ਦਿਆਂ। ਆਪੁ = ਆਪਣਾ ਆਪ।੪।
ਫੇਰੀ = ਫੇਰੀਂ। ਢੋਵਾ = ਢੋਵਾਂ। ਦੇਵਹਿ = ਤੂੰ ਦੇਵੇਂਗਾ। ਖਾਈ = ਖਾਈਂ, ਮੈਂ ਖਾਵਾਂ।੫।
ਵਡਿਆਈ = ਉਪਕਾਰ।੬।
ਅਰਥ: ਹੇ ਪ੍ਰਭੂ! ਜੇ ਤੂੰ (ਮੇਰੇ ਉਤੇ) ਮੇਹਰ ਕਰੇਂ, (ਮੈਨੂੰ) ਗੁਰੂ ਮਿਲਾ ਦੇਵੇਂ, ਤਾਂ ਤੇਰਾ ਦਰਸਨ ਕਰਨ ਵਾਸਤੇ ਮੈਂ ਸਦਾ ਤੇਰਾ ਨਾਮ ਸਿਮਰਦਾ ਰਹਾਂਗਾ।੧।ਰਹਾਉ।
ਹੇ ਭਾਈ! ਜੇ ਕੋਈ (ਸੱਜਣ) ਮੇਰਾ ਪ੍ਰੀਤਮ ਲਿਆ ਕੇ ਮੈਨੂੰ ਮਿਲਾ ਦੇਵੇ, ਤਾਂ ਮੈਂ ਉਸ ਦੇ ਅੱਗੇ ਆਪਣਾ ਆਪ ਵੇਚ ਦਿਆਂ।੧।
ਹੇ ਪ੍ਰਭੂ! ਮੇਹਰ ਕਰ) ਜੇ ਤੂੰ ਮੈਨੂੰ ਸੁਖ ਦੇਵੇਂ, ਤਾਂ ਮੈਂ ਤੈਨੂੰ ਹੀ ਸਿਮਰਦਾ ਰਹਾਂ, ਦੁਖ ਵਿਚ ਭੀ ਮੈਂ ਤੇਰੀ ਹੀ ਆਰਾਧਨਾ ਕਰਦਾ ਰਹਾਂ।੨।
ਹੇ ਪ੍ਰਭੂ! ਜੇ ਤੂੰ ਮੈਨੂੰ ਭੁੱਖਾ ਰੱਖੇਂ, ਤਾਂ ਮੈਂ ਇਸ ਭੁਖ ਵਿਚ ਹੀ ਰੱਜਿਆ ਰਹਾਂਗਾ, ਦੁੱਖਾਂ ਵਿਚ ਮੈਂ ਸੁਖ ਪ੍ਰਤੀਤ ਕਰਾਂਗਾ (ਤੇਰੀ ਇਹ ਮੇਹਰ ਜ਼ਰੂਰ ਹੋ ਜਾਏ ਕਿ ਮੈਨੂੰ ਤੇਰਾ ਦਰਸਨ ਹੋ ਜਾਏ) ।੩।
ਹੇ ਪ੍ਰਭੂ! ਤੇਰਾ ਦਰਸਨ ਕਰਨ ਦੀ ਖ਼ਾਤਰ ਜੇ ਲੋੜ ਪਏ ਤਾਂ) ਮੈਂ ਆਪਣਾ ਸਰੀਰ ਆਪਣਾ ਮਨ ਕੱਟ ਕੱਟ ਕੇ ਸਾਰਾ ਭੇਟਾ ਕਰ ਦਿਆਂਗਾ, ਅੱਗ ਵਿਚ ਆਪਣੇ ਆਪ ਨੂੰ ਸਾੜ (ਭੀ) ਦਿਆਂਗਾ।੪।
ਹੇ ਪ੍ਰਭੂ! ਤੇਰੇ ਦੀਦਾਰ ਦੀ ਖ਼ਾਤਰ, ਤੇਰੀਆਂ ਸੰਗਤਾਂ ਨੂੰ) ਮੈਂ ਪੱਖਾਂ ਝਲਾਂਗਾ, ਪਾਣੀ ਢੋਵਾਂਗਾ, ਜੋ ਕੁਝ ਤੂੰ ਮੈਨੂੰ (ਖਾਣ ਲਈ) ਦੇਵੇਂਗਾ ਉਹੀ (ਖ਼ੁਸ਼ ਹੋ ਕੇ) ਖਾ ਲਵਾਂਗਾ।੫।
ਹੇ ਪ੍ਰਭੂ! ਤੇਰਾ ਦਾਸ) ਗਰੀਬ ਨਾਨਕ ਤੇਰੇ ਦਰ ਤੇ ਆ ਡਿੱਗਾ ਹੈ, ਮੈਨੂੰ ਆਪਣੇ ਚਰਨਾਂ ਵਿਚ ਜੋੜ ਲੈ, ਤੇਰਾ ਇਹ ਉਪਕਾਰ ਹੋਵੇਗਾ।੬।
*┈┉┅━❀꧁ੴ꧂❀━┅┉┈*
*┈┉┅━❀꧁ੴ꧂❀━┅┉┈*
ਸੋਰਠਿ ਮਹਲਾ ੫ ॥ ਹਮਰੀ ਗਣਤ ਨ ਗਣੀਆ ਕਾਈ ਅਪਣਾ ਬਿਰਦੁ ਪਛਾਣਿ ॥ ਹਾਥ ਦੇਇ ਰਾਖੇ ਕਰਿ ਅਪੁਨੇ ਸਦਾ ਸਦਾ ਰੰਗੁ ਮਾਣਿ ॥੧॥ ਸਾਚਾ ਸਾਹਿਬੁ ਸਦ ਮਿਹਰਵਾਣ ॥ ਬੰਧੁ ਪਾਇਆ ਮੇਰੈ ਸਤਿਗੁਰਿ ਪੂਰੈ ਹੋਈ ਸਰਬ ਕਲਿਆਣ ॥ ਰਹਾਉ ॥ ਜੀਉ ਪਾਇ ਪਿੰਡੁ ਜਿਨਿ ਸਾਜਿਆ ਦਿਤਾ ਪੈਨਣੁ ਖਾਣੁ ॥ ਅਪਣੇ ਦਾਸ ਕੀ ਆਪਿ ਪੈਜ ਰਾਖੀ ਨਾਨਕ ਸਦ ਕੁਰਬਾਣੁ ॥੨॥੧੬॥੪੪॥ {ਪੰਨਾ 619}
ਪਦਅਰਥ: ਹਮਰੀ = ਅਸਾਂ ਜੀਵਾਂ ਦੀ। ਗਣਤ = ਕੀਤੇ ਕਰਮਾਂ ਦਾ ਹਿਸਾਬ। ਨ ਗਣੀਆ = ਨਹੀਂ ਗਿਣਦਾ। ਕਾਈ ਗਣਤ = ਕੋਈ ਭੀ ਲੇਖਾ। ਬਿਰਦੁ = ਮੁੱਢ = ਕਦੀਮਾਂ ਦਾ (ਪਿਆਰ ਵਾਲਾ) ਸੁਭਾਉ। ਪਛਾਣਿ = ਪਛਾਣੈ, ਚੇਤੇ ਰੱਖਦਾ ਹੈ। ਦੇਇ = ਦੇ ਕੇ। ਰਾਖੇ = (ਕੁਕਰਮਾਂ ਤੋਂ) ਬਚਾਈ ਰੱਖਦਾ ਹੈ। ਮਾਣਿ = ਮਾਣੈ, ਮਾਣਦਾ ਹੈ।੧।
ਸਾਚਾ = ਸਦਾ ਕਾਇਮ ਰਹਿਣ ਵਾਲਾ। ਸਦ = ਸਦਾ। ਬੰਧੁ = ਰੋਕ, ਬੰਨ੍ਹ (ਕੁਕਰਮਾਂ ਦੇ ਰਾਹ ਵਿਚ) ਰੁਕਾਵਟ। ਸਤਿਗੁਰਿ = ਗੁਰੂ ਨੇ। ਕਲਿਆਣ = (ਆਤਮਕ) ਸੁਖ।ਰਹਾਉ।
ਜੀਉ = ਜਿੰਦ। ਪਾਇ = ਪਾ ਕੇ। ਪਿੰਡੁ = ਸਰੀਰ। ਜਿਨ = ਜਿਸ (ਪ੍ਰਭੂ) ਨੇ। ਸਜਾਇਆ = ਪੈਦਾ ਕੀਤਾ। ਪੈਜ = ਇੱਜ਼ਤ। ਸਦ = ਸਦਾ।੨।
ਅਰਥ: ਹੇ ਭਾਈ! ਸਦਾ ਕਾਇਮ ਰਹਿਣ ਵਾਲਾ ਮਾਲਕ-ਪ੍ਰਭੂ ਸਦਾ ਦਇਆਵਾਨ ਰਹਿੰਦਾ ਹੈ, (ਕੁਕਰਮਾਂ ਵਲ ਪਰਤ ਰਹੇ ਬੰਦਿਆਂ ਨੂੰ ਉਹ ਗੁਰੂ ਮਿਲਾਂਦਾ ਹੈ। ਜਿਸ ਨੂੰ ਪੂਰਾ ਗੁਰੂ ਮਿਲ ਪਿਆ, ਉਸ ਦੇ ਵਿਕਾਰਾਂ ਦੇ ਰਸਤੇ ਵਿਚ) ਮੇਰੇ ਪੂਰੇ ਗੁਰੂ ਨੇ ਬੰਨ੍ਹ ਮਾਰ ਦਿੱਤਾ (ਤੇ, ਇਸ ਤਰ੍ਹਾਂ ਉਸ ਦੇ ਅੰਦਰ) ਸਾਰੇ ਆਤਮਕ ਆਨੰਦ ਪੈਦਾ ਹੋ ਗਏ।ਰਹਾਉ।
ਹੇ ਭਾਈ! ਪਰਮਾਤਮਾ ਅਸਾਂ ਜੀਵਾਂ ਦੇ ਕੀਤੇ ਮੰਦ-ਕਰਮਾਂ ਦਾ ਕੋਈ ਖ਼ਿਆਲ ਨਹੀਂ ਕਰਦਾ। ਉਹ ਆਪਣੇ ਮੁੱਢ-ਕਦੀਮਾਂ ਦੇ (ਪਿਆਰ ਵਾਲੇ) ਸੁਭਾਉ ਨੂੰ ਚੇਤੇ ਰੱਖਦਾ ਹੈ, (ਉਹ, ਸਗੋਂ, ਸਾਨੂੰ ਗੁਰੂ ਮਿਲਾ ਕੇ, ਸਾਨੂੰ) ਆਪਣੇ ਬਣਾ ਕੇ (ਆਪਣੇ) ਹੱਥ ਦੇ ਕੇ (ਸਾਨੂੰ ਵਿਕਾਰਾਂ ਵਲੋਂ) ਬਚਾਂਦਾ ਹੈ। (ਜਿਸ ਵਡ-ਭਾਗੀ ਨੂੰ ਗੁਰੂ ਮਿਲ ਪੈਂਦਾ ਹੈ, ਉਹ) ਸਦਾ ਹੀ ਆਤਮਕ ਆਨੰਦ ਮਾਣਦਾ ਹੈ।੧।
ਹੇ ਭਾਈ! ਜਿਸ ਪਰਮਾਤਮਾ ਨੇ ਜਿੰਦ ਪਾ ਕੇ (ਸਾਡਾ) ਸਰੀਰ ਪੈਦਾ ਕੀਤਾ ਹੈ, ਜੇਹੜਾ (ਹਰ ਵੇਲੇ) ਸਾਨੂੰ ਖ਼ੁਰਾਕ ਤੇ ਪੁਸ਼ਾਕ ਦੇ ਰਿਹਾ ਹੈ, ਉਹ ਪਰਮਾਤਮਾ (ਸੰਸਾਰ-ਸਮੁੰਦਰ ਦੀਆਂ ਵਿਕਾਰ-ਲਹਿਰਾਂ ਤੋਂ) ਆਪਣੇ ਸੇਵਕ ਦੀ ਇੱਜ਼ਤ (ਗੁਰੂ ਮਿਲਾ ਕੇ) ਆਪ ਬਚਾਂਦਾ ਹੈ। ਹੇ ਨਾਨਕ! ਆਖ-ਮੈਂ ਉਸ ਪਰਮਾਤਮਾ ਤੋਂ) ਸਦਾ ਸਦਕੇ ਜਾਂਦਾ ਹਾਂ।੨।੧੬।੪੪।
*┈┉┅━❀꧁ੴ꧂❀━┅┉┈*
ਧਨਾਸਰੀ ਮਹਲਾ ੧ ॥ ਜੀਉ ਤਪਤੁ ਹੈ ਬਾਰੋ ਬਾਰ ॥ ਤਪਿ ਤਪਿ ਖਪੈ ਬਹੁਤੁ ਬੇਕਾਰ ॥ ਜੈ ਤਨਿ ਬਾਣੀ ਵਿਸਰਿ ਜਾਇ ॥ ਜਿਉ ਪਕਾ ਰੋਗੀ ਵਿਲਲਾਇ ॥੧॥ ਬਹੁਤਾ ਬੋਲਣੁ ਝਖਣੁ ਹੋਇ ॥ ਵਿਣੁ ਬੋਲੇ ਜਾਣੈ ਸਭੁ ਸੋਇ ॥੧॥ ਰਹਾਉ ॥ ਜਿਨਿ ਕਨ ਕੀਤੇ ਅਖੀ ਨਾਕੁ ॥ ਜਿਨਿ ਜਿਹਵਾ ਦਿਤੀ ਬੋਲੇ ਤਾਤੁ ॥ ਜਿਨਿ ਮਨੁ ਰਾਖਿਆ ਅਗਨੀ ਪਾਇ ॥ ਵਾਜੈ ਪਵਣੁ ਆਖੈ ਸਭ ਜਾਇ ॥੨॥ ਜੇਤਾ ਮੋਹੁ ਪਰੀਤਿ ਸੁਆਦ ॥ ਸਭਾ ਕਾਲਖ ਦਾਗਾ ਦਾਗ ॥ ਦਾਗ ਦੋਸ ਮੁਹਿ ਚਲਿਆ ਲਾਇ ॥ ਦਰਗਹ ਬੈਸਣ ਨਾਹੀ ਜਾਇ ॥੩॥ ਕਰਮਿ ਮਿਲੈ ਆਖਣੁ ਤੇਰਾ ਨਾਉ ॥ ਜਿਤੁ ਲਗਿ ਤਰਣਾ ਹੋਰੁ ਨਹੀ ਥਾਉ ॥ ਜੇ ਕੋ ਡੂਬੈ ਫਿਰਿ ਹੋਵੈ ਸਾਰ ॥ ਨਾਨਕ ਸਾਚਾ ਸਰਬ ਦਾਤਾਰ ॥੪॥੩॥੫॥ {ਪੰਨਾ 661-662}
ਪਦਅਰਥ: ਤਪਤੁ ਹੈ– ਦੁਖੀ ਹੁੰਦਾ ਹੈ। ਬਾਰੋ ਬਾਰ = ਬਾਰ ਬਾਰ, ਮੁੜ ਮੁੜ। ਤਪਿ ਤਪਿ = ਤਪ ਕੇ ਤਪ ਕੇ, ਦੁਖੀ ਹੋ ਹੋ ਕੇ। ਬੇਕਾਰ = ਵਿਕਾਰਾਂ ਵਿਚ। ਜੈ ਤਨਿ = ਜਿਸ ਸਰੀਰ ਵਿਚ। ਵਿਸਰਿ ਜਾਇ = ਭੁੱਲ ਜਾਂਦੀ ਹੈ। ਪਕਾ ਰੋਗੀ = ਕੋੜ੍ਹ ਦੇ ਰੋਗ ਵਾਲਾ।੧।
ਬਹੁਤਾ ਬੋਲਣੁ = (ਸਹੇੜੇ ਹੋਏ ਦੁੱਖਾਂ ਬਾਰੇ) ਬਹੁਤੇ ਗਿਲੇ। ਝਖਣੁ = ਵਿਅਰਥ ਬਕਵਾਸ। ਸੋਇ = ਉਹ ਪ੍ਰਭੂ।੧।ਰਹਾਉ।
ਜਿਨਿ = ਜਿਸ (ਪਰਮਾਤਮਾ) ਨੇ। ਤਾਤੁ = ਤੁਰਤ, ਛੇਤੀ ਛੇਤੀ। ਅਗਨੀ ਪਾਇ = (ਸਰੀਰ ਵਿਚ) ਅੱਗ (ਨਿੱਘ) ਪਾ ਕੇ। ਮਨੁ = ਜਿੰਦ। ਪਵਣੁ = ਸੁਆਸ। ਵਾਜੈ = ਵੱਜਦਾ ਹੈ, ਚੱਲਦਾ ਹੈ। ਆਖੈ = (ਜੀਵ) ਬੋਲਦਾ ਹੈ। ਸਭ ਜਾਇ = ਹੋਰ ਥਾਂ।੨।
ਦਾਗ ਦੋਸ = ਦੋਸਾਂ ਦੇ ਦਾਗ਼। ਮੁਹਿ = ਮੂੰਹ ਉਤੇ। ਲਾਇ = ਲਾ ਕੇ। ਜਾਇ = ਥਾਂ।੩।
ਕਰਮਿ = ਮੇਹਰ ਨਾਲ, ਬਖ਼ਸ਼ਸ਼ ਨਾਲ। ਜਿਤੁ ਲਗਿ = ਜਿਸ ਵਿਚ ਲੱਗ ਕੇ। ਕੋ = ਕੋਈ ਜੀਵ। ਸਾਰ = ਸੰਭਾਲ।੪।
ਅਰਥ: (ਸਿਫ਼ਤਿ-ਸਾਲਾਹ ਦੀ ਬਾਣੀ ਵਿਸਾਰਿਆਂ) ਜਿੰਦ ਮੁੜ ਮੁੜ ਦੁਖੀ ਹੁੰਦੀ ਹੈ, ਦੁਖੀ ਹੋ ਹੋ ਕੇ (ਫਿਰ ਭੀ) ਹੋਰ ਹੋਰ ਵਿਕਾਰਾਂ ਵਿਚ ਖ਼ੁਆਰ ਹੁੰਦੀ ਹੈ। ਜਿਸ ਸਰੀਰ ਵਿਚ (ਭਾਵ, ਜਿਸ ਮਨੁੱਖ ਨੂੰ) ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਭੁੱਲ ਜਾਂਦੀ ਹੈ, ਉਹ ਸਦਾ ਇਉਂ ਵਿਲਕਦਾ ਹੈ ਜਿਵੇਂ ਕੋੜ੍ਹ ਦੇ ਰੋਗ ਵਾਲਾ ਬੰਦਾ।੧।
(ਸਿਮਰਨ ਤੋਂ ਖ਼ਾਲੀ ਰਹਿਣ ਕਰ ਕੇ ਸਹੇੜੇ ਹੋਏ ਦੁੱਖਾਂ ਬਾਰੇ ਹੀ) ਬਹੁਤੇ ਗਿਲੇ ਕਰੀ ਜਾਣੇ ਵਿਅਰਥ ਬੋਲ-ਬੁਲਾਰਾ ਹੈ ਕਿਉਂਕਿ ਉਹ ਪਰਮਾਤਮਾ ਸਾਡੇ ਗਿਲੇ ਕਰਨ ਤੋਂ ਬਿਨਾ ਹੀ (ਸਾਡੇ ਰੋਗਾਂ ਦਾ) ਸਾਰਾ ਕਾਰਣ ਜਾਣਦਾ ਹੈ।੧।ਰਹਾਉ।
(ਦੁੱਖਾਂ ਤੋਂ ਬਚਣ ਵਾਸਤੇ ਉਸ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ) ਜਿਸ ਨੇ ਕੰਨ ਦਿੱਤੇ, ਅੱਖਾਂ ਦਿੱਤੀਆਂ, ਨੱਕ ਦਿੱਤਾ; ਜਿਸ ਨੇ ਜੀਭ ਦਿੱਤੀ ਜੋ ਛੇਤੀ ਛੇਤੀ ਬੋਲਦੀ ਹੈ; ਜਿਸ ਨੇ ਸਾਡੇ ਸਰੀਰ ਵਿਚ ਨਿੱਘ ਪਾ ਕੇ ਜਿੰਦ (ਸਰੀਰ ਵਿਚ) ਟਿਕਾ ਦਿੱਤੀ; (ਜਿਸ ਦੀ ਕਲਾ ਨਾਲ ਸਰੀਰ ਵਿਚ) ਸੁਆਸ ਚੱਲਦਾ ਹੈ ਤੇ ਮਨੁੱਖ ਹਰ ਥਾਂ (ਤੁਰ ਫਿਰ ਕੇ) ਬੋਲ ਚਾਲ ਕਰ ਸਕਦਾ ਹੈ।੨।
ਜਿਤਨਾ ਭੀ ਮਾਇਆ ਦਾ ਮੋਹ ਹੈ ਦੁਨੀਆ ਦੀ ਪ੍ਰੀਤ ਹੈ ਰਸਾਂ ਦੇ ਸੁਆਦ ਹਨ, ਇਹ ਸਾਰੇ ਮਨ ਵਿਚ ਵਿਕਾਰਾਂ ਦੀ ਕਾਲਖ ਹੀ ਪੈਦਾ ਕਰਦੇ ਹਨ, ਵਿਕਾਰਾਂ ਦੇ ਦਾਗ਼ ਹੀ ਲਾਂਦੇ ਜਾਂਦੇ ਹਨ। (ਸਿਮਰਨ ਤੋਂ ਸੁੰਞਾ ਰਹਿ ਕੇ ਵਿਕਾਰਾਂ ਵਿਚ ਫਸ ਕੇ) ਮਨੁੱਖ ਵਿਕਾਰਾਂ ਦੇ ਦਾਗ਼ ਆਪਣੇ ਮੱਥੇ ਤੇ ਲਾ ਕੇ (ਇਥੋਂ) ਚੱਲ ਪੈਂਦਾ ਹੈ, ਤੇ ਪਰਮਾਤਮਾ ਦੀ ਹਜ਼ੂਰੀ ਵਿਚ ਇਸ ਨੂੰ ਬੈਠਣ ਲਈ ਥਾਂ ਨਹੀਂ ਮਿਲਦੀ।੩।
(ਪਰ, ਹੇ ਪ੍ਰਭੂ! ਜੀਵ ਦੇ ਭੀ ਕੀਹ ਵੱਸ?) ਤੇਰਾ ਨਾਮ ਸਿਮਰਨ (ਦਾ ਗੁਣ) ਤੇਰੀ ਮੇਹਰ ਨਾਲ ਹੀ ਮਿਲ ਸਕਦਾ ਹੈ, ਤੇਰੇ ਨਾਮ ਵਿਚ ਹੀ ਲੱਗ ਕੇ (ਮੋਹ ਤੇ ਵਿਕਾਰਾਂ ਦੇ ਸਮੁੰਦਰ ਵਿਚੋਂ) ਪਾਰ ਲੰਘ ਸਕੀਦਾ ਹੈ, (ਇਹਨਾਂ ਤੋਂ ਬਚਣ ਲਈ) ਹੋਰ ਕੋਈ ਥਾਂ ਨਹੀਂ ਹੈ।
ਹੇ ਨਾਨਕ! ਨਿਰਾਸਤਾ ਦੀ ਲੋੜ ਨਹੀਂ) ਜੇ ਕੋਈ ਮਨੁੱਖ (ਪ੍ਰਭੂ ਨੂੰ ਭੁਲਾ ਕੇ ਵਿਕਾਰਾਂ ਵਿਚ) ਡੁੱਬਦਾ ਭੀ ਹੈ (ਉਹ ਪ੍ਰਭੂ ਇਤਨਾ ਦਿਆਲ ਹੈ ਕਿ) ਫਿਰ ਭੀ ਉਸ ਦੀ ਸੰਭਾਲ ਹੁੰਦੀ ਹੈ। ਉਹ ਸਦਾ-ਥਿਰ ਰਹਿਣ ਵਾਲਾ ਪ੍ਰਭੂ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ (ਕਿਸੇ ਨੂੰ ਵਿਰਵਾ ਨਹੀਂ ਰੱਖਦਾ) ।੪।੩।੫।
ਸਲੋਕੁ ਮਃ ੩ ॥ ਵਿਣੁ ਨਾਵੈ ਸਭਿ ਭਰਮਦੇ ਨਿਤ ਜਗਿ ਤੋਟਾ ਸੈਸਾਰਿ ॥ ਮਨਮੁਖਿ ਕਰਮ ਕਮਾਵਣੇ ਹਉਮੈ ਅੰਧੁ ਗੁਬਾਰੁ ॥ ਗੁਰਮੁਖਿ ਅੰਮ੍ਰਿਤੁ ਪੀਵਣਾ ਨਾਨਕ ਸਬਦੁ ਵੀਚਾਰਿ ॥੧॥ {ਪੰਨਾ 646}
ਪਦਅਰਥ: ਜਗਿ = ਜਗਤ ਵਿਚ। ਤੋਟਾ = ਘਾਟਾ। ਸੰਸਾਰਿ = ਸੰਸਾਰ ਵਿਚ। ਸਭਿ = ਸਾਰੇ ਜੀਵ।
ਅਰਥ: ਨਾਮ ਤੋਂ ਬਿਨਾ ਸਾਰੇ ਲੋਕ ਭਟਕਦੇ ਫਿਰਦੇ ਹਨ; ਉਹਨਾਂ ਨੂੰ ਸੰਸਾਰ ਵਿਚ ਸਦਾ ਘਾਟਾ ਹੀ ਘਾਟਾ ਹੈ; ਹੇ ਨਾਨਕ! ਮਨਮੁਖ ਤਾਂ ਹਉਮੈ ਦੇ ਆਸਰੇ ਉਹ ਕਰਮ ਕਮਾਂਦੇ ਹਨ ਜੋ ਘੁੱਪ ਹਨੇਰਾ ਪੈਦਾ ਕਰਦੇ ਹਨ। ਪਰ ਸਤਿਗੁਰੂ ਦੇ ਸਨਮੁਖ ਜੀਵ ਸ਼ਬਦ ਨੂੰ ਵਿਚਾਰ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦੇ ਹਨ।੧।
ਮਃ ੩ ॥ ਸਹਜੇ ਜਾਗੈ ਸਹਜੇ ਸੋਵੈ ॥ ਗੁਰਮੁਖਿ ਅਨਦਿਨੁ ਉਸਤਤਿ ਹੋਵੈ ॥ {ਪੰਨਾ 646}
ਅਰਥ: ਜੋ ਮਨੁੱਖ ਸਤਿਗੁਰੂ ਦੇ ਸਨਮੁਖ ਹੁੰਦਾ ਹੈ ਉਹ ਆਤਮਕ ਅਡੋਲਤਾ ਵਿਚ ਹੀ ਜਾਗਦਾ ਹੈ ਤੇ ਆਤਮਕ ਅਡੋਲਤਾ ਵਿਚ ਹੀ ਸੌਂਦਾ ਹੈ (ਭਾਵ, ਜਾਗਦਿਆਂ ਹਰੀ ਵਿਚ ਲੀਨ ਤੇ ਸੁੱਤਿਆਂ ਹਰੀ ਵਿਚ ਲੀਨ ਰਹਿੰਦਾ ਹੈ) ਉਸ ਨੂੰ ਹਰ ਰੋਜ਼ (ਭਾਵ, ਹਰ ਵੇਲੇ) ਹਰੀ ਦੀ ਉਸਤਤਿ (ਦਾ ਹੀ ਆਹਰ ਹੁੰਦਾ) ਹੈ।
ਮਨਮੁਖ ਭਰਮੈ ਸਹਸਾ ਹੋਵੈ ॥ ਅੰਤਰਿ ਚਿੰਤਾ ਨੀਦ ਨ ਸੋਵੈ ॥ {ਪੰਨਾ 646}
ਅਰਥ: ਮਨਮੁਖ ਭਟਕਦਾ ਹੈ, ਕਿਉਂਕਿ ਉਸ ਨੂੰ ਸਦਾ ਤੌਖ਼ਲਾ ਰਹਿੰਦਾ ਹੈ; ਮਨ ਵਿਚ ਚਿੰਤਾ ਹੋਣ ਕਰ ਕੇ ਉਹ (ਸੁਖ ਦੀ) ਨੀਂਦਰ ਨਹੀਂ ਸੌਂਦਾ।
ਗਿਆਨੀ ਜਾਗਹਿ ਸਵਹਿ ਸੁਭਾਇ ॥ ਨਾਨਕ ਨਾਮਿ ਰਤਿਆ ਬਲਿ ਜਾਉ ॥੨॥ {ਪੰਨਾ 646}
ਅਰਥ: ਪ੍ਰਭੂ ਨਾਲ ਡੂੰਘੀ ਸਾਂਝ ਰੱਖਣ ਵਾਲੇ ਬੰਦੇ ਪ੍ਰਭੂ ਦੇ ਪਿਆਰ ਵਿਚ ਹੀ ਜਾਗਦੇ ਸੌਂਦੇ ਹਨ (ਭਾਵ, ਜਾਗਦੇ ਤੇ ਸੁੱਤੇ ਹੋਏ ਇਕ-ਰਸ ਰਹਿੰਦੇ ਹਨ) । ਹੇ ਨਾਨਕ! ਮੈਂ ਨਾਮ ਵਿਚ ਰੰਗੇ ਹੋਇਆਂ ਤੋਂ ਸਦਕੇ ਹਾਂ।੨।
ਪਉੜੀ ॥ ਸੇ ਹਰਿ ਨਾਮੁ ਧਿਆਵਹਿ ਜੋ ਹਰਿ ਰਤਿਆ ॥ ਹਰਿ ਇਕੁ ਧਿਆਵਹਿ ਇਕੁ ਇਕੋ ਹਰਿ ਸਤਿਆ ॥ ਹਰਿ ਇਕੋ ਵਰਤੈ ਇਕੁ ਇਕੋ ਉਤਪਤਿਆ ॥ ਜੋ ਹਰਿ ਨਾਮੁ ਧਿਆਵਹਿ ਤਿਨ ਡਰੁ ਸਟਿ ਘਤਿਆ ॥ ਗੁਰਮਤੀ ਦੇਵੈ ਆਪਿ ਗੁਰਮੁਖਿ ਹਰਿ ਜਪਿਆ ॥੯॥ {ਪੰਨਾ 646}
ਪਦਅਰਥ: ਸਤਿਆ = ਸਤਿ, ਸਦਾ-ਥਿਰ ਰਹਿਣ ਵਾਲਾ।
ਅਰਥ: ਜੋ ਮਨੁੱਖ ਹਰੀ ਵਿਚ ਰੱਤੇ ਹੋਏ ਹਨ, ਉਹ ਉਸ ਦਾ ਨਾਮ ਸਿਮਰਦੇ ਹਨ; ਉਸ ਇੱਕ ਹਰੀ ਨੂੰ ਧਿਆਉਂਦੇ ਹਨ; ਜੋ ਸਦਾ ਕਾਇਮ ਰਹਿਣ ਵਾਲਾ ਹੈ, ਜੋ ਇੱਕ ਆਪ ਹਰ ਥਾਂ ਵਿਆਪਕ ਹੈ ਤੇ ਜਿਸ ਇਕ ਨੇ ਹੀ (ਸਾਰੀ ਸ੍ਰਿਸ਼ਟੀ) ਪੈਦਾ ਕੀਤੀ ਹੈ। ਜੋ ਮਨੁੱਖ ਨਾਮ ਸਿਮਰਦੇ ਹਨ, ਉਹਨਾਂ ਨੇ ਸਾਰਾ ਡਰ ਦੂਰ ਕਰ ਦਿੱਤਾ ਹੈ। ਪਰ ਉਹੀ ਗੁਰਮੁਖ ਨਾਮ ਸਿਮਰਦਾ ਹੈ ਜਿਸਨੂੰ ਪ੍ਰਭੂ ਆਪ ਗੁਰੂ ਦੀ ਮਤਿ ਦੀ ਰਾਹੀਂ ਇਹ ਦਾਤਿ ਦੇਂਦਾ ਹੈ।੯।
*┈┉┅━❀꧁ੴ꧂❀━┅┉┈*
No comments:
Post a Comment