Sikhyouthpb

Sikh Youth Of Punjab Youtube Channel. The Purpose of this channel is to promote and spread Gurbani all over the world. In this channle you can watch all type of Gurmat Video like Gurbani Vichar, Gurbani kirtan, katha, kavita, paath, Guru Itihaas, Nitnem, Kavi Dabar, Simran etc.

Subscribe Us

Today Hukamnama Sahib

Thursday, 25 February 2021

☬|| ਅੱਜ ਦਾ ਫੁਰਮਾਨ ||☬ || 25-02-2021 || ਸ਼੍ਰੀ ਅਕਾਲ ਤਖ਼ਤ ਸਾਹਿਬ, (ਅੰਮ੍ਰਿਤਸਰ), ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ,(ਨਾਂਦੇੜ) , ਤਖ਼ਤ ਸ੍ਰੀ ਪਟਨਾ ਸਾਹਿਬ, ਤਖ਼ਤ ਸ੍ਰੀ ਕੇਸ਼ਗੜ੍ਹ ਸਾਹਿਬ, (ਰੋਪੜ), ਤਖ਼ਤ ਸ੍ਰੀ ਦਮਦਮਾ ਸਾਹਿਬ,(ਤਲਵੰਡੀ ਸਾਬੋ), ਗੁ: ਨਨਕਾਣਾ ਸਾਹਿਬ,(ਪਾਕਿਸਤਾਨ), ਗੁ: ਪੰਜਾ ਸਾਹਿਬ,(ਪਾਕਿਸਤਾਨ), ਗੁ: ਕਰਤਾਰਪੁਰ ਸਾਹਿਬ (ਪਾਕਿਸਤਾਨ), ਸ਼੍ਰੀ ਦਰਬਾਰ ਸਹਿਬ, (ਅੰਮ੍ਰਿਤਸਰ), ਗੁ: ਬੰਗਲਾ ਸਾਹਿਬ, (ਦਿੱਲੀ), ਗੁ: ਸੀਸ ਗੰਜ ਸਾਹਿਬ, (ਦਿੱਲੀ), ਗੁ: ਭੱਠਾ ਸਾਹਿਬ,(ਰੋਪੜ) , ਗੁ: ਦੁਖਨਿਵਾਰਨ ਸਾਹਿਬ, (ਪਟਿਆਲਾ) , ਗੁ: ਫਤਹਿਗੜ੍ਹ ਸਾਹਿਬ ,ਗੁ:ਸ਼੍ਰੀ ਕਤਲਗੜ ਸਾਹਿਬ ਸ਼੍ਰੀ ਚਮਕੌਰ ਸਾਹਿਬ ,ਗੁਰਦੁਆਰਾ ਸ੍ਰੀ ਪੰੰਜੋਖਰਾ ਸਾਹਿਬ ਪਾਤਸ਼ਾਹੀ: ਅੱੱਠਵੀਂ (ਅੰਬਾਲਾ) ਗੁ: ਸ਼ਹੀਦ ਗੰਜ ਸਾਹਿਬ,(ਅੰਮ੍ਰਿਤਸਰ), ਗੁ:ਸ਼੍ਰੀ ਕੰਧ ਸਾਹਿਬ (ਬਟਾਲਾ), ਗੁ: ਸ਼੍ਰੀ ਬਾਉਲੀ ਸਾਹਿਬ, ਗੋਇੰਦਵਾਲ ਸਾਹਿਬ ਇਹ ਸਾਰੇ ਗੁਰਦੁਆਰਾ ਸਾਹਿਬ ਦੇ ਪਾਬਨ ਹੁਕਮਨਾਮਾ ਸਾਹਿਬ ਜੀ

 


*ਹੁਕਮਨਾਮਾ ਸਾਹਿਬ ਜੀ ਪੜ੍ਹਨ ਵੇਲੇ ਆਪਣੇ ਸਿਰ ਨੂੰ ਢਕ ਕੇ ਅਤੇ ਆਪਣੇ ਬੂਟ/ਚੱਪਲ ਉਤਾਰ ਕੇ ਪੜ੍ਹਨ ਦੀ ਖੇਚਲ ਕਰੋ ਜੀ*

*┈┉┅━❀꧁ੴ꧂❀━┅┉┈*

||ਅੱਜ ਦਾ ਫੁਰਮਾਨ|| ਸ਼੍ਰੀ ਅਕਾਲ ਤਖ਼ਤ ਸਾਹਿਬ, ਅੰਮ੍ਰਿਤਸਰ ||

ਬਿਲਾਵਲੁ ਮਹਲਾ ੪ ॥ ਆਵਹੁ ਸੰਤ ਮਿਲਹੁ ਮੇਰੇ ਭਾਈ ਮਿਲਿ ਹਰਿ ਹਰਿ ਕਥਾ ਕਰਹੁ ॥ ਹਰਿ ਹਰਿ ਨਾਮੁ ਬੋਹਿਥੁ ਹੈ ਕਲਜੁਗਿ ਖੇਵਟੁ ਗੁਰ ਸਬਦਿ ਤਰਹੁ ॥੧॥ ਮੇਰੇ ਮਨ ਹਰਿ ਗੁਣ ਹਰਿ ਉਚਰਹੁ ॥ ਮਸਤਕਿ ਲਿਖਤ ਲਿਖੇ ਗੁਨ ਗਾਏ ਮਿਲਿ ਸੰਗਤਿ ਪਾਰਿ ਪਰਹੁ ॥੧॥ ਰਹਾਉ ॥ਕਾਇਆ ਨਗਰ ਮਹਿ ਰਾਮ ਰਸੁ ਊਤਮੁ ਕਿਉ ਪਾਈਐ ਉਪਦੇਸੁ ਜਨ ਕਰਹੁ ॥ ਸਤਿਗੁਰੁ ਸੇਵਿ ਸਫਲ ਹਰਿ ਦਰਸਨੁ ਮਿਲਿ ਅੰਮ੍ਰਿਤੁ ਹਰਿ ਰਸੁ ਪੀਅਹੁ ॥੨॥ ਹਰਿ ਹਰਿ ਨਾਮੁ ਅੰਮ੍ਰਿਤੁ ਹਰਿ ਮੀਠਾ ਹਰਿ ਸੰਤਹੁ ਚਾਖਿ ਦਿਖਹੁ ॥ ਗੁਰਮਤਿ ਹਰਿ ਰਸੁ ਮੀਠਾ ਲਾਗਾ ਤਿਨ ਬਿਸਰੇ ਸਭਿ ਬਿਖ ਰਸਹੁ ॥੩॥ ਰਾਮ ਨਾਮੁ ਰਸੁ ਰਾਮ ਰਸਾਇਣੁ ਹਰਿ ਸੇਵਹੁ ਸੰਤ ਜਨਹੁ ॥ ਚਾਰਿ ਪਦਾਰਥ ਚਾਰੇ ਪਾਏ ਗੁਰਮਤਿ ਨਾਨਕ ਹਰਿ ਭਜਹੁ ॥੪॥੪॥ {ਪੰਨਾ 799-800}

ਅਰਥ: ਹੇ ਮੇਰੇ ਮਨ! ਸਦਾ ਪਰਮਾਤਮਾ ਦੇ ਗੁਣ ਯਾਦ ਕਰਦਾ ਰਹੁ। ਜਿਸ ਮਨੁੱਖ ਦੇ ਮੱਥੇ ਉੱਤੇ ਲਿਖੇ ਚੰਗੇ ਭਾਗ ਜਾਗਦੇ ਹਨ ਉਹ ਪ੍ਰਭੂ ਦੇ ਗੁਣ ਗਾਂਦਾ ਹੈ। (ਹੇ ਮਨ! ਤੂੰ ਭੀ) ਸਾਧ ਸੰਗਤਿ ਵਿਚ ਮਿਲ ਕੇ (ਗੁਣ ਗਾ ਅਤੇ ਸੰਸਾਰ-ਸਮੁੰਦਰ ਤੋਂ) ਪਾਰ ਲੰਘ।੧।ਰਹਾਉ।

ਹੇ ਸੰਤ ਜਨੋ! ਹੇ ਭਰਾਵੋ! ਸਾਧ-ਸੰਗਤਿ ਵਿਚ) ਇਕੱਠੇ ਰਲ ਬੈਠੋ, ਅਤੇ ਮਿਲ ਕੇ ਸਦਾ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਕਰੋ। ਇਸ ਕਲਹ-ਭਰੇ ਸੰਸਾਰ ਵਿਚ ਪਰਮਾਤਮਾ ਦਾ ਨਾਮ (ਮਾਨੋ) ਜਹਾਜ਼ ਹੈ, (ਗੁਰੂ ਇਸ ਜਹਾਜ਼ ਦਾ) ਮਲਾਹ (ਹੈ, ਤੁਸੀ) ਗੁਰੂ ਦੇ ਸ਼ਬਦ ਵਿਚ ਜੁੜ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘੋ।੧।

(ਸ਼ਹਿਰਾਂ ਵਿਚ ਖਾਣ ਪੀਣ ਲਈ ਕਈ ਕਿਸਮਾਂ ਦੇ ਸੁਆਦਲੇ ਪਦਾਰਥ ਮਿਲਦੇ ਹਨ। ਮਨੁੱਖਾ) ਸਰੀਰ (ਭੀ, ਮਾਨੋ, ਇਕ ਸ਼ਹਿਰ ਹੈ, ਇਸ) ਸ਼ਹਿਰ ਵਿਚ ਪਰਮਾਤਮਾ ਦਾ ਨਾਮ (ਸਭ ਪਦਾਰਥਾਂ ਨਾਲੋਂ) ਵਧੀਆ ਸੁਆਦਲਾ ਪਦਾਰਥ ਹੈ। (ਪਰ) ਹੇ ਸੰਤ ਜਨੋ! ਮੈਨੂੰ) ਸਮਝਾਓ ਕਿ ਇਹ ਕਿਵੇਂ ਹਾਸਲ ਹੋਵੇ। (ਸੰਤ ਜਨ ਇਹੀ ਦੱਸਦੇ ਹਨ ਕਿ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ (ਆਤਮਕ ਜੀਵਨ-) ਫਲ ਦੇਣ ਵਾਲਾ ਦਰਸਨ ਕਰੋ, ਗੁਰੂ ਨੂੰ ਮਿਲ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦੇ ਰਹੋ।੨।

ਹੇ ਸੰਤ ਜਨੋ! ਬੇ-ਸ਼ੱਕ ਚੱਖ ਕੇ ਵੇਖ ਲਵੋ, ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਮਿੱਠਾ ਜਲ ਹੈ। ਗੁਰੂ ਦੀ ਸਿੱਖਿਆ ਉੱਤੇ ਤੁਰ ਕੇ ਜਿਨ੍ਹਾਂ ਮਨੁੱਖਾਂ ਨੂੰ ਇਹ ਨਾਮ-ਰਸ ਸੁਆਦਲਾ ਲੱਗਦਾ ਹੈ, ਆਤਮਕ ਜੀਵਨ ਨੂੰ ਮਾਰ ਮੁਕਾਣ ਵਾਲੇ ਹੋਰ ਸਾਰੇ ਰਸ ਉਹਨਾਂ ਨੂੰ ਭੁੱਲ ਜਾਂਦੇ ਹਨ।੩।

ਹੇ ਸੰਤ ਜਨੋ! ਪਰਮਾਤਮਾ ਦਾ ਨਾਮ ਸੁਆਦਲਾ ਪਦਾਰਥ ਹੈ, ਰਸੈਣ ਹੈ, ਸਦਾ ਇਸ ਦਾ ਸੇਵਨ ਕਰਦੇ ਰਹੋ (ਸਦਾ ਇਸ ਨੂੰ ਵਰਤਦੇ ਰਹੋ। ਹੇ ਨਾਨਕ! ਜਗਤ ਵਿਚ ਕੁੱਲ) ਚਾਰ ਪਦਾਰਥ (ਗਿਣੇ ਗਏ ਹਨ, ਨਾਮ-ਰਸੈਣ ਦੀ ਬਰਕਤਿ ਨਾਲ ਇਹ) ਚਾਰੇ ਹੀ ਮਿਲ ਜਾਂਦੇ ਹਨ। (ਇਸ ਵਾਸਤੇਗੁਰੂ ਦੀ ਮਤਿ ਲੈ ਕੇ ਸਦਾ ਹਰਿ-ਨਾਮ ਦਾ ਭਜਨ ਕਰਦੇ ਰਹੋ।੪।੪।

*┈┉┅━❀꧁ੴ꧂❀━┅┉┈*

||ਅੱਜ ਦਾ ਫੁਰਮਾਨ|| ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ (ਨਾਂਦੇੜ) ||

ਬਸੰਤੁ ਮਹਲਾ ੩ ॥ ਮਾਇਆ ਮੋਹੁ ਸਬਦਿ ਜਲਾਏ ॥ ਮਨੁ ਤਨੁ ਹਰਿਆ ਸਤਿਗੁਰ ਭਾਏ ॥ ਸਫਲਿਓੁ ਬਿਰਖੁ ਹਰਿ ਕੈ ਦੁਆਰਿ ॥ ਸਾਚੀ ਬਾਣੀ ਨਾਮ ਪਿਆਰਿ ॥੧॥ ਏ ਮਨ ਹਰਿਆ ਸਹਜ ਸੁਭਾਇ ॥ ਸਚ ਫਲੁ ਲਾਗੈ ਸਤਿਗੁਰ ਭਾਇ ॥੧॥ ਰਹਾਉ ॥ ਆਪੇ ਨੇੜੈ ਆਪੇ ਦੂਰਿ ॥ ਗੁਰ ਕੈ ਸਬਦਿ ਵੇਖੈ ਸਦ ਹਜੂਰਿ ॥ ਛਾਵ ਘਣੀ ਫੂਲੀ ਬਨਰਾਇ ॥ ਗੁਰਮੁਖਿ ਬਿਗਸੈ ਸਹਜਿ ਸੁਭਾਇ ॥੨॥ ਅਨਦਿਨੁ ਕੀਰਤਨੁ ਕਰਹਿ ਦਿਨ ਰਾਤਿ ॥ ਸਤਿਗੁਰਿ ਗਵਾਈ ਵਿਚਹੁ ਜੂਠਿ ਭਰਾਂਤਿ ॥ ਪਰਪੰਚ ਵੇਖਿ ਰਹਿਆ ਵਿਸਮਾਦੁ ॥ ਗੁਰਮੁਖਿ ਪਾਈਐ ਨਾਮ ਪ੍ਰਸਾਦੁ ॥੩॥ ਆਪੇ ਕਰਤਾ ਸਭਿ ਰਸ ਭੋਗ ॥ ਜੋ ਕਿਛੁ ਕਰੇ ਸੋਈ ਪਰੁ ਹੋਗ ॥ ਵਡਾ ਦਾਤਾ ਤਿਲੁ ਨ ਤਮਾਇ ॥ ਨਾਨਕ ਮਿਲੀਐ ਸਬਦੁ ਕਮਾਇ ॥੪॥੬॥ {ਪੰਨਾ 1173-1174}

ਅਰਥ: ਹੇ (ਮੇਰੇ) ਮਨ! ਆਤਮਕ ਅਡੋਲਤਾ ਦੇਣ ਵਾਲੇ (ਗੁਰ-) ਪਿਆਰ ਵਿਚ (ਟਿਕਿਆ ਰਹੁ। ਇਸ ਤਰ੍ਹਾਂ ਤੂੰ) ਆਤਮਕ ਜੀਵਨ ਦੀ ਤਰਾਵਤ ਨਾਲ ਭਰਪੂਰ ਹੋ ਜਾਇਂਗਾ। ਹੇ ਮਨ! ਗੁਰੂ ਦੇ ਪਿਆਰ ਦੀ ਬਰਕਤਿ ਨਾਲ (ਸਰੀਰ-ਰੁੱਖ ਨੂੰ) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਨਾਮ-ਫਲ ਲੱਗਦਾ ਹੈ।1। ਰਹਾਉ।

ਹੇ ਭਾਈ! ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਅੰਦਰੋਂ) ਮਾਇਆ ਦਾ ਮੋਹ ਸਾੜ ਦੇਂਦਾ ਹੈ, ਗੁਰੂ ਦੇ ਪਿਆਰ ਦੀ ਬਰਕਤਿ ਨਾਲ ਉਸ ਦਾ ਮਨ ਉਸ ਦਾ ਤਨ ਆਤਮਕ ਜੀਵਨ ਨਾਲ ਭਰਪੂਰ ਹੋ ਜਾਂਦਾ ਹੈ। ਹੇ ਭਾਈ! ਜਿਹੜਾ ਮਨੁੱਖ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਵਿਚ, ਹਰਿ-ਨਾਮ ਦੇ ਪਿਆਰ ਵਿਚ (ਟਿਕ ਕੇ ਸਦਾ) ਪਰਮਾਤਮਾ ਦੇ ਦਰ ਤੇ (ਪ੍ਰਭੂ-ਚਰਨਾਂ ਵਿਚ) ਟਿਕਿਆ ਰਹਿੰਦਾ ਹੈ ਉਸ ਦਾ (ਸਰੀਰ-) ਰੁੱਖ ਸਫਲ ਹੋ ਜਾਂਦਾ ਹੈ।1।

ਹੇ ਭਾਈ! ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਜਿਹੜਾ ਮਨੁੱਖ ਪਰਮਾਤਮਾ ਨੂੰ) ਸਦਾ ਆਪਣੇ ਅੰਗ-ਸੰਗ ਵੱਸਦਾ ਵੇਖਦਾ ਹੈ (ਉਸ ਨੂੰ ਸਮਝ ਆ ਜਾਂਦੀ ਹੈ ਕਿ ਪ੍ਰਭੂ) ਆਪ ਹੀ (ਕਿਸੇ ਨੂੰ) ਨੇੜੇ (ਦਿੱਸ ਰਿਹਾ ਹੈ) ਆਪ ਹੀ (ਕਿਸੇ ਨੂੰ ਦੂਰ ਵੱਸਦਾ ਜਾਪਦਾ ਹੈ। ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ ਪ੍ਰਭੂ-ਪਿਆਰ ਵਿਚ ਜੁੜ ਕੇ (ਸਦਾ) ਆਨੰਦ-ਭਰਪੂਰ ਰਹਿੰਦਾ ਹੈ (ਉਸ ਨੂੰ ਪਰਤੱਖ ਦਿੱਸਦਾ ਹੈ ਕਿ ਪਰਮਾਤਮਾ ਦੀ ਜੋਤਿ-ਅਗਨੀ ਨਾਲ ਹੀ) ਸਾਰੀ ਬਨਸਪਤੀ ਸੰਘਣੀ ਛਾਂ ਵਾਲੀ ਹੈ ਤੇ ਖਿੜੀ ਹੋਈ ਹੈ।2।

ਹੇ ਭਾਈ! ਜਿਹੜੇ ਮਨੁੱਖ ਦਿਨ ਰਾਤ ਹਰ ਵੇਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦੇ ਹਨ, ਗੁਰੂ ਨੇ ਉਹਨਾਂ ਦੇ ਅੰਦਰੋਂ (ਮਾਇਆ ਦੀ ਖ਼ਾਤਰ) ਭਟਕਣਾ ਦੀ ਮੈਲ ਦੂਰ ਕਰ ਦਿੱਤੀ ਹੈ। ਹੇ ਭਾਈ! ਗੁਰੂ ਦੇ ਸਨਮੁਖ ਰਿਹਾਂ ਪਰਮਾਤਮਾ ਦੇ ਨਾਮ ਦੀ ਦਾਤਿ ਮਿਲਦੀ ਹੈ (ਜਿਸ ਨੂੰ ਇਹ ਦਾਤਿ ਮਿਲਦੀ ਹੈ ਉਹ ਮਨੁੱਖ ਪਰਮਾਤਮਾ ਦੀ ਰਚੀ ਇਸ) ਜਗਤ-ਖੇਡ ਨੂੰ ਵੇਖ ਕੇ 'ਵਾਹ ਵਾਹ' ਕਰ ਉੱਠਦਾ ਹੈ।3।

ਹੇ ਭਾਈ! (ਪਰਮਾਤਮਾ ਸਭ ਥਾਈਂ ਵਿਆਪਕ ਹੋ ਕੇ) ਆਪ ਹੀ ਸਾਰੇ ਰਸ ਭੋਗ ਰਿਹਾ ਹੈ। ਜੋ ਕੁਝ ਉਹ ਪ੍ਰਭੂ ਕਰਨਾ ਚਾਹੁੰਦਾ ਹੈ ਜ਼ਰੂਰ ਉਹੀ ਹੁੰਦਾ ਹੈ। ਉਹ ਪਰਮਾਤਮਾ ਸਭ ਤੋਂ ਵੱਡਾ ਦਾਤਾ ਹੈ, ਉਸ ਨੂੰ ਆਪ ਨੂੰ ਰਤਾ ਭਰ ਭੀ ਕੋਈ ਲਾਲਚ ਨਹੀਂ ਹੈ। ਹੇ ਨਾਨਕ! ਗੁਰੂ ਦੇ ਸ਼ਬਦ ਨੂੰ ਆਪਣੇ ਜੀਵਨ ਵਿਚ ਢਾਲ ਕੇ (ਹੀ ਉਸ ਨੂੰ) ਮਿਲਿਆ ਜਾ ਸਕਦਾ ਹੈ।4।6।

*┈┉┅━❀꧁ੴ꧂❀━┅┉┈*

||ਅੱਜ ਦਾ ਫੁਰਮਾਨ|| ਤਖ਼ਤ ਸ੍ਰੀ ਪਟਨਾ ਸਾਹਿਬ ||

ਰਾਗੁ ਸੋਰਠਿ ਬਾਣੀ ਭਗਤ ਰਵਿਦਾਸ ਜੀ ਕੀ    ੴ ਸਤਿਗੁਰ ਪ੍ਰਸਾਦਿ ॥ ਜਬ ਹਮ ਹੋਤੇ ਤਬ ਤੂ ਨਾਹੀ ਅਬ ਤੂਹੀ ਮੈ ਨਾਹੀ ॥ ਅਨਲ ਅਗਮ ਜੈਸੇ ਲਹਰਿ ਮਇ ਓਦਧਿ ਜਲ ਕੇਵਲ ਜਲ ਮਾਂਹੀ ॥੧॥ ਮਾਧਵੇ ਕਿਆ ਕਹੀਐ ਭ੍ਰਮੁ ਐਸਾ ॥ ਜੈਸਾ ਮਾਨੀਐ ਹੋਇ ਨ ਤੈਸਾ ॥੧॥ ਰਹਾਉ ॥ ਨਰਪਤਿ ਏਕੁ ਸਿੰਘਾਸਨਿ ਸੋਇਆ ਸੁਪਨੇ ਭਇਆ ਭਿਖਾਰੀ ॥ ਅਛਤ ਰਾਜ ਬਿਛੁਰਤ ਦੁਖੁ ਪਾਇਆ ਸੋ ਗਤਿ ਭਈ ਹਮਾਰੀ ॥੨॥ ਰਾਜ ਭੁਇਅੰਗ ਪ੍ਰਸੰਗ ਜੈਸੇ ਹਹਿ ਅਬ ਕਛੁ ਮਰਮੁ ਜਨਾਇਆ ॥ ਅਨਿਕ ਕਟਕ ਜੈਸੇ ਭੂਲਿ ਪਰੇ ਅਬ ਕਹਤੇ ਕਹਨੁ ਨ ਆਇਆ ॥੩॥ ਸਰਬੇ ਏਕੁ ਅਨੇਕੈ ਸੁਆਮੀ ਸਭ ਘਟ ਭਗਵੈ ਸੋਈ ॥ ਕਹਿ ਰਵਿਦਾਸ ਹਾਥ ਪੈ ਨੇਰੈ ਸਹਜੇ ਹੋਇ ਸੁ ਹੋਈ ॥੪॥੧॥ {ਪੰਨਾ 657-658}

ਅਰਥ: (ਹੇ ਮਾਧੋ!) ਜਿਤਨਾ ਚਿਰ ਅਸਾਂ ਜੀਵਾਂ ਦੇ ਅੰਦਰ ਹਉਮੈ ਰਹਿੰਦੀ ਹੈ, ਉਤਨਾ ਚਿਰ ਤੂੰ (ਅਸਾਡੇ ਅੰਦਰ) ਪਰਗਟ ਨਹੀਂ ਹੁੰਦਾਪਰ ਜਦੋਂ ਤੂੰ ਪ੍ਰਤੱਖ ਹੁੰਦਾ ਹੈਂ ਤਦੋਂ ਅਸਾਡੀ 'ਮੈਂਦੂਰ ਹੋ ਜਾਂਦੀ ਹੈ; (ਇਸ 'ਮੈਂਦੇ ਹਟਣ ਨਾਲ ਇਹ ਸਮਝ ਆ ਜਾਂਦੀ ਹੈ ਕਿ) ਜਿਵੇਂ ਬੜਾ ਤੂਫ਼ਾਨ ਆਇਆਂ ਸਮੁੰਦਰ ਲਹਿਰਾਂ ਨਾਲ ਨਕਾ-ਨਕ ਭਰ ਜਾਂਦਾ ਹੈ, ਪਰ ਅਸਲ ਵਿਚ ਉਹ (ਲਹਿਰਾਂ ਸਮੁੰਦਰ ਦੇ) ਪਾਣੀ ਵਿਚ ਪਾਣੀ ਹੀ ਹੈ (ਤਿਵੇਂ ਇਹ ਸਾਰੇ ਜੀਆ ਜੰਤ ਤੇਰਾ ਆਪਣਾ ਹੀ ਵਿਕਾਸ ਹੈ੧।

ਹੇ ਮਾਧੋ! ਅਸਾਂ ਜੀਵਾਂ ਨੂੰ ਕੁਝ ਅਜਿਹਾ ਭੁਲੇਖਾ ਪਿਆ ਹੋਇਆ ਹੈ ਕਿ ਇਹ ਬਿਆਨ ਨਹੀਂ ਕੀਤਾ ਜਾ ਸਕਦਾ। ਅਸੀ ਜੋ ਮੰਨੀ ਬੈਠੇ ਹਾਂ (ਕਿ ਜਗਤ ਤੇਰੇ ਨਾਲੋਂ ਕੋਈ ਵੱਖਰੀ ਹਸਤੀ ਹੈ) , ਉਹ ਠੀਕ ਨਹੀਂ ਹੈ।੧।ਰਹਾਉ।

(ਜਿਵੇਂ) ਕੋਈ ਰਾਜਾ ਆਪਣੇ ਤਖ਼ਤ ਉਤੇ ਸੌਂ ਜਾਏ, ਤੇ, ਸੁਫ਼ਨੇ ਵਿਚ ਮੰਗਤਾ ਬਣ ਜਾਏ, ਰਾਜ ਹੁੰਦਿਆਂ ਸੁੰਦਿਆਂ ਉਹ (ਸੁਪਨੇ ਵਿਚ ਰਾਜ ਤੋਂ) ਵਿਛੜ ਕੇ ਦੁੱਖੀ ਹੁੰਦਾ ਹੈ, ਤਿਵੇਂ ਹੀ (ਹੇ ਮਾਧੋ! ਤੈਥੋਂ ਵਿਛੁੜ ਕੇਅਸਾਡਾ ਜੀਵਾਂ ਦਾ ਹਾਲ ਹੋ ਰਿਹਾ ਹੈ।੨।

ਜਿਵੇਂ ਰੱਸੀ ਤੇ ਸੱਪ ਦਾ ਦ੍ਰਿਸ਼ਟਾਂਤ ਹੈ, ਜਿਵੇਂ (ਸੋਨੇ ਤੋਂ ਬਣੇ ਹੋਏ) ਅਨੇਕਾਂ ਕੜੇ ਵੇਖ ਕੇ ਭੁਲੇਖਾ ਪੈ ਜਾਏ (ਕਿ ਸੋਨਾ ਹੀ ਕਈ ਕਿਸਮ ਦਾ ਹੁੰਦਾ ਹੈ, ਤਿਵੇਂ ਅਸਾਨੂੰ ਭੁਲੇਖਾ ਬਣਿਆ ਪਿਆ ਹੈ ਕਿ ਇਹ ਜਗਤ ਤੈਥੋਂ ਵੱਖਰਾ ਹੈ) , ਪਰ ਤੂੰ ਮੈਨੂੰ ਹੁਣ ਕੁਝ ਕੁਝ ਭੇਤ ਜਣਾ ਦਿੱਤਾ ਹੈ। ਹੁਣ ਉਹ ਪੁਰਾਣੀ ਵਿਤਕਰੇ ਵਾਲੀ ਗੱਲ ਮੈਥੋਂ ਆਖੀ ਨਹੀਂ ਜਾਂਦੀ (ਭਾਵ, ਹੁਣ ਮੈਂ ਇਹ ਨਹੀਂ ਆਖਦਾ ਕਿ ਜਗਤ ਤੈਥੋਂ ਵੱਖਰੀ ਹਸਤੀ ਹੈ੩।

(ਹੁਣ ਤਾਂ) ਰਵਿਦਾਸ ਆਖਦਾ ਹੈ ਕਿ ਉਹ ਪ੍ਰਭੂ-ਖਸਮ ਅਨੇਕਾਂ ਰੂਪ ਬਣਾ ਕੇ ਸਾਰਿਆਂ ਵਿਚ ਇੱਕ ਆਪ ਹੀ ਹੈ, ਸਭ ਘਟਾਂ ਵਿਚ ਆਪ ਹੀ ਬੈਠਾ ਜਗਤ ਦੇ ਰੰਗ ਮਾਣ ਰਿਹਾ ਹੈ। (ਦੂਰ ਨਹੀਂ) ਮੇਰੇ ਹੱਥ ਤੋਂ ਭੀ ਨੇੜੇ ਹੈ, ਜੋ ਕੁਝ (ਜਗਤ ਵਿਚ) ਵਰਤ ਰਿਹਾ ਹੈ, ਉਸੇ ਦੀ ਰਜ਼ਾ ਵਿਚ ਹੋ ਰਿਹਾ ਹੈ।੪।੧।

*┈┉┅━❀꧁ੴ꧂❀━┅┉┈*

||ਅੱਜ ਦਾ ਫੁਰਮਾਨ|| ਤਖ਼ਤ ਸ੍ਰੀ ਕੇਸ਼ਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ (ਰੋਪੜ) ||

ਸੋਰਠਿ ਮਹਲਾ ੫ ਘਰੁ ੨ ॥ ਮਾਤ ਗਰਭ ਮਹਿ ਆਪਨ ਸਿਮਰਨੁ ਦੇ ਤਹ ਤੁਮ ਰਾਖਨਹਾਰੇ ॥ ਪਾਵਕ ਸਾਗਰ ਅਥਾਹ ਲਹਰਿ ਮਹਿ ਤਾਰਹੁ ਤਾਰਨਹਾਰੇ ॥੧॥ ਮਾਧੌ ਤੂ ਠਾਕੁਰੁ ਸਿਰਿ ਮੋਰਾ ॥ ਈਹਾ ਊਹਾ ਤੁਹਾਰੋ ਧੋਰਾ ॥ ਰਹਾਉ ॥ ਕੀਤੇ ਕਉ ਮੇਰੈ ਸੰਮਾਨੈ ਕਰਣਹਾਰੁ ਤ੍ਰਿਣੁ ਜਾਨੈ ॥ ਤੂ ਦਾਤਾ ਮਾਗਨ ਕਉ ਸਗਲੀ ਦਾਨੁ ਦੇਹਿ ਪ੍ਰਭ ਭਾਨੈ ॥੨॥ ਖਿਨ ਮਹਿ ਅਵਰੁ ਖਿਨੈ ਮਹਿ ਅਵਰਾ ਅਚਰਜ ਚਲਤ ਤੁਮਾਰੇ ॥ ਰੂੜੋ ਗੂੜੋ ਗਹਿਰ ਗੰਭੀਰੋ ਊਚੌ ਅਗਮ ਅਪਾਰੇ ॥੩॥ ਸਾਧਸੰਗਿ ਜਉ ਤੁਮਹਿ ਮਿਲਾਇਓ ਤਉ ਸੁਨੀ ਤੁਮਾਰੀ ਬਾਣੀ ॥ ਅਨਦੁ ਭਇਆ ਪੇਖਤ ਹੀ ਨਾਨਕ ਪ੍ਰਤਾਪ ਪੁਰਖ ਨਿਰਬਾਣੀ ॥੪॥੭॥੧੮॥ {ਪੰਨਾ 613}

ਅਰਥ: ਹੇ ਪ੍ਰਭੂ! ਤੂੰ ਮੇਰੇ ਸਿਰ ਉੱਤੇ ਰਾਖਾ ਹੈਂ ਇਸ ਲੋਕ ਵਿਚ, ਤੇ, ਪਰਲੋਕ ਵਿਚ ਮੈਨੂੰ ਤੇਰਾ ਹੀ ਆਸਰਾ ਹੈ।ਰਹਾਉ।

ਹੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਣ ਦੀ ਸਮਰਥਾ ਰੱਖਣ ਵਾਲੇਮਾਂ ਦੇ ਪੇਟ ਵਿਚ ਸਾਨੂੰ ਤੂੰ ਆਪਣਾ ਸਿਮਰਨ ਦੇ ਕੇ ਉੱਥੇ ਸਾਡੀ ਰੱਖਿਆ ਕਰਨ ਵਾਲਾ ਹੈਂ। (ਵਿਕਾਰਾਂ ਦੀ) ਅੱਗ ਦੇ ਸਮੁੰਦਰ ਦੀਆਂ ਡੂੰਘੀਆਂ ਲਹਿਰਾਂ ਵਿਚ ਡਿੱਗੇ ਪਏ ਨੂੰ ਭੀ ਮੈਨੂੰ ਪਾਰ ਲੰਘਾ ਲੈ।੧।

ਹੇ ਪ੍ਰਭੂ! ਤੇਰੇ ਪੈਦਾ ਕੀਤੇ ਪਦਾਰਥਾਂ ਨੂੰ (ਇਹ ਜੀਵ) ਮੇਰੂ ਪਰਬਤ ਜੇਡੀਆਂ ਵੱਡੀਆਂ ਸਮਝਦਾ ਹੈ, ਪਰ ਤੈਨੂੰ ਜੋ ਤੂੰ ਸਭ ਦਾ ਪੈਦਾ ਕਰਨ ਵਾਲਾ ਹੈਂ ਇਕ ਤੀਲੇ ਵਰਗਾ ਜਾਣਦਾ ਹੈਂ। ਹੇ ਪ੍ਰਭੂਤੂੰ ਸਭ ਦਾਤਾਂ ਦੇਣ ਵਾਲਾ ਹੈਂ, ਸਾਰੀ ਲੁਕਾਈ ਤੇਰੇ ਹੀ ਦਰ ਤੋਂ ਮੰਗਣ ਵਾਲੀ ਹੈ, ਤੂੰ ਆਪਣੀ ਰਜ਼ਾ ਵਿਚ ਸਭ ਨੂੰ ਦਾਨ ਦੇਂਦਾ ਹੈਂ।੨।

ਹੇ ਪ੍ਰਭੂ! ਤੇਰੇ ਕੌਤਕ ਹੈਰਾਨ ਕਰ ਦੇਣ ਵਾਲੇ ਹਨ, ਇਕ ਛਿਨ ਵਿਚ ਤੂੰ ਕੁਝ ਦਾ ਕੁਝ ਬਣਾ ਦੇਂਦਾ ਹੈਂ। ਹੇ ਅਪਹੁੰਚ! ਹੇ ਬੇਅੰਤ। ਤੂੰ ਸਭ ਤੋਂ ਉੱਚਾ ਹੈਂ, ਤੂੰ ਸੋਹਣਾ ਹੈਂ, ਤੂੰ ਵੱਡੇ ਜਿਗਰੇ ਵਾਲਾ ਹੈਂ, ਤੂੰ ਸਾਰੇ ਸੰਸਾਰ ਵਿਚ ਗੁਪਤ ਵੱਸ ਰਿਹਾ ਹੈਂ।੩।

ਹੇ ਨਾਨਕ! ਆਖ-) ਹੇ ਸਰਬ-ਵਿਆਪਕ ਪ੍ਰਭੂ! ਜਦੋਂ ਤੂੰ ਆਪ ਹੀ (ਕਿਸੇ ਜੀਵ ਨੂੰ) ਸਾਧ ਸੰਗਤਿ ਵਿਚ ਮਿਲਾਂਦਾ ਹੈਂ, ਤਦੋਂ ਉਹ ਤੇਰੀ ਸਿਫ਼ਤਿ-ਸਾਲਾਹ ਦੀ ਬਾਣੀ ਸੁਣਦਾ ਹੈ। (ਹੇ ਭਾਈ!) ਵਾਸ਼ਨਾ-ਰਹਿਤ ਸਰਬ-ਵਿਆਪਕ ਪ੍ਰਭੂ ਦਾ ਪਰਤਾਪ ਵੇਖ ਕੇ ਤਦੋਂ ਉਸ ਦੇ ਅੰਦਰ ਆਤਮਕ ਆਨੰਦ ਪੈਦਾ ਹੁੰਦਾ ਹੈ।੪।੭।੧੮।

*┈┉┅━❀꧁ੴ꧂❀━┅┉┈*

||ਅੱਜ ਦਾ ਫੁਰਮਾਨ|| ਤਖ਼ਤ ਸ੍ਰੀ ਦਮਦਮਾ ਸਾਹਿਬ (ਤਲਵੰਡੀ ਸਾਬੋ)  ||

ਧਨਾਸਰੀ ਮਹਲਾ ੪ ॥ ਇਛਾ ਪੂਰਕੁ ਸਰਬ ਸੁਖਦਾਤਾ ਹਰਿ ਜਾ ਕੈ ਵਸਿ ਹੈ ਕਾਮਧੇਨਾ ॥ ਸੋ ਐਸਾ ਹਰਿ ਧਿਆਈਐ ਮੇਰੇ ਜੀਅੜੇ ਤਾ ਸਰਬ ਸੁਖ ਪਾਵਹਿ ਮੇਰੇ ਮਨਾ ॥੧॥ ਜਪਿ ਮਨ ਸਤਿ ਨਾਮੁ ਸਦਾ ਸਤਿ ਨਾਮੁ ॥ ਹਲਤਿ ਪਲਤਿ ਮੁਖ ਊਜਲ ਹੋਈ ਹੈ ਨਿਤ ਧਿਆਈਐ ਹਰਿ ਪੁਰਖੁ ਨਿਰੰਜਨਾ ॥ ਰਹਾਉ ॥ ਜਹ ਹਰਿ ਸਿਮਰਨੁ ਭਇਆ ਤਹ ਉਪਾਧਿ ਗਤੁ ਕੀਨੀ ਵਡਭਾਗੀ ਹਰਿ ਜਪਨਾ ॥ ਜਨ ਨਾਨਕ ਕਉ ਗੁਰਿ ਇਹ ਮਤਿ ਦੀਨੀ ਜਪਿ ਹਰਿ ਭਵਜਲੁ ਤਰਨਾ ॥੨॥੬॥੧੨॥ {ਪੰਨਾ 669-670}

ਅਰਥ: ਹੇ ਮਨ! ਸਦਾ-ਥਿਰ ਪ੍ਰਭੂ ਦਾ ਨਾਮ ਸਦਾ ਜਪਿਆ ਕਰ। ਹੇ ਭਾਈ! ਸਰਬ-ਵਿਆਪਕ ਨਿਰਲੇਪ ਹਰੀ ਦਾ ਸਦਾ ਧਿਆਨ ਧਰਨਾ ਚਾਹੀਦਾ ਹੈ, (ਇਸ ਤਰ੍ਹਾਂ) ਲੋਕ ਪਰਲੋਕ ਵਿਚ ਇੱਜ਼ਤ ਖੱਟ ਲਈਦੀ ਹੈ।ਰਹਾਉ।

ਹੇ ਮੇਰੀ ਜਿੰਦੇ! ਜੇਹੜਾ ਹਰੀ ਸਾਰੀਆਂ ਕਾਮਨਾਂ ਪੂਰੀਆਂ ਕਰਨ ਵਾਲਾ ਹੈ, ਜੇਹੜਾ ਸਾਰੇ ਸੁਖ ਦੇਣ ਵਾਲਾ ਹੈ, ਜਿਸ ਦੇ ਵੱਸ ਵਿਚ (ਸ੍ਵਰਗ ਵਿਚ ਰਹਿਣ ਵਾਲੀ ਸਮਝੀ ਗਈ) ਕਾਮਧੇਨ ਹੈ ਉਸ ਅਜੇਹੀ ਸਮਰਥਾ ਵਾਲੇ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ। ਹੇ ਮੇਰੇ ਮਨ! ਜਦੋਂ ਤੂੰ ਪਰਮਾਤਮਾ ਦਾ ਸਿਮਰਨ ਕਰੇਂਗਾ) ਤਦੋਂ ਸਾਰੇ ਸੁਖ ਹਾਸਲ ਕਰ ਲਏਂਗਾ।੧।

ਹੇ ਭਾਈ! ਜਿਸ ਹਿਰਦੇ ਵਿਚ ਪਰਮਾਤਮਾ ਦੀ ਭਗਤੀ ਹੁੰਦੀ ਹੈ ਉਸ ਵਿਚੋਂ ਹਰੇਕ ਕਿਸਮ ਦਾ ਝਗੜਾ-ਬਖੇੜਾ ਚਾਲੇ ਪਾ ਜਾਂਦਾ ਹੈ। (ਫਿਰ ਭੀਵੱਡੇ ਭਾਗਾਂ ਨਾਲ ਹੀ ਪਰਮਾਤਮਾ ਦਾ ਭਜਨ ਹੋ ਸਕਦਾ ਹੈ। ਹੇ ਭਾਈ! ਦਾਸ ਨਾਨਕ ਨੂੰ (ਤਾਂ) ਗੁਰੂ ਨੇ ਇਹ ਸਮਝ ਬਖ਼ਸ਼ੀ ਹੈ ਕਿ ਪਰਮਾਤਮਾ ਦਾ ਨਾਮ ਜਪ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ।੨।੬।੧੨।

*┈┉┅━❀꧁ੴ꧂❀━┅┉┈*

||ਅੱਜ ਦਾ ਫੁਰਮਾਨ|| ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ||

ਰਾਗੁ ਸੂਹੀ ਛੰਤ ਮਹਲਾ ੧ ਘਰੁ ੧    ੴ ਸਤਿਗੁਰ ਪ੍ਰਸਾਦਿ ॥ ਭਰਿ ਜੋਬਨਿ ਮੈ ਮਤ ਪੇਈਅੜੈ ਘਰਿ ਪਾਹੁਣੀ ਬਲਿ ਰਾਮ ਜੀਉ ॥ ਮੈਲੀ ਅਵਗਣਿ ਚਿਤਿ ਬਿਨੁ ਗੁਰ ਗੁਣ ਨ ਸਮਾਵਨੀ ਬਲਿ ਰਾਮ ਜੀਉ ॥ ਗੁਣ ਸਾਰ ਨ ਜਾਣੀ ਭਰਮਿ ਭੁਲਾਣੀ ਜੋਬਨੁ ਬਾਦਿ ਗਵਾਇਆ ॥ ਵਰੁ ਘਰੁ ਦਰੁ ਦਰਸਨੁ ਨਹੀ ਜਾਤਾ ਪਿਰ ਕਾ ਸਹਜੁ ਨ ਭਾਇਆ ॥ ਸਤਿਗੁਰ ਪੂਛਿ ਨ ਮਾਰਗਿ ਚਾਲੀ ਸੂਤੀ ਰੈਣਿ ਵਿਹਾਣੀ ॥ ਨਾਨਕ ਬਾਲਤਣਿ ਰਾਡੇਪਾ ਬਿਨੁ ਪਿਰ ਧਨ ਕੁਮਲਾਣੀ ॥੧॥ ਬਾਬਾ ਮੈ ਵਰੁ ਦੇਹਿ ਮੈ ਹਰਿ ਵਰੁ ਭਾਵੈ ਤਿਸ ਕੀ ਬਲਿ ਰਾਮ ਜੀਉ ॥ ਰਵਿ ਰਹਿਆ ਜੁਗ ਚਾਰਿ ਤ੍ਰਿਭਵਣ ਬਾਣੀ ਜਿਸ ਕੀ ਬਲਿ ਰਾਮ ਜੀਉ ॥ ਤ੍ਰਿਭਵਣ ਕੰਤੁ ਰਵੈ ਸੋਹਾਗਣਿ ਅਵਗਣਵੰਤੀ ਦੂਰੇ ॥ ਜੈਸੀ ਆਸਾ ਤੈਸੀ ਮਨਸਾ ਪੂਰਿ ਰਹਿਆ ਭਰਪੂਰੇ ॥ ਹਰਿ ਕੀ ਨਾਰਿ ਸੁ ਸਰਬ ਸੁਹਾਗਣਿ ਰਾਂਡ ਨ ਮੈਲੈ ਵੇਸੇ ॥ ਨਾਨਕ ਮੈ ਵਰੁ ਸਾਚਾ ਭਾਵੈ ਜੁਗਿ ਜੁਗਿ ਪ੍ਰੀਤਮ ਤੈਸੇ ॥੨॥ ਬਾਬਾ ਲਗਨੁ ਗਣਾਇ ਹੰ ਭੀ ਵੰਞਾ ਸਾਹੁਰੈ ਬਲਿ ਰਾਮ ਜੀਉ ॥ ਸਾਹਾ ਹੁਕਮੁ ਰਜਾਇ ਸੋ ਨ ਟਲੈ ਜੋ ਪ੍ਰਭੁ ਕਰੈ ਬਲਿ ਰਾਮ ਜੀਉ ॥ ਕਿਰਤੁ ਪਇਆ ਕਰਤੈ ਕਰਿ ਪਾਇਆ ਮੇਟਿ ਨ ਸਕੈ ਕੋਈ ॥ ਜਾਞੀ ਨਾਉ ਨਰਹ ਨਿਹਕੇਵਲੁ ਰਵਿ ਰਹਿਆ ਤਿਹੁ ਲੋਈ ॥ ਮਾਇ ਨਿਰਾਸੀ ਰੋਇ ਵਿਛੁੰਨੀ ਬਾਲੀ ਬਾਲੈ ਹੇਤੇ ॥ ਨਾਨਕ ਸਾਚ ਸਬਦਿ ਸੁਖ ਮਹਲੀ ਗੁਰ ਚਰਣੀ ਪ੍ਰਭੁ ਚੇਤੇ ॥੩॥ ਬਾਬੁਲਿ ਦਿਤੜੀ ਦੂਰਿ ਨਾ ਆਵੈ ਘਰਿ ਪੇਈਐ ਬਲਿ ਰਾਮ ਜੀਉ ॥ ਰਹਸੀ ਵੇਖਿ ਹਦੂਰਿ ਪਿਰਿ ਰਾਵੀ ਘਰਿ ਸੋਹੀਐ ਬਲਿ ਰਾਮ ਜੀਉ ॥ ਸਾਚੇ ਪਿਰ ਲੋੜੀ ਪ੍ਰੀਤਮ ਜੋੜੀ ਮਤਿ ਪੂਰੀ ਪਰਧਾਨੇ ॥ ਸੰਜੋਗੀ ਮੇਲਾ ਥਾਨਿ ਸੁਹੇਲਾ ਗੁਣਵੰਤੀ ਗੁਰ ਗਿਆਨੇ ॥ ਸਤੁ ਸੰਤੋਖੁ ਸਦਾ ਸਚੁ ਪਲੈ ਸਚੁ ਬੋਲੈ ਪਿਰ ਭਾਏ ॥ ਨਾਨਕ ਵਿਛੁੜਿ ਨਾ ਦੁਖੁ ਪਾਏ ਗੁਰਮਤਿ ਅੰਕਿ ਸਮਾਏ ॥੪॥੧॥ {ਪੰਨਾ 763-764}

ਅਰਥ: ਹੇ ਪ੍ਰਭੂ ਜੀ! ਮੈਂ ਤੈਥੋਂ ਸਦਕੇ ਹਾਂ (ਤੂੰ ਕੈਸੀ ਅਚਰਜ ਲੀਲਾ ਰਚਾਈ ਹੈ!) ਜੀਵ-ਇਸਤ੍ਰੀ (ਤੇਰੀ ਰਚੀ ਮਾਇਆ ਦੇ ਪ੍ਰਭਾਵ ਹੇਠ) ਜਵਾਨੀ ਦੇ ਸਮੇ ਇਉਂ ਮਸਤ ਹੈ ਜਿਵੇਂ ਸ਼ਰਾਬ ਪੀ ਕੇ ਮਦ ਹੋਸ਼ ਹੈ, (ਇਹ ਭੀ ਨਹੀਂ ਸਮਝਦੀ ਕਿ) ਇਸ ਪੇਕੇ-ਘਰ ਵਿਚ (ਇਸ ਜਗਤ ਵਿਚ) ਉਹ ਇਕ ਪ੍ਰਾਹੁਣੀ ਹੀ ਹੈ। ਵਿਕਾਰਾਂ ਦੀ ਕਮਾਈ ਨਾਲ ਚਿੱਤ ਵਿਚ ਉਹ ਮੈਲੀ ਰਹਿੰਦੀ ਹੈ (ਗੁਰੂ ਦੀ ਸਰਨ ਨਹੀਂ ਆਉਂਦੀ, ਤੇ) ਗੁਰੂ (ਦੀ ਸਰਨ ਪੈਣ) ਤੋਂ ਬਿਨਾ (ਹਿਰਦੇ ਵਿਚ) ਗੁਣ ਟਿਕ ਨਹੀਂ ਸਕਦੇ।

(ਮਾਇਆ ਦੀ) ਭਟਕਣਾ ਵਿਚ ਪੈ ਕੇ ਜੀਵ-ਇਸਤ੍ਰੀ ਨੇ (ਪ੍ਰਭੂ ਦੇ) ਗੁਣਾਂ ਦੀ ਕੀਮਤ ਨਾਹ ਸਮਝੀ, ਕੁਰਾਹੇ ਪਈ ਰਹੀ, ਤੇ ਜਵਾਨੀ ਦਾ ਸਮਾ ਵਿਅਰਥ ਗਵਾ ਲਿਆ। ਨਾਹ ਉਸ ਨੇ ਖਸਮ-ਪ੍ਰਭੂ ਨਾਲ ਸਾਂਝ ਪਾਈ, ਨਾਹ ਉਸ ਦੇ ਦਰ ਨਾਹ ਉਸ ਦੇ ਘਰ ਤੇ ਨਾਹ ਹੀ ਉਸ ਦੇ ਦਰਸਨ ਦੀ ਕਦਰ ਪਛਾਣੀ। (ਭਟਕਣਾ ਵਿਚ ਹੀ ਰਹਿ ਕੇ) ਜੀਵ-ਇਸਤ੍ਰੀ ਨੂੰ ਪ੍ਰਭੂ-ਪਤੀ ਦਾ ਸੁਭਾਉ ਭੀ ਪਸੰਦ ਨਾਹ ਆਇਆ।

ਮਾਇਆ ਦੇ ਮੋਹ ਵਿਚ ਸੁੱਤੀ ਹੋਈ ਜੀਵ-ਇਸਤ੍ਰੀ ਦੀ ਜ਼ਿੰਦਗੀ ਦੀ ਸਾਰੀ ਰਾਤ ਬੀਤ ਗਈ, ਸਤਿਗੁਰੂ ਦੀ ਸਿੱਖਿਆ ਲੈ ਕੇ ਜੀਵਨ ਦੇ ਠੀਕ ਰਸਤੇ ਉਤੇ ਕਦੇ ਭੀ ਨਾਹ ਤੁਰੀ। ਹੇ ਨਾਨਕ! ਅਜੇਹੀ ਜੀਵ-ਇਸਤ੍ਰੀ ਨੇ ਤਾਂ ਬਾਲ-ਉਮਰੇ ਹੀ ਰੰਡੇਪਾ ਸਹੇੜ ਲਿਆ,

ਤੇ ਪ੍ਰਭੂ-ਪਤੀ ਦੇ ਮਿਲਾਪ ਤੋਂ ਬਿਨਾ ਉਸ ਦਾ ਹਿਰਦਾ-ਕਮਲ ਕੁਮਲਾਇਆ ਹੀ ਰਿਹਾ।੧।

ਹੇ ਪਿਆਰੇ ਸਤਿਗੁਰੂ! ਮੈਨੂੰ ਖਸਮ-ਪ੍ਰਭੂ ਮਿਲਾ। (ਮੇਹਰ ਕਰ) ਮੈਨੂੰ ਉਹ ਪ੍ਰਭੂ-ਪਤੀ ਪਿਆਰਾ ਲੱਗੇ, ਮੈਂ ਉਸ ਤੋਂ ਸਦਕੇ ਜਾਵਾਂ, ਜੋ ਸਦਾ ਹੀ ਹਰ ਥਾਂ ਵਿਆਪਕ ਹੈ, ਤਿੰਨਾਂ ਹੀ ਭਵਨਾਂ ਵਿਚ ਜਿਸ ਦਾ ਹੁਕਮ ਚੱਲ ਰਿਹਾ ਹੈ।

ਤਿੰਨਾਂ ਭਵਨਾਂ ਦਾ ਮਾਲਕ ਪ੍ਰਭੂ ਭਾਗਾਂ ਵਾਲੀ ਜੀਵ-ਇਸਤ੍ਰੀ ਨਾਲ ਪਿਆਰ ਕਰਦਾ ਹੈ, ਪਰ ਜਿਸ ਨੇ ਔਗੁਣ ਹੀ ਔਗੁਣ ਸਹੇੜੇ ਉਹ ਉਸ ਦੇ ਚਰਨਾਂ ਤੋਂ ਵਿਛੁੜੀ ਰਹਿੰਦੀ ਹੈ। ਉਹ ਮਾਲਕ ਹਰੇਕ ਦੇ ਹਿਰਦੇ ਵਿਚ ਵਿਆਪਕ ਹੈ (ਉਹ ਹਰੇਕ ਦੇ ਦਿਲ ਦੀ ਜਾਣਦਾ ਹੈ) ਜਿਹੋ ਜਿਹੀ ਆਸ ਧਾਰ ਕੇ ਕੋਈ ਉਸ ਦੇ ਦਰ ਤੇ ਆਉਂਦੀ ਹੈ ਉਹੋ ਜਿਹੀ ਇੱਛਾ ਉਹ ਪੂਰੀ ਕਰ ਦੇਂਦਾ ਹੈ।

ਜੇਹੜੀ ਜੀਵ-ਇਸਤ੍ਰੀ ਪ੍ਰਭੂ-ਪਤੀ ਦੀ ਬਣੀ ਰਹਿੰਦੀ ਹੈ ਉਹ ਸਦਾ ਸੁਹਾਗ-ਭਾਗ ਵਾਲੀ ਹੈ, ਉਹ ਕਦੇ ਰੰਡੀ ਨਹੀਂ ਹੁੰਦੀ, ਉਸ ਦਾ ਵੇਸ ਕਦੇ ਮੈਲਾ ਨਹੀਂ ਹੁੰਦਾ (ਉਸ ਦਾ ਹਿਰਦਾ ਕਦੇ ਵਿਕਾਰਾਂ ਨਾਲ ਮੈਲਾ ਨਹੀਂ ਹੁੰਦਾ

ਹੇ ਨਾਨਕ! ਅਰਦਾਸ ਕਰ ਤੇ ਆਖ-ਹੇ ਸਤਿਗੁਰੂ! ਤੇਰੀ ਮੇਹਰ ਹੋਵੇ ਤਾਂ) ਉਹ ਸਦਾ-ਥਿਰ ਰਹਿਣ ਵਾਲਾ ਪ੍ਰਭੂ-ਪਤੀ ਮੈਨੂੰ (ਸਦਾ) ਪਿਆਰਾ ਲੱਗਦਾ ਰਹੇ ਜੇਹੜਾ ਪ੍ਰੀਤਮ ਹਰੇਕ ਜੁਗ ਵਿਚ ਇਕ-ਸਮਾਨ ਰਹਿਣ ਵਾਲਾ ਹੈ।੨।

ਹੇ ਸਤਿਗੁਰੂ! ਉਹਮੁਹੂਰਤ ਕਢਾ (ਉਹ ਅਵਸਰ ਪੈਦਾ ਕਰ, ਜਿਸ ਦੀ ਬਰਕਤਿ ਨਾਲ) ਮੈਂ ਭੀ ਪ੍ਰਭੂ-ਪਤੀ ਦੇ ਚਰਨਾਂ ਵਿਚ ਜੁੜ ਸਕਾਂ। (ਹੇ ਗੁਰੂ! ਤੇਰੀ ਕਿਰਪਾ ਨਾਲ) ਰਜ਼ਾ ਦੇ ਮਾਲਕ ਪ੍ਰਭੂ ਜੋ ਹੁਕਮ ਕਰਦਾ ਹੈ ਉਹ ਮੇਲ ਦਾ ਅਵਸਰ ਬਣ ਜਾਂਦਾ ਹੈ, ਉਸ ਨੂੰ ਕੋਈ ਅਗਾਂਹ ਪਿਛਾਂਹ ਨਹੀਂ ਕਰ ਸਕਦਾ (ਉਸ ਵਿਚ ਕੋਈ ਵਿਘਨ ਨਹੀਂ ਪਾ ਸਕਦਾ

ਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਕਰਤਾਰ ਨੇ (ਉਹਨਾਂ ਦੇ ਮਿਲਾਪ ਜਾਂ ਵਿਛੋੜੇ ਦਾ) ਜੋ ਭੀ ਹੁਕਮ ਦਿੱਤਾ ਹੈ ਉਸ ਨੂੰ ਕੋਈ ਉਲੰਘ ਨਹੀਂ ਸਕਦਾ।

(ਗੁਰੂ ਵਿਚੋਲੇ ਦੀ ਕਿਰਪਾ ਨਾਲ) ਉਹ ਪਰਮਾਤਮਾ ਜੋ ਤਿੰਨਾਂ ਲੋਕਾਂ ਵਿਚ ਵਿਆਪਕ ਹੈ ਤੇ (ਫਿਰ ਭੀ ਆਪਣੇ ਪੈਦਾ ਕੀਤੇ) ਬੰਦਿਆਂ ਤੋਂ ਸੁਤੰਤਰ ਹੈ (ਜੀਵ-ਇਸਤ੍ਰੀ ਨੂੰ ਆਪਣੇ ਚਰਨਾਂ ਵਿਚ ਜੋੜਨ ਲਈ) ਲਾੜਾ ਬਣ ਕੇ ਆਉਂਦਾ ਹੈ। (ਜਿਵੇਂ ਧੀ ਨੂੰ ਤੋਰਨ ਲੱਗੀ ਮਾਂ ਮੁੜ ਮਿਲਣ ਦੀਆਂ ਆਸਾਂ ਲਾਹ ਕੇ ਰੋ ਕੇ ਵਿਛੁੜਦੀ ਹੈ, ਤਿਵੇਂ) ਮਾਇਆ ਜੀਵ-ਇਸਤ੍ਰੀ ਦੇ ਪ੍ਰਭੂ-ਪਤੀ ਨਾਲ ਪ੍ਰੇਮ ਦੇ ਕਾਰਨ ਜੀਵ-ਇਸਤ੍ਰੀ ਨੂੰ ਆਪਣੇ ਕਾਬੂ ਵਿਚ ਰੱਖ ਸਕਣ ਦੀਆਂ ਆਸਾਂ ਲਾਹ ਕੇ (ਮਾਨੋਰੋ ਕੇ ਵਿਛੁੜਦੀ ਹੈ।

ਹੇ ਨਾਨਕ! ਜੀਵ-ਇਸਤ੍ਰੀ ਗੁਰੂ ਦੇ ਚਰਨਾਂ ਦੀ ਬਰਕਤਿ ਨਾਲ ਪ੍ਰਭੂ-ਪਤੀ ਨੂੰ ਹਿਰਦੇ ਵਿਚ ਵਸਾਂਦੀ ਹੈ, ਤੇ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲੇ ਸ਼ਬਦ ਦੀ ਰਾਹੀਂ ਪ੍ਰਭੂ ਦੀ ਹਜ਼ੂਰੀ ਵਿਚ ਆਨੰਦ ਮਾਣਦੀ ਹੈ।੩।

ਸਤਿਗੁਰੂ ਨੇ (ਮੇਹਰ ਕਰ ਕੇ ਜੀਵ-ਇਸਤ੍ਰੀ ਮਾਇਆ ਦੇ ਪ੍ਰਭਾਵ ਤੋਂ ਇਤਨੀ) ਦੂਰ ਅਪੜਾ ਦਿੱਤੀ ਕਿ ਉਹ ਮੁੜ ਜਨਮ ਮਰਨ ਦੇ ਗੇੜ ਵਿਚ ਨਹੀਂ ਆਉਂਦੀ। ਪ੍ਰਭੂ-ਪਤੀ ਦਾ ਪ੍ਰਤੱਖ ਦੀਦਾਰ ਕਰ ਕੇ ਉਹ ਪ੍ਰਸੰਨ-ਚਿੱਤ ਹੁੰਦੀ ਹੈ। ਪ੍ਰਭੂ-ਪਤੀ ਨੇ (ਜਦੋਂ) ਉਸ ਨਾਲ ਪਿਆਰ ਕੀਤਾ, ਤਾਂ ਉਸ ਦੇ ਚਰਨਾਂ ਵਿਚ ਜੁੜ ਕੇ ਉਹ ਆਪਣਾ ਆਤਮਕ ਜੀਵਨ ਸੰਵਾਰਦੀ ਹੈ।

ਸਦਾ-ਥਿਰ ਪ੍ਰੀਤਮ ਪ੍ਰਭੂ ਨੂੰ ਉਸ ਜੀਵ-ਇਸਤ੍ਰੀ ਦੀ ਲੋੜ ਪਈ (ਭਾਵਜੀਵ-ਇਸਤ੍ਰੀ ਉਸ ਦੇ ਲੇਖੇ ਵਿਚ ਆ ਗਈ) ਉਸ ਨੇ ਉਸ ਨੂੰ ਆਪਣੇ ਨਾਲ ਮਿਲਾ ਲਿਆ। (ਇਸ ਮਿਲਾਪ ਦੀ ਬਰਕਤਿ ਨਾਲ) ਉਸ ਦੀ ਮਤਿ ਉਕਾਈ-ਹੀਣ ਹੋ ਗਈ, ਉਹ ਮੰਨੀ-ਪ੍ਰਮੰਨੀ ਗਈ। ਚੰਗੇ ਭਾਗਾਂ ਨਾਲ ਉਸ ਦਾ ਮਿਲਾਪ ਹੋ ਗਿਆ, ਪ੍ਰਭੂ-ਚਰਨਾਂ ਵਿਚ ਉਸ ਦਾ ਜੀਵਨ ਸੁਖੀ ਹੋ ਗਿਆ, ਉਹ ਗੁਣਾਂ ਵਾਲੀ ਹੋ ਗਈ, ਗੁਰੂ ਦੇ ਦਿੱਤੇ ਗਿਆਨ ਵਾਲੀ ਹੋ ਗਈ।

ਸਤ ਸੰਤੋਖ ਤੇ ਸਦਾ-ਥਿਰ ਯਾਦ ਉਸ ਦੇ ਹਿਰਦੇ ਵਿਚ ਟਿਕ ਜਾਂਦੀ ਹੈ, ਉਹ ਸਦਾ-ਥਿਰ ਪ੍ਰਭੂ ਨੂੰ ਸਦਾ ਸਿਮਰਦੀ ਹੈ, ਉਹ ਪ੍ਰਭੂ-ਪਤੀ ਨੂੰ ਪਿਆਰੀ ਲੱਗਣ ਲੱਗ ਪੈਂਦੀ ਹੈ। ਹੇ ਨਾਨਕ! ਜੀਵ-ਇਸਤ੍ਰੀ (ਪ੍ਰਭੂ-ਚਰਨਾਂ ਤੋਂ) ਵਿਛੁੜ ਕੇ ਦੁੱਖ ਨਹੀਂ ਪਾਂਦੀ, ਗੁਰੂ ਦੀ ਸਿੱਖਿਆ ਦੀ ਬਰਕਤਿ ਨਾਲ ਉਹ ਪ੍ਰਭੂ ਦੀ ਗੋਦ ਵਿਚ ਹੀ ਲੀਨ ਹੋ ਜਾਂਦੀ ਹੈ।੪।੧।

*┈┉┅━❀꧁ੴ꧂❀━┅┉┈*

||ਅੱਜ ਦਾ ਫੁਰਮਾਨ||ਸ੍ਰੀ ਦਰਬਾਰ ਸਾਹਿਬ, ਤਰਨ ਤਾਰਨ ਸਾਹਿਬ 

*┈┉┅━❀꧁ੴ꧂❀━┅┉┈*

||ਅੱਜ ਦਾ ਫੁਰਮਾਨ|| ਗੁਰਦੁਆਰਾ ਨਨਕਾਣਾ ਸਾਹਿਬ ( ਪਾਕਿਸਤਾਨ ) ||

ਜੈਤਸਰੀ ਮਹਲਾ ੫ ਵਾਰ ਸਲੋਕਾ ਨਾਲਿ    ੴ ਸਤਿਗੁਰ ਪ੍ਰਸਾਦਿ ॥ ਸਲੋਕ ॥ ਆਦਿ ਪੂਰਨ ਮਧਿ ਪੂਰਨ ਅੰਤਿ ਪੂਰਨ ਪਰਮੇਸੁਰਹ ॥ ਸਿਮਰੰਤਿ ਸੰਤ ਸਰਬਤ੍ਰ ਰਮਣੰ ਨਾਨਕ ਅਘਨਾਸਨ ਜਗਦੀਸੁਰਹ ॥੧॥ ਪੇਖਨ ਸੁਨਨ ਸੁਨਾਵਨੋ ਮਨ ਮਹਿ ਦ੍ਰਿੜੀਐ ਸਾਚੁ ॥ ਪੂਰਿ ਰਹਿਓ ਸਰਬਤ੍ਰ ਮੈ ਨਾਨਕ ਹਰਿ ਰੰਗਿ ਰਾਚੁ ॥੨॥ {ਪੰਨਾ 705-706}

ਅਰਥ: ਸੰਤ ਜਨ ਉਸ ਸਰਬ-ਵਿਆਪਕ ਪਰਮੇਸਰ ਨੂੰ ਸਿਮਰਦੇ ਹਨ ਜੋ ਜਗਤ ਦੇ ਸ਼ੁਰੂ ਤੋਂ ਹਰ ਥਾਂ ਮੌਜੂਦ ਹੈਹੁਣ ਭੀ ਸਰਬ-ਵਿਆਪਕ ਹੈ ਤੇ ਅਖ਼ੀਰ ਵਿਚ ਭੀ ਹਰ ਥਾਂ ਹਾਜ਼ਰ ਨਾਜ਼ਰ ਰਹੇਗਾ। ਹੇ ਨਾਨਕ! ਉਹ ਜਗਤ ਦਾ ਮਾਲਕ ਪ੍ਰਭੂ ਸਭ ਪਾਪਾਂ ਦੇ ਨਾਸ ਕਰਨ ਵਾਲਾ ਹੈ।੧।

ਉਸ ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ ਮਨ ਵਿਚ ਚੰਗੀ ਤਰ੍ਹਾਂ ਧਾਰਨ ਕਰਨਾ ਚਾਹੀਦਾ ਹੈ ਜੋ (ਹਰ ਥਾਂ) ਆਪ ਹੀ ਵੇਖਣ ਵਾਲਾ ਹੈ, ਆਪ ਹੀ ਸੁਣਨ ਵਾਲਾ ਹੈ ਤੇ ਆਪ ਹੀ ਸੁਣਾਉਣ ਵਾਲਾ ਹੈ। ਹੇ ਨਾਨਕ! ਉਸ ਹਰੀ ਦੀ ਪਿਆਰੀ ਯਾਦ ਵਿਚ ਲੀਨ ਹੋ ਜਾ ਜੋ ਸਭ ਥਾਈਂ ਮੌਜੂਦ ਹੈ।੨।

ਪਉੜੀ ॥ ਹਰਿ ਏਕੁ ਨਿਰੰਜਨੁ ਗਾਈਐ ਸਭ ਅੰਤਰਿ ਸੋਈ ॥ ਕਰਣ ਕਾਰਣ ਸਮਰਥ ਪ੍ਰਭੁ ਜੋ ਕਰੇ ਸੁ ਹੋਈ ॥ ਖਿਨ ਮਹਿ ਥਾਪਿ ਉਥਾਪਦਾ ਤਿਸੁ ਬਿਨੁ ਨਹੀ ਕੋਈ ॥ ਖੰਡ ਬ੍ਰਹਮੰਡ ਪਾਤਾਲ ਦੀਪ ਰਵਿਆ ਸਭ ਲੋਈ ॥ ਜਿਸੁ ਆਪਿ ਬੁਝਾਏ ਸੋ ਬੁਝਸੀ ਨਿਰਮਲ ਜਨੁ ਸੋਈ ॥੧॥ {ਪੰਨਾ 706}

ਅਰਥ: ਜੋ ਪ੍ਰਭੂ ਮਾਇਆ ਤੋਂ ਨਿਰਲੇਪ ਹੈ ਸਿਰਫ਼ ਉਸ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ, ਉਹੀ ਸਭ ਦੇ ਅੰਦਰ ਮੌਜੂਦ ਹੈ। ਉਹ ਪ੍ਰਭੂ ਸਾਰੇ ਜਗਤ ਦਾ ਮੂਲ ਹੈ, ਸਭ ਕਿਸਮ ਦੀ ਤਾਕਤ ਵਾਲਾ ਹੈ, (ਜਗਤ ਵਿਚ) ਉਹੀ ਕੁਝ ਹੁੰਦਾ ਹੈ ਜੋ ਉਹ ਪ੍ਰਭੂ ਕਰਦਾ ਹੈ। ਇਕ ਪਲਕ ਵਿਚ (ਜੀਵਾਂ ਨੂੰ) ਪੈਂਦਾ ਕਰ ਕੇ ਨਾਸ ਕਰ ਦੇਂਦਾ ਹੈ, ਉਸ ਤੋਂ ਬਿਨਾ (ਉਸ ਵਰਗਾ) ਹੋਰ ਕੋਈ ਨਹੀਂ ਹੈ। ਸਭ ਦੇਸਾਂ ਵਿਚ, ਸਾਰੇ ਬ੍ਰਹਮੰਡ ਵਿਚ, ਹੇਠਲੀ ਧਰਤੀ, ਜਜ਼ੀਰਿਆਂ ਵਿਚ, ਸਾਰੇ ਹੀ ਜਗਤ ਵਿਚ ਉਹ ਪ੍ਰਭੂ ਵਿਆਪਕ ਹੈ।

ਜਿਸ ਮਨੁੱਖ ਨੂੰ (ਇਹਸਮਝ ਆਪ ਪ੍ਰਭੂ ਦੇਂਦਾ ਹੈ, ਉਸ ਨੂੰ ਸਮਝ ਪੈਂਦੀ ਹੈ ਤੇ ਉਹ ਮਨੁੱਖ ਪਵਿਤ੍ਰ ਹੋ ਜਾਂਦਾ ਹੈ।੧।

*┈┉┅━❀꧁ੴ꧂❀━┅┉┈*

||ਅੱਜ ਦਾ ਫੁਰਮਾਨ|| ਗੁਰਦੁਆਰਾ ਪੰਜਾ ਸਾਹਿਬ ( ਪਾਕਿਸਤਾਨ ) ||


*┈┉┅━❀꧁ੴ꧂❀━┅┉┈*

||ਅੱਜ ਦਾ ਫੁਰਮਾਨ|| ਗੁਰਦੁਆਰਾ ਕਰਤਾਰਪੁਰ ਸਾਹਿਬ (ਪਾਕਿਸਤਾਨ)


*┈┉┅━❀꧁ੴ꧂❀━┅┉┈*

||ਅੱਜ ਦਾ ਫੁਰਮਾਨ|| ਗੁਰਦੁਆਰਾ ਬੰਗਲਾ ਸਾਹਿਬ ਜੀ (ਦਿੱਲੀ) || 

ਰਾਗੁ ਧਨਾਸਰੀ ਬਾਣੀ ਭਗਤ ਕਬੀਰ ਜੀ ਕੀ    ੴ ਸਤਿਗੁਰ ਪ੍ਰਸਾਦਿ ॥ ਸਨਕ ਸਨੰਦ ਮਹੇਸ ਸਮਾਨਾਂ ॥ ਸੇਖਨਾਗਿ ਤੇਰੋ ਮਰਮੁ ਨ ਜਾਨਾਂ ॥੧॥ ਸੰਤਸੰਗਤਿ ਰਾਮੁ ਰਿਦੈ ਬਸਾਈ ॥੧॥ ਰਹਾਉ ॥ ਹਨੂਮਾਨ ਸਰਿ ਗਰੁੜ ਸਮਾਨਾਂ ॥ ਸੁਰਪਤਿ ਨਰਪਤਿ ਨਹੀ ਗੁਨ ਜਾਨਾਂ ॥੨॥ ਚਾਰਿ ਬੇਦ ਅਰੁ ਸਿੰਮ੍ਰਿਤਿ ਪੁਰਾਨਾਂ ॥ ਕਮਲਾਪਤਿ ਕਵਲਾ ਨਹੀ ਜਾਨਾਂ ॥੩॥ ਕਹਿ ਕਬੀਰ ਸੋ ਭਰਮੈ ਨਾਹੀ ॥ ਪਗ ਲਗਿ ਰਾਮ ਰਹੈ ਸਰਨਾਂਹੀ ॥੪॥੧॥ {ਪੰਨਾ 691}

ਅਰਥ: ਮੈਂ ਸੰਤਾਂ ਦੀ ਸੰਗਤਿ ਵਿਚ ਰਹਿ ਕੇ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਉਂਦਾ ਹਾਂ।੧।ਰਹਾਉ।

ਹੇ ਪ੍ਰਭੂ! ਬ੍ਰਹਮਾ ਦੇ ਪੁੱਤਰਾਂ) ਸਨਕ, ਸਨੰਦ ਅਤੇ ਸ਼ਿਵ ਜੀ ਵਰਗਿਆਂ ਨੇ ਤੇਰਾ ਭੇਦ ਨਹੀਂ ਪਾਇਆ; (ਵਿਸ਼ਨੂ ਦੇ ਭਗਤ) ਸ਼ੇਸ਼ਨਾਗ ਨੇ ਤੇਰੇ (ਦਿਲ ਦਾ) ਰਾਜ਼ ਨਹੀਂ ਸਮਝਿਆ।੧।

(ਸ੍ਰੀ ਰਾਮ ਚੰਦਰ ਜੀ ਦੇ ਸੇਵਕ) ਹਨੂਮਾਨ ਵਰਗੇ ਨੇ, (ਵਿਸ਼ਨੂ ਦੇ ਸੇਵਕ ਤੇ ਪੰਛੀਆਂ ਦੇ ਰਾਜੇ) ਗਰੁੜ ਵਰਗਿਆਂ ਨੇ, ਦੇਵਤਿਆਂ ਦੇ ਰਾਜੇ ਇੰਦਰ ਨੇ, ਵੱਡੇ ਵੱਡੇ ਰਾਜਿਆਂ ਨੇ ਭੀ ਤੇਰੇ ਗੁਣਾਂ ਦਾ ਅੰਤ ਨਹੀਂ ਪਾਇਆ।੨।

ਚਾਰ ਵੇਦ, (ਅਠਾਰਾਂਸਿਮ੍ਰਿਤੀਆਂ, (ਅਠਾਰਾਂ) ਪੁਰਾਣ-(ਇਹਨਾਂ ਦੇ ਕਰਤਾ ਬ੍ਰਹਮਾ, ਮਨੂ ਤੇ ਹੋਰ ਰਿਸ਼ੀਆਂ) ਨੇ ਤੈਨੂੰ ਨਹੀਂ ਸਮਝਿਆਵਿਸ਼ਨੂ ਤੇ ਲੱਛਮੀ ਨੇ ਭੀ ਤੇਰਾ ਅੰਤ ਨਹੀਂ ਪਾਇਆ।੩।

ਕਬੀਰ ਆਖਦਾ ਹੈ-(ਬਾਕੀ ਸਾਰੀ ਸ੍ਰਿਸ਼ਟੀ ਦੇ ਲੋਕ ਪ੍ਰਭੂ ਨੂੰ ਛੱਡ ਕੇ ਹੋਰ ਹੋਰ ਪਾਸੇ ਭਟਕਦੇ ਰਹੇ) ਇੱਕ ਉਹ ਮਨੁੱਖ ਭਟਕਦਾ ਨਹੀਂ, ਜੋ (ਸੰਤਾਂ ਦੀ) ਚਰਨੀਂ ਲੱਗ ਕੇ ਪਰਮਾਤਮਾ ਦੀ ਸ਼ਰਨ ਵਿਚ ਟਿਕਿਆ ਰਹਿੰਦਾ ਹੈ।੪।੧।

*┈┉┅━❀꧁ੴ꧂❀━┅┉┈*

||ਅੱਜ ਦਾ ਫੁਰਮਾਨ|| ਗੁਰਦੁਆਰਾ ਸੀਸ ਗੰਜ ਸਾਹਿਬ ਜੀ (ਦਿੱਲੀ) ||

ਸੋਰਠਿ ਮਹਲਾ ੫ ਘਰੁ ੨ ਅਸਟਪਦੀਆ    ੴ ਸਤਿਗੁਰ ਪ੍ਰਸਾਦਿ ॥ ਪਾਠੁ ਪੜਿਓ ਅਰੁ ਬੇਦੁ ਬੀਚਾਰਿਓ ਨਿਵਲਿ ਭੁਅੰਗਮ ਸਾਧੇ ॥ ਪੰਚ ਜਨਾ ਸਿਉ ਸੰਗੁ ਨ ਛੁਟਕਿਓ ਅਧਿਕ ਅਹੰਬੁਧਿ ਬਾਧੇ ॥੧॥ ਪਿਆਰੇ ਇਨ ਬਿਧਿ ਮਿਲਣੁ ਨ ਜਾਈ ਮੈ ਕੀਏ ਕਰਮ ਅਨੇਕਾ ॥ ਹਾਰਿ ਪਰਿਓ ਸੁਆਮੀ ਕੈ ਦੁਆਰੈ ਦੀਜੈ ਬੁਧਿ ਬਿਬੇਕਾ ॥ ਰਹਾਉ ॥ ਮੋਨਿ ਭਇਓ ਕਰਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ ॥ ਤਟ ਤੀਰਥ ਸਭ ਧਰਤੀ ਭ੍ਰਮਿਓ ਦੁਬਿਧਾ ਛੁਟਕੈ ਨਾਹੀ ॥੨॥ ਮਨ ਕਾਮਨਾ ਤੀਰਥ ਜਾਇ ਬਸਿਓ ਸਿਰਿ ਕਰਵਤ ਧਰਾਏ ॥ ਮਨ ਕੀ ਮੈਲੁ ਨ ਉਤਰੈ ਇਹ ਬਿਧਿ ਜੇ ਲਖ ਜਤਨ ਕਰਾਏ ॥੩॥ ਕਨਿਕ ਕਾਮਿਨੀ ਹੈਵਰ ਗੈਵਰ ਬਹੁ ਬਿਧਿ ਦਾਨੁ ਦਾਤਾਰਾ ॥ ਅੰਨ ਬਸਤ੍ਰ ਭੂਮਿ ਬਹੁ ਅਰਪੇ ਨਹ ਮਿਲੀਐ ਹਰਿ ਦੁਆਰਾ ॥੪॥ {ਪੰਨਾ 641-642}

ਅਰਥ: ਹੇ ਭਾਈ! ਕੋਈ ਮਨੁੱਖ ਵੇਦ (ਆਦਿਕ ਧਰਮ-ਪੁਸਤਕ ਨੂੰਪੜ੍ਹਦਾ ਹੈ ਅਤੇ ਵਿਚਾਰਦਾ ਹੈ। ਕੋਈ ਮਨੁੱਖ ਨਿਵਲੀਕਰਮ ਕਰਦਾ ਹੈ, ਕੋਈ ਕੁੰਡਲਨੀ ਨਾੜੀ ਰਸਤੇ ਪ੍ਰਾਣ ਚਾੜ੍ਹਦਾ ਹੈ। (ਪਰ ਇਹਨਾਂ ਸਾਧਨਾਂ ਨਾਲ ਕਾਮਾਦਿਕ) ਪੰਜਾਂ ਨਾਲੋਂ ਸਾਥ ਮੁੱਕ ਨਹੀਂ ਸਕਦਾ। (ਸਗੋਂ) ਵਧੀਕ ਅਹੰਕਾਰ ਵਿਚ (ਮਨੁੱਖ) ਬੱਝ ਜਾਂਦੇ ਹਨ।੧।

ਹੇ ਭਾਈ! ਮੇਰੇ ਵੇਖਦਿਆਂ ਲੋਕ ਅਨੇਕਾਂ ਹੀ (ਮਿਥੇ ਹੋਏ ਧਾਰਮਿਕ) ਕਰਮ ਕਰਦੇ ਹਨ, ਪਰ ਇਹਨਾਂ ਤਰੀਕਿਆਂ ਨਾਲ ਪਰਮਾਤਮਾ ਦੇ ਚਰਨਾਂ ਵਿਚ ਜੁੜਿਆ ਨਹੀਂ ਜਾ ਸਕਦਾ। ਹੇ ਭਾਈ! ਮੈਂ ਤਾਂ ਇਹਨਾਂ ਕਰਮਾਂ ਦਾ ਆਸਰਾ ਛੱਡ ਕੇ ਮਾਲਕ-ਪ੍ਰਭੂ ਦੇ ਦਰ ਤੇ ਆ ਡਿੱਗਾ ਹਾਂ (ਤੇ ਅਰਜ਼ੋਈ ਕਰਦਾ ਰਹਿੰਦਾ ਹਾਂ-ਹੇ ਪ੍ਰਭੂ! ਮੈਨੂੰ ਭਲਾਈ ਬੁਰਾਈ ਦੀ) ਪਰਖ ਕਰ ਸਕਣ ਵਾਲੀ ਅਕਲ ਦੇਹ।ਰਹਾਉ।

ਹੇ ਭਾਈ! ਕੋਈ ਮਨੁੱਖ ਚੁੱਪ ਸਾਧੀ ਬੈਠਾ ਹੈ, ਕੋਈ ਕਰ-ਪਾਤੀ ਬਣ ਗਿਆ ਹੈ (ਭਾਂਡਿਆਂ ਦੇ ਥਾਂ ਆਪਣੇ ਹੱਥ ਹੀ ਵਰਤਦਾ ਹੈ) , ਕੋਈ ਜੰਗਲ ਵਿਚ ਨੰਗਾ ਤੁਰਿਆ ਫਿਰਦਾ ਹੈ। ਕੋਈ ਮਨੁੱਖ ਸਾਰੇ ਤੀਰਥਾਂ ਦਾ ਰਟਨ ਕਰ ਰਿਹਾ ਹੈ, ਕੋਈ ਸਾਰੀ ਧਰਤੀ ਦਾ ਭ੍ਰਮਣ ਕਰ ਰਿਹਾ ਹੈ, (ਪਰ ਇਸ ਤਰ੍ਹਾਂ ਭੀ) ਮਨ ਦੀ ਡਾਂਵਾਂ-ਡੋਲ ਹਾਲਤ ਮੁੱਕਦੀ ਨਹੀਂ।੨।

ਹੇ ਭਾਈ! ਕੋਈ ਮਨੁੱਖ ਆਪਣੀ ਮਨੋ-ਕਾਮਨਾ ਅਨੁਸਾਰ ਤੀਰਥਾਂ ਉੱਤੇ ਜਾ ਵੱਸਿਆ ਹੈ, (ਮੁਕਤੀ ਦਾ ਚਾਹਵਾਨ ਆਪਣੇ) ਸਿਰ ਉਤੇ (ਸ਼ਿਵ ਜੀ ਵਾਲਾ) ਆਰਾ ਰਖਾਂਦਾ ਹੈ (ਤੇ, ਆਪਣੇ ਆਪ ਨੂੰ ਚਿਰਾ ਲੈਂਦਾ ਹੈ। ਪਰ ਜੇ ਕੋਈ ਮਨੁੱਖ (ਇਹੋ ਜਿਹੇ) ਲੱਖਾਂ ਹੀ ਜਤਨ ਕਰੇ, ਇਸ ਤਰ੍ਹਾਂ ਭੀ ਮਨ ਦੀ (ਵਿਕਾਰਾਂ ਦੀ) ਮੈਲ ਨਹੀਂ ਲਹਿੰਦੀ।੩।

ਹੇ ਭਾਈ! ਕੋਈ ਮਨੁੱਖ ਸੋਨਾ, ਇਸਤ੍ਰੀ, ਵਧੀਆ ਘੋੜੇ, ਵਧੀਆ ਹਾਥੀ (ਅਤੇ ਇਹੋ ਜਿਹੇ) ਕਈ ਕਿਸਮਾਂ ਦੇ ਦਾਨ ਕਰਨ ਵਾਲਾ ਹੈ। ਕੋਈ ਮਨੁੱਖ ਅੰਨ ਦਾਨ ਕਰਦਾ ਹੈ, ਕੱਪੜੇ ਦਾਨ ਕਰਦਾ ਹੈ, ਜ਼ਿਮੀਂ ਦਾਨ ਕਰਦਾ ਹੈ। (ਇਸ ਤਰ੍ਹਾਂ ਭੀ) ਪਰਮਾਤਮਾ ਦੇ ਦਰ ਤੇ ਪਹੁੰਚ ਨਹੀਂ ਸਕੀਦਾ।੪।

ਪੂਜਾ ਅਰਚਾ ਬੰਦਨ ਡੰਡਉਤ ਖਟੁ ਕਰਮਾ ਰਤੁ ਰਹਤਾ ॥ ਹਉ ਹਉ ਕਰਤ ਬੰਧਨ ਮਹਿ ਪਰਿਆ ਨਹ ਮਿਲੀਐ ਇਹ ਜੁਗਤਾ ॥੫॥ ਜੋਗ ਸਿਧ ਆਸਣ ਚਉਰਾਸੀਹ ਏ ਭੀ ਕਰਿ ਕਰਿ ਰਹਿਆ ॥ ਵਡੀ ਆਰਜਾ ਫਿਰਿ ਫਿਰਿ ਜਨਮੈ ਹਰਿ ਸਿਉ ਸੰਗੁ ਨ ਗਹਿਆ ॥੬॥ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮੁ ਅਫਾਰਾ ॥ ਸੇਜ ਸੋਹਨੀ ਚੰਦਨੁ ਚੋਆ ਨਰਕ ਘੋਰ ਕਾ ਦੁਆਰਾ ॥੭॥ ਹਰਿ ਕੀਰਤਿ ਸਾਧਸੰਗਤਿ ਹੈ ਸਿਰਿ ਕਰਮਨ ਕੈ ਕਰਮਾ ॥ ਕਹੁ ਨਾਨਕ ਤਿਸੁ ਭਇਓ ਪਰਾਪਤਿ ਜਿਸੁ ਪੁਰਬ ਲਿਖੇ ਕਾ ਲਹਨਾ ॥੮॥ ਤੇਰੋ ਸੇਵਕੁ ਇਹ ਰੰਗਿ ਮਾਤਾ ॥ ਭਇਓ ਕ੍ਰਿਪਾਲੁ ਦੀਨ ਦੁਖ ਭੰਜਨੁ ਹਰਿ ਹਰਿ ਕੀਰਤਨਿ ਇਹੁ ਮਨੁ ਰਾਤਾ ॥ ਰਹਾਉ ਦੂਜਾ ॥੧॥੩॥ {ਪੰਨਾ 642}

ਅਰਥ: ਹੇ ਭਾਈ! ਕੋਈ ਮਨੁੱਖ ਦੇਵ-ਪੂਜਾ ਵਿਚ, ਦੇਵਤਿਆਂ ਨੂੰ ਨਮਸਕਾਰ ਡੰਡਉਤ ਕਰਨ ਵਿਚ, ਛੇ ਕਰਮਾਂ ਦੇ ਕਰਨ ਵਿਚ ਮਸਤ ਰਹਿੰਦਾ ਹੈ। ਪਰ ਉਹ ਭੀ (ਇਹਨਾਂ ਮਿੱਥੇ ਹੋਏ ਧਾਰਮਿਕ ਕਰਮਾਂ ਦੇ ਕਰਨ ਕਰ ਕੇ ਆਪਣੇ ਆਪ ਨੂੰ ਧਰਮੀ ਜਾਣ ਕੇ) ਅਹੰਕਾਰ ਨਾਲ ਕਰਦਾ ਕਰਦਾ (ਮਾਇਆ ਦੇ ਮੋਹ ਦੇ) ਬੰਧਨਾਂ ਵਿਚ ਜਕੜਿਆ ਰਹਿੰਦਾ ਹੈ। ਇਸ ਤਰੀਕੇ ਭੀ ਪਰਮਾਤਮਾ ਨੂੰ ਨਹੀਂ ਮਿਲ ਸਕੀਦਾ।੫।

ਜੋਗ-ਮਤ ਵਿਚ ਸਿੱਧਾਂ ਦੇ ਪ੍ਰਸਿੱਧ ਚੌਰਾਸੀ ਆਸਣ ਹਨ। ਇਹ ਆਸਣ ਕਰ ਕਰ ਕੇ ਭੀ ਮਨੁੱਖ ਥੱਕ ਜਾਂਦਾ ਹੈ। ਉਮਰ ਤਾਂ ਲੰਮੀ ਕਰ ਲੈਂਦਾ ਹੈ, ਪਰ ਇਸ ਤਰ੍ਹਾਂ ਪਰਮਾਤਮਾ ਨਾਲ ਮਿਲਾਪ ਨਾਲ ਨਹੀਂ ਬਣਦਾ, ਮੁੜ ਮੁੜ ਜਨਮਾਂ ਦੇ ਗੇੜ ਵਿਚ ਪਿਆ ਰਹਿੰਦਾ ਹੈ।੬।

ਹੇ ਭਾਈ! ਕਈ ਐਸੇ ਹਨ ਜੋ ਰਾਜ-ਹਕੂਮਤ ਦੇ ਰੰਗ-ਤਮਾਸ਼ੇ ਮਾਣਦੇ ਹਨ, ਰਾਜਿਆਂ ਵਾਲੇ ਠਾਠ-ਬਾਠ ਬਣਾਂਦੇ ਹਨ, ਲੋਕਾਂ ਉੱਤੇ ਹੁਕਮ ਚਲਾਂਦੇ ਹਨ, ਕੋਈ ਉਹਨਾਂ ਦਾ ਹੁਕਮ ਮੋੜ ਨਹੀਂ ਸਕਦਾ। ਸੁੰਦਰ ਇਸਤ੍ਰੀ ਦੀ ਸੇਜ ਮਾਣਦੇ ਹਨ, (ਆਪਣੇ ਸਰੀਰ ਉਤੇ) ਚੰਦਨ ਤੇ ਅਤਰ ਵਰਤਦੇ ਹਨ। ਪਰ ਇਹ ਸਭ ਕੁਝ ਤਾਂ ਭਿਆਨਕ ਨਰਕ ਵਲ ਲੈ ਜਾਣ ਵਾਲਾ ਹੈ।੭।

ਹੇ ਭਾਈ! ਸਾਧ ਸੰਗਤਿ ਵਿਚ ਬੈਠ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ-ਇਹ ਕੰਮ ਹੋਰ ਸਾਰੇ ਕਰਮਾਂ ਨਾਲੋਂ ਸ੍ਰੇਸ਼ਟ ਹੈ। ਪਰ, ਹੇ ਨਾਨਕ! ਆਖ-ਇਹ ਅਵਸਰ ਉਸ ਮਨੁੱਖ ਨੂੰ ਹੀ ਮਿਲਦਾ ਹੈ ਜਿਸ ਦੇ ਮੱਥੇ ਉਤੇ ਪੂਰਬਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਲੇਖ ਲਿਖਿਆ ਹੁੰਦਾ ਹੈ।੮।

ਹੇ ਭਾਈ! ਤੇਰਾ ਸੇਵਕ ਤੇਰੀ ਸਿਫ਼ਤਿ-ਸਾਲਾਹ ਦੇ ਰੰਗ ਵਿਚ ਮਸਤ ਰਹਿੰਦਾ ਹੈ। ਹੇ ਭਾਈ! ਦੀਨਾਂ ਦੇ ਦੁੱਖ ਦੂਰ ਕਰਨ ਵਾਲਾ ਪਰਮਾਤਮਾ ਜਿਸ ਮਨੁੱਖ ਉਤੇ ਦਇਆਵਾਨ ਹੁੰਦਾ ਹੈ, ਉਸ ਦਾ ਇਹ ਮਨ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਰੰਗ ਵਿਚ ਰੰਗਿਆ ਰਹਿੰਦਾ ਹੈ। ਰਹਾਉ ਦੂਜਾ।੧।੩।

*┈┉┅━❀꧁ੴ꧂❀━┅┉┈*

||ਅੱਜ ਦਾ ਫੁਰਮਾਨ|| ਗੁਰਦੁਆਰਾ ਸ੍ਰੀ ਭੱਠਾ ਸਾਹਿਬ ਪਾਤਸ਼ਾਹੀ ੧੦ਵੀਂ (ਰੋਪੜ) ||

ਧਨਾਸਰੀ ਮਹਲਾ ੫ ॥ ਜਿਸ ਕਾ ਤਨੁ ਮਨੁ ਧਨੁ ਸਭੁ ਤਿਸ ਕਾ ਸੋਈ ਸੁਘੜੁ ਸੁਜਾਨੀ ॥ ਤਿਨ ਹੀ ਸੁਣਿਆ ਦੁਖੁ ਸੁਖੁ ਮੇਰਾ ਤਉ ਬਿਧਿ ਨੀਕੀ ਖਟਾਨੀ ॥੧॥ ਜੀਅ ਕੀ ਏਕੈ ਹੀ ਪਹਿ ਮਾਨੀ ॥ ਅਵਰਿ ਜਤਨ ਕਰਿ ਰਹੇ ਬਹੁਤੇਰੇ ਤਿਨ ਤਿਲੁ ਨਹੀ ਕੀਮਤਿ ਜਾਨੀ ॥ ਰਹਾਉ ॥ ਅੰਮ੍ਰਿਤ ਨਾਮੁ ਨਿਰਮੋਲਕੁ ਹੀਰਾ ਗੁਰਿ ਦੀਨੋ ਮੰਤਾਨੀ ॥ ਡਿਗੈ ਨ ਡੋਲੈ ਦ੍ਰਿੜੁ ਕਰਿ ਰਹਿਓ ਪੂਰਨ ਹੋਇ ਤ੍ਰਿਪਤਾਨੀ ॥੨॥ ਓਇ ਜੁ ਬੀਚ ਹਮ ਤੁਮ ਕਛੁ ਹੋਤੇ ਤਿਨ ਕੀ ਬਾਤ ਬਿਲਾਨੀ ॥ ਅਲੰਕਾਰ ਮਿਲਿ ਥੈਲੀ ਹੋਈ ਹੈ ਤਾ ਤੇ ਕਨਿਕ ਵਖਾਨੀ ॥੩॥ ਪ੍ਰਗਟਿਓ ਜੋਤਿ ਸਹਜ ਸੁਖ ਸੋਭਾ ਬਾਜੇ ਅਨਹਤ ਬਾਨੀ ॥ ਕਹੁ ਨਾਨਕ ਨਿਹਚਲ ਘਰੁ ਬਾਧਿਓ ਗੁਰਿ ਕੀਓ ਬੰਧਾਨੀ ॥੪॥੫॥ {ਪੰਨਾ 671}

ਅਰਥ: ਹੇ ਭਾਈ! ਜਿੰਦ ਦੀ (ਅਰਦਾਸ) ਇਕ ਪਰਮਾਤਮਾ ਦੇ ਕੋਲ ਹੀ ਮੰਨੀ ਜਾਂਦੀ ਹੈ। (ਪਰਮਾਤਮਾ ਦੇ ਆਸਰੇ ਤੋਂ ਬਿਨਾ ਲੋਕ) ਹੋਰ ਬਥੇਰੇ ਜਤਨ ਕਰ ਕੇ ਥੱਕ ਜਾਂਦੇ ਹਨ, ਉਹਨਾਂ ਜਤਨਾਂ ਦਾ ਮੁੱਲ ਇਕ ਤਿਲ ਜਿਤਨਾ ਭੀ ਨਹੀਂ ਸਮਝਿਆ ਜਾਂਦਾ।ਰਹਾਉ।

ਹੇ ਭਾਈ! ਜਿਸ ਪ੍ਰਭੂ ਦਾ ਦਿੱਤਾ ਹੋਇਆ ਇਹ ਸਰੀਰ ਤੇ ਮਨ ਹੈ, ਇਹ ਸਾਰਾ ਧਨ-ਪਦਾਰਥ ਭੀ ਉਸੇ ਦਾ ਦਿੱਤਾ ਹੋਇਆ ਹੈ, ਉਹੀ ਸੁਚੱਜਾ ਹੈ ਤੇ ਸਿਆਣਾ ਹੈ। ਅਸਾਂ ਜੀਵਾਂ ਦਾ ਦੁੱਖ ਸੁਖ (ਸਦਾ) ਉਸ ਪਰਮਾਤਮਾ ਨੇ ਹੀ ਸੁਣਿਆ ਹੈ, (ਜਦੋਂ ਉਹ ਸਾਡੀ ਅਰਦਾਸ-ਅਰਜ਼ੋਈ ਸੁਣਦਾ ਹੈ) ਤਦੋਂ (ਸਾਡੀ) ਹਾਲਤ ਚੰਗੀ ਬਣ ਜਾਂਦੀ ਹੈ।੧।

ਹੇ ਭਾਈ! ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ, ਨਾਮ ਇਕ ਐਸਾ ਹੀਰਾ ਹੈ ਜੇਹੜਾ ਕਿਸੇ ਮੁੱਲ ਤੋਂ ਨਹੀਂ ਮਿਲ ਸਕਦਾ। ਗੁਰੂ ਨੇ ਇਹ ਨਾਮ-ਮੰਤਰ (ਜਿਸ ਮਨੁੱਖ ਨੂੰ) ਦੇ ਦਿੱਤਾ, ਉਹ ਮਨੁੱਖ (ਵਿਕਾਰਾਂ ਵਿਚ) ਡਿੱਗਦਾ ਨਹੀਂ, ਡੋਲਦਾ ਨਹੀਂਉਹ ਮਨੁੱਖ ਪੱਕੇ ਇਰਾਦੇ ਵਾਲਾ ਬਣ ਜਾਂਦਾ ਹੈ, ਉਹ ਮੁਕੰਮਲ ਤੌਰ ਤੇ (ਮਾਇਆ ਵਲੋਂ) ਸੰਤੋਖੀ ਰਹਿੰਦਾ ਹੈ।੨।

(ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਪਾਸੋਂ ਨਾਮ-ਹੀਰਾ ਮਿਲ ਜਾਂਦਾ ਹੈ, ਉਸ ਦੇ ਅੰਦਰੋਂ) ਉਹਨਾਂ ਮੇਰ-ਤੇਰ ਵਾਲੇ ਸਾਰੇ ਵਿਤਕਰਿਆਂ ਦੀ ਗੱਲ ਮੁੱਕ ਜਾਂਦੀ ਹੈ ਜੋ ਜਗਤ ਵਿਚ ਬੜੇ ਪ੍ਰਬਲ ਹਨ। (ਉਸ ਮਨੁੱਖ ਨੂੰ ਹਰ ਪਾਸੇ ਪਰਮਾਤਮਾ ਹੀ ਇਉਂ ਦਿੱਸਦਾ ਹੈਜਿਵੇਂ) ਅਨੇਕਾਂ ਗਹਣੇ ਮਿਲ ਕੇ (ਗਾਲੇ ਜਾ ਕੇ) ਰੈਣੀ ਬਣ ਜਾਂਦੀ ਹੈ, ਤੇ, ਉਸ ਢੇਲੀ ਤੋਂ ਉਹ ਸੋਨਾ ਹੀ ਅਖਵਾਂਦੀ ਹੈ।੩।

(ਹੇ ਭਾਈ! ਜਿਸ ਮਨੁੱਖ ਦੇ ਅੰਦਰ ਗੁਰੂ ਦੀ ਕਿਰਪਾ ਨਾਲ) ਪਰਮਾਤਮਾ ਦੀ ਜੋਤਿ ਦਾ ਪਰਕਾਸ਼ ਹੋ ਜਾਂਦਾ ਹੈ, ਉਸ ਦੇ ਅੰਦਰ ਆਤਮਕ ਅਡੋਲਤਾ ਦੇ ਆਨੰਦ ਪੈਦਾ ਹੋ ਜਾਂਦੇ ਹਨਉਸ ਨੂੰ ਹਰ ਥਾਂ ਸੋਭਾ ਮਿਲਦੀ ਹੈ, ਉਸ ਦੇ ਹਿਰਦੇ ਵਿਚ ਸਿਫ਼ਤਿ-ਸਾਲਾਹ ਦੀ ਬਾਣੀ ਦੇ (ਮਾਨੋਇਕ-ਰਸ ਵਾਜੇ ਵੱਜਦੇ ਰਹਿੰਦੇ ਹਨ। ਹੇ ਨਾਨਕ! ਆਖ-ਗੁਰੂ ਨੇ ਜਿਸ ਮਨੁੱਖ ਵਾਸਤੇ ਇਹ ਪ੍ਰਬੰਧ ਕਰ ਦਿੱਤਾ, ਉਹ ਮਨੁੱਖ ਸਦਾ ਲਈ ਪ੍ਰਭੂ-ਚਰਨਾਂ ਵਿਚ ਟਿਕਾਣਾ ਪ੍ਰਾਪਤ ਕਰ ਲੈਂਦਾ ਹੈ।੪।੫।

*┈┉┅━❀꧁ੴ꧂❀━┅┉┈*

||ਅੱਜ ਦਾ ਫੁਰਮਾਨ|| ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ||

ਸਲੋਕ ਮਃ ੩ ॥ ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ ॥ ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ ॥ ਸਤਿਗੁਰਿ ਸੁਖੁ ਵੇਖਾਲਿਆ ਸਚਾ ਸਬਦੁ ਬੀਚਾਰਿ ॥ ਨਾਨਕ ਅਵਰੁ ਨ ਸੁਝਈ ਹਰਿ ਬਿਨੁ ਬਖਸਣਹਾਰੁ ॥੧॥ {ਪੰਨਾ 853}

ਅਰਥ: ਹੇ ਪ੍ਰਭੂ! ਵਿਕਾਰਾਂ ਵਿਚ) ਸੜ ਰਹੇ ਸੰਸਾਰ ਨੂੰ ਆਪਣੀ ਮਿਹਰ ਕਰ ਕੇ ਬਚਾ ਲੈ, ਜਿਸ ਭੀ ਤਰੀਕੇ ਨਾਲ ਇਹ ਬਚ ਸਕਦਾ ਹੋਵੇ ਉਸੇ ਤਰ੍ਹਾਂ ਬਚਾ ਲੈ।

ਹੇ ਨਾਨਕ! ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਮਨ ਵਿਚ ਵਸਾ ਕੇ (ਜਿਸ ਮਨੁੱਖ ਨੂੰ) ਸਤਿਗੁਰੂ ਨੇ (ਸਿਮਰਨ ਦਾ) ਆਤਮਕ ਆਨੰਦ ਵਿਖਾਲ ਦਿੱਤਾ, ਉਸ ਨੂੰ ਇਹ ਸਮਝ ਆ ਜਾਂਦੀ ਹੈ ਕਿ ਪਰਮਾਤਮਾ ਤੋਂ ਬਿਨਾ ਕੋਈ ਹੋਰ ਇਹ ਬਖ਼ਸ਼ਸ਼ ਕਰਨ ਵਾਲਾ ਨਹੀਂ ਹੈ।੧।

ਮਃ ੩ ॥ ਹਉਮੈ ਮਾਇਆ ਮੋਹਣੀ ਦੂਜੈ ਲਗੈ ਜਾਇ ॥ ਨਾ ਇਹ ਮਾਰੀ ਨ ਮਰੈ ਨਾ ਇਹ ਹਟਿ ਵਿਕਾਇ ॥ ਗੁਰ ਕੈ ਸਬਦਿ ਪਰਜਾਲੀਐ ਤਾ ਇਹ ਵਿਚਹੁ ਜਾਇ ॥ ਤਨੁ ਮਨੁ ਹੋਵੈ ਉਜਲਾ ਨਾਮੁ ਵਸੈ ਮਨਿ ਆਇ ॥ ਨਾਨਕ ਮਾਇਆ ਕਾ ਮਾਰਣੁ ਸਬਦੁ ਹੈ ਗੁਰਮੁਖਿ ਪਾਇਆ ਜਾਇ ॥੨॥ {ਪੰਨਾ 853}

ਅਰਥ: ਹੇ ਭਾਈ! ਮਾਇਆ ਦੀ ਹਉਮੈ (ਸਾਰੇ ਸੰਸਾਰ ਨੂੰ) ਆਪਣੇ ਵੱਸ ਵਿਚ ਕਰਨ ਦੀ ਸਮਰਥਾ ਵਾਲੀ ਹੈ, (ਇਸ ਦੇ ਅਸਰ ਹੇਠ ਜੀਵ ਪਰਮਾਤਮਾ ਨੂੰ ਵਿਸਾਰ ਕੇ) ਹੋਰ (ਦੇ ਮੋਹ) ਵਿਚ ਜਾ ਫਸਦਾ ਹੈ। ਇਹ ਹਉਮੈ ਨਾਹ (ਕਿਸੇ ਪਾਸੋਂ) ਮਾਰੀ ਜਾ ਸਕਦੀ ਹੈਨਾਹ ਹੀ ਇਹ ਆਪ ਮਰਦੀ ਹੈ, ਨਾਹ ਹੀ ਇਹ ਕਿਸੇ ਹੱਟੀ ਤੇ ਵੇਚੀ ਜਾ ਸਕਦੀ ਹੈ। ਜਦੋਂ ਇਸ ਨੂੰ ਗੁਰੂ ਦੇ ਸ਼ਬਦ ਦੀ ਰਾਹੀਂ ਚੰਗੀ ਤਰ੍ਹਾਂ ਸਾੜ ਦੇਈਏ, ਤਦੋਂ ਹੀ ਇਹ (ਜੀਵ ਦੇ) ਅੰਦਰੋਂ ਮੁੱਕਦੀ ਹੈ। (ਹੇ ਭਾਈ! ਜਿਸ ਮਨੁੱਖ ਦੇ ਅੰਦਰੋਂ ਮਾਇਆ ਦੀ ਹਉਮੈ ਮੁੱਕਦੀ ਹੈ ਉਸ ਦਾ) ਤਨ (ਉਸ ਦਾ) ਮਨ ਪਵਿੱਤਰ ਹੋ ਜਾਂਦਾ ਹੈ, ਉਸ ਦੇ ਮਨ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ।

ਹੇ ਨਾਨਕ! ਗੁਰੂ ਦਾ ਸ਼ਬਦ ਹੀ ਮਾਇਆ ਦਾ ਪ੍ਰਭਾਵ ਮੁਕਾਣ ਦਾ ਵਸੀਲਾ ਹੈ, ਤੇ, ਇਹ ਸ਼ਬਦ ਗੁਰੂ ਦੀ ਸਰਨ ਪਿਆਂ ਮਿਲਦਾ ਹੈ।੨।

ਪਉੜੀ ॥ ਸਤਿਗੁਰ ਕੀ ਵਡਿਆਈ ਸਤਿਗੁਰਿ ਦਿਤੀ ਧੁਰਹੁ ਹੁਕਮੁ ਬੁਝਿ ਨੀਸਾਣੁ ॥ ਪੁਤੀ ਭਾਤੀਈ ਜਾਵਾਈ ਸਕੀ ਅਗਹੁ ਪਿਛਹੁ ਟੋਲਿ ਡਿਠਾ ਲਾਹਿਓਨੁ ਸਭਨਾ ਕਾ ਅਭਿਮਾਨੁ ॥ ਜਿਥੈ ਕੋ ਵੇਖੈ ਤਿਥੈ ਮੇਰਾ ਸਤਿਗੁਰੂ ਹਰਿ ਬਖਸਿਓਸੁ ਸਭੁ ਜਹਾਨੁ ॥ ਜਿ ਸਤਿਗੁਰ ਨੋ ਮਿਲਿ ਮੰਨੇ ਸੁ ਹਲਤਿ ਪਲਤਿ ਸਿਝੈ ਜਿ ਵੇਮੁਖੁ ਹੋਵੈ ਸੁ ਫਿਰੈ ਭਰਿਸਟ ਥਾਨੁ ॥ ਜਨ ਨਾਨਕ ਕੈ ਵਲਿ ਹੋਆ ਮੇਰਾ ਸੁਆਮੀ ਹਰਿ ਸਜਣ ਪੁਰਖੁ ਸੁਜਾਨੁ ॥ ਪਉਦੀ ਭਿਤਿ ਦੇਖਿ ਕੈ ਸਭਿ ਆਇ ਪਏ ਸਤਿਗੁਰ ਕੀ ਪੈਰੀ ਲਾਹਿਓਨੁ ਸਭਨਾ ਕਿਅਹੁ ਮਨਹੁ ਗੁਮਾਨੁ ॥੧੦॥ {ਪੰਨਾ 853}

ਅਰਥ: (ਜਿਹੜੀ) ਇੱਜ਼ਤ ਗੁਰੂ (ਅਮਰਦਾਸ ਜੀ) ਦੀ (ਹੋਈ, ਉਹ) ਗੁਰੂ (ਅੰਗਦ ਸਾਹਿਬ) ਨੇ ਪਰਮਾਤਮਾ ਦੀ ਹਜ਼ੂਰੀ ਤੋਂ (ਮਿਲਿਆ) ਹੁਕਮ ਸਮਝ ਕੇ ਪਰਵਾਨਾ ਸਮਝ ਕੇ (ਉਹਨਾਂ ਨੂੰ) ਦਿੱਤੀ। ਪੁੱਤਰਾਂ ਨੇ, ਭਤੀਜਿਆਂ ਨੇ, ਜਵਾਈਆਂ ਨੇ, ਹੋਰ ਸੱਕੇ ਸਾਕ ਅੰਗਾਂ ਨੇ ਚੰਗੀ ਤਰ੍ਹਾਂ ਪਰਖ ਕੇ ਵੇਖ ਲਿਆ ਸੀ (ਗੁਰੂ ਨੇ) ਸਭਨਾਂ ਦਾ ਮਾਣ ਦੂਰ ਕਰ ਦਿੱਤਾ।

ਹੇ ਭਾਈ! ਪਰਮਾਤਮਾ ਨੇ (ਗੁਰੂ ਦੀ ਰਾਹੀਂ) ਸਾਰੇ ਸੰਸਾਰ ਨੂੰ (ਨਾਮ ਦੀ) ਬਖ਼ਸ਼ਸ਼ ਕੀਤੀ ਹੈਜਿੱਥੇ ਭੀ ਕੋਈ ਵੇਖਦਾ ਹੈ ਉਥੇ ਹੀ ਪਿਆਰਾ ਗੁਰੂ (ਨਾਮ ਦੀ ਦਾਤਿ ਦੇਣ ਲਈ ਮੌਜੂਦ) ਹੈ। ਜਿਹੜਾ ਮਨੁੱਖ ਗੁਰੂ ਨੂੰ ਮਿਲ ਕੇ ਪਤੀਜਦਾ ਹੈ ਉਹ ਇਸ ਲੋਕ ਵਿਚ ਤੇ ਪਰਲੋਕ ਵਿਚ ਕਾਮਯਾਬ ਹੋ ਜਾਂਦਾ ਹੈ, ਪਰ ਜਿਹੜਾ ਮਨੁੱਖ ਗੁਰੂ ਵਲੋਂ ਮੂੰਹ ਮੋੜਦਾ ਹੈਉਹ ਭਟਕਦਾ ਫਿਰਦਾ ਹੈ, ਉਸ ਦਾ ਹਿਰਦਾ-ਥਾਂ (ਵਿਕਾਰਾਂ ਨਾਲ) ਗੰਦਾ ਟਿਕਿਆ ਰਹਿੰਦਾ ਹੈ। ਹੇ ਨਾਨਕ! ਆਖ-) ਸਭ ਦੇ ਦਿਲ ਦੀ ਜਾਣਨ ਵਾਲਾ ਸਭ ਦਾ ਮਿੱਤਰ ਸਭ ਵਿਚ ਵਿਆਪਕ ਪ੍ਰਭੂ ਆਪਣੇ ਸੇਵਕ ਦੇ ਪੱਖ ਤੇ ਰਹਿੰਦਾ ਹੈ।

ਹੇ ਭਾਈ! ਗੁਰੂ ਦੇ ਦਰ ਤੋਂ) ਆਤਮਕ ਖ਼ੁਰਾਕ ਮਿਲਦੀ ਵੇਖ ਕੇ ਸਾਰੇ ਲੋਕ ਗੁਰੂ ਦੀ ਚਰਨੀਂ ਆ ਲੱਗੇ। ਗੁਰੂ ਨੇ ਸਭਨਾਂ ਦੇ ਮਨ ਤੋਂ ਅਹੰਕਾਰ ਦੂਰ ਕਰ ਦਿੱਤਾ।੧੦।

*┈┉┅━❀꧁ੴ꧂❀━┅┉┈*

||ਅੱਜ ਦਾ ਫੁਰਮਾਨ|| ਗੁਰਦੁਵਾਰਾ ਸ਼੍ਰੀ ਕਤਲਗੜ ਸਾਹਿਬ ਸ਼੍ਰੀ ਚਮਕੌਰ ਸਾਹਿਬ ।।


*┈┉┅━❀꧁ੴ꧂❀━┅┉┈*

||ਅੱਜ ਦਾ ਫੁਰਮਾਨ|| ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ ਪਾਤਸ਼ਾਹੀ ੯ਵੀਂ (ਪਟਿਆਲਾ) ||

ਵਡਹੰਸੁ ਮਃ ੫ ॥ ਤੂ ਜਾਣਾਇਹਿ ਤਾ ਕੋਈ ਜਾਣੈ ॥ ਤੇਰਾ ਦੀਆ ਨਾਮੁ ਵਖਾਣੈ ॥੧॥ ਤੂ ਅਚਰਜੁ ਕੁਦਰਤਿ ਤੇਰੀ ਬਿਸਮਾ ॥੧॥ ਰਹਾਉ ॥ ਤੁਧੁ ਆਪੇ ਕਾਰਣੁ ਆਪੇ ਕਰਣਾ ॥ ਹੁਕਮੇ ਜੰਮਣੁ ਹੁਕਮੇ ਮਰਣਾ ॥੨॥ ਨਾਮੁ ਤੇਰਾ ਮਨ ਤਨ ਆਧਾਰੀ ॥ ਨਾਨਕ ਦਾਸੁ ਬਖਸੀਸ ਤੁਮਾਰੀ ॥੩॥੮॥ {ਪੰਨਾ 563-564}

ਅਰਥ: ਹੇ ਪ੍ਰਭੂ! ਤੂੰ ਹੈਰਾਨ ਕਰ ਦੇਣ ਵਾਲੀ ਹਸਤੀ ਵਾਲਾ ਹੈਂ। ਤੇਰੀ ਰਚੀ ਰਚਨਾ ਭੀ ਹੈਰਾਨਗੀ ਪੈਦਾ ਕਰਨ ਵਾਲੀ ਹੈ।੧।ਰਹਾਉ।

ਹੇ ਪ੍ਰਭੂ! ਜਦੋਂ ਕਿਸੇ ਮਨੁੱਖ ਨੂੰ ਤੂੰ ਸੂਝ ਬਖ਼ਸ਼ਦਾ ਹੈਂ, ਤਦੋਂ ਹੀ ਕੋਈ ਤੇਰੇ ਨਾਲ ਡੂੰਘੀ ਸਾਂਝ ਪਾਂਦਾ ਹੈ, ਤੇ, ਤੇਰਾ ਬਖ਼ਸ਼ਿਆ ਹੋਇਆ ਤੇਰਾ ਨਾਮ ਉਚਾਰਦਾ ਹੈ।੧।

ਹੇ ਪ੍ਰਭੂ! ਤੂੰ ਆਪ ਹੀ (ਜਗਤ-ਰਚਨਾ ਦਾ) ਵਸੀਲਾ (ਬਣਾਣ ਵਾਲਾ) ਹੈਂਤੂੰ ਆਪ ਹੀ ਜਗਤ ਹੈਂ (ਇਹ ਸਾਰਾ ਜਗਤ ਤੇਰਾ ਹੀ ਸਰੂਪ ਹੈ। ਤੇਰੇ ਹੁਕਮ ਵਿਚ ਹੀ (ਜੀਵਾਂ ਦਾ) ਜਨਮ ਹੁੰਦਾ ਹੈ, ਤੇਰੇ ਹੁਕਮ ਵਿਚ ਹੀ ਮੌਤ ਆਉਂਦੀ ਹੈ।੨।

ਹੇ ਪ੍ਰਭੂ! ਤੇਰਾ ਨਾਮ ਮੇਰੇ ਮਨ ਦਾ ਮੇਰੇ ਸਰੀਰ ਦਾ ਆਸਰਾ ਹੈ। ਹੇ ਨਾਨਕ! ਆਖ-ਹੇ ਪ੍ਰਭੂ! ਆਪਣਾ ਨਾਮ ਬਖ਼ਸ਼) ਤੇਰਾ ਦਾਸ ਤੇਰੀ ਬਖ਼ਸ਼ਸ (ਦਾ ਆਸਵੰਦ ਹੈ੩।੮।

*┈┉┅━❀꧁ੴ꧂❀━┅┉┈*

||ਅੱਜ ਦਾ ਫੁਰਮਾਨ|| ਗੁਰਦੁਆਰਾ ਸ੍ਰੀ ਪੰੰਜੋਖਰਾ ਸਾਹਿਬ ਪਾਤਸ਼ਾਹੀ: ਅੱੱਠਵੀਂ (ਅੰਬਾਲਾ)

ਧਨਾਸਰੀ ਮਹਲਾ ੫ ॥ ਜਾ ਕਉ ਹਰਿ ਰੰਗੁ ਲਾਗੋ ਇਸੁ ਜੁਗ ਮਹਿ ਸੋ ਕਹੀਅਤ ਹੈ ਸੂਰਾ ॥ ਆਤਮ ਜਿਣੈ ਸਗਲ ਵਸਿ ਤਾ ਕੈ ਜਾ ਕਾ ਸਤਿਗੁਰੁ ਪੂਰਾ ॥੧॥ ਠਾਕੁਰੁ ਗਾਈਐ ਆਤਮ ਰੰਗਿ ॥ ਸਰਣੀ ਪਾਵਨ ਨਾਮ ਧਿਆਵਨ ਸਹਜਿ ਸਮਾਵਨ ਸੰਗਿ ॥੧॥ ਰਹਾਉ ॥ ਜਨ ਕੇ ਚਰਨ ਵਸਹਿ ਮੇਰੈ ਹੀਅਰੈ ਸੰਗਿ ਪੁਨੀਤਾ ਦੇਹੀ ॥ ਜਨ ਕੀ ਧੂਰਿ ਦੇਹੁ ਕਿਰਪਾ ਨਿਧਿ ਨਾਨਕ ਕੈ ਸੁਖੁ ਏਹੀ ॥੨॥੪॥੩੫॥ {ਪੰਨਾ 679-680}

ਅਰਥ: ਹੇ ਭਾਈ! ਦਿਲ ਦੇ ਪਿਆਰ ਨਾਲ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ। ਉਸ ਪਰਮਾਤਮਾ ਦੀ ਸਰਨ ਵਿਚ ਟਿਕੇ ਰਹਿਣਾ, ਉਸ ਦਾ ਨਾਮ ਸਿਮਰਨਾ-ਇਸ ਤਰੀਕੇ ਨਾਲ ਆਤਮਕ ਅਡੋਲਤਾ ਵਿਚ ਟਿਕ ਕੇ ਉਸ ਵਿਚ ਲੀਨ ਹੋ ਜਾਈਦਾ ਹੈ।੧।ਰਹਾਉ।

ਹੇ ਭਾਈ! ਇਸ ਜਗਤ ਵਿਚ ਉਹ ਮਨੁੱਖ ਸੂਰਮਾ ਆਖਿਆ ਜਾਂਦਾ ਹੈ ਜਿਸ ਨੂੰ (ਜਿਸ ਦੇ ਹਿਰਦੇ ਵਿਚ) ਪ੍ਰਭੂ ਦਾ ਪਿਆਰ ਪੈਦਾ ਹੋ ਜਾਂਦਾ ਹੈ। ਪੂਰਾ ਗੁਰੂ ਜਿਸ ਮਨੁੱਖ ਦਾ (ਮਦਦਗਾਰ ਬਣ ਜਾਂਦਾਹੈ, ਉਹ ਮਨੁੱਖ ਆਪਣੇ ਮਨ ਨੂੰ ਜਿੱਤ ਲੈਂਦਾ ਹੈ, ਸਾਰੀ (ਸ੍ਰਿਸ਼ਟੀ) ਉਸ ਦੇ ਵੱਸ ਵਿਚ ਆ ਜਾਂਦੀ ਹੈ (ਦੁਨੀਆ ਦਾ ਕੋਈ ਪਦਾਰਥ ਉਸ ਨੂੰ ਮੋਹ ਨਹੀਂ ਸਕਦਾ੧।

ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਜੇ ਤੇਰੇ ਦਾਸਾਂ ਦੇ ਚਰਨ ਮੇਰੇ ਹਿਰਦੇ ਵਿਚ ਵੱਸ ਪੈਣ, ਤਾਂ ਉਹਨਾਂ ਦੀ ਸੰਗਤਿ ਵਿਚ ਮੇਰਾ ਸਰੀਰ ਪਵਿਤ੍ਰ ਹੋ ਜਾਏ। (ਮੇਹਰ ਕਰ, ਮੈਨੂੰ) ਆਪਣੇ ਦਾਸਾਂ ਦੇ ਚਰਨਾਂ ਦੀ ਧੂੜ ਬਖ਼ਸ਼, ਮੈਂ ਨਾਨਕ ਵਾਸਤੇ (ਸਭ ਤੋਂ ਵੱਡਾ) ਇਹੀ ਸੁਖ ਹੈ।੨।੪।੩੫।

*┈┉┅━❀꧁ੴ꧂❀━┅┉┈*

||ਅੱਜ ਦਾ ਫੁਰਮਾਨ|| ਗੁਰਦੁਆਰਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ, ਸ਼ਹੀਦ ਗੰਜ ਸਾਹਿਬ, ਅੰਮ੍ਰਿਤਸਰ ||

ਧਨਾਸਰੀ ਮਹਲਾ ੫ ॥ ਅਉਖੀ ਘੜੀ ਨ ਦੇਖਣ ਦੇਈ ਅਪਨਾ ਬਿਰਦੁ ਸਮਾਲੇ ॥ ਹਾਥ ਦੇਇ ਰਾਖੈ ਅਪਨੇ ਕਉ ਸਾਸਿ ਸਾਸਿ ਪ੍ਰਤਿਪਾਲੇ ॥੧॥ ਪ੍ਰਭ ਸਿਉ ਲਾਗਿ ਰਹਿਓ ਮੇਰਾ ਚੀਤੁ ॥ ਆਦਿ ਅੰਤਿ ਪ੍ਰਭੁ ਸਦਾ ਸਹਾਈ ਧੰਨੁ ਹਮਾਰਾ ਮੀਤੁ ॥ ਰਹਾਉ ॥ ਮਨਿ ਬਿਲਾਸ ਭਏ ਸਾਹਿਬ ਕੇ ਅਚਰਜ ਦੇਖਿ ਬਡਾਈ ॥ ਹਰਿ ਸਿਮਰਿ ਸਿਮਰਿ ਆਨਦ ਕਰਿ ਨਾਨਕ ਪ੍ਰਭਿ ਪੂਰਨ ਪੈਜ ਰਖਾਈ ॥੨॥੧੫॥੪੬॥ {ਪੰਨਾ 682}

ਅਰਥ: ਹੇ ਭਾਈ! ਮੇਰਾ ਮਨ (ਭੀ) ਉਸ ਪ੍ਰਭੂ ਨਾਲ ਜੁੜਿਆ ਰਹਿੰਦਾ ਹੈ, ਜੋ ਸ਼ੁਰੂ ਤੋਂ ਅਖ਼ੀਰ ਤਕ ਸਦਾ ਹੀ ਮਦਦਗਾਰ ਬਣਿਆ ਰਹਿੰਦਾ ਹੈ। ਸਾਡਾ ਉਹ ਮਿੱਤਰ ਪ੍ਰਭੂ ਧੰਨ ਹੈ (ਉਸ ਦੀ ਸਦਾ ਸਿਫ਼ਤਿ ਕਰਨੀ ਚਾਹੀਦੀ ਹੈਰਹਾਉ।

ਹੇ ਭਾਈ! ਉਹ ਪ੍ਰਭੂ ਆਪਣੇ ਸੇਵਕ ਨੂੰ) ਕੋਈ ਦੁੱਖ ਦੇਣ ਵਾਲਾ ਸਮਾ ਨਹੀਂ ਵੇਖਣ ਦੇਂਦਾ, ਉਹ ਆਪਣਾ ਮੁੱਢ-ਕਦੀਮਾਂ ਦਾ (ਪਿਆਰ ਵਾਲਾ) ਸੁਭਾਉ ਸਦਾ ਚੇਤੇ ਰੱਖਦਾ ਹੈ। ਪ੍ਰਭੂ ਆਪਣਾ ਹੱਥ ਦੇ ਕੇ ਆਪਣੇ ਸੇਵਕ ਦੀ ਰਾਖੀ ਕਰਦਾ ਹੈ, (ਸੇਵਕ ਨੂੰ ਉਸ ਦੇ) ਹਰੇਕ ਸਾਹ ਦੇ ਨਾਲ ਪਾਲਦਾ ਰਹਿੰਦਾ ਹੈ।੧।

ਹੇ ਭਾਈ! ਮਾਲਕ-ਪ੍ਰਭੂ ਦੇ ਹੈਰਾਨ ਕਰਨ ਵਾਲੇ ਕੌਤਕ ਵੇਖ ਕੇ, ਉਸ ਦੀ ਵਡਿਆਈ ਵੇਖ ਕੇ, (ਸੇਵਕ ਦੇ) ਮਨ ਵਿਚ (ਭੀ) ਖ਼ੁਸ਼ੀਆਂ ਬਣੀਆਂ ਰਹਿੰਦੀਆਂ ਹਨ। ਹੇ ਨਾਨਕ! ਤੂੰ ਭੀ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਆਤਮਕ ਆਨੰਦ ਮਾਣ। (ਜਿਸ ਭੀ ਮਨੁੱਖ ਨੇ ਸਿਮਰਨ ਕੀਤਾ) ਪ੍ਰਭੂ ਨੇ ਪੂਰੇ ਤੌਰ ਤੇ ਉਸ ਦੀ ਇੱਜ਼ਤ ਰੱਖ ਲਈ।੨।੧੫।੪੬।

*┈┉┅━❀꧁ੴ꧂❀━┅┉┈*

||ਅੱਜ ਦਾ ਫੁਰਮਾਨ|| ਗੁਰਦੁਆਰਾ ਸ਼੍ਰੀ ਕੰਧ ਸਾਹਿਬ ਬਟਾਲਾ ||

ਸੂਹੀ ਮਹਲਾ ੫ ॥ ਹਰਿ ਜਪੇ ਹਰਿ ਮੰਦਰੁ ਸਾਜਿਆ ਸੰਤ ਭਗਤ ਗੁਣ ਗਾਵਹਿ ਰਾਮ ॥ ਸਿਮਰਿ ਸਿਮਰਿ ਸੁਆਮੀ ਪ੍ਰਭੁ ਅਪਨਾ ਸਗਲੇ ਪਾਪ ਤਜਾਵਹਿ ਰਾਮ ॥ ਹਰਿ ਗੁਣ ਗਾਇ ਪਰਮ ਪਦੁ ਪਾਇਆ ਪ੍ਰਭ ਕੀ ਊਤਮ ਬਾਣੀ ॥ ਸਹਜ ਕਥਾ ਪ੍ਰਭ ਕੀ ਅਤਿ ਮੀਠੀ ਕਥੀ ਅਕਥ ਕਹਾਣੀ ॥ ਭਲਾ ਸੰਜੋਗੁ ਮੂਰਤੁ ਪਲੁ ਸਾਚਾ ਅਬਿਚਲ ਨੀਵ ਰਖਾਈ ॥ ਜਨ ਨਾਨਕ ਪ੍ਰਭ ਭਏ ਦਇਆਲਾ ਸਰਬ ਕਲਾ ਬਣਿ ਆਈ ॥੧॥ {ਪੰਨਾ 781}

ਅਰਥ: ਹੇ ਭਾਈ! ਮਨੁੱਖ ਦਾ ਇਹ ਸਰੀਰ-) ਘਰ ਪਰਮਾਤਮਾ ਨੇ ਨਾਮ ਜਪਣ ਲਈ ਬਣਾਇਆ ਹੈ, (ਇਸ ਘਰ ਵਿਚ) ਸੰਤ-ਜਨ ਭਗਤ-ਜਨ (ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ। ਆਪਣੇ ਮਾਲਕ-ਪ੍ਰਭੂ (ਦਾ ਨਾਮ) ਹਰ ਵੇਲੇ ਸਿਮਰ ਸਿਮਰ ਕੇ (ਸੰਤ ਜਨ ਆਪਣੇ ਅੰਦਰੋਂ) ਸਾਰੇ ਪਾਪ ਦੂਰ ਕਰਾ ਲੈਂਦੇ ਹਨ।

ਹੇ ਭਾਈ! ਇਸ ਸਰੀਰ-ਘਰ ਵਿਚ ਸੰਤ ਜਨਾਂ ਨੇ) ਪਰਮਾਤਮਾ ਦੀ ਪਵਿੱਤਰ ਸਿਫ਼ਤਿ-ਸਾਲਾਹ ਦੀ ਬਾਣੀ ਗਾ ਕੇ, ਪਰਮਾਤਮਾ ਦੇ ਗੁਣ ਗਾ ਕੇ ਸਭ ਤੋਂ ਉੱਚਾ ਆਤਮਕ ਦਰਜਾ ਪ੍ਰਾਪਤ ਕੀਤਾ ਹੈ। (ਇਸ ਸਰੀਰ-ਘਰ ਵਿਚ ਸੰਤ-ਜਨਾਂ ਨੇ) ਉਸ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕੀਤੀ ਹੈ ਜਿਸ ਦਾ ਸਹੀ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਉਸ ਪ੍ਰਭੂ ਦੀ ਅਤਿ ਮਿੱਠੀ ਸਿਫ਼ਤਿ-ਸਾਲਾਹ ਕੀਤੀ ਹੈ ਜੋ ਆਤਮਕ ਅਡੋਲਤਾ ਪੈਦਾ ਕਰਦੀ ਹੈ।

ਹੇ ਦਾਸ ਨਾਨਕ! ਜਿਸ ਮਨੁੱਖ ਉੱਤੇ) ਪ੍ਰਭੂ ਜੀ ਦਇਆਵਾਨ ਹੁੰਦੇ ਹਨ (ਉਸ ਦੇ ਸਰੀਰ-ਘਰ ਵਿਚ ਉਹ) ਸ਼ੁਭ ਸੰਜੋਗ ਆ ਬਣਦਾ ਹੈ, ਉਹ ਸਦਾ ਕਾਇਮ ਰਹਿਣ ਵਾਲਾ ਮੁਹੂਰਤ ਆ ਬਣਦਾ ਹੈ ਜਦੋਂ (ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨ ਦੀਕਦੇ ਨਾਹ ਹਿੱਲਣ ਵਾਲੀ ਨੀਂਹ ਰੱਖੀ ਜਾਂਦੀ ਹੈ (ਤੇ, ਜਿਸ ਦੇ ਅੰਦਰ ਇਹ ਨੀਂਹ ਰੱਖੀ ਜਾਂਦੀ ਹੈ, ਉਸ ਦੇ ਅੰਦਰ) ਤਕੜੀ ਆਤਮਕ ਤਾਕਤ ਪੈਦਾ ਹੋ ਜਾਂਦੀ ਹੈ।

ਆਨੰਦਾ ਵਜਹਿ ਨਿਤ ਵਾਜੇ ਪਾਰਬ੍ਰਹਮੁ ਮਨਿ ਵੂਠਾ ਰਾਮ ॥ ਗੁਰਮੁਖੇ ਸਚੁ ਕਰਣੀ ਸਾਰੀ ਬਿਨਸੇ ਭ੍ਰਮ ਭੈ ਝੂਠਾ ਰਾਮ ॥ ਅਨਹਦ ਬਾਣੀ ਗੁਰਮੁਖਿ ਵਖਾਣੀ ਜਸੁ ਸੁਣਿ ਸੁਣਿ ਮਨੁ ਤਨੁ ਹਰਿਆ ॥ ਸਰਬ ਸੁਖਾ ਤਿਸ ਹੀ ਬਣਿ ਆਏ ਜੋ ਪ੍ਰਭਿ ਅਪਨਾ ਕਰਿਆ ॥ ਘਰ ਮਹਿ ਨਵ ਨਿਧਿ ਭਰੇ ਭੰਡਾਰਾ ਰਾਮ ਨਾਮਿ ਰੰਗੁ ਲਾਗਾ ॥ ਨਾਨਕ ਜਨ ਪ੍ਰਭੁ ਕਦੇ ਨ ਵਿਸਰੈ ਪੂਰਨ ਜਾ ਕੇ ਭਾਗਾ ॥੨॥ {ਪੰਨਾ 781}

ਅਰਥ: ਹੇ ਭਾਈ! ਸਿਫ਼ਤਿ-ਸਾਲਾਹ ਦੀ 'ਅਬਿਚਲ ਨੀਵਦੀ ਬਰਕਤਿ ਨਾਲ ਜਿਸ ਮਨੁੱਖ ਦੇ) ਮਨ ਵਿਚ ਪਰਮਾਤਮਾ ਆ ਵੱਸਦਾ ਹੈ (ਉਸ ਦੇ ਸਰੀਰ-ਮੰਦਰ ਵਿਚ ਆਤਮਕ) ਆਨੰਦ ਦੇ ਸਦਾ (ਮਾਨੋ,) ਵਾਜੇ ਵੱਜਦੇ ਰਹਿੰਦੇ ਹਨ, (ਉਸ ਦੇ ਸਰਰਿ-ਘਰ ਵਿਚੋਂ) ਸਾਰੇ ਭਰਮ ਡਰ ਝੂਠ ਨਾਸ ਹੋ ਜਾਂਦੇ ਹਨ, ਗੁਰੂ ਦੇ ਸਨਮੁਖ ਰਹਿ ਕੇ ਸਦਾ-ਥਿਰ ਹਰਿ-ਨਾਮ ਸਿਮਰਨਾ (ਉਸ ਮਨੁੱਖ ਦਾਸ਼੍ਰੇਸ਼ਟ ਕਰਤੱਬ ਬਣ ਜਾਂਦਾ ਹੈ।

ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲਾ ਉਹ ਮਨੁੱਖ ਸਦਾ ਇਕ-ਰਸ ਸਿਫ਼ਤਿ-ਸਾਲਾਹ ਦੀ ਬਾਣੀ ਉਚਾਰਦਾ ਰਹਿੰਦਾ ਹੈ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣ ਸੁਣ ਕੇ ਉਸ ਦਾ ਮਨ ਉਸ ਦਾ ਤਨ ਆਤਮਕ ਜੀਵਨ ਵਾਲਾ ਹੋ ਜਾਂਦਾ ਹੈ। ਹੇ ਭਾਈ! ਜਿਸ ਮਨੁੱਖ ਨੂੰ ਪਰਮਾਤਮਾ ਨੇ ਆਪਣਾ (ਪਿਆਰਾ) ਬਣਾ ਲਿਆ, ਸਾਰੇ ਸੁਖ ਉਸ ਦੇ ਅੰਦਰ ਆ ਇਕੱਠੇ ਹੋਏ। ਹੇ ਭਾਈ! ਪਰਮਾਤਮਾ ਦੇ ਨਾਮ ਵਿਚ ਜਿਸ ਮਨੁੱਖ ਦਾ ਪਿਆਰ ਬਣ ਜਾਂਦਾ ਹੈ, ਉਸ ਦੇ (ਹਿਰਦੇ-) ਘਰ ਵਿਚ (ਮਾਨੋਧਰਤੀ ਦੇ) ਨੌ ਹੀ ਖ਼ਜ਼ਾਨਿਆਂ ਦੇ ਭੰਡਾਰੇ ਭਰ ਜਾਂਦੇ ਹਨ।

ਹੇ ਨਾਨਕ! ਜਿਸ ਦਾਸ ਦੇ ਪੂਰੇ ਭਾਗ ਜਾਗ ਪੈਂਦੇ ਹਨ, ਉਸ ਨੂੰ ਪਰਮਾਤਮਾ ਕਦੇ ਨਹੀਂ ਭੁੱਲਦਾ।੨।

ਛਾਇਆ ਪ੍ਰਭਿ ਛਤ੍ਰਪਤਿ ਕੀਨ੍ਹ੍ਹੀ ਸਗਲੀ ਤਪਤਿ ਬਿਨਾਸੀ ਰਾਮ ॥ ਦੂਖ ਪਾਪ ਕਾ ਡੇਰਾ ਢਾਠਾ ਕਾਰਜੁ ਆਇਆ ਰਾਸੀ ਰਾਮ ॥ ਹਰਿ ਪ੍ਰਭਿ ਫੁਰਮਾਇਆ ਮਿਟੀ ਬਲਾਇਆ ਸਾਚੁ ਧਰਮੁ ਪੁੰਨੁ ਫਲਿਆ ॥ ਸੋ ਪ੍ਰਭੁ ਅਪੁਨਾ ਸਦਾ ਧਿਆਈਐ ਸੋਵਤ ਬੈਸਤ ਖਲਿਆ ॥ ਗੁਣ ਨਿਧਾਨ ਸੁਖ ਸਾਗਰ ਸੁਆਮੀ ਜਲਿ ਥਲਿ ਮਹੀਅਲਿ ਸੋਈ ॥ ਜਨ ਨਾਨਕ ਪ੍ਰਭ ਕੀ ਸਰਣਾਈ ਤਿਸੁ ਬਿਨੁ ਅਵਰੁ ਨ ਕੋਈ ॥੩॥ {ਪੰਨਾ 781-782}

ਅਰਥ: ਹੇ ਭਾਈ! ਪ੍ਰਭੂ-ਪਾਤਿਸ਼ਾਹ ਨੇ (ਜਿਸ ਮਨੁੱਖ ਦੇ ਸਿਰ ਉਤੇ) ਆਪਣਾ ਹੱਥ ਰੱਖਿਆ, (ਉਸ ਦੇ ਅੰਦਰੋਂ ਵਿਕਾਰਾਂ ਦੀ) ਸਾਰੀ ਸੜਨ ਨਾਸ ਹੋ ਗਈ, (ਉਸ ਦੇ ਅੰਦਰੋਂ) ਦੁੱਖਾਂ ਦਾ ਵਿਕਾਰਾਂ ਦਾ ਅੱਡਾ ਹੀ ਢਹਿ ਗਿਆ, ਉਸ ਮਨੁੱਖ ਦਾ ਜੀਵਨ-ਮਨੋਰਥ ਕਾਮਯਾਬ ਹੋ ਗਿਆ। ਹਰੀ ਪ੍ਰਭੂ ਨੇ ਹੁਕਮ ਦੇ ਦਿੱਤਾ (ਤੇ, ਉਸ ਮਨੁੱਖ ਦੇ ਅੰਦਰੋਂ ਮਾਇਆ) ਬਲਾ (ਦਾ ਪ੍ਰਭਾਵ) ਮੁੱਕ ਗਿਆ, ਸਦਾ-ਥਿਰ ਹਰਿ-ਨਾਮ ਸਿਮਰਨ ਦਾ ਧਰਮ ਪੁੰਨ (ਉਸ ਦੇ ਅੰਦਰ) ਵਧਣਾ ਸ਼ੁਰੂ ਹੋ ਗਿਆ।

ਹੇ ਭਾਈ! ਸੁੱਤਿਆਂ ਬੈਠਿਆਂ ਖਲੋਤਿਆਂ (ਹਰ ਵੇਲੇ) ਉਸ ਪਰਮਾਤਮਾ ਦਾ ਧਿਆਨ ਧਰਨਾ ਚਾਹੀਦਾ ਹੈ। ਹੇ ਦਾਸ ਨਾਨਕ! (ਜਿਹੜਾ ਮਨੁੱਖ ਧਿਆਨ ਧਰਦਾ ਹੈ, ਉਸ ਨੂੰਉਹ ਗੁਣਾਂ ਦਾ ਖ਼ਜ਼ਾਨਾ ਪ੍ਰਭੂ ਸੁਖਾਂ ਦਾ ਸਮੁੰਦਰ ਪ੍ਰਭੂ ਪਾਣੀ ਵਿਚਧਰਤੀ ਵਿਚ, ਆਕਾਸ਼ ਵਿਚ (ਹਰ ਥਾਂ ਵਿਆਪਕ ਦਿੱਸਦਾ ਹੈ) , ਉਹ ਮਨੁੱਖ ਪ੍ਰਭੂ ਦੀ ਸਰਨ ਹੀ ਪਿਆ ਰਹਿੰਦਾ ਹੈ, ਉਸ (ਪ੍ਰਭੂ) ਤੋਂ ਬਿਨਾ ਉਸ ਨੂੰ ਕੋਈ ਹੋਰ ਆਸਰਾ ਨਹੀਂ ਦਿੱਸਦਾ।੩।

ਮੇਰਾ ਘਰੁ ਬਨਿਆ ਬਨੁ ਤਾਲੁ ਬਨਿਆ ਪ੍ਰਭ ਪਰਸੇ ਹਰਿ ਰਾਇਆ ਰਾਮ ॥ ਮੇਰਾ ਮਨੁ ਸੋਹਿਆ ਮੀਤ ਸਾਜਨ ਸਰਸੇ ਗੁਣ ਮੰਗਲ ਹਰਿ ਗਾਇਆ ਰਾਮ ॥ ਗੁਣ ਗਾਇ ਪ੍ਰਭੂ ਧਿਆਇ ਸਾਚਾ ਸਗਲ ਇਛਾ ਪਾਈਆ ॥ ਗੁਰ ਚਰਣ ਲਾਗੇ ਸਦਾ ਜਾਗੇ ਮਨਿ ਵਜੀਆ ਵਾਧਾਈਆ ॥ ਕਰੀ ਨਦਰਿ ਸੁਆਮੀ ਸੁਖਹ ਗਾਮੀ ਹਲਤੁ ਪਲਤੁ ਸਵਾਰਿਆ ॥ ਬਿਨਵੰਤਿ ਨਾਨਕ ਨਿਤ ਨਾਮੁ ਜਪੀਐ ਜੀਉ ਪਿੰਡੁ ਜਿਨਿ ਧਾਰਿਆ ॥੪॥੪॥੭॥ {ਪੰਨਾ 782}

ਅਰਥ: ਹੇ ਭਾਈ! ਜਦੋਂ ਦੇ) ਪ੍ਰਭੂ-ਪਾਤਿਸ਼ਾਹ ਦੇ ਚਰਨ ਪਰਸੇ ਹਨ, ਮੇਰਾ ਸਰੀਰ ਮੇਰਾ ਹਿਰਦਾ (ਸਭ ਕੁਝ) ਸੋਹਣਾ (ਸੋਹਣੀ ਆਤਮਕ ਰੰਗਣ ਵਾਲਾ) ਬਣ ਗਿਆ ਹੈ (ਜਦੋਂ ਤੋਂਮੈਂ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਣੇ ਸ਼ੁਰੂ ਕੀਤੇ ਹਨ, ਮੇਰਾ ਮਨ ਸੋਹਣਾ (ਸੋਹਣੇ ਸੰਸਕਾਰਾਂ ਵਾਲਾ) ਹੋ ਗਿਆ ਹੈ, ਮੇਰੇ ਸਾਰੇ ਮਿੱਤਰ (ਸਾਰੇ ਗਿਆਨ-ਇੰਦ੍ਰੇ) ਆਤਮਕ ਜੀਵਨ ਵਾਲੇ ਬਣ ਗਏ ਹਨ।

ਹੇ ਭਾਈ! ਪ੍ਰਭੂ ਦੇ ਗੁਣ ਗਾ ਕੇ ਸਦਾ-ਥਿਰ ਹਰੀ ਦਾ ਨਾਮ ਸਿਮਰ ਕੇ ਸਾਰੀਆਂ ਇੱਛਾਂ ਪੂਰੀਆਂ ਹੋ ਜਾਂਦੀਆਂ ਹਨ। ਜਿਹੜੇ ਮਨੁੱਖ ਗੁਰੂ ਦੀ ਚਰਨੀਂ ਲੱਗਦੇ ਹਨ, ਉਹ (ਮਾਇਆ ਦੇ ਹੱਲਿਆਂ ਵਲੋਂਸਦਾ ਸੁਚੇਤ ਰਹਿੰਦੇ ਹਨ, ਉਹਨਾਂ ਦੇ ਅੰਦਰ ਉਤਸ਼ਾਹ-ਭਰਿਆ ਆਤਮਕ ਜੀਵਨ ਬਣਿਆ ਰਹਿੰਦਾ ਹੈ।

ਹੇ ਭਾਈ! ਸੁਖਾਂ ਦੇ ਦਾਤੇ ਮਾਲਕ-ਪ੍ਰਭੂ ਨੇ (ਜਿਸ ਮਨੁੱਖ ਉੱਤੇਮਿਹਰ ਦੀ ਨਿਗਾਹ ਕੀਤੀ, (ਉਸ ਦਾ ਉਸ ਨੇਇਹ ਲੋਕ ਅਤੇ ਪਰਲੋਕ ਸੋਹਣਾ ਬਣਾ ਦਿੱਤਾ। ਨਾਨਕ ਬੇਨਤੀ ਕਰਦਾ ਹੈ-ਹੇ ਭਾਈਜਿਸ (ਪਰਮਾਤਮਾ) ਨੇ ਇਹ ਜਿੰਦ ਤੇ ਇਹ ਸਰੀਰ ਟਿਕਾ ਰੱਖਿਆ ਹੈ, ਉਸ ਦਾ ਨਾਮ ਸਦਾ ਜਪਣਾ ਚਾਹੀਦਾ ਹੈ।੪।੪।੭।

*┈┉┅━❀꧁ੴ꧂❀━┅┉┈*

||ਅੱਜ ਦਾ ਫੁਰਮਾਨ|| ਗੁਰਦੁਆਰਾ ਸ਼੍ਰੀ ਪਾਉਂਟਾ ਸਾਹਿਬ ਪਾਤਸ਼ਾਹੀ ੧੦ ਵੀਂ (ਹਿਮਾਚਲ ਪ੍ਰਦੇਸ਼)||

ਸੋਰਠਿ ਮਹਲਾ ੫ ਘਰੁ ੧ ਅਸਟਪਦੀਆ    ੴ ਸਤਿਗੁਰ ਪ੍ਰਸਾਦਿ ॥ ਸਭੁ ਜਗੁ ਜਿਨਹਿ ਉਪਾਇਆ ਭਾਈ ਕਰਣ ਕਾਰਣ ਸਮਰਥੁ ॥ ਜੀਉ ਪਿੰਡੁ ਜਿਨਿ ਸਾਜਿਆ ਭਾਈ ਦੇ ਕਰਿ ਅਪਣੀ ਵਥੁ ॥ ਕਿਨਿ ਕਹੀਐ ਕਿਉ ਦੇਖੀਐ ਭਾਈ ਕਰਤਾ ਏਕੁ ਅਕਥੁ ॥ ਗੁਰੁ ਗੋਵਿੰਦੁ ਸਲਾਹੀਐ ਭਾਈ ਜਿਸ ਤੇ ਜਾਪੈ ਤਥੁ ॥੧॥ ਮੇਰੇ ਮਨ ਜਪੀਐ ਹਰਿ ਭਗਵੰਤਾ ॥ ਨਾਮ ਦਾਨੁ ਦੇਇ ਜਨ ਅਪਨੇ ਦੂਖ ਦਰਦ ਕਾ ਹੰਤਾ ॥ ਰਹਾਉ ॥ ਜਾ ਕੈ ਘਰਿ ਸਭੁ ਕਿਛੁ ਹੈ ਭਾਈ ਨਉ ਨਿਧਿ ਭਰੇ ਭੰਡਾਰ ॥ ਤਿਸ ਕੀ ਕੀਮਤਿ ਨਾ ਪਵੈ ਭਾਈ ਊਚਾ ਅਗਮ ਅਪਾਰ ॥ ਜੀਅ ਜੰਤ ਪ੍ਰਤਿਪਾਲਦਾ ਭਾਈ ਨਿਤ ਨਿਤ ਕਰਦਾ ਸਾਰ ॥ ਸਤਿਗੁਰੁ ਪੂਰਾ ਭੇਟੀਐ ਭਾਈ ਸਬਦਿ ਮਿਲਾਵਣਹਾਰ ॥੨॥ {ਪੰਨਾ 639}

ਅਰਥ: ਹੇ ਮੇਰੇ ਮਨ! ਸਦਾ) ਹਰੀ ਭਗਵਾਨ ਦਾ ਨਾਮ ਜਪਣਾ ਚਾਹੀਦਾ ਹੈ। ਉਹ ਭਗਵਾਨ ਆਪਣੇ ਸੇਵਕ ਨੂੰ ਆਪਣੇ ਨਾਮ ਦੀ ਦਾਤਿ ਦੇਂਦਾ ਹੈ। ਉਹ ਸਾਰੇ ਦੁੱਖਾਂ ਪੀੜਾਂ ਦਾ ਨਾਸ ਕਰਨ ਵਾਲਾ ਹੈ।ਰਹਾਉ।

ਹੇ ਭਾਈ! ਜਿਸ ਪਰਮਾਤਮਾ ਨੇ ਆਪ ਹੀ ਸਾਰਾ ਜਗਤ ਪੈਦਾ ਕੀਤਾ ਹੈ, ਜੋ ਸਾਰੇ ਜਗਤ ਦਾ ਮੂਲ ਹੈਜੋ ਸਾਰੀਆਂ ਤਾਕਤਾਂ ਦਾ ਮਾਲਕ ਹੈ, ਜਿਸ ਨੇ ਆਪਣੀ ਸੱਤਿਆ ਦੇ ਕੇ (ਮਨੁੱਖ ਦਾ) ਜਿੰਦ ਤੇ ਸਰੀਰ ਪੈਦਾ ਕੀਤਾ ਹੈ, ਉਹ ਕਰਤਾਰ (ਤਾਂਕਿਸੇ ਪਾਸੋਂ ਭੀ ਬਿਆਨ ਨਹੀਂ ਕੀਤਾ ਜਾ ਸਕਦਾ। ਹੇ ਭਾਈ! ਉਹ ਕਰਤਾਰ ਦਾ ਸਰੂਪ ਦਸਿਆ ਨਹੀਂ ਜਾ ਸਕਦਾ। ਉਸ ਨੂੰ ਕਿਵੇਂ ਵੇਖਿਆ ਜਾਏਹੇ ਭਾਈ! ਗੋਬਿੰਦ ਦੇ ਰੂਪ ਗੁਰੂ ਦੀ ਸਿਫ਼ਤਿ ਕਰਨੀ ਚਾਹੀਦੀ ਹੈ, ਕਿਉਂਕਿ ਗੁਰੂ ਪਾਸੋਂ ਹੀ ਸਾਰੇ ਜਗਤ ਦੇ ਮੂਲ ਪਰਮਾਤਮਾ ਦੀ ਸੂਝ ਪੈ ਸਕਦੀ ਹੈ।੧।

ਹੇ ਭਾਈ! ਜਿਸ ਪ੍ਰਭੂ ਦੇ ਘਰ ਵਿਚ ਹਰੇਕ ਚੀਜ਼ ਮੌਜੂਦ ਹੈ, ਜਿਸ ਦੇ ਘਰ ਵਿਚ ਜਗਤ ਦੇ ਸਾਰੇ ਨੌ ਹੀ ਖ਼ਜ਼ਾਨੇ ਮੌਜੂਦ ਹਨ, ਜਿਸ ਦੇ ਘਰ ਵਿਚ ਭੰਡਾਰੇ ਭਰੇ ਪਏ ਹਨ ਉਸ ਦਾ ਮੁੱਲ ਨਹੀਂ ਪੈ ਸਕਦਾ, ਉਹ ਸਭ ਤੋਂ ਉੱਚਾ ਹੈ, ਉਹ ਅਪਹੁੰਚ ਹੈ, ਉਹ ਬੇਅੰਤ ਹੈ। ਹੇ ਭਾਈ! ਉਹ ਪ੍ਰਭੂ ਸਾਰੇ ਜੀਵਾਂ ਦੀ ਪਾਲਣਾ ਕਰਦਾ ਹੈ, ਉਹ ਸਦਾ ਹੀ (ਸਭ ਜੀਵਾਂ ਦੀਸੰਭਾਲ ਕਰਦਾ ਹੈ। (ਉਸ ਦਾ ਦਰਸਨ ਕਰਨ ਲਈ) ਹੇ ਭਾਈ! ਪੂਰੇ ਗੁਰੂ ਨੂੰ ਮਿਲਣਾ ਚਾਹੀਦਾ ਹੈ, (ਗੁਰੂ ਹੀ ਆਪਣੇ) ਸ਼ਬਦ ਵਿਚ ਜੋੜ ਕੇ ਪਰਮਾਤਮਾ ਨਾਲ ਮਿਲਾ ਸਕਣ ਵਾਲਾ ਹੈ।੨।

ਸਚੇ ਚਰਣ ਸਰੇਵੀਅਹਿ ਭਾਈ ਭ੍ਰਮੁ ਭਉ ਹੋਵੈ ਨਾਸੁ ॥ ਮਿਲਿ ਸੰਤ ਸਭਾ ਮਨੁ ਮਾਂਜੀਐ ਭਾਈ ਹਰਿ ਕੈ ਨਾਮਿ ਨਿਵਾਸੁ ॥ ਮਿਟੈ ਅੰਧੇਰਾ ਅਗਿਆਨਤਾ ਭਾਈ ਕਮਲ ਹੋਵੈ ਪਰਗਾਸੁ ॥ ਗੁਰ ਬਚਨੀ ਸੁਖੁ ਊਪਜੈ ਭਾਈ ਸਭਿ ਫਲ ਸਤਿਗੁਰ ਪਾਸਿ ॥੩॥ ਮੇਰਾ ਤੇਰਾ ਛੋਡੀਐ ਭਾਈ ਹੋਈਐ ਸਭ ਕੀ ਧੂਰਿ ॥ ਘਟਿ ਘਟਿ ਬ੍ਰਹਮੁ ਪਸਾਰਿਆ ਭਾਈ ਪੇਖੈ ਸੁਣੈ ਹਜੂਰਿ ॥ ਜਿਤੁ ਦਿਨਿ ਵਿਸਰੈ ਪਾਰਬ੍ਰਹਮੁ ਭਾਈ ਤਿਤੁ ਦਿਨਿ ਮਰੀਐ ਝੂਰਿ ॥ ਕਰਨ ਕਰਾਵਨ ਸਮਰਥੋ ਭਾਈ ਸਰਬ ਕਲਾ ਭਰਪੂਰਿ ॥੪॥ ਪ੍ਰੇਮ ਪਦਾਰਥੁ ਨਾਮੁ ਹੈ ਭਾਈ ਮਾਇਆ ਮੋਹ ਬਿਨਾਸੁ ॥ ਤਿਸੁ ਭਾਵੈ ਤਾ ਮੇਲਿ ਲਏ ਭਾਈ ਹਿਰਦੈ ਨਾਮ ਨਿਵਾਸੁ ॥ ਗੁਰਮੁਖਿ ਕਮਲੁ ਪ੍ਰਗਾਸੀਐ ਭਾਈ ਰਿਦੈ ਹੋਵੈ ਪਰਗਾਸੁ ॥ ਪ੍ਰਗਟੁ ਭਇਆ ਪਰਤਾਪੁ ਪ੍ਰਭ ਭਾਈ ਮਉਲਿਆ ਧਰਤਿ ਅਕਾਸੁ ॥੫॥ {ਪੰਨਾ 639-640}

ਅਰਥ: ਹੇ ਭਾਈ! ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਚਰਨ ਹਿਰਦੇ ਵਿਚ ਵਸਾਈ ਰੱਖਣੇ ਚਾਹੀਦੇ ਹਨ, (ਇਸ ਤਰ੍ਹਾਂ ਮਨ ਦੀ) ਭਟਕਣਾ ਦਾ, (ਹਰੇਕ ਕਿਸਮ ਦੇ) ਡਰ ਦਾ ਨਾਸ ਹੋ ਜਾਂਦਾ ਹੈ। ਹੇ ਭਾਈ! ਸਾਧ ਸੰਗਤਿ ਵਿਚ ਮਿਲ ਕੇ ਮਨ ਨੂੰ ਸਾਫ਼ ਕਰਨਾ ਚਾਹੀਦਾ ਹੈ (ਇਸ ਤਰ੍ਹਾਂ) ਪਰਮਾਤਮਾ ਦੇ ਨਾਮ ਵਿਚ (ਮਨ ਦਾ) ਨਿਵਾਸ ਹੋ ਜਾਂਦਾ ਹੈ। (ਸਾਧ ਸੰਗਤਿ ਦੀ ਬਰਕਤਿ ਨਾਲ) ਹੇ ਭਾਈ! ਆਤਮਕ ਜੀਵਨ ਵਲੋਂ ਬੇ-ਸਮਝੀ ਦਾ ਹਨੇਰਾ (ਮਨੁੱਖ ਦੇ ਅੰਦਰੋਂ) ਮਿਟ ਜਾਂਦਾ ਹੈ (ਹਿਰਦੇ ਦੇ) ਕੌਲ-ਫੁੱਲ ਦਾ ਖਿੜਾਉ ਹੋ ਜਾਂਦਾ ਹੈ। ਹੇ ਭਾਈ! ਗੁਰੂ ਦੇ ਬਚਨਾਂ ਉੱਤੇ ਤੁਰਿਆਂ ਆਤਮਕ ਆਨੰਦ ਪੈਦਾ ਹੁੰਦਾ ਹੈ। ਸਾਰੇ ਫਲ ਗੁਰੂ ਦੇ ਕੋਲ ਹਨ।੩।

ਹੇ ਭਾਈ! ਵਿਤਕਰਾ ਛੱਡ ਦੇਣਾ ਚਾਹੀਦਾ ਹੈ, ਸਭਨਾਂ ਦੇ ਚਰਨਾਂ ਦੀ ਧੂੜ ਬਣ ਜਾਣਾ ਚਾਹੀਦਾ ਹੈ। ਹੇ ਭਾਈ! ਪਰਮਾਤਮਾ ਹਰੇਕ ਸਰੀਰ ਵਿਚ ਵੱਸ ਰਿਹਾ ਹੈ, ਉਹ ਸਭ ਦੇ ਅੰਗ-ਸੰਗ ਹੋ ਕੇ (ਸਭ ਦੇ ਕੰਮਾਂ ਨੂੰਵੇਖਦਾ ਹੈ (ਸਭਨਾਂ ਦੀਆਂ ਗੱਲਾਂ) ਸੁਣਦਾ ਹੈ। ਹੇ ਭਾਈ! ਜਿਸ ਦਿਨ ਪਰਮਾਤਮਾ ਭੁੱਲ ਜਾਏ, ਉਸ ਦਿਨ ਦੁੱਖੀ ਹੋ ਹੋ ਕੇ ਆਤਮਕ ਮੌਤ ਸਹੇੜ ਲਈਦੀ ਹੈ। ਹੇ ਭਾਈ! (ਇਹ ਯਾਦ ਰੱਖੋ ਕਿ) ਪਰਮਾਤਮਾ ਸਭ ਕੁਝ ਕਰ ਸਕਣ ਵਾਲਾ ਅਤੇ (ਜੀਵਾਂ ਪਾਸੋਂ) ਕਰਾ ਸਕਣ ਵਾਲਾ ਹੈ। ਪਰਮਾਤਮਾ ਵਿਚ ਸਾਰੀਆਂ ਤਾਕਤਾਂ ਮੌਜੂਦ ਹਨ।੪।

ਹੇ ਭਾਈ! ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦੇ) ਪਿਆਰ ਦਾ ਕੀਮਤੀ ਧਨ ਮੌਜੂਦ ਹੈ, ਹਰਿ-ਨਾਮ ਮੌਜੂਦ ਹੈ (ਉਸ ਦੇ ਅੰਦਰੋਂ) ਮਾਇਆ ਦੇ ਮੋਹ ਦਾ ਨਾਸ ਹੋ ਜਾਂਦਾ ਹੈ। ਹੇ ਭਾਈ! ਉਸ ਪਰਮਾਤਮਾ ਨੂੰ (ਜਦੋਂ) ਚੰਗਾ ਲੱਗੇ ਤਦੋਂ ਉਹ (ਜਿਸ ਨੂੰ ਆਪਣੇ ਚਰਨਾਂ ਵਿਚ) ਮਿਲਾ ਲੈਂਦਾ ਹੈ (ਉਸ ਦੇ) ਹਿਰਦੇ ਵਿਚ ਉਸ ਪ੍ਰਭੂ ਦੇ ਨਾਮ ਦਾ ਨਿਵਾਸ ਹੋ ਜਾਂਦਾ ਹੈ। ਹੇ ਭਾਈ! ਗੁਰੂ ਦੇ ਸਨਮੁਖ ਹੋਇਆਂ (ਹਿਰਦੇ ਦਾ) ਕੌਲ-ਫੁੱਲ ਖਿੜ ਪੈਂਦਾ ਹੈ, ਹਿਰਦੇ ਵਿਚ (ਆਤਮਕ ਜੀਵਨ ਦੀ ਸੋਝੀ ਦਾ) ਚਾਨਣ ਹੋ ਜਾਂਦਾ ਹੈ। ਹੇ ਭਾਈ! ਗੁਰੂ ਦੀ ਸਰਨ ਪਿਆਂ ਮਨੁੱਖ ਦੇ ਅੰਦਰ) ਪਰਮਾਤਮਾ ਦੀ ਤਾਕਤ ਪਰਗਟ ਹੋ ਜਾਂਦੀ ਹੈ (ਮਨੁੱਖ ਨੂੰ ਸਮਝ ਆ ਜਾਂਦੀ ਹੈ ਕਿ ਪਰਮਾਤਮਾ ਬੇਅੰਤ ਤਾਕਤ ਦਾ ਮਾਲਕ ਹੈ, ਅਤੇ ਪ੍ਰਭੂ ਦੀ ਤਾਕਤ ਨਾਲ ਹੀ) ਧਰਤੀ ਖਿੜੀ ਹੋਈ ਹੈ, ਆਕਾਸ਼ ਖਿੜਿਆ ਹੋਇਆ ਹੈ।੫।

ਗੁਰਿ ਪੂਰੈ ਸੰਤੋਖਿਆ ਭਾਈ ਅਹਿਨਿਸਿ ਲਾਗਾ ਭਾਉ ॥ ਰਸਨਾ ਰਾਮੁ ਰਵੈ ਸਦਾ ਭਾਈ ਸਾਚਾ ਸਾਦੁ ਸੁਆਉ ॥ ਕਰਨੀ ਸੁਣਿ ਸੁਣਿ ਜੀਵਿਆ ਭਾਈ ਨਿਹਚਲੁ ਪਾਇਆ ਥਾਉ ॥ ਜਿਸੁ ਪਰਤੀਤਿ ਨ ਆਵਈ ਭਾਈ ਸੋ ਜੀਅੜਾ ਜਲਿ ਜਾਉ ॥੬॥ ਬਹੁ ਗੁਣ ਮੇਰੇ ਸਾਹਿਬੈ ਭਾਈ ਹਉ ਤਿਸ ਕੈ ਬਲਿ ਜਾਉ ॥ ਓਹੁ ਨਿਰਗੁਣੀਆਰੇ ਪਾਲਦਾ ਭਾਈ ਦੇਇ ਨਿਥਾਵੇ ਥਾਉ ॥ ਰਿਜਕੁ ਸੰਬਾਹੇ ਸਾਸਿ ਸਾਸਿ ਭਾਈ ਗੂੜਾ ਜਾ ਕਾ ਨਾਉ ॥ ਜਿਸੁ ਗੁਰੁ ਸਾਚਾ ਭੇਟੀਐ ਭਾਈ ਪੂਰਾ ਤਿਸੁ ਕਰਮਾਉ ॥੭॥ {ਪੰਨਾ 640}

ਅਰਥ: ਹੇ ਭਾਈ! ਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਸੰਤੋਖ ਦੀ ਦਾਤਿ ਦੇ ਦਿੱਤੀ, (ਉਸ ਦੇ ਅੰਦਰ) ਦਿਨ ਰਾਤ (ਪ੍ਰਭੂ-ਚਰਨਾਂ ਦਾ) ਪਿਆਰ ਬਣਿਆ ਰਹਿੰਦਾ ਹੈ, ਉਹ ਮਨੁੱਖ ਸਦਾ (ਆਪਣੀ) ਜੀਭ ਨਾਲ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਹੈ। (ਨਾਮ ਜਪਣ ਦਾ ਇਹ) ਸੁਆਦ (ਇਹ) ਨਿਸ਼ਾਨਾ (ਉਸ ਦੇ ਅੰਦਰ) ਸਦਾ ਕਾਇਮ ਰਹਿੰਦਾ ਹੈ। ਹੇ ਭਾਈ! ਉਹ ਮਨੁੱਖ ਆਪਣੇ ਕੰਨਾਂ ਨਾਲ (ਪਰਮਾਤਮਾ ਦੀ ਸਿਫ਼ਤਿ-ਸਾਲਾਹ) ਸੁਣ ਸੁਣ ਕੇ ਆਤਮਕ ਜੀਵਨ ਹਾਸਲ ਕਰਦਾ ਰਹਿੰਦਾ ਹੈ, ਉਹ ਪ੍ਰਭੂ-ਚਰਨਾਂ ਵਿਚ) ਅਟੱਲ ਥਾਂ ਪ੍ਰਾਪਤ ਕਰੀ ਰੱਖਦਾ ਹੈ।

ਪਰ, ਹੇ ਭਾਈ! ਜਿਸ ਮਨੁੱਖ ਨੂੰ (ਗੁਰੂ ਉਤੇ) ਇਤਬਾਰ ਨਹੀਂ ਬੱਝਦਾ ਉਸ ਦੀ (ਨਿਭਾਗੀ) ਜਿੰਦ (ਵਿਕਾਰਾਂ ਵਿਚ) ਸੜ ਜਾਂਦੀ ਹੈ (ਆਤਮਕ ਮੌਤ ਸਹੇੜ ਲੈਂਦੀ ਹੈ੬।

ਹੇ ਭਾਈ! ਮੇਰੇ ਮਾਲਕ-ਪ੍ਰਭੂ ਵਿਚ ਬੇਅੰਤ ਗੁਣ ਹਨ, ਮੈਂ ਉਸ ਤੋਂ ਸਦਕੇ-ਕੁਰਬਾਨ ਜਾਂਦਾ ਹਾਂ। ਹੇ ਭਾਈ! ਉਹ ਮਾਲਕ ਗੁਣ-ਹੀਨ ਨੂੰ (ਭੀ) ਪਾਲਦਾ ਹੈਉਹ ਨਿਆਸਰੇ ਮਨੁੱਖ ਨੂੰ ਸਹਾਰਾ ਦੇਂਦਾ ਹੈ। ਉਹ ਮਾਲਕ ਹਰੇਕ ਸਾਹ ਦੇ ਨਾਲ ਰਿਜ਼ਕ ਅਪੜਾਂਦਾ ਹੈ, ਉਸ ਦਾ ਨਾਮ (ਸਿਮਰਨ ਕਰਨ ਵਾਲੇ ਦੇ ਮਨ ਉੱਤੇ ਪ੍ਰੇਮ ਦਾ) ਗੂੜ੍ਹਾ ਰੰਗ ਚਾੜ੍ਹ ਦੇਂਦਾ ਹੈ। ਹੇ ਭਾਈ! ਜਿਸ ਮਨੁੱਖ ਨੂੰ ਸੱਚਾ ਗੁਰੂ ਮਿਲ ਪੈਂਦਾ ਹੈ (ਉਸ ਨੂੰ ਪ੍ਰਭੂ ਮਿਲ ਪੈਂਦਾ ਹੈ) ਉਸ ਦੀ ਕਿਸਮਤ ਜਾਗ ਪੈਂਦੀ ਹੈ।੭।

ਤਿਸੁ ਬਿਨੁ ਘੜੀ ਨ ਜੀਵੀਐ ਭਾਈ ਸਰਬ ਕਲਾ ਭਰਪੂਰਿ ॥ ਸਾਸਿ ਗਿਰਾਸਿ ਨ ਵਿਸਰੈ ਭਾਈ ਪੇਖਉ ਸਦਾ ਹਜੂਰਿ ॥ ਸਾਧੂ ਸੰਗਿ ਮਿਲਾਇਆ ਭਾਈ ਸਰਬ ਰਹਿਆ ਭਰਪੂਰਿ ॥ ਜਿਨਾ ਪ੍ਰੀਤਿ ਨ ਲਗੀਆ ਭਾਈ ਸੇ ਨਿਤ ਨਿਤ ਮਰਦੇ ਝੂਰਿ ॥੮॥ ਅੰਚਲਿ ਲਾਇ ਤਰਾਇਆ ਭਾਈ ਭਉਜਲੁ ਦੁਖੁ ਸੰਸਾਰੁ ॥ ਕਰਿ ਕਿਰਪਾ ਨਦਰਿ ਨਿਹਾਲਿਆ ਭਾਈ ਕੀਤੋਨੁ ਅੰਗੁ ਅਪਾਰੁ ॥ ਮਨੁ ਤਨੁ ਸੀਤਲੁ ਹੋਇਆ ਭਾਈ ਭੋਜਨੁ ਨਾਮ ਅਧਾਰੁ ॥ ਨਾਨਕ ਤਿਸੁ ਸਰਣਾਗਤੀ ਭਾਈ ਜਿ ਕਿਲਬਿਖ ਕਾਟਣਹਾਰੁ ॥੯॥੧॥ {ਪੰਨਾ 640}

ਅਰਥ: ਹੇ ਭਾਈ! ਉਹ ਪਰਮਾਤਮਾ ਸਾਰੀਆਂ ਤਾਕਤਾਂ ਨਾਲ ਭਰਪੂਰ ਹੈ, ਉਸ (ਦੀ ਯਾਦ) ਤੋਂ ਬਿਨਾ ਇਕ ਘੜੀ ਭਰ ਭੀ (ਮਨੁੱਖ ਦਾ) ਆਤਮਕ ਜੀਵਨ ਕਾਇਮ ਨਹੀਂ ਰਹਿ ਸਕਦਾ। ਹੇ ਭਾਈ! ਮੈਂ ਤਾਂ ਉਸ ਪਰਮਾਤਮਾ ਨੂੰ ਆਪਣੇ ਅੰਗ ਸੰਗ ਵੱਸਦਾ ਵੇਖਦਾ ਹਾਂ, ਮੈਨੂੰ ਉਹ ਖਾਂਦਿਆਂ ਸਾਹ ਲੈਂਦਿਆਂ ਕਦੇ ਭੀ ਨਹੀਂ ਭੁੱਲਦਾ। ਹੇ ਭਾਈ! ਜਿਸ ਮਨੁੱਖ ਨੂੰ ਪਰਮਾਤਮਾ ਨੇ ਗੁਰੂ ਦੀ ਸੰਗਤਿ ਵਿਚ ਮਿਲਾ ਦਿੱਤਾ, ਉਸ ਨੂੰ ਉਹ ਪਰਮਾਤਮਾ ਸਭ ਥਾਂ ਮੌਜੂਦ ਦਿੱਸਣ ਲੱਗ ਪੈਂਦਾ ਹੈ। ਪਰ, ਹੇ ਭਾਈ! ਜਿਨ੍ਹਾਂ ਦੇ ਅੰਦਰ ਪਰਮਾਤਮਾ ਦਾ ਪਿਆਰ ਪੈਦਾ ਨਹੀਂ ਹੁੰਦਾ, ਉਹ ਸਦਾ ਚਿੰਤਾਤੁਰ ਹੋ ਹੋ ਕੇ ਆਤਮਕ ਮੌਤ ਸਹੇੜਦੇ ਰਹਿੰਦੇ ਹਨ।੮।

ਹੇ ਭਾਈ! ਸਰਨ ਪਏ ਮਨੁੱਖ ਨੂੰ) ਆਪਣੇ ਪੱਲੇ ਲਾ ਕੇ ਪਰਮਾਤਮਾ ਆਪ ਇਸ ਦੁੱਖ-ਰੂਪ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ। ਪਭੂ (ਉਸ ਉਤੇ) ਕਿਰਪਾ ਕਰ ਕੇ (ਉਸ ਨੂੰ) ਮੇਹਰ ਦੀ ਨਿਗਾਹ ਨਾਲ ਵੇਖਦਾ ਹੈ, ਉਸ ਦਾ ਬੇਅੰਤ ਪੱਖ ਕਰਦਾ ਹੈ। ਹੇ ਭਾਈ! ਉਸ ਮਨੁੱਖ ਦਾ ਮਨ ਠੰਢਾ ਹੋ ਜਾਂਦਾ ਹੈ, ਸਰੀਰ ਸ਼ਾਂਤ ਹੋ ਜਾਂਦਾ ਹੈ, ਉਹ (ਆਪਣੇ ਆਤਮਕ ਜੀਵਨ ਵਾਸਤੇ) ਨਾਮ ਦੀ ਖ਼ੁਰਾਕ (ਖਾਂਦਾ ਹੈ) , ਨਾਮ ਦਾ ਸਹਾਰਾ ਲੈਂਦਾ ਹੈ। ਹੇ ਨਾਨਕ! ਆਖ-) ਹੇ ਭਾਈ! ਉਸ ਪਰਮਾਤਮਾ ਦੀ ਸਰਨ ਪਵੋ, ਜੋ ਸਾਰੇ ਪਾਪ ਕੱਟ ਸਕਦਾ ਹੈ।੯।੧।

*┈┉┅━❀꧁ੴ꧂❀━┅┉┈*

||ਅੱਜ ਦਾ ਫੁਰਮਾਨ|| ਗੁਰਦੁਆਰਾ ਸ਼੍ਰੀ ਬਾਉਲੀ ਸਾਹਿਬ, ਗੋਇੰਦਵਾਲ ਸਾਹਿਬ ||

ਸਲੋਕ ਮਃ ੧ ॥ ਦੁਇ ਦੀਵੇ ਚਉਦਹ ਹਟਨਾਲੇ ॥ ਜੇਤੇ ਜੀਅ ਤੇਤੇ ਵਣਜਾਰੇ ॥ ਖੁਲ੍ਹ੍ਹੇ ਹਟ ਹੋਆ ਵਾਪਾਰੁ ॥ ਜੋ ਪਹੁਚੈ ਸੋ ਚਲਣਹਾਰੁ ॥ ਧਰਮੁ ਦਲਾਲੁ ਪਾਏ ਨੀਸਾਣੁ ॥ ਨਾਨਕ ਨਾਮੁ ਲਾਹਾ ਪਰਵਾਣੁ ॥ ਘਰਿ ਆਏ ਵਜੀ ਵਾਧਾਈ ॥ ਸਚ ਨਾਮ ਕੀ ਮਿਲੀ ਵਡਿਆਈ ॥੧॥ {ਪੰਨਾ 789}

ਅਰਥ: ਜਗਤ-ਰੂਪ ਸ਼ਹਰ ਵਿਚ ਚੰਦ ਤੇ ਸੂਰਜ, ਮਾਨੋ, ਦੋ ਲੈਂਪ ਜਗ ਰਹੇ ਹਨ, ਤੇ ਚੌਦਾਂ ਲੋਕ (ਇਹ ਜਗਤ-ਸ਼ਹਰ ਦੇ, ਮਾਨੋ) ਬਜ਼ਾਰ ਹਨਸਾਰੇ ਜੀਵ (ਇਸ ਸ਼ਹਰ ਦੇ) ਵਪਾਰੀ ਹਨ। ਜਦੋਂ ਹੱਟ ਖੁਲ੍ਹ ਪਏ (ਜਗਤ-ਰਚਨਾ ਹੋਈ) , ਵਪਾਰ ਹੋਣ ਲੱਗ ਪਿਆ। ਜੋ ਜੋ ਵਪਾਰੀ ਏਥੇ ਆਉਂਦਾ ਹੈ ਉਹ ਮੁਸਾਫ਼ਿਰ ਹੀ ਹੁੰਦਾ ਹੈ।

(ਹਰੇਕ ਜੀਵ-ਵਪਾਰੀ ਦੀ ਕਰਣੀ-ਰੂਪ ਸਉਦੇ ਤੇ) ਧਰਮ-ਰੂਪ ਦਲਾਲ ਨਿਸ਼ਾਨ ਲਾਈ ਜਾਂਦਾ ਹੈ (ਕਿ ਇਸ ਦਾ ਸਉਦਾ ਖਰਾ ਹੈ ਜਾਂ ਖੋਟਾ) , ਹੇ ਨਾਨਕ! ਸ਼ਾਹ-ਪ੍ਰਭੂ ਦੇ ਹੱਟ ਤੇ) 'ਨਾਮਨਫ਼ਾ ਹੀ ਕਬੂਲ ਹੁੰਦਾ ਹੈ। ਜੋ (ਇਹ ਨਫ਼ਾ ਖੱਟ ਕੇ) ਹਜ਼ੂਰੀ ਵਿਚ ਅੱਪੜਦਾ ਹੈ ਉਸ ਨੂੰ ਲਾਲੀ ਚੜ੍ਹਦੀ ਹੈ ਤੇ ਸੱਚੇ ਨਾਮ ਦੀ (ਪ੍ਰਾਪਤੀ ਦੀ) ਉਸ ਨੂੰ ਵਡਿਆਈ ਮਿਲਦੀ ਹੈ।੧।

ਮਃ ੧ ॥ ਰਾਤੀ ਹੋਵਨਿ ਕਾਲੀਆ ਸੁਪੇਦਾ ਸੇ ਵੰਨ ॥ ਦਿਹੁ ਬਗਾ ਤਪੈ ਘਣਾ ਕਾਲਿਆ ਕਾਲੇ ਵੰਨ ॥ ਅੰਧੇ ਅਕਲੀ ਬਾਹਰੇ ਮੂਰਖ ਅੰਧ ਗਿਆਨੁ ॥ ਨਾਨਕ ਨਦਰੀ ਬਾਹਰੇ ਕਬਹਿ ਨ ਪਾਵਹਿ ਮਾਨੁ ॥੨॥ {ਪੰਨਾ 789}

ਅਰਥ: ਰਾਤਾਂ ਕਾਲੀਆਂ ਹੁੰਦੀਆਂ ਹਨ (ਪਰ) ਚਿੱਟੀਆਂ ਚੀਜ਼ਾਂ ਦੇ ਉਹੀ ਚਿੱਟੇ ਰੰਗ ਹੀ ਰਹਿੰਦੇ ਹਨ (ਰਾਤ ਦੀ ਕਾਲਖ ਦਾ ਅਸਰ ਉਹਨਾਂ ਤੇ ਨਹੀਂ ਪੈਂਦਾ) , ਦਿਨ ਚਿੱਟਾ ਹੁੰਦਾ ਹੈ, ਚੰਗਾ ਤਕੜਾ ਚਮਕਦਾ ਹੈਪਰ ਕਾਲੇ ਪਦਾਰਥਾਂ ਦੇ ਰੰਗ ਕਾਲੇ ਹੀ ਰਹਿੰਦੇ ਹਨ (ਦਿਨ ਦੀ ਰੌਸ਼ਨੀ ਦਾ ਅਸਰ ਇਹਨਾਂ ਕਾਲੀਆਂ ਚੀਜ਼ਾਂ ਤੇ ਨਹੀਂ ਪੈਂਦਾ। (ਏਸੇ ਤਰ੍ਹਾਂ) ਜੋ ਮਨੁੱਖ ਅੰਨ੍ਹੇ ਮੂਰਖ ਅਕਲ-ਹੀਣ ਹਨ ਉਹਨਾਂ ਦੀ ਅੰਨ੍ਹੀ ਹੀ ਮਤਿ ਰਹਿੰਦੀ ਹੈਹੇ ਨਾਨਕ! ਜਿਨ੍ਹਾਂ ਉਤੇ ਪ੍ਰਭੂ ਦੀ ਮਿਹਰ ਦੀ ਨਜ਼ਰ ਨਹੀਂ ਹੋਈ ਉਹਨਾਂ ਨੂੰ ਕਦੇ ('ਨਾਮਦੀ ਪ੍ਰਾਪਤੀ ਦਾ) ਮਾਣ ਨਹੀਂ ਮਿਲਦਾ।੨।

ਪਉੜੀ ॥ ਕਾਇਆ ਕੋਟੁ ਰਚਾਇਆ ਹਰਿ ਸਚੈ ਆਪੇ ॥ ਇਕਿ ਦੂਜੈ ਭਾਇ ਖੁਆਇਅਨੁ ਹਉਮੈ ਵਿਚਿ ਵਿਆਪੇ ॥ ਇਹੁ ਮਾਨਸ ਜਨਮੁ ਦੁਲੰਭੁ ਸਾ ਮਨਮੁਖ ਸੰਤਾਪੇ ॥ ਜਿਸੁ ਆਪਿ ਬੁਝਾਏ ਸੋ ਬੁਝਸੀ ਜਿਸੁ ਸਤਿਗੁਰੁ ਥਾਪੇ ॥ ਸਭੁ ਜਗੁ ਖੇਲੁ ਰਚਾਇਓਨੁ ਸਭ ਵਰਤੈ ਆਪੇ ॥੧੩॥ {ਪੰਨਾ 789}

ਅਰਥ: ਇਹ ਮਨੁੱਖਾ-ਸਰੀਰ (ਮਾਨੋ,) ਕਿਲ੍ਹਾ ਹੈ ਜੋ ਸੱਚੇ ਪ੍ਰਭੂ ਨੇ ਆਪ ਬਣਾਇਆ ਹੈ, (ਪਰ ਇਸ ਕਿਲ੍ਹੇ ਵਿਚ ਰਹਿੰਦੇ ਹੋਏ ਭੀ) ਕਈ ਜੀਵ ਮਾਇਆ ਦੇ ਮੋਹ ਵਿਚ ਪਾ ਕੇ ਉਸ ਨੇ ਆਪ ਹੀ ਕੁਰਾਹੇ ਪਾ ਦਿੱਤੇ ਹਨਉਹ (ਵਿਚਾਰੇ) ਹਉਮੈ ਵਿਚ ਫਸੇ ਪਏ ਹਨ।

ਇਹ ਮਨੁੱਖਾ ਸਰੀਰ ਬੜੀ ਮੁਸ਼ਕਲ ਨਾਲ ਲੱਭਾ ਸੀਪਰ ਮਨ ਦੇ ਪਿੱਛੇ ਤੁਰ ਕੇ ਜੀਵ ਦੁਖੀ ਹੋ ਰਹੇ ਹਨ; (ਇਹ ਸਰੀਰ ਪ੍ਰਾਪਤ ਕਰ ਕੇ ਕੀਹ ਕਰਨਾ ਸੀ) ਇਹ ਸਮਝ ਉਸ ਨੂੰ ਆਉਂਦੀ ਹੈ ਜਿਸ ਨੂੰ ਪ੍ਰਭੂ ਆਪ ਸਮਝ ਬਖ਼ਸ਼ੇ ਤੇ ਸਤਿਗੁਰੂ ਥਾਪਣਾ ਦੇਵੇ।

(ਪਰ ਕਿਸੇ ਨੂੰ ਨਿੰਦਿਆ ਭੀ ਨਹੀਂ ਜਾ ਸਕਦਾਇਹ ਸਾਰਾ ਜਗਤ ਉਸ ਪ੍ਰਭੂ ਨੇ ਇਕ ਖੇਡ ਬਣਾਈ ਹੈ ਤੇ ਇਸ ਵਿਚ ਹਰ ਥਾਂ ਆਪ ਹੀ ਮੌਜੂਦ ਹੈ।੧੩।

*┈┉┅━❀꧁ੴ꧂❀━┅┉┈*

*ਗੱਜ-ਵੱਜ ਕੇ ਫਤਹਿ ਬੁਲਾਓ ਜੀ !!*

*ਵਾਹਿਗੁਰੂ ਜੀ ਕਾ ਖਾਲਸਾ !!*

*ਵਾਹਿਗੁਰੂ ਜੀ ਕੀ ਫਤਹਿ ਜੀ !!*

*┈┉┅━❀꧁ੴ꧂❀━┅┉┈*

👉 More Gurbani Daily Update 

Touch This App Name Automatically Join 👇


👉  Facebook Page :- Sikhyouthpb

👉 Whatsapp Group :- Sikhyouthpb 

No comments:

Post a Comment

Live Gurbani

ਰੋਜ਼ਾਨਾ ਹੁਕਮਨਾਮਾ ਸਾਹਿਬ

     * ਹੁਕਮਨਾਮਾ ਸਾਹਿਬ ਜੀ ਪੜ੍ਹਨ ਵੇਲੇ ਆਪਣੇ ਸਿਰ ਨੂੰ ਢਕ ਕੇ ਅਤੇ ਆਪਣੇ ਬੂਟ/ਚੱਪਲ ਉਤਾਰ ਕੇ ਪੜ੍ਹਨ ਦੀ ਖੇਚਲ ਕਰੋ ਜੀ * *┈┉┅━❀꧁ੴ꧂❀━┅┉┈* ||ਅੱਜ ਦਾ ਫੁਰਮਾਨ|| ਸ਼...

Live kirtan

Click on the play button to play a sound:

Popular Posts