ਜੈਤਸਰੀ ਮਹਲਾ ੫ ਛੰਤ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਸਲੋਕ ॥ ਦਰਸਨ ਪਿਆਸੀ ਦਿਨਸੁ ਰਾਤਿ ਚਿਤਵਉ ਅਨਦਿਨੁ ਨੀਤ ॥ ਖੋਲ੍ਹ੍ਹਿ ਕਪਟ ਗੁਰਿ ਮੇਲੀਆ ਨਾਨਕ ਹਰਿ ਸੰਗਿ ਮੀਤ ॥੧॥ ਛੰਤ ॥ ਸੁਣਿ ਯਾਰ ਹਮਾਰੇ ਸਜਣ ਇਕ ਕਰਉ ਬੇਨੰਤੀਆ ॥ ਤਿਸੁ ਮੋਹਨ ਲਾਲ ਪਿਆਰੇ ਹਉ ਫਿਰਉ ਖੋਜੰਤੀਆ ॥ ਤਿਸੁ ਦਸਿ ਪਿਆਰੇ ਸਿਰੁ ਧਰੀ ਉਤਾਰੇ ਇਕ ਭੋਰੀ ਦਰਸਨੁ ਦੀਜੈ ॥ ਨੈਨ ਹਮਾਰੇ ਪ੍ਰਿਅ ਰੰਗ ਰੰਗਾਰੇ ਇਕੁ ਤਿਲੁ ਭੀ ਨਾ ਧੀਰੀਜੈ ॥ ਪ੍ਰਭ ਸਿਉ ਮਨੁ ਲੀਨਾ ਜਿਉ ਜਲ ਮੀਨਾ ਚਾਤ੍ਰਿਕ ਜਿਵੈ ਤਿਸੰਤੀਆ ॥ ਜਨ ਨਾਨਕ ਗੁਰੁ ਪੂਰਾ ਪਾਇਆ ਸਗਲੀ ਤਿਖਾ ਬੁਝੰਤੀਆ ॥੧॥ {ਪੰਨਾ 703}
ਪਦਅਰਥ: ਪਿਆਸੀ = ਤਿਹਾਈ, ਚਾਹਵਾਨ। ਚਿਤਵਉ = ਚਿਤਵਉਂ, ਮੈਂ ਚਿਤਾਰਦੀ ਹਾਂ। ਅਨਦਿਨੁ = ਹਰ ਰੋਜ਼ {अनुदिनां} ਹਰ ਵੇਲੇ। ਨੀਤ = ਨਿੱਤ, ਸਦਾ। ਖੋਲ੍ਹ੍ਹਿ = ਖੋਹਲ ਕੇ। ਕਪਟ = ਕਪਾਟ, ਕਿਵਾੜ। ਖੋਲ੍ਹ੍ਹਿ ਕਪਟ = ਮੇਰੇ ਮਨ ਦੇ ਕਿਵਾੜ ਖੋਹਲ ਕੇ, ਮੇਰੇ ਮਾਇਆ ਦੇ ਛੌੜ ਕੱਟ ਕੇ। ਗੁਰਿ = ਗੁਰੂ ਨੇ। ਮੇਲੀਆ = ਮਿਲਾ ਦਿੱਤਾ। ਸੰਗਿ = ਨਾਲ।੧।
ਛੰਤ। ਯਾਰ = ਹੇ ਯਾਰ! ਸਜਣ = ਹੇ ਸੱਜਣ! ਕਰਉ = ਕਰਉਂ, ਮੈਂ ਕਰਦੀ ਹਾਂ। ਹਉ ਫਿਰਉ = ਹਉ ਫਿਰਉਂ, ਮੈਂ ਫਿਰਦੀ ਹਾਂ। ਤਿਸੁ ਦਸਿ = ਉਸ ਦੀ ਦੱਸ ਪਾ। ਧਰੀ = ਧਰੀਂ, ਮੈਂ ਧਰਾਂ। ਉਤਾਰੇ = ਉਤਾਰਿ, ਲਾਹ ਕੇ। ਇਕ ਭੋਰੀ = ਰਤਾ ਭਰ ਹੀ। ਦੀਜੈ = ਦੇਹ। ਨੈਨ = ਅੱਖਾਂ। ਪ੍ਰਿਅ ਰੰਗ = ਪਿਆਰੇ ਦੇ ਪ੍ਰੇਮ = ਰੰਗ। ਨਾ ਧੀਰੀਜੈ = ਧੀਰਜ ਨਹੀਂ ਕਰਦਾ। ਸਿਉ = ਨਾਲ। ਲੀਨਾ = ਮਸਤ। ਜਲ ਮੀਨਾ = ਪਾਣੀ ਦੀ ਮੱਛੀ। ਚਾਤ੍ਰਿਕ = ਪਪੀਹਾ। ਤਿਸੰਤੀਆ = ਤਿਹਾਇਆ। ਤਿਖਾ = ਤ੍ਰੇਹ, ਪਿਆਸ।੧।
ਅਰਥ: ਮੈਨੂੰ ਮਿੱਤਰ ਪ੍ਰਭੂ ਦੇ ਦਰਸਨ ਦੀ ਤਾਂਘ ਲੱਗੀ ਹੋਈ ਹੈ, ਮੈਂ ਦਿਨ ਰਾਤ ਹਰ ਵੇਲੇ ਸਦਾ ਹੀ, (ਉਸ ਦਾ ਦਰਸਨ ਹੀ) ਚਿਤਾਰਦੀ ਰਹਿੰਦੀ ਹਾਂ। ਹੇ ਨਾਨਕ! ਆਖ-) ਗੁਰੂ ਨੇ (ਮੇਰੇ) ਮਾਇਆ ਦੇ ਮੋਹ ਦੇ ਛੌੜ ਕੱਟ ਕੇ ਮੈਨੂੰ ਮਿੱਤਰ ਹਰੀ ਨਾਲ ਮਿਲਾ ਦਿੱਤਾ ਹੈ।੧।
ਛੰਤ! ਹੇ ਮੇਰੇ ਸਤਸੰਗੀ ਮਿੱਤਰ! ਹੇ ਮੇਰੇ ਸੱਜਣ! ਮੈਂ (ਤੇਰੇ ਅੱਗੇ) ਇਕ ਅਰਜ਼ੋਈ ਕਰਦੀ ਹਾਂ! ਮੈਂ ਉਸ ਮਨ ਨੂੰ ਮੋਹ ਲੈਣ ਵਾਲੇ ਪਿਆਰੇ ਲਾਲ ਨੂੰ ਲੱਭਦੀ ਫਿਰਦੀ ਹਾਂ। (ਹੇ ਮਿੱਤਰ!) ਮੈਨੂੰ ਉਸ ਪਿਆਰੇ ਦੀ ਦੱਸ ਪਾ, ਮੈਂ (ਉਸ ਦੇ ਅੱਗੇ ਆਪਣਾ) ਸਿਰ ਲਾਹ ਕੇ ਰੱਖ ਦਿਆਂਗੀ (ਤੇ ਆਖਾਂਗੀ-ਹੇ ਪਿਆਰੇ!) ਰਤਾ ਭਰ ਸਮੇ ਲਈ ਹੀ ਮੈਨੂੰ ਦਰਸਨ ਦੇਹ (ਹੇ ਗੁਰੂ!) ਮੇਰੀਆਂ ਅੱਖਾਂ ਪਿਆਰੇ ਦੇ ਪ੍ਰੇਮ-ਰੰਗ ਨਾਲ ਰੰਗੀਆਂ ਗਈਆਂ ਹਨ, (ਉਸ ਦੇ ਦਰਸਨ ਤੋਂ ਬਿਨਾ ਮੈਨੂੰ) ਰਤਾ ਜਿਤਨੇ ਸਮੇ ਲਈ ਭੀ ਚੈਨ ਨਹੀਂ ਆਉਂਦਾ। ਮੇਰਾ ਮਨ ਪ੍ਰਭੂ ਨਾਲ ਮਸਤ ਹੈ ਜਿਵੇਂ ਪਾਣੀ ਦੀ ਮੱਛੀ (ਪਾਣੀ ਵਿਚ ਮਸਤ ਰਹਿੰਦੀ ਹੈ) , ਜਿਵੇਂ ਪਪੀਹੇ ਨੂੰ (ਵਰਖਾ ਦੀ ਬੂੰਦ ਦੀ) ਪਿਆਸ ਲੱਗੀ ਰਹਿੰਦੀ ਹੈ।
ਹੇ ਦਾਸ ਨਾਨਕ! ਆਖ-ਜਿਸ ਵਡ-ਭਾਗੀ ਨੂੰ) ਪੂਰਾ ਗੁਰੂ ਮਿਲ ਪੈਂਦਾ ਹੈ (ਉਸ ਦੀ ਦਰਸਨ ਦੀ) ਸਾਰੀ ਤ੍ਰੇਹ ਬੁੱਝ ਜਾਂਦੀ ਹੈ।੧।
ਯਾਰ ਵੇ ਪ੍ਰਿਅ ਹਭੇ ਸਖੀਆ ਮੂ ਕਹੀ ਨ ਜੇਹੀਆ ॥ ਯਾਰ ਵੇ ਹਿਕ ਡੂੰ ਹਿਕਿ ਚਾੜੈ ਹਉ ਕਿਸੁ ਚਿਤੇਹੀਆ ॥ ਹਿਕ ਦੂੰ ਹਿਕਿ ਚਾੜੇ ਅਨਿਕ ਪਿਆਰੇ ਨਿਤ ਕਰਦੇ ਭੋਗ ਬਿਲਾਸਾ ॥ ਤਿਨਾ ਦੇਖਿ ਮਨਿ ਚਾਉ ਉਠੰਦਾ ਹਉ ਕਦਿ ਪਾਈ ਗੁਣਤਾਸਾ ॥ ਜਿਨੀ ਮੈਡਾ ਲਾਲੁ ਰੀਝਾਇਆ ਹਉ ਤਿਸੁ ਆਗੈ ਮਨੁ ਡੇਂਹੀਆ ॥ ਨਾਨਕੁ ਕਹੈ ਸੁਣਿ ਬਿਨਉ ਸੁਹਾਗਣਿ ਮੂ ਦਸਿ ਡਿਖਾ ਪਿਰੁ ਕੇਹੀਆ ॥੨॥ {ਪੰਨਾ 703}
ਪਦਅਰਥ: ਪ੍ਰਿਅ = ਪਿਆਰੇ ਦੀਆਂ। ਹਭੇ = ਸਾਰੀਆਂ। ਮੂ = ਮੈਂ। ਕਹੀ ਨ ਜੇਹੀਆ = ਕਿਸੇ ਵਰਗੀ ਭੀ ਨਹੀਂ। ਡੂੰ = ਤੋਂ। ਹਿਕਿ = ਇਕਿ {ਲਫ਼ਜ਼ 'ਇਕ' ਤੋਂ ਬਹੁ-ਵਚਨ}। ਚਾੜੈ = ਚੜ੍ਹਦੀਆਂ; ਵਧੀਆ, ਸੋਹਣੀਆਂ। ਹਉ = ਮੈਂ। ਕਿਸੁ ਚਿਤੇਹੀਆ = ਕਿਸ ਨੂੰ ਚੇਤੇ ਹਾਂ? ਡੂੰ = ਤੋਂ। ਭੋਗ ਬਿਲਾਸਾ = ਮਿਲਾਪ ਦਾ ਆਨੰਦ। ਦੇਖਿ = ਵੇਖ ਕੇ। ਮਨਿ = ਮਨ ਵਿਚ। ਕਦਿ = ਕਦੋਂ? ਪਾਈ = ਪਾਈਂ, ਮੈਂ ਮਿਲ ਸਕਾਂ। ਦੇਖਿ = ਵੇਖ ਕੇ ਗੁਣਾਂ ਦਾ ਖ਼ਜ਼ਾਨਾ ਹਰੀ। ਮੈਡਾ = ਮੇਰਾ। ਰੀਝਾਇਆ = ਪ੍ਰਸੰਨ ਕਰ ਲਿਆ। ਜਿਨੀ = ਜਿਨਿ, ਜਿਸ ਨੇ। ਡੇਂਹੀਆ = ਦੇ ਦਿਆਂ। ਨਾਨਕੁ ਕਹੈ– ਨਾਨਕ ਆਖਦਾ ਹੈ। ਬਿਨਉ = {विनय} ਬੇਨਤੀ। ਸੁਹਾਗਣਿ = ਹੇ ਸੋਹਾਗ ਵਾਲੀਏ! ਮੂ = ਮੈਨੂੰ। ਡਿਖਾ = ਵੇਖਾਂ।੨।
ਅਰਥ: ਹੇ ਸਤਸੰਗੀ ਸੱਜਣ! ਸਾਰੀਆਂ ਸਹੇਲੀਆਂ ਪਿਆਰੇ ਪ੍ਰਭੂ ਦੀਆਂ (ਇਸਤ੍ਰੀਆਂ) ਹਨ, ਮੈਂ (ਇਹਨਾਂ ਵਿਚੋਂ) ਕਿਸੇ ਵਰਗੀ ਭੀ ਨਹੀਂ। ਇਹ ਇਕ ਤੋਂ ਇਕ ਸੋਹਣੀਆਂ (ਸੋਹਣੇ ਆਤਮਕ ਜੀਵਨ ਵਾਲੀਆਂ) ਹਨ, ਮੈਂ ਕਿਸ ਗਿਣਤੀ ਵਿਚ ਹਾਂ? ਪ੍ਰਭੂ ਨਾਲ ਅਨੇਕਾਂ ਹੀ ਪਿਆਰ ਕਰਨ ਵਾਲੇ ਹਨ, ਇਕ ਦੂਜੇ ਤੋਂ ਸੋਹਣੇ ਜੀਵਨ ਵਾਲੇ ਹਨ, ਸਦਾ ਪ੍ਰਭੂ ਨਾਲ ਆਤਮਕ ਮਿਲਾਪ ਦਾ ਆਨੰਦ ਮਾਣਦੇ ਹਨ। ਇਹਨਾਂ ਨੂੰ ਵੇਖ ਕੇ ਮੇਰੇ ਮਨ ਵਿਚ (ਭੀ) ਚਾਉ ਪੈਦਾ ਹੁੰਦਾ ਹੈ ਕਿ ਮੈਂ ਭੀ ਕਦੇ ਉਸ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਨੂੰ ਮਿਲ ਸਕਾਂ। (ਹੇ ਗੁਰੂ!) ਜਿਸ ਨੇ (ਹੀ) ਮੇਰੇ ਪਿਆਰੇ ਹਰੀ ਨੂੰ ਪ੍ਰਸੰਨ ਕਰ ਲਿਆ ਹੈ, ਮੈਂ ਉਸ ਅੱਗੇ ਆਪਣਾ ਮਨ ਭੇਟਾ ਕਰਨ ਨੂੰ ਤਿਆਰ ਹਾਂ।
ਨਾਨਕ ਆਖਦਾ ਹੈ-ਹੇ ਸੋਹਾਗ ਵਾਲੀਏ! ਮੇਰੀ ਬੇਨਤੀ ਸੁਣ। ਮੈਨੂੰ ਦੱਸ, ਮੈਂ ਵੇਖਾਂ, ਪ੍ਰਭੂ-ਪਤੀ ਕਿਹੋ ਜਿਹਾ ਹੈ।੨।

ਸਲੋਕੁ ॥ ਨਿਰਤਿ ਨ ਪਵੈ ਅਸੰਖ ਗੁਣ ਊਚਾ ਪ੍ਰਭ ਕਾ ਨਾਉ ॥ ਨਾਨਕ ਕੀ ਬੇਨੰਤੀਆ ਮਿਲੈ ਨਿਥਾਵੇ ਥਾਉ ॥੨॥ ਛੰਤੁ ॥ ਦੂਸਰ ਨਾਹੀ ਠਾਉ ਕਾ ਪਹਿ ਜਾਈਐ ॥ ਆਠ ਪਹਰ ਕਰ ਜੋੜਿ ਸੋ ਪ੍ਰਭੁ ਧਿਆਈਐ ॥ ਧਿਆਇ ਸੋ ਪ੍ਰਭੁ ਸਦਾ ਅਪੁਨਾ ਮਨਹਿ ਚਿੰਦਿਆ ਪਾਈਐ ॥ ਤਜਿ ਮਾਨ ਮੋਹੁ ਵਿਕਾਰੁ ਦੂਜਾ ਏਕ ਸਿਉ ਲਿਵ ਲਾਈਐ ॥ ਅਰਪਿ ਮਨੁ ਤਨੁ ਪ੍ਰਭੂ ਆਗੈ ਆਪੁ ਸਗਲ ਮਿਟਾਈਐ ॥ ਬਿਨਵੰਤਿ ਨਾਨਕੁ ਧਾਰਿ ਕਿਰਪਾ ਸਾਚਿ ਨਾਮਿ ਸਮਾਈਐ ॥੨॥ {ਪੰਨਾ 704}
ਪਦਅਰਥ: ਨਿਰਤਿ = ਨਿਰਨਾ, ਪਰਖ। ਅਸੰਖ = ਅਣਗਿਣਤ। ਨਿਥਾਵੇ = ਨਿਆਸਰੇ ਨੂੰ।੨।
ਛੰਤੁ। ਠਾਉ = ਥਾਂ, ਆਸਰਾ। ਕਾ ਪਹਿ = ਕਿਸ ਦੇ ਪਾਸ? ਕਰ = {ਬਹੁ-ਵਚਨ} ਦੋਵੇਂ ਹੱਥ। ਜੋੜਿ = ਜੋੜ ਕੇ। ਧਿਆਈਐ = ਸਿਮਰਨਾ ਚਾਹੀਦਾ ਹੈ। ਧਿਆਇ = ਸਿਮਰ ਕੇ। ਮਨਹਿ = ਮਨਿ ਹੀ, ਮਨ ਵਿਚ ਹੀ {ਲਫ਼ਜ਼ 'ਮਨਿ' ਦੀ 'ਿ' ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਈ ਹੈ}। ਚਿੰਦਿਆ = ਚਿਤਵਿਆ ਹੋਇਆ। ਤਜਿ = ਛੱਡ ਕੇ। ਵਿਕਾਰੁ ਦੂਜਾ = ਕੋਈ ਹੋਰ ਆਸਰਾ ਭਾਲਣ ਦਾ ਭੈੜ। ਸਿਉ = ਨਾਲ। ਅਰਪਿ = ਭੇਟਾ ਕਰ ਕੇ। ਆਪੁ = ਆਪਾ = ਭਾਵ। ਸਾਚਿ = ਸਦਾ-ਥਿਰ ਰਹਿਣ ਵਾਲੇ ਵਿਚ। ਸਾਚਿ ਨਾਮਿ = ਸਦਾ-ਥਿਰ ਰਹਿਣ ਵਾਲੇ ਹਰਿ ਦੇ ਨਾਮ ਵਿਚ। ਸਮਾਈਐ = ਲੀਨ ਰਹਿਣਾ ਚਾਹੀਦਾ ਹੈ।੨।
ਅਰਥ: ਹੇ ਭਾਈ! ਪਰਮਾਤਮਾ ਦੇ ਅਣਗਿਣਤ ਗੁਣਾਂ ਦਾ ਨਿਰਨਾ ਨਹੀਂ ਹੋ ਸਕਦਾ, ਉਸ ਦਾ ਨਾਮਣਾ (ਵਡੱਪਣ) ਸਭ ਤੋਂ ਉੱਚਾ ਹੈ। ਨਾਨਕ ਦੀ (ਉਸੇ ਦੇ ਦਰ ਤੇ ਹੀ) ਅਰਦਾਸ ਹੈ ਕਿ (ਮੈਨੂੰ) ਨਿਆਸਰੇ ਨੂੰ (ਉਸ ਦੇ ਚਰਨਾਂ ਵਿਚ) ਥਾਂ ਮਿਲ ਜਾਏ।੨।
ਛੰਤੁ। ਹੇ ਭਾਈ! ਅਸਾਂ ਜੀਵਾਂ ਵਾਸਤੇ ਪਰਮਾਤਮਾ ਤੋਂ ਬਿਨਾ ਕੋਈ ਹੋਰ ਥਾਂ ਨਹੀਂ ਹੈ, (ਪਰਮਾਤਮਾ ਦਾ ਦਰ ਛੱਡ ਕੇ) ਅਸੀ ਹੋਰ ਕਿਸ ਦੇ ਪਾਸ ਜਾ ਸਕਦੇ ਹਾਂ? ਦੋਵੇਂ ਹੱਥ ਜੋੜ ਕੇ ਅੱਠੇ ਪਹਰ (ਹਰ ਵੇਲੇ) ਪ੍ਰਭੂ ਦਾ ਧਿਆਨ ਧਰਨਾ ਚਾਹੀਦਾ ਹੈ। ਹੇ ਭਾਈ! ਆਪਣੇ ਉਸ ਪ੍ਰਭੂ ਦਾ ਧਿਆਨ ਧਰ ਕੇ (ਉਸ ਦੇ ਦਰ ਤੋਂ) ਮਨ-ਮੰਗੀ ਮੁਰਾਦ ਹਾਸਲ ਕਰ ਲਈਦੀ ਹੈ। (ਆਪਣੇ ਅੰਦਰੋਂ) ਅਹੰਕਾਰ, ਮੋਹ, ਅਤੇ ਕੋਈ ਹੋਰ ਆਸਰਾ ਭਾਲਣ ਦਾ ਭੈੜ ਤਿਆਗ ਕੇ ਇਕ ਪਰਮਾਤਮਾ ਦੇ ਚਰਨਾਂ ਨਾਲ ਹੀ ਸੁਰਤਿ ਜੋੜਨੀ ਚਾਹੀਦੀ ਹੈ। ਹੇ ਭਾਈ! ਪ੍ਰਭੂ ਦੀ ਹਜ਼ੂਰੀ ਵਿਚ ਆਪਣਾ ਮਨ ਆਪਣਾ ਸਰੀਰ ਭੇਟਾ ਕਰ ਕੇ (ਆਪਣੇ ਅੰਦਰੋਂ) ਸਾਰਾ ਆਪਾ-ਭਾਵ ਮਿਟਾ ਦੇਣਾ ਚਾਹੀਦਾ ਹੈ। ਨਾਨਕ (ਤਾਂ ਪ੍ਰਭੂ ਦੇ ਦਰ ਤੇ ਹੀ) ਬੇਨਤੀ ਕਰਦਾ ਹੈ (ਤੇ ਆਖਦਾ ਹੈ-ਹੇ ਪ੍ਰਭੂ!) ਮੇਹਰ ਕਰ (ਤੇਰੀ ਮੇਹਰ ਨਾਲ ਹੀ ਤੇਰੇ) ਸਦਾ-ਥਿਰ ਰਹਿਣ ਵਾਲੇ ਨਾਮ ਵਿਚ ਲੀਨ ਹੋ ਸਕੀਦਾ ਹੈ।੨।

ਬਿਲਾਵਲੁ ਮਹਲਾ ੫ ਛੰਤ ਮੰਗਲ ੴ ਸਤਿਗੁਰ ਪ੍ਰਸਾਦਿ ॥ ਸਲੋਕੁ ॥ਸੁੰਦਰ ਸਾਂਤਿ ਦਇਆਲ ਪ੍ਰਭ ਸਰਬ ਸੁਖਾ ਨਿਧਿ ਪੀਉ ॥ ਸੁਖ ਸਾਗਰ ਪ੍ਰਭ ਭੇਟਿਐ ਨਾਨਕ ਸੁਖੀ ਹੋਤ ਇਹੁ ਜੀਉ ॥੧॥ ਛੰਤ ॥ ਸੁਖ ਸਾਗਰ ਪ੍ਰਭੁ ਪਾਈਐ ਜਬ ਹੋਵੈ ਭਾਗੋ ਰਾਮ ॥ ਮਾਨਨਿ ਮਾਨੁ ਵਞਾਈਐ ਹਰਿ ਚਰਣੀ ਲਾਗੋ ਰਾਮ ॥ ਛੋਡਿ ਸਿਆਨਪ ਚਾਤੁਰੀ ਦੁਰਮਤਿ ਬੁਧਿ ਤਿਆਗੋ ਰਾਮ ॥ ਨਾਨਕ ਪਉ ਸਰਣਾਈ ਰਾਮ ਰਾਇ ਥਿਰੁ ਹੋਇ ਸੁਹਾਗੋ ਰਾਮ ॥੧॥ {ਪੰਨਾ 847-848}
ਪਦਅਰਥ: {ਦਇਆਲ = {ਦਇਆ = ਆਲਯ} ਦਇਆ ਦਾ ਘਰ। ਸਰਬ ਸੁਖਾ ਨਿਧਿ = ਸਾਰੇ ਸੁਖਾਂ ਦਾ ਖ਼ਜ਼ਾਨਾ। ਪੀਉ = ਪ੍ਰਭੂ = ਪਤੀ। ਸਾਗਰ = ਸਮੁੰਦਰ। ਪ੍ਰਭ ਭੇਟਿਐ = ਜੇ ਪ੍ਰਭੂ ਮਿਲ ਪਏ। ਜੀਉ = ਜੀਊੜਾ, ਜਿੰਦ।੧।
ਛੰਤ। ਪਾਈਐ = ਮਿਲਦਾ ਹੈ। ਭਾਗੋ = ਭਾਗੁ, ਕਿਸਮਤ। ਮਾਨਨਿ = ਹੇ ਮਾਣ ਵਾਲੀਏ! ਹੇ ਮਾਣ = ਮੱਤੀ ਜੀਵ = ਇਸਤ੍ਰੀਏ! ਵਞਾਈਐ = ਦੂਰ ਕਰਨਾ ਚਾਹੀਦਾ ਹੈ। ਲਾਗੋ = ਲਾਗੁ, ਲੱਗੀ ਰਹੁ। ਚਾਤੁਰੀ = ਚਤੁਰਾਈ। ਦੁਰਮਤਿ = ਖੋਟੀ ਮਤਿ। ਤਿਆਗੋ = ਤਿਆਗ, ਦੂਰ ਕਰ। ਥਿਰੁ = ਅਟੱਲ। ਸੁਹਾਗੋ = ਸੁਹਾਗ, ਸਿਰ ਦਾ ਸਾਈਂ, ਖਸਮ।੧।
ਅਰਥ: ਸਲੋਕ-ਹੇ ਨਾਨਕ! ਪ੍ਰਭੂ-ਪਤੀ ਸੋਹਣਾ ਹੈ ਸ਼ਾਂਤੀ-ਰੂਪ ਹੈ, ਦਇਆ ਦਾ ਸੋਮਾ ਹੈ ਅਤੇ ਸਾਰੇ ਸੁਖਾਂ ਦਾ ਖ਼ਜ਼ਾਨਾ ਹੈ। ਜੇ ਉਹ ਸੁਖਾਂ ਦਾ ਸਮੁੰਦਰ ਪ੍ਰਭੂ ਮਿਲ ਪਏ, ਤਾਂ ਇਹ ਜਿੰਦ ਸੁਖੀ ਹੋ ਜਾਂਦੀ ਹੈ।੧।
ਛੰਤ-ਹੇ ਮਾਣ ਮੱਤੀ ਜੀਵ-ਇਸਤ੍ਰੀਏ! ਜਦੋਂ (ਮੱਥੇ ਦਾ) ਭਾਗ ਜਾਗਦਾ ਹੈ ਤਦੋਂ ਸੁਖਾਂ ਦਾ ਸਮੁੰਦਰ ਪ੍ਰਭੂ ਮਿਲ ਪੈਂਦਾ ਹੈ (ਪਰ ਉਸ ਨੂੰ ਮਿਲਣ ਲਈ ਆਪਣੇ ਅੰਦਰੋਂ) ਅਹੰਕਾਰ ਦੂਰ ਕਰ ਦੇਣਾ ਚਾਹੀਦਾ ਹੈ। ਹੇ ਜੀਵ-ਇਸਤ੍ਰੀ! ਮਾਣ ਤਿਆਗ ਕੇ) ਪ੍ਰਭੂ ਦੇ ਚਰਨਾਂ ਵਿਚ ਜੁੜੀ ਰਹੁ, ਸਿਆਣਪ ਚਤੁਰਾਈ ਛੱਡ ਦੇਹ, ਖੋਟੀ ਮਤਿ-ਬੁਧਿ (ਆਪਣੇ ਅੰਦਰੋਂ) ਦੂਰ ਕਰ। ਹੇ ਨਾਨਕ! ਆਖ-ਹੇ ਜੀਵ-ਇਸਤ੍ਰੀ!) ਪ੍ਰਭੂ-ਪਾਤਿਸ਼ਾਹ ਦੀ ਸਰਨ ਪਈ ਰਹੁ, (ਤਾਂ ਹੀ ਤੇਰੇ ਸਿਰ ਉੱਤੇ ਤੇਰੇ ਸਿਰ ਦਾ) ਖਸਮ ਸਦਾ ਲਈ ਟਿਕਿਆ ਰਹੇਗਾ।੧।
ਸੂਹੀ ਮਹਲਾ ੫ ॥ ਗੁਰ ਅਪੁਨੇ ਊਪਰਿ ਬਲਿ ਜਾਈਐ ॥ ਆਠ ਪਹਰ ਹਰਿ ਹਰਿ ਜਸੁ ਗਾਈਐ ॥੧॥ ਸਿਮਰਉ ਸੋ ਪ੍ਰਭੁ ਅਪਨਾ ਸੁਆਮੀ ॥ ਸਗਲ ਘਟਾ ਕਾ ਅੰਤਰਜਾਮੀ ॥੧॥ ਰਹਾਉ ॥ ਚਰਣ ਕਮਲ ਸਿਉ ਲਾਗੀ ਪ੍ਰੀਤਿ ॥ ਸਾਚੀ ਪੂਰਨ ਨਿਰਮਲ ਰੀਤਿ ॥੨॥ ਸੰਤ ਪ੍ਰਸਾਦਿ ਵਸੈ ਮਨ ਮਾਹੀ ॥ ਜਨਮ ਜਨਮ ਕੇ ਕਿਲਵਿਖ ਜਾਹੀ ॥੩॥ ਕਰਿ ਕਿਰਪਾ ਪ੍ਰਭ ਦੀਨ ਦਇਆਲਾ ॥ ਨਾਨਕੁ ਮਾਗੈ ਸੰਤ ਰਵਾਲਾ ॥੪॥੧੭॥੨੩॥ {ਪੰਨਾ 741}
ਪਦਅਰਥ: ਬਲਿ ਜਾਈਐ = ਕੁਰਬਾਨ ਹੋਣਾ ਚਾਹੀਦਾ ਹੈ। ਗਾਈਐ = ਗਾਣਾ ਚਾਹੀਦਾ ਹੈ। ਜਸੁ = ਸਿਫ਼ਤਿ-ਸਾਲਾਹ (ਦਾ ਗੀਤ) ।੧।
ਸਿਮਰਉ = ਸਿਮਰਉਂ, ਮੈਂ ਸਿਮਰਦਾ ਹਾਂ। ਸੁਆਮੀ = ਮਾਲਕ। ਸਗਲ = ਸਾਰੇ। ਅੰਤਰਜਾਮੀ = ਅੰਦਰ ਦੀ ਜਾਣਨ ਵਾਲਾ।੧।ਰਹਾਉ।
ਸਿਉ = ਨਾਲ। ਸਾਚੀ = ਸਦਾ ਕਾਇਮ ਰਹਿਣ ਵਾਲੀ। ਪੂਰਨ = ਮੁਕੰਮਲ। ਰੀਤਿ = ਜੀਵਨ = ਜੁਗਤਿ।੨।
ਸੰਤ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਮਾਹੀ = ਮਾਹਿ, ਵਿਚ। ਕਿਲਵਿਖ = ਪਾਪ। ਜਾਹੀ = ਜਾਹਿ, ਦੂਰ ਹੋ ਜਾਂਦੇ ਹਨ।੩।
ਪ੍ਰਭ = ਹੇ ਪ੍ਰਭੂ! ਦੀਨ = ਕੰਗਾਲ। ਨਾਨਕੁ ਮਾਗੈ = ਨਾਨਕ ਮੰਗਦਾ ਹੈ। ਰਵਾਲਾ = ਚਰਨ = ਧੂੜ।੪।
ਅਰਥ: ਹੇ ਭਾਈ! ਗੁਰੂ ਦੀ ਕਿਰਪਾ ਨਾਲ) ਮੈਂ ਆਪਣਾ ਉਹ ਮਾਲਕ-ਪ੍ਰਭੂ ਸਿਮਰਦਾ ਰਹਿੰਦਾ ਹਾਂ, ਜੇਹੜਾ ਸਭ ਜੀਵਾਂ ਦੇ ਦਿਲ ਦੀ ਜਾਣਨ ਵਾਲਾ ਹੈ।੧।ਰਹਾਉ।
ਹੇ ਭਾਈ! ਆਪਣੇ ਗੁਰੂ ਉੱਤੋਂ (ਸਦਾ) ਕੁਰਬਾਨ ਹੋਣਾ ਚਾਹੀਦਾ ਹੈ (ਗੁਰੂ ਦੀ ਸਰਨ ਪੈ ਕੇ ਆਪਣੇ ਅੰਦਰੋਂ ਆਪਾ- ਭਾਵ ਮਿਟਾ ਦੇਣਾ ਚਾਹੀਦਾ ਹੈ, (ਕਿਉਂਕਿ, ਗੁਰੂ ਦੀ ਕਿਰਪਾ ਨਾਲ ਹੀ) ਅੱਠੇ ਪਹਰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਇਆ ਜਾ ਸਕਦਾ ਹੈ।੧।
ਹੇ ਭਾਈ! ਗੁਰੂ ਦੀ ਕਿਰਪਾ ਨਾਲ ਹੀ) ਪਰਮਾਤਮਾ ਦੇ ਸੋਹਣੇ ਚਰਨਾਂ ਨਾਲ ਪਿਆਰ ਬਣਦਾ ਹੈ। (ਗੁਰ-ਚਰਨਾਂ ਦੀ ਪ੍ਰੀਤਿ ਹੀ) ਅਟੱਲ ਮੁਕੰਮਲ ਤੇ ਪਵਿਤ੍ਰ ਜੀਵਨ-ਜੁਗਤਿ ਹੈ।੨।
ਹੇ ਭਾਈ! ਗੁਰੂ ਦੀ ਕਿਰਪਾ ਨਾਲ (ਪਰਮਾਤਮਾ ਜਿਸ ਮਨੁੱਖ ਦੇ) ਮਨ ਵਿਚ ਆ ਵੱਸਦਾ ਹੈ (ਉਸ ਮਨੁੱਖ ਦੇ) ਅਨੇਕਾਂ ਜਨਮਾਂ ਦੇ ਪਾਪ ਦੂਰ ਹੋ ਜਾਂਦੇ ਹਨ।੩।
ਹੇ ਨਿਮਾਣਿਆਂ ਉਤੇ ਦਇਆ ਕਰਨ ਵਾਲੇ ਪ੍ਰਭੂ! (ਆਪਣੇ ਦਾਸ ਨਾਨਕ ਉਤੇ) ਕਿਰਪਾ ਕਰ। (ਤੇਰਾ ਦਾਸ) ਨਾਨਕ (ਤੇਰੇ ਦਰ ਤੋਂ) ਗੁਰੂ ਦੇ ਚਰਨਾਂ ਦੀ ਧੂੜ ਮੰਗਦਾ ਹੈ।੪।੧੭।੨੩।
ਧਨਾਸਰੀ ਮਹਲਾ ੩ ਘਰੁ ੨ ਚਉਪਦੇ ੴ ਸਤਿਗੁਰ ਪ੍ਰਸਾਦਿ ॥ ਇਹੁ ਧਨੁ ਅਖੁਟੁ ਨ ਨਿਖੁਟੈ ਨ ਜਾਇ ॥ ਪੂਰੈ ਸਤਿਗੁਰਿ ਦੀਆ ਦਿਖਾਇ ॥ ਅਪੁਨੇ ਸਤਿਗੁਰ ਕਉ ਸਦ ਬਲਿ ਜਾਈ ॥ ਗੁਰ ਕਿਰਪਾ ਤੇ ਹਰਿ ਮੰਨਿ ਵਸਾਈ ॥੧॥ ਸੇ ਧਨਵੰਤ ਹਰਿ ਨਾਮਿ ਲਿਵ ਲਾਇ ॥ ਗੁਰਿ ਪੂਰੈ ਹਰਿ ਧਨੁ ਪਰਗਾਸਿਆ ਹਰਿ ਕਿਰਪਾ ਤੇ ਵਸੈ ਮਨਿ ਆਇ ॥ ਰਹਾਉ ॥ ਅਵਗੁਣ ਕਾਟਿ ਗੁਣ ਰਿਦੈ ਸਮਾਇ ॥ ਪੂਰੇ ਗੁਰ ਕੈ ਸਹਜਿ ਸੁਭਾਇ ॥ ਪੂਰੇ ਗੁਰ ਕੀ ਸਾਚੀ ਬਾਣੀ ॥ ਸੁਖ ਮਨ ਅੰਤਰਿ ਸਹਜਿ ਸਮਾਣੀ ॥੨॥ ਏਕੁ ਅਚਰਜੁ ਜਨ ਦੇਖਹੁ ਭਾਈ ॥ ਦੁਬਿਧਾ ਮਾਰਿ ਹਰਿ ਮੰਨਿ ਵਸਾਈ ॥ ਨਾਮੁ ਅਮੋਲਕੁ ਨ ਪਾਇਆ ਜਾਇ ॥ ਗੁਰ ਪਰਸਾਦਿ ਵਸੈ ਮਨਿ ਆਇ ॥੩॥ ਸਭ ਮਹਿ ਵਸੈ ਪ੍ਰਭੁ ਏਕੋ ਸੋਇ ॥ ਗੁਰਮਤੀ ਘਟਿ ਪਰਗਟੁ ਹੋਇ ॥ ਸਹਜੇ ਜਿਨਿ ਪ੍ਰਭੁ ਜਾਣਿ ਪਛਾਣਿਆ ॥ ਨਾਨਕ ਨਾਮੁ ਮਿਲੈ ਮਨੁ ਮਾਨਿਆ ॥੪॥੧॥ {ਪੰਨਾ 663}
ਪਦਅਰਥ: ਅਖੁਟੁ = ਕਦੇ ਨਾਹ ਮੁੱਕਣ ਵਾਲਾ। ਨ ਨਿਖੁਟੈ = ਮੁੱਕਦਾ ਨਹੀਂ। ਨ ਜਾਇ = ਨਾਹ ਨਾਸ ਹੁੰਦਾ ਹੈ। ਸਤਿਗੁਰਿ = ਗੁਰੂ ਨੇ। ਕਉ = ਨੂੰ, ਤੋਂ। ਸਦ = ਸਦਾ। ਬਲਿ ਜਾਈ = ਬਲਿ ਜਾਈਂ, ਸਦਕੇ ਜਾਂਦਾ ਹਾਂ। ਤੇ = ਨਾਲ, ਤੋਂ। ਮੰਨਿ = ਮਨਿ, ਮਨ ਵਿਚ। ਵਸਾਈ = ਵਸਾਈਂ, ਮੈਂ ਵਸਾਂਦਾ ਹਾਂ।੧।
ਸੇ = ਉਹ {ਬਹੁ-ਵਚਨ}। ਨਾਮਿ = ਨਾਮ ਵਿਚ। ਲਿਵ = ਲਗਨ। ਲਾਇ = ਲਾ ਕੇ। ਗੁਰਿ = ਗੁਰੂ ਨੇ। ਪਰਗਾਸਿਆ = ਵਿਖਾ ਦਿੱਤਾ। ਕਿਰਪਾ ਤੇ = ਕਿਰਪਾ ਨਾਲ। ਮਨਿ = ਮਨ ਵਿਚ।ਰਹਾਉ।
ਕਾਟਿ = ਕੱਟ ਕੇ, ਦੂਰ ਕਰ ਕੇ। ਰਿਦੈ = ਹਿਰਦੇ ਵਿਚ। ਸਮਾਇ = ਟਿਕਾ ਦੇਂਦਾ ਹੈ। ਗੁਰ ਕੈ = ਗੁਰੂ ਦੀ ਰਾਹੀਂ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਇ = ਪ੍ਰੇਮ ਵਿਚ। ਸਾਚੀ = ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲੀ। ਸੁਖ = ਆਤਮਕ ਆਨੰਦ {ਬਹੁ-ਵਚਨ}। ਮਨ ਅੰਤਰਿ = ਮਨ ਵਿਚ।੨।
ਅਚਰਜੁ = ਹੈਰਾਨ ਕਰਨ ਵਾਲਾ ਤਮਾਸ਼ਾ। ਜਨ = ਹੇ ਜਨੋ! ਭਾਈ = ਹੇ ਭਾਈ! ਦੁਬਿਧਾ = ਮਨ ਦੀ ਡਾਂਵਾਂ = ਡੋਲ ਹਾਲਤ, ਮੇਰ = ਤੇਰ। ਮੰਨਿ = ਮਨਿ, ਮਨ ਵਿਚ। ਅਮੋਲਕੁ = ਜੇ ਕਿਸੇ ਭੀ ਕੀਮਤ ਤੋਂ ਨਹੀਂ ਮਿਲ ਸਕਦਾ। ਪਰਸਾਦਿ = ਕਿਰਪਾ ਨਾਲ। ਆਇ = ਆ ਕੇ।੩।
ਸਭ ਮਹਿ = ਸਭ ਜੀਵਾਂ ਵਿਚ। ਸੋਇ = ਉਹੀ। ਗੁਰਮਤਿ = ਗੁਰੂ ਦੀ ਮਤਿ ਉਤੇ ਤੁਰਿਆਂ। ਘਟਿ = ਹਿਰਦੇ ਵਿਚ। ਸਹਜੇ = ਸਹਜਿ, ਆਤਮਕ ਅਡੋਲਤਾ ਵਿਚ। ਜਿਨਿ = ਜਿਸ (ਮਨੁੱਖ) ਨੇ। ਜਾਣਿ = ਸਾਂਝ ਪਾ ਕੇ। ਮਾਨਿਆ = ਪਤੀਜ ਜਾਂਦਾ ਹੈ।੪।
ਅਰਥ: (ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ) ਪੂਰੇ ਗੁਰੂ ਨੇ ਪਰਮਾਤਮਾ ਦੇ ਨਾਮ ਦਾ ਧਨ ਪਰਗਟ ਕਰ ਦਿੱਤਾ, ਉਹ ਮਨੁੱਖ ਪਰਮਾਤਮਾ ਦੇ ਨਾਮ ਵਿਚ ਸੁਰਤਿ ਜੋੜ ਕੇ (ਆਤਮਕ ਜੀਵਨ ਦੇ) ਸ਼ਾਹ ਬਣ ਗਏ। ਹੇ ਭਾਈ! ਇਹ ਨਾਮ-ਧਨ ਪਰਮਾਤਮਾ ਦੀ ਕਿਰਪਾ ਨਾਲ ਮਨ ਵਿਚ ਆ ਕੇ ਵੱਸਦਾ ਹੈ।ਰਹਾਉ।
ਹੇ ਭਾਈ! ਇਹ ਨਾਮ-ਖ਼ਜ਼ਾਨਾ ਕਦੇ ਮੁੱਕਣ ਵਾਲਾ ਨਹੀਂ, ਨਾਹ ਇਹ (ਖ਼ਰਚਿਆਂ) ਮੁੱਕਦਾ ਹੈ, ਨਾਹ ਇਹ ਗਵਾਚਦਾ ਹ ੈ। (ਇਸ ਧਨ ਦੀ ਇਹ ਸਿਫ਼ਤਿ ਮੈਨੂੰ) ਪੂਰੇ ਗੁਰੂ ਨੇ ਵਿਖਾ ਦਿੱਤੀ ਹੈ। (ਹੇ ਭਾਈ!) ਮੈਂ ਆਪਣੇ ਗੁਰੂ ਤੋਂ ਸਦਾ ਸਦਕੇ ਜਾਂਦਾ ਹਾਂ, ਗੁਰੂ ਦੀ ਕਿਰਪਾ ਨਾਲ ਪਰਮਾਤਮਾ (ਦਾ ਨਾਮ-ਧਨ ਆਪਣੇ) ਮਨ ਵਿਚ ਵਸਾਂਦਾ ਹਾਂ।੧।
(ਹੇ ਭਾਈ! ਗੁਰੂ ਸਰਨ ਆਏ ਮਨੁੱਖ ਦੇ) ਔਗੁਣ ਦੂਰ ਕਰ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ (ਉਸ ਦੇ) ਹਿਰਦੇ ਵਿਚ ਵਸਾ ਦੇਂਦਾ ਹੈ। (ਹੇ ਭਾਈ!) ਪੂਰੇ ਗੁਰੂ ਦੀ (ਉਚਾਰੀ ਹੋਈ) ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲੀ ਬਾਣੀ (ਮਨੁੱਖ ਦੇ) ਮਨ ਵਿਚ ਆਤਮਕ ਹੁਲਾਰੇ ਪੈਦਾ ਕਰਦੀ ਹੈ। (ਇਸ ਬਾਣੀ ਦੀ ਬਰਕਤਿ ਨਾਲ) ਆਤਮਕ ਅਡੋਲਤਾ ਵਿਚ ਸਮਾਈ ਹੋਈ ਰਹਿੰਦੀ ਹੈ।੨।
ਹੇ ਭਾਈ ਜਨੋ! ਇਕ ਹੈਰਾਨ ਕਰਨ ਵਾਲਾ ਤਮਾਸ਼ਾ ਵੇਖੋ। (ਗੁਰੂ ਮਨੁੱਖ ਦੇ ਅੰਦਰੋਂ) ਤੇਰ-ਮੇਰ ਮਿਟਾ ਕੇ ਪਰਮਾਤਮਾ (ਦਾ ਨਾਮ ਉਸ ਦੇ) ਮਨ ਵਿਚ ਵਸਾ ਦੇਂਦਾ ਹੈ। ਹੇ ਭਾਈ! ਪਰਮਾਤਮਾ ਦਾ ਨਾਮ ਅਮੋਲਕ ਹੈ, (ਕਿਸੇ ਭੀ ਦੁਨਿਆਵੀ ਕੀਮਤ ਨਾਲ) ਨਹੀਂ ਮਿਲ ਸਕਦਾ। (ਹਾਂ,) ਗੁਰੂ ਦੀ ਕਿਰਪਾ ਨਾਲ ਮਨ ਵਿਚ ਆ ਵੱਸਦਾ ਹੈ।੩।
(ਹੇ ਭਾਈ! ਭਾਵੇਂ) ਪਰਮਾਤਮਾ ਆਪ ਹੀ ਸਭ ਵਿਚ ਵੱਸਦਾ ਹੈ, (ਪਰ) ਗੁਰੂ ਦੀ ਮਤਿ ਉਤੇ ਤੁਰਿਆਂ ਹੀ (ਮਨੁੱਖ ਦੇ) ਹਿਰਦੇ ਵਿਚ ਪਰਗਟ ਹੁੰਦਾ ਹੈ। ਹੇ ਨਾਨਕ! ਆਤਮਕ ਅਡੋਲਤਾ ਵਿਚ ਟਿਕ ਕੇ ਜਿਸ ਮਨੁੱਖ ਨੇ ਪ੍ਰਭੂ ਨਾਲ ਡੂੰਘੀ ਸਾਂਝ ਪਾ ਕੇ (ਉਸ ਨੂੰ ਆਪਣੇ ਅੰਦਰ ਵੱਸਦਾ) ਪਛਾਣ ਲਿਆ ਹੈ, ਉਸ ਨੂੰ ਪਰਮਾਤਮਾ ਦਾ ਨਾਮ (ਸਦਾ ਲਈ) ਪ੍ਰਾਪਤ ਹੋ ਜਾਂਦਾ ਹੈ, ਉਸ ਦਾ ਮਨ (ਪਰਮਾਤਮਾ ਦੀ ਯਾਦ ਵਿਚ) ਪਤੀਜਿਆ ਰਹਿੰਦਾ ਹੈ।੪।
ਸੋਰਠਿ ਮਹਲਾ ੧ ॥ ਜਿਨ੍ਹ੍ਹੀ ਸਤਿਗੁਰੁ ਸੇਵਿਆ ਪਿਆਰੇ ਤਿਨ੍ਹ੍ਹ ਕੇ ਸਾਥ ਤਰੇ ॥ ਤਿਨ੍ਹ੍ਹਾ ਠਾਕ ਨ ਪਾਈਐ ਪਿਆਰੇ ਅੰਮ੍ਰਿਤ ਰਸਨ ਹਰੇ ॥ ਬੂਡੇ ਭਾਰੇ ਭੈ ਬਿਨਾ ਪਿਆਰੇ ਤਾਰੇ ਨਦਰਿ ਕਰੇ ॥੧॥ ਭੀ ਤੂਹੈ ਸਾਲਾਹਣਾ ਪਿਆਰੇ ਭੀ ਤੇਰੀ ਸਾਲਾਹ ॥ ਵਿਣੁ ਬੋਹਿਥ ਭੈ ਡੁਬੀਐ ਪਿਆਰੇ ਕੰਧੀ ਪਾਇ ਕਹਾਹ ॥੧॥ ਰਹਾਉ ॥ ਸਾਲਾਹੀ ਸਾਲਾਹਣਾ ਪਿਆਰੇ ਦੂਜਾ ਅਵਰੁ ਨ ਕੋਇ ॥ ਮੇਰੇ ਪ੍ਰਭ ਸਾਲਾਹਨਿ ਸੇ ਭਲੇ ਪਿਆਰੇ ਸਬਦਿ ਰਤੇ ਰੰਗੁ ਹੋਇ ॥ ਤਿਸ ਕੀ ਸੰਗਤਿ ਜੇ ਮਿਲੈ ਪਿਆਰੇ ਰਸੁ ਲੈ ਤਤੁ ਵਿਲੋਇ ॥੨॥ ਪਤਿ ਪਰਵਾਨਾ ਸਾਚ ਕਾ ਪਿਆਰੇ ਨਾਮੁ ਸਚਾ ਨੀਸਾਣੁ ॥ ਆਇਆ ਲਿਖਿ ਲੈ ਜਾਵਣਾ ਪਿਆਰੇ ਹੁਕਮੀ ਹੁਕਮੁ ਪਛਾਣੁ ॥ ਗੁਰ ਬਿਨੁ ਹੁਕਮੁ ਨ ਬੂਝੀਐ ਪਿਆਰੇ ਸਾਚੇ ਸਾਚਾ ਤਾਣੁ ॥੩॥ ਹੁਕਮੈ ਅੰਦਰਿ ਨਿੰਮਿਆ ਪਿਆਰੇ ਹੁਕਮੈ ਉਦਰ ਮਝਾਰਿ ॥ ਹੁਕਮੈ ਅੰਦਰਿ ਜੰਮਿਆ ਪਿਆਰੇ ਊਧਉ ਸਿਰ ਕੈ ਭਾਰਿ ॥ ਗੁਰਮੁਖਿ ਦਰਗਹ ਜਾਣੀਐ ਪਿਆਰੇ ਚਲੈ ਕਾਰਜ ਸਾਰਿ ॥੪॥ ਹੁਕਮੈ ਅੰਦਰਿ ਆਇਆ ਪਿਆਰੇ ਹੁਕਮੇ ਜਾਦੋ ਜਾਇ ॥ ਹੁਕਮੇ ਬੰਨ੍ਹ੍ਹਿ ਚਲਾਈਐ ਪਿਆਰੇ ਮਨਮੁਖਿ ਲਹੈ ਸਜਾਇ ॥ ਹੁਕਮੇ ਸਬਦਿ ਪਛਾਣੀਐ ਪਿਆਰੇ ਦਰਗਹ ਪੈਧਾ ਜਾਇ ॥੫॥ ਹੁਕਮੇ ਗਣਤ ਗਣਾਈਐ ਪਿਆਰੇ ਹੁਕਮੇ ਹਉਮੈ ਦੋਇ ॥ ਹੁਕਮੇ ਭਵੈ ਭਵਾਈਐ ਪਿਆਰੇ ਅਵਗਣਿ ਮੁਠੀ ਰੋਇ ॥ ਹੁਕਮੁ ਸਿਞਾਪੈ ਸਾਹ ਕਾ ਪਿਆਰੇ ਸਚੁ ਮਿਲੈ ਵਡਿਆਈ ਹੋਇ ॥੬॥ ਆਖਣਿ ਅਉਖਾ ਆਖੀਐ ਪਿਆਰੇ ਕਿਉ ਸੁਣੀਐ ਸਚੁ ਨਾਉ ॥ ਜਿਨ੍ਹ੍ਹੀ ਸੋ ਸਾਲਾਹਿਆ ਪਿਆਰੇ ਹਉ ਤਿਨ੍ਹ੍ਹ ਬਲਿਹਾਰੈ ਜਾਉ ॥ ਨਾਉ ਮਿਲੈ ਸੰਤੋਖੀਆਂ ਪਿਆਰੇ ਨਦਰੀ ਮੇਲਿ ਮਿਲਾਉ ॥੭॥ ਕਾਇਆ ਕਾਗਦੁ ਜੇ ਥੀਐ ਪਿਆਰੇ ਮਨੁ ਮਸਵਾਣੀ ਧਾਰਿ ॥ ਲਲਤਾ ਲੇਖਣਿ ਸਚ ਕੀ ਪਿਆਰੇ ਹਰਿ ਗੁਣ ਲਿਖਹੁ ਵੀਚਾਰਿ ॥ ਧਨੁ ਲੇਖਾਰੀ ਨਾਨਕਾ ਪਿਆਰੇ ਸਾਚੁ ਲਿਖੈ ਉਰਿ ਧਾਰਿ ॥੮॥੩॥ {ਪੰਨਾ 636} ਪਦਅਰਥ: ਸਾਥ = {सार्थ} ਕਾਫ਼ਲੇ, ਸੰਗੀ ਸਾਥੀ। ਠਾਕ = ਰੋਕ। ਰਸਨ = ਜੀਭ (ਨਾਲ) । ਅੰਮ੍ਰਿਤ ਹਰੇ = ਹਰੀ ਦਾ ਨਾਮ = ਅੰਮ੍ਰਿਤ। ਭਾਰੇ = ਪਾਪਾਂ ਦੇ ਭਾਰ ਨਾਲ ਲੱਦੇ ਹੋਏ।੧। ਭੀ = ਸਦਾ ਹੀ। ਤੂਹੈ– ਤੈਨੂੰ ਹੀ। ਪਿਆਰੇ = ਹੇ ਸੱਜਣ = ਪ੍ਰਭੂ! ਸਾਲਾਹ = ਸਿਫ਼ਤਿ-ਸਾਲਾਹ। ਬੋਹਿਥ = ਜਹਾਜ਼ (ਨਾਮ ਦਾ) । ਭੈ = ਭਉ (-ਸਾਗਰ) ਵਿਚ। ਕੰਧੀ = ਕੰਢਾ। ਕਹਾਹ = ਕਿਥੇ?।ਰਹਾਉ। ਸਾਲਾਹੀ = ਸਾਲਾਹਣ = ਜੋਗ ਹਰੀ। ਸਾਲਾਹਨਿ = (ਜੇਹੜੇ ਬੰਦੇ) ਸਾਲਾਹੁੰਦੇ ਹਨ। ਸਬਦਿ = ਗੁਰੂ ਦੇ ਸ਼ਬਦ ਵਿਚ। ਰਸੁ ਲੈ = ਨਾਮ = ਅੰਮ੍ਰਿਤ ਚੱਖਦਾ ਹੈ। ਵਿਲੋਇ = (ਨਾਮ = ਦੁੱਧ ਨੂੰ) ਰਿੜਕ ਕੇ। ਤਤੁ = ਜਗਤ ਦਾ ਮੂਲ = ਪ੍ਰਭੂ।੨। ਪਤਿ = ਖਸਮ = ਪ੍ਰਭੂ। ਪਰਵਾਨਾ = ਰਾਹਦਾਰੀ। ਸਾਚ ਕਾ = ਸਦਾ-ਥਿਰ ਰਹਿਣ ਵਾਲੇ ਪ੍ਰਭੂ = ਨਾਮ ਦਾ। ਸਚਾ = ਸਦਾ-ਥਿਰ ਰਹਿਣ ਵਾਲਾ। ਨੀਸਾਣੁ = ਮੋਹਰ। ਹੁਕਮੀ ਹੁਕਮੁ = ਪਰਮਾਤਮਾ ਦੇ ਹੁਕਮ ਨੂੰ। ਤਾਣੁ = ਬਲ, ਤਾਕਤ।੩। ਨਿੰਮਿਆ = ਮਾਂ ਦੇ ਪੇਟ ਵਿਚ ਟਿਕਿਆ। ਉਦਰ ਮਝਾਰਿ = ਪੇਟ ਵਿਚ। ਊਧਉ = ਪੁੱਠਾ, ਉਲਟਾ। ਕਾਰਜ = ਜਨਮ = ਮਨੋਰਥ, ਉਹ ਕੰਮ ਜਿਸ ਦੇ ਕਰਨ ਵਾਸਤੇ ਜਗਤ ਵਿਚ ਆਇਆ। ਸਾਰਿ = ਸੰਭਾਲ ਕੇ, ਸਵਾਰ ਕੇ।੪। ਜਾਦੋ ਜਾਇ = ਚਲਾ ਜਾਂਦਾ ਹੈ। ਬੰਨ੍ਹ੍ਹਿ = ਬੰਨ੍ਹ ਕੇ। ਸਬਦਿ = ਸ਼ਬਦ ਦੀ ਰਾਹੀਂ।੫। ਗਣਤ ਗਣਾਈਐ = ਗਿਣਤੀਆਂ ਗਿਣਦਾ ਹੈ। ਦੋਇ = ਦ੍ਵੈਤ, ਮੇਰ = ਤੇਰ। ਭਵੈ = ਭਟਕਦਾ ਹੈ। ਭਵਾਈਐ = ਭਟਕਣਾ ਵਿਚ ਪਾਇਆ ਜਾਂਦਾ ਹੈ। ਅਵਗਣਿ = ਔਗੁਣ ਦੀ ਰਾਹੀਂ। ਮੁਠੀ = ਲੁੱਟੀ ਹੋਈ, ਠੱਗੀ ਹੋਈ। ਰੋਇ = ਰੋਂਦੀ ਹੈ (ਲੋਕਾਈ) ।੬। ਆਖਣਿ = ਆਖਣ ਵਿਚ। ਸੰਤੋਖੀਆਂ = ਮੈਨੂੰ ਸੰਤੋਖ ਆ ਜਾਏ। ਮਿਲਾਉ = ਮਿਲਉ ਮੈਂ ਮਿਲ ਜਾਵਾਂ।੭। ਕਾਇਆ = ਸਰੀਰ। ਮਸਵਾਣੀ = ਸਿਆਹੀ ਦੀ ਦਵਾਤ। ਲਲਤਾ = ਜੀਭ। ਲੇਖਣਿ = ਕਲਮ। ਧਨੁ = {धन्य} ਭਾਗਾਂ ਵਾਲਾ। ਉਰਿ = ਹਿਰਦੇ ਵਿਚ। ਧਾਰਿ = ਧਾਰ ਕੇ, ਟਿਕਾ ਕੇ।੮। ਅਰਥ: ਹੇ ਸੱਜਣ-ਪ੍ਰਭੂ! ਸਦਾ ਤੈਨੂੰ ਹੀ ਸਾਲਾਹਣਾ ਚਾਹੀਦਾ ਹੈ, ਸਦਾ ਤੇਰੀ ਹੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ। (ਇਸ ਸੰਸਾਰ-ਸਮੁੰਦਰ ਵਿਚੋਂ ਪਾਰ ਲੰਘਣ ਵਾਸਤੇ ਤੇਰੀ ਸਿਫ਼ਤਿ-ਸਾਲਾਹ ਜੀਵਾਂ ਵਾਸਤੇ ਜਹਾਜ਼ ਹੈ, ਇਸ) ਜਹਾਜ਼ ਤੋਂ ਬਿਨਾ ਭਉ-ਸਾਗਰ ਵਿਚ ਡੁੱਬ ਜਾਈਦਾ ਹੈ। (ਕੋਈ ਭੀ ਜੀਵ ਸਮੁੰਦਰ ਦਾ) ਪਾਰਲਾ ਕੰਢਾ ਲੱਭ ਨਹੀਂ ਸਕਦਾ।ਰਹਾਉ। ਜਿਨ੍ਹਾਂ ਬੰਦਿਆਂ ਨੇ ਸਤਿਗੁਰੂ ਦਾ ਪੱਲਾ ਫੜਿਆ ਹੈ, ਹੇ ਸੱਜਣ! ਉਹਨਾਂ ਦੇ ਸੰਗੀ-ਸਾਥੀ ਭੀ ਪਾਰ ਲੰਘ ਜਾਂਦੇ ਹਨ। ਜਿਨ੍ਹਾਂ ਦੀ ਜੀਭ ਪਰਮਾਤਮਾ ਦਾ ਨਾਮ-ਅੰਮ੍ਰਿਤ ਚੱਖਦੀ ਹੈ ਉਹਨਾਂ ਦੇ (ਜੀਵਨ-ਸਫ਼ਰ ਵਿਚ ਵਿਕਾਰ ਆਦਿਕਾਂ ਦੀ) ਰੁਕਾਵਟ ਨਹੀਂ ਪੈਂਦੀ। ਹੇ ਸੱਜਣ! ਜੇਹੜੇ ਮਨੁੱਖ ਪਰਮਾਤਮਾ ਦੇ ਡਰ-ਅਦਬ ਤੋਂ ਸੱਖਣੇ ਰਹਿੰਦੇ ਹਨ ਉਹ ਵਿਕਾਰਾਂ ਦੇ ਭਾਰ ਨਾਲ ਲੱਦੇ ਜਾਂਦੇ ਹਨ ਤੇ ਸੰਸਾਰ-ਸਮੁੰਦਰ ਵਿਚ ਡੁੱਬ ਜਾਂਦੇ ਹਨ। ਪਰ ਜਦੋਂ ਪਰਮਾਤਮਾ ਮੇਹਰ ਦੀ ਨਿਗਾਹ ਕਰਦਾ ਹੈ ਤਾਂ ਉਹਨਾਂ ਨੂੰ ਭੀ ਪਾਰ ਲੰਘਾ ਲੈਂਦਾ ਹੈ।੧। ਹੇ ਸੱਜਣ! ਸਾਲਾਹਣ-ਜੋਗ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ, ਉਸ ਵਰਗਾ ਹੋਰ ਕੋਈ ਨਹੀਂ ਹੈ। ਜੇਹੜੇ ਬੰਦੇ ਪਿਆਰੇ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦੇ ਹਨ ਉਹ ਭਾਗਾਂ ਵਾਲੇ ਹਨ। ਗੁਰੂ ਦੇ ਸ਼ਬਦ ਵਿਚ ਡੂੰਘੀ ਲਗਨ ਰੱਖਣ ਵਾਲੇ ਬੰਦੇ ਨੂੰ ਪਰਮਾਤਮਾ ਦਾ ਪ੍ਰੇਮ-ਰੰਗ ਚੜ੍ਹਦਾ ਹੈ। ਅਜੇਹੇ ਬੰਦੇ ਦੀ ਸੰਗਤਿ ਜੇ (ਕਿਸੇ ਨੂੰ) ਪ੍ਰਾਪਤ ਹੋ ਜਾਏ ਤਾਂ ਉਹ ਹਰੀ-ਨਾਮ ਦਾ ਰਸ ਲੈਂਦਾ ਹੈ ਤੇ (ਨਾਮ-ਦੁੱਧ ਨੂੰ) ਰਿੜਕ ਕੇ ਉਹ ਜਗਤ ਮੂਲ-ਪ੍ਰਭੂ ਨੂੰ ਮਿਲ ਪੈਂਦਾ ਹੈ।੨। ਹੇ ਭਾਈ! ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਨਾਮ ਪ੍ਰਭੂ-ਪਤੀ ਨੂੰ ਮਿਲਣ ਵਾਸਤੇ (ਇਸ ਜੀਵਨ-ਸਫ਼ਰ ਵਿਚ) ਰਾਹਦਾਰੀ ਹੈ, ਇਹ ਨਾਮ ਸਦਾ-ਥਿਰ ਰਹਿਣ ਵਾਲੀ ਮੋਹਰ ਹੈ। (ਪ੍ਰਭੂ ਦਾ ਇਹੀ ਹੁਕਮ ਹੈ ਕਿ) ਜਗਤ ਵਿਚ ਜੋ ਭੀ ਆਇਆ ਹੈ ਉਸ ਨੇ (ਪ੍ਰਭੂ ਨੂੰ ਮਿਲਣ ਵਾਸਤੇ, ਇਹ ਨਾਮ-ਰੂਪ ਰਾਹਦਾਰੀ) ਲਿਖ ਕੇ ਆਪਣੇ ਨਾਲ ਲੈ ਜਾਣੀ ਹੈ। ਹੇ ਭਾਈ! ਪ੍ਰਭੂ ਦੇ ਇਸ ਹੁਕਮ ਨੂੰ ਸਮਝ (ਪਰ ਇਸ ਹੁਕਮ ਨੂੰ ਸਮਝਣ ਲਈ ਗੁਰੂ ਦੀ ਸ਼ਰਨ ਪੈਣਾ ਪਏਗਾ) ਗੁਰੂ ਤੋਂ ਬਿਨਾ ਪ੍ਰਭੂ ਦਾ ਹੁਕਮ ਸਮਝਿਆ ਨਹੀਂ ਜਾ ਸਕਦਾ। ਹੇ ਭਾਈ! ਜੇਹੜਾ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਸਮਝ ਲੈਂਦਾ ਹੈ, ਵਿਕਾਰਾਂ ਦਾ ਟਾਕਰਾ ਕਰਨ ਲਈ ਉਸ ਨੂੰ) ਸਦਾ-ਥਿਰ ਪ੍ਰਭੂ ਦਾ ਸਦਾ-ਥਿਰ ਬਲ ਹਾਸਲ ਹੋ ਜਾਂਦਾ ਹੈ।੩। ਹੇ ਭਾਈ! ਜੀਵ ਪਰਮਾਤਮਾ ਦੇ ਹੁਕਮ ਅਨੁਸਾਰ (ਪਹਿਲਾਂ) ਮਾਤਾ ਦੇ ਗਰਭ ਵਿਚ ਟਿਕਦਾ ਹੈ, ਤੇ ਮਾਂ ਦੇ ਪੇਟ ਵਿਚ (ਦਸ ਮਹੀਨੇ ਨਿਵਾਸ ਰੱਖਦਾ ਹੈ) । ਪੁੱਠਾ ਸਿਰ ਭਾਰ ਰਹਿ ਕੇ ਪ੍ਰਭੂ ਦੇ ਹੁਕਮ ਅਨੁਸਾਰ ਹੀ (ਫਿਰ) ਜਨਮ ਲੈਂਦਾ ਹੈ। (ਕਿਸੇ ਖ਼ਾਸ ਜੀਵਨ-ਮਨੋਰਥ ਵਾਸਤੇ ਜੀਵ ਜਗਤ ਵਿਚ ਆਉਂਦਾ ਹੈ) ਜੋ ਜੀਵ ਗੁਰੂ ਦੀ ਸ਼ਰਨ ਪੈ ਕੇ ਜੀਵਨ-ਮਨੋਰਥ ਨੂੰ ਸਵਾਰ ਕੇ ਇਥੋਂ ਜਾਂਦਾ ਹੈ ਉਹ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ ਪਾਂਦਾ ਹੈ।੪। ਹੇ ਸੱਜਣ! ਪਰਮਾਤਮਾ ਦੀ ਰਜ਼ਾ ਅਨੁਸਾਰ ਹੀ ਜੀਵ ਜਗਤ ਵਿਚ ਆਉਂਦਾ ਹੈ, ਰਜ਼ਾ ਅਨੁਸਾਰ ਹੀ ਇਥੋਂ ਚਲਾ ਜਾਂਦਾ ਹੈ। ਜੇਹੜਾ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ (ਤੇ ਮਾਇਆ ਦੇ ਮੋਹ ਵਿਚ ਫਸ ਜਾਂਦਾ ਹੈ) ਉਸ ਨੂੰ ਪ੍ਰਭੂ ਦੀ ਰਜ਼ਾ ਅਨੁਸਾਰ ਹੀ ਬੰਨ੍ਹ ਕੇ (ਭਾਵ, ਜੋਰੋ ਜੋਰੀ) ਇਥੋਂ ਤੋਰਿਆ ਜਾਂਦਾ ਹੈ (ਕਿਉਂਕਿ ਮੋਹ ਦੇ ਕਾਰਨ ਉਹ ਇਸ ਮਾਇਆ ਨੂੰ ਛੱਡਣਾ ਨਹੀਂ ਚਾਹੁੰਦਾ) । ਪਰਮਾਤਮਾ ਦੀ ਰਜ਼ਾ ਅਨੁਸਾਰ ਹੀ ਜਿਸ ਨੇ ਗੁਰੂ ਦੇ ਸ਼ਬਦ ਦੀ ਰਾਹੀਂ (ਜਨਮ-ਮਨੋਰਥ ਨੂੰ) ਪਛਾਣ ਲਿਆ ਹੈ ਉਹ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ ਨਾਲ ਜਾਂਦਾ ਹੈ।੫। ਹੇ ਭਾਈ! ਪਰਮਾਤਮਾ ਦੀ ਰਜ਼ਾ ਅਨੁਸਾਰ ਹੀ (ਕਿਤੇ) ਮਾਇਆ ਦੀ ਸੋਚ ਸੋਚੀ ਜਾ ਰਹੀ ਹੈ, ਪ੍ਰਭੂ ਦੀ ਰਜ਼ਾ ਵਿਚ ਹੀ ਕਿਤੇ ਹਉਮੈ ਹੈ ਕਿਤੇ ਦ੍ਵੈਤ ਹੈ। ਪ੍ਰਭੂ ਦੀ ਰਜ਼ਾ ਅਨੁਸਾਰ ਹੀ (ਕਿਤੇ ਕੋਈ ਮਾਇਆ ਦੀ ਖ਼ਾਤਰ) ਭਟਕ ਰਿਹਾ ਹੈ, (ਕਿਤੇ ਕੋਈ) ਜਨਮ ਮਰਨ ਦੇ ਗੇੜ ਵਿਚ ਪਾਇਆ ਜਾ ਰਿਹਾ ਹੈ, ਕਿਤੇ ਪਾਪ ਦੀ ਠੱਗੀ ਹੋਈ ਲੋਕਾਈ (ਆਪਣੇ ਦੁੱਖ) ਰੋ ਰਹੀ ਹੈ। ਜਿਸ ਮਨੁੱਖ ਨੂੰ ਸ਼ਾਹ-ਪ੍ਰਭੂ ਦੀ ਰਜ਼ਾ ਦੀ ਸਮਝ ਆ ਜਾਂਦੀ ਹੈ, ਉਸ ਨੂੰ ਸਦਾ-ਥਿਰ ਰਹਿਣ ਵਾਲਾ ਪ੍ਰਭੂ ਮਿਲ ਪੈਂਦਾ ਹੈ, ਉਸ ਦੀ (ਲੋਕ ਪਰਲੋਕ ਵਿਚ) ਵਡਿਆਈ ਹੁੰਦੀ ਹੈ।੬। ਹੇ ਭਾਈ! ਜਗਤ ਵਿਚ ਮਾਇਆ ਦਾ ਪ੍ਰਭਾਵ ਇਤਨਾ ਹੈ ਕਿ) ਪਰਮਾਤਮਾ ਦਾ ਸਦਾ-ਥਿਰ ਰਹਿਣ ਵਾਲਾ ਨਾਮ ਸਿਮਰਨਾ ਬੜਾ ਕਠਨ ਹੋ ਰਿਹਾ ਹੈ, ਨਾਹ ਹੀ ਪ੍ਰਭੂ-ਨਾਮ ਸੁਣਿਆ ਜਾ ਰਿਹਾ ਹੈ (ਮਾਇਆ ਦੇ ਪ੍ਰਭਾਵ ਹੇਠ ਜੀਵ ਨਾਮ ਨਹੀਂ ਸਿਮਰਦੇ, ਨਾਮ ਨਹੀਂ ਸੁਣਦੇ) । ਹੇ ਭਾਈ! ਮੈਂ ਉਹਨਾਂ ਬੰਦਿਆਂ ਤੋਂ ਕੁਰਬਾਨ ਜਾਂਦਾ ਹਾਂ ਜਿਨ੍ਹਾਂ ਨੇ ਪ੍ਰਭੂ ਦੀ ਸਿਫ਼ਤਿ-ਸਾਲਾਹ ਕੀਤੀ ਹੈ। (ਮੇਰੀ ਇਹੀ ਅਰਦਾਸ ਹੈ ਕਿ ਉਹਨਾਂ ਦੀ ਸੰਗਤਿ ਵਿਚ) ਮੈਨੂੰ ਭੀ ਨਾਮ ਮਿਲੇ ਤੇ ਮੇਰਾ ਜੀਵਨ ਸੰਤੋਖੀ ਹੋ ਜਾਏ, ਮੇਹਰ ਦੀ ਨਜ਼ਰ ਵਾਲੇ ਪ੍ਰਭੂ ਦੇ ਚਰਨਾਂ ਵਿਚ ਮੈਂ ਜੁੜਿਆ ਰਹਾਂ।੭। ਹੇ ਭਾਈ! ਜੇ ਸਾਡਾ ਸਰੀਰ ਕਾਗ਼ਜ਼ ਬਣ ਜਾਏ, ਜੇ ਮਨ ਨੂੰ ਸਿਆਹੀ ਦੀ ਦਵਾਤ ਬਣਾ ਲਈਏ, ਜੇ ਸਾਡੀ ਜੀਭ ਪ੍ਰਭੂ ਦੀ ਸਿਫ਼ਤਿ-ਸਾਲਾਹ ਲਿਖਣ ਲਈ ਕਲਮ ਬਣ ਜਾਏ, ਤਾਂ, ਹੇ ਭਾਈ! ਸੁਭਾਗਤਾ ਇਸੇ ਗੱਲ ਵਿਚ ਹੈ ਕਿ) ਪਰਮਾਤਮਾ ਦੇ ਗੁਣਾਂ ਨੂੰ ਆਪਣੇ ਸੋਚ-ਮੰਦਰ ਵਿਚ ਲਿਆ ਕੇ (ਆਪਣੇ ਅੰਦਰ) ਉੱਕਰਦੇ ਚੱਲੋ। ਹੇ ਨਾਨਕ! ਉਹ ਲਿਖਾਰੀ ਭਾਗਾਂ ਵਾਲਾ ਹੈ ਜੋ ਸਦਾ-ਥਿਰ ਵਾਲੇ ਪ੍ਰਭੂ ਦੇ ਨਾਮ ਨੂੰ ਹਿਰਦੇ ਵਿਚ ਟਿਕਾ ਕੇ (ਆਪਣੇ ਅੰਦਰ) ਉੱਕਰ ਲੈਂਦਾ ਹੈ।੮।੩। |
ਟੋਡੀ ਮਹਲਾ ੫ ॥ ਹਰਿ ਬਿਸਰਤ ਸਦਾ ਖੁਆਰੀ ॥ ਤਾ ਕਉ ਧੋਖਾ ਕਹਾ ਬਿਆਪੈ ਜਾ ਕਉ ਓਟ ਤੁਹਾਰੀ ॥ ਰਹਾਉ ॥ ਬਿਨੁ ਸਿਮਰਨ ਜੋ ਜੀਵਨੁ ਬਲਨਾ ਸਰਪ ਜੈਸੇ ਅਰਜਾਰੀ ॥ ਨਵ ਖੰਡਨ ਕੋ ਰਾਜੁ ਕਮਾਵੈ ਅੰਤਿ ਚਲੈਗੋ ਹਾਰੀ ॥੧॥ ਗੁਣ ਨਿਧਾਨ ਗੁਣ ਤਿਨ ਹੀ ਗਾਏ ਜਾ ਕਉ ਕਿਰਪਾ ਧਾਰੀ ॥ ਸੋ ਸੁਖੀਆ ਧੰਨੁ ਉਸੁ ਜਨਮਾ ਨਾਨਕ ਤਿਸੁ ਬਲਿਹਾਰੀ ॥੨॥੨॥ {ਪੰਨਾ 711-712}
ਪਦਅਰਥ: ਖੁਆਰੀ = ਬੇ = ਇੱਜ਼ਤੀ। ਕਉ = ਨੂੰ। ਕਹਾ ਬਿਆਪੈ = ਨਹੀਂ ਵਿਆਪ ਸਕਦਾ। ਓਟ = ਆਸਰਾ।ਰਹਾਉ।
ਬਲਨਾ = ਬਿਲਾਨਾ, ਗੁਜ਼ਾਰਨਾ। ਅਰਜਾਰੀ = ਉਮਰ। ਨਵ ਖੰਡਨ ਕੋ ਰਾਜੁ = ਸਾਰੀ ਧਰਤੀ ਦਾ ਰਾਜ। ਅੰਤਿ = ਆਖ਼ਰ ਨੂੰ। ਹਾਰੀ = ਹਾਰਿ, (ਮਨੁੱਖਾ ਜੀਵਨ ਦੀ ਬਾਜ਼ੀ) ਹਾਰ ਕੇ।੧।
ਗੁਣ ਨਿਧਾਨ ਗੁਣ = ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦੇ ਗੁਣ। ਤਿਨ ਹੀ = ਉਸ ਨੇ ਹੀ {ਲਫ਼ਜ਼ 'ਤਿਨਿ' ਦੀ 'ਿ' ਕ੍ਰਿਆ = ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਈ ਹੈ} ਤਿਨਿ ਹੀ। ਜਾ ਕਉ = ਜਿਸ ਉਤੇ। ਧਾਰੀ = ਕੀਤੀ। ਧੰਨੁ = ਮੁਬਾਰਿਕ। ਤਿਸੁ = ਬਲਿਹਾਰੀ = ਉਸ ਤੋਂ ਕੁਰਬਾਨ।੨।
ਅਰਥ: ਹੇ ਭਾਈ! ਪਰਮਾਤਮਾ (ਦੇ ਨਾਮ) ਨੂੰ ਭੁਲਾਇਆਂ ਸਦਾ (ਮਾਇਆ ਦੇ ਹੱਥੋਂ ਮਨੁੱਖ ਦੀ) ਬੇ-ਪਤੀ ਹੀ ਹੁੰਦੀ ਹੈ। ਹੇ ਪ੍ਰਭੂ! ਜਿਸ ਮਨੁੱਖ ਨੂੰ ਤੇਰਾ ਆਸਰਾ ਹੋਵੇ, ਉਸ ਨੂੰ (ਮਾਇਆ ਦੇ ਕਿਸੇ ਭੀ ਵਿਕਾਰ ਵੱਲੋਂ) ਧੋਖਾ ਨਹੀਂ ਲੱਗ ਸਕਦਾ।ਰਹਾਉ।
ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਜਿਤਨੀ ਭੀ ਜ਼ਿੰਦਗੀ ਗੁਜ਼ਾਰਨੀ ਹੈ (ਉਹ ਇਉਂ ਹੀ ਹੁੰਦੀ ਹੈ) ਜਿਵੇਂ ਸੱਪ (ਆਪਣੀ) ਉਮਰ ਗੁਜ਼ਾਰਦਾ ਹੈ (ਉਮਰ ਭਾਵੇਂ ਲੰਮੀ ਹੁੰਦੀ ਹੈ, ਪਰ ਉਹ ਸਦਾ ਆਪਣੇ ਅੰਦਰ ਜ਼ਹਿਰ ਪੈਦਾ ਕਰਦਾ ਰਹਿੰਦਾ ਹੈ) । (ਸਿਮਰਨ ਤੋਂ ਵਾਂਜਿਆ ਹੋਇਆ ਮਨੁੱਖ ਜੇ) ਸਾਰੀ ਧਰਤੀ ਦਾ ਰਾਜ ਭੀ ਕਰਦਾ ਰਹੇ, ਤਾਂ ਭੀ ਆਖ਼ਰ ਮਨੁੱਖਾ ਜੀਵਨ ਦੀ ਬਾਜ਼ੀ ਹਾਰ ਕੇ ਹੀ ਜਾਂਦਾ ਹੈ।੧।
ਹੇ ਨਾਨਕ! ਆਖ-ਹੇ ਭਾਈ!) ਗੁਣਾਂ ਦੇ ਖ਼ਜ਼ਾਨੇ ਹਰੀ ਦੇ ਗੁਣ ਉਸ ਮਨੁੱਖ ਨੇ ਹੀ ਗਾਏ ਹਨ ਜਿਸ ਉਤੇ ਹਰੀ ਨੇ ਮੇਹਰ ਕੀਤੀ ਹੈ। ਉਹ ਮਨੁੱਖ ਸਦਾ ਸੁਖੀ ਜੀਵਨ ਬਿਤੀਤ ਕਰਦਾ ਹੈ, ਉਸ ਦੀ ਜ਼ਿੰਦਗੀ ਮੁਬਾਰਿਕ ਹੁੰਦੀ ਹੈ। ਅਜੇਹੇ ਮਨੁੱਖ ਤੋਂ ਸਦਕੇ ਹੋਣਾ ਚਾਹੀਦਾ ਹੈ।੨।੨।
ਹਲੇ ਯਾਰਾਂ ਹਲੇ ਯਾਰਾਂ ਖੁਸਿਖਬਰੀ ॥ ਬਲਿ ਬਲਿ ਜਾਂਉ ਹਉ ਬਲਿ ਬਲਿ ਜਾਂਉ ॥ ਨੀਕੀ ਤੇਰੀ ਬਿਗਾਰੀ ਆਲੇ ਤੇਰਾ ਨਾਉ ॥੧॥ ਰਹਾਉ ॥ ਕੁਜਾ ਆਮਦ ਕੁਜਾ ਰਫਤੀ ਕੁਜਾ ਮੇ ਰਵੀ ॥ ਦ੍ਵਾਰਿਕਾ ਨਗਰੀ ਰਾਸਿ ਬੁਗੋਈ ॥੧॥ ਖੂਬੁ ਤੇਰੀ ਪਗਰੀ ਮੀਠੇ ਤੇਰੇ ਬੋਲ ॥ ਦ੍ਵਾਰਿਕਾ ਨਗਰੀ ਕਾਹੇ ਕੇ ਮਗੋਲ ॥੨॥ ਚੰਦੀ ਹਜਾਰ ਆਲਮ ਏਕਲ ਖਾਨਾਂ ॥ ਹਮ ਚਿਨੀ ਪਾਤਿਸਾਹ ਸਾਂਵਲੇ ਬਰਨਾਂ ॥੩॥ ਅਸਪਤਿ ਗਜਪਤਿ ਨਰਹ ਨਰਿੰਦ ॥ ਨਾਮੇ ਕੇ ਸ੍ਵਾਮੀ ਮੀਰ ਮੁਕੰਦ ॥੪॥੨॥੩॥ {ਪੰਨਾ 727}
ਪਦਅਰਥ: ਹਲੇ ਯਾਰਾਂ = ਹੇ ਮਿੱਤਰ! ਹੇ ਸੱਜਣ! ਖੁਸਿ = ਖੁਸ਼ੀ ਦੇਣ ਵਾਲੀ, ਠੰਢ ਪਾਣ ਵਾਲੀ। ਖਬਰੀ = ਤੇਰੀ ਖ਼ਬਰ, ਤੇਰੀ ਸੋਇ {ਜਿਵੇਂ, "ਸੋਇ ਸੁਣੰਦੜੀ ਮੇਰਾ ਤਨੁ ਮਨੁ ਮਉਲਾ"}। ਬਲਿ ਬਲਿ = ਸਦਕੇ ਜਾਂਦਾ ਹਾਂ। ਹਉ = ਮੈਂ। ਨੀਕੀ = ਸੋਹਣੀ, ਚੰਗੀ, ਪਿਆਰੀ। ਬਿਗਾਰੀ = ਵਿਗਾਰ, ਕਿਸੇ ਹੋਰ ਵਾਸਤੇ ਕੀਤਾ ਹੋਇਆ ਕੰਮ (ਨੋਟ:ਦੁਨੀਆ ਦੇ ਸਾਰੇ ਧੰਧੇ ਅਸੀ ਇਸ ਸਰੀਰ ਦੀ ਖ਼ਾਤਰ ਤੇ ਪੁੱਤਰ ਇਸਤ੍ਰੀ ਆਦਿਕ ਸੰਬੰਧੀਆਂ ਦੀ ਖ਼ਾਤਰ ਕਰਦੇ ਹਾਂ; ਪਰ ਸਮਾਂ ਆਉਂਦਾ ਹੈ ਜਦੋਂ ਨਾ ਇਹ ਸਰੀਰ ਸਾਥ ਨਿਬਾਹੁੰਦਾ ਹੈ ਤੇ ਨਾ ਹੀ ਸੰਬੰਧੀ। ਸੋ, ਸਾਰੀ ਉਮਰ ਵਿਗਾਰ ਹੀ ਕਰਦੇ ਰਹਿੰਦੇ ਹਾਂ) । ਤੇਰੀ ਬਿਗਾਰੀ = ਇਹ ਰੋਜ਼ੀ ਆਦਿਕ ਕਮਾਉਣ ਦਾ ਕੰਮ ਜਿਸ ਵਿਚ ਤੂੰ ਅਸਾਨੂੰ ਲਾਇਆ ਹੋਇਆ ਹੈ। ਆਲੇ = ਆਹਲਾ, ਉੱਚਾ, ਵੱਡਾ, ਸਭ ਤੋਂ ਪਿਆਰਾ।੧।ਰਹਾਉ।
ਕੁਜਾ = (ਅਜ਼) ਕੁਜਾ, ਕਿੱਥੋਂ। ਆਮਦ = ਆਮਦੀ, ਤੂੰ ਆਇਆ। ਕੁਜਾ = ਕਿੱਥੇ। ਰਫਤੀ = ਤੂੰ ਗਿਆ ਸੈਂ। ਮੇ ਰਵੀ = ਤੂੰ ਜਾ ਰਿਹਾ ਹੈਂ। ਕੁਜਾ.......ਮੇ ਰਵੀ = ਤੂੰ ਕਿੱਥੋਂ ਆਇਆ? ਤੂੰ ਕਿਥੇ ਗਿਆ? ਤੂੰ ਕਿੱਥੇ ਜਾ ਰਿਹਾ ਹੈਂ? (ਭਾਵ, ਨਾ ਤੂੰ ਕਿਤੋਂ ਆਇਆ, ਨਾ ਤੂੰ ਕਿਤੇ ਕਦੇ ਗਿਆ, ਅਤੇ ਨਾ ਤੂੰ ਕਿਤੇ ਜਾ ਰਿਹਾ ਹੈਂ; ਤੂੰ ਸਦਾ ਅਟੱਲ ਹੈਂ) । ਰਾਸਿ = {Skt. रास: A kind of dance practised by Krishna and the cowherds but particularly the gopis or cowherdesses of Vrindavana, 2. Speech} ਰਾਸਾਂ ਜਿੱਥੇ ਕ੍ਰਿਸ਼ਨ ਜੀ ਨਾਚ ਕਰਦੇ ਤੇ ਗੀਤ ਸੁਣਾਉਂਦੇ ਸਨ। (ਰਾਸਿ ਮੰਡਲੁ ਕੀਨੋ ਆਖਾਰਾ। ਸਗਲੋ ਸਾਜਿ ਰਖਿਓ ਪਾਸਾਰਾ।੧।੨।੪੫। ਸੂਹੀ ਮਹਲਾ ੫) ਬੁਗੋਈ = ਤੂੰ (ਹੀ) ਆਖਦਾ ਹੈਂ।੧।
ਖੂਬ = ਸੋਹਣੀ। ਦ੍ਵਾਰਿਕਾ ਨਗਰੀ......ਮਗੋਲ = ਕਾਹੇ ਕੇ ਦ੍ਵਾਰਿਕਾ ਨਗਰੀ, ਕਾਹੇ ਕੇ ਮਗੋਲ; ਕਾਹਦੇ ਲਈ ਦੁਆਰਕਾ ਨਗਰੀ ਵਿਚ ਤੇ ਕਾਹਦੇ ਲਈ ਮੁਗਲ (-ਧਰਮ) ਦੇ ਨਗਰ ਵਿਚ? ਨਾਹ ਤੂੰ ਸਿਰਫ਼ ਦੁਆਰਕਾ ਵਿਚ ਹੈਂ, ਤੇ ਨਾਹ ਤੂੰ ਸਿਰਫ਼ ਮੁਸਲਮਾਨੀ ਧਰਮ ਦੇ ਕੇਂਦਰ ਮੱਕੇ ਵਿੱਚ ਹੈਂ।੨।
ਚੰਦੀ ਹਜਾਰ = ਕਈ ਹਜ਼ਾਰਾਂ। ਆਲਮ = ਦੁਨੀਆ। ਏਕਲ = ਇਕੱਲਾ। ਖਾਨਾਂ = ਖਾਨ, ਮਾਲਕ। ਹਮ ਚਿਨੀ = ਇਸੇ ਹੀ ਤਰ੍ਹਾਂ ਦਾ। ਹਮ = ਭੀ। ਚਿਨੀ = ਐਸਾ, ਅਜਿਹਾ। ਸਾਂਵਲੇ ਬਰਨਾਂ = ਸਾਂਵਲੇ ਰੰਗ ਵਾਲਾ, ਕ੍ਰਿਸ਼ਨ।੩।
ਅਸਪਤਿ = {अश्वपति = Lord of horses} ਸੂਰਜ ਦੇਵਤਾ। ਗਜਪਤਿ = ਇੰਦ੍ਰ ਦੇਵਤਾ। ਨਰਹ ਮਰਿੰਦ = ਨਰਾਂ ਦਾ ਰਾਜਾ, ਬ੍ਰਹਮਾ। ਮੁਕੰਦ = {Skt. मुकुंद = मुकुं दाति इति} ਮੁਕਤੀ ਦੇਣ ਵਾਲਾ, ਵਿਸ਼ਨੂੰ ਤੇ ਕ੍ਰਿਸ਼ਨ ਜੀ ਦਾ ਨਾਮ ਹੈ।੪।
ਨੋਟ: ਅੰਕ ੪ ਦਾ ਭਾਵ ਇਹ ਹੈ ਕਿ ਇਸ ਸ਼ਬਦ ਦੇ ੪ ਬੰਦ ਹਨ। ਅੰਕ ੨ ਦੱਸਦਾ ਹੈ ਕਿ ਨਾਮਦੇਵ ਜੀ ਦਾ ਇਹ ਦੂਜਾ ਸ਼ਬਦ ਹੈ। ਅੰਕ ੩ ਇਹ ਦੱਸਣ ਵਾਸਤੇ ਹੈ ਕਿ ਭਗਤਾਂ ਦੇ ਸਾਰੇ ਸ਼ਬਦਾਂ ਦਾ ਜੋੜ ੩ ਹੈ-੧ ਕਬੀਰ ਜੀ ਦਾ ਅਤੇ ੨ ਨਾਮਦੇਵ ਜੀ ਦੇ।
ਅਰਥ: ਹੇ ਸੱਜਣ! ਹੇ ਪਿਆਰੇ! ਤੇਰੀ ਸੋਇ ਠੰਢ ਪਾਣ ਵਾਲੀ ਹੈ (ਭਾਵ, ਤੇਰੀਆਂ ਕਥਾਂ ਕਹਾਣੀਆਂ ਸੁਣ ਕੇ ਮੈਨੂੰ ਠੰਡ ਪੈਂਦੀ ਹੈ) ; ਮੈਂ ਤੈਥੋਂ ਸਦਾ ਸਦਕੇ ਹਾਂ, ਕੁਰਬਾਨ ਹਾਂ। (ਹੇ ਮਿੱਤਰ!) ਤੇਰਾ ਨਾਮ (ਮੈਨੂੰ) ਸਭ ਤੋਂ ਵਧੀਕ ਪਿਆਰਾ (ਲੱਗਦਾ) ਹੈ, (ਇਸ ਨਾਮ ਦੀ ਬਰਕਤ ਨਾਲ ਹੀ, ਦੁਨੀਆ ਦੀ ਕਿਰਤ ਵਾਲੀ) ਤੇਰੀ ਦਿੱਤੀ ਹੋਈ ਵਿਗਾਰ ਭੀ (ਮੈਨੂੰ) ਮਿੱਠੀ ਲੱਗਦੀ ਹੈ।੧।ਰਹਾਉ।
(ਹੇ ਸੱਜਣ!) ਨਾਹ ਤੂੰ ਕਿਤੋਂ ਆਇਆ, ਨਾਹ ਤੂੰ ਕਿਤੇ ਕਦੇ ਗਿਆ ਅਤੇ ਨਾਹ ਤੂੰ ਜਾ ਰਿਹਾ ਹੈਂ (ਭਾਵ, ਤੂੰ ਸਦਾ ਅਟੱਲ ਹੈਂ) ਦੁਆਰਕਾ ਨਗਰੀ ਵਿਚ ਰਾਸ ਭੀ ਤੂੰ ਆਪ ਹੀ ਪਾਂਦਾ ਹੈਂ (ਭਾਵ, ਕਿਸ਼ਨ ਭੀ ਤੂੰ ਆਪ ਹੀ ਹੈਂ) ।੧।
ਹੇ ਯਾਰ! ਸੋਹਣੀ ਤੇਰੀ ਪੱਗ ਹੈ (ਭਾਵ, ਸੋਹਣਾ ਤੇਰਾ ਸਰੂਪ ਹੈ) ਤੇ ਪਿਆਰੇ ਤੇਰੇ ਬਚਨ ਹਨ, ਨਾਹ ਤੂੰ ਸਿਰਫ਼ ਦੁਆਰਕਾ ਵਿਚ ਹੈਂ ਤੇ ਨਾਹ ਤੂੰ ਸਿਰਫ਼ ਮੁਸਲਮਾਨੀ ਧਰਮ ਦੇ ਕੇਂਦਰ ਮੱਕੇ ਵਿਚ ਹੈਂ (ਭਾਵ, ਤੂੰ ਹਰ ਥਾਂ ਹੈਂ) ।੨।
(ਸ੍ਰਿਸ਼ਟੀ ਦੇ) ਕਈ ਹਜ਼ਾਰਾਂ ਮੰਡਲਾਂ ਦਾ ਤੂੰ ਇਕੱਲਾ (ਆਪ ਹੀ) ਮਾਲਕ ਹੈਂ। ਹੇ ਪਾਤਸ਼ਾਹ! ਇਹੋ ਜਿਹਾ ਹੀ ਸਾਉਲੇ ਰੰਗ ਵਾਲਾ ਕ੍ਰਿਸ਼ਨ ਹੈ (ਭਾਵ, ਕ੍ਰਿਸ਼ਨ ਭੀ ਤੂੰ ਆਪ ਹੀ ਹੈਂ) ।੩।
ਹੇ ਨਾਮਦੇਵ ਦੇ ਖਸਮ ਪ੍ਰਭੂ! ਤੂੰ ਆਪ ਹੀ ਮੀਰ ਹੈਂ ਤੂੰ ਆਪ ਹੀ ਕ੍ਰਿਸ਼ਨ ਹੈਂ, ਤੂੰ ਆਪ ਹੀ ਸੂਰਜ-ਦੇਵਤਾ ਹੈਂ, ਤੂੰ ਆਪ ਹੀ ਇੰਦ੍ਰ ਹੈਂ, ਤੇ ਤੂੰ ਆਪ ਹੀ ਬ੍ਰਹਮਾ ਹੈਂ।੪।੨।੩।
ਨੋਟ: ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੋਈ ਬਾਣੀ (ਚਾਹੇ ਉਹ ਸਤਿਗੁਰੂ ਜੀ ਦੀ ਆਪਣੀ ਉਚਾਰੀ ਹੋਈ ਹੈ ਤੇ ਚਾਹੇ ਕਿਸੇ ਭਗਤ ਦੀ) ਸਿੱਖ ਵਿਚ ਜੀਵਨ ਪੈਦਾ ਕਰਨ ਲਈ ਹੈ, ਸਿੱਖ ਦੇ ਜੀਵਨ ਦੀ ਥੰਮੀ ਹੈ। ਜੇ ਉਹ ਮੁਗ਼ਲ ਦੀ ਕਹਾਣੀ ਠੀਕ ਮੰਨ ਲਈ ਜਾਏ, ਤਾਂ ਸਿੱਖ ਐਸ ਵੇਲੇ ਇਸ ਸ਼ਬਦ ਨੂੰ ਆਪਣੇ ਜੀਵਨ ਦਾ ਆਸਰਾ ਕਿਸ ਤਰੀਕੇ ਨਾਲ ਬਣਾਏ? ਹੁਕਮ ਹੈ-"ਪਰਥਾਇ ਸਾਖੀ ਮਹਾਪੁਰਖ ਬੋਲਦੇ ਸਾਝੀ ਸਗਲ ਜਹਾਨੈ"। ਮੁਗ਼ਲ ਦੇ ਰਾਜ ਵੇਲੇ ਜੇ ਨਾਮਦੇਵ ਜੀ ਨੂੰ ਕਿਸੇ ਮੁਗ਼ਲ ਹਾਕਮ ਵਿਚ ਰੱਬ ਦਿੱਸ ਪਿਆ, ਤਾਂ ਕੀ ਅੰਗ੍ਰੇਜ਼ੀ ਹਕੂਮਤ ਵੇਲੇ ਜੇ ਕੋਈ ਅੰਗ੍ਰੇਜ਼ ਕਿਸੇ ਸਿੱਖ ਉਤੇ ਵਹਿਸ਼ੀਆਨਾ ਵਧੀਕੀ ਕਰੇ ਤਾਂ ਸਿੱਖ ਉਸ ਅੰਗ੍ਰੇਜ਼ ਵਿੱਚ ਰੱਬ ਵੇਖੇ? ਕੀ ਇਹ ਸ਼ਬਦ ਸਿਰਫ਼ ਪਿਛਲੀ ਹੋ ਬੀਤੀ ਕਹਾਣੀ ਨਾਲ ਹੀ ਸੰਬੰਧ ਰੱਖਦਾ ਸੀ? ਕੀ ਇਸ ਦੀ ਹੁਣ ਕਿਸੇ ਸਿੱਖ ਨੂੰ ਆਪਣੇ ਅਮਲੀ ਜੀਵਨ ਵਿਚ ਲੋੜ ਨਹੀਂ ਦਿੱਸਦੀ?
ਜੇ ਨਾਮਦੇਵ ਜੀ ਕਿਸੇ ਉੱਚੀ ਜਾਤ ਦੇ ਹੁੰਦੇ, ਧਨ ਪਦਾਰਥ ਵਾਲੇ ਭੀ ਹੁੰਦੇ ਅਤੇ ਕਿਸੇ ਅਤਿ ਨੀਵੇਂ ਕੰਗਾਲ ਬੰਦੇ ਨੂੰ ਵੇਖ ਕੇ ਵਜਦ ਵਿਚ ਆਉਂਦੇ ਅਤੇ ਉਸ ਨੂੰ ਰੱਬ ਆਖਦੇ, ਤਾਂ ਤੇ ਅਸਾਨੂੰ ਗੁਰੂ ਨਾਨਕ ਦੇਵ ਜੀ ਦਾ ਉੱਚਾ ਨਿਸ਼ਾਨਾ ਇਉਂ ਸਾਹਮਣੇ ਦਿੱਸ ਪੈਂਦਾ-
"ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚ ॥
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ ॥"
ਪਰ ਮਾੜਾ ਬੰਦਾ ਤਕੜੇ ਨੂੰ ਸਦਾ 'ਮਾਈ ਬਾਪ' ਆਖ ਦਿਆ ਕਰਦਾ ਹੈ। ਇਸ ਵਿਚ ਕੋਈ ਫ਼ਖ਼ਰ ਨਹੀਂ ਕੀਤਾ ਜਾ ਸਕਦਾ। ਸੋ, ਮੁਗ਼ਲ ਅਤੇ ਉਸ ਦੀ ਵਛੇਰੀ ਵਾਲੀ ਕਹਾਣੀ ਇੱਥੇ ਬੇਲੋੜਵੀਂ ਤੇ ਕਾਹਲੀ ਵਿਚ ਹੀ ਜੋੜੀ ਗਈ ਹੈ।
ਇਸ ਸ਼ਬਦ ਵਿਚ ਵਰਤੇ ਹੋਏ ਲਫ਼ਜ਼ "ਪਗਰੀ" ਅਤੇ "ਮਗੋਲ" ਤੋਂ ਸ਼ਾਇਦ ਇਹ ਕਹਾਣੀ ਚੱਲ ਪਈ ਹੋਵੇ, ਕਿਉਂਕਿ ਲਫ਼ਜ਼ "ਪਗਰੀ" ਵਰਤ ਕੇ ਤਾਂ ਕਿਸੇ ਮਨੁੱਖ ਦਾ ਹੀ ਜ਼ਿਕਰ ਕੀਤਾ ਜਾਪਦਾ ਹੈ। ਪਰ, ਇਉਂ ਤਾਂ ਗੁਰੂ ਨਾਨਕ ਦੇਵ ਜੀ ਪਰਮਾਤਮਾ ਦੀ ਉਸਤਤ ਕਰਦੇ ਕਰਦੇ ਉਸ ਦੇ ਨੱਕ ਤੇ ਸੋਹਣੇ ਕੇਸਾਂ ਦਾ ਭੀ ਜ਼ਿਕਰ ਕਰਦੇ ਹਨ। ਕੀ ਉੱਥੇ ਭੀ ਕਿਸੇ ਮਨੁੱਖ ਦੀ ਹੀ ਕਹਾਣੀ ਜੋੜਨੀ ਪਏਗੀ? ਵੇਖੋ-
ਵਡਹੰਸ ਮਹਲਾ ੧ ਛੰਤ
ਤੇਰੇ ਬੰਕੇ ਲੋਇਣ ਦੰਤ ਰੀਸਾਲਾ ॥ ਸੋਹਣੇ ਨਕ ਜਿਨ ਲੰਮੜੇ ਵਾਲਾ ॥
ਕੰਚਨ ਕਾਇਆ ਸੁਇਨੇ ਕੀ ਢਾਲਾ ॥... ... ... ॥੭॥
ਤੇਰੀ ਚਾਲ ਸੁਹਾਈ ਮਧੁਰਾੜੀ ਬਾਣੀ ॥... ... ...
ਬਿਨਵੰਤਿ ਨਾਨਕੁ ਦਾਸੁ ਹਰਿ ਕਾ ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ ॥੮॥੨॥
ਨਾਮਦੇਵ ਜੀ ਦੇ ਇਸ ਸ਼ਬਦ ਵਿਚ ਕਿਸੇ ਘੋੜੀ ਜਾਂ ਘੋੜੀ ਦੇ ਵਛੇਰੇ ਦਾ ਤਾਂ ਕੋਈ ਜ਼ਿਕਰ ਨਹੀਂ, ਸਿਰਫ਼ ਲਫ਼ਜ਼ 'ਬਿਗਾਰ' ਹੀ ਮਿਲਦਾ ਹੈ; ਪਰ ਇਹ ਲਫ਼ਜ਼ ਸਤਿਗੁਰੂ ਜੀ ਨੇ ਭੀ ਕਈ ਵਾਰੀ ਵਰਤਿਆ ਹੈ; ਜਿਵੇਂ:
ਨਿਤ ਦਿਨਸੁ ਰਾਤਿ ਲਾਲਚੁ ਕਰੇ, ਭਰਮੈ ਭਰਮਾਇਆ ॥
ਵੇਗਾਰਿ ਫਿਰੈ ਵੇਗਾਰੀਆ, ਸਿਰਿ ਭਾਰੁ ਉਠਾਇਆ ॥
ਜੋ ਗੁਰ ਕੀ ਜਨੁ ਸੇਵਾ ਕਰੇ, ਸੋ ਘਰ ਕੈ ਕੰਮਿ ਹਰਿ ਲਾਇਆ ॥੧॥੪੮॥
{ਗਉੜੀ ਬੈਰਾਗਣਿ ਮ: ੪, ਪੰਨਾ ੧੬੬
ਕਿਉਂ ਨਾਹ ਇਸ ਸ਼ਬਦ ਵਿਚ ਭੀ ਇਹ ਲਫ਼ਜ਼ ਉਸੇ ਭਾਵ ਵਿਚ ਸਮਝਿਆ ਜਾਏ ਜਿਸ ਵਿਚ ਸਤਿਗੁਰੂ ਜੀ ਨੇ ਵਰਤਿਆ ਹੈ? ਫਿਰ, ਕਿਸੇ ਸੱਜਰ-ਸੂ ਘੋੜੀ ਦਾ ਜ਼ਿਕਰ ਲਿਆਉਣ ਦੀ ਲੋੜ ਹੀ ਨਹੀਂ ਰਹੇਗੀ।
ਜਿਸ ਤਰੀਕੇ ਨਾਲ ਮੁਗ਼ਲ ਦੀ ਘੋੜੀ ਦਾ ਸੰਬੰਧ ਇਸ ਸ਼ਬਦ ਨਾਲ ਜੋੜਿਆ ਜਾਂਦਾ ਹੈ, ਉਹ ਬੜਾ ਓਪਰਾ ਜਿਹਾ ਲੱਗਦਾ ਹੈ। ਕਹਿੰਦੇ ਹਨ ਕਿ ਜਦੋਂ ਬਿਰਧ ਅਵਸਥਾ ਵਿਚ ਨਾਮਦੇਵ ਜੀ ਕੱਪੜਿਆਂ ਦੀ ਪੰਡ ਚੁੱਕ ਕੇ ਘਾਟ ਤਕ ਅਪੜਾਉਣ ਵਿਚ ਔਖਿਆਈ ਮਹਿਸੂਸ ਕਰਨ ਲੱਗੇ, ਤਾਂ ਉਹਨਾਂ ਦੇ ਮਨ ਵਿਚ ਫੁਰਨਾ ਉੱਠਿਆ ਕਿ ਜੇ ਇਕ ਘੋੜੀ ਲੈ ਲਈਏ ਤਾਂ ਕੱਪੜੇ ਉਸ ਉੱਤੇ ਲੱਦ ਲਏ ਜਾਇਆ ਕਰਨ। ਪਰ ਨਾਮਦੇਵ ਜੀ ਦਾ ਇਹ ਖ਼ਿਆਲ ਪਰਮਾਤਮਾ ਨੂੰ ਚੰਗਾ ਨਾਹ ਲੱਗਾ, ਕਿਉਂਕਿ ਇਸ ਤਰ੍ਹਾਂ ਨਾਮਦੇਵ ਦੇ ਮਾਇਆ ਵਿਚ ਫਸਣ ਦਾ ਖ਼ਤਰਾ ਜਾਪਦਾ ਸੀ।
ਕਹਾਣੀ ਬਹੁਤ ਹੀ ਕੱਚੀ ਜਿਹੀ ਜਾਪਦੀ ਹੈ। ਕੁਦਰਤ ਦੇ ਨੇਮ ਅਨੁਸਾਰ ਹੀ ਮਨੁੱਖ ਉੱਤੇ ਬਿਰਧ ਅਵਸਥਾ ਆਉਂਦੀ ਹੈ। ਤਦੋਂ ਸਰੀਰਕ ਕਮਜ਼ੋਰੀ ਕਰਕੇ ਜੇ ਭਗਤ ਨਾਮਦੇਵ ਜੀ ਨੂੰ ਆਪਣੇ ਜੀਵਨ-ਨਿਰਬਾਹ ਲਈ ਮਜ਼ਦੂਰੀ ਕਰਨ ਵਿਚ ਘੋੜੀ ਦੀ ਲੋੜ ਜਾਪੀ ਤਾਂ ਇਹ ਕੋਈ ਪਾਪ ਨਹੀਂ। ਵੇਹਲੜ ਰਹਿ ਕੇ, ਭਗਤੀ ਦੇ ਇਵਜ਼ ਵਿਚ ਲੋਕਾਂ ਉੱਤੇ ਆਪਣੀ ਰੋਟੀ ਦਾ ਭਾਰ ਪਾਣਾ ਤਾਂ ਪਰਤੱਖ ਮਾੜਾ ਕੰਮ ਹੈ। ਪਰ ਭਗਤੀ ਦੇ ਨਾਲ ਨਾਲ ਕਿਰਤ-ਕਾਰ ਭੀ ਆਪਣੀ ਹੱਥੀਂ ਕਰਨੀ, ਇਹ ਤਾਂ ਸਗੋਂ ਧਰਮ ਦਾ ਸਹੀ ਨਿਸ਼ਾਨਾ ਹੈ।
ਪੰਡਤ ਤਾਰਾ ਸਿੰਘ ਜੀ ਨੇ ਇਸ ਕਹਾਣੀ ਦੇ ਥਾਂ ਸਿਰਫ਼ ਇਹੀ ਲਿਖਿਆ ਹੈ ਕਿ ਦੁਆਰਕਾ ਤੋਂ ਤੁਰਨ ਲੱਗਿਆਂ ਨਾਮਦੇਵ ਜੀ ਨੂੰ ਥਕੇਵੇਂ ਤੋਂ ਬਚਣ ਲਈ ਘੋੜੀ ਦੀ ਲੋੜ ਮਹਿਸੂਸ ਹੋਈ। ਸ਼ਬਦ ਵਿਚ ਚੂੰਕਿ ਘੋੜੀ ਅਤੇ ਵਛੇਰੇ ਦਾ ਕੋਈ ਜ਼ਿਕਰ ਨਹੀਂ ਹੈ, ਹੁਣ ਦੇ ਵਿਦਵਾਨਾਂ ਨੇ ਇਹ ਲਿਖਿਆ ਹੈ ਕਿ ਦੁਆਰਕਾ ਵਿਚ ਨਾਮਦੇਵ ਨੂੰ ਕਿਸੇ ਮੁਗ਼ਲ ਨੇ ਵਿਗਾਰੇ ਫੜ ਲਿਆ, ਤਾਂ ਉਸ ਨੇ ਮੁਗ਼ਲ ਵਿਚ ਭੀ ਰੱਬ ਤੱਕ ਕੇ ਇਹ ਸ਼ਬਦ ਉਚਾਰਿਆ।
ਇੱਕੋ ਹੀ ਸ਼ਬਦ ਬਾਰੇ ਵੱਖੋ-ਵੱਖ ਉਥਾਨਕਾ ਬਣ ਜਾਣ ਤੋਂ ਹੀ ਸ਼ੱਕ ਪੱਕਾ ਹੁੰਦਾ ਜਾਂਦਾ ਹੈ ਕਿ ਸ਼ਬਦ ਦੇ ਅਰਥ ਦੀ ਔਖਿਆਈ ਨੇ ਮਜਬੂਰ ਕੀਤਾ ਹੈ ਕੋਈ ਸੁਖੱਲਾ ਹੱਲ ਲੱਭਣ ਲਈ, ਨਹੀਂ ਤਾਂ ਕਿਸੇ ਘੋੜੀ ਜਾਂ ਵਿਗਾਰ ਵਾਲੀ ਕੋਈ ਘਟਨਾ ਨਹੀਂ ਵਾਪਰੀ। ਇਹ ਗੱਲ ਬਾਰੇ ਵਿਦਵਾਨ ਮੰਨਦੇ ਹਨ ਕਿ ਨਾਮਦੇਵ ਜੀ ਦੀ ਉਸ ਵੇਲੇ ਇਤਨੀ ਉੱਚੀ ਆਤਮਕ ਅਵਸਥਾ ਸੀ ਕਿ ਉਹ ਅਕਾਲ ਪੁਰਖ ਨੂੰ ਹਰ ਥਾਂ ਪ੍ਰਤੱਖ ਵੇਖ ਰਹੇ ਸਨ, ਉਸ ਮੁਗ਼ਲ ਵਿਚ ਭੀ ਉਹਨਾਂ ਆਪਣੇ ਪਰਮਾਤਮਾ ਨੂੰ ਹੀ ਵੇਖਿਆ; ਉਸ ਵੇਲੇ ਉਹ ਜਗਤ ਦੇ ਕਰਤਾਰ ਦੇ ਨਿਰਗੁਣ ਸਰੂਪ ਦੇ ਅਨਿੰਨ ਭਗਤ ਸਨ। ਪਰ ਇੱਥੇ ਇਕ ਭਾਰੀ ਔਕੜ ਆ ਪੈਂਦੀ ਹੈ, ਉਹ ਇਹ ਕਿ ਭਗਤ ਨਾਮਦੇਵ ਜੀ ਤਦੋਂ ਦੁਆਰਕਾ ਕੀਹ ਕਰਨ ਗਏ ਸਨ? ਕਈ ਕਾਰਨ ਹੋ ਸਕਦੇ ਹਨ-ਸੈਰ ਕਰਨ, ਕਿਸੇ ਸਾਕ-ਅੰਗ ਨੂੰ ਮਿਲਣ, ਰੋਜ਼ੀ ਸੰਬੰਧੀ ਕਿਸੇ ਕਾਰ-ਵਿਹਾਰ ਤੇ, ਕਿਸੇ ਹਕੀਮ ਵੈਦ ਤੋਂ ਕੋਈ ਦਵਾ ਦਾਰੂ ਲੈਣ? ਜਦੋਂ ਅਸੀ ਇਹ ਵੇਖਦੇ ਹਾਂ ਕਿ ਨਾਮਦੇਵ ਜੀ ਦੇ ਨਗਰ ਪੰਡਰਪੁਰ ਤੋਂ ਦੁਆਰਕਾ ਦੀ ਵਿੱਥ ਛੇ ਸੌ ਮੀਲ ਦੇ ਕਰੀਬ ਹੈ, ਤਾਂ ਉੱਪਰਲੇ ਸਾਰੇ ਅੰਦਾਜ਼ੇ ਰਹਿ ਜਾਂਦੇ ਹਨ, ਕਿਉਂਕਿ ਉਸ ਜ਼ਮਾਨੇ ਵਿਚ ਗੱਡੀਆਂ ਆਦਿਕ ਦਾ ਸਿਲਸਿਲਾ ਕੋਈ ਹੈ ਹੀ ਨਹੀਂ ਸੀ। ਇਤਨਾ ਲੰਮਾ ਪੈਂਡਾ ਤੁਰ ਕੇ ਜਾਣ ਲਈ ਆਖ਼ਰ ਕੋਈ ਬੜੀ ਡਾਢੀ ਤਕੜੀ ਲੋੜ ਹੀ ਪਈ ਹੋਵੇਗੀ। ਦੁਆਰਕਾ ਕ੍ਰਿਸ਼ਨ ਜੀ ਦੀ ਨਗਰੀ ਹੈ ਤੇ ਕ੍ਰਿਸ਼ਨ ਜੀ ਦੇ ਭਗਤ ਦੂਰੋਂ ਦੂਰੋਂ ਦੁਆਰਕਾ ਦੇ ਦਰਸ਼ਨ ਨੂੰ ਜਾਂਦੇ ਹਨ। ਗੁਰੂ ਅਮਰਦਾਸ ਜੀ ਦੇ ਵੇਲੇ ਦੀ ਪੰਡਤ ਮਾਈ ਦਾਸ ਦੀ ਕਥਾ ਭੀ ਬੜੀ ਉੱਘੀ ਹੈ। ਸੋ, ਕੀ ਭਗਤ ਨਾਮਦੇਵ ਜੀ ਬਾਕੀ ਕ੍ਰਿਸ਼ਨ-ਭਗਤਾਂ ਵਾਂਗ ਦੁਆਰਕਾ ਦੇ ਦਰਸ਼ਨ ਨੂੰ ਗਏ ਸਨ? ਇਹ ਨਹੀਂ ਹੋ ਸਕਦਾ। ਨਾਮਦੇਵ ਜੀ ਦਾ ਇਹ ਸ਼ਬਦ ਹੀ ਦੱਸਦਾ ਹੈ ਕਿ ਉਹ "ਚੰਦੀ ਹਜ਼ਾਰ ਆਲਮ" ਦੇ "ਏਕਲ ਖਾਨਾਂ" ਦੇ ਅਨਿੰਨ ਭਗਤ ਸਨ। ਮੁਗ਼ਲ ਦੀ ਕਹਾਣੀ ਲਿਖਣ ਵਾਲੇ ਭੀ ਇਹ ਮੰਨਦੇ ਹਨ ਕਿ ਉਹਨਾਂ ਮੁਗ਼ਲ ਵਿਚ ਵੀ ਰੱਬ ਵੇਖਿਆ। ਤਾਂ ਤੇ ਸਰਬ-ਵਿਆਪਕ ਪਰਮਾਤਮਾ ਦੇ ਭਗਤ ਨੂੰ ਉਚੇਚਾ ਛੇ ਸੌ ਮੀਲ ਪੈਂਡਾ ਮਾਰ ਕੇ ਮੂਰਤੀ ਦੇ ਦਰਸ਼ਨ ਵਾਸਤੇ ਦੁਆਰਕਾ ਜਾਣ ਦੀ ਲੋੜ ਨਹੀਂ ਸੀ। ਇਹ ਕਹਾਣੀ ਇਸ ਸ਼ਬਦ ਦੇ ਲਫ਼ਜ਼ "ਦੁਆਰਕਾ, ਮਗੋਲ, ਪਗਰੀ, ਬਿਗਾਰੀ" ਨੂੰ ਕਾਹਲੀ ਨਾਲ ਜੋੜਿਆਂ ਬਣਾਈ ਗਈ ਹੈ। ਇਸ ਸ਼ਬਦ ਵਿਚ ਨਿਰੋਲ ਅਕਾਲ ਪੁਰਖ ਦੀ ਸਿਫ਼ਤਿ-ਸਾਲਾਹ ਹੈ ਤੇ ਬੱਸ।
ਭਾਵ: ਪਰਮਾਤਮਾ ਸਦਾ ਅਟੱਲ ਹੈ, ਅਤੇ ਹਰ ਥਾਂ ਮੌਜੂਦ ਹੈ।
ਧਨਾਸਰੀ ਮਹਲਾ ੫ ॥ ਜਿਸ ਕਾ ਤਨੁ ਮਨੁ ਧਨੁ ਸਭੁ ਤਿਸ ਕਾ ਸੋਈ ਸੁਘੜੁ ਸੁਜਾਨੀ ॥ ਤਿਨ ਹੀ ਸੁਣਿਆ ਦੁਖੁ ਸੁਖੁ ਮੇਰਾ ਤਉ ਬਿਧਿ ਨੀਕੀ ਖਟਾਨੀ ॥੧॥ ਜੀਅ ਕੀ ਏਕੈ ਹੀ ਪਹਿ ਮਾਨੀ ॥ ਅਵਰਿ ਜਤਨ ਕਰਿ ਰਹੇ ਬਹੁਤੇਰੇ ਤਿਨ ਤਿਲੁ ਨਹੀ ਕੀਮਤਿ ਜਾਨੀ ॥ ਰਹਾਉ ॥ ਅੰਮ੍ਰਿਤ ਨਾਮੁ ਨਿਰਮੋਲਕੁ ਹੀਰਾ ਗੁਰਿ ਦੀਨੋ ਮੰਤਾਨੀ ॥ ਡਿਗੈ ਨ ਡੋਲੈ ਦ੍ਰਿੜੁ ਕਰਿ ਰਹਿਓ ਪੂਰਨ ਹੋਇ ਤ੍ਰਿਪਤਾਨੀ ॥੨॥ ਓਇ ਜੁ ਬੀਚ ਹਮ ਤੁਮ ਕਛੁ ਹੋਤੇ ਤਿਨ ਕੀ ਬਾਤ ਬਿਲਾਨੀ ॥ ਅਲੰਕਾਰ ਮਿਲਿ ਥੈਲੀ ਹੋਈ ਹੈ ਤਾ ਤੇ ਕਨਿਕ ਵਖਾਨੀ ॥੩॥ ਪ੍ਰਗਟਿਓ ਜੋਤਿ ਸਹਜ ਸੁਖ ਸੋਭਾ ਬਾਜੇ ਅਨਹਤ ਬਾਨੀ ॥ ਕਹੁ ਨਾਨਕ ਨਿਹਚਲ ਘਰੁ ਬਾਧਿਓ ਗੁਰਿ ਕੀਓ ਬੰਧਾਨੀ ॥੪॥੫॥ {ਪੰਨਾ 671}
ਪਦਅਰਥ: ਜਿਸ ਕਾ, ਤਿਸ ਕਾ = {ਲਫ਼ਜ਼ 'ਜਿਸੁ' 'ਤਿਸੁ' ਦਾ ੁ ਸੰਬੰਧਕ 'ਕਾ' ਦੇ ਕਾਰਨ ਉੱਡ ਗਿਆ ਹੈ}। ਸੋਈ = ਉਹ (ਪ੍ਰਭੂ) ਹੀ। ਸੁਘੜੁ = ਸੁਚੱਜੀ ਆਤਮਕ ਘਾੜਤ ਵਾਲਾ। ਸੁਜਾਨੀ = ਸਿਆਣਾ। ਤਿਨ ਹੀ = ਤਿਨਿ ਹੀ {ਲਫ਼ਜ਼ 'ਤਿਨ' ਦੀ 'ਿ' ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਣ ਉੱਡ ਗਈ ਹੈ}। ਤਉ = ਤਦੋਂ। ਨੀਕੀ ਬਿਧਿ = ਚੰਗੀ ਹਾਲਤ। ਖਟਾਨੀ = ਬਣ ਗਈ।੧।
ਜੀਅ ਕੀ = ਜਿੰਦ ਦੀ। ਏਕੈ ਹੀ ਪਹਿ = ਇਕ ਪਰਮਾਤਮਾ ਦੇ ਪਾਸ ਹੀ। ਮਾਨੀ = ਮੰਨੀ ਜਾਂਦੀ ਹੈ। ਅਵਰਿ = {ਲਫ਼ਜ਼ 'ਅਵਰ' ਤੋਂ ਬਹੁ-ਵਚਨ} ਹੋਰ। ਤਿਨ ਕੀਮਤਿ = ਉਹਨਾਂ (ਜਤਨਾਂ) ਦੀ ਕੀਮਤਿ। ਜਾਨੀ = ਜਾਣੀ ਜਾਂਦੀ।ਰਹਾਉ।
ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ। ਨਿਰਮੋਲਕੁ = ਜਿਸ ਦਾ ਕੋਈ ਮੁੱਲ ਨਾਹ ਪਾਇਆ ਜਾ ਕੇ। ਗੁਰਿ = ਗੁਰੂ ਨੇ। ਮੰਤਾਨੀ = ਮੰਤਰ। ਦ੍ਰਿੜੁ ਕਰਿ ਰਹਿਓ = ਪੱਕੇ ਤੌਰ ਤੇ ਟਿਕ ਗਿਆ।੨।
ਓਇ = {ਲਫ਼ਜ਼ 'ਓਹ' ਤੋਂ ਬਹੁ-ਵਚਨ}। ਓਇ ਬੀਚ = ਉਹ ਅੰਤਰੇ, ਉਹ ਵਿੱਥਾਂ, ਉਹ ਵਿਤਕਰੇ। ਹਮ ਤੁਮ ਬੀਚ = ਅਸੀ ਤੁਸੀ ਵਾਲੇ ਵਿਤਕਰੇ, ਮੇਰ = ਤੇਰ ਵਾਲੇ ਵਿਤਕਰੇ। ਬਿਲਾਨੀ = ਬੀਤ ਜਾਂਦੀ ਹੈ, ਮੁੱਕ ਜਾਂਦੀ ਹੈ। ਅਲੰਕਾਰ = ਗਹਣੇ। ਮਿਲਿ = ਮਿਲ ਕੇ। ਥੈਲੀ = ਰੈਣੀ, ਢੇਲੀ। ਤਾ ਤੇ = ਉਸ (ਰੈਣੀ) ਤੋਂ। ਕਨਿਕ = ਸੋਨਾ।੩।
ਸਹਜ ਸੁਖ = ਆਤਮਕ ਅਡੋਲਤਾ ਦੇ ਆਨੰਦ। ਬਾਜੇ = ਵੱਜਦੇ ਹਨ। ਅਨਹਤ = ਇਕ-ਰਸ, ਲਗਾਤਾਰ। ਬਾਨੀ = ਸਿਫ਼ਤਿ-ਸਾਲਾਹ ਵਾਲੀ ਗੁਰਬਾਣੀ। ਨਿਹਚਲ = ਅਟੱਲ। ਗੁਰਿ = ਗੁਰੂ ਨੇ। ਬੰਧਾਨੀ = ਮਰਯਾਦਾ।੪।
ਅਰਥ: ਹੇ ਭਾਈ! ਜਿੰਦ ਦੀ (ਅਰਦਾਸ) ਇਕ ਪਰਮਾਤਮਾ ਦੇ ਕੋਲ ਹੀ ਮੰਨੀ ਜਾਂਦੀ ਹੈ। (ਪਰਮਾਤਮਾ ਦੇ ਆਸਰੇ ਤੋਂ ਬਿਨਾ ਲੋਕ) ਹੋਰ ਬਥੇਰੇ ਜਤਨ ਕਰ ਕੇ ਥੱਕ ਜਾਂਦੇ ਹਨ, ਉਹਨਾਂ ਜਤਨਾਂ ਦਾ ਮੁੱਲ ਇਕ ਤਿਲ ਜਿਤਨਾ ਭੀ ਨਹੀਂ ਸਮਝਿਆ ਜਾਂਦਾ।ਰਹਾਉ।
ਹੇ ਭਾਈ! ਜਿਸ ਪ੍ਰਭੂ ਦਾ ਦਿੱਤਾ ਹੋਇਆ ਇਹ ਸਰੀਰ ਤੇ ਮਨ ਹੈ, ਇਹ ਸਾਰਾ ਧਨ-ਪਦਾਰਥ ਭੀ ਉਸੇ ਦਾ ਦਿੱਤਾ ਹੋਇਆ ਹੈ, ਉਹੀ ਸੁਚੱਜਾ ਹੈ ਤੇ ਸਿਆਣਾ ਹੈ। ਅਸਾਂ ਜੀਵਾਂ ਦਾ ਦੁੱਖ ਸੁਖ (ਸਦਾ) ਉਸ ਪਰਮਾਤਮਾ ਨੇ ਹੀ ਸੁਣਿਆ ਹੈ, (ਜਦੋਂ ਉਹ ਸਾਡੀ ਅਰਦਾਸ-ਅਰਜ਼ੋਈ ਸੁਣਦਾ ਹੈ) ਤਦੋਂ (ਸਾਡੀ) ਹਾਲਤ ਚੰਗੀ ਬਣ ਜਾਂਦੀ ਹੈ।੧।
ਹੇ ਭਾਈ! ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ, ਨਾਮ ਇਕ ਐਸਾ ਹੀਰਾ ਹੈ ਜੇਹੜਾ ਕਿਸੇ ਮੁੱਲ ਤੋਂ ਨਹੀਂ ਮਿਲ ਸਕਦਾ। ਗੁਰੂ ਨੇ ਇਹ ਨਾਮ-ਮੰਤਰ (ਜਿਸ ਮਨੁੱਖ ਨੂੰ) ਦੇ ਦਿੱਤਾ, ਉਹ ਮਨੁੱਖ (ਵਿਕਾਰਾਂ ਵਿਚ) ਡਿੱਗਦਾ ਨਹੀਂ, ਡੋਲਦਾ ਨਹੀਂ, ਉਹ ਮਨੁੱਖ ਪੱਕੇ ਇਰਾਦੇ ਵਾਲਾ ਬਣ ਜਾਂਦਾ ਹੈ, ਉਹ ਮੁਕੰਮਲ ਤੌਰ ਤੇ (ਮਾਇਆ ਵਲੋਂ) ਸੰਤੋਖੀ ਰਹਿੰਦਾ ਹੈ।੨।
(ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਪਾਸੋਂ ਨਾਮ-ਹੀਰਾ ਮਿਲ ਜਾਂਦਾ ਹੈ, ਉਸ ਦੇ ਅੰਦਰੋਂ) ਉਹਨਾਂ ਮੇਰ-ਤੇਰ ਵਾਲੇ ਸਾਰੇ ਵਿਤਕਰਿਆਂ ਦੀ ਗੱਲ ਮੁੱਕ ਜਾਂਦੀ ਹੈ ਜੋ ਜਗਤ ਵਿਚ ਬੜੇ ਪ੍ਰਬਲ ਹਨ। (ਉਸ ਮਨੁੱਖ ਨੂੰ ਹਰ ਪਾਸੇ ਪਰਮਾਤਮਾ ਹੀ ਇਉਂ ਦਿੱਸਦਾ ਹੈ, ਜਿਵੇਂ) ਅਨੇਕਾਂ ਗਹਣੇ ਮਿਲ ਕੇ (ਗਾਲੇ ਜਾ ਕੇ) ਰੈਣੀ ਬਣ ਜਾਂਦੀ ਹੈ, ਤੇ, ਉਸ ਢੇਲੀ ਤੋਂ ਉਹ ਸੋਨਾ ਹੀ ਅਖਵਾਂਦੀ ਹੈ।੩।
(ਹੇ ਭਾਈ! ਜਿਸ ਮਨੁੱਖ ਦੇ ਅੰਦਰ ਗੁਰੂ ਦੀ ਕਿਰਪਾ ਨਾਲ) ਪਰਮਾਤਮਾ ਦੀ ਜੋਤਿ ਦਾ ਪਰਕਾਸ਼ ਹੋ ਜਾਂਦਾ ਹੈ, ਉਸ ਦੇ ਅੰਦਰ ਆਤਮਕ ਅਡੋਲਤਾ ਦੇ ਆਨੰਦ ਪੈਦਾ ਹੋ ਜਾਂਦੇ ਹਨ, ਉਸ ਨੂੰ ਹਰ ਥਾਂ ਸੋਭਾ ਮਿਲਦੀ ਹੈ, ਉਸ ਦੇ ਹਿਰਦੇ ਵਿਚ ਸਿਫ਼ਤਿ-ਸਾਲਾਹ ਦੀ ਬਾਣੀ ਦੇ (ਮਾਨੋ) ਇਕ-ਰਸ ਵਾਜੇ ਵੱਜਦੇ ਰਹਿੰਦੇ ਹਨ। ਹੇ ਨਾਨਕ! ਆਖ-ਗੁਰੂ ਨੇ ਜਿਸ ਮਨੁੱਖ ਵਾਸਤੇ ਇਹ ਪ੍ਰਬੰਧ ਕਰ ਦਿੱਤਾ, ਉਹ ਮਨੁੱਖ ਸਦਾ ਲਈ ਪ੍ਰਭੂ-ਚਰਨਾਂ ਵਿਚ ਟਿਕਾਣਾ ਪ੍ਰਾਪਤ ਕਰ ਲੈਂਦਾ ਹੈ।੪।੫।
ਸੂਹੀ ਮਹਲਾ ੫ ॥ ਹਰਿ ਜਪੇ ਹਰਿ ਮੰਦਰੁ ਸਾਜਿਆ ਸੰਤ ਭਗਤ ਗੁਣ ਗਾਵਹਿ ਰਾਮ ॥ ਸਿਮਰਿ ਸਿਮਰਿ ਸੁਆਮੀ ਪ੍ਰਭੁ ਅਪਨਾ ਸਗਲੇ ਪਾਪ ਤਜਾਵਹਿ ਰਾਮ ॥ ਹਰਿ ਗੁਣ ਗਾਇ ਪਰਮ ਪਦੁ ਪਾਇਆ ਪ੍ਰਭ ਕੀ ਊਤਮ ਬਾਣੀ ॥ ਸਹਜ ਕਥਾ ਪ੍ਰਭ ਕੀ ਅਤਿ ਮੀਠੀ ਕਥੀ ਅਕਥ ਕਹਾਣੀ ॥ ਭਲਾ ਸੰਜੋਗੁ ਮੂਰਤੁ ਪਲੁ ਸਾਚਾ ਅਬਿਚਲ ਨੀਵ ਰਖਾਈ ॥ ਜਨ ਨਾਨਕ ਪ੍ਰਭ ਭਏ ਦਇਆਲਾ ਸਰਬ ਕਲਾ ਬਣਿ ਆਈ ॥੧॥ {ਪੰਨਾ 781}
ਪਦਅਰਥ: ਹਰਿ ਜਪੇ = ਹਰੀ ਦਾ ਨਾਮ ਜਪਣ ਲਈ। ਮੰਦਰੁ = ਘਰ। ਹਰਿ ਸਾਜਿਆ = ਹਰੀ ਨੇ ਬਣਾਇਆ ਹੈ। ਗਾਵਹਿ = ਗਾਂਦੇ ਹਨ। ਸਿਮਰਿ = ਸਿਮਰ ਕੇ। ਸਗਲੇ = ਸਾਰੇ। ਤਜਾਵਹਿ = ਦੂਰ ਕਰਾ ਲੈਂਦੇ ਹਨ। ਗਾਇ = ਗਾ ਕੇ। ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ। ਸਹਜ ਕਥਾ = ਆਤਮਕ ਅਡੋਲਤਾ ਪੈਦਾ ਕਰਨ ਵਾਲੀ ਕਥਾ। ਕਥਾ = ਸਿਫ਼ਤਿ-ਸਾਲਾਹ। ਕਥੀ = (ਸੰਤ ਜਨਾਂ ਨੇ) ਬਿਆਨ ਕੀਤੀ। ਅਕਥ = ਅ = ਕੱਥ, ਜਿਸ ਦਾ ਸਹੀ ਸਰੂਪ ਬਿਆਨ ਨਾਹ ਕੀਤਾ ਜਾ ਸਕੇ। ਅਕਥ ਕਹਾਣੀ = ਪਰਮਾਤਮਾ ਦੀ ਸਿਫ਼ਤਿ-ਸਾਲਾਹ। ਭਲਾ = ਸ਼ੁਭ। ਸੰਜੋਗੁ = ਮਿਲਾਪ (ਦਾ ਸਮਾ) । ਮੂਰਤੁ = ਮੁਹੂਰਤ। ਸਾਚਾ = ਸਦਾ-ਥਿਰ ਰਹਿਣ ਵਾਲਾ। ਅਬਿਚਲ = ਨਾਹ ਹਿੱਲਣ ਵਾਲੀ। ਨੀਵ = ਨੀਂਹ। ਅਬਿਚਲ ਨੀਵ = ਕਦੇ ਨਾਹ ਹਿੱਲਣ ਵਾਲੀ ਨੀਂਹ, ਬਹੁਤ ਹੀ ਪੱਕੀ ਨੀਂਹ, ਸਿਫ਼ਤਿ-ਸਾਲਾਹ ਦੀ ਪੱਕੀ ਨੀਂਹ। ਕਲਾ = ਸੱਤਾ, ਤਾਕਤ।੧।
ਅਰਥ: ਹੇ ਭਾਈ! ਮਨੁੱਖ ਦਾ ਇਹ ਸਰੀਰ-) ਘਰ ਪਰਮਾਤਮਾ ਨੇ ਨਾਮ ਜਪਣ ਲਈ ਬਣਾਇਆ ਹੈ, (ਇਸ ਘਰ ਵਿਚ) ਸੰਤ-ਜਨ ਭਗਤ-ਜਨ (ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ। ਆਪਣੇ ਮਾਲਕ-ਪ੍ਰਭੂ (ਦਾ ਨਾਮ) ਹਰ ਵੇਲੇ ਸਿਮਰ ਸਿਮਰ ਕੇ (ਸੰਤ ਜਨ ਆਪਣੇ ਅੰਦਰੋਂ) ਸਾਰੇ ਪਾਪ ਦੂਰ ਕਰਾ ਲੈਂਦੇ ਹਨ।
ਹੇ ਭਾਈ! ਇਸ ਸਰੀਰ-ਘਰ ਵਿਚ ਸੰਤ ਜਨਾਂ ਨੇ) ਪਰਮਾਤਮਾ ਦੀ ਪਵਿੱਤਰ ਸਿਫ਼ਤਿ-ਸਾਲਾਹ ਦੀ ਬਾਣੀ ਗਾ ਕੇ, ਪਰਮਾਤਮਾ ਦੇ ਗੁਣ ਗਾ ਕੇ ਸਭ ਤੋਂ ਉੱਚਾ ਆਤਮਕ ਦਰਜਾ ਪ੍ਰਾਪਤ ਕੀਤਾ ਹੈ। (ਇਸ ਸਰੀਰ-ਘਰ ਵਿਚ ਸੰਤ-ਜਨਾਂ ਨੇ) ਉਸ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕੀਤੀ ਹੈ ਜਿਸ ਦਾ ਸਹੀ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਉਸ ਪ੍ਰਭੂ ਦੀ ਅਤਿ ਮਿੱਠੀ ਸਿਫ਼ਤਿ-ਸਾਲਾਹ ਕੀਤੀ ਹੈ ਜੋ ਆਤਮਕ ਅਡੋਲਤਾ ਪੈਦਾ ਕਰਦੀ ਹੈ।
ਹੇ ਦਾਸ ਨਾਨਕ! ਜਿਸ ਮਨੁੱਖ ਉੱਤੇ) ਪ੍ਰਭੂ ਜੀ ਦਇਆਵਾਨ ਹੁੰਦੇ ਹਨ (ਉਸ ਦੇ ਸਰੀਰ-ਘਰ ਵਿਚ ਉਹ) ਸ਼ੁਭ ਸੰਜੋਗ ਆ ਬਣਦਾ ਹੈ, ਉਹ ਸਦਾ ਕਾਇਮ ਰਹਿਣ ਵਾਲਾ ਮੁਹੂਰਤ ਆ ਬਣਦਾ ਹੈ ਜਦੋਂ (ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨ ਦੀ) ਕਦੇ ਨਾਹ ਹਿੱਲਣ ਵਾਲੀ ਨੀਂਹ ਰੱਖੀ ਜਾਂਦੀ ਹੈ (ਤੇ, ਜਿਸ ਦੇ ਅੰਦਰ ਇਹ ਨੀਂਹ ਰੱਖੀ ਜਾਂਦੀ ਹੈ, ਉਸ ਦੇ ਅੰਦਰ) ਤਕੜੀ ਆਤਮਕ ਤਾਕਤ ਪੈਦਾ ਹੋ ਜਾਂਦੀ ਹੈ।
ਸੂਹੀ ॥ ਜੋ ਦਿਨ ਆਵਹਿ ਸੋ ਦਿਨ ਜਾਹੀ ॥ ਕਰਨਾ ਕੂਚੁ ਰਹਨੁ ਥਿਰੁ ਨਾਹੀ ॥ ਸੰਗੁ ਚਲਤ ਹੈ ਹਮ ਭੀ ਚਲਨਾ ॥ ਦੂਰਿ ਗਵਨੁ ਸਿਰ ਊਪਰਿ ਮਰਨਾ ॥੧॥ ਕਿਆ ਤੂ ਸੋਇਆ ਜਾਗੁ ਇਆਨਾ ॥ ਤੈ ਜੀਵਨੁ ਜਗਿ ਸਚੁ ਕਰਿ ਜਾਨਾ ॥੧॥ ਰਹਾਉ ॥ ਜਿਨਿ ਜੀਉ ਦੀਆ ਸੁ ਰਿਜਕੁ ਅੰਬਰਾਵੈ ॥ ਸਭ ਘਟ ਭੀਤਰਿ ਹਾਟੁ ਚਲਾਵੈ ॥ ਕਰਿ ਬੰਦਿਗੀ ਛਾਡਿ ਮੈ ਮੇਰਾ ॥ ਹਿਰਦੈ ਨਾਮੁ ਸਮ੍ਹ੍ਹਾਰਿ ਸਵੇਰਾ ॥੨॥ ਜਨਮੁ ਸਿਰਾਨੋ ਪੰਥੁ ਨ ਸਵਾਰਾ ॥ ਸਾਂਝ ਪਰੀ ਦਹ ਦਿਸ ਅੰਧਿਆਰਾ ॥ ਕਹਿ ਰਵਿਦਾਸ ਨਿਦਾਨਿ ਦਿਵਾਨੇ ॥ ਚੇਤਸਿ ਨਾਹੀ ਦੁਨੀਆ ਫਨ ਖਾਨੇ ॥੩॥੨॥ {ਪੰਨਾ 793-794}
ਪਦਅਰਥ: ਜੋ ਦਿਨ = ਜੇਹੜੇ ਦਿਨ। ਜਾਹੀ = ਲੰਘ ਜਾਂਦੇ ਹਨ, ਗੁਜ਼ਰ ਜਾਂਦੇ ਹਨ। ਰਹਨੁ = ਟਿਕਾਣਾ, ਟਿਕਣਾ। ਥਿਰੁ = ਸਦਾ ਦਾ। ਸੰਗੁ = ਸਾਥ। ਗਵਨੁ = ਪੈਂਡਾ, ਮੁਸਾਫ਼ਰੀ। ਦੂਰਿ ਗਵਨੁ = ਦੂਰ ਦਾ ਪੈਂਡਾ। ਮਰਨਾ = ਮੌਤ।੧।
ਕਿਆ = ਕਿਉਂ? ਇਆਨਾ = ਹੇ ਅੰਞਾਣ! ਤੈ = ਤੂੰ। ਜਗਿ = ਜਗਤ ਵਿਚ। ਸਚੁ = ਸਦਾ ਕਾਇਮ ਰਹਿਣ ਵਾਲਾ।੧।ਰਹਾਉ।
ਜਿਨਿ = ਜਿਸ (ਪ੍ਰਭੂ) ਨੇ। ਜੀਉ = ਜਿੰਦ। ਅੰਬਰਾਵੈ = ਅਪੜਾਉਂਦਾ ਹੈ। ਭੀਤਰਿ = ਅੰਦਰ। ਹਾਟੁ = ਹੱਟੀ। ਹਾਟੁ ਚਲਾਵੈ = ਰਿਜ਼ਕ ਦਾ ਪ੍ਰਬੰਧ ਕਰਦਾ ਹੈ। ਸਵੇਰਾ = ਸੁਵਖਤੇ ਹੀ, ਵੇਲੇ ਸਿਰ।੨।
ਸਿਰਾਨੋ = ਗੁਜ਼ਰ ਰਿਹਾ ਹੈ। ਪੰਥੁ = ਜ਼ਿੰਦਗੀ ਦਾ ਰਸਤਾ। ਸਵਾਰਾ = ਸੋਹਣਾ ਬਣਾਇਆ। ਸਾਂਝ = ਸ਼ਾਮ। ਦਹਦਿਸ = ਦਸੀਂ ਪਾਸੀਂ। ਕਹਿ = ਕਹੇ, ਆਖਦਾ ਹੈ। ਨਿਦਾਨਿ = ਓੜਕ ਨੂੰ, ਅੰਤ ਨੂੰ। ਦਿਵਾਨੇ = ਹੇ ਦੀਵਾਨੇ! ਹੇ ਕਮਲੇ! ਫਨਖਾਨੇ = ਫ਼ਨਾਹ ਦਾ ਘਰ, ਨਾਸਵੰਤ।੩।
ਅਰਥ: (ਮਨੁੱਖ ਦੀ ਜ਼ਿੰਦਗੀ ਵਿਚ) ਜੇਹੜੇ ਜੇਹੜੇ ਦਿਨ ਆਉਂਦੇ ਹਨ, ਉਹ ਦਿਨ (ਅਸਲ ਵਿਚ ਨਾਲੋ ਨਾਲ) ਲੰਘਦੇ ਜਾਂਦੇ ਹਨ (ਭਾਵ, ਉਮਰ ਵਿਚੋਂ ਘਟਦੇ ਜਾਂਦੇ ਹਨ) , (ਇਥੋਂ ਹਰੇਕ ਨੇ) ਕੂਚ ਕਰ ਜਾਣਾ ਹੈ (ਕਿਸੇ ਦੀ ਭੀ ਇਥੇ) ਸਦਾ ਦੀ ਰਿਹੈਸ਼ ਨਹੀਂ ਹੈ। ਅਸਾਡਾ ਸਾਥ ਤੁਰਿਆ ਜਾ ਰਿਹਾ ਹੈ, ਅਸਾਂ ਭੀ (ਇਥੋਂ) ਤੁਰ ਜਾਣਾ ਹੈ; ਇਹ ਦੂਰ ਦੀ ਮੁਸਾਫ਼ਰੀ ਹੈ ਤੇ ਮੌਤ ਸਿਰ ਉਤੇ ਖਲੋਤੀ ਹੈ (ਪਤਾ ਨਹੀਂ ਕੇਹੜੇ ਵੇਲੇ ਆ ਜਾਏ) ।੧।
ਹੇ ਅੰਞਾਣ! ਹੋਸ਼ ਕਰ। ਤੂੰ ਕਿਉਂ ਸੌਂ ਰਿਹਾ ਹੈਂ? ਤੂੰ ਜਗਤ ਵਿਚ ਇਸ ਜੀਊਣ ਨੂੰ ਸਦਾ ਕਾਇਮ ਰਹਿਣ ਵਾਲਾ ਸਮਝ ਬੈਠਾ ਹੈਂ।੧।ਰਹਾਉ।
(ਤੂੰ ਹਰ ਵੇਲੇ ਰਿਜ਼ਕ ਦੇ ਹੀ ਫ਼ਿਕਰ ਵਿਚ ਰਹਿੰਦਾ ਹੈਂ, ਵੇਖ) ਜਿਸ ਪ੍ਰਭੂ ਨੇ ਜਿੰਦ ਦਿੱਤੀ ਹੈ, ਉਹ ਰਿਜ਼ਕ ਭੀ ਅਪੜਾਉਂਦਾ ਹੈ, ਸਾਰੇ ਸਰੀਰਾਂ ਵਿਚ ਬੈਠਾ ਹੋਇਆ ਉਹ ਆਪ ਰਿਜ਼ਕ ਦਾ ਆਹਰ ਪੈਦਾ ਕਰ ਰਿਹਾ ਹੈ। ਮੈਂ (ਇਤਨਾ ਵੱਡਾ ਹਾਂ) ਮੇਰੀ (ਇਤਨੀ ਮਲਕੀਅਤ ਹੈ) -ਛੱਡ ਇਹ ਗੱਲਾਂ, ਪ੍ਰਭੂ ਦੀ ਬੰਦਗੀ ਕਰ, ਹੁਣ ਵੇਲੇ-ਸਿਰ ਉਸ ਦਾ ਨਾਮ ਆਪਣੇ ਹਿਰਦੇ ਵਿਚ ਸਾਂਭ।੨।
ਉਮਰ ਮੁੱਕਣ ਤੇ ਆ ਰਹੀ ਹੈ, ਪਰ ਤੂੰ ਆਪਣਾ ਰਾਹ ਸੁਚੱਜਾ ਨਹੀਂ ਬਣਾਇਆ; ਸ਼ਾਮ ਪੈ ਰਹੀ ਹੈ, ਦਸੀਂ ਪਾਸੀਂ ਹਨੇਰਾ ਹੀ ਹਨੇਰਾ ਹੋਣ ਵਾਲਾ ਹੈ। ਰਵਿਦਾਸ ਆਖਦਾ ਹੈ-ਹੇ ਕਮਲੇ ਮਨੁੱਖ! ਤੂੰ ਪ੍ਰਭੂ ਨੂੰ ਯਾਦ ਨਹੀਂ ਕਰਦਾ, ਦੁਨੀਆ (ਜਿਸ ਦੇ ਨਾਲ ਤੂੰ ਮਨ ਜੋੜੀ ਬੈਠਾ ਹੈਂ) ਅੰਤ ਨੂੰ ਨਾਸ ਹੋ ਜਾਣ ਵਾਲੀ ਹੈ।੩।੨।
ਨੋਟ: ਆਮ ਤੌਰ ਤੇ ਲਫ਼ਜ਼ "ਨਿਦਾਨਿ" ਨੂੰ ਫ਼ਾਰਸੀ ਦਾ ਲਫ਼ਜ਼ 'ਨਾਦਾਨ' ਸਮਝ ਕੇ ਇਸ ਦਾ ਅਰਥ "ਮੂਰਖ' ਕੀਤਾ ਜਾ ਰਿਹਾ ਹੈ; ਇਸ ਦੇ ਨਾਲ-ਲਗਵਾਂ ਲਫ਼ਜ਼ 'ਦਿਵਾਨੇ' ਭੀ ਕੁਝ ਏਸੇ ਹੀ ਅਰਥ ਵਲ ਮਨ ਦਾ ਝੁਕਾਉ ਪੈਦਾ ਕਰਦਾ ਹੈ। ਪਰ ਇਹ ਗ਼ਲਤ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿਚ ਜਿਥੇ ਕਿਤੇ ਇਹ ਲਫ਼ਜ਼ ਆਉਂਦਾ ਹੈ ਇਸ ਦਾ ਅਰਥ "ਅੰਤ ਨੂੰ, ਆਖ਼ਰ ਨੂੰ" ਕੀਤਾ ਜਾਂਦਾ ਹੈ। ਇਹ ਸੰਸਕ੍ਰਿਤ ਦਾ ਲਫ਼ਜ਼ 'ਨਿਦਾਨ' {निदान} ਹੈ ਜਿਸ ਦਾ ਅਰਥ ਹੈ 'ਅਖ਼ੀਰ, ਅੰਤ' (end, termination) । ਵੇਖੋ:
"ਬਿਨੁ ਨਾਵੈ ਪਾਜੁ ਲਹਗੁ ਨਿਦਾਨਿ ॥" {ਬਿਲਾਵਲੁ ਮ: ੩
"ਨਾਨਕ ਏਵ ਨ ਜਾਪਈ ਕੋਈ ਖਾਇ ਨਿਦਾਨਿ ॥" {ਸਲੋਕ ਮ: ੧, ਬਿਲਾਵਲ ਕੀ ਵਾਰ
"ਕਹਿ ਕਬੀਰ ਤੇ ਅੰਤਿ ਬਿਗੂਤੇ ਆਇਆ ਕਾਲੁ ਨਿਦਾਨਾ ॥" {ਬਿਲਾਵਲੁ
ਬਾਕੀ ਰਿਹਾ ਇਹ ਇਤਰਾਜ਼ ਕਿ ਇਹ ਅਰਥ ਕਰਨ ਲੱਗਿਆਂ ਲਫ਼ਜ਼ "ਨਿਦਾਨਿ" ਨੂੰ ਚੁੱਕ ਕੇ ਅਖ਼ੀਰ ਤੇ ਲਫ਼ਜ਼ "ਫ਼ਨਖਾਨੈ" ਨਾਲ ਰਲਾਉਣਾ ਪੈਂਦਾ ਹੈ, ਇਸ 'ਅਨਵੈ' ਵਿਚ ਖਿੱਚ ਜਾਪਦੀ ਹੈ। ਇਸ ਦਾ ਉੱਤਰ ਇਹ ਹੈ ਕਿ ਹਰੇਕ ਕਵੀ ਦੀ ਕਵਿਤਾ ਦਾ ਆਪੋ ਆਪਣਾ ਢੰਗ ਹੈ; ਭਗਤ ਰਵਿਦਾਸ ਜੀ ਇਕ ਹੋਰ ਥਾਂ ਭੀ ਇਹੀ ਤਰੀਕਾ ਵਰਤਦੇ ਹਨ-
"ਨਿੰਦਕੁ ਸੋਧਿ ਸਾਧਿ ਬੀਚਾਰਿਆ ॥
ਕਹੁ ਰਵਿਦਾਸ ਪਾਪੀ ਨਰਕਿ ਸਿਧਾਰਿਆ ॥" {ਗੌਂਡ
ਇਸ ਪਰਮਾਣ ਵਿਚ ਦਾ ਲਫ਼ਜ਼ "ਨਿੰਦਕੁ" ਤੁਕ ਦਾ ਅਰਥ ਕਰਨ ਵੇਲੇ ਅਖ਼ੀਰ ਤੇ ਲਫ਼ਜ਼ "ਪਾਪੀ" ਦੇ ਨਾਲ ਵਰਤਣਾ ਪੈਂਦਾ ਹੈ।
ਸ਼ਬਦ ਦਾ ਭਾਵ: ਜਗਤ ਵਿਚ ਸਦਾ ਨਹੀਂ ਬੈਠ ਰਹਿਣਾ। ਇਸ ਦੇ ਮੋਹ ਵਿਚ ਮਸਤ ਹੋ ਕੇ ਪ੍ਰਭੂ-ਭਗਤੀ ਵਲੋਂ ਗ਼ਾਫ਼ਲ ਨਾਹ ਹੋਵੋ।
ਸੋਰਠਿ ਮਹਲਾ ੫ ਘਰੁ ੨ ਚਉਪਦੇ ੴ ਸਤਿਗੁਰ ਪ੍ਰਸਾਦਿ ॥ ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ ॥ ਸੁਣਿ ਮੀਤਾ ਜੀਉ ਹਮਾਰਾ ਬਲਿ ਬਲਿ ਜਾਸੀ ਹਰਿ ਦਰਸਨੁ ਦੇਹੁ ਦਿਖਾਈ ॥੧॥ ਸੁਣਿ ਮੀਤਾ ਧੂਰੀ ਕਉ ਬਲਿ ਜਾਈ ॥ ਇਹੁ ਮਨੁ ਤੇਰਾ ਭਾਈ ॥ ਰਹਾਉ ॥ ਪਾਵ ਮਲੋਵਾ ਮਲਿ ਮਲਿ ਧੋਵਾ ਇਹੁ ਮਨੁ ਤੈ ਕੂ ਦੇਸਾ ॥ ਸੁਣਿ ਮੀਤਾ ਹਉ ਤੇਰੀ ਸਰਣਾਈ ਆਇਆ ਪ੍ਰਭ ਮਿਲਉ ਦੇਹੁ ਉਪਦੇਸਾ ॥੨॥ ਮਾਨੁ ਨ ਕੀਜੈ ਸਰਣਿ ਪਰੀਜੈ ਕਰੈ ਸੁ ਭਲਾ ਮਨਾਈਐ ॥ ਸੁਣਿ ਮੀਤਾ ਜੀਉ ਪਿੰਡੁ ਸਭੁ ਤਨੁ ਅਰਪੀਜੈ ਇਉ ਦਰਸਨੁ ਹਰਿ ਜੀਉ ਪਾਈਐ ॥੩॥ ਭਇਓ ਅਨੁਗ੍ਰਹੁ ਪ੍ਰਸਾਦਿ ਸੰਤਨ ਕੈ ਹਰਿ ਨਾਮਾ ਹੈ ਮੀਠਾ ॥ ਜਨ ਨਾਨਕ ਕਉ ਗੁਰਿ ਕਿਰਪਾ ਧਾਰੀ ਸਭੁ ਅਕੁਲ ਨਿਰੰਜਨੁ ਡੀਠਾ ॥੪॥੧॥੧੨॥ {ਪੰਨਾ 612}
ਨੋਟ: ਇਥੋਂ 'ਘਰੁ ੨' ਦੇ ਸ਼ਬਦ ਸ਼ੁਰੂ ਹੁੰਦੇ ਹਨ। ਪਹਿਲੇ ਸ਼ਬਦਾਂ ਦਾ ਸੰਗ੍ਰਹ ੧੧ ਹੈ।
ਪਦਅਰਥ: ਗੁਰ ਹਾਈ = ਗੁਰਭਾਈ। ਮੀਤਾ = ਹੇ ਮਿੱਤਰ! ਜੀਉ = ਜਿੰਦ। ਬਲਿ ਜਾਸੀ = ਸਦਕੇ ਜਾਵੇਗੀ।੧।
ਕਉ = ਤੋਂ। ਬਲਿ ਜਾਈ = ਜਲਿ ਜਾਈਂ, ਮੈਂ ਸਦਕੇ ਜਾਂਦਾ ਹਾਂ। ਭਾਈ = ਹੇ ਭਾਈ!।ਰਹਾਉ।
ਪਾਵ = {ਲਫ਼ਜ਼ 'ਪਾਉ' ਤੋਂ ਬਹੁ-ਵਚਨ} ਦੋਵੇਂ ਪੈਰ। ਮਲੋਵਾ = ਮਲੋਵਾਂ, ਮੈਂ ਮਲਾਂਗਾ। ਮਲਿ = ਮਲ ਕੇ। ਧੋਵਾ = ਧੋਵਾਂ, ਮੈਂ ਧੋਵਾਂਗਾ। ਤੈ ਕੂ = ਤੈਨੂੰ। ਦੇਸਾ = ਦੇਸਾਂ, ਮੈਂ ਦਿਆਂਗਾ। ਹਉ = ਮੈਂ। ਪ੍ਰਭ ਮਿਲਉ = ਮੈਂ ਪ੍ਰਭੂ ਨੂੰ ਮਿਲ ਪਵਾਂ, ਮਿਲਉਂ।੨।
ਮਾਨੁ = ਅਹੰਕਾਰ। ਕੀਜੈ = ਕਰਨਾ ਚਾਹੀਦਾ। ਪਰੀਜੈ = ਪੈਣਾ ਚਾਹੀਦਾ ਹੈ। ਪਿੰਡੁ = ਸਰੀਰ। ਅਰਪੀਜੈ = ਭੇਟ ਕਰ ਦੇਣਾ ਚਾਹੀਦਾ ਹੈ। ਇਉ = ਇਉਂ, ਇਸ ਤਰ੍ਹਾਂ।੩।
ਅਨੁਗ੍ਰਹੁ = ਮੇਹਰ, ਕਿਰਪਾ। ਪ੍ਰਸਾਦਿ = ਕਿਰਪਾ ਨਾਲ। ਗੁਰਿ = ਗੁਰੂ ਨੇ। ਅਕੁਲ = ਅ = ਕੁਲ, ਜਿਸ ਦੀ ਕੋਈ ਖ਼ਾਸ ਕੁਲ ਨਹੀਂ। ਨਿਰੰਜਨੁ = {ਨਿਰ = ਅੰਜਨੁ। ਅੰਜਨੁ = ਸੁਰਮਾ, ਮਾਇਆ ਦੀ ਕਾਲਖ} ਮਾਇਆ ਦੇ ਪ੍ਰਭਾਵ ਤੋਂ ਰਹਿਤ।੪।
ਜ਼ਰੂਰੀ ਨੋਟ: ਇਸ ਸ਼ਬਦ ਵਿਚ ਇਕ ਜਿਗਿਆਸੂ ਪਾਸੋਂ ਸਵਾਲ ਕਰਾ ਕੇ, ਤੇ, ਕਿਸੇ ਗੁਰਮੁਖਿ ਪਾਸੋਂ ਉੱਤਰ ਦਿਵਾ ਕੇ ਪਰਮਾਤਮਾ ਦੇ ਮਿਲਾਪ ਦੀ ਜੁਗਤੀ ਦੱਸੀ ਗਈ ਹੈ।
ਅਰਥ: ਹੇ ਮਿੱਤਰ! ਮੇਰੀ ਬੇਨਤੀ) ਸੁਣ। ਮੈਂ (ਤੇਰੇ ਚਰਨਾਂ ਦੀ) ਧੂੜ ਤੋਂ ਕੁਰਬਾਨ ਜਾਂਦਾ ਹਾਂ। ਹੇ ਭਰਾ! ਮੈਂ ਆਪਣਾ) ਇਹ ਮਨ ਤੇਰਾ (ਆਗਿਆਕਾਰ ਬਣਾਣ ਨੂੰ ਤਿਆਰ ਹਾਂ) ।ਰਹਾਉ।
ਹੇ ਮਿੱਤਰ! ਸਾਡਾ) ਇਕੋ ਹੀ ਪ੍ਰਭੂ-ਪਿਤਾ ਹੈ, ਅਸੀ ਇਕੋ ਪ੍ਰਭੂ-ਪਿਤਾ ਦੇ ਬੱਚੇ ਹਾਂ, (ਫਿਰ,) ਤੂੰ ਮੇਰਾ ਗੁਰਭਾਈ (ਭੀ) ਹੈਂ। ਮੈਨੂੰ ਪਰਮਾਤਮਾ ਦਾ ਦਰਸਨ ਕਰਾ ਦੇਹ। ਮੇਰੀ ਜਿੰਦ ਤੈਥੋਂ ਮੁੜ ਮੁੜ ਸਦਕੇ ਜਾਇਆ ਕਰੇਗੀ।੧।
ਹੇ ਮਿੱਤਰ! ਮੈਂ (ਤੇਰੇ ਦੋਵੇਂ) ਪੈਰ ਮਲਾਂਗਾ, (ਇਹਨਾਂ ਨੂੰ) ਮਲ ਮਲ ਕੇ ਧੋਵਾਂਗਾ, ਮੈਂ ਆਪਣਾ ਇਹ ਮਨ ਤੇਰੇ ਹਵਾਲੇ ਕਰ ਦਿਆਂਗਾ। ਹੇ ਮਿੱਤਰ! (ਮੇਰੀ ਬੇਨਤੀ) ਸੁਣ। ਮੈਂ ਤੇਰੀ ਸ਼ਰਨ ਆਇਆ ਹਾਂ। ਮੈਨੂੰ (ਅਜੇਹਾ) ਉਪਦੇਸ਼ ਦੇਹ (ਕਿ) ਮੈਂ ਪ੍ਰਭੂ ਨੂੰ ਮਿਲ ਸਕਾਂ।੨।
{ਨੋਟ: ਗੁਰਮੁਖਿ ਪ੍ਰਭੂ-ਮਿਲਾਪ ਦੀ ਜੁਗਤਿ ਦੱਸਦਾ ਹੈ}
ਹੇ ਮਿੱਤਰ! ਸੁਣ। (ਕਿਸੇ ਕਿਸਮ ਦਾ) ਅਹੰਕਾਰ ਨਹੀਂ ਕਰਨਾ ਚਾਹੀਦਾ, ਪ੍ਰਭੂ ਦੀ ਸ਼ਰਨ ਪਏ ਰਹਿਣਾ ਚਾਹੀਦਾ ਹੈ। ਜੋ ਕੁਝ ਪਰਮਾਤਮਾ ਕਰ ਰਿਹਾ ਹੈ, ਉਸ ਨੂੰ ਭਲਾ ਕਰ ਕੇ ਮੰਨਣਾ ਚਾਹੀਦਾ ਹੈ। ਇਹ ਜਿੰਦ ਤੇ ਇਹ ਸਰੀਰ ਸਭ ਕੁਝ ਉਸ ਦੀ ਭੇਟ ਕਰ ਦੇਣਾ ਚਾਹੀਦਾ ਹੈ। ਇਸ ਤਰ੍ਹਾਂ ਪਰਮਾਤਮਾ ਨੂੰ ਲੱਭ ਲਈਦਾ ਹੈ।੩।
ਹੇ ਮਿੱਤਰ! ਸੰਤ ਜਨਾਂ ਦੀ ਕਿਰਪਾ ਨਾਲ (ਜਿਸ ਮਨੁੱਖ ਉਤੇ ਪ੍ਰਭੂ ਦੀ) ਮੇਹਰ ਹੋਵੇ ਉਸ ਨੂੰ ਪਰਮਾਤਮਾ ਦਾ ਨਾਮ ਪਿਆਰਾ ਲੱਗਣ ਲੱਗ ਪੈਂਦਾ ਹੈ। (ਹੇ ਮਿੱਤਰ!) ਦਾਸ ਨਾਨਕ ਉੱਤੇ ਗੁਰੂ ਨੇ ਕਿਰਪਾ ਕੀਤੀ ਤਾਂ (ਨਾਨਕ ਨੂੰ) ਹਰ ਥਾਂ ਉਹ ਪ੍ਰਭੂ ਦਿੱਸਣ ਲੱਗ ਪਿਆ, ਜਿਸ ਦੀ ਕੋਈ ਖ਼ਾਸ ਕੁਲ ਨਹੀਂ, ਤੇ, ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ।੪।੧।੧੨।
ਸੋਰਠਿ ਮਹਲਾ ੧ ਤਿਤੁਕੀ ॥ ਆਸਾ ਮਨਸਾ ਬੰਧਨੀ ਭਾਈ ਕਰਮ ਧਰਮ ਬੰਧਕਾਰੀ ॥ ਪਾਪਿ ਪੁੰਨਿ ਜਗੁ ਜਾਇਆ ਭਾਈ ਬਿਨਸੈ ਨਾਮੁ ਵਿਸਾਰੀ ॥ ਇਹ ਮਾਇਆ ਜਗਿ ਮੋਹਣੀ ਭਾਈ ਕਰਮ ਸਭੇ ਵੇਕਾਰੀ ॥੧॥ ਸੁਣਿ ਪੰਡਿਤ ਕਰਮਾ ਕਾਰੀ ॥ ਜਿਤੁ ਕਰਮਿ ਸੁਖੁ ਊਪਜੈ ਭਾਈ ਸੁ ਆਤਮ ਤਤੁ ਬੀਚਾਰੀ ॥ ਰਹਾਉ ॥ ਸਾਸਤੁ ਬੇਦੁ ਬਕੈ ਖੜੋ ਭਾਈ ਕਰਮ ਕਰਹੁ ਸੰਸਾਰੀ ॥ ਪਾਖੰਡਿ ਮੈਲੁ ਨ ਚੂਕਈ ਭਾਈ ਅੰਤਰਿ ਮੈਲੁ ਵਿਕਾਰੀ ॥ ਇਨ ਬਿਧਿ ਡੂਬੀ ਮਾਕੁਰੀ ਭਾਈ ਊਂਡੀ ਸਿਰ ਕੈ ਭਾਰੀ ॥੨॥ ਦੁਰਮਤਿ ਘਣੀ ਵਿਗੂਤੀ ਭਾਈ ਦੂਜੈ ਭਾਇ ਖੁਆਈ ॥ ਬਿਨੁ ਸਤਿਗੁਰ ਨਾਮੁ ਨ ਪਾਈਐ ਭਾਈ ਬਿਨੁ ਨਾਮੈ ਭਰਮੁ ਨ ਜਾਈ ॥ ਸਤਿਗੁਰੁ ਸੇਵੇ ਤਾ ਸੁਖੁ ਪਾਏ ਭਾਈ ਆਵਣੁ ਜਾਣੁ ਰਹਾਈ ॥੩॥ ਸਾਚੁ ਸਹਜੁ ਗੁਰ ਤੇ ਊਪਜੈ ਭਾਈ ਮਨੁ ਨਿਰਮਲੁ ਸਾਚਿ ਸਮਾਈ ॥ ਗੁਰੁ ਸੇਵੇ ਸੋ ਬੂਝੈ ਭਾਈ ਗੁਰ ਬਿਨੁ ਮਗੁ ਨ ਪਾਈ ॥ ਜਿਸੁ ਅੰਤਰਿ ਲੋਭੁ ਕਿ ਕਰਮ ਕਮਾਵੈ ਭਾਈ ਕੂੜੁ ਬੋਲਿ ਬਿਖੁ ਖਾਈ ॥੪॥ ਪੰਡਿਤ ਦਹੀ ਵਿਲੋਈਐ ਭਾਈ ਵਿਚਹੁ ਨਿਕਲੈ ਤਥੁ ॥ ਜਲੁ ਮਥੀਐ ਜਲੁ ਦੇਖੀਐ ਭਾਈ ਇਹੁ ਜਗੁ ਏਹਾ ਵਥੁ ॥ ਗੁਰ ਬਿਨੁ ਭਰਮਿ ਵਿਗੂਚੀਐ ਭਾਈ ਘਟਿ ਘਟਿ ਦੇਉ ਅਲਖੁ ॥੫॥ ਇਹੁ ਜਗੁ ਤਾਗੋ ਸੂਤ ਕੋ ਭਾਈ ਦਹ ਦਿਸ ਬਾਧੋ ਮਾਇ ॥ ਬਿਨੁ ਗੁਰ ਗਾਠਿ ਨ ਛੂਟਈ ਭਾਈ ਥਾਕੇ ਕਰਮ ਕਮਾਇ ॥ ਇਹੁ ਜਗੁ ਭਰਮਿ ਭੁਲਾਇਆ ਭਾਈ ਕਹਣਾ ਕਿਛੂ ਨ ਜਾਇ ॥੬॥ ਗੁਰ ਮਿਲਿਐ ਭਉ ਮਨਿ ਵਸੈ ਭਾਈ ਭੈ ਮਰਣਾ ਸਚੁ ਲੇਖੁ ॥ ਮਜਨੁ ਦਾਨੁ ਚੰਗਿਆਈਆ ਭਾਈ ਦਰਗਹ ਨਾਮੁ ਵਿਸੇਖੁ ॥ ਗੁਰੁ ਅੰਕਸੁ ਜਿਨਿ ਨਾਮੁ ਦ੍ਰਿੜਾਇਆ ਭਾਈ ਮਨਿ ਵਸਿਆ ਚੂਕਾ ਭੇਖੁ ॥੭॥ ਇਹੁ ਤਨੁ ਹਾਟੁ ਸਰਾਫ ਕੋ ਭਾਈ ਵਖਰੁ ਨਾਮੁ ਅਪਾਰੁ ॥ ਇਹੁ ਵਖਰੁ ਵਾਪਾਰੀ ਸੋ ਦ੍ਰਿੜੈ ਭਾਈ ਗੁਰ ਸਬਦਿ ਕਰੇ ਵੀਚਾਰੁ ॥ ਧਨੁ ਵਾਪਾਰੀ ਨਾਨਕਾ ਭਾਈ ਮੇਲਿ ਕਰੇ ਵਾਪਾਰੁ ॥੮॥੨॥ {ਪੰਨਾ 635-636}
ਪਦਅਰਥ: ਆਸਾ ਮਨਸਾ = ਮਾਇਆ ਵਾਲੀਆਂ ਆਸਾਂ ਤੇ ਫੁਰਨੇ। ਬੰਧਨੀ = (ਮਾਇਆ ਦੇ ਮੋਹ ਵਿਚ) ਬੰਨ੍ਹਣ ਵਾਲੇ। ਭਾਈ = ਹੇ ਭਾਈ! ਹੇ ਪੰਡਿਤ! ਕਰਮ ਧਰਮ = ਉਹ ਕਰਮ ਜੋ ਧਾਰਮਿਕ ਮਿਥੇ ਹੋਏ ਹਨ, ਰਸਮੀ ਧਾਰਮਿਕ ਕਰਮ। ਬੰਧਕਾਰੀ = ਮਾਇਆ ਦੇ ਬੰਧਨ ਪੈਦਾ ਕਰਨ ਵਾਲੇ। ਪਾਪਿ ਪੁੰਨਿ = (ਰਸਮੀ ਤੌਰ ਤੇ ਮੰਨੇ ਹੋਏ) ਪਾਪ ਅਤੇ ਪੁੰਨ ਦੇ ਕਾਰਨ। ਬਿਨਸੈ = ਆਤਮਕ ਮੌਤ ਮਰਦਾ ਹੈ। ਵਿਸਾਰੀ = ਵਿਸਾਰ ਕੇ। ਜਗਿ = ਜਗਤ ਵਿਚ। ਵੇਕਾਰੀ = ਵਿਅਰਥ।੧।
ਪੰਡਿਤ = ਹੇ ਪੰਡਿਤ! ਕਰਮਾ ਕਾਰੀ = ਕਰਮ ਕਾਂਡੀ, ਤੀਰਥ ਵਰਤ ਆਦਿਕ ਮਿਥੇ ਹੋਏ ਧਾਰਮਿਕ ਕਰਮਾਂ ਦਾ ਵਿਸ਼ਵਾਸੀ। ਜਿਤੁ = ਜਿਸ ਦੀ ਰਾਹੀਂ। ਜਿਤੁ ਕਰਮਿ = ਜਿਸ ਕਰਮ ਦੀ ਰਾਹੀਂ। ਆਤਮ ਤਤੁ = ਆਤਮਾ ਦਾ ਮੂਲ।੧।ਰਹਾਉ।
ਬਕੈ ਖੜੋ = ਖਲੋਤਾ ਉਚਾਰਦਾ ਹੈਂ। ਕਰਹੁ = ਤੁਸੀ ਕਰਦੇ ਹੋ। ਸੰਸਾਰੀ = ਸੰਸਾਰ ਵਾਲੇ, ਮਾਇਆ ਵਿਚ ਹੀ ਪ੍ਰਵਿਰਤ ਕਰਨ ਵਾਲੇ। ਪਾਖੰਡਿ = ਪਾਖੰਡ ਨਾਲ। ਵਿਕਾਰੀ = ਵਿਕਾਰਾਂ ਦੀ। ਮਾਕੁਰੀ = ਮੱਕੜੀ, ਜਾਲਾ ਤਣਨ ਵਾਲਾ ਕਕਹਿਣਾ। ਊਂਡੀ = ਉਲਟੀ।੨।
ਘਣੀ = ਬਹੁਤ (ਲੋਕਾਈ) । ਭਾਇ = ਪਿਆਰ ਵਿਚ, ਮੋਹ ਵਿਚ। ਖੁਆਈ = ਖੁੰਝ ਗਈ। ਰਹਾਈ = ਰਹਿ ਜਾਂਦਾ ਹੈ।੩।
ਸਾਚੁ ਸਹਜੁ = ਸਦਾ ਕਾਇਮ ਰਹਿਣ ਵਾਲੀ ਅਡੋਲ ਆਤਮਕ ਅਵਸਥਾ। ਤੇ = ਤੋਂ। ਸਾਚਿ = ਸਦਾ-ਥਿਰ ਪ੍ਰਭੂ ਵਿਚ। ਮਗੁ = ਰਸਤਾ। ਅੰਤਰਿ = ਅੰਦਰ। ਬੋਲਿ = ਬੋਲ ਕੇ। ਬਿਖੁ = ਜ਼ਹਿਰ, ਆਤਮਕ ਮੌਤ ਲਿਆਉਣ ਵਾਲੀ ਸ਼ੈ। ਖਾਈ = ਖਾਂਦਾ ਹੈ।੪।
ਪੰਡਿਤ = ਹੇ ਪੰਡਿਤ! ਵਿਲੋਈਐ = (ਜੇ) ਰਿੜਕੀਏ। ਤਥੁ = ਅਸਲ ਚੀਜ਼, ਮੱਖਣ। ਏਹਾ ਵਥੁ = ਇਹੀ ਚੀਜ਼ (ਪਾਣੀ ਹੀ ਪ੍ਰਾਪਤ ਕਰਦਾ ਹੈ) । ਵਿਗੂਚੀਐ = ਖ਼ੁਆਰ ਹੋਈਦਾ ਹੈ। ਦੇਉ = ਪ੍ਰਕਾਸ਼ = ਰੂਪ ਪ੍ਰਭੂ। ਅਲਖੁ = ਜਿਸ ਦਾ ਸਰੂਪ ਸਮਝਿਆ ਨਹੀਂ ਜਾ ਸਕਦਾ।੫।
ਤਾਗੋ = ਧਾਗਾ। ਕੋ = ਦਾ। ਦਹ ਦਿਸ = ਦਸੀਂ ਪਾਸੀਂ। ਮਾਇ = ਮਾਇਆ (ਨਾਲ) । ਗਾਠਿ = ਗੰਢ। ਛੂਟਈ = ਖੁਲ੍ਹਦੀ। ਕਰਮ = ਰਸਮੀ ਧਾਰਮਿਕ ਕੰਮ।੬।
ਮਨਿ = ਮਨ ਵਿਚ। ਭੈ = (ਪਰਮਾਤਮਾ ਦੇ) ਡਰ = ਅਦਬ ਵਿਚ। ਸਚੁ = ਅਟੱਲ (ਆਤਮਕ ਜੀਵਨ ਦੇਣ ਵਾਲਾ) । ਮਜਨੁ = ਤੀਰਥ = ਇਸ਼ਨਾਨ। ਵਿਸੇਖੁ = ਵਿਸ਼ਸ਼ੇਤਾ ਦਾ ਹੱਕਦਾਰ। ਅੰਕਸੁ = ਕੁੰਡਾ ਜੋ ਹਾਥੀ ਨੂੰ ਚਲਾਣ ਲਈ ਵਰਤੀਦਾ ਹੈ। ਜਿਨਿ = ਜਿਸ (ਗੁਰੂ) ਨੇ। ਮਨਿ = ਮਨ ਵਿਚ। ਭੇਖੁ = (ਵਿਖਾਵੇ ਦਾ) ਧਾਰਮਿਕ ਲਿਬਾਸ।੭।
ਹਾਟੁ = ਹੱਟ। ਸਰਾਫ = ਸ਼ਾਹ। ਕੋ = ਦਾ। ਦ੍ਰਿੜੈ = ਪੱਕੀ ਤਰ੍ਹਾਂ ਚੇਤੇ ਰੱਖਦਾ ਹੈ। ਧਨੁ = ਭਾਗਾਂ ਵਾਲਾ। ਮੇਲਿ = ਮੇਲ ਵਿਚ, ਸਤ ਸੰਗ ਵਿਚ।੮।
ਅਰਥ: (ਤੀਰਥ ਵਰਤ ਆਦਿਕ ਧਾਰਮਿਕ ਮਿਥੇ ਹੋਏ) ਕੰਮਾਂ ਦੇ ਵਿਸ਼ਵਾਸੀ ਹੇ ਪੰਡਿਤ! ਸੁਣ (ਇਹ ਕਰਮ ਧਰਮ ਆਤਮਕ ਆਨੰਦ ਨਹੀਂ ਪੈਦਾ ਕਰ ਸਕਦੇ) । ਹੇ ਭਾਈ! ਜਿਸ ਕੰਮ ਦੀ ਰਾਹੀਂ ਆਤਮਕ ਆਨੰਦ ਪੈਦਾ ਹੁੰਦਾ ਹੈ ਉਹ (ਇਹ) ਹੈ ਕਿ ਆਤਮਕ ਜੀਵਨ ਦੇਣ ਵਾਲੇ ਜਗਤ-ਮੂਲ (ਦੇ ਗੁਣਾਂ) ਨੂੰ ਆਪਣੇ ਵਿਚਾਰ-ਮੰਡਲ ਵਿਚ (ਲਿਆਂਦਾ ਜਾਏ) ।੧।ਰਹਾਉ।
ਹੇ ਭਾਈ! ਤੀਰਥ ਵਰਤ ਆਦਿਕ ਧਾਰਮਿਕ ਕਰਮ ਕਰਦਿਆਂ ਭੀ ਮਾਇਆ ਵਾਲੀਆਂ ਆਸਾਂ ਤੇ ਫੁਰਨੇ ਟਿਕੇ ਹੀ ਰਹਿੰਦੇ ਹਨ, ਇਹ) ਆਸਾਂ ਤੇ ਇਹ ਫੁਰਨੇ ਮਾਇਆ ਦੇ ਮੋਹ ਵਿਚ ਬੰਨ੍ਹਣ ਵਾਲੇ ਹਨ, (ਇਹ ਰਸਮੀ) ਧਾਰਮਿਕ ਕਰਮ (ਸਗੋਂ) ਮਾਇਆ ਦੇ ਬੰਦਨ ਪੈਦਾ ਕਰਨ ਵਾਲੇ ਹਨ। ਹੇ ਭਾਈ! ਰਸਮੀ ਤੌਰ ਤੇ ਮੰਨੇ ਹੋਏ) ਪਾਪ ਅਤੇ ਪੁੰਨ ਦੇ ਕਾਰਨ ਜਗਤ ਜੰਮਦਾ ਹੈ (ਜਨਮ ਮਰਨ ਦੇ ਗੇੜ ਵਿਚ ਆਉਂਦਾ ਹੈ) , ਪਰਮਾਤਮਾ ਦਾ ਨਾਮ ਭੁਲਾ ਕੇ ਆਤਮਕ ਮੌਤੇ ਮਰਦਾ ਹੈ। ਹੇ ਭਾਈ! ਇਹ ਮਾਇਆ ਜਗਤ ਵਿਚ (ਜੀਵਾਂ ਨੂੰ) ਮੋਹਣ ਦਾ ਕੰਮ ਕਰੀ ਜਾਂਦੀ ਹੈ, ਇਹ ਸਾਰੇ (ਧਾਰਮਿਕ ਮਿਥੇ ਹੋਏ) ਕਰਮ ਵਿਅਰਥ ਹੀ ਜਾਂਦੇ ਹਨ।੧।
ਹੇ ਪੰਡਿਤ ਜੀ! ਤੁਸੀ (ਲੋਕਾਂ ਨੂੰ ਸੁਣਾਣ ਵਾਸਤੇ) ਵੇਦ ਸ਼ਾਸਤ੍ਰ (ਆਦਿਕ ਧਰਮ-ਪੁਸਤਕ) ਖੋਲ੍ਹ ਕੇ ਉਚਾਰਦੇ ਰਹਿੰਦੇ ਹੋ, ਪਰ ਆਪ ਉਹੀ ਕਰਮ ਕਰਦੇ ਹੋ ਜੋ ਮਾਇਆ ਦੇ ਮੋਹ ਵਿਚ ਫਸਾਈ ਰੱਖਣ। ਹੇ ਪੰਡਿਤ! ਇਸ) ਪਖੰਡ ਨਾਲ (ਮਨ ਦੀ) ਮੈਲ ਦੂਰ ਨਹੀਂ ਹੋ ਸਕਦੀ, ਵਿਕਾਰਾਂ ਦੀ ਮੈਲ ਮਨ ਦੇ ਅੰਦਰ ਟਿਕੀ ਹੀ ਰਹਿੰਦੀ ਹੈ। ਇਸ ਤਰ੍ਹਾਂ ਤਾਂ ਮੱਕੜੀ ਭੀ (ਆਪਣਾ ਜਾਲਾ ਆਪ ਤਣ ਕੇ ਉਸੇ ਜਾਲੇ ਵਿਚ) ਉਲਟੀ ਸਿਰ-ਭਾਰ ਹੋ ਕੇ ਮਰਦੀ ਹੈ।੨।
ਹੇ ਭਾਈ! ਭੈੜੀ ਮਤਿ ਦੇ ਕਾਰਨ ਬੇਅੰਤ ਲੋਕਾਈ ਖ਼ੁਆਰ ਹੋ ਰਹੀ ਹੈ, ਪਰਮਾਤਮਾ ਨੂੰ ਵਿਸਾਰ ਕੇ ਹੋਰ ਦੇ ਮੋਹ ਵਿਚ ਖੁੰਝੀ ਹੋਈ ਹੈ। ਪਰਮਾਤਮਾ ਦਾ ਨਾਮ ਗੁਰੂ ਤੋਂ ਬਿਨਾ ਨਹੀਂ ਮਿਲ ਸਕਦਾ, ਤੇ ਪ੍ਰਭੂ ਦੇ ਨਾਮ ਤੋਂ ਬਿਨਾ ਮਨ ਦੀ ਭਟਕਣਾ ਦੂਰ ਨਹੀਂ ਹੁੰਦੀ। ਜਦੋਂ ਮਨੁੱਖ ਗੁਰੂ ਦੀ (ਦੱਸੀ) ਸੇਵਾ ਕਰਦਾ ਹੈ ਤਦੋਂ ਆਤਮਕ ਆਨੰਦ ਪ੍ਰਾਪਤ ਕਰਦਾ ਹੈ, ਤੇ, ਆਪਣਾ ਜਨਮ ਮਰਨ ਦਾ ਗੇੜ ਮੁਕਾ ਲੈਂਦਾ ਹੈ।੩।
ਹੇ ਪੰਡਿਤ! ਗੁਰੂ ਦੀ ਸ਼ਰਨ ਪਿਆਂ ਸਦਾ-ਟਿਕਵੀਂ ਆਤਮਕ ਅਡੋਲਤਾ ਪੈਦਾ ਹੁੰਦੀ ਹੈ (ਇਸ ਤਰ੍ਹਾਂ) ਪਵਿਤ੍ਰ (ਹੋਇਆ) ਮਨ ਸਦਾ-ਥਿਰ ਪਰਮਾਤਮਾ ਵਿਚ ਲੀਨ ਰਹਿੰਦਾ ਹੈ। (ਜੀਵਨ ਦਾ ਇਹ ਰਸਤਾ) ਉਹ ਮਨੁੱਖ ਸਮਝਦਾ ਹੈ ਜੋ ਗੁਰੂ ਦੀ (ਦੱਸੀ) ਸੇਵਾ ਕਰਦਾ ਹੈ, ਗੁਰੂ ਤੋਂ ਬਿਨਾ (ਇਹ) ਰਸਤਾ ਨਹੀਂ ਲੱਭਦਾ। ਜਿਸ ਮਨੁੱਖ ਦੇ ਮਨ ਵਿਚ ਲੋਭ (ਦੀ ਲਹਿਰ) ਜ਼ੋਰ ਪਾ ਰਹੀ ਹੋਵੇ, ਇਹ ਰਸਮੀ ਧਾਰਮਿਕ ਕੰਮ ਕਰਨ ਦਾ ਉਸ ਨੂੰ ਕੋਈ (ਆਤਮਕ) ਲਾਭ ਨਹੀਂ ਹੋ ਸਕਦਾ। (ਮਾਇਆ ਦੀ ਖ਼ਾਤਰ) ਝੂਠ ਬੋਲ ਬੋਲ ਕੇ ਉਹ ਮਨੁੱਖ (ਆਤਮਕ ਮੌਤ ਲਿਆਉਣ ਵਾਲਾ ਇਹ ਝੂਠ-ਰੂਪ) ਜ਼ਹਿਰ ਖਾਂਦਾ ਰਹਿੰਦਾ ਹੈ।੪।
ਹੇ ਪੰਡਿਤ! ਜੇ ਦਹੀਂ ਰਿੜਕੀਏ ਤਾਂ ਉਸ ਵਿਚੋਂ ਮੱਖਣ ਨਿਕਲਦਾ ਹੈ, ਪਰ ਜੇ ਪਾਣੀ ਰਿੜਕੀਏ, ਤਾਂ ਪਾਣੀ ਹੀ ਵੇਖਣ ਵਿਚ ਆਉਂਦਾ ਹੈ। ਇਹ (ਮਾਇਆ-ਮੋਹਿਆ) ਜਗਤ (ਪਾਣੀ ਰਿੜਕ ਰਿੜਕ ਕੇ) ਇਹ ਪਾਣੀ ਹੀ ਹਾਸਲ ਕਰਦਾ ਹੈ। ਹੇ ਭਾਈ! ਗੁਰੂ ਦੀ ਸ਼ਰਨ ਪੈਣ ਤੋਂ ਬਿਨਾ (ਮਾਇਆ ਦੀ) ਭਟਕਣਾ ਵਿਚ ਹੀ ਖ਼ੁਆਰ ਹੋਈਦਾ ਹੈ, ਘਟ ਘਟ ਵਿਚ ਵਿਆਪਕ ਅਲੱਖ ਪਰਮਾਤਮਾ ਤੋਂ ਖੁੰਝੇ ਰਹੀਦਾ ਹੈ।੫।
ਹੇ ਭਾਈ! ਇਹ ਜਗਤ ਸੂਤਰ ਦਾ ਧਾਗਾ (ਸਮਝ ਲਵੋ, ਜਿਵੇਂ ਧਾਗੇ ਨੂੰ ਗੰਢਾਂ ਪਈਆਂ ਹੋਈਆਂ ਹੋਣ, ਸੰਸਾਰਕ ਜੀਵਾਂ ਨੂੰ) ਮਾਇਆ ਦੇ ਮੋਹ ਦੀਆਂ ਦਸੀਂ ਪਾਸੀਂ ਗੰਢਾਂ ਪਈਆਂ ਹੋਈਆਂ ਹਨ (ਭਾਵ, ਮੋਹ ਵਿਚ ਫਸੇ ਜੀਵ ਦਸੀਂ ਪਾਸੀਂ ਖਿੱਚੇ ਜਾ ਰਹੇ ਹਨ) । (ਅਨੇਕਾਂ ਜੀਵ ਇਹ ਰਸਮੀ ਧਾਰਮਿਕ) ਕਰਮ ਕਰ ਕਰ ਕੇ ਹਾਰ ਗਏ, ਪਰ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਮੋਹ ਦੀ ਗੰਢ ਖੁਲ੍ਹਦੀ ਨਹੀਂ। ਹੇ ਭਾਈ! ਇਹ ਜਗਤ (ਰਸਮੀ ਧਾਰਮਿਕ ਕਰਮ ਕਰਦਾ ਹੋਇਆ ਭੀ ਮੋਹ ਦੀ) ਭਟਕਣਾ ਵਿਚ ਇਤਨਾ ਖੁੰਝਿਆ ਹੋਇਆ ਹੈ ਕਿ ਬਿਆਨ ਨਹੀਂ ਕੀਤਾ ਜਾ ਸਕਦਾ।੬।
ਹੇ ਪੰਡਿਤ! ਜੇ ਗੁਰੂ ਮਿਲ ਪਏ ਤਾਂ ਪਰਮਾਤਮਾ ਦਾ ਡਰ-ਅਦਬ ਮਨ ਵਿਚ ਵੱਸ ਪੈਂਦਾ ਹੈ। ਉਸ ਡਰ-ਅਦਬ ਵਿਚ ਰਹਿ ਕੇ (ਮਾਇਆ ਦੇ ਮੋਹ ਵਲੋਂ) ਮਰਨਾ (ਜੀਵ ਦੇ ਮਸਤਕ ਉਤੇ ਕੀਤੇ ਕਰਮਾਂ ਦਾ ਐਸਾ) ਲੇਖ (ਹੈ ਜੋ ਇਸ ਨੂੰ ਅਟੱਲ) (ਜੀਵਨ ਦੇਂਦਾ) ਹੈ। ਹੇ ਭਾਈ! ਤੀਰਥ ਇਸ਼ਨਾਨ ਦਾਨ-ਪੁੰਨ ਤੇ ਹੋਰ ਚੰਗਿਆਈਆਂ ਪਰਮਾਤਮਾ ਦਾ ਨਾਮ ਹੀ ਹੈ, ਪਰਮਾਤਮਾ ਦੇ ਨਾਮ ਨੂੰ ਹੀ ਉਸ ਦੀ ਹਜ਼ੂਰੀ ਵਿਚ ਵਿਸ਼ੇਸ਼ਤਾ ਮਿਲਦੀ ਹੈ। (ਮਾਇਆ ਵਿਚ ਮਸਤ ਮਨ-ਹਾਥੀ ਨੂੰ ਸਿੱਧੇ ਰਸਤੇ ਤੋਰਨ ਵਾਸਤੇ) ਗੁਰੂ (ਦਾ ਸ਼ਬਦ) ਕੁੰਡਾ ਹੈ, ਗੁਰੂ ਨੇ ਹੀ ਪਰਮਾਤਮਾ ਦਾ ਨਾਮ ਮਨੁੱਖ ਨੂੰ ਦ੍ਰਿੜ੍ਹ ਕਰਾਇਆ ਹੈ। (ਗੁਰੂ ਦੀ ਮੇਹਰ ਨਾਲ ਜਦੋਂ ਨਾਮ) ਮਨ ਵਿਚ ਵੱਸਦਾ ਹੈ, ਤਾਂ ਧਾਰਮਿਕ ਵਿਖਾਵਾ ਮੁੱਕ ਜਾਂਦਾ ਹੈ।੭।
ਹੇ ਭਾਈ! ਇਹ ਮਨੁੱਖਾ ਸਰੀਰ ਪਰਮਾਤਮਾ-ਸਰਾਫ਼ ਦਾ ਦਿੱਤਾ ਹੋਇਆ ਇਕ ਹੱਟ ਹੈ ਜਿਸ ਵਿਚ ਕਦੇ ਨਾਹ ਮੁਕਣ ਵਾਲਾ ਨਾਮ-ਸੌਦਾ ਕਰਨਾ ਹੈ। ਉਹੀ ਜੀਵ-ਵਪਾਰੀ ਇਸ ਸੌਦੇ ਨੂੰ (ਆਪਣੇ ਸਰੀਰ-ਹੱਟ ਵਿਚ) ਦ੍ਰਿੜ੍ਹਤਾ ਨਾਲ ਵਣਜਦਾ ਹੈ ਜੇਹੜਾ ਗੁਰੂ ਦੇ ਸ਼ਬਦ ਵਿਚ ਵਿਚਾਰ ਕਰਦਾ ਹੈ। ਹੇ ਨਾਨਕ! ਉਹ ਜੀਵ-ਵਪਾਰੀ ਭਾਗਾਂ ਵਾਲਾ ਹੈ ਜੋ ਸਾਧ ਸੰਗਤਿ ਵਿਚ (ਰਹਿ ਕੇ) ਇਹ ਵਪਾਰ ਕਰਦਾ ਹੈ।੮।੨।
ਸੋਰਠਿ ਮਹਲਾ ੩ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਸੇਵਕ ਸੇਵ ਕਰਹਿ ਸਭਿ ਤੇਰੀ ਜਿਨ ਸਬਦੈ ਸਾਦੁ ਆਇਆ ॥ ਗੁਰ ਕਿਰਪਾ ਤੇ ਨਿਰਮਲੁ ਹੋਆ ਜਿਨਿ ਵਿਚਹੁ ਆਪੁ ਗਵਾਇਆ ॥ ਅਨਦਿਨੁ ਗੁਣ ਗਾਵਹਿ ਨਿਤ ਸਾਚੇ ਗੁਰ ਕੈ ਸਬਦਿ ਸੁਹਾਇਆ ॥੧॥ ਮੇਰੇ ਠਾਕੁਰ ਹਮ ਬਾਰਿਕ ਸਰਣਿ ਤੁਮਾਰੀ ॥ ਏਕੋ ਸਚਾ ਸਚੁ ਤੂ ਕੇਵਲੁ ਆਪਿ ਮੁਰਾਰੀ ॥ ਰਹਾਉ ॥ ਜਾਗਤ ਰਹੇ ਤਿਨੀ ਪ੍ਰਭੁ ਪਾਇਆ ਸਬਦੇ ਹਉਮੈ ਮਾਰੀ ॥ ਗਿਰਹੀ ਮਹਿ ਸਦਾ ਹਰਿ ਜਨ ਉਦਾਸੀ ਗਿਆਨ ਤਤ ਬੀਚਾਰੀ ॥ ਸਤਿਗੁਰੁ ਸੇਵਿ ਸਦਾ ਸੁਖੁ ਪਾਇਆ ਹਰਿ ਰਾਖਿਆ ਉਰ ਧਾਰੀ ॥੨॥ ਇਹੁ ਮਨੂਆ ਦਹ ਦਿਸਿ ਧਾਵਦਾ ਦੂਜੈ ਭਾਇ ਖੁਆਇਆ ॥ ਮਨਮੁਖ ਮੁਗਧੁ ਹਰਿ ਨਾਮੁ ਨ ਚੇਤੈ ਬਿਰਥਾ ਜਨਮੁ ਗਵਾਇਆ ॥ ਸਤਿਗੁਰੁ ਭੇਟੇ ਤਾ ਨਾਉ ਪਾਏ ਹਉਮੈ ਮੋਹੁ ਚੁਕਾਇਆ ॥੩॥ ਹਰਿ ਜਨ ਸਾਚੇ ਸਾਚੁ ਕਮਾਵਹਿ ਗੁਰ ਕੈ ਸਬਦਿ ਵੀਚਾਰੀ ॥ ਆਪੇ ਮੇਲਿ ਲਏ ਪ੍ਰਭਿ ਸਾਚੈ ਸਾਚੁ ਰਖਿਆ ਉਰ ਧਾਰੀ ॥ ਨਾਨਕ ਨਾਵਹੁ ਗਤਿ ਮਤਿ ਪਾਈ ਏਹਾ ਰਾਸਿ ਹਮਾਰੀ ॥੪॥੧॥ {ਪੰਨਾ 599-600}
ਪਦਅਰਥ: ਸਭਿ = ਸਾਰੇ। ਸਬਦੈ = ਗੁਰੂ ਦੇ ਸ਼ਬਦ ਦਾ। ਸਾਦੁ = ਸੁਆਦ, ਰਸ। ਤੇ = ਤੋਂ, ਨਾਲ। ਜਿਨਿ = ਜਿਸ (ਮਨੁੱਖ) ਨੇ {ਲਫ਼ਜ਼ 'ਜਿਨ' ਬਹੁ-ਵਚਨ ਹੈ, 'ਜਿਨਿ' ਇਕ-ਵਚਨ ਹੈ}। ਆਪੁ = ਆਪਾ = ਭਾਵ। ਅਨਦਿਨੁ = ਹਰ ਰੋਜ਼। ਗਾਵਹਿ = ਗਾਂਦੇ ਹਨ। ਸਾਚੇ = ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ। ਸਬਦਿ = ਸ਼ਬਦ ਦੀ ਰਾਹੀਂ। ਸੁਹਾਇਆ = ਸੋਹਣੇ ਜੀਵਨ ਵਾਲੇ ਹੋ ਜਾਂਦੇ ਹਨ।੧।
ਠਾਕੁਰ = ਹੇ ਮਾਲਕ! ਸਚਾ = ਸਦਾ-ਥਿਰ ਰਹਿਣ ਵਾਲਾ।ਰਹਾਉ।
ਜਾਗਤ = (ਵਿਕਾਰਾਂ ਵਲੋਂ) ਸੁਚੇਤ। ਗਿਰਹੀ ਮਹਿ = ਗ੍ਰਿਹ ਵਿਚ ਹੀ, ਗ੍ਰਿਹਸਤ ਵਿਚ ਹੀ। ਉਰ = ਹਿਰਦਾ।੨।
ਮਨੂਆ = ਅੱਲ੍ਹੜ ਮਨ। ਦਹ ਦਿਸਿ = ਦਸੀਂ ਪਾਸੀਂ। ਦੂਜੈ ਭਾਇ = ਮਾਇਆ ਦੇ ਮੋਹ ਵਿਚ। ਖੁਆਇਆ = ਰਾਹੋਂ ਖੁੰਝ ਜਾਂਦਾ ਹੈ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ। ਮੁਗਧੁ = ਮੂਰਖ। ਭੇਟੇ = ਮਿਲ ਪਏ।੩।
ਵੀਚਾਰੀ = ਵਿਚਾਰਵਾਨ (ਹੋ ਕੇ) । ਪ੍ਰਭਿ = ਪ੍ਰਭੂ ਨੇ। ਸਾਚੈ = ਸਦਾ-ਥਿਰ ਰਹਿਣ ਵਾਲੇ ਨੇ। ਨਾਵਹੁ = ਨਾਮ ਤੋਂ ਹੀ। ਗਤਿ = ਉੱਚੀ ਆਤਮਕ ਅਵਸਥਾ। ਏਹਾ = ਇਹ (ਨਾਮ) ਹੀ। ਰਾਸਿ = ਪੂੰਜੀ, ਸਰਮਾਇਆ।੪।
ਅਰਥ: ਹੇ ਮੇਰੇ ਮਾਲਕ-ਪ੍ਰਭੂ! ਅਸੀ (ਜੀਵ) ਤੇਰੇ ਬੱਚੇ ਹਾਂ, ਤੇਰੀ ਸਰਨ ਆਏ ਹਾਂ। ਸਿਰਫ਼ ਇਕ ਤੂੰ ਹੀ ਸਦਾ ਕਾਇਮ ਰਹਿਣ ਵਾਲਾ ਹੈਂ, (ਜੀਵ ਮਾਇਆ ਵਿਚ ਡੋਲ ਜਾਂਦੇ ਹਨ) ।ਰਹਾਉ।
ਹੇ ਪ੍ਰਭੂ! ਤੇਰੇ ਜਿਨ੍ਹਾਂ ਸੇਵਕਾਂ ਨੂੰ ਗੁਰੂ ਦੇ ਸ਼ਬਦ ਦਾ ਰਸ ਆ ਜਾਂਦਾ ਹੈ, ਉਹੀ ਸਾਰੇ ਤੇਰੀ ਸੇਵਾ-ਭਗਤੀ ਕਰਦੇ ਹਨ। (ਹੇ ਭਾਈ!) ਜਿਸ ਮਨੁੱਖ ਨੇ ਗੁਰੂ ਦੀ ਕਿਰਪਾ ਨਾਲ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਲਿਆ ਉਹ ਪਵਿਤ੍ਰ (ਜੀਵਨ ਵਾਲਾ) ਹੋ ਜਾਂਦਾ ਹੈ। ਜੇਹੜੇ ਮਨੁੱਖ ਗੁਰੂ ਦੇ ਸ਼ਬਦ ਵਿਚ (ਜੁੜ ਕੇ) ਹਰ ਵੇਲੇ ਸਦਾ-ਥਿਰ ਪ੍ਰਭੂ ਦੇ ਗੁਣ ਗਾਂਦੇ ਰਹਿੰਦੇ ਹਨ, ਉਹ ਸੋਹਣੇ ਜੀਵਨ ਵਾਲੇ ਬਣ ਜਾਂਦੇ ਹਨ।੧।
ਹੇ ਭਾਈ! ਜੇਹੜੇ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਅੰਦਰੋਂ) ਹਉਮੈ ਮੁਕਾ ਲੈਂਦੇ ਹਨ, ਉਹ (ਮਾਇਆ ਦੇ ਮੋਹ ਆਦਿਕ ਵਲੋਂ) ਸੁਚੇਤ ਰਹਿੰਦੇ ਹਨ, ਉਹਨਾਂ ਨੇ ਹੀ ਪਰਮਾਤਮਾ ਦਾ ਮਿਲਾਪ ਪ੍ਰਾਪਤ ਕੀਤਾ ਹੈ। ਪਰਮਾਤਮਾ ਦੇ ਭਗਤ ਗੁਰੂ ਦੇ ਬਖ਼ਸ਼ੇ ਅਸਲ ਗਿਆਨ ਦੀ ਰਾਹੀਂ ਵਿਚਾਰਵਾਨ ਹੋ ਕੇ ਗ੍ਰਿਹਸਤ ਵਿਚ ਰਹਿੰਦੇ ਹੋਏ ਹੀ ਮਾਇਆ ਵਲੋਂ ਵਿਰਕਤ ਰਹਿੰਦੇ ਹਨ। ਉਹ ਭਗਤ ਗੁਰੂ ਦੀ ਦੱਸੀ ਸੇਵਾ ਕਰ ਕੇ ਸਦਾ ਆਤਮਕ ਆਨੰਦ ਮਾਣਦੇ ਹਨ, ਤੇ, ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦੇ ਹਨ।੨।
ਹੇ ਭਾਈ! ਇਹ ਅੱਲ੍ਹੜ ਮਨ ਮਾਇਆ ਦੇ ਮੋਹ ਵਿਚ ਫਸ ਕੇ ਦਸੀਂ ਪਾਸੀਂ ਦੌੜਦਾ ਰਹਿੰਦਾ ਹੈ, ਤੇ, (ਜੀਵਨ ਦੇ ਸਹੀ ਰਸਤੇ ਤੋਂ) ਖੁੰਝਿਆ ਰਹਿੰਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮੂਰਖ ਮਨੁੱਖ ਪਰਮਾਤਮਾ ਦਾ ਨਾਮ ਚੇਤੇ ਨਹੀਂ ਕਰਦਾ, ਆਪਣਾ ਜੀਵਨ ਵਿਅਰਥ ਗਵਾ ਜਾਂਦਾ ਹੈ। ਪਰ ਜਦੋਂ ਉਸ ਨੂੰ ਗੁਰੂ ਮਿਲ ਪੈਂਦਾ ਹੈ ਤਦੋਂ ਉਹ ਹਰਿ-ਨਾਮ ਦੀ ਦਾਤਿ ਹਾਸਲ ਕਰਦਾ ਹੈ, ਤੇ, ਆਪਣੇ ਅੰਦਰੋਂ ਮਾਇਆ ਦਾ ਮੋਹ ਅਤੇ ਹਉਮੈ ਦੂਰ ਕਰ ਲੈਂਦਾ ਹੈ।੩।
ਹੇ ਭਾਈ! ਗੁਰੂ ਦੇ ਸ਼ਬਦ ਦੀ ਰਾਹੀਂ ਵਿਚਾਰਵਾਨ ਹੋ ਕੇ ਪਰਮਾਤਮਾ ਦੇ ਦਾਸ ਸਦਾ-ਥਿਰ ਪ੍ਰਭੂ ਦਾ ਸਦਾ-ਥਿਰ ਨਾਮ ਸਿਮਰਨ ਦੀ ਕਮਾਈ ਕਰਦੇ ਰਹਿੰਦੇ ਹਨ। ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੇ ਆਪ ਹੀ ਉਹਨਾਂ ਨੂੰ ਆਪਣੇ ਚਰਨਾਂ ਵਿਚ ਮਿਲਾ ਰੱਖਿਆ ਹੁੰਦਾ ਹੈ। ਉਹ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦੇ ਹਨ।
ਹੇ ਨਾਨਕ! ਆਖ-) ਪਰਮਾਤਮਾ ਦੇ ਨਾਮ ਤੋਂ ਹੀ ਉੱਚੀ ਆਤਮਕ ਅਵਸਥਾ ਤੇ (ਚੰਗੀ) ਅਕਲ ਪ੍ਰਾਪਤ ਹੁੰਦੀ ਹੈ। ਪਰਮਾਤਮਾ ਦਾ ਨਾਮ ਹੀ ਸਾਡਾ (ਜੀਵਾਂ) ਦਾ ਸਰਮਾਇਆ ਹੈ।੪।੧।
No comments:
Post a Comment