
ਸਲੋਕੁ ਮਃ ੩ ॥ ਵਿਣੁ ਨਾਵੈ ਸਭਿ ਭਰਮਦੇ ਨਿਤ ਜਗਿ ਤੋਟਾ ਸੈਸਾਰਿ ॥ ਮਨਮੁਖਿ ਕਰਮ ਕਮਾਵਣੇ ਹਉਮੈ ਅੰਧੁ ਗੁਬਾਰੁ ॥ ਗੁਰਮੁਖਿ ਅੰਮ੍ਰਿਤੁ ਪੀਵਣਾ ਨਾਨਕ ਸਬਦੁ ਵੀਚਾਰਿ ॥੧॥ {ਪੰਨਾ 646}
ਪਦਅਰਥ: ਜਗਿ = ਜਗਤ ਵਿਚ। ਤੋਟਾ = ਘਾਟਾ। ਸੰਸਾਰਿ = ਸੰਸਾਰ ਵਿਚ। ਸਭਿ = ਸਾਰੇ ਜੀਵ।
ਅਰਥ: ਨਾਮ ਤੋਂ ਬਿਨਾ ਸਾਰੇ ਲੋਕ ਭਟਕਦੇ ਫਿਰਦੇ ਹਨ; ਉਹਨਾਂ ਨੂੰ ਸੰਸਾਰ ਵਿਚ ਸਦਾ ਘਾਟਾ ਹੀ ਘਾਟਾ ਹੈ; ਹੇ ਨਾਨਕ! ਮਨਮੁਖ ਤਾਂ ਹਉਮੈ ਦੇ ਆਸਰੇ ਉਹ ਕਰਮ ਕਮਾਂਦੇ ਹਨ ਜੋ ਘੁੱਪ ਹਨੇਰਾ ਪੈਦਾ ਕਰਦੇ ਹਨ। ਪਰ ਸਤਿਗੁਰੂ ਦੇ ਸਨਮੁਖ ਜੀਵ ਸ਼ਬਦ ਨੂੰ ਵਿਚਾਰ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦੇ ਹਨ।੧।
ਮਃ ੩ ॥ ਸਹਜੇ ਜਾਗੈ ਸਹਜੇ ਸੋਵੈ ॥ ਗੁਰਮੁਖਿ ਅਨਦਿਨੁ ਉਸਤਤਿ ਹੋਵੈ ॥ {ਪੰਨਾ 646}
ਅਰਥ: ਜੋ ਮਨੁੱਖ ਸਤਿਗੁਰੂ ਦੇ ਸਨਮੁਖ ਹੁੰਦਾ ਹੈ ਉਹ ਆਤਮਕ ਅਡੋਲਤਾ ਵਿਚ ਹੀ ਜਾਗਦਾ ਹੈ ਤੇ ਆਤਮਕ ਅਡੋਲਤਾ ਵਿਚ ਹੀ ਸੌਂਦਾ ਹੈ (ਭਾਵ, ਜਾਗਦਿਆਂ ਹਰੀ ਵਿਚ ਲੀਨ ਤੇ ਸੁੱਤਿਆਂ ਹਰੀ ਵਿਚ ਲੀਨ ਰਹਿੰਦਾ ਹੈ) ਉਸ ਨੂੰ ਹਰ ਰੋਜ਼ (ਭਾਵ, ਹਰ ਵੇਲੇ) ਹਰੀ ਦੀ ਉਸਤਤਿ (ਦਾ ਹੀ ਆਹਰ ਹੁੰਦਾ) ਹੈ।
ਮਨਮੁਖ ਭਰਮੈ ਸਹਸਾ ਹੋਵੈ ॥ ਅੰਤਰਿ ਚਿੰਤਾ ਨੀਦ ਨ ਸੋਵੈ ॥ {ਪੰਨਾ 646}
ਅਰਥ: ਮਨਮੁਖ ਭਟਕਦਾ ਹੈ, ਕਿਉਂਕਿ ਉਸ ਨੂੰ ਸਦਾ ਤੌਖ਼ਲਾ ਰਹਿੰਦਾ ਹੈ; ਮਨ ਵਿਚ ਚਿੰਤਾ ਹੋਣ ਕਰ ਕੇ ਉਹ (ਸੁਖ ਦੀ) ਨੀਂਦਰ ਨਹੀਂ ਸੌਂਦਾ।
ਗਿਆਨੀ ਜਾਗਹਿ ਸਵਹਿ ਸੁਭਾਇ ॥ ਨਾਨਕ ਨਾਮਿ ਰਤਿਆ ਬਲਿ ਜਾਉ ॥੨॥ {ਪੰਨਾ 646}
ਅਰਥ: ਪ੍ਰਭੂ ਨਾਲ ਡੂੰਘੀ ਸਾਂਝ ਰੱਖਣ ਵਾਲੇ ਬੰਦੇ ਪ੍ਰਭੂ ਦੇ ਪਿਆਰ ਵਿਚ ਹੀ ਜਾਗਦੇ ਸੌਂਦੇ ਹਨ (ਭਾਵ, ਜਾਗਦੇ ਤੇ ਸੁੱਤੇ ਹੋਏ ਇਕ-ਰਸ ਰਹਿੰਦੇ ਹਨ) । ਹੇ ਨਾਨਕ! ਮੈਂ ਨਾਮ ਵਿਚ ਰੰਗੇ ਹੋਇਆਂ ਤੋਂ ਸਦਕੇ ਹਾਂ।੨।
ਪਉੜੀ ॥ ਸੇ ਹਰਿ ਨਾਮੁ ਧਿਆਵਹਿ ਜੋ ਹਰਿ ਰਤਿਆ ॥ ਹਰਿ ਇਕੁ ਧਿਆਵਹਿ ਇਕੁ ਇਕੋ ਹਰਿ ਸਤਿਆ ॥ ਹਰਿ ਇਕੋ ਵਰਤੈ ਇਕੁ ਇਕੋ ਉਤਪਤਿਆ ॥ ਜੋ ਹਰਿ ਨਾਮੁ ਧਿਆਵਹਿ ਤਿਨ ਡਰੁ ਸਟਿ ਘਤਿਆ ॥ ਗੁਰਮਤੀ ਦੇਵੈ ਆਪਿ ਗੁਰਮੁਖਿ ਹਰਿ ਜਪਿਆ ॥੯॥ {ਪੰਨਾ 646}
ਪਦਅਰਥ: ਸਤਿਆ = ਸਤਿ, ਸਦਾ-ਥਿਰ ਰਹਿਣ ਵਾਲਾ।
ਅਰਥ: ਜੋ ਮਨੁੱਖ ਹਰੀ ਵਿਚ ਰੱਤੇ ਹੋਏ ਹਨ, ਉਹ ਉਸ ਦਾ ਨਾਮ ਸਿਮਰਦੇ ਹਨ; ਉਸ ਇੱਕ ਹਰੀ ਨੂੰ ਧਿਆਉਂਦੇ ਹਨ; ਜੋ ਸਦਾ ਕਾਇਮ ਰਹਿਣ ਵਾਲਾ ਹੈ, ਜੋ ਇੱਕ ਆਪ ਹਰ ਥਾਂ ਵਿਆਪਕ ਹੈ ਤੇ ਜਿਸ ਇਕ ਨੇ ਹੀ (ਸਾਰੀ ਸ੍ਰਿਸ਼ਟੀ) ਪੈਦਾ ਕੀਤੀ ਹੈ। ਜੋ ਮਨੁੱਖ ਨਾਮ ਸਿਮਰਦੇ ਹਨ, ਉਹਨਾਂ ਨੇ ਸਾਰਾ ਡਰ ਦੂਰ ਕਰ ਦਿੱਤਾ ਹੈ। ਪਰ ਉਹੀ ਗੁਰਮੁਖ ਨਾਮ ਸਿਮਰਦਾ ਹੈ ਜਿਸਨੂੰ ਪ੍ਰਭੂ ਆਪ ਗੁਰੂ ਦੀ ਮਤਿ ਦੀ ਰਾਹੀਂ ਇਹ ਦਾਤਿ ਦੇਂਦਾ ਹੈ।੯।
ਰਾਗੁ ਸੋਰਠਿ ॥ ਭੂਖੇ ਭਗਤਿ ਨ ਕੀਜੈ ॥ ਯਹ ਮਾਲਾ ਅਪਨੀ ਲੀਜੈ ॥ ਹਉ ਮਾਂਗਉ ਸੰਤਨ ਰੇਨਾ ॥ ਮੈ ਨਾਹੀ ਕਿਸੀ ਕਾ ਦੇਨਾ ॥੧॥ ਮਾਧੋ ਕੈਸੀ ਬਨੈ ਤੁਮ ਸੰਗੇ ॥ ਆਪਿ ਨ ਦੇਹੁ ਤ ਲੇਵਉ ਮੰਗੇ ॥ ਰਹਾਉ ॥ ਦੁਇ ਸੇਰ ਮਾਂਗਉ ਚੂਨਾ ॥ ਪਾਉ ਘੀਉ ਸੰਗਿ ਲੂਨਾ ॥ ਅਧ ਸੇਰੁ ਮਾਂਗਉ ਦਾਲੇ ॥ ਮੋ ਕਉ ਦੋਨਉ ਵਖਤ ਜਿਵਾਲੇ ॥੨॥ ਖਾਟ ਮਾਂਗਉ ਚਉਪਾਈ ॥ ਸਿਰਹਾਨਾ ਅਵਰ ਤੁਲਾਈ ॥ ਊਪਰ ਕਉ ਮਾਂਗਉ ਖੀਂਧਾ ॥ ਤੇਰੀ ਭਗਤਿ ਕਰੈ ਜਨੁ ਥੀਧਾ ॥੩॥ ਮੈ ਨਾਹੀ ਕੀਤਾ ਲਬੋ ॥ ਇਕੁ ਨਾਉ ਤੇਰਾ ਮੈ ਫਬੋ ॥ ਕਹਿ ਕਬੀਰ ਮਨੁ ਮਾਨਿਆ ॥ ਮਨੁ ਮਾਨਿਆ ਤਉ ਹਰਿ ਜਾਨਿਆ ॥੪॥੧੧॥ {ਪੰਨਾ 656}
ਪਦਅਰਥ: ਭੂਖ = ਰੋਜ਼ੀ ਮਾਇਆ ਆਦਿਕ ਦੀ ਤਾਂਘ। ਭੂਖਾ = ਰੋਜ਼ੀ ਮਾਇਆ ਆਦਿਕ ਦੀ ਤ੍ਰਿਸ਼ਨਾ ਦੇ ਅਧੀਨ। ਭੂਖੇ = ਰੋਜ਼ੀ ਮਾਇਆ ਆਦਿਕ ਦੀ ਤ੍ਰਿਸ਼ਨਾ ਦੇ ਅਧੀਨ ਰਿਹਾਂ। ਨ ਕੀਜੈ = ਨਹੀਂ ਕੀਤੀ ਜਾ ਸਕਦੀ। ਯਹ = ਇਹ। ਲੀਜੈ = ਕਿਰਪਾ ਕਰ ਕੇ ਲੈ ਲਉ। ਯਹ.........ਲੀਜੈ = ਹੇ ਪ੍ਰਭੂ! ਇਹ ਆਪਣੀ ਮਾਲਾ ਮੈਥੋਂ ਲੈ ਲਉ।
ਨੋਟ: ਕੀ ਭਗਤ ਕਬੀਰ ਜੀ ਮਾਲਾ ਨਾਲ ਭਗਤੀ ਕਰਿਆ ਕਰਦੇ ਸਨ? ਬਿਲਾਵਲ ਰਾਗ ਦੇ ਇਕ ਸ਼ਬਦ ਵਿਚ ਭੀ ਕਬੀਰ ਜੀ ਦੀ ਮਾਲਾ ਦਾ ਜ਼ਿਕਰ ਆਉਂਦਾ ਹੈ ਜਦੋਂ ਉਹਨਾਂ ਦੀ ਮਾਂ ਗਿਲਾ ਕਰਦੀ ਹੈ ਕਿ-
"ਹਮਾਰੈ ਕੁਲ ਕਉਨੈ ਰਾਮੁ ਕਹਿਓ ॥ ਜਬ ਕੀ ਮਾਲਾ ਲਈ ਨਿਪੂਤੇ ਤਬ ਤੇ ਸੁਖੁ ਨ ਭਇਓ ॥ਰਹਾਉ॥"
ਪਰ ਮਾਲਾ ਬਾਰੇ ਕਬੀਰ ਜੀ ਦੇ ਆਪਣੇ ਖ਼ਿਆਲ ਤਾਂ ਇਉਂ ਹਨ:
(੧) "ਕਬੀਰ ਮੇਰੀ ਸਿਮਰਨੀ ਰਸਨਾ ਊਪਰਿ ਰਾਮ ॥" {ਸਲੋਕ
(੨) "ਮਾਥੇ ਤਿਲਕੁ ਹਥ ਮਾਲਾ ਬਾਨਾ ॥ ਲੋਗਨ ਰਾਮ ਖਿਲਉਨਾ ਜਾਨਾ ॥" {ਭੈਰਉ
ਇਹਨਾਂ ਪ੍ਰਮਾਣਾਂ ਤੋਂ ਇਉਂ ਜ਼ਾਹਰ ਹੁੰਦਾ ਹੈ ਕਿ ਕਬੀਰ ਜੀ ਮਾਲਾ ਨੂੰ ਦਿਖਲਾਵਾ ਸਮਝਦੇ ਸਨ। ਜੀਭ ਉੱਤੇ ਹਰ ਵੇਲੇ ਰਾਮ ਦਾ ਨਾਮ ਟਿਕਿਆ ਰਹਿਣਾ-ਇਹ ਉਹਨਾਂ ਦੀ ਮਾਲਾ ਸੀ।
ਪਰ, ਉੱਪਰਲੇ ਸ਼ਬਦ ਵਿਚ ਉਹ ਆਪ ਪ੍ਰਭੂ ਨੂੰ ਆਖਦੇ ਹਨ ਕਿ ਆਪਣੀ ਮਾਲਾ ਲੈ ਲਉ, ਤੇ ਬਿਲਾਵਲ ਰਾਗ ਵਾਲੇ ਸ਼ਬਦ ਵਿਚ ਉਹਨਾਂ ਦੀ ਮਾਂ ਸ਼ਿਕਾਇਤ ਕਰਦੀ ਹੈ ਕਿ "ਜਬ ਕੀ ਮਾਲਾ ਲਈ ਨਿਪੂਤੇ"।
ਸੁਆਦਲੀ ਗੱਲ ਇਹ ਹੈ ਕਿ ਦੋਹੀਂ ਥਾਈਂ ਗਿਲਾ ਕਰਨ ਦੇ ਸੰਬੰਧ ਵਿਚ ਹੀ 'ਮਾਲਾ' ਦਾ ਜ਼ਿਕਰ ਆਇਆ ਹੈ। ਕਦੇ ਪ੍ਰਭੂ-ਪਿਆਰ ਵਿਚ ਆ ਕੇ ਭਗਤ ਜੀ ਨੇ ਕਿਤੇ 'ਮਾਲਾ' ਦੀ ਗੱਲ ਨਹੀਂ ਕੀਤੀ। ਇਉਂ ਜਾਪਦਾ ਹੈ ਕਿ ਇਹਨੀਂ ਦੋਹੀਂ ਥਾਈਂ ਲਫ਼ਜ਼ 'ਮਾਲਾ' ਦੀ ਰਾਹੀਂ ਕਿਸੇ ਐਸੇ ਕੰਮ ਦਾ ਜ਼ਿਕਰ ਕੀਤਾ ਜਾ ਰਿਹਾ ਹੈ, ਜੋ ਲਫ਼ਜ਼ 'ਮਾਲਾ' ਵਰਤਣ ਵਾਲੇ ਨੂੰ ਪਸੰਦ ਨਹੀਂ ਹੈ। ਜਗਤ ਵਿਚ ਕਈ ਲਫ਼ਜ਼ ਤਾਂ ਪਿਆਰ ਦਾ 'ਚਿਹਨ' ਬਣ ਜਾਂਦੇ ਹਨ ਤੇ ਕਈ ਲਫ਼ਜ਼ ਨਫ਼ਰਤ ਦਾ। ਕ੍ਰਿਸ਼ਨ ਜੀ ਦੇ ਉਪਾਸ਼ਕ ਵਾਸਤੇ ਲਫ਼ਜ਼ 'ਬਾਂਸਰੀ ਵਾਲਾ' ਤੇ 'ਕੰਬਲੀ ਵਾਲਾ' ਤਾਂ ਦਿਲ ਨੂੰ ਪਿਆਰ ਦੀ ਖਿੱਚ ਪਾਉਂਦੇ ਹਨ; ਪਰ, 'ਬ੍ਰਾਹਮਣ' ਸਭ ਤੋਂ ਉੱਚੀ ਜਾਤ ਦਾ ਹੁੰਦਿਆਂ ਭੀ, ਜੇ ਪਿੰਡਾਂ ਵਿਚ ਕਿਸੇ ਬੰਦੇ ਦੇ ਮੱਥੇ ਸਵੇਰੇ ਉਠਦਿਆਂ ਲੱਗ ਜਾਏ ਤਾਂ ਭਰਮੀ ਲੋਕਾਂ ਵਿਚ ਇਹ ਭੈੜਾ ਲੱਛਣ ਗਿਣਿਆ ਜਾਂਦਾ ਹੈ।
{ਮੇਰਾ ਇਕ ਗ਼ਰੀਬ-ਹਿੰਦੂ ਘਰ ਵਿਚ ਜਨਮ ਹੋਇਆ ਸੀ। ਨਾਵੀਂ ਜਮਾਤ ਵਿਚ ਅੱਪੜਨ ਤੋਂ ਚਾਰ-ਪੰਜ ਮਹੀਨੇ ਪਹਿਲਾਂ ਮੈਂ ਸਿੱਖ ਬਣਿਆ ਸਾਂ। ਸਾਡੇ ਸਕੂਲ ਦਾ ਹੈੱਡ ਮਾਸਟਰ ਇਕ ਵਹਿਮੀ ਜਿਹਾ ਸੱਜਣ ਸੀ; ਉਸ ਨੂੰ ਮੇਰੀ ਇਹ ਤਬਦੀਲੀ ਚੰਗੀ ਨਾਹ ਲੱਗੀ। ਪਰ, ਸਾਰੀ ਜਮਾਤ ਵਿਚ ਚੂੰਕਿ ਮੈਂ ਇਕੱਲਾ ਹੀ ਵਜ਼ਫ਼ਿਾ ਲੈਣ ਵਾਲਾ ਮੁੰਡਾ ਸਾਂ, ਇਸ ਗੱਲ ਦਾ ਉਹਨਾਂ ਨੂੰ ਲਿਹਾਜ਼ ਸੀ। ਅਸੀ ਸਿੱਖ ਮੁੰਡੇ ਰਲ ਕੇ ਹਫ਼ਤੇ ਵਿਚ ਇੱਕ ਵਾਰੀ ਸ਼ਹਿਰ ਦੇ ਗੁਰਦੁਆਰੇ ਵਿਚ ਜਾ ਕੇ ਸ਼ਬਦ ਪੜ੍ਹਿਆ ਕਰਦੇ ਸਾਂ, ਇਹ ਗੱਲ ਹੈੱਡਮਾਸਟਰ ਨੂੰ ਭਾਉਂਦੀ ਨਹੀਂ ਸੀ। ਇੱਕ ਵਾਰੀ ਰੋਕਿਓ ਨੇ, ਪਰ ਉਸ ਦਾ ਅਸਰ ਉਹਨਾਂ ਦੀ ਮਰਜ਼ੀ ਦੇ ਉਲਟ ਹੋਇਆ। ਸੋ, ਰੋਕਣੋਂ ਤਾਂ ਹਟ ਗਏ, ਪਰ ਜੇ ਕਿਸੇ ਦਿਨ ਮੈਂ ਜਮਾਤ ਵਿਚ ਬਾਕੀ ਮੁੰਡਿਆਂ ਤੋਂ ਪਿੱਛੇ ਜਾ ਬੈਠਾਂ ਤਾਂ ਉਹ ਝੱਟ ਮੈਨੂੰ ਅੱਗੇ ਸੱਦ ਕੇ ਬਿਠਾ ਦੇਂਦੇ ਤੇ ਕਹਿੰਦੇ-ਬੱਸ! ਤੈਨੂੰ ਹੋਰ ਕੀਹ ਕੰਮ ਹੈ? ਤੂੰ ਧਰਮਸਾਲੇ ਜਾ ਕੋ ਢੋਲਕੀ ਵਜਾ ਕੇ ਮਾਲਾ ਫੇਰ। ਮੈਨੂੰ ਢੋਲਕੀ ਵਜਾਉਣੀ ਨਹੀਂ ਸੀ ਆਉਂਦੀ, ਨਾਹ ਮੈਨੂੰ ਵਜਾਉਂਦਿਆਂ ਉਹਨਾਂ ਕਦੇ ਵੇਖਿਆ ਸੀ, ਨਾਹ ਹੀ ਮੇਰੇ ਪਾਸ ਕੋਈ ਮਾਲਾ ਸੀ। ਇਹ ਲਫ਼ਜ਼ ਮਾਲਾ ਤੇ ਢੋਲਕੀ ਉਹਨਾਂ ਦੇ ਦਿਲ ਦੀ ਨਫ਼ਰਤ ਦਾ ਬਾਹਰਲਾ ਵਿਕਾਸ ਸੀ।
ਇਹ ਹੱਡ-ਬੀਤੀ ਇੱਥੇ ਇਹ ਦੱਸਣ ਲਈ ਲਿਖੀ ਗਈ ਹੈ ਕਿ ਜਦੋਂ ਕਿਸੇ ਦਾ ਵੇਖਣ-ਨੂੰ-ਦਿੱਸਦਾ ਧਾਰਮਿਕ ਕੰਮ ਪਸੰਦ ਨਾਹ ਆਵੇ, ਤਾਂ ਮੁਹਾਵਰੇ ਦੇ ਤੌਰ ਤੇ ਲਫ਼ਜ਼ 'ਮਾਲਾ' ਆਦਿਕ ਵਰਤਿਆ ਜਾਂਦਾ ਹੈ}।
ਸੋ, "ਯਹ ਮਾਲਾ ਅਪਨੀ ਲੀਜੈ" ਦਾ ਅਰਥ ਹੈ ਕਿ ਮੈਨੂੰ ਇਹ ਉਪਰੋਂ-ਦਿੱਸਦਾ ਧਾਰਮਿਕ ਕੰਮ ਪਸੰਦ ਨਹੀਂ ਹੈ। "ਭੂਖੇ.........ਲੀਜੈ"-ਜੇ ਮਨੁੱਖ ਦੀ ਰੋਟੀ ਵਲੋਂ ਹੀ ਤ੍ਰਿਸ਼ਨਾ ਨਹੀਂ ਮੁੱਕੀ ਤਾਂ ਉਹ ਪ੍ਰਭੂ ਦੀ ਭਗਤੀ ਨਹੀਂ ਕਰ ਸਕਦਾ, ਇਹ ਭਗਤੀ ਵਿਖਾਵੇ ਦੀ ਹੀ ਰਹਿ ਜਾਂਦੀ ਹੈ, ਤੇ ਇਹ ਮੈਨੂੰ ਪਸੰਦ ਨਹੀਂ। ਹਉ-ਮੈਂ। ਰੇਨਾ-ਚਰਨ-ਧੂੜ। ਕਿਸੀ ਕਾ ਦੇਨਾ-ਕਿਸੇ ਦੀ ਮੁਥਾਜੀ, ਕਿਸੇ ਦੇ ਦਬਾਉ ਹੇਠ ਹੋਣਾ।੧।
ਕੈਸੀ ਬਨੈ-ਕਿਵੇਂ ਨਿਭ ਸਕਦੀ ਹੈ? ਤੁਮ ਸੰਗੇ-ਤੈਥੋਂ ਸੰਗਿਆਂ, ਤੈਥੋਂ ਸ਼ਰਮ ਕੀਤਿਆਂ। ਲੇਵਉ ਮੰਗੇ-ਮੈਂ ਮੰਗ ਕੇ ਲੈ ਲਵਾਂਗਾ।ਰਹਾਉ।
ਚੂਨਾ-ਆਟਾ। ਜਿਵਾਲੇ-ਜੀਊਂਦਿਆਂ ਰੱਖੇ।੨।
ਖਾਟ-ਮੰਜੀ। ਚਉਪਾਈ-ਚਾਰ ਪਾਵਿਆਂ ਵਾਲੀ, ਸਾਬਤ। ਖੀਂਧਾ-ਰਜ਼ਾਈ। ਥੀਧਾ-ਥਿੰਧਾ, ਪ੍ਰੇਮ ਵਿਚ ਰਸ ਕੇ।੩।
ਲਬੋ-ਲਾਲਚ। ਮੈ ਫਬੋ-ਮੈਨੂੰ ਪਸੰਦ ਹੈ। ਜਾਨਿਆ-ਸਾਂਝ ਪਾ ਲਈ ਹੈ।੪।
ਅਰਥ: ਹੇ ਪ੍ਰਭੂ! ਤੈਥੋਂ ਸ਼ਰਮ ਕੀਤਿਆਂ ਨਹੀਂ ਨਿਭ ਸਕਣੀ; ਸੋ, ਜੇ ਤੂੰ ਆਪ ਨਾਹ ਦੇਵੇਂਗਾ, ਤਾਂ ਮੈਂ ਹੀ ਮੰਗ ਕੇ ਲੈ ਲਵਾਂਗਾ।ਰਹਾਉ।
ਜੇ ਮਨੁੱਖ ਦੀ ਰੋਟੀ ਵਲੋਂ ਹੀ ਤ੍ਰਿਸ਼ਨਾ ਨਹੀਂ ਮੁੱਕੀ, ਤਾਂ ਉਹ ਪ੍ਰਭੂ ਦੀ ਭਗਤੀ ਨਹੀਂ ਕਰ ਸਕਦਾ, ਫਿਰ ਉਹ ਭਗਤੀ ਵਿਖਾਵੇ ਦੀ ਹੀ ਰਹਿ ਜਾਂਦੀ ਹੈ। (ਪ੍ਰਭੂ! ਇੱਕ ਤਾਂ ਮੈਨੂੰ ਰੋਟੀ ਵਲੋਂ ਬੇ-ਫ਼ਿਕਰ ਕਰ, ਦੂਜੇ) ਮੈਂ ਸੰਤਾਂ ਦੀ ਚਰਨ-ਧੂੜ ਮੰਗਦਾ ਹਾਂ, ਤਾਕਿ ਮੈਂ ਕਿਸੇ ਦਾ ਮੁਥਾਜ ਨਾਹ ਹੋਵਾਂ।੧।
ਮੈਨੂੰ ਦੋ ਸੇਰ ਆਟੇ ਦੀ ਲੋੜ ਹੈ, ਇਕ ਪਾਉ ਘਿਉ ਤੇ ਕੁਝ ਲੂਣ ਚਾਹੀਦਾ ਹੈ, ਮੈਂ ਤੈਥੋਂ ਅੱਧ ਸੇਰ ਦਾਲ ਮੰਗਦਾ ਹਾਂ-ਇਹ ਚੀਜ਼ਾ ਮੇਰੇ ਦੋਹਾਂ ਵੇਲਿਆਂ ਦੀ ਗੁਜ਼ਰਾਨ ਲਈ ਕਾਫ਼ੀ ਹਨ।੨।
ਸਾਬਤ ਮੰਜੀ ਮੰਗਦਾ ਹਾਂ, ਸਿਰਾਣਾ ਤੇ ਤੁਲਾਈ ਭੀ। ਉਪਰ ਲੈਣ ਲਈ ਰਜ਼ਾਈ ਦੀ ਲੋੜ ਹੈ-ਬੱਸ! ਫਿਰ ਤੇਰਾ ਭਗਤ (ਸਰੀਰਕ ਲੋੜਾਂ ਵਲੋਂ ਬੇ-ਫ਼ਿਕਰ ਹੋ ਕੇ) ਤੇਰੇ ਪ੍ਰੇਮ ਵਿਚ ਭਿੱਜ ਕੇ ਤੇਰੀ ਭਗਤੀ ਕਰੇਗਾ।੩।
ਕਬੀਰ ਆਖਦਾ ਹੈ-ਹੇ ਪ੍ਰਭੂ! ਮੈਂ (ਮੰਗਣ ਵਿਚ) ਕੋਈ ਲਾਲਚ ਨਹੀਂ ਕੀਤਾ, ਕਿਉਂਕਿ (ਉਹ ਚੀਜ਼ਾਂ ਤਾਂ ਸਰੀਰਕ ਨਿਰਬਾਹ-ਮਾਤ੍ਰ ਹਨ) ਅਸਲ ਵਿਚ ਤਾਂ ਮੈਨੂੰ ਤੇਰਾ ਨਾਮ ਹੀ ਪਿਆਰਾ ਹੈ। ਮੇਰਾ ਮਨ (ਤੇਰੇ ਨਾਮ ਵਿਚ) ਪਰਚਿਆ ਹੋਇਆ ਹੈ, ਤੇ ਜਦੋਂ ਦਾ ਪਰਚਿਆ ਹੈ ਤਦੋਂ ਤੋਂ ਤੇਰੇ ਨਾਲ ਮੇਰੀ (ਡੂੰਘੀ) ਜਾਣ-ਪਛਾਣ ਹੋ ਗਈ ਹੈ।੪।੧੧।
ਸ਼ਬਦ ਦਾ ਭਾਵ: ਜਦ ਤਕ ਮਨੁੱਖ ਦਾ ਮਨ ਤ੍ਰਿਸ਼ਨਾ ਦੇ ਅਧੀਨ ਹੈ, ਪਰਮਾਤਮਾ ਦੀ ਭਗਤੀ ਨਹੀਂ ਕੀਤੀ ਜਾ ਸਕਦੀ। ਤ੍ਰਿਸ਼ਨਾ ਤੇ ਭਗਤੀ ਦਾ ਕਦੇ ਜੋੜ ਨਹੀਂ ਹੋ ਸਕਦਾ।
ਰਾਗੁ ਸੋਰਠਿ ਬਾਣੀ ਭਗਤ ਰਵਿਦਾਸ ਜੀ ਕੀ ੴ ਸਤਿਗੁਰ ਪ੍ਰਸਾਦਿ ॥ ਜਬ ਹਮ ਹੋਤੇ ਤਬ ਤੂ ਨਾਹੀ ਅਬ ਤੂਹੀ ਮੈ ਨਾਹੀ ॥ ਅਨਲ ਅਗਮ ਜੈਸੇ ਲਹਰਿ ਮਇ ਓਦਧਿ ਜਲ ਕੇਵਲ ਜਲ ਮਾਂਹੀ ॥੧॥ ਮਾਧਵੇ ਕਿਆ ਕਹੀਐ ਭ੍ਰਮੁ ਐਸਾ ॥ ਜੈਸਾ ਮਾਨੀਐ ਹੋਇ ਨ ਤੈਸਾ ॥੧॥ ਰਹਾਉ ॥ ਨਰਪਤਿ ਏਕੁ ਸਿੰਘਾਸਨਿ ਸੋਇਆ ਸੁਪਨੇ ਭਇਆ ਭਿਖਾਰੀ ॥ ਅਛਤ ਰਾਜ ਬਿਛੁਰਤ ਦੁਖੁ ਪਾਇਆ ਸੋ ਗਤਿ ਭਈ ਹਮਾਰੀ ॥੨॥ ਰਾਜ ਭੁਇਅੰਗ ਪ੍ਰਸੰਗ ਜੈਸੇ ਹਹਿ ਅਬ ਕਛੁ ਮਰਮੁ ਜਨਾਇਆ ॥ ਅਨਿਕ ਕਟਕ ਜੈਸੇ ਭੂਲਿ ਪਰੇ ਅਬ ਕਹਤੇ ਕਹਨੁ ਨ ਆਇਆ ॥੩॥ ਸਰਬੇ ਏਕੁ ਅਨੇਕੈ ਸੁਆਮੀ ਸਭ ਘਟ ਭਗਵੈ ਸੋਈ ॥ ਕਹਿ ਰਵਿਦਾਸ ਹਾਥ ਪੈ ਨੇਰੈ ਸਹਜੇ ਹੋਇ ਸੁ ਹੋਈ ॥੪॥੧॥ {ਪੰਨਾ 657-658}
ਪਦਅਰਥ: ਜਬ = ਜਿਤਨਾ ਚਿਰ। ਹਮ = ਅਸੀ, ਹਉਮੈ, ਆਪਾ = ਭਾਵ। ਹੋਤੇ = ਹੁੰਦੇ ਹਾਂ। ਮੈ = ਮੇਰੀ ਅਪਣੱਤ, ਹਉਮੈ। ਅਨਲ = {Skt. अनिल} ਹਵਾ। ਅਨਲ ਅਗਮ = ਭਾਰੀ ਹਨੇਰੀ (ਦੇ ਕਾਰਨ) । ਲਹਰਿ ਮਇ = ਲਹਰਿ ਮਯ, ਲਹਰਿ ਮੈ, {ਸੰ: ਮਯ = ਜਿਸ ਲਫ਼ਜ਼ ਦੇ ਅਖ਼ੀਰ ਵਿਚ ਲਫ਼ਜ਼ 'ਮਯ' ਵਰਤਿਆ ਜਾਏ, ਉਸ ਦੇ ਅਰਬ ਵਿਚ 'ਬਹੁਲਤਾ' ਦਾ ਖ਼ਿਆਲ ਵਧਾਇਆ ਜਾਂਦਾ ਹੈ, ਜਿਵੇਂ ਦਇਆ ਮਯ = ਦਇਆ ਨਾਲ ਭਰਪੂਰ} ਲਹਰਾਂ ਨਾਲ ਭਰਪੂਰ। ਓਦਧਿ = {Skt. ਉਦਧਿ, उदधि} ਸਮੁੰਦਰ।੧।
ਮਾਧਵੇ = ਹੇ ਮਾਧੋ! (ਨੋਟ: ਲਫ਼ਜ਼ 'ਮਾਧੋ' ਭਗਤ ਰਵਿਦਾਸ ਜੀ ਦਾ ਖ਼ਾਸ ਪਿਆਰਾ ਲਫ਼ਜ਼ ਹੈ, ਬਹੁਤੀ ਵਾਰੀ ਪਰਮਾਤਮਾ ਵਾਸਤੇ ਇਹੀ ਲਫ਼ਜ਼ ਵਰਤਦੇ ਹਨ, ਸੰਸਕ੍ਰਿਤ ਧਾਰਮਿਕ ਪੁਸਤਕਾਂ ਵਿਚ ਇਹ ਨਾਮ ਕ੍ਰਿਸ਼ਨ ਜੀ ਦਾ ਹੈ। ਜੇ ਰਵਿਦਾਸ ਜੀ ਸ੍ਰੀ ਰਾਮ ਚੰਦ ਜੀ ਦੇ ਉਪਾਸ਼ਕ ਹੁੰਦੇ, ਤਾਂ ਇਹ ਲਫ਼ਜ਼ ਉਹ ਨਾਹ ਵਰਤਦੇ) । ਕਿਆ ਕਹੀਐ = ਕੀਹ ਆਖੀਏ? ਕਿਹਾ ਨਹੀਂ ਜਾ ਸਕਦਾ। ਭ੍ਰਮੁ = ਭੁਲੇਖਾ। ਮਾਨੀਐ = ਮੰਨਿਆ ਜਾ ਰਿਹਾ ਹੈ, ਖ਼ਿਆਲ ਬਣਾਇਆ ਹੋਇਆ ਹੈ।੧।ਰਹਾਉ।
ਨਰਪਿਤ = ਰਾਜਾ। ਸਿੰਘਾਸਨਿ = ਤਖ਼ਤ ਉੱਤੇ। ਭਿਖਾਰੀ = ਮੰਗਤਾ। ਅਛਤ = ਹੁੰਦਿਆਂ ਸੁੰਦਿਆਂ। ਗਤਿ = ਹਾਲਤ।੨।
ਰਾਜ = ਰੱਜੂ, ਰੱਸੀ। ਭੁਇਅੰਗ = ਸੱਪ। ਪ੍ਰਸੰਗ = ਵਾਰਤਾ, ਗੱਲ। ਮਰਮੁ = ਭੇਤ, ਰਾਜ਼। ਕਟਕ = ਕੜੇ। ਕਹਤੇ = ਆਖਦਿਆਂ।੩।
ਸਰਬੇ = ਸਾਰਿਆਂ ਵਿਚ। ਅਨੇਕੈ = ਅਨੇਕ = ਰੂਪ ਹੋ ਕੇ। ਭਗਵੈ = {ਨੋਟ: ਅੱਖਰ 'ਭ' ਦੇ ਨਾਲ ਦੋ ਲਗਾਂ ਹਨ (ੋ) ਤੇ (ੁ) । ਅਸਲ ਲਫ਼ਜ਼ ਹੈ 'ਭੋਗਵੈ' ਪਰ ਇਥੇ ਪੜ੍ਹਨਾ ਹੈ 'ਭੁਗਵੈ'} ਭੋਗ ਰਿਹਾ ਹੈ, ਮੌਜੂਦ ਹੈ। ਪੈ = ਤੋਂ। ਸਹਜੇ = ਸੁਤੇ ਹੀ, ਉਸ ਦੀ ਰਜ਼ਾ ਵਿਚ।੪।
ਅਰਥ: (ਹੇ ਮਾਧੋ!) ਜਿਤਨਾ ਚਿਰ ਅਸਾਂ ਜੀਵਾਂ ਦੇ ਅੰਦਰ ਹਉਮੈ ਰਹਿੰਦੀ ਹੈ, ਉਤਨਾ ਚਿਰ ਤੂੰ (ਅਸਾਡੇ ਅੰਦਰ) ਪਰਗਟ ਨਹੀਂ ਹੁੰਦਾ, ਪਰ ਜਦੋਂ ਤੂੰ ਪ੍ਰਤੱਖ ਹੁੰਦਾ ਹੈਂ ਤਦੋਂ ਅਸਾਡੀ 'ਮੈਂ' ਦੂਰ ਹੋ ਜਾਂਦੀ ਹੈ; (ਇਸ 'ਮੈਂ' ਦੇ ਹਟਣ ਨਾਲ ਇਹ ਸਮਝ ਆ ਜਾਂਦੀ ਹੈ ਕਿ) ਜਿਵੇਂ ਬੜਾ ਤੂਫ਼ਾਨ ਆਇਆਂ ਸਮੁੰਦਰ ਲਹਿਰਾਂ ਨਾਲ ਨਕਾ-ਨਕ ਭਰ ਜਾਂਦਾ ਹੈ, ਪਰ ਅਸਲ ਵਿਚ ਉਹ (ਲਹਿਰਾਂ ਸਮੁੰਦਰ ਦੇ) ਪਾਣੀ ਵਿਚ ਪਾਣੀ ਹੀ ਹੈ (ਤਿਵੇਂ ਇਹ ਸਾਰੇ ਜੀਆ ਜੰਤ ਤੇਰਾ ਆਪਣਾ ਹੀ ਵਿਕਾਸ ਹੈ) ।੧।
ਹੇ ਮਾਧੋ! ਅਸਾਂ ਜੀਵਾਂ ਨੂੰ ਕੁਝ ਅਜਿਹਾ ਭੁਲੇਖਾ ਪਿਆ ਹੋਇਆ ਹੈ ਕਿ ਇਹ ਬਿਆਨ ਨਹੀਂ ਕੀਤਾ ਜਾ ਸਕਦਾ। ਅਸੀ ਜੋ ਮੰਨੀ ਬੈਠੇ ਹਾਂ (ਕਿ ਜਗਤ ਤੇਰੇ ਨਾਲੋਂ ਕੋਈ ਵੱਖਰੀ ਹਸਤੀ ਹੈ) , ਉਹ ਠੀਕ ਨਹੀਂ ਹੈ।੧।ਰਹਾਉ।
(ਜਿਵੇਂ) ਕੋਈ ਰਾਜਾ ਆਪਣੇ ਤਖ਼ਤ ਉਤੇ ਸੌਂ ਜਾਏ, ਤੇ, ਸੁਫ਼ਨੇ ਵਿਚ ਮੰਗਤਾ ਬਣ ਜਾਏ, ਰਾਜ ਹੁੰਦਿਆਂ ਸੁੰਦਿਆਂ ਉਹ (ਸੁਪਨੇ ਵਿਚ ਰਾਜ ਤੋਂ) ਵਿਛੜ ਕੇ ਦੁੱਖੀ ਹੁੰਦਾ ਹੈ, ਤਿਵੇਂ ਹੀ (ਹੇ ਮਾਧੋ! ਤੈਥੋਂ ਵਿਛੁੜ ਕੇ) ਅਸਾਡਾ ਜੀਵਾਂ ਦਾ ਹਾਲ ਹੋ ਰਿਹਾ ਹੈ।੨।
ਜਿਵੇਂ ਰੱਸੀ ਤੇ ਸੱਪ ਦਾ ਦ੍ਰਿਸ਼ਟਾਂਤ ਹੈ, ਜਿਵੇਂ (ਸੋਨੇ ਤੋਂ ਬਣੇ ਹੋਏ) ਅਨੇਕਾਂ ਕੜੇ ਵੇਖ ਕੇ ਭੁਲੇਖਾ ਪੈ ਜਾਏ (ਕਿ ਸੋਨਾ ਹੀ ਕਈ ਕਿਸਮ ਦਾ ਹੁੰਦਾ ਹੈ, ਤਿਵੇਂ ਅਸਾਨੂੰ ਭੁਲੇਖਾ ਬਣਿਆ ਪਿਆ ਹੈ ਕਿ ਇਹ ਜਗਤ ਤੈਥੋਂ ਵੱਖਰਾ ਹੈ) , ਪਰ ਤੂੰ ਮੈਨੂੰ ਹੁਣ ਕੁਝ ਕੁਝ ਭੇਤ ਜਣਾ ਦਿੱਤਾ ਹੈ। ਹੁਣ ਉਹ ਪੁਰਾਣੀ ਵਿਤਕਰੇ ਵਾਲੀ ਗੱਲ ਮੈਥੋਂ ਆਖੀ ਨਹੀਂ ਜਾਂਦੀ (ਭਾਵ, ਹੁਣ ਮੈਂ ਇਹ ਨਹੀਂ ਆਖਦਾ ਕਿ ਜਗਤ ਤੈਥੋਂ ਵੱਖਰੀ ਹਸਤੀ ਹੈ) ।੩।
(ਹੁਣ ਤਾਂ) ਰਵਿਦਾਸ ਆਖਦਾ ਹੈ ਕਿ ਉਹ ਪ੍ਰਭੂ-ਖਸਮ ਅਨੇਕਾਂ ਰੂਪ ਬਣਾ ਕੇ ਸਾਰਿਆਂ ਵਿਚ ਇੱਕ ਆਪ ਹੀ ਹੈ, ਸਭ ਘਟਾਂ ਵਿਚ ਆਪ ਹੀ ਬੈਠਾ ਜਗਤ ਦੇ ਰੰਗ ਮਾਣ ਰਿਹਾ ਹੈ। (ਦੂਰ ਨਹੀਂ) ਮੇਰੇ ਹੱਥ ਤੋਂ ਭੀ ਨੇੜੇ ਹੈ, ਜੋ ਕੁਝ (ਜਗਤ ਵਿਚ) ਵਰਤ ਰਿਹਾ ਹੈ, ਉਸੇ ਦੀ ਰਜ਼ਾ ਵਿਚ ਹੋ ਰਿਹਾ ਹੈ।੪।੧।
ਸ਼ਬਦ ਦਾ ਭਾਵ: ਪਰਮਾਤਮਾ ਸਰਬ-ਵਿਆਪਕ ਹੈ। ਪਰ ਜੀਵ ਆਪਣੀ 'ਹਉਂ' ਦੇ ਘੇਰੇ ਵਿਚ ਰਹਿ ਕੇ ਜਗਤ ਨੂੰ ਉਸ ਤੋਂ ਵੱਖਰੀ ਹਸਤੀ ਸਮਝਦਾ ਹੈ। ਜਿਤਨਾ ਚਿਰ 'ਹਉਂ' ਹੈ, ਉਤਨਾ ਚਿਰ ਵਿਤਕਰੇ ਹਨ।
ਸੂਹੀ ਮਹਲਾ ੫ ॥ ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮੁ ਜਾਗਾਤੀ ਲੂਟੈ ॥ ਨਿਰਬਾਣ ਕੀਰਤਨੁ ਗਾਵਹੁ ਕਰਤੇ ਕਾ ਨਿਮਖ ਸਿਮਰਤ ਜਿਤੁ ਛੂਟੈ ॥੧॥ ਸੰਤਹੁ ਸਾਗਰੁ ਪਾਰਿ ਉਤਰੀਐ ॥ ਜੇ ਕੋ ਬਚਨੁ ਕਮਾਵੈ ਸੰਤਨ ਕਾ ਸੋ ਗੁਰ ਪਰਸਾਦੀ ਤਰੀਐ ॥੧॥ ਰਹਾਉ ॥ ਕੋਟਿ ਤੀਰਥ ਮਜਨ ਇਸਨਾਨਾ ਇਸੁ ਕਲਿ ਮਹਿ ਮੈਲੁ ਭਰੀਜੈ ॥ ਸਾਧਸੰਗਿ ਜੋ ਹਰਿ ਗੁਣ ਗਾਵੈ ਸੋ ਨਿਰਮਲੁ ਕਰਿ ਲੀਜੈ ॥੨॥ ਬੇਦ ਕਤੇਬ ਸਿਮ੍ਰਿਤਿ ਸਭਿ ਸਾਸਤ ਇਨ੍ਹ੍ਹ ਪੜਿਆ ਮੁਕਤਿ ਨ ਹੋਈ ॥ ਏਕੁ ਅਖਰੁ ਜੋ ਗੁਰਮੁਖਿ ਜਾਪੈ ਤਿਸ ਕੀ ਨਿਰਮਲ ਸੋਈ ॥੩॥ ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ ॥ ਗੁਰਮੁਖਿ ਨਾਮੁ ਜਪੈ ਉਧਰੈ ਸੋ ਕਲਿ ਮਹਿ ਘਟਿ ਘਟਿ ਨਾਨਕ ਮਾਝਾ ॥੪॥੩॥੫੦॥ {ਪੰਨਾ 747}
ਪਦਅਰਥ: ਕਰਮ ਧਰਮ = (ਤੀਰਥ = ਇਸ਼ਨਾਨ ਆਦਿਕ ਮਿਥੇ ਹੋਏ) ਧਾਰਮਿਕ ਕੰਮ। ਪਾਖੰਡ = ਵਿਖਾਵੇ ਦੇ ਕੰਮ। ਤਿਨ = ਉਹਨਾਂ ਨੂੰ। ਜਾਗਾਤੀ = ਮਸੂਲੀਆ। ਨਿਰਬਾਣ = {निर्वाण} ਵਾਸਨਾ = ਰਹਿਤ ਹੋ ਕੇ। ਕਰਤੇ ਕਾ = ਕਰਤਾਰ ਦਾ। ਨਿਮਖ = ਅੱਖ ਝਮਕਣ ਜਿਤਨਾ ਸਮਾ। ਜਿਤੁ = ਜਿਸ ਦੀ ਰਾਹੀਂ, ਜਿਸ (ਕੀਰਤਨ) ਦੀ ਰਾਹੀਂ। ਛੂਟੈ = (ਮਨੁੱਖ ਵਿਕਾਰਾਂ ਤੋਂ) ਬਚ ਜਾਂਦਾ ਹੈ।੧।
ਸਾਗਰੁ = (ਸੰਸਾਰ-) ਸਮੁੰਦਰ। ਉਤਰੀਐ = ਲੰਘ ਜਾਈਦਾ ਹੈ। ਕੋ = ਕੋਈ ਮਨੁੱਖ। ਪਰਸਾਦੀ = ਕਿਰਪਾ ਨਾਲ।੧।ਰਹਾਉ।
ਕੋਟਿ = ਕ੍ਰੋੜਾਂ। ਮਜਨ = ਇਸ਼ਨਾਨ। ਕਲਿ ਮਹਿ = ਜਗਤ ਵਿਚ {ਨੋਟ: ਕਿਸੇ ਖ਼ਾਸ 'ਜੁਗ' ਦਾ ਜ਼ਿਕਰ ਨਹੀਂ ਚੱਲ ਰਿਹਾ}। ਸੰਗਿ = ਸੰਗਤਿ ਵਿਚ। ਕਰਿ ਲੀਜੈ = ਕਰ ਲਿਆ ਜਾਂਦਾ ਹੈ।੨।
ਕਤੇਬ = ਸ਼ਾਮੀ ਮਤਾਂ ਦੇ ਧਰਮ = ਪੁਸਤਕ (ਕੁਰਾਨ, ਅੰਜੀਲ, ਜ਼ੰਬੂਰ, ਤੌਰੇਤ) । ਸਭਿ = ਸਾਰੇ। ਪੜਿਆ = ਨਿਰੇ ਪੜ੍ਹਨ ਨਾਲ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਅਖਰੁ = {अक्षर} ਨਾਸ = ਰਹਿਤ, ਅਬਿਨਾਸੀ ਪ੍ਰਭੂ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਤਿਸ ਕੀ = {ਲਫ਼ਜ਼ 'ਤਿਸੁ' ਦਾ ੁ ਸੰਬੰਧਕ 'ਕੀ' ਦੇ ਕਾਰਨ ਉੱਡ ਗਿਆ ਹੈ}। ਸੋਈ = ਸੋਭਾ।੩।
ਉਧਰੈ = (ਵਿਕਾਰਾਂ ਤੋਂ) ਬਚ ਜਾਂਦਾ ਹੈ। ਕਲਿ ਮਹਿ = ਜਗਤ ਵਿਚ। ਘਟਿ ਘਟਿ = ਹਰੇਕ ਸਰੀਰ ਵਿਚ। ਮਾਝਾ = ਵਿਚ।੪।
ਅਰਥ: ਹੇ ਸੰਤ ਜਨੋ! ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ) ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ। ਜੇ ਕੋਈ ਮਨੁੱਖ ਸੰਤ ਜਨਾਂ ਦੇ ਉਪਦੇਸ਼ ਨੂੰ (ਜੀਵਨ ਵਿਚ) ਕਮਾ ਲਏ, ਉਹ ਮਨੁੱਖ ਗੁਰੂ ਦੀ ਕਿਰਪਾ ਨਾਲ ਪਾਰ ਲੰਘ ਜਾਂਦਾ ਹੈ।੧।ਰਹਾਉ।
ਹੇ ਭਾਈ! ਤੀਰਥ-ਇਸ਼ਨਾਨ ਆਦਿਕ ਮਿਥੇ ਹੋਏ) ਧਾਰਮਿਕ ਕੰਮ ਵਿਖਾਵੇ ਦੇ ਕੰਮ ਹਨ, ਇਹ ਕੰਮ ਜਿਤਨੇ ਭੀ ਲੋਕ ਕਰਦੇ ਦਿੱਸਦੇ ਹਨ, ਉਹਨਾਂ ਨੂੰ ਮਸੂਲੀਆ ਜਮ ਲੁੱਟ ਲੈਂਦਾ ਹੈ। (ਇਸ ਵਾਸਤੇ) ਵਾਸਨਾ-ਰਹਿਤ ਹੋ ਕੇ ਕਰਤਾਰ ਦੀ ਸਿਫ਼ਤਿ-ਸਾਲਾਹ ਕਰਿਆ ਕਰੋ, ਕਿਉਂਕਿ ਇਸ ਦੀ ਬਰਕਤਿ ਨਾਲ ਛਿਨ-ਭਰ ਨਾਮ ਸਿਮਰਿਆਂ ਹੀ ਮਨੁੱਖ ਵਿਕਾਰਾਂ ਤੋਂ ਖ਼ਲਾਸੀ ਪਾ ਲੈਂਦਾ ਹੈ।੧।
ਹੇ ਭਾਈ! ਕ੍ਰੋੜਾਂ ਤੀਰਥਾਂ ਦੇ ਇਸ਼ਨਾਨ (ਕਰਦਿਆਂ ਤਾਂ) ਜਗਤ ਵਿਚ (ਵਿਕਾਰਾਂ ਦੀ) ਮੈਲ ਨਾਲ ਲਿਬੜ ਜਾਈਦਾ ਹੈ। ਪਰ ਜੇਹੜਾ ਮਨੁੱਖ ਗੁਰੂ ਦੀ ਸੰਗਤਿ ਵਿਚ (ਟਿਕ ਕੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ, ਉਹ ਪਵਿਤ੍ਰ ਜੀਵਨ ਵਾਲਾ ਬਣ ਜਾਂਦਾ ਹੈ।੨।
ਹੇ ਭਾਈ! ਵੇਦ ਪੁਰਾਣ ਸਿੰਮ੍ਰਤੀਆਂ ਇਹ ਸਾਰੇ (ਹਿੰਦੂ ਧਰਮ ਦੇ ਪੁਸਤਕ) (ਕੁਰਾਨ ਅੰਜੀਲ ਆਦਿਕ) ਇਹ ਸਾਰੇ (ਸ਼ਾਮੀ ਮਤਾਂ ਦੇ ਪੁਸਤਕ) ਨਿਰੇ ਪੜ੍ਹਨ ਨਾਲ ਵਿਕਾਰਾਂ ਤੋਂ ਖ਼ਲਾਸੀ ਨਹੀਂ ਮਿਲਦੀ। ਪਰ ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਇਕ ਅਬਿਨਾਸੀ ਪ੍ਰਭੂ ਦਾ ਨਾਮ ਜਪਦਾ ਹੈ, ਉਸ ਦੀ (ਲੋਕ ਪਰਲੋਕ ਵਿਚ) ਪਵਿਤ੍ਰ ਸੋਭਾ ਬਣ ਜਾਂਦੀ ਹੈ।੩।
ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਨ ਦਾ) ਉਪਦੇਸ਼ ਖੱਤ੍ਰੀ ਬ੍ਰਾਹਮਣ ਵੈਸ਼ ਸ਼ੂਦਰ ਚੌਹਾਂ ਵਰਨਾਂ ਦੇ ਲੋਕਾਂ ਵਾਸਤੇ ਇਕੋ ਜਿਹਾ ਹੈ। (ਕਿਸੇ ਭੀ ਵਰਨ ਦਾ ਹੋਵੇ) ਜੇਹੜਾ ਮਨੁੱਖ ਗੁਰੂ ਦੇ ਦੱਸੇ ਰਸਤੇ ਉਤੇ ਤੁਰ ਕੇ ਪ੍ਰਭੂ ਦਾ ਨਾਮ ਜਪਦਾ ਹੈ ਉਹ ਜਗਤ ਵਿਚ ਵਿਕਾਰਾਂ ਤੋਂ ਬਚ ਨਿਕਲਦਾ ਹੈ। ਹੇ ਨਾਨਕ! ਉਸ ਮਨੁੱਖ ਨੂੰ ਪਰਮਾਤਮਾ ਹਰੇਕ ਸਰੀਰ ਵਿਚ ਵੱਸਦਾ ਦਿੱਸਦਾ ਹੈ।੪।੩।੫੦।
ਰਾਗੁ ਸੋਰਠਿ ਬਾਣੀ ਭਗਤ ਰਵਿਦਾਸ ਜੀ ਕੀ ੴ ਸਤਿਗੁਰ ਪ੍ਰਸਾਦਿ ॥ ਜਬ ਹਮ ਹੋਤੇ ਤਬ ਤੂ ਨਾਹੀ ਅਬ ਤੂਹੀ ਮੈ ਨਾਹੀ ॥ ਅਨਲ ਅਗਮ ਜੈਸੇ ਲਹਰਿ ਮਇ ਓਦਧਿ ਜਲ ਕੇਵਲ ਜਲ ਮਾਂਹੀ ॥੧॥ ਮਾਧਵੇ ਕਿਆ ਕਹੀਐ ਭ੍ਰਮੁ ਐਸਾ ॥ ਜੈਸਾ ਮਾਨੀਐ ਹੋਇ ਨ ਤੈਸਾ ॥੧॥ ਰਹਾਉ ॥ ਨਰਪਤਿ ਏਕੁ ਸਿੰਘਾਸਨਿ ਸੋਇਆ ਸੁਪਨੇ ਭਇਆ ਭਿਖਾਰੀ ॥ ਅਛਤ ਰਾਜ ਬਿਛੁਰਤ ਦੁਖੁ ਪਾਇਆ ਸੋ ਗਤਿ ਭਈ ਹਮਾਰੀ ॥੨॥ ਰਾਜ ਭੁਇਅੰਗ ਪ੍ਰਸੰਗ ਜੈਸੇ ਹਹਿ ਅਬ ਕਛੁ ਮਰਮੁ ਜਨਾਇਆ ॥ ਅਨਿਕ ਕਟਕ ਜੈਸੇ ਭੂਲਿ ਪਰੇ ਅਬ ਕਹਤੇ ਕਹਨੁ ਨ ਆਇਆ ॥੩॥ ਸਰਬੇ ਏਕੁ ਅਨੇਕੈ ਸੁਆਮੀ ਸਭ ਘਟ ਭਗਵੈ ਸੋਈ ॥ ਕਹਿ ਰਵਿਦਾਸ ਹਾਥ ਪੈ ਨੇਰੈ ਸਹਜੇ ਹੋਇ ਸੁ ਹੋਈ ॥੪॥੧॥ {ਪੰਨਾ 657-658}
ਪਦਅਰਥ: ਜਬ = ਜਿਤਨਾ ਚਿਰ। ਹਮ = ਅਸੀ, ਹਉਮੈ, ਆਪਾ = ਭਾਵ। ਹੋਤੇ = ਹੁੰਦੇ ਹਾਂ। ਮੈ = ਮੇਰੀ ਅਪਣੱਤ, ਹਉਮੈ। ਅਨਲ = {Skt. अनिल} ਹਵਾ। ਅਨਲ ਅਗਮ = ਭਾਰੀ ਹਨੇਰੀ (ਦੇ ਕਾਰਨ) । ਲਹਰਿ ਮਇ = ਲਹਰਿ ਮਯ, ਲਹਰਿ ਮੈ, {ਸੰ: ਮਯ = ਜਿਸ ਲਫ਼ਜ਼ ਦੇ ਅਖ਼ੀਰ ਵਿਚ ਲਫ਼ਜ਼ 'ਮਯ' ਵਰਤਿਆ ਜਾਏ, ਉਸ ਦੇ ਅਰਬ ਵਿਚ 'ਬਹੁਲਤਾ' ਦਾ ਖ਼ਿਆਲ ਵਧਾਇਆ ਜਾਂਦਾ ਹੈ, ਜਿਵੇਂ ਦਇਆ ਮਯ = ਦਇਆ ਨਾਲ ਭਰਪੂਰ} ਲਹਰਾਂ ਨਾਲ ਭਰਪੂਰ। ਓਦਧਿ = {Skt. ਉਦਧਿ, उदधि} ਸਮੁੰਦਰ।੧।
ਮਾਧਵੇ = ਹੇ ਮਾਧੋ! (ਨੋਟ: ਲਫ਼ਜ਼ 'ਮਾਧੋ' ਭਗਤ ਰਵਿਦਾਸ ਜੀ ਦਾ ਖ਼ਾਸ ਪਿਆਰਾ ਲਫ਼ਜ਼ ਹੈ, ਬਹੁਤੀ ਵਾਰੀ ਪਰਮਾਤਮਾ ਵਾਸਤੇ ਇਹੀ ਲਫ਼ਜ਼ ਵਰਤਦੇ ਹਨ, ਸੰਸਕ੍ਰਿਤ ਧਾਰਮਿਕ ਪੁਸਤਕਾਂ ਵਿਚ ਇਹ ਨਾਮ ਕ੍ਰਿਸ਼ਨ ਜੀ ਦਾ ਹੈ। ਜੇ ਰਵਿਦਾਸ ਜੀ ਸ੍ਰੀ ਰਾਮ ਚੰਦ ਜੀ ਦੇ ਉਪਾਸ਼ਕ ਹੁੰਦੇ, ਤਾਂ ਇਹ ਲਫ਼ਜ਼ ਉਹ ਨਾਹ ਵਰਤਦੇ) । ਕਿਆ ਕਹੀਐ = ਕੀਹ ਆਖੀਏ? ਕਿਹਾ ਨਹੀਂ ਜਾ ਸਕਦਾ। ਭ੍ਰਮੁ = ਭੁਲੇਖਾ। ਮਾਨੀਐ = ਮੰਨਿਆ ਜਾ ਰਿਹਾ ਹੈ, ਖ਼ਿਆਲ ਬਣਾਇਆ ਹੋਇਆ ਹੈ।੧।ਰਹਾਉ।
ਨਰਪਿਤ = ਰਾਜਾ। ਸਿੰਘਾਸਨਿ = ਤਖ਼ਤ ਉੱਤੇ। ਭਿਖਾਰੀ = ਮੰਗਤਾ। ਅਛਤ = ਹੁੰਦਿਆਂ ਸੁੰਦਿਆਂ। ਗਤਿ = ਹਾਲਤ।੨।
ਰਾਜ = ਰੱਜੂ, ਰੱਸੀ। ਭੁਇਅੰਗ = ਸੱਪ। ਪ੍ਰਸੰਗ = ਵਾਰਤਾ, ਗੱਲ। ਮਰਮੁ = ਭੇਤ, ਰਾਜ਼। ਕਟਕ = ਕੜੇ। ਕਹਤੇ = ਆਖਦਿਆਂ।੩।
ਸਰਬੇ = ਸਾਰਿਆਂ ਵਿਚ। ਅਨੇਕੈ = ਅਨੇਕ = ਰੂਪ ਹੋ ਕੇ। ਭਗਵੈ = {ਨੋਟ: ਅੱਖਰ 'ਭ' ਦੇ ਨਾਲ ਦੋ ਲਗਾਂ ਹਨ (ੋ) ਤੇ (ੁ) । ਅਸਲ ਲਫ਼ਜ਼ ਹੈ 'ਭੋਗਵੈ' ਪਰ ਇਥੇ ਪੜ੍ਹਨਾ ਹੈ 'ਭੁਗਵੈ'} ਭੋਗ ਰਿਹਾ ਹੈ, ਮੌਜੂਦ ਹੈ। ਪੈ = ਤੋਂ। ਸਹਜੇ = ਸੁਤੇ ਹੀ, ਉਸ ਦੀ ਰਜ਼ਾ ਵਿਚ।੪।
ਅਰਥ: (ਹੇ ਮਾਧੋ!) ਜਿਤਨਾ ਚਿਰ ਅਸਾਂ ਜੀਵਾਂ ਦੇ ਅੰਦਰ ਹਉਮੈ ਰਹਿੰਦੀ ਹੈ, ਉਤਨਾ ਚਿਰ ਤੂੰ (ਅਸਾਡੇ ਅੰਦਰ) ਪਰਗਟ ਨਹੀਂ ਹੁੰਦਾ, ਪਰ ਜਦੋਂ ਤੂੰ ਪ੍ਰਤੱਖ ਹੁੰਦਾ ਹੈਂ ਤਦੋਂ ਅਸਾਡੀ 'ਮੈਂ' ਦੂਰ ਹੋ ਜਾਂਦੀ ਹੈ; (ਇਸ 'ਮੈਂ' ਦੇ ਹਟਣ ਨਾਲ ਇਹ ਸਮਝ ਆ ਜਾਂਦੀ ਹੈ ਕਿ) ਜਿਵੇਂ ਬੜਾ ਤੂਫ਼ਾਨ ਆਇਆਂ ਸਮੁੰਦਰ ਲਹਿਰਾਂ ਨਾਲ ਨਕਾ-ਨਕ ਭਰ ਜਾਂਦਾ ਹੈ, ਪਰ ਅਸਲ ਵਿਚ ਉਹ (ਲਹਿਰਾਂ ਸਮੁੰਦਰ ਦੇ) ਪਾਣੀ ਵਿਚ ਪਾਣੀ ਹੀ ਹੈ (ਤਿਵੇਂ ਇਹ ਸਾਰੇ ਜੀਆ ਜੰਤ ਤੇਰਾ ਆਪਣਾ ਹੀ ਵਿਕਾਸ ਹੈ) ।੧।
ਹੇ ਮਾਧੋ! ਅਸਾਂ ਜੀਵਾਂ ਨੂੰ ਕੁਝ ਅਜਿਹਾ ਭੁਲੇਖਾ ਪਿਆ ਹੋਇਆ ਹੈ ਕਿ ਇਹ ਬਿਆਨ ਨਹੀਂ ਕੀਤਾ ਜਾ ਸਕਦਾ। ਅਸੀ ਜੋ ਮੰਨੀ ਬੈਠੇ ਹਾਂ (ਕਿ ਜਗਤ ਤੇਰੇ ਨਾਲੋਂ ਕੋਈ ਵੱਖਰੀ ਹਸਤੀ ਹੈ) , ਉਹ ਠੀਕ ਨਹੀਂ ਹੈ।੧।ਰਹਾਉ।
(ਜਿਵੇਂ) ਕੋਈ ਰਾਜਾ ਆਪਣੇ ਤਖ਼ਤ ਉਤੇ ਸੌਂ ਜਾਏ, ਤੇ, ਸੁਫ਼ਨੇ ਵਿਚ ਮੰਗਤਾ ਬਣ ਜਾਏ, ਰਾਜ ਹੁੰਦਿਆਂ ਸੁੰਦਿਆਂ ਉਹ (ਸੁਪਨੇ ਵਿਚ ਰਾਜ ਤੋਂ) ਵਿਛੜ ਕੇ ਦੁੱਖੀ ਹੁੰਦਾ ਹੈ, ਤਿਵੇਂ ਹੀ (ਹੇ ਮਾਧੋ! ਤੈਥੋਂ ਵਿਛੁੜ ਕੇ) ਅਸਾਡਾ ਜੀਵਾਂ ਦਾ ਹਾਲ ਹੋ ਰਿਹਾ ਹੈ।੨।
ਜਿਵੇਂ ਰੱਸੀ ਤੇ ਸੱਪ ਦਾ ਦ੍ਰਿਸ਼ਟਾਂਤ ਹੈ, ਜਿਵੇਂ (ਸੋਨੇ ਤੋਂ ਬਣੇ ਹੋਏ) ਅਨੇਕਾਂ ਕੜੇ ਵੇਖ ਕੇ ਭੁਲੇਖਾ ਪੈ ਜਾਏ (ਕਿ ਸੋਨਾ ਹੀ ਕਈ ਕਿਸਮ ਦਾ ਹੁੰਦਾ ਹੈ, ਤਿਵੇਂ ਅਸਾਨੂੰ ਭੁਲੇਖਾ ਬਣਿਆ ਪਿਆ ਹੈ ਕਿ ਇਹ ਜਗਤ ਤੈਥੋਂ ਵੱਖਰਾ ਹੈ) , ਪਰ ਤੂੰ ਮੈਨੂੰ ਹੁਣ ਕੁਝ ਕੁਝ ਭੇਤ ਜਣਾ ਦਿੱਤਾ ਹੈ। ਹੁਣ ਉਹ ਪੁਰਾਣੀ ਵਿਤਕਰੇ ਵਾਲੀ ਗੱਲ ਮੈਥੋਂ ਆਖੀ ਨਹੀਂ ਜਾਂਦੀ (ਭਾਵ, ਹੁਣ ਮੈਂ ਇਹ ਨਹੀਂ ਆਖਦਾ ਕਿ ਜਗਤ ਤੈਥੋਂ ਵੱਖਰੀ ਹਸਤੀ ਹੈ) ।੩।
(ਹੁਣ ਤਾਂ) ਰਵਿਦਾਸ ਆਖਦਾ ਹੈ ਕਿ ਉਹ ਪ੍ਰਭੂ-ਖਸਮ ਅਨੇਕਾਂ ਰੂਪ ਬਣਾ ਕੇ ਸਾਰਿਆਂ ਵਿਚ ਇੱਕ ਆਪ ਹੀ ਹੈ, ਸਭ ਘਟਾਂ ਵਿਚ ਆਪ ਹੀ ਬੈਠਾ ਜਗਤ ਦੇ ਰੰਗ ਮਾਣ ਰਿਹਾ ਹੈ। (ਦੂਰ ਨਹੀਂ) ਮੇਰੇ ਹੱਥ ਤੋਂ ਭੀ ਨੇੜੇ ਹੈ, ਜੋ ਕੁਝ (ਜਗਤ ਵਿਚ) ਵਰਤ ਰਿਹਾ ਹੈ, ਉਸੇ ਦੀ ਰਜ਼ਾ ਵਿਚ ਹੋ ਰਿਹਾ ਹੈ।੪।੧।
ਸ਼ਬਦ ਦਾ ਭਾਵ: ਪਰਮਾਤਮਾ ਸਰਬ-ਵਿਆਪਕ ਹੈ। ਪਰ ਜੀਵ ਆਪਣੀ 'ਹਉਂ' ਦੇ ਘੇਰੇ ਵਿਚ ਰਹਿ ਕੇ ਜਗਤ ਨੂੰ ਉਸ ਤੋਂ ਵੱਖਰੀ ਹਸਤੀ ਸਮਝਦਾ ਹੈ। ਜਿਤਨਾ ਚਿਰ 'ਹਉਂ' ਹੈ, ਉਤਨਾ ਚਿਰ ਵਿਤਕਰੇ ਹਨ।
ਸਲੋਕ ਮਃ ੩ ॥ ਬਿਨੁ ਸਤਿਗੁਰ ਸੇਵੇ ਜੀਅ ਕੇ ਬੰਧਨਾ ਵਿਚਿ ਹਉਮੈ ਕਰਮ ਕਮਾਹਿ ॥ ਬਿਨੁ ਸਤਿਗੁਰ ਸੇਵੇ ਠਉਰ ਨ ਪਾਵਹੀ ਮਰਿ ਜੰਮਹਿ ਆਵਹਿ ਜਾਹਿ ॥ ਬਿਨੁ ਸਤਿਗੁਰ ਸੇਵੇ ਫਿਕਾ ਬੋਲਣਾ ਨਾਮੁ ਨ ਵਸੈ ਮਨ ਮਾਹਿ ॥ ਨਾਨਕ ਬਿਨੁ ਸਤਿਗੁਰ ਸੇਵੇ ਜਮ ਪੁਰਿ ਬਧੇ ਮਾਰੀਅਨਿ ਮੁਹਿ ਕਾਲੈ ਉਠਿ ਜਾਹਿ ॥੧॥ {ਪੰਨਾ 589}
ਪਦਅਰਥ: ਠਉਰ = ਟਿਕਾਣਾ, ਇਸਥਿਤੀ, ਭਟਕਣ ਤੋਂ ਖ਼ਲਾਸੀ। ਮੁਹਿ ਕਾਲੈ = ਕਾਲੇ ਮੂੰਹ ਨਾਲ, ਮੁਕਾਲਖ ਖੱਟ ਕੇ।
ਅਰਥ: ਮਨੁੱਖ ਸਤਿਗੁਰੂ ਦੀ ਸੇਵਾ ਤੋਂ ਖੁੰਝ ਕੇ ਅਹੰਕਾਰ ਦੇ ਆਸਰੇ ਕਰਮ ਕਰਦੇ ਹਨ, ਪਰ ਉਹ ਕਰਮ ਉਹਨਾਂ ਦੇ ਆਤਮਾ ਲਈ ਬੰਧਨ ਹੋ ਜਾਂਦੇ ਹਨ, ਸਤਿਗੁਰੂ ਦੀ ਦੱਸੀ ਕਾਰ ਨਾ ਕਰਨ ਕਰ ਕੇ ਉਹਨਾਂ ਨੂੰ ਕਿਤੇ ਥਾ ਨਹੀਂ ਮਿਲਦੀ, ਉਹ ਮਰਦੇ ਹਨ (ਫੇਰ) ਜੰਮਦੇ ਹਨ, (ਸੰਸਾਰ ਵਿਚ) ਆਉਂਦੇ ਹਨ, (ਫੇਰ) ਜਾਂਦੇ ਹਨ; ਸਤਿਗੁਰੂ ਦੀ ਦੱਸੀ ਸੇਵਾ ਤੋਂ ਵਾਂਜੇ ਰਹਿ ਕੇ ਉਹਨਾਂ ਦੇ ਬੋਲ ਭੀ ਫਿੱਕੇ ਹੁੰਦੇ ਹਨ ਤੇ 'ਨਾਮ' ਉਹਨਾਂ ਦੇ ਮਨ ਵਿਚ ਵੱਸਦਾ ਨਹੀਂ। ਹੇ ਨਾਨਕ! ਸਤਿਗੁਰੂ ਦੀ ਸੇਵਾ ਤੋਂ ਬਿਨਾ ਕਾਲੇ-ਮੂੰਹ (ਸੰਸਾਰ ਤੋਂ) ਤੁਰ ਜਾਂਦੇ ਹਨ ਤੇ ਜਮਪੁਰੀ ਵਿਚ ਬੱਧੇ ਹੋਏ ਮਾਰ ਖਾਂਦੇ ਹਨ (ਭਾਵ, ਇਸ ਲੋਕ ਵਿਚ ਮੁਕਾਲਖ ਖੱਟਦੇ ਹਨ ਤੇ ਅਗਾਂਹ ਭੀ ਦੁਖੀ ਹੁੰਦੇ ਹਨ) ।੧।
ਮਹਲਾ ੧ ॥ ਜਾਲਉ ਐਸੀ ਰੀਤਿ ਜਿਤੁ ਮੈ ਪਿਆਰਾ ਵੀਸਰੈ ॥ ਨਾਨਕ ਸਾਈ ਭਲੀ ਪਰੀਤਿ ਜਿਤੁ ਸਾਹਿਬ ਸੇਤੀ ਪਤਿ ਰਹੈ ॥੨॥ {ਪੰਨਾ 590}
ਪਦਅਰਥ: ਜਾਲਉ = ਮੈਂ ਸਾੜ ਦਿਆਂ। ਮੈ = ਮੈਨੂੰ। ਜਿਤੁ = ਜਿਸ ਦੀ ਰਾਹੀਂ।
ਅਰਥ: ਮੈਂ ਇਹੋ ਜਿਹੀ ਰੀਤ ਨੂੰ ਸਾੜ ਦਿਆਂ ਜਿਸ ਕਰਕੇ ਪਿਆਰਾ ਪ੍ਰਭੂ ਮੈਨੂੰ ਵਿਸਰ ਜਾਏ, ਹੇ ਨਾਨਕ! ਪ੍ਰੇਮ ਉਹੋ ਹੀ ਚੰਗਾ ਹੈ ਜਿਸ ਦੀ ਰਾਹੀਂ ਖਸਮ ਨਾਲ ਇੱਜ਼ਤ ਬਣੀ ਰਹੇ।੨।
ਪਉੜੀ ॥ ਹਰਿ ਇਕੋ ਦਾਤਾ ਸੇਵੀਐ ਹਰਿ ਇਕੁ ਧਿਆਈਐ ॥ ਹਰਿ ਇਕੋ ਦਾਤਾ ਮੰਗੀਐ ਮਨ ਚਿੰਦਿਆ ਪਾਈਐ ॥ ਜੇ ਦੂਜੇ ਪਾਸਹੁ ਮੰਗੀਐ ਤਾ ਲਾਜ ਮਰਾਈਐ ॥ ਜਿਨਿ ਸੇਵਿਆ ਤਿਨਿ ਫਲੁ ਪਾਇਆ ਤਿਸੁ ਜਨ ਕੀ ਸਭ ਭੁਖ ਗਵਾਈਐ ॥ {ਪੰਨਾ 590}
ਪਦਅਰਥ: ਭੁਖ = ਤ੍ਰਿਸ਼ਨਾ।
ਅਰਥ: ਇਕੋ ਦਾਤਾਰ ਕਰਤਾਰ ਦੀ ਸੇਵਾ ਕਰਨੀ ਚਾਹੀਦੀ ਹੈ, ਇਕੋ ਪਰਮਾਤਮਾ ਨੂੰ ਹੀ ਸਿਮਰਨਾ ਚਾਹੀਦਾ ਹੈ; ਇਕੋ ਹਰੀ ਦਾਤਾਰ ਕੋਲੋਂ ਹੀ ਦਾਨ ਮੰਗਣਾ ਚਾਹੀਦਾ ਹੈ, ਜਿਸ ਪਾਸੋਂ ਮਨ-ਮੰਗੀ ਮੁਰਾਦ ਮਿਲ ਜਾਏ; ਜੇ ਕਿਸੇ ਹੋਰ ਕੋਲੋਂ ਮੰਗੀਏ ਤਾਂ ਸ਼ਰਮ ਨਾਲ ਮਰ ਜਾਈਏ (ਭਾਵ, ਕਿਸੇ ਹੋਰ ਪਾਸੋਂ ਮੰਗਣ ਨਾਲੋਂ ਸ਼ਰਮ ਨਾਲ ਮਰ ਜਾਣਾ ਚੰਗਾ ਹੈ) । ਜਿਸ ਭੀ ਮਨੁੱਖ ਨੇ ਹਰੀ ਨੂੰ ਸੇਵਿਆ ਹੈ ਉਸੇ ਨੇ ਫਲ ਪਾ ਲਿਆ ਹੈ, ਉਸ ਮਨੁੱਖ ਦੀ ਸਾਰੀ ਤ੍ਰਿਸ਼ਨਾ ਦੂਰ ਹੋ ਗਈ ਹੈ।
ਨਾਨਕੁ ਤਿਨ ਵਿਟਹੁ ਵਾਰਿਆ ਜਿਨ ਅਨਦਿਨੁ ਹਿਰਦੈ ਹਰਿ ਨਾਮੁ ਧਿਆਈਐ ॥੧੦॥ {ਪੰਨਾ 590}
ਅਰਥ: ਨਾਨਕ ਸਦਕੇ ਹੈ ਉਹਨਾਂ ਮਨੁੱਖਾਂ ਤੋਂ, ਜੋ ਹਰ ਵੇਲੇ ਹਿਰਦੇ ਵਿਚ ਪ੍ਰਭੂ ਦਾ ਨਾਮ ਸਿਮਰਦੇ ਹਨ।੧੦।
*┈┉┅━❀꧁ੴ꧂❀━┅┉┈*

ਸੂਹੀ ਮਹਲਾ ੫ ॥ ਜਿਸ ਕੇ ਸਿਰ ਊਪਰਿ ਤੂੰ ਸੁਆਮੀ ਸੋ ਦੁਖੁ ਕੈਸਾ ਪਾਵੈ ॥ ਬੋਲਿ ਨ ਜਾਣੈ ਮਾਇਆ ਮਦਿ ਮਾਤਾ ਮਰਣਾ ਚੀਤਿ ਨ ਆਵੈ ॥੧॥ ਮੇਰੇ ਰਾਮ ਰਾਇ ਤੂੰ ਸੰਤਾ ਕਾ ਸੰਤ ਤੇਰੇ ॥ ਤੇਰੇ ਸੇਵਕ ਕਉ ਭਉ ਕਿਛੁ ਨਾਹੀ ਜਮੁ ਨਹੀ ਆਵੈ ਨੇਰੇ ॥੧॥ ਰਹਾਉ ॥ ਜੋ ਤੇਰੈ ਰੰਗਿ ਰਾਤੇ ਸੁਆਮੀ ਤਿਨ੍ਹ੍ਹ ਕਾ ਜਨਮ ਮਰਣ ਦੁਖੁ ਨਾਸਾ ॥ ਤੇਰੀ ਬਖਸ ਨ ਮੇਟੈ ਕੋਈ ਸਤਿਗੁਰ ਕਾ ਦਿਲਾਸਾ ॥੨॥ ਨਾਮੁ ਧਿਆਇਨਿ ਸੁਖ ਫਲ ਪਾਇਨਿ ਆਠ ਪਹਰ ਆਰਾਧਹਿ ॥ ਤੇਰੀ ਸਰਣਿ ਤੇਰੈ ਭਰਵਾਸੈ ਪੰਚ ਦੁਸਟ ਲੈ ਸਾਧਹਿ ॥੩॥ ਗਿਆਨੁ ਧਿਆਨੁ ਕਿਛੁ ਕਰਮੁ ਨ ਜਾਣਾ ਸਾਰ ਨ ਜਾਣਾ ਤੇਰੀ ॥ ਸਭ ਤੇ ਵਡਾ ਸਤਿਗੁਰੁ ਨਾਨਕੁ ਜਿਨਿ ਕਲ ਰਾਖੀ ਮੇਰੀ ॥੪॥੧੦॥੫੭॥ {ਪੰਨਾ 749-750}
ਪਦਅਰਥ: ਜਿਸ ਕੇ = {ਲਫ਼ਜ਼ 'ਜਿਸ' ਦਾ ੁ ਸੰਬੰਧਕ 'ਕੇ' ਦੇ ਕਾਰਨ ਉੱਡ ਗਿਆ ਹੈ}। ਸੁਆਮੀ = ਹੇ ਸੁਆਮੀ! ਬੋਲਿ ਨ ਜਾਣੈ = ਬੋਲਣ ਨਹੀਂ ਜਾਣਦਾ। ਮਦਿ = ਅਹੰਕਾਰ ਵਿਚ। ਮਾਤਾ = ਮਸਤ। ਮਰਣਾ = ਮੌਤ, ਮੌਤ ਦਾ ਸਹਿਮ। ਚੀਤਿ = ਚਿੱਤ ਵਿਚ।੧।
ਰਾਮਰਾਇ = ਹੇ ਪ੍ਰਭੂ = ਪਾਤਿਸ਼ਾਹ! ਕਉ = ਨੂੰ। ਨੇਰੇ = ਨੇੜੇ।੧।ਰਹਾਉ।
ਤੇਰੈ ਰੰਗਿ = ਤੇਰੇ ਪ੍ਰੇਮ ਵਿਚ। ਰਾਤੇ = ਰੰਗੇ ਹੋਏ। ਨਾਸਾ = ਦੂਰ ਹੋ ਜਾਂਦਾ ਹੈ। ਬਖਸ = ਬਖ਼ਸ਼ਸ਼। ਦਿਲਾਸਾ = ਭਰੋਸਾ, ਤਸੱਲੀ।੨।
ਧਿਆਇਨਿ = ਧਿਆਉਂਦੇ ਹਨ। ਪਾਇਨਿ = ਪਾਂਦੇ ਹਨ। ਆਰਾਧਹਿ = ਆਰਾਧਦੇ ਹਨ। ਭਰਵਾਸੇ = ਆਸਰੇ ਨਾਲ। ਪੰਚ ਦੁਸਟ = ਕਾਮਾਦਿਕ ਪੰਚ ਵੈਰੀ। ਲੈ = ਫੜ ਕੇ। ਸਾਧਹਿ = ਵੱਸ ਵਿਚ ਕਰ ਲੈਂਦੇ ਹਨ।੩।
ਗਿਆਨੁ = ਆਤਮਕ ਜੀਵਨ ਦੀ ਸੂਝ। ਧਿਆਨੁ = ਸੁਰਤਿ ਜੋੜਨ ਦੀ ਜਾਚ। ਨ ਜਾਣਾ = ਨ ਜਾਣਾਂ, ਨਹੀਂ ਸਾਂ ਜਾਣਦਾ। ਸਾਰ = ਕਦਰ। ਜਿਨਿ = ਜਿਸ (ਗੁਰੂ) ਨੇ। ਕਰ = ਇੱਜਤ, ਲਾਜ।੪।
ਅਰਥ: ਹੇ ਮੇਰੇ ਪ੍ਰਭੂ-ਪਾਤਿਸ਼ਾਹ! ਤੂੰ (ਆਪਣੇ) ਸੰਤਾਂ ਦਾ (ਰਾਖਾ) ਹੈਂ, (ਤੇਰੇ) ਸੰਤ ਤੇਰੇ (ਆਸਰੇ ਰਹਿੰਦੇ ਹਨ) । ਹੇ ਪ੍ਰਭੂ! ਤੇਰੇ ਸੇਵਕ ਨੂੰ ਕੋਈ ਡਰ ਪੋਹ ਨਹੀਂ ਸਕਦਾ, ਮੌਤ ਦਾ ਡਰ ਉਸ ਦੇ ਨੇੜੇ ਨਹੀਂ ਢੁਕਦਾ।੧।ਰਹਾਉ।
ਹੇ ਮੇਰੇ ਮਾਲਕ ਪ੍ਰਭੂ! ਜਿਸ ਮਨੁੱਖ ਦੇ ਸਿਰ ਉੱਤੇ ਤੂੰ (ਹੱਥ ਰੱਖੇਂ) ਉਸ ਨੂੰ ਕੋਈ ਦੁੱਖ ਨਹੀਂ ਵਿਆਪਦਾ। ਉਹ ਮਨੁੱਖ ਮਾਇਆ ਦੇ ਨਸ਼ੇ ਵਿਚ ਮਸਤ ਹੋ ਕੇ ਤਾਂ ਬੋਲਣਾ ਹੀ ਨਹੀਂ ਜਾਣਦਾ, ਮੌਤ ਦਾ ਸਹਿਮ ਭੀ ਉਸ ਦੇ ਚਿੱਤ ਵਿਚ ਨਹੀਂ ਪੈਦਾ ਹੁੰਦਾ।੧।
ਹੇ ਮੇਰੇ ਮਾਲਕ! ਜੇਹੜੇ ਮਨੁੱਖ ਤੇਰੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ, ਉਹਨਾਂ ਦਾ ਜੰਮਣ ਮਰਨ (ਦੇ ਗੇੜ) ਦਾ ਦੁੱਖ ਦੂਰ ਹੋ ਜਾਂਦਾ ਹੈ, ਉਹਨਾਂ ਨੂੰ ਗੁਰੂ ਦਾ (ਦਿੱਤਾ ਹੋਇਆ ਇਹ) ਭਰੋਸਾ (ਚੇਤੇ ਰਹਿੰਦਾ ਹੈ ਕਿ ਉਹਨਾਂ ਉਤੇ ਹੋਈ) ਤੇਰੀ ਬਖ਼ਸ਼ਸ਼ ਨੂੰ ਕੋਈ ਮਿਟਾ ਨਹੀਂ ਸਕਦਾ।੨।
ਹੇ ਪ੍ਰਭੂ! ਤੇਰੇ ਸੰਤ ਤੇਰਾ) ਨਾਮ ਸਿਮਰਦੇ ਰਹਿੰਦੇ ਹਨ, ਆਤਮਕ ਆਨੰਦ ਮਾਣਦੇ ਰਹਿੰਦੇ ਹਨ, ਅੱਠੇ ਪਹਰ ਤੇਰਾ ਆਰਾਧਨ ਕਰਦੇ ਹਨ। ਤੇਰੀ ਸਰਨ ਵਿਚ ਆ ਕੇ, ਤੇਰੇ ਆਸਰੇ ਰਹਿ ਕੇ ਉਹ (ਕਾਮਾਦਿਕ) ਪੰਜੇ ਵੈਰੀਆਂ ਨੂੰ ਫੜ ਕੇ ਵੱਸ ਵਿਚ ਕਰ ਲੈਂਦੇ ਹਨ।੩।
ਹੇ ਮੇਰੇ ਮਾਲਕ-ਪ੍ਰਭੂ! ਮੈਂ (ਭੀ) ਤੇਰੇ (ਬਖ਼ਸ਼ਸ਼ ਦੀ) ਕਦਰ ਨਹੀਂ ਸਾਂ ਜਾਣਦਾ, ਮੈਨੂੰ ਆਤਮਕ ਜੀਵਨ ਦੀ ਸੂਝ ਨਹੀਂ ਸੀ, ਤੇਰੇ ਚਰਨਾਂ ਵਿਚ ਸੁਰਤਿ ਟਿਕਾਣੀ ਭੀ ਨਹੀਂ ਜਾਣਦਾ ਸਾਂ, ਕਿਸੇ ਹੋਰ ਧਾਰਮਿਕ ਕੰਮ ਦੀ ਭੀ ਮੈਨੂੰ ਸੂਝ ਨਹੀਂ ਸੀ। ਪਰ (ਤੇਰੀ ਮੇਹਰ ਨਾਲ) ਮੈਨੂੰ ਸਭ ਤੋਂ ਵੱਡਾ ਗੁਰੂ ਨਾਨਕ ਮਿਲ ਪਿਆ, ਜਿਸ ਨੇ ਮੇਰੀ ਲਾਜ ਰੱਖ ਲਈ (ਤੇ ਮੈਨੂੰ ਤੇਰੇ ਚਰਨਾਂ ਵਿਚ ਜੋੜ ਦਿੱਤਾ) ।੪।੧੦।੫੭।
*┈┉┅━❀꧁ੴ꧂❀━┅┉┈*
ਸੋਰਠਿ ਮਹਲਾ ੯ ॥ ਜੋ ਨਰੁ ਦੁਖ ਮੈ ਦੁਖੁ ਨਹੀ ਮਾਨੈ ॥ ਸੁਖ ਸਨੇਹੁ ਅਰੁ ਭੈ ਨਹੀ ਜਾ ਕੈ ਕੰਚਨ ਮਾਟੀ ਮਾਨੈ ॥੧॥ ਰਹਾਉ ॥ ਨਹ ਨਿੰਦਿਆ ਨਹ ਉਸਤਤਿ ਜਾ ਕੈ ਲੋਭੁ ਮੋਹੁ ਅਭਿਮਾਨਾ ॥ ਹਰਖ ਸੋਗ ਤੇ ਰਹੈ ਨਿਆਰਉ ਨਾਹਿ ਮਾਨ ਅਪਮਾਨਾ ॥੧॥ ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੈ ਨਿਰਾਸਾ ॥ ਕਾਮੁ ਕ੍ਰੋਧੁ ਜਿਹ ਪਰਸੈ ਨਾਹਨਿ ਤਿਹ ਘਟਿ ਬ੍ਰਹਮੁ ਨਿਵਾਸਾ ॥੨॥ ਗੁਰ ਕਿਰਪਾ ਜਿਹ ਨਰ ਕਉ ਕੀਨੀ ਤਿਹ ਇਹ ਜੁਗਤਿ ਪਛਾਨੀ ॥ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗਿ ਪਾਨੀ ॥੩॥੧੧॥ {ਪੰਨਾ 633}
ਪਦਅਰਥ: ਦੁਖ ਮੈ = ਦੁੱਖਾਂ ਵਿਚ (ਘਿਰਿਆ ਹੋਇਆ ਭੀ) । ਨਹੀ ਮਾਨੈ = ਨਹੀਂ ਪ੍ਰਤੀਤ ਕਰਦਾ, ਨਹੀਂ ਘਬਰਾਂਦਾ। ਸੁਖ ਸਨੇਹੁ = ਸੁਖਾਂ ਦਾ ਮੋਹ। ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ}। ਜਾ ਕੈ = ਜਿਸ ਦੇ ਮਨ ਵਿਚ। ਕੰਚਨ = ਸੋਨਾ।੧।ਰਹਾਉ।
ਨਿੰਦਿਆ = ਚੁਗ਼ਲੀ = ਬੁਰਾਈ। ਉਸਤਤਿ = ਖ਼ੁਸ਼ਾਮਦ। ਹਰਖ ਸੋਗ ਤੇ = ਖ਼ੁਸ਼ੀ ਗ਼ਮੀ ਤੋਂ। ਮਾਨ = ਆਦਰ। ਅਪਮਾਨਾ = ਨਿਰਾਦਰੀ।੧।
ਮਨਸਾ = {मनीषा} ਮਨੋਕਾਮਨਾ। ਤੇ = ਤੋਂ। ਪਰਸੈ = ਛੁੰਹਦਾ। ਤਿਹ ਘਟਿ = ਉਸ ਦੇ ਹਿਰਦੇ ਵਿਚ। ਬ੍ਰਹਮੁ ਨਿਵਾਸਾ = ਪਰਮਾਤਮਾ ਦਾ ਨਿਵਾਸ।੨।
ਗੁਰ = ਗੁਰੂ ਨੇ। ਜਿਹ ਨਰ ਕਉ = ਜਿਸ ਮਨੁੱਖ ਉਤੇ। ਤਿਹ = ਉਸ ਨੇ। ਸਿਉ = ਨਾਲ, ਵਿਚ। ਸੰਗਿ = ਨਾਲ।੩।
ਅਰਥ: ਹੇ ਭਾਈ! ਜੇਹੜਾ ਮਨੁੱਖ ਦੁੱਖਾਂ ਵਿਚ ਘਬਰਾਂਦਾ ਨਹੀਂ, ਜਿਸ ਮਨੁੱਖ ਦੇ ਹਿਰਦੇ ਵਿਚ ਸੁਖਾਂ ਨਾਲ ਮੋਹ ਨਹੀਂ, ਅਤੇ (ਕਿਸੇ ਕਿਸਮ ਦੇ) ਡਰ ਨਹੀਂ, ਜੇਹੜਾ ਮਨੁੱਖ ਸੋਨੇ ਨੂੰ ਮਿੱਟੀ (ਸਮਾਨ) ਸਮਝਦਾ ਹੈ (ਉਸ ਦੇ ਅੰਦਰ ਪਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ) ।੧।ਰਹਾਉ।
ਹੇ ਭਾਈ! ਜਿਸ ਮਨੁੱਖ ਦੇ ਅੰਦਰ ਕਿਸੇ ਦੀ ਚੁਗ਼ਲੀ-ਬੁਰਾਈ ਨਹੀਂ, ਕਿਸੇ ਦੀ ਖ਼ੁਸ਼ਾਮਦ ਨਹੀਂ, ਜਿਸ ਦੇ ਅੰਦਰ ਨਾਹ ਲੋਭ ਹੈ, ਨਾਹ ਮੋਹ ਹੈ, ਨਾਹ ਅਹੰਕਾਰ ਹੈ; ਜੇਹੜਾ ਮਨੁੱਖ ਖ਼ੁਸ਼ੀ ਤੇ ਗ਼ਮੀ ਤੋਂ ਨਿਰਲੇਪ ਰਹਿੰਦਾ ਹੈ, ਜਿਸ ਨੂੰ ਨਾਹ ਆਦਰ ਪੋਹ ਸਕਦਾ ਹੈ ਨਾਹ ਨਿਰਾਦਰੀ (ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ) ।੧।
ਹੇ ਭਾਈ! ਜੇਹੜਾ ਮਨੁੱਖਾਂ ਆਸਾਂ ਉਮੈਦਾਂ ਸਭ ਤਿਆਗ ਦੇਂਦਾ ਹੈ, ਜਗਤ ਤੋਂ ਨਿਰਮੋਹ ਰਹਿੰਦਾ ਹੈ, ਜਿਸ ਮਨੁੱਖ ਨੂੰ ਨਾਹ ਕਾਮ-ਵਾਸਨਾ ਛੋਹ ਸਕਦੀ ਹੈ ਨਾਹ ਕ੍ਰੋਧ ਛੋਹ ਸਕਦਾ ਹੈ, ਉਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ।੨।
(ਪਰ) ਹੇ ਨਾਨਕ! ਆਖ-) ਜਿਸ ਮਨੁੱਖ ਉੱਤੇ ਗੁਰੂ ਨੇ ਮੇਹਰ ਕੀਤੀ ਉਸ ਨੇ (ਹੀ ਜੀਵਨ ਦੀ) ਇਹ ਜਾਚ ਸਮਝੀ ਹੈ। ਉਹ ਮਨੁੱਖ ਪਰਮਾਤਮਾ ਨਾਲ ਇਉਂ ਇਕ-ਮਿਕ ਹੋ ਜਾਂਦਾ ਹੈ, ਜਿਵੇਂ ਪਾਣੀ ਨਾਲ ਪਾਣੀ ਮਿਲ ਜਾਂਦਾ ਹੈ।੩।੧੧।
ਜੈਤਸਰੀ ਮਹਲਾ ੫ ਵਾਰ ਸਲੋਕਾ ਨਾਲਿ ੴ ਸਤਿਗੁਰ ਪ੍ਰਸਾਦਿ ॥ ਸਲੋਕ ॥ ਆਦਿ ਪੂਰਨ ਮਧਿ ਪੂਰਨ ਅੰਤਿ ਪੂਰਨ ਪਰਮੇਸੁਰਹ ॥ ਸਿਮਰੰਤਿ ਸੰਤ ਸਰਬਤ੍ਰ ਰਮਣੰ ਨਾਨਕ ਅਘਨਾਸਨ ਜਗਦੀਸੁਰਹ ॥੧॥ ਪੇਖਨ ਸੁਨਨ ਸੁਨਾਵਨੋ ਮਨ ਮਹਿ ਦ੍ਰਿੜੀਐ ਸਾਚੁ ॥ ਪੂਰਿ ਰਹਿਓ ਸਰਬਤ੍ਰ ਮੈ ਨਾਨਕ ਹਰਿ ਰੰਗਿ ਰਾਚੁ ॥੨॥ {ਪੰਨਾ 705-706}
ਪਦਅਰਥ: ਆਦਿ = ਜਗਤ ਦੇ ਸ਼ੁਰੂ ਤੋਂ। ਪੂਰਨ = ਸਭ ਥਾਂ ਮੌਜੂਦ। ਮਧਿ = ਵਿਚਕਾਰਲੇ ਸਮੇ। ਅੰਤਿ = ਜਗਤ ਦੇ ਮੁੱਕ ਜਾਣ ਤੇ। ਸਰਬਤ੍ਰ ਰਮਣੰ = ਹਰ ਥਾਂ ਵਿਆਪਕ ਪ੍ਰਭੂ ਨੂੰ। ਅਘ = ਪਾਪ। ਜਗਦੀਸੁਰਹ = (ਜਗਤ+ਈਸੁਰ) ਜਗਤ ਦਾ ਮਾਲਕ।੧।
ਪੇਖਨ = ਵੇਖਣ ਵਾਲਾ। ਦ੍ਰਿੜੀਐ = ਪੱਕੀ ਤਰ੍ਹਾਂ ਟਿਕਾ ਰੱਖੀਏ। ਸਾਚੁ = ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ। ਪੂਰਿ ਰਹਿਓ = ਮੌਜੂਦ ਹੈ। ਸਰਬਤ੍ਰ ਮੈ = ਹਰ ਥਾਂ ਵਿਆਪਕ। ਹਰਿ ਰੰਗਿ = ਹਰੀ ਦੇ ਪਿਆਰ ਵਿਚ। ਰਾਚੁ = ਇਕ ਇਕ ਹੋ ਜਾ, ਲੀਨ ਹੋ ਜਾ।੨।
ਅਰਥ: ਸੰਤ ਜਨ ਉਸ ਸਰਬ-ਵਿਆਪਕ ਪਰਮੇਸਰ ਨੂੰ ਸਿਮਰਦੇ ਹਨ ਜੋ ਜਗਤ ਦੇ ਸ਼ੁਰੂ ਤੋਂ ਹਰ ਥਾਂ ਮੌਜੂਦ ਹੈ, ਹੁਣ ਭੀ ਸਰਬ-ਵਿਆਪਕ ਹੈ ਤੇ ਅਖ਼ੀਰ ਵਿਚ ਭੀ ਹਰ ਥਾਂ ਹਾਜ਼ਰ ਨਾਜ਼ਰ ਰਹੇਗਾ। ਹੇ ਨਾਨਕ! ਉਹ ਜਗਤ ਦਾ ਮਾਲਕ ਪ੍ਰਭੂ ਸਭ ਪਾਪਾਂ ਦੇ ਨਾਸ ਕਰਨ ਵਾਲਾ ਹੈ।੧।
ਉਸ ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ ਮਨ ਵਿਚ ਚੰਗੀ ਤਰ੍ਹਾਂ ਧਾਰਨ ਕਰਨਾ ਚਾਹੀਦਾ ਹੈ ਜੋ (ਹਰ ਥਾਂ) ਆਪ ਹੀ ਵੇਖਣ ਵਾਲਾ ਹੈ, ਆਪ ਹੀ ਸੁਣਨ ਵਾਲਾ ਹੈ ਤੇ ਆਪ ਹੀ ਸੁਣਾਉਣ ਵਾਲਾ ਹੈ। ਹੇ ਨਾਨਕ! ਉਸ ਹਰੀ ਦੀ ਪਿਆਰੀ ਯਾਦ ਵਿਚ ਲੀਨ ਹੋ ਜਾ ਜੋ ਸਭ ਥਾਈਂ ਮੌਜੂਦ ਹੈ।੨।
ਪਉੜੀ ॥ ਹਰਿ ਏਕੁ ਨਿਰੰਜਨੁ ਗਾਈਐ ਸਭ ਅੰਤਰਿ ਸੋਈ ॥ ਕਰਣ ਕਾਰਣ ਸਮਰਥ ਪ੍ਰਭੁ ਜੋ ਕਰੇ ਸੁ ਹੋਈ ॥ ਖਿਨ ਮਹਿ ਥਾਪਿ ਉਥਾਪਦਾ ਤਿਸੁ ਬਿਨੁ ਨਹੀ ਕੋਈ ॥ ਖੰਡ ਬ੍ਰਹਮੰਡ ਪਾਤਾਲ ਦੀਪ ਰਵਿਆ ਸਭ ਲੋਈ ॥ ਜਿਸੁ ਆਪਿ ਬੁਝਾਏ ਸੋ ਬੁਝਸੀ ਨਿਰਮਲ ਜਨੁ ਸੋਈ ॥੧॥ {ਪੰਨਾ 706}
ਪਦਅਰਥ: ਨਿਰੰਜਨੁ = ਨਿਰ = ਅੰਜਨੁ {ਅੰਜਨੁ = ਕਾਲਖ, ਮਾਇਆ} ਮਾਇਆ ਤੋਂ ਨਿਰਲੇਪ। ਕਰਣ = ਰਚਿਆ ਹੋਇਆ ਜਗਤ। ਕਰਣ ਕਾਰਣ = ਸਾਰੇ ਜਗਤ ਦਾ ਮੂਲ। ਖਿਨੁ = ਪਲ, ਰਤਾ ਕੁ ਸਮਾ। ਥਾਪਿ = ਪੈਦਾ ਕਰ ਕੇ। ਉਥਾਪਦਾ = ਨਾਸ ਕਰ ਦੇਂਦਾ ਹੈ। ਖੰਡ = ਧਰਤੀ ਦੇ ਟੋਟੇ, ਵੱਡੇ ਵੱਡੇ ਦੇਸ। ਬ੍ਰਹਮੰਡ = ਸਾਰਾ ਜਗਤ। ਦੀਪ = ਜਜ਼ੀਰੇ। ਲੋਈ = ਜਗਤ, ਲੋਕ। ਨਿਰਮਲ = ਪਵਿਤ੍ਰ। ਸੁ = ਸੋ, ਉਹੀ।
ਅਰਥ: ਜੋ ਪ੍ਰਭੂ ਮਾਇਆ ਤੋਂ ਨਿਰਲੇਪ ਹੈ ਸਿਰਫ਼ ਉਸ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ, ਉਹੀ ਸਭ ਦੇ ਅੰਦਰ ਮੌਜੂਦ ਹੈ। ਉਹ ਪ੍ਰਭੂ ਸਾਰੇ ਜਗਤ ਦਾ ਮੂਲ ਹੈ, ਸਭ ਕਿਸਮ ਦੀ ਤਾਕਤ ਵਾਲਾ ਹੈ, (ਜਗਤ ਵਿਚ) ਉਹੀ ਕੁਝ ਹੁੰਦਾ ਹੈ ਜੋ ਉਹ ਪ੍ਰਭੂ ਕਰਦਾ ਹੈ। ਇਕ ਪਲਕ ਵਿਚ (ਜੀਵਾਂ ਨੂੰ) ਪੈਂਦਾ ਕਰ ਕੇ ਨਾਸ ਕਰ ਦੇਂਦਾ ਹੈ, ਉਸ ਤੋਂ ਬਿਨਾ (ਉਸ ਵਰਗਾ) ਹੋਰ ਕੋਈ ਨਹੀਂ ਹੈ। ਸਭ ਦੇਸਾਂ ਵਿਚ, ਸਾਰੇ ਬ੍ਰਹਮੰਡ ਵਿਚ, ਹੇਠਲੀ ਧਰਤੀ, ਜਜ਼ੀਰਿਆਂ ਵਿਚ, ਸਾਰੇ ਹੀ ਜਗਤ ਵਿਚ ਉਹ ਪ੍ਰਭੂ ਵਿਆਪਕ ਹੈ।
ਜਿਸ ਮਨੁੱਖ ਨੂੰ (ਇਹ) ਸਮਝ ਆਪ ਪ੍ਰਭੂ ਦੇਂਦਾ ਹੈ, ਉਸ ਨੂੰ ਸਮਝ ਪੈਂਦੀ ਹੈ ਤੇ ਉਹ ਮਨੁੱਖ ਪਵਿਤ੍ਰ ਹੋ ਜਾਂਦਾ ਹੈ।੧।
*┈┉┅━❀꧁ੴ꧂❀━┅┉┈*
ਟੋਡੀ ਮਹਲਾ ੫ ਘਰੁ ੫ ਦੁਪਦੇ ੴ ਸਤਿਗੁਰ ਪ੍ਰਸਾਦਿ ॥ ਐਸੋ ਗੁਨੁ ਮੇਰੋ ਪ੍ਰਭ ਜੀ ਕੀਨ ॥ ਪੰਚ ਦੋਖ ਅਰੁ ਅਹੰ ਰੋਗ ਇਹ ਤਨ ਤੇ ਸਗਲ ਦੂਰਿ ਕੀਨ ॥ ਰਹਾਉ ॥ ਬੰਧਨ ਤੋਰਿ ਛੋਰਿ ਬਿਖਿਆ ਤੇ ਗੁਰ ਕੋ ਸਬਦੁ ਮੇਰੈ ਹੀਅਰੈ ਦੀਨ ॥ ਰੂਪੁ ਅਨਰੂਪੁ ਮੋਰੋ ਕਛੁ ਨ ਬੀਚਾਰਿਓ ਪ੍ਰੇਮ ਗਹਿਓ ਮੋਹਿ ਹਰਿ ਰੰਗ ਭੀਨ ॥੧॥ ਪੇਖਿਓ ਲਾਲਨੁ ਪਾਟ ਬੀਚ ਖੋਏ ਅਨਦ ਚਿਤਾ ਹਰਖੇ ਪਤੀਨ ॥ ਤਿਸ ਹੀ ਕੋ ਗ੍ਰਿਹੁ ਸੋਈ ਪ੍ਰਭੁ ਨਾਨਕ ਸੋ ਠਾਕੁਰੁ ਤਿਸ ਹੀ ਕੋ ਧੀਨ ॥੨॥੧॥੨੦॥ {ਪੰਨਾ 716}
ਪਦਅਰਥ: ਗੁਨੁ = ਉਪਕਾਰ। ਪੰਚ ਦੋਖ = (ਕਾਮਾਦਿਕ) ਪੰਜੇ ਵਿਕਾਰ। ਅਰੁ = ਅਤੇ। ਅਹੰ ਰੋਗ = ਹਉਮੈ ਦਾ ਰੋਗ। ਤੇ = ਤੋਂ। ਸਗਲ = ਸਾਰੇ।ਰਹਾਉ।
ਬੰਧਨ = ਫਾਹੀਆਂ। ਤੋਰਿ = ਤੋੜ ਕੇ। ਛੋਰਿ = ਛੁਡਾ ਕੇ। ਬਿਖਿਆ ਤੇ = ਮਾਇਆ (ਦੇ ਮੋਹ) ਤੋਂ। ਕੋ = ਦਾ। ਮੇਰੈ ਹੀਅਰੈ = ਮੇਰੇ ਹਿਰਦੇ ਵਿਚ। ਰੂਪੁ = ਸੁਹਜ। ਅਨਰੂਪੁ = ਕੁਹਜ। ਗਹਿਓ = ਫੜ ਲਿਆ, ਬੰਨ੍ਹ ਦਿੱਤਾ। ਮੋਹਿ = ਮੈਨੂੰ। ਰੰਗਿ = ਪ੍ਰੇਮ = ਰੰਗ ਵਿਚ। ਭੀਨ = ਭਿਉਂ ਦਿੱਤਾ।੧।
ਲਾਲਨੁ = ਸੋਹਣਾ ਲਾਲ। ਪਾਟ ਬੀਚ = ਵਿਚਲੇ ਪਰਦੇ। ਖੋਏ = ਖੋਇ, ਦੂਰ ਕਰਕੇ। ਹਰਖੇ = ਖ਼ੁਸ਼ੀ ਵਿਚ। ਪਤੀਨ = ਪਤੀਜ ਗਿਆ। ਤਿਸ ਹੀ = {ਲਫ਼ਜ਼ 'ਤਿਸੁ' ਦਾ ੁ ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਿਆ ਹੈ}। ਗ੍ਰਿਹੁ = ਸਰੀਰ = ਘਰ। ਠਾਕੁਰੁ = ਮਾਲਕ। ਕੋ ਧੀਨ = ਕਾ ਅਧੀਨ, ਦਾ ਸੇਵਕ।੨।
ਅਰਥ: ਹੇ ਭਾਈ! ਮੇਰੇ ਪ੍ਰਭੂ ਜੀ ਨੇ (ਮੇਰੇ ਉੱਤੇ) ਇਹੋ ਜਿਹਾ ਉਪਕਾਰ ਕਰ ਦਿੱਤਾ ਹੈ, (ਕਿ) ਕਾਮਾਦਿਕ ਪੰਜੇ ਵਿਕਾਰ ਅਤੇ ਹਉਮੈ ਦਾ ਰੋਗ-ਇਹ ਸਾਰੇ ਉਸ ਨੇ ਮੇਰੇ ਸਰੀਰ ਵਿਚੋਂ ਕੱਢ ਦਿੱਤੇ ਹਨ।ਰਹਾਉ।
(ਹੇ ਭਾਈ! ਮੇਰੇ ਪ੍ਰਭੂ ਜੀ ਨੇ ਮੇਰੀਆਂ ਮਾਇਆ ਦੀਆਂ) ਫਾਹੀਆਂ ਤੋੜ ਕੇ (ਮੈਨੂੰ) ਮਾਇਆ (ਦੇ ਮੋਹ) ਤੋਂ ਛੁਡਾ ਕੇ ਗੁਰੂ ਦਾ ਸ਼ਬਦ ਮੇਰੇ ਹਿਰਦੇ ਵਿਚ ਵਸਾ ਦਿੱਤਾ ਹੈ। ਮੇਰਾ ਕੋਈ ਸੁਹਜ ਕੋਈ ਕੁਹਜ ਉਸ ਨੇ ਕੋਈ ਭੀ ਆਪਣੇ ਮਨ ਵਿਚ ਨਹੀਂ ਲਿਆਂਦਾ। ਮੈਨੂੰ ਉਸ ਨੇ ਆਪਣੇ ਪ੍ਰੇਮ ਨਾਲ ਬੰਨ੍ਹ ਦਿੱਤਾ ਹੈ। ਮੈਨੂੰ ਆਪਣੇ ਪਿਆਰ-ਰੰਗ ਵਿਚ ਭਿਉਂ ਦਿੱਤਾ ਹੈ।੧।
ਹੇ ਨਾਨਕ! ਆਖ-ਹੇ ਭਾਈ!) ਹੁਣ ਜਦੋਂ ਵਿਚਕਾਰਲੇ ਪਰਦੇ ਦੂਰ ਕਰ ਕੇ ਮੈਂ ਉਸ ਸੋਹਣੇ ਲਾਲ ਨੂੰ ਵੇਖਿਆ ਹੈ, ਤਾਂ ਮੇਰੇ ਚਿਤ ਵਿਚ ਆਨੰਦ ਪੈਦਾ ਹੋ ਗਿਆ ਹੈ, ਮੇਰਾ ਮਨ ਖ਼ੁਸ਼ੀ ਵਿਚ ਗਦ-ਗਦ ਹੋ ਉੱਠਿਆ ਹੈ। (ਹੁਣ ਮੇਰਾ ਇਹ ਸਰੀਰ) ਉਸੇ ਦਾ ਹੀ ਘਰ (ਬਣ ਗਿਆ ਹੈ) ਉਹੀ (ਇਸ ਘਰ ਦਾ) ਮਾਲਕ (ਬਣ ਗਿਆ ਹੈ) , ਉਸੇ ਦਾ ਹੀ ਮੈਂ ਸੇਵਕ ਬਣ ਗਿਆ ਹਾਂ।੨।੧।੨੦।
*┈┉┅━❀꧁ੴ꧂❀━┅┉┈*

ਸਲੋਕੁ ਮਃ ੩ ॥ ਮਨਹਠਿ ਕਿਨੈ ਨ ਪਾਇਓ ਸਭ ਥਕੇ ਕਰਮ ਕਮਾਇ ॥ ਮਨਹਠਿ ਭੇਖ ਕਰਿ ਭਰਮਦੇ ਦੁਖੁ ਪਾਇਆ ਦੂਜੈ ਭਾਇ ॥ {ਪੰਨਾ 593}
ਅਰਥ: ਕਿਸੇ ਮਨੁੱਖ ਨੇ ਮਨ ਦੇ ਹਠ ਨਾਲ ਰੱਬ ਨੂੰ ਨਹੀਂ ਲੱਭਾ, ਸਾਰੇ ਜੀਵ (ਭਾਵ, ਕਈ ਮਨੁੱਖ) (ਹਠ ਨਾਲ) ਕਰਮ ਕਰ ਕੇ (ਓੜਕ) ਥੱਕ ਗਏ ਹਨ; ਮਨ ਦੇ ਹਠ ਨਾਲ (ਕਈ ਤਰ੍ਹਾਂ ਦੇ) ਭੇਖ ਕਰ ਕਰ ਕੇ ਭਟਕਦੇ ਹਨ ਤੇ ਮਾਇਆ ਦੇ ਮੋਹ ਵਿਚ ਦੁੱਖ ਉਠਾਉਂਦੇ ਹਨ।
ਰਿਧਿ ਸਿਧਿ ਸਭੁ ਮੋਹੁ ਹੈ ਨਾਮੁ ਨ ਵਸੈ ਮਨਿ ਆਇ ॥ {ਪੰਨਾ 593}
ਅਰਥ: ਰਿੱਧੀਆਂ ਤੇ ਸਿੱਧੀਆਂ (ਭੀ) ਨਿਰੋਲ ਮੋਹ (ਰੂਪ) ਹਨ, (ਇਹਨਾਂ ਨਾਲ) ਹਰੀ ਦਾ ਨਾਮ ਹਿਰਦੇ ਵਿਚ ਨਹੀਂ ਵੱਸ ਸਕਦਾ।
ਗੁਰ ਸੇਵਾ ਤੇ ਮਨੁ ਨਿਰਮਲੁ ਹੋਵੈ ਅਗਿਆਨੁ ਅੰਧੇਰਾ ਜਾਇ ॥ ਨਾਮੁ ਰਤਨੁ ਘਰਿ ਪਰਗਟੁ ਹੋਆ ਨਾਨਕ ਸਹਜਿ ਸਮਾਇ ॥੧॥ {ਪੰਨਾ 593}
ਅਰਥ: ਸਤਿਗੁਰੂ ਦੀ ਸੇਵਾ ਨਾਲ ਮਨ ਸਾਫ਼ ਹੁੰਦਾ ਹੈ ਤੇ ਅਗਿਆਨ (ਰੂਪ) ਹਨੇਰਾ ਦੂਰ ਹੁੰਦਾ ਹੈ, ਹੇ ਨਾਨਕ! ਨਾਮ (ਰੂਪ) ਰਤਨ ਹਿਰਦੇ ਵਿਚ ਪਰਤੱਖ ਹੋ ਜਾਂਦਾ ਹੈ ਤੇ ਸਹਿਜ ਅਵਸਥਾ ਵਿਚ (ਭਾਵ ਸੁਤੇ ਹੀ ਨਾਮ ਜਪਣ ਵਾਲੀ ਦਸ਼ਾ ਵਿਚ) ਮਨੁੱਖ ਲੀਨ ਹੋ ਜਾਂਦਾ ਹੈ।੧।
ਮਃ ੩ ॥ ਸਬਦੈ ਸਾਦੁ ਨ ਆਇਓ ਨਾਮਿ ਨ ਲਗੋ ਪਿਆਰੁ ॥ ਰਸਨਾ ਫਿਕਾ ਬੋਲਣਾ ਨਿਤ ਨਿਤ ਹੋਇ ਖੁਆਰੁ ॥ ਨਾਨਕ ਕਿਰਤਿ ਪਇਐ ਕਮਾਵਣਾ ਕੋਇ ਨ ਮੇਟਣਹਾਰੁ ॥੨॥ {ਪੰਨਾ 594}
ਅਰਥ: ਜਿਸ ਮਨੁੱਖ ਨੂੰ ਸਤਿਗੁਰੂ ਦੇ ਸ਼ਬਦ ਵਿਚ ਰਸ ਨਹੀਂ ਆਉਂਦਾ, ਨਾਮ ਵਿਚ ਜਿਸ ਦਾ ਪਿਆਰ ਨਹੀਂ ਜੁੜਿਆ, ਉਹ ਮਨੁੱਖ ਜੀਭ ਨਾਲ ਫਿੱਕੇ ਬਚਨ ਹੀ ਬੋਲਦਾ ਹੈ ਤੇ ਸਦਾ ਖ਼ੁਆਰ ਹੁੰਦਾ ਹੈ; (ਪਰ) ਹੇ ਨਾਨਕ! ਉਸ ਦੇ ਭੀ ਕੀਹ ਵੱਸ?) (ਪਿਛਲੇ ਕੀਤੇ ਕੰਮਾਂ ਦੇ) ਉੱਕਰੇ ਹੋਏ (ਸੰਸਕਾਰਾਂ) ਅਨੁਸਾਰ ਉਸ ਨੂੰ (ਹੁਣ ਭੀ ਇਹੋ ਜਿਹੀ ਹੀ) ਕਾਰ ਕਰਨੀ ਪੈਂਦੀ ਹੈ; ਕੋਈ ਮਨੁੱਖ (ਉਸ ਦੇ ਸੰਸਕਾਰਾਂ ਨੂੰ) ਮਿਟਾ ਨਹੀਂ ਸਕਦਾ।੨।
ਪਉੜੀ ॥ ਧਨੁ ਧਨੁ ਸਤ ਪੁਰਖੁ ਸਤਿਗੁਰੂ ਹਮਾਰਾ ਜਿਤੁ ਮਿਲਿਐ ਹਮ ਕਉ ਸਾਂਤਿ ਆਈ ॥ ਧਨੁ ਧਨੁ ਸਤ ਪੁਰਖੁ ਸਤਿਗੁਰੂ ਹਮਾਰਾ ਜਿਤੁ ਮਿਲਿਐ ਹਮ ਹਰਿ ਭਗਤਿ ਪਾਈ ॥ {ਪੰਨਾ 594}
ਅਰਥ: ਸਾਡਾ ਸਤਪੁਰਖੁ ਸਤਿਗੁਰੂ ਧੰਨ ਹੈ, ਜਿਸ ਦੇ ਮਿਲਿਆਂ ਸਾਡੇ ਹਿਰਦੇ ਵਿਚ ਠੰਡ ਪਈ ਹੈ, ਤੇ ਜਿਸਦੇ ਮਿਲਿਆਂ ਅਸਾਂ ਪਰਮਾਤਮਾ ਦੀ ਭਗਤੀ ਲੱਭੀ ਹੈ।
ਧਨੁ ਧਨੁ ਹਰਿ ਭਗਤੁ ਸਤਿਗੁਰੂ ਹਮਾਰਾ ਜਿਸ ਕੀ ਸੇਵਾ ਤੇ ਹਮ ਹਰਿ ਨਾਮਿ ਲਿਵ ਲਾਈ ॥ ਧਨੁ ਧਨੁ ਹਰਿ ਗਿਆਨੀ ਸਤਿਗੁਰੂ ਹਮਾਰਾ ਜਿਨਿ ਵੈਰੀ ਮਿਤ੍ਰੁ ਹਮ ਕਉ ਸਭ ਸਮ ਦ੍ਰਿਸਟਿ ਦਿਖਾਈ ॥ {ਪੰਨਾ 594}
ਅਰਥ: ਹਰੀ ਦਾ ਭਗਤ ਸਾਡਾ ਸਤਿਗੁਰੂ ਧੰਨ ਹੈ, ਜਿਸ ਦੀ ਸੇਵਾ ਕਰ ਕੇ ਅਸਾਂ ਹਰੀ ਦੇ ਨਾਮ ਵਿਚ ਬਿਰਤੀ ਜੋੜੀ ਹੈ; ਹਰੀ ਦੇ ਗਿਆਨ ਵਾਲਾ ਸਾਡਾ ਸਤਿਗੁਰੂ ਧੰਨ ਹੈ ਜਿਸ ਨੇ ਵੈਰੀ ਕੀਹ ਤੇ ਸਜਨ ਕੀਹ-ਸਭ ਵਾਲ ਸਾਨੂੰ ਏਕਤਾ ਦੀ ਨਜ਼ਰ (ਨਾਲ ਵੇਖਣ ਦੀ ਜਾਚ) ਸਿਖਾਈ ਹੈ।
ਧਨੁ ਧਨੁ ਸਤਿਗੁਰੂ ਮਿਤ੍ਰੁ ਹਮਾਰਾ ਜਿਨਿ ਹਰਿ ਨਾਮ ਸਿਉ ਹਮਾਰੀ ਪ੍ਰੀਤਿ ਬਣਾਈ ॥੧੯॥ {ਪੰਨਾ 594}
ਅਰਥ: ਸਾਡਾ ਸੱਜਣ ਸਤਿਗੁਰੂ ਧੰਨ ਹੈ, ਜਿਸ ਨੇ ਹਰੀ ਦੇ ਨਾਮ ਨਾਲ ਸਾਡਾ ਪਿਆਰ ਬਣਾ ਦਿੱਤਾ ਹੈ।੧੯।
*┈┉┅━❀꧁ੴ꧂❀━┅┉┈*
*┈┉┅━❀꧁ੴ꧂❀━┅┉┈*
ਰਾਗੁ ਸੂਹੀ ਛੰਤ ਮਹਲਾ ੪ ਘਰੁ ੩ ੴ ਸਤਿਗੁਰ ਪ੍ਰਸਾਦਿ ॥ ਆਵਹੋ ਸੰਤ ਜਨਹੁ ਗੁਣ ਗਾਵਹ ਗੋਵਿੰਦ ਕੇਰੇ ਰਾਮ ॥ ਗੁਰਮੁਖਿ ਮਿਲਿ ਰਹੀਐ ਘਰਿ ਵਾਜਹਿ ਸਬਦ ਘਨੇਰੇ ਰਾਮ ॥ ਸਬਦ ਘਨੇਰੇ ਹਰਿ ਪ੍ਰਭ ਤੇਰੇ ਤੂ ਕਰਤਾ ਸਭ ਥਾਈ ॥ ਅਹਿਨਿਸਿ ਜਪੀ ਸਦਾ ਸਾਲਾਹੀ ਸਾਚ ਸਬਦਿ ਲਿਵ ਲਾਈ ॥ ਅਨਦਿਨੁ ਸਹਜਿ ਰਹੈ ਰੰਗਿ ਰਾਤਾ ਰਾਮ ਨਾਮੁ ਰਿਦ ਪੂਜਾ ॥ ਨਾਨਕ ਗੁਰਮੁਖਿ ਏਕੁ ਪਛਾਣੈ ਅਵਰੁ ਨ ਜਾਣੈ ਦੂਜਾ ॥੧॥ {ਪੰਨਾ 775}
ਪਦਅਰਥ: ਆਵਹੋ = ਆਵਹੁ, ਆਓ। ਸੰਤ ਜਨਹੁ = ਹੇ ਸੰਤ ਜਨੋ! ਗਾਵਹ = ਆਓ, ਅਸੀ ਗਾਵੀਏ। ਕੇਰੇ = ਦੇ। ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਮਿਲਿ ਰਹੀਐ = (ਪ੍ਰਭੂ = ਚਰਨਾਂ ਵਿਚ) ਖੜੇ ਰਹਿਣਾ ਚਾਹੀਦਾ ਹੈ। ਘਰਿ = (ਹਿਰਦੇ-) ਘਰ ਵਿਚ। ਵਾਜਹਿ = ਵੱਜ ਪੈਂਦੇ ਹਨ, ਆਪਣਾ ਪ੍ਰਭਾਵ ਪਾਈ ਰੱਖਦੇ ਹਨ। ਸਬਦ = (ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ) ਸ਼ਬਦ। ਘਨੇਰੇ = ਅਨੇਕਾਂ, ਬਹੁਤ। ਪ੍ਰਭ = ਹੇ ਪ੍ਰਭੂ! ਥਾਈ = ਥਾਈਂ, ਥਾਵਾਂ ਵਿਚ। ਅਹਿ = ਦਿਨ। ਨਿਸਿ = ਰਾਤ। ਜਪੀ = ਜਪੀਂ, ਮੈਂ ਜਪਦਾ ਰਹਾਂ। ਸਾਲਾਹੀ = ਸਾਲਾਹੀਂ, ਮੈਂ ਸਲਾਹੁੰਦਾ ਰਹਾਂ। ਸਾਚ ਸਬਦਿ = ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਵਿਚ। ਲਿਵ ਲਾਈ = ਲਿਵ ਲਾਈਂ, ਸੁਰਤਿ ਜੋੜੀ ਰੱਖਾਂ। ਅਨਦਿਨੁ = {अनुदिनां} ਹਰ ਰੋਜ਼, ਹਰ ਵੇਲੇ। ਸਹਜਿ = ਆਤਮਕ ਅਡੋਲਤਾ ਵਿਚ। ਰੰਗਿ = ਪ੍ਰੇਮ = ਰੰਗ ਵਿਚ। ਰਾਤਾ ਰਹੈ– ਰੰਗਿਆ ਰਹਿੰਦਾ ਹੈ। ਰਿਦ ਪੂਜਾ = ਹਿਰਦੇ ਦੀ ਪੂਜਾ (ਬਣਾਂਦਾ ਹੈ) ।੧।
ਅਰਥ: ਹੇ ਸੰਤ ਜਨੋ! ਆਓ, (ਸਾਧ ਸੰਗਤਿ ਵਿਚ ਮਿਲ ਕੇ) ਪਰਮਾਤਮਾ ਦੇ ਗੁਣ ਗਾਂਦੇ ਰਹੀਏ। (ਹੇ ਸੰਤ ਜਨੋ!) ਗੁਰੂ ਦੀ ਸਰਨ ਪੈ ਕੇ (ਪ੍ਰਭੂ-ਚਰਨਾਂ ਵਿਚ) ਜੁੜੇ ਰਹਿਣਾ ਚਾਹੀਦਾ ਹੈ (ਪ੍ਰਭੂ-ਚਰਨਾਂ ਵਿਚ ਜੁੜਨ ਦੀ ਬਰਕਤ ਨਾਲ) ਹਿਰਦੇ-ਘਰ ਵਿਚ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਆਪਣਾ ਪ੍ਰਭਾਵ ਪਾਈ ਰੱਖਦੇ ਹਨ।
ਹੇ ਪ੍ਰਭੂ! ਜਿਉਂ ਜਿਉਂ) ਤੇਰੀ ਸਿਫ਼ਤਿ-ਸਾਲਾਹ ਦੇ ਸ਼ਬਦ (ਮਨੁੱਖ ਦੇ ਹਿਰਦੇ ਵਿਚ) ਪ੍ਰਭਾਵ ਪਾਂਦੇ ਹਨ, (ਤਿਉਂ ਤਿਉਂ ਤੂੰ) ਉਸ ਨੂੰ ਸਭ ਥਾਈਂ ਵੱਸਦਾ ਦਿੱਸਦਾ ਹੈਂ। (ਹੇ ਪ੍ਰਭੂ! ਮੇਰੇ ਉੱਤੇ ਭੀ ਮਿਹਰ ਕਰ) ਮੈਂ ਦਿਨ ਰਾਤ ਤੇਰਾ ਨਾਮ ਜਪਦਾ ਰਹਾਂ, ਮੈਂ ਸਦਾ ਤੇਰੀ ਸਿਫ਼ਤਿ-ਸਾਲਾਹ ਕਰਦਾ ਰਹਾਂ, ਮੈਂ ਤੇਰੀ ਸਦਾ-ਥਿਰ ਸਿਫ਼ਤਿ-ਸਾਲਾਹ ਵਿਚ ਸੁਰਤਿ ਜੋੜੀ ਰੱਖਾਂ।
ਹੇ ਨਾਨਕ! ਜਿਹੜਾ ਮਨੁੱਖ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਦੀ ਪੂਜਾ ਬਣਾਂਦਾ ਹੈ (ਭਾਵ, ਹਰ ਵੇਲੇ ਹਿਰਦੇ ਵਿਚ ਵਸਾਈ ਰੱਖਦਾ ਹੈ) ਉਹ ਮਨੁੱਖ ਹਰ ਵੇਲੇ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ, ਉਹ ਮਨੁੱਖ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹੈ। ਗੁਰੂ ਦੀ ਸਰਨ ਪੈ ਕੇ ਉਹ ਇਕ ਪ੍ਰਭੂ ਨਾਲ ਹੀ ਸਾਂਝ ਪਾਈ ਰੱਖਦਾ ਹੈ, ਕਿਸੇ ਹੋਰ ਦੂਜੇ ਨਾਲ ਡੂੰਘੀ ਸਾਂਝ ਨਹੀਂ ਪਾਂਦਾ।੧।
ਸਭ ਮਹਿ ਰਵਿ ਰਹਿਆ ਸੋ ਪ੍ਰਭੁ ਅੰਤਰਜਾਮੀ ਰਾਮ ॥ ਗੁਰ ਸਬਦਿ ਰਵੈ ਰਵਿ ਰਹਿਆ ਸੋ ਪ੍ਰਭੁ ਮੇਰਾ ਸੁਆਮੀ ਰਾਮ ॥ ਪ੍ਰਭੁ ਮੇਰਾ ਸੁਆਮੀ ਅੰਤਰਜਾਮੀ ਘਟਿ ਘਟਿ ਰਵਿਆ ਸੋਈ ॥ ਗੁਰਮਤਿ ਸਚੁ ਪਾਈਐ ਸਹਜਿ ਸਮਾਈਐ ਤਿਸੁ ਬਿਨੁ ਅਵਰੁ ਨ ਕੋਈ ॥ ਸਹਜੇ ਗੁਣ ਗਾਵਾ ਜੇ ਪ੍ਰਭ ਭਾਵਾ ਆਪੇ ਲਏ ਮਿਲਾਏ ॥ ਨਾਨਕ ਸੋ ਪ੍ਰਭੁ ਸਬਦੇ ਜਾਪੈ ਅਹਿਨਿਸਿ ਨਾਮੁ ਧਿਆਏ ॥੨॥ {ਪੰਨਾ 775}
ਪਦਅਰਥ: ਰਵਿ ਰਹਿਆ = ਵਿਆਪਕ ਹੈ। ਅੰਤਰਜਾਮੀ = ਹਰੇਕ ਦੇ ਦਿਲ ਦੀ ਜਾਣਨ ਵਾਲਾ। ਸਬਦਿ = ਸ਼ਬਦ ਦੀ ਰਾਹੀਂ। ਰਵੈ = ਸਿਮਰਦਾ ਹੈ। ਘਟਿ ਘਟਿ = ਹਰੇਕ ਸਰੀਰ ਵਿਚ। ਰਵਿਆ = ਵਿਆਪਕ। ਸੋਈ = ਉਹੀ। ਸਚੁ = ਸਦਾ-ਥਿਰ ਪ੍ਰਭੂ। ਪਾਈਐ = ਮਿਲਦਾ ਹੈ। ਸਹਜਿ = ਆਤਮਕ ਅਡੋਲਤਾ ਵਿਚ। ਸਮਾਈਐ = ਟਿਕੇ ਰਹੀਦਾ ਹੈ। ਅਵਰੁ = ਹੋਰ। ਸਹਜੇ = ਆਤਮਕ ਅਡੋਲਤਾ ਵਿਚ (ਟਿਕ ਕੇ। ਗਾਵਾ = ਗਾਵਾਂ, ਮੈਂ ਗਾ ਸਕਦਾ ਹਾਂ। ਪ੍ਰਭ ਭਾਵਾ = ਪ੍ਰਭੂ ਨੂੰ ਭਾਵਾਂ, ਪ੍ਰਭੂ ਨੂੰ ਚੰਗਾ ਲੱਗਾਂ। ਆਪੇ = ਆਪ ਹੀ। ਸਬਦੇ = ਸ਼ਬਦ ਦੀ ਰਾਹੀਂ। ਜਾਪੈ = ਜਾਣਿਆ ਜਾ ਸਕਦਾ ਹੈ, ਡੂੰਘੀ ਸਾਂਝ ਪੈ ਸਕਦੀ ਹੈ। ਅਹਿ = ਦਿਨ। ਨਿਸਿ = ਰਾਤ।੨।
ਅਰਥ: ਹੇ ਭਾਈ! ਉਹ ਪਰਮਾਤਮਾ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ, ਅਤੇ ਸਭ ਜੀਵਾਂ ਵਿਚ ਵਿਆਪਕ ਹੈ। (ਪਰ ਜਿਹੜਾ ਮਨੁੱਖ) ਗੁਰੂ ਦੇ ਸ਼ਬਦ ਦੀ ਰਾਹੀਂ (ਉਸ ਨੂੰ) ਸਿਮਰਦਾ ਹੈ, ਉਸ ਨੂੰ ਹੀ ਉਹ ਮਾਲਕ-ਪ੍ਰਭੂ (ਸਭ ਥਾਈਂ) ਵਿਆਪਕ ਦਿੱਸਦਾ ਹੈ। (ਉਸ ਮਨੁੱਖ ਨੂੰ ਹੀ ਇਹ ਨਿਸ਼ਚਾ ਬਣਦਾ ਹੈ ਕਿ) ਮਾਲਕ-ਪ੍ਰਭੂ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ, ਅਤੇ ਹਰੇਕ ਸਰੀਰ ਵਿਚ ਮੌਜੂਦ ਹੈ।
ਹੇ ਭਾਈ! ਗੁਰੂ ਦੀ ਮਤਿ ਉਤੇ ਤੁਰਿਆਂ ਸਦਾ-ਥਿਰ ਪ੍ਰਭੂ ਮਿਲ ਪੈਂਦਾ ਹੈ, (ਗੁਰੂ ਦੀ ਮਤਿ ਦੀ ਬਰਕਤਿ ਨਾਲ) ਆਤਮਕ ਅਡੋਲਤਾ ਵਿਚ ਲੀਨ ਰਹਿ ਸਕੀਦਾ ਹੈ (ਅਤੇ ਇਹ ਨਿਸ਼ਚਾ ਬਣਦਾ ਹੈ ਕਿ ਕਿਤੇ ਭੀ) ਉਸ ਪਰਮਾਤਮਾ ਤੋਂ ਬਿਨਾ ਹੋਰ ਕੋਈ ਨਹੀਂ।
ਹੇ ਭਾਈ! ਪ੍ਰਭੂ ਦੀ ਆਪਣੀ ਹੀ ਮਿਹਰ ਨਾਲ) ਜੇ ਮੈਂ ਉਸ ਪ੍ਰਭੂ ਨੂੰ ਚੰਗਾ ਲੱਗ ਪਵਾਂ, ਤਾਂ ਆਤਮਕ ਅਡੋਲਤਾ ਵਿਚ ਟਿਕ ਕੇ ਮੈਂ ਉਸ ਦੇ ਗੁਣ ਗਾ ਸਕਦਾ ਹਾਂ, ਉਹ ਆਪ ਹੀ (ਜੀਵ ਨੂੰ ਆਪਣੇ ਨਾਲ) ਮਿਲਾਂਦਾ ਹੈ। ਹੇ ਨਾਨਕ! ਗੁਰੂ ਦੇ ਸ਼ਬਦ ਦੀ ਰਾਹੀਂ ਹੀ ਉਸ ਪ੍ਰਭੂ ਨਾਲ ਡੂੰਘੀ ਸਾਂਝ ਪੈ ਸਕਦੀ ਹੈ (ਜਿਹੜਾ ਮਨੁੱਖ ਸ਼ਬਦ ਵਿਚ) ਜੁੜਦਾ ਹੈ, (ਉਹ) ਦਿਨ ਰਾਤ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ।੨।
ਇਹੁ ਜਗੋ ਦੁਤਰੁ ਮਨਮੁਖੁ ਪਾਰਿ ਨ ਪਾਈ ਰਾਮ ॥ ਅੰਤਰੇ ਹਉਮੈ ਮਮਤਾ ਕਾਮੁ ਕ੍ਰੋਧੁ ਚਤੁਰਾਈ ਰਾਮ ॥ ਅੰਤਰਿ ਚਤੁਰਾਈ ਥਾਇ ਨ ਪਾਈ ਬਿਰਥਾ ਜਨਮੁ ਗਵਾਇਆ ॥ ਜਮ ਮਗਿ ਦੁਖੁ ਪਾਵੈ ਚੋਟਾ ਖਾਵੈ ਅੰਤਿ ਗਇਆ ਪਛੁਤਾਇਆ ॥ ਬਿਨੁ ਨਾਵੈ ਕੋ ਬੇਲੀ ਨਾਹੀ ਪੁਤੁ ਕੁਟੰਬੁ ਸੁਤੁ ਭਾਈ ॥ ਨਾਨਕ ਮਾਇਆ ਮੋਹੁ ਪਸਾਰਾ ਆਗੈ ਸਾਥਿ ਨ ਜਾਈ ॥੩॥ {ਪੰਨਾ 775}
ਪਦਅਰਥ: ਜਗੋ = ਜਗੁ, ਜਗਤ। ਦੁਤਰੁ = {दुस्तर} ਜਿਸ ਤੋਂ ਪਾਰ ਲੰਘਣਾ ਔਖਾ ਹੈ। ਮਨਮੁਖੁ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਪਾਰਿ ਨ ਪਾਈ = ਪਰਲੇ ਪਾਸੇ ਨਹੀਂ ਪਹੁੰਚ ਸਕਦਾ। ਅੰਤਰੇ = (ਮਨਮੁਖ ਦੇ) ਅੰਦਰ ਹੀ। ਮਮਤਾ = ਅਪਣੱਤ, ਮਲਕੀਅਤ ਦੀ ਲਾਲਸਾ। ਥਾਇ = ਥਾਂ ਵਿਚ। ਥਾਇ ਨ ਪਾਈ = (ਪ੍ਰਭੂ ਦੀ ਹਜ਼ੂਰੀ ਵਿਚ) ਪਰਵਾਨ ਨਹੀਂ ਹੁੰਦਾ। ਬਿਰਥਾ = ਵਿਅਰਥ {व्यथा}। ਜਮ ਮਗਿ = ਜਮਰਾਜ ਦੇ ਰਸਤੇ ਉੱਤੇ। ਪਾਵੈ = ਸਹਿੰਦਾ ਹੈ। ਅੰਤਿ = ਆਖ਼ਰ ਵੇਲੇ, ਅੰਤ ਵੇਲੇ। ਕੋ = ਕੋਈ ਮਨੁੱਖ। ਬੇਲੀ = ਮਦਦਗਾਰ। ਸੁਤੁ = ਪੁੱਤਰ। ਭਾਈ = ਭਰਾ। ਪਸਾਰਾ = ਖਿਲਾਰਾ। ਆਗੈ = ਪਰਲੋਕ ਵਿਚ। ਸਾਥਿ = ਨਾਲ।੩।
ਅਰਥ: ਹੇ ਭਾਈ! ਇਹ ਜਗਤ (ਇਕ ਅਜਿਹਾ ਸਮੁੰਦਰ ਹੈ, ਜਿਸ ਤੋਂ) ਪਾਰ ਲੰਘਣਾ ਔਖਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਇਸ ਦੇ) ਪਾਰਲੇ ਪਾਸੇ ਨਹੀਂ ਪਹੁੰਚ ਸਕਦਾ, (ਕਿਉਂਕਿ ਉਸ ਦੇ) ਅੰਦਰ ਹੀ ਅਹੰਕਾਰ, ਅਸਲੀਅਤ ਦੀ ਲਾਲਸਾ, ਕਾਮ, ਕ੍ਰੋਧ, ਚਤੁਰਾਈ (ਆਦਿਕ ਭੈੜ) ਟਿਕੇ ਰਹਿੰਦੇ ਹਨ।
ਹੇ ਭਾਈ! ਜਿਸ ਮਨੁੱਖ ਦੇ) ਅੰਦਰ ਆਪਣੀ ਸਿਆਣਪ ਦਾ ਮਾਣ ਟਿਕਿਆ ਰਹਿੰਦਾ ਹੈ ਉਹ ਮਨੁੱਖ (ਪ੍ਰਭੂ-ਦਰ ਤੇ) ਪਰਵਾਨ ਨਹੀਂ ਹੁੰਦਾ, ਉਹ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਲੈਂਦਾ ਹੈ। (ਉਹ ਮਨੁੱਖ ਸਾਰੀ ਉਮਰ) ਜਮਰਾਜ ਦੇ ਰਸਤੇ ਉਤੇ ਤੁਰਦਾ ਹੈ, ਦੁੱਖ ਸਹਾਰਦਾ ਹੈ, (ਆਤਮਕ ਮੌਤ ਦੀਆਂ) ਚੋਟਾਂ ਖਾਂਦਾ ਰਹਿੰਦਾ ਹੈ, ਅੰਤ ਵੇਲੇ ਇਥੋਂ ਹੱਥ ਮਲਦਾ ਜਾਂਦਾ ਹੈ। ਹੇ ਭਾਈ! ਜੀਵਨ-ਸਫ਼ਰ ਵਿਚ ਇੱਥੇ) ਪੁੱਤਰ, ਪਰਵਾਰ, ਭਰਾ-ਇਹਨਾਂ ਵਿਚੋਂ ਕੋਈ ਭੀ ਮਦਦਗਾਰ ਨਹੀਂ, ਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਬੇਲੀ ਨਹੀਂ ਬਣਦਾ। ਹੇ ਨਾਨਕ! ਇਹ ਸਾਰਾ ਮਾਇਆ ਦੇ ਮੋਹ ਦਾ (ਹੀ) ਖਿਲਾਰਾ ਹੈ, ਪਰਲੋਕ ਵਿਚ (ਭੀ ਮਨੁੱਖ ਦੇ) ਨਾਲ ਨਹੀਂ ਜਾਂਦਾ।੩।
ਹਉ ਪੂਛਉ ਅਪਨਾ ਸਤਿਗੁਰੁ ਦਾਤਾ ਕਿਨ ਬਿਧਿ ਦੁਤਰੁ ਤਰੀਐ ਰਾਮ ॥ ਸਤਿਗੁਰ ਭਾਇ ਚਲਹੁ ਜੀਵਤਿਆ ਇਵ ਮਰੀਐ ਰਾਮ ॥ ਜੀਵਤਿਆ ਮਰੀਐ ਭਉਜਲੁ ਤਰੀਐ ਗੁਰਮੁਖਿ ਨਾਮਿ ਸਮਾਵੈ ॥ ਪੂਰਾ ਪੁਰਖੁ ਪਾਇਆ ਵਡਭਾਗੀ ਸਚਿ ਨਾਮਿ ਲਿਵ ਲਾਵੈ ॥ ਮਤਿ ਪਰਗਾਸੁ ਭਈ ਮਨੁ ਮਾਨਿਆ ਰਾਮ ਨਾਮਿ ਵਡਿਆਈ ॥ ਨਾਨਕ ਪ੍ਰਭੁ ਪਾਇਆ ਸਬਦਿ ਮਿਲਾਇਆ ਜੋਤੀ ਜੋਤਿ ਮਿਲਾਈ ॥੪॥੧॥੪॥ {ਪੰਨਾ 775-776}
ਪਦਅਰਥ: ਹਉ = ਹਉਂ, ਮੈਂ। ਪੂਛਉ = ਪੂਛਉਂ, ਮੈਂ ਪੁੱਛਦਾ ਹਾਂ। ਕਿਨ ਬਿਧਿ = ਕਿਸ ਤਰੀਕੇ ਨਾਲ? ਦੁਤਰੁ = ਔਖਿਆਈ ਨਾਲ ਤਰਿਆ ਜਾ ਸਕਣ ਵਾਲਾ ਸਮੁੰਦਰ। ਤਰੀਐ = ਤਰਿਆ ਜਾ ਸਕਦਾ ਹੈ। ਸਤਿਗੁਰ ਭਾਇ = ਗੁਰੂ ਦੀ ਰਜ਼ਾ ਵਿਚ। ਇਵ = ਇਸ ਤਰ੍ਹਾਂ। ਮਰੀਐ = ਮਰ ਸਕੀਦਾ ਹੈ, ਵਿਕਾਰਾਂ ਵਲੋਂ ਮੁਰਦਾ ਹੋ ਜਾਈਦਾ ਹੈ। ਭਉਜਲੁ = ਸੰਸਾਰ = ਸਮੁੰਦਰ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਨਾਮਿ = ਨਾਮ ਵਿਚ। ਸਮਾਵੈ = ਲੀਨ ਰਹਿੰਦਾ ਹੈ। ਵਡਭਾਗੀ = ਵੱਡੇ ਭਾਗਾਂ ਨਾਲ। ਸਚਿ = ਸਦਾ-ਥਿਰ ਵਿਚ। ਸਚਿ ਨਾਮਿ = ਸਦਾ-ਥਿਰ ਹਰਿ = ਨਾਮ ਵਿਚ। ਲਿਵ ਲਾਵੈ = ਸੁਰਤਿ ਜੋੜੀ ਰੱਖਦਾ ਹੈ। ਪਰਗਾਸੁ = ਆਤਮਕ ਜੀਵਨ ਦੀ ਸੂਝ ਨਾਲ ਰੌਸ਼ਨ। ਮਾਨਿਆ = ਪਤੀਜ ਜਾਂਦਾ ਹੈ। ਵਡਿਆਈ = ਇੱਜ਼ਤ, ਸੋਭਾ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਜੋਤੀ = ਪ੍ਰਭੂ ਦੀ ਜੋਤਿ ਵਿਚ। ਜੋਤਿ = ਜਿੰਦੇ।੪।
ਅਰਥ: ਹੇ ਭਾਈ! ਜਦੋਂ) ਮੈਂ (ਨਾਮ ਦੀ) ਦਾਤਿ ਦੇਣ ਵਾਲੇ ਆਪਣੇ ਗੁਰੂ ਨੂੰ ਪੁੱਛਦਾ ਹਾਂ ਕਿ ਇਹ ਦੁੱਤਰ ਸੰਸਾਰ-ਸਮੁੰਦਰ ਕਿਸ ਤਰੀਕੇ ਨਾਲ ਲੰਘਿਆ ਜਾ ਸਕਦਾ ਹੈ (ਤਾਂ ਅੱਗੋਂ ਉੱਤਰ ਮਿਲਦਾ ਹੈ ਕਿ) ਗੁਰੂ ਦੀ ਰਜ਼ਾ ਵਿਚ (ਜੀਵਨ-ਤੋਰ) ਤੁਰਦੇ ਰਹੋ, ਇਸ ਤਰ੍ਹਾਂ ਦੁਨੀਆ ਦੀ ਕਿਰਤ-ਕਾਰ ਕਰਦਿਆਂ ਹੀ ਵਿਕਾਰਾਂ ਵਲੋਂ ਬਚੇ ਰਹੀਦਾ ਹੈ। (ਗੁਰੂ ਦੀ ਰਜ਼ਾ ਵਿਚ ਤੁਰਿਆਂ) ਦੁਨੀਆ ਦੀ ਕਾਰ ਕਰਦਿਆਂ ਵਿਕਾਰਾਂ ਵਲੋਂ ਮਰੇ ਰਹੀਦਾ ਹੈ, ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ। (ਕਿਉਂਕਿ) ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਉਹ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ ਉਸ ਨੂੰ ਵੱਡੀ ਕਿਸਮਤ ਨਾਲ ਸਾਰੇ ਗੁਣਾਂ ਨਾਲ ਭਰਪੂਰ ਪ੍ਰਭੂ ਮਿਲ ਪੈਂਦਾ ਹੈ, ਸਦਾ-ਥਿਰ ਹਰਿ-ਨਾਮ ਵਿਚ ਉਹ ਸੁਰਤਿ ਜੋੜੀ ਰੱਖਦਾ ਹੈ। ਉਸ ਦੀ ਮਤਿ ਵਿਚ ਆਤਮਕ ਜੀਵਨ ਦੀ ਸੂਝ ਦਾ ਚਾਨਣ ਹੋ ਜਾਂਦਾ ਹੈ, ਉਸ ਦਾ ਮਨ ਨਾਮ ਵਿਚ ਪਤੀਜ ਜਾਂਦਾ ਹੈ, ਉਸ ਨੂੰ ਨਾਮ ਦੀ ਬਰਕਤਿ ਨਾਲ (ਲੋਕ ਪਰਲੋਕ ਦੀ) ਇੱਜ਼ਤ ਮਿਲ ਜਾਂਦੀ ਹੈ। ਹੇ ਨਾਨਕ! ਜਿਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜਦਾ ਹੈ ਉਸ ਨੂੰ ਪ੍ਰਭੂ ਮਿਲ ਪੈਂਦਾ ਹੈ, ਉਸ ਦੀ ਜਿੰਦ ਪ੍ਰਭੂ ਦੀ ਜੋਤਿ ਵਿਚ ਇਕ-ਮਿਕ ਹੋਈ ਰਹਿੰਦੀ ਹੈ।੪।੧।੪।
ਸੋਰਠਿ ਮਹਲਾ ੫ ॥ ਗੁਰਿ ਪੂਰੈ ਚਰਨੀ ਲਾਇਆ ॥ ਹਰਿ ਸੰਗਿ ਸਹਾਈ ਪਾਇਆ ॥ ਜਹ ਜਾਈਐ ਤਹਾ ਸੁਹੇਲੇ ॥ ਕਰਿ ਕਿਰਪਾ ਪ੍ਰਭਿ ਮੇਲੇ ॥੧॥ ਹਰਿ ਗੁਣ ਗਾਵਹੁ ਸਦਾ ਸੁਭਾਈ ॥ ਮਨ ਚਿੰਦੇ ਸਗਲੇ ਫਲ ਪਾਵਹੁ ਜੀਅ ਕੈ ਸੰਗਿ ਸਹਾਈ ॥੧॥ ਰਹਾਉ ॥ ਨਾਰਾਇਣ ਪ੍ਰਾਣ ਅਧਾਰਾ ॥ ਹਮ ਸੰਤ ਜਨਾਂ ਰੇਨਾਰਾ ॥ ਪਤਿਤ ਪੁਨੀਤ ਕਰਿ ਲੀਨੇ ॥ ਕਰਿ ਕਿਰਪਾ ਹਰਿ ਜਸੁ ਦੀਨੇ ॥੨॥ ਪਾਰਬ੍ਰਹਮੁ ਕਰੇ ਪ੍ਰਤਿਪਾਲਾ ॥ ਸਦ ਜੀਅ ਸੰਗਿ ਰਖਵਾਲਾ ॥ ਹਰਿ ਦਿਨੁ ਰੈਨਿ ਕੀਰਤਨੁ ਗਾਈਐ ॥ ਬਹੁੜਿ ਨ ਜੋਨੀ ਪਾਈਐ ॥੩॥ ਜਿਸੁ ਦੇਵੈ ਪੁਰਖੁ ਬਿਧਾਤਾ ॥ ਹਰਿ ਰਸੁ ਤਿਨ ਹੀ ਜਾਤਾ ॥ ਜਮਕੰਕਰੁ ਨੇੜਿ ਨ ਆਇਆ ॥ ਸੁਖੁ ਨਾਨਕ ਸਰਣੀ ਪਾਇਆ ॥੪॥੯॥੫੯॥ {ਪੰਨਾ 623}
ਪਦਅਰਥ: ਗੁਰਿ ਪੂਰੈ = ਪੂਰੇ ਗੁਰੂ ਨੇ। ਸੰਗਿ = (ਆਪਣੇ) ਨਾਲ। ਸਹਾਈ = ਮਦਦਗਾਰ, ਸਾਥੀ। ਜਹ = ਜਿੱਥੇ। ਸੁਹੇਲੇ = ਸੁਖੀ। ਪ੍ਰਭਿ = ਪ੍ਰਭੂ ਨੇ।੧।
ਸੁਭਾਈ = ਸੁਭਾਇ, ਪਿਆਰ ਨਾਲ। ਮਨਚਿੰਦੇ = ਮਨ = ਇੱਛਤ, ਮਨ = ਮੰਗੇ। ਸਗਲੇ = ਸਾਰੇ। ਜੀਅ ਕੈ ਸੰਗਿ = ਜਿੰਦ ਦੇ ਨਾਲ।੧।ਰਹਾਉ।
ਹਮ = ਅਸੀ, ਮੈਂ। ਰੇਨਾਰਾ = ਰੇਣ, ਚਰਨ = ਧੂੜ। ਅਧਾਰਾ = ਆਸਰਾ। ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ। ਪੁਨੀਤ = ਪਵਿਤ੍ਰ। ਜਸੁ = ਸਿਫ਼ਤਿ-ਸਾਲਾਹ।੨।
ਸਦ = ਸਦਾ। ਰੈਨਿ = ਰਾਤ। ਬਹੁੜਿ = ਮੁੜ।੩।
ਬਿਧਾਤਾ = ਕਰਤਾਰ, ਰਚਨਹਾਰ। ਰਸੁ = ਸੁਆਦ। ਤਿਨ ਹੀ = ਤਿਨਿ ਹੀ, ਉਸ ਮਨੁੱਖ ਨੇ ਹੀ {ਲਫ਼ਜ਼ 'ਤਿਨਿ' ਦੀ 'ਿ' ਕ੍ਰਿਆ ਵਿਸ਼ਸ਼ੇਣ 'ਹੀ' ਦੇ ਕਾਰਨ ਉੱਡ ਗਈ ਹੈ}। ਜਮ ਕੰਕਰੁ = {ਕਿੰਕਰੁ = किंकर} ਜਮ ਦਾ ਸੇਵਕ, ਜਮ = ਦੂਤ।੪।
ਅਰਥ: ਹੇ ਭਾਈ! ਸਦਾ ਪਿਆਰ ਨਾਲ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੇ ਰਿਹਾ ਕਰੋ। (ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ) ਮਨ-ਮੰਗੇ ਫਲ (ਪ੍ਰਭੂ ਦੇ ਦਰ ਤੋਂ) ਪ੍ਰਾਪਤ ਕਰਦੇ ਰਹੋਗੇ, ਪਰਮਾਤਮਾ ਜਿੰਦ ਦੇ ਨਾਲ (ਵੱਸਦਾ) ਸਾਥੀ (ਪ੍ਰਤੀਤ ਹੁੰਦਾ ਰਹੇਗਾ) ।੧।ਰਹਾਉ।
(ਹੇ ਭਾਈ! ਜਿਸ ਮਨੁੱਖ ਨੂੰ) ਪੂਰੇ ਗੁਰੂ ਨੇ (ਪਰਮਾਤਮਾ ਦੇ) ਚਰਨਾਂ ਵਿਚ ਜੋੜ ਦਿੱਤਾ, ਉਸ ਨੇ ਉਹ ਪਰਮਾਤਮਾ ਲੱਭ ਲਿਆ ਜੋ ਹਰ ਵੇਲੇ ਅੰਗ-ਸੰਗ ਵੱਸਦਾ ਹੈ, ਤੇ, (ਜਿੰਦ ਦਾ) ਮਦਦਗਾਰ ਹੈ। (ਜੇ ਪ੍ਰਭੂ-ਚਰਨਾਂ ਵਿਚ ਜੁੜੇ ਰਹੀਏ, ਤਾਂ) ਜਿੱਥੇ ਭੀ ਜਾਈਏ, ਉਥੇ ਹੀ ਸੁਖੀ ਰਹਿ ਸਕੀਦਾ ਹੈ (ਪਰ ਜਿਨ੍ਹਾਂ ਨੂੰ ਚਰਨਾਂ ਵਿਚ ਮਿਲਾਇਆ ਹੈ) ਪ੍ਰਭੂ ਨੇ (ਆਪ ਹੀ) ਕਿਰਪਾ ਕਰ ਕੇ ਮਿਲਾਇਆ ਹੈ।੧।
ਹੇ ਭਾਈ! ਮੈਂ ਤਾਂ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣਿਆ ਰਹਿੰਦਾ ਹਾਂ, (ਸੰਤ ਜਨਾਂ ਦੀ ਕਿਰਪਾ ਨਾਲ) ਪਰਮਾਤਮਾ ਜਿੰਦ ਦਾ ਆਸਰਾ (ਪ੍ਰਤੀਤ ਹੁੰਦਾ ਰਹਿੰਦਾ ਹੈ) । ਸੰਤ ਜਨ ਕਿਰਪਾ ਕਰ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਦਾਤਿ ਦੇਂਦੇ ਹਨ, (ਅਤੇ ਇਸ ਤਰ੍ਹਾਂ) ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ (ਭੀ) ਪਵਿਤ੍ਰ ਜੀਵਨ ਵਾਲਾ ਬਣਾ ਲੈਂਦੇ ਹਨ।੨।
ਹੇ ਭਾਈ! ਦਿਨ ਰਾਤ (ਹਰ ਵੇਲੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦੇ ਰਹਿਣਾ ਚਾਹੀਦਾ ਹੈ, (ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ) ਮੁੜ ਜਨਮ ਮਰਨ ਦੇ ਗੇੜ ਵਿਚ ਨਹੀਂ ਪਈਦਾ। ਪਰਮਾਤਮਾ ਆਪ (ਸਿਫ਼ਤਿ-ਸਾਲਾਹ ਕਰਨ ਵਾਲਿਆਂ ਦੀ) ਰਾਖੀ ਕਰਦਾ ਹੈ, ਸਦਾ ਉਹਨਾਂ ਦੀ ਜਿੰਦ ਦੇ ਨਾਲ ਰਾਖਾ ਬਣਿਆ ਰਹਿੰਦਾ ਹੈ।੩।
(ਪਰ,) ਹੇ ਨਾਨਕ! ਉਸ ਮਨੁੱਖ ਨੇ ਹੀ ਪਰਮਾਤਮਾ ਦੇ ਨਾਮ ਦਾ ਸੁਆਦ ਸਮਝਿਆ ਹੈ (ਕਦਰ ਜਾਣੀ ਹੈ) , ਜਿਸ ਨੂੰ ਸਿਰਜਣਹਾਰ ਸਰਬ-ਵਿਆਪਕ ਪ੍ਰਭੂ ਆਪ (ਇਹ ਦਾਤਿ) ਦੇਂਦਾ ਹੈ। ਪਰਮਾਤਮਾ ਦੀ ਸ਼ਰਨ ਪਿਆ ਰਹਿ ਕੇ ਉਹ ਆਤਮਕ ਆਨੰਦ ਮਾਣਦਾ ਰਹਿੰਦਾ ਹੈ। ਜਮ-ਦੂਤ ਭੀ ਉਸ ਦੇ ਨੇੜੇ ਨਹੀਂ ਢੁਕਦਾ।੪।੯।੫੯।
*┈┉┅━❀꧁ੴ꧂❀━┅┉┈*
Waheguru ji ka khalsa waheguru ji ki Fateh Ji
ReplyDelete