Sikhyouthpb

Sikh Youth Of Punjab Youtube Channel. The Purpose of this channel is to promote and spread Gurbani all over the world. In this channle you can watch all type of Gurmat Video like Gurbani Vichar, Gurbani kirtan, katha, kavita, paath, Guru Itihaas, Nitnem, Kavi Dabar, Simran etc.

Subscribe Us

Today Hukamnama Sahib

Sunday, 28 March 2021

☬|| ਅੱਜ ਦਾ ਫੁਰਮਾਨ ||☬ || 28-03-2021 || ਸ਼੍ਰੀ ਅਕਾਲ ਤਖ਼ਤ ਸਾਹਿਬ, (ਅੰਮ੍ਰਿਤਸਰ), ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ,(ਨਾਂਦੇੜ) , ਤਖ਼ਤ ਸ੍ਰੀ ਪਟਨਾ ਸਾਹਿਬ, ਤਖ਼ਤ ਸ੍ਰੀ ਕੇਸ਼ਗੜ੍ਹ ਸਾਹਿਬ, (ਰੋਪੜ), ਤਖ਼ਤ ਸ੍ਰੀ ਦਮਦਮਾ ਸਾਹਿਬ,(ਤਲਵੰਡੀ ਸਾਬੋ), ਗੁ: ਨਨਕਾਣਾ ਸਾਹਿਬ,(ਪਾਕਿਸਤਾਨ), ਗੁ: ਪੰਜਾ ਸਾਹਿਬ,(ਪਾਕਿਸਤਾਨ), ਗੁ: ਕਰਤਾਰਪੁਰ ਸਾਹਿਬ (ਪਾਕਿਸਤਾਨ), ਸ਼੍ਰੀ ਦਰਬਾਰ ਸਹਿਬ, (ਅੰਮ੍ਰਿਤਸਰ), ਗੁ: ਬੰਗਲਾ ਸਾਹਿਬ, (ਦਿੱਲੀ), ਗੁ: ਸੀਸ ਗੰਜ ਸਾਹਿਬ, (ਦਿੱਲੀ), ਗੁ: ਭੱਠਾ ਸਾਹਿਬ,(ਰੋਪੜ) , ਗੁ: ਦੁਖਨਿਵਾਰਨ ਸਾਹਿਬ, (ਪਟਿਆਲਾ) , ਗੁ: ਫਤਹਿਗੜ੍ਹ ਸਾਹਿਬ ,ਗੁ:ਸ਼੍ਰੀ ਕਤਲਗੜ ਸਾਹਿਬ ਸ਼੍ਰੀ ਚਮਕੌਰ ਸਾਹਿਬ ,ਗੁਰਦੁਆਰਾ ਸ੍ਰੀ ਪੰੰਜੋਖਰਾ ਸਾਹਿਬ ਪਾਤਸ਼ਾਹੀ: ਅੱੱਠਵੀਂ (ਅੰਬਾਲਾ) ਗੁ: ਸ਼ਹੀਦ ਗੰਜ ਸਾਹਿਬ,(ਅੰਮ੍ਰਿਤਸਰ), ਗੁ:ਸ਼੍ਰੀ ਕੰਧ ਸਾਹਿਬ (ਬਟਾਲਾ), ਗੁ: ਸ਼੍ਰੀ ਬਾਉਲੀ ਸਾਹਿਬ, ਗੋਇੰਦਵਾਲ ਸਾਹਿਬ ਇਹ ਸਾਰੇ ਗੁਰਦੁਆਰਾ ਸਾਹਿਬ ਦੇ ਪਾਬਨ ਹੁਕਮਨਾਮਾ ਸਾਹਿਬ ਜੀ

 

*ਹੁਕਮਨਾਮਾ ਸਾਹਿਬ ਜੀ ਪੜ੍ਹਨ ਵੇਲੇ ਆਪਣੇ ਸਿਰ ਨੂੰ ਢਕ ਕੇ ਅਤੇ ਆਪਣੇ ਬੂਟ/ਚੱਪਲ ਉਤਾਰ ਕੇ ਪੜ੍ਹਨ ਦੀ ਖੇਚਲ ਕਰੋ ਜੀ*

*┈┉┅━❀꧁ੴ꧂❀━┅┉┈*

||ਅੱਜ ਦਾ ਫੁਰਮਾਨ|| ਸ਼੍ਰੀ ਅਕਾਲ ਤਖ਼ਤ ਸਾਹਿਬ, ਅੰਮ੍ਰਿਤਸਰ ||


*┈┉┅━❀꧁ੴ꧂❀━┅┉┈*

||ਅੱਜ ਦਾ ਫੁਰਮਾਨ|| ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ (ਨਾਂਦੇੜ) ||

ਬਸੰਤੁ ਮਹਲਾ ੫ ਘਰੁ ੧ ਦੁਤੁਕੇ     ੴ ਸਤਿਗੁਰ ਪ੍ਰਸਾਦਿ ॥ ਗੁਰੁ ਸੇਵਉ ਕਰਿ ਨਮਸਕਾਰ ॥ ਆਜੁ ਹਮਾਰੈ ਮੰਗਲਚਾਰ ॥ ਆਜੁ ਹਮਾਰੈ ਮਹਾ ਅਨੰਦ ॥ ਚਿੰਤ ਲਥੀ ਭੇਟੇ ਗੋਬਿੰਦ ॥੧॥ ਆਜੁ ਹਮਾਰੈ ਗ੍ਰਿਹਿ ਬਸੰਤ ॥ ਗੁਨ ਗਾਏ ਪ੍ਰਭ ਤੁਮ੍ਹ੍ਹ ਬੇਅੰਤ ॥੧॥ ਰਹਾਉ ॥ ਆਜੁ ਹਮਾਰੈ ਬਨੇ ਫਾਗ ॥ ਪ੍ਰਭ ਸੰਗੀ ਮਿਲਿ ਖੇਲਨ ਲਾਗ ॥ ਹੋਲੀ ਕੀਨੀ ਸੰਤ ਸੇਵ ॥ ਰੰਗੁ ਲਾਗਾ ਅਤਿ ਲਾਲ ਦੇਵ ॥੨॥ ਮਨੁ ਤਨੁ ਮਉਲਿਓ ਅਤਿ ਅਨੂਪ ॥ ਸੂਕੈ ਨਾਹੀ ਛਾਵ ਧੂਪ ॥ ਸਗਲੀ ਰੂਤੀ ਹਰਿਆ ਹੋਇ ॥ ਸਦ ਬਸੰਤ ਗੁਰ ਮਿਲੇ ਦੇਵ ॥੩॥ ਬਿਰਖੁ ਜਮਿਓ ਹੈ ਪਾਰਜਾਤ ॥ ਫੂਲ ਲਗੇ ਫਲ ਰਤਨ ਭਾਂਤਿ ॥ ਤ੍ਰਿਪਤਿ ਅਘਾਨੇ ਹਰਿ ਗੁਣਹ ਗਾਇ ॥ ਜਨ ਨਾਨਕ ਹਰਿ ਹਰਿ ਹਰਿ ਧਿਆਇ ॥੪॥੧॥ 

ਅਰਥ: ਹੇ ਬੇਅੰਤ ਪ੍ਰਭੂ! ਜਦੋਂ ਤੋਂ ਮੈਂ ਤੇਰੀ ਸਿਫ਼ਤਿ-ਸਾਲਾਹ ਦੇ ਗੀਤ ਗਾਣੇ ਸ਼ੁਰੂ ਕੀਤੇ ਹਨ, ਤਦੋਂ ਤੋਂ ਹੁਣ ਮੇਰੇ ਹਿਰਦੇ-ਘਰ ਵਿਚ ਆਤਮਕ ਆਨੰਦ ਬਣਿਆ ਰਹਿੰਦਾ ਹੈ।1। ਰਹਾਉ।

ਹੇ ਭਾਈ! (ਗੁਣ ਗਾਵਨ ਦੀ ਬਰਕਤਿ ਨਾਲ) ਮੈਨੂੰ ਗੋਬਿੰਦ ਜੀ ਮਿਲ ਪਏ ਹਨ, ਮੇਰੀ ਹਰੇਕ ਚਿੰਤਾ ਦੂਰ ਹੋ ਗਈ ਹੈ, ਹੁਣ ਮੇਰੇ ਹਿਰਦੇ ਵਿਚ ਬੜਾ ਆਨੰਦ ਬਣਿਆ ਪਿਆ ਹੈ, ਹੁਣ ਮੇਰੇ ਅੰਦਰ ਖ਼ੁਸ਼ੀਆਂ ਹੀ ਖ਼ੁਸ਼ੀਆਂ ਹਨ। (ਹੇ ਭਾਈ! ਇਹ ਸਾਰੀ ਮਿਹਰ ਗੁਰੂ ਦੀ ਹੀ ਹੈ, ਇਸ ਵਾਸਤੇ) ਮੈਂ ਗੁਰੂ ਅੱਗੇ ਸਿਰ ਨਿਵਾ ਕੇ ਗੁਰੂ ਦੀ ਸੇਵਾ ਕਰਦਾ ਹਾਂ।1।

ਹੇ ਭਾਈ! (ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ) ਮੇਰੇ ਅੰਦਰ (ਮਾਨੋ) ਫੱਗਣ ਦੀ ਹੋਲੀ ਬਣੀ ਪਈ ਹੈ, ਪ੍ਰਭੂ ਦੇ ਸੰਤ ਜਨ (ਸਾਧ ਸੰਗਤਿ ਵਿਚ) ਮਿਲ ਕੇ (ਇਹ ਹੋਲੀ) ਖੇਡਣ ਲੱਗ ਪਏ ਹਨ। (ਹੇ ਭਾਈ! ਇਹ ਹੋਲੀ ਕੀਹ ਹੈ?) ਸੰਤ ਜਨਾਂ ਦੀ ਸੇਵਾ ਨੂੰ ਮੈਂ ਹੋਲੀ ਬਣਾਇਆ ਹੈ (ਸੰਤ ਜਨਾਂ ਦੀ ਸੰਗਤਿ ਦੀ ਬਰਕਤਿ ਨਾਲ) ਮੇਰੇ ਅੰਦਰ ਪਰਮਾਤਮਾ ਦੇ ਪਿਆਰ ਦਾ ਗੂੜ੍ਹਾ (ਆਤਮਕ) ਰੰਗ ਚੜ੍ਹ ਗਿਆ ਹੈ।2।

ਹੇ ਭਾਈ! (ਪ੍ਰਭੂ ਦੇ ਗੁਣ ਗਾਵਣ ਦੀ ਬਰਕਤਿ ਨਾਲ) ਮੇਰਾ ਮਨ ਸੋਹਣਾ ਖਿੜ ਪਿਆ ਹੈ ਮੇਰਾ ਤਨ ਬਹੁਤ ਸੋਹਣਾ ਖਿੜ ਪਿਆ ਹੈ। ਹੁਣ ਸੁਖ ਹੋਣ ਚਾਹੇ ਦੁੱਖ ਹੋਣ (ਮੇਰੇ ਮਨ ਤਨ ਵਿਚ) ਆਤਮਕ ਖਿੜਾਉ ਦੀ ਤਰਾਵਤ ਕਦੇ ਮੁੱਕਦੀ ਨਹੀਂ। (ਹੁਣ ਮੇਰਾ ਮਨ) ਸਾਰੇ ਸਮਿਆਂ ਵਿਚ ਹੀ ਆਤਮਕ ਜੀਵਨ ਨਾਲ ਭਰਪੂਰ ਰਹਿੰਦਾ ਹੈ। ਮੈਨੂੰ ਗੁਰਦੇਵ ਜੀ ਮਿਲ ਪਏ ਹਨ, ਮੇਰੇ ਅੰਦਰ ਸਦਾ ਖਿੜਾਉ ਬਣਿਆ ਰਹਿੰਦਾ ਹੈ।3।

ਹੇ ਭਾਈ! (ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਮੇਰੇ ਅੰਦਰੋਂ, ਮਾਨੋ, ਸਾਰੀਆਂ ਮਨੋ-ਕਾਮਨਾ ਪੂਰੀਆਂ ਕਰਨ ਵਾਲਾ ਸਵਰਗੀ) ਪਾਰਜਾਤ ਰੁੱਖ ਉੱਗ ਪਿਆ ਹੈ, ਜਿਸ ਨੂੰ ਭਾਂਤ ਭਾਂਤ ਦੇ ਕੀਮਤੀ ਫੁੱਲ ਤੇ ਫਲ ਲੱਗੇ ਹੋਏ ਹਨ। ਹੇ ਦਾਸ ਨਾਨਕ! (ਆਖ– ਹੇ ਭਾਈ!) ਸਦਾ ਪਰਮਾਤਮਾ ਦਾ ਨਾਮ ਸਿਮਰ ਕੇ, ਸਦਾ ਹਰੀ ਦੇ ਗੁਣ ਗਾ ਗਾ ਕੇ (ਮਨੁੱਖ ਮਾਇਆ ਦੇ ਮੋਹ ਵਲੋਂ) ਪੂਰਨ ਤੌਰ ਤੇ ਰੱਜ ਜਾਂਦੇ ਹਨ।4।1।

*┈┉┅━❀꧁ੴ꧂❀━┅┉┈*

||ਅੱਜ ਦਾ ਫੁਰਮਾਨ|| ਤਖ਼ਤ ਸ੍ਰੀ ਪਟਨਾ ਸਾਹਿਬ ||

ਸੋਰਠਿ ਮਹਲਾ ੧ ਘਰੁ ੧ ॥ ਮਨੁ ਹਾਲੀ ਕਿਰਸਾਣੀ ਕਰਣੀ ਸਰਮੁ ਪਾਣੀ ਤਨੁ ਖੇਤੁ ॥ ਨਾਮੁ ਬੀਜੁ ਸੰਤੋਖੁ ਸੁਹਾਗਾ ਰਖੁ ਗਰੀਬੀ ਵੇਸੁ ॥ ਭਾਉ ਕਰਮ ਕਰਿ ਜੰਮਸੀ ਸੇ ਘਰ ਭਾਗਠ ਦੇਖੁ ॥੧॥ ਬਾਬਾ ਮਾਇਆ ਸਾਥਿ ਨ ਹੋਇ ॥ ਇਨਿ ਮਾਇਆ ਜਗੁ ਮੋਹਿਆ ਵਿਰਲਾ ਬੂਝੈ ਕੋਇ ॥ ਰਹਾਉ ॥ ਹਾਣੁ ਹਟੁ ਕਰਿ ਆਰਜਾ ਸਚੁ ਨਾਮੁ ਕਰਿ ਵਥੁ ॥ ਸੁਰਤਿ ਸੋਚ ਕਰਿ ਭਾਂਡਸਾਲ ਤਿਸੁ ਵਿਚਿ ਤਿਸ ਨੋ ਰਖੁ ॥ ਵਣਜਾਰਿਆ ਸਿਉ ਵਣਜੁ ਕਰਿ ਲੈ ਲਾਹਾ ਮਨ ਹਸੁ ॥੨॥ ਸੁਣਿ ਸਾਸਤ ਸਉਦਾਗਰੀ ਸਤੁ ਘੋੜੇ ਲੈ ਚਲੁ ॥ ਖਰਚੁ ਬੰਨੁ ਚੰਗਿਆਈਆ ਮਤੁ ਮਨ ਜਾਣਹਿ ਕਲੁ ॥ ਨਿਰੰਕਾਰ ਕੈ ਦੇਸਿ ਜਾਹਿ ਤਾ ਸੁਖਿ ਲਹਹਿ ਮਹਲੁ ॥੩॥ ਲਾਇ ਚਿਤੁ ਕਰਿ ਚਾਕਰੀ ਮੰਨਿ ਨਾਮੁ ਕਰਿ ਕੰਮੁ ॥ ਬੰਨੁ ਬਦੀਆ ਕਰਿ ਧਾਵਣੀ ਤਾ ਕੋ ਆਖੈ ਧੰਨੁ ॥ ਨਾਨਕ ਵੇਖੈ ਨਦਰਿ ਕਰਿ ਚੜੈ ਚਵਗਣ ਵੰਨੁ ॥੪॥੨॥ 

ਅਰਥ: ਹੇ ਭਾਈ! ਇਥੋਂ ਤੁਰਨ ਵੇਲੇ) ਮਾਇਆ ਜੀਵ ਦੇ ਨਾਲ ਨਹੀਂ ਜਾਂਦੀ (ਇਹ ਹਰੇਕ ਨੂੰ ਪਤਾ ਹੈ ਫਿਰ ਭੀ) ਇਸ ਮਾਇਆ ਨੇ ਸਾਰੇ ਜਗਤ ਨੂੰ ਆਪਣੇ ਵੱਸ ਵਿਚ ਕੀਤਾ ਹੋਇਆ ਹੈ। ਕੋਈ ਵਿਰਲਾ ਮਨੁੱਖ ਸਮਝਦਾ ਹੈ (ਕਿ ਸਦਾ ਨਾਲ ਨਿਭਣ ਵਾਲਾ ਧਨ ਹੋਰ ਹੈ੧।ਰਹਾਉ।

(ਹੇ ਭਾਈ! ਸਦਾ ਨਾਲ ਨਿਭਣ ਵਾਲਾ ਧਨ ਕਮਾਣ ਲਈ) ਮਨ ਨੂੰ ਹਾਲੀ (ਵਰਗਾ ਉੱਦਮੀ) ਬਣਾ, ਉਚੇ ਆਚਰਨ ਨੂੰ ਵਾਹੀ ਸਮਝ, ਮੇਹਨਤ (ਨਾਮ ਫ਼ਸਲ ਵਾਸਤੇਪਾਣੀ ਹੈ, (ਇਹ ਆਪਣਾ) ਸਰੀਰ (ਹੀ) ਪੈਲੀ ਹੈ। (ਇਸ ਪੈਲੀ ਵਿਚ) ਪਰਮਾਤਮਾ ਦਾ ਨਾਮ ਬੀਜ, (ਬੀ ਬੀਜ ਕੇ ਉਸ ਨੂੰ ਪੰਛੀਆ ਤੋਂ ਬਚਾਣ ਲਈ ਸੁਹਾਗਾ ਫੇਰਨਾ ਜ਼ਰੂਰੀ ਹੈ, ਇਸੇ ਤਰ੍ਹਾਂ ਜੇ ਸੰਤੋਖ ਵਾਲਾ ਜੀਵਨ ਨਹੀਂ, ਤਾਂ ਮਾਇਆ ਦੀ ਤ੍ਰਿਸ਼ਨਾ ਨਾਮ-ਬੀਜ ਨੂੰ ਮੁਕਾ ਦੇਵੇਗੀਸੰਤੋਖ (ਨਾਮ-ਬੀਜ ਨੂੰ ਤ੍ਰਿਸ਼ਨਾ-ਪੰਛੀਆਂ ਤੋਂ ਬਚਾਣ ਲਈ) ਸੁਹਾਗਾ ਹੈ, ਸਾਦਾ ਜੀਵਨ (ਨਾਮ-ਫ਼ਸਲ ਦੀ ਰਾਖੀ ਕਰਨ ਲਈ) ਰਾਖਾ ਹੈ। (ਹੇ ਭਾਈ! ਇਹ ਵਾਹੀ ਕੀਤਿਆਂ ਸਰੀਰ-ਪੈਲੀ ਵਿਚ) ਪਰਮਾਤਮਾ ਦੀ ਮੇਹਰ ਨਾਲ ਪ੍ਰੇਮ ਪੈਦਾ ਹੋਵੇਗਾ। ਵੇਖ, (ਜਿਨ੍ਹਾਂ ਇਹ ਵਾਹੀ ਕੀਤੀ) ਉਹ ਹਿਰਦੇ (ਨਾਮ-ਧਨ ਨਾਲ) ਧਨਾਢ ਹੋ ਗਏ।੧।

(ਹੇ ਭਾਈ!) ਉਮਰ ਦੇ ਹਰੇਕ ਸੁਆਸ ਨੂੰ ਖੱਟੀ ਬਣਾ, ਇਸ ਹੱਟੀ ਵਿਚ ਸਦਾ-ਥਿਰ ਰਹਿਣ ਵਾਲਾ ਹਰੀ ਨਾਮ ਸੌਦਾ ਬਣਾ। ਆਪਣੀ ਸੁਰਤਿ ਤੇ ਵਿਚਾਰ-ਮੰਡਲ ਨੂੰ ਭਾਂਡਿਆਂ ਦੀ ਕਤਾਰ ਬਣਾ, ਇਸ ਭਾਂਡਸਾਲ ਵਿਚ ਇਸ ਹਰੀ-ਨਾਮ ਸੌਦੇ ਨੂੰ ਪਾ। ਇਹ ਨਾਮ-ਵਣਜ ਕਰਨ ਵਾਲੇ ਸਤਸੰਗੀਆਂ ਨਾਲ ਮਿਲ ਕੇ ਤੂੰ ਭੀ ਹਰੀ-ਨਾਮ ਦਾ ਵਣਜ ਕਰ। ਇਸ ਵਣਜ ਵਿਚੋਂ ਖੱਟੀ ਮਿਲੇਗੀ ਮਨ ਦਾ ਖਿੜਾਓ।੨।

(ਹੇ ਭਾਈ! ਸੌਦਾਗਰਾਂ ਵਾਂਗ ਹਰੀ-ਨਾਮ ਦਾ ਸੌਦਾਗਰ ਬਣ) ਧਰਮ-ਪੁਸਤਕਾਂ (ਦਾ ਉਪਦੇਸ਼) ਸੁਣਿਆ ਕਰ, ਇਹ ਹਰੀ-ਨਾਮ ਦੀ ਸੌਦਾਗਰੀ ਹੈ, (ਸੌਦਾਗਰੀ ਦਾ ਮਾਲ ਲੱਦਣ ਵਾਸਤੇ) ਉੱਚੇ ਆਚਰਨ ਨੂੰ ਘੋੜੇ ਬਣਾ ਕੇ ਲੈ ਤੁਰ, (ਜ਼ਿੰਦਗੀ ਦੇ ਸਫ਼ਰ ਵਿਚ ਭੀ ਖ਼ਰਚ ਦੀ ਲੋੜ ਹੈ) ਚੰਗੇ ਗੁਣਾਂ ਨੂੰ ਜੀਵਨ-ਸਫ਼ਰ ਦਾ ਖ਼ਰਚ ਬਣਾ। ਹੇ ਮਨ! ਇਸ ਵਪਾਰ ਦੇ ਉੱਦਮ ਨੂੰ) ਕੱਲ ਤੇ ਨਾਹ ਪਾਈਂ। ਇਸ ਵਪਾਰ ਨਾਲ ਜੇ ਤੂੰ ਪਰਮਾਤਮਾ ਦੇ ਦੇਸ ਵਿਚ (ਪਰਮਾਤਮਾ ਦੇ ਚਰਨਾਂ ਵਿਚ) ਟਿਕ ਜਾਏਂ, ਤਾਂ ਆਤਮਕ ਸੁਖ ਵਿਚ ਥਾਂ ਲੱਭ ਲਏਂਗਾ।੩।

(ਹੇ ਭਾਈ! ਨੌਕਰ ਰੋਜ਼ੀ ਕਮਾਣ ਲਈ ਮੇਹਨਤ ਨਾਲ ਮਾਲਕ ਦੀ ਸੇਵਾ ਕਰਦਾ ਹੈ, ਤੂੰ ਭੀ) ਪੂਰੇ ਧਿਆਨ ਨਾਲ (ਪ੍ਰਭੂ-ਮਾਲਕ ਦੀ) ਨੌਕਰੀ ਕਰ (ਜਿਵੇਂ ਨੌਕਰ ਆਪਣੇ ਮਾਲਕ ਦੇ ਹੁਕਮ ਨੂੰ ਭੁਲਾਂਦਾ ਨਹੀਂ ਤੂੰ ਭੀ) ਪਰਮਾਤਮਾ-ਮਾਲਕ ਦੇ ਨਾਮ ਨੂੰ ਮਨ ਵਿਚ ਪੱਕਾ ਕਰ ਰੱਖ, ਇਹੀ ਹੈ ਉਸ ਦੀ ਸੇਵਾ। ਵਿਕਾਰਾਂ ਨੂੰ (ਆਪਣੇ ਨੇੜੇ ਆਉਣੋਂ) ਰੋਕ ਦੇ, ਇਹ ਹੈ ਪਰਮਾਤਮਾ ਦੀ ਨੌਕਰੀ ਵਾਸਤੇ ਦੌੜ-ਭੱਜ। (ਜੇ ਇਹ ਉੱਦਮ ਕਰੇਂਗਾ) ਤਾਂ ਹਰ ਕੋਈ ਤੈਨੂੰ ਸ਼ਾਬਾਸ਼ੇ ਆਖੇਗਾ। ਹੇ ਨਾਨਕ! ਇਹ ਨੌਕਰੀ ਕੀਤਿਆਂ ਪਰਮਾਤਮਾ ਤੈਨੂੰ ਮੇਹਰ ਦੀ ਨਜ਼ਰ ਨਾਲ ਵੇਖੇਗਾ, ਤੇਰੀ ਜਿੰਦ ਉਤੇ ਚੌ-ਗੁਣਾਂ ਆਤਮਕ ਰੂਪ ਚੜ੍ਹੇਗਾ।੪।੨।

*┈┉┅━❀꧁ੴ꧂❀━┅┉┈*

||ਅੱਜ ਦਾ ਫੁਰਮਾਨ|| ਤਖ਼ਤ ਸ੍ਰੀ ਕੇਸ਼ਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ (ਰੋਪੜ) ||

ਧਨਾਸਰੀ ਮਹਲਾ ੪ ॥ ਇਛਾ ਪੂਰਕੁ ਸਰਬ ਸੁਖਦਾਤਾ ਹਰਿ ਜਾ ਕੈ ਵਸਿ ਹੈ ਕਾਮਧੇਨਾ ॥ ਸੋ ਐਸਾ ਹਰਿ ਧਿਆਈਐ ਮੇਰੇ ਜੀਅੜੇ ਤਾ ਸਰਬ ਸੁਖ ਪਾਵਹਿ ਮੇਰੇ ਮਨਾ ॥੧॥ ਜਪਿ ਮਨ ਸਤਿ ਨਾਮੁ ਸਦਾ ਸਤਿ ਨਾਮੁ ॥ ਹਲਤਿ ਪਲਤਿ ਮੁਖ ਊਜਲ ਹੋਈ ਹੈ ਨਿਤ ਧਿਆਈਐ ਹਰਿ ਪੁਰਖੁ ਨਿਰੰਜਨਾ ॥ ਰਹਾਉ ॥ ਜਹ ਹਰਿ ਸਿਮਰਨੁ ਭਇਆ ਤਹ ਉਪਾਧਿ ਗਤੁ ਕੀਨੀ ਵਡਭਾਗੀ ਹਰਿ ਜਪਨਾ ॥ ਜਨ ਨਾਨਕ ਕਉ ਗੁਰਿ ਇਹ ਮਤਿ ਦੀਨੀ ਜਪਿ ਹਰਿ ਭਵਜਲੁ ਤਰਨਾ ॥੨॥੬॥੧੨॥ 

ਅਰਥ: ਹੇ ਮਨ! ਸਦਾ-ਥਿਰ ਪ੍ਰਭੂ ਦਾ ਨਾਮ ਸਦਾ ਜਪਿਆ ਕਰ। ਹੇ ਭਾਈ! ਸਰਬ-ਵਿਆਪਕ ਨਿਰਲੇਪ ਹਰੀ ਦਾ ਸਦਾ ਧਿਆਨ ਧਰਨਾ ਚਾਹੀਦਾ ਹੈ, (ਇਸ ਤਰ੍ਹਾਂ) ਲੋਕ ਪਰਲੋਕ ਵਿਚ ਇੱਜ਼ਤ ਖੱਟ ਲਈਦੀ ਹੈ।ਰਹਾਉ।

ਹੇ ਮੇਰੀ ਜਿੰਦੇ! ਜੇਹੜਾ ਹਰੀ ਸਾਰੀਆਂ ਕਾਮਨਾਂ ਪੂਰੀਆਂ ਕਰਨ ਵਾਲਾ ਹੈ, ਜੇਹੜਾ ਸਾਰੇ ਸੁਖ ਦੇਣ ਵਾਲਾ ਹੈ, ਜਿਸ ਦੇ ਵੱਸ ਵਿਚ (ਸ੍ਵਰਗ ਵਿਚ ਰਹਿਣ ਵਾਲੀ ਸਮਝੀ ਗਈ) ਕਾਮਧੇਨ ਹੈ ਉਸ ਅਜੇਹੀ ਸਮਰਥਾ ਵਾਲੇ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ। ਹੇ ਮੇਰੇ ਮਨ! ਜਦੋਂ ਤੂੰ ਪਰਮਾਤਮਾ ਦਾ ਸਿਮਰਨ ਕਰੇਂਗਾ) ਤਦੋਂ ਸਾਰੇ ਸੁਖ ਹਾਸਲ ਕਰ ਲਏਂਗਾ।੧।

ਹੇ ਭਾਈ! ਜਿਸ ਹਿਰਦੇ ਵਿਚ ਪਰਮਾਤਮਾ ਦੀ ਭਗਤੀ ਹੁੰਦੀ ਹੈ ਉਸ ਵਿਚੋਂ ਹਰੇਕ ਕਿਸਮ ਦਾ ਝਗੜਾ-ਬਖੇੜਾ ਚਾਲੇ ਪਾ ਜਾਂਦਾ ਹੈ। (ਫਿਰ ਭੀਵੱਡੇ ਭਾਗਾਂ ਨਾਲ ਹੀ ਪਰਮਾਤਮਾ ਦਾ ਭਜਨ ਹੋ ਸਕਦਾ ਹੈ। ਹੇ ਭਾਈ! ਦਾਸ ਨਾਨਕ ਨੂੰ (ਤਾਂ) ਗੁਰੂ ਨੇ ਇਹ ਸਮਝ ਬਖ਼ਸ਼ੀ ਹੈ ਕਿ ਪਰਮਾਤਮਾ ਦਾ ਨਾਮ ਜਪ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ।੨।੬।੧੨।

*┈┉┅━❀꧁ੴ꧂❀━┅┉┈*

||ਅੱਜ ਦਾ ਫੁਰਮਾਨ|| ਤਖ਼ਤ ਸ੍ਰੀ ਦਮਦਮਾ ਸਾਹਿਬ (ਤਲਵੰਡੀ ਸਾਬੋ)  ||

ਬਿਲਾਵਲੁ ਮਹਲਾ ੫ ॥ ਅਪਣੇ ਬਾਲਕ ਆਪਿ ਰਖਿਅਨੁ ਪਾਰਬ੍ਰਹਮ ਗੁਰਦੇਵ ॥ ਸੁਖ ਸਾਂਤਿ ਸਹਜ ਆਨਦ ਭਏ ਪੂਰਨ ਭਈ ਸੇਵ ॥੧॥ ਰਹਾਉ ॥ ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭਿ ਆਪਿ ॥ ਰੋਗ ਮਿਟਾਇ ਜੀਵਾਲਿਅਨੁ ਜਾ ਕਾ ਵਡ ਪਰਤਾਪੁ ॥੧॥ ਦੋਖ ਹਮਾਰੇ ਬਖਸਿਅਨੁ ਅਪਣੀ ਕਲ ਧਾਰੀ ॥ ਮਨ ਬਾਂਛਤ ਫਲ ਦਿਤਿਅਨੁ ਨਾਨਕ ਬਲਿਹਾਰੀ ॥੨॥੧੬॥੮੦॥ 

ਅਰਥ: ਹੇ ਭਾਈ! ਪਰਮਾਤਮਾ ਸਭ ਤੋਂ ਵੱਡਾ ਦੇਵਤਾ (ਹੈ, ਅਸੀ ਜੀਵ ਉਸ ਦੇ ਬੱਚੇ ਹਾਂ) ਆਪਣੇ ਬੱਚਿਆਂ ਦੀ ਉਹ ਸਦਾ ਹੀ ਆਪ ਰੱਖਿਆ ਕਰਦਾ ਆਇਆ ਹੈ। (ਜੇਹੜੇ ਮਨੁੱਖ ਉਸ ਦੀ ਸਰਨ ਪੈਂਦੇ ਹਨ, ਉਹਨਾਂ ਦੇ ਅੰਦਰ) ਸ਼ਾਂਤੀ, ਆਤਮਕ ਅਡੋਲਤਾ ਦੇ ਸੁਖ ਆਨੰਦ ਪੈਦਾ ਹੁੰਦੇ ਹਨ, ਉਹਨਾਂ ਦੀ ਸੇਵਾ-ਸਿਮਰਨ ਦੀ ਘਾਲ ਸਫਲ ਹੋ ਜਾਂਦੀ ਹੈ।੧।ਰਹਾਉ।

ਹੇ ਭਾਈ! ਜਿਸ ਪ੍ਰਭੂ ਦਾ (ਸਭ ਤੋਂ) ਵੱਡਾ ਤੇਜ-ਪ੍ਰਤਾਪ ਹੈ ਉਸ ਨੇ ਆਪਣੇ ਭਗਤਾਂ ਦੀ ਅਰਜ਼ੋਈ (ਸਦਾਸੁਣੀ ਹੈ (ਉਹਨਾਂ ਦੇ ਅੰਦਰੋਂ) ਰੋਗ ਮਿਟਾ ਕੇ ਉਹਨਾਂ ਨੂੰ ਆਤਮਕ ਜੀਵਨ ਦੀ ਦਾਤਿ ਬਖ਼ਸ਼ੀ ਹੈ।੧।

ਹੇ ਭਾਈ! ਉਸ ਪ੍ਰਭੂ-ਪਿਤਾ ਨੇ ਅਸਾਂ ਬੱਚਿਆਂ ਦੇ ਐਬ ਸਦਾ ਬਖ਼ਸ਼ੇ ਹਨ, ਅਤੇ ਸਾਡੇ ਅੰਦਰ ਆਪਣੇ ਨਾਮ ਦੀ ਤਾਕਤ ਭਰੀ ਹੈ। ਹੇ ਨਾਨਕ! ਪ੍ਰਭੂ-ਪਿਤਾ ਨੇ ਅਸਾਂ ਬੱਚਿਆਂ ਨੂੰ ਸਦਾ ਮਨ-ਮੰਗੇ ਫਲ ਦਿੱਤੇ ਹਨ, ਉਸ ਪ੍ਰਭੂ ਤੋਂ ਸਦਾ ਸਦਕੇ ਜਾਣਾ ਚਾਹੀਦਾ ਹੈ।੨।੧੬।੮੦।

*┈┉┅━❀꧁ੴ꧂❀━┅┉┈*

||ਅੱਜ ਦਾ ਫੁਰਮਾਨ|| ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ||

ਸੋਰਠਿ ਮਹਲਾ ੫ ॥ ਪੁਤ੍ਰ ਕਲਤ੍ਰ ਲੋਕ ਗ੍ਰਿਹ ਬਨਿਤਾ ਮਾਇਆ ਸਨਬੰਧੇਹੀ ॥ ਅੰਤ ਕੀ ਬਾਰ ਕੋ ਖਰਾ ਨ ਹੋਸੀ ਸਭ ਮਿਥਿਆ ਅਸਨੇਹੀ ॥੧॥ ਰੇ ਨਰ ਕਾਹੇ ਪਪੋਰਹੁ ਦੇਹੀ ॥ ਊਡਿ ਜਾਇਗੋ ਧੂਮੁ ਬਾਦਰੋ ਇਕੁ ਭਾਜਹੁ ਰਾਮੁ ਸਨੇਹੀ ॥ ਰਹਾਉ ॥ ਤੀਨਿ ਸੰਙਿਆ ਕਰਿ ਦੇਹੀ ਕੀਨੀ ਜਲ ਕੂਕਰ ਭਸਮੇਹੀ ॥ ਹੋਇ ਆਮਰੋ ਗ੍ਰਿਹ ਮਹਿ ਬੈਠਾ ਕਰਣ ਕਾਰਣ ਬਿਸਰੋਹੀ ॥੨॥ ਅਨਿਕ ਭਾਤਿ ਕਰਿ ਮਣੀਏ ਸਾਜੇ ਕਾਚੈ ਤਾਗਿ ਪਰੋਹੀ ॥ ਤੂਟਿ ਜਾਇਗੋ ਸੂਤੁ ਬਾਪੁਰੇ ਫਿਰਿ ਪਾਛੈ ਪਛੁਤੋਹੀ ॥੩॥ ਜਿਨਿ ਤੁਮ ਸਿਰਜੇ ਸਿਰਜਿ ਸਵਾਰੇ ਤਿਸੁ ਧਿਆਵਹੁ ਦਿਨੁ ਰੈਨੇਹੀ ॥ ਜਨ ਨਾਨਕ ਪ੍ਰਭ ਕਿਰਪਾ ਧਾਰੀ ਮੈ ਸਤਿਗੁਰ ਓਟ ਗਹੇਹੀ ॥੪॥੪॥

ਅਰਥ: ਹੇ ਮਨੁੱਖ! ਨਿਰਾ ਇਸ) ਸਰੀਰ ਨੂੰ ਹੀ ਕਿਉਂ ਲਾਡਾਂ ਨਾਲ ਪਾਲਦਾ ਰਹਿੰਦਾ ਹੈਂ? (ਜਿਵੇਂ) ਧੂਆਂ, (ਜਿਵੇਂ) ਬੱਦਲ (ਉੱਡ ਜਾਂਦਾ ਹੈ, ਤਿਵੇਂ ਇਹ ਸਰੀਰ) ਨਾਸ ਹੋ ਜਾਇਗਾ। ਸਿਰਫ਼ ਪਰਮਾਤਮਾ ਦਾ ਭਜਨ ਕਰਿਆ ਕਰ, ਉਹੀ ਅਸਲ ਪਿਆਰ ਕਰਨ ਵਾਲਾ ਹੈ।ਰਹਾਉ।

ਹੇ ਭਾਈ! ਪ੍ਰਤ੍ਰਇਸਤ੍ਰੀ, ਘਰ ਦੇ ਹੋਰ ਬੰਦੇ ਤੇ ਜ਼ਨਾਨੀਆਂ (ਸਾਰੇ) ਮਾਇਆ ਦੇ ਹੀ ਸਾਕ ਹਨ। ਅਖ਼ੀਰ ਵੇਲੇ (ਇਹਨਾਂ ਵਿਚੋਂ) ਕੋਈ ਭੀ ਤੇਰਾ ਮਦਦਗਾਰ ਨਹੀਂ ਬਣੇਗਾ, ਸਾਰੇ ਝੂਠਾ ਹੀ ਪਿਆਰ ਕਰਨ ਵਾਲੇ ਹਨ।੧।

ਹੇ ਭਾਈ! ਪਰਮਾਤਮਾ ਨੇਮਾਇਆ ਦੇ ਤਿੰਨ ਗੁਣਾਂ ਦੇ ਅਸਰ ਹੇਠ ਰਹਿਣ ਵਾਲਾ ਤੇਰਾ ਸਰੀਰ ਬਣਾ ਦਿੱਤਾ, (ਇਹ ਅੰਤ ਨੂੰ) ਪਾਣੀ ਦੇਕੁੱਤਿਆਂ ਦੇ, ਜਾਂ, ਮਿੱਟੀ ਦੇ ਹਵਾਲੇ ਹੋ ਜਾਂਦਾ ਹੈ। ਤੂੰ ਇਸ ਸਰੀਰ-ਘਰ ਵਿਚ (ਆਪਣੇ ਆਪ ਨੂੰ) ਅਮਰ ਸਮਝ ਕੇ ਬੈਠਾ ਰਹਿੰਦਾ ਹੈਂ, ਤੇ ਜਗਤ ਦੇ ਮੂਲ ਪਰਮਾਤਮਾ ਨੂੰ ਭੁਲਾ ਰਿਹਾ ਹੈਂ।੨।

ਹੇ ਭਾਈ! ਅਨੇਕਾਂ ਤਰੀਕਿਆਂ ਨਾਲ (ਪਰਮਾਤਮਾ ਨੇ ਤੇਰੇ ਸਾਰੇ ਅੰਗ) ਮਣਕੇ ਬਣਾਏ ਹਨ; (ਪਰ ਸੁਆਸਾਂ ਦੇ) ਕੱਚੇ ਧਾਗੇ ਵਿਚ ਪਰੋਏ ਹੋਏ ਹਨ। ਹੇ ਨਿਮਾਣੇ ਜੀਵ! ਇਹ ਧਾਗਾ (ਆਖ਼ਰ) ਟੁੱਟ ਜਾਇਗਾ, (ਹੁਣ ਇਸ ਸਰੀਰ ਦੇ ਮੋਹ ਵਿਚ ਪ੍ਰਭੂ ਨੂੰ ਵਿਸਾਰੀ ਬੈਠਾ ਹੈਂ) ਫਿਰ ਸਮਾ ਵਿਹਾ ਜਾਣ ਤੇ ਹੱਥ ਮਲੇਂਗਾ।੩।

ਹੇ ਭਾਈ! ਜਿਸ ਪਰਮਾਤਮਾ ਨੇ ਤੈਨੂੰ ਪੈਦਾ ਕੀਤਾ ਹੈ, ਪੈਦਾ ਕਰ ਕੇ ਤੈਨੂੰ ਸੋਹਣਾ ਬਣਾਇਆ ਹੈ ਉਸ ਨੂੰ ਦਿਨ ਰਾਤ (ਹਰ ਵੇਲੇ) ਸਿਮਰਦਾ ਰਿਹਾ ਕਰ। ਹੇ ਦਾਸ ਨਾਨਕ! ਅਰਦਾਸ ਕਰ ਤੇ ਆਖ-) ਹੇ ਪ੍ਰਭੂ! ਮੇਰੇ ਉਤੇ) ਮੇਹਰ ਕਰ, ਮੈਂ ਗੁਰੂ ਦਾ ਆਸਰਾ ਫੜੀ ਰੱਖਾਂ।੪।੪।

*┈┉┅━❀꧁ੴ꧂❀━┅┉┈*

||ਅੱਜ ਦਾ ਫੁਰਮਾਨ||ਸ੍ਰੀ ਦਰਬਾਰ ਸਾਹਿਬ, ਤਰਨ ਤਾਰਨ ਸਾਹਿਬ 

ਧਨਾਸਰੀ ਮਹਲਾ ੫ ॥ ਜਹ ਜਹ ਪੇਖਉ ਤਹ ਹਜੂਰਿ ਦੂਰਿ ਕਤਹੁ ਨ ਜਾਈ ॥ ਰਵਿ ਰਹਿਆ ਸਰਬਤ੍ਰ ਮੈ ਮਨ ਸਦਾ ਧਿਆਈ ॥੧॥ ਈਤ ਊਤ ਨਹੀ ਬੀਛੁੜੈ ਸੋ ਸੰਗੀ ਗਨੀਐ ॥ ਬਿਨਸਿ ਜਾਇ ਜੋ ਨਿਮਖ ਮਹਿ ਸੋ ਅਲਪ ਸੁਖੁ ਭਨੀਐ ॥ ਰਹਾਉ ॥ ਪ੍ਰਤਿਪਾਲੈ ਅਪਿਆਉ ਦੇਇ ਕਛੁ ਊਨ ਨ ਹੋਈ ॥ ਸਾਸਿ ਸਾਸਿ ਸੰਮਾਲਤਾ ਮੇਰਾ ਪ੍ਰਭੁ ਸੋਈ ॥੨॥ ਅਛਲ ਅਛੇਦ ਅਪਾਰ ਪ੍ਰਭ ਊਚਾ ਜਾ ਕਾ ਰੂਪੁ ॥ ਜਪਿ ਜਪਿ ਕਰਹਿ ਅਨੰਦੁ ਜਨ ਅਚਰਜ ਆਨੂਪੁ ॥੩॥ ਸਾ ਮਤਿ ਦੇਹੁ ਦਇਆਲ ਪ੍ਰਭ ਜਿਤੁ ਤੁਮਹਿ ਅਰਾਧਾ ॥ ਨਾਨਕੁ ਮੰਗੈ ਦਾਨੁ ਪ੍ਰਭ ਰੇਨ ਪਗ ਸਾਧਾ ॥੪॥੩॥੨੭॥ 

ਅਰਥ: ਹੇ ਭਾਈ! ਉਸ (ਪਰਮਾਤਮਾ) ਨੂੰ ਹੀ (ਅਸਲ) ਸਾਥੀ ਸਮਝਣਾ ਚਾਹੀਦਾ ਹੈ, (ਜੇਹੜਾ ਸਾਥੋਂ) ਇਸ ਲੋਕ ਵਿਚ ਪਰਲੋਕ ਵਿਚ (ਕਿਤੇ ਭੀ) ਵੱਖਰਾ ਨਹੀਂ ਹੁੰਦਾ। ਉਸ ਸੁਖ ਨੂੰ ਹੋਛਾ ਸੁਖ ਆਖਣਾ ਚਾਹੀਦਾ ਹੈ ਜੇਹੜਾ ਅੱਖ ਝਮਕਣ ਦੇ ਸਮੇ ਵਿਚ ਹੀ ਮੁੱਕ ਜਾਂਦਾ ਹੈ।ਰਹਾਉ।

ਹੇ ਭਾਈ! ਮੈਂ ਜਿੱਥੇ ਜਿੱਥੇ ਵੇਖਦਾ ਹਾਂ ਉੱਥੇ ਉੱਥੇ ਹੀ ਪਰਮਾਤਮਾ ਹਾਜ਼ਰ-ਨਾਜ਼ਰ ਹੈ, ਉਹ ਕਿਸੇ ਥਾਂ ਤੋਂ ਭੀ ਦੂਰ ਨਹੀਂ ਹੈ। ਹੇ (ਮੇਰੇ) ਮਨ! ਤੂੰ ਸਦਾ ਉਸ ਪ੍ਰਭੂ ਨੂੰ ਸਿਮਰਿਆ ਕਰ, ਜੇਹੜਾ ਸਭਨਾਂ ਵਿਚ ਵੱਸ ਰਿਹਾ ਹੈ।੧।

ਹੇ ਭਾਈ! ਮੇਰਾ ਉਹ ਪ੍ਰਭੂ ਭੋਜਨ ਦੇ ਕੇ (ਸਭ ਨੂੰ) ਪਾਲਦਾ ਹੈ, (ਉਸ ਦੀ ਕਿਰਪਾ ਨਾਲ) ਕਿਸੇ ਚੀਜ਼ ਦੀ ਥੁੜ ਨਹੀਂ ਰਹਿੰਦੀ। ਉਹ ਪ੍ਰਭੂ (ਸਾਡੇ) ਹਰੇਕ ਸਾਹ ਦੇ ਨਾਲ ਨਾਲ ਸਾਡੀ ਸੰਭਾਲ ਕਰਦਾ ਰਹਿੰਦਾ ਹੈ।੨।

ਹੇ ਭਾਈ! ਜੇਹੜਾ ਪ੍ਰਭੂ ਛਲਿਆ ਨਹੀਂ ਜਾ ਸਕਦਾ, ਨਾਸ ਨਹੀਂ ਕੀਤਾ ਜਾ ਸਕਦਾ, ਜਿਸ ਦੀ ਹਸਤੀ ਸਭ ਤੋਂ ਉੱਚੀ ਹੈ, ਤੇ ਹੈਰਾਨ ਕਰਨ ਵਾਲੀ ਹੈ, ਜਿਸ ਦੇ ਬਰਾਬਰ ਦਾ ਹੋਰ ਕੋਈ ਨਹੀਂ, ਉਸ ਦੇ ਭਗਤ ਉਸ ਦਾ ਨਾਮ ਜਪ ਜਪ ਕੇ ਆਤਮਕ ਆਨੰਦ ਮਾਣਦੇ ਰਹਿੰਦੇ ਹਨ।੩।

ਹੇ ਦਇਆ ਦੇ ਘਰ ਪ੍ਰਭੂ! ਮੈਨੂੰ ਉਹ ਸਮਝ ਬਖ਼ਸ਼ ਜਿਸ ਦੀ ਬਰਕਤਿ ਨਾਲ ਮੈਂ ਤੈਨੂੰ ਹੀ ਸਿਮਰਦਾ ਰਹਾਂ। ਹੇ ਪ੍ਰਭੂ! ਨਾਨਕ (ਤੇਰੇ ਪਾਸੋਂ) ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹੈ।੪।੩।੨੭।

*┈┉┅━❀꧁ੴ꧂❀━┅┉┈*

||ਅੱਜ ਦਾ ਫੁਰਮਾਨ|| ਗੁਰਦੁਆਰਾ ਨਨਕਾਣਾ ਸਾਹਿਬ ( ਪਾਕਿਸਤਾਨ ) ||

ਜੈਤਸਰੀ ਮਹਲਾ ੫ ਵਾਰ ਸਲੋਕਾ ਨਾਲਿ    ੴ ਸਤਿਗੁਰ ਪ੍ਰਸਾਦਿ ॥ ਸਲੋਕ ॥ ਆਦਿ ਪੂਰਨ ਮਧਿ ਪੂਰਨ ਅੰਤਿ ਪੂਰਨ ਪਰਮੇਸੁਰਹ ॥ ਸਿਮਰੰਤਿ ਸੰਤ ਸਰਬਤ੍ਰ ਰਮਣੰ ਨਾਨਕ ਅਘਨਾਸਨ ਜਗਦੀਸੁਰਹ ॥੧॥ ਪੇਖਨ ਸੁਨਨ ਸੁਨਾਵਨੋ ਮਨ ਮਹਿ ਦ੍ਰਿੜੀਐ ਸਾਚੁ ॥ ਪੂਰਿ ਰਹਿਓ ਸਰਬਤ੍ਰ ਮੈ ਨਾਨਕ ਹਰਿ ਰੰਗਿ ਰਾਚੁ ॥੨॥

ਅਰਥ: ਸੰਤ ਜਨ ਉਸ ਸਰਬ-ਵਿਆਪਕ ਪਰਮੇਸਰ ਨੂੰ ਸਿਮਰਦੇ ਹਨ ਜੋ ਜਗਤ ਦੇ ਸ਼ੁਰੂ ਤੋਂ ਹਰ ਥਾਂ ਮੌਜੂਦ ਹੈਹੁਣ ਭੀ ਸਰਬ-ਵਿਆਪਕ ਹੈ ਤੇ ਅਖ਼ੀਰ ਵਿਚ ਭੀ ਹਰ ਥਾਂ ਹਾਜ਼ਰ ਨਾਜ਼ਰ ਰਹੇਗਾ। ਹੇ ਨਾਨਕ! ਉਹ ਜਗਤ ਦਾ ਮਾਲਕ ਪ੍ਰਭੂ ਸਭ ਪਾਪਾਂ ਦੇ ਨਾਸ ਕਰਨ ਵਾਲਾ ਹੈ।੧।

ਉਸ ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ ਮਨ ਵਿਚ ਚੰਗੀ ਤਰ੍ਹਾਂ ਧਾਰਨ ਕਰਨਾ ਚਾਹੀਦਾ ਹੈ ਜੋ (ਹਰ ਥਾਂ) ਆਪ ਹੀ ਵੇਖਣ ਵਾਲਾ ਹੈ, ਆਪ ਹੀ ਸੁਣਨ ਵਾਲਾ ਹੈ ਤੇ ਆਪ ਹੀ ਸੁਣਾਉਣ ਵਾਲਾ ਹੈ। ਹੇ ਨਾਨਕ! ਉਸ ਹਰੀ ਦੀ ਪਿਆਰੀ ਯਾਦ ਵਿਚ ਲੀਨ ਹੋ ਜਾ ਜੋ ਸਭ ਥਾਈਂ ਮੌਜੂਦ ਹੈ।੨।

ਪਉੜੀ ॥ ਹਰਿ ਏਕੁ ਨਿਰੰਜਨੁ ਗਾਈਐ ਸਭ ਅੰਤਰਿ ਸੋਈ ॥ ਕਰਣ ਕਾਰਣ ਸਮਰਥ ਪ੍ਰਭੁ ਜੋ ਕਰੇ ਸੁ ਹੋਈ ॥ ਖਿਨ ਮਹਿ ਥਾਪਿ ਉਥਾਪਦਾ ਤਿਸੁ ਬਿਨੁ ਨਹੀ ਕੋਈ ॥ ਖੰਡ ਬ੍ਰਹਮੰਡ ਪਾਤਾਲ ਦੀਪ ਰਵਿਆ ਸਭ ਲੋਈ ॥ ਜਿਸੁ ਆਪਿ ਬੁਝਾਏ ਸੋ ਬੁਝਸੀ ਨਿਰਮਲ ਜਨੁ ਸੋਈ ॥੧॥ 

ਅਰਥ: ਜੋ ਪ੍ਰਭੂ ਮਾਇਆ ਤੋਂ ਨਿਰਲੇਪ ਹੈ ਸਿਰਫ਼ ਉਸ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ, ਉਹੀ ਸਭ ਦੇ ਅੰਦਰ ਮੌਜੂਦ ਹੈ। ਉਹ ਪ੍ਰਭੂ ਸਾਰੇ ਜਗਤ ਦਾ ਮੂਲ ਹੈ, ਸਭ ਕਿਸਮ ਦੀ ਤਾਕਤ ਵਾਲਾ ਹੈ, (ਜਗਤ ਵਿਚ) ਉਹੀ ਕੁਝ ਹੁੰਦਾ ਹੈ ਜੋ ਉਹ ਪ੍ਰਭੂ ਕਰਦਾ ਹੈ। ਇਕ ਪਲਕ ਵਿਚ (ਜੀਵਾਂ ਨੂੰ) ਪੈਂਦਾ ਕਰ ਕੇ ਨਾਸ ਕਰ ਦੇਂਦਾ ਹੈ, ਉਸ ਤੋਂ ਬਿਨਾ (ਉਸ ਵਰਗਾ) ਹੋਰ ਕੋਈ ਨਹੀਂ ਹੈ। ਸਭ ਦੇਸਾਂ ਵਿਚ, ਸਾਰੇ ਬ੍ਰਹਮੰਡ ਵਿਚ, ਹੇਠਲੀ ਧਰਤੀ, ਜਜ਼ੀਰਿਆਂ ਵਿਚ, ਸਾਰੇ ਹੀ ਜਗਤ ਵਿਚ ਉਹ ਪ੍ਰਭੂ ਵਿਆਪਕ ਹੈ।

ਜਿਸ ਮਨੁੱਖ ਨੂੰ (ਇਹਸਮਝ ਆਪ ਪ੍ਰਭੂ ਦੇਂਦਾ ਹੈ, ਉਸ ਨੂੰ ਸਮਝ ਪੈਂਦੀ ਹੈ ਤੇ ਉਹ ਮਨੁੱਖ ਪਵਿਤ੍ਰ ਹੋ ਜਾਂਦਾ ਹੈ।੧।

*┈┉┅━❀꧁ੴ꧂❀━┅┉┈*

||ਅੱਜ ਦਾ ਫੁਰਮਾਨ|| ਗੁਰਦੁਆਰਾ ਪੰਜਾ ਸਾਹਿਬ ( ਪਾਕਿਸਤਾਨ ) ||


*┈┉┅━❀꧁ੴ꧂❀━┅┉┈*

||ਅੱਜ ਦਾ ਫੁਰਮਾਨ|| ਗੁਰਦੁਆਰਾ ਕਰਤਾਰਪੁਰ ਸਾਹਿਬ (ਪਾਕਿਸਤਾਨ)


*┈┉┅━❀꧁ੴ꧂❀━┅┉┈*

||ਅੱਜ ਦਾ ਫੁਰਮਾਨ|| ਗੁਰਦੁਆਰਾ ਬੰਗਲਾ ਸਾਹਿਬ ਜੀ (ਦਿੱਲੀ) || 

ਜੈਤਸਰੀ ਮਹਲਾ ੫ ਘਰੁ ੩    ੴ ਸਤਿਗੁਰ ਪ੍ਰਸਾਦਿ ॥ ਕੋਈ ਜਾਨੈ ਕਵਨੁ ਈਹਾ ਜਗਿ ਮੀਤੁ ॥ ਜਿਸੁ ਹੋਇ ਕ੍ਰਿਪਾਲੁ ਸੋਈ ਬਿਧਿ ਬੂਝੈ ਤਾ ਕੀ ਨਿਰਮਲ ਰੀਤਿ ॥੧॥ ਰਹਾਉ ॥ ਮਾਤ ਪਿਤਾ ਬਨਿਤਾ ਸੁਤ ਬੰਧਪ ਇਸਟ ਮੀਤ ਅਰੁ ਭਾਈ ॥ ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤਹਿ ਕੋ ਨ ਸਹਾਈ ॥੧॥ ਮੁਕਤਿ ਮਾਲ ਕਨਿਕ ਲਾਲ ਹੀਰਾ ਮਨ ਰੰਜਨ ਕੀ ਮਾਇਆ ॥ ਹਾ ਹਾ ਕਰਤ ਬਿਹਾਨੀ ਅਵਧਹਿ ਤਾ ਮਹਿ ਸੰਤੋਖੁ ਨ ਪਾਇਆ ॥੨॥ ਹਸਤਿ ਰਥ ਅਸ੍ਵ ਪਵਨ ਤੇਜ ਧਣੀ ਭੂਮਨ ਚਤੁਰਾਂਗਾ ॥ ਸੰਗਿ ਨ ਚਾਲਿਓ ਇਨ ਮਹਿ ਕਛੂਐ ਊਠਿ ਸਿਧਾਇਓ ਨਾਂਗਾ ॥੩॥ ਹਰਿ ਕੇ ਸੰਤ ਪ੍ਰਿਅ ਪ੍ਰੀਤਮ ਪ੍ਰਭ ਕੇ ਤਾ ਕੈ ਹਰਿ ਹਰਿ ਗਾਈਐ ॥ ਨਾਨਕ ਈਹਾ ਸੁਖੁ ਆਗੈ ਮੁਖ ਊਜਲ ਸੰਗਿ ਸੰਤਨ ਕੈ ਪਾਈਐ ॥੪॥੧॥ 

ਅਰਥ: ਹੇ ਭਾਈ! ਕੋਈ ਵਿਰਲਾ ਮਨੁੱਖ ਜਾਣਦਾ ਹੈ (ਕਿ) ਇਥੇ ਜਗਤ ਵਿਚ (ਅਸਲੀ) ਮਿੱਤਰ ਕੌਣ ਹੈ। ਜਿਸ ਮਨੁੱਖ ਉੱਤੇ (ਪਰਮਾਤਮਾ) ਦਇਆਵਾਨ ਹੁੰਦਾ ਹੈ, ਉਹੀ ਮਨੁੱਖ ਇਸ ਗੱਲ ਨੂੰ ਸਮਝਦਾ ਹੈ, (ਫਿਰ) ਉਸ ਮਨੁੱਖ ਦੀ ਜੀਵਨਿ-ਜੁਗਤਿ ਪਵਿੱਤ੍ਰ ਹੋ ਜਾਂਦੀ ਹੈ।੧।ਰਹਾਉ।

ਹੇ ਭਾਈ! ਮਾਂ ਪਿਉਇਸਤ੍ਰੀ, ਪੁੱਤਰ, ਰਿਸ਼ਤੇਦਾਰ, ਪਿਆਰੇ ਮਿੱਤਰ ਅਤੇ ਭਰਾ-ਇਹ ਸਾਰੇ ਪਹਿਲੇ ਜਨਮਾਂ ਦੇ ਸੰਜੋਗਾਂ ਕਰਕੇ (ਇਥੇਮਿਲ ਪਏ ਹਨ। ਅਖ਼ੀਰ ਵੇਲੇ ਇਹਨਾਂ ਵਿਚੋਂ ਕੋਈ ਭੀ ਸਾਥੀ ਨਹੀਂ ਬਣਦਾ।੧।

ਹੇ ਭਾਈ! ਮੋਤੀਆਂ ਦੀ ਮਾਲਾ, ਸੋਨਾ, ਲਾਲ, ਹੀਰੇ, ਮਨ ਨੂੰ ਖ਼ੁਸ਼ ਕਰਨ ਵਾਲੀ ਮਾਇਆ-ਇਹਨਾਂ ਵਿਚ (ਲੱਗਿਆਂ) ਸਾਰੀ ਉਮਰ 'ਹਾਇ, ਹਾਇਕਰਦਿਆਂ ਗੁਜ਼ਰ ਜਾਂਦੀ ਹੈ, ਮਨ ਨਹੀਂ ਰੱਜਦਾ।੨।

ਹੇ ਭਾਈ! ਹਾਥੀ, ਰਥ, ਹਵਾ ਦੇ ਵੇਗ ਵਰਗੇ ਘੋੜੇ (ਹੋਣ) , ਧਨਾਢ ਹੋਵੇ, ਜ਼ਿਮੀ ਦਾ ਮਾਲਕ ਹੋਵੇ, ਚਾਰ ਕਿਸਮ ਦੀ ਫ਼ੌਜ ਦਾ ਮਾਲਕ ਹੋਵੇ-ਇਹਨਾਂ ਵਿਚੋਂ (ਭੀ) ਕੋਈ ਚੀਜ਼ ਭੀ ਨਾਲ ਨਹੀਂ ਜਾਂਦੀ, (ਇਹਨਾਂ ਦਾ ਮਾਲਕ ਮਨੁੱਖ ਇਥੋਂ) ਨੰਗਾ ਹੀ ਉੱਠ ਕੇ ਤੁਰ ਪੈਂਦਾ ਹੈ।੩।

ਹੇ ਨਾਨਕ! ਪਰਮਾਤਮਾ ਦੇ ਸੰਤ ਜਨ ਪਰਮਾਤਮਾ ਦੇ ਪਿਆਰੇ ਹੁੰਦੇ ਹਨ, ਉਹਨਾਂ ਦੀ ਸੰਗਤਿ ਵਿਚ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ। ਇਸ ਲੋਕ ਵਿਚ ਸੁਖ ਮਿਲਦਾ ਹੈ, ਪਰਲੋਕ ਵਿਚ ਸੁਰਖ਼-ਰੂ ਹੋ ਜਾਈਦਾ ਹੈ। (ਪਰ ਇਹ ਦਾਤਿ) ਸੰਤ ਜਨਾਂ ਦੀ ਸੰਗਤਿ ਵਿਚ ਹੀ ਮਿਲਦੀ ਹੈ।੪।੧।

*┈┉┅━❀꧁ੴ꧂❀━┅┉┈*

||ਅੱਜ ਦਾ ਫੁਰਮਾਨ|| ਗੁਰਦੁਆਰਾ ਸੀਸ ਗੰਜ ਸਾਹਿਬ ਜੀ (ਦਿੱਲੀ) ||

ਸੋਰਠਿ ਮਹਲਾ ੫ ॥ ਗੁਰਿ ਪੂਰੈ ਚਰਨੀ ਲਾਇਆ ॥ ਹਰਿ ਸੰਗਿ ਸਹਾਈ ਪਾਇਆ ॥ ਜਹ ਜਾਈਐ ਤਹਾ ਸੁਹੇਲੇ ॥ ਕਰਿ ਕਿਰਪਾ ਪ੍ਰਭਿ ਮੇਲੇ ॥੧॥ ਹਰਿ ਗੁਣ ਗਾਵਹੁ ਸਦਾ ਸੁਭਾਈ ॥ ਮਨ ਚਿੰਦੇ ਸਗਲੇ ਫਲ ਪਾਵਹੁ ਜੀਅ ਕੈ ਸੰਗਿ ਸਹਾਈ ॥੧॥ ਰਹਾਉ ॥ ਨਾਰਾਇਣ ਪ੍ਰਾਣ ਅਧਾਰਾ ॥ ਹਮ ਸੰਤ ਜਨਾਂ ਰੇਨਾਰਾ ॥ ਪਤਿਤ ਪੁਨੀਤ ਕਰਿ ਲੀਨੇ ॥ ਕਰਿ ਕਿਰਪਾ ਹਰਿ ਜਸੁ ਦੀਨੇ ॥੨॥ ਪਾਰਬ੍ਰਹਮੁ ਕਰੇ ਪ੍ਰਤਿਪਾਲਾ ॥ ਸਦ ਜੀਅ ਸੰਗਿ ਰਖਵਾਲਾ ॥ ਹਰਿ ਦਿਨੁ ਰੈਨਿ ਕੀਰਤਨੁ ਗਾਈਐ ॥ ਬਹੁੜਿ ਨ ਜੋਨੀ ਪਾਈਐ ॥੩॥ ਜਿਸੁ ਦੇਵੈ ਪੁਰਖੁ ਬਿਧਾਤਾ ॥ ਹਰਿ ਰਸੁ ਤਿਨ ਹੀ ਜਾਤਾ ॥ ਜਮਕੰਕਰੁ ਨੇੜਿ ਨ ਆਇਆ ॥ ਸੁਖੁ ਨਾਨਕ ਸਰਣੀ ਪਾਇਆ ॥੪॥੯॥੫੯॥

ਅਰਥ: ਹੇ ਭਾਈ! ਸਦਾ ਪਿਆਰ ਨਾਲ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੇ ਰਿਹਾ ਕਰੋ। (ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ) ਮਨ-ਮੰਗੇ ਫਲ (ਪ੍ਰਭੂ ਦੇ ਦਰ ਤੋਂ) ਪ੍ਰਾਪਤ ਕਰਦੇ ਰਹੋਗੇ, ਪਰਮਾਤਮਾ ਜਿੰਦ ਦੇ ਨਾਲ (ਵੱਸਦਾ) ਸਾਥੀ (ਪ੍ਰਤੀਤ ਹੁੰਦਾ ਰਹੇਗਾ੧।ਰਹਾਉ।

(ਹੇ ਭਾਈ! ਜਿਸ ਮਨੁੱਖ ਨੂੰ) ਪੂਰੇ ਗੁਰੂ ਨੇ (ਪਰਮਾਤਮਾ ਦੇਚਰਨਾਂ ਵਿਚ ਜੋੜ ਦਿੱਤਾ, ਉਸ ਨੇ ਉਹ ਪਰਮਾਤਮਾ ਲੱਭ ਲਿਆ ਜੋ ਹਰ ਵੇਲੇ ਅੰਗ-ਸੰਗ ਵੱਸਦਾ ਹੈ, ਤੇ, (ਜਿੰਦ ਦਾ) ਮਦਦਗਾਰ ਹੈ। (ਜੇ ਪ੍ਰਭੂ-ਚਰਨਾਂ ਵਿਚ ਜੁੜੇ ਰਹੀਏ, ਤਾਂ) ਜਿੱਥੇ ਭੀ ਜਾਈਏ, ਉਥੇ ਹੀ ਸੁਖੀ ਰਹਿ ਸਕੀਦਾ ਹੈ (ਪਰ ਜਿਨ੍ਹਾਂ ਨੂੰ ਚਰਨਾਂ ਵਿਚ ਮਿਲਾਇਆ ਹੈ) ਪ੍ਰਭੂ ਨੇ (ਆਪ ਹੀ) ਕਿਰਪਾ ਕਰ ਕੇ ਮਿਲਾਇਆ ਹੈ।੧।

ਹੇ ਭਾਈ! ਮੈਂ ਤਾਂ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣਿਆ ਰਹਿੰਦਾ ਹਾਂ, (ਸੰਤ ਜਨਾਂ ਦੀ ਕਿਰਪਾ ਨਾਲ) ਪਰਮਾਤਮਾ ਜਿੰਦ ਦਾ ਆਸਰਾ (ਪ੍ਰਤੀਤ ਹੁੰਦਾ ਰਹਿੰਦਾ ਹੈ। ਸੰਤ ਜਨ ਕਿਰਪਾ ਕਰ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਦਾਤਿ ਦੇਂਦੇ ਹਨ, (ਅਤੇ ਇਸ ਤਰ੍ਹਾਂ) ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ (ਭੀ) ਪਵਿਤ੍ਰ ਜੀਵਨ ਵਾਲਾ ਬਣਾ ਲੈਂਦੇ ਹਨ।੨।

ਹੇ ਭਾਈ! ਦਿਨ ਰਾਤ (ਹਰ ਵੇਲੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦੇ ਰਹਿਣਾ ਚਾਹੀਦਾ ਹੈ, (ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ) ਮੁੜ ਜਨਮ ਮਰਨ ਦੇ ਗੇੜ ਵਿਚ ਨਹੀਂ ਪਈਦਾ। ਪਰਮਾਤਮਾ ਆਪ (ਸਿਫ਼ਤਿ-ਸਾਲਾਹ ਕਰਨ ਵਾਲਿਆਂ ਦੀਰਾਖੀ ਕਰਦਾ ਹੈ, ਸਦਾ ਉਹਨਾਂ ਦੀ ਜਿੰਦ ਦੇ ਨਾਲ ਰਾਖਾ ਬਣਿਆ ਰਹਿੰਦਾ ਹੈ।੩।

(ਪਰ,) ਹੇ ਨਾਨਕ! ਉਸ ਮਨੁੱਖ ਨੇ ਹੀ ਪਰਮਾਤਮਾ ਦੇ ਨਾਮ ਦਾ ਸੁਆਦ ਸਮਝਿਆ ਹੈ (ਕਦਰ ਜਾਣੀ ਹੈ) , ਜਿਸ ਨੂੰ ਸਿਰਜਣਹਾਰ ਸਰਬ-ਵਿਆਪਕ ਪ੍ਰਭੂ ਆਪ (ਇਹ ਦਾਤਿ) ਦੇਂਦਾ ਹੈ। ਪਰਮਾਤਮਾ ਦੀ ਸ਼ਰਨ ਪਿਆ ਰਹਿ ਕੇ ਉਹ ਆਤਮਕ ਆਨੰਦ ਮਾਣਦਾ ਰਹਿੰਦਾ ਹੈ। ਜਮ-ਦੂਤ ਭੀ ਉਸ ਦੇ ਨੇੜੇ ਨਹੀਂ ਢੁਕਦਾ।੪।੯।੫੯।

*┈┉┅━❀꧁ੴ꧂❀━┅┉┈*

||ਅੱਜ ਦਾ ਫੁਰਮਾਨ|| ਗੁਰਦੁਆਰਾ ਸ੍ਰੀ ਭੱਠਾ ਸਾਹਿਬ ਪਾਤਸ਼ਾਹੀ ੧੦ਵੀਂ (ਰੋਪੜ) ||

ਸਲੋਕੁ ਮਃ ੩ ॥ ਏ ਮਨ ਹਰਿ ਜੀ ਧਿਆਇ ਤੂ ਇਕ ਮਨਿ ਇਕ ਚਿਤਿ ਭਾਇ ॥ ਹਰਿ ਕੀਆ ਸਦਾ ਸਦਾ ਵਡਿਆਈਆ ਦੇਇ ਨ ਪਛੋਤਾਇ ॥ 

ਅਰਥ: ਹੇ ਮਨ! ਪਿਆਰ ਨਾਲ ਇਕਾਗ੍ਰ ਚਿੱਤ ਹੋ ਕੇ ਹਰੀ ਦਾ ਸਿਮਰਨ ਕਰਹਰੀ ਵਿਚ ਇਹ ਸਦਾ ਲਈ ਗੁਣ ਹਨ ਕਿ ਦਾਤ ਬਖ਼ਸ਼ ਕੇ ਪਛੁਤਾਉਂਦਾ ਨਹੀਂ।

ਹਉ ਹਰਿ ਕੈ ਸਦ ਬਲਿਹਾਰਣੈ ਜਿਤੁ ਸੇਵਿਐ ਸੁਖੁ ਪਾਇ ॥ ਨਾਨਕ ਗੁਰਮੁਖਿ ਮਿਲਿ ਰਹੈ ਹਉਮੈ ਸਬਦਿ ਜਲਾਇ ॥੧॥

ਅਰਥ: ਮੈਂ ਹਰੀ ਤੋਂ ਸਦਾ ਕੁਰਬਾਨ ਹਾਂਜਿਸ ਦੀ ਸੇਵਾ ਕੀਤਿਆਂ ਸੁਖ ਮਿਲਦਾ ਹੈਹੇ ਨਾਨਕ! ਗੁਰਮੁਖ ਜਨ ਅਹੰਕਾਰ ਨੂੰ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਸਾੜ ਕੇ ਹਰੀ ਵਿਚ ਮਿਲੇ ਰਹਿੰਦੇ ਹਨ।੧।

ਮਃ ੩ ॥ ਆਪੇ ਸੇਵਾ ਲਾਇਅਨੁ ਆਪੇ ਬਖਸ ਕਰੇਇ ॥ ਸਭਨਾ ਕਾ ਮਾ ਪਿਉ ਆਪਿ ਹੈ ਆਪੇ ਸਾਰ ਕਰੇਇ ॥

ਅਰਥ: ਹਰੀ ਨੇ ਆਪ ਹੀ ਮਨੁੱਖਾਂ ਨੂੰ ਸੇਵਾ ਵਿਚ ਲਾਇਆ ਹੈ, ਆਪ ਹੀ ਬਖ਼ਸ਼ਸ਼ ਕਰਦਾ ਹੈ, ਆਪ ਹੀ ਸਭਨਾਂ ਦਾ ਮਾਂ ਪਿਉ ਹੈ ਤੇ ਆਪ ਹੀ ਸਭ ਦੀ ਸੰਭਾਲ ਕਰਦਾ ਹੈ।

ਨਾਨਕ ਨਾਮੁ ਧਿਆਇਨਿ ਤਿਨ ਨਿਜ ਘਰਿ ਵਾਸੁ ਹੈ ਜੁਗੁ ਜੁਗੁ ਸੋਭਾ ਹੋਇ ॥੨॥

ਅਰਥ: ਹੇ ਨਾਨਕ! ਜੋ ਮਨੁੱਖ ਨਾਮ ਜਪਦੇ ਹਨ, ਉਹ ਆਪਣੇ ਟਿਕਾਣੇ ਤੇ ਟਿਕੇ ਹੁੰਦੇ ਹਨਹਰੇਕ ਜੁਗ ਵਿਚ ਉਹਨਾਂ ਦੀ ਸੋਭਾ ਹੁੰਦੀ ਹੈ।੨।

ਪਉੜੀ ॥ ਤੂ ਕਰਣ ਕਾਰਣ ਸਮਰਥੁ ਹਹਿ ਕਰਤੇ ਮੈ ਤੁਝ ਬਿਨੁ ਅਵਰੁ ਨ ਕੋਈ ॥ ਤੁਧੁ ਆਪੇ ਸਿਸਟਿ ਸਿਰਜੀਆ ਆਪੇ ਫੁਨਿ ਗੋਈ ॥ 

ਅਰਥ: ਹੇ ਕਰਤਾਰ! ਤੂੰ ਸਾਰੀ ਕੁਦਰਤਿ ਨੂੰ ਰਚਣ-ਜੋਗਾ ਹੈਂਤੇਰੇ ਬਿਨਾ ਤੇਰੇ ਜੇਡਾ ਕੋਈ ਹੋਰ ਨਹੀਂ ਮੈਨੂੰ ਦਿੱਸਦਾਤੂੰ ਆਪ ਹੀ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈਂ ਤੇ ਆਪ ਹੀ ਫਿਰ ਨਾਸ ਕਰਦਾ ਹੈਂ।

ਸਭੁ ਇਕੋ ਸਬਦੁ ਵਰਤਦਾ ਜੋ ਕਰੇ ਸੁ ਹੋਈ ॥ ਵਡਿਆਈ ਗੁਰਮੁਖਿ ਦੇਇ ਪ੍ਰਭੁ ਹਰਿ ਪਾਵੈ ਸੋਈ ॥ 

ਅਰਥ: ਸਭ ਥਾਈਂ (ਹਰੀ ਦਾ) ਹੀ ਹੁਕਮ ਵਰਤ ਰਿਹਾ ਹੈਜੋ ਉਹ ਕਰਦਾ ਹੈ ਸੋਈ ਹੁੰਦਾ ਹੈ। ਜੋ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ, ਉਸ ਨੂੰ ਪ੍ਰਭੂ ਵਡਿਆਈ ਬਖ਼ਸ਼ਦਾ ਹੈ, ਉਹ ਉਸ ਹਰੀ ਨੂੰ ਮਿਲ ਪੈਂਦਾ ਹੈ।

ਗੁਰਮੁਖਿ ਨਾਨਕ ਆਰਾਧਿਆ ਸਭਿ ਆਖਹੁ ਧੰਨੁ ਧੰਨੁ ਧੰਨੁ ਗੁਰੁ ਸੋਈ ॥੨੯॥੧॥ ਸੁਧੁ   

ਅਰਥ: ਹੇ ਨਾਨਕ! ਗੁਰੂ ਦੇ ਸਨਮੁਖ ਮਨੁੱਖ ਹਰੀ ਨੂੰ ਸਿਮਰਦੇ ਹਨ, (ਹੇ ਭਾਈ!) ਸਾਰੇ ਆਖੋ, ਕਿ ਉਹ ਸਤਿਗੁਰੂ, ਧੰਨ ਹੈ, ਧੰਨ ਹੈ, ਧੰਨ ਹੈ।੨੯।੧। ਸੁਧੁ।

*┈┉┅━❀꧁ੴ꧂❀━┅┉┈*

||ਅੱਜ ਦਾ ਫੁਰਮਾਨ|| ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ||

ਸੋਰਠਿ ਮਹਲਾ ੫ ॥ ਪਰਮੇਸਰਿ ਦਿਤਾ ਬੰਨਾ ॥ ਦੁਖ ਰੋਗ ਕਾ ਡੇਰਾ ਭੰਨਾ ॥ ਅਨਦ ਕਰਹਿ ਨਰ ਨਾਰੀ ॥ ਹਰਿ ਹਰਿ ਪ੍ਰਭਿ ਕਿਰਪਾ ਧਾਰੀ ॥੧॥ ਸੰਤਹੁ ਸੁਖੁ ਹੋਆ ਸਭ ਥਾਈ ॥ ਪਾਰਬ੍ਰਹਮੁ ਪੂਰਨ ਪਰਮੇਸਰੁ ਰਵਿ ਰਹਿਆ ਸਭਨੀ ਜਾਈ ॥ ਰਹਾਉ ॥ ਧੁਰ ਕੀ ਬਾਣੀ ਆਈ ॥ ਤਿਨਿ ਸਗਲੀ ਚਿੰਤ ਮਿਟਾਈ ॥ ਦਇਆਲ ਪੁਰਖ ਮਿਹਰਵਾਨਾ ॥ ਹਰਿ ਨਾਨਕ ਸਾਚੁ ਵਖਾਨਾ ॥੨॥੧੩॥੭੭॥ 

ਅਰਥ: ਹੇ ਸੰਤ ਜਨੋ! ਜਿਸ ਮਨੁੱਖ ਨੂੰ ਇਹ ਯਕੀਨ ਹੋ ਜਾਂਦਾ ਹੈ ਕਿ) ਪਾਰਬ੍ਰਹਮ ਪੂਰਨ ਪਰਮੇਸਰ ਸਭ ਥਾਵਾਂ ਵਿਚ ਮੌਜੂਦ ਹੈ (ਉਸ ਮਨੁੱਖ ਨੂੰ) ਸਭ ਥਾਵਾਂ ਵਿਚ ਸੁਖ ਹੀ ਪ੍ਰਤੀਤ ਹੁੰਦਾ ਹੈ।ਰਹਾਉ।

ਹੇ ਸੰਤ ਜਨੋ! ਜਿਸ ਮਨੁੱਖ ਦੇ ਆਤਮਕ ਜੀਵਨ ਵਾਸਤੇ) ਪਰਮੇਸਰ ਨੇ (ਵਿਕਾਰਾਂ ਦੇ ਰਾਹ ਵਿਚ) ਡੱਕਾ ਮਾਰ ਦਿੱਤਾ, (ਉਸ ਮਨੁੱਖ ਦੇ ਅੰਦਰੋਂ) ਪਰਮੇਸਰ ਨੇ ਦੁੱਖਾਂ ਤੇ ਰੋਗਾਂ ਦਾ ਡੇਰਾ ਹੀ ਮੁਕਾ ਦਿੱਤਾ। ਜਿਨ੍ਹਾਂ ਜੀਵਾਂ ਉਤੇ ਪ੍ਰਭੂ ਨੇ (ਇਹ) ਕਿਰਪਾ ਕਰ ਦਿੱਤੀ ਉਹ ਸਾਰੇ ਜੀਵ ਆਤਮਕ ਆਨੰਦ ਮਾਣਦੇ ਹਨ।੧।

ਹੇ ਸੰਤ ਜਨੋ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਜਿਸ ਮਨੁੱਖ ਦੇ ਅੰਦਰ ਆ ਵੱਸੀ, ਉਸ ਨੇ ਆਪਣੀ ਸਾਰੀ ਚਿੰਤਾ ਦੂਰ ਕਰ ਲਈ। ਹੇ ਨਾਨਕ! ਦਇਆ ਦਾ ਸੋਮਾ ਪ੍ਰਭੂ ਉਸ ਮਨੁੱਖ ਉੱਤੇ ਮੇਹਰਵਾਨ ਹੋਇਆ ਰਹਿੰਦਾ ਹੈ, ਉਹ ਮਨੁੱਖ ਉਸ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦਾ ਨਾਮ (ਸਦਾ) ਉਚਾਰਦਾ ਹੈ।੨।੧੩।੭੭।

*┈┉┅━❀꧁ੴ꧂❀━┅┉┈*

||ਅੱਜ ਦਾ ਫੁਰਮਾਨ|| ਗੁਰਦੁਵਾਰਾ ਸ਼੍ਰੀ ਕਤਲਗੜ ਸਾਹਿਬ ਸ਼੍ਰੀ ਚਮਕੌਰ ਸਾਹਿਬ ।।


*┈┉┅━❀꧁ੴ꧂❀━┅┉┈*

||ਅੱਜ ਦਾ ਫੁਰਮਾਨ|| ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ ਪਾਤਸ਼ਾਹੀ ੯ਵੀਂ (ਪਟਿਆਲਾ) ||

ਕਿਆ ਪੜੀਐ ਕਿਆ ਗੁਨੀਐ ॥ ਕਿਆ ਬੇਦ ਪੁਰਾਨਾਂ ਸੁਨੀਐ ॥ ਪੜੇ ਸੁਨੇ ਕਿਆ ਹੋਈ ॥ ਜਉ ਸਹਜ ਨ ਮਿਲਿਓ ਸੋਈ ॥੧॥ ਹਰਿ ਕਾ ਨਾਮੁ ਨ ਜਪਸਿ ਗਵਾਰਾ ॥ ਕਿਆ ਸੋਚਹਿ ਬਾਰੰ ਬਾਰਾ ॥੧॥ ਰਹਾਉ ॥ ਅੰਧਿਆਰੇ ਦੀਪਕੁ ਚਹੀਐ ॥ ਇਕ ਬਸਤੁ ਅਗੋਚਰ ਲਹੀਐ ॥ ਬਸਤੁ ਅਗੋਚਰ ਪਾਈ ॥ ਘਟਿ ਦੀਪਕੁ ਰਹਿਆ ਸਮਾਈ ॥੨॥ ਕਹਿ ਕਬੀਰ ਅਬ ਜਾਨਿਆ ॥ ਜਬ ਜਾਨਿਆ ਤਉ ਮਨੁ ਮਾਨਿਆ ॥ ਮਨ ਮਾਨੇ ਲੋਗੁ ਨ ਪਤੀਜੈ ॥ ਨ ਪਤੀਜੈ ਤਉ ਕਿਆ ਕੀਜੈ ॥੩॥੭॥ 

ਅਰਥ: ਹੇ ਮੂਰਖ! ਤੂੰ ਪਰਮਾਤਮਾ ਦਾ ਨਾਮ (ਤਾਂ) ਸਿਮਰਦਾ ਨਹੀਂ (ਨਾਮ ਨੂੰ ਵਿਸਾਰ ਕੇ) ਮੁੜ ਮੁੜ ਹੋਰ ਸੋਚਾਂ ਸੋਚਣ ਦਾ ਤੈਨੂੰ ਕੀਹ ਲਾਭ ਹੋਵੇਗਾ?੧।ਰਹਾਉ।

(ਹੇ ਗੰਵਾਰ!) ਵੇਦ ਪੁਰਾਣ ਆਦਿਕ ਧਰਮ-ਪੁਸਤਕਾਂ ਨਿਰੇ ਪੜ੍ਹਨ ਸੁਣਨ ਤੋਂ ਕੋਈ ਫ਼ਾਇਦਾ ਨਹੀਂਜੇ ਇਸ ਪੜ੍ਹਨ ਸੁਣਨ ਦੇ ਕੁਦਰਤੀ ਨਤੀਜੇ ਦੇ ਤੌਰ ਤੇ ਉਸ ਪ੍ਰਭੂ ਦਾ ਮਿਲਾਪ ਨਾਹ ਹੋਵੇ।੧।

ਹਨੇਰੇ ਵਿਚ (ਤਾਂਦੀਵੇ ਦੀ ਲੋੜ ਹੁੰਦੀ ਹੈ (ਤਾਕਿ ਅੰਦਰੋਂਉਹ ਹਰਿ-ਨਾਮ ਪਦਾਰਥ ਮਿਲ ਪਏ, ਜਿਸ ਤਕ ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ, (ਇਸ ਤਰ੍ਹਾਂ ਧਾਰਮਿਕ ਪੁਸਤਕਾਂ ਪੜ੍ਹਨ ਨਾਲ ਉਹ ਗਿਆਨ ਦਾ ਦੀਵਾ ਮਨ ਵਿਚ ਜਗਣਾ ਚਾਹੀਦਾ ਹੈ ਜਿਸ ਨਾਲ ਅੰਦਰ-ਵੱਸਦਾ ਰੱਬ ਲੱਭ ਪਏ। ਜਿਸ ਮਨੁੱਖ ਨੂੰ ਉਹ ਅਪਹੁੰਚ ਹਰਿ-ਨਾਮ ਪਦਾਰਥ ਮਿਲ ਪੈਂਦਾ ਹੈ, ਉਸ ਦੇ ਅੰਦਰ ਉਹ ਦੀਵਾ ਫਿਰ ਸਦਾ ਟਿਕਿਆ ਰਹਿੰਦਾ ਹੈ।੨।

ਕਬੀਰ ਆਖਦਾ ਹੈ-ਉਸ ਅਪਹੁੰਚ ਹਰਿ-ਨਾਮ ਪਦਾਰਥ ਨਾਲ ਮੇਰੀ ਭੀ ਜਾਣ-ਪਛਾਣ ਹੋ ਗਈ ਹੈ। ਜਦੋਂ ਤੋਂ ਜਾਣ-ਪਛਾਣ ਹੋਈ ਹੈ, ਮੇਰਾ ਮਨ ਉਸੇ ਵਿਚ ਹੀ ਪਰਚ ਗਿਆ ਹੈ। (ਪਰ ਜਗਤ ਲੋੜਦਾ ਹੈ ਧਰਮ-ਪੁਸਤਕਾਂ ਦੇ ਰਿਵਾਜੀ ਪਾਠ ਕਰਨੇ ਕਰਾਉਣੇ ਤੇ ਤੀਰਥ ਆਦਿਕਾਂ ਦੇ ਇਸ਼ਨਾਨਸੋ,) ਪਰਮਾਤਮਾ ਵਿਚ ਮਨ ਜੁੜਨ ਨਾਲ (ਕਰਮ-ਕਾਂਡੀ) ਜਗਤ ਦੀ ਤਸੱਲੀ ਨਹੀਂ ਹੁੰਦੀ; (ਦੂਜੇ ਪਾਸੇ,) ਨਾਮ ਸਿਮਰਨ ਵਾਲੇ ਨੂੰ ਭੀ ਇਹ ਮੁਥਾਜੀ ਨਹੀਂ ਹੁੰਦੀ ਕਿ ਜ਼ਰੂਰ ਹੀ ਲੋਕਾਂ ਦੀ ਤਸੱਲੀ ਭੀ ਕਰਾਏ, (ਤਾਹੀਏਂ, ਆਮ ਤੌਰ ਤੇ ਇਹਨਾਂ ਦਾ ਅਜੋੜ ਹੀ ਬਣਿਆ ਰਹਿੰਦਾ ਹੈ੩।੭।

*┈┉┅━❀꧁ੴ꧂❀━┅┉┈*

||ਅੱਜ ਦਾ ਫੁਰਮਾਨ|| ਗੁਰਦੁਆਰਾ ਸ੍ਰੀ ਪੰੰਜੋਖਰਾ ਸਾਹਿਬ ਪਾਤਸ਼ਾਹੀ: ਅੱੱਠਵੀਂ (ਅੰਬਾਲਾ)

ਬਿਲਾਵਲੁ ਮਹਲਾ ੫ ॥ ਬਿਨੁ ਹਰਿ ਕਾਮਿ ਨ ਆਵਤ ਹੇ ॥ ਜਾ ਸਿਉ ਰਾਚਿ ਮਾਚਿ ਤੁਮ੍ਹ੍ਹ ਲਾਗੇ ਓਹ ਮੋਹਨੀ ਮੋਹਾਵਤ ਹੇ ॥੧॥ ਰਹਾਉ ॥ ਕਨਿਕ ਕਾਮਿਨੀ ਸੇਜ ਸੋਹਨੀ ਛੋਡਿ ਖਿਨੈ ਮਹਿ ਜਾਵਤ ਹੇ ॥ ਉਰਝਿ ਰਹਿਓ ਇੰਦ੍ਰੀ ਰਸ ਪ੍ਰੇਰਿਓ ਬਿਖੈ ਠਗਉਰੀ ਖਾਵਤ ਹੇ ॥੧॥ ਤ੍ਰਿਣ ਕੋ ਮੰਦਰੁ ਸਾਜਿ ਸਵਾਰਿਓ ਪਾਵਕੁ ਤਲੈ ਜਰਾਵਤ ਹੇ ॥ ਐਸੇ ਗੜ ਮਹਿ ਐਠਿ ਹਠੀਲੋ ਫੂਲਿ ਫੂਲਿ ਕਿਆ ਪਾਵਤ ਹੇ ॥੨॥ ਪੰਚ ਦੂਤ ਮੂਡ ਪਰਿ ਠਾਢੇ ਕੇਸ ਗਹੇ ਫੇਰਾਵਤ ਹੇ ॥ ਦ੍ਰਿਸਟਿ ਨ ਆਵਹਿ ਅੰਧ ਅਗਿਆਨੀ ਸੋਇ ਰਹਿਓ ਮਦ ਮਾਵਤ ਹੇ ॥੩॥ ਜਾਲੁ ਪਸਾਰਿ ਚੋਗ ਬਿਸਥਾਰੀ ਪੰਖੀ ਜਿਉ ਫਾਹਾਵਤ ਹੇ ॥ ਕਹੁ ਨਾਨਕ ਬੰਧਨ ਕਾਟਨ ਕਉ ਮੈ ਸਤਿਗੁਰੁ ਪੁਰਖੁ ਧਿਆਵਤ ਹੇ ॥੪॥੨॥੮੮॥

ਅਰਥ: ਹੇ ਭਾਈ! ਪਰਮਾਤਮਾ ਦੇ ਨਾਮ ਤੋਂ ਬਿਨਾ (ਕੋਈ ਹੋਰ ਚੀਜ਼ ਤੇਰੇ ਆਤਮਕ ਜੀਵਨ ਦੇਕੰਮ ਨਹੀਂ ਆ ਸਕਦੀ। ਜਿਸ ਮਨ-ਮੋਹਣੀ ਮਾਇਆ ਨਾਲ ਤੂੰ ਰਚਿਆ ਮਿਚਿਆ ਰਹਿੰਦਾ ਹੈਂ, ਉਹ ਤਾਂ ਤੈਨੂੰ ਠੱਗ ਰਹੀ ਹੈ।੧।ਰਹਾਉ।

ਹੇ ਭਾਈ! ਸੋਨਾ (ਧਨ-ਪਦਾਰਥ) , ਇਸਤ੍ਰੀ ਦੀ ਸੋਹਣੀ ਸੇਜ-ਇਹ ਤਾਂ ਇਕ ਛਿਨ ਵਿਚ ਛੱਡ ਕੇ ਮਨੁੱਖ ਇਥੋਂ ਤੁਰ ਪੈਂਦਾ ਹੈ। ਕਾਮ-ਵਾਸਨਾ ਦੇ ਸੁਆਦਾਂ ਦਾ ਪ੍ਰੇਰਿਆ ਹੋਇਆ ਤੂੰ ਕਾਮ-ਵਾਸਨਾ ਵਿਚ ਫਸਿਆ ਪਿਆ ਹੈਂ, ਅਤੇ ਵਿਸ਼ੇ-ਵਿਕਾਰਾਂ ਦੀ ਠਗ-ਬੂਟੀ ਖਾ ਰਿਹਾ ਹੈਂ (ਜਿਸ ਦੇ ਕਾਰਨ ਤੂੰ ਆਤਮਕ ਜੀਵਨ ਵਲੋਂ ਬੇ-ਹੋਸ਼ ਪਿਆ ਹੈਂ੧।

ਹੇ ਭਾਈ! ਤੀਲਿਆਂ ਦਾ ਘਰ ਬਣਾ ਸਵਾਰ ਕੇ ਤੂੰ ਉਸ ਦੇ ਹੇਠ ਅੱਗ ਬਾਲ ਰਿਹਾ ਹੈਂ (ਇਸ ਸਰੀਰ ਵਿਚ ਕਾਮਾਦਿਕ ਵਿਕਾਰਾਂ ਦਾ ਭਾਂਬੜ ਮਚਾ ਕੇ ਆਤਮਕ ਜੀਵਨ ਨੂੰ ਸੁਆਹ ਕਰੀ ਜਾ ਰਿਹਾ ਹੈਂ। ਵਿਕਾਰਾਂ ਵਿਚ ਸੜ ਰਹੇ) ਇਸ ਸਰੀਰ-ਕਿਲ੍ਹੇ ਵਿਚ ਆਕੜ ਕੇ ਹਠੀ ਹੋਇਆ ਬੈਠਾ ਤੂੰ ਮਾਣ ਕਰ ਕਰ ਕੇ ਹਾਸਲ ਤਾਂ ਕੁਝ ਭੀ ਨਹੀਂ ਕਰ ਰਿਹਾ।੨।

ਹੇ ਅੰਨ੍ਹੇ ਅਗਿਆਨੀ! ਕਾਮਾਦਿਕ ਪੰਜੇ ਵੈਰੀ ਤੇਰੇ ਸਿਰ ਉਤੇ ਖਲੋਤੇ ਹੋਏ ਤੈਨੂੰ ਜ਼ਲੀਲ ਕਰ ਰਹੇ ਹਨ, ਪਰ ਤੈਨੂੰ ਉਹ ਦਿੱਸਦੇ ਨਹੀਂ, ਤੂੰ ਵਿਕਾਰਾਂ ਦੇ ਨਸ਼ੇ ਵਿਚ ਮਸਤ ਹੋ ਕੇ ਆਤਮਕ ਜੀਵਨ ਵਲੋਂ ਬੇ-ਫ਼ਿਕਰ ਹੋਇਆ ਪਿਆ ਹੈਂ।੩।

ਹੇ ਭਾਈ! ਜਿਵੇਂ ਕਿਸੇ ਪੰਛੀ ਨੂੰ ਫੜਨ ਲਈ ਜਾਲ ਖਿਲਾਰ ਕੇ ਉਸ ਉਤੇ ਚੋਗ ਖਿਲਾਰੀ ਜਾਂਦੀ ਹੈ, ਤਿਵੇਂ ਤੂੰ (ਦੁਨੀਆ ਦੇ ਪਦਾਰਥਾਂ ਦੇ ਚੋਗ ਵਿਚ) ਫਸ ਰਿਹਾ ਹੈਂ। ਹੇ ਨਾਨਕ! ਆਖ-(ਹੇ ਭਾਈ!) ਮਾਇਆ ਦੇ ਬੰਧਨਾਂ ਨੂੰ ਕੱਟਣ ਵਾਸਤੇ ਮੈਂ ਤਾਂ ਗੁਰੂ ਮਹਾ ਪੁਰਖ ਨੂੰ ਆਪਣੇ ਹਿਰਦੇ ਵਿਚ ਵਸਾ ਰਿਹਾ ਹਾਂ।੪।੨।੮੮।

*┈┉┅━❀꧁ੴ꧂❀━┅┉┈*

||ਅੱਜ ਦਾ ਫੁਰਮਾਨ|| ਗੁਰਦੁਆਰਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ, ਸ਼ਹੀਦ ਗੰਜ ਸਾਹਿਬ, ਅੰਮ੍ਰਿਤਸਰ ||

ਸੂਹੀ ਮਹਲਾ ੧ ॥ ਭਾਂਡਾ ਹਛਾ ਸੋਇ ਜੋ ਤਿਸੁ ਭਾਵਸੀ ॥ ਭਾਂਡਾ ਅਤਿ ਮਲੀਣੁ ਧੋਤਾ ਹਛਾ ਨ ਹੋਇਸੀ ॥ ਗੁਰੂ ਦੁਆਰੈ ਹੋਇ ਸੋਝੀ ਪਾਇਸੀ ॥ ਏਤੁ ਦੁਆਰੈ ਧੋਇ ਹਛਾ ਹੋਇਸੀ ॥ ਮੈਲੇ ਹਛੇ ਕਾ ਵੀਚਾਰੁ ਆਪਿ ਵਰਤਾਇਸੀ ॥ ਮਤੁ ਕੋ ਜਾਣੈ ਜਾਇ ਅਗੈ ਪਾਇਸੀ ॥ ਜੇਹੇ ਕਰਮ ਕਮਾਇ ਤੇਹਾ ਹੋਇਸੀ ॥ ਅੰਮ੍ਰਿਤੁ ਹਰਿ ਕਾ ਨਾਉ ਆਪਿ ਵਰਤਾਇਸੀ ॥ ਚਲਿਆ ਪਤਿ ਸਿਉ ਜਨਮੁ ਸਵਾਰਿ ਵਾਜਾ ਵਾਇਸੀ ॥ ਮਾਣਸੁ ਕਿਆ ਵੇਚਾਰਾ ਤਿਹੁ ਲੋਕ ਸੁਣਾਇਸੀ ॥ ਨਾਨਕ ਆਪਿ ਨਿਹਾਲ ਸਭਿ ਕੁਲ ਤਾਰਸੀ ॥੧॥੪॥੬॥ 

ਅਰਥ: ਉਹੀ ਹਿਰਦਾ ਪਵਿੱਤ੍ਰ ਹੈ ਜੇਹੜਾ ਉਸ ਪਰਮਾਤਮਾ ਨੂੰ ਚੰਗਾ ਲੱਗ ਪੈਂਦਾ ਹੈ। ਜੇ ਮਨੁੱਖ ਦਾ ਹਿਰਦਾ (ਅੰਦਰੋਂ ਵਿਕਾਰਾਂ ਨਾਲ) ਬਹੁਤ ਗੰਦਾ ਹੋਇਆ ਪਿਆ ਹੈ ਤਾਂ ਬਾਹਰੋਂ ਸਰੀਰ ਨੂੰ ਤੀਰਥ ਆਦਿਕ ਤੇ ਇਸ਼ਨਾਨ ਕਰਾਇਆਂ ਹਿਰਦਾ ਅੰਦਰੋਂ ਸੁੱਧ ਨਹੀਂ ਹੋ ਸਕਦਾ।

ਜੇ ਗੁਰੂ ਦੇ ਦਰ ਤੇ (ਆਪਾ-ਭਾਵ ਦੂਰ ਕਰ ਕੇ ਸਵਾਲੀ) ਬਣੀਏ, ਤਾਂ ਹੀ (ਹਿਰਦੇ ਨੂੰ ਪਵਿਤ੍ਰ ਕਰਨ ਦੀ) ਅਕਲ ਮਿਲਦੀ ਹੈ। ਗੁਰੂ ਦੇ ਦਰ ਤੇ ਰਹਿ ਕੇ ਹੀ (ਵਿਕਾਰਾਂ ਦੀ ਮੈਲਧੋਤਿਆਂ ਹਿਰਦਾ ਪਵਿਤ੍ਰ ਹੁੰਦਾ ਹੈ। (ਜੇ ਗੁਰੂ ਦੇ ਦਰ ਤੇ ਟਿਕੀਏ ਤਾਂ) ਪਰਮਾਤਮਾ ਆਪ ਹੀ ਇਹ (ਵਿਚਾਰਨ ਦੀ) ਸਮਝ ਬਖ਼ਸ਼ਦਾ ਹੈ ਕਿ ਅਸੀ ਚੰਗੇ ਹਾਂ ਜਾਂ ਮੰਦੇ।

(ਜੇ ਇਸ ਮਨੁੱਖਾ ਜੀਵਨ ਸਮੇ ਗੁਰੂ ਦਾ ਆਸਰਾ ਨਹੀਂ ਲਿਆ ਤਾਂ) ਕੋਈ ਜੀਵ ਇਹ ਨਾਹ ਸਮਝ ਲਏ ਕਿ (ਇਥੋਂ ਖ਼ਾਲੀ-ਹੱਥ) ਜਾ ਕੇ ਪਰਲੋਕ ਵਿਚ (ਜੀਵਨ ਪਵਿਤ੍ਰ ਕਰਨ ਦੀ ਸੂਝ) ਮਿਲੇਗੀ। (ਇਹ ਇਕ ਕੁਦਰਤੀ ਨਿਯਮ ਹੈ ਕਿ ਇਥੇ) ਮਨੁੱਖ ਜੇਹੋ ਜੇਹੇ ਕਰਮ ਕਰਦਾ ਹੈ ਉਹੋ ਜੇਹਾ ਉਹ ਬਣ ਜਾਂਦਾ ਹੈ।

(ਜੋ ਮਨੁੱਖ ਗੁਰੂ ਦੇ ਦਰ ਤੇ ਡਿੱਗਦਾ ਹੈ ਉਸ ਨੂੰਆਤਮਕ ਜੀਵਨ ਦੇਣ ਵਾਲਾ ਆਪਣਾ ਨਾਮ ਆਪ ਬਖ਼ਸ਼ਦਾ ਹੈ। (ਜਿਸ ਮਨੁੱਖ ਨੂੰ ਇਹ ਦਾਤਿ ਮਿਲਦੀ ਹੈ) ਉਹ ਆਪਣਾ ਮਨੁੱਖਾ ਜਨਮ ਸੁਚੱਜਾ ਬਣਾ ਕੇ ਇੱਜ਼ਤ ਖੱਟ ਕੇ ਇਥੋਂ ਜਾਂਦਾ ਹੈ, ਉਹ ਆਪਣੀ ਸੋਭਾ ਦਾ ਵਾਜਾ (ਇਥੇ) ਵਜਾ ਜਾਂਦਾ ਹੈ। ਕੋਈ ਇੱਕ ਮਨੁੱਖ ਕੀਹਤਿੰਨਾਂ ਹੀ ਲੋਕਾਂ ਵਿਚ ਪਰਮਾਤਮਾ ਉਸ ਦੀ ਸੋਭਾ ਖਿਲਾਰਦਾ ਹੈ। ਹੇ ਨਾਨਕ! ਉਹ ਮਨੁੱਖ ਆਪ ਸਦਾ ਪ੍ਰਸੰਨ-ਚਿੱਤ ਰਹਿੰਦਾ ਹੈ, ਤੇ ਆਪਣੀਆਂ ਸਾਰੀਆਂ ਕੁਲਾਂ ਨੂੰ ਹੀ ਤਾਰ ਲੈਂਦਾ ਹੈ (ਸੋਭਾ ਦਿਵਾਂਦਾ ਹੈ੧।੪।੬।

*┈┉┅━❀꧁ੴ꧂❀━┅┉┈*

||ਅੱਜ ਦਾ ਫੁਰਮਾਨ|| ਗੁਰਦੁਆਰਾ ਸ਼੍ਰੀ ਕੰਧ ਸਾਹਿਬ ਬਟਾਲਾ ||

ਬੈਰਾੜੀ ਮਹਲਾ ੪ ॥ ਹਰਿ ਜਨੁ ਰਾਮ ਨਾਮ ਗੁਨ ਗਾਵੈ ॥ ਜੇ ਕੋਈ ਨਿੰਦ ਕਰੇ ਹਰਿ ਜਨ ਕੀ ਅਪੁਨਾ ਗੁਨੁ ਨ ਗਵਾਵੈ ॥੧॥ ਰਹਾਉ ॥ ਜੋ ਕਿਛੁ ਕਰੇ ਸੁ ਆਪੇ ਸੁਆਮੀ ਹਰਿ ਆਪੇ ਕਾਰ ਕਮਾਵੈ ॥ ਹਰਿ ਆਪੇ ਹੀ ਮਤਿ ਦੇਵੈ ਸੁਆਮੀ ਹਰਿ ਆਪੇ ਬੋਲਿ ਬੁਲਾਵੈ ॥੧॥ ਹਰਿ ਆਪੇ ਪੰਚ ਤਤੁ ਬਿਸਥਾਰਾ ਵਿਚਿ ਧਾਤੂ ਪੰਚ ਆਪਿ ਪਾਵੈ ॥ ਜਨ ਨਾਨਕ ਸਤਿਗੁਰੁ ਮੇਲੇ ਆਪੇ ਹਰਿ ਆਪੇ ਝਗਰੁ ਚੁਕਾਵੈ ॥੨॥੩॥ 

ਅਰਥ: ਹੇ ਭਾਈ! ਪਰਮਾਤਮਾ ਦਾ ਭਗਤ ਸਦਾ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ। ਜੇ ਕੋਈ ਮਨੁੱਖ ਉਸ ਭਗਤ ਦੀ ਨਿੰਦਾ (ਭੀ) ਕਰਦਾ ਹੈ ਤਾਂ ਉਹ ਭਗਤ ਆਪਣਾ ਸੁਭਾਉ ਨਹੀਂ ਤਿਆਗਦਾ।੧।ਰਹਾਉ।

ਹੇ ਭਾਈ! ਭਗਤ ਆਪਣੀ ਨਿੰਦਾ ਸੁਣ ਕੇ ਭੀ ਆਪਣਾ ਸੁਭਾਉ ਨਹੀਂ ਛੱਡਦਾ, ਕਿਉਂਕਿ ਉਹ ਜਾਣਦਾ ਹੈ ਕਿਜੋ ਕੁਝ ਕਰ ਰਿਹਾ ਹੈ ਮਾਲਕ-ਪ੍ਰਭੂ ਆਪ ਹੀ (ਜੀਵਾਂ ਵਿਚ ਬੈਠ ਕੇ) ਕਰ ਰਿਹਾ ਹੈਉਹ ਆਪ ਹੀ ਹਰੇਕ ਕਾਰ ਕਰ ਰਿਹਾ ਹੈ। ਮਾਲਕ-ਪ੍ਰਭੂ ਆਪ ਹੀ (ਹਰੇਕ ਜੀਵ ਨੂੰ) ਮਤਿ ਦੇਂਦਾ ਹੈ, ਆਪ ਹੀ (ਹਰੇਕ ਵਿਚ ਬੈਠਾ) ਬੋਲ ਰਿਹਾ ਹੈ, ਆਪ ਹੀ (ਹਰੇਕ ਜੀਵ ਨੂੰ) ਬੋਲਣ ਦੀ ਪ੍ਰੇਰਨਾ ਕਰ ਰਿਹਾ ਹੈ।੧।

ਹੇ ਭਾਈ! ਭਗਤ ਜਾਣਦਾ ਹੈ ਕਿ) ਪਰਮਾਤਮਾ ਨੇ ਆਪ ਹੀ (ਆਪਣੇ ਆਪ ਤੋਂ) ਪੰਜ ਤੱਤਾਂ ਦਾ ਜਗਤ-ਖਿਲਾਰਾ ਖਿਲਾਰਿਆ ਹੋਇਆ ਹੈ, ਆਪ ਹੀ ਇਹਨਾਂ ਤੱਤਾਂ ਵਿਚ ਪੰਜ ਵਿਸ਼ੇ ਭਰੇ ਹੋਏ ਹਨ। ਹੇ ਨਾਨਕ! ਆਖ-ਹੇ ਭਾਈ) ਪਰਮਾਤਮਾ ਆਪ ਹੀ ਆਪਣੇ ਸੇਵਕ ਨੂੰ ਮਿਲਾਂਦਾ ਹੈ, ਤੇ, ਆਪ ਹੀ (ਉਸ ਦੇ ਅੰਦਰੋਂ ਹਰੇਕ ਕਿਸਮ ਦੀ) ਖਿੱਚੋਤਾਣ ਮੁਕਾਂਦਾ ਹੈ।੨।੩।

*┈┉┅━❀꧁ੴ꧂❀━┅┉┈*

||ਅੱਜ ਦਾ ਫੁਰਮਾਨ|| ਗੁਰਦੁਆਰਾ ਸ਼੍ਰੀ ਪਾਉਂਟਾ ਸਾਹਿਬ ਪਾਤਸ਼ਾਹੀ ੧੦ ਵੀਂ (ਹਿਮਾਚਲ ਪ੍ਰਦੇਸ਼)||

ਬਿਲਾਵਲੁ ਮਹਲਾ ੫ ॥ ਇਹੁ ਸਾਗਰੁ ਸੋਈ ਤਰੈ ਜੋ ਹਰਿ ਗੁਣ ਗਾਏ ॥ ਸਾਧਸੰਗਤਿ ਕੈ ਸੰਗਿ ਵਸੈ ਵਡਭਾਗੀ ਪਾਏ ॥੧॥ ਸੁਣਿ ਸੁਣਿ ਜੀਵੈ ਦਾਸੁ ਤੁਮ੍ਹ੍ਹ ਬਾਣੀ ਜਨ ਆਖੀ ॥ ਪ੍ਰਗਟ ਭਈ ਸਭ ਲੋਅ ਮਹਿ ਸੇਵਕ ਕੀ ਰਾਖੀ ॥੧॥ ਰਹਾਉ ॥ ਅਗਨਿ ਸਾਗਰ ਤੇ ਕਾਢਿਆ ਪ੍ਰਭਿ ਜਲਨਿ ਬੁਝਾਈ ॥ ਅੰਮ੍ਰਿਤ ਨਾਮੁ ਜਲੁ ਸੰਚਿਆ ਗੁਰ ਭਏ ਸਹਾਈ ॥੨॥ ਜਨਮ ਮਰਣ ਦੁਖ ਕਾਟਿਆ ਸੁਖ ਕਾ ਥਾਨੁ ਪਾਇਆ ॥ ਕਾਟੀ ਸਿਲਕ ਭ੍ਰਮ ਮੋਹ ਕੀ ਅਪਨੇ ਪ੍ਰਭ ਭਾਇਆ ॥੩॥ ਮਤ ਕੋਈ ਜਾਣਹੁ ਅਵਰੁ ਕਛੁ ਸਭ ਪ੍ਰਭ ਕੈ ਹਾਥਿ ॥ ਸਰਬ ਸੂਖ ਨਾਨਕ ਪਾਏ ਸੰਗਿ ਸੰਤਨ ਸਾਥਿ ॥੪॥੨੨॥੫੨॥ 

ਅਰਥ: ਹੇ ਪ੍ਰਭੂ! ਤੇਰੇ ਸੇਵਕ ਤੇਰੀ ਸਿਫ਼ਤਿ-ਸਲਾਹ ਦੀ ਜੇਹੜੀ ਬਾਣੀ ਉਚਾਰਦੇ ਹਨ, ਤੇਰਾ ਦਾਸ ਉਸ ਬਾਣੀ ਨੂੰ ਹਰ ਵੇਲੇ ਸੁਣ ਸੁਣ ਕੇ ਆਤਮਕ ਜੀਵਨ ਪ੍ਰਾਪਤ ਕਰਦਾ ਹੈ। (ਇਸ ਤਰ੍ਹਾਂ ਵਿਕਾਰਾਂ ਤੋਂ ਬਚਾ ਕੇ) ਤੂੰ ਆਪਣੇ ਸੇਵਕ ਦੀ ਜੋ ਇੱਜ਼ਤ ਰੱਖਦਾ ਹੈਂ, ਉਹ ਸਾਰੇ ਸੰਸਾਰ ਵਿਚ ਉੱਘੜ ਪੈਂਦੀ ਹੈ।੧।ਰਹਾਉ।

(ਹੇ ਭਾਈ! ਇਹ ਜਗਤਮਾਨੋ, ਇਕ ਸਮੁੰਦਰ ਹੈ ਜਿਸ ਵਿਚ ਵਿਕਾਰਾਂ ਦਾ ਪਾਣੀ ਠਾਠਾਂ ਮਾਰ ਰਿਹਾ ਹੈ) ਇਸ ਸਮੁੰਦਰ ਵਿਚੋਂ ਉਹੀ ਮਨੁੱਖ ਪਾਰ ਲੰਘਦਾ ਹੈ, ਜੇਹੜਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ, ਜੇਹੜਾ ਸਾਧ ਸੰਗਤਿ ਦੇ ਨਾਲ ਮੇਲ-ਜੋਲ ਰੱਖਦਾ ਹੈ। (ਪਰ ਇਹ ਦਾਤਿ) ਕੋਈ ਭਾਗਾਂ ਵਾਲਾ ਮਨੁੱਖ ਪ੍ਰਾਪਤ ਕਰਦਾ ਹੈ।੧।

(ਹੇ ਭਾਈ! ਜਿਸ ਸੇਵਕ ਨੇ ਸਿਫ਼ਤਿ-ਸਾਲਾਹ ਦੀ ਬਾਣੀ ਸੁਣ ਕੇ ਆਤਮਕ ਜੀਵਨ ਪ੍ਰਾਪਤ ਕਰ ਲਿਆਪਰਮਾਤਮਾ ਨੇ ਆਪ ਉਸ ਨੂੰ (ਵਿਕਾਰਾਂ ਦੀਅੱਗ ਦੇ ਸਮੁੰਦਰ ਵਿਚੋਂ ਕੱਢ ਲਿਆ, ਪਰਮਾਤਮਾ ਨੇ ਆਪ (ਉਸ ਦੇ ਅੰਦਰੋਂ ਵਿਕਾਰਾਂ ਦੀ) ਸੜਨ ਸ਼ਾਂਤ ਕਰ ਦਿੱਤੀ। ਸਤਿਗੁਰੂ ਜੀ ਨੇ ਉਸ ਸੇਵਕ ਦੀ ਸਹਾਇਤਾ ਕੀਤੀ, ਤੇ (ਉਸ ਦੇ ਹਿਰਦੇ ਵਿਚਆਤਮਕ ਜੀਵਨ ਦੇਣ ਵਾਲਾ ਨਾਮ-ਜਲ ਛਿੜਕਿਆ।੨।

(ਹੇ ਭਾਈ! ਜਿਸ ਸੇਵਕ ਨੇ ਸਿਫ਼ਤਿ-ਸਾਲਾਹ ਦੀ ਬਾਣੀ ਸੁਣ ਸੁਣ ਕੇ ਆਤਮਕ ਜੀਵਨ ਲੱਭ ਲਿਆਉਸ ਨੇ ਜਨਮ ਮਰਨ ਦੇ ਗੇੜ ਦਾ ਦੁੱਖ ਕੱਟ ਲਿਆ, ਉਸ ਨੇ ਉਹ (ਆਤਮਕ) ਟਿਕਾਣਾ ਲੱਭ ਲਿਆ ਜਿਥੇ ਸੁਖ ਹੀ ਸੁਖ ਹੈ, ਉਸ ਨੇ (ਆਪਣੇ ਅੰਦਰੋਂਭਟਕਣਾ ਤੇ ਮੋਹ ਦੀ ਫਾਹੀ ਕੱਟ ਲਈ, ਉਹ ਸੇਵਕ ਆਪਣੇ ਪ੍ਰਭੂ ਨੂੰ ਪਿਆਰਾ ਲੱਗਣ ਲੱਗ ਪਿਆ।੩।

(ਪਰ, ਹੇ ਭਾਈ!) ਕਿਤੇ ਇਹ ਨਾਹ ਸਮਝ ਲੈਣਾ (ਕਿ ਇਹੋ ਜਿਹਾ ਆਤਮਕਆਨੰਦ ਮਾਣਨ ਵਾਸਤੇ ਅਸਾਂ ਜੀਵਾਂ ਦਾ) ਕੋਈ ਹੋਰ ਚਾਰਾ ਚੱਲ ਸਕਦਾ ਹੈ (ਯਕੀਨ ਨਾਲ ਜਾਣੋ ਕਿ) ਹਰੇਕ ਜੁਗਤਿ ਪਰਮਾਤਮਾ ਦੇ (ਆਪਣੇ) ਹੱਥ ਵਿਚ ਹੈ। ਹੇ ਨਾਨਕ! ਉਹੀ ਸੇਵਕ ਸਾਰੇ ਸੁਖ ਪ੍ਰਾਪਤ ਕਰਦਾ ਹੈ ਜੋ ਸੰਤ ਜਨਾਂ ਦੀ ਸੰਗਤਿ ਵਿਚ ਰਹਿੰਦਾ ਹੈ ਜੋ ਸੰਤ ਜਨਾਂ ਦੇ ਨਾਲ ਰਹਿੰਦਾ ਹੈ।੪।੨੨।੫੨।

*┈┉┅━❀꧁ੴ꧂❀━┅┉┈*

||ਅੱਜ ਦਾ ਫੁਰਮਾਨ|| ਗੁਰਦੁਆਰਾ ਸ਼੍ਰੀ ਬਾਉਲੀ ਸਾਹਿਬ, ਗੋਇੰਦਵਾਲ ਸਾਹਿਬ ||


*┈┉┅━❀꧁ੴ꧂❀━┅┉┈*

*ਗੱਜ-ਵੱਜ ਕੇ ਫਤਹਿ ਬੁਲਾਓ ਜੀ !!*

*ਵਾਹਿਗੁਰੂ ਜੀ ਕਾ ਖਾਲਸਾ !!*

*ਵਾਹਿਗੁਰੂ ਜੀ ਕੀ ਫਤਹਿ ਜੀ !!*

*┈┉┅━❀꧁ੴ꧂❀━┅┉┈*

👉 More Gurbani Daily Update 

Touch This App Name Automatically Join 👇


👉  Facebook Page :- Sikhyouthpb

👉 Whatsapp Group :- Sikhyouthpb 

No comments:

Post a Comment

Live Gurbani

ਰੋਜ਼ਾਨਾ ਹੁਕਮਨਾਮਾ ਸਾਹਿਬ

     * ਹੁਕਮਨਾਮਾ ਸਾਹਿਬ ਜੀ ਪੜ੍ਹਨ ਵੇਲੇ ਆਪਣੇ ਸਿਰ ਨੂੰ ਢਕ ਕੇ ਅਤੇ ਆਪਣੇ ਬੂਟ/ਚੱਪਲ ਉਤਾਰ ਕੇ ਪੜ੍ਹਨ ਦੀ ਖੇਚਲ ਕਰੋ ਜੀ * *┈┉┅━❀꧁ੴ꧂❀━┅┉┈* ||ਅੱਜ ਦਾ ਫੁਰਮਾਨ|| ਸ਼...

Live kirtan

Click on the play button to play a sound:

Popular Posts