Sikhyouthpb

Sikh Youth Of Punjab Youtube Channel. The Purpose of this channel is to promote and spread Gurbani all over the world. In this channle you can watch all type of Gurmat Video like Gurbani Vichar, Gurbani kirtan, katha, kavita, paath, Guru Itihaas, Nitnem, Kavi Dabar, Simran etc.

Subscribe Us

Today Hukamnama Sahib

Saturday, 1 August 2020

☬|| ਅੱਜ ਦਾ ਫੁਰਮਾਨ ||☬ || 01-08-2020|| ਸ਼੍ਰੀ ਅਕਾਲ ਤਖ਼ਤ ਸਾਹਿਬ, (ਅੰਮ੍ਰਿਤਸਰ), ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ,(ਨਾਂਦੇੜ) , ਤਖ਼ਤ ਸ੍ਰੀ ਪਟਨਾ ਸਾਹਿਬ, ਤਖ਼ਤ ਸ੍ਰੀ ਕੇਸ਼ਗੜ੍ਹ ਸਾਹਿਬ, (ਰੋਪੜ), ਤਖ਼ਤ ਸ੍ਰੀ ਦਮਦਮਾ ਸਾਹਿਬ,(ਤਲਵੰਡੀ ਸਾਬੋ), ਗੁ: ਨਨਕਾਣਾ ਸਾਹਿਬ,(ਪਾਕਿਸਤਾਨ), ਗੁ: ਪੰਜਾ ਸਾਹਿਬ,(ਪਾਕਿਸਤਾਨ), ਗੁ: ਕਰਤਾਰਪੁਰ ਸਾਹਿਬ (ਪਾਕਿਸਤਾਨ), ਸ਼੍ਰੀ ਦਰਬਾਰ ਸਹਿਬ, (ਅੰਮ੍ਰਿਤਸਰ), ਗੁ: ਬੰਗਲਾ ਸਾਹਿਬ, (ਦਿੱਲੀ), ਗੁ: ਸੀਸ ਗੰਜ ਸਾਹਿਬ, (ਦਿੱਲੀ), ਗੁ: ਭੱਠਾ ਸਾਹਿਬ,(ਰੋਪੜ) , ਗੁ: ਦੁਖਨਿਵਾਰਨ ਸਾਹਿਬ, (ਪਟਿਆਲਾ) , ਗੁ: ਫਤਹਿਗੜ੍ਹ ਸਾਹਿਬ ,ਗੁ:ਸ਼੍ਰੀ ਕਤਲਗੜ ਸਾਹਿਬ ਸ਼੍ਰੀ ਚਮਕੌਰ ਸਾਹਿਬ ,ਗੁਰਦੁਆਰਾ ਸ੍ਰੀ ਪੰੰਜੋਖਰਾ ਸਾਹਿਬ ਪਾਤਸ਼ਾਹੀ: ਅੱੱਠਵੀਂ (ਅੰਬਾਲਾ) ਗੁ: ਸ਼ਹੀਦ ਗੰਜ ਸਾਹਿਬ,(ਅੰਮ੍ਰਿਤਸਰ), ਗੁ:ਸ਼੍ਰੀ ਕੰਧ ਸਾਹਿਬ (ਬਟਾਲਾ), ਗੁ: ਸ੍ਰੀ ਪਾਉਂਟਾ ਸਾਹਿਬ ਪਾਤਸ਼ਾਹੀ ੧੦ ਵੀਂ (ਹਿਮਾਚਲ ਪ੍ਰਦੇਸ਼), ਗੁ: ਸ਼੍ਰੀ ਬਾਉਲੀ ਸਾਹਿਬ, ਗੋਇੰਦਵਾਲ ਸਾਹਿਬ ਇਹ ਸਾਰੇ ਗੁਰਦੁਆਰਾ ਸਾਹਿਬ ਦੇ ਪਾਬਨ ਹੁਕਮਨਾਮਾ ਸਾਹਿਬ ਜੀ


*┈┉┅━❀꧁ੴ꧂❀━┅┉┈*

||ਅੱਜ ਦਾ ਫੁਰਮਾਨ|| ਸ਼੍ਰੀ ਅਕਾਲ ਤਖ਼ਤ ਸਾਹਿਬ, ਅੰਮ੍ਰਿਤਸਰ ||

*Please cover your head & Remove your shoes before reading Hukamnama sahib Ji*

ਸੂਹੀ ਮਹਲਾ ੫ ॥ ਗੁਰ ਅਪੁਨੇ ਊਪਰਿ ਬਲਿ ਜਾਈਐ ॥ ਆਠ ਪਹਰ ਹਰਿ ਹਰਿ ਜਸੁ ਗਾਈਐ ॥੧॥ ਸਿਮਰਉ ਸੋ ਪ੍ਰਭੁ ਅਪਨਾ ਸੁਆਮੀ ॥ ਸਗਲ ਘਟਾ ਕਾ ਅੰਤਰਜਾਮੀ ॥੧॥ ਰਹਾਉ ॥ ਚਰਣ ਕਮਲ ਸਿਉ ਲਾਗੀ ਪ੍ਰੀਤਿ ॥ ਸਾਚੀ ਪੂਰਨ ਨਿਰਮਲ ਰੀਤਿ ॥੨॥ ਸੰਤ ਪ੍ਰਸਾਦਿ ਵਸੈ ਮਨ ਮਾਹੀ ॥ ਜਨਮ ਜਨਮ ਕੇ ਕਿਲਵਿਖ ਜਾਹੀ ॥੩॥ ਕਰਿ ਕਿਰਪਾ ਪ੍ਰਭ ਦੀਨ ਦਇਆਲਾ ॥ ਨਾਨਕੁ ਮਾਗੈ ਸੰਤ ਰਵਾਲਾ ॥੪॥੧੭॥੨੩॥ {ਪੰਨਾ 741}

ਅਰਥ: ਹੇ ਭਾਈ! ਗੁਰੂ ਦੀ ਕਿਰਪਾ ਨਾਲ) ਮੈਂ ਆਪਣਾ ਉਹ ਮਾਲਕ-ਪ੍ਰਭੂ ਸਿਮਰਦਾ ਰਹਿੰਦਾ ਹਾਂ, ਜੇਹੜਾ ਸਭ ਜੀਵਾਂ ਦੇ ਦਿਲ ਦੀ ਜਾਣਨ ਵਾਲਾ ਹੈ।੧।ਰਹਾਉ।

ਹੇ ਭਾਈ! ਆਪਣੇ ਗੁਰੂ ਉੱਤੋਂ (ਸਦਾ) ਕੁਰਬਾਨ ਹੋਣਾ ਚਾਹੀਦਾ ਹੈ (ਗੁਰੂ ਦੀ ਸਰਨ ਪੈ ਕੇ ਆਪਣੇ ਅੰਦਰੋਂ ਆਪਾਭਾਵ ਮਿਟਾ ਦੇਣਾ ਚਾਹੀਦਾ ਹੈ, (ਕਿਉਂਕਿ, ਗੁਰੂ ਦੀ ਕਿਰਪਾ ਨਾਲ ਹੀ) ਅੱਠੇ ਪਹਰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਇਆ ਜਾ ਸਕਦਾ ਹੈ।੧।

ਹੇ ਭਾਈ! ਗੁਰੂ ਦੀ ਕਿਰਪਾ ਨਾਲ ਹੀ) ਪਰਮਾਤਮਾ ਦੇ ਸੋਹਣੇ ਚਰਨਾਂ ਨਾਲ ਪਿਆਰ ਬਣਦਾ ਹੈ। (ਗੁਰ-ਚਰਨਾਂ ਦੀ ਪ੍ਰੀਤਿ ਹੀ) ਅਟੱਲ ਮੁਕੰਮਲ ਤੇ ਪਵਿਤ੍ਰ ਜੀਵਨ-ਜੁਗਤਿ ਹੈ।੨।

ਹੇ ਭਾਈ! ਗੁਰੂ ਦੀ ਕਿਰਪਾ ਨਾਲ (ਪਰਮਾਤਮਾ ਜਿਸ ਮਨੁੱਖ ਦੇ) ਮਨ ਵਿਚ ਆ ਵੱਸਦਾ ਹੈ (ਉਸ ਮਨੁੱਖ ਦੇ) ਅਨੇਕਾਂ ਜਨਮਾਂ ਦੇ ਪਾਪ ਦੂਰ ਹੋ ਜਾਂਦੇ ਹਨ।੩।

ਹੇ ਨਿਮਾਣਿਆਂ ਉਤੇ ਦਇਆ ਕਰਨ ਵਾਲੇ ਪ੍ਰਭੂ! (ਆਪਣੇ ਦਾਸ ਨਾਨਕ ਉਤੇ) ਕਿਰਪਾ ਕਰ। (ਤੇਰਾ ਦਾਸ) ਨਾਨਕ (ਤੇਰੇ ਦਰ ਤੋਂ) ਗੁਰੂ ਦੇ ਚਰਨਾਂ ਦੀ ਧੂੜ ਮੰਗਦਾ ਹੈ।੪।੧੭।੨੩।

*┈┉┅━❀꧁ੴ꧂❀━┅┉┈*

||ਅੱਜ ਦਾ ਫੁਰਮਾਨ|| ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ (ਨਾਂਦੇੜ) ||

ਸਲੋਕ ਮਃ ੧ ॥ ਤਾ ਕੀ ਰਜਾਇ ਲੇਖਿਆ ਪਾਇ ਅਬ ਕਿਆ ਕੀਜੈ ਪਾਂਡੇ ॥ ਹੁਕਮੁ ਹੋਆ ਹਾਸਲੁ ਤਦੇ ਹੋਇ ਨਿਬੜਿਆ ਹੰਢਹਿ ਜੀਅ ਕਮਾਂਦੇ ॥੧॥ {ਪੰਨਾ 653}

ਅਰਥ: ਹੇ ਪੰਡਿਤ! ਐਸ ਵੇਲੇ (ਝੁਰਿਆਂ) ਕੁਝ ਨਹੀਂ ਬਣਦਾਪ੍ਰਭੂ ਦੀ ਰਜ਼ਾ ਵਿਚ (ਆਪਣੇ ਹੀ ਪਿਛਲੇ ਕੀਤੇ ਅਨੁਸਾਰ) ਲਿਖਿਆ (ਲੇਖ) ਪਾਈਦਾ ਹੈਜਦੋਂ ਪ੍ਰਭੂ ਦਾ ਹੁਕਮ ਹੋਇਆ ਤਦੋਂ ਇਹ ਫ਼ੈਸਲਾ ਹੋਇਆ ਤੇ (ਉਸ ਲੇਖ-ਅਨੁਸਾਰ) ਜੀਵ (ਕਰਮ) ਕਮਾਂਦੇ ਫਿਰਦੇ ਹਨ।੧।

ਮਃ ੨ ॥ ਨਕਿ ਨਥ ਖਸਮ ਹਥ ਕਿਰਤੁ ਧਕੇ ਦੇ ॥ ਜਹਾ ਦਾਣੇ ਤਹਾਂ ਖਾਣੇ ਨਾਨਕਾ ਸਚੁ ਹੇ ॥੨॥ {ਪੰਨਾ 653}

ਅਰਥ: ਹੇ ਨਾਨਕ! ਜੀਵ ਦੇ ਨੱਕ ਵਿਚ (ਰਜ਼ਾ ਦੀ) ਨੱਥ (ਨਕੇਲ) ਹੈ ਜੋ ਖਸਮ ਪ੍ਰਭੂ ਦੇ (ਆਪਣੇ) ਹੱਥ ਵਿਚ ਹੈ, ਪਿਛਲੇ ਕੀਤੇ ਹੋਏ ਕੰਮਾਂ ਅਨੁਸਾਰ ਬਣਿਆ ਸੁਭਾਉ ਹੁਣ ਧੱਕ ਕੇ ਚਲਾ ਰਿਹਾ ਹੈ। ਸੱਚ ਇਹ ਹੈ ਕਿ ਜਿਥੇ ਜੀਵ ਦਾ ਦਾਣਾ-ਪਾਣੀ ਹੁੰਦਾ ਹੈ ਉਥੇ ਖਾਣਾ ਪੈਂਦਾ ਹੈ।੨।

ਪਉੜੀ ॥ ਸਭੇ ਗਲਾ ਆਪਿ ਥਾਟਿ ਬਹਾਲੀਓਨੁ ॥ ਆਪੇ ਰਚਨੁ ਰਚਾਇ ਆਪੇ ਹੀ ਘਾਲਿਓਨੁ ॥ ਆਪੇ ਜੰਤ ਉਪਾਇ ਆਪਿ ਪ੍ਰਤਿਪਾਲਿਓਨੁ ॥ ਦਾਸ ਰਖੇ ਕੰਠਿ ਲਾਇ ਨਦਰਿ ਨਿਹਾਲਿਓਨੁ ॥ ਨਾਨਕ ਭਗਤਾ ਸਦਾ ਅਨੰਦੁ ਭਾਉ ਦੂਜਾ ਜਾਲਿਓਨੁ ॥੨੮॥ {ਪੰਨਾ 653}

ਅਰਥ: ਪ੍ਰਭੂ ਨੇ ਆਪ ਹੀ ਸਾਰੀਆਂ (ਜਗਤ-) ਵਿਓਂਤਾਂ ਬਣਾ ਕੇ ਕਾਇਮ ਕੀਤੀਆਂ ਹਨਆਪ ਹੀ ਸੰਸਾਰ ਦੀ ਰਚਨਾ ਰਚ ਕੇ ਆਪ ਹੀ ਨਾਸ ਕਰਦਾ ਹੈਆਪ ਹੀ ਜੀਵਾਂ ਨੂੰ ਪੈਦਾ ਕਰਦਾ ਹੈ ਤੇ ਆਪੇ ਹੀ ਪਾਲਦਾ ਹੈਆਪੇ ਹੀ ਆਪਣੇ ਸੇਵਕਾਂ ਨੂੰ ਗਲ ਲਾ ਕੇ ਰੱਖਦਾ ਹੈ, ਆਪ ਹੀ ਮੇਹਰ ਦੀ ਨਜ਼ਰ ਨਾਲ ਵੇਖਦਾ ਹੈ। ਹੇ ਨਾਨਕ! ਭਗਤਾਂ ਨੂੰ ਸਦਾ ਪ੍ਰਸੰਨਤਾ ਰਹਿੰਦੀ ਹੈ, (ਕਿਉਂਕਿਉਹਨਾਂ ਦਾ ਮਾਇਆ ਦਾ ਪਿਆਰ ਉਸ ਪ੍ਰਭੂ ਨੇ ਆਪ ਸਾੜ ਦਿੱਤਾ ਹੈ।੨੮।

ਸਲੋਕੁ ਮਃ ੩ ॥ ਏ ਮਨ ਹਰਿ ਜੀ ਧਿਆਇ ਤੂ ਇਕ ਮਨਿ ਇਕ ਚਿਤਿ ਭਾਇ ॥ ਹਰਿ ਕੀਆ ਸਦਾ ਸਦਾ ਵਡਿਆਈਆ ਦੇਇ ਨ ਪਛੋਤਾਇ ॥ {ਪੰਨਾ 653}

ਅਰਥ: ਹੇ ਮਨ! ਪਿਆਰ ਨਾਲ ਇਕਾਗ੍ਰ ਚਿੱਤ ਹੋ ਕੇ ਹਰੀ ਦਾ ਸਿਮਰਨ ਕਰਹਰੀ ਵਿਚ ਇਹ ਸਦਾ ਲਈ ਗੁਣ ਹਨ ਕਿ ਦਾਤ ਬਖ਼ਸ਼ ਕੇ ਪਛੁਤਾਉਂਦਾ ਨਹੀਂ।

ਹਉ ਹਰਿ ਕੈ ਸਦ ਬਲਿਹਾਰਣੈ ਜਿਤੁ ਸੇਵਿਐ ਸੁਖੁ ਪਾਇ ॥ ਨਾਨਕ ਗੁਰਮੁਖਿ ਮਿਲਿ ਰਹੈ ਹਉਮੈ ਸਬਦਿ ਜਲਾਇ ॥੧॥ {ਪੰਨਾ 653}

ਅਰਥ: ਮੈਂ ਹਰੀ ਤੋਂ ਸਦਾ ਕੁਰਬਾਨ ਹਾਂਜਿਸ ਦੀ ਸੇਵਾ ਕੀਤਿਆਂ ਸੁਖ ਮਿਲਦਾ ਹੈਹੇ ਨਾਨਕ! ਗੁਰਮੁਖ ਜਨ ਅਹੰਕਾਰ ਨੂੰ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਸਾੜ ਕੇ ਹਰੀ ਵਿਚ ਮਿਲੇ ਰਹਿੰਦੇ ਹਨ।੧।

ਮਃ ੩ ॥ ਆਪੇ ਸੇਵਾ ਲਾਇਅਨੁ ਆਪੇ ਬਖਸ ਕਰੇਇ ॥ ਸਭਨਾ ਕਾ ਮਾ ਪਿਉ ਆਪਿ ਹੈ ਆਪੇ ਸਾਰ ਕਰੇਇ ॥ {ਪੰਨਾ 653}

ਅਰਥ: ਹਰੀ ਨੇ ਆਪ ਹੀ ਮਨੁੱਖਾਂ ਨੂੰ ਸੇਵਾ ਵਿਚ ਲਾਇਆ ਹੈ, ਆਪ ਹੀ ਬਖ਼ਸ਼ਸ਼ ਕਰਦਾ ਹੈ, ਆਪ ਹੀ ਸਭਨਾਂ ਦਾ ਮਾਂ ਪਿਉ ਹੈ ਤੇ ਆਪ ਹੀ ਸਭ ਦੀ ਸੰਭਾਲ ਕਰਦਾ ਹੈ।

ਨਾਨਕ ਨਾਮੁ ਧਿਆਇਨਿ ਤਿਨ ਨਿਜ ਘਰਿ ਵਾਸੁ ਹੈ ਜੁਗੁ ਜੁਗੁ ਸੋਭਾ ਹੋਇ ॥੨॥ {ਪੰਨਾ 653}

ਅਰਥ: ਹੇ ਨਾਨਕ! ਜੋ ਮਨੁੱਖ ਨਾਮ ਜਪਦੇ ਹਨ, ਉਹ ਆਪਣੇ ਟਿਕਾਣੇ ਤੇ ਟਿਕੇ ਹੁੰਦੇ ਹਨਹਰੇਕ ਜੁਗ ਵਿਚ ਉਹਨਾਂ ਦੀ ਸੋਭਾ ਹੁੰਦੀ ਹੈ।੨।

ਪਉੜੀ ॥ ਤੂ ਕਰਣ ਕਾਰਣ ਸਮਰਥੁ ਹਹਿ ਕਰਤੇ ਮੈ ਤੁਝ ਬਿਨੁ ਅਵਰੁ ਨ ਕੋਈ ॥ ਤੁਧੁ ਆਪੇ ਸਿਸਟਿ ਸਿਰਜੀਆ ਆਪੇ ਫੁਨਿ ਗੋਈ ॥ {ਪੰਨਾ 653-654}

ਅਰਥ: ਹੇ ਕਰਤਾਰ! ਤੂੰ ਸਾਰੀ ਕੁਦਰਤਿ ਨੂੰ ਰਚਣ-ਜੋਗਾ ਹੈਂਤੇਰੇ ਬਿਨਾ ਤੇਰੇ ਜੇਡਾ ਕੋਈ ਹੋਰ ਨਹੀਂ ਮੈਨੂੰ ਦਿੱਸਦਾਤੂੰ ਆਪ ਹੀ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈਂ ਤੇ ਆਪ ਹੀ ਫਿਰ ਨਾਸ ਕਰਦਾ ਹੈਂ।

*┈┉┅━❀꧁ੴ꧂❀━┅┉┈*

||ਅੱਜ ਦਾ ਫੁਰਮਾਨ|| ਤਖ਼ਤ ਸ੍ਰੀ ਪਟਨਾ ਸਾਹਿਬ ||

ਗੂਜਰੀ ਮਹਲਾ ੫ ॥ ਗੁਰ ਪ੍ਰਸਾਦੀ ਪ੍ਰਭੁ ਧਿਆਇਆ ਗਈ ਸੰਕਾ ਤੂਟਿ ॥ ਦੁਖ ਅਨੇਰਾ ਭੈ ਬਿਨਾਸੇ ਪਾਪ ਗਏ ਨਿਖੂਟਿ ॥੧॥ ਹਰਿ ਹਰਿ ਨਾਮ ਕੀ ਮਨਿ ਪ੍ਰੀਤਿ ॥ ਮਿਲਿ ਸਾਧ ਬਚਨ ਗੋਬਿੰਦ ਧਿਆਏ ਮਹਾ ਨਿਰਮਲ ਰੀਤਿ ॥੧॥ ਰਹਾਉ ॥ ਜਾਪ ਤਾਪ ਅਨੇਕ ਕਰਣੀ ਸਫਲ ਸਿਮਰਤ ਨਾਮ ॥ ਕਰਿ ਅਨੁਗ੍ਰਹੁ ਆਪਿ ਰਾਖੇ ਭਏ ਪੂਰਨ ਕਾਮ ॥੨॥ ਸਾਸਿ ਸਾਸਿ ਨ ਬਿਸਰੁ ਕਬਹੂੰ ਬ੍ਰਹਮ ਪ੍ਰਭ ਸਮਰਥ ॥ ਗੁਣ ਅਨਿਕ ਰਸਨਾ ਕਿਆ ਬਖਾਨੈ ਅਗਨਤ ਸਦਾ ਅਕਥ ॥੩॥ ਦੀਨ ਦਰਦ ਨਿਵਾਰਿ ਤਾਰਣ ਦਇਆਲ ਕਿਰਪਾ ਕਰਣ ॥ ਅਟਲ ਪਦਵੀ ਨਾਮ ਸਿਮਰਣ ਦ੍ਰਿੜੁ ਨਾਨਕ ਹਰਿ ਹਰਿ ਸਰਣ ॥੪॥੩॥੨੯॥ {ਪੰਨਾ 502}

ਅਰਥ: ਹੇ ਭਾਈ! ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਦੇ ਨਾਮ ਦਾ ਪਿਆਰ ਪੈਦਾ ਹੋ ਜਾਂਦਾ ਹੈ, ਜੇਹੜਾ ਮਨੁੱਖ ਗੁਰੂ ਨੂੰ ਮਿਲ ਕੇ ਗੁਰੂ ਦੀ ਬਾਣੀ ਦੀ ਰਾਹੀਂ ਗੋਬਿੰਦ ਦਾ ਧਿਆਨ ਧਰਦਾ ਹੈ, ਉਸ ਦੀ ਜੀਵਨ-ਜੁਗਤਿ ਬਹੁਤ ਪਵਿਤ੍ਰ ਹੋ ਜਾਂਦੀ ਹੈ।੧।ਰਹਾਉ।

(ਹੇ ਭਾਈ!) ਜਿਸ ਮਨੁੱਖ ਨੇ ਗੁਰੂ ਦੀ ਕਿਰਪਾ ਨਾਲ ਆਪਣੇ ਹਿਰਦੇ ਵਿਚ ਪਰਮਾਤਮਾ ਦਾ ਧਿਆਨ ਧਰਿਆ (ਉਸ ਦੇ ਅੰਦਰੋਂ) ਡੱਕੇ-ਡੋਲੇ ਖ਼ਤਮ ਹੋ ਗਏਉਸ ਦੇ ਸਾਰੇ ਦੁੱਖ, ਉਸ ਦਾ ਮਾਇਆ ਦੇ ਮੋਹ ਦਾ ਹਨੇਰਾ, ਉਸ ਦੇ ਸਾਰੇ ਡਰ ਦੂਰ ਹੋ ਗਏ, ਉਸ ਦੇ ਸਾਰੇ ਪਾਪ ਮੁੱਕ ਗਏ।੧।

(ਹੇ ਭਾਈ! ਜੀਵਨ ਵਿਚ ਸਫਲਤਾ ਦੇਣ ਵਾਲਾ ਹਰਿ-ਨਾਮ ਹੀ ਹੈ) ਜੀਵਨ-ਸਫਲਤਾ ਦੇਣ ਵਾਲਾ ਪ੍ਰਭੂ-ਨਾਮ ਸਿਮਰਦਿਆਂ ਸਾਰੇ ਜਪ ਤਪ ਤੇ ਅਨੇਕਾਂ ਹੀ ਮਿਥੇ ਹੋਏ ਧਾਰਮਿਕ ਕੰਮ ਵਿਚੇ ਹੀ ਆ ਗਏ (ਇਹਨਾਂ ਦੀ ਲੋੜ ਨਹੀਂ ਪੈਂਦੀ। ਸਭਨਾਂ ਤੋਂ ਸ੍ਰੇਸ਼ਟ ਨਾਮ-ਸਿਮਰਨ ਹੀ ਹੈ। ਹੇ ਭਾਈ! ਪਰਮਾਤਮਾ ਮੇਹਰ ਕਰ ਕੇ ਜਿਨ੍ਹਾਂ ਮਨੁੱਖਾਂ ਨੂੰ (ਆਪਣੇ ਚਰਨਾਂ ਵਿਚ ਟਿਕਾਈ) ਰੱਖਦਾ ਹੈ ਉਹਨਾਂ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ।੨।

ਹੇ ਭਾਈ! ਆਪਣੇ ਹਰੇਕ ਸਾਹ ਦੇ ਨਾਲ ਸਮਰੱਥ ਬ੍ਰਹਮ ਪਰਮਾਤਮਾ ਨੂੰ ਯਾਦ ਕਰਦਾ ਰਹੁ, ਉਸ ਨੂੰ ਕਦੇ ਨਾਹ ਵਿਸਾਰ। ਉਸ ਪਰਮਾਤਮਾ ਦੇ ਬੇਅੰਤ ਗੁਣ ਹਨ, ਗਿਣੇ ਨਹੀਂ ਜਾ ਸਕਦੇ, ਮਨੁੱਖ ਦੀ ਜੀਭ ਉਹਨਾਂ ਨੂੰ ਬਿਆਨ ਨਹੀਂ ਕਰ ਸਕਦੀ। ਉਸ ਪਰਮਾਤਮਾ ਦਾ ਸਰੂਪ ਸਦਾ ਹੀ ਬਿਆਨ ਤੋਂ ਪਰੇ ਹੈ।੩।

ਹੇ ਭਾਈ! ਪਰਮਾਤਮਾ ਗ਼ਰੀਬਾਂ ਦੇ ਦੁੱਖ ਦੂਰ ਕਰ ਕੇ ਉਹਨਾਂ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਦੇ ਸਮਰੱਥ ਹੈ, ਦਇਆ ਦਾ ਘਰ ਹੈ, ਉਹ ਹਰੇਕ ਉੱਤੇ ਕਿਰਪਾ ਕਰਨ ਵਾਲਾ ਹੈ, ਉਸ ਦਾ ਨਾਮ ਸਿਮਰਿਆਂ ਅਟੱਲ ਆਤਮਕ ਜੀਵਨ ਦਾ ਦਰਜਾ ਮਿਲ ਜਾਂਦਾ ਹੈ। ਹੇ ਨਾਨਕ! ਆਖ-ਹੇ ਭਾਈ!) ਹਰਿ-ਨਾਮ ਨੂੰ ਆਪਣੇ ਹਿਰਦੇ ਵਿਚ ਪੱਕਾ ਟਿਕਾਈ ਰੱਖ, ਪਰਮਾਤਮਾ ਦੀ ਸਰਨ ਪਿਆ ਰਹੁ।੪।੩।੨੯।

*┈┉┅━❀꧁ੴ꧂❀━┅┉┈*

||ਅੱਜ ਦਾ ਫੁਰਮਾਨ|| ਤਖ਼ਤ ਸ੍ਰੀ ਕੇਸ਼ਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ (ਰੋਪੜ) ||

ਸਲੋਕ ॥ ਬਸੰਤਿ ਸ੍ਵਰਗ ਲੋਕਹ ਜਿਤਤੇ ਪ੍ਰਿਥਵੀ ਨਵ ਖੰਡਣਹ ॥ ਬਿਸਰੰਤ ਹਰਿ ਗੋਪਾਲਹ ਨਾਨਕ ਤੇ ਪ੍ਰਾਣੀ ਉਦਿਆਨ ਭਰਮਣਹ ॥੧॥ ਕਉਤਕ ਕੋਡ ਤਮਾਸਿਆ ਚਿਤਿ ਨ ਆਵਸੁ ਨਾਉ ॥ ਨਾਨਕ ਕੋੜੀ ਨਰਕ ਬਰਾਬਰੇ ਉਜੜੁ ਸੋਈ ਥਾਉ ॥੨॥ {ਪੰਨਾ 707}

ਅਰਥ: ਜੇ ਸੁਰਗ ਵਰਗੇ ਦੇਸ ਵਿਚ ਵੱਸਦੇ ਹੋਣ, ਜੇ ਸਾਰੀ ਧਰਤੀ ਨੂੰ ਜਿੱਤ ਲੈਣ, ਪਰ, ਹੇ ਨਾਨਕ! ਜੇ ਜਗਤ ਦੇ ਰੱਖਕ ਪ੍ਰਭੂ ਨੂੰ ਵਿਸਾਰ ਦੇਣ, ਤਾਂ ਉਹ ਮਨੁੱਖ (ਮਾਨੋ) ਜੰਗਲ ਵਿਚ ਭਟਕ ਰਹੇ ਹਨ।੧।

ਜਗਤ ਦੇ ਕ੍ਰੋੜਾਂ ਚੋਜ ਤਮਾਸ਼ਿਆਂ ਦੇ ਕਾਰਨ ਜੇ ਪ੍ਰਭੂ ਦਾ ਨਾਮ ਚਿੱਤ ਵਿਚ (ਯਾਦ) ਨਾਹ ਰਹੇਤਾਂ ਹੇ ਨਾਨਕ! ਉਹ ਥਾਂ ਉਜਾੜ ਸਮਝੋ, ਉਹ ਥਾਂ ਭਿਆਨਕ ਨਰਕ ਦੇ ਬਰਾਬਰ ਹੈ।੨।

ਪਉੜੀ ॥ ਮਹਾ ਭਇਆਨ ਉਦਿਆਨ ਨਗਰ ਕਰਿ ਮਾਨਿਆ ॥ ਝੂਠ ਸਮਗ੍ਰੀ ਪੇਖਿ ਸਚੁ ਕਰਿ ਜਾਨਿਆ ॥ ਕਾਮ ਕ੍ਰੋਧਿ ਅਹੰਕਾਰਿ ਫਿਰਹਿ ਦੇਵਾਨਿਆ ॥ ਸਿਰਿ ਲਗਾ ਜਮ ਡੰਡੁ ਤਾ ਪਛੁਤਾਨਿਆ ॥ ਬਿਨੁ ਪੂਰੇ ਗੁਰਦੇਵ ਫਿਰੈ ਸੈਤਾਨਿਆ ॥੯॥ {ਪੰਨਾ 707}

ਅਰਥ: ਬੜੇ ਡਰਾਉਣੇ ਜੰਗਲ ਨੂੰ ਜੀਵਾਂ ਨੇ ਸ਼ਹਿਰ ਕਰ ਕੇ ਮੰਨ ਲਿਆ ਹੈ, ਇਹਨਾਂ ਨਾਸਵੰਤ ਪਦਾਰਥਾਂ ਨੂੰ ਵੇਖ ਕੇ ਸਦਾ ਟਿਕੇ ਰਹਿਣ ਵਾਲੇ ਸਮਝ ਲਿਆ ਹੈ। (ਇਸ ਵਾਸਤੇ ਇਹਨਾਂ ਦੀ ਖ਼ਾਤਰ) ਕਾਮ ਵਿਚ ਕ੍ਰੋਧ ਵਿਚ ਅਹੰਕਾਰ ਵਿਚ ਝੱਲੇ ਹੋਏ ਫਿਰਦੇ ਹਨ, ਜਦੋਂ ਮੌਤ ਦਾ ਡੰਡਾ ਸਿਰ ਤੇ ਆ ਵੱਜਦਾ ਹੈ, ਤਦੋਂ ਪਛੁਤਾਉਂਦੇ ਹਨ। (ਹੇ ਭਾਈ! ਮਨੁੱਖ) ਪੂਰੇ ਗੁਰੂ ਦੀ ਸਰਨ ਤੋਂ ਬਿਨਾ ਸ਼ੈਤਾਨ ਵਾਂਗ ਫਿਰਦਾ ਹੈ।੯।

*┈┉┅━❀꧁ੴ꧂❀━┅┉┈*

||ਅੱਜ ਦਾ ਫੁਰਮਾਨ|| ਤਖ਼ਤ ਸ੍ਰੀ ਦਮਦਮਾ ਸਾਹਿਬ (ਤਲਵੰਡੀ ਸਾਬੋ)  ||

ਧਨਾਸਰੀ ਮਹਲਾ ੫ ॥ ਜਹ ਜਹ ਪੇਖਉ ਤਹ ਹਜੂਰਿ ਦੂਰਿ ਕਤਹੁ ਨ ਜਾਈ ॥ ਰਵਿ ਰਹਿਆ ਸਰਬਤ੍ਰ ਮੈ ਮਨ ਸਦਾ ਧਿਆਈ ॥੧॥ ਈਤ ਊਤ ਨਹੀ ਬੀਛੁੜੈ ਸੋ ਸੰਗੀ ਗਨੀਐ ॥ ਬਿਨਸਿ ਜਾਇ ਜੋ ਨਿਮਖ ਮਹਿ ਸੋ ਅਲਪ ਸੁਖੁ ਭਨੀਐ ॥ ਰਹਾਉ ॥ ਪ੍ਰਤਿਪਾਲੈ ਅਪਿਆਉ ਦੇਇ ਕਛੁ ਊਨ ਨ ਹੋਈ ॥ ਸਾਸਿ ਸਾਸਿ ਸੰਮਾਲਤਾ ਮੇਰਾ ਪ੍ਰਭੁ ਸੋਈ ॥੨॥ ਅਛਲ ਅਛੇਦ ਅਪਾਰ ਪ੍ਰਭ ਊਚਾ ਜਾ ਕਾ ਰੂਪੁ ॥ ਜਪਿ ਜਪਿ ਕਰਹਿ ਅਨੰਦੁ ਜਨ ਅਚਰਜ ਆਨੂਪੁ ॥੩॥ ਸਾ ਮਤਿ ਦੇਹੁ ਦਇਆਲ ਪ੍ਰਭ ਜਿਤੁ ਤੁਮਹਿ ਅਰਾਧਾ ॥ ਨਾਨਕੁ ਮੰਗੈ ਦਾਨੁ ਪ੍ਰਭ ਰੇਨ ਪਗ ਸਾਧਾ ॥੪॥੩॥੨੭॥ {ਪੰਨਾ 677}

ਅਰਥ: ਹੇ ਭਾਈ! ਉਸ (ਪਰਮਾਤਮਾ) ਨੂੰ ਹੀ (ਅਸਲ) ਸਾਥੀ ਸਮਝਣਾ ਚਾਹੀਦਾ ਹੈ, (ਜੇਹੜਾ ਸਾਥੋਂ) ਇਸ ਲੋਕ ਵਿਚ ਪਰਲੋਕ ਵਿਚ (ਕਿਤੇ ਭੀ) ਵੱਖਰਾ ਨਹੀਂ ਹੁੰਦਾ। ਉਸ ਸੁਖ ਨੂੰ ਹੋਛਾ ਸੁਖ ਆਖਣਾ ਚਾਹੀਦਾ ਹੈ ਜੇਹੜਾ ਅੱਖ ਝਮਕਣ ਦੇ ਸਮੇ ਵਿਚ ਹੀ ਮੁੱਕ ਜਾਂਦਾ ਹੈ।ਰਹਾਉ।

ਹੇ ਭਾਈ! ਮੈਂ ਜਿੱਥੇ ਜਿੱਥੇ ਵੇਖਦਾ ਹਾਂ ਉੱਥੇ ਉੱਥੇ ਹੀ ਪਰਮਾਤਮਾ ਹਾਜ਼ਰ-ਨਾਜ਼ਰ ਹੈ, ਉਹ ਕਿਸੇ ਥਾਂ ਤੋਂ ਭੀ ਦੂਰ ਨਹੀਂ ਹੈ। ਹੇ (ਮੇਰੇ) ਮਨ! ਤੂੰ ਸਦਾ ਉਸ ਪ੍ਰਭੂ ਨੂੰ ਸਿਮਰਿਆ ਕਰ, ਜੇਹੜਾ ਸਭਨਾਂ ਵਿਚ ਵੱਸ ਰਿਹਾ ਹੈ।੧।

ਹੇ ਭਾਈ! ਮੇਰਾ ਉਹ ਪ੍ਰਭੂ ਭੋਜਨ ਦੇ ਕੇ (ਸਭ ਨੂੰ) ਪਾਲਦਾ ਹੈ, (ਉਸ ਦੀ ਕਿਰਪਾ ਨਾਲ) ਕਿਸੇ ਚੀਜ਼ ਦੀ ਥੁੜ ਨਹੀਂ ਰਹਿੰਦੀ। ਉਹ ਪ੍ਰਭੂ (ਸਾਡੇ) ਹਰੇਕ ਸਾਹ ਦੇ ਨਾਲ ਨਾਲ ਸਾਡੀ ਸੰਭਾਲ ਕਰਦਾ ਰਹਿੰਦਾ ਹੈ।੨।

ਹੇ ਭਾਈ! ਜੇਹੜਾ ਪ੍ਰਭੂ ਛਲਿਆ ਨਹੀਂ ਜਾ ਸਕਦਾ, ਨਾਸ ਨਹੀਂ ਕੀਤਾ ਜਾ ਸਕਦਾ, ਜਿਸ ਦੀ ਹਸਤੀ ਸਭ ਤੋਂ ਉੱਚੀ ਹੈ, ਤੇ ਹੈਰਾਨ ਕਰਨ ਵਾਲੀ ਹੈ, ਜਿਸ ਦੇ ਬਰਾਬਰ ਦਾ ਹੋਰ ਕੋਈ ਨਹੀਂ, ਉਸ ਦੇ ਭਗਤ ਉਸ ਦਾ ਨਾਮ ਜਪ ਜਪ ਕੇ ਆਤਮਕ ਆਨੰਦ ਮਾਣਦੇ ਰਹਿੰਦੇ ਹਨ।੩।

ਹੇ ਦਇਆ ਦੇ ਘਰ ਪ੍ਰਭੂ! ਮੈਨੂੰ ਉਹ ਸਮਝ ਬਖ਼ਸ਼ ਜਿਸ ਦੀ ਬਰਕਤਿ ਨਾਲ ਮੈਂ ਤੈਨੂੰ ਹੀ ਸਿਮਰਦਾ ਰਹਾਂ। ਹੇ ਪ੍ਰਭੂ! ਨਾਨਕ (ਤੇਰੇ ਪਾਸੋਂ) ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹੈ।੪।੩।੨੭।

*┈┉┅━❀꧁ੴ꧂❀━┅┉┈*

||ਅੱਜ ਦਾ ਫੁਰਮਾਨ|| ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ||

ਰਾਗੁ ਵਡਹੰਸੁ ਮਹਲਾ ੧ ਘਰੁ ੫ ਅਲਾਹਣੀਆ    ੴ ਸਤਿਗੁਰ ਪ੍ਰਸਾਦਿ ॥ ਧੰਨੁ ਸਿਰੰਦਾ ਸਚਾ ਪਾਤਿਸਾਹੁ ਜਿਨਿ ਜਗੁ ਧੰਧੈ ਲਾਇਆ ॥ ਮੁਹਲਤਿ ਪੁਨੀ ਪਾਈ ਭਰੀ ਜਾਨੀਅੜਾ ਘਤਿ ਚਲਾਇਆ ॥ ਜਾਨੀ ਘਤਿ ਚਲਾਇਆ ਲਿਖਿਆ ਆਇਆ ਰੁੰਨੇ ਵੀਰ ਸਬਾਏ ॥ ਕਾਂਇਆ ਹੰਸ ਥੀਆ ਵੇਛੋੜਾ ਜਾਂ ਦਿਨ ਪੁੰਨੇ ਮੇਰੀ ਮਾਏ ॥ ਜੇਹਾ ਲਿਖਿਆ ਤੇਹਾ ਪਾਇਆ ਜੇਹਾ ਪੁਰਬਿ ਕਮਾਇਆ ॥ ਧੰਨੁ ਸਿਰੰਦਾ ਸਚਾ ਪਾਤਿਸਾਹੁ ਜਿਨਿ ਜਗੁ ਧੰਧੈ ਲਾਇਆ ॥੧॥ ਸਾਹਿਬੁ ਸਿਮਰਹੁ ਮੇਰੇ ਭਾਈਹੋ ਸਭਨਾ ਏਹੁ ਪਇਆਣਾ ॥ ਏਥੈ ਧੰਧਾ ਕੂੜਾ ਚਾਰਿ ਦਿਹਾ ਆਗੈ ਸਰਪਰ ਜਾਣਾ ॥ ਆਗੈ ਸਰਪਰ ਜਾਣਾ ਜਿਉ ਮਿਹਮਾਣਾ ਕਾਹੇ ਗਾਰਬੁ ਕੀਜੈ ॥ ਜਿਤੁ ਸੇਵਿਐ ਦਰਗਹ ਸੁਖੁ ਪਾਈਐ ਨਾਮੁ ਤਿਸੈ ਕਾ ਲੀਜੈ ॥ ਆਗੈ ਹੁਕਮੁ ਨ ਚਲੈ ਮੂਲੇ ਸਿਰਿ ਸਿਰਿ ਕਿਆ ਵਿਹਾਣਾ ॥ ਸਾਹਿਬੁ ਸਿਮਰਿਹੁ ਮੇਰੇ ਭਾਈਹੋ ਸਭਨਾ ਏਹੁ ਪਇਆਣਾ ॥੨॥ ਜੋ ਤਿਸੁ ਭਾਵੈ ਸੰਮ੍ਰਥ ਸੋ ਥੀਐ ਹੀਲੜਾ ਏਹੁ ਸੰਸਾਰੋ ॥ ਜਲਿ ਥਲਿ ਮਹੀਅਲਿ ਰਵਿ ਰਹਿਆ ਸਾਚੜਾ ਸਿਰਜਣਹਾਰੋ ॥ ਸਾਚਾ ਸਿਰਜਣਹਾਰੋ ਅਲਖ ਅਪਾਰੋ ਤਾ ਕਾ ਅੰਤੁ ਨ ਪਾਇਆ ॥ ਆਇਆ ਤਿਨ ਕਾ ਸਫਲੁ ਭਇਆ ਹੈ ਇਕ ਮਨਿ ਜਿਨੀ ਧਿਆਇਆ ॥ ਢਾਹੇ ਢਾਹਿ ਉਸਾਰੇ ਆਪੇ ਹੁਕਮਿ ਸਵਾਰਣਹਾਰੋ ॥ ਜੋ ਤਿਸੁ ਭਾਵੈ ਸੰਮ੍ਰਥ ਸੋ ਥੀਐ ਹੀਲੜਾ ਏਹੁ ਸੰਸਾਰੋ ॥੩॥ ਨਾਨਕ ਰੁੰਨਾ ਬਾਬਾ ਜਾਣੀਐ ਜੇ ਰੋਵੈ ਲਾਇ ਪਿਆਰੋ ॥ ਵਾਲੇਵੇ ਕਾਰਣਿ ਬਾਬਾ ਰੋਈਐ ਰੋਵਣੁ ਸਗਲ ਬਿਕਾਰੋ ॥ ਰੋਵਣੁ ਸਗਲ ਬਿਕਾਰੋ ਗਾਫਲੁ ਸੰਸਾਰੋ ਮਾਇਆ ਕਾਰਣਿ ਰੋਵੈ ॥ ਚੰਗਾ ਮੰਦਾ ਕਿਛੁ ਸੂਝੈ ਨਾਹੀ ਇਹੁ ਤਨੁ ਏਵੈ ਖੋਵੈ ॥ ਐਥੈ ਆਇਆ ਸਭੁ ਕੋ ਜਾਸੀ ਕੂੜਿ ਕਰਹੁ ਅਹੰਕਾਰੋ ॥ ਨਾਨਕ ਰੁੰਨਾ ਬਾਬਾ ਜਾਣੀਐ ਜੇ ਰੋਵੈ ਲਾਇ ਪਿਆਰੋ ॥੪॥੧॥ {ਪੰਨਾ 578-579}

ਅਰਥ: ਜਿਸ (ਪ੍ਰਭੂ) ਨੇ ਜਗਤ ਨੂੰ ਮਾਇਆ ਦੇ ਆਹਰ ਵਿਚ ਲਾ ਰੱਖਿਆ ਹੈ ਉਹੀ ਸਿਰਜਣਹਾਰ ਪਾਤਿਸ਼ਾਹ ਵਡਿਆਉਣ-ਜੋਗ ਹੈ। (ਕਿਉਂਕਿ ਉਹੀ) ਸਦਾ ਕਾਇਮ ਰਹਿਣ ਵਾਲਾ ਹੈ। (ਜੀਵ ਵਿਚਾਰੇ ਦੀ ਕੋਈ ਪਾਂਇਆਂ ਨਹੀਂ) ਜਦੋਂ ਜੀਵ ਨੂੰ ਮਿਲਿਆ ਸਮਾ ਮੁੱਕ ਜਾਂਦਾ ਹੈ ਜਦੋਂ ਇਸ ਦੀ ਉਮਰ ਦੀ ਪਿਆਲੀ ਭਰ ਜਾਂਦੀ ਹੈ ਤਾਂ (ਸਰੀਰ ਦੇ) ਪਿਆਰੇ ਸਾਥੀ ਨੂੰ ਫੜ ਕੇ ਅੱਗੇ ਲਾ ਲਿਆ ਜਾਂਦਾ ਹੈ। (ਉਮਰ ਦਾ ਸਮਾ ਮੁੱਕਣ ਤੇ) ਜਦੋਂ ਪਰਮਾਤਮਾ ਦਾ ਲਿਖਿਆ (ਹੁਕਮ) ਅਉਂਦਾ ਹੈ, ਸਰੀਰ ਦੇ ਪਿਆਰੇ ਸਾਥੀ ਜੀਵਾਤਮਾ ਨੂੰ ਫੜ ਕੇ ਅੱਗੇ ਲਾ ਲਿਆ ਜਾਂਦਾ ਹੈ, ਤੇ ਸਾਰੇ ਸੱਜਣ ਸੰਬੰਧੀ ਰੋਂਦੇ ਹਨ। ਹੇ ਮੇਰੀ ਮਾਂ! ਜਦੋਂ ਉਮਰ ਦੇ ਦਿਨ ਪੂਰੇ ਹੋ ਜਾਂਦੇ ਹਨ, ਤਾਂ ਸਰੀਰ ਤੇ ਜੀਵਾਤਮਾ ਦਾ (ਸਦਾ ਲਈ) ਵਿਛੋੜਾ ਹੋ ਜਾਂਦਾ ਹੈ। (ਉਸ ਅੰਤ ਸਮੇ ਤੋਂ) ਪਹਿਲਾਂ ਪਹਿਲਾਂ ਜੋ ਜੋ ਕਰਮ ਜੀਵ ਨੇ ਕਮਾਇਆ ਹੁੰਦਾ ਹੈ (ਉਸ ਉਸ ਦੇ ਅਨੁਸਾਰ) ਜਿਹੋ ਜਿਹਾ ਸੰਸਕਾਰਾਂ ਦਾ ਲੇਖ (ਉਸ ਦੇ ਮੱਥੇ ਤੇ) ਲਿਖਿਆ ਜਾਂਦਾ ਹੈ ਉਹੋ ਜਿਹਾ ਫਲ ਜੀਵ ਪਾਂਦਾ ਹੈ।

ਜਿਸ ਨੇ ਜਗਤ ਨੂੰ ਮਾਇਆ ਦੇ ਆਹਰ ਵਿਚ ਲਾ ਰੱਖਿਆ ਹੈ ਉਹੀ ਸਿਰਜਣਹਾਰ ਪਾਤਿਸ਼ਾਹ ਵਡਿਆਉਣ-ਜੋਗ ਹੈ ਉਹੀ ਸਦਾ ਕਾਇਮ ਰਹਿਣ ਵਾਲਾ ਹੈ।੧।

ਹੇ ਮੇਰੇ ਭਰਾਵੋ! ਸਦਾ-ਥਿਰ) ਮਾਲਕ-ਪ੍ਰਭੂ ਦਾ ਸਿਮਰਨ ਕਰੋ। (ਦੁਨੀਆ ਤੋਂ) ਇਹ ਕੂਚ ਸਭਨਾਂ ਨੇ ਹੀ ਕਰਨਾ ਹੈ। ਦੁਨੀਆ ਵਿਚ ਮਾਇਆ ਦਾ ਝੂਠਾ ਆਹਰ ਚਾਰ ਦਿਨਾਂ ਲਈ ਹੀ ਹੈ, (ਹਰੇਕ ਨੇ ਹੀ) ਇਥੋਂ ਅਗਾਂਹ (ਪਰਲੋਕ ਵਿਚ) ਜ਼ਰੂਰ ਚਲੇ ਜਾਣਾ ਹੈ। ਇਥੋਂ ਅਗਾਂਹ ਜ਼ਰੂਰ (ਹਰੇਕ ਨੇ) ਚਲੇ ਜਾਣਾ ਹੈ, (ਇਥੇ ਜਗਤ ਵਿਚ) ਅਸੀ ਪਰਾਹੁਣਿਆਂ ਵਾਂਗ ਹੀ ਹਾਂ, (ਕਿਸੇ ਵੀ ਧਨ ਪਦਾਰਥ ਆਦਿਕ ਦਾਮਾਣ ਕਰਨਾ ਵਿਅਰਥ ਹੈ। ਉਸ ਪਰਮਾਤਮਾ ਦਾ ਹੀ ਨਾਮ ਸਿਮਰਨਾ ਚਾਹੀਦਾ ਹੈ ਜਿਸ ਦੇ ਸਿਮਰਨ ਨਾਲ ਪਰਮਾਤਮਾ ਦੀ ਹਜ਼ੂਰੀ ਵਿਚ ਆਤਮਕ ਆਨੰਦ ਮਿਲਦਾ ਹੈ। (ਜਗਤ ਵਿਚ ਤਾਂ ਧਨ ਪਦਾਰਥ ਵਾਲੇ ਦਾ ਹੁਕਮ ਚੱਲ ਸਕਦਾ ਹੈ, ਪਰ) ਪਰਲੋਕ ਵਿਚ ਕਿਸੇ ਦਾ ਭੀ ਹੁਕਮ ਉੱਕਾ ਹੀ ਨਹੀਂ ਚੱਲ ਸਕਦਾ, ਉਥੇ ਤਾਂ ਹਰੇਕ ਦੇ ਸਿਰ ਉਤੇ (ਆਪੋ ਆਪਣੇ) ਕੀਤੇ ਅਨੁਸਾਰ ਬੀਤਦੀ ਹੈ।

ਹੇ ਮੇਰੇ ਭਰਾਵੋ! ਸਦਾ-ਥਿਰ) ਮਾਲਕ-ਪ੍ਰਭੂ ਦਾ ਸਿਮਰਨ ਕਰੋ। (ਦੁਨੀਆ ਤੋਂ) ਇਹ ਕੂਚ ਸਭ ਨੇ ਹੀ ਕਰ ਜਾਣਾ ਹੈ।੨।

ਜਗਤ ਦੇ ਜੀਵਾਂ ਦਾ ਉੱਦਮ ਤਾਂ ਇਕ ਬਹਾਨਾ ਹੀ ਹੈਹੁੰਦਾ ਉਹੀ ਕੁਝ ਹੈ ਜੋ ਉਸ ਸਰਬ-ਸ਼ਕਤੀਮਾਨ ਪ੍ਰਭੂ ਨੂੰ ਭਾਉਂਦਾ ਹੈ। ਉਹ ਸਦਾ-ਥਿਰ ਰਹਿਣ ਵਾਲਾ ਸਿਰਜਣਹਾਰ ਪਾਣੀ ਵਿਚ ਧਰਤੀ ਵਿਚ ਆਕਾਸ਼ ਵਿਚ ਹਰ ਥਾਂ ਮੌਜੂਦ ਹੈ। ਉਹ ਪ੍ਰਭੂ ਸਦਾ-ਥਿਰ ਰਹਿਣ ਵਾਲਾ ਹੈ ਸਭ ਦਾ ਪੈਦਾ ਕਰਨ ਵਾਲਾ ਹੈ, ਅਦ੍ਰਿਸ਼ਟ ਹੈ, ਬੇਅੰਤ ਹੈ, ਕੋਈ ਭੀ ਜੀਵ ਉਸ ਦੇ ਗੁਣਾਂ ਦਾ ਅੰਤ ਨਹੀਂ ਲੱਭ ਸਕਦਾ। ਜਗਤ ਵਿਚ ਜੰਮਣਾ ਉਹਨਾਂ ਦਾ ਹੀ ਸਫਲ ਕਿਹਾ ਜਾਂਦਾ ਹੈ ਜਿਨ੍ਹਾਂ ਨੇ ਉਸ ਬੇਅੰਤ ਪ੍ਰਭੂ ਨੂੰ ਸੁਰਤਿ ਜੋੜ ਕੇ ਸਿਮਰਿਆ ਹੈ। ਉਹ ਪਰਮਾਤਮਾ ਆਪ ਹੀ ਜਗਤ-ਰਚਨਾ ਨੂੰ ਢਾਹ ਦੇਂਦਾ ਹੈ, ਢਾਹ ਕੇ ਆਪ ਹੀ ਫਿਰ ਬਣਾ ਲੈਂਦਾ ਹੈ, ਉਹ ਆਪਣੇ ਹੁਕਮ ਵਿਚ ਜੀਵਾਂ ਨੂੰ ਚੰਗੇ ਜੀਵਨ ਵਾਲੇ ਬਣਾਂਦਾ ਹੈ।

ਜਗਤ ਦੇ ਜੀਵਾਂ ਦਾ ਉੱਦਮ ਤਾਂ ਇਕ ਬਹਾਨਾ ਹੀ ਹੈਹੁੰਦਾ ਉਹੀ ਕੁਝ ਹੈ ਜੋ ਉਸ ਸਰਬ-ਸ਼ਕਤੀਮਾਨ ਪ੍ਰਭੂ ਨੂੰ ਚੰਗਾ ਲੱਗਦਾ ਹੈ।੩।

ਹੇ ਨਾਨਕ! ਆਖ-ਵਿਛੁੜੇ ਸਨਬੰਧੀਆਂ ਦੀ ਮੌਤ ਤੇ ਤਾਂ ਹਰ ਕੋਈ ਵੈਰਾਗ ਵਿਚ ਆ ਜਾਂਦਾ ਹੈ, ਪਰ ਇਹ ਵੈਰਾਗ ਕਿਸੇ ਅਰਥ ਨਹੀਂ) ਹੇ ਭਾਈ! ਉਸੇ ਮਨੁੱਖ ਨੂੰ ਸਹੀ ਵੈਰਾਗ ਵਿਚ ਆਇਆ ਜਾਣੋ, ਜੋ ਪਿਆਰ ਨਾਲ (ਪਰਮਾਤਮਾ ਦੇ ਮਿਲਾਪ ਦੀ ਖ਼ਾਤਰ) ਵੈਰਾਗ ਵਿਚ ਆਉਂਦਾ ਹੈ। ਹੇ ਭਾਈ! ਦੁਨੀਆ ਦੇ ਧਨ ਪਦਾਰਥ ਦੀ ਖ਼ਾਤਰ ਜੋ ਰੋਵੀਦਾ ਹੈ ਉਹ ਰੋਣਾ ਸਾਰਾ ਹੀ ਵਿਅਰਥ ਜਾਂਦਾ ਹੈ। ਪਰਮਾਤਮਾ ਵਲੋਂ ਭੁੱਲਾ ਹੋਇਆ ਜਗਤ ਮਾਇਆ ਦੀ ਖ਼ਾਤਰ ਰੋਂਦਾ ਹੈ ਇਹ ਸਾਰਾ ਹੀ ਰੁਦਨ ਵਿਅਰਥ ਹੈ। (ਇਸ ਰੋਣ ਨਾਲ) ਮਨੁੱਖ ਨੂੰ ਚੰਗੇ ਮੰਦੇ ਕੰਮ ਦੀ ਪਛਾਣ ਨਹੀਂ ਆਉਂਦੀ, (ਮਾਇਆ ਦੀ ਖ਼ਾਤਰ ਰੋ ਰੋ ਕੇ) ਇਸ ਸਰੀਰ ਨੂੰ ਵਿਅਰਥ ਹੀ ਨਾਸ ਕਰ ਲੈਂਦਾ ਹੈ। ਹੇ ਭਾਈ! ਹਰੇਕ ਜੀਵ ਜੋ ਜਗਤ ਵਿਚ (ਜਨਮ ਲੈ ਕੇ) ਆਇਆ ਹੈ (ਆਪਣਾ ਸਮਾ ਮੁਕਾ ਕੇਚਲਾ ਜਾਇਗਾ, ਨਾਸਵੰਤ ਜਗਤ ਦੇ ਮੋਹ ਵਿਚ ਫਸ ਕੇ (ਵਿਅਰਥ) ਮਾਣ ਕਰਦੇ ਹੋ।

ਹੇ ਨਾਨਕ! ਆਖ-) ਹੇ ਭਾਈ! ਉਸੇ ਮਨੁੱਖ ਨੂੰ ਸਹੀ ਵੈਰਾਗ ਵਿਚ ਆਇਆ ਸਮਝੋ ਜੋ (ਪਰਮਾਤਮਾ ਦੇ ਮਿਲਾਪ ਦੀ ਖ਼ਾਤਰ) ਪਿਆਰ ਨਾਲ ਵੈਰਾਗ ਵਿਚ ਆਉਂਦਾ ਹੈ।੪।੧।

*┈┉┅━❀꧁ੴ꧂❀━┅┉┈*

||ਅੱਜ ਦਾ ਫੁਰਮਾਨ|| ਗੁਰਦੁਆਰਾ ਨਨਕਾਣਾ ਸਾਹਿਬ ( ਪਾਕਿਸਤਾਨ ) ||

ਸੂਹੀ ਮਹਲਾ ੫ ॥ ਜਿਨਿ ਮੋਹੇ ਬ੍ਰਹਮੰਡ ਖੰਡ ਤਾਹੂ ਮਹਿ ਪਾਉ ॥ ਰਾਖਿ ਲੇਹੁ ਇਹੁ ਬਿਖਈ ਜੀਉ ਦੇਹੁ ਅਪੁਨਾ ਨਾਉ ॥੧॥ ਰਹਾਉ ॥ ਜਾ ਤੇ ਨਾਹੀ ਕੋ ਸੁਖੀ ਤਾ ਕੈ ਪਾਛੈ ਜਾਉ ॥ ਛੋਡਿ ਜਾਹਿ ਜੋ ਸਗਲ ਕਉ ਫਿਰਿ ਫਿਰਿ ਲਪਟਾਉ ॥੧॥ ਕਰਹੁ ਕ੍ਰਿਪਾ ਕਰੁਣਾਪਤੇ ਤੇਰੇ ਹਰਿ ਗੁਣ ਗਾਉ ॥ ਨਾਨਕ ਕੀ ਪ੍ਰਭ ਬੇਨਤੀ ਸਾਧਸੰਗਿ ਸਮਾਉ ॥੨॥੩॥੪੩॥ {ਪੰਨਾ 745}

ਅਰਥ: ਹੇ ਪ੍ਰਭੂ! ਜਿਸ (ਮਾਇਆ) ਨੇ ਸਾਰੀ ਸ੍ਰਿਸ਼ਟੀ ਤੇ ਸਾਰੇ ਦੇਸ ਆਪਣੇ ਪਿਆਰ ਵਿਚ ਫਸਾਏ ਹੋਏ ਹਨ, ਉਸੇ (ਮਾਇਆ) ਦੇ ਵੱਸ ਵਿਚ ਮੈਂ ਭੀ ਪਿਆ ਹੋਇਆ ਹਾਂ। ਹੇ ਪ੍ਰਭੂ! ਮੈਨੂੰ ਆਪਣਾ ਨਾਮ ਬਖ਼ਸ਼, ਤੇ ਮੈਨੂੰ ਇਸ ਵਿਕਾਰੀ ਜੀਵ ਨੂੰ (ਮਾਇਆ ਦੇ ਹੱਥੋਂ) ਬਚਾ ਲੈ।੧।ਰਹਾਉ।

ਹੇ ਪ੍ਰਭੂ! ਮੈਂ ਭੀ ਉਸ (ਮਾਇਆ) ਦੇ ਪਿੱਛੇ (ਮੁੜ ਮੁੜ) ਜਾਂਦਾ ਹਾਂ ਜਿਸ ਪਾਸੋਂ ਕੋਈ ਭੀ ਕਦੇ ਸੁਖੀ ਨਹੀਂ ਹੋਇਆ। ਮੈਂ ਮੁੜ ਮੁੜ (ਉਹਨਾਂ ਪਦਾਰਥਾਂ ਨਾਲ) ਚੰਬੜਦਾ ਹਾਂ, ਜੋ (ਆਖ਼ਰ) ਸਭਨਾਂ ਨੂੰ ਛੱਡ ਜਾਂਦੇ ਹਨ।੧।

ਹੇ ਤਰਸ ਦੇ ਮਾਲਕ! ਹੇ ਹਰੀ! ਮੇਰੇ ਉਤੇ) ਮੇਹਰ ਕਰ, ਮੈਂ ਤੇਰੇ ਗੁਣ ਗਾਂਦਾ ਰਹਾਂ। ਹੇ ਪ੍ਰਭੂ! ਤੇਰੇ ਸੇਵਕ) ਨਾਨਕ ਦੀ (ਤੇਰੇ ਅੱਗੇ ਇਹੀ) ਬੇਨਤੀ ਹੈ ਕਿ ਮੈਂ ਸਾਧ ਸੰਗਤਿ ਵਿਚ ਟਿਕਿਆ ਰਹਾਂ।੨।੩।੪੩।

*┈┉┅━❀꧁ੴ꧂❀━┅┉┈*

||ਅੱਜ ਦਾ ਫੁਰਮਾਨ|| ਗੁਰਦੁਆਰਾ ਪੰਜਾ ਸਾਹਿਬ ( ਪਾਕਿਸਤਾਨ ) ||

ਤਿਲੰਗ ਘਰੁ ੨ ਮਹਲਾ ੫ ॥ ਤੁਧੁ ਬਿਨੁ ਦੂਜਾ ਨਾਹੀ ਕੋਇ ॥ ਤੂ ਕਰਤਾਰੁ ਕਰਹਿ ਸੋ ਹੋਇ ॥ ਤੇਰਾ ਜੋਰੁ ਤੇਰੀ ਮਨਿ ਟੇਕ ॥ ਸਦਾ ਸਦਾ ਜਪਿ ਨਾਨਕ ਏਕ ॥੧॥ ਸਭ ਊਪਰਿ ਪਾਰਬ੍ਰਹਮੁ ਦਾਤਾਰੁ ॥ ਤੇਰੀ ਟੇਕ ਤੇਰਾ ਆਧਾਰੁ ॥ ਰਹਾਉ ॥ ਹੈ ਤੂਹੈ ਤੂ ਹੋਵਨਹਾਰ ॥ ਅਗਮ ਅਗਾਧਿ ਊਚ ਆਪਾਰ ॥ ਜੋ ਤੁਧੁ ਸੇਵਹਿ ਤਿਨ ਭਉ ਦੁਖੁ ਨਾਹਿ ॥ ਗੁਰ ਪਰਸਾਦਿ ਨਾਨਕ ਗੁਣ ਗਾਹਿ ॥੨॥ ਜੋ ਦੀਸੈ ਸੋ ਤੇਰਾ ਰੂਪੁ ॥ ਗੁਣ ਨਿਧਾਨ ਗੋਵਿੰਦ ਅਨੂਪ ॥ ਸਿਮਰਿ ਸਿਮਰਿ ਸਿਮਰਿ ਜਨ ਸੋਇ ॥ ਨਾਨਕ ਕਰਮਿ ਪਰਾਪਤਿ ਹੋਇ ॥੩॥ ਜਿਨਿ ਜਪਿਆ ਤਿਸ ਕਉ ਬਲਿਹਾਰ ॥ ਤਿਸ ਕੈ ਸੰਗਿ ਤਰੈ ਸੰਸਾਰ ॥ ਕਹੁ ਨਾਨਕ ਪ੍ਰਭ ਲੋਚਾ ਪੂਰਿ ॥ ਸੰਤ ਜਨਾ ਕੀ ਬਾਛਉ ਧੂਰਿ ॥੪॥੨॥ {ਪੰਨਾ 723-724}

ਅਰਥ: ਹੇ ਭਾਈ! ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਪਰਮਾਤਮਾ ਸਭ ਜੀਵਾਂ ਦੇ ਸਿਰ ਉਤੇ ਰਾਖਾ ਹੈ। ਹੇ ਪ੍ਰਭੂ! ਅਸਾਂ ਜੀਵਾਂ ਨੂੰਤੇਰਾ ਹੀ ਆਸਰਾ ਹੈ, ਤੇਰਾ ਹੀ ਸਹਾਰਾ ਹੈ।ਰਹਾਉ।

ਹੇ ਪ੍ਰਭੂ! ਤੂੰ ਸਾਰੇ ਜਗਤ ਦਾ ਪੈਦਾ ਕਰਨ ਵਾਲਾ ਹੈਂ, ਜੋ ਕੁਝ ਤੂੰ ਕਰਦਾ ਹੈਂ, ਉਹੀ ਹੁੰਦਾ ਹੈ, ਤੈਥੋਂ ਬਿਨਾ ਹੋਰ ਕੋਈ ਦੂਜਾ ਕੁਝ ਕਰ ਸਕਣ ਵਾਲਾ ਨਹੀਂ ਹੈ। (ਅਸਾਂ ਜੀਵਾਂ ਨੂੰਤੇਰਾ ਹੀ ਤਾਣ ਹੈ, (ਸਾਡੇ) ਮਨ ਵਿਚ ਤੇਰਾ ਹੀ ਸਹਾਰਾ ਹੈ। ਹੇ ਨਾਨਕ! ਸਦਾ ਹੀ ਉਸ ਇਕ ਪਰਮਾਤਮਾ ਦਾ ਨਾਮ ਜਪਦਾ ਰਹੁ।੧।

ਹੇ ਅਪਹੁੰਚ ਪ੍ਰਭੂ! ਹੇ ਅਥਾਹ ਪ੍ਰਭੂ! ਹੇ ਸਭ ਤੋਂ ਉੱਚੇ ਤੇ ਬੇਅੰਤ ਪ੍ਰਭੂ! ਹਰ ਥਾਂ ਹਰ ਵੇਲੇ ਤੂੰ ਹੀ ਤੂੰ ਹੈਂ, ਤੂੰ ਹੀ ਸਦਾ ਕਾਇਮ ਰਹਿਣ ਵਾਲਾ ਹੈਂ। ਹੇ ਪ੍ਰਭੂ! ਜੇਹੜੇ ਮਨੁੱਖ ਤੈਨੂੰ ਸਿਮਰਦੇ ਹਨ, ਉਹਨਾਂ ਨੂੰ ਕੋਈ ਡਰ ਕੋਈ ਦੁੱਖ ਪੋਹ ਨਹੀਂ ਸਕਦਾ। ਹੇ ਨਾਨਕਗੁਰੂ ਦੀ ਕਿਰਪਾ ਨਾਲ ਹੀ (ਮਨੁੱਖ ਪਰਮਾਤਮਾ ਦੇ) ਗੁਣ ਗਾ ਸਕਦੇ ਹਨ।੨।

ਹੇ ਗੁਣਾਂ ਦੇ ਖ਼ਜ਼ਾਨੇ! ਹੇ ਸੋਹਣੇ ਗੋਬਿੰਦ! ਜਗਤ ਵਿਚ) ਜੋ ਕੁਝ ਦਿੱਸਦਾ ਹੈ ਤੇਰਾ ਹੀ ਸਰੂਪ ਹੈ। ਹੇ ਮਨੁੱਖਸਦਾ ਉਸ ਪਰਮਾਤਮਾ ਦਾ ਸਿਮਰਨ ਕਰਦਾ ਰਹੁ। ਹੇ ਨਾਨਕ! ਪਰਮਾਤਮਾ ਦਾ ਸਿਮਰਨਪਰਮਾਤਮਾ ਦੀ ਕਿਰਪਾ ਨਾਲ ਹੀ ਮਿਲਦਾ ਹੈ।੩।

ਹੇ ਭਾਈ! ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਜਪਿਆ ਹੈ, ਉਸ ਤੋਂ ਕੁਰਬਾਨ ਹੋਣਾ ਚਾਹੀਦਾ ਹੈ। ਉਸ ਮਨੁੱਖ ਦੀ ਸੰਗਤਿ ਵਿਚ (ਰਹਿ ਕੇ) ਸਾਰਾ ਜਗਤ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ। ਹੇ ਨਾਨਕ! ਆਖ-ਹੇ ਪ੍ਰਭੂਮੇਰੀ ਤਾਂਘ ਪੂਰੀ ਕਰ, ਮੈਂ (ਤੇਰੇ ਦਰ ਤੋਂ) ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ।੪।੨।

*┈┉┅━❀꧁ੴ꧂❀━┅┉┈*

||ਅੱਜ ਦਾ ਫੁਰਮਾਨ|| ਗੁਰਦੁਆਰਾ ਕਰਤਾਰਪੁਰ ਸਾਹਿਬ (ਪਾਕਿਸਤਾਨ)

ਸੂਹੀ ਮਹਲਾ ੫ ॥ ਬਹਤੀ ਜਾਤ ਕਦੇ ਦ੍ਰਿਸਟਿ ਨ ਧਾਰਤ ॥ ਮਿਥਿਆ ਮੋਹ ਬੰਧਹਿ ਨਿਤ ਪਾਰਚ ॥੧॥ ਮਾਧਵੇ ਭਜੁ ਦਿਨ ਨਿਤ ਰੈਣੀ ॥ ਜਨਮੁ ਪਦਾਰਥੁ ਜੀਤਿ ਹਰਿ ਸਰਣੀ ॥੧॥ ਰਹਾਉ ॥ ਕਰਤ ਬਿਕਾਰ ਦੋਊ ਕਰ ਝਾਰਤ ॥ ਰਾਮ ਰਤਨੁ ਰਿਦ ਤਿਲੁ ਨਹੀ ਧਾਰਤ ॥੨॥ ਭਰਣ ਪੋਖਣ ਸੰਗਿ ਅਉਧ ਬਿਹਾਣੀ ॥ ਜੈ ਜਗਦੀਸ ਕੀ ਗਤਿ ਨਹੀ ਜਾਣੀ ॥੩॥ ਸਰਣਿ ਸਮਰਥ ਅਗੋਚਰ ਸੁਆਮੀ ॥ ਉਧਰੁ ਨਾਨਕ ਪ੍ਰਭ ਅੰਤਰਜਾਮੀ ॥੪॥੨੭॥੩੩॥ {ਪੰਨਾ 743}

ਅਰਥ: ਹੇ ਭਾਈ! ਦਿਨ ਰਾਤ ਸਦਾ ਮਾਇਆ ਦੇ ਪਤੀ ਪ੍ਰਭੂ ਦਾ ਨਾਮ ਜਪਿਆ ਕਰ। ਪ੍ਰਭੂ ਦੀ ਸਰਨ ਪੈ ਕੇ ਕੀਮਤੀ ਮਨੁੱਖਾ ਜਨਮ ਦਾ ਲਾਭ ਖੱਟ ਲੈ।੧।

ਹੇ ਭਾਈ! ਤੇਰੀ ਉਮਰ ਦੀ ਨਦੀ) ਵਹਿੰਦੀ ਜਾ ਰਹੀ ਹੈ, ਪਰ ਤੂੰ ਇਧਰ ਧਿਆਨ ਨਹੀਂ ਕਰਦਾ। ਤੂੰ ਨਾਸਵੰਤ ਪਦਾਰਥਾਂ ਦੇ ਮੋਹ ਦੇ ਬਾਨ੍ਹਣੂ ਹੀ ਸਦਾ ਬੰਨ੍ਹਦਾ ਰਹਿੰਦਾ ਹੈਂ।੧।

ਹੇ ਭਾਈ! ਤੂੰ ਹਾਣ ਲਾਭ ਵਿਚਾਰਨ ਤੋਂ ਬਿਨਾ ਹੀ ਵਿਕਾਰ ਕਰੀ ਜਾ ਰਿਹਾ ਹੈਂ ਪਰਮਾਤਮਾ ਦਾ ਰਤਨ (ਵਰਗਾ ਕੀਮਤੀ) ਨਾਮ ਆਪਣੇ ਹਿਰਦੇ ਵਿਚ ਤੂੰ ਇਕ ਛਿਨ ਵਾਸਤੇ ਭੀ ਨਹੀਂ ਟਿਕਾਂਦਾ।੨।

ਹੇ ਭਾਈ! ਆਪਣਾ ਸਰੀਰਪਾਲਣ ਪੋਸਣ ਵਿਚ ਹੀ ਤੇਰੀ ਉਮਰ ਲੰਘਦੀ ਜਾ ਰਹੀ ਹੈ। ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਆਤਮਕ ਆਨੰਦ ਦੀ ਅਵਸਥਾ ਤੂੰ (ਹੁਣ ਤਕ) ਸਮਝੀ ਹੀ ਨਹੀਂ।੩।

ਹੇ ਨਾਨਕ! ਆਖ-) ਹੇ ਸਭ ਤਾਕਤਾਂ ਦੇ ਮਾਲਕ! ਗਿਆਨ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਰਹਿਣ ਵਾਲੇ ਹੇ ਮਾਲਕ! ਮੈਂ ਤੇਰੀ ਸਰਨ ਆਇਆ ਹਾਂ, (ਮੈਨੂੰ ਵਿਕਾਰਾਂ ਤੋਂ) ਬਚਾ ਲੈ, ਤੂੰ ਮੇਰਾ ਮਾਲਕ ਹੈਂ, ਤੂੰ ਮੇਰੇ ਦਿਲ ਦੀ ਜਾਣਨ ਵਾਲਾ ਹੈਂ।੪।੨੭।੩੩।

*┈┉┅━❀꧁ੴ꧂❀━┅┉┈*

||ਅੱਜ ਦਾ ਫੁਰਮਾਨ|| ਗੁਰਦੁਆਰਾ ਬੰਗਲਾ ਸਾਹਿਬ ਜੀ (ਦਿੱਲੀ) || 

ਸੋਰਠਿ ਮਹਲਾ ੫ ਘਰੁ ੨ ਅਸਟਪਦੀਆ    ੴ ਸਤਿਗੁਰ ਪ੍ਰਸਾਦਿ ॥ ਪਾਠੁ ਪੜਿਓ ਅਰੁ ਬੇਦੁ ਬੀਚਾਰਿਓ ਨਿਵਲਿ ਭੁਅੰਗਮ ਸਾਧੇ ॥ ਪੰਚ ਜਨਾ ਸਿਉ ਸੰਗੁ ਨ ਛੁਟਕਿਓ ਅਧਿਕ ਅਹੰਬੁਧਿ ਬਾਧੇ ॥੧॥ ਪਿਆਰੇ ਇਨ ਬਿਧਿ ਮਿਲਣੁ ਨ ਜਾਈ ਮੈ ਕੀਏ ਕਰਮ ਅਨੇਕਾ ॥ ਹਾਰਿ ਪਰਿਓ ਸੁਆਮੀ ਕੈ ਦੁਆਰੈ ਦੀਜੈ ਬੁਧਿ ਬਿਬੇਕਾ ॥ ਰਹਾਉ ॥ ਮੋਨਿ ਭਇਓ ਕਰਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ ॥ ਤਟ ਤੀਰਥ ਸਭ ਧਰਤੀ ਭ੍ਰਮਿਓ ਦੁਬਿਧਾ ਛੁਟਕੈ ਨਾਹੀ ॥੨॥ ਮਨ ਕਾਮਨਾ ਤੀਰਥ ਜਾਇ ਬਸਿਓ ਸਿਰਿ ਕਰਵਤ ਧਰਾਏ ॥ ਮਨ ਕੀ ਮੈਲੁ ਨ ਉਤਰੈ ਇਹ ਬਿਧਿ ਜੇ ਲਖ ਜਤਨ ਕਰਾਏ ॥੩॥ ਕਨਿਕ ਕਾਮਿਨੀ ਹੈਵਰ ਗੈਵਰ ਬਹੁ ਬਿਧਿ ਦਾਨੁ ਦਾਤਾਰਾ ॥ ਅੰਨ ਬਸਤ੍ਰ ਭੂਮਿ ਬਹੁ ਅਰਪੇ ਨਹ ਮਿਲੀਐ ਹਰਿ ਦੁਆਰਾ ॥੪॥ {ਪੰਨਾ 641-642}

ਅਰਥ: ਹੇ ਭਾਈ! ਕੋਈ ਮਨੁੱਖ ਵੇਦ (ਆਦਿਕ ਧਰਮ-ਪੁਸਤਕ ਨੂੰਪੜ੍ਹਦਾ ਹੈ ਅਤੇ ਵਿਚਾਰਦਾ ਹੈ। ਕੋਈ ਮਨੁੱਖ ਨਿਵਲੀਕਰਮ ਕਰਦਾ ਹੈ, ਕੋਈ ਕੁੰਡਲਨੀ ਨਾੜੀ ਰਸਤੇ ਪ੍ਰਾਣ ਚਾੜ੍ਹਦਾ ਹੈ। (ਪਰ ਇਹਨਾਂ ਸਾਧਨਾਂ ਨਾਲ ਕਾਮਾਦਿਕ) ਪੰਜਾਂ ਨਾਲੋਂ ਸਾਥ ਮੁੱਕ ਨਹੀਂ ਸਕਦਾ। (ਸਗੋਂ) ਵਧੀਕ ਅਹੰਕਾਰ ਵਿਚ (ਮਨੁੱਖ) ਬੱਝ ਜਾਂਦੇ ਹਨ।੧।

ਹੇ ਭਾਈ! ਮੇਰੇ ਵੇਖਦਿਆਂ ਲੋਕ ਅਨੇਕਾਂ ਹੀ (ਮਿਥੇ ਹੋਏ ਧਾਰਮਿਕ) ਕਰਮ ਕਰਦੇ ਹਨ, ਪਰ ਇਹਨਾਂ ਤਰੀਕਿਆਂ ਨਾਲ ਪਰਮਾਤਮਾ ਦੇ ਚਰਨਾਂ ਵਿਚ ਜੁੜਿਆ ਨਹੀਂ ਜਾ ਸਕਦਾ। ਹੇ ਭਾਈ! ਮੈਂ ਤਾਂ ਇਹਨਾਂ ਕਰਮਾਂ ਦਾ ਆਸਰਾ ਛੱਡ ਕੇ ਮਾਲਕ-ਪ੍ਰਭੂ ਦੇ ਦਰ ਤੇ ਆ ਡਿੱਗਾ ਹਾਂ (ਤੇ ਅਰਜ਼ੋਈ ਕਰਦਾ ਰਹਿੰਦਾ ਹਾਂ-ਹੇ ਪ੍ਰਭੂ! ਮੈਨੂੰ ਭਲਾਈ ਬੁਰਾਈ ਦੀ) ਪਰਖ ਕਰ ਸਕਣ ਵਾਲੀ ਅਕਲ ਦੇਹ।ਰਹਾਉ।

ਹੇ ਭਾਈ! ਕੋਈ ਮਨੁੱਖ ਚੁੱਪ ਸਾਧੀ ਬੈਠਾ ਹੈ, ਕੋਈ ਕਰ-ਪਾਤੀ ਬਣ ਗਿਆ ਹੈ (ਭਾਂਡਿਆਂ ਦੇ ਥਾਂ ਆਪਣੇ ਹੱਥ ਹੀ ਵਰਤਦਾ ਹੈ) , ਕੋਈ ਜੰਗਲ ਵਿਚ ਨੰਗਾ ਤੁਰਿਆ ਫਿਰਦਾ ਹੈ। ਕੋਈ ਮਨੁੱਖ ਸਾਰੇ ਤੀਰਥਾਂ ਦਾ ਰਟਨ ਕਰ ਰਿਹਾ ਹੈ, ਕੋਈ ਸਾਰੀ ਧਰਤੀ ਦਾ ਭ੍ਰਮਣ ਕਰ ਰਿਹਾ ਹੈ, (ਪਰ ਇਸ ਤਰ੍ਹਾਂ ਭੀ) ਮਨ ਦੀ ਡਾਂਵਾਂ-ਡੋਲ ਹਾਲਤ ਮੁੱਕਦੀ ਨਹੀਂ।੨।

ਹੇ ਭਾਈ! ਕੋਈ ਮਨੁੱਖ ਆਪਣੀ ਮਨੋ-ਕਾਮਨਾ ਅਨੁਸਾਰ ਤੀਰਥਾਂ ਉੱਤੇ ਜਾ ਵੱਸਿਆ ਹੈ, (ਮੁਕਤੀ ਦਾ ਚਾਹਵਾਨ ਆਪਣੇ) ਸਿਰ ਉਤੇ (ਸ਼ਿਵ ਜੀ ਵਾਲਾ) ਆਰਾ ਰਖਾਂਦਾ ਹੈ (ਤੇ, ਆਪਣੇ ਆਪ ਨੂੰ ਚਿਰਾ ਲੈਂਦਾ ਹੈ। ਪਰ ਜੇ ਕੋਈ ਮਨੁੱਖ (ਇਹੋ ਜਿਹੇ) ਲੱਖਾਂ ਹੀ ਜਤਨ ਕਰੇ, ਇਸ ਤਰ੍ਹਾਂ ਭੀ ਮਨ ਦੀ (ਵਿਕਾਰਾਂ ਦੀ) ਮੈਲ ਨਹੀਂ ਲਹਿੰਦੀ।੩।

ਹੇ ਭਾਈ! ਕੋਈ ਮਨੁੱਖ ਸੋਨਾ, ਇਸਤ੍ਰੀ, ਵਧੀਆ ਘੋੜੇ, ਵਧੀਆ ਹਾਥੀ (ਅਤੇ ਇਹੋ ਜਿਹੇ) ਕਈ ਕਿਸਮਾਂ ਦੇ ਦਾਨ ਕਰਨ ਵਾਲਾ ਹੈ। ਕੋਈ ਮਨੁੱਖ ਅੰਨ ਦਾਨ ਕਰਦਾ ਹੈ, ਕੱਪੜੇ ਦਾਨ ਕਰਦਾ ਹੈ, ਜ਼ਿਮੀਂ ਦਾਨ ਕਰਦਾ ਹੈ। (ਇਸ ਤਰ੍ਹਾਂ ਭੀ) ਪਰਮਾਤਮਾ ਦੇ ਦਰ ਤੇ ਪਹੁੰਚ ਨਹੀਂ ਸਕੀਦਾ।੪।

ਪੂਜਾ ਅਰਚਾ ਬੰਦਨ ਡੰਡਉਤ ਖਟੁ ਕਰਮਾ ਰਤੁ ਰਹਤਾ ॥ ਹਉ ਹਉ ਕਰਤ ਬੰਧਨ ਮਹਿ ਪਰਿਆ ਨਹ ਮਿਲੀਐ ਇਹ ਜੁਗਤਾ ॥੫॥ ਜੋਗ ਸਿਧ ਆਸਣ ਚਉਰਾਸੀਹ ਏ ਭੀ ਕਰਿ ਕਰਿ ਰਹਿਆ ॥ ਵਡੀ ਆਰਜਾ ਫਿਰਿ ਫਿਰਿ ਜਨਮੈ ਹਰਿ ਸਿਉ ਸੰਗੁ ਨ ਗਹਿਆ ॥੬॥ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮੁ ਅਫਾਰਾ ॥ ਸੇਜ ਸੋਹਨੀ ਚੰਦਨੁ ਚੋਆ ਨਰਕ ਘੋਰ ਕਾ ਦੁਆਰਾ ॥੭॥ ਹਰਿ ਕੀਰਤਿ ਸਾਧਸੰਗਤਿ ਹੈ ਸਿਰਿ ਕਰਮਨ ਕੈ ਕਰਮਾ ॥ ਕਹੁ ਨਾਨਕ ਤਿਸੁ ਭਇਓ ਪਰਾਪਤਿ ਜਿਸੁ ਪੁਰਬ ਲਿਖੇ ਕਾ ਲਹਨਾ ॥੮॥ ਤੇਰੋ ਸੇਵਕੁ ਇਹ ਰੰਗਿ ਮਾਤਾ ॥ ਭਇਓ ਕ੍ਰਿਪਾਲੁ ਦੀਨ ਦੁਖ ਭੰਜਨੁ ਹਰਿ ਹਰਿ ਕੀਰਤਨਿ ਇਹੁ ਮਨੁ ਰਾਤਾ ॥ ਰਹਾਉ ਦੂਜਾ ॥੧॥੩॥ {ਪੰਨਾ 642}

ਅਰਥ: ਹੇ ਭਾਈ! ਕੋਈ ਮਨੁੱਖ ਦੇਵ-ਪੂਜਾ ਵਿਚ, ਦੇਵਤਿਆਂ ਨੂੰ ਨਮਸਕਾਰ ਡੰਡਉਤ ਕਰਨ ਵਿਚ, ਛੇ ਕਰਮਾਂ ਦੇ ਕਰਨ ਵਿਚ ਮਸਤ ਰਹਿੰਦਾ ਹੈ। ਪਰ ਉਹ ਭੀ (ਇਹਨਾਂ ਮਿੱਥੇ ਹੋਏ ਧਾਰਮਿਕ ਕਰਮਾਂ ਦੇ ਕਰਨ ਕਰ ਕੇ ਆਪਣੇ ਆਪ ਨੂੰ ਧਰਮੀ ਜਾਣ ਕੇ) ਅਹੰਕਾਰ ਨਾਲ ਕਰਦਾ ਕਰਦਾ (ਮਾਇਆ ਦੇ ਮੋਹ ਦੇ) ਬੰਧਨਾਂ ਵਿਚ ਜਕੜਿਆ ਰਹਿੰਦਾ ਹੈ। ਇਸ ਤਰੀਕੇ ਭੀ ਪਰਮਾਤਮਾ ਨੂੰ ਨਹੀਂ ਮਿਲ ਸਕੀਦਾ।੫।

ਜੋਗ-ਮਤ ਵਿਚ ਸਿੱਧਾਂ ਦੇ ਪ੍ਰਸਿੱਧ ਚੌਰਾਸੀ ਆਸਣ ਹਨ। ਇਹ ਆਸਣ ਕਰ ਕਰ ਕੇ ਭੀ ਮਨੁੱਖ ਥੱਕ ਜਾਂਦਾ ਹੈ। ਉਮਰ ਤਾਂ ਲੰਮੀ ਕਰ ਲੈਂਦਾ ਹੈ, ਪਰ ਇਸ ਤਰ੍ਹਾਂ ਪਰਮਾਤਮਾ ਨਾਲ ਮਿਲਾਪ ਨਾਲ ਨਹੀਂ ਬਣਦਾ, ਮੁੜ ਮੁੜ ਜਨਮਾਂ ਦੇ ਗੇੜ ਵਿਚ ਪਿਆ ਰਹਿੰਦਾ ਹੈ।੬।

ਹੇ ਭਾਈ! ਕਈ ਐਸੇ ਹਨ ਜੋ ਰਾਜ-ਹਕੂਮਤ ਦੇ ਰੰਗ-ਤਮਾਸ਼ੇ ਮਾਣਦੇ ਹਨ, ਰਾਜਿਆਂ ਵਾਲੇ ਠਾਠ-ਬਾਠ ਬਣਾਂਦੇ ਹਨ, ਲੋਕਾਂ ਉੱਤੇ ਹੁਕਮ ਚਲਾਂਦੇ ਹਨ, ਕੋਈ ਉਹਨਾਂ ਦਾ ਹੁਕਮ ਮੋੜ ਨਹੀਂ ਸਕਦਾ। ਸੁੰਦਰ ਇਸਤ੍ਰੀ ਦੀ ਸੇਜ ਮਾਣਦੇ ਹਨ, (ਆਪਣੇ ਸਰੀਰ ਉਤੇ) ਚੰਦਨ ਤੇ ਅਤਰ ਵਰਤਦੇ ਹਨ। ਪਰ ਇਹ ਸਭ ਕੁਝ ਤਾਂ ਭਿਆਨਕ ਨਰਕ ਵਲ ਲੈ ਜਾਣ ਵਾਲਾ ਹੈ।੭।

ਹੇ ਭਾਈ! ਸਾਧ ਸੰਗਤਿ ਵਿਚ ਬੈਠ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ-ਇਹ ਕੰਮ ਹੋਰ ਸਾਰੇ ਕਰਮਾਂ ਨਾਲੋਂ ਸ੍ਰੇਸ਼ਟ ਹੈ। ਪਰ, ਹੇ ਨਾਨਕ! ਆਖ-ਇਹ ਅਵਸਰ ਉਸ ਮਨੁੱਖ ਨੂੰ ਹੀ ਮਿਲਦਾ ਹੈ ਜਿਸ ਦੇ ਮੱਥੇ ਉਤੇ ਪੂਰਬਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਲੇਖ ਲਿਖਿਆ ਹੁੰਦਾ ਹੈ।੮।

ਹੇ ਭਾਈ! ਤੇਰਾ ਸੇਵਕ ਤੇਰੀ ਸਿਫ਼ਤਿ-ਸਾਲਾਹ ਦੇ ਰੰਗ ਵਿਚ ਮਸਤ ਰਹਿੰਦਾ ਹੈ। ਹੇ ਭਾਈ! ਦੀਨਾਂ ਦੇ ਦੁੱਖ ਦੂਰ ਕਰਨ ਵਾਲਾ ਪਰਮਾਤਮਾ ਜਿਸ ਮਨੁੱਖ ਉਤੇ ਦਇਆਵਾਨ ਹੁੰਦਾ ਹੈ, ਉਸ ਦਾ ਇਹ ਮਨ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਰੰਗ ਵਿਚ ਰੰਗਿਆ ਰਹਿੰਦਾ ਹੈ। ਰਹਾਉ ਦੂਜਾ।੧।੩।

*┈┉┅━❀꧁ੴ꧂❀━┅┉┈*

||ਅੱਜ ਦਾ ਫੁਰਮਾਨ|| ਗੁਰਦੁਆਰਾ ਸੀਸ ਗੰਜ ਸਾਹਿਬ ਜੀ (ਦਿੱਲੀ) ||

ਧਨਾਸਰੀ ਮਹਲਾ ੧ ਘਰੁ ੧ ਚਉਪਦੇ

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ
ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

ਜੀਉ ਡਰਤੁ ਹੈ ਆਪਣਾ ਕੈ ਸਿਉ ਕਰੀ ਪੁਕਾਰ ॥ ਦੂਖ ਵਿਸਾਰਣੁ ਸੇਵਿਆ ਸਦਾ ਸਦਾ ਦਾਤਾਰੁ ॥੧॥ ਸਾਹਿਬੁ ਮੇਰਾ ਨੀਤ ਨਵਾ ਸਦਾ ਸਦਾ ਦਾਤਾਰੁ ॥੧॥ ਰਹਾਉ ॥ ਅਨਦਿਨੁ ਸਾਹਿਬੁ ਸੇਵੀਐ ਅੰਤਿ ਛਡਾਏ ਸੋਇ ॥ ਸੁਣਿ ਸੁਣਿ ਮੇਰੀ ਕਾਮਣੀ ਪਾਰਿ ਉਤਾਰਾ ਹੋਇ ॥੨॥ ਦਇਆਲ ਤੇਰੈ ਨਾਮਿ ਤਰਾ ॥ ਸਦ ਕੁਰਬਾਣੈ ਜਾਉ ॥੧॥ ਰਹਾਉ ॥ ਸਰਬੰ ਸਾਚਾ ਏਕੁ ਹੈ ਦੂਜਾ ਨਾਹੀ ਕੋਇ ॥ ਤਾ ਕੀ ਸੇਵਾ ਸੋ ਕਰੇ ਜਾ ਕਉ ਨਦਰਿ ਕਰੇ ॥੩॥ ਤੁਧੁ ਬਾਝੁ ਪਿਆਰੇ ਕੇਵ ਰਹਾ ॥ ਸਾ ਵਡਿਆਈ ਦੇਹਿ ਜਿਤੁ ਨਾਮਿ ਤੇਰੇ ਲਾਗਿ ਰਹਾਂ ॥ ਦੂਜਾ ਨਾਹੀ ਕੋਇ ਜਿਸੁ ਆਗੈ ਪਿਆਰੇ ਜਾਇ ਕਹਾ ॥੧॥ ਰਹਾਉ ॥ ਸੇਵੀ ਸਾਹਿਬੁ ਆਪਣਾ ਅਵਰੁ ਨ ਜਾਚੰਉ ਕੋਇ ॥ ਨਾਨਕੁ ਤਾ ਕਾ ਦਾਸੁ ਹੈ ਬਿੰਦ ਬਿੰਦ ਚੁਖ ਚੁਖ ਹੋਇ ॥੪॥ ਸਾਹਿਬ ਤੇਰੇ ਨਾਮ ਵਿਟਹੁ ਬਿੰਦ ਬਿੰਦ ਚੁਖ ਚੁਖ ਹੋਇ ॥੧॥ ਰਹਾਉ ॥੪॥੧॥ {ਪੰਨਾ 660}

ਅਰਥ: (ਜਗਤ ਦੁੱਖਾਂ ਦਾ ਸਮੁੰਦਰ ਹੈਇਹਨਾਂ ਦੁੱਖਾਂ ਨੂੰ ਵੇਖ ਕੇ) ਮੇਰੀ ਜਿੰਦ ਕੰਬਦੀ ਹੈ (ਪਰਮਾਤਮਾ ਤੋਂ ਬਿਨਾ ਹੋਰ ਕੋਈ ਬਚਾਣ ਵਾਲਾ ਦਿੱਸਦਾ ਨਹੀਂਜਿਸ ਦੇ ਪਾਸ ਮੈਂ ਮਿੰਨਤਾਂ ਕਰਾਂ। (ਸੋ, ਹੋਰ ਆਸਰੇ ਛੱਡ ਕੇ) ਮੈਂ ਦੁੱਖਾਂ ਦੇ ਨਾਸ ਕਰਨ ਵਾਲੇ ਪ੍ਰਭੂ ਨੂੰ ਹੀ ਸਿਮਰਦਾ ਹਾਂ, ਉਹ ਸਦਾ ਹੀ ਬਖ਼ਸ਼ਸ਼ਾਂ ਕਰਨ ਵਾਲਾ ਹੈ।੧।

(ਫਿਰ ਉਹ) ਮੇਰਾ ਮਾਲਿਕ ਸਦਾ ਹੀ ਬਖ਼ਸ਼ਸ਼ਾਂ ਤਾਂ ਕਰਦਾ ਰਹਿੰਦਾ ਹੈ (ਪਰ ਉਹ ਮੇਰੇ ਨਿੱਤ ਦੇ ਤਰਲੇ ਸੁਣ ਕੇ ਕਦੇ ਅੱਕਦਾ ਨਹੀਂ, ਬਖ਼ਸ਼ਸ਼ਾਂ ਵਿਚ) ਨਿੱਤ ਇਉਂ ਹੈ ਜਿਵੇਂ ਪਹਿਲੀ ਵਾਰੀ ਹੀ ਬਖ਼ਸ਼ਸ਼ ਕਰਨ ਲੱਗਾ ਹੈ।੧।ਰਹਾਉ।

ਹੇ ਮੇਰੀ ਜਿੰਦੇ! ਹਰ ਰੋਜ਼ ਉਸ ਮਾਲਿਕ ਨੂੰ ਯਾਦ ਕਰਨਾ ਚਾਹੀਦਾ ਹੈ (ਦੁੱਖਾਂ ਵਿਚੋਂ) ਆਖ਼ਰ ਉਹੀ ਬਚਾਂਦਾ ਹੈ। ਹੇ ਜਿੰਦੇ! ਧਿਆਨ ਨਾਲ ਸੁਣ (ਉਸ ਮਾਲਿਕ ਦਾ ਆਸਰਾ ਲਿਆਂ ਹੀ ਦੁੱਖਾਂ ਦੇ ਸਮੁੰਦਰ ਵਿਚੋਂ) ਪਾਰ ਲੰਘ ਸਕੀਦਾ ਹੈ।੨।

ਹੇ ਦਿਆਲ ਪ੍ਰਭੂ! ਮੈਂ ਤੈਥੋਂ ਸਦਾ ਸਦਕੇ ਜਾਂਦਾ ਹਾਂ (ਮੇਹਰ ਕਰ, ਆਪਣਾ ਨਾਮ ਦੇਹ, ਤਾ ਕਿ) ਤੇਰੇ ਨਾਮ ਦੀ ਰਾਹੀਂ ਮੈਂ (ਦੁੱਖਾਂ ਦੇ ਇਸ ਸਮੁੰਦਰ ਵਿਚੋਂ) ਪਾਰ ਲੰਘ ਸਕਾਂ।੧।ਰਹਾਉ।

ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਹੀ ਸਭ ਥਾਈਂ ਮੌਜੂਦ ਹੈ, ਉਸ ਤੋਂ ਬਿਨਾ ਹੋਰ ਕੋਈ ਨਹੀਂ। ਜਿਸ ਜੀਵ ਉਤੇ ਉਹ ਮੇਹਰ ਦੀ ਨਿਗਾਹ ਕਰਦਾ ਹੈ, ਉਹ ਉਸ ਦਾ ਸਿਮਰਨ ਕਰਦਾ ਹੈ।੩।

ਹੇ ਪਿਆਰੇ (ਪ੍ਰਭੂ!) ਤੇਰੀ ਯਾਦ ਤੋਂ ਬਿਨਾ ਮੈਂ ਵਿਆਕੁਲ ਹੋ ਜਾਂਦਾ ਹਾਂ। ਮੈਨੂੰ ਕੋਈ ਉਹ ਵੱਡੀ ਦਾਤਿ ਦੇਹ, ਜਿਸ ਦਾ ਸਦਕਾ ਮੈਂ ਤੇਰੇ ਨਾਮ ਵਿਚ ਜੁੜਿਆ ਰਹਾਂ। ਹੇ ਪਿਆਰੇ! ਤੈਥੋਂ ਬਿਨਾ ਹੋਰ ਐਸਾ ਕੋਈ ਨਹੀਂ ਹੈ, ਜਿਸ ਪਾਸ ਜਾ ਕੇ ਮੈਂ ਇਹ ਅਰਜ਼ੋਈ ਕਰ ਸਕਾਂ।੧।ਰਹਾਉ।

(ਦੁੱਖਾਂ ਦੇ ਇਸ ਸਾਗਰ ਵਿਚੋਂ ਤਰਨ ਲਈ) ਮੈਂ ਆਪਣੇ ਮਾਲਿਕ ਪ੍ਰਭੂ ਨੂੰ ਹੀ ਯਾਦ ਕਰਦਾ ਹਾਂ, ਕਿਸੇ ਹੋਰ ਪਾਸੋਂ ਮੈਂ ਇਹ ਮੰਗ ਨਹੀਂ ਮੰਗਦਾ। ਨਾਨਕ (ਆਪਣੇ) ਉਸ (ਮਾਲਿਕ) ਦਾ ਹੀ ਸੇਵਕ ਹੈ, ਉਸ ਮਾਲਿਕ ਤੋਂ ਹੀ ਖਿਨ ਖਿਨ ਸਦਕੇ ਹੁੰਦਾ ਹੈ।੪।

ਹੇ ਮੇਰੇ ਮਾਲਿਕ! ਮੈਂ ਤੇਰੇ ਨਾਮ ਤੋਂ ਖਿਨ ਖਿਨ ਕੁਰਬਾਨ ਜਾਂਦਾ ਹਾਂ।੧।ਰਹਾਉ।

*┈┉┅━❀꧁ੴ꧂❀━┅┉┈*

||ਅੱਜ ਦਾ ਫੁਰਮਾਨ|| ਗੁਰਦੁਆਰਾ ਸ੍ਰੀ ਭੱਠਾ ਸਾਹਿਬ ਪਾਤਸ਼ਾਹੀ ੧੦ਵੀਂ (ਰੋਪੜ) ||

ਸੋਰਠਿ ਮਹਲਾ ੯ ॥ ਮਨ ਰੇ ਕਉਨੁ ਕੁਮਤਿ ਤੈ ਲੀਨੀ ॥ ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤਿ ਨਹਿ ਕੀਨੀ ॥੧॥ ਰਹਾਉ ॥ ਮੁਕਤਿ ਪੰਥੁ ਜਾਨਿਓ ਤੈ ਨਾਹਨਿ ਧਨ ਜੋਰਨ ਕਉ ਧਾਇਆ ॥ ਅੰਤਿ ਸੰਗ ਕਾਹੂ ਨਹੀ ਦੀਨਾ ਬਿਰਥਾ ਆਪੁ ਬੰਧਾਇਆ ॥੧॥ ਨਾ ਹਰਿ ਭਜਿਓ ਨ ਗੁਰ ਜਨੁ ਸੇਵਿਓ ਨਹ ਉਪਜਿਓ ਕਛੁ ਗਿਆਨਾ ॥ ਘਟ ਹੀ ਮਾਹਿ ਨਿਰੰਜਨੁ ਤੇਰੈ ਤੈ ਖੋਜਤ ਉਦਿਆਨਾ ॥੨॥ ਬਹੁਤੁ ਜਨਮ ਭਰਮਤ ਤੈ ਹਾਰਿਓ ਅਸਥਿਰ ਮਤਿ ਨਹੀ ਪਾਈ ॥ ਮਾਨਸ ਦੇਹ ਪਾਇ ਪਦ ਹਰਿ ਭਜੁ ਨਾਨਕ ਬਾਤ ਬਤਾਈ ॥੩॥੩॥ {ਪੰਨਾ 631-632}

ਅਰਥ: ਹੇ ਮਨ! ਤੂੰ ਕੇਹੜੀ ਭੈੜੀ ਸਿੱਖਿਆ ਲੈ ਲਈ ਹੈਤੂੰ ਪਰਾਈ ਇਸਤ੍ਰੀ, ਪਰਾਈ ਨਿੰਦਿਆ ਦੇ ਰਸ ਵਿਚ ਮਸਤ ਰਹਿੰਦਾ ਹੈਂ। ਪਰਮਾਤਮਾ ਦੀ ਭਗਤੀ ਤੂੰ (ਕਦੇ) ਨਹੀਂ ਕੀਤੀ।੧।ਰਹਾਉ।

ਹੇ ਭਾਈ! ਤੂੰ ਵਿਕਾਰਾਂ ਤੋਂ ਖ਼ਲਾਸੀ ਪਾਣ ਦਾ ਰਸਤਾ (ਅਜੇ ਤਕ) ਨਹੀਂ ਸਮਝਿਆ, ਧਨ ਇਕੱਠਾ ਕਰਨ ਲਈ ਤੂੰ ਸਦਾ ਦੌੜ-ਭਜ ਕਰ ਰਿਹਾ ਹੈਂ। (ਦੁਨੀਆ ਦੇ ਪਦਾਰਥਾਂ ਵਿਚੋਂ) ਕਿਸੇ ਨੇ ਭੀ ਆਖ਼ਰ ਕਿਸੇ ਦਾ ਸਾਥ ਨਹੀਂ ਦਿੱਤਾ। ਤੂੰ ਵਿਅਰਥ ਹੀ ਆਪਣੇ ਆਪ ਨੂੰ (ਮਾਇਆ ਦੇ ਮੋਹ ਵਿਚ) ਜਕੜ ਰੱਖਿਆ ਹੈ।੧।

ਹੇ ਭਾਈ! ਅਜੇ ਤਕਨਾਹ ਤੂੰ ਪਰਮਾਤਮਾ ਦੀ ਭਗਤੀ ਕੀਤੀ ਹੈ, ਨਾਹ ਗੁਰੂ ਦੀ ਸ਼ਰਨ ਪਿਆ ਹੈਂ, ਨਾਹ ਹੀ ਤੇਰੇ ਅੰਦਰ ਆਤਮਕ ਜੀਵਨ ਦੀ ਸੋਝੀ ਪਈ ਹੈ। ਮਾਇਆ ਤੋਂ ਨਿਰਲੇਪ ਪ੍ਰਭੂ ਤੇਰੇ ਹਿਰਦੇ ਵਿਚ ਵੱਸ ਰਿਹਾ ਹੈ, ਪਰ ਤੂੰ (ਬਾਹਰਜੰਗਲਾਂ ਵਿਚ ਉਸ ਨੂੰ ਭਾਲ ਰਿਹਾ ਹੈਂ।੨।

ਹੇ ਭਾਈ! ਅਨੇਕਾਂ ਜਨਮਾਂ ਵਿਚ ਭਟਕ ਭਟਕ ਕੇ ਤੂੰ (ਮਨੁੱਖਾ ਜਨਮ ਦੀ ਬਾਜ਼ੀ) ਹਾਰ ਲਈ ਹੈ, ਤੂੰ ਅਜੇਹੀ ਅਕਲ ਨਹੀਂ ਸਿੱਖੀ ਜਿਸ ਦੀ ਬਰਕਤਿ ਨਾਲ (ਜਨਮਾਂ ਦੇ ਗੇੜ ਵਿਚੋਂ) ਤੈਨੂੰ ਅਡੋਲਤਾ ਹਾਸਲ ਹੋ ਸਕੇ। ਹੇ ਨਾਨਕ! ਆਖ-ਹੇ ਭਾਈ! ਗੁਰੂ ਨੇ ਤਾਂ ਇਹ) ਗੱਲ ਸਮਝਾਈ ਹੈ ਕਿ ਮਨੁੱਖਾ ਜਨਮ ਦਾ (ਉੱਚਾ) ਦਰਜਾ ਹਾਸਲ ਕਰ ਕੇ ਪਰਮਾਤਮਾ ਦਾ ਭਜਨ ਕਰ।੩।੩।

*┈┉┅━❀꧁ੴ꧂❀━┅┉┈*

||ਅੱਜ ਦਾ ਫੁਰਮਾਨ|| ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ||

ਸੂਹੀ ਮਹਲਾ ੫ ॥ ਹਰਿ ਚਰਣ ਕਮਲ ਕੀ ਟੇਕ ਸਤਿਗੁਰਿ ਦਿਤੀ ਤੁਸਿ ਕੈ ਬਲਿ ਰਾਮ ਜੀਉ ॥ ਹਰਿ ਅੰਮ੍ਰਿਤਿ ਭਰੇ ਭੰਡਾਰ ਸਭੁ ਕਿਛੁ ਹੈ ਘਰਿ ਤਿਸ ਕੈ ਬਲਿ ਰਾਮ ਜੀਉ ॥ ਬਾਬੁਲੁ ਮੇਰਾ ਵਡ ਸਮਰਥਾ ਕਰਣ ਕਾਰਣ ਪ੍ਰਭੁ ਹਾਰਾ ॥ ਜਿਸੁ ਸਿਮਰਤ ਦੁਖੁ ਕੋਈ ਨ ਲਾਗੈ ਭਉਜਲੁ ਪਾਰਿ ਉਤਾਰਾ ॥ ਆਦਿ ਜੁਗਾਦਿ ਭਗਤਨ ਕਾ ਰਾਖਾ ਉਸਤਤਿ ਕਰਿ ਕਰਿ ਜੀਵਾ ॥ ਨਾਨਕ ਨਾਮੁ ਮਹਾ ਰਸੁ ਮੀਠਾ ਅਨਦਿਨੁ ਮਨਿ ਤਨਿ ਪੀਵਾ ॥੧॥ {ਪੰਨਾ 778}

ਅਰਥ: ਹੇ ਭਾਈ! ਮੈਂ ਸੋਹਣੇ ਪ੍ਰਭੂ ਤੋਂ ਸਦਕੇ ਜਾਂਦਾ ਹਾਂ (ਉਸ ਦੀ ਮਿਹਰ ਨਾਲਗੁਰੂ ਨੇ ਮਿਹਰਵਾਨ ਹੋ ਕੇ ਮੈਨੂੰ ਉਸ ਦੇ ਸੋਹਣੇ ਚਰਨਾਂ ਦਾ ਆਸਰਾ ਦਿੱਤਾ ਹੈ। ਮੈਂ ਉਸ ਪ੍ਰਭੂ ਤੋਂ ਕੁਰਬਾਨ ਹਾਂ, ਉਸ ਦੇ ਘਰ ਵਿਚ ਹਰੇਕ ਪਦਾਰਥ ਮੌਜੂਦ ਹੈ, ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨਾਲ (ਉਸ ਦੇ ਘਰ ਵਿਚ) ਖ਼ਜ਼ਾਨੇ ਭਰੇ ਪਏ ਹਨ।

ਹੇ ਭਾਈ! ਮੇਰਾ ਪ੍ਰਭੂ-ਪਿਤਾ ਬੜੀਆਂ ਤਾਕਤਾਂ ਦਾ ਮਾਲਕ ਹੈ, ਉਹ ਪ੍ਰਭੂ ਹਰੇਕ ਸਬਬ ਬਣਾ ਸਕਣ ਵਾਲਾ ਹੈ। (ਉਹ ਐਸਾ ਹੈ) ਜਿਸ ਦਾ ਨਾਮ ਸਿਮਰਦਿਆਂ ਕੋਈ ਦੁੱਖ ਪੋਹ ਨਹੀਂ ਸਕਦਾ, (ਉਸ ਦਾ ਨਾਮ) ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਂਦਾ ਹੈ।

ਹੇ ਭਾਈ! ਜਗਤ ਦੇ ਸ਼ੁਰੂ ਤੋਂ ਹੀ (ਉਹ ਪ੍ਰਭੂ ਆਪਣੇ) ਭਗਤਾਂ ਦਾ ਰਾਖਾ (ਚਲਿਆ ਆ ਰਿਹਾ) ਹੈ। ਉਸ ਦੀ ਸਿਫ਼ਤਿ-ਸਾਲਾਹ ਕਰ ਕਰ ਕੇ ਮੈਂ ਆਤਮਕ ਜੀਵਨ ਹਾਸਲ ਕਰ ਰਿਹਾ ਹਾਂ। ਹੇ ਨਾਨਕ! (ਆਖ-ਹੇ ਭਾਈ! ਉਸ ਦਾ) ਨਾਮ ਮਿੱਠਾ ਹੈ, (ਸਭ ਰਸਾਂ ਨਾਲੋਂ) ਵੱਡਾ ਰਸ ਹੈ ਮੈਂ ਤਾਂ ਹਰ ਵੇਲੇ (ਉਹ ਨਾਮ ਰਸ ਆਪਣੇ) ਮਨ ਦੀ ਰਾਹੀਂ ਗਿਆਨ-ਇੰਦ੍ਰਿਆਂ ਦੀ ਰਾਹੀਂ ਪੀਂਦਾ ਰਹਿੰਦਾ ਹਾਂ।੧।

ਹਰਿ ਆਪੇ ਲਏ ਮਿਲਾਇ ਕਿਉ ਵੇਛੋੜਾ ਥੀਵਈ ਬਲਿ ਰਾਮ ਜੀਉ ॥ ਜਿਸ ਨੋ ਤੇਰੀ ਟੇਕ ਸੋ ਸਦਾ ਸਦ ਜੀਵਈ ਬਲਿ ਰਾਮ ਜੀਉ ॥ ਤੇਰੀ ਟੇਕ ਤੁਝੈ ਤੇ ਪਾਈ ਸਾਚੇ ਸਿਰਜਣਹਾਰਾ ॥ ਜਿਸ ਤੇ ਖਾਲੀ ਕੋਈ ਨਾਹੀ ਐਸਾ ਪ੍ਰਭੂ ਹਮਾਰਾ ॥ ਸੰਤ ਜਨਾ ਮਿਲਿ ਮੰਗਲੁ ਗਾਇਆ ਦਿਨੁ ਰੈਨਿ ਆਸ ਤੁਮ੍ਹ੍ਹਾਰੀ ॥ ਸਫਲੁ ਦਰਸੁ ਭੇਟਿਆ ਗੁਰੁ ਪੂਰਾ ਨਾਨਕ ਸਦ ਬਲਿਹਾਰੀ ॥੨॥ {ਪੰਨਾ 778}

ਅਰਥ: ਹੇ ਭਾਈ! ਮੈਂ ਸੋਹਣੇ ਪ੍ਰਭੂ ਤੋਂ ਸਦਕੇ ਜਾਂਦਾ ਹਾਂ, (ਜਿਸ ਮਨੁੱਖ ਨੂੰਉਹ ਆਪ ਹੀ (ਆਪਣੇ ਚਰਨਾਂ ਨਾਲ) ਜੋੜਦਾ ਹੈ (ਉਸ ਮਨੁੱਖ ਨੂੰ ਪ੍ਰਭੂ ਨਾਲੋਂ) ਫਿਰ ਕਦੇ ਵਿਛੋੜਾ ਨਹੀਂ ਹੁੰਦਾ।

ਹੇ ਰਾਮ! ਮੈਂ ਤੈਥੋਂ ਕੁਰਬਾਨ ਹਾਂ। ਜਿਸ ਮਨੁੱਖ ਨੂੰ ਤੇਰਾ ਸਹਾਰਾ ਮਿਲ ਜਾਂਦਾ ਹੈ, ਉਹ ਸਦਾ ਹੀ ਆਤਮਕ ਜੀਵਨ ਹਾਸਲ ਕਰੀ ਰੱਖਦਾ ਹੈ। ਪਰ, ਹੇ ਸਦਾ ਕਾਇਮ ਰਹਿਣ ਵਾਲੇ ਅਤੇ ਸਭ ਦੇ ਪੈਦਾ ਕਰਨ ਵਾਲੇ! ਤੇਰਾ ਆਸਰਾ ਮਿਲਦਾ ਭੀ ਤੇਰੇ ਹੀ ਪਾਸੋਂ ਹੈ। ਤੂੰ ਇਹੋ ਜਿਹਾ ਸਾਡਾ ਮਾਲਕ ਹੈਂਜਿਸ (ਦੇ ਦਰ) ਤੋਂ ਕਦੇ ਕੋਈ ਖ਼ਾਲੀ (ਬੇ-ਮੁਰਾਦ) ਨਹੀਂ ਜਾਂਦਾ। ਹੇ ਪ੍ਰਭੂਤੇਰੇ ਸੰਤ ਜਨ ਮਿਲ ਕੇ (ਸਦਾ ਤੇਰੀ) ਸਿਫ਼ਤਿ-ਸਾਲਾਹ ਦਾ ਗੀਤ ਗਾਂਦੇ ਹਨ, (ਉਹਨਾਂ ਨੂੰ) ਦਿਨ ਰਾਤ ਤੇਰੀ (ਸਹਾਇਤਾ ਦੀ) ਹੀ ਆਸ ਰਹਿੰਦੀ ਹੈ। ਹੇ ਨਾਨਕ! ਆਖ-ਹੇ ਪ੍ਰਭੂ!) ਮੈਂ ਤੈਥੋਂ ਸਦਾ ਸਦਕੇ ਹਾਂ (ਤੇਰੀ ਹੀ ਮਿਹਰ ਨਾਲ ਉਹ) ਪੂਰਾ ਗੁਰੂ ਮਿਲਦਾ ਹੈ ਜਿਸ ਦਾ ਦੀਦਾਰ ਹਰੇਕ ਮੁਰਾਦ ਪੂਰੀ ਕਰਨ ਵਾਲਾ ਹੈ।੨।

ਸੰਮ੍ਹ੍ਹਲਿਆ ਸਚੁ ਥਾਨੁ ਮਾਨੁ ਮਹਤੁ ਸਚੁ ਪਾਇਆ ਬਲਿ ਰਾਮ ਜੀਉ ॥ ਸਤਿਗੁਰੁ ਮਿਲਿਆ ਦਇਆਲੁ ਗੁਣ ਅਬਿਨਾਸੀ ਗਾਇਆ ਬਲਿ ਰਾਮ ਜੀਉ ॥ ਗੁਣ ਗੋਵਿੰਦ ਗਾਉ ਨਿਤ ਨਿਤ ਪ੍ਰਾਣ ਪ੍ਰੀਤਮ ਸੁਆਮੀਆ ॥ ਸੁਭ ਦਿਵਸ ਆਏ ਗਹਿ ਕੰਠਿ ਲਾਏ ਮਿਲੇ ਅੰਤਰਜਾਮੀਆ ॥ ਸਤੁ ਸੰਤੋਖੁ ਵਜਹਿ ਵਾਜੇ ਅਨਹਦਾ ਝੁਣਕਾਰੇ ॥ ਸੁਣਿ ਭੈ ਬਿਨਾਸੇ ਸਗਲ ਨਾਨਕ ਪ੍ਰਭ ਪੁਰਖ ਕਰਣੈਹਾਰੇ ॥੩॥ {ਪੰਨਾ 778}

ਅਰਥ: ਹੇ ਭਾਈ! ਮੈਂ ਪ੍ਰਭੂ ਜੀ ਤੋਂ ਸਦਕੇ ਜਾਂਦਾ ਹਾਂ। (ਪ੍ਰਭੂ ਦੀ ਮਿਹਰ ਨਾਲ ਜਿਸ ਨੂੰ) ਦਇਆ ਦਾ ਸੋਮਾ ਗੁਰੂ ਮਿਲ ਪਿਆ, ਉਸ ਨੇ ਅਬਿਨਾਸੀ ਪ੍ਰਭੂ ਦੇ ਗੁਣ ਗਾਣੇ ਸ਼ੁਰੂ ਕਰ ਦਿੱਤੇ, ਉਸ ਨੇ ਸਦਾ-ਥਿਰ ਪ੍ਰਭੂ ਦਾ ਦਰ ਮੱਲ ਲਿਆ, ਉਸ ਨੂੰ ਸਦਾ-ਥਿਰ ਪ੍ਰਭੂ ਮਿਲ ਪਿਆ, (ਉਸ ਨੂੰ ਪ੍ਰਭੂ ਦੇ ਦਰ ਤੋਂ) ਮਾਣ ਮਿਲਿਆ, ਵਡਿਆਈ ਮਿਲੀ।

ਹੇ ਭਾਈ! ਜਿੰਦ ਦੇ ਮਾਲਕ ਪ੍ਰੀਤਮ ਪ੍ਰਭੂ ਦੇ ਗੁਣ ਸਦਾ ਹੀ ਗਾਇਆ ਕਰੋ, (ਜਿਹੜਾ ਮਨੁੱਖ ਗੁਣ ਗਾਂਦਾ ਹੈ, ਉਸ ਦੇ ਵਾਸਤੇ ਜ਼ਿੰਦਗੀ ਦੇ) ਸੋਹਣੇ ਦਿਹਾੜੇ ਆਏ ਰਹਿੰਦੇ ਹਨ, ਉਸ ਨੂੰ ਪ੍ਰਭੂ ਜੀ ਆਪਣੇ ਗਲ ਨਾਲ ਲਾਈ ਰੱਖਦੇ ਹਨ, ਸਭ ਦੇ ਦਿਲ ਦੀ ਜਾਣਨ ਵਾਲੇ ਪ੍ਰਭੂ ਜੀ ਉਸ ਨੂੰ ਮਿਲ ਪੈਂਦੇ ਹਨ। (ਉਸ ਮਨੁੱਖ ਦੇ ਅੰਦਰ) ਉੱਚਾ ਆਚਰਨ ਅਤੇ ਸੰਤੋਖ (ਹਰ ਵੇਲੇ ਆਪਣਾ ਪੂਰਾ ਪ੍ਰਭਾਵ ਪਾਈ ਰੱਖਦੇ ਹਨ, ਮਾਨੋ, ਸਤ ਸੰਤੋਖ ਦੇ ਅੰਦਰ) ਵਾਜੇ ਵੱਜ ਰਹੇ ਹਨ, (ਸਤ ਸੰਤੋਖ ਦੀ ਉਸ ਦੇ ਅੰਦਰ) ਇਕ-ਰਸ ਮਿੱਠੀ ਲੈ ਬਣੀ ਰਹਿੰਦੀ ਹੈ।

ਹੇ ਨਾਨਕ! ਸਭ ਕੁਝ ਕਰਨ ਦੀ ਸਮਰਥਾ ਵਾਲੇ ਪ੍ਰਭੂ ਅਕਾਲ ਪੁਰਖ ਦੇ ਗੁਣ ਸੁਣ ਕੇ (ਮਨੁੱਖ ਦੇਸਾਰੇ ਡਰ ਨਾਸ ਹੋ ਜਾਂਦੇ ਹਨ।੩।

ਉਪਜਿਆ ਤਤੁ ਗਿਆਨੁ ਸਾਹੁਰੈ ਪੇਈਐ ਇਕੁ ਹਰਿ ਬਲਿ ਰਾਮ ਜੀਉ ॥ ਬ੍ਰਹਮੈ ਬ੍ਰਹਮੁ ਮਿਲਿਆ ਕੋਇ ਨ ਸਾਕੈ ਭਿੰਨ ਕਰਿ ਬਲਿ ਰਾਮ ਜੀਉ ॥ ਬਿਸਮੁ ਪੇਖੈ ਬਿਸਮੁ ਸੁਣੀਐ ਬਿਸਮਾਦੁ ਨਦਰੀ ਆਇਆ ॥ ਜਲਿ ਥਲਿ ਮਹੀਅਲਿ ਪੂਰਨ ਸੁਆਮੀ ਘਟਿ ਘਟਿ ਰਹਿਆ ਸਮਾਇਆ ॥ ਜਿਸ ਤੇ ਉਪਜਿਆ ਤਿਸੁ ਮਾਹਿ ਸਮਾਇਆ ਕੀਮਤਿ ਕਹਣੁ ਨ ਜਾਏ ॥ ਜਿਸ ਕੇ ਚਲਤ ਨ ਜਾਹੀ ਲਖਣੇ ਨਾਨਕ ਤਿਸਹਿ ਧਿਆਏ ॥੪॥੨॥ {ਪੰਨਾ 778}

ਅਰਥ: ਹੇ ਭਾਈ! ਮੈਂ ਪ੍ਰਭੂ ਜੀ ਤੋਂ ਸਦਕੇ ਜਾਂਦਾ ਹਾਂ। (ਜਿਹੜਾ ਮਨੁੱਖ ਉਸ ਪ੍ਰਭੂ ਨੂੰ ਸਦਾ ਸਿਮਰਦਾ ਹੈ, ਉਸ ਦੇ ਅੰਦਰ) ਅਸਲ ਆਤਮਕ ਜੀਵਨ ਦੀ ਸੂਝ ਪੈਦਾ ਹੋ ਜਾਂਦੀ ਹੈ, (ਉਸ ਨੂੰ) ਇਸ ਲੋਕ ਤੇ ਪਰਲੋਕ ਵਿਚ ਉਹੀ ਪਰਮਾਤਮਾ ਦਿੱਸਦਾ ਹੈ। ਉਸ ਜੀਵ ਨੂੰ ਪਰਮਾਤਮਾ (ਇਉਂ) ਮਿਲ ਪੈਂਦਾ ਹੈ ਕਿ ਕੋਈ (ਪਰਮਾਤਮਾ ਨਾਲੋਂ ਉਸ ਦਾ) ਨਿਖੇੜਾ ਨਹੀਂ ਕਰ ਸਕਦਾ। (ਉਹ ਮਨੁੱਖ ਹਰ ਥਾਂਉਸ ਅਸਚਰਜ-ਰੂਪ ਪ੍ਰਭੂ ਨੂੰ ਵੇਖਦਾ ਹੈ, (ਉਹੀ ਹਰ ਥਾਂ ਬੋਲਦਾ ਉਸ ਨੂੰ) ਸੁਣੀਦਾ ਹੈ, ਹਰ ਥਾਂ ਉਹੀ ਉਸ ਨੂੰ ਦਿੱਸਦਾ ਹੈ। ਪਾਣੀ ਵਿਚ, ਧਰਤੀ ਵਿਚ, ਆਕਾਸ਼ ਵਿਚ ਪਰਮਾਤਮਾ ਹੀ ਉਸ ਨੂੰ ਵਿਆਪਕ ਦਿੱਸਦਾ ਹੈ

ਹੇ ਨਾਨਕ! ਆਖ-ਹੇ ਭਾਈ!) ਜਿਸ ਪਰਮਾਤਮਾ ਦੇ ਚੋਜ-ਤਮਾਸ਼ੇ ਬਿਆਨ ਨਹੀਂ ਕੀਤੇ ਜਾ ਸਕਦੇ, (ਜਿਹੜਾ ਮਨੁੱਖ ਸਦਾ) ਉਸ ਦਾ ਹੀ ਧਿਆਨ ਧਰਦਾ ਹੈ, ਉਸ ਮਨੁੱਖ ਦੀ ਉੱਚੀ ਹੋ ਚੁਕੀ ਆਤਮਕ ਅਵਸਥਾ ਦਾ ਮੁੱਲ ਨਹੀਂ ਪੈ ਸਕਦਾ, (ਕਿਉਂਕਿ) ਜਿਸ ਪਰਮਾਤਮਾ ਤੋਂ ਉਹ ਪੈਦਾ ਹੋਇਆ ਹੈ (ਸਿਮਰਨ ਦੀ ਬਰਕਤਿ ਨਾਲ) ਉਸ ਵਿਚ (ਹਰ ਵੇਲੇ) ਲੀਨ ਰਹਿੰਦਾ ਹੈ।੪।੨।

*┈┉┅━❀꧁ੴ꧂❀━┅┉┈*

||ਅੱਜ ਦਾ ਫੁਰਮਾਨ|| ਗੁਰੂਦਵਾਰਾ ਸ਼੍ਰੀ ਕਤਲਗੜ ਸਾਹਿਬ ਸ਼੍ਰੀ ਚਮਕੌਰ ਸਾਹਿਬ ।।


*┈┉┅━❀꧁ੴ꧂❀━┅┉┈*

||ਅੱਜ ਦਾ ਫੁਰਮਾਨ|| ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ ਪਾਤਸ਼ਾਹੀ ੯ਵੀਂ (ਪਟਿਆਲਾ) ||

ਬਿਲਾਵਲੁ ਮਹਲਾ ੫ ਛੰਤ ਮੰਗਲ    ੴ ਸਤਿਗੁਰ ਪ੍ਰਸਾਦਿ ॥ ਸਲੋਕੁ ॥ਸੁੰਦਰ ਸਾਂਤਿ ਦਇਆਲ ਪ੍ਰਭ ਸਰਬ ਸੁਖਾ ਨਿਧਿ ਪੀਉ ॥ ਸੁਖ ਸਾਗਰ ਪ੍ਰਭ ਭੇਟਿਐ ਨਾਨਕ ਸੁਖੀ ਹੋਤ ਇਹੁ ਜੀਉ ॥੧॥ ਛੰਤ ॥ ਸੁਖ ਸਾਗਰ ਪ੍ਰਭੁ ਪਾਈਐ ਜਬ ਹੋਵੈ ਭਾਗੋ ਰਾਮ ॥ ਮਾਨਨਿ ਮਾਨੁ ਵਞਾਈਐ ਹਰਿ ਚਰਣੀ ਲਾਗੋ ਰਾਮ ॥ ਛੋਡਿ ਸਿਆਨਪ ਚਾਤੁਰੀ ਦੁਰਮਤਿ ਬੁਧਿ ਤਿਆਗੋ ਰਾਮ ॥ ਨਾਨਕ ਪਉ ਸਰਣਾਈ ਰਾਮ ਰਾਇ ਥਿਰੁ ਹੋਇ ਸੁਹਾਗੋ ਰਾਮ ॥੧॥ {ਪੰਨਾ 847-848}

ਅਰਥ: ਸਲੋਕ-ਹੇ ਨਾਨਕ! ਪ੍ਰਭੂ-ਪਤੀ ਸੋਹਣਾ ਹੈ ਸ਼ਾਂਤੀ-ਰੂਪ ਹੈ, ਦਇਆ ਦਾ ਸੋਮਾ ਹੈ ਅਤੇ ਸਾਰੇ ਸੁਖਾਂ ਦਾ ਖ਼ਜ਼ਾਨਾ ਹੈ। ਜੇ ਉਹ ਸੁਖਾਂ ਦਾ ਸਮੁੰਦਰ ਪ੍ਰਭੂ ਮਿਲ ਪਏ, ਤਾਂ ਇਹ ਜਿੰਦ ਸੁਖੀ ਹੋ ਜਾਂਦੀ ਹੈ।੧।

ਛੰਤ-ਹੇ ਮਾਣ ਮੱਤੀ ਜੀਵ-ਇਸਤ੍ਰੀਏ! ਜਦੋਂ (ਮੱਥੇ ਦਾ) ਭਾਗ ਜਾਗਦਾ ਹੈ ਤਦੋਂ ਸੁਖਾਂ ਦਾ ਸਮੁੰਦਰ ਪ੍ਰਭੂ ਮਿਲ ਪੈਂਦਾ ਹੈ (ਪਰ ਉਸ ਨੂੰ ਮਿਲਣ ਲਈ ਆਪਣੇ ਅੰਦਰੋਂ) ਅਹੰਕਾਰ ਦੂਰ ਕਰ ਦੇਣਾ ਚਾਹੀਦਾ ਹੈ। ਹੇ ਜੀਵ-ਇਸਤ੍ਰੀ! ਮਾਣ ਤਿਆਗ ਕੇ) ਪ੍ਰਭੂ ਦੇ ਚਰਨਾਂ ਵਿਚ ਜੁੜੀ ਰਹੁ, ਸਿਆਣਪ ਚਤੁਰਾਈ ਛੱਡ ਦੇਹ, ਖੋਟੀ ਮਤਿ-ਬੁਧਿ (ਆਪਣੇ ਅੰਦਰੋਂ) ਦੂਰ ਕਰ। ਹੇ ਨਾਨਕ! ਆਖ-ਹੇ ਜੀਵ-ਇਸਤ੍ਰੀ!) ਪ੍ਰਭੂ-ਪਾਤਿਸ਼ਾਹ ਦੀ ਸਰਨ ਪਈ ਰਹੁ, (ਤਾਂ ਹੀ ਤੇਰੇ ਸਿਰ ਉੱਤੇ ਤੇਰੇ ਸਿਰ ਦਾ) ਖਸਮ ਸਦਾ ਲਈ ਟਿਕਿਆ ਰਹੇਗਾ।੧।

ਸੋ ਪ੍ਰਭੁ ਤਜਿ ਕਤ ਲਾਗੀਐ ਜਿਸੁ ਬਿਨੁ ਮਰਿ ਜਾਈਐ ਰਾਮ ॥ ਲਾਜ ਨ ਆਵੈ ਅਗਿਆਨ ਮਤੀ ਦੁਰਜਨ ਬਿਰਮਾਈਐ ਰਾਮ ॥ ਪਤਿਤ ਪਾਵਨ ਪ੍ਰਭੁ ਤਿਆਗਿ ਕਰੇ ਕਹੁ ਕਤ ਠਹਰਾਈਐ ਰਾਮ ॥ ਨਾਨਕ ਭਗਤਿ ਭਾਉ ਕਰਿ ਦਇਆਲ ਕੀ ਜੀਵਨ ਪਦੁ ਪਾਈਐ ਰਾਮ ॥੨॥ {ਪੰਨਾ 848}

ਅਰਥ: ਹੇ ਭਾਈ! ਜਿਸ (ਪਰਮਾਤਮਾ ਦੀ ਯਾਦ) ਤੋਂ ਬਿਨਾ ਆਤਮਕ ਮੌਤ ਸਹੇੜ ਲਈਦੀ ਹੈ, ਉਸ ਨੂੰ ਭੁਲਾ ਕੇ ਕਿਸੇ ਭੀ ਹੋਰ ਥਾਂ ਪਰਚਣਾ ਨਹੀਂ ਚਾਹੀਦਾ। ਪਰ ਜਿਸ ਮਨੁੱਖ ਦੀ ਮਤਿ ਆਤਮਕ ਜੀਵਨ ਵਲੋਂ ਕੋਰੀ ਹੈ (ਪ੍ਰਭੂ ਦੀ ਯਾਦ ਭੁਲਾ ਕੇ) ਉਸ ਨੂੰ ਸ਼ਰਮ ਨਹੀਂ ਆਉਂਦੀ, ਉਹ ਮਨੁੱਖ ਭੈੜੇ ਬੰਦਿਆਂ ਵਿਚ ਪਰਚਿਆ ਰਹਿੰਦਾ ਹੈ। ਹੇ ਭਾਈ! ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲੇ ਪ੍ਰਭੂ ਨੂੰ ਭੁਲਾ ਕੇ ਹੋਰ ਕਿਥੇ ਸ਼ਾਂਤੀ ਆ ਸਕਦੀ ਹੈਪ੍ਰਭੂ ਨਾਲ ਪਿਆਰ ਪਾਈ ਰੱਖ (ਇਸ ਤਰ੍ਹਾਂ) ਆਤਮਕ ਜੀਵਨ ਵਾਲਾ (ਉੱਚਾਦਰਜਾ ਮਿਲ ਜਾਂਦਾ ਹੈ।੨।

ਸ੍ਰੀ ਗੋਪਾਲੁ ਨ ਉਚਰਹਿ ਬਲਿ ਗਈਏ ਦੁਹਚਾਰਣਿ ਰਸਨਾ ਰਾਮ ॥ ਪ੍ਰਭੁ ਭਗਤਿ ਵਛਲੁ ਨਹ ਸੇਵਹੀ ਕਾਇਆ ਕਾਕ ਗ੍ਰਸਨਾ ਰਾਮ ॥ ਭ੍ਰਮਿ ਮੋਹੀ ਦੂਖ ਨ ਜਾਣਹੀ ਕੋਟਿ ਜੋਨੀ ਬਸਨਾ ਰਾਮ ॥ ਨਾਨਕ ਬਿਨੁ ਹਰਿ ਅਵਰੁ ਜਿ ਚਾਹਨਾ ਬਿਸਟਾ ਕ੍ਰਿਮ ਭਸਮਾ ਰਾਮ ॥੩॥ {ਪੰਨਾ 848}

ਅਰਥ: ਹੇ (ਨਿੰਦਾ-ਈਰਖਾ ਦੀ ਅੱਗ ਵਿਚ) ਸੜ ਰਹੀਏ! ਨਿੰਦਾ ਕਰਨ ਦੇ) ਮੰਦੇ ਕੰਮ ਵਿਚ ਰੁੱਝੀ ਹੋਈ ਹੇ ਜੀਭ! ਤੂੰ ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ (ਦਾ ਨਾਮ) ਯਾਦ ਨਹੀਂ ਕਰਦੀ। ਹੇ ਜਿੰਦੇ! ਜਿਹੜਾ ਪ੍ਰਭੂ ਭਗਤੀ ਨਾਲ ਪਿਆਰ ਕਰਨ ਵਾਲਾ ਹੈ, ਤੂੰ ਉਸ ਦੀ ਸੇਵਾ-ਭਗਤੀ ਨਹੀਂ ਕਰਦੀ, (ਤੇਰੇ ਇਸ) ਸਰੀਰ ਨੂੰ (ਕਾਮਾਦਿਕ) ਕਾਂ (ਅੰਦਰੇ ਅੰਦਰ) ਖਾਈ ਜਾ ਰਹੇ ਹਨ।

ਹੇ ਜਿੰਦੇ! ਭਟਕਣਾ ਦੇ ਕਾਰਨ ਤੂੰ (ਆਤਮਕ ਸਰਮਾਇਆ) ਲੁਟਾਈ ਜਾ ਰਹੀ ਹੈਂ, (ਨਾਮ ਭੁਲਾ ਕੇ) ਕ੍ਰੋੜਾਂ ਜੂਨਾਂ ਵਿਚ ਪੈਣਾ ਪੈਂਦਾ ਹੈ, ਤੂੰ ਇਹਨਾਂ ਦੁੱਖਾਂ ਨੂੰ ਨਹੀਂ ਸਮਝਦੀ! ਹੇ ਨਾਨਕ! ਆਖ-ਹੇ ਜਿੰਦੇ!) ਪਰਮਾਤਮਾ ਤੋਂ ਬਿਨਾ ਜਿਹੜਾ ਕਿਸੇ ਹੋਰ ਨੂੰ ਪਿਆਰ ਕਰਦੇ ਰਹਿਣਾ ਹੈ, (ਇਸ ਤਰ੍ਹਾਂ) ਗੂੰਹ ਦੇ ਕੀੜੇ ਵਾਂਗ (ਵਿਕਾਰਾਂ ਦੇ ਗੰਦ ਵਿਚ ਪਏ ਰਹਿ ਕੇ) ਆਤਮਕ ਜੀਵਨ (ਸੜ ਕੇ) ਸੁਆਹ ਹੋ ਜਾਂਦਾ ਹੈ।੩।

ਲਾਇ ਬਿਰਹੁ ਭਗਵੰਤ ਸੰਗੇ ਹੋਇ ਮਿਲੁ ਬੈਰਾਗਨਿ ਰਾਮ ॥ ਚੰਦਨ ਚੀਰ ਸੁਗੰਧ ਰਸਾ ਹਉਮੈ ਬਿਖੁ ਤਿਆਗਨਿ ਰਾਮ ॥ ਈਤ ਊਤ ਨਹ ਡੋਲੀਐ ਹਰਿ ਸੇਵਾ ਜਾਗਨਿ ਰਾਮ ॥ ਨਾਨਕ ਜਿਨਿ ਪ੍ਰਭੁ ਪਾਇਆ ਆਪਣਾ ਸਾ ਅਟਲ ਸੁਹਾਗਨਿ ਰਾਮ ॥੪॥੧॥੪॥ {ਪੰਨਾ 848}

ਅਰਥ: ਹੇ ਸਹੇਲੀਏ! ਭਗਵਾਨ ਨਾਲ ਪ੍ਰੀਤ ਬਣਾਈ ਰੱਖ। (ਦੁਨੀਆ ਦੇ ਪਦਾਰਥਾਂ ਵਲੋਂ) ਵੈਰਾਗਣ ਹੋ ਕੇ (ਮੋਹ ਤੋੜ ਕੇ ਪ੍ਰਭੂ ਦੇ ਚਰਨਾਂ ਵਿਚ) ਜੁੜੀ ਰਹੁ। (ਜਿਹੜੀਆਂ ਜੀਵ-ਇਸਤ੍ਰੀਆਂ ਪ੍ਰਭੂ-ਚਰਨਾਂ ਵਿਚ ਜੁੜੀਆਂ ਰਹਿੰਦੀਆਂ ਹਨ, ਉਹ) ਚੰਦਨ, ਸੋਹਣੇ ਕੱਪੜੇ, ਸੁਗੰਧੀਆਂ, ਸੁਆਦਲੇ ਭੋਜਨ (ਆਦਿਕ ਤੋਂ ਪੈਦਾ ਹੋਣ ਵਾਲੀ) ਆਤਮਕ ਮੌਤ ਲਿਆਉਣ ਵਾਲੀ ਹਉਮੈ ਜ਼ਹਿਰ ਨੂੰ ਤਿਆਗ ਦੇਂਦੀਆਂ ਹਨ। (ਹੇ ਸਹੇਲੀਏ! ਇਹਨਾਂ ਰਸਾਂ ਦੀ ਖ਼ਾਤਰ) ਇਧਰ ਉਧਰ ਡੋਲਣਾ ਨਹੀਂ ਚਾਹੀਦਾ ਹੈ, (ਪਰ ਇਹਨਾਂ ਵਲੋਂ) ਉਹੀ ਸੁਚੇਤ ਰਹਿੰਦੀਆਂ ਹਨ ਜਿਹੜੀਆਂ ਪ੍ਰਭੂ ਦੀ ਸੇਵਾ-ਭਗਤੀ ਵਿਚ ਲੀਨ ਰਹਿੰਦੀਆਂ ਹਨ।

ਹੇ ਨਾਨਕ! ਜਿਸ (ਜੀਵ-ਇਸਤ੍ਰੀ) ਨੇ ਆਪਣੇ ਪ੍ਰਭੂ (ਦਾ ਮਿਲਾਪ) ਹਾਸਲ ਕਰ ਲਿਆ, ਉਹ ਸਦਾ ਲਈ ਖਸਮ ਵਾਲੀ ਹੋ ਜਾਂਦੀ ਹੈ।੪।੧।੪।

*┈┉┅━❀꧁ੴ꧂❀━┅┉┈*

||ਅੱਜ ਦਾ ਫੁਰਮਾਨ|| ਗੁਰਦੁਆਰਾ ਸ੍ਰੀ ਪੰੰਜੋਖਰਾ ਸਾਹਿਬ ਪਾਤਸ਼ਾਹੀ: ਅੱੱਠਵੀਂ (ਅੰਬਾਲਾ)

ਸਲੋਕੁ ਮਃ ੩ ॥ ਮਾਇਆ ਮਮਤਾ ਮੋਹਣੀ ਜਿਨਿ ਵਿਣੁ ਦੰਤਾ ਜਗੁ ਖਾਇਆ ॥ ਮਨਮੁਖ ਖਾਧੇ ਗੁਰਮੁਖਿ ਉਬਰੇ ਜਿਨੀ ਸਚਿ ਨਾਮਿ ਚਿਤੁ ਲਾਇਆ ॥ {ਪੰਨਾ 643}

ਅਰਥ: ਮਾਇਆ ਦੀ ਅਪਣੱਤ (ਭਾਵ, ਇਹ ਖ਼ਿਆਲ ਕਿ ਏਹ ਸ਼ੈ ਮੇਰੀ ਹੈ, ਇਹ ਧਨ ਮੇਰਾ ਹੈ,) ਮਨ ਨੂੰ ਮੋਹਣ ਵਾਲੀ ਹੈ, ਇਸ ਨੇ ਸੰਸਾਰ ਨੂੰ ਬਿਨਾਂ ਦੰਦਾਂ ਤੋਂ ਹੀ ਖਾ ਲਿਆ ਹੈ (ਭਾਵ, ਸਮੂਲਚਾ ਹੀ ਨਿਗਲ ਲਿਆ ਹੈ) , ਮਨਮੁਖ (ਇਸ 'ਮਮਤਾਵਿਚ) ਗ੍ਰਸੇ ਗਏ ਹਨ, ਤੇ ਜਿਨ੍ਹਾਂ ਗੁਰਮੁਖਾਂ ਨੇ ਸੱਚੇ ਨਾਮ ਵਿਚ ਚਿੱਤ ਜੋੜਿਆ ਹੈ ਉਹ ਬਚ ਗਏ ਹਨ।

ਬਿਨੁ ਨਾਵੈ ਜਗੁ ਕਮਲਾ ਫਿਰੈ ਗੁਰਮੁਖਿ ਨਦਰੀ ਆਇਆ ॥ ਧੰਧਾ ਕਰਤਿਆ ਨਿਹਫਲੁ ਜਨਮੁ ਗਵਾਇਆ ਸੁਖਦਾਤਾ ਮਨਿ ਨ ਵਸਾਇਆ ॥ {ਪੰਨਾ 643}

ਅਰਥ: ਸਤਿਗੁਰੂ ਦੇ ਸਨਮੁਖ ਹੋ ਕੇ ਇਹ ਦਿੱਸ ਪੈਂਦਾ ਹੈ ਕਿ ਸੰਸਾਰ ਨਾਮ ਤੋਂ ਬਿਨਾ ਕਮਲਾ ਹੋਇਆ ਭਟਕਦਾ ਹੈ, ਮਾਇਆ ਦੇ ਕਜ਼ੀਏ ਕਰਦਿਆਂ ਮਨੁੱਖਾ ਜਨਮ ਨਿਸਫਲ ਗਵਾ ਲੈਂਦਾ ਹੈ ਤੇ ਸੁਖਦਾਤਾ ਨਾਮ ਮਨ ਵਿਚ ਨਹੀਂ ਵਸਾਉਂਦਾ।

ਨਾਨਕ ਨਾਮੁ ਤਿਨਾ ਕਉ ਮਿਲਿਆ ਜਿਨ ਕਉ ਧੁਰਿ ਲਿਖਿ ਪਾਇਆ ॥੧॥ {ਪੰਨਾ 644}

ਅਰਥ: (ਪਰ) ਹੇ ਨਾਨਕ! ਨਾਮ ਉਹਨਾਂ ਮਨੁੱਖਾਂ ਨੂੰ ਹੀ ਮਿਲਦਾ ਹੈ ਜਿਨ੍ਹਾਂ ਦੇ ਹਿਰਦੇ ਵਿਚ ਮੁੱਢ ਤੋਂ (ਕੀਤੇ ਕਰਮਾਂ ਦੇ ਅਨੁਸਾਰ) (ਸੰਸਕਾਰ-ਰੂਪ ਲੇਖ) ਉੱਕਰ ਕੇ ਪ੍ਰਭੂ ਨੇ ਰੱਖ ਦਿੱਤਾ ਹੈ।੧।

ਮਃ ੩ ॥ ਘਰ ਹੀ ਮਹਿ ਅੰਮ੍ਰਿਤੁ ਭਰਪੂਰੁ ਹੈ ਮਨਮੁਖਾ ਸਾਦੁ ਨ ਪਾਇਆ ॥ ਜਿਉ ਕਸਤੂਰੀ ਮਿਰਗੁ ਨ ਜਾਣੈ ਭ੍ਰਮਦਾ ਭਰਮਿ ਭੁਲਾਇਆ ॥ ਅੰਮ੍ਰਿਤੁ ਤਜਿ ਬਿਖੁ ਸੰਗ੍ਰਹੈ ਕਰਤੈ ਆਪਿ ਖੁਆਇਆ ॥ {ਪੰਨਾ 644}

ਅਰਥ: (ਨਾਮ-ਰੂਪਅੰਮ੍ਰਿਤ (ਹਰੇਕ ਜੀਵ ਦੇ ਹਿਰਦੇ-ਰੂਪ) ਘਰ ਵਿਚ ਹੀ ਭਰਿਆ ਹੋਇਆ ਹੈ, (ਪਰ) ਮਨਮੁਖਾਂ ਨੂੰ (ਉਸ ਦਾਸੁਆਦ ਨਹੀਂ ਆਉਂਦਾ। ਜਿਵੇਂ ਹਰਨ (ਆਪਣੀ ਨਾਭੀ ਵਿਚ) ਕਸਤੂਰੀ ਨਹੀਂ ਸਮਝਦਾ ਤੇ ਭਰਮ ਵਿਚ ਭੁਲਾਇਆ ਹੋਇਆ ਭਟਕਦਾ ਹੈ, ਤਿਵੇਂ ਮਨਮੁਖ ਨਾਮ-ਅੰਮ੍ਰਿਤ ਨੂੰ ਛੱਡ ਕੇ ਵਿਹੁ ਨੂੰ ਇਕੱਠਾ ਕਰਦਾ ਹੈ, (ਪਰ ਉਸ ਦੇ ਭੀ ਕੀਹ ਵੱਸ?) ਕਰਤਾਰ ਨੇ (ਉਸ ਦੇ ਪਿਛਲੇ ਕੀਤੇ ਅਨੁਸਾਰ) ਉਸ ਨੂੰ ਆਪ ਖੁੰਝਾਇਆ ਹੋਇਆ ਹੈ।

ਗੁਰਮੁਖਿ ਵਿਰਲੇ ਸੋਝੀ ਪਈ ਤਿਨਾ ਅੰਦਰਿ ਬ੍ਰਹਮੁ ਦਿਖਾਇਆ ॥ ਤਨੁ ਮਨੁ ਸੀਤਲੁ ਹੋਇਆ ਰਸਨਾ ਹਰਿ ਸਾਦੁ ਆਇਆ ॥ {ਪੰਨਾ 644}

ਅਰਥ: ਵਿਰਲੇ ਗੁਰਮੁਖਾਂ ਨੂੰ ਸਮਝ ਪੈਂਦੀ ਹੈ, ਉਹਨਾਂ ਨੂੰ ਹਿਰਦੇ ਵਿਚ ਹੀ (ਪਰਮਾਤਮਾ ਦਿੱਸ ਪੈਂਦਾ ਹੈਉਹਨਾਂ ਦਾ ਮਨ ਤੇ ਸਰੀਰ ਠੰਢੇ-ਠਾਰ ਹੋ ਜਾਂਦੇ ਹਨ ਤੇ ਜੀਭ ਨਾਲ (ਜਪ ਕੇ) ਉਹਨਾਂ ਨੂੰ ਨਾਮ ਦਾ ਸੁਆਦ ਆ ਜਾਂਦਾ ਹੈ।

ਸਬਦੇ ਹੀ ਨਾਉ ਊਪਜੈ ਸਬਦੇ ਮੇਲਿ ਮਿਲਾਇਆ ॥ ਬਿਨੁ ਸਬਦੈ ਸਭੁ ਜਗੁ ਬਉਰਾਨਾ ਬਿਰਥਾ ਜਨਮੁ ਗਵਾਇਆ ॥ {ਪੰਨਾ 644}

ਅਰਥ: ਸਤਿਗੁਰੂ ਦੇ ਸ਼ਬਦ ਨਾਲ ਹੀ ਨਾਮ (ਦਾ ਅੰਗੂਰ ਹਿਰਦੇ ਵਿਚ) ਉੱਗਦਾ ਹੈ ਤੇ ਸ਼ਬਦ ਦੀ ਰਾਹੀਂ ਹੀ ਹਰੀ ਨਾਲ ਮੇਲ ਹੁੰਦਾ ਹੈਸ਼ਬਦ ਤੋਂ ਬਿਨਾ ਸਾਰਾ ਸੰਸਾਰ ਪਾਗਲ ਹੋਇਆ ਪਿਆ ਹੈ ਤੇ ਮਨੁੱਖਾ ਜਨਮ ਵਿਅਰਥ ਗਵਾਉਂਦਾ ਹੈ।

ਅੰਮ੍ਰਿਤੁ ਏਕੋ ਸਬਦੁ ਹੈ ਨਾਨਕ ਗੁਰਮੁਖਿ ਪਾਇਆ ॥੨॥ {ਪੰਨਾ 644}

ਅਰਥ: ਹੇ ਨਾਨਕ! ਗੁਰੂ ਦਾ ਇਕ ਸ਼ਬਦ ਹੀ ਆਤਮਕ ਜੀਵਨ ਦੇਣ ਵਾਲਾ ਜਲ ਹੈ ਜੋ ਸਤਿਗੁਰੂ ਦੇ ਸਨਮੁਖ ਮਨੁੱਖ ਨੂੰ ਮਿਲਦਾ ਹੈ।੨।

ਪਉੜੀ ॥ ਸੋ ਹਰਿ ਪੁਰਖੁ ਅਗੰਮੁ ਹੈ ਕਹੁ ਕਿਤੁ ਬਿਧਿ ਪਾਈਐ ॥ ਤਿਸੁ ਰੂਪੁ ਨ ਰੇਖ ਅਦ੍ਰਿਸਟੁ ਕਹੁ ਜਨ ਕਿਉ ਧਿਆਈਐ ॥ ਨਿਰੰਕਾਰੁ ਨਿਰੰਜਨੁ ਹਰਿ ਅਗਮੁ ਕਿਆ ਕਹਿ ਗੁਣ ਗਾਈਐ ॥ {ਪੰਨਾ 644}

ਅਰਥ: ਹੇ ਭਾਈ! ਦੱਸ ਉਹ ਹਰੀ, ਜੋ ਅਗੰਮ ਪੁਰਖ ਹੈ, ਕਿਸ ਤਰ੍ਹਾਂ ਮਿਲ ਸਕਦਾ ਹੈਉਸ ਦਾ ਕੋਈ ਰੂਪ ਨਹੀਂ, ਕੋਈ ਰੇਖ ਨਹੀਂ, ਦਿੱਸਦਾ ਭੀ ਨਹੀਂ, ਉਸ ਨੂੰ ਕਿਵੇਂ ਸਿਮਰੀਏਸ਼ਕਲ ਤੋਂ ਬਿਨਾ ਹੈ, ਮਾਇਆ ਤੋਂ ਰਹਿਤ ਹੈ, ਪਹੁੰਚ ਤੋਂ ਪਰੇ ਹੈ, ਸੋ, ਕੀਹ ਆਖ ਕੇ ਉਸ ਦੀ ਸਿਫ਼ਤਿ-ਸਾਲਾਹ ਕਰੀਏ?

ਜਿਸੁ ਆਪਿ ਬੁਝਾਏ ਆਪਿ ਸੁ ਹਰਿ ਮਾਰਗਿ ਪਾਈਐ ॥ ਗੁਰਿ ਪੂਰੈ ਵੇਖਾਲਿਆ ਗੁਰ ਸੇਵਾ ਪਾਈਐ ॥੪॥ {ਪੰਨਾ 644}

ਅਰਥ: ਜਿਸ ਮਨੁੱਖ ਨੂੰ ਆਪ ਪ੍ਰਭੂ ਸਮਝ ਦੇਂਦਾ ਹੈ ਉਹ ਪ੍ਰਭੂ ਦੇ ਰਾਹ ਤੇ ਤੁਰਦਾ ਹੈਪੂਰੇ ਗੁਰੂ ਨੇ ਹੀ ਉਸ ਦਾ ਦੀਦਾਰ ਕਰਾਇਆ ਹੈ, ਗੁਰੂ ਦੀ ਦੱਸੀ ਕਾਰ ਕੀਤਿਆਂ ਹੀ ਉਹ ਮਿਲਦਾ ਹੈ।੪।

*┈┉┅━❀꧁ੴ꧂❀━┅┉┈*

||ਅੱਜ ਦਾ ਫੁਰਮਾਨ|| ਗੁਰਦੁਆਰਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ, ਸ਼ਹੀਦ ਗੰਜ ਸਾਹਿਬ, ਅੰਮ੍ਰਿਤਸਰ ||

ਸੋਰਠਿ ਮਹਲਾ ੩ ਘਰੁ ੧ ਤਿਤੁਕੀ    ੴ ਸਤਿਗੁਰ ਪ੍ਰਸਾਦਿ ॥ ਭਗਤਾ ਦੀ ਸਦਾ ਤੂ ਰਖਦਾ ਹਰਿ ਜੀਉ ਧੁਰਿ ਤੂ ਰਖਦਾ ਆਇਆ ॥ ਪ੍ਰਹਿਲਾਦ ਜਨ ਤੁਧੁ ਰਾਖਿ ਲਏ ਹਰਿ ਜੀਉ ਹਰਣਾਖਸੁ ਮਾਰਿ ਪਚਾਇਆ ॥ ਗੁਰਮੁਖਾ ਨੋ ਪਰਤੀਤਿ ਹੈ ਹਰਿ ਜੀਉ ਮਨਮੁਖ ਭਰਮਿ ਭੁਲਾਇਆ ॥੧॥ ਹਰਿ ਜੀ ਏਹ ਤੇਰੀ ਵਡਿਆਈ ॥ ਭਗਤਾ ਕੀ ਪੈਜ ਰਖੁ ਤੂ ਸੁਆਮੀ ਭਗਤ ਤੇਰੀ ਸਰਣਾਈ ॥ ਰਹਾਉ ॥ ਭਗਤਾ ਨੋ ਜਮੁ ਜੋਹਿ ਨ ਸਾਕੈ ਕਾਲੁ ਨ ਨੇੜੈ ਜਾਈ ॥ ਕੇਵਲ ਰਾਮ ਨਾਮੁ ਮਨਿ ਵਸਿਆ ਨਾਮੇ ਹੀ ਮੁਕਤਿ ਪਾਈ ॥ ਰਿਧਿ ਸਿਧਿ ਸਭ ਭਗਤਾ ਚਰਣੀ ਲਾਗੀ ਗੁਰ ਕੈ ਸਹਜਿ ਸੁਭਾਈ ॥੨॥ {ਪੰਨਾ 637}

ਅਰਥ: ਹੇ ਹਰੀ! ਹੇ ਸੁਆਮੀ! ਭਗਤ ਤੇਰੀ ਸਰਨ ਪਏ ਰਹਿੰਦੇ ਹਨ, ਤੂੰ ਆਪਣੇ ਭਗਤਾਂ ਦੀ ਇੱਜ਼ਤ ਰੱਖ। ਹੇ ਹਰੀ! (ਭਗਤਾਂ ਦੀ ਇੱਜ਼ਤ) ਤੇਰੀ ਹੀ ਇੱਜ਼ਤ ਹੈ।ਰਹਾਉ।

ਹੇ ਹਰੀ! ਤੂੰ ਆਪਣੇ ਭਗਤਾਂ ਦੀ ਇੱਜ਼ਤ ਸਦਾ ਰੱਖਦਾ ਹੈਂ, ਜਦੋਂ ਤੋਂ ਜਗਤ ਬਣਿਆ ਹੈ ਤਦੋਂ ਤੋਂ (ਭਗਤਾਂ ਦੀ ਇੱਜ਼ਤ) ਰੱਖਦਾ ਆ ਰਿਹਾ ਹੈਂ। ਹੇ ਹਰੀ! ਪ੍ਰਹਿਲਾਦ ਭਗਤ ਵਰਗੇ ਅਨੇਕਾਂ ਸੇਵਕਾਂ ਦੀ ਤੂੰ ਇੱਜ਼ਤ ਰੱਖੀ ਹੈ, ਤੂੰ ਹਰਣਾਖਸ ਨੂੰ ਮਾਰ ਕੇ ਮੁਕਾ ਦਿੱਤਾ। ਹੇ ਹਰੀ! ਜੇਹੜੇ ਮਨੁੱਖ ਗੁਰੂ ਦੇ ਸਨਮੁਖ ਰਹਿੰਦੇ ਹਨ ਉਹਨਾਂ ਨੂੰ ਨਿਸ਼ਚਾ ਹੁੰਦਾ ਹੈ (ਕਿ ਤੂੰ ਭਗਤਾਂ ਦੀ ਇੱਜ਼ਤ ਬਚਾਂਦਾ ਹੈਂਪਰ) ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਭਟਕਣਾ ਵਿਚ ਪੈ ਕੇ ਕੁਰਾਹੇ ਪਏ ਰਹਿੰਦੇ ਹਨ।੧।

ਹੇ ਭਾਈ! ਭਗਤਾਂ ਨੂੰ ਮੌਤ ਡਰਾ ਨਹੀਂ ਸਕਦੀ, ਮੌਤ ਦਾ ਡਰ ਭਗਤਾਂ ਦੇ ਨੇੜੇ ਨਹੀਂ ਢੁਕਦਾ (ਕਿਉਂਕਿ ਮੌਤ ਦੇ ਡਰ ਦੇ ਥਾਂ) ਸਿਰਫ਼ ਪਰਮਾਤਮਾ ਦਾ ਨਾਮ (ਉਹਨਾਂ ਦੇ) ਮਨ ਵਿਚ ਵੱਸਦਾ ਹੈਨਾਮ ਦੀ ਬਰਕਤਿ ਨਾਲ ਹੀ ਉਹ (ਮੌਤ ਦੇ ਡਰ ਤੋਂਖ਼ਲਾਸੀ ਪ੍ਰਾਪਤ ਕਰ ਲੈਂਦੇ ਹਨ। ਭਗਤ ਗੁਰੂ ਦੀ ਰਾਹੀਂ (ਗੁਰੂ ਦੀ ਸ਼ਰਨ ਪੈ ਕੇ) ਆਤਮਕ ਅਡੋਲਤਾ ਵਿਚ ਪ੍ਰਭੂ-ਪਿਆਰ ਵਿਚ (ਟਿਕੇ ਰਹਿੰਦੇ ਹਨ, ਇਸ ਵਾਸਤੇ) ਸਭ ਕਰਾਮਾਤੀ ਤਾਕਤਾਂ ਭਗਤਾਂ ਦੀ ਚਰਨੀਂ ਲੱਗੀਆਂ ਰਹਿੰਦੀਆਂ ਹਨ।੨।

ਮਨਮੁਖਾ ਨੋ ਪਰਤੀਤਿ ਨ ਆਵੀ ਅੰਤਰਿ ਲੋਭ ਸੁਆਉ ॥ ਗੁਰਮੁਖਿ ਹਿਰਦੈ ਸਬਦੁ ਨ ਭੇਦਿਓ ਹਰਿ ਨਾਮਿ ਨ ਲਾਗਾ ਭਾਉ ॥ ਕੂੜ ਕਪਟ ਪਾਜੁ ਲਹਿ ਜਾਸੀ ਮਨਮੁਖ ਫੀਕਾ ਅਲਾਉ ॥੩॥ ਭਗਤਾ ਵਿਚਿ ਆਪਿ ਵਰਤਦਾ ਪ੍ਰਭ ਜੀ ਭਗਤੀ ਹੂ ਤੂ ਜਾਤਾ ॥ ਮਾਇਆ ਮੋਹ ਸਭ ਲੋਕ ਹੈ ਤੇਰੀ ਤੂ ਏਕੋ ਪੁਰਖੁ ਬਿਧਾਤਾ ॥ ਹਉਮੈ ਮਾਰਿ ਮਨਸਾ ਮਨਹਿ ਸਮਾਣੀ ਗੁਰ ਕੈ ਸਬਦਿ ਪਛਾਤਾ ॥੪॥ ਅਚਿੰਤ ਕੰਮ ਕਰਹਿ ਪ੍ਰਭ ਤਿਨ ਕੇ ਜਿਨ ਹਰਿ ਕਾ ਨਾਮੁ ਪਿਆਰਾ ॥ ਗੁਰ ਪਰਸਾਦਿ ਸਦਾ ਮਨਿ ਵਸਿਆ ਸਭਿ ਕਾਜ ਸਵਾਰਣਹਾਰਾ ॥ ਓਨਾ ਕੀ ਰੀਸ ਕਰੇ ਸੁ ਵਿਗੁਚੈ ਜਿਨ ਹਰਿ ਪ੍ਰਭੁ ਹੈ ਰਖਵਾਰਾ ॥੫॥ {ਪੰਨਾ 637-638}

ਅਰਥ: ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਨੂੰ (ਪਰਮਾਤਮਾ ਉਤੇ) ਯਕੀਨ ਨਹੀਂ ਬੱਝਦਾ, ਉਹਨਾਂ ਦੇ ਅੰਦਰ ਲੋਭ-ਭਰੀ ਗ਼ਰਜ਼ ਟਿਕੀ ਰਹਿੰਦੀ ਹੈ। ਗੁਰੂ ਦੀ ਸਰਨ ਪੈ ਕੇ ਉਹਨਾਂ (ਮਨਮੁਖਾਂ) ਦੇ ਹਿਰਦੇ ਵਿਚ ਗੁਰੂ ਦਾ ਸ਼ਬਦ ਨਹੀਂ ਵਿੱਝਦਾ, ਪਰਮਾਤਮਾ ਦੇ ਨਾਮ ਵਿਚ ਉਹਨਾਂ ਦਾ ਪਿਆਰ ਨਹੀਂ ਬਣਦਾ। ਮਨਮੁਖਾਂ ਦਾ ਬੋਲ ਭੀ ਰੁੱਖਾ ਰੁੱਖਾ ਹੁੰਦਾ ਹੈ। ਪਰ ਉਹਨਾਂ ਦਾ ਝੂਠ ਤੇ ਠੱਗੀ ਦਾ ਪਾਜ ਉੱਘੜ ਹੀ ਜਾਂਦਾ ਹੈ।੩।

ਹੇ ਪ੍ਰਭੂ! ਆਪਣੇ ਭਗਤਾਂ ਵਿਚ ਤੂੰ ਆਪ ਕੰਮ ਕਰਦਾ ਹੈਂ, ਤੇਰੇ ਭਗਤਾਂ ਨੇ ਹੀ ਤੇਰੇ ਨਾਲ ਡੂੰਘੀ ਸਾਂਝ ਪਾਈ ਹੈ। ਪਰ, ਹੇ ਪ੍ਰਭੂ! ਮਾਇਆ ਦਾ ਮੋਹ ਭੀ ਤੇਰੀ ਹੀ ਰਚਨਾ ਹੈ, ਤੂੰ ਆਪ ਹੀ ਸਰਬ-ਵਿਆਪਕ ਹੈਂ, ਤੇ ਰਚਨਹਾਰ ਹੈਂ, ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਸ਼ਬਦਾਂ ਦੀ ਰਾਹੀਂ (ਆਪਣੇ ਅੰਦਰੋਂ) ਹਉਮੈ ਦੂਰ ਕਰ ਕੇ ਮਨ ਦਾ ਫੁਰਨਾ ਮਨ ਵਿਚ ਹੀ ਲੀਨ ਕਰ ਦਿੱਤਾ ਹੈ, ਉਹਨਾਂ ਨੇ (ਹੇ ਪ੍ਰਭੂ! ਤੇਰੇ ਨਾਲ) ਸਾਂਝ ਪਾ ਲਈ।੪।

ਹੇ ਪ੍ਰਭੂ! ਜਿਨ੍ਹਾਂ ਨੂੰ ਤੇਰਾ ਹਰਿ-ਨਾਮ ਪਿਆਰਾ ਲੱਗਦਾ ਹੈ ਤੂੰ ਉਹਨਾਂ ਦੇ ਕੰਮ ਕਰ ਦੇਂਦਾ ਹੈਉਹਨਾਂ ਨੂੰ ਕੋਈ ਚਿੰਤਾ-ਫ਼ਿਕਰ ਹੀ ਨਹੀਂ ਹੁੰਦਾ। ਹੇ ਭਾਈ! ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਦੇ ਮਨ ਵਿਚ ਪਰਮਾਤਮਾ ਸਦਾ ਵੱਸਿਆ ਰਹਿੰਦਾ ਹੈਪਰਮਾਤਮਾ ਉਹਨਾਂ ਦੇ ਸਾਰੇ ਕੰਮ ਸਵਾਰ ਦੇਂਦਾ ਹੈ। ਜਿਨ੍ਹਾਂ ਮਨੁੱਖਾਂ ਦਾ ਰਾਖਾ ਪਰਮਾਤਮਾ ਆਪ ਬਣਦਾ ਹੈ, ਉਹਨਾਂ ਦੀ ਬਰਾਬਰੀ ਜੇਹੜਾ ਭੀ ਮਨੁੱਖ ਕਰਦਾ ਹੈ ਉਹ ਖ਼ੁਆਰ ਹੁੰਦਾ ਹੈ।੫।

ਬਿਨੁ ਸਤਿਗੁਰ ਸੇਵੇ ਕਿਨੈ ਨ ਪਾਇਆ ਮਨਮੁਖਿ ਭਉਕਿ ਮੁਏ ਬਿਲਲਾਈ ॥ ਆਵਹਿ ਜਾਵਹਿ ਠਉਰ ਨ ਪਾਵਹਿ ਦੁਖ ਮਹਿ ਦੁਖਿ ਸਮਾਈ ॥ ਗੁਰਮੁਖਿ ਹੋਵੈ ਸੁ ਅੰਮ੍ਰਿਤੁ ਪੀਵੈ ਸਹਜੇ ਸਾਚਿ ਸਮਾਈ ॥੬॥ ਬਿਨੁ ਸਤਿਗੁਰ ਸੇਵੇ ਜਨਮੁ ਨ ਛੋਡੈ ਜੇ ਅਨੇਕ ਕਰਮ ਕਰੈ ਅਧਿਕਾਈ ॥ ਵੇਦ ਪੜਹਿ ਤੈ ਵਾਦ ਵਖਾਣਹਿ ਬਿਨੁ ਹਰਿ ਪਤਿ ਗਵਾਈ ॥ ਸਚਾ ਸਤਿਗੁਰੁ ਸਾਚੀ ਜਿਸੁ ਬਾਣੀ ਭਜਿ ਛੂਟਹਿ ਗੁਰ ਸਰਣਾਈ ॥੭॥ ਜਿਨ ਹਰਿ ਮਨਿ ਵਸਿਆ ਸੇ ਦਰਿ ਸਾਚੇ ਦਰਿ ਸਾਚੈ ਸਚਿਆਰਾ ॥ ਓਨਾ ਦੀ ਸੋਭਾ ਜੁਗਿ ਜੁਗਿ ਹੋਈ ਕੋਇ ਨ ਮੇਟਣਹਾਰਾ ॥ ਨਾਨਕ ਤਿਨ ਕੈ ਸਦ ਬਲਿਹਾਰੈ ਜਿਨ ਹਰਿ ਰਾਖਿਆ ਉਰਿ ਧਾਰਾ ॥੮॥੧॥ {ਪੰਨਾ 638}

ਅਰਥ: ਹੇ ਭਾਈ! ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਕਿਸੇ ਮਨੁੱਖ ਨੇ ਭੀ (ਪਰਮਾਤਮਾ ਦਾ ਮਿਲਾਪਹਾਸਲ ਨਹੀਂ ਕੀਤਾ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਫ਼ਜ਼ੂਲ ਬੋਲ ਬੋਲ ਕੇ ਵਿਲਕ ਵਿਲਕ ਕੇ ਆਤਮਕ ਮੌਤ ਸਹੇੜ ਲੈਂਦੇ ਹਨ। ਉਹ ਸਦਾ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ (ਇਸ ਗੇੜ ਤੋਂ ਬਚਣ ਲਈ ਕੋਈ) ਠਾਹਰ ਉਹ ਲੱਭ ਨਹੀਂ ਸਕਦੇ, ਦੁੱਖ ਵਿਚ (ਜੀਵਨ ਬਤੀਤ ਕਰਦੇ ਆਖ਼ਰ) ਦੁੱਖ ਵਿਚ (ਹੀ) ਗ਼ਰਕ ਹੋ ਜਾਂਦੇ ਹਨ। ਜੇਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ ਉਹ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦਾ ਹੈ, (ਤੇ, ਇਸ ਤਰ੍ਹਾਂ) ਆਤਮਕ ਅਡੋਲਤਾ ਵਿਚ ਸਦਾ-ਥਿਰ ਹਰਿ-ਨਾਮ ਵਿਚ ਲੀਨ ਰਹਿੰਦਾ ਹੈ।੬।

ਹੇ ਭਾਈ! ਗੁਰੂ ਦੀ ਸ਼ਰਨ ਪੈਣ ਤੋਂ ਬਿਨਾ (ਮਨੁੱਖ ਨੂੰ ਜਨਮਾਂ ਦਾ ਗੇੜ ਨਹੀਂ ਛੱਡਦਾ, ਉਹ ਭਾਵੇਂ ਬਥੇਰੇ ਅਨੇਕਾਂ ਹੀ (ਮਿੱਥੇ ਹੋਏ ਧਾਰਮਿਕਕਰਮ ਕਰਦਾ ਰਹੇ। (ਪੰਡਿਤ ਲੋਕ) ਵੇਦ (ਆਦਿਕ ਧਰਮ-ਪੁਸਤਕਾਂ) ਪੜ੍ਹਦੇ ਹਨ, ਅਤੇ (ਉਹਨਾਂ ਬਾਬਤ ਨਿਰੀਆਂ) ਬਹਿਸਾਂ (ਹੀ) ਕਰਦੇ ਹਨ। (ਯਕੀਨ ਜਾਣੋ ਕਿ) ਪਰਮਾਤਮਾ ਦੇ ਨਾਮ ਤੋਂ ਬਿਨਾ ਉਹਨਾਂ ਨੇ ਪ੍ਰਭੂ-ਦਰ ਤੇ ਆਪਣੀ ਇੱਜ਼ਤ ਗਵਾ ਲਈ ਹੈ।

ਹੇ ਭਾਈ! ਗੁਰੂ ਸਦਾ-ਥਿਰ ਪ੍ਰਭੂ ਦੇ ਨਾਮ ਦਾ ਉਪਦੇਸ਼ ਕਰਨ ਵਾਲਾ ਹੈ, ਉਸ ਦੀ ਬਾਣੀ ਭੀ ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਾਲੀ ਹੈ। ਜੇਹੜੇ ਮਨੁੱਖ ਦੌੜ ਕੇ ਗੁਰੂ ਦੀ ਸ਼ਰਨ ਜਾ ਪੈਂਦੇ ਹਨ, ਉਹ (ਆਤਮਕ ਮੌਤ ਤੋਂਬਚ ਜਾਂਦੇ ਹਨ।੭।

ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਪਰਮਾਤਮਾ ਆ ਵੱਸਦਾ ਹੈ, ਉਹ ਮਨੁੱਖ ਸਦਾ-ਥਿਰ ਪ੍ਰਭੂ ਦੇ ਦਰ ਤੇ ਸੁਰਖ਼-ਰੂ ਹੋ ਜਾਂਦੇ ਹਨ। ਉਹਨਾਂ ਮਨੁੱਖਾਂ ਦੀ ਵਡਿਆਈ ਹਰੇਕ ਜੁਗ ਵਿਚ ਹੀ ਹੁੰਦੀ ਹੈ, ਕੋਈ (ਨਿੰਦਕ ਆਦਿਕ ਉਹਨਾਂ ਦੀ ਇਸ ਹੋ ਰਹੀ ਵਡਿਆਈ ਨੂੰ) ਮਿਟਾ ਨਹੀਂ ਸਕਦਾ। ਹੇ ਨਾਨਕ! ਆਖ-) ਮੈਂ ਉਹਨਾਂ ਮਨੁੱਖਾਂ ਤੋਂ ਸਦਕੇ ਜਾਂਦਾ ਹਾਂ, ਜਿਨ੍ਹਾਂ ਨੇ ਪਰਮਾਤਮਾ (ਦੇ ਨਾਮ) ਨੂੰ ਆਪਣੇ ਹਿਰਦੇ ਵਿਚ ਵਸਾ ਰੱਖਿਆ ਹੈ।੮।੧।

*┈┉┅━❀꧁ੴ꧂❀━┅┉┈*

||ਅੱਜ ਦਾ ਫੁਰਮਾਨ|| ਗੁਰਦੁਆਰਾ ਸ਼੍ਰੀ ਕੰਧ ਸਾਹਿਬ ਬਟਾਲਾ ||

ਸੋਰਠਿ ਮਹਲਾ ੫ ॥ ਗੁਰਿ ਪੂਰੈ ਕਿਰਪਾ ਧਾਰੀ ॥ ਪ੍ਰਭਿ ਪੂਰੀ ਲੋਚ ਹਮਾਰੀ ॥ ਕਰਿ ਇਸਨਾਨੁ ਗ੍ਰਿਹਿ ਆਏ ॥ ਅਨਦ ਮੰਗਲ ਸੁਖ ਪਾਏ ॥੧॥ ਸੰਤਹੁ ਰਾਮ ਨਾਮਿ ਨਿਸਤਰੀਐ ॥ ਊਠਤ ਬੈਠਤ ਹਰਿ ਹਰਿ ਧਿਆਈਐ ਅਨਦਿਨੁ ਸੁਕ੍ਰਿਤੁ ਕਰੀਐ ॥੧॥ ਰਹਾਉ ॥ ਸੰਤ ਕਾ ਮਾਰਗੁ ਧਰਮ ਕੀ ਪਉੜੀ ਕੋ ਵਡਭਾਗੀ ਪਾਏ ॥ ਕੋਟਿ ਜਨਮ ਕੇ ਕਿਲਬਿਖ ਨਾਸੇ ਹਰਿ ਚਰਣੀ ਚਿਤੁ ਲਾਏ ॥੨॥ ਉਸਤਤਿ ਕਰਹੁ ਸਦਾ ਪ੍ਰਭ ਅਪਨੇ ਜਿਨਿ ਪੂਰੀ ਕਲ ਰਾਖੀ ॥ ਜੀਅ ਜੰਤ ਸਭਿ ਭਏ ਪਵਿਤ੍ਰਾ ਸਤਿਗੁਰ ਕੀ ਸਚੁ ਸਾਖੀ ॥੩॥ ਬਿਘਨ ਬਿਨਾਸਨ ਸਭਿ ਦੁਖ ਨਾਸਨ ਸਤਿਗੁਰਿ ਨਾਮੁ ਦ੍ਰਿੜਾਇਆ ॥ ਖੋਏ ਪਾਪ ਭਏ ਸਭਿ ਪਾਵਨ ਜਨ ਨਾਨਕ ਸੁਖਿ ਘਰਿ ਆਇਆ ॥੪॥੩॥੫੩॥ {ਪੰਨਾ 621-622}

ਅਰਥ: ਹੇ ਸੰਤ ਜਨੋ! ਪਰਮਾਤਮਾ ਦੇ ਨਾਮ ਵਿਚ (ਜੁੜਿਆਂ ਹੀ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਸਕੀਦਾ ਹੈ। (ਇਸ ਵਾਸਤੇ) ਉਠਦਿਆਂ ਬੈਠਦਿਆਂ ਹਰ ਵੇਲੇ ਹਰਿ-ਨਾਮ ਸਿਮਰਨਾ ਚਾਹੀਦਾ ਹੈ, (ਹਰਿ-ਨਾਮ ਸਿਮਰਨ ਦੀ ਇਹ) ਨੇਕ ਕਮਾਈ ਹਰ ਵੇਲੇ ਕਰਨੀ ਚਾਹੀਦੀ ਹੈ।੧।ਰਹਾਉ।

(ਹੇ ਸੰਤ ਜਨੋ! ਜਦੋਂ ਤੋਂ) ਪੂਰੇ ਗੁਰੂ ਨੇ ਮੇਹਰ ਕੀਤੀ ਹੈ, ਪ੍ਰਭੂ ਨੇ ਸਾਡੀ (ਨਾਮ ਸਿਮਰਨ ਦੀ) ਤਾਂਘ ਪੂਰੀ ਕਰ ਦਿੱਤੀ ਹੈ। (ਨਾਮ ਸਿਮਰਨ ਦੀ ਬਰਕਤਿ ਨਾਲ) ਆਤਮਕ ਇਸ਼ਨਾਨ ਕਰ ਕੇ ਅਸੀ ਅੰਤਰ-ਆਤਮੇ ਟਿਕੇ ਰਹਿੰਦੇ ਹਾਂ। ਆਤਮਕ ਆਨੰਦ ਆਤਮਕ ਖ਼ੁਸ਼ੀਆਂ ਆਤਮਕ ਸੁਖ ਮਾਣ ਰਹੇ ਹਾਂ।੧।

(ਹੇ ਸੰਤ ਜਨੋ! ਸਿਮਰਨ ਕਰਨਾ ਹੀ ਇਨਸਾਨ ਵਾਸਤੇ) ਗੁਰੂ ਦਾ (ਦੱਸਿਆ ਹੋਇਆ ਸਹੀ) ਰਸਤਾ ਹੈ, (ਸਿਮਰਨ ਹੀ) ਧਰਮ ਦੀ ਪਉੜੀ ਹੈ (ਜਿਸ ਦੀ ਰਾਹੀਂ ਮਨੁੱਖ ਪ੍ਰਭੂ-ਚਰਨਾਂ ਵਿਚ ਪਹੁੰਚ ਸਕਦਾ ਹੈ, ਪਰ) ਕੋਈ ਵਿਰਲਾ ਭਾਗਾਂ ਵਾਲਾ (ਇਹ ਪਉੜੀ) ਲੱਭਦਾ ਹੈ। ਜੇਹੜਾ ਮਨੁੱਖ (ਸਿਮਰਨ ਦੀ ਰਾਹੀਂ) ਪਰਮਾਤਮਾ ਦੇ ਚਰਨਾਂ ਵਿਚ ਚਿੱਤ ਜੋੜਦਾ ਹੈ, ਉਸ ਦੇ ਕ੍ਰੋੜਾਂ ਜਨਮਾਂ ਦੇ ਪਾਪ ਨਾਸ ਹੋ ਜਾਂਦੇ ਹਨ।

ਹੇ ਸੰਤ ਜਨੋ! ਜਿਸ ਪਰਮਾਤਮਾ ਨੇ (ਸਾਰੇ ਸੰਸਾਰ ਵਿਚ ਆਪਣੀ) ਪੂਰੀ ਸੱਤਿਆ ਟਿਕਾ ਰੱਖੀ ਹੈ, ਉਸ ਦੀ ਸਿਫ਼ਤਿ-ਸਾਲਾਹ ਸਦਾ ਕਰਦੇ ਰਿਹਾ ਕਰੋ। ਹੇ ਭਾਈ! ਉਹ ਸਾਰੇ ਹੀ ਪ੍ਰਾਣੀ ਸੁੱਚੇ ਜੀਵਨ ਵਾਲੇ ਬਣ ਜਾਂਦੇ ਹਨ, ਜੇਹੜੇ ਸਦਾ-ਥਿਰ ਹਰਿ-ਨਾਮ ਸਿਮਰਨ ਵਾਲੀ ਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕਰਦੇ ਹਨ।੩।

ਹੇ ਨਾਨਕ! ਆਖ-ਜੀਵਨ ਦੇ ਰਸਤੇ ਵਿਚੋਂ ਸਾਰੀਆਂ) ਰੁਕਾਵਟਾਂ ਦੂਰ ਕਰਨ ਵਾਲਾ, ਸਾਰੇ ਦੁੱਖ ਨਾਸ ਕਰਨ ਵਾਲਾ ਹਰਿ-ਨਾਮ ਗੁਰੂ ਨੇ ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪੱਕਾ ਕਰ ਦਿੱਤਾ, ਉਹਨਾਂ ਦੇ ਸਾਰੇ ਪਾਪ ਨਾਸ ਹੋ ਜਾਂਦੇ ਹਨ, ਉਹ ਸਾਰੇ ਪਵਿਤ੍ਰ ਜੀਵਨ ਵਾਲੇ ਬਣ ਜਾਂਦੇ ਹਨ, ਉਹ ਆਤਮਕ ਆਨੰਦ ਨਾਲ ਅੰਤਰ-ਆਤਮੇ ਟਿਕੇ ਰਹਿੰਦੇ ਹਨ।੪।੩।੫੩।

*┈┉┅━❀꧁ੴ꧂❀━┅┉┈*

||ਅੱਜ ਦਾ ਫੁਰਮਾਨ|| ਗੁਰਦੁਆਰਾ ਸ਼੍ਰੀ ਪਾਉਂਟਾ ਸਾਹਿਬ ਪਾਤਸ਼ਾਹੀ ੧੦ ਵੀਂ (ਹਿਮਾਚਲ ਪ੍ਰਦੇਸ਼)||


*┈┉┅━❀꧁ੴ꧂❀━┅┉┈*

||ਅੱਜ ਦਾ ਫੁਰਮਾਨ|| ਗੁਰਦੁਆਰਾ ਸ਼੍ਰੀ ਬਾਉਲੀ ਸਾਹਿਬ, ਗੋਇੰਦਵਾਲ ਸਾਹਿਬ ||

ਬਿਲਾਵਲੁ ਮਹਲਾ ੫ ॥ ਸਹਜ ਸਮਾਧਿ ਅਨੰਦ ਸੂਖ ਪੂਰੇ ਗੁਰਿ ਦੀਨ ॥ ਸਦਾ ਸਹਾਈ ਸੰਗਿ ਪ੍ਰਭ ਅੰਮ੍ਰਿਤ ਗੁਣ ਚੀਨ ॥ ਰਹਾਉ ॥ਜੈ ਜੈ ਕਾਰੁ ਜਗਤ੍ਰ ਮਹਿ ਲੋਚਹਿ ਸਭਿ ਜੀਆ ॥ ਸੁਪ੍ਰਸੰਨ ਭਏ ਸਤਿਗੁਰ ਪ੍ਰਭੂ ਕਛੁ ਬਿਘਨੁ ਨ ਥੀਆ ॥੧॥ ਜਾ ਕਾ ਅੰਗੁ ਦਇਆਲ ਪ੍ਰਭ ਤਾ ਕੇ ਸਭ ਦਾਸ ॥ ਸਦਾ ਸਦਾ ਵਡਿਆਈਆ ਨਾਨਕ ਗੁਰ ਪਾਸਿ ॥੨॥੧੨॥੩੦॥ {ਪੰਨਾ 807-808}

ਅਰਥ: (ਹੇ ਭਾਈ! ਜਿਸ ਮਨੁੱਖ ਉੱਤੇ ਗੁਰੂ ਦਇਆਵਾਨ ਹੁੰਦਾ ਹੈ, ਉਸ ਨੂੰ) ਪੂਰੇ ਗੁਰੂ ਨੇ ਆਤਮਕ ਅਡੋਲਤਾ ਵਿਚ ਇਕ-ਰਸ ਟਿਕਾਉ ਦੇ ਸਾਰੇ ਸੁਖ ਆਨੰਦ ਦੇ ਦਿੱਤੇ। ਪ੍ਰਭੂ ਉਸ ਮਨੁੱਖ ਦਾ ਮਦਦਗਾਰ ਬਣਿਆ ਰਹਿੰਦਾ ਹੈ, ਉਸ ਦੇ ਅੰਗ-ਸੰਗ ਰਹਿੰਦਾ ਹੈ, ਉਹ ਮਨੁੱਖ ਪ੍ਰਭੂ ਦੇ ਆਤਮਕ ਜੀਵਨ ਦੇਣ ਵਾਲੇ ਗੁਣ (ਆਪਣੇ ਮਨ ਵਿਚ) ਵਿਚਾਰਦਾ ਰਹਿੰਦਾ ਹੈ।ਰਹਾਉ।

ਹੇ ਭਾਈ! ਜਿਸ ਮਨੁੱਖ ਉਤੇ ਗੁਰੂ ਪਰਮਾਤਮਾ ਚੰਗੀ ਤਰ੍ਹਾਂ ਪ੍ਰਸੰਨ ਹੋ ਗਏ, ਉਸ ਮਨੁੱਖ ਦੇ ਜੀਵਨ ਦੇ ਰਸਤੇ ਵਿਚ ਕੋਈ ਰੁਕਾਵਟ ਨਹੀਂ ਆਉਂਦੀ, ਸਾਰੇ ਜਗਤ ਵਿਚ ਹਰ ਥਾਂ ਉਸ ਦੀ ਸੋਭਾ ਹੁੰਦੀ ਹੈ, (ਜਗਤ ਦੇ) ਸਾਰੇ ਜੀਵ (ਉਸ ਦਾ ਦਰਸਨ ਕਰਨਾ) ਚਾਹੁੰਦੇ ਹਨ।੧।

ਹੇ ਭਾਈ! ਦਇਆ ਦਾ ਸੋਮਾ ਪ੍ਰਭੂ ਜਿਸ (ਮਨੁੱਖ) ਦਾ ਪੱਖ ਕਰਦਾ ਹੈਸਭ ਜੀਵ ਉਸ ਦੇ ਸੇਵਕ ਹੋ ਜਾਂਦੇ ਹਨ। ਹੇ ਨਾਨਕ! ਗੁਰੂ ਦੇ ਚਰਨਾਂ ਵਿਚ ਰਿਹਾਂ ਸਦਾ ਹੀ ਆਦਰ-ਮਾਣ ਮਿਲਦਾ ਹੈ।੨।੧੨।੩੦।

*┈┉┅━❀꧁ੴ꧂❀━┅┉┈*

*ਗੱਜ-ਵੱਜ ਕੇ ਫਤਹਿ ਬੁਲਾਓ ਜੀ !!*

*ਵਾਹਿਗੁਰੂ ਜੀ ਕਾ ਖਾਲਸਾ !!*

*ਵਾਹਿਗੁਰੂ ਜੀ ਕੀ ਫਤਹਿ ਜੀ !!*

*┈┉┅━❀꧁ੴ꧂❀━┅┉┈*

👉 More Gurbani Daily Update 

Touch This App Name Automatically Join 👇

 

👉  Youtube Channel :- Sikh Youth Of Punjab

👉  Facebook Page :- Sikhyouthpb

👉 Whatsapp Group :- Sikhyouthpb  


No comments:

Post a Comment

Live Gurbani

ਰੋਜ਼ਾਨਾ ਹੁਕਮਨਾਮਾ ਸਾਹਿਬ

     * ਹੁਕਮਨਾਮਾ ਸਾਹਿਬ ਜੀ ਪੜ੍ਹਨ ਵੇਲੇ ਆਪਣੇ ਸਿਰ ਨੂੰ ਢਕ ਕੇ ਅਤੇ ਆਪਣੇ ਬੂਟ/ਚੱਪਲ ਉਤਾਰ ਕੇ ਪੜ੍ਹਨ ਦੀ ਖੇਚਲ ਕਰੋ ਜੀ * *┈┉┅━❀꧁ੴ꧂❀━┅┉┈* ||ਅੱਜ ਦਾ ਫੁਰਮਾਨ|| ਸ਼...

Live kirtan

Click on the play button to play a sound:

Popular Posts