Shabad Play Touch This Link👆
*┈┉┅━❀꧁ੴ꧂❀━┅┉┈*
||ਅੱਜ ਦਾ ਫੁਰਮਾਨ|| ਸ਼੍ਰੀ ਅਕਾਲ ਤਖ਼ਤ ਸਾਹਿਬ, ਅੰਮ੍ਰਿਤਸਰ ||
*Please cover your head & Remove your shoes before reading Hukamnama sahib Ji*
ਸੂਹੀ ਮਹਲਾ ੪ ॥ ਜਿਨ ਕੈ ਅੰਤਰਿ ਵਸਿਆ ਮੇਰਾ ਹਰਿ ਹਰਿ ਤਿਨ ਕੇ ਸਭਿ ਰੋਗ ਗਵਾਏ ॥ ਤੇ ਮੁਕਤ ਭਏ ਜਿਨ ਹਰਿ ਨਾਮੁ ਧਿਆਇਆ ਤਿਨ ਪਵਿਤੁ ਪਰਮ ਪਦੁ ਪਾਏ ॥੧॥ ਮੇਰੇ ਰਾਮ ਹਰਿ ਜਨ ਆਰੋਗ ਭਏ ॥ ਗੁਰ ਬਚਨੀ ਜਿਨਾ ਜਪਿਆ ਮੇਰਾ ਹਰਿ ਹਰਿ ਤਿਨ ਕੇ ਹਉਮੈ ਰੋਗ ਗਏ ॥੧॥ ਰਹਾਉ ॥ ਬ੍ਰਹਮਾ ਬਿਸਨੁ ਮਹਾਦੇਉ ਤ੍ਰੈ ਗੁਣ ਰੋਗੀ ਵਿਚਿ ਹਉਮੈ ਕਾਰ ਕਮਾਈ ॥ ਜਿਨਿ ਕੀਏ ਤਿਸਹਿ ਨ ਚੇਤਹਿ ਬਪੁੜੇ ਹਰਿ ਗੁਰਮੁਖਿ ਸੋਝੀ ਪਾਈ ॥੨॥ ਹਉਮੈ ਰੋਗਿ ਸਭੁ ਜਗਤੁ ਬਿਆਪਿਆ ਤਿਨ ਕਉ ਜਨਮ ਮਰਣ ਦੁਖੁ ਭਾਰੀ ॥ ਗੁਰ ਪਰਸਾਦੀ ਕੋ ਵਿਰਲਾ ਛੂਟੈ ਤਿਸੁ ਜਨ ਕਉ ਹਉ ਬਲਿਹਾਰੀ ॥੩॥ ਜਿਨਿ ਸਿਸਟਿ ਸਾਜੀ ਸੋਈ ਹਰਿ ਜਾਣੈ ਤਾ ਕਾ ਰੂਪੁ ਅਪਾਰੋ ॥ ਨਾਨਕ ਆਪੇ ਵੇਖਿ ਹਰਿ ਬਿਗਸੈ ਗੁਰਮੁਖਿ ਬ੍ਰਹਮ ਬੀਚਾਰੋ ॥੪॥੩॥੧੪॥ {ਪੰਨਾ 735}
ਪਦਅਰਥ: ਕੈ ਅੰਤਰਿ = ਦੇ ਅੰਦਰ, ਦੇ ਹਿਰਦੇ ਵਿਚ। ਸਭਿ = ਸਾਰੇ। ਤੇ = ਉਹ ਮਨੁੱਖ {ਬਹੁ-ਵਚਨ}। ਮੁਕਤ = ਰੋਗਾਂ ਤੋਂ ਸੁਤੰਤਰ। ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ। ਪਾਏ = ਪਾਇਆ, ਪਾ ਲਿਆ।੧।
ਮੇਰੇ ਰਾਮ ਹਰਿ ਜਨ = ਮੇਰੇ ਰਾਮ ਦੇ ਹਰੀ ਦੇ ਜਨ। ਆਰੋਗ = ਰੋਗ = ਰਹਿਤ।੧।ਰਹਾਉ।
ਮਹਾ ਦੇਉ = ਸ਼ਿਵ। ਤ੍ਰੈ ਗੁਣ = ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਦੇ ਕਾਰਨ। ਕਮਾਈ = ਕੀਤੀ। ਜਿਨਿ = ਜਿਨ (ਪਰਮਾਤਮਾ) ਨੇ। ਤਿਸਹਿ = {ਲਫ਼ਜ਼ 'ਤਿਸੁ' ਦਾ ੁ ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਿਆ ਹੈ} ਉਸ ਨੂੰ ਹੀ। ਨ ਚੇਤਹਿ = ਨਹੀਂ ਚੇਤਦੇ। ਬਪੁੜੇ = ਵਿਚਾਰੇ। ਗੁਰਮੁਖਿ = ਗੁਰੂ ਦੀ ਸਰਨ ਪਿਆਂ।੨।
ਰੋਗਿ = ਰੋਗ ਵਿਚ। ਬਿਆਪਿਆ = ਫਸਿਆ ਹੋਇਆ। ਪਰਸਾਦੀ = ਪਰਸਾਦਿ, ਕਿਰਪਾ ਨਾਲ। ਕੋ = ਕੋਈ ਮਨੁੱਖ। ਹਉ = ਹਉਂ, ਮੈਂ। ਬਲਿਹਾਰੀ = ਸਦਕੇ।੩।
ਸਿਸਟਿ = ਦੁਨੀਆ। ਸਾਜੀ = ਪੈਦਾ ਕੀਤੀ। ਤਾ ਕਾ = ਉਸ (ਪਰਮਾਤਮਾ) ਦਾ। ਅਪਾਰੋ = ਅਪਾਰ, ਜਿਸ ਦਾ ਪਾਰਲਾ ਬੰਨਾ ਨਾਹ ਦਿੱਸੇ। ਆਪੇ = ਆਪ ਹੀ। ਵੇਖਿ = ਵੇਖ ਕੇ। ਵਿਗਸੈ = ਖ਼ੁਸ਼ ਹੁੰਦਾ ਹੈ। ਬ੍ਰਹਮ ਬੀਚਾਰੋ = ਪਰਮਾਤਮਾ ਦੇ ਗੁਣਾਂ ਦੀ ਵਿਚਾਰ।੪।
ਅਰਥ: ਹੇ ਭਾਈ! ਮੇਰੇ ਰਾਮ ਦੇ, ਮੇਰੇ ਹਰੀ ਦੇ, ਦਾਸ (ਹਉਮੈ ਆਦਿਕ ਤੋਂ) ਨਰੋਏ ਹੋ ਗਏ ਹਨ। ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਬਚਨਾਂ ਉੱਤੇ ਤੁਰ ਕੇ ਮੇਰੇ ਹਰਿ ਪ੍ਰਭੂ ਦਾ ਨਾਮ ਜਪਿਆ ਉਹਨਾਂ ਦੇ ਹਉਮੈ (ਆਦਿਕ) ਰੋਗ ਦੂਰ ਹੋ ਗਏ।੧।ਰਹਾਉ।
ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਮੇਰਾ ਹਰਿ-ਪ੍ਰਭੂ ਆ ਵੱਸਦਾ ਹੈ, ਉਹਨਾਂ ਦੇ ਉਹ ਹਰੀ ਸਾਰੇ ਰੋਗ ਦੂਰ ਕਰ ਦੇਂਦਾ ਹੈ। ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਸਿਮਰਿਆ, ਉਹ (ਹਉਮੈ ਆਦਿਕ ਰੋਗਾਂ ਤੋਂ) ਸੁਤੰਤਰ ਹੋ ਗਏ, ਉਹਨਾਂ ਨੇ ਸਭ ਤੋਂ ਉੱਚਾ ਤੇ ਪਵਿਤ੍ਰ ਆਤਮਕ ਦਰਜਾ ਪ੍ਰਾਪਤ ਕਰ ਲਿਆ।੧।
(ਹੇ ਭਾਈ! ਪੁਰਾਣਾਂ ਦੀਆਂ ਦੱਸੀਆਂ ਸਾਖੀਆਂ ਅਨੁਸਾਰ) ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਦੇ ਕਾਰਨ (ਵੱਡੇ ਦੇਵਤੇ) ਬ੍ਰਹਮਾ, ਵਿਸ਼ਨੂੰ, ਸ਼ਿਵ (ਭੀ) ਰੋਗੀ ਹੀ ਰਹੇ, (ਕਿਉਂਕਿ ਉਹਨਾਂ ਨੇ ਭੀ) ਹਉਮੈ ਵਿਚ ਹੀ ਕਾਰ ਕੀਤੀ। ਜਿਸ ਪਰਮਾਤਮਾ ਨੇ ਉਹਨਾਂ ਨੂੰ ਪੈਦਾ ਕੀਤਾ ਸੀ, ਉਸ ਨੂੰ ਉਹ ਵਿਚਾਰੇ ਚੇਤਦੇ ਨਾਹ ਰਹੇ। ਹੇ ਭਾਈ! ਪਰਮਾਤਮਾ ਦੀ ਸੂਝ (ਤਾਂ) ਗੁਰੂ ਦੀ ਸਰਨ ਪਿਆਂ ਹੀ ਪੈਂਦੀ ਹੈ।੨।
ਹੇ ਭਾਈ! ਸਾਰਾ ਜਗਤ ਹਉਮੈ ਦੇ ਰੋਗ ਵਿਚ ਫਸਿਆ ਰਹਿੰਦਾ ਹੈ (ਤੇ, ਹਉਮੈ ਵਿਚ ਫਸੇ ਹੋਏ) ਉਹਨਾਂ ਮਨੁੱਖਾਂ ਨੂੰ ਜਨਮ ਮਰਨ ਦੇ ਗੇੜ ਦਾ ਭਾਰਾ ਦੁੱਖ ਲੱਗਾ ਰਹਿੰਦਾ ਹੈ। ਕੋਈ ਵਿਰਲਾ ਮਨੁੱਖ ਗੁਰੂ ਦੀ ਕਿਰਪਾ ਨਾਲ (ਇਸ ਹਉਮੈ ਰੋਗ ਤੋਂ) ਖ਼ਲਾਸੀ ਪਾਂਦਾ ਹੈ। ਮੈਂ (ਅਜੇਹੇ) ਉਸ ਮਨੁੱਖ ਤੋਂ ਸਦਕੇ ਜਾਂਦਾ ਹਾਂ।੩।
ਹੇ ਭਾਈ! ਜਿਸ ਪਰਮਾਤਮਾ ਨੇ ਇਹ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ, ਉਹ ਆਪ ਹੀ (ਇਸ ਦੇ ਰੋਗ ਨੂੰ) ਜਾਣਦਾ ਹੈ (ਤੇ, ਦੂਰ ਕਰਦਾ ਹੈ) । ਉਸ ਪਰਮਾਤਮਾ ਦਾ ਸਰੂਪ ਹੱਦ ਬੰਨੇ ਤੋਂ ਪਰੇ ਹੈ। ਹੇ ਨਾਨਕ! ਉਹ ਪਰਮਾਤਮਾ ਆਪ ਹੀ (ਆਪਣੀ ਰਚੀ ਸ੍ਰਿਸ਼ਟੀ ਨੂੰ) ਵੇਖ ਕੇ ਖ਼ੁਸ਼ ਹੁੰਦਾ ਹੈ। ਗੁਰੂ ਦੀ ਸਰਨ ਪੈ ਕੇ ਹੀ ਪਰਮਾਤਮਾ ਦੇ ਗੁਣਾਂ ਦੀ ਸੂਝ ਆਉਂਦੀ ਹੈ।੪।੩।੧੪।
*┈┉┅━❀꧁ੴ꧂❀━┅┉┈*
||ਅੱਜ ਦਾ ਫੁਰਮਾਨ|| ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ (ਨਾਂਦੇੜ) ||
ਧਨਾਸਰੀ ਮਹਲਾ ੫ ॥ ਹਲਤਿ ਸੁਖੁ ਪਲਤਿ ਸੁਖੁ ਨਿਤ ਸੁਖੁ ਸਿਮਰਨੋ ਨਾਮੁ ਗੋਬਿੰਦ ਕਾ ਸਦਾ ਲੀਜੈ ॥ ਮਿਟਹਿ ਕਮਾਣੇ ਪਾਪ ਚਿਰਾਣੇ ਸਾਧਸੰਗਤਿ ਮਿਲਿ ਮੁਆ ਜੀਜੈ ॥੧॥ ਰਹਾਉ ॥ ਰਾਜ ਜੋਬਨ ਬਿਸਰੰਤ ਹਰਿ ਮਾਇਆ ਮਹਾ ਦੁਖੁ ਏਹੁ ਮਹਾਂਤ ਕਹੈ ॥ ਆਸ ਪਿਆਸ ਰਮਣ ਹਰਿ ਕੀਰਤਨ ਏਹੁ ਪਦਾਰਥੁ ਭਾਗਵੰਤੁ ਲਹੈ ॥੧॥ ਸਰਣਿ ਸਮਰਥ ਅਕਥ ਅਗੋਚਰਾ ਪਤਿਤ ਉਧਾਰਣ ਨਾਮੁ ਤੇਰਾ ॥ ਅੰਤਰਜਾਮੀ ਨਾਨਕ ਕੇ ਸੁਆਮੀ ਸਰਬਤ ਪੂਰਨ ਠਾਕੁਰੁ ਮੇਰਾ ॥੨॥੨॥੫੪॥ {ਪੰਨਾ 683}
ਪਦਅਰਥ: ਹਲਤਿ = {अत्र} ਇਸ ਲੋਕ ਵਿਚ। ਪਲਤਿ = {परत्र} ਪਰਲੋਕ ਵਿਚ। ਨਿਤ = ਸਦਾ ਹੀ। ਸਿਮਰਨੋ = ਸਿਮਰਨੁ। ਲੀਜੈ = ਲੈਣਾ ਚਾਹੀਦਾ ਹੈ। ਮਿਟਹਿ = ਮਿਟ ਜਾਂਦੇ ਹਨ। ਕਮਾਣੇ ਚਿਰਾਣੇ = ਚਿਰ ਦੇ ਕਮਾਏ ਹੋਏ। ਮਿਲਿ = ਮਿਲ ਕੇ। ਮੁਆ = ਆਤਮਕ ਮੌਤੇ ਮਰਿਆ ਹੋਇਆ। ਜੀਜੈ = ਜੀਊਂ ਪੈਂਦਾ ਹੈ, ਆਤਮਕ ਜੀਵਨ ਹਾਸਲ ਕਰ ਲੈਂਦਾ ਹੈ।੧।ਰਹਾਉ।
ਬਿਸਰੰਤ = ਭੁਲਾ ਦੇਂਦੇ ਹਨ। ਮਹਾ = ਵੱਡਾ। ਏਹੁ = ਇਹ (ਬਚਨ) । ਮਹਾਂਤ = ਵੱਡੀ ਆਤਮਾ ਵਾਲੇ। ਕਹੈ– ਕਹੈਂ। ਪਿਆਸ = ਤਾਂਘ। ਰਮਣ = ਸਿਮਰਨ। ਕੀਰਤਨ = ਸਿਫ਼ਤਿ-ਸਾਲਾਹ। ਭਾਗਵੰਤੁ = ਕਿਸਮਤ ਵਾਲਾ ਮਨੁੱਖ। ਲਹੈ– ਪ੍ਰਾਪਤ ਕਰਦਾ ਹੈ।੧।
ਸਰਣਿ ਸਮਰਥ = ਹੇ ਸ਼ਰਨ ਆਏ ਦੀ ਸਹਾਇਤਾ ਕਰ ਸਕਣ ਵਾਲੇ! ਅਕਥ = ਹੇ ਐਸੇ ਪ੍ਰਭੂ ਜਿਸ ਦਾ ਸਰੂਪ ਬਿਆਨ ਨਹੀਂ ਹੋ ਸਕਦਾ। ਅਗੋਚਰਾ = ਹੇ ਅਗੋਚਰ! {ਅ = ਗੋ = ਚਰ। ਗੋ = ਗਿਆਨ = ਇੰਦ੍ਰੇ। ਚਰ = ਪਹੁੰਚ} ਗਿਆਨ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਰਹਿਣ ਵਾਲੇ ਹੇ ਪ੍ਰਭੂ! ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ। ਪਤਿਤ ਉਧਾਰਣ = ਵਿਕਾਰੀਆਂ ਨੂੰ ਵਿਕਾਰਾਂ ਤੋਂ ਬਚਾਣ ਵਾਲਾ। ਅੰਤਰਜਾਮੀ = ਹੇ ਹਰੇਕ ਦੇ ਦਿਲ ਦੀ ਜਾਣਨ ਵਾਲੇ! ਸਰਬਤ = {सर्वत्र} ਹਰ ਥਾਂ, ਸਭ ਥਾਈਂ।੨।
ਅਰਥ: ਹੇ ਭਾਈ! ਪਰਮਾਤਮਾ ਦਾ ਨਾਮ ਸਦਾ ਸਿਮਰਨਾ ਚਾਹੀਦਾ ਹੈ। ਸਿਮਰਨ ਇਸ ਲੋਕ ਵਿਚ ਪਰਲੋਕ ਵਿਚ ਸਦਾ ਹੀ ਸੁਖ ਦੇਣ ਵਾਲਾ ਹੈ (ਸਿਮਰਨ ਦੀ ਬਰਕਤਿ ਨਾਲ) ਚਿਰਾਂ ਦੇ ਕੀਤੇ ਹੋਏ ਪਾਪ ਮਿਟ ਜਾਂਦੇ ਹਨ। ਹੇ ਭਾਈ! ਸਾਧ ਸੰਗਤਿ ਵਿਚ ਮਿਲ ਕੇ (ਸਿਮਰਨ ਕਰਨ ਨਾਲ) ਆਤਮਕ ਮੌਤੇ ਮਰਿਆ ਹੋਇਆ ਮਨੁੱਖ ਮੁੜ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ।੧।ਰਹਾਉ।
ਹੇ ਭਾਈ! ਰਾਜ ਅਤੇ ਜਵਾਨੀ (ਦੇ ਹੁਲਾਰੇ) ਪਰਮਾਤਮਾ ਦਾ ਨਾਮ ਭੁਲਾ ਦੇਂਦੇ ਹਨ! ਮਾਇਆ ਦਾ ਮੋਹ ਵੱਡਾ ਦੁੱਖ (ਦਾ ਮੂਲ) ਹੈ-ਇਹ ਗੱਲ ਮਹਾ ਪੁਰਖ ਦੱਸਦੇ ਹਨ। ਪਰਮਾਤਮਾ ਦੇ ਨਾਮ ਦੇ ਸਿਮਰਨ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਆਸ ਅਤੇ ਤਾਂਘ-ਇਹ ਕੀਮਤੀ ਚੀਜ਼ ਕੋਈ ਵਿਰਲਾ ਭਾਗਾਂ ਵਾਲਾ ਮਨੁੱਖ ਪ੍ਰਾਪਤ ਕਰਦਾ ਹੈ।੧।
ਹੇ ਸ਼ਰਨ ਆਏ ਦੀ ਸਹਾਇਤਾ ਕਰਨ ਜੋਗੇ! ਹੇ ਅਕੱਥ! ਹੇ ਅਗੋਚਰ! ਹੇ ਅੰਤਰਜਾਮੀ! ਹੇ ਨਾਨਕ ਦੇ ਮਾਲਕ! ਤੇਰਾ ਨਾਮ ਵਿਕਾਰੀਆਂ ਨੂੰ ਵਿਕਾਰਾਂ ਤੋਂ ਬਚਾ ਲੈਣ ਵਾਲਾ ਹੈ। ਹੇ ਭਾਈ! ਮੇਰਾ ਮਾਲਕ-ਪ੍ਰਭੂ ਸਭ ਥਾਈਂ ਵਿਆਪਕ ਹੈ।੨।੨।੫੮।
*┈┉┅━❀꧁ੴ꧂❀━┅┉┈*
||ਅੱਜ ਦਾ ਫੁਰਮਾਨ|| ਤਖ਼ਤ ਸ੍ਰੀ ਪਟਨਾ ਸਾਹਿਬ ||
ਜੈਤਸਰੀ ਮਹਲਾ ੫ ਵਾਰ ਸਲੋਕਾ ਨਾਲਿ ੴ ਸਤਿਗੁਰ ਪ੍ਰਸਾਦਿ ॥ ਸਲੋਕ ॥ ਆਦਿ ਪੂਰਨ ਮਧਿ ਪੂਰਨ ਅੰਤਿ ਪੂਰਨ ਪਰਮੇਸੁਰਹ ॥ ਸਿਮਰੰਤਿ ਸੰਤ ਸਰਬਤ੍ਰ ਰਮਣੰ ਨਾਨਕ ਅਘਨਾਸਨ ਜਗਦੀਸੁਰਹ ॥੧॥ ਪੇਖਨ ਸੁਨਨ ਸੁਨਾਵਨੋ ਮਨ ਮਹਿ ਦ੍ਰਿੜੀਐ ਸਾਚੁ ॥ ਪੂਰਿ ਰਹਿਓ ਸਰਬਤ੍ਰ ਮੈ ਨਾਨਕ ਹਰਿ ਰੰਗਿ ਰਾਚੁ ॥੨॥ {ਪੰਨਾ 705-706}
ਪਦਅਰਥ: ਆਦਿ = ਜਗਤ ਦੇ ਸ਼ੁਰੂ ਤੋਂ। ਪੂਰਨ = ਸਭ ਥਾਂ ਮੌਜੂਦ। ਮਧਿ = ਵਿਚਕਾਰਲੇ ਸਮੇ। ਅੰਤਿ = ਜਗਤ ਦੇ ਮੁੱਕ ਜਾਣ ਤੇ। ਸਰਬਤ੍ਰ ਰਮਣੰ = ਹਰ ਥਾਂ ਵਿਆਪਕ ਪ੍ਰਭੂ ਨੂੰ। ਅਘ = ਪਾਪ। ਜਗਦੀਸੁਰਹ = (ਜਗਤ+ਈਸੁਰ) ਜਗਤ ਦਾ ਮਾਲਕ।੧।
ਪੇਖਨ = ਵੇਖਣ ਵਾਲਾ। ਦ੍ਰਿੜੀਐ = ਪੱਕੀ ਤਰ੍ਹਾਂ ਟਿਕਾ ਰੱਖੀਏ। ਸਾਚੁ = ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ। ਪੂਰਿ ਰਹਿਓ = ਮੌਜੂਦ ਹੈ। ਸਰਬਤ੍ਰ ਮੈ = ਹਰ ਥਾਂ ਵਿਆਪਕ। ਹਰਿ ਰੰਗਿ = ਹਰੀ ਦੇ ਪਿਆਰ ਵਿਚ। ਰਾਚੁ = ਇਕ ਇਕ ਹੋ ਜਾ, ਲੀਨ ਹੋ ਜਾ।੨।
ਅਰਥ: ਸੰਤ ਜਨ ਉਸ ਸਰਬ-ਵਿਆਪਕ ਪਰਮੇਸਰ ਨੂੰ ਸਿਮਰਦੇ ਹਨ ਜੋ ਜਗਤ ਦੇ ਸ਼ੁਰੂ ਤੋਂ ਹਰ ਥਾਂ ਮੌਜੂਦ ਹੈ, ਹੁਣ ਭੀ ਸਰਬ-ਵਿਆਪਕ ਹੈ ਤੇ ਅਖ਼ੀਰ ਵਿਚ ਭੀ ਹਰ ਥਾਂ ਹਾਜ਼ਰ ਨਾਜ਼ਰ ਰਹੇਗਾ। ਹੇ ਨਾਨਕ! ਉਹ ਜਗਤ ਦਾ ਮਾਲਕ ਪ੍ਰਭੂ ਸਭ ਪਾਪਾਂ ਦੇ ਨਾਸ ਕਰਨ ਵਾਲਾ ਹੈ।੧।
ਉਸ ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ ਮਨ ਵਿਚ ਚੰਗੀ ਤਰ੍ਹਾਂ ਧਾਰਨ ਕਰਨਾ ਚਾਹੀਦਾ ਹੈ ਜੋ (ਹਰ ਥਾਂ) ਆਪ ਹੀ ਵੇਖਣ ਵਾਲਾ ਹੈ, ਆਪ ਹੀ ਸੁਣਨ ਵਾਲਾ ਹੈ ਤੇ ਆਪ ਹੀ ਸੁਣਾਉਣ ਵਾਲਾ ਹੈ। ਹੇ ਨਾਨਕ! ਉਸ ਹਰੀ ਦੀ ਪਿਆਰੀ ਯਾਦ ਵਿਚ ਲੀਨ ਹੋ ਜਾ ਜੋ ਸਭ ਥਾਈਂ ਮੌਜੂਦ ਹੈ।੨।
ਪਉੜੀ ॥ ਹਰਿ ਏਕੁ ਨਿਰੰਜਨੁ ਗਾਈਐ ਸਭ ਅੰਤਰਿ ਸੋਈ ॥ ਕਰਣ ਕਾਰਣ ਸਮਰਥ ਪ੍ਰਭੁ ਜੋ ਕਰੇ ਸੁ ਹੋਈ ॥ ਖਿਨ ਮਹਿ ਥਾਪਿ ਉਥਾਪਦਾ ਤਿਸੁ ਬਿਨੁ ਨਹੀ ਕੋਈ ॥ ਖੰਡ ਬ੍ਰਹਮੰਡ ਪਾਤਾਲ ਦੀਪ ਰਵਿਆ ਸਭ ਲੋਈ ॥ ਜਿਸੁ ਆਪਿ ਬੁਝਾਏ ਸੋ ਬੁਝਸੀ ਨਿਰਮਲ ਜਨੁ ਸੋਈ ॥੧॥ {ਪੰਨਾ 706}
ਪਦਅਰਥ: ਨਿਰੰਜਨੁ = ਨਿਰ = ਅੰਜਨੁ {ਅੰਜਨੁ = ਕਾਲਖ, ਮਾਇਆ} ਮਾਇਆ ਤੋਂ ਨਿਰਲੇਪ। ਕਰਣ = ਰਚਿਆ ਹੋਇਆ ਜਗਤ। ਕਰਣ ਕਾਰਣ = ਸਾਰੇ ਜਗਤ ਦਾ ਮੂਲ। ਖਿਨੁ = ਪਲ, ਰਤਾ ਕੁ ਸਮਾ। ਥਾਪਿ = ਪੈਦਾ ਕਰ ਕੇ। ਉਥਾਪਦਾ = ਨਾਸ ਕਰ ਦੇਂਦਾ ਹੈ। ਖੰਡ = ਧਰਤੀ ਦੇ ਟੋਟੇ, ਵੱਡੇ ਵੱਡੇ ਦੇਸ। ਬ੍ਰਹਮੰਡ = ਸਾਰਾ ਜਗਤ। ਦੀਪ = ਜਜ਼ੀਰੇ। ਲੋਈ = ਜਗਤ, ਲੋਕ। ਨਿਰਮਲ = ਪਵਿਤ੍ਰ। ਸੁ = ਸੋ, ਉਹੀ।
ਅਰਥ: ਜੋ ਪ੍ਰਭੂ ਮਾਇਆ ਤੋਂ ਨਿਰਲੇਪ ਹੈ ਸਿਰਫ਼ ਉਸ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ, ਉਹੀ ਸਭ ਦੇ ਅੰਦਰ ਮੌਜੂਦ ਹੈ। ਉਹ ਪ੍ਰਭੂ ਸਾਰੇ ਜਗਤ ਦਾ ਮੂਲ ਹੈ, ਸਭ ਕਿਸਮ ਦੀ ਤਾਕਤ ਵਾਲਾ ਹੈ, (ਜਗਤ ਵਿਚ) ਉਹੀ ਕੁਝ ਹੁੰਦਾ ਹੈ ਜੋ ਉਹ ਪ੍ਰਭੂ ਕਰਦਾ ਹੈ। ਇਕ ਪਲਕ ਵਿਚ (ਜੀਵਾਂ ਨੂੰ) ਪੈਂਦਾ ਕਰ ਕੇ ਨਾਸ ਕਰ ਦੇਂਦਾ ਹੈ, ਉਸ ਤੋਂ ਬਿਨਾ (ਉਸ ਵਰਗਾ) ਹੋਰ ਕੋਈ ਨਹੀਂ ਹੈ। ਸਭ ਦੇਸਾਂ ਵਿਚ, ਸਾਰੇ ਬ੍ਰਹਮੰਡ ਵਿਚ, ਹੇਠਲੀ ਧਰਤੀ, ਜਜ਼ੀਰਿਆਂ ਵਿਚ, ਸਾਰੇ ਹੀ ਜਗਤ ਵਿਚ ਉਹ ਪ੍ਰਭੂ ਵਿਆਪਕ ਹੈ।
ਜਿਸ ਮਨੁੱਖ ਨੂੰ (ਇਹ) ਸਮਝ ਆਪ ਪ੍ਰਭੂ ਦੇਂਦਾ ਹੈ, ਉਸ ਨੂੰ ਸਮਝ ਪੈਂਦੀ ਹੈ ਤੇ ਉਹ ਮਨੁੱਖ ਪਵਿਤ੍ਰ ਹੋ ਜਾਂਦਾ ਹੈ।੧।
*┈┉┅━❀꧁ੴ꧂❀━┅┉┈*
||ਅੱਜ ਦਾ ਫੁਰਮਾਨ|| ਤਖ਼ਤ ਸ੍ਰੀ ਕੇਸ਼ਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ (ਰੋਪੜ) ||
ਰਾਗੁ ਸੋਰਠਿ ਬਾਣੀ ਭਗਤ ਰਵਿਦਾਸ ਜੀ ਕੀ ੴ ਸਤਿਗੁਰ ਪ੍ਰਸਾਦਿ ॥ ਜਬ ਹਮ ਹੋਤੇ ਤਬ ਤੂ ਨਾਹੀ ਅਬ ਤੂਹੀ ਮੈ ਨਾਹੀ ॥ ਅਨਲ ਅਗਮ ਜੈਸੇ ਲਹਰਿ ਮਇ ਓਦਧਿ ਜਲ ਕੇਵਲ ਜਲ ਮਾਂਹੀ ॥੧॥ ਮਾਧਵੇ ਕਿਆ ਕਹੀਐ ਭ੍ਰਮੁ ਐਸਾ ॥ ਜੈਸਾ ਮਾਨੀਐ ਹੋਇ ਨ ਤੈਸਾ ॥੧॥ ਰਹਾਉ ॥ ਨਰਪਤਿ ਏਕੁ ਸਿੰਘਾਸਨਿ ਸੋਇਆ ਸੁਪਨੇ ਭਇਆ ਭਿਖਾਰੀ ॥ ਅਛਤ ਰਾਜ ਬਿਛੁਰਤ ਦੁਖੁ ਪਾਇਆ ਸੋ ਗਤਿ ਭਈ ਹਮਾਰੀ ॥੨॥ ਰਾਜ ਭੁਇਅੰਗ ਪ੍ਰਸੰਗ ਜੈਸੇ ਹਹਿ ਅਬ ਕਛੁ ਮਰਮੁ ਜਨਾਇਆ ॥ ਅਨਿਕ ਕਟਕ ਜੈਸੇ ਭੂਲਿ ਪਰੇ ਅਬ ਕਹਤੇ ਕਹਨੁ ਨ ਆਇਆ ॥੩॥ ਸਰਬੇ ਏਕੁ ਅਨੇਕੈ ਸੁਆਮੀ ਸਭ ਘਟ ਭਗਵੈ ਸੋਈ ॥ ਕਹਿ ਰਵਿਦਾਸ ਹਾਥ ਪੈ ਨੇਰੈ ਸਹਜੇ ਹੋਇ ਸੁ ਹੋਈ ॥੪॥੧॥ {ਪੰਨਾ 657-658}
ਪਦਅਰਥ: ਜਬ = ਜਿਤਨਾ ਚਿਰ। ਹਮ = ਅਸੀ, ਹਉਮੈ, ਆਪਾ = ਭਾਵ। ਹੋਤੇ = ਹੁੰਦੇ ਹਾਂ। ਮੈ = ਮੇਰੀ ਅਪਣੱਤ, ਹਉਮੈ। ਅਨਲ = {Skt. अनिल} ਹਵਾ। ਅਨਲ ਅਗਮ = ਭਾਰੀ ਹਨੇਰੀ (ਦੇ ਕਾਰਨ) । ਲਹਰਿ ਮਇ = ਲਹਰਿ ਮਯ, ਲਹਰਿ ਮੈ, {ਸੰ: ਮਯ = ਜਿਸ ਲਫ਼ਜ਼ ਦੇ ਅਖ਼ੀਰ ਵਿਚ ਲਫ਼ਜ਼ 'ਮਯ' ਵਰਤਿਆ ਜਾਏ, ਉਸ ਦੇ ਅਰਬ ਵਿਚ 'ਬਹੁਲਤਾ' ਦਾ ਖ਼ਿਆਲ ਵਧਾਇਆ ਜਾਂਦਾ ਹੈ, ਜਿਵੇਂ ਦਇਆ ਮਯ = ਦਇਆ ਨਾਲ ਭਰਪੂਰ} ਲਹਰਾਂ ਨਾਲ ਭਰਪੂਰ। ਓਦਧਿ = {Skt. ਉਦਧਿ, उदधि} ਸਮੁੰਦਰ।੧।
ਮਾਧਵੇ = ਹੇ ਮਾਧੋ! (ਨੋਟ: ਲਫ਼ਜ਼ 'ਮਾਧੋ' ਭਗਤ ਰਵਿਦਾਸ ਜੀ ਦਾ ਖ਼ਾਸ ਪਿਆਰਾ ਲਫ਼ਜ਼ ਹੈ, ਬਹੁਤੀ ਵਾਰੀ ਪਰਮਾਤਮਾ ਵਾਸਤੇ ਇਹੀ ਲਫ਼ਜ਼ ਵਰਤਦੇ ਹਨ, ਸੰਸਕ੍ਰਿਤ ਧਾਰਮਿਕ ਪੁਸਤਕਾਂ ਵਿਚ ਇਹ ਨਾਮ ਕ੍ਰਿਸ਼ਨ ਜੀ ਦਾ ਹੈ। ਜੇ ਰਵਿਦਾਸ ਜੀ ਸ੍ਰੀ ਰਾਮ ਚੰਦ ਜੀ ਦੇ ਉਪਾਸ਼ਕ ਹੁੰਦੇ, ਤਾਂ ਇਹ ਲਫ਼ਜ਼ ਉਹ ਨਾਹ ਵਰਤਦੇ) । ਕਿਆ ਕਹੀਐ = ਕੀਹ ਆਖੀਏ? ਕਿਹਾ ਨਹੀਂ ਜਾ ਸਕਦਾ। ਭ੍ਰਮੁ = ਭੁਲੇਖਾ। ਮਾਨੀਐ = ਮੰਨਿਆ ਜਾ ਰਿਹਾ ਹੈ, ਖ਼ਿਆਲ ਬਣਾਇਆ ਹੋਇਆ ਹੈ।੧।ਰਹਾਉ।
ਨਰਪਿਤ = ਰਾਜਾ। ਸਿੰਘਾਸਨਿ = ਤਖ਼ਤ ਉੱਤੇ। ਭਿਖਾਰੀ = ਮੰਗਤਾ। ਅਛਤ = ਹੁੰਦਿਆਂ ਸੁੰਦਿਆਂ। ਗਤਿ = ਹਾਲਤ।੨।
ਰਾਜ = ਰੱਜੂ, ਰੱਸੀ। ਭੁਇਅੰਗ = ਸੱਪ। ਪ੍ਰਸੰਗ = ਵਾਰਤਾ, ਗੱਲ। ਮਰਮੁ = ਭੇਤ, ਰਾਜ਼। ਕਟਕ = ਕੜੇ। ਕਹਤੇ = ਆਖਦਿਆਂ।੩।
ਸਰਬੇ = ਸਾਰਿਆਂ ਵਿਚ। ਅਨੇਕੈ = ਅਨੇਕ = ਰੂਪ ਹੋ ਕੇ। ਭਗਵੈ = {ਨੋਟ: ਅੱਖਰ 'ਭ' ਦੇ ਨਾਲ ਦੋ ਲਗਾਂ ਹਨ (ੋ) ਤੇ (ੁ) । ਅਸਲ ਲਫ਼ਜ਼ ਹੈ 'ਭੋਗਵੈ' ਪਰ ਇਥੇ ਪੜ੍ਹਨਾ ਹੈ 'ਭੁਗਵੈ'} ਭੋਗ ਰਿਹਾ ਹੈ, ਮੌਜੂਦ ਹੈ। ਪੈ = ਤੋਂ। ਸਹਜੇ = ਸੁਤੇ ਹੀ, ਉਸ ਦੀ ਰਜ਼ਾ ਵਿਚ।੪।
ਅਰਥ: (ਹੇ ਮਾਧੋ!) ਜਿਤਨਾ ਚਿਰ ਅਸਾਂ ਜੀਵਾਂ ਦੇ ਅੰਦਰ ਹਉਮੈ ਰਹਿੰਦੀ ਹੈ, ਉਤਨਾ ਚਿਰ ਤੂੰ (ਅਸਾਡੇ ਅੰਦਰ) ਪਰਗਟ ਨਹੀਂ ਹੁੰਦਾ, ਪਰ ਜਦੋਂ ਤੂੰ ਪ੍ਰਤੱਖ ਹੁੰਦਾ ਹੈਂ ਤਦੋਂ ਅਸਾਡੀ 'ਮੈਂ' ਦੂਰ ਹੋ ਜਾਂਦੀ ਹੈ; (ਇਸ 'ਮੈਂ' ਦੇ ਹਟਣ ਨਾਲ ਇਹ ਸਮਝ ਆ ਜਾਂਦੀ ਹੈ ਕਿ) ਜਿਵੇਂ ਬੜਾ ਤੂਫ਼ਾਨ ਆਇਆਂ ਸਮੁੰਦਰ ਲਹਿਰਾਂ ਨਾਲ ਨਕਾ-ਨਕ ਭਰ ਜਾਂਦਾ ਹੈ, ਪਰ ਅਸਲ ਵਿਚ ਉਹ (ਲਹਿਰਾਂ ਸਮੁੰਦਰ ਦੇ) ਪਾਣੀ ਵਿਚ ਪਾਣੀ ਹੀ ਹੈ (ਤਿਵੇਂ ਇਹ ਸਾਰੇ ਜੀਆ ਜੰਤ ਤੇਰਾ ਆਪਣਾ ਹੀ ਵਿਕਾਸ ਹੈ) ।੧।
ਹੇ ਮਾਧੋ! ਅਸਾਂ ਜੀਵਾਂ ਨੂੰ ਕੁਝ ਅਜਿਹਾ ਭੁਲੇਖਾ ਪਿਆ ਹੋਇਆ ਹੈ ਕਿ ਇਹ ਬਿਆਨ ਨਹੀਂ ਕੀਤਾ ਜਾ ਸਕਦਾ। ਅਸੀ ਜੋ ਮੰਨੀ ਬੈਠੇ ਹਾਂ (ਕਿ ਜਗਤ ਤੇਰੇ ਨਾਲੋਂ ਕੋਈ ਵੱਖਰੀ ਹਸਤੀ ਹੈ) , ਉਹ ਠੀਕ ਨਹੀਂ ਹੈ।੧।ਰਹਾਉ।
(ਜਿਵੇਂ) ਕੋਈ ਰਾਜਾ ਆਪਣੇ ਤਖ਼ਤ ਉਤੇ ਸੌਂ ਜਾਏ, ਤੇ, ਸੁਫ਼ਨੇ ਵਿਚ ਮੰਗਤਾ ਬਣ ਜਾਏ, ਰਾਜ ਹੁੰਦਿਆਂ ਸੁੰਦਿਆਂ ਉਹ (ਸੁਪਨੇ ਵਿਚ ਰਾਜ ਤੋਂ) ਵਿਛੜ ਕੇ ਦੁੱਖੀ ਹੁੰਦਾ ਹੈ, ਤਿਵੇਂ ਹੀ (ਹੇ ਮਾਧੋ! ਤੈਥੋਂ ਵਿਛੁੜ ਕੇ) ਅਸਾਡਾ ਜੀਵਾਂ ਦਾ ਹਾਲ ਹੋ ਰਿਹਾ ਹੈ।੨।
ਜਿਵੇਂ ਰੱਸੀ ਤੇ ਸੱਪ ਦਾ ਦ੍ਰਿਸ਼ਟਾਂਤ ਹੈ, ਜਿਵੇਂ (ਸੋਨੇ ਤੋਂ ਬਣੇ ਹੋਏ) ਅਨੇਕਾਂ ਕੜੇ ਵੇਖ ਕੇ ਭੁਲੇਖਾ ਪੈ ਜਾਏ (ਕਿ ਸੋਨਾ ਹੀ ਕਈ ਕਿਸਮ ਦਾ ਹੁੰਦਾ ਹੈ, ਤਿਵੇਂ ਅਸਾਨੂੰ ਭੁਲੇਖਾ ਬਣਿਆ ਪਿਆ ਹੈ ਕਿ ਇਹ ਜਗਤ ਤੈਥੋਂ ਵੱਖਰਾ ਹੈ) , ਪਰ ਤੂੰ ਮੈਨੂੰ ਹੁਣ ਕੁਝ ਕੁਝ ਭੇਤ ਜਣਾ ਦਿੱਤਾ ਹੈ। ਹੁਣ ਉਹ ਪੁਰਾਣੀ ਵਿਤਕਰੇ ਵਾਲੀ ਗੱਲ ਮੈਥੋਂ ਆਖੀ ਨਹੀਂ ਜਾਂਦੀ (ਭਾਵ, ਹੁਣ ਮੈਂ ਇਹ ਨਹੀਂ ਆਖਦਾ ਕਿ ਜਗਤ ਤੈਥੋਂ ਵੱਖਰੀ ਹਸਤੀ ਹੈ) ।੩।
(ਹੁਣ ਤਾਂ) ਰਵਿਦਾਸ ਆਖਦਾ ਹੈ ਕਿ ਉਹ ਪ੍ਰਭੂ-ਖਸਮ ਅਨੇਕਾਂ ਰੂਪ ਬਣਾ ਕੇ ਸਾਰਿਆਂ ਵਿਚ ਇੱਕ ਆਪ ਹੀ ਹੈ, ਸਭ ਘਟਾਂ ਵਿਚ ਆਪ ਹੀ ਬੈਠਾ ਜਗਤ ਦੇ ਰੰਗ ਮਾਣ ਰਿਹਾ ਹੈ। (ਦੂਰ ਨਹੀਂ) ਮੇਰੇ ਹੱਥ ਤੋਂ ਭੀ ਨੇੜੇ ਹੈ, ਜੋ ਕੁਝ (ਜਗਤ ਵਿਚ) ਵਰਤ ਰਿਹਾ ਹੈ, ਉਸੇ ਦੀ ਰਜ਼ਾ ਵਿਚ ਹੋ ਰਿਹਾ ਹੈ।੪।੧।
ਸ਼ਬਦ ਦਾ ਭਾਵ: ਪਰਮਾਤਮਾ ਸਰਬ-ਵਿਆਪਕ ਹੈ। ਪਰ ਜੀਵ ਆਪਣੀ 'ਹਉਂ' ਦੇ ਘੇਰੇ ਵਿਚ ਰਹਿ ਕੇ ਜਗਤ ਨੂੰ ਉਸ ਤੋਂ ਵੱਖਰੀ ਹਸਤੀ ਸਮਝਦਾ ਹੈ। ਜਿਤਨਾ ਚਿਰ 'ਹਉਂ' ਹੈ, ਉਤਨਾ ਚਿਰ ਵਿਤਕਰੇ ਹਨ।
*┈┉┅━❀꧁ੴ꧂❀━┅┉┈*
||ਅੱਜ ਦਾ ਫੁਰਮਾਨ|| ਤਖ਼ਤ ਸ੍ਰੀ ਦਮਦਮਾ ਸਾਹਿਬ (ਤਲਵੰਡੀ ਸਾਬੋ) ||
ਧਨਾਸਰੀ ਮਹਲਾ ੩ ਘਰੁ ੨ ਚਉਪਦੇ ੴ ਸਤਿਗੁਰ ਪ੍ਰਸਾਦਿ ॥ ਇਹੁ ਧਨੁ ਅਖੁਟੁ ਨ ਨਿਖੁਟੈ ਨ ਜਾਇ ॥ ਪੂਰੈ ਸਤਿਗੁਰਿ ਦੀਆ ਦਿਖਾਇ ॥ ਅਪੁਨੇ ਸਤਿਗੁਰ ਕਉ ਸਦ ਬਲਿ ਜਾਈ ॥ ਗੁਰ ਕਿਰਪਾ ਤੇ ਹਰਿ ਮੰਨਿ ਵਸਾਈ ॥੧॥ ਸੇ ਧਨਵੰਤ ਹਰਿ ਨਾਮਿ ਲਿਵ ਲਾਇ ॥ ਗੁਰਿ ਪੂਰੈ ਹਰਿ ਧਨੁ ਪਰਗਾਸਿਆ ਹਰਿ ਕਿਰਪਾ ਤੇ ਵਸੈ ਮਨਿ ਆਇ ॥ ਰਹਾਉ ॥ ਅਵਗੁਣ ਕਾਟਿ ਗੁਣ ਰਿਦੈ ਸਮਾਇ ॥ ਪੂਰੇ ਗੁਰ ਕੈ ਸਹਜਿ ਸੁਭਾਇ ॥ ਪੂਰੇ ਗੁਰ ਕੀ ਸਾਚੀ ਬਾਣੀ ॥ ਸੁਖ ਮਨ ਅੰਤਰਿ ਸਹਜਿ ਸਮਾਣੀ ॥੨॥ ਏਕੁ ਅਚਰਜੁ ਜਨ ਦੇਖਹੁ ਭਾਈ ॥ ਦੁਬਿਧਾ ਮਾਰਿ ਹਰਿ ਮੰਨਿ ਵਸਾਈ ॥ ਨਾਮੁ ਅਮੋਲਕੁ ਨ ਪਾਇਆ ਜਾਇ ॥ ਗੁਰ ਪਰਸਾਦਿ ਵਸੈ ਮਨਿ ਆਇ ॥੩॥ ਸਭ ਮਹਿ ਵਸੈ ਪ੍ਰਭੁ ਏਕੋ ਸੋਇ ॥ ਗੁਰਮਤੀ ਘਟਿ ਪਰਗਟੁ ਹੋਇ ॥ ਸਹਜੇ ਜਿਨਿ ਪ੍ਰਭੁ ਜਾਣਿ ਪਛਾਣਿਆ ॥ ਨਾਨਕ ਨਾਮੁ ਮਿਲੈ ਮਨੁ ਮਾਨਿਆ ॥੪॥੧॥ {ਪੰਨਾ 663}
ਪਦਅਰਥ: ਅਖੁਟੁ = ਕਦੇ ਨਾਹ ਮੁੱਕਣ ਵਾਲਾ। ਨ ਨਿਖੁਟੈ = ਮੁੱਕਦਾ ਨਹੀਂ। ਨ ਜਾਇ = ਨਾਹ ਨਾਸ ਹੁੰਦਾ ਹੈ। ਸਤਿਗੁਰਿ = ਗੁਰੂ ਨੇ। ਕਉ = ਨੂੰ, ਤੋਂ। ਸਦ = ਸਦਾ। ਬਲਿ ਜਾਈ = ਬਲਿ ਜਾਈਂ, ਸਦਕੇ ਜਾਂਦਾ ਹਾਂ। ਤੇ = ਨਾਲ, ਤੋਂ। ਮੰਨਿ = ਮਨਿ, ਮਨ ਵਿਚ। ਵਸਾਈ = ਵਸਾਈਂ, ਮੈਂ ਵਸਾਂਦਾ ਹਾਂ।੧।
ਸੇ = ਉਹ {ਬਹੁ-ਵਚਨ}। ਨਾਮਿ = ਨਾਮ ਵਿਚ। ਲਿਵ = ਲਗਨ। ਲਾਇ = ਲਾ ਕੇ। ਗੁਰਿ = ਗੁਰੂ ਨੇ। ਪਰਗਾਸਿਆ = ਵਿਖਾ ਦਿੱਤਾ। ਕਿਰਪਾ ਤੇ = ਕਿਰਪਾ ਨਾਲ। ਮਨਿ = ਮਨ ਵਿਚ।ਰਹਾਉ।
ਕਾਟਿ = ਕੱਟ ਕੇ, ਦੂਰ ਕਰ ਕੇ। ਰਿਦੈ = ਹਿਰਦੇ ਵਿਚ। ਸਮਾਇ = ਟਿਕਾ ਦੇਂਦਾ ਹੈ। ਗੁਰ ਕੈ = ਗੁਰੂ ਦੀ ਰਾਹੀਂ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਇ = ਪ੍ਰੇਮ ਵਿਚ। ਸਾਚੀ = ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲੀ। ਸੁਖ = ਆਤਮਕ ਆਨੰਦ {ਬਹੁ-ਵਚਨ}। ਮਨ ਅੰਤਰਿ = ਮਨ ਵਿਚ।੨।
ਅਚਰਜੁ = ਹੈਰਾਨ ਕਰਨ ਵਾਲਾ ਤਮਾਸ਼ਾ। ਜਨ = ਹੇ ਜਨੋ! ਭਾਈ = ਹੇ ਭਾਈ! ਦੁਬਿਧਾ = ਮਨ ਦੀ ਡਾਂਵਾਂ = ਡੋਲ ਹਾਲਤ, ਮੇਰ = ਤੇਰ। ਮੰਨਿ = ਮਨਿ, ਮਨ ਵਿਚ। ਅਮੋਲਕੁ = ਜੇ ਕਿਸੇ ਭੀ ਕੀਮਤ ਤੋਂ ਨਹੀਂ ਮਿਲ ਸਕਦਾ। ਪਰਸਾਦਿ = ਕਿਰਪਾ ਨਾਲ। ਆਇ = ਆ ਕੇ।੩।
ਸਭ ਮਹਿ = ਸਭ ਜੀਵਾਂ ਵਿਚ। ਸੋਇ = ਉਹੀ। ਗੁਰਮਤਿ = ਗੁਰੂ ਦੀ ਮਤਿ ਉਤੇ ਤੁਰਿਆਂ। ਘਟਿ = ਹਿਰਦੇ ਵਿਚ। ਸਹਜੇ = ਸਹਜਿ, ਆਤਮਕ ਅਡੋਲਤਾ ਵਿਚ। ਜਿਨਿ = ਜਿਸ (ਮਨੁੱਖ) ਨੇ। ਜਾਣਿ = ਸਾਂਝ ਪਾ ਕੇ। ਮਾਨਿਆ = ਪਤੀਜ ਜਾਂਦਾ ਹੈ।੪।
ਅਰਥ: (ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ) ਪੂਰੇ ਗੁਰੂ ਨੇ ਪਰਮਾਤਮਾ ਦੇ ਨਾਮ ਦਾ ਧਨ ਪਰਗਟ ਕਰ ਦਿੱਤਾ, ਉਹ ਮਨੁੱਖ ਪਰਮਾਤਮਾ ਦੇ ਨਾਮ ਵਿਚ ਸੁਰਤਿ ਜੋੜ ਕੇ (ਆਤਮਕ ਜੀਵਨ ਦੇ) ਸ਼ਾਹ ਬਣ ਗਏ। ਹੇ ਭਾਈ! ਇਹ ਨਾਮ-ਧਨ ਪਰਮਾਤਮਾ ਦੀ ਕਿਰਪਾ ਨਾਲ ਮਨ ਵਿਚ ਆ ਕੇ ਵੱਸਦਾ ਹੈ।ਰਹਾਉ।
ਹੇ ਭਾਈ! ਇਹ ਨਾਮ-ਖ਼ਜ਼ਾਨਾ ਕਦੇ ਮੁੱਕਣ ਵਾਲਾ ਨਹੀਂ, ਨਾਹ ਇਹ (ਖ਼ਰਚਿਆਂ) ਮੁੱਕਦਾ ਹੈ, ਨਾਹ ਇਹ ਗਵਾਚਦਾ ਹ ੈ। (ਇਸ ਧਨ ਦੀ ਇਹ ਸਿਫ਼ਤਿ ਮੈਨੂੰ) ਪੂਰੇ ਗੁਰੂ ਨੇ ਵਿਖਾ ਦਿੱਤੀ ਹੈ। (ਹੇ ਭਾਈ!) ਮੈਂ ਆਪਣੇ ਗੁਰੂ ਤੋਂ ਸਦਾ ਸਦਕੇ ਜਾਂਦਾ ਹਾਂ, ਗੁਰੂ ਦੀ ਕਿਰਪਾ ਨਾਲ ਪਰਮਾਤਮਾ (ਦਾ ਨਾਮ-ਧਨ ਆਪਣੇ) ਮਨ ਵਿਚ ਵਸਾਂਦਾ ਹਾਂ।੧।
(ਹੇ ਭਾਈ! ਗੁਰੂ ਸਰਨ ਆਏ ਮਨੁੱਖ ਦੇ) ਔਗੁਣ ਦੂਰ ਕਰ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ (ਉਸ ਦੇ) ਹਿਰਦੇ ਵਿਚ ਵਸਾ ਦੇਂਦਾ ਹੈ। (ਹੇ ਭਾਈ!) ਪੂਰੇ ਗੁਰੂ ਦੀ (ਉਚਾਰੀ ਹੋਈ) ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲੀ ਬਾਣੀ (ਮਨੁੱਖ ਦੇ) ਮਨ ਵਿਚ ਆਤਮਕ ਹੁਲਾਰੇ ਪੈਦਾ ਕਰਦੀ ਹੈ। (ਇਸ ਬਾਣੀ ਦੀ ਬਰਕਤਿ ਨਾਲ) ਆਤਮਕ ਅਡੋਲਤਾ ਵਿਚ ਸਮਾਈ ਹੋਈ ਰਹਿੰਦੀ ਹੈ।੨।
ਹੇ ਭਾਈ ਜਨੋ! ਇਕ ਹੈਰਾਨ ਕਰਨ ਵਾਲਾ ਤਮਾਸ਼ਾ ਵੇਖੋ। (ਗੁਰੂ ਮਨੁੱਖ ਦੇ ਅੰਦਰੋਂ) ਤੇਰ-ਮੇਰ ਮਿਟਾ ਕੇ ਪਰਮਾਤਮਾ (ਦਾ ਨਾਮ ਉਸ ਦੇ) ਮਨ ਵਿਚ ਵਸਾ ਦੇਂਦਾ ਹੈ। ਹੇ ਭਾਈ! ਪਰਮਾਤਮਾ ਦਾ ਨਾਮ ਅਮੋਲਕ ਹੈ, (ਕਿਸੇ ਭੀ ਦੁਨਿਆਵੀ ਕੀਮਤ ਨਾਲ) ਨਹੀਂ ਮਿਲ ਸਕਦਾ। (ਹਾਂ,) ਗੁਰੂ ਦੀ ਕਿਰਪਾ ਨਾਲ ਮਨ ਵਿਚ ਆ ਵੱਸਦਾ ਹੈ।੩।
(ਹੇ ਭਾਈ! ਭਾਵੇਂ) ਪਰਮਾਤਮਾ ਆਪ ਹੀ ਸਭ ਵਿਚ ਵੱਸਦਾ ਹੈ, (ਪਰ) ਗੁਰੂ ਦੀ ਮਤਿ ਉਤੇ ਤੁਰਿਆਂ ਹੀ (ਮਨੁੱਖ ਦੇ) ਹਿਰਦੇ ਵਿਚ ਪਰਗਟ ਹੁੰਦਾ ਹੈ। ਹੇ ਨਾਨਕ! ਆਤਮਕ ਅਡੋਲਤਾ ਵਿਚ ਟਿਕ ਕੇ ਜਿਸ ਮਨੁੱਖ ਨੇ ਪ੍ਰਭੂ ਨਾਲ ਡੂੰਘੀ ਸਾਂਝ ਪਾ ਕੇ (ਉਸ ਨੂੰ ਆਪਣੇ ਅੰਦਰ ਵੱਸਦਾ) ਪਛਾਣ ਲਿਆ ਹੈ, ਉਸ ਨੂੰ ਪਰਮਾਤਮਾ ਦਾ ਨਾਮ (ਸਦਾ ਲਈ) ਪ੍ਰਾਪਤ ਹੋ ਜਾਂਦਾ ਹੈ, ਉਸ ਦਾ ਮਨ (ਪਰਮਾਤਮਾ ਦੀ ਯਾਦ ਵਿਚ) ਪਤੀਜਿਆ ਰਹਿੰਦਾ ਹੈ।੪।
*┈┉┅━❀꧁ੴ꧂❀━┅┉┈*
||ਅੱਜ ਦਾ ਫੁਰਮਾਨ|| ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ||
ਧਨਾਸਰੀ ਭਗਤ ਰਵਿਦਾਸ ਜੀ ਕੀ ੴ ਸਤਿਗੁਰ ਪ੍ਰਸਾਦਿ ॥ ਹਮ ਸਰਿ ਦੀਨੁ ਦਇਆਲੁ ਨ ਤੁਮ ਸਰਿ ਅਬ ਪਤੀਆਰੁ ਕਿਆ ਕੀਜੈ ॥ ਬਚਨੀ ਤੋਰ ਮੋਰ ਮਨੁ ਮਾਨੈ ਜਨ ਕਉ ਪੂਰਨੁ ਦੀਜੈ ॥੧॥ ਹਉ ਬਲਿ ਬਲਿ ਜਾਉ ਰਮਈਆ ਕਾਰਨੇ ॥ ਕਾਰਨ ਕਵਨ ਅਬੋਲ ॥ ਰਹਾਉ ॥ ਬਹੁਤ ਜਨਮ ਬਿਛੁਰੇ ਥੇ ਮਾਧਉ ਇਹੁ ਜਨਮੁ ਤੁਮ੍ਹ੍ਹਾਰੇ ਲੇਖੇ ॥ ਕਹਿ ਰਵਿਦਾਸ ਆਸ ਲਗਿ ਜੀਵਉ ਚਿਰ ਭਇਓ ਦਰਸਨੁ ਦੇਖੇ ॥੨॥੧॥ {ਪੰਨਾ 694}
ਪਦਅਰਥ: ਹਮ ਸਰਿ = ਮੇਰੇ ਵਰਗਾ। ਸਰਿ = ਵਰਗਾ, ਬਰਾਬਰ ਦਾ। ਦੀਨੁ = ਨਿਮਾਣਾ, ਕੰਗਾਲ। ਅਬ = ਹੁਣ। ਪਤੀਆਰੁ = (ਹੋਰ) ਪਰਤਾਵਾ। ਕਿਆ ਕੀਜੈ = ਕੀਹ ਕਰਨਾ ਹੋਇਆ? ਕਰਨ ਦੀ ਲੋੜ ਨਹੀਂ। ਬਚਨੀ ਤੋਰ = ਤੇਰੀਆਂ ਗੱਲਾਂ ਕਰ ਕੇ। ਮੋਰ = ਮੇਰਾ। ਮਾਨੈ = ਮੰਨ ਜਾਏ, ਪਤੀਜ ਜਾਏ। ਪੂਰਨ = ਪੂਰਨ ਭਰੋਸਾ।੧।
ਰਮਈਆ ਕਾਰਨੇ = ਸੋਹਣੇ ਰਾਮ ਤੋਂ। ਕਵਨ = ਕਿਸ ਕਾਰਨ? ਅਬੋਲ = ਨਹੀਂ ਬੋਲਦਾ।ਰਹਾਉ।
ਮਾਧਉ = ਹੇ ਮਾਧੋ! ਤੁਮ੍ਹ੍ਹਾਰੇ ਲੇਖੇ = (ਭਾਵ,) ਤੇਰੀ ਯਾਦ ਵਿਚ ਬੀਤੇ। ਕਹਿ = ਕਹੇ, ਆਖਦਾ ਹੈ।੨।
ਅਰਥ: (ਹੇ ਮਾਧੋ!) ਮੇਰੇ ਵਰਗਾ ਕੋਈ ਨਿਮਾਣਾ ਨਹੀਂ, ਤੇ, ਤੇਰੇ, ਵਰਗਾ ਹੋਰ ਕੋਈ ਦਇਆ ਕਰਨ ਵਾਲਾ ਨਹੀਂ, (ਮੇਰੀ ਕੰਗਾਲਤਾ ਦਾ) ਹੁਣ ਹੋਰ ਪਰਤਾਵਾ ਕਰਨ ਦੀ ਲੋੜ ਨਹੀਂ। (ਹੇ ਸੋਹਣੇ ਰਾਮ!) ਮੈਨੂੰ ਦਾਸ ਨੂੰ ਇਹ ਪੂਰਨ ਸਿਦਕ ਬਖ਼ਸ਼ ਕਿ ਮੇਰਾ ਮਨ ਤੇਰੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਵਿਚ ਪਰਚ ਜਾਇਆ ਕਰੇ।੧।
ਹੇ ਸੋਹਣੇ ਰਾਮ! ਮੈਂ ਤੈਥੋਂ ਸਦਾ ਸਦਕੇ ਹਾਂ; ਤੂੰ ਕਿਸ ਗੱਲੇ ਮੇਰੇ ਨਾਲ ਨਹੀਂ ਬੋਲਦਾ?।ਰਹਾਉ।
ਰਵਿਦਾਸ ਆਖਦਾ ਹੈ-ਹੇ ਮਾਧੋ! ਕਈ ਜਨਮਾਂ ਤੋਂ ਮੈਂ ਤੈਥੋਂ ਵਿਛੁੜਿਆ ਆ ਰਿਹਾ ਹਾਂ (ਮਿਹਰ ਕਰ, ਮੇਰਾ) ਇਹ ਜਨਮ ਤੇਰੀ ਯਾਦ ਵਿਚ ਬੀਤੇ; ਤੇਰਾ ਦੀਦਾਰ ਕੀਤਿਆਂ ਬੜਾ ਚਿਰ ਹੋ ਗਿਆ ਹੈ, (ਦਰਸ਼ਨ ਦੀ) ਆਸ ਵਿਚ ਹੀ ਮੈਂ ਜੀਊਂਦਾ ਹਾਂ।੨।੧।
ਭਾਵ: ਪ੍ਰਭੂ-ਦਰ ਤੇ ਉਸ ਦੇ ਦਰਸ਼ਨ ਕਰਨ ਲਈ ਅਰਦਾਸ।
*┈┉┅━❀꧁ੴ꧂❀━┅┉┈*
||ਅੱਜ ਦਾ ਫੁਰਮਾਨ|| ਗੁਰਦੁਆਰਾ ਨਨਕਾਣਾ ਸਾਹਿਬ ( ਪਾਕਿਸਤਾਨ ) ||

ਸਲੋਕ ॥ ਬਸੰਤਿ ਸ੍ਵਰਗ ਲੋਕਹ ਜਿਤਤੇ ਪ੍ਰਿਥਵੀ ਨਵ ਖੰਡਣਹ ॥ ਬਿਸਰੰਤ ਹਰਿ ਗੋਪਾਲਹ ਨਾਨਕ ਤੇ ਪ੍ਰਾਣੀ ਉਦਿਆਨ ਭਰਮਣਹ ॥੧॥ ਕਉਤਕ ਕੋਡ ਤਮਾਸਿਆ ਚਿਤਿ ਨ ਆਵਸੁ ਨਾਉ ॥ ਨਾਨਕ ਕੋੜੀ ਨਰਕ ਬਰਾਬਰੇ ਉਜੜੁ ਸੋਈ ਥਾਉ ॥੨॥ {ਪੰਨਾ 707}
ਪਦਅਰਥ: ਬਸੰਤਿ = ਵੱਸਦੇ ਹੋਣ। ਸ੍ਵਰਗ ਲੋਕਹ = ਸੁਰਗ ਵਰਗੇ ਦੇਸਾਂ ਵਿਚ। ਜਿਤਤੇ = ਜਿੱਤ ਲੈਣ। ਨਵ ਖੰਡਣਹ ਪ੍ਰਿਥਮੀ = ਨੌ ਖੰਡਾਂ ਵਾਲੀ ਧਰਤੀ, ਸਾਰੀ ਧਰਤੀ। ਗੋਪਾਲ = {ਗੋ+ਪਾਲ} ਧਰਤੀ ਦਾ ਰੱਖਕ। ਉਦਿਆਨ = ਜੰਗਲ।੧।
ਕਉਤਕ = ਖੇਲ, ਚੋਜ। ਕੋਡ = ਕ੍ਰੋੜਾਂ। ਚਿਤਿ = ਚਿੱਤ ਵਿਚ। ਨ ਆਵਸੁ = ਜੇ ਉਸ ਨੂੰ ਨਾਹ ਆਵੇ। ਕੋੜੀ ਨਰਕ = ਘੋਰ ਭਿਆਨਕ ਨਰਕ। ਉਜੜੁ = ਉਜੜਿਆ ਹੋਇਆ, ਉਜਾੜ।੨।
ਅਰਥ: ਜੇ ਸੁਰਗ ਵਰਗੇ ਦੇਸ ਵਿਚ ਵੱਸਦੇ ਹੋਣ, ਜੇ ਸਾਰੀ ਧਰਤੀ ਨੂੰ ਜਿੱਤ ਲੈਣ, ਪਰ, ਹੇ ਨਾਨਕ! ਜੇ ਜਗਤ ਦੇ ਰੱਖਕ ਪ੍ਰਭੂ ਨੂੰ ਵਿਸਾਰ ਦੇਣ, ਤਾਂ ਉਹ ਮਨੁੱਖ (ਮਾਨੋ) ਜੰਗਲ ਵਿਚ ਭਟਕ ਰਹੇ ਹਨ।੧।
ਜਗਤ ਦੇ ਕ੍ਰੋੜਾਂ ਚੋਜ ਤਮਾਸ਼ਿਆਂ ਦੇ ਕਾਰਨ ਜੇ ਪ੍ਰਭੂ ਦਾ ਨਾਮ ਚਿੱਤ ਵਿਚ (ਯਾਦ) ਨਾਹ ਰਹੇ, ਤਾਂ ਹੇ ਨਾਨਕ! ਉਹ ਥਾਂ ਉਜਾੜ ਸਮਝੋ, ਉਹ ਥਾਂ ਭਿਆਨਕ ਨਰਕ ਦੇ ਬਰਾਬਰ ਹੈ।੨।
ਪਉੜੀ ॥ ਮਹਾ ਭਇਆਨ ਉਦਿਆਨ ਨਗਰ ਕਰਿ ਮਾਨਿਆ ॥ ਝੂਠ ਸਮਗ੍ਰੀ ਪੇਖਿ ਸਚੁ ਕਰਿ ਜਾਨਿਆ ॥ ਕਾਮ ਕ੍ਰੋਧਿ ਅਹੰਕਾਰਿ ਫਿਰਹਿ ਦੇਵਾਨਿਆ ॥ ਸਿਰਿ ਲਗਾ ਜਮ ਡੰਡੁ ਤਾ ਪਛੁਤਾਨਿਆ ॥ ਬਿਨੁ ਪੂਰੇ ਗੁਰਦੇਵ ਫਿਰੈ ਸੈਤਾਨਿਆ ॥੯॥ {ਪੰਨਾ 707}
ਪਦਅਰਥ: ਮਹਾ ਭਇਆਨ = ਬੜਾ ਡਰਾਉਣਾ। ਉਦਿਆਨ = ਜੰਗਲ। ਨਗਰ = ਸ਼ਹਿਰ। ਸਮਗ੍ਰੀ = ਪਦਾਰਥ। ਝੂਠ = ਨਾਸ ਹੋ ਜਾਣ ਵਾਲੇ। ਪੇਖਿ = ਵੇਖ ਕੇ। ਸਚੁ = ਸਦਾ-ਥਿਰ ਰਹਿਣ ਵਾਲੇ। ਕ੍ਰੋਧਿ = ਕ੍ਰੋਧ ਵਿਚ। ਦੇਵਾਨਿਆ = ਪਾਗਲ, ਝੱਲੇ। ਸਿਰਿ = ਸਿਰ ਉੱਤੇ।
ਅਰਥ: ਬੜੇ ਡਰਾਉਣੇ ਜੰਗਲ ਨੂੰ ਜੀਵਾਂ ਨੇ ਸ਼ਹਿਰ ਕਰ ਕੇ ਮੰਨ ਲਿਆ ਹੈ, ਇਹਨਾਂ ਨਾਸਵੰਤ ਪਦਾਰਥਾਂ ਨੂੰ ਵੇਖ ਕੇ ਸਦਾ ਟਿਕੇ ਰਹਿਣ ਵਾਲੇ ਸਮਝ ਲਿਆ ਹੈ। (ਇਸ ਵਾਸਤੇ ਇਹਨਾਂ ਦੀ ਖ਼ਾਤਰ) ਕਾਮ ਵਿਚ ਕ੍ਰੋਧ ਵਿਚ ਅਹੰਕਾਰ ਵਿਚ ਝੱਲੇ ਹੋਏ ਫਿਰਦੇ ਹਨ, ਜਦੋਂ ਮੌਤ ਦਾ ਡੰਡਾ ਸਿਰ ਤੇ ਆ ਵੱਜਦਾ ਹੈ, ਤਦੋਂ ਪਛੁਤਾਉਂਦੇ ਹਨ। (ਹੇ ਭਾਈ! ਮਨੁੱਖ) ਪੂਰੇ ਗੁਰੂ ਦੀ ਸਰਨ ਤੋਂ ਬਿਨਾ ਸ਼ੈਤਾਨ ਵਾਂਗ ਫਿਰਦਾ ਹੈ।੯।
*┈┉┅━❀꧁ੴ꧂❀━┅┉┈*
||ਅੱਜ ਦਾ ਫੁਰਮਾਨ|| ਗੁਰਦੁਆਰਾ ਪੰਜਾ ਸਾਹਿਬ ( ਪਾਕਿਸਤਾਨ ) ||
ਟੋਡੀ ਮਹਲਾ ੫ ॥ ਰਸਨਾ ਗੁਣ ਗੋਪਾਲ ਨਿਧਿ ਗਾਇਣ ॥ ਸਾਂਤਿ ਸਹਜੁ ਰਹਸੁ ਮਨਿ ਉਪਜਿਓ ਸਗਲੇ ਦੂਖ ਪਲਾਇਣ ॥੧॥ ਰਹਾਉ ॥ ਜੋ ਮਾਗਹਿ ਸੋਈ ਸੋਈ ਪਾਵਹਿ ਸੇਵਿ ਹਰਿ ਕੇ ਚਰਣ ਰਸਾਇਣ ॥ ਜਨਮ ਮਰਣ ਦੁਹਹੂ ਤੇ ਛੂਟਹਿ ਭਵਜਲੁ ਜਗਤੁ ਤਰਾਇਣ ॥੧॥ ਖੋਜਤ ਖੋਜਤ ਤਤੁ ਬੀਚਾਰਿਓ ਦਾਸ ਗੋਵਿੰਦ ਪਰਾਇਣ ॥ ਅਬਿਨਾਸੀ ਖੇਮ ਚਾਹਹਿ ਜੇ ਨਾਨਕ ਸਦਾ ਸਿਮਰਿ ਨਾਰਾਇਣ ॥੨॥੫॥੧੦॥ {ਪੰਨਾ 713-714}
ਪਦਅਰਥ: ਰਸਨਾ = ਜੀਭ (ਨਾਲ) । ਨਿਧਿ = ਖ਼ਜ਼ਾਨਾ, ਸੁਖਾਂ ਦਾ ਖ਼ਜ਼ਾਨਾ। ਸਹਜੁ = ਆਤਮਕ ਅਡੋਲਤਾ। ਰਹਸੁ = ਖ਼ੁਸ਼ੀ। ਮੁਨਿ = ਮਨ ਵਿਚ। ਪਲਾਇਣ = ਦੌੜ ਜਾਂਦੇ ਹਨ।੧।ਰਹਾਉ।
ਮਾਗਹਿ = (ਜੀਵ) ਮੰਗਦੇ ਹਨ। ਸੇਵਿ = ਸੇਵ ਕੇ। ਰਸਾਇਣ = ਸਾਰੇ ਰਸਾਂ ਦਾ ਘਰ। ਤੇ = ਤੋਂ। ਛੂਟਹਿ = ਬਚ ਜਾਂਦੇ ਹਨ। ਭਵਜਲੁ = ਸੰਸਾਰ = ਸਮੁੰਦਰ।੧।
ਤਤੁ = ਅਸਲੀਅਤ, ਅਸਲ ਸਿੱਟਾ। ਪਰਾਇਣ = ਆਸਰੇ। ਅਬਿਨਾਸੀ ਖੇਮ = ਕਦੇ ਨਾਸ ਨਾਹ ਹੋਣ ਵਾਲਾ ਸੁਖ। ਚਾਹਹਿ = ਤੂੰ ਚਾਹੁੰਦਾ ਹੈਂ।੨।
ਅਰਥ: ਹੇ ਭਾਈ! ਸਾਰੇ ਸੁਖਾਂ ਦੇ) ਖ਼ਜ਼ਾਨੇ ਗੋਪਾਲ-ਪ੍ਰਭੂ ਦੇ ਗੁਣ ਜੀਭ ਨਾਲ ਗਾਂਵਿਆਂ ਮਨ ਵਿਚ ਸ਼ਾਂਤੀ ਪੈਦਾ ਹੋ ਜਾਂਦੀ ਹੈ, ਆਤਮਕ ਅਡੋਲਤਾ ਪੈਦਾ ਹੁੰਦੀ ਹੈ, ਸੁਖ ਪੈਦਾ ਹੁੰਦਾ ਹੈ, ਸਾਰੇ ਦੁੱਖ ਦੂਰ ਹੋ ਜਾਂਦੇ ਹਨ।੧।ਰਹਾਉ।
ਹੇ ਭਾਈ! ਪ੍ਰਭੂ ਸਾਰੇ ਰਸਾਂ ਦਾ ਘਰ ਹੈ ਉਸ ਦੇ ਚਰਨ ਸੇਵ ਕੇ (ਮਨੁੱਖ) ਜੋ ਕੁਝ (ਉਸ ਦੇ ਦਰ ਤੋਂ) ਮੰਗਦੇ ਹਨ, ਉਹੀ ਕੁਝ ਪ੍ਰਾਪਤ ਕਰ ਲੈਂਦੇ ਹਨ, (ਨਿਰਾ ਇਹੀ ਨਹੀਂ, ਪ੍ਰਭੂ ਦੀ ਸੇਵਾ-ਭਗਤੀ ਕਰਨ ਵਾਲੇ ਮਨੁੱਖ) ਜਨਮ ਅਤੇ ਮੌਤ ਦੋਹਾਂ ਤੋਂ ਬਚ ਜਾਂਦੇ ਹਨ, ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ।੧।
ਹੇ ਭਾਈ! ਖੋਜ ਕਰਦਿਆਂ ਕਰਦਿਆਂ ਪ੍ਰਭੂ ਦੇ ਦਾਸ ਅਸਲੀਅਤ ਵਿਚਾਰ ਲੈਂਦੇ ਹਨ, ਅਤੇ ਪ੍ਰਭੂ ਦੇ ਹੀ ਆਸਰੇ ਰਹਿੰਦੇ ਹਨ। ਹੇ ਨਾਨਕ! ਆਖ-ਹੇ ਭਾਈ!) ਜੇ ਤੂੰ ਕਦੇ ਨਾਹ ਮੁੱਕਣ ਵਾਲਾ ਸੁਖ ਲੋੜਦਾ ਹੈਂ, ਤਾਂ ਸਦਾ ਪਰਮਾਤਮਾ ਦਾ ਸਿਮਰਨ ਕਰਿਆ ਕਰ।੨।੫।੧੦।
*┈┉┅━❀꧁ੴ꧂❀━┅┉┈*
||ਅੱਜ ਦਾ ਫੁਰਮਾਨ|| ਗੁਰਦੁਆਰਾ ਕਰਤਾਰਪੁਰ ਸਾਹਿਬ (ਪਾਕਿਸਤਾਨ)
*┈┉┅━❀꧁ੴ꧂❀━┅┉┈*
||ਅੱਜ ਦਾ ਫੁਰਮਾਨ|| ਗੁਰਦੁਆਰਾ ਬੰਗਲਾ ਸਾਹਿਬ ਜੀ (ਦਿੱਲੀ) ||
ਧਨਾਸਰੀ ਮਹਲਾ ੫ ॥ ਜਹ ਜਹ ਪੇਖਉ ਤਹ ਹਜੂਰਿ ਦੂਰਿ ਕਤਹੁ ਨ ਜਾਈ ॥ ਰਵਿ ਰਹਿਆ ਸਰਬਤ੍ਰ ਮੈ ਮਨ ਸਦਾ ਧਿਆਈ ॥੧॥ ਈਤ ਊਤ ਨਹੀ ਬੀਛੁੜੈ ਸੋ ਸੰਗੀ ਗਨੀਐ ॥ ਬਿਨਸਿ ਜਾਇ ਜੋ ਨਿਮਖ ਮਹਿ ਸੋ ਅਲਪ ਸੁਖੁ ਭਨੀਐ ॥ ਰਹਾਉ ॥ ਪ੍ਰਤਿਪਾਲੈ ਅਪਿਆਉ ਦੇਇ ਕਛੁ ਊਨ ਨ ਹੋਈ ॥ ਸਾਸਿ ਸਾਸਿ ਸੰਮਾਲਤਾ ਮੇਰਾ ਪ੍ਰਭੁ ਸੋਈ ॥੨॥ ਅਛਲ ਅਛੇਦ ਅਪਾਰ ਪ੍ਰਭ ਊਚਾ ਜਾ ਕਾ ਰੂਪੁ ॥ ਜਪਿ ਜਪਿ ਕਰਹਿ ਅਨੰਦੁ ਜਨ ਅਚਰਜ ਆਨੂਪੁ ॥੩॥ ਸਾ ਮਤਿ ਦੇਹੁ ਦਇਆਲ ਪ੍ਰਭ ਜਿਤੁ ਤੁਮਹਿ ਅਰਾਧਾ ॥ ਨਾਨਕੁ ਮੰਗੈ ਦਾਨੁ ਪ੍ਰਭ ਰੇਨ ਪਗ ਸਾਧਾ ॥੪॥੩॥੨੭॥ {ਪੰਨਾ 677}
ਪਦਅਰਥ: ਜਹ ਜਹ = ਜਿੱਥੇ ਜਿੱਥੇ। ਪੇਖਉ = ਪੇਖਉਂ, ਮੈਂ ਦੇਖਦਾ ਹਾਂ। ਤਹ = ਉੱਥੇ। ਹਜੂਰਿ = ਅੰਗ = ਸੰਗ, ਹਾਜ਼ਰ। ਕਤਹੁ ਜਾਈ = ਕਿਸੇ ਭੀ ਥਾਂ ਤੋਂ। ਜਾਈ = ਥਾਂ। ਰਵਿ ਰਹਿਆ = ਵੱਸ ਰਿਹਾ ਹੈ। ਸਰਬਤ੍ਰ ਮੈ = ਸਭਨਾਂ ਵਿਚ। ਮਨ = ਹੇ ਮਨ!।੧।
ਈਤ = ਇਸ ਲੋਕ ਵਿਚ। ਊਤ = ਪਰਲੋਕ ਵਿਚ। ਬੀਛੜੈ = ਵਿਛੁੜਦਾ। ਸੰਗੀ = ਸਾਥੀ। ਗਨੀਐ = ਸਮਝਣਾ ਚਾਹੀਦਾ ਹੈ। ਨਿਮਖ = ਅੱਖ ਝਮਕਣ ਜਿਤਨਾ ਸਮਾ। ਅਲਪ = ਛੋਟਾ, ਥੋੜਾ, ਹੋਛਾ। ਭਨੀਐ = ਆਖਣਾ ਚਾਹੀਦਾ ਹੈ।ਰਹਾਉ।
ਅਪਿਆਉ = ਰਸ ਆਦਿਕ ਖ਼ੁਰਾਕ। ਊਨ = ਕਮੀ, ਥੁੜ। ਸਾਸਿ ਸਾਸਿ = ਹਰੇਕ ਸਾਹ ਦੇ ਨਾਲ।੨।
ਅਛਲ = ਜਿਸ ਨੂੰ ਧੋਖਾ ਨਹੀਂ ਦਿੱਤਾ ਜਾ ਸਕਦਾ। ਅਛੇਦ = ਜਿਸ ਨੂੰ ਵਿੰਨਿ੍ਹਆ ਨਾਹ ਜਾ ਸਕੇ। ਜਾ ਕਾ ਰੂਪੁ = ਜਿਸ ਦੀ ਹਸਤੀ। ਜਪਿ = ਜਪ ਕੇ। ਜਨ = ਸੇਵਕ, ਭਗਤ। ਆਨੂਪੁ = ਜਿਸ ਦੇ ਬਰਾਬਰ ਦਾ ਹੋਰ ਕੋਈ ਨਹੀਂ।੩।
ਸਾ = ਉਹ {ਇਸਤ੍ਰੀ ਲਿੰਗ}। ਪ੍ਰਭ = ਹੇ ਪ੍ਰਭੂ! ਜਿਤੁ = ਜਿਸ (ਮਤਿ) ਦੀ ਰਾਹੀਂ। ਰੇਨ = ਧੂੜ। ਪਗ = ਪੈਰ।੪।
ਅਰਥ: ਹੇ ਭਾਈ! ਉਸ (ਪਰਮਾਤਮਾ) ਨੂੰ ਹੀ (ਅਸਲ) ਸਾਥੀ ਸਮਝਣਾ ਚਾਹੀਦਾ ਹੈ, (ਜੇਹੜਾ ਸਾਥੋਂ) ਇਸ ਲੋਕ ਵਿਚ ਪਰਲੋਕ ਵਿਚ (ਕਿਤੇ ਭੀ) ਵੱਖਰਾ ਨਹੀਂ ਹੁੰਦਾ। ਉਸ ਸੁਖ ਨੂੰ ਹੋਛਾ ਸੁਖ ਆਖਣਾ ਚਾਹੀਦਾ ਹੈ ਜੇਹੜਾ ਅੱਖ ਝਮਕਣ ਦੇ ਸਮੇ ਵਿਚ ਹੀ ਮੁੱਕ ਜਾਂਦਾ ਹੈ।ਰਹਾਉ।
ਹੇ ਭਾਈ! ਮੈਂ ਜਿੱਥੇ ਜਿੱਥੇ ਵੇਖਦਾ ਹਾਂ ਉੱਥੇ ਉੱਥੇ ਹੀ ਪਰਮਾਤਮਾ ਹਾਜ਼ਰ-ਨਾਜ਼ਰ ਹੈ, ਉਹ ਕਿਸੇ ਥਾਂ ਤੋਂ ਭੀ ਦੂਰ ਨਹੀਂ ਹੈ। ਹੇ (ਮੇਰੇ) ਮਨ! ਤੂੰ ਸਦਾ ਉਸ ਪ੍ਰਭੂ ਨੂੰ ਸਿਮਰਿਆ ਕਰ, ਜੇਹੜਾ ਸਭਨਾਂ ਵਿਚ ਵੱਸ ਰਿਹਾ ਹੈ।੧।
ਹੇ ਭਾਈ! ਮੇਰਾ ਉਹ ਪ੍ਰਭੂ ਭੋਜਨ ਦੇ ਕੇ (ਸਭ ਨੂੰ) ਪਾਲਦਾ ਹੈ, (ਉਸ ਦੀ ਕਿਰਪਾ ਨਾਲ) ਕਿਸੇ ਚੀਜ਼ ਦੀ ਥੁੜ ਨਹੀਂ ਰਹਿੰਦੀ। ਉਹ ਪ੍ਰਭੂ (ਸਾਡੇ) ਹਰੇਕ ਸਾਹ ਦੇ ਨਾਲ ਨਾਲ ਸਾਡੀ ਸੰਭਾਲ ਕਰਦਾ ਰਹਿੰਦਾ ਹੈ।੨।
ਹੇ ਭਾਈ! ਜੇਹੜਾ ਪ੍ਰਭੂ ਛਲਿਆ ਨਹੀਂ ਜਾ ਸਕਦਾ, ਨਾਸ ਨਹੀਂ ਕੀਤਾ ਜਾ ਸਕਦਾ, ਜਿਸ ਦੀ ਹਸਤੀ ਸਭ ਤੋਂ ਉੱਚੀ ਹੈ, ਤੇ ਹੈਰਾਨ ਕਰਨ ਵਾਲੀ ਹੈ, ਜਿਸ ਦੇ ਬਰਾਬਰ ਦਾ ਹੋਰ ਕੋਈ ਨਹੀਂ, ਉਸ ਦੇ ਭਗਤ ਉਸ ਦਾ ਨਾਮ ਜਪ ਜਪ ਕੇ ਆਤਮਕ ਆਨੰਦ ਮਾਣਦੇ ਰਹਿੰਦੇ ਹਨ।੩।
ਹੇ ਦਇਆ ਦੇ ਘਰ ਪ੍ਰਭੂ! ਮੈਨੂੰ ਉਹ ਸਮਝ ਬਖ਼ਸ਼ ਜਿਸ ਦੀ ਬਰਕਤਿ ਨਾਲ ਮੈਂ ਤੈਨੂੰ ਹੀ ਸਿਮਰਦਾ ਰਹਾਂ। ਹੇ ਪ੍ਰਭੂ! ਨਾਨਕ (ਤੇਰੇ ਪਾਸੋਂ) ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹੈ।੪।੩।੨੭।
*┈┉┅━❀꧁ੴ꧂❀━┅┉┈*
||ਅੱਜ ਦਾ ਫੁਰਮਾਨ|| ਗੁਰਦੁਆਰਾ ਸੀਸ ਗੰਜ ਸਾਹਿਬ ਜੀ (ਦਿੱਲੀ) ||
ਧਨਾਸਰੀ ਮਹਲਾ ੧ ਘਰੁ ੧ ਚਉਪਦੇ
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ
ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ਜੀਉ ਡਰਤੁ ਹੈ ਆਪਣਾ ਕੈ ਸਿਉ ਕਰੀ ਪੁਕਾਰ ॥ ਦੂਖ ਵਿਸਾਰਣੁ ਸੇਵਿਆ ਸਦਾ ਸਦਾ ਦਾਤਾਰੁ ॥੧॥ ਸਾਹਿਬੁ ਮੇਰਾ ਨੀਤ ਨਵਾ ਸਦਾ ਸਦਾ ਦਾਤਾਰੁ ॥੧॥ ਰਹਾਉ ॥ ਅਨਦਿਨੁ ਸਾਹਿਬੁ ਸੇਵੀਐ ਅੰਤਿ ਛਡਾਏ ਸੋਇ ॥ ਸੁਣਿ ਸੁਣਿ ਮੇਰੀ ਕਾਮਣੀ ਪਾਰਿ ਉਤਾਰਾ ਹੋਇ ॥੨॥ ਦਇਆਲ ਤੇਰੈ ਨਾਮਿ ਤਰਾ ॥ ਸਦ ਕੁਰਬਾਣੈ ਜਾਉ ॥੧॥ ਰਹਾਉ ॥ ਸਰਬੰ ਸਾਚਾ ਏਕੁ ਹੈ ਦੂਜਾ ਨਾਹੀ ਕੋਇ ॥ ਤਾ ਕੀ ਸੇਵਾ ਸੋ ਕਰੇ ਜਾ ਕਉ ਨਦਰਿ ਕਰੇ ॥੩॥ ਤੁਧੁ ਬਾਝੁ ਪਿਆਰੇ ਕੇਵ ਰਹਾ ॥ ਸਾ ਵਡਿਆਈ ਦੇਹਿ ਜਿਤੁ ਨਾਮਿ ਤੇਰੇ ਲਾਗਿ ਰਹਾਂ ॥ ਦੂਜਾ ਨਾਹੀ ਕੋਇ ਜਿਸੁ ਆਗੈ ਪਿਆਰੇ ਜਾਇ ਕਹਾ ॥੧॥ ਰਹਾਉ ॥ ਸੇਵੀ ਸਾਹਿਬੁ ਆਪਣਾ ਅਵਰੁ ਨ ਜਾਚੰਉ ਕੋਇ ॥ ਨਾਨਕੁ ਤਾ ਕਾ ਦਾਸੁ ਹੈ ਬਿੰਦ ਬਿੰਦ ਚੁਖ ਚੁਖ ਹੋਇ ॥੪॥ ਸਾਹਿਬ ਤੇਰੇ ਨਾਮ ਵਿਟਹੁ ਬਿੰਦ ਬਿੰਦ ਚੁਖ ਚੁਖ ਹੋਇ ॥੧॥ ਰਹਾਉ ॥੪॥੧॥ {ਪੰਨਾ 660}
ਪਦਅਰਥ: ਜੀਉ = ਜਿੰਦ। ਕੈ ਸਿਉ = ਕਿਸ ਪਾਸ? ਕਰੀ = ਮੈਂ ਕਰਾਂ। ਦੂਖ ਵਿਸਾਰਣੁ = ਦੁੱਖ ਦੂਰ ਕਰਨ ਵਾਲਾ ਪ੍ਰਭੂ। ਸੇਵਿਆ = ਮੈਂ ਸਿਮਰਿਆ ਹੈ।੧।
ਨੀਤ = ਨਿੱਤ। ਨਵਾ = (ਭਾਵ, ਦਾਤਾਂ ਦੇ ਦੇ ਕੇ ਅੱਕਣ ਵਾਲਾ ਨਹੀਂ) । ਦਾਤਾਰੁ = ਦਾਤਾਂ ਦੇਣ ਵਾਲਾ।੧।ਰਹਾਉ।
ਅਨਦਿਨੁ = ਹਰ ਰੋਜ਼, ਸਦਾ। ਅੰਤਿ = ਆਖ਼ਰ ਨੂੰ। ਮੇਰੀ ਕਾਮਣੀ = ਹੇ ਮੇਰੀ ਜਿੰਦੇ!।੨।
ਦਇਆਲ = ਹੇ ਦਇਆ ਦੇ ਘਰ! ਨਾਮਿ = ਨਾਮ ਦੀ ਰਾਹੀਂ। ਤਰਾ = ਤਰ ਸਕਦਾ ਹਾਂ, ਪਾਰ ਲੰਘ ਸਕਦਾ ਹਾਂ।੧।ਰਹਾਉ।
ਸਰਬੰ = ਹਰ ਥਾਂ। ਸਾਚਾ = ਸਦਾ ਕਾਇਮ ਰਹਿਣ ਵਾਲਾ। ਕਉ = ਨੂੰ। ਨਦਰਿ = ਮੇਹਰ ਦੀ ਨਜ਼ਰ। ਕਰੇਇ = ਕਰਦਾ ਹੈ।੩।
ਕੇਵ ਰਹਾ = ਕਿਵੇਂ ਰਹਿ ਸਕਦਾ ਹਾਂ? ਮੈਂ ਵਿਆਕੁਲ ਹੋ ਜਾਂਦਾ ਹਾਂ। ਜਿਤੁ = ਜਿਸ ਦੀ ਰਾਹੀਂ। ਜਾਇ = ਜਾ ਕੇ।੧।ਰਹਾਉ।
ਸੇਵੀ = ਮੈਂ ਸੇਂਵਦਾ ਹਾਂ। ਜਾਚੰਉ = ਮੈਂ ਮੰਗਦਾ ਹਾਂ। ਬਿੰਦ ਬਿੰਦ = ਖਿਨ ਖਿਨ। ਚੁਖ ਚੁਖ = ਟੋਟੇ ਟੋਟੇ, ਕੁਰਬਾਨ।੪।
ਵਿਟਹੁ = ਤੋਂ। ਸਾਹਿਬ = ਹੇ ਸਾਹਿਬ!
ਅਰਥ: (ਜਗਤ ਦੁੱਖਾਂ ਦਾ ਸਮੁੰਦਰ ਹੈ, ਇਹਨਾਂ ਦੁੱਖਾਂ ਨੂੰ ਵੇਖ ਕੇ) ਮੇਰੀ ਜਿੰਦ ਕੰਬਦੀ ਹੈ (ਪਰਮਾਤਮਾ ਤੋਂ ਬਿਨਾ ਹੋਰ ਕੋਈ ਬਚਾਣ ਵਾਲਾ ਦਿੱਸਦਾ ਨਹੀਂ) ਜਿਸ ਦੇ ਪਾਸ ਮੈਂ ਮਿੰਨਤਾਂ ਕਰਾਂ। (ਸੋ, ਹੋਰ ਆਸਰੇ ਛੱਡ ਕੇ) ਮੈਂ ਦੁੱਖਾਂ ਦੇ ਨਾਸ ਕਰਨ ਵਾਲੇ ਪ੍ਰਭੂ ਨੂੰ ਹੀ ਸਿਮਰਦਾ ਹਾਂ, ਉਹ ਸਦਾ ਹੀ ਬਖ਼ਸ਼ਸ਼ਾਂ ਕਰਨ ਵਾਲਾ ਹੈ।੧।
(ਫਿਰ ਉਹ) ਮੇਰਾ ਮਾਲਿਕ ਸਦਾ ਹੀ ਬਖ਼ਸ਼ਸ਼ਾਂ ਤਾਂ ਕਰਦਾ ਰਹਿੰਦਾ ਹੈ (ਪਰ ਉਹ ਮੇਰੇ ਨਿੱਤ ਦੇ ਤਰਲੇ ਸੁਣ ਕੇ ਕਦੇ ਅੱਕਦਾ ਨਹੀਂ, ਬਖ਼ਸ਼ਸ਼ਾਂ ਵਿਚ) ਨਿੱਤ ਇਉਂ ਹੈ ਜਿਵੇਂ ਪਹਿਲੀ ਵਾਰੀ ਹੀ ਬਖ਼ਸ਼ਸ਼ ਕਰਨ ਲੱਗਾ ਹੈ।੧।ਰਹਾਉ।
ਹੇ ਮੇਰੀ ਜਿੰਦੇ! ਹਰ ਰੋਜ਼ ਉਸ ਮਾਲਿਕ ਨੂੰ ਯਾਦ ਕਰਨਾ ਚਾਹੀਦਾ ਹੈ (ਦੁੱਖਾਂ ਵਿਚੋਂ) ਆਖ਼ਰ ਉਹੀ ਬਚਾਂਦਾ ਹੈ। ਹੇ ਜਿੰਦੇ! ਧਿਆਨ ਨਾਲ ਸੁਣ (ਉਸ ਮਾਲਿਕ ਦਾ ਆਸਰਾ ਲਿਆਂ ਹੀ ਦੁੱਖਾਂ ਦੇ ਸਮੁੰਦਰ ਵਿਚੋਂ) ਪਾਰ ਲੰਘ ਸਕੀਦਾ ਹੈ।੨।
ਹੇ ਦਿਆਲ ਪ੍ਰਭੂ! ਮੈਂ ਤੈਥੋਂ ਸਦਾ ਸਦਕੇ ਜਾਂਦਾ ਹਾਂ (ਮੇਹਰ ਕਰ, ਆਪਣਾ ਨਾਮ ਦੇਹ, ਤਾ ਕਿ) ਤੇਰੇ ਨਾਮ ਦੀ ਰਾਹੀਂ ਮੈਂ (ਦੁੱਖਾਂ ਦੇ ਇਸ ਸਮੁੰਦਰ ਵਿਚੋਂ) ਪਾਰ ਲੰਘ ਸਕਾਂ।੧।ਰਹਾਉ।
ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਹੀ ਸਭ ਥਾਈਂ ਮੌਜੂਦ ਹੈ, ਉਸ ਤੋਂ ਬਿਨਾ ਹੋਰ ਕੋਈ ਨਹੀਂ। ਜਿਸ ਜੀਵ ਉਤੇ ਉਹ ਮੇਹਰ ਦੀ ਨਿਗਾਹ ਕਰਦਾ ਹੈ, ਉਹ ਉਸ ਦਾ ਸਿਮਰਨ ਕਰਦਾ ਹੈ।੩।
ਹੇ ਪਿਆਰੇ (ਪ੍ਰਭੂ!) ਤੇਰੀ ਯਾਦ ਤੋਂ ਬਿਨਾ ਮੈਂ ਵਿਆਕੁਲ ਹੋ ਜਾਂਦਾ ਹਾਂ। ਮੈਨੂੰ ਕੋਈ ਉਹ ਵੱਡੀ ਦਾਤਿ ਦੇਹ, ਜਿਸ ਦਾ ਸਦਕਾ ਮੈਂ ਤੇਰੇ ਨਾਮ ਵਿਚ ਜੁੜਿਆ ਰਹਾਂ। ਹੇ ਪਿਆਰੇ! ਤੈਥੋਂ ਬਿਨਾ ਹੋਰ ਐਸਾ ਕੋਈ ਨਹੀਂ ਹੈ, ਜਿਸ ਪਾਸ ਜਾ ਕੇ ਮੈਂ ਇਹ ਅਰਜ਼ੋਈ ਕਰ ਸਕਾਂ।੧।ਰਹਾਉ।
(ਦੁੱਖਾਂ ਦੇ ਇਸ ਸਾਗਰ ਵਿਚੋਂ ਤਰਨ ਲਈ) ਮੈਂ ਆਪਣੇ ਮਾਲਿਕ ਪ੍ਰਭੂ ਨੂੰ ਹੀ ਯਾਦ ਕਰਦਾ ਹਾਂ, ਕਿਸੇ ਹੋਰ ਪਾਸੋਂ ਮੈਂ ਇਹ ਮੰਗ ਨਹੀਂ ਮੰਗਦਾ। ਨਾਨਕ (ਆਪਣੇ) ਉਸ (ਮਾਲਿਕ) ਦਾ ਹੀ ਸੇਵਕ ਹੈ, ਉਸ ਮਾਲਿਕ ਤੋਂ ਹੀ ਖਿਨ ਖਿਨ ਸਦਕੇ ਹੁੰਦਾ ਹੈ।੪।
ਹੇ ਮੇਰੇ ਮਾਲਿਕ! ਮੈਂ ਤੇਰੇ ਨਾਮ ਤੋਂ ਖਿਨ ਖਿਨ ਕੁਰਬਾਨ ਜਾਂਦਾ ਹਾਂ।੧।ਰਹਾਉ।
*┈┉┅━❀꧁ੴ꧂❀━┅┉┈*
||ਅੱਜ ਦਾ ਫੁਰਮਾਨ|| ਗੁਰਦੁਆਰਾ ਸ੍ਰੀ ਭੱਠਾ ਸਾਹਿਬ ਪਾਤਸ਼ਾਹੀ ੧੦ਵੀਂ (ਰੋਪੜ) ||
ਸਲੋਕੁ ॥ ਕਿਆ ਸੁਣੇਦੋ ਕੂੜੁ ਵੰਞਨਿ ਪਵਣ ਝੁਲਾਰਿਆ ॥ ਨਾਨਕ ਸੁਣੀਅਰ ਤੇ ਪਰਵਾਣੁ ਜੋ ਸੁਣੇਦੇ ਸਚੁ ਧਣੀ ॥੧॥ ਛੰਤੁ ॥ ਤਿਨ ਘੋਲਿ ਘੁਮਾਈ ਜਿਨ ਪ੍ਰਭੁ ਸ੍ਰਵਣੀ ਸੁਣਿਆ ਰਾਮ ॥ ਸੇ ਸਹਜਿ ਸੁਹੇਲੇ ਜਿਨ ਹਰਿ ਹਰਿ ਰਸਨਾ ਭਣਿਆ ਰਾਮ ॥ ਸੇ ਸਹਜਿ ਸੁਹੇਲੇ ਗੁਣਹ ਅਮੋਲੇ ਜਗਤ ਉਧਾਰਣ ਆਏ ॥ ਭੈ ਬੋਹਿਥ ਸਾਗਰ ਪ੍ਰਭ ਚਰਣਾ ਕੇਤੇ ਪਾਰਿ ਲਘਾਏ ॥ ਜਿਨ ਕੰਉ ਕ੍ਰਿਪਾ ਕਰੀ ਮੇਰੈ ਠਾਕੁਰਿ ਤਿਨ ਕਾ ਲੇਖਾ ਨ ਗਣਿਆ ॥ ਕਹੁ ਨਾਨਕ ਤਿਸੁ ਘੋਲਿ ਘੁਮਾਈ ਜਿਨਿ ਪ੍ਰਭੁ ਸ੍ਰਵਣੀ ਸੁਣਿਆ ॥੧॥ {ਪੰਨਾ 577}
ਪਦਅਰਥ: ਕੂੜੁ = ਝੂਠ, ਝੂਠੇ ਪਦਾਰਥਾਂ ਦੀ ਗੱਲ। ਵੰਞਨਿ = ਚਲੇ ਜਾਂਦੇ ਹਨ। ਝੁਲਾਰਿਆ = ਬੁੱਲਿਆਂ ਵਾਂਗ। ਸੁਣੀਅਰ = ਕੰਨ। ਤੇ = {ਬਹੁ-ਵਚਨ} ਉਹ। ਸਚੁ = ਸਦਾ ਕਾਇਮ ਰਹਿਣ ਵਾਲਾ। ਧਣੀ = ਮਾਲਕ = ਪ੍ਰਭੂ।੧।
ਛੰਤੁ: ਘੋਲਿ ਘੁਮਾਈ = ਮੈਂ ਕੁਰਬਾਨ ਜਾਂਦਾ ਹਾਂ। ਸ੍ਰਵਣੀ = ਕੰਨਾਂ ਨਾਲ। ਸਹਜਿ = ਆਤਮਕ ਅਡੋਲਤਾ ਵਿਚ। ਸੁਹੇਲੇ = ਸੁਖੀ। ਰਸਨਾ = ਜੀਭ (ਨਾਲ) । ਉਧਾਰਣ = ਪਾਰ ਲੰਘਾਣ ਵਾਸਤੇ। ਭੈ ਸਾਗਰ = ਭਿਆਨਕ ਸਮੁੰਦਰ। ਬੋਹਿਥ = ਜਹਾਜ਼। ਕੇਤੇ = ਬੇਅੰਤ। ਕੰਉ = ਨੂੰ। ਠਾਕੁਰਿ = ਠਾਕੁਰ ਨੇ। ਜਿਨਿ = ਜਿਸ ਨੇ {ਜਿਨ = ਜਿੰਨ੍ਹਾਂ ਨੇ}।੧।
ਅਰਥ: ਹੇ ਭਾਈ! ਨਾਸਵੰਤ ਪਦਾਰਥਾਂ ਦੀ ਗੱਲ ਕੀਹ ਸੁਣਦਾ ਹੈਂ? (ਇਹ ਪਦਾਰਥ ਤਾਂ) ਹਵਾ ਦੇ ਬੁੱਲਿਆਂ ਵਾਂਗ ਚਲੇ ਜਾਂਦੇ ਹਨ। ਹੇ ਨਾਨਕ! ਸਿਰਫ਼) ਉਹ ਕੰਨ (ਪਰਮਾਤਮਾ ਦੀ ਹਜ਼ੂਰੀ ਵਿਚ) ਕਬੂਲ ਹਨ ਜੇਹੜੇ ਸਦਾ-ਥਿਰ ਰਹਿਣ ਵਾਲੇ ਮਾਲਕ-ਪ੍ਰਭੂ (ਦੀ ਸਿਫ਼ਤਿ-ਸਾਲਾਹ) ਨੂੰ ਸੁਣਦੇ ਹਨ।੧।
ਛੰਤੁ। ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਆਪਣੇ ਕੰਨਾਂ ਨਾਲ ਪ੍ਰਭੂ (ਦਾ ਨਾਮ) ਸੁਣਿਆ ਹੈ, ਉਹਨਾਂ ਤੋਂ ਮੈਂ ਸਦਕੇ ਕੁਰਬਾਨ ਜਾਂਦਾ ਹਾਂ। ਜੇਹੜੇ ਮਨੁੱਖ ਆਪਣੀ ਜੀਭ ਨਾਲ ਪਰਮਾਤਮਾ ਦਾ ਨਾਮ ਜਪਦੇ ਹਨ ਉਹ ਆਤਮਕ ਅਡੋਲਤਾ ਵਿਚ ਟਿਕ ਕੇ ਸੁਖੀ ਰਹਿੰਦੇ ਹਨ। ਉਹ ਮਨੁੱਖ ਆਤਮਕ ਅਡੋਲਤਾ ਵਿਚ ਰਹਿ ਕੇ ਸੁਖੀ ਜੀਵਨ ਜੀਊਂਦੇ ਹਨ, ਉਹ ਅਮੋਲਕ ਗੁਣਾਂ ਵਾਲੇ ਹੋ ਜਾਂਦੇ ਹਨ, ਉਹ ਤਾਂ ਜਗਤ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਵਾਸਤੇ ਆਉਂਦੇ ਹਨ। ਹੇ ਭਾਈ! ਇਸ ਭਿਆਨਕ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਵਾਸਤੇ ਪਰਮਾਤਮਾ ਦੇ ਚਰਨ ਜਹਾਜ਼ ਹਨ (ਆਪ ਨਾਮ ਜਪਣ ਵਾਲੇ ਮਨੁੱਖ) ਅਨੇਕਾਂ ਨੂੰ (ਪ੍ਰਭੂ-ਚਰਨਾਂ ਵਿਚ ਜੋੜ ਕੇ) ਪਾਰ ਲੰਘਾ ਦੇਂਦੇ ਹਨ। ਮੇਰੇ ਮਾਲਕ-ਪ੍ਰਭੂ ਨੇ ਜਿਨ੍ਹਾਂ ਉਤੇ ਮੇਹਰ (ਦੀ ਨਿਗਾਹ) ਕੀਤੀ, ਉਹਨਾਂ ਦੇ ਕਰਮਾਂ ਦਾ ਹਿਸਾਬ ਕਰਨਾ ਉਸ ਨੇ ਛੱਡ ਦਿੱਤਾ। ਹੇ ਨਾਨਕ! ਆਖ-ਮੈਂ ਉਸ ਮਨੁੱਖ ਤੋਂ ਸਦਕੇ ਕੁਰਬਾਨ ਜਾਂਦਾ ਹਾਂ ਜਿਸ ਨੇ ਆਪਣੇ ਕੰਨਾਂ ਨਾਲ ਪਰਮਾਤਮਾ (ਦੀ ਸਿਫ਼ਤਿ-ਸਾਲਾਹ) ਨੂੰ ਸੁਣਿਆ ਹੈ।੧।
ਸਲੋਕੁ ॥ ਲੋਇਣ ਲੋਈ ਡਿਠ ਪਿਆਸ ਨ ਬੁਝੈ ਮੂ ਘਣੀ ॥ ਨਾਨਕ ਸੇ ਅਖੜੀਆਂ ਬਿਅੰਨਿ ਜਿਨੀ ਡਿਸੰਦੋ ਮਾ ਪਿਰੀ ॥੧॥ ਛੰਤੁ ॥ ਜਿਨੀ ਹਰਿ ਪ੍ਰਭੁ ਡਿਠਾ ਤਿਨ ਕੁਰਬਾਣੇ ਰਾਮ ॥ ਸੇ ਸਾਚੀ ਦਰਗਹ ਭਾਣੇ ਰਾਮ ॥ ਠਾਕੁਰਿ ਮਾਨੇ ਸੇ ਪਰਧਾਨੇ ਹਰਿ ਸੇਤੀ ਰੰਗਿ ਰਾਤੇ ॥ ਹਰਿ ਰਸਹਿ ਅਘਾਏ ਸਹਜਿ ਸਮਾਏ ਘਟਿ ਘਟਿ ਰਮਈਆ ਜਾਤੇ ॥ ਸੇਈ ਸਜਣ ਸੰਤ ਸੇ ਸੁਖੀਏ ਠਾਕੁਰ ਅਪਣੇ ਭਾਣੇ ॥ ਕਹੁ ਨਾਨਕ ਜਿਨ ਹਰਿ ਪ੍ਰਭੁ ਡਿਠਾ ਤਿਨ ਕੈ ਸਦ ਕੁਰਬਾਣੇ ॥੨॥ {ਪੰਨਾ 577}
ਪਦਅਰਥ: ਲੋਇਣ = ਅੱਖਾਂ (ਨਾਲ) । ਲੋਈ = ਜਗਤ, ਲੋਕ। ਪਿਆਸ = ਵੇਖਣ ਦੀ ਲਾਲਸਾ। ਮੂ = ਮੈਨੂੰ। ਘਣੀ = ਬਹੁਤ। ਬਿਅੰਨਿ = ਹੋਰ ਕਿਸਮ ਦੀਆਂ। ਮਾ ਪਿਰੀ = ਮੇਰਾ ਪਿਆਰਾ।੧।
ਛੰਤੁ। ਕੁਰਬਾਣੇ = ਸਦਕੇ। ਸੇ = {ਬਹੁ-ਵਚਨ} ਉਹ। ਭਾਣੇ = ਪਸੰਦ ਆਉਂਦੇ ਹਨ। ਠਾਕੁਰਿ = ਠਾਕੁਰ ਨੇ। ਮਾਨੇ = ਆਦਰ ਦਿੱਤਾ। ਪਰਧਾਨੇ = ਮੰਨੇ = ਪ੍ਰਮੰਨੇ। ਸੇਤੀ = ਨਾਲ। ਰੰਗਿ = ਪ੍ਰੇਮ = ਰੰਗ ਵਿਚ। ਰਾਤੇ = ਰੰਗੇ ਰਹਿੰਦੇ ਹਨ। ਰਸਹਿ = ਰਸ ਨਾਲ। ਅਘਾਣੇ = ਤ੍ਰਿਪਤ। ਸਹਜਿ = ਆਤਮਕ ਅਡੋਲਤਾ ਵਿਚ। ਘਟਿ ਘਟਿ = ਹਰੇਕ ਘਟ ਵਿਚ। ਤਿਨ ਕੈ = ਉਹਨਾਂ ਤੋਂ। ਸਦ = ਸਦਾ।੨।
ਅਰਥ: ਮੈਂ ਆਪਣੀਆਂ ਅੱਖਾਂ ਨਾਲ ਜਗਤ ਨੂੰ ਵੇਖਿਆ ਹੈ, (ਅਜੇ ਭੀ) ਮੈਨੂੰ (ਜਗਤ ਵੇਖਣ ਦੀ ਪਿਆਸ) ਬਹੁਤ ਹੈ, ਇਹ ਪਿਆਸ ਬੁੱਝਦੀ ਨਹੀਂ। ਹੇ ਨਾਨਕ! ਜਿਨ੍ਹਾਂ ਅੱਖਾਂ ਨੇ ਮੇਰੇ ਪਿਆਰੇ ਪ੍ਰਭੂ ਨੂੰ ਵੇਖਿਆ, ਉਹ ਅੱਖਾਂ ਹੋਰ ਕਿਸਮ ਦੀਆਂ ਹਨ (ਉਹਨਾਂ ਅੱਖਾਂ ਨੂੰ ਦੁਨੀਆ ਦੇ ਪਦਾਰਥ ਵੇਖਣ ਦੀ ਲਾਲਸਾ ਨਹੀਂ ਹੁੰਦੀ) ।੧।
ਛੰਤੁ। ਮੈਂ ਉਹਨਾਂ ਤੋਂ ਸਦਕੇ ਹਾਂ, ਜਿਨ੍ਹਾਂ ਨੇ ਪਰਮਾਤਮਾ ਦਾ ਦਰਸਨ ਕੀਤਾ ਹੈ, ਉਹ (ਵਡ-ਭਾਗੀ) ਬੰਦੇ ਸਦਾ-ਥਿਰ ਪ੍ਰਭੂ ਦੀ ਹਜ਼ੂਰੀ ਵਿਚ ਪਸੰਦ ਆਉਂਦੇ ਹਨ। ਜਿਨ੍ਹਾਂ ਜੀਵਾਂ ਨੂੰ ਮਾਲਕ-ਪ੍ਰਭੂ ਨੇ ਆਦਰ-ਮਾਣ ਦਿੱਤਾ ਹੈ, (ਹਰ ਥਾਂ) ਮੰਨੇ-ਪ੍ਰਮੰਨੇ ਜਾਂਦੇ ਹਨ, ਉਹ ਪਰਮਾਤਮਾ ਦੇ ਚਰਨਾਂ ਨਾਲ ਜੁੜੇ ਰਹਿੰਦੇ ਹਨ, ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ। ਉਹ ਮਨੁੱਖ ਪਰਮਾਤਮਾ ਦੇ ਨਾਮ-ਰਸ ਨਾਲ (ਦੁਨੀਆ ਦੇ ਪਦਾਰਥਾਂ ਵੱਲੋਂ) ਰੱਜੇ ਰਹਿੰਦੇ ਹਨ ਉਹ ਆਤਮਕ ਅਡੋਲਤਾ ਵਿਚ ਲੀਨ ਰਹਿੰਦੇ ਹਨ, ਉਹ ਮਨੁੱਖ ਪਰਮਾਤਮਾ ਨੂੰ ਹਰੇਕ ਸਰੀਰ ਵਿਚ ਵੱਸਦਾ ਪਛਾਣਦੇ ਹਨ।
ਹੇ ਭਾਈ! ਉਹੀ ਮਨੁੱਖ ਭਲੇ ਹਨ, ਸੰਤ ਹਨ, ਸੁਖੀ ਹਨ, ਜੋ ਆਪਣੇ ਮਾਲਕ ਪ੍ਰਭੂ ਨੂੰ ਚੰਗੇ ਲੱਗਦੇ ਹਨ। ਹੇ ਨਾਨਕ! ਆਖ-ਜਿਨ੍ਹਾਂ ਮਨੁੱਖਾਂ ਨੇ ਹਰੀ ਪ੍ਰਭੂ ਦਾ ਦਰਸਨ ਕਰ ਲਿਆ ਹੈ, ਮੈਂ ਉਹਨਾਂ ਤੋਂ ਸਦਾ ਸਦਕੇ ਜਾਂਦਾ ਹਾਂ।੨।
ਸਲੋਕੁ ॥ ਦੇਹ ਅੰਧਾਰੀ ਅੰਧ ਸੁੰਞੀ ਨਾਮ ਵਿਹੂਣੀਆ ॥ ਨਾਨਕ ਸਫਲ ਜਨੰਮੁ ਜੈ ਘਟਿ ਵੁਠਾ ਸਚੁ ਧਣੀ ॥੧॥ ਛੰਤੁ ॥ ਤਿਨ ਖੰਨੀਐ ਵੰਞਾਂ ਜਿਨ ਮੇਰਾ ਹਰਿ ਪ੍ਰਭੁ ਡੀਠਾ ਰਾਮ ॥ ਜਨ ਚਾਖਿ ਅਘਾਣੇ ਹਰਿ ਹਰਿ ਅੰਮ੍ਰਿਤੁ ਮੀਠਾ ਰਾਮ ॥ ਹਰਿ ਮਨਹਿ ਮੀਠਾ ਪ੍ਰਭੂ ਤੂਠਾ ਅਮਿਉ ਵੂਠਾ ਸੁਖ ਭਏ ॥ ਦੁਖ ਨਾਸ ਭਰਮ ਬਿਨਾਸ ਤਨ ਤੇ ਜਪਿ ਜਗਦੀਸ ਈਸਹ ਜੈ ਜਏ ॥ ਮੋਹ ਰਹਤ ਬਿਕਾਰ ਥਾਕੇ ਪੰਚ ਤੇ ਸੰਗੁ ਤੂਟਾ ॥ ਕਹੁ ਨਾਨਕ ਤਿਨ ਖੰਨੀਐ ਵੰਞਾ ਜਿਨ ਘਟਿ ਮੇਰਾ ਹਰਿ ਪ੍ਰਭੁ ਵੂਠਾ ॥੩॥ {ਪੰਨਾ 577}
ਪਦਅਰਥ: ਦੇਹ = ਸਰੀਰ। ਅੰਧਾਰੀ ਅੰਧ = (ਮੋਹ ਦੇ) ਹਨੇਰੇ ਵਿਚ ਅੰਨ੍ਹੀ। ਵਿਹੂਣੀਆ = ਸੱਖਣੀ। ਜੈ ਘਟਿ = ਜਿਸ ਦੇ ਹਿਰਦੇ ਵਿਚ। ਵੁਠਾ = ਆ ਵੱਸਿਆ। ਸਚੁ ਧਣੀ = ਸਦਾ ਕਾਇਮ ਰਹਿਣ ਵਾਲਾ ਮਾਲਕ = ਪ੍ਰਭੂ।੧।
ਛੰਤੁ। ਵੰਞਾ = ਵੰਞਾਂ, ਮੈਂ ਜਾਂਦਾ ਹਾਂ। ਖੰਨੀਐ ਵੰਞਾਂ = ਮੈਂ ਟੋਟੇ ਟੋਟੇ ਹੋ ਕੇ ਸਦਕੇ ਜਾਂਦਾ ਹਾਂ। ਚਾਖਿ = (ਨਾਮ = ਰਸ) ਚੱਖ ਕੇ। ਅਘਾਣੇ = ਰੱਜ ਜਾਂਦੇ ਹਨ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ = ਜਲ। ਮਨਹਿ = ਮਨ ਵਿਚ। ਤੂਠਾ = ਪ੍ਰਸੰਨ ਹੁੰਦਾ। ਅਮਿਉ = ਅੰਮ੍ਰਿਤ। ਤਨ ਤੇ = ਤਨ ਤੋਂ। ਜਗਦੀਸ = ਜਗਤ ਦਾ ਮਾਲਕ। ਈਸਹ ਜੈ ਜਏ = ਮਾਲਕ ਦੀ ਜੈ = ਜੈਕਾਰ। ਜਪਿ = ਜਪ ਕੇ, ਆਖ ਕੇ। ਸੰਗੁ = ਸਾਥ। ਜਿਨ ਘਟਿ = ਜਿਨ੍ਹਾਂ ਦੇ ਹਿਰਦੇ ਵਿਚ।੩।
ਅਰਥ: ਹੇ ਭਾਈ! ਜੇਹੜਾ ਸਰੀਰ ਪਰਮਾਤਮਾ ਦੇ ਨਾਮ ਤੋਂ ਸੱਖਣਾ ਰਹਿੰਦਾ ਹੈ, ਉਹ ਮਾਇਆ ਦੇ ਮੋਹ ਦੇ ਹਨੇਰੇ ਵਿਚ ਅੰਨ੍ਹਾ ਹੋਇਆ ਰਹਿੰਦਾ ਹੈ। ਹੇ ਨਾਨਕ! ਉਸ ਮਨੁੱਖ ਦਾ ਜੀਵਨ ਕਾਮਯਾਬ ਹੈ ਜਿਸ ਦੇ ਹਿਰਦੇ ਵਿਚ ਸਦਾ ਕਾਇਮ ਰਹਿਣ ਵਾਲਾ ਮਾਲਕ-ਪ੍ਰਭੂ ਆ ਵੱਸਦਾ ਹੈ।੧।
ਛੰਤੁ। ਮੈਂ ਉਹਨਾਂ ਮਨੁੱਖਾਂ ਤੋਂ ਸਦਕੇ-ਕੁਰਬਾਨ ਜਾਂਦਾ ਹਾਂ ਜਿਨ੍ਹਾਂ ਮੇਰੇ ਹਰੀ-ਪ੍ਰਭੂ ਦਾ ਦਰਸਨ ਕਰ ਲਿਆ ਹੈ। ਉਹ ਮਨੁੱਖ (ਪਰਮਾਤਮਾ ਦਾ ਨਾਮ-ਰਸ) ਚੱਖ ਕੇ (ਦੁਨੀਆ ਦੇ ਪਦਾਰਥਾਂ ਵੱਲੋਂ) ਰੱਜ ਜਾਂਦੇ ਹਨ, ਉਹਨਾਂ ਨੂੰ ਆਤਮਕ ਜੀਵਨ ਦੇਣ ਵਾਲਾ ਪਰਮਾਤਮਾ ਦਾ ਨਾਮ-ਜਲ ਮਿੱਠਾ ਲੱਗਦਾ ਹੈ। ਪਰਮਾਤਮਾ ਉਹਨਾਂ ਨੂੰ ਆਪਣੇ ਮਨ ਵਿਚ ਪਿਆਰਾ ਲੱਗਦਾ ਹੈ, ਪਰਮਾਤਮਾ ਉਹਨਾਂ ਉਤੇ ਪ੍ਰਸੰਨ ਹੋ ਜਾਂਦਾ ਹੈ, ਉਹਨਾਂ ਦੇ ਅੰਦਰ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਆ ਵੱਸਦਾ ਹੈ, ਉਹਨਾਂ ਨੂੰ ਸਾਰੇ ਆਨੰਦ ਪ੍ਰਾਪਤ ਹੋ ਜਾਂਦੇ ਹਨ। ਜਗਤ ਦੇ ਮਾਲਕ-ਪ੍ਰਭੂ ਦੀ ਜੈ-ਜੈਕਾਰ ਆਖ ਆਖ ਕੇ ਉਹਨਾਂ ਦੇ ਸਰੀਰ ਤੋਂ ਦੁੱਖ ਤੇ ਭਰਮ ਦੂਰ ਹੋ ਜਾਂਦੇ ਹਨ। ਉਹ ਮਨੁੱਖ ਮੋਹ ਤੋਂ ਰਹਿਤ ਹੋ ਜਾਂਦੇ ਹਨ, ਉਹਨਾਂ ਦੇ ਅੰਦਰੋਂ ਵਿਕਾਰ ਮੁੱਕ ਜਾਂਦੇ ਹਨ, ਕਾਮਾਦਿਕ ਪੰਜਾਂ ਨਾਲੋਂ ਉਹਨਾਂ ਦਾ ਸਾਥ ਟੁੱਟ ਜਾਂਦਾ ਹੈ।
ਹੇ ਨਾਨਕ! ਆਖ-ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਮੇਰਾ ਹਰੀ-ਪ੍ਰਭੂ ਆ ਵੱਸਿਆ ਹੈ ਮੈਂ ਉਹਨਾਂ ਤੋਂ ਸਦਕੇ-ਕੁਰਬਾਨ ਜਾਂਦਾ ਹਾਂ।੩।
ਸਲੋਕੁ ॥ ਜੋ ਲੋੜੀਦੇ ਰਾਮ ਸੇਵਕ ਸੇਈ ਕਾਂਢਿਆ ॥ ਨਾਨਕ ਜਾਣੇ ਸਤਿ ਸਾਂਈ ਸੰਤ ਨ ਬਾਹਰਾ ॥੧॥ ਛੰਤੁ ॥ ਮਿਲਿ ਜਲੁ ਜਲਹਿ ਖਟਾਨਾ ਰਾਮ ॥ ਸੰਗਿ ਜੋਤੀ ਜੋਤਿ ਮਿਲਾਨਾ ਰਾਮ ॥ ਸੰਮਾਇ ਪੂਰਨ ਪੁਰਖ ਕਰਤੇ ਆਪਿ ਆਪਹਿ ਜਾਣੀਐ ॥ ਤਹ ਸੁੰਨਿ ਸਹਜਿ ਸਮਾਧਿ ਲਾਗੀ ਏਕੁ ਏਕੁ ਵਖਾਣੀਐ ॥ ਆਪਿ ਗੁਪਤਾ ਆਪਿ ਮੁਕਤਾ ਆਪਿ ਆਪੁ ਵਖਾਨਾ ॥ ਨਾਨਕ ਭ੍ਰਮ ਭੈ ਗੁਣ ਬਿਨਾਸੇ ਮਿਲਿ ਜਲੁ ਜਲਹਿ ਖਟਾਨਾ ॥੪॥੨॥ {ਪੰਨਾ 578}
ਪਦਅਰਥ: ਲੋੜੀਦੇ ਰਾਮ = ਰਾਮ ਨੂੰ ਚੰਗੇ ਲੱਗਦੇ ਹਨ। ਸੇਈ = ਉਹੀ {ਬਹੁ-ਵਚਨ}। ਕਾਂਢਿਆ = ਅਖਵਾਂਦੇ ਹਨ। ਜਾਣੇ = ਜਾਣਿ, ਸਮਝ। ਸਤਿ = ਸੱਚ। ਬਾਹਰਾ = ਵੱਖਰਾ।੧।
ਛੰਤੁ। ਮਿਲਿ = ਮਿਲ ਕੇ। ਜਲਹਿ = ਜਲ ਵਿਚ। ਖਟਾਨਾ = ਇੱਕ = ਰੂਪ ਹੋ ਜਾਂਦਾ ਹੈ। ਸੰਗਿ = ਨਾਲ। ਜੋਨੀ = ਪਰਮਾਤਮਾ। ਜੋਤਿ = ਜੀਵ ਦੀ ਆਤਮਾ। ਸੰਮਾਇ = ਸਮਾ ਲਏ ਹਨ, ਮਿਲਾ ਲਏ ਹਨ। ਕਰਤੇ = ਕਰਤਾਰ ਨੇ। ਆਪਹਿ = ਆਪ ਹੀ। ਜਾਣੀਐ = ਜਾਣਿਆ ਜਾਂਦਾ ਹੈ। ਤਹ = ਉਥੇ, ਉਹਨਾਂ ਦੇ ਹਿਰਦੇ ਵਿਚ। ਸੁੰਨਿ = ਵਿਕਾਰਾਂ ਵਲੋਂ ਸੁੰਞ। ਸਹਜਿ = ਆਤਮਕ ਅਡੋਲਤਾ ਵਿਚ। ਵਖਾਣੀਐ = ਵਖਾਣਿਆ ਜਾਂਦਾ ਹੈ, ਸਿਫ਼ਤਿ-ਸਾਲਾਹ ਹੁੰਦੀ ਹੈ। ਗੁਪਤਾ = ਲੁਕਿਆ ਹੋਇਆ। ਮੁਕਤਾ = ਮਾਇਆ ਦੇ ਮੋਹ ਤੋਂ ਰਹਿਤ। ਆਪੁ = ਆਪਣੇ ਆਪ ਨੂੰ {ਲਫ਼ਜ਼ 'ਆਪਿ' ਅਤੇ 'ਆਪੁ' ਦਾ ਫ਼ਰਕ ਵੇਖੋ}। ਗੁਣ = ਮਾਇਆ ਦੇ ਤਿੰਨ ਗੁਣ।੪।
ਅਰਥ: ਹੇ ਨਾਨਕ! ਜੇਹੜੇ ਮਨੁੱਖ ਪਰਮਾਤਮਾ ਨੂੰ ਪਿਆਰੇ ਲੱਗਦੇ ਹਨ, ਉਹੀ (ਅਸਲ) ਸੇਵਕ ਅਖਵਾਂਦੇ ਹਨ। (ਹੇ ਭਾਈ!) ਸੱਚ ਜਾਣ, ਮਾਲਕ-ਪ੍ਰਭੂ ਸੰਤਾਂ ਨਾਲੋਂ ਵੱਖਰਾ ਨਹੀਂ ਹੈ।੧।
ਛੰਤੁ। (ਹੇ ਭਾਈ! ਜਿਵੇਂ) ਪਾਣੀ ਪਾਣੀ ਵਿਚ ਮਿਲ ਕੇ ਇਕ-ਰੂਪ ਹੋ ਜਾਂਦਾ ਹੈ (ਤਿਵੇਂ ਸੇਵਕ ਦੀ) ਆਤਮਾ ਪਰਮਾਤਮਾ ਦੇ ਨਾਲ ਮਿਲੀ ਰਹਿੰਦੀ ਹੈ। ਪੂਰਨ ਸਰਬ-ਵਿਆਪਕ ਕਰਤਾਰ ਨੇ ਜਿਸ ਸੇਵਕ ਨੂੰ ਆਪਣੇ ਵਿਚ ਲੀਨ ਕਰ ਲਿਆ, ਉਸ ਦੇ ਅੰਦਰ ਇਹ ਸੂਝ ਪੈਦਾ ਹੋ ਜਾਂਦੀ ਹੈ ਕਿ (ਹਰ ਥਾਂ) ਪਰਮਾਤਮਾ ਆਪ ਹੀ ਆਪ ਹੈ, ਉਸ ਦੇ ਹਿਰਦੇ ਵਿਚ (ਵਿਕਾਰਾਂ ਵਲੋਂ) ਸੁੰਞ ਹੋ ਜਾਂਦੀ ਹੈ, ਆਤਮਕ ਅਡੋਲਤਾ ਵਿਚ ਉਸ ਦੀ ਸਮਾਧੀ ਲੱਗੀ ਰਹਿੰਦੀ ਹੈ, ਉਸ ਦੇ ਹਿਰਦੇ ਵਿਚ ਇਕ ਪਰਮਾਤਮਾ ਦੀ ਹੀ ਸਿਫ਼ਤਿ-ਸਾਲਾਹ ਹੁੰਦੀ ਰਹਿੰਦੀ ਹੈ। (ਉਸ ਨੂੰ ਨਿਸ਼ਚਾ ਬਣਿਆ ਰਹਿੰਦਾ ਹੈ ਕਿ) ਪਰਮਾਤਮਾ ਸਾਰੇ ਸੰਸਾਰ ਵਿਚ ਆਪ ਹੀ ਲੁਕਿਆ ਹੋਇਆ ਹੈ, ਫਿਰ ਭੀ ਉਹ ਆਪ ਮਾਇਆ ਦੇ ਮੋਹ ਤੋਂ ਰਹਿਤ ਹੈ (ਹਰ ਥਾਂ ਵਿਆਪਕ ਹੋਣ ਕਰਕੇ) ਉਹ ਆਪ ਹੀ ਆਪਣੇ ਆਪ ਨੂੰ ਸਿਮਰ ਰਿਹਾ ਹੈ। ਹੇ ਨਾਨਕ! ਉਸ ਮਨੁੱਖ ਦੇ ਅੰਦਰੋਂ ਭਰਮ ਡਰ ਤੇ ਮਾਇਆ ਦੇ ਤਿੰਨ ਗੁਣ ਨਾਸ ਹੋ ਜਾਂਦੇ ਹਨ, (ਉਹ ਇਉਂ ਪਰਮਾਤਮਾ ਨਾਲ ਇਕ-ਰੂਪ ਹੋਇਆ ਰਹਿੰਦਾ ਹੈ, ਜਿਵੇਂ) ਪਾਣੀ ਪਾਣੀ ਵਿੱਚ ਮਿਲ ਕੇ ਇਕ ਰੂਪ ਹੋ ਜਾਂਦਾ ਹੈ।੪।੨।
*┈┉┅━❀꧁ੴ꧂❀━┅┉┈*
||ਅੱਜ ਦਾ ਫੁਰਮਾਨ|| ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ||
ਸੂਹੀ ਮਹਲਾ ੪ ॥ ਜਿਥੈ ਹਰਿ ਆਰਾਧੀਐ ਤਿਥੈ ਹਰਿ ਮਿਤੁ ਸਹਾਈ ॥ ਗੁਰ ਕਿਰਪਾ ਤੇ ਹਰਿ ਮਨਿ ਵਸੈ ਹੋਰਤੁ ਬਿਧਿ ਲਇਆ ਨ ਜਾਈ ॥੧॥ ਹਰਿ ਧਨੁ ਸੰਚੀਐ ਭਾਈ ॥ ਜਿ ਹਲਤਿ ਪਲਤਿ ਹਰਿ ਹੋਇ ਸਖਾਈ ॥੧॥ ਰਹਾਉ ॥ ਸਤਸੰਗਤੀ ਸੰਗਿ ਹਰਿ ਧਨੁ ਖਟੀਐ ਹੋਰ ਥੈ ਹੋਰਤੁ ਉਪਾਇ ਹਰਿ ਧਨੁ ਕਿਤੈ ਨ ਪਾਈ ॥ ਹਰਿ ਰਤਨੈ ਕਾ ਵਾਪਾਰੀਆ ਹਰਿ ਰਤਨ ਧਨੁ ਵਿਹਾਝੇ ਕਚੈ ਕੇ ਵਾਪਾਰੀਏ ਵਾਕਿ ਹਰਿ ਧਨੁ ਲਇਆ ਨ ਜਾਈ ॥੨॥ {ਪੰਨਾ 733-734}
ਪਦਅਰਥ: ਮਿਤੁ = ਮਿੱਤਰ। ਸਹਾਈ = ਮਦਦਗਾਰ। ਤੇ = ਤੋਂ, ਨਾਲ। ਮਨਿ = ਮਨ ਵਿਚ। ਹੋਰਤੁ ਬਿਧਿ = ਕਿਸੇ ਹੋਰ ਤਰੀਕੇ ਨਾਲ। {ਹੋਰਤੁ = ਹੋਰ ਦੀ ਰਾਹੀਂ। ਜਿਤੁ = ਜਿਸ ਦੀ ਰਾਹੀਂ। ਤਿਤੁ = ਉਸ ਦੀ ਰਾਹੀਂ।੧।
ਸੰਚੀਐ = ਇਕੱਠਾ ਕਰਨਾ ਚਾਹੀਦਾ ਹੈ। ਭਾਈ = ਹੇ ਭਾਈ! ਜਿ ਹਰਿ = ਜੇਹੜਾ ਹਰੀ! ਹਲਤਿ = ਇਸ ਲੋਕ ਵਿਚ। ਪਲਤਿ = ਪਰਲੋਕ ਵਿਚ। ਸਖਾਈ = ਮਿੱਤਰ।੧।ਰਹਾਉ।
ਸੰਗਿ = ਨਾਲ। ਸਤ ਸੰਗਤੀ ਸੰਗਿ = ਸਤਸੰਗੀਆਂ ਨਾਲ (ਰਲ ਕੇ) । ਖਟੀਐ = ਖੱਟਿਆ ਜਾ ਸਕਦਾ ਹੈ। ਹੋਰਥੈ = ਕਿਸੇ ਹੋਰ ਥਾਂ। ਹੋਰਤੁ ਉਪਾਇ = ਕਿਸੇ ਹੋਰ ਜਤਨ ਨਾਲ। ਕਿਤੈ = ਕਿਸੇ ਭੀ ਥਾਂ। ਵਿਹਾਝੇ = ਖ਼ਰੀਦਦਾ ਹੈ।
ਕਚੈ ਕੇ ਵਾਪਾਰੀਏ = ਕੱਚ ਦਾ ਵਪਾਰ ਕਰਨ ਵਾਲੇ (ਕੱਚ ਹੀ ਵਿਹਾਝਦੇ ਹਨ) । ਵਾਕਿ = (ਉਹਨਾਂ ਦੇ) ਵਾਕ ਨਾਲ, (ਉਹਨਾਂ ਦੀ) ਸਿੱਖਿਆ ਨਾਲ।੨।
ਅਰਥ: ਹੇ ਭਾਈ! ਜੇਹੜਾ ਹਰੀ ਇਸ ਲੋਕ ਵਿਚ ਅਤੇ ਪਰਲੋਕ ਵਿਚ ਮਿੱਤਰ ਬਣਦਾ ਹੈ, ਉਸ ਦਾ ਨਾਮ-ਧਨ ਇਕੱਠਾ ਕਰਨਾ ਚਾਹੀਦਾ ਹੈ।੧।ਰਹਾਉ।
ਹੇ ਭਾਈ! ਜਿਸ ਭੀ ਥਾਂ ਪਰਮਾਤਮਾ ਦਾ ਆਰਾਧਨ ਕੀਤਾ ਜਾਏ, ਉਹ ਮਿੱਤਰ ਪਰਮਾਤਮਾ ਉੱਥੇ ਹੀ ਆ ਮਦਦਗਾਰ ਬਣਦਾ ਹੈ। (ਪਰ ਉਹ) ਪਰਮਾਤਮਾ ਗੁਰੂ ਦੀ ਕਿਰਪਾ ਨਾਲ (ਹੀ ਮਨੁੱਖ ਦੇ) ਮਨ ਵਿਚ ਵੱਸ ਸਕਦਾ ਹੈ, ਕਿਸੇ ਭੀ ਹੋਰ ਤਰੀਕੇ ਨਾਲ ਉਸ ਨੂੰ ਲੱਭਿਆ ਨਹੀਂ ਜਾ ਸਕਦਾ।੧।
ਹੇ ਭਾਈ! ਸਤਸੰਗੀਆਂ ਨਾਲ (ਮਿਲ ਕੇ) ਪਰਮਾਤਮਾ ਦਾ ਨਾਮ-ਧਨ ਖੱਟਿਆ ਜਾ ਸਕਦਾ ਹੈ, (ਸਤਸੰਗ ਤੋਂ ਬਿਨਾ) ਕਿਸੇ ਭੀ ਹੋਰ ਥਾਂ, ਕਿਸੇ ਭੀ ਹੋਰ ਜਤਨ ਨਾਲ ਹਰਿ-ਨਾਮ ਧਨ ਖ਼ਰੀਦਦਾ ਹੈ, ਨਾਸਵੰਤ ਪਦਾਰਥਾਂ ਦੇ ਵਪਾਰੀ (ਮਾਇਕ ਪਦਾਰਥ ਹੀ ਖ਼ਰੀਦਦੇ ਹਨ ਉਹਨਾਂ ਦੀ) ਸਿੱਖਿਆ ਨਾਲ ਹਰਿ-ਨਾਮ-ਧਨ ਪ੍ਰਾਪਤ ਨਹੀਂ ਕੀਤਾ ਜਾ ਸਕਦਾ।੨।
ਹਰਿ ਧਨੁ ਰਤਨੁ ਜਵੇਹਰੁ ਮਾਣਕੁ ਹਰਿ ਧਨੈ ਨਾਲਿ ਅੰਮ੍ਰਿਤ ਵੇਲੈ ਵਤੈ ਹਰਿ ਭਗਤੀ ਹਰਿ ਲਿਵ ਲਾਈ ॥ ਹਰਿ ਧਨੁ ਅੰਮ੍ਰਿਤ ਵੇਲੈ ਵਤੈ ਕਾ ਬੀਜਿਆ ਭਗਤ ਖਾਇ ਖਰਚਿ ਰਹੇ ਨਿਖੁਟੈ ਨਾਹੀ ॥ ਹਲਤਿ ਪਲਤਿ ਹਰਿ ਧਨੈ ਕੀ ਭਗਤਾ ਕਉ ਮਿਲੀ ਵਡਿਆਈ ॥੩॥ ਹਰਿ ਧਨੁ ਨਿਰਭਉ ਸਦਾ ਸਦਾ ਅਸਥਿਰੁ ਹੈ ਸਾਚਾ ਇਹੁ ਹਰਿ ਧਨੁ ਅਗਨੀ ਤਸਕਰੈ ਪਾਣੀਐ ਜਮਦੂਤੈ ਕਿਸੈ ਕਾ ਗਵਾਇਆ ਨ ਜਾਈ ॥ ਹਰਿ ਧਨ ਕਉ ਉਚਕਾ ਨੇੜਿ ਨ ਆਵਈ ਜਮੁ ਜਾਗਾਤੀ ਡੰਡੁ ਨ ਲਗਾਈ ॥੪॥ {ਪੰਨਾ 734}
ਪਦਅਰਥ: ਜਵੇਹਰੁ = ਜਵਾਹਰ। ਮਾਣਕੁ = ਮੋਤੀ। ਅੰਮ੍ਰਿਤ ਵੇਲੈ = ਆਤਮਕ ਜੀਵਨ ਦੇਣ ਵਾਲੇ ਸਮੇ ਵਿਚ। ਵਤੈ = ਵੱਤਰ ਦੇ ਵੇਲੇ। ਹਰਿ ਭਗਤੀ = ਹਰੀ ਦੇ ਭਗਤਾਂ ਨੇ। ਲਿਵ = ਲਗਨ। ਲਿਵ ਲਾਈ = ਸੁਰਤਿ ਜੋੜੀ। ਨਿਖੁਟੈ = ਮੁੱਕਦਾ। ਹਲਤਿ = ਇਸ ਲੋਕ ਵਿਚ। ਪਲਤਿ = ਪਰਲੋਕ ਵਿਚ। ਕਉ = ਨੂੰ।੩।
ਅਸਥਿਰੁ = ਸਦਾ ਕਾਇਮ ਰਹਿਣ ਵਾਲਾ। ਸਾਚਾ = ਸਦਾ ਟਿਕੇ ਰਹਿਣ ਵਾਲਾ। ਤਸਕਰ = ਚੋਰ। ਉਚਕਾ = ਉਚੱਕਾ, ਚੁੱਕ ਕੇ ਲੈ ਜਾਣ ਵਾਲਾ, ਲੁਟੇਰਾ। ਜਾਗਾਤੀ = ਮਸੂਲੀਆ। ਡੰਡੁ = ਡੰਨ।੪।
ਅਰਥ: ਹੇ ਭਾਈ! ਪਰਮਾਤਮਾ ਦਾ ਨਾਮ (ਭੀ) ਧਨ (ਹੈ, ਇਹ ਧਨ) ਰਤਨ ਜਵਾਹਰ ਮੋਤੀ (ਵਰਗਾ ਕੀਮਤੀ) ਹੈ। ਪ੍ਰਭੂ ਦੇ ਭਗਤਾਂ ਨੇ ਵੱਤਰ ਦੇ ਵੇਲੇ ਉੱਠ ਕੇ ਅੰਮ੍ਰਿਤ ਵੇਲੇ ਉੱਠ ਕੇ (ਉਸ ਵੇਲੇ ਉੱਠ ਕੇ ਜਦੋਂ ਆਤਮਕ ਜੀਵਨ ਪਲ੍ਹਰਦਾ ਹੈ) ਇਸ ਹਰਿ-ਨਾਮ ਧਨ ਨਾਲ ਸੁਰਤਿ ਜੋੜੀ ਹੁੰਦੀ ਹੈ। ਵੱਤਰ ਦੇ ਵੇਲੇ ਅੰਮ੍ਰਿਤ ਵੇਲੇ (ਉੱਠ ਕੇ) ਬੀਜਿਆ ਹੋਇਆ ਇਹ ਹਰਿ-ਨਾਮ-ਧਨ ਭਗਤ ਜਨ ਆਪ ਵਰਤਦੇ ਰਹਿੰਦੇ ਹਨ, ਹੋਰਨਾਂ ਨੂੰ ਵੰਡਦੇ ਰਹਿੰਦੇ ਹਨ, ਪਰ ਇਹ ਮੁੱਕਦਾ ਨਹੀਂ। ਭਗਤ ਜਨਾਂ ਨੂੰ ਇਸ ਲੋਕ ਵਿਚ ਪਰਲੋਕ ਵਿਚ ਇਸ ਹਰਿ-ਨਾਮ-ਧਨ ਦੇ ਕਾਰਨ ਇੱਜ਼ਤ ਮਿਲਦੀ ਹੈ।੩।
ਹੇ ਭਾਈ! ਇਸ ਹਰਿ-ਨਾਮ-ਧਨ ਨੂੰ ਕਿਸੇ ਕਿਸਮ ਦਾ ਕੋਈ ਡਰ-ਖ਼ਤਰਾ ਨਹੀਂ, ਇਹ ਸਦਾ ਹੀ ਕਾਇਮ ਰਹਿਣ ਵਾਲਾ ਹੈ, ਸਦਾ ਹੀ ਟਿਕਿਆ ਰਹਿੰਦਾ ਹੈ। ਅੱਗ, ਚੋਰ, ਪਾਣੀ, ਮੌਤ-ਕਿਸੇ ਪਾਸੋਂ ਭੀ ਇਸ ਧਨ ਦਾ ਨੁਕਸਾਨ ਨਹੀਂ ਕੀਤਾ ਜਾ ਸਕਦਾ। ਕੋਈ ਲੁਟੇਰਾ ਇਸ ਹਰਿ-ਨਾਮ-ਧਨ ਦੇ ਨੇੜੇ ਨਹੀਂ ਢੁਕ ਸਕਦਾ। ਜਮ ਮਸੂਲੀਆ ਇਸ ਧਨ ਨੂੰ ਮਸੂਲ ਨਹੀਂ ਲਾ ਸਕਦਾ।੪।
ਸਾਕਤੀ ਪਾਪ ਕਰਿ ਕੈ ਬਿਖਿਆ ਧਨੁ ਸੰਚਿਆ ਤਿਨਾ ਇਕ ਵਿਖ ਨਾਲਿ ਨ ਜਾਈ ॥ ਹਲਤੈ ਵਿਚਿ ਸਾਕਤ ਦੁਹੇਲੇ ਭਏ ਹਥਹੁ ਛੁੜਕਿ ਗਇਆ ਅਗੈ ਪਲਤਿ ਸਾਕਤੁ ਹਰਿ ਦਰਗਹ ਢੋਈ ਨ ਪਾਈ ॥੫॥ ਇਸੁ ਹਰਿ ਧਨ ਕਾ ਸਾਹੁ ਹਰਿ ਆਪਿ ਹੈ ਸੰਤਹੁ ਜਿਸ ਨੋ ਦੇਇ ਸੁ ਹਰਿ ਧਨੁ ਲਦਿ ਚਲਾਈ ॥ ਇਸੁ ਹਰਿ ਧਨੈ ਕਾ ਤੋਟਾ ਕਦੇ ਨ ਆਵਈ ਜਨ ਨਾਨਕ ਕਉ ਗੁਰਿ ਸੋਝੀ ਪਾਈ ॥੬॥੩॥੧੦॥ {ਪੰਨਾ 734}
ਪਦਅਰਥ: ਸਾਕਤੀ = ਸਾਕਤੀਂ, ਸਾਕਤਾਂ ਨੇ, ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖਾਂ ਨੇ। ਬਿਖਿਆ = ਮਾਇਆ। ਸੰਚਿਆ = ਇਕੱਠਾ ਕੀਤਾ, ਜੋੜਿਆ। ਵਿਖ = ਕਦਮ। ਦੁਹੇਲੇ = ਦੁਖੀ। ਸਾਕਤ = ਮਾਇਆ = ਵੇੜ੍ਹੇ ਮਨੁੱਖ। ਹਥਹੁ = ਹੱਥ ਵਿਚੋਂ। ਛੁੜਕਿ ਗਇਆ = ਖੁੱਸ ਗਿਆ। ਅਗੈ ਪਲਤਿ = ਅਗਾਂਹ ਪਰਲੋਕ ਵਿਚ। ਸਾਕਤੁ = ਮਾਇਆ = ਵੇੜ੍ਹਿਆ ਮਨੁੱਖ {ਇਕ-ਵਚਨ}। ਢੋਈ = ਆਸਰਾ।੫।
ਸਾਹੁ = ਸ਼ਾਹੁ, ਸਰਮਾਏ ਦਾ ਮਾਲਕ। ਸੰਤਹੁ = ਹੇ ਸੰਤ ਜਨੋ! ਜਿਸ ਨੋ = {ਲਫ਼ਜ਼ 'ਜਿਸੁ' ਦਾ ੁ ਸੰਬੰਧਕ 'ਨੋ' ਦੇ ਕਾਰਨ ਉੱਡ ਗਿਆ ਹੈ}। ਦੇਇ = ਦੇਂਦਾ ਹੈ। ਲਦਿ = ਲੱਦ ਕੇ। ਤੋਟਾ = ਘਾਟ। ਆਵਈ = ਆਵਏ, ਆਵੈ। ਗੁਰਿ = ਗੁਰੂ ਨੇ। ਜਨ ਕਉ = ਆਪਣੇ ਦਾਸ ਨੂੰ। ਨਾਨਕ = ਹੇ ਨਾਨਕ!।੬।
ਅਰਥ: ਹੇ ਭਾਈ! ਮਾਇਆ-ਵੇੜ੍ਹੇ ਮਨੁੱਖਾਂ ਨੇ (ਸਦਾ) ਪਾਪ ਕਰ ਕਰ ਕੇ ਮਾਇਆ-ਧਨ (ਹੀ) ਜੋੜਿਆ, (ਪਰ) ਉਹਨਾਂ ਦੇ ਨਾਲ (ਜਗਤ ਤੋਂ ਤੁਰਨ ਵੇਲੇ) ਇਹ ਧਨ ਇਕ ਕਦਮ ਭੀ ਸਾਥ ਨਾਹ ਕਰ ਸਕਿਆ। (ਇਸ ਮਾਇਆ-ਧਨ ਦੇ ਕਾਰਨ) ਮਾਇਆ-ਵੇੜ੍ਹੇ ਮਨੁੱਖ ਇਸ ਲੋਕ ਵਿਚ ਦੁਖੀ ਹੀ ਰਹੇ (ਮਰਨ ਵੇਲੇ ਇਹ ਧਨ) ਹੱਥੋਂ ਖੁੱਸ ਗਿਆ, ਅਗਾਂਹ ਪਰਲੋਕ ਵਿਚ ਜਾ ਕੇ ਮਾਇਆ-ਵੇੜ੍ਹੇ ਮਨੁੱਖ ਨੂੰ ਪਰਮਾਤਮਾ ਦੀ ਹਜ਼ੂਰੀ ਵਿਚ ਕੋਈ ਥਾਂ ਨਹੀਂ ਮਿਲਦੀ।੫।
ਹੇ ਸੰਤ ਜਨੋ! ਇਸ ਹਰਿ-ਨਾਮ-ਧਨ ਦਾ ਮਾਲਕ ਪਰਮਾਤਮਾ ਆਪ ਹੀ ਹੈ। ਜਿਸ ਮਨੁੱਖ ਨੂੰ ਸ਼ਾਹ ਪ੍ਰਭੂ ਇਹ ਧਨ ਦੇਂਦਾ ਹੈ, ਉਹ ਮਨੁੱਖ (ਇਸ ਜਗਤ ਵਿਚ) ਇਹ ਹਰਿ-ਨਾਮ-ਸੌਦਾ ਵਿਹਾਝ ਕੇ ਇਥੋਂ ਤੁਰਦਾ ਹੈ। ਹੇ ਨਾਨਕ! ਆਖ-ਹੇ ਭਾਈ!) ਇਸ ਹਰਿ-ਨਾਮ-ਧਨ ਦੇ ਵਪਾਰ ਵਿਚ ਕਦੇ ਘਾਟਾ ਨਹੀਂ ਪੈਂਦਾ। ਗੁਰੂ ਨੇ ਆਪਣੇ ਸੇਵਕ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝਾ ਦਿੱਤੀ ਹੈ।੬।੩।੧੦।
*┈┉┅━❀꧁ੴ꧂❀━┅┉┈*
||ਅੱਜ ਦਾ ਫੁਰਮਾਨ|| ਗੁਰੂਦਵਾਰਾ ਸ਼੍ਰੀ ਕਤਲਗੜ ਸਾਹਿਬ ਸ਼੍ਰੀ ਚਮਕੌਰ ਸਾਹਿਬ ।।
ਟੋਡੀ ਮਹਲਾ ੫ ॥ ਹਰਿ ਬਿਸਰਤ ਸਦਾ ਖੁਆਰੀ ॥ ਤਾ ਕਉ ਧੋਖਾ ਕਹਾ ਬਿਆਪੈ ਜਾ ਕਉ ਓਟ ਤੁਹਾਰੀ ॥ ਰਹਾਉ ॥ ਬਿਨੁ ਸਿਮਰਨ ਜੋ ਜੀਵਨੁ ਬਲਨਾ ਸਰਪ ਜੈਸੇ ਅਰਜਾਰੀ ॥ ਨਵ ਖੰਡਨ ਕੋ ਰਾਜੁ ਕਮਾਵੈ ਅੰਤਿ ਚਲੈਗੋ ਹਾਰੀ ॥੧॥ ਗੁਣ ਨਿਧਾਨ ਗੁਣ ਤਿਨ ਹੀ ਗਾਏ ਜਾ ਕਉ ਕਿਰਪਾ ਧਾਰੀ ॥ ਸੋ ਸੁਖੀਆ ਧੰਨੁ ਉਸੁ ਜਨਮਾ ਨਾਨਕ ਤਿਸੁ ਬਲਿਹਾਰੀ ॥੨॥੨॥ {ਪੰਨਾ 711-712}
ਪਦਅਰਥ: ਖੁਆਰੀ = ਬੇ = ਇੱਜ਼ਤੀ। ਕਉ = ਨੂੰ। ਕਹਾ ਬਿਆਪੈ = ਨਹੀਂ ਵਿਆਪ ਸਕਦਾ। ਓਟ = ਆਸਰਾ।ਰਹਾਉ।
ਬਲਨਾ = ਬਿਲਾਨਾ, ਗੁਜ਼ਾਰਨਾ। ਅਰਜਾਰੀ = ਉਮਰ। ਨਵ ਖੰਡਨ ਕੋ ਰਾਜੁ = ਸਾਰੀ ਧਰਤੀ ਦਾ ਰਾਜ। ਅੰਤਿ = ਆਖ਼ਰ ਨੂੰ। ਹਾਰੀ = ਹਾਰਿ, (ਮਨੁੱਖਾ ਜੀਵਨ ਦੀ ਬਾਜ਼ੀ) ਹਾਰ ਕੇ।੧।
ਗੁਣ ਨਿਧਾਨ ਗੁਣ = ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦੇ ਗੁਣ। ਤਿਨ ਹੀ = ਉਸ ਨੇ ਹੀ {ਲਫ਼ਜ਼ 'ਤਿਨਿ' ਦੀ 'ਿ' ਕ੍ਰਿਆ = ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਈ ਹੈ} ਤਿਨਿ ਹੀ। ਜਾ ਕਉ = ਜਿਸ ਉਤੇ। ਧਾਰੀ = ਕੀਤੀ। ਧੰਨੁ = ਮੁਬਾਰਿਕ। ਤਿਸੁ = ਬਲਿਹਾਰੀ = ਉਸ ਤੋਂ ਕੁਰਬਾਨ।੨।
ਅਰਥ: ਹੇ ਭਾਈ! ਪਰਮਾਤਮਾ (ਦੇ ਨਾਮ) ਨੂੰ ਭੁਲਾਇਆਂ ਸਦਾ (ਮਾਇਆ ਦੇ ਹੱਥੋਂ ਮਨੁੱਖ ਦੀ) ਬੇ-ਪਤੀ ਹੀ ਹੁੰਦੀ ਹੈ। ਹੇ ਪ੍ਰਭੂ! ਜਿਸ ਮਨੁੱਖ ਨੂੰ ਤੇਰਾ ਆਸਰਾ ਹੋਵੇ, ਉਸ ਨੂੰ (ਮਾਇਆ ਦੇ ਕਿਸੇ ਭੀ ਵਿਕਾਰ ਵੱਲੋਂ) ਧੋਖਾ ਨਹੀਂ ਲੱਗ ਸਕਦਾ।ਰਹਾਉ।
ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਜਿਤਨੀ ਭੀ ਜ਼ਿੰਦਗੀ ਗੁਜ਼ਾਰਨੀ ਹੈ (ਉਹ ਇਉਂ ਹੀ ਹੁੰਦੀ ਹੈ) ਜਿਵੇਂ ਸੱਪ (ਆਪਣੀ) ਉਮਰ ਗੁਜ਼ਾਰਦਾ ਹੈ (ਉਮਰ ਭਾਵੇਂ ਲੰਮੀ ਹੁੰਦੀ ਹੈ, ਪਰ ਉਹ ਸਦਾ ਆਪਣੇ ਅੰਦਰ ਜ਼ਹਿਰ ਪੈਦਾ ਕਰਦਾ ਰਹਿੰਦਾ ਹੈ) । (ਸਿਮਰਨ ਤੋਂ ਵਾਂਜਿਆ ਹੋਇਆ ਮਨੁੱਖ ਜੇ) ਸਾਰੀ ਧਰਤੀ ਦਾ ਰਾਜ ਭੀ ਕਰਦਾ ਰਹੇ, ਤਾਂ ਭੀ ਆਖ਼ਰ ਮਨੁੱਖਾ ਜੀਵਨ ਦੀ ਬਾਜ਼ੀ ਹਾਰ ਕੇ ਹੀ ਜਾਂਦਾ ਹੈ।੧।
ਹੇ ਨਾਨਕ! ਆਖ-ਹੇ ਭਾਈ!) ਗੁਣਾਂ ਦੇ ਖ਼ਜ਼ਾਨੇ ਹਰੀ ਦੇ ਗੁਣ ਉਸ ਮਨੁੱਖ ਨੇ ਹੀ ਗਾਏ ਹਨ ਜਿਸ ਉਤੇ ਹਰੀ ਨੇ ਮੇਹਰ ਕੀਤੀ ਹੈ। ਉਹ ਮਨੁੱਖ ਸਦਾ ਸੁਖੀ ਜੀਵਨ ਬਿਤੀਤ ਕਰਦਾ ਹੈ, ਉਸ ਦੀ ਜ਼ਿੰਦਗੀ ਮੁਬਾਰਿਕ ਹੁੰਦੀ ਹੈ। ਅਜੇਹੇ ਮਨੁੱਖ ਤੋਂ ਸਦਕੇ ਹੋਣਾ ਚਾਹੀਦਾ ਹੈ।੨।੨।
*┈┉┅━❀꧁ੴ꧂❀━┅┉┈*
||ਅੱਜ ਦਾ ਫੁਰਮਾਨ|| ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ ਪਾਤਸ਼ਾਹੀ ੯ਵੀਂ (ਪਟਿਆਲਾ) ||
ਸਲੋਕ ਮਃ ੩ ॥ ਦੂਜੈ ਭਾਇ ਬਿਲਾਵਲੁ ਨ ਹੋਵਈ ਮਨਮੁਖਿ ਥਾਇ ਨ ਪਾਇ ॥ ਪਾਖੰਡਿ ਭਗਤਿ ਨ ਹੋਵਈ ਪਾਰਬ੍ਰਹਮੁ ਨ ਪਾਇਆ ਜਾਇ ॥ ਮਨਹਠਿ ਕਰਮ ਕਮਾਵਣੇ ਥਾਇ ਨ ਕੋਈ ਪਾਇ ॥ ਨਾਨਕ ਗੁਰਮੁਖਿ ਆਪੁ ਬੀਚਾਰੀਐ ਵਿਚਹੁ ਆਪੁ ਗਵਾਇ ॥ ਆਪੇ ਆਪਿ ਪਾਰਬ੍ਰਹਮੁ ਹੈ ਪਾਰਬ੍ਰਹਮੁ ਵਸਿਆ ਮਨਿ ਆਇ ॥ ਜੰਮਣੁ ਮਰਣਾ ਕਟਿਆ ਜੋਤੀ ਜੋਤਿ ਮਿਲਾਇ ॥੧॥ {ਪੰਨਾ 849}
ਪਦਅਰਥ: ਭਾਉ = ਪਿਆਰ। ਭਾਇ = ਪਿਆਰ ਵਿਚ। ਦੂਜੈ ਭਾਇ = (ਪਰਮਾਤਮਾ ਨੂੰ ਭੁਲਾ ਕੇ) ਕਿਸੇ ਹੋਰ ਦੇ ਪਿਆਰ ਵਿਚ, ਮਾਇਆ ਦੇ ਮੋਹ ਵਿਚ (ਟਿਕੇ ਰਿਹਾਂ) । ਬਿਲਾਵਲੁ = ਆਤਮਕ ਆਨੰਦ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਥਾਇ ਨ ਪਾਇ = ਪਰਵਾਨ ਨਹੀਂ ਹੁੰਦਾ। ਪਾਖੰਡਿ = ਪਖੰਡ ਦੀ ਰਾਹੀਂ। ਮਨ ਹਠਿ = ਮਨ ਦੇ ਹਠ ਨਾਲ। ਕੋਈ = ਕੋਈ ਮਨੁੱਖ। ਆਪੁ = ਆਪਣੇ ਆਪ ਨੂੰ, ਆਪਣੇ ਆਤਮਕ ਜੀਵਨ ਨੂੰ। ਬੀਚਾਰੀਐ = ਪੜਤਾਲਣਾ ਚਾਹੀਦਾ ਹੈ। ਆਪੁ = ਆਪਾ = ਭਾਵ। ਗਵਾਇ = ਦੂਰ ਕਰ ਕੇ। ਮਨਿ = ਮਨ ਵਿਚ। ਮਿਲਾਇ = ਜੋੜ ਕੇ। ਜੋਤੀ = ਪਰਮਾਤਮਾ ਦੀ ਜੋਤਿ ਵਿਚ। ਜੋਤਿ = ਸੁਰਤਿ।੧।
ਅਰਥ: ਹੇ ਭਾਈ! ਮਾਇਆ ਦੇ ਮੋਹ ਵਿਚ (ਟਿਕੇ ਰਿਹਾਂ) ਆਤਮਕ ਆਨੰਦ ਨਹੀਂ ਮਿਲਦਾ, ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਪਰਮਾਤਮਾ ਦੀਆਂ ਨਿਗਾਹਾਂ ਵਿਚ) ਕਬੂਲ ਨਹੀਂ ਹੁੰਦਾ (ਕਿਉਂਕਿ) ਅੰਦਰੋਂ ਹੋਰ ਤੇ ਬਾਹਰੋਂ ਹੋਰ ਰਿਹਾਂ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ, ਇਸ ਤਰ੍ਹਾਂ ਪਰਮਾਤਮਾ ਨਹੀਂ ਮਿਲ ਸਕਦਾ। (ਅੰਦਰ ਪ੍ਰਭੂ ਨਾਲ ਪਿਆਰ ਨਾਹ ਹੋਵੇ ਤਾਂ ਨਿਰੇ) ਮਨ ਦੇ ਹਠ ਨਾਲ ਕੀਤੇ ਕਰਮਾਂ ਦੀ ਰਾਹੀਂ ਕੋਈ ਮਨੁੱਖ (ਪਰਮਾਤਮਾ ਦੀ ਹਜ਼ੂਰੀ ਵਿਚ) ਪਰਵਾਨ ਨਹੀਂ ਹੁੰਦਾ।
ਹੇ ਨਾਨਕ! ਆਖ-ਹੇ ਭਾਈ!) ਅੰਦਰੋਂ ਆਪਾ-ਭਾਵ ਦੂਰ ਕਰ ਕੇ ਗੁਰੂ ਦੀ ਸਰਨ ਪੈ ਕੇ ਆਪਣਾ ਆਤਮਕ ਜੀਵਨ ਪੜਤਾਲਣਾ ਚਾਹੀਦਾ ਹੈ, (ਇਸ ਤਰ੍ਹਾਂ ਉਹ) ਪਰਮਾਤਮਾ (ਜੋ ਹਰ ਥਾਂ) ਆਪ ਹੀ ਆਪ ਹੈ ਮਨ ਵਿਚ ਆ ਵੱਸਦਾ ਹੈ। ਪਰਮਾਤਮਾ ਦੀ ਜੋਤਿ ਵਿਚ (ਆਪਣੀ) ਸੁਰਤਿ ਜੋੜਿਆਂ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ।੧।
ਮਃ ੩ ॥ ਬਿਲਾਵਲੁ ਕਰਿਹੁ ਤੁਮ੍ਹ੍ਹ ਪਿਆਰਿਹੋ ਏਕਸੁ ਸਿਉ ਲਿਵ ਲਾਇ ॥ ਜਨਮ ਮਰਣ ਦੁਖੁ ਕਟੀਐ ਸਚੇ ਰਹੈ ਸਮਾਇ ॥ ਸਦਾ ਬਿਲਾਵਲੁ ਅਨੰਦੁ ਹੈ ਜੇ ਚਲਹਿ ਸਤਿਗੁਰ ਭਾਇ ॥ ਸਤਸੰਗਤੀ ਬਹਿ ਭਾਉ ਕਰਿ ਸਦਾ ਹਰਿ ਕੇ ਗੁਣ ਗਾਇ ॥ ਨਾਨਕ ਸੇ ਜਨ ਸੋਹਣੇ ਜਿ ਗੁਰਮੁਖਿ ਮੇਲਿ ਮਿਲਾਇ ॥੨॥ {ਪੰਨਾ 849}
ਪਦਅਰਥ: ਏਕਸੁ ਸਿਉ = ਇੱਕ (ਪਰਮਾਤਮਾ) ਨਾਲ। ਲਿਵ ਲਾਇ = (ਪ੍ਰੇਮ ਦੀ) ਲਗਨ ਲਾ ਕੇ। ਕਟੀਐ = ਕੱਟਿਆ ਜਾਂਦਾ ਹੈ। ਸਚੇ = ਸਦਾ-ਥਿਰ ਪ੍ਰਭੂ ਵਿਚ। ਰਹੈ ਸਮਾਇ = ਲੀਨ ਰਹਿੰਦਾ ਹੈ। ਜਨਮ ਮਰਣ ਦੁਖੁ = ਸਾਰੀ ਉਮਰ ਦਾ ਦੁੱਖ। ਚਲਹਿ = ਤੁਰਦੇ ਹਨ, ਤੁਰਦੇ ਰਹਿਣ। ਸਤਿਗੁਰ ਭਾਇ = ਗੁਰੂ ਦੇ ਅਨੁਸਾਰ, ਗੁਰੂ ਦੀ ਰਜ਼ਾ ਵਿਚ। ਸਤਸੰਗਤੀ ਬਹਿ = ਸਤਸੰਗਤਿ ਵਿਚ ਬੈਠ ਕੇ। ਭਾਉ = ਪਿਆਰ। ਜਿ = ਜਿਹੜੇ {ਲਫ਼ਜ਼ 'ਜੇ' ਅਤੇ 'ਜਿ' ਦਾ ਫ਼ਰਕ ਵੇਖੋ}। ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ! ਮੇਲਿ = ਮਿਲਾਪ ਵਿਚ।੨।
ਅਰਥ: ਹੇ ਪਿਆਰੇ ਸੱਜਣੋ! ਇੱਕ (ਪਰਮਾਤਮਾ) ਨਾਲ ਸੁਰਤਿ ਜੋੜ ਕੇ ਤੁਸੀ ਆਤਮਕ ਆਨੰਦ ਮਾਣਦੇ ਰਹੋ। (ਜਿਹੜਾ ਮਨੁੱਖ ਇਕ ਪਰਮਾਤਮਾ ਵਿਚ ਸੁਰਤਿ ਜੋੜਦਾ ਹੈ, ਉਸ ਦਾ) ਸਾਰੀ ਉਮਰ ਦਾ ਦੁੱਖ ਕੱਟਿਆ ਜਾਂਦਾ ਹੈ, (ਕਿਉਂਕਿ) ਉਹ ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ (ਸਦਾ) ਲੀਨ ਰਹਿੰਦਾ ਹੈ।
ਜੇ (ਮਨੁੱਖ) ਸਤਸੰਗਤਿ ਵਿਚ ਬੈਠ ਕੇ ਪਿਆਰ ਨਾਲ ਸਦਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰ ਕੇ ਗੁਰੂ ਦੇ ਹੁਕਮ ਅਨੁਸਾਰ ਜੀਵਨ ਬਿਤੀਤ ਕਰਦੇ ਰਹਿਣ (ਤਾਂ ਉਹਨਾਂ ਦੇ ਅੰਦਰ) ਸਦਾ ਆਤਮਕ ਆਨੰਦ ਬਣਿਆ ਰਹਿੰਦਾ ਹੈ। ਹੇ ਨਾਨਕ! ਆਖ-ਹੇ ਭਾਈ!) ਜਿਹੜੇ ਮਨੁੱਖ ਗੁਰੂ ਦੇ ਸਨਮੁਖ ਰਹਿ ਕੇ ਪ੍ਰਭੂ ਦੀ ਯਾਦ ਵਿਚ ਟਿਕੇ ਰਹਿੰਦੇ ਹਨ, ਉਹ ਸੋਹਣੇ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ।੧।
ਪਉੜੀ ॥ ਸਭਨਾ ਜੀਆ ਵਿਚਿ ਹਰਿ ਆਪਿ ਸੋ ਭਗਤਾ ਕਾ ਮਿਤੁ ਹਰਿ ॥ ਸਭੁ ਕੋਈ ਹਰਿ ਕੈ ਵਸਿ ਭਗਤਾ ਕੈ ਅਨੰਦੁ ਘਰਿ ॥ ਹਰਿ ਭਗਤਾ ਕਾ ਮੇਲੀ ਸਰਬਤ ਸਉ ਨਿਸੁਲ ਜਨ ਟੰਗ ਧਰਿ ॥ ਹਰਿ ਸਭਨਾ ਕਾ ਹੈ ਖਸਮੁ ਸੋ ਭਗਤ ਜਨ ਚਿਤਿ ਕਰਿ ॥ ਤੁਧੁ ਅਪੜਿ ਕੋਇ ਨ ਸਕੈ ਸਭ ਝਖਿ ਝਖਿ ਪਵੈ ਝੜਿ ॥੨॥ {ਪੰਨਾ 849}
ਪਦਅਰਥ: ਸੋ ਹਰਿ = ਉਹ ਪਰਮਾਤਮਾ। ਸਭੁ ਕੋਈ = ਹਰੇਕ ਜੀਵ। ਕੈ ਵਸਿ = ਦੇ ਵੱਸ ਵਿਚ ਹੈ। ਘਰਿ = ਹਿਰਦੇ = ਘਰ ਵਿਚ। ਸਰਬ = {सर्वत्र} ਹਰ ਥਾਂ। ਮੇਲੀ = ਸਾਥੀ। ਸਉ = ਸੌਂ, (ਭਾਵ) ਸੌਂਦੇ ਹਨ। ਨਿਸੁਲ = ਟੰਗ ਪਸਾਰ ਕੇ, ਬੇ = ਫ਼ਿਕਰ ਹੋ ਕੇ। ਟੰਗ ਧਰਿ = ਲੱਤ ਉਤੇ ਲੱਤ ਧਰ ਕੇ, ਬੇ = ਪਰਵਾਹ ਹੋ ਕੇ। ਚਿਤਿ = ਚਿੱਤ ਵਿਚ। ਚਿਤਿ ਕਰਿ = ਚਿੱਤ ਵਿਚ ਕਰਦੇ, ਸਿਮਰਦੇ ਹਨ। ਸਭ = ਸਾਰੀ ਲੁਕਾਈ। ਝਖਿ ਝਝਿ = ਖਪ ਖਪ ਕੇ। ਪਵੈ ਝੜਿ = ਥੱਕ ਜਾਂਦੀ ਹੈ।੨।
ਅਰਥ: ਹੇ ਭਾਈ! ਜਿਹੜਾ ਪਰਮਾਤਮਾ ਆਪ ਸਭ ਜੀਵਾਂ ਵਿਚ ਮੌਜੂਦ ਹੈ ਉਹ ਹੀ ਭਗਤਾਂ ਦਾ ਮਿੱਤਰ ਹੈ। ਭਗਤਾਂ ਦੇ ਹਿਰਦੇ-ਘਰ ਵਿਚ ਸਦਾ ਆਨੰਦ ਬਣਿਆ ਰਹਿੰਦਾ ਹੈ (ਕਿਉਂਕਿ ਉਹ ਜਾਣਦੇ ਹਨ ਕਿ) ਹਰੇਕ ਜੀਵ ਪਰਮਾਤਮਾ ਦੇ ਵੱਸ ਵਿਚ ਹੈ (ਤੇ ਉਹ ਪਰਮਾਤਮਾ ਉਹਨਾਂ ਦਾ ਮਿੱਤਰ ਹੈ) । ਪਰਮਾਤਮਾ ਹਰ ਥਾਂ ਆਪਣੇ ਭਗਤਾਂ ਦਾ ਸਾਥੀ-ਮਦਦਗਾਰ ਹੈ (ਇਸ ਵਾਸਤੇ ਉਸ ਦੇ) ਭਗਤ ਲੱਤ ਉਤੇ ਲੱਤ ਰਖ ਕੇ ਬੇ-ਫ਼ਿਕਰ ਹੋ ਕੇ ਸੌਂਦੇ ਹਨ (ਨਿਸਚਿੰਤ ਜੀਵਨ ਬਤੀਤ ਕਰਦੇ ਹਨ। ਜਿਹੜਾ ਪਰਮਾਤਮਾ ਸਭ ਜੀਵਾਂ ਦਾ ਖਸਮ ਹੈ, ਉਸ ਨੂੰ ਭਗਤ ਜਨ (ਸਦਾ ਆਪਣੇ) ਹਿਰਦੇ ਵਿਚ ਵਸਾਈ ਰੱਖਦੇ ਹਨ।
ਹੇ ਪ੍ਰਭੂ! ਸਾਰੀ ਲੁਕਾਈ ਖਪ ਖਪ ਕੇ ਥੱਕ ਜਾਂਦੀ ਹੈ, ਕੋਈ ਤੇਰੇ ਗੁਣਾਂ ਦਾ ਅੰਤ ਨਹੀਂ ਪਾ ਸਕਦਾ।੨।
*┈┉┅━❀꧁ੴ꧂❀━┅┉┈*
||ਅੱਜ ਦਾ ਫੁਰਮਾਨ|| ਗੁਰਦੁਆਰਾ ਸ੍ਰੀ ਪੰੰਜੋਖਰਾ ਸਾਹਿਬ ਪਾਤਸ਼ਾਹੀ: ਅੱੱਠਵੀਂ (ਅੰਬਾਲਾ)
*┈┉┅━❀꧁ੴ꧂❀━┅┉┈*
||ਅੱਜ ਦਾ ਫੁਰਮਾਨ|| ਗੁਰਦੁਆਰਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ, ਸ਼ਹੀਦ ਗੰਜ ਸਾਹਿਬ, ਅੰਮ੍ਰਿਤਸਰ ||
ਧਨਾਸਰੀ ਮਹਲਾ ੫ ॥ ਜਿਸ ਕਾ ਤਨੁ ਮਨੁ ਧਨੁ ਸਭੁ ਤਿਸ ਕਾ ਸੋਈ ਸੁਘੜੁ ਸੁਜਾਨੀ ॥ ਤਿਨ ਹੀ ਸੁਣਿਆ ਦੁਖੁ ਸੁਖੁ ਮੇਰਾ ਤਉ ਬਿਧਿ ਨੀਕੀ ਖਟਾਨੀ ॥੧॥ ਜੀਅ ਕੀ ਏਕੈ ਹੀ ਪਹਿ ਮਾਨੀ ॥ ਅਵਰਿ ਜਤਨ ਕਰਿ ਰਹੇ ਬਹੁਤੇਰੇ ਤਿਨ ਤਿਲੁ ਨਹੀ ਕੀਮਤਿ ਜਾਨੀ ॥ ਰਹਾਉ ॥ ਅੰਮ੍ਰਿਤ ਨਾਮੁ ਨਿਰਮੋਲਕੁ ਹੀਰਾ ਗੁਰਿ ਦੀਨੋ ਮੰਤਾਨੀ ॥ ਡਿਗੈ ਨ ਡੋਲੈ ਦ੍ਰਿੜੁ ਕਰਿ ਰਹਿਓ ਪੂਰਨ ਹੋਇ ਤ੍ਰਿਪਤਾਨੀ ॥੨॥ ਓਇ ਜੁ ਬੀਚ ਹਮ ਤੁਮ ਕਛੁ ਹੋਤੇ ਤਿਨ ਕੀ ਬਾਤ ਬਿਲਾਨੀ ॥ ਅਲੰਕਾਰ ਮਿਲਿ ਥੈਲੀ ਹੋਈ ਹੈ ਤਾ ਤੇ ਕਨਿਕ ਵਖਾਨੀ ॥੩॥ ਪ੍ਰਗਟਿਓ ਜੋਤਿ ਸਹਜ ਸੁਖ ਸੋਭਾ ਬਾਜੇ ਅਨਹਤ ਬਾਨੀ ॥ ਕਹੁ ਨਾਨਕ ਨਿਹਚਲ ਘਰੁ ਬਾਧਿਓ ਗੁਰਿ ਕੀਓ ਬੰਧਾਨੀ ॥੪॥੫॥ {ਪੰਨਾ 671}
ਪਦਅਰਥ: ਜਿਸ ਕਾ, ਤਿਸ ਕਾ = {ਲਫ਼ਜ਼ 'ਜਿਸੁ' 'ਤਿਸੁ' ਦਾ ੁ ਸੰਬੰਧਕ 'ਕਾ' ਦੇ ਕਾਰਨ ਉੱਡ ਗਿਆ ਹੈ}। ਸੋਈ = ਉਹ (ਪ੍ਰਭੂ) ਹੀ। ਸੁਘੜੁ = ਸੁਚੱਜੀ ਆਤਮਕ ਘਾੜਤ ਵਾਲਾ। ਸੁਜਾਨੀ = ਸਿਆਣਾ। ਤਿਨ ਹੀ = ਤਿਨਿ ਹੀ {ਲਫ਼ਜ਼ 'ਤਿਨ' ਦੀ 'ਿ' ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਣ ਉੱਡ ਗਈ ਹੈ}। ਤਉ = ਤਦੋਂ। ਨੀਕੀ ਬਿਧਿ = ਚੰਗੀ ਹਾਲਤ। ਖਟਾਨੀ = ਬਣ ਗਈ।੧।
ਜੀਅ ਕੀ = ਜਿੰਦ ਦੀ। ਏਕੈ ਹੀ ਪਹਿ = ਇਕ ਪਰਮਾਤਮਾ ਦੇ ਪਾਸ ਹੀ। ਮਾਨੀ = ਮੰਨੀ ਜਾਂਦੀ ਹੈ। ਅਵਰਿ = {ਲਫ਼ਜ਼ 'ਅਵਰ' ਤੋਂ ਬਹੁ-ਵਚਨ} ਹੋਰ। ਤਿਨ ਕੀਮਤਿ = ਉਹਨਾਂ (ਜਤਨਾਂ) ਦੀ ਕੀਮਤਿ। ਜਾਨੀ = ਜਾਣੀ ਜਾਂਦੀ।ਰਹਾਉ।
ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ। ਨਿਰਮੋਲਕੁ = ਜਿਸ ਦਾ ਕੋਈ ਮੁੱਲ ਨਾਹ ਪਾਇਆ ਜਾ ਕੇ। ਗੁਰਿ = ਗੁਰੂ ਨੇ। ਮੰਤਾਨੀ = ਮੰਤਰ। ਦ੍ਰਿੜੁ ਕਰਿ ਰਹਿਓ = ਪੱਕੇ ਤੌਰ ਤੇ ਟਿਕ ਗਿਆ।੨।
ਓਇ = {ਲਫ਼ਜ਼ 'ਓਹ' ਤੋਂ ਬਹੁ-ਵਚਨ}। ਓਇ ਬੀਚ = ਉਹ ਅੰਤਰੇ, ਉਹ ਵਿੱਥਾਂ, ਉਹ ਵਿਤਕਰੇ। ਹਮ ਤੁਮ ਬੀਚ = ਅਸੀ ਤੁਸੀ ਵਾਲੇ ਵਿਤਕਰੇ, ਮੇਰ = ਤੇਰ ਵਾਲੇ ਵਿਤਕਰੇ। ਬਿਲਾਨੀ = ਬੀਤ ਜਾਂਦੀ ਹੈ, ਮੁੱਕ ਜਾਂਦੀ ਹੈ। ਅਲੰਕਾਰ = ਗਹਣੇ। ਮਿਲਿ = ਮਿਲ ਕੇ। ਥੈਲੀ = ਰੈਣੀ, ਢੇਲੀ। ਤਾ ਤੇ = ਉਸ (ਰੈਣੀ) ਤੋਂ। ਕਨਿਕ = ਸੋਨਾ।੩।
ਸਹਜ ਸੁਖ = ਆਤਮਕ ਅਡੋਲਤਾ ਦੇ ਆਨੰਦ। ਬਾਜੇ = ਵੱਜਦੇ ਹਨ। ਅਨਹਤ = ਇਕ-ਰਸ, ਲਗਾਤਾਰ। ਬਾਨੀ = ਸਿਫ਼ਤਿ-ਸਾਲਾਹ ਵਾਲੀ ਗੁਰਬਾਣੀ। ਨਿਹਚਲ = ਅਟੱਲ। ਗੁਰਿ = ਗੁਰੂ ਨੇ। ਬੰਧਾਨੀ = ਮਰਯਾਦਾ।੪।
ਅਰਥ: ਹੇ ਭਾਈ! ਜਿੰਦ ਦੀ (ਅਰਦਾਸ) ਇਕ ਪਰਮਾਤਮਾ ਦੇ ਕੋਲ ਹੀ ਮੰਨੀ ਜਾਂਦੀ ਹੈ। (ਪਰਮਾਤਮਾ ਦੇ ਆਸਰੇ ਤੋਂ ਬਿਨਾ ਲੋਕ) ਹੋਰ ਬਥੇਰੇ ਜਤਨ ਕਰ ਕੇ ਥੱਕ ਜਾਂਦੇ ਹਨ, ਉਹਨਾਂ ਜਤਨਾਂ ਦਾ ਮੁੱਲ ਇਕ ਤਿਲ ਜਿਤਨਾ ਭੀ ਨਹੀਂ ਸਮਝਿਆ ਜਾਂਦਾ।ਰਹਾਉ।
ਹੇ ਭਾਈ! ਜਿਸ ਪ੍ਰਭੂ ਦਾ ਦਿੱਤਾ ਹੋਇਆ ਇਹ ਸਰੀਰ ਤੇ ਮਨ ਹੈ, ਇਹ ਸਾਰਾ ਧਨ-ਪਦਾਰਥ ਭੀ ਉਸੇ ਦਾ ਦਿੱਤਾ ਹੋਇਆ ਹੈ, ਉਹੀ ਸੁਚੱਜਾ ਹੈ ਤੇ ਸਿਆਣਾ ਹੈ। ਅਸਾਂ ਜੀਵਾਂ ਦਾ ਦੁੱਖ ਸੁਖ (ਸਦਾ) ਉਸ ਪਰਮਾਤਮਾ ਨੇ ਹੀ ਸੁਣਿਆ ਹੈ, (ਜਦੋਂ ਉਹ ਸਾਡੀ ਅਰਦਾਸ-ਅਰਜ਼ੋਈ ਸੁਣਦਾ ਹੈ) ਤਦੋਂ (ਸਾਡੀ) ਹਾਲਤ ਚੰਗੀ ਬਣ ਜਾਂਦੀ ਹੈ।੧।
ਹੇ ਭਾਈ! ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ, ਨਾਮ ਇਕ ਐਸਾ ਹੀਰਾ ਹੈ ਜੇਹੜਾ ਕਿਸੇ ਮੁੱਲ ਤੋਂ ਨਹੀਂ ਮਿਲ ਸਕਦਾ। ਗੁਰੂ ਨੇ ਇਹ ਨਾਮ-ਮੰਤਰ (ਜਿਸ ਮਨੁੱਖ ਨੂੰ) ਦੇ ਦਿੱਤਾ, ਉਹ ਮਨੁੱਖ (ਵਿਕਾਰਾਂ ਵਿਚ) ਡਿੱਗਦਾ ਨਹੀਂ, ਡੋਲਦਾ ਨਹੀਂ, ਉਹ ਮਨੁੱਖ ਪੱਕੇ ਇਰਾਦੇ ਵਾਲਾ ਬਣ ਜਾਂਦਾ ਹੈ, ਉਹ ਮੁਕੰਮਲ ਤੌਰ ਤੇ (ਮਾਇਆ ਵਲੋਂ) ਸੰਤੋਖੀ ਰਹਿੰਦਾ ਹੈ।੨।
(ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਪਾਸੋਂ ਨਾਮ-ਹੀਰਾ ਮਿਲ ਜਾਂਦਾ ਹੈ, ਉਸ ਦੇ ਅੰਦਰੋਂ) ਉਹਨਾਂ ਮੇਰ-ਤੇਰ ਵਾਲੇ ਸਾਰੇ ਵਿਤਕਰਿਆਂ ਦੀ ਗੱਲ ਮੁੱਕ ਜਾਂਦੀ ਹੈ ਜੋ ਜਗਤ ਵਿਚ ਬੜੇ ਪ੍ਰਬਲ ਹਨ। (ਉਸ ਮਨੁੱਖ ਨੂੰ ਹਰ ਪਾਸੇ ਪਰਮਾਤਮਾ ਹੀ ਇਉਂ ਦਿੱਸਦਾ ਹੈ, ਜਿਵੇਂ) ਅਨੇਕਾਂ ਗਹਣੇ ਮਿਲ ਕੇ (ਗਾਲੇ ਜਾ ਕੇ) ਰੈਣੀ ਬਣ ਜਾਂਦੀ ਹੈ, ਤੇ, ਉਸ ਢੇਲੀ ਤੋਂ ਉਹ ਸੋਨਾ ਹੀ ਅਖਵਾਂਦੀ ਹੈ।੩।
(ਹੇ ਭਾਈ! ਜਿਸ ਮਨੁੱਖ ਦੇ ਅੰਦਰ ਗੁਰੂ ਦੀ ਕਿਰਪਾ ਨਾਲ) ਪਰਮਾਤਮਾ ਦੀ ਜੋਤਿ ਦਾ ਪਰਕਾਸ਼ ਹੋ ਜਾਂਦਾ ਹੈ, ਉਸ ਦੇ ਅੰਦਰ ਆਤਮਕ ਅਡੋਲਤਾ ਦੇ ਆਨੰਦ ਪੈਦਾ ਹੋ ਜਾਂਦੇ ਹਨ, ਉਸ ਨੂੰ ਹਰ ਥਾਂ ਸੋਭਾ ਮਿਲਦੀ ਹੈ, ਉਸ ਦੇ ਹਿਰਦੇ ਵਿਚ ਸਿਫ਼ਤਿ-ਸਾਲਾਹ ਦੀ ਬਾਣੀ ਦੇ (ਮਾਨੋ) ਇਕ-ਰਸ ਵਾਜੇ ਵੱਜਦੇ ਰਹਿੰਦੇ ਹਨ। ਹੇ ਨਾਨਕ! ਆਖ-ਗੁਰੂ ਨੇ ਜਿਸ ਮਨੁੱਖ ਵਾਸਤੇ ਇਹ ਪ੍ਰਬੰਧ ਕਰ ਦਿੱਤਾ, ਉਹ ਮਨੁੱਖ ਸਦਾ ਲਈ ਪ੍ਰਭੂ-ਚਰਨਾਂ ਵਿਚ ਟਿਕਾਣਾ ਪ੍ਰਾਪਤ ਕਰ ਲੈਂਦਾ ਹੈ।੪।੫।
*┈┉┅━❀꧁ੴ꧂❀━┅┉┈*
||ਅੱਜ ਦਾ ਫੁਰਮਾਨ|| ਗੁਰਦੁਆਰਾ ਸ਼੍ਰੀ ਕੰਧ ਸਾਹਿਬ ਬਟਾਲਾ ||
ਹਲੇ ਯਾਰਾਂ ਹਲੇ ਯਾਰਾਂ ਖੁਸਿਖਬਰੀ ॥ ਬਲਿ ਬਲਿ ਜਾਂਉ ਹਉ ਬਲਿ ਬਲਿ ਜਾਂਉ ॥ ਨੀਕੀ ਤੇਰੀ ਬਿਗਾਰੀ ਆਲੇ ਤੇਰਾ ਨਾਉ ॥੧॥ ਰਹਾਉ ॥ ਕੁਜਾ ਆਮਦ ਕੁਜਾ ਰਫਤੀ ਕੁਜਾ ਮੇ ਰਵੀ ॥ ਦ੍ਵਾਰਿਕਾ ਨਗਰੀ ਰਾਸਿ ਬੁਗੋਈ ॥੧॥ ਖੂਬੁ ਤੇਰੀ ਪਗਰੀ ਮੀਠੇ ਤੇਰੇ ਬੋਲ ॥ ਦ੍ਵਾਰਿਕਾ ਨਗਰੀ ਕਾਹੇ ਕੇ ਮਗੋਲ ॥੨॥ ਚੰਦੀ ਹਜਾਰ ਆਲਮ ਏਕਲ ਖਾਨਾਂ ॥ ਹਮ ਚਿਨੀ ਪਾਤਿਸਾਹ ਸਾਂਵਲੇ ਬਰਨਾਂ ॥੩॥ ਅਸਪਤਿ ਗਜਪਤਿ ਨਰਹ ਨਰਿੰਦ ॥ ਨਾਮੇ ਕੇ ਸ੍ਵਾਮੀ ਮੀਰ ਮੁਕੰਦ ॥੪॥੨॥੩॥ {ਪੰਨਾ 727}
ਪਦਅਰਥ: ਹਲੇ ਯਾਰਾਂ = ਹੇ ਮਿੱਤਰ! ਹੇ ਸੱਜਣ! ਖੁਸਿ = ਖੁਸ਼ੀ ਦੇਣ ਵਾਲੀ, ਠੰਢ ਪਾਣ ਵਾਲੀ। ਖਬਰੀ = ਤੇਰੀ ਖ਼ਬਰ, ਤੇਰੀ ਸੋਇ {ਜਿਵੇਂ, "ਸੋਇ ਸੁਣੰਦੜੀ ਮੇਰਾ ਤਨੁ ਮਨੁ ਮਉਲਾ"}। ਬਲਿ ਬਲਿ = ਸਦਕੇ ਜਾਂਦਾ ਹਾਂ। ਹਉ = ਮੈਂ। ਨੀਕੀ = ਸੋਹਣੀ, ਚੰਗੀ, ਪਿਆਰੀ। ਬਿਗਾਰੀ = ਵਿਗਾਰ, ਕਿਸੇ ਹੋਰ ਵਾਸਤੇ ਕੀਤਾ ਹੋਇਆ ਕੰਮ (ਨੋਟ:ਦੁਨੀਆ ਦੇ ਸਾਰੇ ਧੰਧੇ ਅਸੀ ਇਸ ਸਰੀਰ ਦੀ ਖ਼ਾਤਰ ਤੇ ਪੁੱਤਰ ਇਸਤ੍ਰੀ ਆਦਿਕ ਸੰਬੰਧੀਆਂ ਦੀ ਖ਼ਾਤਰ ਕਰਦੇ ਹਾਂ; ਪਰ ਸਮਾਂ ਆਉਂਦਾ ਹੈ ਜਦੋਂ ਨਾ ਇਹ ਸਰੀਰ ਸਾਥ ਨਿਬਾਹੁੰਦਾ ਹੈ ਤੇ ਨਾ ਹੀ ਸੰਬੰਧੀ। ਸੋ, ਸਾਰੀ ਉਮਰ ਵਿਗਾਰ ਹੀ ਕਰਦੇ ਰਹਿੰਦੇ ਹਾਂ) । ਤੇਰੀ ਬਿਗਾਰੀ = ਇਹ ਰੋਜ਼ੀ ਆਦਿਕ ਕਮਾਉਣ ਦਾ ਕੰਮ ਜਿਸ ਵਿਚ ਤੂੰ ਅਸਾਨੂੰ ਲਾਇਆ ਹੋਇਆ ਹੈ। ਆਲੇ = ਆਹਲਾ, ਉੱਚਾ, ਵੱਡਾ, ਸਭ ਤੋਂ ਪਿਆਰਾ।੧।ਰਹਾਉ।
ਕੁਜਾ = (ਅਜ਼) ਕੁਜਾ, ਕਿੱਥੋਂ। ਆਮਦ = ਆਮਦੀ, ਤੂੰ ਆਇਆ। ਕੁਜਾ = ਕਿੱਥੇ। ਰਫਤੀ = ਤੂੰ ਗਿਆ ਸੈਂ। ਮੇ ਰਵੀ = ਤੂੰ ਜਾ ਰਿਹਾ ਹੈਂ। ਕੁਜਾ.......ਮੇ ਰਵੀ = ਤੂੰ ਕਿੱਥੋਂ ਆਇਆ? ਤੂੰ ਕਿਥੇ ਗਿਆ? ਤੂੰ ਕਿੱਥੇ ਜਾ ਰਿਹਾ ਹੈਂ? (ਭਾਵ, ਨਾ ਤੂੰ ਕਿਤੋਂ ਆਇਆ, ਨਾ ਤੂੰ ਕਿਤੇ ਕਦੇ ਗਿਆ, ਅਤੇ ਨਾ ਤੂੰ ਕਿਤੇ ਜਾ ਰਿਹਾ ਹੈਂ; ਤੂੰ ਸਦਾ ਅਟੱਲ ਹੈਂ) । ਰਾਸਿ = {Skt. रास: A kind of dance practised by Krishna and the cowherds but particularly the gopis or cowherdesses of Vrindavana, 2. Speech} ਰਾਸਾਂ ਜਿੱਥੇ ਕ੍ਰਿਸ਼ਨ ਜੀ ਨਾਚ ਕਰਦੇ ਤੇ ਗੀਤ ਸੁਣਾਉਂਦੇ ਸਨ। (ਰਾਸਿ ਮੰਡਲੁ ਕੀਨੋ ਆਖਾਰਾ। ਸਗਲੋ ਸਾਜਿ ਰਖਿਓ ਪਾਸਾਰਾ।੧।੨।੪੫। ਸੂਹੀ ਮਹਲਾ ੫) ਬੁਗੋਈ = ਤੂੰ (ਹੀ) ਆਖਦਾ ਹੈਂ।੧।
ਖੂਬ = ਸੋਹਣੀ। ਦ੍ਵਾਰਿਕਾ ਨਗਰੀ......ਮਗੋਲ = ਕਾਹੇ ਕੇ ਦ੍ਵਾਰਿਕਾ ਨਗਰੀ, ਕਾਹੇ ਕੇ ਮਗੋਲ; ਕਾਹਦੇ ਲਈ ਦੁਆਰਕਾ ਨਗਰੀ ਵਿਚ ਤੇ ਕਾਹਦੇ ਲਈ ਮੁਗਲ (-ਧਰਮ) ਦੇ ਨਗਰ ਵਿਚ? ਨਾਹ ਤੂੰ ਸਿਰਫ਼ ਦੁਆਰਕਾ ਵਿਚ ਹੈਂ, ਤੇ ਨਾਹ ਤੂੰ ਸਿਰਫ਼ ਮੁਸਲਮਾਨੀ ਧਰਮ ਦੇ ਕੇਂਦਰ ਮੱਕੇ ਵਿੱਚ ਹੈਂ।੨।
ਚੰਦੀ ਹਜਾਰ = ਕਈ ਹਜ਼ਾਰਾਂ। ਆਲਮ = ਦੁਨੀਆ। ਏਕਲ = ਇਕੱਲਾ। ਖਾਨਾਂ = ਖਾਨ, ਮਾਲਕ। ਹਮ ਚਿਨੀ = ਇਸੇ ਹੀ ਤਰ੍ਹਾਂ ਦਾ। ਹਮ = ਭੀ। ਚਿਨੀ = ਐਸਾ, ਅਜਿਹਾ। ਸਾਂਵਲੇ ਬਰਨਾਂ = ਸਾਂਵਲੇ ਰੰਗ ਵਾਲਾ, ਕ੍ਰਿਸ਼ਨ।੩।
ਅਸਪਤਿ = {अश्वपति = Lord of horses} ਸੂਰਜ ਦੇਵਤਾ। ਗਜਪਤਿ = ਇੰਦ੍ਰ ਦੇਵਤਾ। ਨਰਹ ਮਰਿੰਦ = ਨਰਾਂ ਦਾ ਰਾਜਾ, ਬ੍ਰਹਮਾ। ਮੁਕੰਦ = {Skt. मुकुंद = मुकुं दाति इति} ਮੁਕਤੀ ਦੇਣ ਵਾਲਾ, ਵਿਸ਼ਨੂੰ ਤੇ ਕ੍ਰਿਸ਼ਨ ਜੀ ਦਾ ਨਾਮ ਹੈ।੪।
ਨੋਟ: ਅੰਕ ੪ ਦਾ ਭਾਵ ਇਹ ਹੈ ਕਿ ਇਸ ਸ਼ਬਦ ਦੇ ੪ ਬੰਦ ਹਨ। ਅੰਕ ੨ ਦੱਸਦਾ ਹੈ ਕਿ ਨਾਮਦੇਵ ਜੀ ਦਾ ਇਹ ਦੂਜਾ ਸ਼ਬਦ ਹੈ। ਅੰਕ ੩ ਇਹ ਦੱਸਣ ਵਾਸਤੇ ਹੈ ਕਿ ਭਗਤਾਂ ਦੇ ਸਾਰੇ ਸ਼ਬਦਾਂ ਦਾ ਜੋੜ ੩ ਹੈ-੧ ਕਬੀਰ ਜੀ ਦਾ ਅਤੇ ੨ ਨਾਮਦੇਵ ਜੀ ਦੇ।
ਅਰਥ: ਹੇ ਸੱਜਣ! ਹੇ ਪਿਆਰੇ! ਤੇਰੀ ਸੋਇ ਠੰਢ ਪਾਣ ਵਾਲੀ ਹੈ (ਭਾਵ, ਤੇਰੀਆਂ ਕਥਾਂ ਕਹਾਣੀਆਂ ਸੁਣ ਕੇ ਮੈਨੂੰ ਠੰਡ ਪੈਂਦੀ ਹੈ) ; ਮੈਂ ਤੈਥੋਂ ਸਦਾ ਸਦਕੇ ਹਾਂ, ਕੁਰਬਾਨ ਹਾਂ। (ਹੇ ਮਿੱਤਰ!) ਤੇਰਾ ਨਾਮ (ਮੈਨੂੰ) ਸਭ ਤੋਂ ਵਧੀਕ ਪਿਆਰਾ (ਲੱਗਦਾ) ਹੈ, (ਇਸ ਨਾਮ ਦੀ ਬਰਕਤ ਨਾਲ ਹੀ, ਦੁਨੀਆ ਦੀ ਕਿਰਤ ਵਾਲੀ) ਤੇਰੀ ਦਿੱਤੀ ਹੋਈ ਵਿਗਾਰ ਭੀ (ਮੈਨੂੰ) ਮਿੱਠੀ ਲੱਗਦੀ ਹੈ।੧।ਰਹਾਉ।
(ਹੇ ਸੱਜਣ!) ਨਾਹ ਤੂੰ ਕਿਤੋਂ ਆਇਆ, ਨਾਹ ਤੂੰ ਕਿਤੇ ਕਦੇ ਗਿਆ ਅਤੇ ਨਾਹ ਤੂੰ ਜਾ ਰਿਹਾ ਹੈਂ (ਭਾਵ, ਤੂੰ ਸਦਾ ਅਟੱਲ ਹੈਂ) ਦੁਆਰਕਾ ਨਗਰੀ ਵਿਚ ਰਾਸ ਭੀ ਤੂੰ ਆਪ ਹੀ ਪਾਂਦਾ ਹੈਂ (ਭਾਵ, ਕਿਸ਼ਨ ਭੀ ਤੂੰ ਆਪ ਹੀ ਹੈਂ) ।੧।
ਹੇ ਯਾਰ! ਸੋਹਣੀ ਤੇਰੀ ਪੱਗ ਹੈ (ਭਾਵ, ਸੋਹਣਾ ਤੇਰਾ ਸਰੂਪ ਹੈ) ਤੇ ਪਿਆਰੇ ਤੇਰੇ ਬਚਨ ਹਨ, ਨਾਹ ਤੂੰ ਸਿਰਫ਼ ਦੁਆਰਕਾ ਵਿਚ ਹੈਂ ਤੇ ਨਾਹ ਤੂੰ ਸਿਰਫ਼ ਮੁਸਲਮਾਨੀ ਧਰਮ ਦੇ ਕੇਂਦਰ ਮੱਕੇ ਵਿਚ ਹੈਂ (ਭਾਵ, ਤੂੰ ਹਰ ਥਾਂ ਹੈਂ) ।੨।
(ਸ੍ਰਿਸ਼ਟੀ ਦੇ) ਕਈ ਹਜ਼ਾਰਾਂ ਮੰਡਲਾਂ ਦਾ ਤੂੰ ਇਕੱਲਾ (ਆਪ ਹੀ) ਮਾਲਕ ਹੈਂ। ਹੇ ਪਾਤਸ਼ਾਹ! ਇਹੋ ਜਿਹਾ ਹੀ ਸਾਉਲੇ ਰੰਗ ਵਾਲਾ ਕ੍ਰਿਸ਼ਨ ਹੈ (ਭਾਵ, ਕ੍ਰਿਸ਼ਨ ਭੀ ਤੂੰ ਆਪ ਹੀ ਹੈਂ) ।੩।
ਹੇ ਨਾਮਦੇਵ ਦੇ ਖਸਮ ਪ੍ਰਭੂ! ਤੂੰ ਆਪ ਹੀ ਮੀਰ ਹੈਂ ਤੂੰ ਆਪ ਹੀ ਕ੍ਰਿਸ਼ਨ ਹੈਂ, ਤੂੰ ਆਪ ਹੀ ਸੂਰਜ-ਦੇਵਤਾ ਹੈਂ, ਤੂੰ ਆਪ ਹੀ ਇੰਦ੍ਰ ਹੈਂ, ਤੇ ਤੂੰ ਆਪ ਹੀ ਬ੍ਰਹਮਾ ਹੈਂ।੪।੨।੩।
ਨੋਟ: ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੋਈ ਬਾਣੀ (ਚਾਹੇ ਉਹ ਸਤਿਗੁਰੂ ਜੀ ਦੀ ਆਪਣੀ ਉਚਾਰੀ ਹੋਈ ਹੈ ਤੇ ਚਾਹੇ ਕਿਸੇ ਭਗਤ ਦੀ) ਸਿੱਖ ਵਿਚ ਜੀਵਨ ਪੈਦਾ ਕਰਨ ਲਈ ਹੈ, ਸਿੱਖ ਦੇ ਜੀਵਨ ਦੀ ਥੰਮੀ ਹੈ। ਜੇ ਉਹ ਮੁਗ਼ਲ ਦੀ ਕਹਾਣੀ ਠੀਕ ਮੰਨ ਲਈ ਜਾਏ, ਤਾਂ ਸਿੱਖ ਐਸ ਵੇਲੇ ਇਸ ਸ਼ਬਦ ਨੂੰ ਆਪਣੇ ਜੀਵਨ ਦਾ ਆਸਰਾ ਕਿਸ ਤਰੀਕੇ ਨਾਲ ਬਣਾਏ? ਹੁਕਮ ਹੈ-"ਪਰਥਾਇ ਸਾਖੀ ਮਹਾਪੁਰਖ ਬੋਲਦੇ ਸਾਝੀ ਸਗਲ ਜਹਾਨੈ"। ਮੁਗ਼ਲ ਦੇ ਰਾਜ ਵੇਲੇ ਜੇ ਨਾਮਦੇਵ ਜੀ ਨੂੰ ਕਿਸੇ ਮੁਗ਼ਲ ਹਾਕਮ ਵਿਚ ਰੱਬ ਦਿੱਸ ਪਿਆ, ਤਾਂ ਕੀ ਅੰਗ੍ਰੇਜ਼ੀ ਹਕੂਮਤ ਵੇਲੇ ਜੇ ਕੋਈ ਅੰਗ੍ਰੇਜ਼ ਕਿਸੇ ਸਿੱਖ ਉਤੇ ਵਹਿਸ਼ੀਆਨਾ ਵਧੀਕੀ ਕਰੇ ਤਾਂ ਸਿੱਖ ਉਸ ਅੰਗ੍ਰੇਜ਼ ਵਿੱਚ ਰੱਬ ਵੇਖੇ? ਕੀ ਇਹ ਸ਼ਬਦ ਸਿਰਫ਼ ਪਿਛਲੀ ਹੋ ਬੀਤੀ ਕਹਾਣੀ ਨਾਲ ਹੀ ਸੰਬੰਧ ਰੱਖਦਾ ਸੀ? ਕੀ ਇਸ ਦੀ ਹੁਣ ਕਿਸੇ ਸਿੱਖ ਨੂੰ ਆਪਣੇ ਅਮਲੀ ਜੀਵਨ ਵਿਚ ਲੋੜ ਨਹੀਂ ਦਿੱਸਦੀ?
ਜੇ ਨਾਮਦੇਵ ਜੀ ਕਿਸੇ ਉੱਚੀ ਜਾਤ ਦੇ ਹੁੰਦੇ, ਧਨ ਪਦਾਰਥ ਵਾਲੇ ਭੀ ਹੁੰਦੇ ਅਤੇ ਕਿਸੇ ਅਤਿ ਨੀਵੇਂ ਕੰਗਾਲ ਬੰਦੇ ਨੂੰ ਵੇਖ ਕੇ ਵਜਦ ਵਿਚ ਆਉਂਦੇ ਅਤੇ ਉਸ ਨੂੰ ਰੱਬ ਆਖਦੇ, ਤਾਂ ਤੇ ਅਸਾਨੂੰ ਗੁਰੂ ਨਾਨਕ ਦੇਵ ਜੀ ਦਾ ਉੱਚਾ ਨਿਸ਼ਾਨਾ ਇਉਂ ਸਾਹਮਣੇ ਦਿੱਸ ਪੈਂਦਾ-
"ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚ ॥
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ ॥"
ਪਰ ਮਾੜਾ ਬੰਦਾ ਤਕੜੇ ਨੂੰ ਸਦਾ 'ਮਾਈ ਬਾਪ' ਆਖ ਦਿਆ ਕਰਦਾ ਹੈ। ਇਸ ਵਿਚ ਕੋਈ ਫ਼ਖ਼ਰ ਨਹੀਂ ਕੀਤਾ ਜਾ ਸਕਦਾ। ਸੋ, ਮੁਗ਼ਲ ਅਤੇ ਉਸ ਦੀ ਵਛੇਰੀ ਵਾਲੀ ਕਹਾਣੀ ਇੱਥੇ ਬੇਲੋੜਵੀਂ ਤੇ ਕਾਹਲੀ ਵਿਚ ਹੀ ਜੋੜੀ ਗਈ ਹੈ।
ਇਸ ਸ਼ਬਦ ਵਿਚ ਵਰਤੇ ਹੋਏ ਲਫ਼ਜ਼ "ਪਗਰੀ" ਅਤੇ "ਮਗੋਲ" ਤੋਂ ਸ਼ਾਇਦ ਇਹ ਕਹਾਣੀ ਚੱਲ ਪਈ ਹੋਵੇ, ਕਿਉਂਕਿ ਲਫ਼ਜ਼ "ਪਗਰੀ" ਵਰਤ ਕੇ ਤਾਂ ਕਿਸੇ ਮਨੁੱਖ ਦਾ ਹੀ ਜ਼ਿਕਰ ਕੀਤਾ ਜਾਪਦਾ ਹੈ। ਪਰ, ਇਉਂ ਤਾਂ ਗੁਰੂ ਨਾਨਕ ਦੇਵ ਜੀ ਪਰਮਾਤਮਾ ਦੀ ਉਸਤਤ ਕਰਦੇ ਕਰਦੇ ਉਸ ਦੇ ਨੱਕ ਤੇ ਸੋਹਣੇ ਕੇਸਾਂ ਦਾ ਭੀ ਜ਼ਿਕਰ ਕਰਦੇ ਹਨ। ਕੀ ਉੱਥੇ ਭੀ ਕਿਸੇ ਮਨੁੱਖ ਦੀ ਹੀ ਕਹਾਣੀ ਜੋੜਨੀ ਪਏਗੀ? ਵੇਖੋ-
ਵਡਹੰਸ ਮਹਲਾ ੧ ਛੰਤ
ਤੇਰੇ ਬੰਕੇ ਲੋਇਣ ਦੰਤ ਰੀਸਾਲਾ ॥ ਸੋਹਣੇ ਨਕ ਜਿਨ ਲੰਮੜੇ ਵਾਲਾ ॥
ਕੰਚਨ ਕਾਇਆ ਸੁਇਨੇ ਕੀ ਢਾਲਾ ॥... ... ... ॥੭॥
ਤੇਰੀ ਚਾਲ ਸੁਹਾਈ ਮਧੁਰਾੜੀ ਬਾਣੀ ॥... ... ...
ਬਿਨਵੰਤਿ ਨਾਨਕੁ ਦਾਸੁ ਹਰਿ ਕਾ ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ ॥੮॥੨॥
ਨਾਮਦੇਵ ਜੀ ਦੇ ਇਸ ਸ਼ਬਦ ਵਿਚ ਕਿਸੇ ਘੋੜੀ ਜਾਂ ਘੋੜੀ ਦੇ ਵਛੇਰੇ ਦਾ ਤਾਂ ਕੋਈ ਜ਼ਿਕਰ ਨਹੀਂ, ਸਿਰਫ਼ ਲਫ਼ਜ਼ 'ਬਿਗਾਰ' ਹੀ ਮਿਲਦਾ ਹੈ; ਪਰ ਇਹ ਲਫ਼ਜ਼ ਸਤਿਗੁਰੂ ਜੀ ਨੇ ਭੀ ਕਈ ਵਾਰੀ ਵਰਤਿਆ ਹੈ; ਜਿਵੇਂ:
ਨਿਤ ਦਿਨਸੁ ਰਾਤਿ ਲਾਲਚੁ ਕਰੇ, ਭਰਮੈ ਭਰਮਾਇਆ ॥
ਵੇਗਾਰਿ ਫਿਰੈ ਵੇਗਾਰੀਆ, ਸਿਰਿ ਭਾਰੁ ਉਠਾਇਆ ॥
ਜੋ ਗੁਰ ਕੀ ਜਨੁ ਸੇਵਾ ਕਰੇ, ਸੋ ਘਰ ਕੈ ਕੰਮਿ ਹਰਿ ਲਾਇਆ ॥੧॥੪੮॥
{ਗਉੜੀ ਬੈਰਾਗਣਿ ਮ: ੪, ਪੰਨਾ ੧੬੬
ਕਿਉਂ ਨਾਹ ਇਸ ਸ਼ਬਦ ਵਿਚ ਭੀ ਇਹ ਲਫ਼ਜ਼ ਉਸੇ ਭਾਵ ਵਿਚ ਸਮਝਿਆ ਜਾਏ ਜਿਸ ਵਿਚ ਸਤਿਗੁਰੂ ਜੀ ਨੇ ਵਰਤਿਆ ਹੈ? ਫਿਰ, ਕਿਸੇ ਸੱਜਰ-ਸੂ ਘੋੜੀ ਦਾ ਜ਼ਿਕਰ ਲਿਆਉਣ ਦੀ ਲੋੜ ਹੀ ਨਹੀਂ ਰਹੇਗੀ।
ਜਿਸ ਤਰੀਕੇ ਨਾਲ ਮੁਗ਼ਲ ਦੀ ਘੋੜੀ ਦਾ ਸੰਬੰਧ ਇਸ ਸ਼ਬਦ ਨਾਲ ਜੋੜਿਆ ਜਾਂਦਾ ਹੈ, ਉਹ ਬੜਾ ਓਪਰਾ ਜਿਹਾ ਲੱਗਦਾ ਹੈ। ਕਹਿੰਦੇ ਹਨ ਕਿ ਜਦੋਂ ਬਿਰਧ ਅਵਸਥਾ ਵਿਚ ਨਾਮਦੇਵ ਜੀ ਕੱਪੜਿਆਂ ਦੀ ਪੰਡ ਚੁੱਕ ਕੇ ਘਾਟ ਤਕ ਅਪੜਾਉਣ ਵਿਚ ਔਖਿਆਈ ਮਹਿਸੂਸ ਕਰਨ ਲੱਗੇ, ਤਾਂ ਉਹਨਾਂ ਦੇ ਮਨ ਵਿਚ ਫੁਰਨਾ ਉੱਠਿਆ ਕਿ ਜੇ ਇਕ ਘੋੜੀ ਲੈ ਲਈਏ ਤਾਂ ਕੱਪੜੇ ਉਸ ਉੱਤੇ ਲੱਦ ਲਏ ਜਾਇਆ ਕਰਨ। ਪਰ ਨਾਮਦੇਵ ਜੀ ਦਾ ਇਹ ਖ਼ਿਆਲ ਪਰਮਾਤਮਾ ਨੂੰ ਚੰਗਾ ਨਾਹ ਲੱਗਾ, ਕਿਉਂਕਿ ਇਸ ਤਰ੍ਹਾਂ ਨਾਮਦੇਵ ਦੇ ਮਾਇਆ ਵਿਚ ਫਸਣ ਦਾ ਖ਼ਤਰਾ ਜਾਪਦਾ ਸੀ।
ਕਹਾਣੀ ਬਹੁਤ ਹੀ ਕੱਚੀ ਜਿਹੀ ਜਾਪਦੀ ਹੈ। ਕੁਦਰਤ ਦੇ ਨੇਮ ਅਨੁਸਾਰ ਹੀ ਮਨੁੱਖ ਉੱਤੇ ਬਿਰਧ ਅਵਸਥਾ ਆਉਂਦੀ ਹੈ। ਤਦੋਂ ਸਰੀਰਕ ਕਮਜ਼ੋਰੀ ਕਰਕੇ ਜੇ ਭਗਤ ਨਾਮਦੇਵ ਜੀ ਨੂੰ ਆਪਣੇ ਜੀਵਨ-ਨਿਰਬਾਹ ਲਈ ਮਜ਼ਦੂਰੀ ਕਰਨ ਵਿਚ ਘੋੜੀ ਦੀ ਲੋੜ ਜਾਪੀ ਤਾਂ ਇਹ ਕੋਈ ਪਾਪ ਨਹੀਂ। ਵੇਹਲੜ ਰਹਿ ਕੇ, ਭਗਤੀ ਦੇ ਇਵਜ਼ ਵਿਚ ਲੋਕਾਂ ਉੱਤੇ ਆਪਣੀ ਰੋਟੀ ਦਾ ਭਾਰ ਪਾਣਾ ਤਾਂ ਪਰਤੱਖ ਮਾੜਾ ਕੰਮ ਹੈ। ਪਰ ਭਗਤੀ ਦੇ ਨਾਲ ਨਾਲ ਕਿਰਤ-ਕਾਰ ਭੀ ਆਪਣੀ ਹੱਥੀਂ ਕਰਨੀ, ਇਹ ਤਾਂ ਸਗੋਂ ਧਰਮ ਦਾ ਸਹੀ ਨਿਸ਼ਾਨਾ ਹੈ।
ਪੰਡਤ ਤਾਰਾ ਸਿੰਘ ਜੀ ਨੇ ਇਸ ਕਹਾਣੀ ਦੇ ਥਾਂ ਸਿਰਫ਼ ਇਹੀ ਲਿਖਿਆ ਹੈ ਕਿ ਦੁਆਰਕਾ ਤੋਂ ਤੁਰਨ ਲੱਗਿਆਂ ਨਾਮਦੇਵ ਜੀ ਨੂੰ ਥਕੇਵੇਂ ਤੋਂ ਬਚਣ ਲਈ ਘੋੜੀ ਦੀ ਲੋੜ ਮਹਿਸੂਸ ਹੋਈ। ਸ਼ਬਦ ਵਿਚ ਚੂੰਕਿ ਘੋੜੀ ਅਤੇ ਵਛੇਰੇ ਦਾ ਕੋਈ ਜ਼ਿਕਰ ਨਹੀਂ ਹੈ, ਹੁਣ ਦੇ ਵਿਦਵਾਨਾਂ ਨੇ ਇਹ ਲਿਖਿਆ ਹੈ ਕਿ ਦੁਆਰਕਾ ਵਿਚ ਨਾਮਦੇਵ ਨੂੰ ਕਿਸੇ ਮੁਗ਼ਲ ਨੇ ਵਿਗਾਰੇ ਫੜ ਲਿਆ, ਤਾਂ ਉਸ ਨੇ ਮੁਗ਼ਲ ਵਿਚ ਭੀ ਰੱਬ ਤੱਕ ਕੇ ਇਹ ਸ਼ਬਦ ਉਚਾਰਿਆ।
ਇੱਕੋ ਹੀ ਸ਼ਬਦ ਬਾਰੇ ਵੱਖੋ-ਵੱਖ ਉਥਾਨਕਾ ਬਣ ਜਾਣ ਤੋਂ ਹੀ ਸ਼ੱਕ ਪੱਕਾ ਹੁੰਦਾ ਜਾਂਦਾ ਹੈ ਕਿ ਸ਼ਬਦ ਦੇ ਅਰਥ ਦੀ ਔਖਿਆਈ ਨੇ ਮਜਬੂਰ ਕੀਤਾ ਹੈ ਕੋਈ ਸੁਖੱਲਾ ਹੱਲ ਲੱਭਣ ਲਈ, ਨਹੀਂ ਤਾਂ ਕਿਸੇ ਘੋੜੀ ਜਾਂ ਵਿਗਾਰ ਵਾਲੀ ਕੋਈ ਘਟਨਾ ਨਹੀਂ ਵਾਪਰੀ। ਇਹ ਗੱਲ ਬਾਰੇ ਵਿਦਵਾਨ ਮੰਨਦੇ ਹਨ ਕਿ ਨਾਮਦੇਵ ਜੀ ਦੀ ਉਸ ਵੇਲੇ ਇਤਨੀ ਉੱਚੀ ਆਤਮਕ ਅਵਸਥਾ ਸੀ ਕਿ ਉਹ ਅਕਾਲ ਪੁਰਖ ਨੂੰ ਹਰ ਥਾਂ ਪ੍ਰਤੱਖ ਵੇਖ ਰਹੇ ਸਨ, ਉਸ ਮੁਗ਼ਲ ਵਿਚ ਭੀ ਉਹਨਾਂ ਆਪਣੇ ਪਰਮਾਤਮਾ ਨੂੰ ਹੀ ਵੇਖਿਆ; ਉਸ ਵੇਲੇ ਉਹ ਜਗਤ ਦੇ ਕਰਤਾਰ ਦੇ ਨਿਰਗੁਣ ਸਰੂਪ ਦੇ ਅਨਿੰਨ ਭਗਤ ਸਨ। ਪਰ ਇੱਥੇ ਇਕ ਭਾਰੀ ਔਕੜ ਆ ਪੈਂਦੀ ਹੈ, ਉਹ ਇਹ ਕਿ ਭਗਤ ਨਾਮਦੇਵ ਜੀ ਤਦੋਂ ਦੁਆਰਕਾ ਕੀਹ ਕਰਨ ਗਏ ਸਨ? ਕਈ ਕਾਰਨ ਹੋ ਸਕਦੇ ਹਨ-ਸੈਰ ਕਰਨ, ਕਿਸੇ ਸਾਕ-ਅੰਗ ਨੂੰ ਮਿਲਣ, ਰੋਜ਼ੀ ਸੰਬੰਧੀ ਕਿਸੇ ਕਾਰ-ਵਿਹਾਰ ਤੇ, ਕਿਸੇ ਹਕੀਮ ਵੈਦ ਤੋਂ ਕੋਈ ਦਵਾ ਦਾਰੂ ਲੈਣ? ਜਦੋਂ ਅਸੀ ਇਹ ਵੇਖਦੇ ਹਾਂ ਕਿ ਨਾਮਦੇਵ ਜੀ ਦੇ ਨਗਰ ਪੰਡਰਪੁਰ ਤੋਂ ਦੁਆਰਕਾ ਦੀ ਵਿੱਥ ਛੇ ਸੌ ਮੀਲ ਦੇ ਕਰੀਬ ਹੈ, ਤਾਂ ਉੱਪਰਲੇ ਸਾਰੇ ਅੰਦਾਜ਼ੇ ਰਹਿ ਜਾਂਦੇ ਹਨ, ਕਿਉਂਕਿ ਉਸ ਜ਼ਮਾਨੇ ਵਿਚ ਗੱਡੀਆਂ ਆਦਿਕ ਦਾ ਸਿਲਸਿਲਾ ਕੋਈ ਹੈ ਹੀ ਨਹੀਂ ਸੀ। ਇਤਨਾ ਲੰਮਾ ਪੈਂਡਾ ਤੁਰ ਕੇ ਜਾਣ ਲਈ ਆਖ਼ਰ ਕੋਈ ਬੜੀ ਡਾਢੀ ਤਕੜੀ ਲੋੜ ਹੀ ਪਈ ਹੋਵੇਗੀ। ਦੁਆਰਕਾ ਕ੍ਰਿਸ਼ਨ ਜੀ ਦੀ ਨਗਰੀ ਹੈ ਤੇ ਕ੍ਰਿਸ਼ਨ ਜੀ ਦੇ ਭਗਤ ਦੂਰੋਂ ਦੂਰੋਂ ਦੁਆਰਕਾ ਦੇ ਦਰਸ਼ਨ ਨੂੰ ਜਾਂਦੇ ਹਨ। ਗੁਰੂ ਅਮਰਦਾਸ ਜੀ ਦੇ ਵੇਲੇ ਦੀ ਪੰਡਤ ਮਾਈ ਦਾਸ ਦੀ ਕਥਾ ਭੀ ਬੜੀ ਉੱਘੀ ਹੈ। ਸੋ, ਕੀ ਭਗਤ ਨਾਮਦੇਵ ਜੀ ਬਾਕੀ ਕ੍ਰਿਸ਼ਨ-ਭਗਤਾਂ ਵਾਂਗ ਦੁਆਰਕਾ ਦੇ ਦਰਸ਼ਨ ਨੂੰ ਗਏ ਸਨ? ਇਹ ਨਹੀਂ ਹੋ ਸਕਦਾ। ਨਾਮਦੇਵ ਜੀ ਦਾ ਇਹ ਸ਼ਬਦ ਹੀ ਦੱਸਦਾ ਹੈ ਕਿ ਉਹ "ਚੰਦੀ ਹਜ਼ਾਰ ਆਲਮ" ਦੇ "ਏਕਲ ਖਾਨਾਂ" ਦੇ ਅਨਿੰਨ ਭਗਤ ਸਨ। ਮੁਗ਼ਲ ਦੀ ਕਹਾਣੀ ਲਿਖਣ ਵਾਲੇ ਭੀ ਇਹ ਮੰਨਦੇ ਹਨ ਕਿ ਉਹਨਾਂ ਮੁਗ਼ਲ ਵਿਚ ਵੀ ਰੱਬ ਵੇਖਿਆ। ਤਾਂ ਤੇ ਸਰਬ-ਵਿਆਪਕ ਪਰਮਾਤਮਾ ਦੇ ਭਗਤ ਨੂੰ ਉਚੇਚਾ ਛੇ ਸੌ ਮੀਲ ਪੈਂਡਾ ਮਾਰ ਕੇ ਮੂਰਤੀ ਦੇ ਦਰਸ਼ਨ ਵਾਸਤੇ ਦੁਆਰਕਾ ਜਾਣ ਦੀ ਲੋੜ ਨਹੀਂ ਸੀ। ਇਹ ਕਹਾਣੀ ਇਸ ਸ਼ਬਦ ਦੇ ਲਫ਼ਜ਼ "ਦੁਆਰਕਾ, ਮਗੋਲ, ਪਗਰੀ, ਬਿਗਾਰੀ" ਨੂੰ ਕਾਹਲੀ ਨਾਲ ਜੋੜਿਆਂ ਬਣਾਈ ਗਈ ਹੈ। ਇਸ ਸ਼ਬਦ ਵਿਚ ਨਿਰੋਲ ਅਕਾਲ ਪੁਰਖ ਦੀ ਸਿਫ਼ਤਿ-ਸਾਲਾਹ ਹੈ ਤੇ ਬੱਸ।
ਭਾਵ: ਪਰਮਾਤਮਾ ਸਦਾ ਅਟੱਲ ਹੈ, ਅਤੇ ਹਰ ਥਾਂ ਮੌਜੂਦ ਹੈ।
No comments:
Post a Comment