Sikhyouthpb

Sikh Youth Of Punjab Youtube Channel. The Purpose of this channel is to promote and spread Gurbani all over the world. In this channle you can watch all type of Gurmat Video like Gurbani Vichar, Gurbani kirtan, katha, kavita, paath, Guru Itihaas, Nitnem, Kavi Dabar, Simran etc.

Subscribe Us

Today Hukamnama Sahib

Sunday, 27 September 2020

☬|| ਅੱਜ ਦਾ ਫੁਰਮਾਨ ||☬ || 27-09-2020|| ਸ਼੍ਰੀ ਅਕਾਲ ਤਖ਼ਤ ਸਾਹਿਬ, (ਅੰਮ੍ਰਿਤਸਰ), ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ,(ਨਾਂਦੇੜ) , ਤਖ਼ਤ ਸ੍ਰੀ ਪਟਨਾ ਸਾਹਿਬ, ਤਖ਼ਤ ਸ੍ਰੀ ਕੇਸ਼ਗੜ੍ਹ ਸਾਹਿਬ, (ਰੋਪੜ), ਤਖ਼ਤ ਸ੍ਰੀ ਦਮਦਮਾ ਸਾਹਿਬ,(ਤਲਵੰਡੀ ਸਾਬੋ), ਗੁ: ਨਨਕਾਣਾ ਸਾਹਿਬ,(ਪਾਕਿਸਤਾਨ), ਗੁ: ਪੰਜਾ ਸਾਹਿਬ,(ਪਾਕਿਸਤਾਨ), ਗੁ: ਕਰਤਾਰਪੁਰ ਸਾਹਿਬ (ਪਾਕਿਸਤਾਨ), ਸ਼੍ਰੀ ਦਰਬਾਰ ਸਹਿਬ, (ਅੰਮ੍ਰਿਤਸਰ), ਗੁ: ਬੰਗਲਾ ਸਾਹਿਬ, (ਦਿੱਲੀ), ਗੁ: ਸੀਸ ਗੰਜ ਸਾਹਿਬ, (ਦਿੱਲੀ), ਗੁ: ਭੱਠਾ ਸਾਹਿਬ,(ਰੋਪੜ) , ਗੁ: ਦੁਖਨਿਵਾਰਨ ਸਾਹਿਬ, (ਪਟਿਆਲਾ) , ਗੁ: ਫਤਹਿਗੜ੍ਹ ਸਾਹਿਬ ,ਗੁ:ਸ਼੍ਰੀ ਕਤਲਗੜ ਸਾਹਿਬ ਸ਼੍ਰੀ ਚਮਕੌਰ ਸਾਹਿਬ ,ਗੁਰਦੁਆਰਾ ਸ੍ਰੀ ਪੰੰਜੋਖਰਾ ਸਾਹਿਬ ਪਾਤਸ਼ਾਹੀ: ਅੱੱਠਵੀਂ (ਅੰਬਾਲਾ) ਗੁ: ਸ਼ਹੀਦ ਗੰਜ ਸਾਹਿਬ,(ਅੰਮ੍ਰਿਤਸਰ), ਗੁ:ਸ਼੍ਰੀ ਕੰਧ ਸਾਹਿਬ (ਬਟਾਲਾ), ਗੁ: ਸ਼੍ਰੀ ਬਾਉਲੀ ਸਾਹਿਬ, ਗੋਇੰਦਵਾਲ ਸਾਹਿਬ ਇਹ ਸਾਰੇ ਗੁਰਦੁਆਰਾ ਸਾਹਿਬ ਦੇ ਪਾਬਨ ਹੁਕਮਨਾਮਾ ਸਾਹਿਬ ਜੀ

 


*ਹੁਕਮਨਾਮਾ ਸਾਹਿਬ ਜੀ ਪੜ੍ਹਨ ਵੇਲੇ ਆਪਣੇ ਸਿਰ ਨੂੰ ਢਕ ਕੇ ਅਤੇ ਆਪਣੇ ਬੂਟ/ਚੱਪਲ ਉਤਾਰ ਕੇ ਪੜ੍ਹਨ ਦੀ ਖੇਚਲ ਕਰੋ ਜੀ*

*┈┉┅━❀꧁ੴ꧂❀━┅┉┈*

||ਅੱਜ ਦਾ ਫੁਰਮਾਨ|| ਸ਼੍ਰੀ ਅਕਾਲ ਤਖ਼ਤ ਸਾਹਿਬ, ਅੰਮ੍ਰਿਤਸਰ ||

ਤਿਲੰਗ ਘਰੁ ੨ ਮਹਲਾ ੫ ॥ ਤੁਧੁ ਬਿਨੁ ਦੂਜਾ ਨਾਹੀ ਕੋਇ ॥ ਤੂ ਕਰਤਾਰੁ ਕਰਹਿ ਸੋ ਹੋਇ ॥ ਤੇਰਾ ਜੋਰੁ ਤੇਰੀ ਮਨਿ ਟੇਕ ॥ ਸਦਾ ਸਦਾ ਜਪਿ ਨਾਨਕ ਏਕ ॥੧॥ ਸਭ ਊਪਰਿ ਪਾਰਬ੍ਰਹਮੁ ਦਾਤਾਰੁ ॥ ਤੇਰੀ ਟੇਕ ਤੇਰਾ ਆਧਾਰੁ ॥ ਰਹਾਉ ॥ ਹੈ ਤੂਹੈ ਤੂ ਹੋਵਨਹਾਰ ॥ ਅਗਮ ਅਗਾਧਿ ਊਚ ਆਪਾਰ ॥ ਜੋ ਤੁਧੁ ਸੇਵਹਿ ਤਿਨ ਭਉ ਦੁਖੁ ਨਾਹਿ ॥ ਗੁਰ ਪਰਸਾਦਿ ਨਾਨਕ ਗੁਣ ਗਾਹਿ ॥੨॥ ਜੋ ਦੀਸੈ ਸੋ ਤੇਰਾ ਰੂਪੁ ॥ ਗੁਣ ਨਿਧਾਨ ਗੋਵਿੰਦ ਅਨੂਪ ॥ ਸਿਮਰਿ ਸਿਮਰਿ ਸਿਮਰਿ ਜਨ ਸੋਇ ॥ ਨਾਨਕ ਕਰਮਿ ਪਰਾਪਤਿ ਹੋਇ ॥੩॥ ਜਿਨਿ ਜਪਿਆ ਤਿਸ ਕਉ ਬਲਿਹਾਰ ॥ ਤਿਸ ਕੈ ਸੰਗਿ ਤਰੈ ਸੰਸਾਰ ॥ ਕਹੁ ਨਾਨਕ ਪ੍ਰਭ ਲੋਚਾ ਪੂਰਿ ॥ ਸੰਤ ਜਨਾ ਕੀ ਬਾਛਉ ਧੂਰਿ ॥੪॥੨॥ {ਪੰਨਾ 723-724}

ਅਰਥ: ਹੇ ਭਾਈ! ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਪਰਮਾਤਮਾ ਸਭ ਜੀਵਾਂ ਦੇ ਸਿਰ ਉਤੇ ਰਾਖਾ ਹੈ। ਹੇ ਪ੍ਰਭੂ! ਅਸਾਂ ਜੀਵਾਂ ਨੂੰਤੇਰਾ ਹੀ ਆਸਰਾ ਹੈ, ਤੇਰਾ ਹੀ ਸਹਾਰਾ ਹੈ।ਰਹਾਉ।

ਹੇ ਪ੍ਰਭੂ! ਤੂੰ ਸਾਰੇ ਜਗਤ ਦਾ ਪੈਦਾ ਕਰਨ ਵਾਲਾ ਹੈਂ, ਜੋ ਕੁਝ ਤੂੰ ਕਰਦਾ ਹੈਂ, ਉਹੀ ਹੁੰਦਾ ਹੈ, ਤੈਥੋਂ ਬਿਨਾ ਹੋਰ ਕੋਈ ਦੂਜਾ ਕੁਝ ਕਰ ਸਕਣ ਵਾਲਾ ਨਹੀਂ ਹੈ। (ਅਸਾਂ ਜੀਵਾਂ ਨੂੰਤੇਰਾ ਹੀ ਤਾਣ ਹੈ, (ਸਾਡੇ) ਮਨ ਵਿਚ ਤੇਰਾ ਹੀ ਸਹਾਰਾ ਹੈ। ਹੇ ਨਾਨਕ! ਸਦਾ ਹੀ ਉਸ ਇਕ ਪਰਮਾਤਮਾ ਦਾ ਨਾਮ ਜਪਦਾ ਰਹੁ।੧।

ਹੇ ਅਪਹੁੰਚ ਪ੍ਰਭੂ! ਹੇ ਅਥਾਹ ਪ੍ਰਭੂ! ਹੇ ਸਭ ਤੋਂ ਉੱਚੇ ਤੇ ਬੇਅੰਤ ਪ੍ਰਭੂ! ਹਰ ਥਾਂ ਹਰ ਵੇਲੇ ਤੂੰ ਹੀ ਤੂੰ ਹੈਂ, ਤੂੰ ਹੀ ਸਦਾ ਕਾਇਮ ਰਹਿਣ ਵਾਲਾ ਹੈਂ। ਹੇ ਪ੍ਰਭੂ! ਜੇਹੜੇ ਮਨੁੱਖ ਤੈਨੂੰ ਸਿਮਰਦੇ ਹਨ, ਉਹਨਾਂ ਨੂੰ ਕੋਈ ਡਰ ਕੋਈ ਦੁੱਖ ਪੋਹ ਨਹੀਂ ਸਕਦਾ। ਹੇ ਨਾਨਕਗੁਰੂ ਦੀ ਕਿਰਪਾ ਨਾਲ ਹੀ (ਮਨੁੱਖ ਪਰਮਾਤਮਾ ਦੇ) ਗੁਣ ਗਾ ਸਕਦੇ ਹਨ।੨।

ਹੇ ਗੁਣਾਂ ਦੇ ਖ਼ਜ਼ਾਨੇ! ਹੇ ਸੋਹਣੇ ਗੋਬਿੰਦ! ਜਗਤ ਵਿਚ) ਜੋ ਕੁਝ ਦਿੱਸਦਾ ਹੈ ਤੇਰਾ ਹੀ ਸਰੂਪ ਹੈ। ਹੇ ਮਨੁੱਖਸਦਾ ਉਸ ਪਰਮਾਤਮਾ ਦਾ ਸਿਮਰਨ ਕਰਦਾ ਰਹੁ। ਹੇ ਨਾਨਕ! ਪਰਮਾਤਮਾ ਦਾ ਸਿਮਰਨਪਰਮਾਤਮਾ ਦੀ ਕਿਰਪਾ ਨਾਲ ਹੀ ਮਿਲਦਾ ਹੈ।੩।

ਹੇ ਭਾਈ! ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਜਪਿਆ ਹੈ, ਉਸ ਤੋਂ ਕੁਰਬਾਨ ਹੋਣਾ ਚਾਹੀਦਾ ਹੈ। ਉਸ ਮਨੁੱਖ ਦੀ ਸੰਗਤਿ ਵਿਚ (ਰਹਿ ਕੇ) ਸਾਰਾ ਜਗਤ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ। ਹੇ ਨਾਨਕ! ਆਖ-ਹੇ ਪ੍ਰਭੂਮੇਰੀ ਤਾਂਘ ਪੂਰੀ ਕਰ, ਮੈਂ (ਤੇਰੇ ਦਰ ਤੋਂ) ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ।੪।੨।

*┈┉┅━❀꧁ੴ꧂❀━┅┉┈*

||ਅੱਜ ਦਾ ਫੁਰਮਾਨ|| ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ (ਨਾਂਦੇੜ) ||

ਬੈਰਾੜੀ ਮਹਲਾ ੪ ॥ ਜਪਿ ਮਨ ਹਰਿ ਹਰਿ ਨਾਮੁ ਨਿਤ ਧਿਆਇ ॥ ਜੋ ਇਛਹਿ ਸੋਈ ਫਲੁ ਪਾਵਹਿ ਫਿਰਿ ਦੂਖੁ ਨ ਲਾਗੈ ਆਇ ॥੧॥ ਰਹਾਉ ॥ ਸੋ ਜਪੁ ਸੋ ਤਪੁ ਸਾ ਬ੍ਰਤ ਪੂਜਾ ਜਿਤੁ ਹਰਿ ਸਿਉ ਪ੍ਰੀਤਿ ਲਗਾਇ ॥ ਬਿਨੁ ਹਰਿ ਪ੍ਰੀਤਿ ਹੋਰ ਪ੍ਰੀਤਿ ਸਭ ਝੂਠੀ ਇਕ ਖਿਨ ਮਹਿ ਬਿਸਰਿ ਸਭ ਜਾਇ ॥੧॥ ਤੂ ਬੇਅੰਤੁ ਸਰਬ ਕਲ ਪੂਰਾ ਕਿਛੁ ਕੀਮਤਿ ਕਹੀ ਨ ਜਾਇ ॥ ਨਾਨਕ ਸਰਣਿ ਤੁਮ੍ਹ੍ਹਾਰੀ ਹਰਿ ਜੀਉ ਭਾਵੈ ਤਿਵੈ ਛਡਾਇ ॥੨॥੬॥ {ਪੰਨਾ 720}

ਅਰਥ: ਹੇ (ਮੇਰੇਮਨ! ਸਦਾ ਪ੍ਰਭੂ ਦਾ ਨਾਮ ਜਪਿਆ ਕਰ, ਪ੍ਰਭੂ ਦਾ ਧਿਆਨ ਧਰਿਆ ਕਰ, (ਉਸ ਪ੍ਰਭੂ ਦੇ ਦਰ ਤੋਂਜੋ ਕੁਝ ਮੰਗੇਂਗਾ, ਉਹੀ ਪ੍ਰਾਪਤ ਕਰ ਲਏਂਗਾ। ਕੋਈ ਦੁੱਖ ਭੀ ਆ ਕੇ ਤੈਨੂੰ ਪੋਹ ਨਹੀਂ ਸਕੇਗਾ।੧।ਰਹਾਉ।

ਹੇ ਮਨ! ਜਿਸ ਸਿਮਰਨ ਦੀ ਬਰਕਤਿ ਨਾਲ ਪਰਮਾਤਮਾ ਨਾਲ ਪ੍ਰੀਤਿ ਬਣੀ ਰਹਿੰਦੀ ਹੈ, ਉਹ ਸਿਮਰਨ ਹੀ ਜਪ ਹੈ, ਉਹ ਸਿਮਰਨ ਹੀ ਤਪ ਹੈ, ਉਹ ਸਿਮਰਨ ਹੀ ਵਰਤ ਹੈ, ਉਹ ਸਿਮਰਨ ਹੀ ਪੂਜਾ ਹੈ। ਪ੍ਰਭੂ-ਚਰਨਾਂ ਦੇ ਪਿਆਰ ਤੋਂ ਬਿਨਾ ਹੋਰ (ਜਪ ਤਪ ਆਦਿਕ ਦਾ) ਪਿਆਰ ਝੂਠਾ ਹੈ, ਇਕ ਛਿਨ ਵਿਚ ਹੀ ਉਹ ਪਿਆਰ ਭੁੱਲ ਜਾਂਦਾ ਹੈ।੧।

ਹੇ ਨਾਨਕ! ਆਖ-) ਹੇ ਪ੍ਰਭੂ ਜੀ! ਤੂੰ ਬੇਅੰਤ ਹੈਂ, ਤੂੰ ਸਾਰੀਆਂ ਤਾਕਤਾਂ ਨਾਲ ਭਰਪੂਰ ਹੈਂ, ਤੇਰਾ ਮੁੱਲ ਨਹੀਂ ਪਾਇਆ ਜਾ ਸਕਦਾ। ਮੈਂ (ਨਾਨਕ) ਤੇਰੀ ਸਰਨ ਆਇਆ ਹਾਂ, ਜਿਵੇਂ ਤੈਨੂੰ ਚੰਗਾ ਲੱਗੇ, ਮੈਨੂੰ ਆਪਣੇ ਚਰਨਾਂ ਤੋਂ ਬਿਨਾ ਹੋਰ ਹੋਰ ਪ੍ਰੀਤਿ ਤੋਂ ਬਚਾਈ ਰੱਖ।੨।੬।

*┈┉┅━❀꧁ੴ꧂❀━┅┉┈*

||ਅੱਜ ਦਾ ਫੁਰਮਾਨ|| ਤਖ਼ਤ ਸ੍ਰੀ ਪਟਨਾ ਸਾਹਿਬ ||

ਸਲੋਕੁ ਮਃ ੨ ॥ ਜਿਨੀ ਚਲਣੁ ਜਾਣਿਆ ਸੇ ਕਿਉ ਕਰਹਿ ਵਿਥਾਰ ॥ ਚਲਣ ਸਾਰ ਨ ਜਾਣਨੀ ਕਾਜ ਸਵਾਰਣਹਾਰ ॥੧॥ {ਪੰਨਾ 787}

ਅਰਥ: ਉਹ ਮਨੁੱਖ ਦੁਨੀਆ ਦੇ ਬਹੁਤੇ ਖਿਲਾਰੇ ਨਹੀਂ ਖਿਲਾਰਦੇ (ਭਾਵ, ਮਨ ਨੂੰ ਜਗਤ ਦੇ ਧੰਧਿਆਂ ਵਿਚ ਨਹੀਂ ਖਿਲਾਰ ਦੇਂਦੇ) ਜਿਨ੍ਹਾਂ ਇਹ ਸਮਝ ਲਿਆ ਹੈ ਕਿ ਇਥੋਂ ਚਲੇ ਜਾਣਾ ਹੈਪਰ, ਨਿਰੇ ਦੁਨੀਆ ਦੇ ਕੰਮ ਨਿਜਿੱਠਣ ਵਾਲੇ ਬੰਦੇ (ਇਥੋਂ ਆਖ਼ਰਤੁਰ ਜਾਣ ਦਾ ਖ਼ਿਆਲ ਭੀ ਨਹੀਂ ਕਰਦੇ।੧।

ਮਃ ੨ ॥ ਰਾਤਿ ਕਾਰਣਿ ਧਨੁ ਸੰਚੀਐ ਭਲਕੇ ਚਲਣੁ ਹੋਇ ॥ ਨਾਨਕ ਨਾਲਿ ਨ ਚਲਈ ਫਿਰਿ ਪਛੁਤਾਵਾ ਹੋਇ ॥੨॥ {ਪੰਨਾ 787}

ਅਰਥ: ਹੇ ਨਾਨਕ! ਜੇ ਸਿਰਫ਼ ਰਾਤ ਦੀ ਖ਼ਾਤਰ ਧਨ ਇਕੱਠਾ ਕਰੀਏ ਤੇ ਸਵੇਰੇ (ਉੱਠ ਕੇ ਓਥੋਂਤੁਰ ਪੈਣਾ ਹੋਵੇ, (ਤੁਰਨ ਲੱਗਿਆਂ ਉਹ ਧਨਨਾਲ ਜਾ ਨਾ ਸਕੇ ਤਾਂ ਹੱਥ ਮਲਣੇ ਪੈਂਦੇ ਹਨ।੨।

ਮਃ ੨ ॥ ਬਧਾ ਚਟੀ ਜੋ ਭਰੇ ਨਾ ਗੁਣੁ ਨਾ ਉਪਕਾਰੁ ॥ ਸੇਤੀ ਖੁਸੀ ਸਵਾਰੀਐ ਨਾਨਕ ਕਾਰਜੁ ਸਾਰੁ ॥੩॥ {ਪੰਨਾ 787}

ਅਰਥ: ਜੋ ਮਨੁੱਖ ਕੋਈ ਕੰਮ ਬੱਧਾ-ਰੁੱਧਾ ਕਰੇ, ਉਸ ਦਾ ਲਾਭ ਨਾਹ ਆਪਣੇ ਆਪ ਨੂੰ ਤੇ ਨਾਹ ਕਿਸੇ ਹੋਰ ਨੂੰ। ਹੇ ਨਾਨਕ! ਉਹੀ ਕੰਮ ਸਿਰੇ ਚੜ੍ਹਿਆ ਜਾਣੋ ਜੋ ਖ਼ੁਸ਼ੀ ਨਾਲ ਕੀਤਾ ਜਾਏ।੩।

ਮਃ ੨ ॥ ਮਨਹਠਿ ਤਰਫ ਨ ਜਿਪਈ ਜੇ ਬਹੁਤਾ ਘਾਲੇ ॥ ਤਰਫ ਜਿਣੈ ਸਤ ਭਾਉ ਦੇ ਜਨ ਨਾਨਕ ਸਬਦੁ ਵੀਚਾਰੇ ॥੪॥ {ਪੰਨਾ 787}

ਅਰਥ: ਭਾਵੇਂ ਕਿਤਨੀ ਹੀ ਮਿਹਨਤ ਮਨੁੱਖ ਕਰੇ, ਰੱਬ ਵਾਲਾ ਪਾਸਾ ਮਨ ਦੇ ਹਠ ਨਾਲ ਜਿੱਤਿਆ ਨਹੀਂ ਜਾ ਸਕਦਾਹੇ ਦਾਸ ਨਾਨਕ! ਉਹ ਮਨੁੱਖ (ਇਹ) ਪਾਸਾ ਜਿੱਤਦਾ ਹੈ ਜੋ ਸੁਭ ਭਾਵਨਾ ਵਰਤਦਾ ਹੈ ਤੇ ਗੁਰੂ ਦੇ ਸ਼ਬਦ ਨੂੰ ਵੀਚਾਰਦਾ ਹੈ।੪।

ਪਉੜੀ ॥ ਕਰਤੈ ਕਾਰਣੁ ਜਿਨਿ ਕੀਆ ਸੋ ਜਾਣੈ ਸੋਈ ॥ ਆਪੇ ਸ੍ਰਿਸਟਿ ਉਪਾਈਅਨੁ ਆਪੇ ਫੁਨਿ ਗੋਈ ॥ ਜੁਗ ਚਾਰੇ ਸਭ ਭਵਿ ਥਕੀ ਕਿਨਿ ਕੀਮਤਿ ਹੋਈ ॥ ਸਤਿਗੁਰਿ ਏਕੁ ਵਿਖਾਲਿਆ ਮਨਿ ਤਨਿ ਸੁਖੁ ਹੋਈ ॥ ਗੁਰਮੁਖਿ ਸਦਾ ਸਲਾਹੀਐ ਕਰਤਾ ਕਰੇ ਸੁ ਹੋਈ ॥੭॥ {ਪੰਨਾ 787-788}

ਅਰਥ: ਜਿਸ ਕਰਤਾਰ ਨੇ ਇਹ ਜਗਤ ਬਣਾਇਆ ਹੈ ਇਸ ਦੀ ਸੰਭਾਲ ਕਰਨੀ ਉਹ ਆਪ ਹੀ ਜਾਣਦਾ ਹੈਉਸ ਨੇ ਆਪ ਹੀ ਸ੍ਰਿਸ਼ਟੀ ਪੈਦਾ ਕੀਤੀ ਹੈ ਤੇ ਆਪ ਹੀ ਮੁੜ ਨਾਸ ਕਰਦਾ ਹੈ। ਜਦੋਂ ਤੋਂ ਜਗਤ ਬਣਿਆ ਹੈ ਉਸ ਸਮੇ ਤੋਂ ਲੈ ਕੇ ਹੁਣ ਤਕ ਧਿਆਨ ਮਾਰ ਕੇ ਵੇਖਿਆ ਹੈ ਕਿਸੇ ਜੀਵ ਪਾਸੋਂ ਪ੍ਰਭੂ ਦੀ ਬਜ਼ੁਰਗੀ ਦਾ ਮੁੱਲ ਨਹੀਂ ਪੈ ਸਕਿਆ।

ਜਿਸ ਮਨੁੱਖ ਨੂੰ ਗੁਰੂ ਨੇ ਉਹ ਇੱਕ ਪ੍ਰਭੂ ਵਿਖਾ ਦਿੱਤਾ ਹੈ ਉਸ ਦੇ ਮਨ ਵਿਚ ਉਸ ਦੇ ਤਨ ਵਿਚ ਸੁਖ ਹੁੰਦਾ ਹੈਜੋ ਕਰਤਾਰ ਸਭ ਕੁਝ ਕਰਨ ਦੇ ਆਪ ਸਮਰੱਥ ਹੈ ਉਸ ਦੀ ਗੁਰੂ ਦੀ ਰਾਹੀਂ ਹੀ ਸਿਫ਼ਤਿ-ਸਾਲਾਹ ਕੀਤੀ ਜਾ ਸਕਦੀ ਹੈ।੭।

*┈┉┅━❀꧁ੴ꧂❀━┅┉┈*

||ਅੱਜ ਦਾ ਫੁਰਮਾਨ|| ਤਖ਼ਤ ਸ੍ਰੀ ਕੇਸ਼ਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ (ਰੋਪੜ) ||

ਰਾਗੁ ਸੂਹੀ ਮਹਲਾ ੫ ਘਰੁ ੩    ੴ ਸਤਿਗੁਰ ਪ੍ਰਸਾਦਿ ॥ ਮਿਥਨ ਮੋਹ ਅਗਨਿ ਸੋਕ ਸਾਗਰ ॥ ਕਰਿ ਕਿਰਪਾ ਉਧਰੁ ਹਰਿ ਨਾਗਰ ॥੧॥ ਚਰਣ ਕਮਲ ਸਰਣਾਇ ਨਰਾਇਣ ॥ ਦੀਨਾ ਨਾਥ ਭਗਤ ਪਰਾਇਣ ॥੧॥ ਰਹਾਉ ॥ ਅਨਾਥਾ ਨਾਥ ਭਗਤ ਭੈ ਮੇਟਨ ॥ ਸਾਧਸੰਗਿ ਜਮਦੂਤ ਨ ਭੇਟਨ ॥੨॥ ਜੀਵਨ ਰੂਪ ਅਨੂਪ ਦਇਆਲਾ ॥ ਰਵਣ ਗੁਣਾ ਕਟੀਐ ਜਮ ਜਾਲਾ ॥੩॥ ਅੰਮ੍ਰਿਤ ਨਾਮੁ ਰਸਨ ਨਿਤ ਜਾਪੈ ॥ ਰੋਗ ਰੂਪ ਮਾਇਆ ਨ ਬਿਆਪੈ ॥੪॥ ਜਪਿ ਗੋਬਿੰਦ ਸੰਗੀ ਸਭਿ ਤਾਰੇ ॥ ਪੋਹਤ ਨਾਹੀ ਪੰਚ ਬਟਵਾਰੇ ॥੫॥ ਮਨ ਬਚ ਕ੍ਰਮ ਪ੍ਰਭੁ ਏਕੁ ਧਿਆਏ ॥ ਸਰਬ ਫਲਾ ਸੋਈ ਜਨੁ ਪਾਏ ॥੬॥ ਧਾਰਿ ਅਨੁਗ੍ਰਹੁ ਅਪਨਾ ਪ੍ਰਭਿ ਕੀਨਾ ॥ ਕੇਵਲ ਨਾਮੁ ਭਗਤਿ ਰਸੁ ਦੀਨਾ ॥੭॥ ਆਦਿ ਮਧਿ ਅੰਤਿ ਪ੍ਰਭੁ ਸੋਈ ॥ ਨਾਨਕ ਤਿਸੁ ਬਿਨੁ ਅਵਰੁ ਨ ਕੋਈ ॥੮॥੧॥੨॥ {ਪੰਨਾ 760}

ਅਰਥ: ਹੇ ਗਰੀਬਾਂ ਦੇ ਖਸਮ! ਹੇ ਭਗਤਾਂ ਦੇ ਆਸਰੇ! ਹੇ ਨਾਰਾਇਣ! ਅਸੀ ਜੀਵ) ਤੇਰੇ ਸੋਹਣੇ ਚਰਨਾਂ ਦੀ ਸਰਨ ਵਿਚ ਆਏ ਹਾਂ (ਸਾਨੂੰ ਵਿਕਾਰਾਂ ਤੋਂ ਬਚਾਈ ਰੱਖ੧।ਰਹਾਉ।

ਹੇ ਸੋਹਣੇ ਹਰੀ! ਨਾਸਵੰਤ ਪਦਾਰਥਾਂ ਦੇ ਮੋਹਤ੍ਰਿਸ਼ਨ ਦੀ ਅੱਗ, ਚਿੰਤਾ ਦੇ ਸਮੁੰਦਰ ਵਿਚੋਂ ਕਿਰਪਾ ਕਰ ਕੇ (ਸਾਨੂੰ) ਬਚਾ ਲੈ।੧।

ਹੇ ਨਿਆਸਰਿਆਂ ਦੇ ਆਸਰੇ! ਹੇ ਭਗਤਾਂ ਦੇ ਸਾਰੇ ਡਰ ਦੂਰ ਕਰਨ ਵਾਲੇ! ਮੈਨੂੰ ਗੁਰੂ ਦੀ ਸੰਗਤਿ ਬਖ਼ਸ਼) ਗੁਰੂ ਦੀ ਸੰਗਤਿ ਵਿਚ ਰਿਹਾਂ ਜਮਦੂਤ (ਭੀ) ਨੇੜੇ ਨਹੀਂ ਢੁਕਦੇ (ਮੌਤ ਦਾ ਡਰ ਪੋਹ ਨਹੀਂ ਸਕਦਾ੨।

ਹੇ ਜ਼ਿੰਦਗੀ ਦੇ ਸੋਮੇ! ਹੇ ਅਦੁੱਤੀ ਪ੍ਰਭੂ! ਹੇ ਦਇਆ ਦੇ ਘਰ! ਆਪਣੀ ਸਿਫ਼ਤਿ-ਸਾਲਾਹ ਬਖ਼ਸ਼) , ਤੇਰੇ ਗੁਣਾਂ ਨੂੰ ਯਾਦ ਕੀਤਿਆਂ ਮੌਤ ਦੀ ਫਾਹੀ ਕੱਟੀ ਜਾਂਦੀ ਹੈ।੩।

ਹੇ ਭਾਈ! ਜੇਹੜਾ ਮਨੁੱਖ ਆਪਣੀ ਜੀਭ ਨਾਲ ਸਦਾ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਜਪਦਾ ਹੈਉਸ ਉਤੇ ਇਹ ਮਾਇਆ ਜ਼ੋਰ ਨਹੀਂ ਪਾ ਸਕਦੀ, ਜੇਹੜੀ ਸਾਰੇ ਰੋਗਾਂ ਦਾ ਮੂਲ ਹੈ।੪।

ਹੇ ਭਾਈ! ਸਦਾ ਪਰਾਮਤਮਾ ਦਾ ਨਾਮ ਜਪਿਆ ਕਰ (ਜੇਹੜਾ ਜਪਦਾ ਹੈ) ਉਹ (ਆਪਣੇ) ਸਾਰੇ ਸਾਥੀਆਂ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ਪੰਜੇ ਲੁਟੇਰੇ ਉਸ ਉਤੇ ਦਬਾਉ ਨਹੀਂ ਪਾ ਸਕਦੇ।੫।

ਹੇ ਭਾਈ! ਜੇਹੜਾ ਮਨੁੱਖ ਆਪਣੇ ਮਨ ਨਾਲ, ਕੰਮਾਂ ਨਾਲ ਇਕ ਪਰਮਾਤਮਾ ਦਾ ਧਿਆਨ ਧਰੀ ਰੱਖਦਾ ਹੈਉਹੀ ਮਨੁੱਖ (ਮਨੁੱਖਾ ਜਨਮ ਦੇ) ਸਾਰੇ ਫਲ ਹਾਸਲ ਕਰ ਲੈਂਦਾ ਹੈ।੬।

ਹੇ ਭਾਈ! ਪਰਮਾਤਮਾ ਨੇ ਕਿਰਪਾ ਕਰ ਕੇ ਜਿਸ ਮਨੁੱਖ ਨੂੰ ਆਪਣਾ ਬਣਾ ਲਿਆ, ਉਸ ਨੂੰ ਉਸ ਨੇ ਆਪਣਾ ਨਾਮ ਬਖ਼ਸ਼ਿਆ, ਉਸ ਨੂੰ ਆਪਣੀ ਭਗਤੀ ਦਾ ਸੁਆਦ ਦਿੱਤਾ।੭।

ਹੇ ਨਾਨਕ! ਉਹ ਪਰਮਾਤਮਾ ਹੀ ਜਗਤ ਦੇ ਸ਼ੁਰੂ ਤੋਂ ਹੈ, ਹੁਣ ਭੀ ਹੈ, ਜਗਤ ਦੇ ਅਖ਼ੀਰ ਵਿਚ ਭੀ ਹੋਵੇਗਾ। ਉਸ ਤੋਂ ਬਿਨਾ (ਉਸ ਦੇ ਵਰਗਾ) ਹੋਰ ਕੋਈ ਨਹੀਂ ਹੈ।੮।੧।੨।

*┈┉┅━❀꧁ੴ꧂❀━┅┉┈*

||ਅੱਜ ਦਾ ਫੁਰਮਾਨ|| ਤਖ਼ਤ ਸ੍ਰੀ ਦਮਦਮਾ ਸਾਹਿਬ (ਤਲਵੰਡੀ ਸਾਬੋ)  ||

ਸਲੋਕੁ ਮਃ ੩ ॥ ਹਸਤੀ ਸਿਰਿ ਜਿਉ ਅੰਕਸੁ ਹੈ ਅਹਰਣਿ ਜਿਉ ਸਿਰੁ ਦੇਇ ॥ ਮਨੁ ਤਨੁ ਆਗੈ ਰਾਖਿ ਕੈ ਊਭੀ ਸੇਵ ਕਰੇਇ ॥ ਇਉ ਗੁਰਮੁਖਿ ਆਪੁ ਨਿਵਾਰੀਐ ਸਭੁ ਰਾਜੁ ਸ੍ਰਿਸਟਿ ਕਾ ਲੇਇ ॥ {ਪੰਨਾ 647-648}

ਅਰਥ: ਜਿਵੇਂ ਹਾਥੀ ਦੇ ਸਿਰ ਤੇ ਕੁੰਡਾ ਹੈ ਤੇ ਜਿਵੇਂ ਅਹਰਣ (ਵਦਾਨ ਹੇਠਾਂ) ਸਿਰ ਦੇਂਦੀ ਹੈ, ਤਿਵੇਂ ਸਰੀਰ ਤੇ ਮਨ (ਸਤਿਗੁਰੂ ਨੂੰ) ਅਰਪਣ ਕਰ ਕੇ ਸਾਵਧਾਨ ਹੋ ਕੇ ਸੇਵਾ ਕਰੋਸਤਿਗੁਰੂ ਦੇ ਸਨਮੁਖ ਹੋਇਆਂ ਮਨੁੱਖ ਇਸ ਤਰ੍ਹਾਂ ਆਪਾ-ਭਾਵ ਗਵਾਂਦਾ ਹੈ ਤੇ, ਮਾਨੋ, ਸਾਰੀ ਸ੍ਰਿਸ਼ਟੀ ਦਾ ਰਾਜ ਲੈ ਲੈਂਦਾ ਹੈ।

ਨਾਨਕ ਗੁਰਮੁਖਿ ਬੁਝੀਐ ਜਾ ਆਪੇ ਨਦਰਿ ਕਰੇਇ ॥੧॥ {ਪੰਨਾ 648}

ਅਰਥ: ਹੇ ਨਾਨਕ! ਜਦੋਂ ਹਰੀ ਆਪ ਕ੍ਰਿਪਾ ਦੀ ਨਜ਼ਰ ਕਰਦਾ ਹੈ ਤਦੋਂ ਸਤਿਗੁਰੂ ਦੇ ਸਨਮੁਖ ਹੋ ਕੇ ਇਹ ਸਮਝ ਆਉਂਦੀ ਹੈ।੧।

ਮਃ ੩ ॥ ਜਿਨ ਗੁਰਮੁਖਿ ਨਾਮੁ ਧਿਆਇਆ ਆਏ ਤੇ ਪਰਵਾਣੁ ॥ ਨਾਨਕ ਕੁਲ ਉਧਾਰਹਿ ਆਪਣਾ ਦਰਗਹ ਪਾਵਹਿ ਮਾਣੁ ॥੨॥ {ਪੰਨਾ 648}

ਅਰਥ: (ਸੰਸਾਰ ਵਿਚ) ਆਏ ਉਹ ਮਨੁੱਖ ਕਬੂਲ ਹਨ ਜਿਨ੍ਹਾਂ ਨੇ ਸਤਿਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਨਾਮ ਸਿਮਰਿਆ ਹੈਹੇ ਨਾਨਕ! ਉਹ ਮਨੁੱਖ ਆਪਣੀ ਕੁਲ ਨੂੰ ਤਾਰ ਲੈਂਦੇ ਹਨ ਤੇ ਆਪ ਦਰਗਾਹ ਵਿਚ ਆਦਰ ਪਾਂਦੇ ਹਨ।੨।

ਪਉੜੀ ॥ ਗੁਰਮੁਖਿ ਸਖੀਆ ਸਿਖ ਗੁਰੂ ਮੇਲਾਈਆ ॥ ਇਕਿ ਸੇਵਕ ਗੁਰ ਪਾਸਿ ਇਕਿ ਗੁਰਿ ਕਾਰੈ ਲਾਈਆ ॥ ਜਿਨਾ ਗੁਰੁ ਪਿਆਰਾ ਮਨਿ ਚਿਤਿ ਤਿਨਾ ਭਾਉ ਗੁਰੂ ਦੇਵਾਈਆ ॥ ਗੁਰ ਸਿਖਾ ਇਕੋ ਪਿਆਰੁ ਗੁਰ ਮਿਤਾ ਪੁਤਾ ਭਾਈਆ ॥ ਗੁਰੁ ਸਤਿਗੁਰੁ ਬੋਲਹੁ ਸਭਿ ਗੁਰੁ ਆਖਿ ਗੁਰੂ ਜੀਵਾਈਆ ॥੧੪॥ {ਪੰਨਾ 648}

ਅਰਥ: ਸਤਿਗੁਰੂ ਨੇ ਗੁਰਮੁਖ ਸਿੱਖ (-ਰੂਪ) ਸਹੇਲੀਆਂ (ਆਪੋ ਵਿਚਮਿਲਾਈਆਂ ਹਨਉਹਨਾਂ ਵਿਚੋਂ ਕਈ ਸਤਿਗੁਰੂ ਦੇ ਕੋਲ ਸੇਵਾ ਕਰਦੀਆਂ ਹਨ, ਕਈਆਂ ਨੂੰ ਸਤਿਗੁਰੂ ਨੇ (ਹੋਰ) ਕਾਰੇ ਲਾਇਆ ਹੋਇਆ ਹੈਜਿਨ੍ਹਾਂ ਦੇ ਮਨ ਵਿਚ ਪਿਆਰਾ ਗੁਰੂ ਵੱਸਦਾ ਹੈ, ਸਤਿਗੁਰੂ ਉਹਨਾਂ ਨੂੰ ਆਪਣਾ ਪਿਆਰ ਬਖ਼ਸ਼ਦਾ ਹੈ, ਸਤਿਗੁਰੂ ਦਾ ਆਪਣੇ ਸਿੱਖਾਂ ਮਿੱਤ੍ਰਾਂ ਪੁਤ੍ਰਾਂ ਤੇ ਭਰਾਵਾਂ ਨਾਲ ਇਕੋ ਜਿਹਾ ਪਿਆਰ ਹੁੰਦਾ ਹੈ। (ਹੇ ਸਿੱਖ ਸਹੇਲੀਓ!) ਸਾਰੀਆਂ 'ਗੁਰੂ, ਗੁਰੂਆਖੋ, 'ਗੁਰੂ, ਗੁਰੂਆਖਿਆਂ ਗੁਰੂ ਆਤਮਕ ਜੀਵਨ ਦੇ ਦੇਂਦਾ ਹੈ।੧੪।

*┈┉┅━❀꧁ੴ꧂❀━┅┉┈*

||ਅੱਜ ਦਾ ਫੁਰਮਾਨ|| ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ||

ਧਨਾਸਰੀ ਮਹਲਾ ੫ ॥ ਮੇਰਾ ਲਾਗੋ ਰਾਮ ਸਿਉ ਹੇਤੁ ॥ ਸਤਿਗੁਰੁ ਮੇਰਾ ਸਦਾ ਸਹਾਈ ਜਿਨਿ ਦੁਖ ਕਾ ਕਾਟਿਆ ਕੇਤੁ ॥੧॥ ਰਹਾਉ ॥ ਹਾਥ ਦੇਇ ਰਾਖਿਓ ਅਪੁਨਾ ਕਰਿ ਬਿਰਥਾ ਸਗਲ ਮਿਟਾਈ ॥ ਨਿੰਦਕ ਕੇ ਮੁਖ ਕਾਲੇ ਕੀਨੇ ਜਨ ਕਾ ਆਪਿ ਸਹਾਈ ॥੧॥ ਸਾਚਾ ਸਾਹਿਬੁ ਹੋਆ ਰਖਵਾਲਾ ਰਾਖਿ ਲੀਏ ਕੰਠਿ ਲਾਇ ॥ ਨਿਰਭਉ ਭਏ ਸਦਾ ਸੁਖ ਮਾਣੇ ਨਾਨਕ ਹਰਿ ਗੁਣ ਗਾਇ ॥੨॥੧੭॥ {ਪੰਨਾ 675}

ਅਰਥ: ਹੇ ਭਾਈ! ਜਿਸ ਗੁਰੂ ਨੇ (ਸਰਨ ਆਏ ਹਰੇਕ ਮਨੁੱਖ ਦਾ) ਬੋਦੀ ਵਾਲਾ ਤਾਰਾ ਹੀ ਸਦਾ ਕੱਟ ਦਿੱਤਾ ਹੈ (ਜੇਹੜਾ ਗੁਰੂ ਹਰੇਕ ਸਰਨ ਆਏ ਮਨੁੱਖ ਦੇ ਦੁੱਖਾਂ ਦੀ ਜੜ੍ਹ ਹੀ ਕੱਟ ਦੇਂਦਾ ਹੈ) , ਉਹ ਗੁਰੂ ਮੇਰਾ ਭੀ ਸਦਾ ਲਈ ਮਦਦਗਾਰ ਬਣ ਗਿਆ ਹੈ (ਤੇ, ਉਸ ਦੀ ਕਿਰਪਾ ਨਾਲ) ਮੇਰਾ ਪਰਮਾਤਮਾ ਨਾਲ ਪਿਆਰ ਬਣ ਗਿਆ ਹੈ।੧।ਰਹਾਉ।

(ਹੇ ਭਾਈ! ਉਹ ਪਰਮਾਤਮਾ ਆਪਣੇ ਸੇਵਕਾਂ ਨੂੰ ਆਪਣੇਹੱਥ ਦੇ ਕੇ (ਦੁੱਖਾਂ ਤੋਂ) ਬਚਾਂਦਾ ਹੈ, (ਸੇਵਕਾਂ ਨੂੰਆਪਣੇ ਬਣਾ ਕੇ ਉਹਨਾਂ ਦਾ ਸਾਰਾ ਦੁੱਖ-ਦਰਦ ਮਿਟਾ ਦੇਂਦਾ ਹੈ। ਪਰਮਾਤਮਾ ਆਪਣੇ ਸੇਵਕਾਂ ਦਾ ਆਪ ਮਦਦਗਾਰ ਬਣਦਾ ਹੈ, ਤੇ, ਉਹਨਾਂ ਦੀ ਨਿੰਦਾ ਕਰਨ ਵਾਲਿਆਂ ਦੇ ਮੂੰਹ ਕਾਲੇ ਕਰਦਾ ਹੈ।੧।

ਹੇ ਨਾਨਕ! ਸਦਾ ਕਾਇਮ ਰਹਿਣ ਵਾਲਾ ਮਾਲਕ (ਆਪਣੇ ਸੇਵਕਾਂ ਦਾ ਆਪ) ਰਾਖਾ ਬਣਦਾ ਹੈ, ਉਹਨਾਂ ਨੂੰ ਆਪਣੇ ਗਲ ਨਾਲ ਲਾ ਕੇ ਰੱਖਦਾ ਹੈ। ਪਰਮਾਤਮਾ ਦੇ ਸੇਵਕ ਪਰਮਾਤਮਾ ਦੇ ਗੁਣ ਗਾ ਗਾ ਕੇਤੇ, ਸਦਾ ਆਤਮਕ ਆਨੰਦ ਮਾਣ ਕੇ (ਦੁੱਖਾਂ ਕਲੇਸ਼ਾਂ ਵਲੋਂ) ਨਿਡਰ ਹੋ ਜਾਂਦੇ ਹਨ।੨।੧੭।

*┈┉┅━❀꧁ੴ꧂❀━┅┉┈*

||ਅੱਜ ਦਾ ਫੁਰਮਾਨ|| ਗੁਰਦੁਆਰਾ ਨਨਕਾਣਾ ਸਾਹਿਬ ( ਪਾਕਿਸਤਾਨ ) ||

ਜੈਤਸਰੀ ਮਹਲਾ ੫ ਛੰਤ ਘਰੁ ੧    ੴ ਸਤਿਗੁਰ ਪ੍ਰਸਾਦਿ ॥ ਸਲੋਕ ॥ ਦਰਸਨ ਪਿਆਸੀ ਦਿਨਸੁ ਰਾਤਿ ਚਿਤਵਉ ਅਨਦਿਨੁ ਨੀਤ ॥ ਖੋਲ੍ਹ੍ਹਿ ਕਪਟ ਗੁਰਿ ਮੇਲੀਆ ਨਾਨਕ ਹਰਿ ਸੰਗਿ ਮੀਤ ॥੧॥ ਛੰਤ ॥ ਸੁਣਿ ਯਾਰ ਹਮਾਰੇ ਸਜਣ ਇਕ ਕਰਉ ਬੇਨੰਤੀਆ ॥ ਤਿਸੁ ਮੋਹਨ ਲਾਲ ਪਿਆਰੇ ਹਉ ਫਿਰਉ ਖੋਜੰਤੀਆ ॥ ਤਿਸੁ ਦਸਿ ਪਿਆਰੇ ਸਿਰੁ ਧਰੀ ਉਤਾਰੇ ਇਕ ਭੋਰੀ ਦਰਸਨੁ ਦੀਜੈ ॥ ਨੈਨ ਹਮਾਰੇ ਪ੍ਰਿਅ ਰੰਗ ਰੰਗਾਰੇ ਇਕੁ ਤਿਲੁ ਭੀ ਨਾ ਧੀਰੀਜੈ ॥ ਪ੍ਰਭ ਸਿਉ ਮਨੁ ਲੀਨਾ ਜਿਉ ਜਲ ਮੀਨਾ ਚਾਤ੍ਰਿਕ ਜਿਵੈ ਤਿਸੰਤੀਆ ॥ ਜਨ ਨਾਨਕ ਗੁਰੁ ਪੂਰਾ ਪਾਇਆ ਸਗਲੀ ਤਿਖਾ ਬੁਝੰਤੀਆ ॥੧॥ {ਪੰਨਾ 703}

ਅਰਥ: ਮੈਨੂੰ ਮਿੱਤਰ ਪ੍ਰਭੂ ਦੇ ਦਰਸਨ ਦੀ ਤਾਂਘ ਲੱਗੀ ਹੋਈ ਹੈ, ਮੈਂ ਦਿਨ ਰਾਤ ਹਰ ਵੇਲੇ ਸਦਾ ਹੀ, (ਉਸ ਦਾ ਦਰਸਨ ਹੀ) ਚਿਤਾਰਦੀ ਰਹਿੰਦੀ ਹਾਂ। ਹੇ ਨਾਨਕ! ਆਖ-) ਗੁਰੂ ਨੇ (ਮੇਰੇ) ਮਾਇਆ ਦੇ ਮੋਹ ਦੇ ਛੌੜ ਕੱਟ ਕੇ ਮੈਨੂੰ ਮਿੱਤਰ ਹਰੀ ਨਾਲ ਮਿਲਾ ਦਿੱਤਾ ਹੈ।੧।

ਛੰਤ! ਹੇ ਮੇਰੇ ਸਤਸੰਗੀ ਮਿੱਤਰ! ਹੇ ਮੇਰੇ ਸੱਜਣ! ਮੈਂ (ਤੇਰੇ ਅੱਗੇ) ਇਕ ਅਰਜ਼ੋਈ ਕਰਦੀ ਹਾਂ! ਮੈਂ ਉਸ ਮਨ ਨੂੰ ਮੋਹ ਲੈਣ ਵਾਲੇ ਪਿਆਰੇ ਲਾਲ ਨੂੰ ਲੱਭਦੀ ਫਿਰਦੀ ਹਾਂ। (ਹੇ ਮਿੱਤਰ!) ਮੈਨੂੰ ਉਸ ਪਿਆਰੇ ਦੀ ਦੱਸ ਪਾ, ਮੈਂ (ਉਸ ਦੇ ਅੱਗੇ ਆਪਣਾ) ਸਿਰ ਲਾਹ ਕੇ ਰੱਖ ਦਿਆਂਗੀ (ਤੇ ਆਖਾਂਗੀ-ਹੇ ਪਿਆਰੇ!) ਰਤਾ ਭਰ ਸਮੇ ਲਈ ਹੀ ਮੈਨੂੰ ਦਰਸਨ ਦੇਹ (ਹੇ ਗੁਰੂ!) ਮੇਰੀਆਂ ਅੱਖਾਂ ਪਿਆਰੇ ਦੇ ਪ੍ਰੇਮ-ਰੰਗ ਨਾਲ ਰੰਗੀਆਂ ਗਈਆਂ ਹਨ, (ਉਸ ਦੇ ਦਰਸਨ ਤੋਂ ਬਿਨਾ ਮੈਨੂੰ) ਰਤਾ ਜਿਤਨੇ ਸਮੇ ਲਈ ਭੀ ਚੈਨ ਨਹੀਂ ਆਉਂਦਾ। ਮੇਰਾ ਮਨ ਪ੍ਰਭੂ ਨਾਲ ਮਸਤ ਹੈ ਜਿਵੇਂ ਪਾਣੀ ਦੀ ਮੱਛੀ (ਪਾਣੀ ਵਿਚ ਮਸਤ ਰਹਿੰਦੀ ਹੈ) , ਜਿਵੇਂ ਪਪੀਹੇ ਨੂੰ (ਵਰਖਾ ਦੀ ਬੂੰਦ ਦੀ) ਪਿਆਸ ਲੱਗੀ ਰਹਿੰਦੀ ਹੈ।

ਹੇ ਦਾਸ ਨਾਨਕ! ਆਖ-ਜਿਸ ਵਡ-ਭਾਗੀ ਨੂੰਪੂਰਾ ਗੁਰੂ ਮਿਲ ਪੈਂਦਾ ਹੈ (ਉਸ ਦੀ ਦਰਸਨ ਦੀਸਾਰੀ ਤ੍ਰੇਹ ਬੁੱਝ ਜਾਂਦੀ ਹੈ।੧।

ਯਾਰ ਵੇ ਪ੍ਰਿਅ ਹਭੇ ਸਖੀਆ ਮੂ ਕਹੀ ਨ ਜੇਹੀਆ ॥ ਯਾਰ ਵੇ ਹਿਕ ਡੂੰ ਹਿਕਿ ਚਾੜੈ ਹਉ ਕਿਸੁ ਚਿਤੇਹੀਆ ॥ ਹਿਕ ਦੂੰ ਹਿਕਿ ਚਾੜੇ ਅਨਿਕ ਪਿਆਰੇ ਨਿਤ ਕਰਦੇ ਭੋਗ ਬਿਲਾਸਾ ॥ ਤਿਨਾ ਦੇਖਿ ਮਨਿ ਚਾਉ ਉਠੰਦਾ ਹਉ ਕਦਿ ਪਾਈ ਗੁਣਤਾਸਾ ॥ ਜਿਨੀ ਮੈਡਾ ਲਾਲੁ ਰੀਝਾਇਆ ਹਉ ਤਿਸੁ ਆਗੈ ਮਨੁ ਡੇਂਹੀਆ ॥ ਨਾਨਕੁ ਕਹੈ ਸੁਣਿ ਬਿਨਉ ਸੁਹਾਗਣਿ ਮੂ ਦਸਿ ਡਿਖਾ ਪਿਰੁ ਕੇਹੀਆ ॥੨॥ {ਪੰਨਾ 703}

ਅਰਥ: ਹੇ ਸਤਸੰਗੀ ਸੱਜਣ! ਸਾਰੀਆਂ ਸਹੇਲੀਆਂ ਪਿਆਰੇ ਪ੍ਰਭੂ ਦੀਆਂ (ਇਸਤ੍ਰੀਆਂਹਨ, ਮੈਂ (ਇਹਨਾਂ ਵਿਚੋਂ) ਕਿਸੇ ਵਰਗੀ ਭੀ ਨਹੀਂ। ਇਹ ਇਕ ਤੋਂ ਇਕ ਸੋਹਣੀਆਂ (ਸੋਹਣੇ ਆਤਮਕ ਜੀਵਨ ਵਾਲੀਆਂ) ਹਨ, ਮੈਂ ਕਿਸ ਗਿਣਤੀ ਵਿਚ ਹਾਂਪ੍ਰਭੂ ਨਾਲ ਅਨੇਕਾਂ ਹੀ ਪਿਆਰ ਕਰਨ ਵਾਲੇ ਹਨ, ਇਕ ਦੂਜੇ ਤੋਂ ਸੋਹਣੇ ਜੀਵਨ ਵਾਲੇ ਹਨ, ਸਦਾ ਪ੍ਰਭੂ ਨਾਲ ਆਤਮਕ ਮਿਲਾਪ ਦਾ ਆਨੰਦ ਮਾਣਦੇ ਹਨ। ਇਹਨਾਂ ਨੂੰ ਵੇਖ ਕੇ ਮੇਰੇ ਮਨ ਵਿਚ (ਭੀ) ਚਾਉ ਪੈਦਾ ਹੁੰਦਾ ਹੈ ਕਿ ਮੈਂ ਭੀ ਕਦੇ ਉਸ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਨੂੰ ਮਿਲ ਸਕਾਂ। (ਹੇ ਗੁਰੂ!) ਜਿਸ ਨੇ (ਹੀ) ਮੇਰੇ ਪਿਆਰੇ ਹਰੀ ਨੂੰ ਪ੍ਰਸੰਨ ਕਰ ਲਿਆ ਹੈਮੈਂ ਉਸ ਅੱਗੇ ਆਪਣਾ ਮਨ ਭੇਟਾ ਕਰਨ ਨੂੰ ਤਿਆਰ ਹਾਂ।

ਨਾਨਕ ਆਖਦਾ ਹੈ-ਹੇ ਸੋਹਾਗ ਵਾਲੀਏ! ਮੇਰੀ ਬੇਨਤੀ ਸੁਣ। ਮੈਨੂੰ ਦੱਸ, ਮੈਂ ਵੇਖਾਂ, ਪ੍ਰਭੂ-ਪਤੀ ਕਿਹੋ ਜਿਹਾ ਹੈ।੨।

ਯਾਰ ਵੇ ਪਿਰੁ ਆਪਣ ਭਾਣਾ ਕਿਛੁ ਨੀਸੀ ਛੰਦਾ ॥ ਯਾਰ ਵੇ ਤੈ ਰਾਵਿਆ ਲਾਲਨੁ ਮੂ ਦਸਿ ਦਸੰਦਾ ॥ ਲਾਲਨੁ ਤੈ ਪਾਇਆ ਆਪੁ ਗਵਾਇਆ ਜੈ ਧਨ ਭਾਗ ਮਥਾਣੇ ॥ ਬਾਂਹ ਪਕੜਿ ਠਾਕੁਰਿ ਹਉ ਘਿਧੀ ਗੁਣ ਅਵਗਣ ਨ ਪਛਾਣੇ ॥ ਗੁਣ ਹਾਰੁ ਤੈ ਪਾਇਆ ਰੰਗੁ ਲਾਲੁ ਬਣਾਇਆ ਤਿਸੁ ਹਭੋ ਕਿਛੁ ਸੁਹੰਦਾ ॥ ਜਨ ਨਾਨਕ ਧੰਨਿ ਸੁਹਾਗਣਿ ਸਾਈ ਜਿਸੁ ਸੰਗਿ ਭਤਾਰੁ ਵਸੰਦਾ ॥੩॥ {ਪੰਨਾ 704}

ਅਰਥ: ਹੇ ਸਤਸੰਗੀ ਸੱਜਣ! ਜਿਸ ਜੀਵ-ਇਸਤ੍ਰੀ ਨੂੰ) ਆਪਣਾ ਪ੍ਰਭੂ-ਪਤੀ ਪਿਆਰਾ ਲੱਗਣ ਲੱਗ ਪੈਂਦਾ ਹੈ (ਉਸ ਨੂੰ ਕਿਸੇ ਦੀ) ਕੋਈ ਮੁਥਾਜੀ ਨਹੀਂ ਰਹਿ ਜਾਂਦੀ। ਹੇ ਸਤਸੰਗੀ ਸੱਜਣ! ਤੂੰ ਸੋਹਣੇ ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ ਹੈ, ਮੈਂ ਪੁੱਛਦਾ ਹਾਂ, ਮੈਨੂੰ ਭੀ ਉਸ ਦੀ ਦੱਸ ਪਾ। ਤੂੰ ਸੋਹਣੇ ਲਾਲ ਨੂੰ ਲੱਭ ਲਿਆ ਹੈ, ਤੇ (ਆਪਣੇ ਅੰਦਰੋਂ) ਆਪਾ-ਭਾਵ ਦੂਰ ਕਰ ਲਿਆ ਹੈ। ਜਿਸ ਜੀਵ-ਇਸਤ੍ਰੀ ਦੇ ਮੱਥੇ ਦੇ ਭਾਗ ਜਾਗਦੇ ਹਨ (ਉਸ ਨੂੰ ਮਿਲਾਪ ਹੁੰਦਾ ਹੈ। (ਹੇ ਸਖੀ!) ਮਾਲਕ-ਪ੍ਰਭੂ ਨੇ (ਮੇਰੀ ਭੀਬਾਂਹ ਫੜ ਕੇ ਮੈਨੂੰ ਆਪਣੀ ਬਣਾ ਲਿਆ ਹੈ, ਮੇਰਾ ਕੋਈ ਗੁਣ ਔਗੁਣ ਉਸ ਨੇ ਨਹੀਂ ਪਰਖਿਆ। ਹੇ ਦਾਸ ਨਾਨਕ! ਆਖ-) ਉਹੀ ਜੀਵ-ਇਸਤ੍ਰੀ ਭਾਗਾਂ ਵਾਲੀ ਹੈ, ਜਿਸ ਦੇ ਨਾਲ (ਜਿਸ ਦੇ ਹਿਰਦੇ ਵਿਚ) ਖਸਮ-ਪ੍ਰਭੂ ਵੱਸਦਾ ਹੈ।੩।

ਯਾਰ ਵੇ ਨਿਤ ਸੁਖ ਸੁਖੇਦੀ ਸਾ ਮੈ ਪਾਈ ॥ ਵਰੁ ਲੋੜੀਦਾ ਆਇਆ ਵਜੀ ਵਾਧਾਈ ॥ ਮਹਾ ਮੰਗਲੁ ਰਹਸੁ ਥੀਆ ਪਿਰੁ ਦਇਆਲੁ ਸਦ ਨਵ ਰੰਗੀਆ ॥ ਵਡ ਭਾਗਿ ਪਾਇਆ ਗੁਰਿ ਮਿਲਾਇਆ ਸਾਧ ਕੈ ਸਤਸੰਗੀਆ ॥ ਆਸਾ ਮਨਸਾ ਸਗਲ ਪੂਰੀ ਪ੍ਰਿਅ ਅੰਕਿ ਅੰਕੁ ਮਿਲਾਈ ॥ ਬਿਨਵੰਤਿ ਨਾਨਕੁ ਸੁਖ ਸੁਖੇਦੀ ਸਾ ਮੈ ਗੁਰ ਮਿਲਿ ਪਾਈ ॥੪॥੧॥ {ਪੰਨਾ 704}

ਅਰਥ: ਹੇ ਸਤਸੰਗੀ ਸੱਜਣ! ਜੇਹੜੀ ਸੁੱਖਣਾ ਮੈਂ ਸਦਾ ਸੁੱਖਦੀ ਰਹਿੰਦੀ ਸਾਂ, ਉਹ (ਸੁੱਖਣਾ) ਮੈਂ ਪਾ ਲਈ ਹੈ (ਮੇਰੀ ਉਹ ਮੁਰਾਦ ਪੂਰੀ ਹੋ ਗਈ ਹੈ। ਜਿਸ ਪ੍ਰਭੂ-ਪਤੀ ਨੂੰ ਮੈਂ (ਚਿਰਾਂ ਤੋਂ) ਲੱਭਦੀ ਆ ਰਹੀ ਸਾਂ ਉਹ (ਮੇਰੇ ਹਿਰਦੇ ਵਿਚ) ਆ ਵੱਸਿਆ ਹੈ, ਹੁਣ ਮੇਰੇ ਅੰਦਰ ਆਤਮਕ ਉਤਸ਼ਾਹ ਦੇ ਵਾਜੇ ਵੱਜ ਰਹੇ ਹਨ। ਸਦਾ ਨਵੇਂ ਪ੍ਰੇਮ-ਰੰਗ ਵਾਲਾ ਤੇ ਦਇਆ ਦਾ ਸੋਮਾ ਪ੍ਰਭੂ-ਪਤੀ (ਮੇਰੇ ਅੰਦਰ ਆ ਵੱਸਿਆ ਹੈ, ਹੁਣ ਮੇਰੇ ਅੰਦਰ) ਬੜਾ ਆਨੰਦ ਤੇ ਉਤਸ਼ਾਹ ਬਣ ਰਿਹਾ ਹੈ। ਹੇ ਸਤਸੰਗੀ ਸੱਜਣ! ਵੱਡੀ ਕਿਸਮਤ ਨਾਲ ਉਹ ਪ੍ਰਭੂ-ਪਤੀ ਮੈਨੂੰ ਲੱਭਾ ਹੈ, ਗੁਰੂ ਨੇ ਮੈਨੂੰ ਸਾਧ ਸੰਗਤਿ ਵਿਚ (ਉਸ ਨਾਲ) ਮਿਲਾ ਦਿੱਤਾ ਹੈ। (ਗੁਰੂ ਨੇ) ਮੇਰਾ ਆਪਾ ਪਿਆਰੇ ਦੇ ਅੰਕ ਵਿਚ ਮਿਲਾ ਦਿੱਤਾ ਹੈ, ਮੇਰੀ ਹਰੇਕ ਆਸ ਮੁਰਾਦ ਪੂਰੀ ਹੋ ਗਈ ਹੈ।

ਨਾਨਕ ਬੇਨਤੀ ਕਰਦਾ ਹੈ-ਜੇਹੜੀ ਸੁੱਖਣਾ ਮੈਂ (ਸਦਾ) ਸੁੱਖਦੀ ਰਹਿੰਦੀ ਸਾਂ, ਗੁਰੂ ਨੂੰ ਮਿਲ ਕੇ ਉਹ (ਸੁੱਖਣਾ) ਮੈਂ ਹਾਸਲ ਕਰ ਲਈ ਹੈ।੪।

*┈┉┅━❀꧁ੴ꧂❀━┅┉┈*

||ਅੱਜ ਦਾ ਫੁਰਮਾਨ|| ਗੁਰਦੁਆਰਾ ਪੰਜਾ ਸਾਹਿਬ ( ਪਾਕਿਸਤਾਨ ) ||

ਸੂਹੀ ਮਹਲਾ ੩ ॥ ਜੁਗ ਚਾਰੇ ਧਨ ਜੇ ਭਵੈ ਬਿਨੁ ਸਤਿਗੁਰ ਸੋਹਾਗੁ ਨ ਹੋਈ ਰਾਮ ॥ ਨਿਹਚਲੁ ਰਾਜੁ ਸਦਾ ਹਰਿ ਕੇਰਾ ਤਿਸੁ ਬਿਨੁ ਅਵਰੁ ਨ ਕੋਈ ਰਾਮ ॥ ਤਿਸੁ ਬਿਨੁ ਅਵਰੁ ਨ ਕੋਈ ਸਦਾ ਸਚੁ ਸੋਈ ਗੁਰਮੁਖਿ ਏਕੋ ਜਾਣਿਆ ॥ ਧਨ ਪਿਰ ਮੇਲਾਵਾ ਹੋਆ ਗੁਰਮਤੀ ਮਨੁ ਮਾਨਿਆ ॥ ਸਤਿਗੁਰੁ ਮਿਲਿਆ ਤਾ ਹਰਿ ਪਾਇਆ ਬਿਨੁ ਹਰਿ ਨਾਵੈ ਮੁਕਤਿ ਨ ਹੋਈ ॥ ਨਾਨਕ ਕਾਮਣਿ ਕੰਤੈ ਰਾਵੇ ਮਨਿ ਮਾਨਿਐ ਸੁਖੁ ਹੋਈ ॥੧॥ {ਪੰਨਾ 769-770}

ਅਰਥ: ਹੇ ਭਾਈ! ਜੁਗ ਚਾਹੇ ਕੋਈ ਭੀ ਹੋਵੇ) ਗੁਰੂ (ਦੀ ਸਰਨ ਪੈਣ) ਤੋਂ ਬਿਨਾ ਖਸਮ-ਪ੍ਰਭੂ ਦਾ ਮਿਲਾਪ ਨਹੀਂ ਹੁੰਦਾ, ਜੀਵ-ਇਸਤ੍ਰੀ ਭਾਵੇਂ ਚੌਹਾਂ ਜੁਗਾਂ ਵਿਚ ਭਟਕਦੀ ਫਿਰੇ। ਉਸ ਪ੍ਰਭੂ-ਪਤੀ ਦਾ ਹੁਕਮ ਅਟੱਲ ਹੈ (ਕਿ ਗੁਰੂ ਦੀ ਰਾਹੀਂ ਹੀ ਉਸ ਦਾ ਮਿਲਾਪ ਪ੍ਰਾਪਤ ਹੁੰਦਾ ਹੈ। ਉਸ ਤੋਂ ਬਿਨਾ ਕੋਈ ਹੋਰ ਉਸ ਦੀ ਬਰਾਬਰੀ ਦਾ ਨਹੀਂ (ਜੋ ਇਸ ਹੁਕਮ ਨੂੰ ਬਦਲਾਅ ਸਕੇ। ਹੇ ਭਾਈ! ਉਸ ਪ੍ਰਭੂ ਤੋਂ ਬਿਨਾ ਉਸ ਵਰਗਾ ਹੋਰ ਕੋਈ ਨਹੀਂ। ਉਹ ਪ੍ਰਭੂ ਆਪ ਹੀ ਸਦਾ ਕਾਇਮ ਰਹਿਣ ਵਾਲਾ ਹੈ। ਗੁਰੂ ਦੇ ਸਨਮੁਖ ਰਹਿਣ ਵਾਲੀ ਜੀਵ-ਇਸਤ੍ਰੀ ਉਸ ਇੱਕ ਨਾਲ ਹੀ ਡੂੰਘੀ ਸਾਂਝ ਬਣਾਂਦੀ ਹੈ। ਜਦੋਂ ਗੁਰੂ ਦੀ ਮਤਿ ਉਤੇ ਤੁਰ ਕੇ ਜੀਵ-ਇਸਤ੍ਰੀ ਦਾ ਮਨ (ਪਰਮਾਤਮਾ ਦੀ ਯਾਦ ਵਿਚ) ਗਿੱਝ ਜਾਂਦਾ ਹੈ, ਤਦੋਂ ਜੀਵ-ਇਸਤ੍ਰੀ ਦਾ ਪ੍ਰਭੂ-ਪਤੀ ਨਾਲ ਮਿਲਾਪ ਹੋ ਜਾਂਦਾ ਹੈ।

ਹੇ ਭਾਈ! ਜਦੋਂ ਗੁਰੂ ਮਿਲਦਾ ਹੈ ਤਦੋਂ ਹੀ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ (ਗੁਰੂ ਹੀ ਪ੍ਰਭੂ ਦਾ ਨਾਮ ਜੀਵ-ਇਸਤ੍ਰੀ ਦੇ ਹਿਰਦੇ ਵਿਚ ਵਸਾਂਦਾ ਹੈ, ਤੇ ਪਰਮਾਤਮਾ ਦੇ ਨਾਮ ਤੋਂ ਬਿਨਾ (ਮਾਇਆ ਦੇ ਬੰਧਨਾਂ ਤੋਂ) ਖ਼ਲਾਸੀ ਨਹੀਂ ਹੁੰਦੀ। ਹੇ ਨਾਨਕ! ਜੇ ਮਨ ਪ੍ਰਭੂ ਦੀ ਯਾਦ ਵਿਚ ਗਿੱਝ ਜਾਏ, ਤਾਂ ਜੀਵ-ਇਸਤ੍ਰੀ ਪ੍ਰਭੂ ਦਾ ਮਿਲਾਪ ਮਾਣਦੀ ਹੈਉਸ ਦੇ ਹਿਰਦੇ ਵਿਚ ਆਨੰਦ ਪੈਦਾ ਹੋਇਆ ਰਹਿੰਦਾ ਹੈ।੧।

ਸਤਿਗੁਰੁ ਸੇਵਿ ਧਨ ਬਾਲੜੀਏ ਹਰਿ ਵਰੁ ਪਾਵਹਿ ਸੋਈ ਰਾਮ ॥ ਸਦਾ ਹੋਵਹਿ ਸੋਹਾਗਣੀ ਫਿਰਿ ਮੈਲਾ ਵੇਸੁ ਨ ਹੋਈ ਰਾਮ ॥ ਫਿਰਿ ਮੈਲਾ ਵੇਸੁ ਨ ਹੋਈ ਗੁਰਮੁਖਿ ਬੂਝੈ ਕੋਈ ਹਉਮੈ ਮਾਰਿ ਪਛਾਣਿਆ ॥ ਕਰਣੀ ਕਾਰ ਕਮਾਵੈ ਸਬਦਿ ਸਮਾਵੈ ਅੰਤਰਿ ਏਕੋ ਜਾਣਿਆ ॥ ਗੁਰਮੁਖਿ ਪ੍ਰਭੁ ਰਾਵੇ ਦਿਨੁ ਰਾਤੀ ਆਪਣਾ ਸਾਚੀ ਸੋਭਾ ਹੋਈ ॥ ਨਾਨਕ ਕਾਮਣਿ ਪਿਰੁ ਰਾਵੇ ਆਪਣਾ ਰਵਿ ਰਹਿਆ ਪ੍ਰਭੁ ਸੋਈ ॥੨॥ {ਪੰਨਾ 770}

ਅਰਥ: ਹੇ ਅੰਞਾਣ ਜਿੰਦੇ! ਗੁਰੂ ਦੀ ਦੱਸੀ ਕਾਰ ਕਰਿਆ ਕਰ, (ਇਸ ਤਰ੍ਹਾਂ ਤੂੰ ਪ੍ਰਭੂ-ਪਤੀ ਨੂੰ ਪ੍ਰਾਪਤ ਕਰ ਲਏਂਗੀ। ਤੂੰ ਸਦਾ ਵਾਸਤੇ ਖਸਮ-ਵਾਲੀ ਹੋ ਜਾਏਂਗੀ, ਫਿਰ ਕਦੇ ਪ੍ਰਭੂ-ਪਤੀ ਨਾਲੋਂ ਵਿਛੋੜਾ ਨਹੀਂ ਹੋਏਗਾ! ਕੋਈ ਵਿਰਲੀ ਜੀਵ-ਇਸਤ੍ਰੀ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਇਹ ਗੱਲ ਸਮਝਦੀ ਹੈ (ਕਿ ਗੁਰੂ ਦੀ ਰਾਹੀਂ ਪ੍ਰਭੂ ਨਾਲ ਮਿਲਾਪ ਹੋਇਆਂ) ਫਿਰ ਉਸ ਤੋਂ ਕਦੇ ਵਿਛੋੜਾ ਨਹੀਂ ਹੁੰਦਾ। ਉਹ ਜੀਵ-ਇਸਤ੍ਰੀ (ਆਪਣੇ ਅੰਦਰੋਂ) ਹਉਮੈ ਦੂਰ ਕਰ ਕੇ ਪ੍ਰਭੂ ਨਾਲ ਸਾਂਝ ਕਾਇਮ ਰੱਖਦੀ ਹੈ। ਉਹ ਜੀਵ-ਇਸਤ੍ਰੀ (ਪ੍ਰਭੂ-ਸਿਮਰਨ ਦੀ) ਕਰਨ-ਜੋਗ ਕਾਰ ਕਰਦੀ ਰਹਿੰਦੀ ਹੈ, ਗੁਰੂ ਦੇ ਸ਼ਬਦ ਵਿਚ ਲੀਨ ਰਹਿੰਦੀ ਹੈ, ਆਪਣੇ ਹਿਰਦੇ ਵਿਚ ਇਕ ਪ੍ਰਭੂ ਨਾਲ ਜੀਵ-ਇਸਤ੍ਰੀ ਪਛਾਣ ਪਾਈ ਰੱਖਦੀ ਹੈ। ਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲੀ ਜੀਵ-ਇਸਤ੍ਰੀ ਦਿਨ ਰਾਤ ਆਪਣੇ ਪ੍ਰਭੂ ਦਾ ਨਾਮ ਸਿਮਰਦੀ ਰਹਿੰਦੀ ਹੈ, (ਲੋਕ ਪਰਲੋਕ ਵਿਚ) ਉਸ ਨੂੰ ਸਦਾ ਕਾਇਮ ਰਹਿਣ ਵਾਲੀ ਇੱਜ਼ਤ ਮਿਲਦੀ ਹੈ। ਉਹ ਜੀਵ-ਇਸਤ੍ਰੀ ਆਪਣੇ ਉਸ ਪ੍ਰਭੂ-ਪਤੀ ਨੂੰ ਹਰ ਵੇਲੇ ਯਾਦ ਕਰਦੀ ਹੈ ਜੋ ਹਰ ਥਾਂ ਵਿਆਪਕ ਹੈ।੨।

ਗੁਰ ਕੀ ਕਾਰ ਕਰੇ ਧਨ ਬਾਲੜੀਏ ਹਰਿ ਵਰੁ ਦੇਇ ਮਿਲਾਏ ਰਾਮ ॥ ਹਰਿ ਕੈ ਰੰਗਿ ਰਤੀ ਹੈ ਕਾਮਣਿ ਮਿਲਿ ਪ੍ਰੀਤਮ ਸੁਖੁ ਪਾਏ ਰਾਮ ॥ ਮਿਲਿ ਪ੍ਰੀਤਮ ਸੁਖੁ ਪਾਏ ਸਚਿ ਸਮਾਏ ਸਚੁ ਵਰਤੈ ਸਭ ਥਾਈ ॥ ਸਚਾ ਸੀਗਾਰੁ ਕਰੇ ਦਿਨੁ ਰਾਤੀ ਕਾਮਣਿ ਸਚਿ ਸਮਾਈ ॥ ਹਰਿ ਸੁਖਦਾਤਾ ਸਬਦਿ ਪਛਾਤਾ ਕਾਮਣਿ ਲਇਆ ਕੰਠਿ ਲਾਏ ॥ ਨਾਨਕ ਮਹਲੀ ਮਹਲੁ ਪਛਾਣੈ ਗੁਰਮਤੀ ਹਰਿ ਪਾਏ ॥੩॥ {ਪੰਨਾ 770}

ਅਰਥ: ਹੇ ਅੰਞਾਣ ਜਿੰਦੇ! ਗੁਰੂ ਦੀ ਦੱਸੀ ਹੋਈ ਕਾਰ ਕਰਿਆ ਕਰ। ਗੁਰੂ ਪ੍ਰਭੂ-ਪਤੀ ਨਾਲ ਮਿਲਾ ਦੇਂਦਾ ਹੈ। ਜੇਹੜੀ ਜੀਵ-ਇਸਤ੍ਰੀ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੀ ਜਾਂਦੀ ਹੈ, ਉਹ ਪਿਆਰੇ ਪ੍ਰਭੂ ਨੂੰ ਮਿਲ ਕੇ ਆਤਮਕ ਆਨੰਦ ਮਾਣਦੀ ਹੈ। ਪ੍ਰਭੂ-ਪ੍ਰੀਤਮ ਨੂੰ ਮਿਲ ਕੇ ਉਹ ਆਤਮਕ ਆਨੰਦ ਮਾਣਦੀ ਹੈ, ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦੀ ਹੈ, ਉਹ ਸਦਾ-ਥਿਰ ਪ੍ਰਭੂ ਉਸ ਨੂੰ ਸਭ ਥਾਵਾਂ ਵਿਚ ਵੱਸਦਾ ਦਿੱਸਦਾ ਹੈ। ਉਹ ਜੀਵ-ਇਸਤ੍ਰੀ ਸਦਾ-ਥਿਰ ਪ੍ਰਭੂ ਦੀ ਯਾਦ ਵਿਚ ਮਸਤ ਰਹਿੰਦੀ ਹੈ, ਇਹੀ ਸਦਾ ਕਾਇਮ ਰਹਿਣ ਵਾਲਾ (ਆਤਮਕਸਿੰਗਾਰ ਉਹ ਦਿਨ ਰਾਤ ਕਰੀ ਰੱਖਦੀ ਹੈ। ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ ਜੀਵ-ਇਸਤ੍ਰੀ ਸਾਰੇ ਸੁਖ ਦੇਣ ਵਾਲੇ ਪ੍ਰਭੂ ਨਾਲ ਸਾਂਝ ਪਾਂਦੀ ਹੈ, ਉਸ ਨੂੰ ਆਪਣੇ ਗਲ ਨਾਲ ਲਾਈ ਰੱਖਦੀ ਹੈ (ਗਲੇ ਵਿਚ ਪ੍ਰੋ ਲੈਂਦੀ ਹੈ, ਹਰ ਵੇਲੇ ਉਸ ਦਾ ਜਾਪ ਕਰਦੀ ਹੈ। ਹੇ ਨਾਨਕ! ਉਹ ਜੀਵ-ਇਸਤ੍ਰੀ ਮਾਲਕ-ਪ੍ਰਭੂ ਦਾ ਮਹਲ ਲੱਭ ਲੈਂਦੀ ਹੈ, ਗੁਰੂ ਦੀ ਮਤਿ ਉਤੇ ਤੁਰ ਕੇ ਉਹ ਪ੍ਰਭੂ-ਪਤੀ ਦਾ ਮਿਲਾਪ ਪ੍ਰਾਪਤ ਕਰ ਲੈਂਦੀ ਹੈ।੩।

ਸਾ ਧਨ ਬਾਲੀ ਧੁਰਿ ਮੇਲੀ ਮੇਰੈ ਪ੍ਰਭਿ ਆਪਿ ਮਿਲਾਈ ਰਾਮ ॥ ਗੁਰਮਤੀ ਘਟਿ ਚਾਨਣੁ ਹੋਆ ਪ੍ਰਭੁ ਰਵਿ ਰਹਿਆ ਸਭ ਥਾਈ ਰਾਮ ॥ ਪ੍ਰਭੁ ਰਵਿ ਰਹਿਆ ਸਭ ਥਾਈ ਮੰਨਿ ਵਸਾਈ ਪੂਰਬਿ ਲਿਖਿਆ ਪਾਇਆ ॥ ਸੇਜ ਸੁਖਾਲੀ ਮੇਰੇ ਪ੍ਰਭ ਭਾਣੀ ਸਚੁ ਸੀਗਾਰੁ ਬਣਾਇਆ ॥ ਕਾਮਣਿ ਨਿਰਮਲ ਹਉਮੈ ਮਲੁ ਖੋਈ ਗੁਰਮਤਿ ਸਚਿ ਸਮਾਈ ॥ ਨਾਨਕ ਆਪਿ ਮਿਲਾਈ ਕਰਤੈ ਨਾਮੁ ਨਵੈ ਨਿਧਿ ਪਾਈ ॥੪॥੩॥੪॥ {ਪੰਨਾ 770}

ਅਰਥ: ਹੇ ਭਾਈ! ਜਿਸ ਅੰਞਾਣ ਜੀਵ-ਇਸਤ੍ਰੀ ਨੂੰ ਧੁਰ ਦਰਗਾਹ ਤੋਂ ਮਿਲਾਪ ਦਾ ਲੇਖ ਪ੍ਰਾਪਤ ਹੋਇਆ, ਉਸ ਨੂੰ ਪ੍ਰਭੂ ਨੇ ਆਪ ਆਪਣੇ ਚਰਨਾਂ ਵਿਚ ਜੋੜ ਲਿਆ। ਉਸ ਜੀਵ-ਇਸਤ੍ਰੀ ਦੇ ਹਿਰਦੇ ਵਿਚ ਇਹ ਚਾਨਣ ਹੋ ਗਿਆ ਕਿ ਪਰਮਾਤਮਾ ਸਭ ਥਾਈਂ ਮੌਜੂਦ ਹੈ। ਸਭ ਥਾਈਂ ਵਿਆਪਕ ਹੋ ਰਹੇ ਪ੍ਰਭੂ ਨੂੰ ਉਸ ਜੀਵ-ਇਸਤ੍ਰੀ ਨੇ ਆਪਣੇ ਮਨ ਵਿਚ ਵਸਾ ਲਿਆ, ਪਿਛਲੇ ਜਨਮ ਵਿਚ ਲਿਖਿਆ ਲੇਖ (ਉਸ ਦੇ ਮੱਥੇ ਉਤੇ) ਉੱਘੜ ਪਿਆ। ਉਹ ਜੀਵ-ਇਸਤ੍ਰੀ ਪਿਆਰੇ ਪ੍ਰਭੂ ਨੂੰ ਚੰਗੀ ਲੱਗਣ ਲੱਗ ਪਈ, ਉਸ ਦਾ ਹਿਰਦਾ-ਸੇਜ ਆਨੰਦ-ਭਰਪੂਰ ਹੋ ਗਿਆ, ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨ ਨੂੰ ਉਸ ਨੇ (ਆਪਣੇ ਜੀਵਨ ਦਾ) ਸੁਹਜ ਬਣਾ ਲਿਆ।

ਜੇਹੜੀ ਜੀਵ ਇਸਤ੍ਰੀ ਗੁਰੂ ਦੀ ਮਤਿ ਲੈ ਕੇ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਲੀਨ ਹੋ ਜਾਂਦੀ ਹੈ, ਉਹ (ਆਪਣੇ ਅੰਦਰੋਂ) ਹਉਮੈ ਦੀ ਮੈਲ ਦੂਰ ਕਰ ਲੈਂਦੀ ਹੈ, ਉਹ ਪਵਿਤ੍ਰ ਜੀਵਨ ਵਾਲੀ ਬਣ ਜਾਂਦੀ ਹੈ। ਹੇ ਨਾਨਕ! ਆਖ-) ਕਰਤਾਰ ਨੇ ਆਪ ਉਸ ਨੂੰ ਨਾਲ ਮਿਲਾ ਲਿਆ, ਉਸ ਨੇ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲਿਆ, ਜੋ ਉਸ ਦੇ ਵਾਸਤੇ ਸ੍ਰਿਸ਼ਟੀ ਦੇ ਨੌ ਹੀ ਖ਼ਜ਼ਾਨੇ ਹੈ।੪।੩।੪।

*┈┉┅━❀꧁ੴ꧂❀━┅┉┈*

||ਅੱਜ ਦਾ ਫੁਰਮਾਨ|| ਗੁਰਦੁਆਰਾ ਕਰਤਾਰਪੁਰ ਸਾਹਿਬ (ਪਾਕਿਸਤਾਨ)


*┈┉┅━❀꧁ੴ꧂❀━┅┉┈*

||ਅੱਜ ਦਾ ਫੁਰਮਾਨ|| ਗੁਰਦੁਆਰਾ ਬੰਗਲਾ ਸਾਹਿਬ ਜੀ (ਦਿੱਲੀ) || 

ਜੈਤਸਰੀ ਮਹਲਾ ੫ ਘਰੁ ੩    ੴ ਸਤਿਗੁਰ ਪ੍ਰਸਾਦਿ ॥ ਕੋਈ ਜਾਨੈ ਕਵਨੁ ਈਹਾ ਜਗਿ ਮੀਤੁ ॥ ਜਿਸੁ ਹੋਇ ਕ੍ਰਿਪਾਲੁ ਸੋਈ ਬਿਧਿ ਬੂਝੈ ਤਾ ਕੀ ਨਿਰਮਲ ਰੀਤਿ ॥੧॥ ਰਹਾਉ ॥ ਮਾਤ ਪਿਤਾ ਬਨਿਤਾ ਸੁਤ ਬੰਧਪ ਇਸਟ ਮੀਤ ਅਰੁ ਭਾਈ ॥ ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤਹਿ ਕੋ ਨ ਸਹਾਈ ॥੧॥ ਮੁਕਤਿ ਮਾਲ ਕਨਿਕ ਲਾਲ ਹੀਰਾ ਮਨ ਰੰਜਨ ਕੀ ਮਾਇਆ ॥ ਹਾ ਹਾ ਕਰਤ ਬਿਹਾਨੀ ਅਵਧਹਿ ਤਾ ਮਹਿ ਸੰਤੋਖੁ ਨ ਪਾਇਆ ॥੨॥ ਹਸਤਿ ਰਥ ਅਸ੍ਵ ਪਵਨ ਤੇਜ ਧਣੀ ਭੂਮਨ ਚਤੁਰਾਂਗਾ ॥ ਸੰਗਿ ਨ ਚਾਲਿਓ ਇਨ ਮਹਿ ਕਛੂਐ ਊਠਿ ਸਿਧਾਇਓ ਨਾਂਗਾ ॥੩॥ ਹਰਿ ਕੇ ਸੰਤ ਪ੍ਰਿਅ ਪ੍ਰੀਤਮ ਪ੍ਰਭ ਕੇ ਤਾ ਕੈ ਹਰਿ ਹਰਿ ਗਾਈਐ ॥ ਨਾਨਕ ਈਹਾ ਸੁਖੁ ਆਗੈ ਮੁਖ ਊਜਲ ਸੰਗਿ ਸੰਤਨ ਕੈ ਪਾਈਐ ॥੪॥੧॥ {ਪੰਨਾ 700}

ਅਰਥ: ਹੇ ਭਾਈ! ਕੋਈ ਵਿਰਲਾ ਮਨੁੱਖ ਜਾਣਦਾ ਹੈ (ਕਿ) ਇਥੇ ਜਗਤ ਵਿਚ (ਅਸਲੀ) ਮਿੱਤਰ ਕੌਣ ਹੈ। ਜਿਸ ਮਨੁੱਖ ਉੱਤੇ (ਪਰਮਾਤਮਾ) ਦਇਆਵਾਨ ਹੁੰਦਾ ਹੈ, ਉਹੀ ਮਨੁੱਖ ਇਸ ਗੱਲ ਨੂੰ ਸਮਝਦਾ ਹੈ, (ਫਿਰ) ਉਸ ਮਨੁੱਖ ਦੀ ਜੀਵਨਿ-ਜੁਗਤਿ ਪਵਿੱਤ੍ਰ ਹੋ ਜਾਂਦੀ ਹੈ।੧।ਰਹਾਉ।

ਹੇ ਭਾਈ! ਮਾਂ ਪਿਉਇਸਤ੍ਰੀ, ਪੁੱਤਰ, ਰਿਸ਼ਤੇਦਾਰ, ਪਿਆਰੇ ਮਿੱਤਰ ਅਤੇ ਭਰਾ-ਇਹ ਸਾਰੇ ਪਹਿਲੇ ਜਨਮਾਂ ਦੇ ਸੰਜੋਗਾਂ ਕਰਕੇ (ਇਥੇਮਿਲ ਪਏ ਹਨ। ਅਖ਼ੀਰ ਵੇਲੇ ਇਹਨਾਂ ਵਿਚੋਂ ਕੋਈ ਭੀ ਸਾਥੀ ਨਹੀਂ ਬਣਦਾ।੧।

ਹੇ ਭਾਈ! ਮੋਤੀਆਂ ਦੀ ਮਾਲਾ, ਸੋਨਾ, ਲਾਲ, ਹੀਰੇ, ਮਨ ਨੂੰ ਖ਼ੁਸ਼ ਕਰਨ ਵਾਲੀ ਮਾਇਆ-ਇਹਨਾਂ ਵਿਚ (ਲੱਗਿਆਂ) ਸਾਰੀ ਉਮਰ 'ਹਾਇ, ਹਾਇਕਰਦਿਆਂ ਗੁਜ਼ਰ ਜਾਂਦੀ ਹੈ, ਮਨ ਨਹੀਂ ਰੱਜਦਾ।੨।

ਹੇ ਭਾਈ! ਹਾਥੀ, ਰਥ, ਹਵਾ ਦੇ ਵੇਗ ਵਰਗੇ ਘੋੜੇ (ਹੋਣ) , ਧਨਾਢ ਹੋਵੇ, ਜ਼ਿਮੀ ਦਾ ਮਾਲਕ ਹੋਵੇ, ਚਾਰ ਕਿਸਮ ਦੀ ਫ਼ੌਜ ਦਾ ਮਾਲਕ ਹੋਵੇ-ਇਹਨਾਂ ਵਿਚੋਂ (ਭੀ) ਕੋਈ ਚੀਜ਼ ਭੀ ਨਾਲ ਨਹੀਂ ਜਾਂਦੀ, (ਇਹਨਾਂ ਦਾ ਮਾਲਕ ਮਨੁੱਖ ਇਥੋਂ) ਨੰਗਾ ਹੀ ਉੱਠ ਕੇ ਤੁਰ ਪੈਂਦਾ ਹੈ।੩।

ਹੇ ਨਾਨਕ! ਪਰਮਾਤਮਾ ਦੇ ਸੰਤ ਜਨ ਪਰਮਾਤਮਾ ਦੇ ਪਿਆਰੇ ਹੁੰਦੇ ਹਨ, ਉਹਨਾਂ ਦੀ ਸੰਗਤਿ ਵਿਚ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ। ਇਸ ਲੋਕ ਵਿਚ ਸੁਖ ਮਿਲਦਾ ਹੈ, ਪਰਲੋਕ ਵਿਚ ਸੁਰਖ਼-ਰੂ ਹੋ ਜਾਈਦਾ ਹੈ। (ਪਰ ਇਹ ਦਾਤਿ) ਸੰਤ ਜਨਾਂ ਦੀ ਸੰਗਤਿ ਵਿਚ ਹੀ ਮਿਲਦੀ ਹੈ।੪।੧।

*┈┉┅━❀꧁ੴ꧂❀━┅┉┈*

||ਅੱਜ ਦਾ ਫੁਰਮਾਨ|| ਗੁਰਦੁਆਰਾ ਸੀਸ ਗੰਜ ਸਾਹਿਬ ਜੀ (ਦਿੱਲੀ) ||

ਸਲੋਕੁ ਮਃ ੩ ॥ ਮਾਇਆ ਮਮਤਾ ਮੋਹਣੀ ਜਿਨਿ ਵਿਣੁ ਦੰਤਾ ਜਗੁ ਖਾਇਆ ॥ ਮਨਮੁਖ ਖਾਧੇ ਗੁਰਮੁਖਿ ਉਬਰੇ ਜਿਨੀ ਸਚਿ ਨਾਮਿ ਚਿਤੁ ਲਾਇਆ ॥ {ਪੰਨਾ 643}

ਅਰਥ: ਮਾਇਆ ਦੀ ਅਪਣੱਤ (ਭਾਵ, ਇਹ ਖ਼ਿਆਲ ਕਿ ਏਹ ਸ਼ੈ ਮੇਰੀ ਹੈ, ਇਹ ਧਨ ਮੇਰਾ ਹੈ,) ਮਨ ਨੂੰ ਮੋਹਣ ਵਾਲੀ ਹੈ, ਇਸ ਨੇ ਸੰਸਾਰ ਨੂੰ ਬਿਨਾਂ ਦੰਦਾਂ ਤੋਂ ਹੀ ਖਾ ਲਿਆ ਹੈ (ਭਾਵ, ਸਮੂਲਚਾ ਹੀ ਨਿਗਲ ਲਿਆ ਹੈ) , ਮਨਮੁਖ (ਇਸ 'ਮਮਤਾਵਿਚ) ਗ੍ਰਸੇ ਗਏ ਹਨ, ਤੇ ਜਿਨ੍ਹਾਂ ਗੁਰਮੁਖਾਂ ਨੇ ਸੱਚੇ ਨਾਮ ਵਿਚ ਚਿੱਤ ਜੋੜਿਆ ਹੈ ਉਹ ਬਚ ਗਏ ਹਨ।

ਬਿਨੁ ਨਾਵੈ ਜਗੁ ਕਮਲਾ ਫਿਰੈ ਗੁਰਮੁਖਿ ਨਦਰੀ ਆਇਆ ॥ ਧੰਧਾ ਕਰਤਿਆ ਨਿਹਫਲੁ ਜਨਮੁ ਗਵਾਇਆ ਸੁਖਦਾਤਾ ਮਨਿ ਨ ਵਸਾਇਆ ॥ {ਪੰਨਾ 643}

ਅਰਥ: ਸਤਿਗੁਰੂ ਦੇ ਸਨਮੁਖ ਹੋ ਕੇ ਇਹ ਦਿੱਸ ਪੈਂਦਾ ਹੈ ਕਿ ਸੰਸਾਰ ਨਾਮ ਤੋਂ ਬਿਨਾ ਕਮਲਾ ਹੋਇਆ ਭਟਕਦਾ ਹੈ, ਮਾਇਆ ਦੇ ਕਜ਼ੀਏ ਕਰਦਿਆਂ ਮਨੁੱਖਾ ਜਨਮ ਨਿਸਫਲ ਗਵਾ ਲੈਂਦਾ ਹੈ ਤੇ ਸੁਖਦਾਤਾ ਨਾਮ ਮਨ ਵਿਚ ਨਹੀਂ ਵਸਾਉਂਦਾ।

ਨਾਨਕ ਨਾਮੁ ਤਿਨਾ ਕਉ ਮਿਲਿਆ ਜਿਨ ਕਉ ਧੁਰਿ ਲਿਖਿ ਪਾਇਆ ॥੧॥ {ਪੰਨਾ 644}

ਅਰਥ: (ਪਰ) ਹੇ ਨਾਨਕ! ਨਾਮ ਉਹਨਾਂ ਮਨੁੱਖਾਂ ਨੂੰ ਹੀ ਮਿਲਦਾ ਹੈ ਜਿਨ੍ਹਾਂ ਦੇ ਹਿਰਦੇ ਵਿਚ ਮੁੱਢ ਤੋਂ (ਕੀਤੇ ਕਰਮਾਂ ਦੇ ਅਨੁਸਾਰ) (ਸੰਸਕਾਰ-ਰੂਪ ਲੇਖ) ਉੱਕਰ ਕੇ ਪ੍ਰਭੂ ਨੇ ਰੱਖ ਦਿੱਤਾ ਹੈ।੧।

ਮਃ ੩ ॥ ਘਰ ਹੀ ਮਹਿ ਅੰਮ੍ਰਿਤੁ ਭਰਪੂਰੁ ਹੈ ਮਨਮੁਖਾ ਸਾਦੁ ਨ ਪਾਇਆ ॥ ਜਿਉ ਕਸਤੂਰੀ ਮਿਰਗੁ ਨ ਜਾਣੈ ਭ੍ਰਮਦਾ ਭਰਮਿ ਭੁਲਾਇਆ ॥ ਅੰਮ੍ਰਿਤੁ ਤਜਿ ਬਿਖੁ ਸੰਗ੍ਰਹੈ ਕਰਤੈ ਆਪਿ ਖੁਆਇਆ ॥ {ਪੰਨਾ 644}

ਅਰਥ: (ਨਾਮ-ਰੂਪਅੰਮ੍ਰਿਤ (ਹਰੇਕ ਜੀਵ ਦੇ ਹਿਰਦੇ-ਰੂਪ) ਘਰ ਵਿਚ ਹੀ ਭਰਿਆ ਹੋਇਆ ਹੈ, (ਪਰ) ਮਨਮੁਖਾਂ ਨੂੰ (ਉਸ ਦਾਸੁਆਦ ਨਹੀਂ ਆਉਂਦਾ। ਜਿਵੇਂ ਹਰਨ (ਆਪਣੀ ਨਾਭੀ ਵਿਚ) ਕਸਤੂਰੀ ਨਹੀਂ ਸਮਝਦਾ ਤੇ ਭਰਮ ਵਿਚ ਭੁਲਾਇਆ ਹੋਇਆ ਭਟਕਦਾ ਹੈ, ਤਿਵੇਂ ਮਨਮੁਖ ਨਾਮ-ਅੰਮ੍ਰਿਤ ਨੂੰ ਛੱਡ ਕੇ ਵਿਹੁ ਨੂੰ ਇਕੱਠਾ ਕਰਦਾ ਹੈ, (ਪਰ ਉਸ ਦੇ ਭੀ ਕੀਹ ਵੱਸ?) ਕਰਤਾਰ ਨੇ (ਉਸ ਦੇ ਪਿਛਲੇ ਕੀਤੇ ਅਨੁਸਾਰ) ਉਸ ਨੂੰ ਆਪ ਖੁੰਝਾਇਆ ਹੋਇਆ ਹੈ।

ਗੁਰਮੁਖਿ ਵਿਰਲੇ ਸੋਝੀ ਪਈ ਤਿਨਾ ਅੰਦਰਿ ਬ੍ਰਹਮੁ ਦਿਖਾਇਆ ॥ ਤਨੁ ਮਨੁ ਸੀਤਲੁ ਹੋਇਆ ਰਸਨਾ ਹਰਿ ਸਾਦੁ ਆਇਆ ॥ {ਪੰਨਾ 644}

ਅਰਥ: ਵਿਰਲੇ ਗੁਰਮੁਖਾਂ ਨੂੰ ਸਮਝ ਪੈਂਦੀ ਹੈ, ਉਹਨਾਂ ਨੂੰ ਹਿਰਦੇ ਵਿਚ ਹੀ (ਪਰਮਾਤਮਾ ਦਿੱਸ ਪੈਂਦਾ ਹੈਉਹਨਾਂ ਦਾ ਮਨ ਤੇ ਸਰੀਰ ਠੰਢੇ-ਠਾਰ ਹੋ ਜਾਂਦੇ ਹਨ ਤੇ ਜੀਭ ਨਾਲ (ਜਪ ਕੇ) ਉਹਨਾਂ ਨੂੰ ਨਾਮ ਦਾ ਸੁਆਦ ਆ ਜਾਂਦਾ ਹੈ।

ਸਬਦੇ ਹੀ ਨਾਉ ਊਪਜੈ ਸਬਦੇ ਮੇਲਿ ਮਿਲਾਇਆ ॥ ਬਿਨੁ ਸਬਦੈ ਸਭੁ ਜਗੁ ਬਉਰਾਨਾ ਬਿਰਥਾ ਜਨਮੁ ਗਵਾਇਆ ॥ {ਪੰਨਾ 644}

ਅਰਥ: ਸਤਿਗੁਰੂ ਦੇ ਸ਼ਬਦ ਨਾਲ ਹੀ ਨਾਮ (ਦਾ ਅੰਗੂਰ ਹਿਰਦੇ ਵਿਚ) ਉੱਗਦਾ ਹੈ ਤੇ ਸ਼ਬਦ ਦੀ ਰਾਹੀਂ ਹੀ ਹਰੀ ਨਾਲ ਮੇਲ ਹੁੰਦਾ ਹੈਸ਼ਬਦ ਤੋਂ ਬਿਨਾ ਸਾਰਾ ਸੰਸਾਰ ਪਾਗਲ ਹੋਇਆ ਪਿਆ ਹੈ ਤੇ ਮਨੁੱਖਾ ਜਨਮ ਵਿਅਰਥ ਗਵਾਉਂਦਾ ਹੈ।

ਅੰਮ੍ਰਿਤੁ ਏਕੋ ਸਬਦੁ ਹੈ ਨਾਨਕ ਗੁਰਮੁਖਿ ਪਾਇਆ ॥੨॥ {ਪੰਨਾ 644}

ਅਰਥ: ਹੇ ਨਾਨਕ! ਗੁਰੂ ਦਾ ਇਕ ਸ਼ਬਦ ਹੀ ਆਤਮਕ ਜੀਵਨ ਦੇਣ ਵਾਲਾ ਜਲ ਹੈ ਜੋ ਸਤਿਗੁਰੂ ਦੇ ਸਨਮੁਖ ਮਨੁੱਖ ਨੂੰ ਮਿਲਦਾ ਹੈ।੨।

ਪਉੜੀ ॥ ਸੋ ਹਰਿ ਪੁਰਖੁ ਅਗੰਮੁ ਹੈ ਕਹੁ ਕਿਤੁ ਬਿਧਿ ਪਾਈਐ ॥ ਤਿਸੁ ਰੂਪੁ ਨ ਰੇਖ ਅਦ੍ਰਿਸਟੁ ਕਹੁ ਜਨ ਕਿਉ ਧਿਆਈਐ ॥ ਨਿਰੰਕਾਰੁ ਨਿਰੰਜਨੁ ਹਰਿ ਅਗਮੁ ਕਿਆ ਕਹਿ ਗੁਣ ਗਾਈਐ ॥ {ਪੰਨਾ 644}

ਅਰਥ: ਹੇ ਭਾਈ! ਦੱਸ ਉਹ ਹਰੀ, ਜੋ ਅਗੰਮ ਪੁਰਖ ਹੈ, ਕਿਸ ਤਰ੍ਹਾਂ ਮਿਲ ਸਕਦਾ ਹੈਉਸ ਦਾ ਕੋਈ ਰੂਪ ਨਹੀਂ, ਕੋਈ ਰੇਖ ਨਹੀਂ, ਦਿੱਸਦਾ ਭੀ ਨਹੀਂ, ਉਸ ਨੂੰ ਕਿਵੇਂ ਸਿਮਰੀਏਸ਼ਕਲ ਤੋਂ ਬਿਨਾ ਹੈ, ਮਾਇਆ ਤੋਂ ਰਹਿਤ ਹੈ, ਪਹੁੰਚ ਤੋਂ ਪਰੇ ਹੈ, ਸੋ, ਕੀਹ ਆਖ ਕੇ ਉਸ ਦੀ ਸਿਫ਼ਤਿ-ਸਾਲਾਹ ਕਰੀਏ?

ਜਿਸੁ ਆਪਿ ਬੁਝਾਏ ਆਪਿ ਸੁ ਹਰਿ ਮਾਰਗਿ ਪਾਈਐ ॥ ਗੁਰਿ ਪੂਰੈ ਵੇਖਾਲਿਆ ਗੁਰ ਸੇਵਾ ਪਾਈਐ ॥੪॥ {ਪੰਨਾ 644}

ਅਰਥ: ਜਿਸ ਮਨੁੱਖ ਨੂੰ ਆਪ ਪ੍ਰਭੂ ਸਮਝ ਦੇਂਦਾ ਹੈ ਉਹ ਪ੍ਰਭੂ ਦੇ ਰਾਹ ਤੇ ਤੁਰਦਾ ਹੈਪੂਰੇ ਗੁਰੂ ਨੇ ਹੀ ਉਸ ਦਾ ਦੀਦਾਰ ਕਰਾਇਆ ਹੈ, ਗੁਰੂ ਦੀ ਦੱਸੀ ਕਾਰ ਕੀਤਿਆਂ ਹੀ ਉਹ ਮਿਲਦਾ ਹੈ।੪।

*┈┉┅━❀꧁ੴ꧂❀━┅┉┈*

||ਅੱਜ ਦਾ ਫੁਰਮਾਨ|| ਗੁਰਦੁਆਰਾ ਸ੍ਰੀ ਭੱਠਾ ਸਾਹਿਬ ਪਾਤਸ਼ਾਹੀ ੧੦ਵੀਂ (ਰੋਪੜ) ||

ਸੂਹੀ ਮਹਲਾ ੧ ਕਾਫੀ ਘਰੁ ੧੦    ੴ ਸਤਿਗੁਰ ਪ੍ਰਸਾਦਿ ॥ ਮਾਣਸ ਜਨਮੁ ਦੁਲੰਭੁ ਗੁਰਮੁਖਿ ਪਾਇਆ ॥ ਮਨੁ ਤਨੁ ਹੋਇ ਚੁਲੰਭੁ ਜੇ ਸਤਿਗੁਰ ਭਾਇਆ ॥੧॥ ਚਲੈ ਜਨਮੁ ਸਵਾਰਿ ਵਖਰੁ ਸਚੁ ਲੈ ॥ ਪਤਿ ਪਾਏ ਦਰਬਾਰਿ ਸਤਿਗੁਰ ਸਬਦਿ ਭੈ ॥੧॥ ਰਹਾਉ ॥ਮਨਿ ਤਨਿ ਸਚੁ ਸਲਾਹਿ ਸਾਚੇ ਮਨਿ ਭਾਇਆ ॥ ਲਾਲਿ ਰਤਾ ਮਨੁ ਮਾਨਿਆ ਗੁਰੁ ਪੂਰਾ ਪਾਇਆ ॥੨॥ ਹਉ ਜੀਵਾ ਗੁਣ ਸਾਰਿ ਅੰਤਰਿ ਤੂ ਵਸੈ ॥ ਤੂੰ ਵਸਹਿ ਮਨ ਮਾਹਿ ਸਹਜੇ ਰਸਿ ਰਸੈ ॥੩॥ ਮੂਰਖ ਮਨ ਸਮਝਾਇ ਆਖਉ ਕੇਤੜਾ ॥ ਗੁਰਮੁਖਿ ਹਰਿ ਗੁਣ ਗਾਇ ਰੰਗਿ ਰੰਗੇਤੜਾ ॥੪॥ ਨਿਤ ਨਿਤ ਰਿਦੈ ਸਮਾਲਿ ਪ੍ਰੀਤਮੁ ਆਪਣਾ ॥ ਜੇ ਚਲਹਿ ਗੁਣ ਨਾਲਿ ਨਾਹੀ ਦੁਖੁ ਸੰਤਾਪਣਾ ॥੫॥ ਮਨਮੁਖ ਭਰਮਿ ਭੁਲਾਣਾ ਨਾ ਤਿਸੁ ਰੰਗੁ ਹੈ ॥ ਮਰਸੀ ਹੋਇ ਵਿਡਾਣਾ ਮਨਿ ਤਨਿ ਭੰਗੁ ਹੈ ॥੬॥ ਗੁਰ ਕੀ ਕਾਰ ਕਮਾਇ ਲਾਹਾ ਘਰਿ ਆਣਿਆ ॥ ਗੁਰਬਾਣੀ ਨਿਰਬਾਣੁ ਸਬਦਿ ਪਛਾਣਿਆ ॥੭॥ ਇਕ ਨਾਨਕ ਕੀ ਅਰਦਾਸਿ ਜੇ ਤੁਧੁ ਭਾਵਸੀ ॥ ਮੈ ਦੀਜੈ ਨਾਮ ਨਿਵਾਸੁ ਹਰਿ ਗੁਣ ਗਾਵਸੀ ॥੮॥੧॥੩॥ {ਪੰਨਾ 751-752}

ਅਰਥ: ਜੇਹੜਾ ਮਨੁੱਖ ਸਤਿਗੁਰੂ ਦੇ ਸ਼ਬਦ ਦੀ ਰਾਹੀਂ (ਪਰਮਾਤਮਾ ਦੇ) ਡਰ ਅਦਬ ਵਿਚ (ਰਹਿ ਕੇ) ਸਦਾ-ਥਿਰ ਪ੍ਰਭੂ ਦਾ ਨਾਮ-ਸੌਦਾ ਵਿਹਾਝਦਾ ਹੈ ਤੇ ਆਪਣਾ ਜੀਵਨ ਸੋਹਣਾ ਬਣਾ ਕੇ (ਇਥੋਂ) ਤੁਰਦਾ ਹੈ ਉਹ (ਪਰਮਾਤਮਾ ਦੀ) ਦਰਗਾਹ ਵਿਚ ਇੱਜ਼ਤ ਹਾਸਲ ਕਰਦਾ ਹੈ।੧।ਰਹਾਉ।

(ਚੌਰਾਸੀ ਲੱਖ ਜੂਨਾਂ ਵਿਚੋਂ) ਮਨੁੱਖਾ ਜਨਮ ਬੜੀ ਮੁਸ਼ਕਲ ਨਾਲ ਮਿਲਦਾ ਹੈ, ਪਰ ਇਸ ਦੀ ਕਦਰ ਉਹੀ ਮਨੁੱਖ ਜਾਣਦਾ ਹੈ ਜੋ ਗੁਰੂ ਦੀ ਸਰਨ ਪਏ। ਜੇ ਸਤਿਗੁਰੂ ਨੂੰ ਚੰਗਾ ਲੱਗੇ (ਭਾਵ, ਜੇ ਗੁਰੂ ਦੀ ਕਿਰਪਾ ਹੋ ਜਾਏ) ਤਾਂ (ਸਰਨ ਪਏ ਉਸ ਮਨੁੱਖ ਦਾ) ਮਨ ਅਤੇ ਸਰੀਰ (ਪ੍ਰਭੂ ਦੇ ਪ੍ਰੇਮ-ਰੰਗ ਨਾਲ) ਗੂੜ੍ਹਾ ਲਾਲ ਹੋ ਜਾਂਦਾ ਹੈ (ਨਾਮ ਦੀ ਬਰਕਤਿ ਨਾਲ ਉਸ ਨੂੰ ਲਾਲੀ ਚੜ੍ਹੀ ਰਹਿੰਦੀ ਹੈ੧।

ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ ਉਹ ਆਪਣੇ ਮਨ ਅਤੇ ਸਰੀਰ ਦੀ ਰਾਹੀਂ ਸਦਾ-ਥਿਰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰ ਕੇ ਸਦਾ-ਥਿਰ ਪ੍ਰਭੂ ਦੇ ਮਨ ਵਿਚ ਪਿਆਰਾ ਲੱਗਣ ਲੱਗ ਪੈਂਦਾ ਹੈ। ਪ੍ਰਭੂ-ਨਾਮ ਦੀ ਲਾਲੀ ਵਿਚ ਮਸਤ ਹੋਇਆ ਉਸ ਦਾ ਮਨ ਉਸ ਲਾਲੀ ਵਿਚ ਗਿੱਝ ਜਾਂਦਾ ਹੈ (ਉਸ ਤੋਂ ਬਿਨਾ ਰਹਿ ਨਹੀਂ ਸਕਦਾ੨।

ਹੇ ਪ੍ਰਭੂ! ਜੇ ਤੂੰ ਮੇਰੇ ਮਨ ਵਿਚ ਵੱਸ ਪਏਂ, ਤਾਂ ਮੇਰਾ ਮਨ ਅਡੋਲ ਅਵਸਥਾ ਵਿਚ ਟਿਕ ਕੇ ਤੇਰੇ ਨਾਮ ਦੇ ਸੁਆਦ ਵਿਚ ਭਿੱਜ ਜਾਏ, ਤੇਰੇ ਗੁਣ ਚੇਤੇ ਕਰ ਕਰ ਕੇ ਮੇਰੇ ਅੰਦਰ ਆਤਮਕ ਜੀਵਨ ਮੌਲ ਪਏ, ਮੇਰੇ ਅੰਦਰ "ਤੂ ਹੀ ਤੂਦੀ ਧੁਨ ਲੱਗ ਪਏ।੩।

ਹੇ ਮੇਰੇ ਮੂਰਖ ਮਨ! ਮੈਂ ਤੈਨੂੰ ਕਿਤਨਾ ਕੁ ਸਮਝਾ ਸਮਝਾ ਕੇ ਦੱਸਾਂ ਕਿ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰ, ਪਰਮਾਤਮਾ ਦੇ ਨਾਮ-ਰੰਗ ਵਿਚ ਰੰਗਿਆ ਜਾ (ਤੇ ਇਸ ਤਰ੍ਹਾਂ ਆਪਣਾ ਜਨਮ ਮਰਨ ਸੋਹਣਾ ਬਣਾ ਲੈ੪।

ਹੇ ਭਾਈ! ਆਪਣੇ ਪ੍ਰੀਤਮ ਪ੍ਰਭੂ ਨੂੰ ਸਦਾ ਆਪਣੇ ਹਿਰਦੇ ਵਿਚ ਸਾਂਭ ਕੇ ਰੱਖ। ਜੇ ਤੂੰ (ਪ੍ਰਭੂ ਦੀ ਭਗਤੀ ਵਾਲੇ ਚੰਗੇ) ਗੁਣ ਨਾਲ ਲੈ ਕੇ (ਜੀਵਨ ਸਫ਼ਰ ਵਿਚ) ਤੁਰੇਂ ਤਾਂ ਕੋਈ ਦੁੱਖ ਕਲੇਸ਼ ਤੈਨੂੰ ਪੋਹ ਨਹੀਂ ਸਕੇਗਾ।੫।

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦਾ ਮਨ ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ, ਉਸ ਨੂੰ ਪਰਮਾਤਮਾ ਦੇ ਨਾਮ ਦੀ ਲਾਲੀ ਨਹੀਂ ਚੜ੍ਹਦੀ। ਉਹ ਨਿਖਸਮਾ ਹੋ ਕੇ ਆਤਮਕ ਮੌਤ ਸਹੇੜਦਾ ਹੈ, ਉਸ ਦੇ ਮਨ ਵਿਚ ਉਸ ਦੇ ਸਰੀਰ ਵਿਚ (ਪਰਮਾਤਮਾ ਨਾਲੋਂ) ਵਿਛੋੜਾ ਬਣਿਆ ਰਹਿੰਦਾ ਹੈ।੬।

ਜਿਸ ਮਨੁੱਖ ਨੇ ਗੁਰੂ ਦੀ ਦੱਸੀ ਕਾਰ (ਭਗਤੀ) ਕਰ ਕੇ (ਭਗਤੀ ਦਾਲਾਭ ਆਪਣੇ ਹਿਰਦੇ-ਘਰ ਵਿਚ ਲੈ ਆਂਦਾ ਉਸ ਨੇ ਗੁਰੂ ਦੀ ਬਾਣੀ ਦੀ ਬਰਕਤਿ ਨਾਲ ਗੁਰੂ ਦੇ ਸ਼ਬਦ ਵਿਚ ਜੁੜ ਕੇ ਵਾਸਨਾ-ਰਹਿਤ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲਈ।੭।

ਹੇ ਪ੍ਰਭੂ! ਮੇਰੀ ਨਾਨਕ ਦੀ ਅਰਦਾਸ ਭੀ ਇਹੀ ਹੈ ਜੇ ਤੈਨੂੰ ਇਹ ਪਸੰਦ ਆ ਜਾਏ ਤਾਂ ਮੇਰੇ ਹਿਰਦੇ ਵਿਚ ਆਪਣੇ ਨਾਮ ਦਾ ਨਿਵਾਸ ਕਰ ਦੇਹ ਤਾ ਕਿ ਮੈਂ ਤੇਰੇ ਗੁਣ ਗਾਂਦਾ ਰਹਾਂ।੮।੧।੩।

*┈┉┅━❀꧁ੴ꧂❀━┅┉┈*

||ਅੱਜ ਦਾ ਫੁਰਮਾਨ|| ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ||

ਧਨਾਸਰੀ ਮਹਲਾ ੫ ॥ ਤੁਮ ਦਾਤੇ ਠਾਕੁਰ ਪ੍ਰਤਿਪਾਲਕ ਨਾਇਕ ਖਸਮ ਹਮਾਰੇ ॥ ਨਿਮਖ ਨਿਮਖ ਤੁਮ ਹੀ ਪ੍ਰਤਿਪਾਲਹੁ ਹਮ ਬਾਰਿਕ ਤੁਮਰੇ ਧਾਰੇ ॥੧॥ ਜਿਹਵਾ ਏਕ ਕਵਨ ਗੁਨ ਕਹੀਐ ॥ ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤੁ ਨ ਕਿਨ ਹੀ ਲਹੀਐ ॥੧॥ ਰਹਾਉ ॥ ਕੋਟਿ ਪਰਾਧ ਹਮਾਰੇ ਖੰਡਹੁ ਅਨਿਕ ਬਿਧੀ ਸਮਝਾਵਹੁ ॥ ਹਮ ਅਗਿਆਨ ਅਲਪ ਮਤਿ ਥੋਰੀ ਤੁਮ ਆਪਨ ਬਿਰਦੁ ਰਖਾਵਹੁ ॥੨॥ ਤੁਮਰੀ ਸਰਣਿ ਤੁਮਾਰੀ ਆਸਾ ਤੁਮ ਹੀ ਸਜਨ ਸੁਹੇਲੇ ॥ ਰਾਖਹੁ ਰਾਖਨਹਾਰ ਦਇਆਲਾ ਨਾਨਕ ਘਰ ਕੇ ਗੋਲੇ ॥੩॥੧੨॥ {ਪੰਨਾ 674}

ਅਰਥ: ਹੇ ਅਣਗਿਣਤ ਗੁਣਾਂ ਦੇ ਮਾਲਕ! ਹੇ ਬੇਅੰਤ ਮਾਲਕ-ਪ੍ਰਭੂ! ਕਿਸੇ ਭੀ ਪਾਸੋਂ ਤੇਰੇ ਗੁਣਾਂ ਦਾ ਅੰਤ ਨਹੀਂ ਲੱਭਿਆ ਜਾ ਸਕਿਆ। (ਮਨੁੱਖ ਦੀ) ਇਕ ਜੀਭ ਨਾਲ ਤੇਰਾ ਕੇਹੜਾ ਕੇਹੜਾ ਗੁਣ ਦੱਸਿਆ ਜਾਏ?੧।ਰਹਾਉ।

ਹੇ ਪ੍ਰਭੂ! ਤੂੰ ਸਭ ਦਾਤਾਂ ਦੇਣ ਵਾਲਾ ਹੈਂ, ਤੂੰ ਮਾਲਕ ਹੈਂ, ਤੂੰ ਸਭਨਾਂ ਨੂੰ ਪਾਲਣ ਵਾਲਾ ਹੈਂ, ਤੂੰ ਸਾਡਾ ਆਗੂ ਹੈਂ (ਜੀਵਨ-ਅਗਵਾਈ ਦੇਣ ਵਾਲਾ ਹੈਂ) , ਤੂੰ ਸਾਡਾ ਖਸਮ ਹੈਂ। ਹੇ ਪ੍ਰਭੂ! ਤੂੰ ਹੀ ਇਕ ਇਕ ਛਿਨ ਸਾਡੀ ਪਾਲਣਾ ਕਰਦਾ ਹੈਂ, ਅਸੀ (ਤੇਰੇ) ਬੱਚੇ ਤੇਰੇ ਆਸਰੇ (ਜੀਊਂਦੇ) ਹਾਂ।੧।

ਹੇ ਪ੍ਰਭੂ! ਤੂੰ ਸਾਡੇ ਕ੍ਰੋੜਾਂ ਅਪਰਾਧ ਨਾਸ ਕਰਦਾ ਹੈਂ, ਤੂੰ ਸਾਨੂੰ ਅਨੇਕਾਂ ਤਰੀਕਿਆਂ ਨਾਲ (ਜੀਵਨ-ਜੁਗਤਿ) ਸਮਝਾਂਦਾ ਹੈਂ। ਅਸੀ ਜੀਵ ਆਤਮਕ ਜੀਵਨ ਦੀ ਸੂਝ ਤੋਂ ਸੱਖਣੇ ਹਾਂ, ਸਾਡੀ ਅਕਲ ਥੋੜੀ ਹੈ ਹੋਛੀ ਹੈ। (ਫਿਰ ਭੀ) ਤੂੰ ਆਪਣਾ ਮੁੱਢ-ਕਦੀਮਾਂ ਦਾ ਪਿਆਰ ਵਾਲਾ ਸੁਭਾਉ ਕਾਇਮ ਰੱਖਦਾ ਹੈਂ।੨।

ਹੇ ਨਾਨਕ! ਆਖ-) ਹੇ ਪ੍ਰਭੂ! ਅਸੀ ਤੇਰੇ ਹੀ ਆਸਰੇ-ਪਰਨੇ ਹਾਂ, ਸਾਨੂੰ ਤੇਰੀ ਹੀ (ਸਹਾਇਤਾ ਦੀ) ਆਸ ਹੈ, ਤੂੰ ਹੀ ਸਾਡਾ ਸੱਜਣ ਹੈਂ, ਤੂੰ ਹੀ ਸਾਨੂੰ ਸੁਖ ਦੇਣ ਵਾਲਾ ਹੈਂ। ਹੇ ਦਇਆਵਾਨ! ਹੇ ਸਭ ਦੀ ਰੱਖਿਆ ਕਰਨ-ਜੋਗੇ! ਸਾਡੀ ਰੱਖਿਆ ਕਰ, ਅਸੀ ਤੇਰੇ ਘਰ ਦੇ ਗ਼ੁਲਾਮ ਹਾਂ।੩।੧੨।

*┈┉┅━❀꧁ੴ꧂❀━┅┉┈*

||ਅੱਜ ਦਾ ਫੁਰਮਾਨ|| ਗੁਰੂਦਵਾਰਾ ਸ਼੍ਰੀ ਕਤਲਗੜ ਸਾਹਿਬ ਸ਼੍ਰੀ ਚਮਕੌਰ ਸਾਹਿਬ ।।


*┈┉┅━❀꧁ੴ꧂❀━┅┉┈*

||ਅੱਜ ਦਾ ਫੁਰਮਾਨ|| ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ ਪਾਤਸ਼ਾਹੀ ੯ਵੀਂ (ਪਟਿਆਲਾ) ||

ਧਨਾਸਰੀ ਮਹਲਾ ੫ ॥ ਅਉਖੀ ਘੜੀ ਨ ਦੇਖਣ ਦੇਈ ਅਪਨਾ ਬਿਰਦੁ ਸਮਾਲੇ ॥ ਹਾਥ ਦੇਇ ਰਾਖੈ ਅਪਨੇ ਕਉ ਸਾਸਿ ਸਾਸਿ ਪ੍ਰਤਿਪਾਲੇ ॥੧॥ ਪ੍ਰਭ ਸਿਉ ਲਾਗਿ ਰਹਿਓ ਮੇਰਾ ਚੀਤੁ ॥ ਆਦਿ ਅੰਤਿ ਪ੍ਰਭੁ ਸਦਾ ਸਹਾਈ ਧੰਨੁ ਹਮਾਰਾ ਮੀਤੁ ॥ ਰਹਾਉ ॥ ਮਨਿ ਬਿਲਾਸ ਭਏ ਸਾਹਿਬ ਕੇ ਅਚਰਜ ਦੇਖਿ ਬਡਾਈ ॥ ਹਰਿ ਸਿਮਰਿ ਸਿਮਰਿ ਆਨਦ ਕਰਿ ਨਾਨਕ ਪ੍ਰਭਿ ਪੂਰਨ ਪੈਜ ਰਖਾਈ ॥੨॥੧੫॥੪੬॥ {ਪੰਨਾ 682}

ਅਰਥ: ਹੇ ਭਾਈ! ਮੇਰਾ ਮਨ (ਭੀ) ਉਸ ਪ੍ਰਭੂ ਨਾਲ ਜੁੜਿਆ ਰਹਿੰਦਾ ਹੈ, ਜੋ ਸ਼ੁਰੂ ਤੋਂ ਅਖ਼ੀਰ ਤਕ ਸਦਾ ਹੀ ਮਦਦਗਾਰ ਬਣਿਆ ਰਹਿੰਦਾ ਹੈ। ਸਾਡਾ ਉਹ ਮਿੱਤਰ ਪ੍ਰਭੂ ਧੰਨ ਹੈ (ਉਸ ਦੀ ਸਦਾ ਸਿਫ਼ਤਿ ਕਰਨੀ ਚਾਹੀਦੀ ਹੈਰਹਾਉ।

ਹੇ ਭਾਈ! ਉਹ ਪ੍ਰਭੂ ਆਪਣੇ ਸੇਵਕ ਨੂੰ) ਕੋਈ ਦੁੱਖ ਦੇਣ ਵਾਲਾ ਸਮਾ ਨਹੀਂ ਵੇਖਣ ਦੇਂਦਾ, ਉਹ ਆਪਣਾ ਮੁੱਢ-ਕਦੀਮਾਂ ਦਾ (ਪਿਆਰ ਵਾਲਾ) ਸੁਭਾਉ ਸਦਾ ਚੇਤੇ ਰੱਖਦਾ ਹੈ। ਪ੍ਰਭੂ ਆਪਣਾ ਹੱਥ ਦੇ ਕੇ ਆਪਣੇ ਸੇਵਕ ਦੀ ਰਾਖੀ ਕਰਦਾ ਹੈ, (ਸੇਵਕ ਨੂੰ ਉਸ ਦੇ) ਹਰੇਕ ਸਾਹ ਦੇ ਨਾਲ ਪਾਲਦਾ ਰਹਿੰਦਾ ਹੈ।੧।

ਹੇ ਭਾਈ! ਮਾਲਕ-ਪ੍ਰਭੂ ਦੇ ਹੈਰਾਨ ਕਰਨ ਵਾਲੇ ਕੌਤਕ ਵੇਖ ਕੇ, ਉਸ ਦੀ ਵਡਿਆਈ ਵੇਖ ਕੇ, (ਸੇਵਕ ਦੇ) ਮਨ ਵਿਚ (ਭੀ) ਖ਼ੁਸ਼ੀਆਂ ਬਣੀਆਂ ਰਹਿੰਦੀਆਂ ਹਨ। ਹੇ ਨਾਨਕ! ਤੂੰ ਭੀ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਆਤਮਕ ਆਨੰਦ ਮਾਣ। (ਜਿਸ ਭੀ ਮਨੁੱਖ ਨੇ ਸਿਮਰਨ ਕੀਤਾ) ਪ੍ਰਭੂ ਨੇ ਪੂਰੇ ਤੌਰ ਤੇ ਉਸ ਦੀ ਇੱਜ਼ਤ ਰੱਖ ਲਈ।੨।੧੫।੪੬।

*┈┉┅━❀꧁ੴ꧂❀━┅┉┈*

||ਅੱਜ ਦਾ ਫੁਰਮਾਨ|| ਗੁਰਦੁਆਰਾ ਸ੍ਰੀ ਪੰੰਜੋਖਰਾ ਸਾਹਿਬ ਪਾਤਸ਼ਾਹੀ: ਅੱੱਠਵੀਂ (ਅੰਬਾਲਾ)

ਸੂਹੀ ਮਹਲਾ ੫ ॥ ਦਰਸਨੁ ਦੇਖਿ ਜੀਵਾ ਗੁਰ ਤੇਰਾ ॥ ਪੂਰਨ ਕਰਮੁ ਹੋਇ ਪ੍ਰਭ ਮੇਰਾ ॥੧॥ ਇਹ ਬੇਨੰਤੀ ਸੁਣਿ ਪ੍ਰਭ ਮੇਰੇ ॥ ਦੇਹਿ ਨਾਮੁ ਕਰਿ ਅਪਣੇ ਚੇਰੇ ॥੧॥ ਰਹਾਉ ॥ ਅਪਣੀ ਸਰਣਿ ਰਾਖੁ ਪ੍ਰਭ ਦਾਤੇ ॥ ਗੁਰ ਪ੍ਰਸਾਦਿ ਕਿਨੈ ਵਿਰਲੈ ਜਾਤੇ ॥੨॥ ਸੁਨਹੁ ਬਿਨਉ ਪ੍ਰਭ ਮੇਰੇ ਮੀਤਾ ॥ ਚਰਣ ਕਮਲ ਵਸਹਿ ਮੇਰੈ ਚੀਤਾ ॥੩॥ ਨਾਨਕੁ ਏਕ ਕਰੈ ਅਰਦਾਸਿ ॥ ਵਿਸਰੁ ਨਾਹੀ ਪੂਰਨ ਗੁਣਤਾਸਿ ॥੪॥੧੮॥੨੪॥ {ਪੰਨਾ 742}

ਅਰਥ: ਹੇ ਮੇਰੇ ਪ੍ਰਭੂ (ਮੇਰੀ) ਇਹ ਅਰਜ਼ੋਈ ਸੁਣ, (ਗੁਰੂ ਦੀ ਰਾਹੀਂ) ਮੈਨੂੰ ਆਪਣਾ ਸੇਵਕ ਬਣਾ ਕੇ (ਆਪਣਾ) ਨਾਮ ਬਖ਼ਸ਼।੧।ਰਹਾਉ।

ਹੇ ਗੁਰੂ! ਤੇਰਾ ਦਰਸਨ ਕਰ ਕੇ ਮੈਨੂੰ ਆਤਮਕ ਜੀਵਨ ਮਿਲ ਜਾਂਦਾ ਹੈ। ਹੇ ਮੇਰੇ ਪ੍ਰਭੂ! ਤੇਰੀ ਪੂਰਨ ਬਖ਼ਸ਼ਸ਼ ਹੋਏ (ਤੇਮੈਨੂੰ ਗੁਰੂ ਮਿਲ ਜਾਵੇ੧।

ਹੇ ਸਭ ਦਾਤਾਂ ਦੇਣ ਵਾਲੇ ਪ੍ਰਭੂ! ਮੈਨੂੰ ਆਪਣੀ ਸਰਨ ਵਿਚ ਰੱਖ। ਹੇ ਪ੍ਰਭੂ! ਗੁਰੂ ਦੀ ਕਿਰਪਾ ਨਾਲ ਕਿਸੇ ਵਿਰਲੇ ਮਨੁੱਖ ਨੇ ਤੇਰੇ ਨਾਲ ਡੂੰਘੀ ਸਾਂਝ ਪਾਈ ਹੈ।੨।

ਹੇ ਮੇਰੇ ਮਿੱਤਰ ਪ੍ਰਭੂ! ਮੇਰੀ ਅਰਜ਼ੋਈ ਸੁਣ (ਮੇਹਰ ਕਰ ਤੇਰੇ) ਸੋਹਣੇ ਚਰਨ ਮੇਰੇ ਚਿੱਤ ਵਿਚ ਵੱਸ ਪੈਣ।੩।

ਹੇ ਪੂਰਨ ਪ੍ਰਭੂ! ਸਭ ਗੁਣਾਂ ਦੇ ਖ਼ਜ਼ਾਨੇ ਪ੍ਰਭੂ! ਤੇਰਾ ਸੇਵਕ) ਨਾਨਕ (ਤੇਰੇ ਦਰ ਤੇ) ਇਕ ਅਰਜ਼ ਕਰਦਾ ਹੈ (ਕਿਰਪਾ ਕਰ, ਮੈਨੂੰ ਨਾਨਕ ਨੂੰ ਕਦੇਨਾਹ ਭੁੱਲ।੪।੧੮।੨੪।

*┈┉┅━❀꧁ੴ꧂❀━┅┉┈*

||ਅੱਜ ਦਾ ਫੁਰਮਾਨ|| ਗੁਰਦੁਆਰਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ, ਸ਼ਹੀਦ ਗੰਜ ਸਾਹਿਬ, ਅੰਮ੍ਰਿਤਸਰ ||

ਬਿਲਾਵਲੁ ਮਹਲਾ ੫ ॥ ਗੁਰਿ ਪੂਰੈ ਮੇਰੀ ਰਾਖਿ ਲਈ ॥ ਅੰਮ੍ਰਿਤ ਨਾਮੁ ਰਿਦੇ ਮਹਿ ਦੀਨੋ ਜਨਮ ਜਨਮ ਕੀ ਮੈਲੁ ਗਈ ॥੧॥ ਰਹਾਉ ॥ਨਿਵਰੇ ਦੂਤ ਦੁਸਟ ਬੈਰਾਈ ਗੁਰ ਪੂਰੇ ਕਾ ਜਪਿਆ ਜਾਪੁ ॥ ਕਹਾ ਕਰੈ ਕੋਈ ਬੇਚਾਰਾ ਪ੍ਰਭ ਮੇਰੇ ਕਾ ਬਡ ਪਰਤਾਪੁ ॥੧॥ ਸਿਮਰਿ ਸਿਮਰਿ ਸਿਮਰਿ ਸੁਖੁ ਪਾਇਆ ਚਰਨ ਕਮਲ ਰਖੁ ਮਨ ਮਾਹੀ ॥ ਤਾ ਕੀ ਸਰਨਿ ਪਰਿਓ ਨਾਨਕ ਦਾਸੁ ਜਾ ਤੇ ਊਪਰਿ ਕੋ ਨਾਹੀ ॥੨॥੧੨॥੯੮॥ {ਪੰਨਾ 823-824}

ਅਰਥ: (ਹੇ ਭਾਈ! ਵਿਕਾਰਾਂ ਦੇ ਟਾਕਰੇ ਤੇ) ਪੂਰੇ ਗੁਰੂ ਨੇ ਮੇਰੀ ਇੱਜ਼ਤ ਰੱਖ ਲਈ ਹੈ। ਗੁਰੂ ਨੇ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਮੇਰੇ ਹਿਰਦੇ ਵਿਚ ਵਸਾ ਦਿੱਤਾ ਹੈ, (ਉਸ ਨਾਮ ਦੀ ਬਰਕਤਿ ਨਾਲ) ਅਨੇਕਾਂ ਜਨਮਾਂ ਦੇ ਕੀਤੇ ਕਰਮਾਂ ਦੀ ਮੈਲ ਮੇਰੇ ਮਨ ਵਿਚੋਂ ਦੂਰ ਹੋ ਗਈ ਹੈ।੧।ਰਹਾਉ।

ਹੇ ਭਾਈ! ਪੂਰੇ ਗੁਰੂ ਦਾ ਦੱਸਿਆ ਹੋਇਆ ਹਰਿ-ਨਾਮ ਦਾ ਜਾਪ ਜਦੋਂ ਤੋਂ ਮੈਂ ਜਪਣਾ ਸ਼ੁਰੂ ਕੀਤਾ ਹੈ, (ਕਾਮਾਦਿਕ) ਸਾਰੇ ਵੈਰੀ ਦੁਰਜਨ ਨੱਸ ਗਏ ਹਨ। ਮੇਰੇ ਪ੍ਰਭੂ ਦੀ ਬੜੀ ਤਾਕਤ ਹੈਹੁਣ (ਇਹਨਾਂ ਵਿਚੋਂ) ਕੋਈ ਭੀ ਮੇਰਾ ਕੁਝ ਵਿਗਾੜ ਨਹੀਂ ਸਕਦਾ।੧।

(ਹੇ ਭਾਈ! ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੇ ਸੋਹਣੇ ਚਰਨ) ਮੇਰੇ ਮਨ ਵਿਚ ਆਸਰਾ ਬਣ ਗਏ ਹਨਉਸ ਦਾ ਨਾਮ (ਹਰ ਵੇਲੇ) ਸਿਮਰ ਸਿਮਰ ਕੇ ਮੈਂ ਆਤਮਕ ਆਨੰਦ ਪ੍ਰਾਪਤ ਕੀਤਾ ਹੈ। ਹੇ ਭਾਈ! ਪ੍ਰਭੂ ਦਾ) ਦਾਸ ਨਾਨਕ ਉਸ (ਪ੍ਰਭੂ) ਦੀ ਸਰਨ ਪੈ ਗਿਆ ਹੈ ਜਿਸ ਤੋਂ ਵੱਡਾ ਹੋਰ ਕੋਈ ਨਹੀਂ।੨।੧੨।੯੮।

*┈┉┅━❀꧁ੴ꧂❀━┅┉┈*

||ਅੱਜ ਦਾ ਫੁਰਮਾਨ|| ਗੁਰਦੁਆਰਾ ਸ਼੍ਰੀ ਕੰਧ ਸਾਹਿਬ ਬਟਾਲਾ ||

ਸਲੋਕੁ ਮਃ ੩ ॥ ਗੁਰ ਸੇਵਾ ਤੇ ਸੁਖੁ ਊਪਜੈ ਫਿਰਿ ਦੁਖੁ ਨ ਲਗੈ ਆਇ ॥ ਜੰਮਣੁ ਮਰਣਾ ਮਿਟਿ ਗਇਆ ਕਾਲੈ ਕਾ ਕਿਛੁ ਨ ਬਸਾਇ ॥ ਹਰਿ ਸੇਤੀ ਮਨੁ ਰਵਿ ਰਹਿਆ ਸਚੇ ਰਹਿਆ ਸਮਾਇ ॥ {ਪੰਨਾ 651}

ਅਰਥ: ਸਤਿਗੁਰੂ ਦੀ ਸੇਵਾ ਤੋਂ (ਮਨੁੱਖ) ਨੂੰ ਸੁਖ ਪ੍ਰਾਪਤ ਹੁੰਦਾ ਹੈ, ਫਿਰ ਕਦੇ ਕਲੇਸ਼ ਨਹੀਂ ਹੁੰਦਾ, ਉਸ ਦਾ ਜਨਮ ਮਰਨ ਮੁੱਕ ਜਾਂਦਾ ਹੈ ਤੇ ਜਮਕਾਲ ਦਾ ਕੁਝ ਵੱਸ ਨਹੀਂ ਚੱਲਦਾਹਰੀ ਨਾਲ ਉਸ ਦਾ ਮਨ ਮਿਲਿਆ ਰਹਿੰਦਾ ਹੈ ਤੇ ਉਹ ਸੱਚੇ ਵਿਚ ਸਮਾਇਆ ਰਹਿੰਦਾ ਹੈ।

ਨਾਨਕ ਹਉ ਬਲਿਹਾਰੀ ਤਿੰਨ ਕਉ ਜੋ ਚਲਨਿ ਸਤਿਗੁਰ ਭਾਇ ॥੧॥ {ਪੰਨਾ 651}

ਅਰਥ: ਹੇ ਨਾਨਕ! ਮੈਂ ਉਹਨਾਂ ਤੋਂ ਸਦਕੇ ਹਾਂ, ਜੋ ਸਤਿਗੁਰੂ ਦੇ ਪਿਆਰ ਵਿਚ ਤੁਰਦੇ ਹਨ।੧।

ਮਃ ੩ ॥ ਬਿਨੁ ਸਬਦੈ ਸੁਧੁ ਨ ਹੋਵਈ ਜੇ ਅਨੇਕ ਕਰੈ ਸੀਗਾਰ ॥ ਪਿਰ ਕੀ ਸਾਰ ਨ ਜਾਣਈ ਦੂਜੈ ਭਾਇ ਪਿਆਰੁ ॥ ਸਾ ਕੁਸੁਧ ਸਾ ਕੁਲਖਣੀ ਨਾਨਕ ਨਾਰੀ ਵਿਚਿ ਕੁਨਾਰਿ ॥੨॥ {ਪੰਨਾ 651-652}

ਅਰਥ: ਸਤਿਗੁਰੂ ਦੇ ਸ਼ਬਦ ਤੋਂ ਬਿਨਾ (ਜੀਵ-ਇਸਤ੍ਰੀ) ਭਾਵੇਂ ਬਿਅੰਤ ਸ਼ਿੰਗਾਰ ਕਰੇ ਸੁੱਧ ਨਹੀਂ ਹੋ ਸਕਦੀ, (ਕਿਉਂਕਿ) ਉਹ ਪਤੀ ਦੀ ਕਦਰ ਨਹੀਂ ਜਾਣਦੀ ਤੇ ਉਸ ਦੀ ਮਾਇਆ ਦੇ ਵਿਚ ਸੁਰਤਿ ਹੁੰਦੀ ਹੈ। ਹੇ ਨਾਨਕ! ਇਹੋ ਜਹੀ ਇਸਤ੍ਰੀ ਮਨੋਂ ਖੋਟੀ ਤੇ ਭੈੜੇ ਲੱਛਣਾਂ ਵਾਲੀ ਹੁੰਦੀ ਹੈ ਤੇ ਨਾਰੀਆਂ ਵਿਚ ਉਹ ਭੈੜੀ ਨਾਰਿ (ਕਹਾਉਂਦੀ ਹੈ੨।

ਪਉੜੀ ॥ ਹਰਿ ਹਰਿ ਅਪਣੀ ਦਇਆ ਕਰਿ ਹਰਿ ਬੋਲੀ ਬੈਣੀ ॥ ਹਰਿ ਨਾਮੁ ਧਿਆਈ ਹਰਿ ਉਚਰਾ ਹਰਿ ਲਾਹਾ ਲੈਣੀ ॥ {ਪੰਨਾ 652}

ਅਰਥ: ਹੇ ਹਰੀ! ਆਪਣੀ ਮੇਹਰ ਕਰ, ਮੈਂ ਤੇਰੀ ਬਾਣੀ (ਭਾਵਤੇਰਾ ਜੱਸ) ਉਚਾਰਾਂ, ਹਰੀ-ਨਾਮ ਸਿਮਰਾਂ, ਹਰੀ-ਨਾਮ ਦਾ ਉਚਾਰਨ ਕਰਾਂ ਤੇ ਇਹੀ ਲਾਭ ਖੱਟਾਂ।

ਜੋ ਜਪਦੇ ਹਰਿ ਹਰਿ ਦਿਨਸੁ ਰਾਤਿ ਤਿਨ ਹਉ ਕੁਰਬੈਣੀ ॥ ਜਿਨਾ ਸਤਿਗੁਰੁ ਮੇਰਾ ਪਿਆਰਾ ਅਰਾਧਿਆ ਤਿਨ ਜਨ ਦੇਖਾ ਨੈਣੀ ॥ {ਪੰਨਾ 652}

ਅਰਥ: ਮੈਂ ਉਹਨਾਂ ਤੋਂ ਕੁਰਬਾਨ ਹਾਂਜੋ ਦਿਨ ਰਾਤ ਹਰੀ-ਨਾਮ ਜਪਦੇ ਹਨ, ਉਹਨਾਂ ਨੂੰ ਮੈਂ ਅੱਖੀਂ ਵੇਖਾਂ ਜੋ ਪਿਆਰੇ ਸਤਿਗੁਰੂ ਦੀ ਸੇਵਾ ਕਰਦੇ ਹਨ।

ਹਉ ਵਾਰਿਆ ਅਪਣੇ ਗੁਰੂ ਕਉ ਜਿਨਿ ਮੇਰਾ ਹਰਿ ਸਜਣੁ ਮੇਲਿਆ ਸੈਣੀ ॥੨੪॥ {ਪੰਨਾ 652}

ਅਰਥ: ਮੈਂ ਆਪਣੇ ਸਤਿਗੁਰੂ ਤੋਂ ਸਦਕੇ ਹਾਂਜਿਸ ਨੇ ਮੈਨੂੰ ਪਿਆਰਾ ਸੱਜਣ ਪ੍ਰਭੂ ਸਾਥੀ ਮਿਲਾ ਦਿੱਤਾ ਹੈ।੨੪।

*┈┉┅━❀꧁ੴ꧂❀━┅┉┈*

||ਅੱਜ ਦਾ ਫੁਰਮਾਨ|| ਗੁਰਦੁਆਰਾ ਸ਼੍ਰੀ ਪਾਉਂਟਾ ਸਾਹਿਬ ਪਾਤਸ਼ਾਹੀ ੧੦ ਵੀਂ (ਹਿਮਾਚਲ ਪ੍ਰਦੇਸ਼)||

ਸੋਰਠਿ ਮਹਲਾ ੫ ਘਰੁ ੨ ਅਸਟਪਦੀਆ    ੴ ਸਤਿਗੁਰ ਪ੍ਰਸਾਦਿ ॥ ਪਾਠੁ ਪੜਿਓ ਅਰੁ ਬੇਦੁ ਬੀਚਾਰਿਓ ਨਿਵਲਿ ਭੁਅੰਗਮ ਸਾਧੇ ॥ ਪੰਚ ਜਨਾ ਸਿਉ ਸੰਗੁ ਨ ਛੁਟਕਿਓ ਅਧਿਕ ਅਹੰਬੁਧਿ ਬਾਧੇ ॥੧॥ ਪਿਆਰੇ ਇਨ ਬਿਧਿ ਮਿਲਣੁ ਨ ਜਾਈ ਮੈ ਕੀਏ ਕਰਮ ਅਨੇਕਾ ॥ ਹਾਰਿ ਪਰਿਓ ਸੁਆਮੀ ਕੈ ਦੁਆਰੈ ਦੀਜੈ ਬੁਧਿ ਬਿਬੇਕਾ ॥ ਰਹਾਉ ॥ ਮੋਨਿ ਭਇਓ ਕਰਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ ॥ ਤਟ ਤੀਰਥ ਸਭ ਧਰਤੀ ਭ੍ਰਮਿਓ ਦੁਬਿਧਾ ਛੁਟਕੈ ਨਾਹੀ ॥੨॥ ਮਨ ਕਾਮਨਾ ਤੀਰਥ ਜਾਇ ਬਸਿਓ ਸਿਰਿ ਕਰਵਤ ਧਰਾਏ ॥ ਮਨ ਕੀ ਮੈਲੁ ਨ ਉਤਰੈ ਇਹ ਬਿਧਿ ਜੇ ਲਖ ਜਤਨ ਕਰਾਏ ॥੩॥ ਕਨਿਕ ਕਾਮਿਨੀ ਹੈਵਰ ਗੈਵਰ ਬਹੁ ਬਿਧਿ ਦਾਨੁ ਦਾਤਾਰਾ ॥ ਅੰਨ ਬਸਤ੍ਰ ਭੂਮਿ ਬਹੁ ਅਰਪੇ ਨਹ ਮਿਲੀਐ ਹਰਿ ਦੁਆਰਾ ॥੪॥ {ਪੰਨਾ 641-642}

ਅਰਥ: ਹੇ ਭਾਈ! ਕੋਈ ਮਨੁੱਖ ਵੇਦ (ਆਦਿਕ ਧਰਮ-ਪੁਸਤਕ ਨੂੰਪੜ੍ਹਦਾ ਹੈ ਅਤੇ ਵਿਚਾਰਦਾ ਹੈ। ਕੋਈ ਮਨੁੱਖ ਨਿਵਲੀਕਰਮ ਕਰਦਾ ਹੈ, ਕੋਈ ਕੁੰਡਲਨੀ ਨਾੜੀ ਰਸਤੇ ਪ੍ਰਾਣ ਚਾੜ੍ਹਦਾ ਹੈ। (ਪਰ ਇਹਨਾਂ ਸਾਧਨਾਂ ਨਾਲ ਕਾਮਾਦਿਕ) ਪੰਜਾਂ ਨਾਲੋਂ ਸਾਥ ਮੁੱਕ ਨਹੀਂ ਸਕਦਾ। (ਸਗੋਂ) ਵਧੀਕ ਅਹੰਕਾਰ ਵਿਚ (ਮਨੁੱਖ) ਬੱਝ ਜਾਂਦੇ ਹਨ।੧।

ਹੇ ਭਾਈ! ਮੇਰੇ ਵੇਖਦਿਆਂ ਲੋਕ ਅਨੇਕਾਂ ਹੀ (ਮਿਥੇ ਹੋਏ ਧਾਰਮਿਕ) ਕਰਮ ਕਰਦੇ ਹਨ, ਪਰ ਇਹਨਾਂ ਤਰੀਕਿਆਂ ਨਾਲ ਪਰਮਾਤਮਾ ਦੇ ਚਰਨਾਂ ਵਿਚ ਜੁੜਿਆ ਨਹੀਂ ਜਾ ਸਕਦਾ। ਹੇ ਭਾਈ! ਮੈਂ ਤਾਂ ਇਹਨਾਂ ਕਰਮਾਂ ਦਾ ਆਸਰਾ ਛੱਡ ਕੇ ਮਾਲਕ-ਪ੍ਰਭੂ ਦੇ ਦਰ ਤੇ ਆ ਡਿੱਗਾ ਹਾਂ (ਤੇ ਅਰਜ਼ੋਈ ਕਰਦਾ ਰਹਿੰਦਾ ਹਾਂ-ਹੇ ਪ੍ਰਭੂ! ਮੈਨੂੰ ਭਲਾਈ ਬੁਰਾਈ ਦੀ) ਪਰਖ ਕਰ ਸਕਣ ਵਾਲੀ ਅਕਲ ਦੇਹ।ਰਹਾਉ।

ਹੇ ਭਾਈ! ਕੋਈ ਮਨੁੱਖ ਚੁੱਪ ਸਾਧੀ ਬੈਠਾ ਹੈ, ਕੋਈ ਕਰ-ਪਾਤੀ ਬਣ ਗਿਆ ਹੈ (ਭਾਂਡਿਆਂ ਦੇ ਥਾਂ ਆਪਣੇ ਹੱਥ ਹੀ ਵਰਤਦਾ ਹੈ) , ਕੋਈ ਜੰਗਲ ਵਿਚ ਨੰਗਾ ਤੁਰਿਆ ਫਿਰਦਾ ਹੈ। ਕੋਈ ਮਨੁੱਖ ਸਾਰੇ ਤੀਰਥਾਂ ਦਾ ਰਟਨ ਕਰ ਰਿਹਾ ਹੈ, ਕੋਈ ਸਾਰੀ ਧਰਤੀ ਦਾ ਭ੍ਰਮਣ ਕਰ ਰਿਹਾ ਹੈ, (ਪਰ ਇਸ ਤਰ੍ਹਾਂ ਭੀ) ਮਨ ਦੀ ਡਾਂਵਾਂ-ਡੋਲ ਹਾਲਤ ਮੁੱਕਦੀ ਨਹੀਂ।੨।

ਹੇ ਭਾਈ! ਕੋਈ ਮਨੁੱਖ ਆਪਣੀ ਮਨੋ-ਕਾਮਨਾ ਅਨੁਸਾਰ ਤੀਰਥਾਂ ਉੱਤੇ ਜਾ ਵੱਸਿਆ ਹੈ, (ਮੁਕਤੀ ਦਾ ਚਾਹਵਾਨ ਆਪਣੇ) ਸਿਰ ਉਤੇ (ਸ਼ਿਵ ਜੀ ਵਾਲਾ) ਆਰਾ ਰਖਾਂਦਾ ਹੈ (ਤੇ, ਆਪਣੇ ਆਪ ਨੂੰ ਚਿਰਾ ਲੈਂਦਾ ਹੈ। ਪਰ ਜੇ ਕੋਈ ਮਨੁੱਖ (ਇਹੋ ਜਿਹੇ) ਲੱਖਾਂ ਹੀ ਜਤਨ ਕਰੇ, ਇਸ ਤਰ੍ਹਾਂ ਭੀ ਮਨ ਦੀ (ਵਿਕਾਰਾਂ ਦੀ) ਮੈਲ ਨਹੀਂ ਲਹਿੰਦੀ।੩।

ਹੇ ਭਾਈ! ਕੋਈ ਮਨੁੱਖ ਸੋਨਾ, ਇਸਤ੍ਰੀ, ਵਧੀਆ ਘੋੜੇ, ਵਧੀਆ ਹਾਥੀ (ਅਤੇ ਇਹੋ ਜਿਹੇ) ਕਈ ਕਿਸਮਾਂ ਦੇ ਦਾਨ ਕਰਨ ਵਾਲਾ ਹੈ। ਕੋਈ ਮਨੁੱਖ ਅੰਨ ਦਾਨ ਕਰਦਾ ਹੈ, ਕੱਪੜੇ ਦਾਨ ਕਰਦਾ ਹੈ, ਜ਼ਿਮੀਂ ਦਾਨ ਕਰਦਾ ਹੈ। (ਇਸ ਤਰ੍ਹਾਂ ਭੀ) ਪਰਮਾਤਮਾ ਦੇ ਦਰ ਤੇ ਪਹੁੰਚ ਨਹੀਂ ਸਕੀਦਾ।੪।

ਪੂਜਾ ਅਰਚਾ ਬੰਦਨ ਡੰਡਉਤ ਖਟੁ ਕਰਮਾ ਰਤੁ ਰਹਤਾ ॥ ਹਉ ਹਉ ਕਰਤ ਬੰਧਨ ਮਹਿ ਪਰਿਆ ਨਹ ਮਿਲੀਐ ਇਹ ਜੁਗਤਾ ॥੫॥ ਜੋਗ ਸਿਧ ਆਸਣ ਚਉਰਾਸੀਹ ਏ ਭੀ ਕਰਿ ਕਰਿ ਰਹਿਆ ॥ ਵਡੀ ਆਰਜਾ ਫਿਰਿ ਫਿਰਿ ਜਨਮੈ ਹਰਿ ਸਿਉ ਸੰਗੁ ਨ ਗਹਿਆ ॥੬॥ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮੁ ਅਫਾਰਾ ॥ ਸੇਜ ਸੋਹਨੀ ਚੰਦਨੁ ਚੋਆ ਨਰਕ ਘੋਰ ਕਾ ਦੁਆਰਾ ॥੭॥ ਹਰਿ ਕੀਰਤਿ ਸਾਧਸੰਗਤਿ ਹੈ ਸਿਰਿ ਕਰਮਨ ਕੈ ਕਰਮਾ ॥ ਕਹੁ ਨਾਨਕ ਤਿਸੁ ਭਇਓ ਪਰਾਪਤਿ ਜਿਸੁ ਪੁਰਬ ਲਿਖੇ ਕਾ ਲਹਨਾ ॥੮॥ ਤੇਰੋ ਸੇਵਕੁ ਇਹ ਰੰਗਿ ਮਾਤਾ ॥ ਭਇਓ ਕ੍ਰਿਪਾਲੁ ਦੀਨ ਦੁਖ ਭੰਜਨੁ ਹਰਿ ਹਰਿ ਕੀਰਤਨਿ ਇਹੁ ਮਨੁ ਰਾਤਾ ॥ ਰਹਾਉ ਦੂਜਾ ॥੧॥੩॥ {ਪੰਨਾ 642}

ਅਰਥ: ਹੇ ਭਾਈ! ਕੋਈ ਮਨੁੱਖ ਦੇਵ-ਪੂਜਾ ਵਿਚ, ਦੇਵਤਿਆਂ ਨੂੰ ਨਮਸਕਾਰ ਡੰਡਉਤ ਕਰਨ ਵਿਚ, ਛੇ ਕਰਮਾਂ ਦੇ ਕਰਨ ਵਿਚ ਮਸਤ ਰਹਿੰਦਾ ਹੈ। ਪਰ ਉਹ ਭੀ (ਇਹਨਾਂ ਮਿੱਥੇ ਹੋਏ ਧਾਰਮਿਕ ਕਰਮਾਂ ਦੇ ਕਰਨ ਕਰ ਕੇ ਆਪਣੇ ਆਪ ਨੂੰ ਧਰਮੀ ਜਾਣ ਕੇ) ਅਹੰਕਾਰ ਨਾਲ ਕਰਦਾ ਕਰਦਾ (ਮਾਇਆ ਦੇ ਮੋਹ ਦੇ) ਬੰਧਨਾਂ ਵਿਚ ਜਕੜਿਆ ਰਹਿੰਦਾ ਹੈ। ਇਸ ਤਰੀਕੇ ਭੀ ਪਰਮਾਤਮਾ ਨੂੰ ਨਹੀਂ ਮਿਲ ਸਕੀਦਾ।੫।

ਜੋਗ-ਮਤ ਵਿਚ ਸਿੱਧਾਂ ਦੇ ਪ੍ਰਸਿੱਧ ਚੌਰਾਸੀ ਆਸਣ ਹਨ। ਇਹ ਆਸਣ ਕਰ ਕਰ ਕੇ ਭੀ ਮਨੁੱਖ ਥੱਕ ਜਾਂਦਾ ਹੈ। ਉਮਰ ਤਾਂ ਲੰਮੀ ਕਰ ਲੈਂਦਾ ਹੈ, ਪਰ ਇਸ ਤਰ੍ਹਾਂ ਪਰਮਾਤਮਾ ਨਾਲ ਮਿਲਾਪ ਨਾਲ ਨਹੀਂ ਬਣਦਾ, ਮੁੜ ਮੁੜ ਜਨਮਾਂ ਦੇ ਗੇੜ ਵਿਚ ਪਿਆ ਰਹਿੰਦਾ ਹੈ।੬।

ਹੇ ਭਾਈ! ਕਈ ਐਸੇ ਹਨ ਜੋ ਰਾਜ-ਹਕੂਮਤ ਦੇ ਰੰਗ-ਤਮਾਸ਼ੇ ਮਾਣਦੇ ਹਨ, ਰਾਜਿਆਂ ਵਾਲੇ ਠਾਠ-ਬਾਠ ਬਣਾਂਦੇ ਹਨ, ਲੋਕਾਂ ਉੱਤੇ ਹੁਕਮ ਚਲਾਂਦੇ ਹਨ, ਕੋਈ ਉਹਨਾਂ ਦਾ ਹੁਕਮ ਮੋੜ ਨਹੀਂ ਸਕਦਾ। ਸੁੰਦਰ ਇਸਤ੍ਰੀ ਦੀ ਸੇਜ ਮਾਣਦੇ ਹਨ, (ਆਪਣੇ ਸਰੀਰ ਉਤੇ) ਚੰਦਨ ਤੇ ਅਤਰ ਵਰਤਦੇ ਹਨ। ਪਰ ਇਹ ਸਭ ਕੁਝ ਤਾਂ ਭਿਆਨਕ ਨਰਕ ਵਲ ਲੈ ਜਾਣ ਵਾਲਾ ਹੈ।੭।

ਹੇ ਭਾਈ! ਸਾਧ ਸੰਗਤਿ ਵਿਚ ਬੈਠ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ-ਇਹ ਕੰਮ ਹੋਰ ਸਾਰੇ ਕਰਮਾਂ ਨਾਲੋਂ ਸ੍ਰੇਸ਼ਟ ਹੈ। ਪਰ, ਹੇ ਨਾਨਕ! ਆਖ-ਇਹ ਅਵਸਰ ਉਸ ਮਨੁੱਖ ਨੂੰ ਹੀ ਮਿਲਦਾ ਹੈ ਜਿਸ ਦੇ ਮੱਥੇ ਉਤੇ ਪੂਰਬਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਲੇਖ ਲਿਖਿਆ ਹੁੰਦਾ ਹੈ।੮।

ਹੇ ਭਾਈ! ਤੇਰਾ ਸੇਵਕ ਤੇਰੀ ਸਿਫ਼ਤਿ-ਸਾਲਾਹ ਦੇ ਰੰਗ ਵਿਚ ਮਸਤ ਰਹਿੰਦਾ ਹੈ। ਹੇ ਭਾਈ! ਦੀਨਾਂ ਦੇ ਦੁੱਖ ਦੂਰ ਕਰਨ ਵਾਲਾ ਪਰਮਾਤਮਾ ਜਿਸ ਮਨੁੱਖ ਉਤੇ ਦਇਆਵਾਨ ਹੁੰਦਾ ਹੈ, ਉਸ ਦਾ ਇਹ ਮਨ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਰੰਗ ਵਿਚ ਰੰਗਿਆ ਰਹਿੰਦਾ ਹੈ। ਰਹਾਉ ਦੂਜਾ।੧।੩।

*┈┉┅━❀꧁ੴ꧂❀━┅┉┈*

||ਅੱਜ ਦਾ ਫੁਰਮਾਨ|| ਗੁਰਦੁਆਰਾ ਸ਼੍ਰੀ ਬਾਉਲੀ ਸਾਹਿਬ, ਗੋਇੰਦਵਾਲ ਸਾਹਿਬ ||

ਸੂਹੀ ਮਹਲਾ ੫ ॥ ਹਰਿ ਚਰਣ ਕਮਲ ਕੀ ਟੇਕ ਸਤਿਗੁਰਿ ਦਿਤੀ ਤੁਸਿ ਕੈ ਬਲਿ ਰਾਮ ਜੀਉ ॥ ਹਰਿ ਅੰਮ੍ਰਿਤਿ ਭਰੇ ਭੰਡਾਰ ਸਭੁ ਕਿਛੁ ਹੈ ਘਰਿ ਤਿਸ ਕੈ ਬਲਿ ਰਾਮ ਜੀਉ ॥ ਬਾਬੁਲੁ ਮੇਰਾ ਵਡ ਸਮਰਥਾ ਕਰਣ ਕਾਰਣ ਪ੍ਰਭੁ ਹਾਰਾ ॥ ਜਿਸੁ ਸਿਮਰਤ ਦੁਖੁ ਕੋਈ ਨ ਲਾਗੈ ਭਉਜਲੁ ਪਾਰਿ ਉਤਾਰਾ ॥ ਆਦਿ ਜੁਗਾਦਿ ਭਗਤਨ ਕਾ ਰਾਖਾ ਉਸਤਤਿ ਕਰਿ ਕਰਿ ਜੀਵਾ ॥ ਨਾਨਕ ਨਾਮੁ ਮਹਾ ਰਸੁ ਮੀਠਾ ਅਨਦਿਨੁ ਮਨਿ ਤਨਿ ਪੀਵਾ ॥੧॥ {ਪੰਨਾ 778}

ਅਰਥ: ਹੇ ਭਾਈ! ਮੈਂ ਸੋਹਣੇ ਪ੍ਰਭੂ ਤੋਂ ਸਦਕੇ ਜਾਂਦਾ ਹਾਂ (ਉਸ ਦੀ ਮਿਹਰ ਨਾਲਗੁਰੂ ਨੇ ਮਿਹਰਵਾਨ ਹੋ ਕੇ ਮੈਨੂੰ ਉਸ ਦੇ ਸੋਹਣੇ ਚਰਨਾਂ ਦਾ ਆਸਰਾ ਦਿੱਤਾ ਹੈ। ਮੈਂ ਉਸ ਪ੍ਰਭੂ ਤੋਂ ਕੁਰਬਾਨ ਹਾਂ, ਉਸ ਦੇ ਘਰ ਵਿਚ ਹਰੇਕ ਪਦਾਰਥ ਮੌਜੂਦ ਹੈ, ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨਾਲ (ਉਸ ਦੇ ਘਰ ਵਿਚ) ਖ਼ਜ਼ਾਨੇ ਭਰੇ ਪਏ ਹਨ।

ਹੇ ਭਾਈ! ਮੇਰਾ ਪ੍ਰਭੂ-ਪਿਤਾ ਬੜੀਆਂ ਤਾਕਤਾਂ ਦਾ ਮਾਲਕ ਹੈ, ਉਹ ਪ੍ਰਭੂ ਹਰੇਕ ਸਬਬ ਬਣਾ ਸਕਣ ਵਾਲਾ ਹੈ। (ਉਹ ਐਸਾ ਹੈ) ਜਿਸ ਦਾ ਨਾਮ ਸਿਮਰਦਿਆਂ ਕੋਈ ਦੁੱਖ ਪੋਹ ਨਹੀਂ ਸਕਦਾ, (ਉਸ ਦਾ ਨਾਮ) ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਂਦਾ ਹੈ।

ਹੇ ਭਾਈ! ਜਗਤ ਦੇ ਸ਼ੁਰੂ ਤੋਂ ਹੀ (ਉਹ ਪ੍ਰਭੂ ਆਪਣੇ) ਭਗਤਾਂ ਦਾ ਰਾਖਾ (ਚਲਿਆ ਆ ਰਿਹਾ) ਹੈ। ਉਸ ਦੀ ਸਿਫ਼ਤਿ-ਸਾਲਾਹ ਕਰ ਕਰ ਕੇ ਮੈਂ ਆਤਮਕ ਜੀਵਨ ਹਾਸਲ ਕਰ ਰਿਹਾ ਹਾਂ। ਹੇ ਨਾਨਕ! (ਆਖ-ਹੇ ਭਾਈ! ਉਸ ਦਾ) ਨਾਮ ਮਿੱਠਾ ਹੈ, (ਸਭ ਰਸਾਂ ਨਾਲੋਂ) ਵੱਡਾ ਰਸ ਹੈ ਮੈਂ ਤਾਂ ਹਰ ਵੇਲੇ (ਉਹ ਨਾਮ ਰਸ ਆਪਣੇ) ਮਨ ਦੀ ਰਾਹੀਂ ਗਿਆਨ-ਇੰਦ੍ਰਿਆਂ ਦੀ ਰਾਹੀਂ ਪੀਂਦਾ ਰਹਿੰਦਾ ਹਾਂ।੧।

ਹਰਿ ਆਪੇ ਲਏ ਮਿਲਾਇ ਕਿਉ ਵੇਛੋੜਾ ਥੀਵਈ ਬਲਿ ਰਾਮ ਜੀਉ ॥ ਜਿਸ ਨੋ ਤੇਰੀ ਟੇਕ ਸੋ ਸਦਾ ਸਦ ਜੀਵਈ ਬਲਿ ਰਾਮ ਜੀਉ ॥ ਤੇਰੀ ਟੇਕ ਤੁਝੈ ਤੇ ਪਾਈ ਸਾਚੇ ਸਿਰਜਣਹਾਰਾ ॥ ਜਿਸ ਤੇ ਖਾਲੀ ਕੋਈ ਨਾਹੀ ਐਸਾ ਪ੍ਰਭੂ ਹਮਾਰਾ ॥ ਸੰਤ ਜਨਾ ਮਿਲਿ ਮੰਗਲੁ ਗਾਇਆ ਦਿਨੁ ਰੈਨਿ ਆਸ ਤੁਮ੍ਹ੍ਹਾਰੀ ॥ ਸਫਲੁ ਦਰਸੁ ਭੇਟਿਆ ਗੁਰੁ ਪੂਰਾ ਨਾਨਕ ਸਦ ਬਲਿਹਾਰੀ ॥੨॥ {ਪੰਨਾ 778}

ਅਰਥ: ਹੇ ਭਾਈ! ਮੈਂ ਸੋਹਣੇ ਪ੍ਰਭੂ ਤੋਂ ਸਦਕੇ ਜਾਂਦਾ ਹਾਂ, (ਜਿਸ ਮਨੁੱਖ ਨੂੰਉਹ ਆਪ ਹੀ (ਆਪਣੇ ਚਰਨਾਂ ਨਾਲ) ਜੋੜਦਾ ਹੈ (ਉਸ ਮਨੁੱਖ ਨੂੰ ਪ੍ਰਭੂ ਨਾਲੋਂ) ਫਿਰ ਕਦੇ ਵਿਛੋੜਾ ਨਹੀਂ ਹੁੰਦਾ।

ਹੇ ਰਾਮ! ਮੈਂ ਤੈਥੋਂ ਕੁਰਬਾਨ ਹਾਂ। ਜਿਸ ਮਨੁੱਖ ਨੂੰ ਤੇਰਾ ਸਹਾਰਾ ਮਿਲ ਜਾਂਦਾ ਹੈ, ਉਹ ਸਦਾ ਹੀ ਆਤਮਕ ਜੀਵਨ ਹਾਸਲ ਕਰੀ ਰੱਖਦਾ ਹੈ। ਪਰ, ਹੇ ਸਦਾ ਕਾਇਮ ਰਹਿਣ ਵਾਲੇ ਅਤੇ ਸਭ ਦੇ ਪੈਦਾ ਕਰਨ ਵਾਲੇ! ਤੇਰਾ ਆਸਰਾ ਮਿਲਦਾ ਭੀ ਤੇਰੇ ਹੀ ਪਾਸੋਂ ਹੈ। ਤੂੰ ਇਹੋ ਜਿਹਾ ਸਾਡਾ ਮਾਲਕ ਹੈਂਜਿਸ (ਦੇ ਦਰ) ਤੋਂ ਕਦੇ ਕੋਈ ਖ਼ਾਲੀ (ਬੇ-ਮੁਰਾਦ) ਨਹੀਂ ਜਾਂਦਾ। ਹੇ ਪ੍ਰਭੂਤੇਰੇ ਸੰਤ ਜਨ ਮਿਲ ਕੇ (ਸਦਾ ਤੇਰੀ) ਸਿਫ਼ਤਿ-ਸਾਲਾਹ ਦਾ ਗੀਤ ਗਾਂਦੇ ਹਨ, (ਉਹਨਾਂ ਨੂੰ) ਦਿਨ ਰਾਤ ਤੇਰੀ (ਸਹਾਇਤਾ ਦੀ) ਹੀ ਆਸ ਰਹਿੰਦੀ ਹੈ। ਹੇ ਨਾਨਕ! ਆਖ-ਹੇ ਪ੍ਰਭੂ!) ਮੈਂ ਤੈਥੋਂ ਸਦਾ ਸਦਕੇ ਹਾਂ (ਤੇਰੀ ਹੀ ਮਿਹਰ ਨਾਲ ਉਹ) ਪੂਰਾ ਗੁਰੂ ਮਿਲਦਾ ਹੈ ਜਿਸ ਦਾ ਦੀਦਾਰ ਹਰੇਕ ਮੁਰਾਦ ਪੂਰੀ ਕਰਨ ਵਾਲਾ ਹੈ।੨।

ਸੰਮ੍ਹ੍ਹਲਿਆ ਸਚੁ ਥਾਨੁ ਮਾਨੁ ਮਹਤੁ ਸਚੁ ਪਾਇਆ ਬਲਿ ਰਾਮ ਜੀਉ ॥ ਸਤਿਗੁਰੁ ਮਿਲਿਆ ਦਇਆਲੁ ਗੁਣ ਅਬਿਨਾਸੀ ਗਾਇਆ ਬਲਿ ਰਾਮ ਜੀਉ ॥ ਗੁਣ ਗੋਵਿੰਦ ਗਾਉ ਨਿਤ ਨਿਤ ਪ੍ਰਾਣ ਪ੍ਰੀਤਮ ਸੁਆਮੀਆ ॥ ਸੁਭ ਦਿਵਸ ਆਏ ਗਹਿ ਕੰਠਿ ਲਾਏ ਮਿਲੇ ਅੰਤਰਜਾਮੀਆ ॥ ਸਤੁ ਸੰਤੋਖੁ ਵਜਹਿ ਵਾਜੇ ਅਨਹਦਾ ਝੁਣਕਾਰੇ ॥ ਸੁਣਿ ਭੈ ਬਿਨਾਸੇ ਸਗਲ ਨਾਨਕ ਪ੍ਰਭ ਪੁਰਖ ਕਰਣੈਹਾਰੇ ॥੩॥ {ਪੰਨਾ 778}

ਅਰਥ: ਹੇ ਭਾਈ! ਮੈਂ ਪ੍ਰਭੂ ਜੀ ਤੋਂ ਸਦਕੇ ਜਾਂਦਾ ਹਾਂ। (ਪ੍ਰਭੂ ਦੀ ਮਿਹਰ ਨਾਲ ਜਿਸ ਨੂੰ) ਦਇਆ ਦਾ ਸੋਮਾ ਗੁਰੂ ਮਿਲ ਪਿਆ, ਉਸ ਨੇ ਅਬਿਨਾਸੀ ਪ੍ਰਭੂ ਦੇ ਗੁਣ ਗਾਣੇ ਸ਼ੁਰੂ ਕਰ ਦਿੱਤੇ, ਉਸ ਨੇ ਸਦਾ-ਥਿਰ ਪ੍ਰਭੂ ਦਾ ਦਰ ਮੱਲ ਲਿਆ, ਉਸ ਨੂੰ ਸਦਾ-ਥਿਰ ਪ੍ਰਭੂ ਮਿਲ ਪਿਆ, (ਉਸ ਨੂੰ ਪ੍ਰਭੂ ਦੇ ਦਰ ਤੋਂ) ਮਾਣ ਮਿਲਿਆ, ਵਡਿਆਈ ਮਿਲੀ।

ਹੇ ਭਾਈ! ਜਿੰਦ ਦੇ ਮਾਲਕ ਪ੍ਰੀਤਮ ਪ੍ਰਭੂ ਦੇ ਗੁਣ ਸਦਾ ਹੀ ਗਾਇਆ ਕਰੋ, (ਜਿਹੜਾ ਮਨੁੱਖ ਗੁਣ ਗਾਂਦਾ ਹੈ, ਉਸ ਦੇ ਵਾਸਤੇ ਜ਼ਿੰਦਗੀ ਦੇ) ਸੋਹਣੇ ਦਿਹਾੜੇ ਆਏ ਰਹਿੰਦੇ ਹਨ, ਉਸ ਨੂੰ ਪ੍ਰਭੂ ਜੀ ਆਪਣੇ ਗਲ ਨਾਲ ਲਾਈ ਰੱਖਦੇ ਹਨ, ਸਭ ਦੇ ਦਿਲ ਦੀ ਜਾਣਨ ਵਾਲੇ ਪ੍ਰਭੂ ਜੀ ਉਸ ਨੂੰ ਮਿਲ ਪੈਂਦੇ ਹਨ। (ਉਸ ਮਨੁੱਖ ਦੇ ਅੰਦਰ) ਉੱਚਾ ਆਚਰਨ ਅਤੇ ਸੰਤੋਖ (ਹਰ ਵੇਲੇ ਆਪਣਾ ਪੂਰਾ ਪ੍ਰਭਾਵ ਪਾਈ ਰੱਖਦੇ ਹਨ, ਮਾਨੋ, ਸਤ ਸੰਤੋਖ ਦੇ ਅੰਦਰ) ਵਾਜੇ ਵੱਜ ਰਹੇ ਹਨ, (ਸਤ ਸੰਤੋਖ ਦੀ ਉਸ ਦੇ ਅੰਦਰ) ਇਕ-ਰਸ ਮਿੱਠੀ ਲੈ ਬਣੀ ਰਹਿੰਦੀ ਹੈ।

ਹੇ ਨਾਨਕ! ਸਭ ਕੁਝ ਕਰਨ ਦੀ ਸਮਰਥਾ ਵਾਲੇ ਪ੍ਰਭੂ ਅਕਾਲ ਪੁਰਖ ਦੇ ਗੁਣ ਸੁਣ ਕੇ (ਮਨੁੱਖ ਦੇਸਾਰੇ ਡਰ ਨਾਸ ਹੋ ਜਾਂਦੇ ਹਨ।੩।

ਉਪਜਿਆ ਤਤੁ ਗਿਆਨੁ ਸਾਹੁਰੈ ਪੇਈਐ ਇਕੁ ਹਰਿ ਬਲਿ ਰਾਮ ਜੀਉ ॥ ਬ੍ਰਹਮੈ ਬ੍ਰਹਮੁ ਮਿਲਿਆ ਕੋਇ ਨ ਸਾਕੈ ਭਿੰਨ ਕਰਿ ਬਲਿ ਰਾਮ ਜੀਉ ॥ ਬਿਸਮੁ ਪੇਖੈ ਬਿਸਮੁ ਸੁਣੀਐ ਬਿਸਮਾਦੁ ਨਦਰੀ ਆਇਆ ॥ ਜਲਿ ਥਲਿ ਮਹੀਅਲਿ ਪੂਰਨ ਸੁਆਮੀ ਘਟਿ ਘਟਿ ਰਹਿਆ ਸਮਾਇਆ ॥ ਜਿਸ ਤੇ ਉਪਜਿਆ ਤਿਸੁ ਮਾਹਿ ਸਮਾਇਆ ਕੀਮਤਿ ਕਹਣੁ ਨ ਜਾਏ ॥ ਜਿਸ ਕੇ ਚਲਤ ਨ ਜਾਹੀ ਲਖਣੇ ਨਾਨਕ ਤਿਸਹਿ ਧਿਆਏ ॥੪॥੨॥ {ਪੰਨਾ 778}

ਅਰਥ: ਹੇ ਭਾਈ! ਮੈਂ ਪ੍ਰਭੂ ਜੀ ਤੋਂ ਸਦਕੇ ਜਾਂਦਾ ਹਾਂ। (ਜਿਹੜਾ ਮਨੁੱਖ ਉਸ ਪ੍ਰਭੂ ਨੂੰ ਸਦਾ ਸਿਮਰਦਾ ਹੈ, ਉਸ ਦੇ ਅੰਦਰ) ਅਸਲ ਆਤਮਕ ਜੀਵਨ ਦੀ ਸੂਝ ਪੈਦਾ ਹੋ ਜਾਂਦੀ ਹੈ, (ਉਸ ਨੂੰ) ਇਸ ਲੋਕ ਤੇ ਪਰਲੋਕ ਵਿਚ ਉਹੀ ਪਰਮਾਤਮਾ ਦਿੱਸਦਾ ਹੈ। ਉਸ ਜੀਵ ਨੂੰ ਪਰਮਾਤਮਾ (ਇਉਂ) ਮਿਲ ਪੈਂਦਾ ਹੈ ਕਿ ਕੋਈ (ਪਰਮਾਤਮਾ ਨਾਲੋਂ ਉਸ ਦਾ) ਨਿਖੇੜਾ ਨਹੀਂ ਕਰ ਸਕਦਾ। (ਉਹ ਮਨੁੱਖ ਹਰ ਥਾਂਉਸ ਅਸਚਰਜ-ਰੂਪ ਪ੍ਰਭੂ ਨੂੰ ਵੇਖਦਾ ਹੈ, (ਉਹੀ ਹਰ ਥਾਂ ਬੋਲਦਾ ਉਸ ਨੂੰ) ਸੁਣੀਦਾ ਹੈ, ਹਰ ਥਾਂ ਉਹੀ ਉਸ ਨੂੰ ਦਿੱਸਦਾ ਹੈ। ਪਾਣੀ ਵਿਚ, ਧਰਤੀ ਵਿਚ, ਆਕਾਸ਼ ਵਿਚ ਪਰਮਾਤਮਾ ਹੀ ਉਸ ਨੂੰ ਵਿਆਪਕ ਦਿੱਸਦਾ ਹੈ

ਹੇ ਨਾਨਕ! ਆਖ-ਹੇ ਭਾਈ!) ਜਿਸ ਪਰਮਾਤਮਾ ਦੇ ਚੋਜ-ਤਮਾਸ਼ੇ ਬਿਆਨ ਨਹੀਂ ਕੀਤੇ ਜਾ ਸਕਦੇ, (ਜਿਹੜਾ ਮਨੁੱਖ ਸਦਾ) ਉਸ ਦਾ ਹੀ ਧਿਆਨ ਧਰਦਾ ਹੈ, ਉਸ ਮਨੁੱਖ ਦੀ ਉੱਚੀ ਹੋ ਚੁਕੀ ਆਤਮਕ ਅਵਸਥਾ ਦਾ ਮੁੱਲ ਨਹੀਂ ਪੈ ਸਕਦਾ, (ਕਿਉਂਕਿ) ਜਿਸ ਪਰਮਾਤਮਾ ਤੋਂ ਉਹ ਪੈਦਾ ਹੋਇਆ ਹੈ (ਸਿਮਰਨ ਦੀ ਬਰਕਤਿ ਨਾਲ) ਉਸ ਵਿਚ (ਹਰ ਵੇਲੇ) ਲੀਨ ਰਹਿੰਦਾ ਹੈ।੪।੨।

*┈┉┅━❀꧁ੴ꧂❀━┅┉┈*

*ਗੱਜ-ਵੱਜ ਕੇ ਫਤਹਿ ਬੁਲਾਓ ਜੀ !!*

*ਵਾਹਿਗੁਰੂ ਜੀ ਕਾ ਖਾਲਸਾ !!*

*ਵਾਹਿਗੁਰੂ ਜੀ ਕੀ ਫਤਹਿ ਜੀ !!*

*┈┉┅━❀꧁ੴ꧂❀━┅┉┈*

👉 More Gurbani Daily Update 

Touch This App Name Automatically Join 👇

 👉  Youtube Channel :- Sikh Youth Of Punjab

👉 Whatsapp Group :- Sikhyouthpb

No comments:

Post a Comment

Live Gurbani

ਰੋਜ਼ਾਨਾ ਹੁਕਮਨਾਮਾ ਸਾਹਿਬ

     * ਹੁਕਮਨਾਮਾ ਸਾਹਿਬ ਜੀ ਪੜ੍ਹਨ ਵੇਲੇ ਆਪਣੇ ਸਿਰ ਨੂੰ ਢਕ ਕੇ ਅਤੇ ਆਪਣੇ ਬੂਟ/ਚੱਪਲ ਉਤਾਰ ਕੇ ਪੜ੍ਹਨ ਦੀ ਖੇਚਲ ਕਰੋ ਜੀ * *┈┉┅━❀꧁ੴ꧂❀━┅┉┈* ||ਅੱਜ ਦਾ ਫੁਰਮਾਨ|| ਸ਼...

Live kirtan

Click on the play button to play a sound:

Popular Posts