
ਆਸਾ ਮਹਲਾ ੧ ॥ ਮਨੁ ਰਾਤਉ ਹਰਿ ਨਾਇ ਸਚੁ ਵਖਾਣਿਆ ॥ ਲੋਕਾ ਦਾ ਕਿਆ ਜਾਇ ਜਾ ਤੁਧੁ ਭਾਣਿਆ ॥੧॥ ਜਉ ਲਗੁ ਜੀਉ ਪਰਾਣ ਸਚੁ ਧਿਆਈਐ ॥ ਲਾਹਾ ਹਰਿ ਗੁਣ ਗਾਇ ਮਿਲੈ ਸੁਖੁ ਪਾਈਐ ॥੧॥ ਰਹਾਉ ॥ ਸਚੀ ਤੇਰੀ ਕਾਰ ਦੇਹਿ ਦਇਆਲ ਤੂੰ ॥ ਹਉ ਜੀਵਾ ਤੁਧੁ ਸਾਲਾਹਿ ਮੈ ਟੇਕ ਅਧਾਰੁ ਤੂੰ ॥੨॥ ਦਰਿ ਸੇਵਕੁ ਦਰਵਾਨੁ ਦਰਦੁ ਤੂੰ ਜਾਣਹੀ ॥ ਭਗਤਿ ਤੇਰੀ ਹੈਰਾਨੁ ਦਰਦੁ ਗਵਾਵਹੀ ॥੩॥ ਦਰਗਹ ਨਾਮੁ ਹਦੂਰਿ ਗੁਰਮੁਖਿ ਜਾਣਸੀ ॥ ਵੇਲਾ ਸਚੁ ਪਰਵਾਣੁ ਸਬਦੁ ਪਛਾਣਸੀ ॥੪॥ ਸਤੁ ਸੰਤੋਖੁ ਕਰਿ ਭਾਉ ਤੋਸਾ ਹਰਿ ਨਾਮੁ ਸੇਇ ॥ ਮਨਹੁ ਛੋਡਿ ਵਿਕਾਰ ਸਚਾ ਸਚੁ ਦੇਇ ॥੫॥ ਸਚੇ ਸਚਾ ਨੇਹੁ ਸਚੈ ਲਾਇਆ ॥ ਆਪੇ ਕਰੇ ਨਿਆਉ ਜੋ ਤਿਸੁ ਭਾਇਆ ॥੬॥ ਸਚੇ ਸਚੀ ਦਾਤਿ ਦੇਹਿ ਦਇਆਲੁ ਹੈ ॥ ਤਿਸੁ ਸੇਵੀ ਦਿਨੁ ਰਾਤਿ ਨਾਮੁ ਅਮੋਲੁ ਹੈ ॥੭॥ ਤੂੰ ਉਤਮੁ ਹਉ ਨੀਚੁ ਸੇਵਕੁ ਕਾਂਢੀਆ ॥ ਨਾਨਕ ਨਦਰਿ ਕਰੇਹੁ ਮਿਲੈ ਸਚੁ ਵਾਂਢੀਆ ॥੮॥੨੧॥ {ਪੰਨਾ 422}
ਪਦ ਅਰਥ: ਰਾਤਉ = ਰੱਤਾ ਹੋਇਆ, ਰੰਗਿਆ ਹੋਇਆ। ਨਾਇ = ਨਾਮ ਵਿਚ। ਕਿਆ ਜਾਇ = ਕੁਝ ਨਹੀਂ ਵਿਗੜਦਾ। ਤੁਧੁ = ਤੈਨੂੰ।1।
ਜਉ ਲਗੁ = ਜਦ ਤਕ। ਜੀਉ = ਜਿੰਦ। ਪਰਾਣ = ਸੁਆਸ। ਲਾਹਾ = ਲਾਭ। ਗਾਇ = ਗਾ ਕੇ।1। ਰਹਾਉ।
ਸਚੀ = ਸਦਾ-ਥਿਰ, ਉਕਾਈ-ਰਹਿਤ। ਦੇਹਿ = ਤੂੰ ਦੇਹ। ਦਇਆਲ = ਹੇ ਦਇਆਲ! ਹਉ = ਮੈਂ। ਜੀਵਾ = ਮੈਂ ਜੀਊਂਦਾ ਹਾਂ, ਮੇਰਾ ਆਤਮਕ ਜੀਵਨ ਪਲਰਦਾ ਹੈ। ਅਧਾਰੁ = ਆਸਰਾ।2।
ਦਰਿ = ਦਰ ਤੇ। ਦਰਵਾਨੁ = ਦਰ ਮੱਲ ਕੇ ਬੈਠਣ ਵਾਲਾ। ਹੈਰਾਨੁ = ਅਚਰਜ।3।
ਦਰਗਹ = ਦਰਗਾਹ ਵਿਚ। ਹਦੂਰਿ = ਹਜ਼ੂਰੀ ਵਿਚ। ਗੁਰਮੁਖਿ = ਜੋ ਮਨੁੱਖ ਗੁਰੂ ਦੇ ਸਨਮੁਖ ਹੈ। ਵੇਲਾ = ਜੀਵਨ-ਸਮਾ।4।
ਕਰਿ = ਕਰੇ, ਕਰਦਾ ਹੈ, ਬਣਾਂਦਾ ਹੈ। ਤੋਸਾ = (ਜੀਵਨ-ਸਫ਼ਰ ਵਿਚ) ਰਸਤੇ ਦਾ ਖ਼ਰਚ। ਮਨਹੁ = ਮਨ ਤੋਂ। ਸਚੁ = ਸਦਾ-ਥਿਰ ਪ੍ਰਭੂ-ਨਾਮ। ਦੇਇ = ਦੇਂਦਾ ਹੈ।5।
ਸਚੇ ਨੇਹੁ = ਸਦਾ-ਥਿਰ ਰਹਿਣ ਵਾਲੇ ਪ੍ਰਭੂ ਨਾਲ ਪਿਆਰ। ਸਚੈ = ਸਦਾ-ਥਿਰ ਪ੍ਰਭੂ ਨੇ ਆਪ।6।
ਸਚੇ = ਹੇ ਸਦਾ-ਥਿਰ ਪ੍ਰਭੂ! ਸੇਵੀ = ਮੈਂ ਸੇਂਵਦਾ ਹਾਂ, ਸਿਮਰਦਾ ਹਾਂ।7।
ਹਉ = ਮੈਂ। ਕਾਂਢੀਆ = ਅਖਵਾਂਦਾ ਹਾਂ। ਕਰੇਹੁ = ਕਰੋ। ਵਾਂਢੀਆ = ਮੈਨੂੰ ਵਿਛੁੜੇ ਨੂੰ।8।
ਅਰਥ: ਜਦੋਂ ਤਕ (ਸਰੀਰ ਵਿਚ) ਜਿੰਦ ਹੈ ਤੇ ਸੁਆਸ ਹਨ (ਤਦ ਤਕ) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਸਿਮਰਨਾ ਚਾਹੀਦਾ ਹੈ। ਜਿਹੜਾ ਸਿਮਰਦਾ ਹੈ ਉਸ ਨੂੰ) ਪ੍ਰਭੂ ਦੇ ਗੁਣ ਗਾ ਕੇ (ਸਿਫ਼ਤਿ-ਸਾਲਾਹ ਕਰ ਕੇ) ਆਤਮਕ ਆਨੰਦ-ਰੂਪ ਲਾਭ ਮਿਲਦਾ ਹੈ।1। ਰਹਾਉ।
ਜਿਸ ਮਨੁੱਖ ਦਾ ਮਨ ਪਰਮਾਤਮਾ ਦੇ ਨਾਮ (-ਰੰਗ) ਵਿਚ ਰੰਗਿਆ ਜਾਏ, ਜੋ ਮਨੁੱਖ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰੇ (ਉਹ ਪਰਮਾਤਮਾ ਨੂੰ ਪਿਆਰਾ ਲੱਗਦਾ ਹੈ) ।
(ਤੇ, ਹੇ ਪ੍ਰਭੂ!) ਜਦੋਂ (ਤੇਰੀ ਸੇਵਾ-ਭਗਤੀ ਦੇ ਕਾਰਨ ਕੋਈ ਵਡਭਾਗੀ ਜੀਵ) ਤੈਨੂੰ ਪਿਆਰਾ ਲੱਗਣ ਲੱਗ ਪਏ ਤਾਂ ਇਸ ਵਿਚ ਲੋਕਾਂ ਦਾ ਕੁਝ ਨਹੀਂ ਵਿਗੜਦਾ ਕਿਉਂਕਿ ਤੇਰੀ ਸਿਫ਼ਤਿ-ਸਾਲਾਹ ਕਰਨ ਵਾਲਾ ਤੇਰੇ ਪੈਦਾ ਕੀਤੇ ਬੰਦਿਆਂ ਦਾ ਦੋਖੀ ਹੋ ਹੀ ਨਹੀਂ ਸਕਦਾ) ।1।
ਹੇ ਦਇਆਲ ਪ੍ਰਭੂ! ਤੂੰ ਮੈਨੂੰ ਆਪਣੀ (ਭਗਤੀ ਦੀ) ਕਾਰ ਬਖ਼ਸ਼ (ਇਹ ਕਾਰ ਐਸੀ ਹੈ ਕਿ) ਇਸ ਵਿਚ ਕੋਈ ਉਕਾਈ ਨਹੀਂ ਹੈ। ਜਿਉਂ ਜਿਉਂ ਮੈਂ ਤੇਰੀ ਸਿਫ਼ਤਿ-ਸਾਲਾਹ ਕਰਦਾ ਹਾਂ, ਮੇਰਾ ਆਤਮਕ ਜੀਵਨ ਪਲਰਦਾ ਹੈ। ਹੇ ਪ੍ਰਭੂ! ਤੂੰ ਮੇਰੇ ਜੀਵਨ ਦੀ ਟੇਕ ਹੈਂ, ਤੂੰ ਮੇਰਾ ਆਸਰਾ ਹੈਂ।2।
ਹੇ ਪ੍ਰਭੂ! ਜੋ ਮਨੁੱਖ ਤੇਰੇ ਦਰ ਤੇ ਸੇਵਕ ਬਣਦਾ ਹੈ ਜੋ ਤੇਰਾ ਦਰ ਮੱਲਦਾ ਹੈ, ਤੂੰ ਉਸ (ਦੇ ਦਿਲ) ਦਾ ਦੁਖ-ਦਰਦ ਜਾਣਦਾ ਹੈਂ। ਜਗਤ ਵੇਖ ਕੇ ਹੈਰਾਨ ਹੁੰਦਾ ਹੈ ਕਿ ਜੇਹੜਾ ਤੇਰੀ ਭਗਤੀ ਕਰਦਾ ਹੈ ਤੂੰ ਉਸ ਦਾ ਦੁਖ-ਦਰਦ ਦੂਰ ਕਰ ਦੇਂਦਾ ਹੈਂ।3।
ਜੇਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ ਉਸ ਨੂੰ ਸਮਝ ਆ ਜਾਂਦੀ ਹੈ ਕਿ ਪਰਮਾਤਮਾ ਦੀ ਦਰਗਾਹ ਵਿਚ ਹਜ਼ੂਰੀ ਵਿਚ ਉਸ ਦਾ ਨਾਮ (-ਸਿਮਰਨ ਹੀ) ਪਰਵਾਨ ਹੁੰਦਾ ਹੈ। ਜੇਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਪਛਾਣਦਾ ਹੈ (ਸ਼ਬਦ ਨਾਲ ਸਾਂਝ ਪਾਂਦਾ ਹੈ) ਉਸ ਦਾ ਜੀਵਨ-ਸਮਾ ਸਫਲ ਹੈ, ਕਬੂਲ ਹੈ।4।
ਜਿਨ੍ਹਾਂ ਬੰਦਿਆਂ ਨੂੰ ਸਦਾ-ਥਿਰ ਪ੍ਰਭੂ ਆਪਣਾ ਸਦਾ-ਥਿਰ ਨਾਮ ਦੇਂਦਾ ਹੈ, ਉਹ ਆਪਣੇ ਮਨ ਵਿਚੋਂ ਵਿਕਾਰ ਛੱਡ ਕੇ ਸਤ ਸੰਤੋਖ ਪ੍ਰੇਮ ਅਤੇ ਹਰਿ-ਨਾਮ ਨੂੰ (ਜੀਵਨ-ਸਫ਼ਰ ਵਿਚ) ਰਸਤੇ ਦਾ ਖ਼ਰਚ ਬਣਾਂਦੇ ਹਨ (ਆਪਣੇ ਆਤਮਕ ਜੀਵਨ ਦਾ ਆਧਾਰ ਬਣਾਂਦੇ ਹਨ) ।5।
(ਜੇ ਕਿਸੇ ਜੀਵ ਨੂੰ) ਸਦਾ-ਥਿਰ ਪ੍ਰਭੂ ਦਾ ਸਦਾ-ਥਿਰ ਪ੍ਰੇਮ ਲੱਗਾ ਹੈ (ਤਾਂ ਇਹ ਪ੍ਰੇਮ) ਸਦਾ-ਥਿਰ ਪ੍ਰਭੂ ਨੇ ਆਪ ਹੀ ਲਾਇਆ ਹੈ। ਉਹ ਆਪ ਹੀ ਨਿਆਂ ਕਰਦਾ ਹੈ (ਕਿ ਕਿਸ ਨੂੰ ਪ੍ਰੇਮ ਦੀ ਦਾਤਿ ਦੇਣੀ ਹੈ) , ਜੋ ਉਸ ਨੂੰ ਪਸੰਦ ਆਉਂਦਾ ਹੈ (ਉਹੀ ਨਿਆਂ ਹੈ) ।6।
ਮੈਂ (ਭੀ) ਦਿਨ ਰਾਤ ਉਸ ਪ੍ਰਭੂ ਦਾ ਸਿਮਰਨ ਕਰਦਾ ਹਾਂ ਜਿਸ ਦਾ ਨਾਮ ਅਮੋਲਕ ਹੈ ਜੋ ਸਦਾ ਜੀਵਾਂ ਉਤੇ ਦਇਆ ਕਰਦਾ ਹੈ। (ਮੈਂ ਉਸ ਦੇ ਦਰ ਤੇ ਅਰਦਾਸ ਕਰਦਾ ਹਾਂ =) ਹੇ ਸਦਾ-ਥਿਰ ਰਹਿਣ ਵਾਲੇ ਪ੍ਰਭੂ! ਮੈਨੂੰ ਆਪਣੇ ਨਾਮ ਦੀ ਦਾਤਿ ਦੇਹ, ਇਹ ਦਾਤਿ ਸਦਾ ਕਾਇਮ ਰਹਿਣ ਵਾਲੀ ਹੈ।7।
ਹੇ ਨਾਨਕ! (ਪ੍ਰਭੂ-ਦਰ ਤੇ ਸਦਾ ਇਉਂ ਅਰਦਾਸ ਕਰ = ਹੇ ਪ੍ਰਭੂ!) ਤੂੰ ਉੱਤਮ ਹੈਂ, ਮੈਂ ਨੀਚ ਹਾਂ (ਪਰ ਫਿਰ ਭੀ ਮੈਂ ਤੇਰਾ) ਸੇਵਕ ਅਖਵਾਂਦਾ ਹਾਂ। ਮੇਰੇ ਉੱਤੇ ਮੇਹਰ ਦੀ ਨਜ਼ਰ ਕਰ, (ਤਾ ਕਿ) ਮੈਨੂੰ (ਤੇਰੇ ਚਰਨਾਂ ਤੋਂ) ਵਿਛੁੜੇ ਹੋਏ ਨੂੰ ਤੇਰਾ ਸਦਾ-ਥਿਰ ਨਾਮ ਮਿਲ ਜਾਏ।8। 21।
ਧਨਾਸਰੀ ਮਹਲਾ ੩ ॥ ਜੋ ਹਰਿ ਸੇਵਹਿ ਤਿਨ ਬਲਿ ਜਾਉ ॥ ਤਿਨ ਹਿਰਦੈ ਸਾਚੁ ਸਚਾ ਮੁਖਿ ਨਾਉ ॥ ਸਾਚੋ ਸਾਚੁ ਸਮਾਲਿਹੁ ਦੁਖੁ ਜਾਇ ॥ ਸਾਚੈ ਸਬਦਿ ਵਸੈ ਮਨਿ ਆਇ ॥੧॥ ਗੁਰਬਾਣੀ ਸੁਣਿ ਮੈਲੁ ਗਵਾਏ ॥ ਸਹਜੇ ਹਰਿ ਨਾਮੁ ਮੰਨਿ ਵਸਾਏ ॥੧॥ ਰਹਾਉ ॥ ਕੂੜੁ ਕੁਸਤੁ ਤ੍ਰਿਸਨਾ ਅਗਨਿ ਬੁਝਾਏ ॥ ਅੰਤਰਿ ਸਾਂਤਿ ਸਹਜਿ ਸੁਖੁ ਪਾਏ ॥ ਗੁਰ ਕੈ ਭਾਣੈ ਚਲੈ ਤਾ ਆਪੁ ਜਾਇ ॥ ਸਾਚੁ ਮਹਲੁ ਪਾਏ ਹਰਿ ਗੁਣ ਗਾਇ ॥੨॥ ਨ ਸਬਦੁ ਬੂਝੈ ਨ ਜਾਣੈ ਬਾਣੀ ॥ ਮਨਮੁਖਿ ਅੰਧੇ ਦੁਖਿ ਵਿਹਾਣੀ ॥ ਸਤਿਗੁਰੁ ਭੇਟੇ ਤਾ ਸੁਖੁ ਪਾਏ ॥ ਹਉਮੈ ਵਿਚਹੁ ਠਾਕਿ ਰਹਾਏ ॥੩॥ ਕਿਸ ਨੋ ਕਹੀਐ ਦਾਤਾ ਇਕੁ ਸੋਇ ॥ ਕਿਰਪਾ ਕਰੇ ਸਬਦਿ ਮਿਲਾਵਾ ਹੋਇ ॥ ਮਿਲਿ ਪ੍ਰੀਤਮ ਸਾਚੇ ਗੁਣ ਗਾਵਾ ॥ ਨਾਨਕ ਸਾਚੇ ਸਾਚਾ ਭਾਵਾ ॥੪॥੫॥ {ਪੰਨਾ 665}
ਪਦਅਰਥ: ਸੇਵਹਿ = ਸੇਂਵਦੇ ਹਨ, ਸਿਮਰਦੇ ਹਨ। ਜਾਉ = ਜਾਉਂ, ਮੈਂ ਜਾਂਦਾ ਹਾਂ। ਬਲਿ = ਕੁਰਬਾਨ। ਹਿਰਦੈ = ਹਿਰਦੇ ਵਿਚ। ਸਾਚੁ = ਸਦਾ ਕਾਇਮ ਰਹਿਣ ਵਾਲਾ ਹਰੀ। ਮੁਖਿ = ਮੂੰਹ ਵਿਚ। ਸਚਾ = ਸਦਾ-ਥਿਰ। ਸਾਚੋ ਸਾਚੁ = ਸਾਚੁ ਹੀ ਸਾਚੁ, ਸਦਾ-ਥਿਰ ਪ੍ਰਭੂ ਹੀ। ਸਮਾਲਿਹੁ = (ਹੇ ਭਾਈ!) ਸਾਂਭ ਕੇ ਰੱਖਿਆ ਕਰੋ। ਸਬਦਿ = ਸ਼ਬਦ ਦੀ ਰਾਹੀਂ।੧।
ਸੁਣਿ = (ਹੇ ਭਾਈ!) ਸੁਣਿਆ ਕਰ। ਸਹਜੇ = ਆਤਮਕ ਅਡੋਲਤਾ ਵਿਚ। ਮੰਨਿ = ਮਨਿ, ਮਨ ਵਿਚ।੧।ਰਹਾਉ।
ਕੂੜੁ ਕੁਸਤੁ = ਝੂਠ ਫ਼ਰੇਬ। ਅਗਨਿ = ਅੱਗ। ਭਾਣੈ = ਰਜ਼ਾ ਵਿਚ। ਆਪੁ = ਆਪਾ = ਭਾਵ। ਮਹਲੁ = ਟਿਕਾਣਾ।੨।
ਬੂਝੈ = ਸਮਝਦਾ। ਜਾਣੈ = ਸਾਂਝ ਪਾਂਦਾ। ਦੁਖਿ = ਦੁੱਖ ਵਿਚ। ਵਿਹਾਣੀ = ਬੀਤਦੀ ਹੈ। ਭੇਟੇ = ਮਿਲਦਾ ਹੈ। ਤਾਂ = ਤਦੋਂ। ਵਿਚਹੁ = ਮਨ ਵਿਚੋਂ। ਠਾਕਿ = ਰੋਕ ਕੇ।੩।
ਕਿਸ ਨੋ = {ਲਫ਼ਜ਼ 'ਕਿਸੁ' ਦਾ ੁ ਸੰਬੰਧਕ 'ਨੋ' ਦੇ ਕਾਰਨ ਉੱਡ ਗਿਆ ਹੈ}। ਸਬਦਿ = ਸ਼ਬਦ ਦੀ ਰਾਹੀਂ। ਮਿਲਿ = ਮਿਲ ਕੇ। ਸਾਚੇ ਭਾਵਾ = ਸਦਾ-ਥਿਰ ਪ੍ਰਭੂ ਨੂੰ ਚੰਗੀ ਲੱਗਾਂ {ਭਾਵਾਂ}। ਗਾਵਾ = ਗਾਵਾਂ।੪।
ਅਰਥ: ਹੇ ਭਾਈ! ਗੁਰੂ ਦੀ ਬਾਣੀ ਸੁਣਿਆ ਕਰ, (ਇਹ ਬਾਣੀ ਮਨ ਵਿਚੋਂ ਵਿਕਾਰਾਂ ਦੀ) ਮੈਲ ਦੂਰ ਕਰ ਦੇਂਦੀ ਹੈ। (ਇਹ ਬਾਣੀ) ਆਤਮਕ ਅਡੋਲਤਾ ਵਿਚ (ਟਿਕਾ ਕੇ) ਪਰਮਾਤਮਾ ਦਾ ਨਾਮ ਮਨ ਵਿਚ ਵਸਾ ਦੇਂਦੀ ਹੈ।੧।ਰਹਾਉ।
(ਹੇ ਭਾਈ! ਗੁਰਬਾਣੀ ਦਾ ਆਸਰਾ ਲੈ ਕੇ) ਜੇਹੜੇ ਮਨੁੱਖ ਪਰਮਾਤਮਾ ਦਾ ਸਿਮਰਨ ਕਰਦੇ ਹਨ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ। ਉਹਨਾਂ ਦੇ ਹਿਰਦੇ ਵਿਚ ਸਦਾ-ਥਿਰ ਪ੍ਰਭੂ ਵੱਸਿਆ ਰਹਿੰਦਾ ਹੈ, ਉਹਨਾਂ ਦੇ ਮੂੰਹ ਵਿਚ ਸਦਾ-ਥਿਰ ਹਰਿ-ਨਾਮ ਟਿਕਿਆ ਰਹਿੰਦਾ ਹੈ। ਹੇ ਭਾਈ! ਸਦਾ-ਥਿਰ ਪ੍ਰਭੂ ਨੂੰ ਹੀ (ਹਿਰਦੇ ਵਿਚ) ਸੰਭਾਲ ਕੇ ਰੱਖਿਆ ਕਰੋ (ਇਸ ਦੀ ਬਰਕਤਿ ਨਾਲ ਹਰੇਕ) ਦੁੱਖ ਦੂਰ ਹੋ ਜਾਂਦਾ ਹੈ। ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲੇ ਸ਼ਬਦ ਵਿਚ ਜੁੜਿਆਂ (ਹਰਿ-ਨਾਮ) ਮਨ ਵਿਚ ਆ ਵੱਸਦਾ ਹੈ।੧।
(ਹੇ ਭਾਈ! ਗੁਰੂ ਦੀ ਬਾਣੀ ਮਨ ਵਿਚੋਂ) ਝੂਠ ਫ਼ਰੇਬ ਮੁਕਾ ਦੇਂਦੀ ਹੈ, ਤ੍ਰਿਸ਼ਨਾ ਦੀ ਅੱਗ ਬੁਝਾ ਦੇਂਦੀ ਹੈ। (ਗੁਰਬਾਣੀ ਦੀ ਬਰਕਤਿ ਨਾਲ) ਮਨ ਵਿਚ ਸ਼ਾਂਤੀ ਪੈਦਾ ਹੋ ਜਾਂਦੀ ਹੈ, ਆਤਮਕ ਅਡੋਲਤਾ ਵਿਚ ਟਿਕ ਜਾਈਦਾ ਹੈ, ਆਤਮਕ ਆਨੰਦ ਪ੍ਰਾਪਤ ਹੁੰਦਾ ਹੈ। (ਜਦੋਂ ਮਨੁੱਖ ਗੁਰਬਾਣੀ ਅਨੁਸਾਰ) ਗੁਰੂ ਦੀ ਰਜ਼ਾ ਵਿਚ ਤੁਰਦਾ ਹੈ, ਤਦੋਂ (ਉਸ ਦੇ ਅੰਦਰੋਂ) ਆਪਾ-ਭਾਵ ਦੂਰ ਹੋ ਜਾਂਦਾ ਹੈ, ਤਦੋਂ ਉਹ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾ ਗਾ ਕੇ ਸਦਾ-ਥਿਰ ਰਹਿਣ ਵਾਲਾ ਟਿਕਾਣਾ ਪ੍ਰਾਪਤ ਕਰ ਲੈਂਦਾ ਹੈ (ਪ੍ਰਭੂ ਚਰਨਾਂ ਵਿਚ ਲੀਨ ਰਹਿੰਦਾ ਹੈ) ।੨।
ਹੇ ਭਾਈ! ਜੇਹੜਾ ਮਨੁੱਖ ਨਾਹ ਗੁਰੂ ਦੇ ਸ਼ਬਦ ਨੂੰ ਸਮਝਦਾ ਹੈ, ਨਾਹ ਗੁਰੂ ਦੀ ਬਾਣੀ ਨਾਲ ਡੂੰਘੀ ਸਾਂਝ ਪਾਂਦਾ ਹੈ, ਮਾਇਆ ਦੇ ਮੋਹ ਵਿਚ ਅੰਨ੍ਹੇ ਹੋ ਚੁਕੇ, ਤੇ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ (ਉਸ ਮਨੁੱਖ ਦੀ ਉਮਰ) ਦੁੱਖ ਵਿਚ ਹੀ ਗੁਜ਼ਰਦੀ ਹੈ। ਜਦੋਂ ਉਸ ਨੂੰ ਗੁਰੂ ਮਿਲ ਪੈਂਦਾ ਹੈ, ਤਦੋਂ ਉਹ ਆਤਮਕ ਆਨੰਦ ਹਾਸਲ ਕਰਦਾ ਹੈ, ਗੁਰੂ ਉਸ ਦੇ ਮਨ ਵਿਚੋਂ ਹਉਮੈ ਮਾਰ ਮੁਕਾਂਦਾ ਹੈ।
ਪਰ, ਹੇ ਭਾਈ! ਪਰਮਾਤਮਾ ਤੋਂ ਬਿਨਾ) ਹੋਰ ਕਿਸੇ ਅੱਗੇ ਅਰਜ਼ੋਈ ਕੀਤੀ ਨਹੀਂ ਜਾ ਸਕਦੀ। ਸਿਰਫ਼ ਪਰਮਾਤਮਾ ਹੀ (ਗੁਰੂ ਦੇ ਮਿਲਾਪ ਦੀ ਦਾਤਿ) ਦੇਣ ਵਾਲਾ ਹੈ। ਜਦੋਂ ਪਰਮਾਤਮਾ (ਇਹ) ਕਿਰਪਾ ਕਰਦਾ ਹੈ, ਤਦੋਂ ਗੁਰੂ ਦੇ ਸ਼ਬਦ ਵਿਚ ਜੁੜਿਆਂ (ਪ੍ਰਭੂ ਨਾਲ) ਮਿਲਾਪ ਹੋ ਜਾਂਦਾ ਹੈ। ਹੇ ਨਾਨਕ! ਆਖ-ਜੇ ਪ੍ਰਭੂ ਦੀ ਮੇਹਰ ਹੋਵੇ, ਤਾਂ) ਮੈਂ ਪ੍ਰੀਤਮ-ਗੁਰੂ ਨੂੰ ਮਿਲ ਕੇ ਸਦਾ-ਥਿਰ ਪ੍ਰਭੂ ਦੇ ਗੀਤ ਗਾ ਸਕਦਾ ਹਾਂ, ਸਦਾ-ਥਿਰ ਪ੍ਰਭੂ ਦਾ ਨਾਮ ਜਪ ਜਪ ਕੇ ਸਦਾ-ਥਿਰ ਪ੍ਰਭੂ ਨੂੰ ਪਿਆਰਾ ਲੱਗ ਸਕਦਾ ਹਾਂ।੪।੫।
ਗੋਂਡ ਮਹਲਾ ੪ ॥ ਹਰਿ ਦਰਸਨ ਕਉ ਮੇਰਾ ਮਨੁ ਬਹੁ ਤਪਤੈ ਜਿਉ ਤ੍ਰਿਖਾਵੰਤੁ ਬਿਨੁ ਨੀਰ ॥੧॥ ਮੇਰੈ ਮਨਿ ਪ੍ਰੇਮੁ ਲਗੋ ਹਰਿ ਤੀਰ ॥ ਹਮਰੀ ਬੇਦਨ ਹਰਿ ਪ੍ਰਭੁ ਜਾਨੈ ਮੇਰੇ ਮਨ ਅੰਤਰ ਕੀ ਪੀਰ ॥੧॥ ਰਹਾਉ ॥ ਮੇਰੇ ਹਰਿ ਪ੍ਰੀਤਮ ਕੀ ਕੋਈ ਬਾਤ ਸੁਨਾਵੈ ਸੋ ਭਾਈ ਸੋ ਮੇਰਾ ਬੀਰ ॥੨॥ ਮਿਲੁ ਮਿਲੁ ਸਖੀ ਗੁਣ ਕਹੁ ਮੇਰੇ ਪ੍ਰਭ ਕੇ ਲੇ ਸਤਿਗੁਰ ਕੀ ਮਤਿ ਧੀਰ ॥੩॥ ਜਨ ਨਾਨਕ ਕੀ ਹਰਿ ਆਸ ਪੁਜਾਵਹੁ ਹਰਿ ਦਰਸਨਿ ਸਾਂਤਿ ਸਰੀਰ ॥੪॥੬॥ ਛਕਾ ੧॥ {ਪੰਨਾ 861-862}
ਪਦਅਰਥ: ਕਉ = ਨੂੰ, ਵਾਸਤੇ। ਤਪਤੈ = ਤਪ ਰਿਹਾ ਹੈ, ਲੁੱਛ ਰਿਹਾ ਹੈ, ਤੜਫ ਰਿਹਾ ਹੈ। ਤ੍ਰਿਖਾਵੰਤੁ = ਤਿਹਾਇਆ ਮਨੁੱਖ। ਨੀਰ = ਪਾਣੀ।੧।
ਮੇਰੈ ਮਨਿ = ਮੇਰੇ ਮਨ ਵਿਚ। ਬੇਦਨ = {वेदना} ਪੀੜਾ। ਅੰਤਰ ਕੀ = ਅੰਦਰ ਦੀ, ਅੰਦਰਲੀ। ਪੀਰ = ਪੀੜ।੧।ਰਹਾਉ।
ਬਾਤ = ਗੱਲ। ਬੀਰ = ਵੀਰ।੨।
ਮਿਲੁ = {ਹੁਕਮੀ ਭਵਿੱਖਤ}। ਸਖੀ = ਹੇ ਸਹੇਲੀਏ! ਕਹੁ = ਦੱਸ, ਸੁਣ। ਲੇ = ਲੈ ਕੇ। ਧੀਰ = {Adj.} ਕੋਮਲਤਾ ਪੈਦਾ ਕਰਨ ਵਾਲੀ, ਸ਼ਾਂਤੀ ਦੇਣ ਵਾਲੀ।੩।
ਹਰਿ = ਹੇ ਹਰੀ! ਪੁਜਾਵਹੁ = ਪੂਰੀ ਕਰੋ। ਦਰਸਨਿ = ਦਰਸ਼ਨ ਨਾਲ। ਸਾਂਤਿ ਸਰੀਰ = ਸਰੀਰ ਨੂੰ ਸ਼ਾਂਤੀ, ਹਿਰਦੇ ਨੂੰ ਠੰਢ।੪।
ਅਰਥ: ਹੇ ਭਾਈ! ਪਰਮਾਤਮਾ ਦਾ ਪਿਆਰ ਮੇਰੇ ਮਨ ਵਿਚ ਤੀਰ ਵਾਂਗ ਲੱਗਾ ਹੋਇਆ ਹੈ। (ਉਸ ਪ੍ਰੇਮ-ਤੀਰ ਦੇ ਕਾਰਨ ਪੈਦਾ ਹੋਈ) ਮੇਰੇ ਮਨ ਦੀ ਅੰਦਰਲੀ ਪੀੜ-ਵੇਦਨਾ ਮੇਰਾ ਹਰੀ ਮੇਰਾ ਪ੍ਰਭੂ ਹੀ ਜਾਣਦਾ ਹੈ।੧।ਰਹਾਉ।
(ਹੇ ਸਹੇਲੀਏ! ਉਸ ਪ੍ਰੇਮ ਦੇ ਤੀਰ ਦੇ ਕਾਰਨ ਹੁਣ) ਮੇਰਾ ਮਨ ਪਰਮਾਤਮਾ ਦੇ ਦਰਸ਼ਨ ਵਾਸਤੇ (ਇਉਂ) ਲੁਛ ਰਿਹਾ ਹੈ ਜਿਵੇਂ ਪਾਣੀ ਤੋਂ ਬਿਨਾ ਤਿਹਾਇਆ ਮਨੁੱਖ।੧।
ਹੇ ਸਹੇਲੀਏ! ਹੁਣ ਜੇ ਕੋਈ ਮਨੁੱਖ ਮੈਨੂੰ ਮੇਰੇ ਪ੍ਰੀਤਮ ਪ੍ਰਭੂ ਦੀ ਕੋਈ ਗੱਲ ਸੁਣਾਵੇ (ਤਾਂ ਮੈਨੂੰ ਇਉਂ ਲੱਗਦਾ ਹੈ ਕਿ) ਉਹ ਮਨੁੱਖ ਮੇਰਾ ਭਰਾ ਹੈ ਮੇਰਾ ਵੀਰ ਹੈ।੨।
ਹੇ ਸਹੇਲੀਏ! ਗੁਰੂ ਦੀ ਸ਼ਾਂਤੀ ਦੇਣ ਵਾਲੀ ਮਤਿ ਲੈ ਕੇ ਮੈਨੂੰ ਭੀ ਮਿਲਿਆ ਕਰ, ਤੇ, ਮੈਨੂੰ ਪਿਆਰੇ ਪ੍ਰਭੂ ਦੀ ਸਿਫ਼ਤਿ-ਸਾਲਾਹ ਸੁਣਾਇਆ ਕਰ।੩।
ਹੇ ਪ੍ਰਭੂ! ਆਪਣੇ) ਦਾਸ ਨਾਨਕ ਦੀ (ਦਰਸ਼ਨ ਦੀ) ਆਸ ਪੂਰੀ ਕਰ। ਹੇ ਹਰੀ! ਤੇਰੇ ਦਰਸ਼ਨ ਨਾਲ ਮੇਰੇ ਹਿਰਦੇ ਨੂੰ ਠੰਢ ਪੈਂਦੀ ਹੈ।੪।੬।ਛਕਾ।
ਛਕਾ-ਛੱਕਾ, ਛੇ ਸ਼ਬਦਾਂ ਦਾ ਸੰਗ੍ਰਹ।
ਜੈਤਸਰੀ ਮਹਲਾ ੫ ॥ ਕੋਈ ਜਨੁ ਹਰਿ ਸਿਉ ਦੇਵੈ ਜੋਰਿ ॥ ਚਰਨ ਗਹਉ ਬਕਉ ਸੁਭ ਰਸਨਾ ਦੀਜਹਿ ਪ੍ਰਾਨ ਅਕੋਰਿ ॥੧॥ ਰਹਾਉ ॥ ਮਨੁ ਤਨੁ ਨਿਰਮਲ ਕਰਤ ਕਿਆਰੋ ਹਰਿ ਸਿੰਚੈ ਸੁਧਾ ਸੰਜੋਰਿ ॥ ਇਆ ਰਸ ਮਹਿ ਮਗਨੁ ਹੋਤ ਕਿਰਪਾ ਤੇ ਮਹਾ ਬਿਖਿਆ ਤੇ ਤੋਰਿ ॥੧॥ ਆਇਓ ਸਰਣਿ ਦੀਨ ਦੁਖ ਭੰਜਨ ਚਿਤਵਉ ਤੁਮ੍ਹ੍ਹਰੀ ਓਰਿ ॥ ਅਭੈ ਪਦੁ ਦਾਨੁ ਸਿਮਰਨੁ ਸੁਆਮੀ ਕੋ ਪ੍ਰਭ ਨਾਨਕ ਬੰਧਨ ਛੋਰਿ ॥੨॥੫॥੯॥ {ਪੰਨਾ 701}
ਪਦਅਰਥ: ਸਿਉ = ਨਾਲ। ਜੋਰਿ = ਜੋੜਿ। ਗਹਉ = ਗਹਉਂ, ਮੈਂ ਫੜ ਲਵਾਂ। ਬਕਉ = ਬਕਉਂ, ਮੈਂ ਬੋਲਾਂ। ਸਭੁ = ਮਿੱਠੇ ਬੋਲ। ਰਸਨਾ = ਜੀਭ (ਨਾਲ) । ਅਕੋਰਿ = ਭੇਟਾ।੧।ਰਹਾਉ।
ਕਿਆਰੋ = ਕਿਆਰਾ। ਸਿੰਚੈ = ਸਿੰਜਦਾ ਹੈ। ਸੁਧਾ = ਅੰਮ੍ਰਿਤ, ਆਤਮਕ ਜੀਵਨ ਦੇਣ ਵਾਲਾ ਨਾਮ = ਜਲ। ਸੰਜੋਰਿ = ਚੰਗੀ ਤਰ੍ਹਾਂ ਜੋੜ ਕੇ। ਇਆ ਰਸ ਮਹਿ = ਇਸ ਰਸ ਵਿਚ। ਮਗਨੁ = ਮਸਤ। ਤੇ = ਤੋਂ, ਨਾਲ। ਬਿਖਿਆ = ਮਾਇਆ। ਤੋਰਿ = ਤੋੜ ਕੇ।੧।
ਦੀਨ ਦੁਖ ਭੰਜਨ = ਹੇ ਦੀਨਾਂ ਦੇ ਦੁੱਖ ਦੂਰ ਕਰਨ ਵਾਲੇ! ਚਿਤਵਉ = ਚਿਤਵਉਂ, ਮੈਂ ਚਿਤਵਦਾ ਹਾਂ। ਓਰਿ = ਪਾਸਾ, ਓਟ। ਅਭੈ ਪਦੁ = ਨਿਰਭੈਤਾ ਦੀ ਅਵਸਥਾ। ਕੋ = ਦਾ। ਛੋਰਿ = ਛੁੜਾ ਕੇ।੨।
ਅਰਥ: ਹੇ ਭਾਈ! ਜੇ ਕੋਈ ਮਨੁੱਖ ਮੈਨੂੰ ਪਰਮਾਤਮਾ (ਦੇ ਚਰਨਾਂ) ਨਾਲ ਜੋੜ ਦੇਵੇ, ਤਾਂ ਮੈਂ ਉਸ ਦੇ ਚਰਨ ਫੜ ਲਵਾਂ, ਮੈਂ ਜੀਭ ਨਾਲ (ਉਸ ਦੇ ਧੰਨਵਾਦ ਦੇ) ਮਿੱਠੇ ਬੋਲ ਬੋਲਾਂ। ਮੇਰੇ ਇਹ ਪ੍ਰਾਣ ਉਸ ਅੱਗੇ ਭੇਟਾ ਦੇ ਤੌਰ ਤੇ ਦਿੱਤੇ ਜਾਣ।੧।ਰਹਾਉ।
ਹੇ ਭਾਈ! ਕੋਈ ਵਿਰਲਾ ਮਨੁੱਖ ਪਰਮਾਤਮਾ ਦੀ ਕਿਰਪਾ ਨਾਲ ਆਪਣੇ ਮਨ ਨੂੰ ਸਰੀਰ ਨੂੰ, ਪਵਿਤ੍ਰ ਕਿਆਰਾ ਬਣਾਂਦਾ ਹੈ, ਉਸ ਵਿਚ ਪ੍ਰਭੂ ਦਾ ਨਾਮ-ਜਲ ਚੰਗੀ ਤਰ੍ਹਾਂ ਸਿੰਜਦਾ ਹੈ, ਤੇ, ਵੱਡੀ (ਮੋਹਣੀ) ਮਾਇਆ ਨਾਲੋਂ (ਸੰਬੰਧ) ਤੋੜ ਕੇ ਇਸ (ਨਾਮ-) ਰਸ ਵਿਚ ਮਸਤ ਰਹਿੰਦਾ ਹੈ।੧।
ਹੇ ਦੀਨਾਂ ਦੇ ਦੁੱਖ ਨਾਸ ਕਰਨ ਵਾਲੇ! ਮੈਂ ਤੇਰੀ ਸਰਨ ਆਇਆ ਹਾਂ, ਮੈਂ ਤੇਰਾ ਹੀ ਆਸਰਾ (ਆਪਣੇ ਮਨ ਵਿਚ) ਚਿਤਾਰਦਾ ਰਹਿੰਦਾ ਹਾਂ। ਹੇ ਪ੍ਰਭੂ! ਮੈਂ) ਨਾਨਕ ਦੇ (ਮਾਇਆ ਵਾਲੇ) ਬੰਧਨ ਛੁਡਾ ਕੇ ਮੈਨੂੰ ਆਪਣੇ ਨਾਮ ਦਾ ਸਿਮਰਨ ਦੇਹ, ਮੈਨੂੰ (ਵਿਕਾਰਾਂ ਦੇ ਟਾਕਰੇ ਤੇ) ਨਿਰਭੈਤਾ ਵਾਲੀ ਅਵਸਥਾ ਬਖ਼ਸ਼।੨।੫।੯।
ਸੋਰਠਿ ਮਹਲਾ ੫ ॥ ਜਿਤੁ ਪਾਰਬ੍ਰਹਮੁ ਚਿਤਿ ਆਇਆ ॥ ਸੋ ਘਰੁ ਦਯਿ ਵਸਾਇਆ ॥ ਸੁਖ ਸਾਗਰੁ ਗੁਰੁ ਪਾਇਆ ॥ ਤਾ ਸਹਸਾ ਸਗਲ ਮਿਟਾਇਆ ॥੧॥ ਹਰਿ ਕੇ ਨਾਮ ਕੀ ਵਡਿਆਈ ॥ ਆਠ ਪਹਰ ਗੁਣ ਗਾਈ ॥ ਗੁਰ ਪੂਰੇ ਤੇ ਪਾਈ ॥ ਰਹਾਉ ॥ ਪ੍ਰਭ ਕੀ ਅਕਥ ਕਹਾਣੀ ॥ ਜਨ ਬੋਲਹਿ ਅੰਮ੍ਰਿਤ ਬਾਣੀ ॥ ਨਾਨਕ ਦਾਸ ਵਖਾਣੀ ॥ ਗੁਰ ਪੂਰੇ ਤੇ ਜਾਣੀ ॥੨॥੨॥੬੬॥ {ਪੰਨਾ 626}
ਪਦਅਰਥ: ਜਿਤੁ = ਜਿਸ ਵਿਚ। ਚਿਤਿ = ਚਿੱਤ ਵਿਚ, ਹਿਰਦੇ ਵਿਚ। ਜਿਤੁ ਚਿਤਿ = ਜਿਸ ਹਿਰਦੇ = ਘਰ ਵਿਚ। ਸੋ ਘਰੁ = ਉਹ ਹਿਰਦਾ = ਘਰ। ਦਯਿ = ਪਿਆਰ ਕਰਨ ਵਾਲੇ ਪ੍ਰਭੂ ਨੇ। ਸੁਖ ਸਾਗਰੁ = ਸੁਖਾਂ ਦਾ ਸਮੁੰਦਰ। ਤਾ = ਤਦੋਂ। ਸਹਸਾ = ਸਹਿਮ।੧।
ਵਡਿਆਈ = ਸੋਭਾ, ਸਿਫ਼ਤਿ-ਸਾਲਾਹ। ਆਠ ਪਹਿਰ = ਹਰ ਵੇਲੇ। ਤੇ = ਤੋਂ। ਪਾਈ = ਪ੍ਰਾਪਤ ਕੀਤੀ।ਰਹਾਉ।
ਅਕਥ: ਬਿਆਨ ਨਾਹ ਹੋ ਸਕਣ ਵਾਲੀ। ਕਹਾਣੀ = ਸਰੂਪ ਦਾ ਵਰਣਨ। ਬੋਲਹਿ = ਬੋਲਦੇ ਹਨ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੀ। ਵਖਾਣੀ = ਉਚਾਰੀ। ਤੇ = ਤੋਂ।੨।
ਅਰਥ: ਹੇ ਭਾਈ! ਪਰਮਾਤਮਾ ਦੇ ਨਾਮ ਦੀ ਸਿਫ਼ਤਿ-ਸਾਲਾਹ ਕਰਨੀ, ਅੱਠੇ ਪਹਿਰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਣੇ-(ਇਹ ਦਾਤਿ) ਪੂਰੇ ਗੁਰੂ ਤੋਂ ਹੀ ਮਿਲਦੀ ਹੈ।ਰਹਾਉ।
ਹੇ ਭਾਈ! ਜਿਸ ਦੇ ਹਿਰਦੇ-ਘਰ ਵਿਚ ਪਰਮਾਤਮਾ ਆ ਵੱਸਿਆ ਹੈ, ਪ੍ਰੀਤਮ-ਪ੍ਰਭੂ ਨੇ ਉਹ ਹਿਰਦਾ-ਘਰ (ਆਤਮਕ ਗੁਣਾਂ ਨਾਲ) ਭਰਪੂਰ ਕਰ ਦਿੱਤਾ। ਹੇ ਭਾਈ! ਜਦੋਂ ਕਿਸੇ ਵਡ-ਭਾਗੀ ਨੂੰ) ਸੁਖਾਂ ਦਾ ਸਮੁੰਦਰ ਗੁਰੂ ਮਿਲ ਪਿਆ, ਤਦੋਂ ਉਸ ਨੇ ਆਪਣਾ ਸਾਰਾ ਸਹਿਮ ਦੂਰ ਕਰ ਲਿਆ।੧।
ਹੇ ਭਾਈ! ਪਰਮਾਤਮਾ ਦੇ ਸਰੂਪ ਦੀ ਗੱਲ-ਬਾਤ ਦੱਸੀ ਨਹੀਂ ਜਾ ਸਕਦੀ। ਪ੍ਰਭੂ ਦੇ ਸੇਵਕ ਆਤਮਕ ਜੀਵਨ ਦੇਣ ਵਾਲੀ ਸਿਫ਼ਤਿ-ਸਾਲਾਹ ਦੀ ਬਾਣੀ ਉਚਾਰਦੇ ਰਹਿੰਦੇ ਹਨ। ਹੇ ਨਾਨਕ! ਉਹੀ ਸੇਵਕ ਇਹ ਬਾਣੀ ਉਚਾਰਦੇ ਹਨ, ਜਿਨ੍ਹਾਂ ਨੇ ਪੂਰੇ ਗੁਰੂ ਪਾਸੋਂ ਇਹ ਸਮਝ ਹਾਸਲ ਕੀਤੀ ਹੈ।੨।੨।੬੬।
ਸਲੋਕੁ ਮਃ ੩ ॥ ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈ ॥ ਗੁਰਮੁਖਿ ਹੋਇ ਸੁ ਭਉ ਕਰੇ ਆਪਣਾ ਆਪੁ ਪਛਾਣੈ ॥ ਗੁਰ ਪਰਸਾਦੀ ਜੀਵਤੁ ਮਰੈ ਤਾ ਮਨ ਹੀ ਤੇ ਮਨੁ ਮਾਨੈ ॥ {ਪੰਨਾ 647}
ਪਦਅਰਥ: ਸਾਖੀ = ਸਿੱਖਿਆ ਦਾ ਬਚਨ।
ਅਰਥ: ਮਹਾਂ ਪੁਰਖ ਕਿਸੇ ਦੇ ਸੰਬੰਧ ਵਿਚ ਸਿੱਖਿਆ ਦਾ ਬਚਨ ਬੋਲਦੇ ਹਨ (ਪਰ ਉਹ ਸਿੱਖਿਆ) ਸਾਰੇ ਸੰਸਾਰ ਲਈ ਸਾਂਝੀ ਹੁੰਦੀ ਹੈ, ਜੋ ਮਨੁੱਖ ਸਤਿਗੁਰੂ ਦੇ ਸਨਮੁਖ ਹੁੰਦਾ ਹੈ, ਉਹ (ਸੁਣ ਕੇ) ਪ੍ਰਭੂ ਦਾ ਡਰ (ਹਿਰਦੇ ਵਿਚ ਧਾਰਨ) ਕਰਦਾ ਹੈ, ਤੇ ਆਪਣੇ ਆਪ ਦੀ ਖੋਜ ਕਰਦਾ ਹੈ। ਸਤਿਗੁਰੂ ਦੀ ਕਿਰਪਾ ਨਾਲ ਉਹ ਸੰਸਾਰ ਵਿਚ ਵਰਤਦਾ ਹੋਇਆ ਹੀ ਮਾਇਆ ਵਲੋਂ ਉਦਾਸ ਰਹਿੰਦਾ ਹੈ, ਤਾਂ ਉਸ ਦਾ ਮਨ ਆਪਣੇ ਆਪ ਵਿਚ ਪਤੀਜ ਜਾਂਦਾ ਹੈ (ਬਾਹਰ ਭਟਕਣੋਂ ਹਟ ਜਾਂਦਾ ਹੈ) ।
ਜਿਨ ਕਉ ਮਨ ਕੀ ਪਰਤੀਤਿ ਨਾਹੀ ਨਾਨਕ ਸੇ ਕਿਆ ਕਥਹਿ ਗਿਆਨੈ ॥੧॥ {ਪੰਨਾ 647}
ਅਰਥ: ਹੇ ਨਾਨਕ! ਜਿਨ੍ਹਾਂ ਦਾ ਮਨ ਪਤੀਜਿਆ ਨਹੀਂ, ਉਹਨਾਂ ਨੂੰ ਗਿਆਨ ਦੀਆਂ ਗੱਲਾਂ ਕਰਨ ਦਾ ਕੋਈ ਲਾਭ ਨਹੀਂ ਹੁੰਦਾ।੧।
ਮਃ ੩ ॥ ਗੁਰਮੁਖਿ ਚਿਤੁ ਨ ਲਾਇਓ ਅੰਤਿ ਦੁਖੁ ਪਹੁਤਾ ਆਇ ॥ ਅੰਦਰਹੁ ਬਾਹਰਹੁ ਅੰਧਿਆਂ ਸੁਧਿ ਨ ਕਾਈ ਪਾਇ ॥ ਪੰਡਿਤ ਤਿਨ ਕੀ ਬਰਕਤੀ ਸਭੁ ਜਗਤੁ ਖਾਇ ਜੋ ਰਤੇ ਹਰਿ ਨਾਇ ॥ ਜਿਨ ਗੁਰ ਕੈ ਸਬਦਿ ਸਲਾਹਿਆ ਹਰਿ ਸਿਉ ਰਹੇ ਸਮਾਇ ॥ {ਪੰਨਾ 647}
ਅਰਥ: ਹੇ ਪੰਡਿਤ! ਜਿਨ੍ਹਾਂ ਮਨੁੱਖਾਂ ਨੇ ਸਤਿਗੁਰੂ ਦੇ ਸਨਮੁਖ ਹੋ ਕੇ (ਹਰੀ ਵਿਚ) ਮਨ ਨਹੀਂ ਜੋੜਿਆ, ਉਹਨਾਂ ਨੂੰ ਆਖ਼ਰ ਦੁੱਖ ਵਾਪਰਦਾ ਹੈ; ਉਹਨਾਂ ਅੰਦਰੋਂ ਤੇ ਬਾਹਰੋਂ ਅੰਨਿ੍ਹਆਂ ਨੂੰ ਕੋਈ ਸਮਝ ਨਹੀਂ ਆਉਂਦੀ। (ਪਰ) ਹੇ ਪੰਡਿਤ! ਜੋ ਮਨੁੱਖ ਹਰੀ ਦੇ ਨਾਮ ਵਿਚ ਰੱਤੇ ਹੋਏ ਹਨ, ਜਿਨ੍ਹਾਂ ਨੇ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਸਿਫ਼ਤਿ-ਸਾਲਾਹ ਕੀਤੀ ਹੈ ਤੇ ਹਰੀ ਵਿੱਚ ਲੀਨ ਹਨ, ਉਹਨਾਂ ਦੀ ਕਮਾਈ ਦੀ ਬਰਕਤਿ ਸਾਰਾ ਸੰਸਾਰ ਖਾਂਦਾ ਹੈ।
ਪੰਡਿਤ ਦੂਜੈ ਭਾਇ ਬਰਕਤਿ ਨ ਹੋਵਈ ਨਾ ਧਨੁ ਪਲੈ ਪਾਇ ॥ ਪੜਿ ਥਕੇ ਸੰਤੋਖੁ ਨ ਆਇਓ ਅਨਦਿਨੁ ਜਲਤ ਵਿਹਾਇ ॥ ਕੂਕ ਪੂਕਾਰ ਨ ਚੁਕਈ ਨਾ ਸੰਸਾ ਵਿਚਹੁ ਜਾਇ ॥ ਨਾਨਕ ਨਾਮ ਵਿਹੂਣਿਆ ਮੁਹਿ ਕਾਲੈ ਉਠਿ ਜਾਇ ॥੨॥ {ਪੰਨਾ 647}
ਪਦਅਰਥ: ਕੂਕ ਪੂਕਾਰ = ਰੋਣਾ = ਚੀਕਣਾ, ਗਿਲੇ = ਗੁਜ਼ਾਰੀ। ਸੰਸਾ = ਤੌਖ਼ਲਾ। ਮੁਹਿ ਕਾਲੈ = ਕਾਲੇ ਮੂੰਹ ਨਾਲ, ਮੁਕਾਲਖ ਖੱਟ ਕੇ।
ਅਰਥ: ਹੇ ਪੰਡਿਤ! ਮਾਇਆ ਦੇ ਮੋਹ ਵਿਚ (ਫਸੇ ਰਿਹਾਂ) ਬਰਕਤਿ ਨਹੀਂ ਹੋ ਸਕਦੀ (ਆਤਮਿਕ ਜੀਵਨ ਵਧਦਾ-ਫੁਲਦਾ ਨਹੀਂ) ਤੇ ਨਾਹ ਹੀ ਨਾਮ-ਧਨ ਮਿਲਦਾ ਹੈ; ਪੜ੍ਹ ਕੇ ਥੱਕ ਜਾਂਦੇ ਹਨ, ਪਰ ਸੰਤੋਖ ਨਹੀਂ ਆਉਂਦਾ ਤੇ ਹਰ ਵੇਲੇ (ਉਮਰ) ਸੜਦਿਆਂ ਹੀ ਗੁਜ਼ਰਦੀ ਹੈ; ਉਹਨਾਂ ਦੀ ਗਿਲਾ-ਗੁਜ਼ਾਰੀ ਮੁੱਕਦੀ ਨਹੀਂ ਤੇ ਮਨ ਵਿਚੋਂ ਚਿੰਤਾ ਨਹੀਂ ਜਾਂਦੀ। ਹੇ ਨਾਨਕ! ਨਾਮ ਤੋਂ ਸੱਖਣਾ ਰਹਿਣ ਕਰਕੇ ਮਨੁੱਖ ਕਾਲੇ-ਮੂੰਹ ਹੀ (ਸੰਸਾਰ ਤੋਂ) ਉੱਠ ਜਾਂਦਾ ਹੈ।੨।
ਪਉੜੀ ॥ ਹਰਿ ਸਜਣ ਮੇਲਿ ਪਿਆਰੇ ਮਿਲਿ ਪੰਥੁ ਦਸਾਈ ॥ ਜੋ ਹਰਿ ਦਸੇ ਮਿਤੁ ਤਿਸੁ ਹਉ ਬਲਿ ਜਾਈ ॥ ਗੁਣ ਸਾਝੀ ਤਿਨ ਸਿਉ ਕਰੀ ਹਰਿ ਨਾਮੁ ਧਿਆਈ ॥ ਹਰਿ ਸੇਵੀ ਪਿਆਰਾ ਨਿਤ ਸੇਵਿ ਹਰਿ ਸੁਖੁ ਪਾਈ ॥ {ਪੰਨਾ 647}
ਪਦਅਰਥ: ਸਜਣ = ਗੁਰਮੁਖ। ਮਿਲਿ = ਮਿਲਿ ਕੇ। ਪੰਥੁ = ਰਾਹ। ਦਸਾਈ = ਮੈਂ ਪੁੱਛਾਂ। ਕਰੀ = ਮੈਂ ਕਰਾਂ। ਧਿਆਈ = ਮੈਂ ਸਿਮਰਾਂ।
ਅਰਥ: ਹੇ ਪਿਆਰੇ ਹਰੀ! ਮੈਨੂੰ ਗੁਰਮੁਖ ਮਿਲਾ, ਜਿਨ੍ਹਾਂ ਨੂੰ ਮਿਲ ਕੇ ਮੈਂ ਤੇਰਾ ਰਾਹ ਪੁੱਛਾਂ। ਜੋ ਮਨੁੱਖ ਮੈਨੂੰ ਹਰੀ ਮਿਤ੍ਰ (ਦੀ ਖ਼ਬਰ) ਦੱਸੇ, ਮੈਂ ਉਸ ਤੋਂ ਸਦਕੇ ਹਾਂ। ਉਹਨਾਂ ਨਾਲ ਮੈਂ ਗੁਣਾਂ ਦੀ ਭਿਆਲੀ ਪਾਵਾਂ ਤੇ ਹਰੀ-ਨਾਮ ਸਿਮਰਾਂ। ਮੈਂ ਸਦਾ ਪਿਆਰਾ ਹਰੀ ਸਿਮਰਾਂ ਤੇ ਸਿਮਰ ਕੇ ਸੁਖ ਲਵਾਂ।
ਬਲਿਹਾਰੀ ਸਤਿਗੁਰ ਤਿਸੁ ਜਿਨਿ ਸੋਝੀ ਪਾਈ ॥੧੨॥ {ਪੰਨਾ 647}
ਅਰਥ: ਮੈਂ ਸਦਕੇ ਹਾਂ ਉਸ ਸਤਿਗੁਰੂ ਤੋਂ, ਜਿਸ ਨੇ (ਪਰਮਾਤਮਾ ਦੀ) ਸਮਝ ਬਖ਼ਸ਼ੀ ਹੈ।੧੨।
*┈┉┅━❀꧁ੴ꧂❀━┅┉┈*

ਧਨਾਸਰੀ ਮਹਲਾ ੫ ॥ ਜਿਸ ਕਾ ਤਨੁ ਮਨੁ ਧਨੁ ਸਭੁ ਤਿਸ ਕਾ ਸੋਈ ਸੁਘੜੁ ਸੁਜਾਨੀ ॥ ਤਿਨ ਹੀ ਸੁਣਿਆ ਦੁਖੁ ਸੁਖੁ ਮੇਰਾ ਤਉ ਬਿਧਿ ਨੀਕੀ ਖਟਾਨੀ ॥੧॥ ਜੀਅ ਕੀ ਏਕੈ ਹੀ ਪਹਿ ਮਾਨੀ ॥ ਅਵਰਿ ਜਤਨ ਕਰਿ ਰਹੇ ਬਹੁਤੇਰੇ ਤਿਨ ਤਿਲੁ ਨਹੀ ਕੀਮਤਿ ਜਾਨੀ ॥ ਰਹਾਉ ॥ ਅੰਮ੍ਰਿਤ ਨਾਮੁ ਨਿਰਮੋਲਕੁ ਹੀਰਾ ਗੁਰਿ ਦੀਨੋ ਮੰਤਾਨੀ ॥ ਡਿਗੈ ਨ ਡੋਲੈ ਦ੍ਰਿੜੁ ਕਰਿ ਰਹਿਓ ਪੂਰਨ ਹੋਇ ਤ੍ਰਿਪਤਾਨੀ ॥੨॥ ਓਇ ਜੁ ਬੀਚ ਹਮ ਤੁਮ ਕਛੁ ਹੋਤੇ ਤਿਨ ਕੀ ਬਾਤ ਬਿਲਾਨੀ ॥ ਅਲੰਕਾਰ ਮਿਲਿ ਥੈਲੀ ਹੋਈ ਹੈ ਤਾ ਤੇ ਕਨਿਕ ਵਖਾਨੀ ॥੩॥ ਪ੍ਰਗਟਿਓ ਜੋਤਿ ਸਹਜ ਸੁਖ ਸੋਭਾ ਬਾਜੇ ਅਨਹਤ ਬਾਨੀ ॥ ਕਹੁ ਨਾਨਕ ਨਿਹਚਲ ਘਰੁ ਬਾਧਿਓ ਗੁਰਿ ਕੀਓ ਬੰਧਾਨੀ ॥੪॥੫॥ {ਪੰਨਾ 671}
ਪਦਅਰਥ: ਜਿਸ ਕਾ, ਤਿਸ ਕਾ = {ਲਫ਼ਜ਼ 'ਜਿਸੁ' 'ਤਿਸੁ' ਦਾ ੁ ਸੰਬੰਧਕ 'ਕਾ' ਦੇ ਕਾਰਨ ਉੱਡ ਗਿਆ ਹੈ}। ਸੋਈ = ਉਹ (ਪ੍ਰਭੂ) ਹੀ। ਸੁਘੜੁ = ਸੁਚੱਜੀ ਆਤਮਕ ਘਾੜਤ ਵਾਲਾ। ਸੁਜਾਨੀ = ਸਿਆਣਾ। ਤਿਨ ਹੀ = ਤਿਨਿ ਹੀ {ਲਫ਼ਜ਼ 'ਤਿਨ' ਦੀ 'ਿ' ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਣ ਉੱਡ ਗਈ ਹੈ}। ਤਉ = ਤਦੋਂ। ਨੀਕੀ ਬਿਧਿ = ਚੰਗੀ ਹਾਲਤ। ਖਟਾਨੀ = ਬਣ ਗਈ।੧।
ਜੀਅ ਕੀ = ਜਿੰਦ ਦੀ। ਏਕੈ ਹੀ ਪਹਿ = ਇਕ ਪਰਮਾਤਮਾ ਦੇ ਪਾਸ ਹੀ। ਮਾਨੀ = ਮੰਨੀ ਜਾਂਦੀ ਹੈ। ਅਵਰਿ = {ਲਫ਼ਜ਼ 'ਅਵਰ' ਤੋਂ ਬਹੁ-ਵਚਨ} ਹੋਰ। ਤਿਨ ਕੀਮਤਿ = ਉਹਨਾਂ (ਜਤਨਾਂ) ਦੀ ਕੀਮਤਿ। ਜਾਨੀ = ਜਾਣੀ ਜਾਂਦੀ।ਰਹਾਉ।
ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ। ਨਿਰਮੋਲਕੁ = ਜਿਸ ਦਾ ਕੋਈ ਮੁੱਲ ਨਾਹ ਪਾਇਆ ਜਾ ਕੇ। ਗੁਰਿ = ਗੁਰੂ ਨੇ। ਮੰਤਾਨੀ = ਮੰਤਰ। ਦ੍ਰਿੜੁ ਕਰਿ ਰਹਿਓ = ਪੱਕੇ ਤੌਰ ਤੇ ਟਿਕ ਗਿਆ।੨।
ਓਇ = {ਲਫ਼ਜ਼ 'ਓਹ' ਤੋਂ ਬਹੁ-ਵਚਨ}। ਓਇ ਬੀਚ = ਉਹ ਅੰਤਰੇ, ਉਹ ਵਿੱਥਾਂ, ਉਹ ਵਿਤਕਰੇ। ਹਮ ਤੁਮ ਬੀਚ = ਅਸੀ ਤੁਸੀ ਵਾਲੇ ਵਿਤਕਰੇ, ਮੇਰ = ਤੇਰ ਵਾਲੇ ਵਿਤਕਰੇ। ਬਿਲਾਨੀ = ਬੀਤ ਜਾਂਦੀ ਹੈ, ਮੁੱਕ ਜਾਂਦੀ ਹੈ। ਅਲੰਕਾਰ = ਗਹਣੇ। ਮਿਲਿ = ਮਿਲ ਕੇ। ਥੈਲੀ = ਰੈਣੀ, ਢੇਲੀ। ਤਾ ਤੇ = ਉਸ (ਰੈਣੀ) ਤੋਂ। ਕਨਿਕ = ਸੋਨਾ।੩।
ਸਹਜ ਸੁਖ = ਆਤਮਕ ਅਡੋਲਤਾ ਦੇ ਆਨੰਦ। ਬਾਜੇ = ਵੱਜਦੇ ਹਨ। ਅਨਹਤ = ਇਕ-ਰਸ, ਲਗਾਤਾਰ। ਬਾਨੀ = ਸਿਫ਼ਤਿ-ਸਾਲਾਹ ਵਾਲੀ ਗੁਰਬਾਣੀ। ਨਿਹਚਲ = ਅਟੱਲ। ਗੁਰਿ = ਗੁਰੂ ਨੇ। ਬੰਧਾਨੀ = ਮਰਯਾਦਾ।੪।
ਅਰਥ: ਹੇ ਭਾਈ! ਜਿੰਦ ਦੀ (ਅਰਦਾਸ) ਇਕ ਪਰਮਾਤਮਾ ਦੇ ਕੋਲ ਹੀ ਮੰਨੀ ਜਾਂਦੀ ਹੈ। (ਪਰਮਾਤਮਾ ਦੇ ਆਸਰੇ ਤੋਂ ਬਿਨਾ ਲੋਕ) ਹੋਰ ਬਥੇਰੇ ਜਤਨ ਕਰ ਕੇ ਥੱਕ ਜਾਂਦੇ ਹਨ, ਉਹਨਾਂ ਜਤਨਾਂ ਦਾ ਮੁੱਲ ਇਕ ਤਿਲ ਜਿਤਨਾ ਭੀ ਨਹੀਂ ਸਮਝਿਆ ਜਾਂਦਾ।ਰਹਾਉ।
ਹੇ ਭਾਈ! ਜਿਸ ਪ੍ਰਭੂ ਦਾ ਦਿੱਤਾ ਹੋਇਆ ਇਹ ਸਰੀਰ ਤੇ ਮਨ ਹੈ, ਇਹ ਸਾਰਾ ਧਨ-ਪਦਾਰਥ ਭੀ ਉਸੇ ਦਾ ਦਿੱਤਾ ਹੋਇਆ ਹੈ, ਉਹੀ ਸੁਚੱਜਾ ਹੈ ਤੇ ਸਿਆਣਾ ਹੈ। ਅਸਾਂ ਜੀਵਾਂ ਦਾ ਦੁੱਖ ਸੁਖ (ਸਦਾ) ਉਸ ਪਰਮਾਤਮਾ ਨੇ ਹੀ ਸੁਣਿਆ ਹੈ, (ਜਦੋਂ ਉਹ ਸਾਡੀ ਅਰਦਾਸ-ਅਰਜ਼ੋਈ ਸੁਣਦਾ ਹੈ) ਤਦੋਂ (ਸਾਡੀ) ਹਾਲਤ ਚੰਗੀ ਬਣ ਜਾਂਦੀ ਹੈ।੧।
ਹੇ ਭਾਈ! ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ, ਨਾਮ ਇਕ ਐਸਾ ਹੀਰਾ ਹੈ ਜੇਹੜਾ ਕਿਸੇ ਮੁੱਲ ਤੋਂ ਨਹੀਂ ਮਿਲ ਸਕਦਾ। ਗੁਰੂ ਨੇ ਇਹ ਨਾਮ-ਮੰਤਰ (ਜਿਸ ਮਨੁੱਖ ਨੂੰ) ਦੇ ਦਿੱਤਾ, ਉਹ ਮਨੁੱਖ (ਵਿਕਾਰਾਂ ਵਿਚ) ਡਿੱਗਦਾ ਨਹੀਂ, ਡੋਲਦਾ ਨਹੀਂ, ਉਹ ਮਨੁੱਖ ਪੱਕੇ ਇਰਾਦੇ ਵਾਲਾ ਬਣ ਜਾਂਦਾ ਹੈ, ਉਹ ਮੁਕੰਮਲ ਤੌਰ ਤੇ (ਮਾਇਆ ਵਲੋਂ) ਸੰਤੋਖੀ ਰਹਿੰਦਾ ਹੈ।੨।
(ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਪਾਸੋਂ ਨਾਮ-ਹੀਰਾ ਮਿਲ ਜਾਂਦਾ ਹੈ, ਉਸ ਦੇ ਅੰਦਰੋਂ) ਉਹਨਾਂ ਮੇਰ-ਤੇਰ ਵਾਲੇ ਸਾਰੇ ਵਿਤਕਰਿਆਂ ਦੀ ਗੱਲ ਮੁੱਕ ਜਾਂਦੀ ਹੈ ਜੋ ਜਗਤ ਵਿਚ ਬੜੇ ਪ੍ਰਬਲ ਹਨ। (ਉਸ ਮਨੁੱਖ ਨੂੰ ਹਰ ਪਾਸੇ ਪਰਮਾਤਮਾ ਹੀ ਇਉਂ ਦਿੱਸਦਾ ਹੈ, ਜਿਵੇਂ) ਅਨੇਕਾਂ ਗਹਣੇ ਮਿਲ ਕੇ (ਗਾਲੇ ਜਾ ਕੇ) ਰੈਣੀ ਬਣ ਜਾਂਦੀ ਹੈ, ਤੇ, ਉਸ ਢੇਲੀ ਤੋਂ ਉਹ ਸੋਨਾ ਹੀ ਅਖਵਾਂਦੀ ਹੈ।੩।
(ਹੇ ਭਾਈ! ਜਿਸ ਮਨੁੱਖ ਦੇ ਅੰਦਰ ਗੁਰੂ ਦੀ ਕਿਰਪਾ ਨਾਲ) ਪਰਮਾਤਮਾ ਦੀ ਜੋਤਿ ਦਾ ਪਰਕਾਸ਼ ਹੋ ਜਾਂਦਾ ਹੈ, ਉਸ ਦੇ ਅੰਦਰ ਆਤਮਕ ਅਡੋਲਤਾ ਦੇ ਆਨੰਦ ਪੈਦਾ ਹੋ ਜਾਂਦੇ ਹਨ, ਉਸ ਨੂੰ ਹਰ ਥਾਂ ਸੋਭਾ ਮਿਲਦੀ ਹੈ, ਉਸ ਦੇ ਹਿਰਦੇ ਵਿਚ ਸਿਫ਼ਤਿ-ਸਾਲਾਹ ਦੀ ਬਾਣੀ ਦੇ (ਮਾਨੋ) ਇਕ-ਰਸ ਵਾਜੇ ਵੱਜਦੇ ਰਹਿੰਦੇ ਹਨ। ਹੇ ਨਾਨਕ! ਆਖ-ਗੁਰੂ ਨੇ ਜਿਸ ਮਨੁੱਖ ਵਾਸਤੇ ਇਹ ਪ੍ਰਬੰਧ ਕਰ ਦਿੱਤਾ, ਉਹ ਮਨੁੱਖ ਸਦਾ ਲਈ ਪ੍ਰਭੂ-ਚਰਨਾਂ ਵਿਚ ਟਿਕਾਣਾ ਪ੍ਰਾਪਤ ਕਰ ਲੈਂਦਾ ਹੈ।੪।੫।
ਸੂਹੀ ਮਹਲਾ ੧ ਕਾਫੀ ਘਰੁ ੧੦ ੴ ਸਤਿਗੁਰ ਪ੍ਰਸਾਦਿ ॥ ਮਾਣਸ ਜਨਮੁ ਦੁਲੰਭੁ ਗੁਰਮੁਖਿ ਪਾਇਆ ॥ ਮਨੁ ਤਨੁ ਹੋਇ ਚੁਲੰਭੁ ਜੇ ਸਤਿਗੁਰ ਭਾਇਆ ॥੧॥ ਚਲੈ ਜਨਮੁ ਸਵਾਰਿ ਵਖਰੁ ਸਚੁ ਲੈ ॥ ਪਤਿ ਪਾਏ ਦਰਬਾਰਿ ਸਤਿਗੁਰ ਸਬਦਿ ਭੈ ॥੧॥ ਰਹਾਉ ॥ਮਨਿ ਤਨਿ ਸਚੁ ਸਲਾਹਿ ਸਾਚੇ ਮਨਿ ਭਾਇਆ ॥ ਲਾਲਿ ਰਤਾ ਮਨੁ ਮਾਨਿਆ ਗੁਰੁ ਪੂਰਾ ਪਾਇਆ ॥੨॥ ਹਉ ਜੀਵਾ ਗੁਣ ਸਾਰਿ ਅੰਤਰਿ ਤੂ ਵਸੈ ॥ ਤੂੰ ਵਸਹਿ ਮਨ ਮਾਹਿ ਸਹਜੇ ਰਸਿ ਰਸੈ ॥੩॥ ਮੂਰਖ ਮਨ ਸਮਝਾਇ ਆਖਉ ਕੇਤੜਾ ॥ ਗੁਰਮੁਖਿ ਹਰਿ ਗੁਣ ਗਾਇ ਰੰਗਿ ਰੰਗੇਤੜਾ ॥੪॥ ਨਿਤ ਨਿਤ ਰਿਦੈ ਸਮਾਲਿ ਪ੍ਰੀਤਮੁ ਆਪਣਾ ॥ ਜੇ ਚਲਹਿ ਗੁਣ ਨਾਲਿ ਨਾਹੀ ਦੁਖੁ ਸੰਤਾਪਣਾ ॥੫॥ ਮਨਮੁਖ ਭਰਮਿ ਭੁਲਾਣਾ ਨਾ ਤਿਸੁ ਰੰਗੁ ਹੈ ॥ ਮਰਸੀ ਹੋਇ ਵਿਡਾਣਾ ਮਨਿ ਤਨਿ ਭੰਗੁ ਹੈ ॥੬॥ ਗੁਰ ਕੀ ਕਾਰ ਕਮਾਇ ਲਾਹਾ ਘਰਿ ਆਣਿਆ ॥ ਗੁਰਬਾਣੀ ਨਿਰਬਾਣੁ ਸਬਦਿ ਪਛਾਣਿਆ ॥੭॥ ਇਕ ਨਾਨਕ ਕੀ ਅਰਦਾਸਿ ਜੇ ਤੁਧੁ ਭਾਵਸੀ ॥ ਮੈ ਦੀਜੈ ਨਾਮ ਨਿਵਾਸੁ ਹਰਿ ਗੁਣ ਗਾਵਸੀ ॥੮॥੧॥੩॥ {ਪੰਨਾ 751-752}
ਨੋਟ: ਇਹ ਅਸ਼ਟਪਦੀ ਸੂਹੀ ਅਤੇ ਕਾਫੀ ਦੋਹਾਂ ਮਿਲਵੀਆਂ ਰਾਗਣੀਆਂ ਵਿਚ ਗਾਈ ਜਾਣੀ ਹੈ। ਕਾਫੀ ਇਕ ਰਾਗਣੀ ਦਾ ਨਾਮ ਹੈ।
ਪਦਅਰਥ: ਮਾਣਸ ਜਨਮੁ = ਮਨੁੱਖਾ ਜਨਮ। ਦੁਲੰਭੁ = ਦੁਰਲੱਭ, ਬੜੀ ਮੁਸ਼ਕਲ ਨਾਲ ਮਿਲਣ ਵਾਲਾ। ਪਾਇਆ = ਕਦਰ ਪਾਈ। ਚੁਲੰਭੁ = ਗੂੜ੍ਹਾ ਲਾਲ।੧।
ਸਵਾਰਿ = ਸਵਾਰ ਕੇ। ਵਖਰੁ = ਵਪਾਰ ਦਾ ਸੌਦਾ। ਸਚੁ = ਸਦਾ-ਥਿਰ ਨਾਮ। ਲੈ = ਲੈ ਕੇ। ਪਤਿ = ਇੱਜ਼ਤ। ਦਰਬਾਰਿ = ਪ੍ਰਭੂ ਦੀ ਹਜ਼ੂਰੀ ਵਿਚ। ਭੈ = ਡਰ = ਅਦਬ ਵਿਚ (ਰਹਿ ਕੇ) ।੧।ਰਹਾਉ।
ਮਨਿ = ਮਨ ਵਿਚ। ਤਨਿ = ਸਰੀਰ ਦੀ ਰਾਹੀਂ। ਸਾਲਾਹਿ = ਸਲਾਹ ਕੇ, ਸਿਫ਼ਤਿ-ਸਾਲਾਹ ਕਰ ਕੇ। ਲਾਲਿ = ਲਾਲ (ਰੰਗ) ਵਿਚ। ਰਤਾ = ਰੰਗਿਆ ਗਿਆ।੨।
ਹਉ = ਮੈਂ। ਸਾਰਿ = ਸੰਭਾਲ ਕੇ। ਤੂ ਵਸੈ = 'ਤੂ ਹੀ ਤੂ' ਦਾ ਬੋਲ ਵੱਸ ਪਏ। ਸਹਜੇ = ਸਹਿਜ ਵਿਚ, ਅਡੋਲ ਆਤਮਕ ਅਵਸਥਾ ਵਿਚ। ਰਸਿ = (ਨਾਮ-) ਅੰਮ੍ਰਿਤ ਨਾਲ। ਰਸੈ = ਰਸਦਾ ਹੈ, ਭਿੱਜਦਾ ਹੈ, ਰਚਦਾ ਹੈ।੩।
ਮਨ = ਹੇ ਮਨ! ਆਖਉ = ਮੈਂ ਆਖਾਂ। ਕੇਤੜਾ = ਕਿਤਨਾ ਕੁ? ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਗਾਇ = ਗਾ ਕੇ। ਰੰਗਿ = ਰੰਗ ਵਿਚ। ਰੰਗੇਤੜਾ = ਰੰਗਿਆ ਜਾ।੪।
ਰਿਦੈ = ਹਿਰਦੇ ਵਿਚ। ਸਮਾਲਿ = ਸਾਂਭ। ਸੰਤਾਪਣਾ = ਕਲੇਸ਼ ਦੇ ਸਕਣਾ।੫।
ਰੰਗੁ = (ਨਾਮ ਦੀ) ਲਾਲੀ। ਮਰਸੀ = ਆਤਮਕ ਜੀਵਨ ਗਵਾ ਬੈਠੇਗਾ। ਵਿਡਾਣਾ = ਓਪਰਾ, ਨਿਖਸਮਾ। ਭੰਗੁ = ਤੋਟ, ਵਿਛੋੜਾ।੬।
ਲਾਹਾ = ਲਾਭ। ਆਣਿਆ = ਲਿਆਂਦਾ। ਨਿਰਬਾਣੁ = ਵਾਸਨਾ = ਰਹਿਤ ਪ੍ਰਭੂ।੭।
ਭਾਵਸੀ = ਚੰਗੀ ਲੱਗੇ, ਪਸੰਦ ਆਵੇ। ਮੈ = ਮੈਨੂੰ, ਮੇਰੇ ਹਿਰਦੇ ਵਿਚ। ਗਾਵਸੀ = ਗਾਵੇਗਾ।੮।
ਅਰਥ: ਜੇਹੜਾ ਮਨੁੱਖ ਸਤਿਗੁਰੂ ਦੇ ਸ਼ਬਦ ਦੀ ਰਾਹੀਂ (ਪਰਮਾਤਮਾ ਦੇ) ਡਰ ਅਦਬ ਵਿਚ (ਰਹਿ ਕੇ) ਸਦਾ-ਥਿਰ ਪ੍ਰਭੂ ਦਾ ਨਾਮ-ਸੌਦਾ ਵਿਹਾਝਦਾ ਹੈ ਤੇ ਆਪਣਾ ਜੀਵਨ ਸੋਹਣਾ ਬਣਾ ਕੇ (ਇਥੋਂ) ਤੁਰਦਾ ਹੈ ਉਹ (ਪਰਮਾਤਮਾ ਦੀ) ਦਰਗਾਹ ਵਿਚ ਇੱਜ਼ਤ ਹਾਸਲ ਕਰਦਾ ਹੈ।੧।ਰਹਾਉ।
(ਚੌਰਾਸੀ ਲੱਖ ਜੂਨਾਂ ਵਿਚੋਂ) ਮਨੁੱਖਾ ਜਨਮ ਬੜੀ ਮੁਸ਼ਕਲ ਨਾਲ ਮਿਲਦਾ ਹੈ, ਪਰ ਇਸ ਦੀ ਕਦਰ ਉਹੀ ਮਨੁੱਖ ਜਾਣਦਾ ਹੈ ਜੋ ਗੁਰੂ ਦੀ ਸਰਨ ਪਏ। ਜੇ ਸਤਿਗੁਰੂ ਨੂੰ ਚੰਗਾ ਲੱਗੇ (ਭਾਵ, ਜੇ ਗੁਰੂ ਦੀ ਕਿਰਪਾ ਹੋ ਜਾਏ) ਤਾਂ (ਸਰਨ ਪਏ ਉਸ ਮਨੁੱਖ ਦਾ) ਮਨ ਅਤੇ ਸਰੀਰ (ਪ੍ਰਭੂ ਦੇ ਪ੍ਰੇਮ-ਰੰਗ ਨਾਲ) ਗੂੜ੍ਹਾ ਲਾਲ ਹੋ ਜਾਂਦਾ ਹੈ (ਨਾਮ ਦੀ ਬਰਕਤਿ ਨਾਲ ਉਸ ਨੂੰ ਲਾਲੀ ਚੜ੍ਹੀ ਰਹਿੰਦੀ ਹੈ) ।੧।
ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ ਉਹ ਆਪਣੇ ਮਨ ਅਤੇ ਸਰੀਰ ਦੀ ਰਾਹੀਂ ਸਦਾ-ਥਿਰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰ ਕੇ ਸਦਾ-ਥਿਰ ਪ੍ਰਭੂ ਦੇ ਮਨ ਵਿਚ ਪਿਆਰਾ ਲੱਗਣ ਲੱਗ ਪੈਂਦਾ ਹੈ। ਪ੍ਰਭੂ-ਨਾਮ ਦੀ ਲਾਲੀ ਵਿਚ ਮਸਤ ਹੋਇਆ ਉਸ ਦਾ ਮਨ ਉਸ ਲਾਲੀ ਵਿਚ ਗਿੱਝ ਜਾਂਦਾ ਹੈ (ਉਸ ਤੋਂ ਬਿਨਾ ਰਹਿ ਨਹੀਂ ਸਕਦਾ) ।੨।
ਹੇ ਪ੍ਰਭੂ! ਜੇ ਤੂੰ ਮੇਰੇ ਮਨ ਵਿਚ ਵੱਸ ਪਏਂ, ਤਾਂ ਮੇਰਾ ਮਨ ਅਡੋਲ ਅਵਸਥਾ ਵਿਚ ਟਿਕ ਕੇ ਤੇਰੇ ਨਾਮ ਦੇ ਸੁਆਦ ਵਿਚ ਭਿੱਜ ਜਾਏ, ਤੇਰੇ ਗੁਣ ਚੇਤੇ ਕਰ ਕਰ ਕੇ ਮੇਰੇ ਅੰਦਰ ਆਤਮਕ ਜੀਵਨ ਮੌਲ ਪਏ, ਮੇਰੇ ਅੰਦਰ "ਤੂ ਹੀ ਤੂ" ਦੀ ਧੁਨ ਲੱਗ ਪਏ।੩।
ਹੇ ਮੇਰੇ ਮੂਰਖ ਮਨ! ਮੈਂ ਤੈਨੂੰ ਕਿਤਨਾ ਕੁ ਸਮਝਾ ਸਮਝਾ ਕੇ ਦੱਸਾਂ ਕਿ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰ, ਪਰਮਾਤਮਾ ਦੇ ਨਾਮ-ਰੰਗ ਵਿਚ ਰੰਗਿਆ ਜਾ (ਤੇ ਇਸ ਤਰ੍ਹਾਂ ਆਪਣਾ ਜਨਮ ਮਰਨ ਸੋਹਣਾ ਬਣਾ ਲੈ) ।੪।
ਹੇ ਭਾਈ! ਆਪਣੇ ਪ੍ਰੀਤਮ ਪ੍ਰਭੂ ਨੂੰ ਸਦਾ ਆਪਣੇ ਹਿਰਦੇ ਵਿਚ ਸਾਂਭ ਕੇ ਰੱਖ। ਜੇ ਤੂੰ (ਪ੍ਰਭੂ ਦੀ ਭਗਤੀ ਵਾਲੇ ਚੰਗੇ) ਗੁਣ ਨਾਲ ਲੈ ਕੇ (ਜੀਵਨ ਸਫ਼ਰ ਵਿਚ) ਤੁਰੇਂ ਤਾਂ ਕੋਈ ਦੁੱਖ ਕਲੇਸ਼ ਤੈਨੂੰ ਪੋਹ ਨਹੀਂ ਸਕੇਗਾ।੫।
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦਾ ਮਨ ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ, ਉਸ ਨੂੰ ਪਰਮਾਤਮਾ ਦੇ ਨਾਮ ਦੀ ਲਾਲੀ ਨਹੀਂ ਚੜ੍ਹਦੀ। ਉਹ ਨਿਖਸਮਾ ਹੋ ਕੇ ਆਤਮਕ ਮੌਤ ਸਹੇੜਦਾ ਹੈ, ਉਸ ਦੇ ਮਨ ਵਿਚ ਉਸ ਦੇ ਸਰੀਰ ਵਿਚ (ਪਰਮਾਤਮਾ ਨਾਲੋਂ) ਵਿਛੋੜਾ ਬਣਿਆ ਰਹਿੰਦਾ ਹੈ।੬।
ਜਿਸ ਮਨੁੱਖ ਨੇ ਗੁਰੂ ਦੀ ਦੱਸੀ ਕਾਰ (ਭਗਤੀ) ਕਰ ਕੇ (ਭਗਤੀ ਦਾ) ਲਾਭ ਆਪਣੇ ਹਿਰਦੇ-ਘਰ ਵਿਚ ਲੈ ਆਂਦਾ ਉਸ ਨੇ ਗੁਰੂ ਦੀ ਬਾਣੀ ਦੀ ਬਰਕਤਿ ਨਾਲ ਗੁਰੂ ਦੇ ਸ਼ਬਦ ਵਿਚ ਜੁੜ ਕੇ ਵਾਸਨਾ-ਰਹਿਤ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲਈ।੭।
ਹੇ ਪ੍ਰਭੂ! ਮੇਰੀ ਨਾਨਕ ਦੀ ਅਰਦਾਸ ਭੀ ਇਹੀ ਹੈ ਜੇ ਤੈਨੂੰ ਇਹ ਪਸੰਦ ਆ ਜਾਏ ਤਾਂ ਮੇਰੇ ਹਿਰਦੇ ਵਿਚ ਆਪਣੇ ਨਾਮ ਦਾ ਨਿਵਾਸ ਕਰ ਦੇਹ ਤਾ ਕਿ ਮੈਂ ਤੇਰੇ ਗੁਣ ਗਾਂਦਾ ਰਹਾਂ।੮।੧।੩।
ਨੋਟ: ਇਹ ਅਸਟਪਦੀ 'ਘਰੁ ੧੦' ਦੀ ਹੈ। ਕੁੱਲ ਜੋੜ ੩ ਹੈ।
*┈┉┅━❀꧁ੴ꧂❀━┅┉┈*
ਰਾਗੁ ਸੋਰਠਿ ਬਾਣੀ ਭਗਤ ਰਵਿਦਾਸ ਜੀ ਕੀ ੴ ਸਤਿਗੁਰ ਪ੍ਰਸਾਦਿ ॥ ਜਬ ਹਮ ਹੋਤੇ ਤਬ ਤੂ ਨਾਹੀ ਅਬ ਤੂਹੀ ਮੈ ਨਾਹੀ ॥ ਅਨਲ ਅਗਮ ਜੈਸੇ ਲਹਰਿ ਮਇ ਓਦਧਿ ਜਲ ਕੇਵਲ ਜਲ ਮਾਂਹੀ ॥੧॥ ਮਾਧਵੇ ਕਿਆ ਕਹੀਐ ਭ੍ਰਮੁ ਐਸਾ ॥ ਜੈਸਾ ਮਾਨੀਐ ਹੋਇ ਨ ਤੈਸਾ ॥੧॥ ਰਹਾਉ ॥ ਨਰਪਤਿ ਏਕੁ ਸਿੰਘਾਸਨਿ ਸੋਇਆ ਸੁਪਨੇ ਭਇਆ ਭਿਖਾਰੀ ॥ ਅਛਤ ਰਾਜ ਬਿਛੁਰਤ ਦੁਖੁ ਪਾਇਆ ਸੋ ਗਤਿ ਭਈ ਹਮਾਰੀ ॥੨॥ ਰਾਜ ਭੁਇਅੰਗ ਪ੍ਰਸੰਗ ਜੈਸੇ ਹਹਿ ਅਬ ਕਛੁ ਮਰਮੁ ਜਨਾਇਆ ॥ ਅਨਿਕ ਕਟਕ ਜੈਸੇ ਭੂਲਿ ਪਰੇ ਅਬ ਕਹਤੇ ਕਹਨੁ ਨ ਆਇਆ ॥੩॥ ਸਰਬੇ ਏਕੁ ਅਨੇਕੈ ਸੁਆਮੀ ਸਭ ਘਟ ਭਗਵੈ ਸੋਈ ॥ ਕਹਿ ਰਵਿਦਾਸ ਹਾਥ ਪੈ ਨੇਰੈ ਸਹਜੇ ਹੋਇ ਸੁ ਹੋਈ ॥੪॥੧॥ {ਪੰਨਾ 657-658}
ਪਦਅਰਥ: ਜਬ = ਜਿਤਨਾ ਚਿਰ। ਹਮ = ਅਸੀ, ਹਉਮੈ, ਆਪਾ = ਭਾਵ। ਹੋਤੇ = ਹੁੰਦੇ ਹਾਂ। ਮੈ = ਮੇਰੀ ਅਪਣੱਤ, ਹਉਮੈ। ਅਨਲ = {Skt. अनिल} ਹਵਾ। ਅਨਲ ਅਗਮ = ਭਾਰੀ ਹਨੇਰੀ (ਦੇ ਕਾਰਨ) । ਲਹਰਿ ਮਇ = ਲਹਰਿ ਮਯ, ਲਹਰਿ ਮੈ, {ਸੰ: ਮਯ = ਜਿਸ ਲਫ਼ਜ਼ ਦੇ ਅਖ਼ੀਰ ਵਿਚ ਲਫ਼ਜ਼ 'ਮਯ' ਵਰਤਿਆ ਜਾਏ, ਉਸ ਦੇ ਅਰਬ ਵਿਚ 'ਬਹੁਲਤਾ' ਦਾ ਖ਼ਿਆਲ ਵਧਾਇਆ ਜਾਂਦਾ ਹੈ, ਜਿਵੇਂ ਦਇਆ ਮਯ = ਦਇਆ ਨਾਲ ਭਰਪੂਰ} ਲਹਰਾਂ ਨਾਲ ਭਰਪੂਰ। ਓਦਧਿ = {Skt. ਉਦਧਿ, उदधि} ਸਮੁੰਦਰ।੧।
ਮਾਧਵੇ = ਹੇ ਮਾਧੋ! (ਨੋਟ: ਲਫ਼ਜ਼ 'ਮਾਧੋ' ਭਗਤ ਰਵਿਦਾਸ ਜੀ ਦਾ ਖ਼ਾਸ ਪਿਆਰਾ ਲਫ਼ਜ਼ ਹੈ, ਬਹੁਤੀ ਵਾਰੀ ਪਰਮਾਤਮਾ ਵਾਸਤੇ ਇਹੀ ਲਫ਼ਜ਼ ਵਰਤਦੇ ਹਨ, ਸੰਸਕ੍ਰਿਤ ਧਾਰਮਿਕ ਪੁਸਤਕਾਂ ਵਿਚ ਇਹ ਨਾਮ ਕ੍ਰਿਸ਼ਨ ਜੀ ਦਾ ਹੈ। ਜੇ ਰਵਿਦਾਸ ਜੀ ਸ੍ਰੀ ਰਾਮ ਚੰਦ ਜੀ ਦੇ ਉਪਾਸ਼ਕ ਹੁੰਦੇ, ਤਾਂ ਇਹ ਲਫ਼ਜ਼ ਉਹ ਨਾਹ ਵਰਤਦੇ) । ਕਿਆ ਕਹੀਐ = ਕੀਹ ਆਖੀਏ? ਕਿਹਾ ਨਹੀਂ ਜਾ ਸਕਦਾ। ਭ੍ਰਮੁ = ਭੁਲੇਖਾ। ਮਾਨੀਐ = ਮੰਨਿਆ ਜਾ ਰਿਹਾ ਹੈ, ਖ਼ਿਆਲ ਬਣਾਇਆ ਹੋਇਆ ਹੈ।੧।ਰਹਾਉ।
ਨਰਪਿਤ = ਰਾਜਾ। ਸਿੰਘਾਸਨਿ = ਤਖ਼ਤ ਉੱਤੇ। ਭਿਖਾਰੀ = ਮੰਗਤਾ। ਅਛਤ = ਹੁੰਦਿਆਂ ਸੁੰਦਿਆਂ। ਗਤਿ = ਹਾਲਤ।੨।
ਰਾਜ = ਰੱਜੂ, ਰੱਸੀ। ਭੁਇਅੰਗ = ਸੱਪ। ਪ੍ਰਸੰਗ = ਵਾਰਤਾ, ਗੱਲ। ਮਰਮੁ = ਭੇਤ, ਰਾਜ਼। ਕਟਕ = ਕੜੇ। ਕਹਤੇ = ਆਖਦਿਆਂ।੩।
ਸਰਬੇ = ਸਾਰਿਆਂ ਵਿਚ। ਅਨੇਕੈ = ਅਨੇਕ = ਰੂਪ ਹੋ ਕੇ। ਭਗਵੈ = {ਨੋਟ: ਅੱਖਰ 'ਭ' ਦੇ ਨਾਲ ਦੋ ਲਗਾਂ ਹਨ (ੋ) ਤੇ (ੁ) । ਅਸਲ ਲਫ਼ਜ਼ ਹੈ 'ਭੋਗਵੈ' ਪਰ ਇਥੇ ਪੜ੍ਹਨਾ ਹੈ 'ਭੁਗਵੈ'} ਭੋਗ ਰਿਹਾ ਹੈ, ਮੌਜੂਦ ਹੈ। ਪੈ = ਤੋਂ। ਸਹਜੇ = ਸੁਤੇ ਹੀ, ਉਸ ਦੀ ਰਜ਼ਾ ਵਿਚ।੪।
ਅਰਥ: (ਹੇ ਮਾਧੋ!) ਜਿਤਨਾ ਚਿਰ ਅਸਾਂ ਜੀਵਾਂ ਦੇ ਅੰਦਰ ਹਉਮੈ ਰਹਿੰਦੀ ਹੈ, ਉਤਨਾ ਚਿਰ ਤੂੰ (ਅਸਾਡੇ ਅੰਦਰ) ਪਰਗਟ ਨਹੀਂ ਹੁੰਦਾ, ਪਰ ਜਦੋਂ ਤੂੰ ਪ੍ਰਤੱਖ ਹੁੰਦਾ ਹੈਂ ਤਦੋਂ ਅਸਾਡੀ 'ਮੈਂ' ਦੂਰ ਹੋ ਜਾਂਦੀ ਹੈ; (ਇਸ 'ਮੈਂ' ਦੇ ਹਟਣ ਨਾਲ ਇਹ ਸਮਝ ਆ ਜਾਂਦੀ ਹੈ ਕਿ) ਜਿਵੇਂ ਬੜਾ ਤੂਫ਼ਾਨ ਆਇਆਂ ਸਮੁੰਦਰ ਲਹਿਰਾਂ ਨਾਲ ਨਕਾ-ਨਕ ਭਰ ਜਾਂਦਾ ਹੈ, ਪਰ ਅਸਲ ਵਿਚ ਉਹ (ਲਹਿਰਾਂ ਸਮੁੰਦਰ ਦੇ) ਪਾਣੀ ਵਿਚ ਪਾਣੀ ਹੀ ਹੈ (ਤਿਵੇਂ ਇਹ ਸਾਰੇ ਜੀਆ ਜੰਤ ਤੇਰਾ ਆਪਣਾ ਹੀ ਵਿਕਾਸ ਹੈ) ।੧।
ਹੇ ਮਾਧੋ! ਅਸਾਂ ਜੀਵਾਂ ਨੂੰ ਕੁਝ ਅਜਿਹਾ ਭੁਲੇਖਾ ਪਿਆ ਹੋਇਆ ਹੈ ਕਿ ਇਹ ਬਿਆਨ ਨਹੀਂ ਕੀਤਾ ਜਾ ਸਕਦਾ। ਅਸੀ ਜੋ ਮੰਨੀ ਬੈਠੇ ਹਾਂ (ਕਿ ਜਗਤ ਤੇਰੇ ਨਾਲੋਂ ਕੋਈ ਵੱਖਰੀ ਹਸਤੀ ਹੈ) , ਉਹ ਠੀਕ ਨਹੀਂ ਹੈ।੧।ਰਹਾਉ।
(ਜਿਵੇਂ) ਕੋਈ ਰਾਜਾ ਆਪਣੇ ਤਖ਼ਤ ਉਤੇ ਸੌਂ ਜਾਏ, ਤੇ, ਸੁਫ਼ਨੇ ਵਿਚ ਮੰਗਤਾ ਬਣ ਜਾਏ, ਰਾਜ ਹੁੰਦਿਆਂ ਸੁੰਦਿਆਂ ਉਹ (ਸੁਪਨੇ ਵਿਚ ਰਾਜ ਤੋਂ) ਵਿਛੜ ਕੇ ਦੁੱਖੀ ਹੁੰਦਾ ਹੈ, ਤਿਵੇਂ ਹੀ (ਹੇ ਮਾਧੋ! ਤੈਥੋਂ ਵਿਛੁੜ ਕੇ) ਅਸਾਡਾ ਜੀਵਾਂ ਦਾ ਹਾਲ ਹੋ ਰਿਹਾ ਹੈ।੨।
ਜਿਵੇਂ ਰੱਸੀ ਤੇ ਸੱਪ ਦਾ ਦ੍ਰਿਸ਼ਟਾਂਤ ਹੈ, ਜਿਵੇਂ (ਸੋਨੇ ਤੋਂ ਬਣੇ ਹੋਏ) ਅਨੇਕਾਂ ਕੜੇ ਵੇਖ ਕੇ ਭੁਲੇਖਾ ਪੈ ਜਾਏ (ਕਿ ਸੋਨਾ ਹੀ ਕਈ ਕਿਸਮ ਦਾ ਹੁੰਦਾ ਹੈ, ਤਿਵੇਂ ਅਸਾਨੂੰ ਭੁਲੇਖਾ ਬਣਿਆ ਪਿਆ ਹੈ ਕਿ ਇਹ ਜਗਤ ਤੈਥੋਂ ਵੱਖਰਾ ਹੈ) , ਪਰ ਤੂੰ ਮੈਨੂੰ ਹੁਣ ਕੁਝ ਕੁਝ ਭੇਤ ਜਣਾ ਦਿੱਤਾ ਹੈ। ਹੁਣ ਉਹ ਪੁਰਾਣੀ ਵਿਤਕਰੇ ਵਾਲੀ ਗੱਲ ਮੈਥੋਂ ਆਖੀ ਨਹੀਂ ਜਾਂਦੀ (ਭਾਵ, ਹੁਣ ਮੈਂ ਇਹ ਨਹੀਂ ਆਖਦਾ ਕਿ ਜਗਤ ਤੈਥੋਂ ਵੱਖਰੀ ਹਸਤੀ ਹੈ) ।੩।
(ਹੁਣ ਤਾਂ) ਰਵਿਦਾਸ ਆਖਦਾ ਹੈ ਕਿ ਉਹ ਪ੍ਰਭੂ-ਖਸਮ ਅਨੇਕਾਂ ਰੂਪ ਬਣਾ ਕੇ ਸਾਰਿਆਂ ਵਿਚ ਇੱਕ ਆਪ ਹੀ ਹੈ, ਸਭ ਘਟਾਂ ਵਿਚ ਆਪ ਹੀ ਬੈਠਾ ਜਗਤ ਦੇ ਰੰਗ ਮਾਣ ਰਿਹਾ ਹੈ। (ਦੂਰ ਨਹੀਂ) ਮੇਰੇ ਹੱਥ ਤੋਂ ਭੀ ਨੇੜੇ ਹੈ, ਜੋ ਕੁਝ (ਜਗਤ ਵਿਚ) ਵਰਤ ਰਿਹਾ ਹੈ, ਉਸੇ ਦੀ ਰਜ਼ਾ ਵਿਚ ਹੋ ਰਿਹਾ ਹੈ।੪।੧।
ਸ਼ਬਦ ਦਾ ਭਾਵ: ਪਰਮਾਤਮਾ ਸਰਬ-ਵਿਆਪਕ ਹੈ। ਪਰ ਜੀਵ ਆਪਣੀ 'ਹਉਂ' ਦੇ ਘੇਰੇ ਵਿਚ ਰਹਿ ਕੇ ਜਗਤ ਨੂੰ ਉਸ ਤੋਂ ਵੱਖਰੀ ਹਸਤੀ ਸਮਝਦਾ ਹੈ। ਜਿਤਨਾ ਚਿਰ 'ਹਉਂ' ਹੈ, ਉਤਨਾ ਚਿਰ ਵਿਤਕਰੇ ਹਨ।
ਸੋਰਠਿ ਮਹਲਾ ੯ ॥ ਜੋ ਨਰੁ ਦੁਖ ਮੈ ਦੁਖੁ ਨਹੀ ਮਾਨੈ ॥ ਸੁਖ ਸਨੇਹੁ ਅਰੁ ਭੈ ਨਹੀ ਜਾ ਕੈ ਕੰਚਨ ਮਾਟੀ ਮਾਨੈ ॥੧॥ ਰਹਾਉ ॥ ਨਹ ਨਿੰਦਿਆ ਨਹ ਉਸਤਤਿ ਜਾ ਕੈ ਲੋਭੁ ਮੋਹੁ ਅਭਿਮਾਨਾ ॥ ਹਰਖ ਸੋਗ ਤੇ ਰਹੈ ਨਿਆਰਉ ਨਾਹਿ ਮਾਨ ਅਪਮਾਨਾ ॥੧॥ ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੈ ਨਿਰਾਸਾ ॥ ਕਾਮੁ ਕ੍ਰੋਧੁ ਜਿਹ ਪਰਸੈ ਨਾਹਨਿ ਤਿਹ ਘਟਿ ਬ੍ਰਹਮੁ ਨਿਵਾਸਾ ॥੨॥ ਗੁਰ ਕਿਰਪਾ ਜਿਹ ਨਰ ਕਉ ਕੀਨੀ ਤਿਹ ਇਹ ਜੁਗਤਿ ਪਛਾਨੀ ॥ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗਿ ਪਾਨੀ ॥੩॥੧੧॥ {ਪੰਨਾ 633}
ਪਦਅਰਥ: ਦੁਖ ਮੈ = ਦੁੱਖਾਂ ਵਿਚ (ਘਿਰਿਆ ਹੋਇਆ ਭੀ) । ਨਹੀ ਮਾਨੈ = ਨਹੀਂ ਪ੍ਰਤੀਤ ਕਰਦਾ, ਨਹੀਂ ਘਬਰਾਂਦਾ। ਸੁਖ ਸਨੇਹੁ = ਸੁਖਾਂ ਦਾ ਮੋਹ। ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ}। ਜਾ ਕੈ = ਜਿਸ ਦੇ ਮਨ ਵਿਚ। ਕੰਚਨ = ਸੋਨਾ।੧।ਰਹਾਉ।
ਨਿੰਦਿਆ = ਚੁਗ਼ਲੀ = ਬੁਰਾਈ। ਉਸਤਤਿ = ਖ਼ੁਸ਼ਾਮਦ। ਹਰਖ ਸੋਗ ਤੇ = ਖ਼ੁਸ਼ੀ ਗ਼ਮੀ ਤੋਂ। ਮਾਨ = ਆਦਰ। ਅਪਮਾਨਾ = ਨਿਰਾਦਰੀ।੧।
ਮਨਸਾ = {मनीषा} ਮਨੋਕਾਮਨਾ। ਤੇ = ਤੋਂ। ਪਰਸੈ = ਛੁੰਹਦਾ। ਤਿਹ ਘਟਿ = ਉਸ ਦੇ ਹਿਰਦੇ ਵਿਚ। ਬ੍ਰਹਮੁ ਨਿਵਾਸਾ = ਪਰਮਾਤਮਾ ਦਾ ਨਿਵਾਸ।੨।
ਗੁਰ = ਗੁਰੂ ਨੇ। ਜਿਹ ਨਰ ਕਉ = ਜਿਸ ਮਨੁੱਖ ਉਤੇ। ਤਿਹ = ਉਸ ਨੇ। ਸਿਉ = ਨਾਲ, ਵਿਚ। ਸੰਗਿ = ਨਾਲ।੩।
ਅਰਥ: ਹੇ ਭਾਈ! ਜੇਹੜਾ ਮਨੁੱਖ ਦੁੱਖਾਂ ਵਿਚ ਘਬਰਾਂਦਾ ਨਹੀਂ, ਜਿਸ ਮਨੁੱਖ ਦੇ ਹਿਰਦੇ ਵਿਚ ਸੁਖਾਂ ਨਾਲ ਮੋਹ ਨਹੀਂ, ਅਤੇ (ਕਿਸੇ ਕਿਸਮ ਦੇ) ਡਰ ਨਹੀਂ, ਜੇਹੜਾ ਮਨੁੱਖ ਸੋਨੇ ਨੂੰ ਮਿੱਟੀ (ਸਮਾਨ) ਸਮਝਦਾ ਹੈ (ਉਸ ਦੇ ਅੰਦਰ ਪਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ) ।੧।ਰਹਾਉ।
ਹੇ ਭਾਈ! ਜਿਸ ਮਨੁੱਖ ਦੇ ਅੰਦਰ ਕਿਸੇ ਦੀ ਚੁਗ਼ਲੀ-ਬੁਰਾਈ ਨਹੀਂ, ਕਿਸੇ ਦੀ ਖ਼ੁਸ਼ਾਮਦ ਨਹੀਂ, ਜਿਸ ਦੇ ਅੰਦਰ ਨਾਹ ਲੋਭ ਹੈ, ਨਾਹ ਮੋਹ ਹੈ, ਨਾਹ ਅਹੰਕਾਰ ਹੈ; ਜੇਹੜਾ ਮਨੁੱਖ ਖ਼ੁਸ਼ੀ ਤੇ ਗ਼ਮੀ ਤੋਂ ਨਿਰਲੇਪ ਰਹਿੰਦਾ ਹੈ, ਜਿਸ ਨੂੰ ਨਾਹ ਆਦਰ ਪੋਹ ਸਕਦਾ ਹੈ ਨਾਹ ਨਿਰਾਦਰੀ (ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ) ।੧।
ਹੇ ਭਾਈ! ਜੇਹੜਾ ਮਨੁੱਖਾਂ ਆਸਾਂ ਉਮੈਦਾਂ ਸਭ ਤਿਆਗ ਦੇਂਦਾ ਹੈ, ਜਗਤ ਤੋਂ ਨਿਰਮੋਹ ਰਹਿੰਦਾ ਹੈ, ਜਿਸ ਮਨੁੱਖ ਨੂੰ ਨਾਹ ਕਾਮ-ਵਾਸਨਾ ਛੋਹ ਸਕਦੀ ਹੈ ਨਾਹ ਕ੍ਰੋਧ ਛੋਹ ਸਕਦਾ ਹੈ, ਉਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ।੨।
(ਪਰ) ਹੇ ਨਾਨਕ! ਆਖ-) ਜਿਸ ਮਨੁੱਖ ਉੱਤੇ ਗੁਰੂ ਨੇ ਮੇਹਰ ਕੀਤੀ ਉਸ ਨੇ (ਹੀ ਜੀਵਨ ਦੀ) ਇਹ ਜਾਚ ਸਮਝੀ ਹੈ। ਉਹ ਮਨੁੱਖ ਪਰਮਾਤਮਾ ਨਾਲ ਇਉਂ ਇਕ-ਮਿਕ ਹੋ ਜਾਂਦਾ ਹੈ, ਜਿਵੇਂ ਪਾਣੀ ਨਾਲ ਪਾਣੀ ਮਿਲ ਜਾਂਦਾ ਹੈ।੩।੧੧।
*┈┉┅━❀꧁ੴ꧂❀━┅┉┈*
ਧਨਾਸਰੀ ਮਹਲਾ ੧ ਘਰੁ ੨ ਅਸਟਪਦੀਆ ੴ ਸਤਿਗੁਰ ਪ੍ਰਸਾਦਿ ॥ ਗੁਰੁ ਸਾਗਰੁ ਰਤਨੀ ਭਰਪੂਰੇ ॥ ਅੰਮ੍ਰਿਤੁ ਸੰਤ ਚੁਗਹਿ ਨਹੀ ਦੂਰੇ ॥ ਹਰਿ ਰਸੁ ਚੋਗ ਚੁਗਹਿ ਪ੍ਰਭ ਭਾਵੈ ॥ ਸਰਵਰ ਮਹਿ ਹੰਸੁ ਪ੍ਰਾਨਪਤਿ ਪਾਵੈ ॥੧॥ ਕਿਆ ਬਗੁ ਬਪੁੜਾ ਛਪੜੀ ਨਾਇ ॥ ਕੀਚੜਿ ਡੂਬੈ ਮੈਲੁ ਨ ਜਾਇ ॥੧॥ ਰਹਾਉ ॥ ਰਖਿ ਰਖਿ ਚਰਨ ਧਰੇ ਵੀਚਾਰੀ ॥ ਦੁਬਿਧਾ ਛੋਡਿ ਭਏ ਨਿਰੰਕਾਰੀ ॥ ਮੁਕਤਿ ਪਦਾਰਥੁ ਹਰਿ ਰਸ ਚਾਖੇ ॥ ਆਵਣ ਜਾਣ ਰਹੇ ਗੁਰਿ ਰਾਖੇ ॥੨॥ ਸਰਵਰ ਹੰਸਾ ਛੋਡਿ ਨ ਜਾਇ ॥ ਪ੍ਰੇਮ ਭਗਤਿ ਕਰਿ ਸਹਜਿ ਸਮਾਇ ॥ ਸਰਵਰ ਮਹਿ ਹੰਸੁ ਹੰਸ ਮਹਿ ਸਾਗਰੁ ॥ ਅਕਥ ਕਥਾ ਗੁਰ ਬਚਨੀ ਆਦਰੁ ॥੩॥ ਸੁੰਨ ਮੰਡਲ ਇਕੁ ਜੋਗੀ ਬੈਸੇ ॥ ਨਾਰਿ ਨ ਪੁਰਖੁ ਕਹਹੁ ਕੋਊ ਕੈਸੇ ॥ ਤ੍ਰਿਭਵਣ ਜੋਤਿ ਰਹੇ ਲਿਵ ਲਾਈ ॥ ਸੁਰਿ ਨਰ ਨਾਥ ਸਚੇ ਸਰਣਾਈ ॥੪॥ ਆਨੰਦ ਮੂਲੁ ਅਨਾਥ ਅਧਾਰੀ ॥ ਗੁਰਮੁਖਿ ਭਗਤਿ ਸਹਜਿ ਬੀਚਾਰੀ ॥ ਭਗਤਿ ਵਛਲ ਭੈ ਕਾਟਣਹਾਰੇ ॥ ਹਉਮੈ ਮਾਰਿ ਮਿਲੇ ਪਗੁ ਧਾਰੇ ॥੫॥ ਅਨਿਕ ਜਤਨ ਕਰਿ ਕਾਲੁ ਸੰਤਾਏ ॥ ਮਰਣੁ ਲਿਖਾਇ ਮੰਡਲ ਮਹਿ ਆਏ ॥ ਜਨਮੁ ਪਦਾਰਥੁ ਦੁਬਿਧਾ ਖੋਵੈ ॥ ਆਪੁ ਨ ਚੀਨਸਿ ਭ੍ਰਮਿ ਭ੍ਰਮਿ ਰੋਵੈ ॥੬॥ ਕਹਤਉ ਪੜਤਉ ਸੁਣਤਉ ਏਕ ॥ ਧੀਰਜ ਧਰਮੁ ਧਰਣੀਧਰ ਟੇਕ ॥ ਜਤੁ ਸਤੁ ਸੰਜਮੁ ਰਿਦੈ ਸਮਾਏ ॥ ਚਉਥੇ ਪਦ ਕਉ ਜੇ ਮਨੁ ਪਤੀਆਏ ॥੭॥ ਸਾਚੇ ਨਿਰਮਲ ਮੈਲੁ ਨ ਲਾਗੈ ॥ ਗੁਰ ਕੈ ਸਬਦਿ ਭਰਮ ਭਉ ਭਾਗੈ ॥ ਸੂਰਤਿ ਮੂਰਤਿ ਆਦਿ ਅਨੂਪੁ ॥ ਨਾਨਕੁ ਜਾਚੈ ਸਾਚੁ ਸਰੂਪੁ ॥੮॥੧॥ {ਪੰਨਾ 685-686}
ਪਦਅਰਥ: ਰਤਨੀ = ਰਤਨਾਂ ਨਾਲ, ਸੋਹਣੇ ਜੀਵਨ = ਉਪਦੇਸ਼। ਭਰਪੂਰੇ = ਨਕਾ ਨਕ ਭਰਿਆ ਹੋਇਆ। ਸੰਤ = ਗੁਰਮੁਖਿ ਬੰਦੇ। ਚੁਗਹਿ = ਚੁਗਦੇ ਹਨ। ਚੋਗ = ਖ਼ੁਰਾਕ, ਆਤਮਕ ਜੀਵਨ ਦੀ ਖ਼ੁਰਾਕ। ਪ੍ਰਾਨਪਤਿ = ਪਰਮਾਤਮਾ।੧।
ਬਗੁ = ਬਗਲਾ। ਬਪੁੜਾ = ਵਿਚਾਰਾ। ਨਾਇ = ਨ੍ਹਾਉਂਦਾ ਹੈ। ਕੀਚੜਿ = ਚਿੱਕੜ ਵਿਚ।੧।ਰਹਾਉ।
ਰਖਿ ਰਖਿ = ਰੱਖ ਕੇ, ਰੱਖ ਕੇ, ਧਿਆਨ ਨਾਲ। ਵੀਚਾਰੀ = ਵੀਚਾਰ ਦੇ ਆਸਰੇ। ਦੁਬਿਧਾ = ਕਿਸੇ ਹੋਰ ਆਸਰੇ ਦੀ ਭਾਲ। ਰਹੇ = ਮੁੱਕ ਜਾਂਦੇ ਹਨ। ਗੁਰਿ = ਗੁਰੂ ਨੇ।੨।
ਸਹਜਿ = ਸਹਜ ਵਿਚ, ਅਡੋਲ ਆਤਮਕ ਅਵਸਥਾ ਵਿਚ। ਆਦਰੁ = ਇੱਜ਼ਤ।੩।
ਸੁੰਨ ਮੰਡਲ = ਅਫੁਰ ਅਵਸਥਾ, ਉਹ ਅਵਸਥਾ ਜਿਥੇ ਮਾਇਆ ਦੇ ਫੁਰਨਿਆਂ ਵਲੋਂ ਸੁੰਞ ਹੈ। ਜੋਗੀ = ਪ੍ਰਭੂ = ਚਰਨਾਂ ਵਿਚ ਜੁੜਿਆ ਹੋਇਆ। ਤ੍ਰਿਭਵਣ ਜੋਤਿ = ਉਹ ਪ੍ਰਭੂ ਜਿਸ ਦੀ ਜੋਤਿ ਤਿੰਨਾਂ ਭਵਨਾਂ ਵਿਚ ਹੈ। ਸੁਰਿ = ਦੇਵਤੇ।੪।
ਆਨੰਦ ਮੂਲੁ = ਆਨੰਦ ਦਾ ਸੋਮਾ। ਭਗਤਿ ਵਛਲ = ਭਗਤੀ ਨਾਲ ਪਿਆਰ ਕਰਨ ਵਾਲਾ। ਪਗੁ ਧਾਰੇ = (ਸਤਸੰਗ ਵਿਚ) ਪੈਰ ਟਿਕਾ ਕੇ, ਜਾ ਕੇ।੫।
ਕਰਿ = ਕਰ ਕੇ, ਕਰਨ ਤੇ ਭੀ। ਕਾਲੁ = ਮੌਤ, ਮੌਤ ਦਾ ਡਰ, ਆਤਮਕ ਮੌਤ। ਮੰਡਲ = ਜਗਤ। ਮਰਣੁ = ਮੌਤ, ਆਤਮਕ ਮੌਤ। ਖੋਵੈ = ਗਵਾ ਲੈਂਦਾ ਹੈ। ਆਪੁ = ਆਪਣੇ ਆਪ ਨੂੰ, ਆਪਣੇ ਆਤਮਕ ਜੀਵਨ ਨੂੰ।੬।
ਏਕ = ਇਕ ਪ੍ਰਭੂ ਦੀ (ਸਿਫ਼ਤਿ-ਸਾਲਾਹ) । ਧਰਣੀਧਰ = ਧਰਤੀ ਦਾ ਆਸਰਾ ਪ੍ਰਭੂ। ਚਉਥਾ ਪਦ = ਉਹ ਆਤਮਕ ਅਵਸਥਾ ਜਿਥੇ ਮਾਇਆ ਦੇ ਤਿੰਨ ਗੁਣ ਜ਼ੋਰ ਨਹੀਂ ਪਾ ਸਕਦੇ। ਪਤੀਆਇ = ਗਿਝਾ ਲਏ।੭।
ਸੂਰਤਿ = ਸ਼ਕਲ। ਮੂਰਤਿ = ਹਸਤੀ, ਵਜੂਦ, ਹੋਂਦ। ਅਨੂਪੁ = ਜੋ ਉਪਮਾ ਤੋਂ ਪਰੇ ਹੈ, ਜਿਸ ਵਰਗਾ ਹੋਰ ਕੋਈ ਨਹੀਂ। ਸਾਚੁ ਸਰੂਪੁ = ਜਿਸ ਦਾ ਸਰੂਪ ਸਦਾ ਕਾਇਮ ਰਹਿਣ ਵਾਲਾ ਹੈ।੮।
ਅਰਥ: ਵਿਚਾਰਾ ਬਗਲਾ ਛਪੜੀ ਵਿਚ ਕਾਹਦੇ ਲਈ ਨ੍ਹਾਉਂਦਾ ਹੈ? (ਕੁੱਝ ਨਹੀਂ ਖੱਟਦਾ, ਸਗੋਂ ਛਪੜੀ ਵਿਚ ਨ੍ਹਾ ਕੇ) ਚਿੱਕੜ ਵਿਚ ਡੁੱਬਦਾ ਹੈ, (ਉਸ ਦੀ ਇਹ) ਮੈਲ ਦੂਰ ਨਹੀਂ ਹੁੰਦੀ (ਜੇਹੜਾ ਮਨੁੱਖ ਗੁਰੂ-ਸਮੁੰਦਰ ਨੂੰ ਛੱਡ ਕੇ ਦੇਵੀ ਦੇਵਤਿਆਂ ਆਦਿਕ ਹੋਰ ਹੋਰ ਦੇ ਆਸਰੇ ਭਾਲਦਾ ਹੈ ਉਹ, ਮਾਨੋ, ਛਪੜੀ ਵਿਚ ਹੀ ਨ੍ਹਾ ਰਿਹਾ ਹੈ। ਉਥੋਂ ਉਹ ਹੋਰ ਮਾਇਆ-ਮੋਹ ਦੀ ਮੈਲ ਸਹੇੜ ਲੈਂਦਾ ਹੈ) ।੧।ਰਹਾਉ।
ਗੁਰੂ (ਮਾਨੋ) ਇਕ ਸਮੁੰਦਰ (ਹੈ ਜੋ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ) ਰਤਨਾਂ ਨਾਲ ਨਕਾਨਕ ਭਰਿਆ ਹੋਇਆ ਹੈ। ਗੁਰਮੁਖ ਸਿੱਖ (ਉਸ ਸਾਗਰ ਵਿਚੋਂ) ਆਤਮਕ ਜੀਵਨ ਦੇਣ ਵਾਲੀ ਖ਼ੁਰਾਕ (ਪ੍ਰਾਪਤ ਕਰਦੇ ਹਨ ਜਿਵੇਂ ਹੰਸ ਮੋਤੀ) ਚੁਗਦੇ ਹਨ, (ਤੇ ਗੁਰੂ ਤੋਂ) ਦੂਰ ਨਹੀਂ ਰਹਿੰਦੇ। ਪ੍ਰਭੂ ਦੀ ਮੇਹਰ ਅਨੁਸਾਰ ਸੰਤ-ਹੰਸ ਹਰਿ-ਨਾਮ ਰਸ (ਦੀ) ਚੋਗ ਚੁਗਦੇ ਹਨ। (ਗੁਰਸਿੱਖ) ਹੰਸ (ਗੁਰੂ-) ਸਰੋਵਰ ਵਿਚ (ਟਿਕਿਆ ਰਹਿੰਦਾ ਹੈ, ਤੇ) ਜਿੰਦ ਦੇ ਮਾਲਕ ਪ੍ਰਭੂ ਨੂੰ ਲੱਭ ਲੈਂਦਾ ਹੈ।੧।
ਗੁਰਸਿੱਖ ਬੜਾ ਸੁਚੇਤ ਹੋ ਕੇ ਪੂਰੀ ਵੀਚਾਰ ਨਾਲ (ਜੀਵਨ-ਸਫ਼ਰ ਵਿਚ) ਪੈਰ ਰੱਖਦਾ ਹੈ। ਪਰਮਾਤਮਾ ਤੋਂ ਬਿਨਾ ਕਿਸੇ ਹੋਰ ਆਸਰੇ ਦੀ ਭਾਲ ਛੱਡ ਕੇ ਪਰਮਾਤਮਾ ਦਾ ਹੀ ਬਣ ਜਾਂਦਾ ਹੈ। ਪਰਮਾਤਮਾ ਦੇ ਨਾਮ ਦਾ ਰਸ ਚੱਖ ਕੇ ਗੁਰਸਿੱਖ ਉਹ ਪਦਾਰਥ ਹਾਸਲ ਕਰ ਲੈਂਦਾ ਹੈ ਜੋ ਮਾਇਆ ਦੇ ਮੋਹ ਤੋਂ ਖ਼ਲਾਸੀ ਦਿਵਾ ਦੇਂਦਾ ਹੈ। ਜਿਸ ਦੀ ਗੁਰੂ ਨੇ ਸਹਾਇਤਾ ਕਰ ਦਿੱਤੀ ਉਸ ਦੇ ਜਨਮ ਮਰਨ ਦੇ ਗੇੜ ਮੁੱਕ ਗਏ।੨।
(ਜਿਵੇਂ) ਹੰਸ ਮਾਨਸਰੋਵਰ ਨੂੰ ਛੱਡ ਕੇ ਨਹੀਂ ਜਾਂਦਾ (ਤਿਵੇਂ ਜੇਹੜਾ ਸਿੱਖ ਗੁਰੂ ਦਾ ਦਰ ਛੱਡ ਕੇ ਨਹੀਂ ਜਾਂਦਾ ਉਹ) ਪ੍ਰੇਮ ਭਗਤੀ ਦੀ ਬਰਕਤਿ ਨਾਲ ਅਡੋਲ ਆਤਮਕ ਅਵਸਥਾ ਵਿਚ ਲੀਨ ਹੋ ਜਾਂਦਾ ਹੈ। ਜੇਹੜਾ ਗੁਰਸਿੱਖ-ਹੰਸ ਗੁਰੂ-ਸਰੋਵਰ ਵਿਚ ਟਿਕਦਾ ਹੈ, ਉਸ ਦੇ ਅੰਦਰ ਗੁਰੂ-ਸਰੋਵਰ ਆਪਣਾ ਆਪ ਪਰਗਟ ਕਰਦਾ ਹੈ (ਉਸ ਸਿੱਖ ਦੇ ਅੰਦਰ ਗੁਰੂ ਵੱਸ ਪੈਂਦਾ ਹੈ) -ਇਹ ਕਥਾ ਅਕੱਥ ਹੈ (ਭਾਵ, ਇਸ ਆਤਮਕ ਅਵਸਥਾ ਦਾ ਬਿਆਨ ਨਹੀਂ ਹੋ ਸਕਦਾ। ਸਿਰਫ਼ ਇਹ ਕਹਿ ਸਕਦੇ ਹਾਂ ਕਿ) ਗੁਰੂ ਦੇ ਬਚਨਾਂ ਉਤੇ ਤੁਰ ਕੇ ਉਹ (ਲੋਕ ਪਰਲੋਕ ਵਿਚ) ਆਦਰ ਪਾਂਦਾ ਹੈ।੩।
ਜੇਹੜਾ ਕੋਈ ਵਿਰਲਾ ਪ੍ਰਭੂ-ਚਰਨਾਂ ਵਿਚ ਜੁੜਿਆ ਬੰਦਾ ਅਫੁਰ ਅਵਸਥਾ ਵਿਚ ਟਿਕਦਾ ਹੈ, ਉਸ ਦੇ ਅੰਦਰ ਇਸਤ੍ਰੀ ਮਰਦ ਵਾਲੀ ਤਮੀਜ਼ ਨਹੀਂ ਰਹਿੰਦੀ (ਭਾਵ, ਉਸ ਦੇ ਅੰਦਰ ਕਾਮ ਚੇਸ਼ਟਾ ਜ਼ੋਰ ਨਹੀਂ ਪਾਂਦੀ) । ਦੱਸੋ, ਕੋਈ ਇਹ ਸੰਕਲਪ ਕਰ ਭੀ ਕਿਵੇਂ ਸਕਦਾ ਹੈ? ਕਿਉਂਕਿ ਉਹ ਤਾਂ ਸਦਾ ਉਸ ਪਰਮਾਤਮਾ ਵਿਚ ਸੁਰਤਿ ਜੋੜੀ ਰੱਖਦਾ ਹੈ ਜਿਸ ਦੀ ਜੋਤਿ ਤਿੰਨਾਂ ਭਵਨਾਂ ਵਿਚ ਵਿਆਪਕ ਹੈ ਅਤੇ ਦੇਵਤੇ ਮਨੁੱਖ ਨਾਥ ਆਦਿਕ ਸਭ ਜਿਸ ਸਦਾ-ਥਿਰ ਦੀ ਸਰਨ ਲਈ ਰੱਖਦੇ ਹਨ।੪।
(ਗੁਰਮੁਖ-ਹੰਸ ਗੁਰੂ-ਸਾਗਰ ਵਿਚ ਟਿਕ ਕੇ ਉਸ ਪ੍ਰਾਨਪਤਿ-ਪ੍ਰਭੂ ਨੂੰ ਮਿਲਦਾ ਹੈ) ਜੋ ਆਤਮਕ ਆਨੰਦ ਦਾ ਸੋਮਾ ਹੈ ਜੋ ਨਿਆਸਰਿਆਂ ਦਾ ਆਸਰਾ ਹੈ। ਗੁਰਮੁਖ ਉਸ ਦੀ ਭਗਤੀ ਦੀ ਰਾਹੀਂ ਅਤੇ ਉਸ ਦੇ ਗੁਣਾਂ ਦੀ ਵਿਚਾਰ ਦੀ ਰਾਹੀਂ ਅਡੋਲ ਆਤਮਕ ਅਵਸਥਾ ਵਿਚ ਟਿਕੇ ਰਹਿੰਦੇ ਹਨ। ਉਹ ਪ੍ਰਭੂ (ਆਪਣੇ ਸੇਵਕਾਂ ਦੀ) ਭਗਤੀ ਨਾਲ ਪ੍ਰੇਮ ਕਰਦਾ ਹੈ, ਉਹਨਾਂ ਦੇ ਸਾਰੇ ਡਰ ਦੂਰ ਕਰਨ ਦੇ ਸਮਰੱਥ ਹੈ। ਗੁਰਮੁਖਿ ਹਉਮੈ ਮਾਰ ਕੇ ਅਤੇ (ਸਾਧ ਸੰਗਤਿ ਵਿਚ) ਟਿਕ ਕੇ ਉਸ ਆਨੰਦ-ਮੂਲ ਪ੍ਰਭੂ (ਦੇ ਚਰਨਾਂ) ਵਿਚ ਜੁੜਦੇ ਹਨ।੫।
ਜੇਹੜਾ-ਮਨੁੱਖ (ਵਿਚਾਰੇ ਬਗੁਲੇ ਵਾਂਗ ਹਉਮੈ ਦੀ ਛਪੜੀ ਵਿਚ ਹੀ ਨ੍ਹਾਉਂਦਾ ਰਹਿੰਦਾ ਹੈ, ਤੇ) ਆਪਣੇ ਆਤਮਕ ਜੀਵਨ ਨੂੰ ਨਹੀਂ ਪਛਾਣਦਾ, ਉਹ (ਹਉਮੈ ਵਿਚ) ਭਟਕ ਭਟਕ ਕੇ ਦੁਖੀ ਹੁੰਦਾ ਹੈ; ਪਰਮਾਤਮਾ ਤੋਂ ਬਿਨਾ ਕਿਸੇ ਹੋਰ ਆਸਰੇ ਦੀ ਭਾਲ ਵਿਚ ਉਹ ਅਮੋਲਕ ਮਨੁੱਖਾ ਜਨਮ ਨੂੰ ਗਵਾ ਲੈਂਦਾ ਹੈ; ਅਨੇਕਾਂ ਹੋਰ ਹੋਰ ਜਤਨ ਕਰਨ ਕਰਕੇ (ਸਹੇੜੀ ਹੋਈ) ਆਤਮਕ ਮੌਤ ਉਸ ਨੂੰ (ਸਦਾ) ਦੁਖੀ ਕਰਦੀ ਹੈ, ਉਹ (ਪਿਛਲੇ ਕੀਤੇ ਕਰਮਾਂ ਅਨੁਸਾਰ ਧੁਰੋਂ) ਆਤਮਕ ਮੌਤ (ਦਾ ਲੇਖ ਹੀ ਆਪਣੇ ਮੱਥੇ ਉਤੇ) ਲਿਖਾ ਕੇ ਇਸ ਜਗਤ ਵਿਚ ਆਇਆ (ਤੇ ਇਥੇ ਭੀ ਆਤਮਕ ਮੌਤ ਹੀ ਵਿਹਾਝਦਾ ਰਿਹਾ) ।੬।
(ਪਰ) ਜੇਹੜਾ ਮਨੁੱਖ ਇਕ ਪਰਮਾਤਮਾ ਦੀ ਸਿਫ਼ਤਿ-ਸਾਲਾਹ ਹੀ (ਨਿੱਤ) ਉਚਾਰਦਾ ਹੈ ਪੜ੍ਹਦਾ ਹੈ ਤੇ ਸੁਣਦਾ ਹੈ ਤੇ ਧਰਤੀ ਦੇ ਆਸਰੇ ਪ੍ਰਭੂ ਦੀ ਟੇਕ ਫੜਦਾ ਹੈ ਉਹ ਗੰਭੀਰ ਸੁਭਾਉ ਗ੍ਰਹਣ ਕਰਦਾ ਹੈ ਉਹ (ਮਨੁੱਖ ਜੀਵਨ ਦੇ) ਫ਼ਰਜ਼ ਨੂੰ (ਪਛਾਣਦਾ ਹੈ) ।
ਜੇ ਮਨੁੱਖ (ਗੁਰੂ ਦੀ ਸਰਨ ਵਿਚ ਰਹਿ ਕੇ) ਆਪਣੇ ਮਨ ਨੂੰ ਉਸ ਆਤਮਕ ਅਵਸਥਾ ਵਿਚ ਗਿਝਾ ਲਏ ਜਿਥੇ ਮਾਇਆ ਦੇ ਤਿੰਨੇ ਹੀ ਗੁਣ ਜ਼ੋਰ ਨਹੀਂ ਪਾ ਸਕਦੇ, ਤਾਂ (ਸੁਤੇ ਹੀ) ਜਤ ਸਤ ਤੇ ਸੰਜਮ ਉਸ ਦੇ ਹਿਰਦੇ ਵਿਚ ਲੀਨ ਰਹਿੰਦੇ ਹਨ।੭।
ਸਦਾ-ਥਿਰ ਪ੍ਰਭੂ ਵਿਚ ਟਿਕ ਕੇ ਪਵਿਤ੍ਰ ਹੋਏ ਮਨੁੱਖ ਦੇ ਮਨ ਨੂੰ ਵਿਕਾਰਾਂ ਦੀ ਮੈਲ ਨਹੀਂ ਚੰਬੜਦੀ। ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਸ ਦੀ ਭਟਕਣਾ ਦੂਰ ਹੋ ਜਾਂਦੀ ਹੈ ਉਸ ਦਾ (ਦੁਨੀਆ ਵਾਲਾ) ਡਰ-ਸਹਮ ਮੁੱਕ ਜਾਂਦਾ ਹੈ।
ਨਾਨਕ (ਭੀ) ਉਸ ਸਦਾ-ਥਿਰ ਹਸਤੀ ਵਾਲੇ ਪ੍ਰਭੂ (ਦੇ ਦਰ ਤੋਂ ਨਾਮ ਦੀ ਦਾਤਿ) ਮੰਗਦਾ ਹੈ ਜਿਸ ਵਰਗਾ ਹੋਰ ਕੋਈ ਨਹੀਂ ਹੈ ਜਿਸ ਦੀ (ਸੋਹਣੀ) ਸੂਰਤ ਤੇ ਜਿਸ ਦਾ ਵਜੂਦ ਆਦਿ ਤੋਂ ਹੀ ਚਲਿਆ ਆ ਰਿਹਾ ਹੈ।੮।੧।
*┈┉┅━❀꧁ੴ꧂❀━┅┉┈*

ਬਿਲਾਵਲੁ ॥ ਗ੍ਰਿਹੁ ਤਜਿ ਬਨ ਖੰਡ ਜਾਈਐ ਚੁਨਿ ਖਾਈਐ ਕੰਦਾ ॥ ਅਜਹੁ ਬਿਕਾਰ ਨ ਛੋਡਈ ਪਾਪੀ ਮਨੁ ਮੰਦਾ ॥੧॥ ਕਿਉ ਛੂਟਉ ਕੈਸੇ ਤਰਉ ਭਵਜਲ ਨਿਧਿ ਭਾਰੀ ॥ ਰਾਖੁ ਰਾਖੁ ਮੇਰੇ ਬੀਠੁਲਾ ਜਨੁ ਸਰਨਿ ਤੁਮ੍ਹ੍ਹਾਰੀ ॥੧॥ ਰਹਾਉ ॥ ਬਿਖੈ ਬਿਖੈ ਕੀ ਬਾਸਨਾ ਤਜੀਅ ਨਹ ਜਾਈ ॥ ਅਨਿਕ ਜਤਨ ਕਰਿ ਰਾਖੀਐ ਫਿਰਿ ਫਿਰਿ ਲਪਟਾਈ ॥੨॥ ਜਰਾ ਜੀਵਨ ਜੋਬਨੁ ਗਇਆ ਕਿਛੁ ਕੀਆ ਨ ਨੀਕਾ ॥ ਇਹੁ ਜੀਅਰਾ ਨਿਰਮੋਲਕੋ ਕਉਡੀ ਲਗਿ ਮੀਕਾ ॥੩॥ ਕਹੁ ਕਬੀਰ ਮੇਰੇ ਮਾਧਵਾ ਤੂ ਸਰਬ ਬਿਆਪੀ ॥ ਤੁਮ ਸਮਸਰਿ ਨਾਹੀ ਦਇਆਲੁ ਮੋਹਿ ਸਮਸਰਿ ਪਾਪੀ ॥੪॥੩॥ {ਪੰਨਾ 855-856}
ਪਦਅਰਥ: ਗ੍ਰਿਹੁ = ਘਰ, ਗ੍ਰਿਹਸਤ। ਤਜਿ = ਤਿਆਗ ਕੇ। ਬਨਖੰਡ = ਜੰਗਲਾਂ ਵਿਚ। ਕੰਦਾ = ਗਾਜਰ ਆਦਿਕ ਧਰਤੀ ਵਿਚ ਉੱਗਣ ਵਾਲੀਆਂ ਚੀਜ਼ਾਂ। ਅਜਹੁ = ਅਜੇ ਭੀ, ਫਿਰ ਭੀ।੧।
ਕਿਉ ਛੂਟਉ = ਮੈਂ ਕਿਵੇਂ (ਇਹਨਾਂ ਵਿਕਾਰਾਂ ਤੋਂ) ਬਚ ਸਕਦਾ ਹਾਂ? ਭਵ = ਸੰਸਾਰ। ਜਲ ਨਿਧਿ = ਸਮੁੰਦਰ। ਬੀਠੁਲਾ = ਹੇ ਬੀਠਲ! ਹੇ ਪ੍ਰਭੂ! {Skt. विष्ठल = one that is far away. ਉਹ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ। ਵਿ = ਪਰੇ ਹੈ। ਸਥਲ = ਟਿਕਿਆ ਹੋਇਆ। ਵਿ = ਸਥਲ, ਵਿਸ਼ਠਲ, ਬੀਠਲ = ਜੋ ਮਾਇਆ ਤੋਂ ਦੂਰ ਪਰੇ ਹੈ}। ਨੋਟ: ਇਹ ਲਫ਼ਜ਼ ਸਿਰਫ਼ ਨਾਮਦੇਵ ਜੀ ਨੇ ਹੀ ਨਹੀਂ ਵਰਤਿਆ, ਕਬੀਰ ਜੀ ਭੀ ਵਰਤਦੇ ਹਨ ਤੇ ਸਤਿਗੁਰੂ ਜੀ ਨੇ ਭੀ ਕਈ ਥਾਂ ਵਰਤਿਆ ਹੈ। ਇਸ ਦੇ ਅਧਾਰ ਤੇ ਨਾਮਦੇਵ ਜੀ ਨੂੰ ਬੀਠਲ ਦੀ ਕਿਸੇ ਮੂਰਤੀ ਦਾ ਪੁਜਾਰੀ ਸਮਝਣਾ ਭੁੱਲ ਹੈ।੧।ਰਹਾਉ।
ਬਿਖੈ ਬਿਖੈ ਕੀ = ਕਈ ਕਿਸਮਾਂ ਦੇ ਵਿਸ਼ਿਆਂ ਦੀ। ਬਾਸਨਾ = ਵਾਸ਼ਨਾ, ਖਿੱਚ, ਚਸਕਾ। ਲਪਟਾਈ = ਚੰਬੜਦਾ ਹੈ।੨।
ਜਰਾ = ਬੁਢੇਪਾ। ਜੀਵਨ ਜੋਬਨੁ = ਜ਼ਿੰਦਗੀ ਦਾ ਜੋਬਨ, ਜੁਆਨੀ ਦੀ ਉਮਰ। ਨੀਕਾ = ਭਲਾ ਕੰਮ। ਜੀਅਰਾ = ਇਹ ਸੁਹਣੀ ਜਿਹੀ ਜਿੰਦ। ਮੀਕਾ = ਬਰਾਬਰ।੩।
ਮਾਧਵਾ = ਹੇ ਪ੍ਰਭੂ! ਸਮਸਰਿ = ਬਰਾਬਰ। ਮੋਹਿ ਸਮਸਰਿ = ਮੇਰੇ ਵਰਗਾ।੪।
ਅਰਥ: ਜੇ ਗ੍ਰਿਹਸਤ ਤਿਆਗ ਕੇ ਜੰਗਲਾਂ ਵਿਚ ਚਲੇ ਜਾਈਏ, ਤੇ ਗਾਜਰ ਮੂਲੀ ਆਦਿਕ ਖਾ ਕੇ ਗੁਜ਼ਾਰਾ ਕਰੀਏ, ਤਾਂ ਭੀ ਇਹ ਪਾਪੀ ਚੰਦਰਾ ਮਨ ਵਿਕਾਰ ਨਹੀਂ ਛੱਡਦਾ।੧।
ਹੇ ਮੇਰੇ ਪ੍ਰਭੂ! ਮੈਂ ਤੇਰਾ ਦਾਸ ਤੇਰੀ ਸ਼ਰਨ ਆਇਆ ਹਾਂ, ਮੈਨੂੰ (ਇਹਨਾਂ ਵਿਕਾਰਾਂ ਤੋਂ) ਬਚਾ। ਮੈਂ ਕਿਵੇਂ ਇਹਨਾਂ ਤੋਂ ਖ਼ਲਾਸੀ ਕਰਾਵਾਂ? ਇਹ ਸੰਸਾਰ ਬੜਾ ਵੱਡਾ ਸਮੁੰਦਰ ਹੈ, ਮੈਂ ਕਿਵੇਂ ਇਸ ਤੋਂ ਪਾਰ ਲੰਘਾਂ?।੧।ਰਹਾਉ।
ਹੇ ਮੇਰੇ ਬੀਠਲ! ਮੈਥੋਂ ਇਹਨਾਂ ਅਨੇਕਾਂ ਕਿਸਮਾਂ ਦੇ ਵਿਸ਼ਿਆਂ ਦੇ ਚਸਕੇ ਛੱਡੇ ਨਹੀਂ ਜਾ ਸਕਦੇ। ਕਈ ਜਤਨ ਕਰ ਕੇ ਇਸ ਮਨ ਨੂੰ ਰੋਕੀਦਾ ਹੈ, ਪਰ ਇਹ ਮੁੜ ਮੁੜ ਵਿਸ਼ਿਆਂ ਦੀਆਂ ਵਾਸ਼ਨਾਂ ਨੂੰ ਜਾ ਚੰਬੜਦਾ ਹੈ।੨।
ਬੁਢੇਪਾ ਆ ਗਿਆ ਹੈ, ਜੁਆਨੀ ਦੀ ਉਮਰ ਲੰਘ ਗਈ ਹੈ, ਪਰ ਮੈਂ ਹੁਣ ਤਕ ਕੋਈ ਚੰਗਾ ਕੰਮ ਨਹੀਂ ਕੀਤਾ। ਮੇਰੀ ਇਹ ਜਿੰਦ ਅਮੋਲਕ ਸੀ, ਪਰ ਮੈਂ ਇਸ ਨੂੰ ਕੌਡੀ ਦੇ ਬਰਾਬਰ ਕਰ ਦਿੱਤਾ ਹੈ।੩।
ਹੇ ਕਬੀਰ! ਆਪਣੇ ਪ੍ਰਭੂ ਅੱਗੇ ਇਉਂ) ਬੇਨਤੀ ਕਰ-ਹੇ ਪਿਆਰੇ ਪ੍ਰਭੂ! ਤੂੰ ਸਭ ਜੀਆਂ ਵਿਚ ਵਿਆਪਕ ਹੈਂ (ਤੇ ਸਭ ਦੇ ਦਿਲ ਦੀ ਜਾਣਦਾ ਹੈਂ, ਮੇਰਾ ਅੰਦਰਲਾ ਹਾਲ ਭੀ ਤੂੰ ਜਾਣਦਾ ਹੈਂ) ਤੇਰੇ ਜੇਡਾ ਕੋਈ ਦਇਆ ਕਰਨ ਵਾਲਾ ਨਹੀਂ, ਤੇ ਮੇਰੇ ਵਰਗਾ ਕੋਈ ਪਾਪੀ ਨਹੀਂ (ਸੋ, ਮੈਨੂੰ ਤੂੰ ਆਪ ਹੀ ਇਹਨਾਂ ਵਿਕਾਰਾਂ ਤੋਂ ਬਚਾ) ।੪।੩।
*┈┉┅━❀꧁ੴ꧂❀━┅┉┈*
ਮਾਰੂ ਮਹਲਾ ੩ ॥ ਆਵਣ ਜਾਣਾ ਨਾ ਥੀਐ ਨਿਜ ਘਰਿ ਵਾਸਾ ਹੋਇ ॥ ਸਚੁ ਖਜਾਨਾ ਬਖਸਿਆ ਆਪੇ ਜਾਣੈ ਸੋਇ ॥੧॥ ਏ ਮਨ ਹਰਿ ਜੀਉ ਚੇਤਿ ਤੂ ਮਨਹੁ ਤਜਿ ਵਿਕਾਰ ॥ ਗੁਰ ਕੈ ਸਬਦਿ ਧਿਆਇ ਤੂ ਸਚਿ ਲਗੀ ਪਿਆਰੁ ॥੧॥ ਰਹਾਉ ॥ ਐਥੈ ਨਾਵਹੁ ਭੁਲਿਆ ਫਿਰਿ ਹਥੁ ਕਿਥਾਊ ਨ ਪਾਇ ॥ ਜੋਨੀ ਸਭਿ ਭਵਾਈਅਨਿ ਬਿਸਟਾ ਮਾਹਿ ਸਮਾਇ ॥੨॥ ਵਡਭਾਗੀ ਗੁਰੁ ਪਾਇਆ ਪੂਰਬਿ ਲਿਖਿਆ ਮਾਇ ॥ ਅਨਦਿਨੁ ਸਚੀ ਭਗਤਿ ਕਰਿ ਸਚਾ ਲਏ ਮਿਲਾਇ ॥੩॥ ਆਪੇ ਸ੍ਰਿਸਟਿ ਸਭ ਸਾਜੀਅਨੁ ਆਪੇ ਨਦਰਿ ਕਰੇਇ ॥ ਨਾਨਕ ਨਾਮਿ ਵਡਿਆਈਆ ਜੈ ਭਾਵੈ ਤੈ ਦੇਇ ॥੪॥੨॥ {ਪੰਨਾ 993-994}
ਪਦ ਅਰਥ: ਆਵਣ ਜਾਣਾ = ਜੰਮਣਾ ਮਰਨਾ। ਥੀਐ = ਹੁੰਦਾ। ਨਿਜ ਘਰਿ = ਆਪਣੇ (ਅਸਲ) ਘਰ ਵਿਚ। ਸਚੁ = ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਨਾਮ। ਆਪੇ = (ਪ੍ਰਭੂ) ਆਪ ਹੀ।1।
ਚੇਤਿ = ਚੇਤੇ ਕਰਦਾ ਰਹੁ, ਸਿਮਰ। ਮਨਹੁ = ਮਨ ਤੋਂ। ਤਜਿ = ਛੱਡ ਦੇਹ। ਸਬਦਿ = ਸ਼ਬਦ ਵਿਚ (ਜੁੜ ਕੇ) । ਸਚਿ = ਸਦਾ-ਥਿਰ ਪ੍ਰਭੂ ਵਿਚ। ਲਗੀ = ਬਣ ਜਾਇਗਾ।1। ਰਹਾਉ।
ਐਥੇ = ਇਸ ਲੋਕ ਵਿਚ, ਇਸ ਜਨਮ ਵਿਚ। ਨਾਵਹੁ = ਨਾਮ ਤੋਂ। ਕਿਥਾਊ = ਕਿਤੇ ਭੀ। ਜੋਨੀ ਸਭਿ = ਸਾਰੀਆਂ ਜੂਨਾਂ। ਭਵਾਈਅਨਿ = ਭਵਾਈਆਂ ਜਾਂਦੀਆਂ ਹਨ। ਬਿਸਟਾ = ਵਿਕਾਰਾਂ ਦਾ ਗੰਦ।2।
ਪੂਰਬਿ = ਪਹਿਲੇ ਜਨਮ ਵਿਚ। ਮਾਇ = ਹੇ ਮਾਂ! ਅਨਦਿਨੁ = ਹਰ ਰੋਜ਼, ਹਰ ਵੇਲੇ। ਸਚੀ ਭਗਤਿ = ਸਦਾ-ਥਿਰ ਪ੍ਰਭੂ ਦੀ ਭਗਤੀ। ਕਰਿ = ਕਰ ਕੇ, ਦੇ ਕਾਰਨ। ਸਚਾ = ਸਦਾ-ਥਿਰ ਪ੍ਰਭੂ।3।
ਆਪੇ = ਆਪ ਹੀ। ਸਾਜੀਅਨੁ = ਸਾਜੀ ਹੈ ਉਸ ਨੇ। ਨਦਰਿ = ਨਿਗਾਹ। ਨਾਮਿ = ਨਾਮ ਵਿਚ (ਜੋੜ ਕੇ) । ਜੈ = ਜੋ ਉਸ ਨੂੰ। ਭਾਵੈ = ਚੰਗਾ ਲੱਗਦਾ ਹੈ। ਤੈ = ਤਿਹ, ਤਿਸੁ, ਉਸ ਨੂੰ। ਦੇਇ = ਦੇਂਦਾ ਹੈ।4।
ਅਰਥ: ਹੇ ਮਨ! ਪਰਮਾਤਮਾ ਨੂੰ ਯਾਦ ਕਰਦਾ ਰਹੁ। ਹੇ ਭਾਈ! ਤੂੰ ਆਪਣੇ ਮਨ ਵਿਚੋਂ ਵਿਚਾਰ ਛੱਡ ਦੇਹ। ਗੁਰੂ ਦੇ ਸ਼ਬਦ ਵਿਚ ਜੁੜ ਕੇ ਪ੍ਰਭੂ ਦਾ ਸਿਮਰਨ ਕਰਿਆ ਕਰ। (ਸਿਮਰਨ ਦੀ ਬਰਕਤਿ ਨਾਲ) ਸਦਾ-ਥਿਰ ਪ੍ਰਭੂ ਵਿਚ ਪਿਆਰ ਬਣੇਗਾ।1। ਰਹਾਉ।
(ਹੇ ਭਾਈ! ਸਿਮਰਨ ਦਾ ਸਦਕਾ) ਜਨਮ ਮਰਨ (ਦਾ ਗੇੜ) ਨਹੀਂ ਰਹਿੰਦਾ, ਆਪਣੇ ਅਸਲ ਘਰ ਵਿਚ (ਪ੍ਰਭੂ ਦੀ ਹਜ਼ੂਰੀ ਵਿਚ) ਸੁਰਤਿ ਟਿਕੀ ਰਹਿੰਦੀ ਹੈ। ਪਰ ਸਦਾ-ਥਿਰ ਪ੍ਰਭੂ ਦਾ ਇਹ ਨਾਮ-ਖ਼ਜ਼ਾਨਾ (ਉਸ ਨੇ ਆਪ ਹੀ) ਬਖ਼ਸ਼ਿਆ ਹੈ, ਉਹ ਪ੍ਰਭੂ ਆਪ ਹੀ ਜਾਣਦਾ ਹੈ (ਕਿ ਕੌਣ ਇਸ ਦਾਤਿ ਦੇ ਯੋਗ ਹੈ) ।1।
ਹੇ ਭਾਈ! ਇਸ ਜਨਮ ਵਿਚ ਪ੍ਰਭੂ ਦੇ ਨਾਮ ਤੋਂ ਖੁੰਝੇ ਰਿਹਾਂ (ਇਹ ਮਨੁੱਖਾ ਜਨਮ ਲੱਭਣ ਵਾਸਤੇ) ਮੁੜ ਕਿਤੇ ਭੀ ਹੱਥ ਨਹੀਂ ਪੈ ਸਕਦਾ, (ਨਾਮ ਤੋਂ ਖੁੰਝਿਆ ਬੰਦਾ) ਸਾਰੀਆਂ ਹੀ ਜੂਨਾਂ ਵਿਚ ਪਾਇਆ ਜਾਂਦਾ ਹੈ, ਉਹ ਸਦਾ ਵਿਕਾਰਾਂ ਦੇ ਗੰਦ ਵਿਚ ਪਿਆ ਰਹਿੰਦਾ ਹੈ।2।
ਹੇ ਮਾਂ! ਜਿਸ ਮਨੁੱਖ ਦੇ ਮੱਥੇ ਉਤੇ ਧੁਰੋਂ ਲੇਖ ਲਿਖਿਆ ਹੁੰਦਾ ਹੈ, ਉਸ ਨੂੰ ਵੱਡੇ ਭਾਗਾਂ ਨਾਲ ਗੁਰੂ ਮਿਲਦਾ ਹੈ। ਹਰ ਵੇਲੇ ਸਦਾ-ਥਿਰ ਪ੍ਰਭੂ ਦੀ ਭਗਤੀ ਕਰਨ ਦੇ ਕਾਰਨ ਸਦਾ-ਥਿਰ ਪ੍ਰਭੂ ਉਸ ਨੂੰ (ਆਪਣੇ ਚਰਨਾਂ ਵਿਚ) ਜੋੜੀ ਰੱਖਦਾ ਹੈ।3।
ਹੇ ਨਾਨਕ! ਪਰਮਾਤਮਾ ਨੇ ਆਪ ਹੀ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ, ਉਹ ਆਪ ਹੀ (ਇਸ ਉਤੇ) ਮਿਹਰ ਦੀ ਨਿਗਾਹ ਕਰਦਾ ਹੈ; ਜਿਹੜਾ ਜੀਵ ਉਸ ਨੂੰ ਚੰਗਾ ਲੱਗਦਾ ਹੈ ਉਸ ਨੂੰ (ਆਪਣੇ) ਨਾਮ ਵਿਚ (ਜੋੜ ਕੇ ਲੋਕ ਪਰਲੋਕ ਦੀਆਂ) ਵਡਿਆਈਆਂ ਦੇਂਦਾ ਹੈ।4।2।
*┈┉┅━❀꧁ੴ꧂❀━┅┉┈*
ਰਾਗੁ ਸੂਹੀ ਛੰਤ ਮਹਲਾ ੫ ਘਰੁ ੩ ੴ ਸਤਿਗੁਰ ਪ੍ਰਸਾਦਿ ॥ ਤੂ ਠਾਕੁਰੋ ਬੈਰਾਗਰੋ ਮੈ ਜੇਹੀ ਘਣ ਚੇਰੀ ਰਾਮ ॥ ਤੂੰ ਸਾਗਰੋ ਰਤਨਾਗਰੋ ਹਉ ਸਾਰ ਨ ਜਾਣਾ ਤੇਰੀ ਰਾਮ ॥ ਸਾਰ ਨ ਜਾਣਾ ਤੂ ਵਡ ਦਾਣਾ ਕਰਿ ਮਿਹਰੰਮਤਿ ਸਾਂਈ ॥ ਕਿਰਪਾ ਕੀਜੈ ਸਾ ਮਤਿ ਦੀਜੈ ਆਠ ਪਹਰ ਤੁਧੁ ਧਿਆਈ ॥ ਗਰਬੁ ਨ ਕੀਜੈ ਰੇਣ ਹੋਵੀਜੈ ਤਾ ਗਤਿ ਜੀਅਰੇ ਤੇਰੀ ॥ ਸਭ ਊਪਰਿ ਨਾਨਕ ਕਾ ਠਾਕੁਰੁ ਮੈ ਜੇਹੀ ਘਣ ਚੇਰੀ ਰਾਮ ॥੧॥ {ਪੰਨਾ 779}
ਪਦਅਰਥ: ਠਾਕੁਰੋ = ਠਾਕੁਰੁ, ਮਾਲਕ, ਪਾਲਣਹਾਰ। ਬੈਰਾਗਰੋ = ਵਾਸਨਾ = ਰਹਿਤ, ਨਿਰਚਾਹ। ਮੈ ਜੇਹੀ = ਮੇਰੇ ਵਰਗੀਆਂ। ਘਣ = ਅਨੇਕਾਂ। ਚੇਰੀ = ਦਾਸੀਆਂ। ਰਾਮ = ਹੇ ਰਾਮ! ਰਤਨਾਗਰੋ = ਰਤਨਾਕਰੁ, ਰਤਨ = ਆਕਰ, ਰਤਨਾਂ ਦੀ ਖਾਣ। ਹਉ = ਹਉਂ, ਮੈਂ। ਸਾਰ = ਕਦਰ। ਦਾਣਾ = ਸਿਆਣਾ। ਮਿਹਰੰਮਤਿ = ਮਿਹਰ। ਸਾਂਈ = ਹੇ ਸਾਈਂ! ਕੀਜੈ = ਕਰ। ਦੀਜੈ = ਦੇਹ। ਮਤਿ = ਅਕਲ। ਸਾ = ਅਜਿਹੀ। ਧਿਆਈ = ਧਿਆਈਂ, ਮੈਂ ਧਿਆਵਾਂ। ਗਰਬੁ = ਅਹੰਕਾਰ। ਰੇਣ = ਚਰਨ = ਧੂੜ। ਹੋਵੀਜੈ = ਹੋ ਜਾ। ਗਤਿ = ਉੱਚੀ ਆਤਮਕ ਅਵਸਥਾ। ਜੀਅਰੇ = ਹੇ ਜੀਵ!।੧।
ਅਰਥ: ਹੇ (ਮੇਰੇ) ਰਾਮ! ਤੂੰ (ਸਭ ਜੀਵਾਂ ਦਾ) ਮਾਲਕ ਹੈਂ, ਤੇਰੇ ਉਤੇ ਮਾਇਆ ਆਪਣਾ ਪ੍ਰਭਾਵ ਨਹੀਂ ਪਾ ਸਕਦੀ। ਮੇਰੇ ਵਰਗੀਆਂ (ਤੇਰੇ ਦਰ ਤੇ) ਅਨੇਕਾਂ ਦਾਸੀਆਂ ਹਨ। ਹੇ ਰਾਮ! ਤੂੰ ਸਮੁੰਦਰ ਹੈਂ। ਤੂੰ ਰਤਨਾਂ ਦੀ ਖਾਣ ਹੈਂ। ਹੇ ਪ੍ਰਭੂ! ਮੈਂ ਤੇਰੀ ਕਦਰ ਨਹੀਂ ਸਮਝ ਸਕੀ।
ਹੇ ਮੇਰੇ ਮਾਲਕ! ਮੈਂ (ਤੇਰੇ ਗੁਣਾਂ ਦੀ) ਕਦਰ ਨਹੀਂ ਜਾਣਦੀ, ਤੂੰ ਵੱਡਾ ਸਿਆਣਾ ਹੈਂ (ਸਭ ਕੁਝ ਜਾਣਨ ਵਾਲਾ ਹੈਂ) , (ਮੇਰੇ ਉੱਤੇ) ਮਿਹਰ ਕਰ। ਕਿਰਪਾ ਕਰ, ਮੈਨੂੰ ਅਜਿਹੀ ਸਮਝ ਬਖ਼ਸ਼ ਕਿ ਅੱਠੇ ਪਹਰ ਮੈਂ ਤੇਰਾ ਸਿਮਰਨ ਕਰਦੀ ਰਹਾਂ।
ਹੇ ਜਿੰਦੇ! ਅਹੰਕਾਰ ਨਹੀਂ ਕਰਨਾ ਚਾਹੀਦਾ, (ਸਭ ਦੇ) ਚਰਨਾਂ ਦੀ ਧੂੜ ਬਣੇ ਰਹਿਣਾ ਚਾਹੀਦਾ ਹੈ, ਤਾਂ ਹੀ ਤੇਰੀ ਉੱਚੀ ਆਤਮਕ ਅਵਸਥਾ ਬਣ ਸਕੇਗੀ।
ਹੇ ਨਾਨਕ! ਆਖ-) ਮੇਰਾ ਮਾਲਕ ਪ੍ਰਭੂ ਸਭ ਦੇ ਸਿਰ ਉੱਤੇ ਹੈ। ਮੇਰੇ ਜਿਹੀਆਂ (ਉਸ ਦੇ ਦਰ ਤੇ) ਅਨੇਕਾਂ ਦਾਸੀਆਂ ਹਨ।੧।
ਤੁਮ੍ਹ੍ਹ ਗਉਹਰ ਅਤਿ ਗਹਿਰ ਗੰਭੀਰਾ ਤੁਮ ਪਿਰ ਹਮ ਬਹੁਰੀਆ ਰਾਮ ॥ ਤੁਮ ਵਡੇ ਵਡੇ ਵਡ ਊਚੇ ਹਉ ਇਤਨੀਕ ਲਹੁਰੀਆ ਰਾਮ ॥ ਹਉ ਕਿਛੁ ਨਾਹੀ ਏਕੋ ਤੂਹੈ ਆਪੇ ਆਪਿ ਸੁਜਾਨਾ ॥ ਅੰਮ੍ਰਿਤ ਦ੍ਰਿਸਟਿ ਨਿਮਖ ਪ੍ਰਭ ਜੀਵਾ ਸਰਬ ਰੰਗ ਰਸ ਮਾਨਾ ॥ ਚਰਣਹ ਸਰਨੀ ਦਾਸਹ ਦਾਸੀ ਮਨਿ ਮਉਲੈ ਤਨੁ ਹਰੀਆ ॥ ਨਾਨਕ ਠਾਕੁਰੁ ਸਰਬ ਸਮਾਣਾ ਆਪਨ ਭਾਵਨ ਕਰੀਆ ॥੨॥ {ਪੰਨਾ 779}
ਪਦਅਰਥ: ਗਉਹਰ = (ਬਹੁਤ ਹੀ ਕੀਮਤੀ) ਮੋਤੀ। ਗਹਿਰਾ = ਡੂੰਘੀ, ਅਥਾਹ (ਸਮੁੰਦਰ) । ਗੰਭੀਰਾ = ਵੱਡੇ ਜਿਗਰੇ ਵਾਲਾ। ਪਿਰ = ਖਸਮ। ਹਮ = ਅਸੀ ਜੀਵ। ਬਹੁਰੀਆ = ਵਹੁਟੀਆਂ। ਲਹੁਰੀਆ = ਛੋਟੀ। ਇਤਨੀਕ = ਬਹੁਤ ਹੀ ਛੋਟੀ। ਹਉ = ਹਉਂ, ਮੈਂ। ਆਪੇ = ਆਪ ਹੀ। ਸੁਜਾਨਾ = ਸਿਆਣਾ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੀ। ਦ੍ਰਿਸਟਿ = ਨਿਗਾਹ। ਨਿਮਖ = {निमेष} ਅੱਖ ਝਮਕਣ ਜਿਤਨਾ ਸਮਾ। ਪ੍ਰਭ = ਹੇ ਪ੍ਰਭੂ! ਜੀਵਾ = ਜੀਵਾਂ, ਮੈਂ ਜੀਊ ਪੈਂਦੀ ਹਾਂ। ਮਾਨਾ = ਮਾਣ ਲਏ। ਮਨਿ ਮਉਲੈ = ਮਨ ਖਿੜ ਪਿਆਂ। ਹਰੀਆ = ਹਰਾ = ਭਰਾ। ਭਾਵਨ = ਮਰਜ਼ੀ।੨।
ਅਰਥ: ਹੇ ਪ੍ਰਭੂ! ਤੂੰ ਇਕ (ਅਣਮੁੱਲਾ) ਮੋਤੀ ਹੈਂ, ਤੂੰ ਅਥਾਹ (ਸਮੁੰਦਰ) ਹੈਂ, ਤੂੰ ਬੜੇ ਵੱਡੇ ਜਿਗਰੇ ਵਾਲਾ ਹੈਂ, ਤੂੰ (ਸਾਡਾ) ਖਸਮ ਹੈਂ, ਅਸੀ ਜੀਵ ਤੇਰੀਆਂ ਵਹੁਟੀਆਂ ਹਾਂ। ਤੂੰ ਬੇਅੰਤ ਵੱਡਾ ਹੈਂ, ਤੂੰ ਬੇਅੰਤ ਉੱਚਾ ਹੈਂ। ਮੈਂ ਬਹੁਤ ਹੀ ਛੋਟੀ ਜਿਹੀ ਹਸਤੀ ਵਾਲੀ ਹਾਂ।
ਹੇ ਭਾਈ! ਮੇਰੀ ਕੁਝ ਭੀ ਪਾਂਇਆਂ ਨਹੀਂ ਹੈ, ਇਕ ਤੂੰ ਹੀ ਤੂੰ ਹੈਂ, ਤੂੰ ਆਪ ਹੀ ਆਪ ਸਭ ਕੁਝ ਜਾਣਨ ਵਾਲਾ ਹੈਂ। ਹੇ ਪ੍ਰਭੂ! ਅੱਖ ਝਮਕਣ ਜਿਤਨੇ ਸਮੇ ਵਾਸਤੇ ਮਿਲੀ ਤੇਰੀ ਅੰਮ੍ਰਿਤ ਦ੍ਰਿਸ਼ਟੀ ਨਾਲ ਮੈਨੂੰ ਆਤਮਕ ਜੀਵਨ ਮਿਲ ਜਾਂਦਾ ਹੈ (ਇਉਂ ਹੁੰਦਾ ਹੈ ਜਿਵੇਂ) ਮੈਂ ਸਾਰੇ ਰੰਗ ਰਸ ਮਾਣ ਲਏ ਹਨ। ਮੈਂ ਤੇਰੇ ਚਰਨਾਂ ਦੀ ਸਰਨ ਲਈ ਹੈ, ਮੈਂ ਤੇਰੇ ਦਾਸਾਂ ਦੀ ਦਾਸੀ ਹਾਂ (ਆਤਮਕ ਜੀਵਨ ਦੇਣ ਵਾਲੀ ਤੇਰੀ ਨਿਗਾਹ ਦੀ ਬਰਕਤਿ ਨਾਲ) ਜਦੋਂ ਮੇਰਾ ਮਨ ਖਿੜ ਆਉਂਦਾ ਹੈ, ਮੇਰਾ ਸਰੀਰ (ਭੀ) ਹਰਾ-ਭਰਾ ਹੋ ਜਾਂਦਾ ਹੈ।
ਹੇ ਨਾਨਕ! ਆਖ-ਹੇ ਭਾਈ!) ਮਾਲਕ-ਪ੍ਰਭੂ ਸਭ ਜੀਵਾਂ ਵਿਚ ਸਮਾ ਰਿਹਾ ਹੈ, ਉਹ (ਹਰ ਵੇਲੇ ਹਰ ਥਾਂ) ਆਪਣੀ ਮਰਜ਼ੀ ਕਰਦਾ ਹੈ।੨।
ਤੁਝੁ ਊਪਰਿ ਮੇਰਾ ਹੈ ਮਾਣਾ ਤੂਹੈ ਮੇਰਾ ਤਾਣਾ ਰਾਮ ॥ ਸੁਰਤਿ ਮਤਿ ਚਤੁਰਾਈ ਤੇਰੀ ਤੂ ਜਾਣਾਇਹਿ ਜਾਣਾ ਰਾਮ ॥ ਸੋਈ ਜਾਣੈ ਸੋਈ ਪਛਾਣੈ ਜਾ ਕਉ ਨਦਰਿ ਸਿਰੰਦੇ ॥ ਮਨਮੁਖਿ ਭੂਲੀ ਬਹੁਤੀ ਰਾਹੀ ਫਾਥੀ ਮਾਇਆ ਫੰਦੇ ॥ ਠਾਕੁਰ ਭਾਣੀ ਸਾ ਗੁਣਵੰਤੀ ਤਿਨ ਹੀ ਸਭ ਰੰਗ ਮਾਣਾ ॥ ਨਾਨਕ ਕੀ ਧਰ ਤੂਹੈ ਠਾਕੁਰ ਤੂ ਨਾਨਕ ਕਾ ਮਾਣਾ ॥੩॥ {ਪੰਨਾ 779}
ਪਦਅਰਥ: ਮਾਣਾ = ਫ਼ਖ਼ਰ। ਤਾਣਾ = ਤਾਣ, ਬਲ, ਸਹਾਰਾ। ਮਤਿ = ਅਕਲ। ਸੁਰਤਿ = ਸੂਝ। ਜਾਣਾਇਹਿ = (ਜੋ ਕੁਝ) ਤੂੰ ਸਮਝਾਂਦਾ ਹੈਂ। ਜਾਣਾ = ਜਾਣਾਂ, ਮੈਂ ਸਮਝਦਾ ਹਾਂ। ਸੇਈ = ਉਹੀ ਮਨੁੱਖ। ਜਾ ਕਉ = ਜਿਸ ਉੱਤੇ। ਨਦਰਿ = ਮਿਹਰ ਦੀ ਨਿਗਾਹ। ਸਿਰੰਦੇ = ਸਿਰਜਣਹਾਰ ਦੀ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ = ਇਸਤ੍ਰੀ। ਭੂਲੀ = ਸਹੀ ਜੀਵਨ ਵਲੋਂ ਖੁੰਝੀ ਹੋਈ। ਰਾਹੀ = ਰਾਹੀਂ, ਰਾਹਾਂ ਵਿਚ। ਫੰਦੇ = ਫਾਹੀ ਵਿਚ। ਭਾਣੀ = ਚੰਗੀ ਲੱਗੀ। ਤਿਨ ਹੀ = {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਤਿਨਿ' ਦੀ 'ਿ' ਉੱਡ ਗਈ ਹੈ} ਉਸ ਨੇ ਹੀ। ਧਰ = ਆਸਰਾ। ਠਾਕੁਰ = ਹੇ ਠਾਕੁਰ!।੩।
ਅਰਥ: ਹੇ ਰਾਮ! ਮੇਰਾ ਮਾਣ ਤੇਰੇ ਉੱਤੇ ਹੀ ਹੈ, ਤੂੰ ਹੀ ਮੇਰਾ ਆਸਰਾ ਹੈਂ। (ਜਿਹੜੀ ਭੀ ਕੋਈ) ਸੂਝ, ਅਕਲ, ਸਿਆਣਪ (ਮੇਰੇ ਅੰਦਰ ਹੈ, ਉਹ) ਤੇਰੀ (ਬਖ਼ਸ਼ੀ ਹੋਈ ਹੈ) ਜੋ ਕੁਝ ਤੂੰ ਮੈਨੂੰ ਸਮਝਾਂਦਾ ਹੈਂ, ਉਹੀ ਮੈਂ ਸਮਝਦਾ ਹਾਂ।
ਹੇ ਭਾਈ! ਉਹੀ ਮਨੁੱਖ (ਸਹੀ ਜੀਵਨ ਨੂੰ) ਸਮਝਦਾ ਪਛਾਣਦਾ ਹੈ, ਜਿਸ ਉਤੇ ਸਿਰਜਣਹਾਰ ਦੀ ਮਿਹਰ ਦੀ ਨਿਗਾਹ ਹੁੰਦੀ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ ਅਨੇਕਾਂ ਹੋਰ ਹੋਰ ਰਸਤਿਆਂ ਵਿਚ ਪੈ ਕੇ (ਸਹੀ ਜੀਵਨ ਵਲੋਂ) ਖੁੰਝੀ ਰਹਿੰਦੀ ਹੈ, ਮਾਇਆ ਦੀਆਂ ਫਾਹੀਆਂ ਵਿਚ ਫਸੀ ਰਹਿੰਦੀ ਹੈ। ਜਿਹੜੀ ਜੀਵ-ਇਸਤ੍ਰੀ ਮਾਲਕ-ਪ੍ਰਭੂ ਨੂੰ ਚੰਗੀ ਲੱਗਦੀ ਹੈ, ਉਹ ਗੁਣਾਂ ਵਾਲੀ ਹੋ ਜਾਂਦੀ ਹੈ, ਉਸ ਨੇ ਹੀ ਸਾਰੇ ਆਤਮਕ ਆਨੰਦ ਮਾਣੇ ਹਨ।
ਹੇ ਠਾਕੁਰ! ਨਾਨਕ ਦਾ ਸਹਾਰਾ ਤੂੰ ਹੀ ਹੈਂ, ਨਾਨਕ ਦਾ ਮਾਣ ਤੂੰ ਹੀ ਹੈਂ।੩।
ਹਉ ਵਾਰੀ ਵੰਞਾ ਘੋਲੀ ਵੰਞਾ ਤੂ ਪਰਬਤੁ ਮੇਰਾ ਓਲ੍ਹ੍ਹਾ ਰਾਮ ॥ ਹਉ ਬਲਿ ਜਾਈ ਲਖ ਲਖ ਲਖ ਬਰੀਆ ਜਿਨਿ ਭ੍ਰਮੁ ਪਰਦਾ ਖੋਲ੍ਹ੍ਹਾ ਰਾਮ ॥ ਮਿਟੇ ਅੰਧਾਰੇ ਤਜੇ ਬਿਕਾਰੇ ਠਾਕੁਰ ਸਿਉ ਮਨੁ ਮਾਨਾ ॥ ਪ੍ਰਭ ਜੀ ਭਾਣੀ ਭਈ ਨਿਕਾਣੀ ਸਫਲ ਜਨਮੁ ਪਰਵਾਨਾ ॥ ਭਈ ਅਮੋਲੀ ਭਾਰਾ ਤੋਲੀ ਮੁਕਤਿ ਜੁਗਤਿ ਦਰੁ ਖੋਲ੍ਹ੍ਹਾ ॥ ਕਹੁ ਨਾਨਕ ਹਉ ਨਿਰਭਉ ਹੋਈ ਸੋ ਪ੍ਰਭੁ ਮੇਰਾ ਓਲ੍ਹ੍ਹਾ ॥੪॥੧॥੪॥ {ਪੰਨਾ 779-780}
ਪਦਅਰਥ: ਹਉ = ਹਉਂ, ਮੈਂ। ਵਾਰੀ ਵੰਞਾ = ਵਾਰੀ ਵੰਞਾਂ, ਮੈਂ ਕੁਰਬਾਨ ਜਾਂਦੀ ਹਾਂ। ਘੋਲੀ = ਸਦਕੇ। ਓਲ੍ਹ੍ਹਾ = ਪਰਦਾ। ਬਲਿ ਜਾਈ = ਬਲਿ ਜਾਈਂ, ਮੈਂ ਸਦਕੇ ਜਾਂਦੀ ਹਾਂ। ਬਰੀਆ = ਵਾਰੀ। ਜਿਨਿ = ਜਿਸ ਨੇ। ਭ੍ਰਮੁ = ਭਟਕਣਾ। ਤਜੇ = ਤਿਆਗ ਦਿੱਤੇ। ਸਿਉ = ਨਾਲ। ਮਾਨਾ = ਮੰਨ ਗਿਆ, ਗਿੱਝ ਗਿਆ। ਪ੍ਰਭ ਭਾਣੀ = ਪ੍ਰਭੂ ਨੂੰ ਚੰਗੀ ਲੱਗੀ। ਨਿਕਾਣੀ = ਬੇ = ਮੁਥਾਜ। ਭਾਰਾ ਤੋਲੀ = ਭਾਰੇ ਤੋਲ ਵਾਲੀ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਜੁਗਤਿ = ਜੀਊਣ ਦੀ ਜਾਚ। ਦਰੁ = ਦਰਵਾਜ਼ਾ।੪।
ਅਰਥ: ਹੇ ਪ੍ਰਭੂ! ਮੇਰੇ ਵਾਸਤੇ ਤੂੰ ਪਹਾੜ (ਜੇਡਾ) ਓਲ੍ਹਾ ਹੈਂ, ਮੈਂ ਤੈਥੋਂ ਸਦਕੇ ਕੁਰਬਾਨ ਜਾਂਦੀ ਹਾਂ। ਮੈਂ ਤੈਥੋਂ ਲੱਖਾਂ ਵਾਰੀ ਸਦਕੇ ਜਾਂਦੀ ਹਾਂ, ਜਿਸ ਨੇ (ਮੇਰੇ ਅੰਦਰੋਂ) ਭਟਕਣਾ ਵਾਲੀ ਵਿੱਥ ਮਿਟਾ ਦਿੱਤੀ ਹੈ।
ਹੇ ਭਾਈ! ਜਿਸ ਜੀਵ-ਇਸਤ੍ਰੀ ਦਾ ਮਨ ਮਾਲਕ-ਪ੍ਰਭੂ ਨਾਲ ਗਿੱਝ ਜਾਂਦਾ ਹੈ, ਉਹ ਸਾਰੇ ਵਿਕਾਰ ਤਿਆਗ ਦੇਂਦੀ ਹੈ, (ਉਸ ਦੇ ਅੰਦਰੋਂ ਮਾਇਆ ਦੇ ਮੋਹ ਵਾਲੇ) ਹਨੇਰੇ ਦੂਰ ਹੋ ਜਾਂਦੇ ਹਨ। (ਜੇਹੜੀ ਜੀਵ-ਇਸਤ੍ਰੀ) ਪ੍ਰਭੂ ਨੂੰ ਚੰਗੀ ਲੱਗਣ ਲੱਗ ਪੈਂਦੀ ਹੈ, ਉਹ (ਦੁਨੀਆ ਵਲੋਂ) ਬੇ-ਮੁਥਾਜ ਹੋ ਜਾਂਦੀ ਹੈ, ਉਸ ਦੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ, ਉਹ ਪ੍ਰਭੂ-ਦਰ ਤੇ ਕਬੂਲ ਹੋ ਜਾਂਦੀ ਹੈ। ਉਸ ਦੀ ਜ਼ਿੰਦਗੀ ਬਹੁਤ ਹੀ ਕੀਮਤੀ ਹੋ ਜਾਂਦੀ ਹੈ, ਭਾਰੇ ਤੋਲ ਵਾਲੀ ਹੋ ਜਾਂਦੀ ਹੈ, ਉਸ ਵਾਸਤੇ ਉਹ ਦਰਵਾਜ਼ਾ ਖੁਲ੍ਹ ਜਾਂਦਾ ਹੈ ਜਿੱਥੇ ਉਸ ਨੂੰ ਵਿਕਾਰਾਂ ਵਲੋਂ ਖ਼ਲਾਸੀ ਮਿਲ ਜਾਂਦੀ ਹੈ ਅਤੇ ਸਹੀ ਜੀਵਨ ਦੀ ਜਾਚ ਆ ਜਾਂਦੀ ਹੈ।
ਹੇ ਨਾਨਕ! ਜਦੋਂ ਤੋਂ ਉਹ ਪ੍ਰਭੂ ਮੇਰਾ ਸਹਾਰਾ ਬਣ ਗਿਆ ਹੈ, ਮੈਂ (ਵਿਕਾਰਾਂ ਮਾਇਆ ਦੇ ਹੱਲਿਆਂ ਵਲੋਂ) ਨਿਡਰ ਹੋ ਗਈ ਹਾਂ।੪।੧।੪।
*┈┉┅━❀꧁ੴ꧂❀━┅┉┈*
ਰਾਗੁ ਧਨਾਸਰੀ ਬਾਣੀ ਭਗਤ ਕਬੀਰ ਜੀ ਕੀ ੴ ਸਤਿਗੁਰ ਪ੍ਰਸਾਦਿ ॥ ਸਨਕ ਸਨੰਦ ਮਹੇਸ ਸਮਾਨਾਂ ॥ ਸੇਖਨਾਗਿ ਤੇਰੋ ਮਰਮੁ ਨ ਜਾਨਾਂ ॥੧॥ ਸੰਤਸੰਗਤਿ ਰਾਮੁ ਰਿਦੈ ਬਸਾਈ ॥੧॥ ਰਹਾਉ ॥ ਹਨੂਮਾਨ ਸਰਿ ਗਰੁੜ ਸਮਾਨਾਂ ॥ ਸੁਰਪਤਿ ਨਰਪਤਿ ਨਹੀ ਗੁਨ ਜਾਨਾਂ ॥੨॥ ਚਾਰਿ ਬੇਦ ਅਰੁ ਸਿੰਮ੍ਰਿਤਿ ਪੁਰਾਨਾਂ ॥ ਕਮਲਾਪਤਿ ਕਵਲਾ ਨਹੀ ਜਾਨਾਂ ॥੩॥ ਕਹਿ ਕਬੀਰ ਸੋ ਭਰਮੈ ਨਾਹੀ ॥ ਪਗ ਲਗਿ ਰਾਮ ਰਹੈ ਸਰਨਾਂਹੀ ॥੪॥੧॥ {ਪੰਨਾ 691}
ਪਦਅਰਥ: ਸਨਕ ਸਨੰਦ = ਬ੍ਰਹਮਾ ਦੇ ਪੁੱਤਰ (ਸਨਕ, ਸਨੰਦ, ਸਨਾਤਨ, ਸਨਤ ਕੁਮਾਰ) । ਮਹੇਸ = ਸ਼ਿਵ। ਸਮਾਨਾਂ = ਵਰਗਿਆਂ ਨੇ। ਸੇਖ ਨਾਗਿ = ਸ਼ੇਸ਼ ਨਾਗ ਨੇ (ਸ਼ੇਸ਼ ਨਾਗ = ਸੱਪਾਂ ਦਾ ਰਾਜਾ, ਇਸ ਦੇ ਇੱਕ ਹਜ਼ਾਰ ਫਣ ਮਿੱਥੇ ਗਏ ਹਨ; ਇਹਨਾਂ ਨਾਲ ਇਹ ਆਪਣੇ ਇਸ਼ਟ ਵਿਸ਼ਨੂ ਭਗਵਾਨ ਉੱਤੇ ਛਾਂ ਕਰਦਾ ਹੈ, ਹਰੇਕ ਜੀਭ ਨਾਲ ਨਿੱਤ ਨਵਾਂ ਨਾਮ ਭਗਵਾਨ ਦਾ ਉਚਾਰਦਾ ਹੈ) । ਮਰਮੁ = ਭੇਤ।੧।
ਰਿਦੈ = ਹਿਰਦੇ ਵਿਚ। ਬਸਾਈ = ਬਸਾਈਂ, ਮੈਂ ਵਸਾਉਂਦਾ ਹਾਂ।੧।ਰਹਾਉ।
ਸਰਿ = ਵਰਗੇ ਨੇ। ਗਰੁੜ = ਵਿਸ਼ਨੂ ਭਗਵਾਨ ਦੀ ਸਵਾਰੀ, ਸਾਰੇ ਪੰਛੀਆਂ ਦਾ ਰਾਜਾ। ਸੁਰ ਪਤਿ = ਦੇਵਤਿਆਂ ਦਾ ਰਾਜਾ, ਇੰਦਰ। ਨਰਪਤਿ = ਮਨੁੱਖਾਂ ਦਾ ਰਾਜਾ।੨।
ਕਮਲਾਪਤਿ = ਲੱਛਮੀ ਦਾ ਪਤੀ, ਵਿਸ਼ਨੂ। ਕਵਲਾ = ਲੱਛਮੀ।੩।
ਕਹਿ = ਕਹੇ, ਆਖਦਾ ਹੈ। ਭਰਮੈ ਨਾਹੀ = ਭਟਕਦਾ ਨਹੀਂ। ਪਗ ਲਗਿ = ਚਰਨੀਂ ਲੱਗ ਕੇ। ਸਰਨਾਂਹੀ = ਸ਼ਰਨ ਵਿਚ।੪।
ਅਰਥ: ਮੈਂ ਸੰਤਾਂ ਦੀ ਸੰਗਤਿ ਵਿਚ ਰਹਿ ਕੇ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਉਂਦਾ ਹਾਂ।੧।ਰਹਾਉ।
ਹੇ ਪ੍ਰਭੂ! ਬ੍ਰਹਮਾ ਦੇ ਪੁੱਤਰਾਂ) ਸਨਕ, ਸਨੰਦ ਅਤੇ ਸ਼ਿਵ ਜੀ ਵਰਗਿਆਂ ਨੇ ਤੇਰਾ ਭੇਦ ਨਹੀਂ ਪਾਇਆ; (ਵਿਸ਼ਨੂ ਦੇ ਭਗਤ) ਸ਼ੇਸ਼ਨਾਗ ਨੇ ਤੇਰੇ (ਦਿਲ ਦਾ) ਰਾਜ਼ ਨਹੀਂ ਸਮਝਿਆ।੧।
(ਸ੍ਰੀ ਰਾਮ ਚੰਦਰ ਜੀ ਦੇ ਸੇਵਕ) ਹਨੂਮਾਨ ਵਰਗੇ ਨੇ, (ਵਿਸ਼ਨੂ ਦੇ ਸੇਵਕ ਤੇ ਪੰਛੀਆਂ ਦੇ ਰਾਜੇ) ਗਰੁੜ ਵਰਗਿਆਂ ਨੇ, ਦੇਵਤਿਆਂ ਦੇ ਰਾਜੇ ਇੰਦਰ ਨੇ, ਵੱਡੇ ਵੱਡੇ ਰਾਜਿਆਂ ਨੇ ਭੀ ਤੇਰੇ ਗੁਣਾਂ ਦਾ ਅੰਤ ਨਹੀਂ ਪਾਇਆ।੨।
ਚਾਰ ਵੇਦ, (ਅਠਾਰਾਂ) ਸਿਮ੍ਰਿਤੀਆਂ, (ਅਠਾਰਾਂ) ਪੁਰਾਣ-(ਇਹਨਾਂ ਦੇ ਕਰਤਾ ਬ੍ਰਹਮਾ, ਮਨੂ ਤੇ ਹੋਰ ਰਿਸ਼ੀਆਂ) ਨੇ ਤੈਨੂੰ ਨਹੀਂ ਸਮਝਿਆ; ਵਿਸ਼ਨੂ ਤੇ ਲੱਛਮੀ ਨੇ ਭੀ ਤੇਰਾ ਅੰਤ ਨਹੀਂ ਪਾਇਆ।੩।
ਕਬੀਰ ਆਖਦਾ ਹੈ-(ਬਾਕੀ ਸਾਰੀ ਸ੍ਰਿਸ਼ਟੀ ਦੇ ਲੋਕ ਪ੍ਰਭੂ ਨੂੰ ਛੱਡ ਕੇ ਹੋਰ ਹੋਰ ਪਾਸੇ ਭਟਕਦੇ ਰਹੇ) ਇੱਕ ਉਹ ਮਨੁੱਖ ਭਟਕਦਾ ਨਹੀਂ, ਜੋ (ਸੰਤਾਂ ਦੀ) ਚਰਨੀਂ ਲੱਗ ਕੇ ਪਰਮਾਤਮਾ ਦੀ ਸ਼ਰਨ ਵਿਚ ਟਿਕਿਆ ਰਹਿੰਦਾ ਹੈ।੪।੧।
ਸ਼ਬਦ ਦਾ ਭਾਵ: ਅੱਨ ਪੂਜਾ ਛੱਡ ਕੇ ਇਕ ਪਰਮਾਤਮਾ ਦਾ ਹੀ ਭਜਨ ਕਰੋ। ਬ੍ਰਹਮਾ, ਸ਼ਿਵ, ਵਿਸ਼ਨੂ, ਇੰਦਰ ਆਦਿਕ ਅਤੇ ਉਹਨਾਂ ਦੇ ਸੇਵਕ ਪਰਮਾਤਮਾ ਦਾ ਅੰਤ ਨਾਹ ਪਾ ਸਕੇ।੧।

ਰਾਗੁ ਸੋਰਠਿ ਬਾਣੀ ਭਗਤ ਰਵਿਦਾਸ ਜੀ ਕੀ ੴ ਸਤਿਗੁਰ ਪ੍ਰਸਾਦਿ ॥ ਜਬ ਹਮ ਹੋਤੇ ਤਬ ਤੂ ਨਾਹੀ ਅਬ ਤੂਹੀ ਮੈ ਨਾਹੀ ॥ ਅਨਲ ਅਗਮ ਜੈਸੇ ਲਹਰਿ ਮਇ ਓਦਧਿ ਜਲ ਕੇਵਲ ਜਲ ਮਾਂਹੀ ॥੧॥ ਮਾਧਵੇ ਕਿਆ ਕਹੀਐ ਭ੍ਰਮੁ ਐਸਾ ॥ ਜੈਸਾ ਮਾਨੀਐ ਹੋਇ ਨ ਤੈਸਾ ॥੧॥ ਰਹਾਉ ॥ ਨਰਪਤਿ ਏਕੁ ਸਿੰਘਾਸਨਿ ਸੋਇਆ ਸੁਪਨੇ ਭਇਆ ਭਿਖਾਰੀ ॥ ਅਛਤ ਰਾਜ ਬਿਛੁਰਤ ਦੁਖੁ ਪਾਇਆ ਸੋ ਗਤਿ ਭਈ ਹਮਾਰੀ ॥੨॥ ਰਾਜ ਭੁਇਅੰਗ ਪ੍ਰਸੰਗ ਜੈਸੇ ਹਹਿ ਅਬ ਕਛੁ ਮਰਮੁ ਜਨਾਇਆ ॥ ਅਨਿਕ ਕਟਕ ਜੈਸੇ ਭੂਲਿ ਪਰੇ ਅਬ ਕਹਤੇ ਕਹਨੁ ਨ ਆਇਆ ॥੩॥ ਸਰਬੇ ਏਕੁ ਅਨੇਕੈ ਸੁਆਮੀ ਸਭ ਘਟ ਭਗਵੈ ਸੋਈ ॥ ਕਹਿ ਰਵਿਦਾਸ ਹਾਥ ਪੈ ਨੇਰੈ ਸਹਜੇ ਹੋਇ ਸੁ ਹੋਈ ॥੪॥੧॥ {ਪੰਨਾ 657-658}
ਪਦਅਰਥ: ਜਬ = ਜਿਤਨਾ ਚਿਰ। ਹਮ = ਅਸੀ, ਹਉਮੈ, ਆਪਾ = ਭਾਵ। ਹੋਤੇ = ਹੁੰਦੇ ਹਾਂ। ਮੈ = ਮੇਰੀ ਅਪਣੱਤ, ਹਉਮੈ। ਅਨਲ = {Skt. अनिल} ਹਵਾ। ਅਨਲ ਅਗਮ = ਭਾਰੀ ਹਨੇਰੀ (ਦੇ ਕਾਰਨ) । ਲਹਰਿ ਮਇ = ਲਹਰਿ ਮਯ, ਲਹਰਿ ਮੈ, {ਸੰ: ਮਯ = ਜਿਸ ਲਫ਼ਜ਼ ਦੇ ਅਖ਼ੀਰ ਵਿਚ ਲਫ਼ਜ਼ 'ਮਯ' ਵਰਤਿਆ ਜਾਏ, ਉਸ ਦੇ ਅਰਬ ਵਿਚ 'ਬਹੁਲਤਾ' ਦਾ ਖ਼ਿਆਲ ਵਧਾਇਆ ਜਾਂਦਾ ਹੈ, ਜਿਵੇਂ ਦਇਆ ਮਯ = ਦਇਆ ਨਾਲ ਭਰਪੂਰ} ਲਹਰਾਂ ਨਾਲ ਭਰਪੂਰ। ਓਦਧਿ = {Skt. ਉਦਧਿ, उदधि} ਸਮੁੰਦਰ।੧।
ਮਾਧਵੇ = ਹੇ ਮਾਧੋ! (ਨੋਟ: ਲਫ਼ਜ਼ 'ਮਾਧੋ' ਭਗਤ ਰਵਿਦਾਸ ਜੀ ਦਾ ਖ਼ਾਸ ਪਿਆਰਾ ਲਫ਼ਜ਼ ਹੈ, ਬਹੁਤੀ ਵਾਰੀ ਪਰਮਾਤਮਾ ਵਾਸਤੇ ਇਹੀ ਲਫ਼ਜ਼ ਵਰਤਦੇ ਹਨ, ਸੰਸਕ੍ਰਿਤ ਧਾਰਮਿਕ ਪੁਸਤਕਾਂ ਵਿਚ ਇਹ ਨਾਮ ਕ੍ਰਿਸ਼ਨ ਜੀ ਦਾ ਹੈ। ਜੇ ਰਵਿਦਾਸ ਜੀ ਸ੍ਰੀ ਰਾਮ ਚੰਦ ਜੀ ਦੇ ਉਪਾਸ਼ਕ ਹੁੰਦੇ, ਤਾਂ ਇਹ ਲਫ਼ਜ਼ ਉਹ ਨਾਹ ਵਰਤਦੇ) । ਕਿਆ ਕਹੀਐ = ਕੀਹ ਆਖੀਏ? ਕਿਹਾ ਨਹੀਂ ਜਾ ਸਕਦਾ। ਭ੍ਰਮੁ = ਭੁਲੇਖਾ। ਮਾਨੀਐ = ਮੰਨਿਆ ਜਾ ਰਿਹਾ ਹੈ, ਖ਼ਿਆਲ ਬਣਾਇਆ ਹੋਇਆ ਹੈ।੧।ਰਹਾਉ।
ਨਰਪਿਤ = ਰਾਜਾ। ਸਿੰਘਾਸਨਿ = ਤਖ਼ਤ ਉੱਤੇ। ਭਿਖਾਰੀ = ਮੰਗਤਾ। ਅਛਤ = ਹੁੰਦਿਆਂ ਸੁੰਦਿਆਂ। ਗਤਿ = ਹਾਲਤ।੨।
ਰਾਜ = ਰੱਜੂ, ਰੱਸੀ। ਭੁਇਅੰਗ = ਸੱਪ। ਪ੍ਰਸੰਗ = ਵਾਰਤਾ, ਗੱਲ। ਮਰਮੁ = ਭੇਤ, ਰਾਜ਼। ਕਟਕ = ਕੜੇ। ਕਹਤੇ = ਆਖਦਿਆਂ।੩।
ਸਰਬੇ = ਸਾਰਿਆਂ ਵਿਚ। ਅਨੇਕੈ = ਅਨੇਕ = ਰੂਪ ਹੋ ਕੇ। ਭਗਵੈ = {ਨੋਟ: ਅੱਖਰ 'ਭ' ਦੇ ਨਾਲ ਦੋ ਲਗਾਂ ਹਨ (ੋ) ਤੇ (ੁ) । ਅਸਲ ਲਫ਼ਜ਼ ਹੈ 'ਭੋਗਵੈ' ਪਰ ਇਥੇ ਪੜ੍ਹਨਾ ਹੈ 'ਭੁਗਵੈ'} ਭੋਗ ਰਿਹਾ ਹੈ, ਮੌਜੂਦ ਹੈ। ਪੈ = ਤੋਂ। ਸਹਜੇ = ਸੁਤੇ ਹੀ, ਉਸ ਦੀ ਰਜ਼ਾ ਵਿਚ।੪।
ਅਰਥ: (ਹੇ ਮਾਧੋ!) ਜਿਤਨਾ ਚਿਰ ਅਸਾਂ ਜੀਵਾਂ ਦੇ ਅੰਦਰ ਹਉਮੈ ਰਹਿੰਦੀ ਹੈ, ਉਤਨਾ ਚਿਰ ਤੂੰ (ਅਸਾਡੇ ਅੰਦਰ) ਪਰਗਟ ਨਹੀਂ ਹੁੰਦਾ, ਪਰ ਜਦੋਂ ਤੂੰ ਪ੍ਰਤੱਖ ਹੁੰਦਾ ਹੈਂ ਤਦੋਂ ਅਸਾਡੀ 'ਮੈਂ' ਦੂਰ ਹੋ ਜਾਂਦੀ ਹੈ; (ਇਸ 'ਮੈਂ' ਦੇ ਹਟਣ ਨਾਲ ਇਹ ਸਮਝ ਆ ਜਾਂਦੀ ਹੈ ਕਿ) ਜਿਵੇਂ ਬੜਾ ਤੂਫ਼ਾਨ ਆਇਆਂ ਸਮੁੰਦਰ ਲਹਿਰਾਂ ਨਾਲ ਨਕਾ-ਨਕ ਭਰ ਜਾਂਦਾ ਹੈ, ਪਰ ਅਸਲ ਵਿਚ ਉਹ (ਲਹਿਰਾਂ ਸਮੁੰਦਰ ਦੇ) ਪਾਣੀ ਵਿਚ ਪਾਣੀ ਹੀ ਹੈ (ਤਿਵੇਂ ਇਹ ਸਾਰੇ ਜੀਆ ਜੰਤ ਤੇਰਾ ਆਪਣਾ ਹੀ ਵਿਕਾਸ ਹੈ) ।੧।
ਹੇ ਮਾਧੋ! ਅਸਾਂ ਜੀਵਾਂ ਨੂੰ ਕੁਝ ਅਜਿਹਾ ਭੁਲੇਖਾ ਪਿਆ ਹੋਇਆ ਹੈ ਕਿ ਇਹ ਬਿਆਨ ਨਹੀਂ ਕੀਤਾ ਜਾ ਸਕਦਾ। ਅਸੀ ਜੋ ਮੰਨੀ ਬੈਠੇ ਹਾਂ (ਕਿ ਜਗਤ ਤੇਰੇ ਨਾਲੋਂ ਕੋਈ ਵੱਖਰੀ ਹਸਤੀ ਹੈ) , ਉਹ ਠੀਕ ਨਹੀਂ ਹੈ।੧।ਰਹਾਉ।
(ਜਿਵੇਂ) ਕੋਈ ਰਾਜਾ ਆਪਣੇ ਤਖ਼ਤ ਉਤੇ ਸੌਂ ਜਾਏ, ਤੇ, ਸੁਫ਼ਨੇ ਵਿਚ ਮੰਗਤਾ ਬਣ ਜਾਏ, ਰਾਜ ਹੁੰਦਿਆਂ ਸੁੰਦਿਆਂ ਉਹ (ਸੁਪਨੇ ਵਿਚ ਰਾਜ ਤੋਂ) ਵਿਛੜ ਕੇ ਦੁੱਖੀ ਹੁੰਦਾ ਹੈ, ਤਿਵੇਂ ਹੀ (ਹੇ ਮਾਧੋ! ਤੈਥੋਂ ਵਿਛੁੜ ਕੇ) ਅਸਾਡਾ ਜੀਵਾਂ ਦਾ ਹਾਲ ਹੋ ਰਿਹਾ ਹੈ।੨।
ਜਿਵੇਂ ਰੱਸੀ ਤੇ ਸੱਪ ਦਾ ਦ੍ਰਿਸ਼ਟਾਂਤ ਹੈ, ਜਿਵੇਂ (ਸੋਨੇ ਤੋਂ ਬਣੇ ਹੋਏ) ਅਨੇਕਾਂ ਕੜੇ ਵੇਖ ਕੇ ਭੁਲੇਖਾ ਪੈ ਜਾਏ (ਕਿ ਸੋਨਾ ਹੀ ਕਈ ਕਿਸਮ ਦਾ ਹੁੰਦਾ ਹੈ, ਤਿਵੇਂ ਅਸਾਨੂੰ ਭੁਲੇਖਾ ਬਣਿਆ ਪਿਆ ਹੈ ਕਿ ਇਹ ਜਗਤ ਤੈਥੋਂ ਵੱਖਰਾ ਹੈ) , ਪਰ ਤੂੰ ਮੈਨੂੰ ਹੁਣ ਕੁਝ ਕੁਝ ਭੇਤ ਜਣਾ ਦਿੱਤਾ ਹੈ। ਹੁਣ ਉਹ ਪੁਰਾਣੀ ਵਿਤਕਰੇ ਵਾਲੀ ਗੱਲ ਮੈਥੋਂ ਆਖੀ ਨਹੀਂ ਜਾਂਦੀ (ਭਾਵ, ਹੁਣ ਮੈਂ ਇਹ ਨਹੀਂ ਆਖਦਾ ਕਿ ਜਗਤ ਤੈਥੋਂ ਵੱਖਰੀ ਹਸਤੀ ਹੈ) ।੩।
(ਹੁਣ ਤਾਂ) ਰਵਿਦਾਸ ਆਖਦਾ ਹੈ ਕਿ ਉਹ ਪ੍ਰਭੂ-ਖਸਮ ਅਨੇਕਾਂ ਰੂਪ ਬਣਾ ਕੇ ਸਾਰਿਆਂ ਵਿਚ ਇੱਕ ਆਪ ਹੀ ਹੈ, ਸਭ ਘਟਾਂ ਵਿਚ ਆਪ ਹੀ ਬੈਠਾ ਜਗਤ ਦੇ ਰੰਗ ਮਾਣ ਰਿਹਾ ਹੈ। (ਦੂਰ ਨਹੀਂ) ਮੇਰੇ ਹੱਥ ਤੋਂ ਭੀ ਨੇੜੇ ਹੈ, ਜੋ ਕੁਝ (ਜਗਤ ਵਿਚ) ਵਰਤ ਰਿਹਾ ਹੈ, ਉਸੇ ਦੀ ਰਜ਼ਾ ਵਿਚ ਹੋ ਰਿਹਾ ਹੈ।੪।੧।
ਸ਼ਬਦ ਦਾ ਭਾਵ: ਪਰਮਾਤਮਾ ਸਰਬ-ਵਿਆਪਕ ਹੈ। ਪਰ ਜੀਵ ਆਪਣੀ 'ਹਉਂ' ਦੇ ਘੇਰੇ ਵਿਚ ਰਹਿ ਕੇ ਜਗਤ ਨੂੰ ਉਸ ਤੋਂ ਵੱਖਰੀ ਹਸਤੀ ਸਮਝਦਾ ਹੈ। ਜਿਤਨਾ ਚਿਰ 'ਹਉਂ' ਹੈ, ਉਤਨਾ ਚਿਰ ਵਿਤਕਰੇ ਹਨ।
ਸੋਰਠਿ ਮਹਲਾ ੫ ॥ ਹਰਿ ਮਨਿ ਤਨਿ ਵਸਿਆ ਸੋਈ ॥ ਜੈ ਜੈ ਕਾਰੁ ਕਰੇ ਸਭੁ ਕੋਈ ॥ ਗੁਰ ਪੂਰੇ ਕੀ ਵਡਿਆਈ ॥ ਤਾ ਕੀ ਕੀਮਤਿ ਕਹੀ ਨ ਜਾਈ ॥੧॥ ਹਉ ਕੁਰਬਾਨੁ ਜਾਈ ਤੇਰੇ ਨਾਵੈ ॥ ਜਿਸ ਨੋ ਬਖਸਿ ਲੈਹਿ ਮੇਰੇ ਪਿਆਰੇ ਸੋ ਜਸੁ ਤੇਰਾ ਗਾਵੈ ॥੧॥ ਰਹਾਉ ॥ ਤੂੰ ਭਾਰੋ ਸੁਆਮੀ ਮੇਰਾ ॥ ਸੰਤਾਂ ਭਰਵਾਸਾ ਤੇਰਾ ॥ ਨਾਨਕ ਪ੍ਰਭ ਸਰਣਾਈ ॥ ਮੁਖਿ ਨਿੰਦਕ ਕੈ ਛਾਈ ॥੨॥੨੨॥੮੬॥ {ਪੰਨਾ 629}
ਪਦਅਰਥ: ਮਨਿ = ਮਨ ਵਿਚ। ਤਨਿ = ਤਨ ਵਿਚ। ਸੋਈ = ਉਹ (ਪਰਮਾਤਮਾ) ਹੀ। ਜੈ ਜੈ ਕਾਰੁ = ਸੋਭਾ। ਸਭੁ ਕੋਈ = ਹਰੇਕ ਜੀਵ। ਵਡਿਆਈ = ਬਰਕਤਿ, ਬਖ਼ਸ਼ਸ਼। ਤਾ ਕੀ = ਉਸ (ਪੂਰੇ ਗੁਰੂ ਦੀ ਬਖ਼ਸ਼ਸ਼) ਦੀ।੧।
ਹਉ ਜਾਈ = ਹਉਂ ਜਾਈਂ; ਮੈਂ ਜਾਂਦਾ ਹਾਂ। ਨਾਵੈ = ਨਾਮ ਤੋਂ। ਜਿਸ ਨੋ = {ਲਫ਼ਜ਼ 'ਜਿਸ' ਦਾ ੁ ਸੰਬੰਧਕ 'ਨੋ' ਦੇ ਕਾਰਨ ਉੱਡ ਗਿਆ ਹੈ}। ਪਿਆਰੇ = ਹੇ ਪਿਆਰੇ! ਜਸੁ = ਸਿਫ਼ਤਿ-ਸਾਲਾਹ ਦਾ ਗੀਤ।੧।ਰਹਾਉ।
ਭਾਰੋ = ਵੱਡਾ। ਸੁਆਮੀ = ਮਾਲਕ। ਭਰਵਾਸਾ = ਭਰੋਸਾ, ਸਹਾਰਾ। ਕੈ ਮੁਖਿ = ਦੇ ਮੂੰਹ ਉਤੇ। ਛਾਈ = ਸੁਆਹ। ਨਿੰਦਕ = ਨਿੰਦਾ ਕਰਨ ਵਾਲਾ, ਦੋਖੀ।੨।
ਅਰਥ: ਹੇ ਮੇਰੇ ਪਿਆਰੇ ਪ੍ਰਭੂ! ਮੈਂ ਤੇਰੇ ਨਾਮ ਤੋਂ ਸਦਕੇ ਜਾਂਦਾ ਹਾਂ। ਤੂੰ ਜਿਸ ਮਨੁੱਖ ਉੱਤੇ ਬਖ਼ਸ਼ਸ਼ ਕਰਦਾ ਹੈਂ, ਉਹ ਸਦਾ ਤੇਰੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦਾ ਹੈ।੧।ਰਹਾਉ।
ਹੇ ਭਾਈ! ਜਿਸ ਮਨੁੱਖ ਦੇ ਮਨ ਵਿਚ ਤਨ ਵਿਚ ਉਹ ਪਰਮਾਤਮਾ ਹੀ ਵੱਸਿਆ ਰਹਿੰਦਾ ਹੈ, ਹਰੇਕ ਜੀਵ ਉਸ ਦੀ ਸੋਭਾ ਕਰਦਾ ਹੈ। (ਪਰ ਇਹ) ਪੂਰੇ ਗੁਰੂ ਦੀ ਹੀ ਬਖ਼ਸ਼ਸ਼ ਹੈ (ਜਿਸ ਦੀ ਮੇਹਰ ਨਾਲ ਪਰਮਾਤਮਾ ਦੀ ਯਾਦ ਕਿਸੇ ਵਡਭਾਗੀ ਦੇ ਮਨ ਤਨ ਵਿਚ ਵੱਸਦੀ ਹੈ) ਗੁਰੂ ਦੀ ਬਖ਼ਸ਼ਸ਼ ਦਾ ਮੁੱਲ ਨਹੀਂ ਪੈ ਸਕਦਾ।੧।
ਹੇ ਪ੍ਰਭੂ! ਤੂੰ ਮੇਰਾ ਵੱਡਾ ਮਾਲਕ ਹੈਂ। ਤੇਰੇ ਸੰਤਾਂ ਨੂੰ (ਭੀ) ਤੇਰਾ ਹੀ ਸਹਾਰਾ ਰਹਿੰਦਾ ਹੈ। ਹੇ ਨਾਨਕ! ਜੇਹੜਾ ਮਨੁੱਖ ਪ੍ਰਭੂ ਦੀ ਸ਼ਰਨ ਪਿਆ ਰਹਿੰਦਾ ਹੈ (ਉਸ ਦਾ ਦੁੱਖ ਕਰਨ ਵਾਲੇ) ਦੋਖੀ ਦੇ ਮੂੰਹ ਉਤੇ ਸੁਆਹ ਹੀ ਪੈਂਦੀ ਹੈ (ਪ੍ਰਭੂ ਦੀ ਸ਼ਰਨ ਪਏ ਮਨੁੱਖ ਦਾ ਕੋਈ ਕੁਝ ਵਿਗਾੜ ਨਹੀਂ ਸਕਦਾ) ।੨।੨੨।੮੬।
*┈┉┅━❀꧁ੴ꧂❀━┅┉┈*
No comments:
Post a Comment