ਧਨਾਸਰੀ ਮਹਲਾ ੪ ॥ ਹਮ ਅੰਧੁਲੇ ਅੰਧ ਬਿਖੈ ਬਿਖੁ ਰਾਤੇ ਕਿਉ ਚਾਲਹ ਗੁਰ ਚਾਲੀ ॥ ਸਤਗੁਰੁ ਦਇਆ ਕਰੇ ਸੁਖਦਾਤਾ ਹਮ ਲਾਵੈ ਆਪਨ ਪਾਲੀ ॥੧॥ ਗੁਰਸਿਖ ਮੀਤ ਚਲਹੁ ਗੁਰ ਚਾਲੀ ॥ ਜੋ ਗੁਰੁ ਕਹੈ ਸੋਈ ਭਲ ਮਾਨਹੁ ਹਰਿ ਹਰਿ ਕਥਾ ਨਿਰਾਲੀ ॥੧॥ ਰਹਾਉ ॥ ਹਰਿ ਕੇ ਸੰਤ ਸੁਣਹੁ ਜਨ ਭਾਈ ਗੁਰੁ ਸੇਵਿਹੁ ਬੇਗਿ ਬੇਗਾਲੀ ॥ ਸਤਗੁਰੁ ਸੇਵਿ ਖਰਚੁ ਹਰਿ ਬਾਧਹੁ ਮਤ ਜਾਣਹੁ ਆਜੁ ਕਿ ਕਾਲ੍ਹ੍ਹੀ ॥੨॥ ਹਰਿ ਕੇ ਸੰਤ ਜਪਹੁ ਹਰਿ ਜਪਣਾ ਹਰਿ ਸੰਤੁ ਚਲੈ ਹਰਿ ਨਾਲੀ ॥ ਜਿਨ ਹਰਿ ਜਪਿਆ ਸੇ ਹਰਿ ਹੋਏ ਹਰਿ ਮਿਲਿਆ ਕੇਲ ਕੇਲਾਲੀ ॥੩॥ ਹਰਿ ਹਰਿ ਜਪਨੁ ਜਪਿ ਲੋਚ ਲਚਾਨੀ ਹਰਿ ਕਿਰਪਾ ਕਰਿ ਬਨਵਾਲੀ ॥ ਜਨ ਨਾਨਕ ਸੰਗਤਿ ਸਾਧ ਹਰਿ ਮੇਲਹੁ ਹਮ ਸਾਧ ਜਨਾ ਪਗ ਰਾਲੀ ॥੪॥੪॥ {ਪੰਨਾ 667}
ਪਦਅਰਥ: ਅੰਧੁਲੇ ਅੰਧ = ਬਹੁਤ ਹੀ ਅੰਨ੍ਹੇ। ਬਿਖੈ ਬਿਖੁ = ਮਾਇਕ ਪਦਾਰਥਾਂ ਦਾ ਜ਼ਹਰ। ਰਾਤੇ = ਮਗਨ। ਕਿਉ ਚਾਲਹ = ਅਸੀ ਕਿਵੇਂ ਚੱਲ ਸਕਦੇ ਹਾਂ? ਲਾਵੈ = ਲਾ ਲਏ। ਪਾਲੀ = ਪੱਲੇ, ਲੜ।੧।
ਮੀਤ = ਹੇ ਮਿੱਤਰੋ! ਭਲ = ਭਲਾ। ਨਿਰਾਲੀ = ਅਨੋਖੀ, ਅਚਰਜ।੧।ਰਹਾਉ।
ਗੁਰੁ ਸੇਵਿਹੁ = ਗੁਰੂ ਦੀ ਸਰਨ ਪੈ ਜਾਓ। ਬੇਗਿ = ਛੇਤੀ। ਬੇਗਿ ਬੇਗਾਲੀ = ਬਹੁਤ ਛੇਤੀ। ਖਰਚੁ ਹਰਿ = ਪ੍ਰਭੂ ਦਾ ਨਾਮ (ਜੀਵਨ = ਸਫ਼ਰ ਵਾਸਤੇ) ਖ਼ਰਚ। ਬਾਧਹੁ = (ਪੱਲੇ) ਬੰਨ੍ਹ ਲਵੋ। ਕਾਲ੍ਹ੍ਹੀ = ਕੱਲ੍ਹ, ਭਲਕੇ।੨।
ਜਪਣਾ = ਜਾਪ। ਚਲੈ ਹਰਿ ਨਾਲੀ = ਹਰੀ ਦੀ ਰਜ਼ਾ ਵਿਚ ਤੁਰਦਾ ਹੈ। ਕੇਲ = ਚੋਜ, ਤਮਾਸ਼ੇ। ਕੇਲਾਲੀ = ਚੋਜੀ।੩।
ਲਚਾਨੀ = {ਅਸਲ ਲਫ਼ਜ਼ 'ਲੋਚਾਨੀ' ਹੈ, ਇਥੇ 'ਲੁਚਾਨੀ' ਪੜ੍ਹਨਾ ਹੈ}। ਹਰਿ = ਹੇ ਹਰੀ! ਬਨਵਾਲੀ = ਹੇ ਬਨਵਾਲੀ, ਹੇ ਪਰਮਾਤਮਾ! ਪਗ = ਪੈਰ। ਰਾਲੀ = ਖ਼ਾਕ, ਧੂੜ।੪।
ਅਰਥ: ਹੇ ਗੁਰਸਿੱਖ ਮਿੱਤਰੋ! ਗੁਰੂ ਦੇ ਦੱਸੇ ਹੋਏ ਜੀਵਨ-ਰਾਹ ਤੇ ਤੁਰੋ। (ਗੁਰੂ ਆਖਦਾ ਹੈ ਕਿ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਿਆ ਕਰੋ, ਇਹ) ਜੋ ਕੁਝ ਗੁਰੂ ਆਖਦਾ ਹੈ, ਇਸ ਨੂੰ (ਆਪਣੇ ਵਾਸਤੇ) ਭਲਾ ਸਮਝੋ, (ਕਿਉਂਕਿ) ਪ੍ਰਭੂ ਦੀ ਸਿਫ਼ਤਿ-ਸਾਲਾਹ ਅਨੋਖੀ (ਤਬਦੀਲੀ ਜੀਵਨ ਵਿਚ ਪੈਦਾ ਕਰ ਦੇਂਦੀ ਹੈ) ।੧।ਰਹਾਉ।
ਹੇ ਭਾਈ! ਅਸੀ ਜੀਵ ਮਾਇਆ ਦੇ ਮੋਹ ਵਿਚ ਬਹੁਤ ਅੰਨ੍ਹੇ ਹੋ ਕੇ ਮਾਇਕ ਪਦਾਰਥਾਂ ਦੇ ਜ਼ਹਰ ਵਿਚ ਮਗਨ ਰਹਿੰਦੇ ਹਾਂ। ਅਸੀ ਕਿਵੇਂ ਗੁਰੂ ਦੇ ਦੱਸੇ ਜੀਵਨ-ਰਾਹ ਉਤੇ ਤੁਰ ਸਕਦੇ ਹਾਂ? ਸੁਖਾਂ ਦਾ ਦੇਣ ਵਾਲਾ ਗੁਰੂ (ਆਪ ਹੀ) ਮੇਹਰ ਕਰੇ, ਤੇ, ਸਾਨੂੰ ਆਪਣੇ ਲੜ ਲਾ ਲਏ।੧।
ਹੇ ਹਰੀ ਦੇ ਸੰਤ ਜਨੋ! ਹੇ ਭਰਾਵੋ! ਸੁਣੋ, ਛੇਤੀ ਹੀ ਗੁਰੂ ਦੀ ਸਰਨ ਪੈ ਜਾਓ। ਗੁਰੂ ਦੀ ਸਰਨ ਪੈ ਕੇ (ਜੀਵਨ-ਸਫ਼ਰ ਵਾਸਤੇ) ਪਰਮਾਤਮਾ ਦੇ ਨਾਮ ਦੀ ਖਰਚੀ (ਪੱਲੇ) ਬੰਨ੍ਹੋ। ਮਤਾਂ ਇਹ ਸਮਝਿਓ ਕਿ ਅੱਜ (ਇਹ ਕੰਮ ਕਰ ਲਵਾਂਗੇ) ਭਲਕੇ (ਇਹ ਕੰਮ ਕਰ ਲਵਾਂਗੇ। ਟਾਲ ਮਟੋਲੇ ਨਾਹ ਕਰਨੇ) ।੨।
ਹੇ ਹਰੀ ਦੇ ਸੰਤ ਜਨੋ! ਪਰਮਾਤਮਾ ਦੇ ਨਾਮ ਦਾ ਜਾਪ ਜਪਿਆ ਕਰੋ। (ਇਸ ਜਾਪ ਦੀ ਬਰਕਤਿ ਨਾਲ) ਹਰੀ ਦਾ ਸੰਤ ਹਰੀ ਦੀ ਰਜ਼ਾ ਵਿਚ ਤੁਰਨ ਲੱਗ ਪੈਂਦਾ ਹੈ। ਹੇ ਭਾਈ! ਜੇਹੜੇ ਮਨੁੱਖ ਪਰਮਾਤਮਾ ਦਾ ਨਾਮ ਜਪਦੇ ਹਨ, ਉਹ ਪਰਮਾਤਮਾ ਦਾ ਰੂਪ ਹੋ ਜਾਂਦੇ ਹਨ। ਚੋਜ-ਤਮਾਸ਼ੇ ਕਰਨ ਵਾਲਾ ਚੋਜੀ ਪ੍ਰਭੂ ਉਹਨਾਂ ਨੂੰ ਮਿਲ ਪੈਂਦਾ ਹੈ।੩।
ਹੇ ਦਾਸ ਨਾਨਕ! ਆਖ-) ਹੇ ਬਨਵਾਰੀ ਪ੍ਰਭੂ! ਮੈਨੂੰ ਤੇਰਾ ਨਾਮ ਜਪਣ ਦੀ ਤਾਂਘ ਲੱਗੀ ਹੋਈ ਹੈ। ਮੇਹਰ ਕਰ ਮੈਨੂੰ ਸਾਧ ਸੰਗਤਿ ਵਿਚ ਮਿਲਾਈ ਰੱਖ, ਮੈਨੂੰ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮਿਲੀ ਰਹੇ।੪।੪।
ਤਿਲੰਗ ਮਹਲਾ ੧ ਘਰੁ ੨ ੴ ਸਤਿਗੁਰ ਪ੍ਰਸਾਦਿ ॥ ਭਉ ਤੇਰਾ ਭਾਂਗ ਖਲੜੀ ਮੇਰਾ ਚੀਤੁ ॥ ਮੈ ਦੇਵਾਨਾ ਭਇਆ ਅਤੀਤੁ ॥ ਕਰ ਕਾਸਾ ਦਰਸਨ ਕੀ ਭੂਖ ॥ ਮੈ ਦਰਿ ਮਾਗਉ ਨੀਤਾ ਨੀਤ ॥੧॥ ਤਉ ਦਰਸਨ ਕੀ ਕਰਉ ਸਮਾਇ ॥ ਮੈ ਦਰਿ ਮਾਗਤੁ ਭੀਖਿਆ ਪਾਇ ॥੧॥ ਰਹਾਉ ॥ ਕੇਸਰਿ ਕੁਸਮ ਮਿਰਗਮੈ ਹਰਣਾ ਸਰਬ ਸਰੀਰੀ ਚੜ੍ਹ੍ਹਣਾ ॥ ਚੰਦਨ ਭਗਤਾ ਜੋਤਿ ਇਨੇਹੀ ਸਰਬੇ ਪਰਮਲੁ ਕਰਣਾ ॥੨॥ ਘਿਅ ਪਟ ਭਾਂਡਾ ਕਹੈ ਨ ਕੋਇ ॥ ਐਸਾ ਭਗਤੁ ਵਰਨ ਮਹਿ ਹੋਇ ॥ ਤੇਰੈ ਨਾਮਿ ਨਿਵੇ ਰਹੇ ਲਿਵ ਲਾਇ ॥ ਨਾਨਕ ਤਿਨ ਦਰਿ ਭੀਖਿਆ ਪਾਇ ॥੩॥੧॥੨॥ {ਪੰਨਾ 721}
ਪਦਅਰਥ: ਭਉ = ਡਰ, ਅਦਬ। ਭਾਂਗ = ਭੰਗ। ਖਲੜੀ = ਗੁੱਥੀ। ਦੇਵਾਨਾ = ਨਸ਼ਈ, ਮਸਤਾਨਾ। ਅਤੀਤੁ = ਵਿਰਕਤ। ਕਰ = ਦੋਵੇਂ ਹੱਥ। ਕਾਸਾ = ਪਿਆਲਾ। ਦਰਿ = (ਤੇਰੇ) ਦਰ ਤੇ। ਮਾਗਉ = ਮੈਂ ਮੰਗਦਾ ਹਾਂ। ਨੀਤਾ ਨੀਤ = ਸਦਾ ਹੀ।੧।
ਤਉ = ਤੇਰਾ। ਕਰਉ = ਮੈਂ ਕਰਦਾ ਹਾਂ। ਸਮਾਇ = ਸਦਾਅ, ਆਵਾਜ਼ਾ। ਮਾਗਤੁ = ਮੰਗਤਾ। ਪਾਇ = ਦੇਹ।੧।ਰਹਾਉ।
ਕੁਸਮ = ਫੁੱਲ। ਮਿਰਗਮੈ = ਮਿਰਗ = ਮਦ, ਕਸਤੂਰੀ। ਹਰਣਾ = {हिंरण्य} ਸੋਨਾ। ਸਰੀਰੀ = ਸਰੀਰਾਂ ਤੇ। ਜੋਤਿ = ਸੁਭਾਉ। ਇਨੇਹੀ = ਇਹੋ ਜੇਹੀ। ਪਰਮਲੁ = ਸੁਗੰਧੀ।੨।
ਘਿਅ ਭਾਂਡਾ = ਘਿਉ ਦਾ ਭਾਂਡਾ। ਪਟ = ਰੇਸ਼ਮ। ਕਹੈ ਨ ਕੋਇ = ਕੋਈ ਪੁੱਛ ਨਹੀਂ ਕਰਦਾ। ਵਰਨ ਮਹਿ = (ਭਾਵੇਂ ਕਿਸੇ ਹੀ) ਜਾਤਿ ਵਿਚ। ਤੇਰੈ ਨਾਮਿ = ਤੇਰੇ ਨਾਮ ਵਿਚ। ਨਿਵੇ = ਨਿਵੇਂ ਹੋਏ, ਨਿਮ੍ਰਤਾ ਵਾਲੇ। ਤਿਨ ਦਰਿ = ਉਹਨਾਂ ਦੇ ਦਰ ਤੇ। ਭੀਖਿਆ = ਖ਼ੈਰ।੩।
ਨੋਟ: ਅੰਕ ੩ ਤੋਂ ਅਗਲਾ ਅੰਕ ੧ ਦੱਸਦਾ ਹੈ ਕਿ ਇਹ ਸ਼ਬਦ "ਘਰੁ ੨" ਦਾ ਪਹਿਲਾ ਸ਼ਬਦ ਹੈ।
ਅਰਥ: (ਹੇ ਪ੍ਰਭੂ!) ਮੈਂ ਤੇਰੇ ਦਰ ਤੇ ਮੰਗਤਾ ਹਾਂ, ਮੈਂ ਤੇਰੇ ਦੀਦਾਰ ਦੀ ਸਦਾਅ ਕਰਦਾ ਹਾਂ, ਮੈਨੂੰ (ਆਪਣੇ ਦੀਦਾਰ ਦਾ) ਖ਼ੈਰ ਪਾ।੧।ਰਹਾਉ।
ਤੇਰਾ ਡਰ ਅਦਬ ਮੇਰੇ ਵਾਸਤੇ ਭੰਗ ਹੈ, ਮੇਰਾ ਮਨ (ਇਸ ਭੰਗ ਨੂੰ ਸਾਂਭ ਕੇ ਰੱਖਣ ਲਈ) ਗੁੱਥੀ ਹੈ। (ਤੇਰੇ ਡਰ-ਅਦਬ ਦੀ ਭੰਗ ਨਾਲ) ਮੈਂ ਨਸ਼ਈ ਤੇ ਵਿਰਕਤ ਹੋ ਗਿਆ ਹਾਂ। ਮੇਰੇ ਦੋਵੇਂ ਹੱਥ (ਤੇਰੇ ਦਰ ਤੋਂ ਖ਼ੈਰ ਲੈਣ ਵਾਸਤੇ) ਪਿਆਲਾ ਹਨ, (ਮੇਰੇ ਆਤਮਾ ਨੂੰ ਤੇਰੇ) ਦੀਦਾਰ ਦੀ ਭੁੱਖ (ਲੱਗੀ ਹੋਈ) ਹੈ, (ਇਸ ਵਾਸਤੇ) ਮੈਂ (ਤੇਰੇ) ਦਰ ਤੇ ਸਦਾ (ਦੀਦਾਰ ਦੀ ਮੰਗ ਹੀ) ਮੰਗਦਾ ਹਾਂ।੧।
ਕੇਸਰ, ਫੁੱਲ, ਕਸਤੂਰੀ ਤੇ ਸੋਨਾ (ਇਹਨਾਂ ਦੀ ਭਿੱਟ ਕੋਈ ਨਹੀਂ ਮੰਨਦਾ, ਇਹ) ਸਭਨਾਂ ਦੇ ਸਰੀਰਾਂ ਤੇ ਵਰਤੇ ਜਾਂਦੇ ਹਨ। ਚੰਦਨ ਸਭ ਨੂੰ ਸੁਗੰਧੀ ਦੇਂਦਾ ਹੈ, ਅਜੇਹਾ ਹੀ ਸੁਭਾਉ (ਤੇਰੇ) ਭਗਤਾਂ ਦਾ ਹੈ।੨।
ਰੇਸ਼ਮ ਤੇ ਘਿਉ ਦੇ ਭਾਂਡੇ ਬਾਰੇ ਕਦੇ ਕੋਈ ਮਨੁੱਖ ਪੁੱਛ ਨਹੀਂ ਕਰਦਾ (ਕਿ ਇਹਨਾਂ ਨੂੰ ਕਿਸ ਕਿਸ ਦਾ ਹੱਥ ਲੱਗ ਚੁਕਾ ਹੈ) । (ਹੇ ਪ੍ਰਭੂ! ਤੇਰਾ) ਭਗਤ ਭੀ ਅਜੇਹਾ ਹੀ ਹੁੰਦਾ ਹੈ, ਭਾਵੇਂ ਉਹ ਕਿਸੇ ਹੀ ਜਾਤਿ ਵਿਚ (ਜੰਮਿਆ) ਹੋਵੇ।
ਹੇ ਨਾਨਕ! ਪ੍ਰਭੂ-ਦਰ ਤੇ ਅਰਦਾਸ ਕਰ ਤੇ ਆਖ-ਹੇ ਪ੍ਰਭੂ!) ਜੋ ਬੰਦੇ ਤੇਰੇ ਨਾਮ ਵਿਚ ਲੀਨ ਰਹਿੰਦੇ ਹਨ ਲਿਵ ਲਾਈ ਰੱਖਦੇ ਹਨ, ਉਹਨਾਂ ਦੇ ਦਰ ਤੇ (ਰੱਖ ਕੇ ਮੈਨੂੰ ਆਪਣੇ ਦਰਸਨ ਦਾ) ਖ਼ੈਰ ਪਾ।੩।੧।੨।

ਕਿਆ ਪੜੀਐ ਕਿਆ ਗੁਨੀਐ ॥ ਕਿਆ ਬੇਦ ਪੁਰਾਨਾਂ ਸੁਨੀਐ ॥ ਪੜੇ ਸੁਨੇ ਕਿਆ ਹੋਈ ॥ ਜਉ ਸਹਜ ਨ ਮਿਲਿਓ ਸੋਈ ॥੧॥ ਹਰਿ ਕਾ ਨਾਮੁ ਨ ਜਪਸਿ ਗਵਾਰਾ ॥ ਕਿਆ ਸੋਚਹਿ ਬਾਰੰ ਬਾਰਾ ॥੧॥ ਰਹਾਉ ॥ ਅੰਧਿਆਰੇ ਦੀਪਕੁ ਚਹੀਐ ॥ ਇਕ ਬਸਤੁ ਅਗੋਚਰ ਲਹੀਐ ॥ ਬਸਤੁ ਅਗੋਚਰ ਪਾਈ ॥ ਘਟਿ ਦੀਪਕੁ ਰਹਿਆ ਸਮਾਈ ॥੨॥ ਕਹਿ ਕਬੀਰ ਅਬ ਜਾਨਿਆ ॥ ਜਬ ਜਾਨਿਆ ਤਉ ਮਨੁ ਮਾਨਿਆ ॥ ਮਨ ਮਾਨੇ ਲੋਗੁ ਨ ਪਤੀਜੈ ॥ ਨ ਪਤੀਜੈ ਤਉ ਕਿਆ ਕੀਜੈ ॥੩॥੭॥ {ਪੰਨਾ 655-656}
ਪਦਅਰਥ: ਕਿਆ = ਕੀਹ ਲਾਭ? ਗੁਨੀਐ {Skt. गण्} ਵਿਚਾਰੀਏ। ਕਿਆ ਹੋਈ = ਕੋਈ ਲਾਭ ਨਹੀਂ ਹੋਵੇਗਾ। ਜਉ = ਜੇ। ਸਹਜ = {Skt. सहज = as a natural result of} ਕੁਦਰਤੀ ਨਤੀਜੇ ਦੇ ਤੌਰ ਤੇ, ਸੁਭਾਵਿਕ ਹੀ। ਸੋਈ = ਉਹ ਪ੍ਰਭੂ।੧।
ਨ ਜਪਸਿ = ਤੂੰ ਨਹੀਂ ਜਪਦਾ। ਗਵਾਰਾ = ਹੇ ਗੰਵਾਰ! ਹੇ ਮੂਰਖ! ਬਾਰੰ ਬਾਰਾ = ਮੁੜ ਮੁੜ।੧।ਰਹਾਉ।
ਅੰਧਿਆਰੇ = ਹਨੇਰੇ ਵਿਚ। ਚਹੀਐ = ਚਾਹੀਦਾ ਹੈ, ਲੋੜ ਹੁੰਦੀ ਹੈ। ਅਗੋਚਰ = ਜਿਸ ਤਕ ਗਿਆਨ = ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ {ਅ = ਗੋ = ਚਰ}। ਲਹੀਐ = ਲੱਭ ਪਏ। ਪਾਈ = (ਜਿਸ ਨੇ) ਲੱਭ ਲਈ। ਘਟਿ = (ਉਸ ਦੇ) ਹਿਰਦੇ ਵਿਚ। ਸਮਾਈ ਰਹਿਆ = ਅਡੋਲ ਜਗਦਾ ਰਹਿੰਦਾ ਹੈ।੨।
ਕਹਿ = ਕਹੇ, ਕਹਿੰਦਾ ਹੈ। ਅਬ = ਹੁਣ (ਜਦੋਂ 'ਅਗੋਚਰ ਬਸਤੁ' ਲੱਭ ਪਈ ਹੈ) । ਜਾਨਿਆ = ਜਾਣ ਲਿਆ ਹੈ, ਸੂਝ ਪੈ ਗਈ ਹੈ, ਜਾਣ-ਪਛਾਣ ਹੋ ਗਈ ਹੈ। ਮਾਨਿਆ = ਮੰਨ ਗਿਆ, ਪਤੀਜ ਗਿਆ ਹੈ, ਸੰਤੁਸ਼ਟ ਹੋ ਗਿਆ ਹੈ। ਤਉ = ਤਾਂ। ਕਿਆ ਕੀਜੈ = ਕੀਹ ਕੀਤਾ ਜਾਏ? ਕੋਈ ਮੁਥਾਜੀ ਨਹੀਂ ਹੁੰਦੀ।੩।
ਅਰਥ: ਹੇ ਮੂਰਖ! ਤੂੰ ਪਰਮਾਤਮਾ ਦਾ ਨਾਮ (ਤਾਂ) ਸਿਮਰਦਾ ਨਹੀਂ (ਨਾਮ ਨੂੰ ਵਿਸਾਰ ਕੇ) ਮੁੜ ਮੁੜ ਹੋਰ ਸੋਚਾਂ ਸੋਚਣ ਦਾ ਤੈਨੂੰ ਕੀਹ ਲਾਭ ਹੋਵੇਗਾ?।੧।ਰਹਾਉ।
(ਹੇ ਗੰਵਾਰ!) ਵੇਦ ਪੁਰਾਣ ਆਦਿਕ ਧਰਮ-ਪੁਸਤਕਾਂ ਨਿਰੇ ਪੜ੍ਹਨ ਸੁਣਨ ਤੋਂ ਕੋਈ ਫ਼ਾਇਦਾ ਨਹੀਂ, ਜੇ ਇਸ ਪੜ੍ਹਨ ਸੁਣਨ ਦੇ ਕੁਦਰਤੀ ਨਤੀਜੇ ਦੇ ਤੌਰ ਤੇ ਉਸ ਪ੍ਰਭੂ ਦਾ ਮਿਲਾਪ ਨਾਹ ਹੋਵੇ।੧।
ਹਨੇਰੇ ਵਿਚ (ਤਾਂ) ਦੀਵੇ ਦੀ ਲੋੜ ਹੁੰਦੀ ਹੈ (ਤਾਕਿ ਅੰਦਰੋਂ) ਉਹ ਹਰਿ-ਨਾਮ ਪਦਾਰਥ ਮਿਲ ਪਏ, ਜਿਸ ਤਕ ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ, (ਇਸ ਤਰ੍ਹਾਂ ਧਾਰਮਿਕ ਪੁਸਤਕਾਂ ਪੜ੍ਹਨ ਨਾਲ ਉਹ ਗਿਆਨ ਦਾ ਦੀਵਾ ਮਨ ਵਿਚ ਜਗਣਾ ਚਾਹੀਦਾ ਹੈ ਜਿਸ ਨਾਲ ਅੰਦਰ-ਵੱਸਦਾ ਰੱਬ ਲੱਭ ਪਏ) । ਜਿਸ ਮਨੁੱਖ ਨੂੰ ਉਹ ਅਪਹੁੰਚ ਹਰਿ-ਨਾਮ ਪਦਾਰਥ ਮਿਲ ਪੈਂਦਾ ਹੈ, ਉਸ ਦੇ ਅੰਦਰ ਉਹ ਦੀਵਾ ਫਿਰ ਸਦਾ ਟਿਕਿਆ ਰਹਿੰਦਾ ਹੈ।੨।
ਕਬੀਰ ਆਖਦਾ ਹੈ-ਉਸ ਅਪਹੁੰਚ ਹਰਿ-ਨਾਮ ਪਦਾਰਥ ਨਾਲ ਮੇਰੀ ਭੀ ਜਾਣ-ਪਛਾਣ ਹੋ ਗਈ ਹੈ। ਜਦੋਂ ਤੋਂ ਜਾਣ-ਪਛਾਣ ਹੋਈ ਹੈ, ਮੇਰਾ ਮਨ ਉਸੇ ਵਿਚ ਹੀ ਪਰਚ ਗਿਆ ਹੈ। (ਪਰ ਜਗਤ ਲੋੜਦਾ ਹੈ ਧਰਮ-ਪੁਸਤਕਾਂ ਦੇ ਰਿਵਾਜੀ ਪਾਠ ਕਰਨੇ ਕਰਾਉਣੇ ਤੇ ਤੀਰਥ ਆਦਿਕਾਂ ਦੇ ਇਸ਼ਨਾਨ; ਸੋ,) ਪਰਮਾਤਮਾ ਵਿਚ ਮਨ ਜੁੜਨ ਨਾਲ (ਕਰਮ-ਕਾਂਡੀ) ਜਗਤ ਦੀ ਤਸੱਲੀ ਨਹੀਂ ਹੁੰਦੀ; (ਦੂਜੇ ਪਾਸੇ,) ਨਾਮ ਸਿਮਰਨ ਵਾਲੇ ਨੂੰ ਭੀ ਇਹ ਮੁਥਾਜੀ ਨਹੀਂ ਹੁੰਦੀ ਕਿ ਜ਼ਰੂਰ ਹੀ ਲੋਕਾਂ ਦੀ ਤਸੱਲੀ ਭੀ ਕਰਾਏ, (ਤਾਹੀਏਂ, ਆਮ ਤੌਰ ਤੇ ਇਹਨਾਂ ਦਾ ਅਜੋੜ ਹੀ ਬਣਿਆ ਰਹਿੰਦਾ ਹੈ) ।੩।੭।
ਸ਼ਬਦ ਦਾ ਭਾਵ: ਜੇ ਮਨੁੱਖ ਦੀ ਲਗਨ ਪ੍ਰਭੂ ਦੇ ਨਾਮ ਵਿਚ ਨਹੀਂ ਬਣਦੀ ਤਾਂ ਧਰਮ-ਪੁਸਤਕਾਂ ਦੇ ਪਾਠ ਕਰਾਉਣ ਦਾ ਕੋਈ ਲਾਭ ਨਹੀਂ ਹੁੰਦਾ। ਇਹ ਪਾਠ ਕਰਨੇ ਕਰਾਉਣੇ ਨਿਰੇ ਲੋਕਾਚਾਰੀ ਰਹਿ ਜਾਂਦੇ ਹਨ।੭।
ਧਨਾਸਰੀ ਛੰਤ ਮਹਲਾ ੪ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਹਰਿ ਜੀਉ ਕ੍ਰਿਪਾ ਕਰੇ ਤਾ ਨਾਮੁ ਧਿਆਈਐ ਜੀਉ ॥ ਸਤਿਗੁਰੁ ਮਿਲੈ ਸੁਭਾਇ ਸਹਜਿ ਗੁਣ ਗਾਈਐ ਜੀਉ ॥ ਗੁਣ ਗਾਇ ਵਿਗਸੈ ਸਦਾ ਅਨਦਿਨੁ ਜਾ ਆਪਿ ਸਾਚੇ ਭਾਵਏ ॥ ਅਹੰਕਾਰੁ ਹਉਮੈ ਤਜੈ ਮਾਇਆ ਸਹਜਿ ਨਾਮਿ ਸਮਾਵਏ ॥ ਆਪਿ ਕਰਤਾ ਕਰੇ ਸੋਈ ਆਪਿ ਦੇਇ ਤ ਪਾਈਐ ॥ ਹਰਿ ਜੀਉ ਕ੍ਰਿਪਾ ਕਰੇ ਤਾ ਨਾਮੁ ਧਿਆਈਐ ਜੀਉ ॥੧॥ {ਪੰਨਾ 690}
ਪਦਅਰਥ: ਧਿਆਈਐ = ਸਿਮਰਿਆ ਜਾ ਸਕਦਾ ਹੈ। ਸੁਭਾਇ = ਪ੍ਰੇਮ ਵਿਚ। ਸਹਜਿ = ਆਤਮਕ ਅਡੋਲਤਾ ਵਿਚ। ਗਾਈਐ = ਗਾ ਸਕੀਦਾ ਹੈ। ਵਿਗਸੈ = ਖਿੜਿਆ ਰਹਿੰਦਾ ਹੈ। ਗਾਇ = ਗਾ ਕੇ। ਅਨਦਿਨੁ = ਹਰ ਰੋਜ਼, ਹਰ ਵੇਲੇ {अनुदिन}। ਸਾਚੇ ਭਾਵਏ = ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਚੰਗਾ ਲੱਗੇ। ਭਾਵਏ = ਭਾਵੈ, ਚੰਗਾ ਲੱਗੇ। ਨਾਮਿ = ਨਾਮ ਵਿਚ। ਸਮਾਵਏ = ਸਮਾਵੈ, ਸਮਾ ਜਾਂਦਾ ਹੈ। ਦੇਇ = ਦੇਂਦਾ ਹੈ। ਤ = ਤਾਂ, ਤਦੋਂ।੧।
ਅਰਥ: ਹੇ ਭਾਈ! ਜੇ ਪਰਮਾਤਮਾ ਆਪ ਕਿਰਪਾ ਕਰੇ, ਤਾਂ ਉਸ ਦਾ ਨਾਮ ਸਿਮਰਿਆ ਜਾ ਸਕਦਾ ਹੈ। ਜੇ ਗੁਰੂ ਮਿਲ ਪਏ, ਤਾਂ (ਪ੍ਰਭੂ ਦੇ) ਪ੍ਰੇਮ ਵਿਚ (ਲੀਨ ਹੋ ਕੇ) ਆਤਮਕ ਅਡੋਲਤਾ ਵਿਚ (ਟਿਕ ਕੇ) ਪਰਮਾਤਮਾ ਦੇ ਗੁਣਾਂ ਨੂੰ ਗਾ ਸਕੀਦਾ ਹੈ। (ਪਰਮਾਤਮਾ ਦੇ) ਗੁਣ ਗਾ ਕੇ (ਮਨੁੱਖ) ਸਦਾ ਹਰ ਵੇਲੇ ਖਿੜਿਆ ਰਹਿੰਦਾ ਹੈ, (ਪਰ ਇਹ ਤਦੋਂ ਹੀ ਹੋ ਸਕਦਾ ਹੈ) ਜਦੋਂ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਆਪ (ਇਹ ਮੇਹਰ ਕਰਨੀ) ਪਸੰਦ ਆਵੇ। (ਗੁਣ ਗਾਣ ਦੀ ਬਰਕਤਿ ਨਾਲ ਮਨੁੱਖ) ਅਹੰਕਾਰ, ਹਉਮੈ, ਮਾਇਆ (ਦਾ ਮੋਹ) ਤਿਆਗ ਦੇਂਦਾ ਹੈ, ਅਤੇ, ਆਤਮਕ ਅਡੋਲਤਾ ਵਿਚ ਹਰਿ-ਨਾਮ ਵਿਚ ਲੀਨ ਹੋ ਜਾਂਦਾ ਹੈ। (ਨਾਮ ਸਿਮਰਨ ਦੀ ਦਾਤਿ) ਉਹ ਪਰਮਾਤਮਾ ਆਪ ਹੀ ਕਰਦਾ ਹੈ, ਜਦੋਂ ਉਹ (ਇਹ ਦਾਤਿ) ਦੇਂਦਾ ਹੈ ਤਦੋਂ ਮਿਲਦੀ ਹੈ। ਹੇ ਭਾਈ! ਪਰਮਾਤਮਾ ਕਿਰਪਾ ਕਰੇ, ਤਾਂ ਉਸ ਦਾ ਨਾਮ ਸਿਮਰਿਆ ਜਾ ਸਕਦਾ ਹੈ।੧।
ਅੰਦਰਿ ਸਾਚਾ ਨੇਹੁ ਪੂਰੇ ਸਤਿਗੁਰੈ ਜੀਉ ॥ ਹਉ ਤਿਸੁ ਸੇਵੀ ਦਿਨੁ ਰਾਤਿ ਮੈ ਕਦੇ ਨ ਵੀਸਰੈ ਜੀਉ ॥ ਕਦੇ ਨ ਵਿਸਾਰੀ ਅਨਦਿਨੁ ਸਮ੍ਹ੍ਹਾਰੀ ਜਾ ਨਾਮੁ ਲਈ ਤਾ ਜੀਵਾ ॥ ਸ੍ਰਵਣੀ ਸੁਣੀ ਤ ਇਹੁ ਮਨੁ ਤ੍ਰਿਪਤੈ ਗੁਰਮੁਖਿ ਅੰਮ੍ਰਿਤੁ ਪੀਵਾ ॥ ਨਦਰਿ ਕਰੇ ਤਾ ਸਤਿਗੁਰੁ ਮੇਲੇ ਅਨਦਿਨੁ ਬਿਬੇਕ ਬੁਧਿ ਬਿਚਰੈ ॥ ਅੰਦਰਿ ਸਾਚਾ ਨੇਹੁ ਪੂਰੇ ਸਤਿਗੁਰੈ ॥੨॥ {ਪੰਨਾ 690}
ਪਦਅਰਥ: ਸਾਚਾ = ਸਦਾ-ਥਿਰ ਰਹਿਣ ਵਾਲਾ। ਨੇਹੁ = ਪ੍ਰੇਮ। ਪੂਰੇ ਸਤਿਗੁਰੈ = ਪੂਰੇ ਗੁਰੂ ਦੀ ਰਾਹੀਂ। ਹਉ = ਮੈਂ। ਤਿਸੁ = ਉਸ (ਪ੍ਰਭੂ) ਨੂੰ। ਸੇਵੀ = ਸੇਵੀਂ, ਮੈਂ ਸੇਂਵਦਾ ਹਾਂ। ਵੀਸਰੈ = ਭੁੱਲਦਾ। ਮੈ = ਮੈਨੂੰ। ਵਿਸਾਰੀ = ਵਿਸਾਰੀਂ, ਮੈਂ ਭੁਲਾਂਦਾ। ਸਮ੍ਹ੍ਹਾਰੀ = ਸਮ੍ਹ੍ਹਾਰੀਂ, ਮੈਂ ਸੰਭਾਲਦਾ। ਲਈ = ਲਈਂ। ਜੀਵਾ = ਜੀਵਾਂ। ਸ੍ਰਵਣੀ = ਕੰਨਾਂ ਨਾਲ। ਸੁਣੀ = ਸੁਣੀਂ। ਤ੍ਰਿਪਤੈ = ਰੱਜ ਜਾਂਦਾ ਹੈ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ = ਜਲ। ਪੀਵਾ = ਪੀਵਾਂ। ਬਿਬੇਕ = (ਚੰਗੇ ਮੰਦੇ ਦੀ) ਪਰਖ। ਬਿਚਰੈ = ਵਿਚਰਦੀ ਹੈ, ਵਰਤਦੀ ਹੈ।੨।
ਅਰਥ: ਹੇ ਭਾਈ! ਪੂਰੇ ਗੁਰੂ ਦੀ ਰਾਹੀਂ (ਮੇਰੇ) ਮਨ ਵਿਚ (ਪਰਮਾਤਮਾ ਨਾਲ) ਸਦਾ-ਥਿਰ ਰਹਿਣ ਵਾਲਾ ਪਿਆਰ ਬਣ ਗਿਆ ਹੈ। (ਗੁਰੂ ਦੀ ਕਿਰਪਾ ਨਾਲ) ਮੈਂ ਉਸ (ਪ੍ਰਭੂ) ਨੂੰ ਦਿਨ ਰਾਤ ਸਿਮਰਦਾ ਰਹਿੰਦਾ ਹਾਂ, ਮੈਨੂੰ ਉਹ ਕਦੇ ਭੀ ਨਹੀਂ ਭੁੱਲਦਾ। ਮੈਂ ਉਸ ਨੂੰ ਕਦੇ ਭੁਲਾਂਦਾ ਨਹੀਂ, ਮੈਂ ਹਰ ਵੇਲੇ (ਉਸ ਪ੍ਰਭੂ ਨੂੰ) ਹਿਰਦੇ ਵਿਚ ਵਸਾਈ ਰੱਖਦਾ ਹਾਂ। ਜਦੋਂ ਮੈਂ ਉਸ ਦਾ ਨਾਮ ਜਪਦਾ ਹਾਂ, ਤਦੋਂ ਮੈਨੂੰ ਆਤਮਕ ਜੀਵਨ ਪ੍ਰਾਪਤ ਹੁੰਦਾ ਹੈ। ਜਦੋਂ ਮੈਂ ਆਪਣੇ ਕੰਨਾਂ ਨਾਲ (ਹਰਿ-ਨਾਮ) ਸੁਣਦਾ ਹਾਂ ਤਦੋਂ (ਮੇਰਾ) ਇਹ ਮਨ (ਮਾਇਆ ਵਲੋਂ) ਰੱਜ ਜਾਂਦਾ ਹੈ। ਹੇ ਭਾਈ! ਮੈਂ ਗੁਰੂ ਦੀ ਸਰਨ ਪੈ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦਾ ਰਹਿੰਦਾ ਹਾਂ (ਜਦੋਂ ਪ੍ਰਭੂ ਮਨੁੱਖ ਉਤੇ ਮੇਹਰ ਦੀ) ਨਿਗਾਹ ਕਰਦਾ ਹੈ, ਤਦੋਂ (ਉਸ ਨੂੰ) ਗੁਰੂ ਮਿਲਾਂਦਾ ਹੈ (ਤਦੋਂ ਹਰ ਵੇਲੇ ਉਸ ਮਨੁੱਖ ਦੇ ਅੰਦਰ) ਚੰਗੇ ਮੰਦੇ ਦੀ ਪਰਖ ਕਰ ਸਕਣ ਵਾਲੀ ਅਕਲ ਕੰਮ ਕਰਦੀ ਹੈ। ਹੇ ਭਾਈ! ਪੂਰੇ ਗੁਰੂ ਦੀ ਕਿਰਪਾ ਨਾਲ ਮੇਰੇ ਅੰਦਰ (ਪ੍ਰਭੂ ਨਾਲ) ਸਦਾ ਕਾਇਮ ਰਹਿਣ ਵਾਲਾ ਪਿਆਰ ਬਣ ਗਿਆ ਹੈ।੨।
ਸਤਸੰਗਤਿ ਮਿਲੈ ਵਡਭਾਗਿ ਤਾ ਹਰਿ ਰਸੁ ਆਵਏ ਜੀਉ ॥ ਅਨਦਿਨੁ ਰਹੈ ਲਿਵ ਲਾਇ ਤ ਸਹਜਿ ਸਮਾਵਏ ਜੀਉ ॥ ਸਹਜਿ ਸਮਾਵੈ ਤਾ ਹਰਿ ਮਨਿ ਭਾਵੈ ਸਦਾ ਅਤੀਤੁ ਬੈਰਾਗੀ ॥ ਹਲਤਿ ਪਲਤਿ ਸੋਭਾ ਜਗ ਅੰਤਰਿ ਰਾਮ ਨਾਮਿ ਲਿਵ ਲਾਗੀ ॥ ਹਰਖ ਸੋਗ ਦੁਹਾ ਤੇ ਮੁਕਤਾ ਜੋ ਪ੍ਰਭੁ ਕਰੇ ਸੁ ਭਾਵਏ ॥ ਸਤਸੰਗਤਿ ਮਿਲੈ ਵਡਭਾਗਿ ਤਾ ਹਰਿ ਰਸੁ ਆਵਏ ਜੀਉ ॥੩॥ {ਪੰਨਾ 690}
ਪਦਅਰਥ: ਭਾਗਿ = ਭਾਗ ਨਾਲ, ਕਿਸਮਤ ਨਾਲ। ਰਸੁ = ਸੁਆਦ। ਆਵਏ = ਆਉਂਦਾ ਹੈ, ਆਵੈ। ਅਨਦਿਨੁ = ਹਰ ਰੋਜ਼, ਹਰ ਵੇਲੇ। ਲਿਵ = ਲਗਨ। ਸਮਾਵਏ = ਸਮਾਵੈ। ਮਨਿ = ਮਨ ਵਿਚ। ਭਾਵੈ = ਪਿਆਰਾ ਲੱਗਦਾ ਹੈ। ਅਤੀਤੁ = ਵਿਰਕਤ, ਮਾਇਆ ਦੇ ਮੋਹ ਤੋਂ ਪਾਰ ਲੰਘਿਆ ਹੋਇਆ। ਬੈਰਾਗੀ = ਨਿਰਮੋਹ। ਹਲਤਿ = ਇਸ ਲੋਕ ਵਿਚ {अत्र}। ਪਲਤਿ = {परत्र} ਪਰਲੋਕ ਵਿਚ। ਅੰਤਰਿ = ਵਿਚ। ਨਾਮਿ = ਨਾਮ ਵਿਚ। ਹਰਖ = ਖ਼ੁਸ਼ੀ। ਸੋਗ = ਗ਼ਮ। ਤੇ = ਤੋਂ। ਮੁਕਤਾ = ਸੁਤੰਤਰ। ਭਾਵਏ = ਭਾਵੈ।੩।
ਅਰਥ: (ਜਿਸ ਮਨੁੱਖ ਨੂੰ) ਵੱਡੀ ਕਿਸਮਤ ਨਾਲ ਸਾਧ ਸੰਗਤਿ ਪ੍ਰਾਪਤ ਹੋ ਜਾਂਦੀ ਹੈ, ਤਾਂ ਉਸ ਨੂੰ ਪਰਮਾਤਮਾ ਦੇ ਨਾਮ ਦਾ ਸੁਆਦ ਆਉਣ ਲੱਗ ਪੈਂਦਾ ਹੈ, ਉਹ ਹਰ ਵੇਲੇ (ਪ੍ਰਭੂ ਦੀ ਯਾਦ ਵਿਚ) ਸੁਰਤਿ ਜੋੜੀ ਰੱਖਦਾ ਹੈ, ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ। ਜਦੋਂ ਮਨੁੱਖ ਆਤਮਕ ਅਡੋਲਤਾ ਵਿਚ ਲੀਨ ਹੋ ਜਾਂਦਾ ਹੈ, ਤਦੋਂ ਪਰਮਾਤਮਾ ਦੇ ਮਨ ਵਿਚ ਪਿਆਰਾ ਲੱਗਣ ਲੱਗ ਪੈਂਦਾ ਹੈ, ਤਦੋਂ ਮਾਇਆ ਦੇ ਮੋਹ ਤੋਂ ਪਰੇ ਲੰਘ ਜਾਂਦਾ ਹੈ, ਨਿਰਲੇਪ ਹੋ ਜਾਂਦਾ ਹੈ। ਇਸ ਲੋਕ ਵਿਚ, ਪਰਲੋਕ ਵਿਚ, ਸਾਰੇ ਸੰਸਾਰ ਵਿਚ ਉਸ ਦੀ ਸੋਭਾ ਹੋਣ ਲੱਗ ਪੈਂਦੀ ਹੈ, ਪਰਮਾਤਮਾ ਦੇ ਨਾਮ ਵਿਚ ਉਸ ਦੀ ਲਗਨ ਲੱਗੀ ਰਹਿੰਦੀ ਹੈ। ਉਹ ਮਨੁੱਖ ਖ਼ੁਸ਼ੀ ਗ਼ਮੀ ਦੋਹਾਂ ਤੋਂ ਸੁਤੰਤਰ ਹੋ ਜਾਂਦਾ ਹੈ, ਜੋ ਕੁਝ ਪਰਮਾਤਮਾ ਕਰਦਾ ਹੈ ਉਹ ਉਸ ਨੂੰ ਚੰਗਾ ਲੱਗਣ ਲੱਗ ਪੈਂਦਾ ਹੈ। ਹੇ ਭਾਈ! ਜਦੋਂ ਵੱਡੀ ਕਿਸਮਤ ਨਾਲ ਕਿਸੇ ਮਨੁੱਖ ਨੂੰ ਸਾਧ ਸੰਗਤਿ ਪ੍ਰਾਪਤ ਹੁੰਦੀ ਹੈ ਤਦੋਂ ਉਸ ਨੂੰ ਪਰਮਾਤਮਾ ਦੇ ਨਾਮ ਦਾ ਰਸ ਆਉਣ ਲੱਗ ਪੈਂਦਾ ਹੈ।੩।
ਦੂਜੈ ਭਾਇ ਦੁਖੁ ਹੋਇ ਮਨਮੁਖ ਜਮਿ ਜੋਹਿਆ ਜੀਉ ॥ ਹਾਇ ਹਾਇ ਕਰੇ ਦਿਨੁ ਰਾਤਿ ਮਾਇਆ ਦੁਖਿ ਮੋਹਿਆ ਜੀਉ ॥ ਮਾਇਆ ਦੁਖਿ ਮੋਹਿਆ ਹਉਮੈ ਰੋਹਿਆ ਮੇਰੀ ਮੇਰੀ ਕਰਤ ਵਿਹਾਵਏ ॥ ਜੋ ਪ੍ਰਭੁ ਦੇਇ ਤਿਸੁ ਚੇਤੈ ਨਾਹੀ ਅੰਤਿ ਗਇਆ ਪਛੁਤਾਵਏ ॥ ਬਿਨੁ ਨਾਵੈ ਕੋ ਸਾਥਿ ਨ ਚਾਲੈ ਪੁਤ੍ਰ ਕਲਤ੍ਰ ਮਾਇਆ ਧੋਹਿਆ ॥ ਦੂਜੈ ਭਾਇ ਦੁਖੁ ਹੋਇ ਮਨਮੁਖਿ ਜਮਿ ਜੋਹਿਆ ਜੀਉ ॥੪॥ {ਪੰਨਾ 690}
ਪਦਅਰਥ: ਦੂਜੈ ਭਾਇ = (ਪ੍ਰਭੂ ਤੋਂ ਬਿਨਾ) ਹੋਰ ਪਿਆਰ ਵਿਚ। ਮਨਮੁਖ = ਆਪਣੇ ਮਨ ਦੇ ਪਿਛੇ ਤੁਰਨ ਵਾਲਾ। ਜਮਿ = ਜਮ ਨੇ, ਮੌਤ ਨੇ, ਆਤਮਕ ਮੌਤ ਨੇ। ਜੋਹਿਆ = ਤੱਕ ਵਿਚ ਰੱਖਿਆ। ਦੁਖਿ = ਦੁੱਖ ਵਿਚ। ਮੋਹਿਆ = ਫਸਿਆ ਹੋਇਆ। ਰੋਹਿਆ = ਰੋਹ ਵਿਚ ਰਹਿੰਦਾ ਹੈ, ਕ੍ਰੋਧਵਾਨ। ਕਰਤ = ਕਰਦਿਆਂ। ਵਿਹਾਵਏ = ਵਿਹਾਵੈ, ਬੀਤ ਜਾਂਦੀ ਹੈ। ਦੇਇ = ਦੇਂਦਾ ਹੈ। ਤਿਸੁ = ਉਸ (ਪ੍ਰਭੂ) ਨੂੰ। ਕਲਤ੍ਰ = ਇਸਤ੍ਰੀ। ਧੋਹਿਆ = ਛਲ, ਧ੍ਰੋਹ, ਠੱਗੀ।੪।
ਅਰਥ: ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੂੰ ਆਤਮਕ ਮੌਤ ਨੇ ਸਦਾ ਆਪਣੀ ਤੱਕ ਵਿਚ ਰੱਖਿਆ ਹੋਇਆ ਹੈ, ਮਾਇਆ ਦੇ ਮੋਹ ਦੇ ਕਾਰਨ ਉਸ ਨੂੰ ਸਦਾ ਦੁੱਖ ਵਿਆਪਦਾ ਹੈ। ਉਹ ਦਿਨ ਰਾਤ 'ਹਾਇ ਹਾਇ' ਕਰਦਾ ਰਹਿੰਦਾ ਹੈ, ਮਾਇਆ ਦੇ ਦੁੱਖ ਵਿਚ ਫਸਿਆ ਰਹਿੰਦਾ ਹੈ। ਉਹ ਸਦਾ ਮਾਇਆ ਦੇ ਦੁੱਖ ਵਿਚ ਗ੍ਰਸਿਆ ਹੋਇਆ ਹਉਮੈ ਦੇ ਕਾਰਨ ਕ੍ਰੋਧਾਤੁਰ ਭੀ ਰਹਿੰਦਾ ਹੈ। ਉਸ ਦੀ ਸਾਰੀ ਉਮਰ 'ਮੇਰੀ ਮਾਇਆ, ਮੇਰੀ ਮਾਇਆ' ਕਰਦਿਆਂ ਲੰਘ ਜਾਂਦੀ ਹੈ। ਜੇਹੜਾ ਪਰਮਾਤਮਾ (ਉਸ ਨੂੰ ਸਭ ਕੁਝ) ਦੇ ਰਿਹਾ ਹੈ ਉਸ ਪਰਮਾਤਮਾ ਨੂੰ ਉਹ ਕਦੇ ਚੇਤੇ ਨਹੀਂ ਕਰਦਾ, ਆਖ਼ਰ ਜਦੋਂ ਇਥੋਂ ਤੁਰਦਾ ਹੈ ਤਾਂ ਪਛੁਤਾਂਦਾ ਹੈ। ਪੁੱਤਰ ਇਸਤ੍ਰੀ (ਆਦਿਕ) ਹਰਿ-ਨਾਮ ਤੋਂ ਬਿਨਾ ਕੋਈ ਭੀ (ਮਨੁੱਖ ਦੇ) ਨਾਲ ਨਹੀਂ ਜਾਂਦਾ, ਦੁਨੀਆ ਦੀ ਮਾਇਆ ਉਸ ਨੂੰ ਛਲ ਲੈਂਦੀ ਹੈ। ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੂੰ ਆਤਮਕ ਮੌਤ ਗ੍ਰਸੀ ਰੱਖਦੀ ਹੈ, ਮਾਇਆ ਦੇ ਮੋਹ ਦੇ ਕਾਰਨ ਉਸ ਨੂੰ ਸਦਾ ਦੁੱਖ ਵਿਆਪਦਾ ਹੈ।੪।
ਕਰਿ ਕਿਰਪਾ ਲੇਹੁ ਮਿਲਾਇ ਮਹਲੁ ਹਰਿ ਪਾਇਆ ਜੀਉ ॥ ਸਦਾ ਰਹੈ ਕਰ ਜੋੜਿ ਪ੍ਰਭੁ ਮਨਿ ਭਾਇਆ ਜੀਉ ॥ ਪ੍ਰਭੁ ਮਨਿ ਭਾਵੈ ਤਾ ਹੁਕਮਿ ਸਮਾਵੈ ਹੁਕਮੁ ਮੰਨਿ ਸੁਖੁ ਪਾਇਆ ॥ ਅਨਦਿਨੁ ਜਪਤ ਰਹੈ ਦਿਨੁ ਰਾਤੀ ਸਹਜੇ ਨਾਮੁ ਧਿਆਇਆ ॥ ਨਾਮੋ ਨਾਮੁ ਮਿਲੀ ਵਡਿਆਈ ਨਾਨਕ ਨਾਮੁ ਮਨਿ ਭਾਵਏ ॥ ਕਰਿ ਕਿਰਪਾ ਲੇਹੁ ਮਿਲਾਇ ਮਹਲੁ ਹਰਿ ਪਾਵਏ ਜੀਉ ॥੫॥੧॥ {ਪੰਨਾ 690}
ਪਦਅਰਥ: ਕਰਿ = ਕਰ ਕੇ। ਲੇਹੁ ਮਿਲਾਇ = (ਤੂੰ) ਮਿਲਾ ਲੈਂਦਾ ਹੈਂ। ਮਹਲੁ = ਹਜ਼ੂਰੀ, (ਚਰਨਾਂ ਵਿਚ) ਥਾਂ। ਹਰਿ = ਹੇ ਹਰੀ! ਕਰ = {ਬਹੁ-ਵਚਨ} ਦੋਵੇਂ ਹੱਥ। ਜੋੜਿ = ਜੋੜ ਕੇ। ਮਨਿ = (ਉਸ ਦੇ) ਮਨ ਵਿਚ। ਭਾਇਆ = ਪਿਆਰਾ ਲੱਗਾ। ਭਾਵੈ = ਪਿਆਰਾ ਲੱਗਦਾ ਹੈ। ਤਾ = ਤਦੋਂ। ਹੁਕਮਿ = ਹੁਕਮ ਵਿਚ। ਮੰਨਿ = ਮੰਨ ਕੇ। ਅਨਦਿਨੁ = {अनुदिनां} ਹਰ ਰੋਜ਼, ਹਰ ਵੇਲੇ। ਸਹਜੇ = ਸਹਜਿ, ਆਤਮਕ ਅਡੋਲਤਾ ਵਿਚ। ਨਾਮੋ ਨਾਮੁ = ਨਾਮ ਹੀ ਨਾਮ।੫।
ਅਰਥ: ਹੇ ਹਰੀ! ਜਿਸ ਮਨੁੱਖ ਨੂੰ ਤੂੰ (ਆਪਣੀ) ਕਿਰਪਾ ਕਰ ਕੇ (ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈਂ, ਉਸ ਨੂੰ ਤੇਰੀ ਹਜ਼ੂਰੀ ਪ੍ਰਾਪਤ ਹੋ ਜਾਂਦੀ ਹੈ। (ਹੇ ਭਾਈ! ਉਹ ਮਨੁੱਖ ਪ੍ਰਭੂ ਦੀ ਹਜ਼ੂਰੀ ਵਿਚ) ਸਦਾ ਹੱਥ ਜੋੜ ਕੇ ਟਿਕਿਆ ਰਹਿੰਦਾ ਹੈ, ਉਸ ਨੂੰ (ਆਪਣੇ) ਮਨ ਵਿਚ ਪ੍ਰਭੂ ਪਿਆਰਾ ਲੱਗਦਾ ਹੈ। ਜਦੋਂ ਮਨੁੱਖ ਨੂੰ ਆਪਣੇ ਮਨ ਵਿਚ ਪ੍ਰਭੂ ਪਿਆਰਾ ਲੱਗਦਾ ਹੈ, ਤਦੋਂ ਉਹ ਪ੍ਰਭੂ ਦੀ ਰਜ਼ਾ ਵਿਚ ਟਿਕ ਜਾਂਦਾ ਹੈ, ਤੇ, ਹੁਕਮ ਮੰਨ ਕੇ ਆਤਮਕ ਆਨੰਦ ਮਾਣਦਾ ਹੈ। ਉਹ ਮਨੁੱਖ ਹਰ ਵੇਲੇ ਦਿਨ ਰਾਤ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਹੈ, ਆਤਮਕ ਅਡੋਲਤਾ ਵਿਚ ਟਿਕ ਕੇ ਉਹ ਹਰਿ-ਨਾਮ ਸਿਮਰਦਾ ਰਹਿੰਦਾ ਹੈ। ਹੇ ਨਾਨਕ! ਪਰਮਾਤਮਾ ਦਾ (ਹਰ ਵੇਲੇ) ਨਾਮ-ਸਿਮਰਨ (ਹੀ) ਉਸ ਨੂੰ ਵਡਿਆਈ ਮਿਲੀ ਰਹਿੰਦੀ ਹੈ, ਪ੍ਰਭੂ ਦਾ ਨਾਮ (ਉਸ ਨੂੰ ਆਪਣੇ) ਮਨ ਵਿਚ ਪਿਆਰਾ ਲੱਗਦਾ ਹੈ। ਹੇ ਹਰੀ! (ਆਪਣੀ) ਕਿਰਪਾ ਕਰ ਕੇ (ਜਿਸ ਮਨੁੱਖ ਨੂੰ ਤੂੰ ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈਂ, ਉਸ ਨੂੰ ਤੇਰੀ ਹਜ਼ੂਰੀ ਪ੍ਰਾਪਤ ਹੋ ਜਾਂਦੀ ਹੈ।੫।੧।

ਸੋਰਠਿ ਮਹਲਾ ੫ ਘਰੁ ੨ ਅਸਟਪਦੀਆ ੴ ਸਤਿਗੁਰ ਪ੍ਰਸਾਦਿ ॥ ਪਾਠੁ ਪੜਿਓ ਅਰੁ ਬੇਦੁ ਬੀਚਾਰਿਓ ਨਿਵਲਿ ਭੁਅੰਗਮ ਸਾਧੇ ॥ ਪੰਚ ਜਨਾ ਸਿਉ ਸੰਗੁ ਨ ਛੁਟਕਿਓ ਅਧਿਕ ਅਹੰਬੁਧਿ ਬਾਧੇ ॥੧॥ ਪਿਆਰੇ ਇਨ ਬਿਧਿ ਮਿਲਣੁ ਨ ਜਾਈ ਮੈ ਕੀਏ ਕਰਮ ਅਨੇਕਾ ॥ ਹਾਰਿ ਪਰਿਓ ਸੁਆਮੀ ਕੈ ਦੁਆਰੈ ਦੀਜੈ ਬੁਧਿ ਬਿਬੇਕਾ ॥ ਰਹਾਉ ॥ ਮੋਨਿ ਭਇਓ ਕਰਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ ॥ ਤਟ ਤੀਰਥ ਸਭ ਧਰਤੀ ਭ੍ਰਮਿਓ ਦੁਬਿਧਾ ਛੁਟਕੈ ਨਾਹੀ ॥੨॥ ਮਨ ਕਾਮਨਾ ਤੀਰਥ ਜਾਇ ਬਸਿਓ ਸਿਰਿ ਕਰਵਤ ਧਰਾਏ ॥ ਮਨ ਕੀ ਮੈਲੁ ਨ ਉਤਰੈ ਇਹ ਬਿਧਿ ਜੇ ਲਖ ਜਤਨ ਕਰਾਏ ॥੩॥ ਕਨਿਕ ਕਾਮਿਨੀ ਹੈਵਰ ਗੈਵਰ ਬਹੁ ਬਿਧਿ ਦਾਨੁ ਦਾਤਾਰਾ ॥ ਅੰਨ ਬਸਤ੍ਰ ਭੂਮਿ ਬਹੁ ਅਰਪੇ ਨਹ ਮਿਲੀਐ ਹਰਿ ਦੁਆਰਾ ॥੪॥ {ਪੰਨਾ 641-642}
ਪਦਅਰਥ: ਪੜਿਓ = ਪੜ੍ਹਿਆ (ਕਈਆਂ ਨੇ) । ਅਰੁ = ਅਤੇ। ਨਿਵਲਿ = ਖਲੋ ਕੇ, ਗੋਡਿਆਂ ਉਤੇ ਹੱਥ ਰੱਖ ਕੇ, ਸਾਹ ਬਾਹਰ ਵਲ ਖਿੱਚ ਕੇ, ਆਂਦਰਾਂ ਨੂੰ ਭਵਾਣਾ = ਇਸ ਨਾਲ ਪੇਟ ਦੀਆਂ ਆਂਦਰਾਂ ਸਾਫ਼ ਰਹਿੰਦੀਆਂ ਹਨ, ਕਬਜ਼ ਨਹੀਂ ਰਹਿੰਦੀ। ਨਿਉਲੀ ਕਰਮ ਸਵੇਰੇ ਖ਼ਾਲੀ = ਪੇਟ ਕਰੀਦਾ ਹੈ। ਭੁਅੰਗਮ = ਭੁਇਅੰਗਮ, ਭੁਯੰਗਮ। ਪਿੱਠ ਦੀ ਕੰਗਰੋੜ ਦੇ ਨਾਲ ਨਾਲ ਕੁੰਡਲਨੀ ਨਾੜੀ ਜਿਸ ਦੀ ਸ਼ਕਲ ਸਰਪਣੀ ਵਰਗੀ ਹੈ। ਇਸ ਦੇ ਰਾਹ ਸੁਆਸ ਚੜ੍ਹਾਂਦੇ ਹਨ। ਸਾਧੇ = ਸਾਧਨ ਕੀਤੇ (ਕਈਆਂ ਨੇ) । ਸਿਉ = ਨਾਲ। ਸੰਗੁ = ਸਾਥ। ਛੁਟਕਿਓ = ਮੁੱਕ ਸਕਿਆ। ਅਧਿਕ = ਬਹੁਤ ਵਧੀਕ। ਅਹੰਬੁਧਿ = ਅਹੰਕਾਰ = ਭਰੀ ਮਤਿ। ਬਾਧੇ = ਬੱਝ ਗਏ।੧।
ਪਿਆਰੇ = ਹੇ ਸੱਜਣ! ਇਨ ਬਿਧਿ = ਇਹਨਾਂ ਤਰੀਕਿਆਂ ਨਾਲ। ਮੈ = ਮੇਰੇ ਵੇਖਦਿਆਂ। ਹਾਰਿ = ਹਾਰ ਕੇ, ਇਹਨਾਂ ਕਰਮਾਂ ਦਾ ਆਸਰਾ ਛੱਡ ਕੇ। ਪਰਿਓ = ਪਿਆ ਹਾਂ। ਕੈ ਦੁਆਰੈ = ਦੇ ਦਰ ਉਤੇ। ਬਿਬੇਕਾ = ਪਰਖ।ਰਹਾਉ।
ਮੋਨਿ ਭਇਓ = ਕੋਈ ਚੁੱਪ ਸਾਧੀ ਬੈਠਾ ਹੈ। ਕਰਪਾਤੀ = {ਕਰ = ਹੱਥ। ਪਾਤ੍ਰ = ਭਾਂਡਾ} ਹੱਥਾਂ ਨੂੰ ਹੀ ਭਾਂਡਾ ਬਣਾ ਰੱਖਣ ਵਾਲਾ। ਮਾਹੀ = ਵਿਚ। ਤਟ = ਦਰੀਆ ਦਾ ਕੰਢਾ। ਸਭ = ਸਾਰੀ। ਭ੍ਰਮਿਓ = ਭਟਕਦਾ ਫਿਰਿਆ। ਦੁਬਿਧਾ = ਦੁ = ਚਿੱਤਾ = ਪਨ, ਮੇਰ = ਤੇਰ, ਡਾਵਾਂ ਡੋਲ ਮਾਨਸਕ ਦਸ਼ਾ। ਛੁਟਕੈ ਨਾਹੀ = ਮੁੱਕਦੀ ਨਹੀਂ।੨।
ਕਾਮਨਾ = ਇੱਛਾ, ਫੁਰਨਾ। ਸਿਰਿ = ਸਿਰ ਉਤੇ। ਕਰਵਤ = ਆਰਾ, ਸ਼ਿਵ ਜੀ ਵਾਲਾ ਆਰਾ ਜੋ ਬਨਾਰਸ ਦੇ ਸ਼ਿਵ = ਮੰਦਰ ਵਿਚ ਹੈ। ਸ਼ਿਵ = ਲੋਕ ਵਿਚ ਪਹੁੰਚਣ ਦੀ ਤਾਂਘ ਵਾਲੇ ਕਈ ਭੁੱਲੜ ਮਨੁੱਖ ਆਪਣੇ ਆਪ ਨੂੰ ਇਸ ਆਰੇ ਨਾਲ ਚਿਰਾ ਲੈਂਦੇ ਸਨ। ਇਹ ਬਿਧਿ = ਇਸ ਤਰੀਕੇ ਨਾਲ।੩।
ਕਨਿਕ = ਸੋਨਾ। ਕਾਮਿਨੀ = ਇਸਤ੍ਰੀ। ਹੈਵਰ = {हयवर} ਵਧੀਆ ਘੋੜੇ। ਗੈਵਰ = {गजवर} ਵਧੀਆ ਹਾਥੀ। ਦਾਤਾਰਾ = ਦੇਣ ਵਾਲਾ। ਅਰਪੇ = ਦਾਨ ਕਰਦਾ ਹੈ। ਹਰਿ ਦੁਆਰਾ = ਹਰੀ ਦੇ ਦਰ ਤੇ।੪।
ਅਰਥ: ਹੇ ਭਾਈ! ਕੋਈ ਮਨੁੱਖ ਵੇਦ (ਆਦਿਕ ਧਰਮ-ਪੁਸਤਕ ਨੂੰ) ਪੜ੍ਹਦਾ ਹੈ ਅਤੇ ਵਿਚਾਰਦਾ ਹੈ। ਕੋਈ ਮਨੁੱਖ ਨਿਵਲੀਕਰਮ ਕਰਦਾ ਹੈ, ਕੋਈ ਕੁੰਡਲਨੀ ਨਾੜੀ ਰਸਤੇ ਪ੍ਰਾਣ ਚਾੜ੍ਹਦਾ ਹੈ। (ਪਰ ਇਹਨਾਂ ਸਾਧਨਾਂ ਨਾਲ ਕਾਮਾਦਿਕ) ਪੰਜਾਂ ਨਾਲੋਂ ਸਾਥ ਮੁੱਕ ਨਹੀਂ ਸਕਦਾ। (ਸਗੋਂ) ਵਧੀਕ ਅਹੰਕਾਰ ਵਿਚ (ਮਨੁੱਖ) ਬੱਝ ਜਾਂਦੇ ਹਨ।੧।
ਹੇ ਭਾਈ! ਮੇਰੇ ਵੇਖਦਿਆਂ ਲੋਕ ਅਨੇਕਾਂ ਹੀ (ਮਿਥੇ ਹੋਏ ਧਾਰਮਿਕ) ਕਰਮ ਕਰਦੇ ਹਨ, ਪਰ ਇਹਨਾਂ ਤਰੀਕਿਆਂ ਨਾਲ ਪਰਮਾਤਮਾ ਦੇ ਚਰਨਾਂ ਵਿਚ ਜੁੜਿਆ ਨਹੀਂ ਜਾ ਸਕਦਾ। ਹੇ ਭਾਈ! ਮੈਂ ਤਾਂ ਇਹਨਾਂ ਕਰਮਾਂ ਦਾ ਆਸਰਾ ਛੱਡ ਕੇ ਮਾਲਕ-ਪ੍ਰਭੂ ਦੇ ਦਰ ਤੇ ਆ ਡਿੱਗਾ ਹਾਂ (ਤੇ ਅਰਜ਼ੋਈ ਕਰਦਾ ਰਹਿੰਦਾ ਹਾਂ-ਹੇ ਪ੍ਰਭੂ! ਮੈਨੂੰ ਭਲਾਈ ਬੁਰਾਈ ਦੀ) ਪਰਖ ਕਰ ਸਕਣ ਵਾਲੀ ਅਕਲ ਦੇਹ।ਰਹਾਉ।
ਹੇ ਭਾਈ! ਕੋਈ ਮਨੁੱਖ ਚੁੱਪ ਸਾਧੀ ਬੈਠਾ ਹੈ, ਕੋਈ ਕਰ-ਪਾਤੀ ਬਣ ਗਿਆ ਹੈ (ਭਾਂਡਿਆਂ ਦੇ ਥਾਂ ਆਪਣੇ ਹੱਥ ਹੀ ਵਰਤਦਾ ਹੈ) , ਕੋਈ ਜੰਗਲ ਵਿਚ ਨੰਗਾ ਤੁਰਿਆ ਫਿਰਦਾ ਹੈ। ਕੋਈ ਮਨੁੱਖ ਸਾਰੇ ਤੀਰਥਾਂ ਦਾ ਰਟਨ ਕਰ ਰਿਹਾ ਹੈ, ਕੋਈ ਸਾਰੀ ਧਰਤੀ ਦਾ ਭ੍ਰਮਣ ਕਰ ਰਿਹਾ ਹੈ, (ਪਰ ਇਸ ਤਰ੍ਹਾਂ ਭੀ) ਮਨ ਦੀ ਡਾਂਵਾਂ-ਡੋਲ ਹਾਲਤ ਮੁੱਕਦੀ ਨਹੀਂ।੨।
ਹੇ ਭਾਈ! ਕੋਈ ਮਨੁੱਖ ਆਪਣੀ ਮਨੋ-ਕਾਮਨਾ ਅਨੁਸਾਰ ਤੀਰਥਾਂ ਉੱਤੇ ਜਾ ਵੱਸਿਆ ਹੈ, (ਮੁਕਤੀ ਦਾ ਚਾਹਵਾਨ ਆਪਣੇ) ਸਿਰ ਉਤੇ (ਸ਼ਿਵ ਜੀ ਵਾਲਾ) ਆਰਾ ਰਖਾਂਦਾ ਹੈ (ਤੇ, ਆਪਣੇ ਆਪ ਨੂੰ ਚਿਰਾ ਲੈਂਦਾ ਹੈ) । ਪਰ ਜੇ ਕੋਈ ਮਨੁੱਖ (ਇਹੋ ਜਿਹੇ) ਲੱਖਾਂ ਹੀ ਜਤਨ ਕਰੇ, ਇਸ ਤਰ੍ਹਾਂ ਭੀ ਮਨ ਦੀ (ਵਿਕਾਰਾਂ ਦੀ) ਮੈਲ ਨਹੀਂ ਲਹਿੰਦੀ।੩।
ਹੇ ਭਾਈ! ਕੋਈ ਮਨੁੱਖ ਸੋਨਾ, ਇਸਤ੍ਰੀ, ਵਧੀਆ ਘੋੜੇ, ਵਧੀਆ ਹਾਥੀ (ਅਤੇ ਇਹੋ ਜਿਹੇ) ਕਈ ਕਿਸਮਾਂ ਦੇ ਦਾਨ ਕਰਨ ਵਾਲਾ ਹੈ। ਕੋਈ ਮਨੁੱਖ ਅੰਨ ਦਾਨ ਕਰਦਾ ਹੈ, ਕੱਪੜੇ ਦਾਨ ਕਰਦਾ ਹੈ, ਜ਼ਿਮੀਂ ਦਾਨ ਕਰਦਾ ਹੈ। (ਇਸ ਤਰ੍ਹਾਂ ਭੀ) ਪਰਮਾਤਮਾ ਦੇ ਦਰ ਤੇ ਪਹੁੰਚ ਨਹੀਂ ਸਕੀਦਾ।੪।
ਧਨਾਸਰੀ ਮਹਲਾ ੧ ॥ ਕਾਇਆ ਕਾਗਦੁ ਮਨੁ ਪਰਵਾਣਾ ॥ ਸਿਰ ਕੇ ਲੇਖ ਨ ਪੜੈ ਇਆਣਾ ॥ ਦਰਗਹ ਘੜੀਅਹਿ ਤੀਨੇ ਲੇਖ ॥ ਖੋਟਾ ਕਾਮਿ ਨ ਆਵੈ ਵੇਖੁ ॥੧॥ ਨਾਨਕ ਜੇ ਵਿਚਿ ਰੁਪਾ ਹੋਇ ॥ ਖਰਾ ਖਰਾ ਆਖੈ ਸਭੁ ਕੋਇ ॥੧॥ ਰਹਾਉ ॥ ਕਾਦੀ ਕੂੜੁ ਬੋਲਿ ਮਲੁ ਖਾਇ ॥ ਬ੍ਰਾਹਮਣੁ ਨਾਵੈ ਜੀਆ ਘਾਇ ॥ ਜੋਗੀ ਜੁਗਤਿ ਨ ਜਾਣੈ ਅੰਧੁ ॥ ਤੀਨੇ ਓਜਾੜੇ ਕਾ ਬੰਧੁ ॥੨॥ ਸੋ ਜੋਗੀ ਜੋ ਜੁਗਤਿ ਪਛਾਣੈ ॥ ਗੁਰ ਪਰਸਾਦੀ ਏਕੋ ਜਾਣੈ ॥ ਕਾਜੀ ਸੋ ਜੋ ਉਲਟੀ ਕਰੈ ॥ ਗੁਰ ਪਰਸਾਦੀ ਜੀਵਤੁ ਮਰੈ ॥ ਸੋ ਬ੍ਰਾਹਮਣੁ ਜੋ ਬ੍ਰਹਮੁ ਬੀਚਾਰੈ ॥ ਆਪਿ ਤਰੈ ਸਗਲੇ ਕੁਲ ਤਾਰੈ ॥੩॥ ਦਾਨਸਬੰਦੁ ਸੋਈ ਦਿਲਿ ਧੋਵੈ ॥ ਮੁਸਲਮਾਣੁ ਸੋਈ ਮਲੁ ਖੋਵੈ ॥ ਪੜਿਆ ਬੂਝੈ ਸੋ ਪਰਵਾਣੁ ॥ ਜਿਸੁ ਸਿਰਿ ਦਰਗਹ ਕਾ ਨੀਸਾਣੁ ॥੪॥੫॥੭॥ {ਪੰਨਾ 662}
ਪਦਅਰਥ: ਕਾਇਆ = ਸਰੀਰ। ਕਾਗਦੁ = ਕਾਗ਼ਜ਼। ਪਰਵਾਣਾ = ਪਰਵਾਨਾ, ਲਿਖਿਆ ਹੋਇਆ ਹੁਕਮ। ਇਆਣਾ = ਅੰਞਾਣਾ ਜੀਵ। ਦਰਗਹ = ਦਰਗਾਹੀ ਨਿਯਮ ਅਨੁਸਾਰ। ਘੜੀਅਹਿ = ਘੜੇ ਜਾਂਦੇ ਹਨ, ਉੱਕਰੇ ਜਾਂਦੇ ਹਨ। ਤੀਨੇ ਲੇਖ = (ਰਜੋ ਤਮੋ ਸਤੋ) ਤ੍ਰਿਗੁਣੀ ਕੀਤੇ ਕੰਮਾਂ ਦੇ ਸੰਸਕਾਰ = ਰੂਪ ਲੇਖ। ਕਾਮਿ = ਕੰਮ ਵਿਚ। ਖੋਟਾ = ਖੋਟਾ ਸੰਸਕਾਰ। ਕਾਮਿ ਨ ਆਵੈ = ਲਾਭਦਾਇਕ ਨਹੀਂ ਹੁੰਦਾ।੧।
ਨਾਨਕ = ਹੇ ਨਾਨਕ! ਵਿਚਿ = ਆਤਮਕ ਜੀਵਨ ਵਿਚ। ਰੁਪਾ = ਚਾਂਦੀ, ਸੁੱਧ ਧਾਤ, ਪਵਿਤ੍ਰਤਾ। ਸਭੁ ਕੋਇ = ਹਰੇਕ ਜੀਵ।੧।ਰਹਾਉ।
ਕਾਦੀ = ਕਾਜ਼ੀ {ਨੋਟ: ਅਰਬੀ ਲਫ਼ਜ਼ 'ਕਾਜ਼ੀ' ਦੇ ਦੋ ਉਚਾਰਨ ਹਨ– ਕਾਜ਼ੀ ਅਤੇ ਕਾਦੀ}। ਕੂੜੁ = ਝੂਠ। ਮਲੁ = ਮੈਲ, ਹਰਾਮ ਦਾ ਮਾਲ। ਨਾਵੈ = ਨ੍ਹਾਉਂਦਾ ਹੈ, ਤੀਰਥ = ਇਸ਼ਨਾਨ ਕਰਦਾ ਹੈ। ਜੀਆ ਘਾਇ = ਜੀਵਾਂ ਨੂੰ ਮਾਰ ਕੇ, ਅਨੇਕਾਂ ਬੰਦਿਆਂ ਨੂੰ ਸ਼ੂਦਰ = ਬਹਾਨੇ ਪੈਰਾਂ ਹੇਠ ਲਤਾੜ ਕੇ। ਜੁਗਤਿ = ਜੀਵਨ ਦੀ ਜਾਚ। ਅੰਧੁ = ਅੰਨ੍ਹਾ। ਬੰਧੁ = ਬੰਨਾ। ਓਜਾੜੇ ਕਾ ਬੰਧੁ = ਉਜਾੜੇ ਦਾ ਬੰਨਾ, ਆਤਮਕ ਜੀਵਨ ਵਲੋਂ ਉਜਾੜ ਹੀ ਉਜਾੜ।੨।
ਗੁਰ ਪਰਸਾਦੀ = ਗੁਰੂ ਦੀ ਕਿਰਪਾ ਨਾਲ। ਉਲਟੀ ਕਰੈ = ਸੁਰਤਿ ਨੂੰ ਹਰਾਮ ਦੇ ਮਾਲ ਰਿਸ਼ਵਤ ਵਲੋਂ ਪਰਤਾਂਦਾ ਹੈ। ਜੀਵਤੁ ਮਰੈ = ਦੁਨੀਆ ਵਿਚ ਰਹਿੰਦਾ ਹੋਇਆ ਦੁਨਿਆਵੀ ਖ਼ਾਹਸ਼ਾਂ ਵਲੋਂ ਹਟਦਾ ਹੈ। ਬ੍ਰਹਮੁ = ਪਰਮਾਤਮਾ।੩।
ਦਾਨਸ = ਅਕਲ, ਦਾਨਸ਼। ਦਾਨਸਬੰਦੁ = ਦਾਨਸ਼ਮੰਦ, ਅਕਲਮੰਦ। ਦਿਲਿ = ਦਿਲ ਵਿਚ (ਟਿਕੀ ਹੋਈ ਬੁਰਾਈ) । ਮਲੁ = ਵਿਕਾਰਾਂ ਦੀ ਮੈਲ। ਖੋਵੈ = ਨਾਸ ਕਰਦਾ ਹੈ। ਪੜਿਆ = ਵਿਦਵਾਨ। ਬੂਝੈ = ਸਮਝਦਾ ਹੈ। ਜਿਸੁ ਸਿਰਿ = ਜਿਸ ਦੇ ਸਿਰ ਉਤੇ, ਜਿਸ ਦੇ ਮੱਥੇ ਉਤੇ। ਨੀਸਾਣੁ = ਨਿਸ਼ਾਨ, ਟਿੱਕਾ।੪।
ਅਰਥ: ਇਹ ਮਨੁੱਖਾ ਸਰੀਰ (ਮਾਨੋ) ਇਕ ਕਾਗ਼ਜ਼ ਹੈ, ਅਤੇ ਮਨੁੱਖ ਦਾ ਮਨ (ਸਰੀਰ-ਕਾਗ਼ਜ਼ ਉਤੇ ਲਿਖਿਆ ਹੋਇਆ) ਦਰਗਾਹੀ ਪਰਵਾਨਾ ਹੈ। ਪਰ ਮੂਰਖ ਮਨੁੱਖ ਆਪਣੇ ਮੱਥੇ ਦੇ ਇਹ ਲੇਖ ਨਹੀਂ ਪੜ੍ਹਦਾ (ਭਾਵ, ਇਹ ਸਮਝਣ ਦਾ ਜਤਨ ਨਹੀਂ ਕਰਦਾ ਕਿ ਉਸ ਦੇ ਪਿਛਲੇ ਕੀਤੇ ਕਰਮਾਂ ਅਨੁਸਾਰ ਕਿਹੋ ਜਿਹੇ ਸੰਸਕਾਰ-ਲੇਖ ਉਸ ਦੇ ਮਨ ਵਿਚ ਮੌਜੂਦ ਹਨ ਜੋ ਉਸ ਨੂੰ ਹੁਣ ਹੋਰ ਪ੍ਰੇਰਨਾ ਕਰ ਰਹੇ ਹਨ) । ਮਾਇਆ ਦੇ ਤਿੰਨ ਗੁਣਾਂ ਦੇ ਅਸਰ ਹੇਠ ਰਹਿ ਕੇ ਕੀਤੇ ਹੋਏ ਕੰਮਾਂ ਦੇ ਸੰਸਕਾਰ ਰੱਬੀ ਨਿਯਮ ਅਨੁਸਾਰ ਹਰੇਕ ਮਨੁੱਖ ਦੇ ਮਨ ਵਿਚ ਉੱਕਰੇ ਜਾਂਦੇ ਹਨ। ਪਰ ਹੇ ਭਾਈ! ਵੇਖ (ਜਿਵੇਂ ਕੋਈ ਖੋਟਾ ਸਿੱਕਾ ਕੰਮ ਨਹੀਂ ਆਉਂਦਾ, ਤਿਵੇਂ ਖੋਟੇ ਕੀਤੇ ਕੰਮਾਂ ਦਾ) ਖੋਟਾ ਸੰਸਕਾਰ-ਲੇਖ ਭੀ ਕੰਮ ਨਹੀਂ ਆਉਂਦਾ।੧।
ਹੇ ਨਾਨਕ! ਜੇ ਰੁਪਏ ਆਦਿਕ ਸਿੱਕੇ ਵਿਚ ਚਾਂਦੀ ਹੋਵੇ ਤਾਂ ਹਰ ਕੋਈ ਉਸ ਨੂੰ ਖਰਾ ਸਿੱਕਾ ਆਖਦਾ ਹੈ (ਇਸੇ ਤਰ੍ਹਾਂ ਜਿਸ ਮਨ ਵਿਚ ਪਵਿਤ੍ਰਤਾ ਹੋਵੇ, ਉਸ ਨੂੰ ਖਰਾ ਆਖਿਆ ਜਾਂਦਾ ਹੈ) ।੧।ਰਹਾਉ।
ਕਾਜ਼ੀ (ਜੇ ਇਕ ਪਾਸੇ ਤਾਂ ਇਸਲਾਮੀ ਧਰਮ ਦਾ ਨੇਤਾ ਹੈ ਤੇ ਦੂਜੇ ਪਾਸੇ ਹਾਕਮ ਭੀ ਹੈ, ਰਿਸ਼ਵਤ ਦੀ ਖ਼ਾਤਰ ਸ਼ਰਈ ਕਾਨੂੰਨ ਬਾਰੇ) ਝੂਠ ਬੋਲ ਕੇ ਹਰਾਮ ਦਾ ਮਾਲ (ਰਿਸ਼ਵਤ) ਖਾਂਦਾ ਹੈ। ਬ੍ਰਾਹਮਣਾਂ (ਕ੍ਰੋੜਾਂ ਸ਼ੂਦਰ-ਅਖਵਾਂਦੇ) ਬੰਦਿਆਂ ਨੂੰ ਦੁਖੀ ਕਰ ਕਰ ਕੇ ਤੀਰਥ-ਇਸ਼ਨਾਨ (ਭੀ) ਕਰਦਾ ਹੈ। ਜੋਗੀ ਭੀ ਅੰਨ੍ਹਾ ਹੈ ਤੇ ਜੀਵਨ ਦੀ ਜਾਚ ਨਹੀਂ ਜਾਣਦਾ। (ਇਹ ਤਿੰਨੇ ਆਪਣੇ ਵਲੋਂ ਧਰਮ-ਨੇਤਾ ਹਨ, ਪਰ) ਇਹਨਾਂ ਤਿੰਨਾਂ ਦੇ ਹੀ ਅੰਦਰ ਆਤਮਕ ਜੀਵਨ ਵਲੋਂ ਸੁੰਞ ਹੀ ਸੁੰਞ ਹੈ।੨।
ਅਸਲ ਜੋਗੀ ਉਹ ਹੈ ਜੋ ਜੀਵਨ ਦੀ ਸਹੀ ਜਾਚ ਸਮਝਦਾ ਹੈ ਤੇ ਗੁਰੂ ਦੀ ਕਿਰਪਾ ਨਾਲ ਇਕ ਪਰਮਾਤਮਾ ਨਾਲ ਡੂੰਘੀ ਸਾਂਝ ਪਾਂਦਾ ਹੈ। ਕਾਜ਼ੀ ਉਹ ਹੈ ਜੋ ਸੁਰਤਿ ਨੂੰ ਹਰਾਮ ਦੇ ਮਾਲ ਵਲੋਂ ਮੋੜਦਾ ਹੈ ਜੋ ਗੁਰੂ ਦੀ ਕਿਰਪਾ ਨਾਲ ਦੁਨੀਆ ਵਿਚ ਰਹਿੰਦਾ ਹੋਇਆ ਦੁਨਿਆਵੀ ਖ਼ਾਹਸ਼ਾਂ ਵਲੋਂ ਪਰਤਦਾ ਹੈ। ਬ੍ਰਾਹਮਣ ਉਹ ਹੈ ਜੋ ਸਰਬ-ਵਿਆਪਕ ਪ੍ਰਭੂ ਵਿਚ ਸੁਰਤਿ ਜੋੜਦਾ ਹੈ, ਇਸ ਤਰ੍ਹਾਂ ਆਪ ਭੀ ਸੰਸਾਰ-ਸਮੁੰਦਰ ਵਿਚੋਂ ਪਾਰ ਲੰਘਦਾ ਹੈ ਤੇ ਆਪਣੀਆਂ ਸਾਰੀਆਂ ਕੁਲਾਂ ਨੂੰ ਭੀ ਲੰਘਾ ਲੈਂਦਾ ਹੈ।੩।
ਉਹੀ ਮਨੁੱਖ ਅਕਲਮੰਦ ਹੈ ਜੋ ਆਪਣੇ ਦਿਲ ਵਿਚ ਟਿਕੀ ਹੋਈ ਬੁਰਾਈ ਨੂੰ ਦੂਰ ਕਰਦਾ ਹੈ। ਉਹੀ ਮੁਸਲਮਾਨ ਹੈ ਜੋ ਮਨ ਵਿਚੋਂ ਵਿਕਾਰਾਂ ਦੀ ਮੈਲ ਦੀ ਨਾਸ ਕਰਦਾ ਹੈ। ਉਹੀ ਵਿਦਵਾਨ ਹੈ ਜੋ ਜੀਵਨ ਦਾ ਸਹੀ ਰਸਤਾ ਸਮਝਦਾ ਹੈ, ਉਸ ਦੇ ਮੱਥੇ ਉਤੇ ਦਰਗਾਹ ਦਾ ਟਿੱਕਾ ਲੱਗਦਾ ਹੈ ਉਹੀ ਪ੍ਰਭੂ ਦੀ ਹਜ਼ੂਰੀ ਵਿਚ ਕਬੂਲ ਹੁੰਦਾ ਹੈ।੪।

ਟੋਡੀ ਮਹਲਾ ੫ ਘਰੁ ੫ ਦੁਪਦੇ ੴ ਸਤਿਗੁਰ ਪ੍ਰਸਾਦਿ ॥ ਐਸੋ ਗੁਨੁ ਮੇਰੋ ਪ੍ਰਭ ਜੀ ਕੀਨ ॥ ਪੰਚ ਦੋਖ ਅਰੁ ਅਹੰ ਰੋਗ ਇਹ ਤਨ ਤੇ ਸਗਲ ਦੂਰਿ ਕੀਨ ॥ ਰਹਾਉ ॥ ਬੰਧਨ ਤੋਰਿ ਛੋਰਿ ਬਿਖਿਆ ਤੇ ਗੁਰ ਕੋ ਸਬਦੁ ਮੇਰੈ ਹੀਅਰੈ ਦੀਨ ॥ ਰੂਪੁ ਅਨਰੂਪੁ ਮੋਰੋ ਕਛੁ ਨ ਬੀਚਾਰਿਓ ਪ੍ਰੇਮ ਗਹਿਓ ਮੋਹਿ ਹਰਿ ਰੰਗ ਭੀਨ ॥੧॥ ਪੇਖਿਓ ਲਾਲਨੁ ਪਾਟ ਬੀਚ ਖੋਏ ਅਨਦ ਚਿਤਾ ਹਰਖੇ ਪਤੀਨ ॥ ਤਿਸ ਹੀ ਕੋ ਗ੍ਰਿਹੁ ਸੋਈ ਪ੍ਰਭੁ ਨਾਨਕ ਸੋ ਠਾਕੁਰੁ ਤਿਸ ਹੀ ਕੋ ਧੀਨ ॥੨॥੧॥੨੦॥ {ਪੰਨਾ 716}
ਪਦਅਰਥ: ਗੁਨੁ = ਉਪਕਾਰ। ਪੰਚ ਦੋਖ = (ਕਾਮਾਦਿਕ) ਪੰਜੇ ਵਿਕਾਰ। ਅਰੁ = ਅਤੇ। ਅਹੰ ਰੋਗ = ਹਉਮੈ ਦਾ ਰੋਗ। ਤੇ = ਤੋਂ। ਸਗਲ = ਸਾਰੇ।ਰਹਾਉ।
ਬੰਧਨ = ਫਾਹੀਆਂ। ਤੋਰਿ = ਤੋੜ ਕੇ। ਛੋਰਿ = ਛੁਡਾ ਕੇ। ਬਿਖਿਆ ਤੇ = ਮਾਇਆ (ਦੇ ਮੋਹ) ਤੋਂ। ਕੋ = ਦਾ। ਮੇਰੈ ਹੀਅਰੈ = ਮੇਰੇ ਹਿਰਦੇ ਵਿਚ। ਰੂਪੁ = ਸੁਹਜ। ਅਨਰੂਪੁ = ਕੁਹਜ। ਗਹਿਓ = ਫੜ ਲਿਆ, ਬੰਨ੍ਹ ਦਿੱਤਾ। ਮੋਹਿ = ਮੈਨੂੰ। ਰੰਗਿ = ਪ੍ਰੇਮ = ਰੰਗ ਵਿਚ। ਭੀਨ = ਭਿਉਂ ਦਿੱਤਾ।੧।
ਲਾਲਨੁ = ਸੋਹਣਾ ਲਾਲ। ਪਾਟ ਬੀਚ = ਵਿਚਲੇ ਪਰਦੇ। ਖੋਏ = ਖੋਇ, ਦੂਰ ਕਰਕੇ। ਹਰਖੇ = ਖ਼ੁਸ਼ੀ ਵਿਚ। ਪਤੀਨ = ਪਤੀਜ ਗਿਆ। ਤਿਸ ਹੀ = {ਲਫ਼ਜ਼ 'ਤਿਸੁ' ਦਾ ੁ ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਿਆ ਹੈ}। ਗ੍ਰਿਹੁ = ਸਰੀਰ = ਘਰ। ਠਾਕੁਰੁ = ਮਾਲਕ। ਕੋ ਧੀਨ = ਕਾ ਅਧੀਨ, ਦਾ ਸੇਵਕ।੨।
ਅਰਥ: ਹੇ ਭਾਈ! ਮੇਰੇ ਪ੍ਰਭੂ ਜੀ ਨੇ (ਮੇਰੇ ਉੱਤੇ) ਇਹੋ ਜਿਹਾ ਉਪਕਾਰ ਕਰ ਦਿੱਤਾ ਹੈ, (ਕਿ) ਕਾਮਾਦਿਕ ਪੰਜੇ ਵਿਕਾਰ ਅਤੇ ਹਉਮੈ ਦਾ ਰੋਗ-ਇਹ ਸਾਰੇ ਉਸ ਨੇ ਮੇਰੇ ਸਰੀਰ ਵਿਚੋਂ ਕੱਢ ਦਿੱਤੇ ਹਨ।ਰਹਾਉ।
(ਹੇ ਭਾਈ! ਮੇਰੇ ਪ੍ਰਭੂ ਜੀ ਨੇ ਮੇਰੀਆਂ ਮਾਇਆ ਦੀਆਂ) ਫਾਹੀਆਂ ਤੋੜ ਕੇ (ਮੈਨੂੰ) ਮਾਇਆ (ਦੇ ਮੋਹ) ਤੋਂ ਛੁਡਾ ਕੇ ਗੁਰੂ ਦਾ ਸ਼ਬਦ ਮੇਰੇ ਹਿਰਦੇ ਵਿਚ ਵਸਾ ਦਿੱਤਾ ਹੈ। ਮੇਰਾ ਕੋਈ ਸੁਹਜ ਕੋਈ ਕੁਹਜ ਉਸ ਨੇ ਕੋਈ ਭੀ ਆਪਣੇ ਮਨ ਵਿਚ ਨਹੀਂ ਲਿਆਂਦਾ। ਮੈਨੂੰ ਉਸ ਨੇ ਆਪਣੇ ਪ੍ਰੇਮ ਨਾਲ ਬੰਨ੍ਹ ਦਿੱਤਾ ਹੈ। ਮੈਨੂੰ ਆਪਣੇ ਪਿਆਰ-ਰੰਗ ਵਿਚ ਭਿਉਂ ਦਿੱਤਾ ਹੈ।੧।
ਹੇ ਨਾਨਕ! ਆਖ-ਹੇ ਭਾਈ!) ਹੁਣ ਜਦੋਂ ਵਿਚਕਾਰਲੇ ਪਰਦੇ ਦੂਰ ਕਰ ਕੇ ਮੈਂ ਉਸ ਸੋਹਣੇ ਲਾਲ ਨੂੰ ਵੇਖਿਆ ਹੈ, ਤਾਂ ਮੇਰੇ ਚਿਤ ਵਿਚ ਆਨੰਦ ਪੈਦਾ ਹੋ ਗਿਆ ਹੈ, ਮੇਰਾ ਮਨ ਖ਼ੁਸ਼ੀ ਵਿਚ ਗਦ-ਗਦ ਹੋ ਉੱਠਿਆ ਹੈ। (ਹੁਣ ਮੇਰਾ ਇਹ ਸਰੀਰ) ਉਸੇ ਦਾ ਹੀ ਘਰ (ਬਣ ਗਿਆ ਹੈ) ਉਹੀ (ਇਸ ਘਰ ਦਾ) ਮਾਲਕ (ਬਣ ਗਿਆ ਹੈ) , ਉਸੇ ਦਾ ਹੀ ਮੈਂ ਸੇਵਕ ਬਣ ਗਿਆ ਹਾਂ।੨।੧।੨੦।

ਰਾਗੁ ਸੂਹੀ ਮਹਲਾ ੫ ਘਰੁ ੩ ੴ ਸਤਿਗੁਰ ਪ੍ਰਸਾਦਿ ॥ ਮਿਥਨ ਮੋਹ ਅਗਨਿ ਸੋਕ ਸਾਗਰ ॥ ਕਰਿ ਕਿਰਪਾ ਉਧਰੁ ਹਰਿ ਨਾਗਰ ॥੧॥ ਚਰਣ ਕਮਲ ਸਰਣਾਇ ਨਰਾਇਣ ॥ ਦੀਨਾ ਨਾਥ ਭਗਤ ਪਰਾਇਣ ॥੧॥ ਰਹਾਉ ॥ ਅਨਾਥਾ ਨਾਥ ਭਗਤ ਭੈ ਮੇਟਨ ॥ ਸਾਧਸੰਗਿ ਜਮਦੂਤ ਨ ਭੇਟਨ ॥੨॥ ਜੀਵਨ ਰੂਪ ਅਨੂਪ ਦਇਆਲਾ ॥ ਰਵਣ ਗੁਣਾ ਕਟੀਐ ਜਮ ਜਾਲਾ ॥੩॥ ਅੰਮ੍ਰਿਤ ਨਾਮੁ ਰਸਨ ਨਿਤ ਜਾਪੈ ॥ ਰੋਗ ਰੂਪ ਮਾਇਆ ਨ ਬਿਆਪੈ ॥੪॥ ਜਪਿ ਗੋਬਿੰਦ ਸੰਗੀ ਸਭਿ ਤਾਰੇ ॥ ਪੋਹਤ ਨਾਹੀ ਪੰਚ ਬਟਵਾਰੇ ॥੫॥ ਮਨ ਬਚ ਕ੍ਰਮ ਪ੍ਰਭੁ ਏਕੁ ਧਿਆਏ ॥ ਸਰਬ ਫਲਾ ਸੋਈ ਜਨੁ ਪਾਏ ॥੬॥ ਧਾਰਿ ਅਨੁਗ੍ਰਹੁ ਅਪਨਾ ਪ੍ਰਭਿ ਕੀਨਾ ॥ ਕੇਵਲ ਨਾਮੁ ਭਗਤਿ ਰਸੁ ਦੀਨਾ ॥੭॥ ਆਦਿ ਮਧਿ ਅੰਤਿ ਪ੍ਰਭੁ ਸੋਈ ॥ ਨਾਨਕ ਤਿਸੁ ਬਿਨੁ ਅਵਰੁ ਨ ਕੋਈ ॥੮॥੧॥੨॥ {ਪੰਨਾ 760}
ਪਦਅਰਥ: ਮਿਥਨ = ਨਾਸਵੰਤ। ਅਗਨਿ = (ਤ੍ਰਿਸ਼ਨਾ ਦੀ) ਅੱਗ। ਸੋਕ = ਸ਼ੋਕ, ਚਿੰਤਾ। ਸਾਗਰ = ਸਮੁੰਦਰ। ਕਰਿ = ਕਰ ਕੇ। ਉਧਰੁ = ਬਚਾ ਲੈ। ਹਰਿ ਨਾਗਰ = ਹੇ ਸੋਹਣੇ ਹਰੀ!।੧।
ਨਰਾਇਣ = ਹੇ ਨਰਾਇਣ! ਪਰਾਇਣ = ਆਸਰਾ।੧।ਰਹਾਉ।
ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ} ਸਾਰੇ ਡਰ। ਸਾਧਸੰਗਿ = ਸੰਗਤਿ ਵਿਚ। ਭੇਟਨ = ਨੇੜੇ ਛੁਂਹਦਾ।੨।
ਅਨੂਪ = ਅਦੁੱਤੀ। ਰਵਣ = ਸਿਮਰਨ।੩।
ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ। ਰਸਨ = ਜੀਭ (ਨਾਲ) । ਨ ਬਿਆਪੈ = ਜ਼ੋਰ ਨਹੀਂ ਪਾ ਸਕਦੀ।੪।
ਸੰਗੀ = ਸਾਥੀ। ਸਭਿ = ਸਾਰੇ। ਪੰਚ = ਪੰਜ। ਬਟਵਾਰੇ = ਲੁਟੇਰੇ, ਡਾਕੂ।੫।
ਬਚ = ਬਚਨ। ਕ੍ਰਮ = ਕਰਮ। ਧਿਆਏ = ਧਿਆਉਂਦਾ ਹੈ।੬।
ਧਾਰਿ = ਧਾਰ ਕੇ। ਅਨੁਗ੍ਰਹੁ = ਕਿਰਪਾ। ਪ੍ਰਭਿ = ਪ੍ਰਭੂ ਨੇ। ਰਸੁ = ਸੁਆਦ।੭।
ਆਦਿ ਮਧਿ ਅੰਤਿ = ਸਦਾ ਹੀ। ਆਦਿ = ਜਗਤ ਦੇ ਸ਼ੁਰੂ ਵਿਚ। ਮਧਿ = ਵਿਚਕਾਰਲੇ ਸਮੇ। ਅੰਤਿ = ਅਖ਼ੀਰ ਵਿਚ।੮।
ਅਰਥ: ਹੇ ਗਰੀਬਾਂ ਦੇ ਖਸਮ! ਹੇ ਭਗਤਾਂ ਦੇ ਆਸਰੇ! ਹੇ ਨਾਰਾਇਣ! ਅਸੀ ਜੀਵ) ਤੇਰੇ ਸੋਹਣੇ ਚਰਨਾਂ ਦੀ ਸਰਨ ਵਿਚ ਆਏ ਹਾਂ (ਸਾਨੂੰ ਵਿਕਾਰਾਂ ਤੋਂ ਬਚਾਈ ਰੱਖ) ।੧।ਰਹਾਉ।
ਹੇ ਸੋਹਣੇ ਹਰੀ! ਨਾਸਵੰਤ ਪਦਾਰਥਾਂ ਦੇ ਮੋਹ; ਤ੍ਰਿਸ਼ਨ ਦੀ ਅੱਗ, ਚਿੰਤਾ ਦੇ ਸਮੁੰਦਰ ਵਿਚੋਂ ਕਿਰਪਾ ਕਰ ਕੇ (ਸਾਨੂੰ) ਬਚਾ ਲੈ।੧।
ਹੇ ਨਿਆਸਰਿਆਂ ਦੇ ਆਸਰੇ! ਹੇ ਭਗਤਾਂ ਦੇ ਸਾਰੇ ਡਰ ਦੂਰ ਕਰਨ ਵਾਲੇ! ਮੈਨੂੰ ਗੁਰੂ ਦੀ ਸੰਗਤਿ ਬਖ਼ਸ਼) ਗੁਰੂ ਦੀ ਸੰਗਤਿ ਵਿਚ ਰਿਹਾਂ ਜਮਦੂਤ (ਭੀ) ਨੇੜੇ ਨਹੀਂ ਢੁਕਦੇ (ਮੌਤ ਦਾ ਡਰ ਪੋਹ ਨਹੀਂ ਸਕਦਾ) ।੨।
ਹੇ ਜ਼ਿੰਦਗੀ ਦੇ ਸੋਮੇ! ਹੇ ਅਦੁੱਤੀ ਪ੍ਰਭੂ! ਹੇ ਦਇਆ ਦੇ ਘਰ! ਆਪਣੀ ਸਿਫ਼ਤਿ-ਸਾਲਾਹ ਬਖ਼ਸ਼) , ਤੇਰੇ ਗੁਣਾਂ ਨੂੰ ਯਾਦ ਕੀਤਿਆਂ ਮੌਤ ਦੀ ਫਾਹੀ ਕੱਟੀ ਜਾਂਦੀ ਹੈ।੩।
ਹੇ ਭਾਈ! ਜੇਹੜਾ ਮਨੁੱਖ ਆਪਣੀ ਜੀਭ ਨਾਲ ਸਦਾ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਜਪਦਾ ਹੈ, ਉਸ ਉਤੇ ਇਹ ਮਾਇਆ ਜ਼ੋਰ ਨਹੀਂ ਪਾ ਸਕਦੀ, ਜੇਹੜੀ ਸਾਰੇ ਰੋਗਾਂ ਦਾ ਮੂਲ ਹੈ।੪।
ਹੇ ਭਾਈ! ਸਦਾ ਪਰਾਮਤਮਾ ਦਾ ਨਾਮ ਜਪਿਆ ਕਰ (ਜੇਹੜਾ ਜਪਦਾ ਹੈ) ਉਹ (ਆਪਣੇ) ਸਾਰੇ ਸਾਥੀਆਂ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ਪੰਜੇ ਲੁਟੇਰੇ ਉਸ ਉਤੇ ਦਬਾਉ ਨਹੀਂ ਪਾ ਸਕਦੇ।੫।
ਹੇ ਭਾਈ! ਜੇਹੜਾ ਮਨੁੱਖ ਆਪਣੇ ਮਨ ਨਾਲ, ਕੰਮਾਂ ਨਾਲ ਇਕ ਪਰਮਾਤਮਾ ਦਾ ਧਿਆਨ ਧਰੀ ਰੱਖਦਾ ਹੈ, ਉਹੀ ਮਨੁੱਖ (ਮਨੁੱਖਾ ਜਨਮ ਦੇ) ਸਾਰੇ ਫਲ ਹਾਸਲ ਕਰ ਲੈਂਦਾ ਹੈ।੬।
ਹੇ ਭਾਈ! ਪਰਮਾਤਮਾ ਨੇ ਕਿਰਪਾ ਕਰ ਕੇ ਜਿਸ ਮਨੁੱਖ ਨੂੰ ਆਪਣਾ ਬਣਾ ਲਿਆ, ਉਸ ਨੂੰ ਉਸ ਨੇ ਆਪਣਾ ਨਾਮ ਬਖ਼ਸ਼ਿਆ, ਉਸ ਨੂੰ ਆਪਣੀ ਭਗਤੀ ਦਾ ਸੁਆਦ ਦਿੱਤਾ।੭।
ਹੇ ਨਾਨਕ! ਉਹ ਪਰਮਾਤਮਾ ਹੀ ਜਗਤ ਦੇ ਸ਼ੁਰੂ ਤੋਂ ਹੈ, ਹੁਣ ਭੀ ਹੈ, ਜਗਤ ਦੇ ਅਖ਼ੀਰ ਵਿਚ ਭੀ ਹੋਵੇਗਾ। ਉਸ ਤੋਂ ਬਿਨਾ (ਉਸ ਦੇ ਵਰਗਾ) ਹੋਰ ਕੋਈ ਨਹੀਂ ਹੈ।੮।੧।੨।
ਜੈਤਸਰੀ ਮਹਲਾ ੫ ਵਾਰ ਸਲੋਕਾ ਨਾਲਿ ੴ ਸਤਿਗੁਰ ਪ੍ਰਸਾਦਿ ॥ ਸਲੋਕ ॥ ਆਦਿ ਪੂਰਨ ਮਧਿ ਪੂਰਨ ਅੰਤਿ ਪੂਰਨ ਪਰਮੇਸੁਰਹ ॥ ਸਿਮਰੰਤਿ ਸੰਤ ਸਰਬਤ੍ਰ ਰਮਣੰ ਨਾਨਕ ਅਘਨਾਸਨ ਜਗਦੀਸੁਰਹ ॥੧॥ ਪੇਖਨ ਸੁਨਨ ਸੁਨਾਵਨੋ ਮਨ ਮਹਿ ਦ੍ਰਿੜੀਐ ਸਾਚੁ ॥ ਪੂਰਿ ਰਹਿਓ ਸਰਬਤ੍ਰ ਮੈ ਨਾਨਕ ਹਰਿ ਰੰਗਿ ਰਾਚੁ ॥੨॥ {ਪੰਨਾ 705-706}
ਪਦਅਰਥ: ਆਦਿ = ਜਗਤ ਦੇ ਸ਼ੁਰੂ ਤੋਂ। ਪੂਰਨ = ਸਭ ਥਾਂ ਮੌਜੂਦ। ਮਧਿ = ਵਿਚਕਾਰਲੇ ਸਮੇ। ਅੰਤਿ = ਜਗਤ ਦੇ ਮੁੱਕ ਜਾਣ ਤੇ। ਸਰਬਤ੍ਰ ਰਮਣੰ = ਹਰ ਥਾਂ ਵਿਆਪਕ ਪ੍ਰਭੂ ਨੂੰ। ਅਘ = ਪਾਪ। ਜਗਦੀਸੁਰਹ = (ਜਗਤ+ਈਸੁਰ) ਜਗਤ ਦਾ ਮਾਲਕ।੧।
ਪੇਖਨ = ਵੇਖਣ ਵਾਲਾ। ਦ੍ਰਿੜੀਐ = ਪੱਕੀ ਤਰ੍ਹਾਂ ਟਿਕਾ ਰੱਖੀਏ। ਸਾਚੁ = ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ। ਪੂਰਿ ਰਹਿਓ = ਮੌਜੂਦ ਹੈ। ਸਰਬਤ੍ਰ ਮੈ = ਹਰ ਥਾਂ ਵਿਆਪਕ। ਹਰਿ ਰੰਗਿ = ਹਰੀ ਦੇ ਪਿਆਰ ਵਿਚ। ਰਾਚੁ = ਇਕ ਇਕ ਹੋ ਜਾ, ਲੀਨ ਹੋ ਜਾ।੨।
ਅਰਥ: ਸੰਤ ਜਨ ਉਸ ਸਰਬ-ਵਿਆਪਕ ਪਰਮੇਸਰ ਨੂੰ ਸਿਮਰਦੇ ਹਨ ਜੋ ਜਗਤ ਦੇ ਸ਼ੁਰੂ ਤੋਂ ਹਰ ਥਾਂ ਮੌਜੂਦ ਹੈ, ਹੁਣ ਭੀ ਸਰਬ-ਵਿਆਪਕ ਹੈ ਤੇ ਅਖ਼ੀਰ ਵਿਚ ਭੀ ਹਰ ਥਾਂ ਹਾਜ਼ਰ ਨਾਜ਼ਰ ਰਹੇਗਾ। ਹੇ ਨਾਨਕ! ਉਹ ਜਗਤ ਦਾ ਮਾਲਕ ਪ੍ਰਭੂ ਸਭ ਪਾਪਾਂ ਦੇ ਨਾਸ ਕਰਨ ਵਾਲਾ ਹੈ।੧।
ਉਸ ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ ਮਨ ਵਿਚ ਚੰਗੀ ਤਰ੍ਹਾਂ ਧਾਰਨ ਕਰਨਾ ਚਾਹੀਦਾ ਹੈ ਜੋ (ਹਰ ਥਾਂ) ਆਪ ਹੀ ਵੇਖਣ ਵਾਲਾ ਹੈ, ਆਪ ਹੀ ਸੁਣਨ ਵਾਲਾ ਹੈ ਤੇ ਆਪ ਹੀ ਸੁਣਾਉਣ ਵਾਲਾ ਹੈ। ਹੇ ਨਾਨਕ! ਉਸ ਹਰੀ ਦੀ ਪਿਆਰੀ ਯਾਦ ਵਿਚ ਲੀਨ ਹੋ ਜਾ ਜੋ ਸਭ ਥਾਈਂ ਮੌਜੂਦ ਹੈ।੨।
ਧਨਾਸਰੀ ਮਹਲਾ ੫ ॥ ਅਉਖੀ ਘੜੀ ਨ ਦੇਖਣ ਦੇਈ ਅਪਨਾ ਬਿਰਦੁ ਸਮਾਲੇ ॥ ਹਾਥ ਦੇਇ ਰਾਖੈ ਅਪਨੇ ਕਉ ਸਾਸਿ ਸਾਸਿ ਪ੍ਰਤਿਪਾਲੇ ॥੧॥ ਪ੍ਰਭ ਸਿਉ ਲਾਗਿ ਰਹਿਓ ਮੇਰਾ ਚੀਤੁ ॥ ਆਦਿ ਅੰਤਿ ਪ੍ਰਭੁ ਸਦਾ ਸਹਾਈ ਧੰਨੁ ਹਮਾਰਾ ਮੀਤੁ ॥ ਰਹਾਉ ॥ ਮਨਿ ਬਿਲਾਸ ਭਏ ਸਾਹਿਬ ਕੇ ਅਚਰਜ ਦੇਖਿ ਬਡਾਈ ॥ ਹਰਿ ਸਿਮਰਿ ਸਿਮਰਿ ਆਨਦ ਕਰਿ ਨਾਨਕ ਪ੍ਰਭਿ ਪੂਰਨ ਪੈਜ ਰਖਾਈ ॥੨॥੧੫॥੪੬॥ {ਪੰਨਾ 682}
ਪਦਅਰਥ: ਅਉਖੀ = ਦੁੱਖ ਦੇਣ ਵਾਲੀ। ਦੇਈ = ਦੇਂਦਾ। ਬਿਰਦੁ = ਮੁੱਢ = ਕਦੀਮਾਂ ਦਾ (ਪਿਆਰ ਵਾਲਾ) ਸੁਭਾਉ। ਸਮਾਲੇ = ਚੇਤੇ ਰੱਖਦਾ ਹੈ। ਦੇਇ = ਦੇ ਕੇ। ਰਾਖੈ = ਰੱਖਿਆ ਕਰਦਾ ਹੈ। ਕਉ = ਨੂੰ। ਸਾਸਿ ਸਾਸਿ = ਹਰੇਕ ਸਾਹ ਦੇ ਨਾਲ।੧।
ਸਿਉ = ਨਾਲ। ਆਦਿ ਅੰਤਿ = ਸ਼ੁਰੂ ਤੋਂ ਅਖ਼ੀਰ ਤਕ, ਸਦਾ ਹੀ। ਸਹਾਈ = ਮਦਦਗਾਰ। ਧੰਨੁ = ਸਲਾਹੁਣ ਜੋਗ।ਰਹਾਉ।
ਮਨਿ = ਮਨ ਵਿਚ। ਬਿਲਾਸ = ਖ਼ੁਸ਼ੀਆਂ। ਦੇਖਿ = ਵੇਖ ਕੇ। ਸਿਮਰਿ = ਸਿਮਰ ਕੇ। ਕਰਿ = ਮਾਣ। ਪ੍ਰਭਿ = ਪ੍ਰਭੂ ਨੇ। ਪੈਜ = ਇੱਜ਼ਤ।੨।
ਅਰਥ: ਹੇ ਭਾਈ! ਮੇਰਾ ਮਨ (ਭੀ) ਉਸ ਪ੍ਰਭੂ ਨਾਲ ਜੁੜਿਆ ਰਹਿੰਦਾ ਹੈ, ਜੋ ਸ਼ੁਰੂ ਤੋਂ ਅਖ਼ੀਰ ਤਕ ਸਦਾ ਹੀ ਮਦਦਗਾਰ ਬਣਿਆ ਰਹਿੰਦਾ ਹੈ। ਸਾਡਾ ਉਹ ਮਿੱਤਰ ਪ੍ਰਭੂ ਧੰਨ ਹੈ (ਉਸ ਦੀ ਸਦਾ ਸਿਫ਼ਤਿ ਕਰਨੀ ਚਾਹੀਦੀ ਹੈ) ।ਰਹਾਉ।
ਹੇ ਭਾਈ! ਉਹ ਪ੍ਰਭੂ ਆਪਣੇ ਸੇਵਕ ਨੂੰ) ਕੋਈ ਦੁੱਖ ਦੇਣ ਵਾਲਾ ਸਮਾ ਨਹੀਂ ਵੇਖਣ ਦੇਂਦਾ, ਉਹ ਆਪਣਾ ਮੁੱਢ-ਕਦੀਮਾਂ ਦਾ (ਪਿਆਰ ਵਾਲਾ) ਸੁਭਾਉ ਸਦਾ ਚੇਤੇ ਰੱਖਦਾ ਹੈ। ਪ੍ਰਭੂ ਆਪਣਾ ਹੱਥ ਦੇ ਕੇ ਆਪਣੇ ਸੇਵਕ ਦੀ ਰਾਖੀ ਕਰਦਾ ਹੈ, (ਸੇਵਕ ਨੂੰ ਉਸ ਦੇ) ਹਰੇਕ ਸਾਹ ਦੇ ਨਾਲ ਪਾਲਦਾ ਰਹਿੰਦਾ ਹੈ।੧।
ਹੇ ਭਾਈ! ਮਾਲਕ-ਪ੍ਰਭੂ ਦੇ ਹੈਰਾਨ ਕਰਨ ਵਾਲੇ ਕੌਤਕ ਵੇਖ ਕੇ, ਉਸ ਦੀ ਵਡਿਆਈ ਵੇਖ ਕੇ, (ਸੇਵਕ ਦੇ) ਮਨ ਵਿਚ (ਭੀ) ਖ਼ੁਸ਼ੀਆਂ ਬਣੀਆਂ ਰਹਿੰਦੀਆਂ ਹਨ। ਹੇ ਨਾਨਕ! ਤੂੰ ਭੀ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਆਤਮਕ ਆਨੰਦ ਮਾਣ। (ਜਿਸ ਭੀ ਮਨੁੱਖ ਨੇ ਸਿਮਰਨ ਕੀਤਾ) ਪ੍ਰਭੂ ਨੇ ਪੂਰੇ ਤੌਰ ਤੇ ਉਸ ਦੀ ਇੱਜ਼ਤ ਰੱਖ ਲਈ।੨।੧੫।੪੬।
ਪਦਅਰਥ: ਗੁਰਿ = ਗੁਰੂ ਨੇ। ਪ੍ਰਭਿ = ਪ੍ਰਭੂ ਨੇ। ਲੋਚ = ਤਾਂਘ। ਕਰਿ ਇਸਨਾਨੁ = ਮਨ ਨੂੰ ਨਾਮ ਜਲ ਨਾਲ ਪਵਿਤ੍ਰ ਕਰ ਕੇ। ਗ੍ਰਿਹਿ ਆਏ = ਅੰਤਰ = ਆਤਮੇ ਟਿਕ ਗਏ ਹਾਂ, ਮਾਇਆ ਦੀ ਖ਼ਾਤਰ ਭਟਕਣ ਤੋਂ ਬਚ ਗਏ ਹਾਂ।੧।
ਨਾਮਿ = ਨਾਮ ਵਿਚ (ਜੁੜ ਕੇ ਹੀ) । ਨਿਸਤਰੀਐ = ਪਾਰ ਲੰਘ ਸਕੀਦਾ ਹੈ। ਧਿਆਈਐ = ਧਿਆਉਣਾ ਚਾਹੀਦਾ ਹੈ। ਅਨਦਿਨੁ = ਹਰਿ ਰੋਜ਼, ਹਰ ਵੇਲੇ। ਸੁਕ੍ਰਿਤੁ = ਨੇਕ ਕਰਮ। ਕਰੀਐ = ਕਰਨਾ ਚਾਹੀਦਾ ਹੈ।੧।ਰਹਾਉ।
ਮਾਰਗੁ = (ਜੀਵਨ ਦਾ) ਰਸਤਾ। ਕੋ = ਕੋਈ ਵਿਰਲਾ। ਕੋਟਿ = ਕ੍ਰੋੜਾਂ। ਕਿਲਬਿਖ = ਪਾਪ।੨।
ਉਸਤਤਿ = ਸਿਫ਼ਤਿ-ਸਾਲਾਹ। ਜਿਨਿ = ਜਿਸ (ਪ੍ਰਭੂ) ਨੇ। ਕਲ = ਕਲਾ, ਤਾਕਤ। ਸਭਿ = ਸਾਰੇ। ਸਾਖੀ = ਸਿੱਖਿਆ। ਸਚੁ = ਸਦਾ-ਥਿਰ ਹਰਿ = ਨਾਮ (ਦਾ ਸਿਮਰਨ) ।੩।
ਸਤਿਗੁਰਿ = ਗੁਰੂ ਨੇ। ਦ੍ਰਿੜਾਇਆ = ਹਿਰਦੇ ਵਿਚ ਪੱਕਾ ਕਰ ਦਿੱਤਾ। ਸਭਿ = ਸਾਰੇ। ਪਾਵਨ = ਪਵਿੱਤ੍ਰ। ਸੁਖਿ = ਆਨੰਦ ਨਾਲ। ਘਰਿ = ਘਰ ਵਿਚ, ਹਿਰਦੇ ਵਿਚ, ਅੰਤਰ = ਆਤਮੇ।੪।
ਅਰਥ: ਹੇ ਸੰਤ ਜਨੋ! ਪਰਮਾਤਮਾ ਦੇ ਨਾਮ ਵਿਚ (ਜੁੜਿਆਂ ਹੀ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਸਕੀਦਾ ਹੈ। (ਇਸ ਵਾਸਤੇ) ਉਠਦਿਆਂ ਬੈਠਦਿਆਂ ਹਰ ਵੇਲੇ ਹਰਿ-ਨਾਮ ਸਿਮਰਨਾ ਚਾਹੀਦਾ ਹੈ, (ਹਰਿ-ਨਾਮ ਸਿਮਰਨ ਦੀ ਇਹ) ਨੇਕ ਕਮਾਈ ਹਰ ਵੇਲੇ ਕਰਨੀ ਚਾਹੀਦੀ ਹੈ।੧।ਰਹਾਉ।
(ਹੇ ਸੰਤ ਜਨੋ! ਜਦੋਂ ਤੋਂ) ਪੂਰੇ ਗੁਰੂ ਨੇ ਮੇਹਰ ਕੀਤੀ ਹੈ, ਪ੍ਰਭੂ ਨੇ ਸਾਡੀ (ਨਾਮ ਸਿਮਰਨ ਦੀ) ਤਾਂਘ ਪੂਰੀ ਕਰ ਦਿੱਤੀ ਹੈ। (ਨਾਮ ਸਿਮਰਨ ਦੀ ਬਰਕਤਿ ਨਾਲ) ਆਤਮਕ ਇਸ਼ਨਾਨ ਕਰ ਕੇ ਅਸੀ ਅੰਤਰ-ਆਤਮੇ ਟਿਕੇ ਰਹਿੰਦੇ ਹਾਂ। ਆਤਮਕ ਆਨੰਦ ਆਤਮਕ ਖ਼ੁਸ਼ੀਆਂ ਆਤਮਕ ਸੁਖ ਮਾਣ ਰਹੇ ਹਾਂ।੧।
(ਹੇ ਸੰਤ ਜਨੋ! ਸਿਮਰਨ ਕਰਨਾ ਹੀ ਇਨਸਾਨ ਵਾਸਤੇ) ਗੁਰੂ ਦਾ (ਦੱਸਿਆ ਹੋਇਆ ਸਹੀ) ਰਸਤਾ ਹੈ, (ਸਿਮਰਨ ਹੀ) ਧਰਮ ਦੀ ਪਉੜੀ ਹੈ (ਜਿਸ ਦੀ ਰਾਹੀਂ ਮਨੁੱਖ ਪ੍ਰਭੂ-ਚਰਨਾਂ ਵਿਚ ਪਹੁੰਚ ਸਕਦਾ ਹੈ, ਪਰ) ਕੋਈ ਵਿਰਲਾ ਭਾਗਾਂ ਵਾਲਾ (ਇਹ ਪਉੜੀ) ਲੱਭਦਾ ਹੈ। ਜੇਹੜਾ ਮਨੁੱਖ (ਸਿਮਰਨ ਦੀ ਰਾਹੀਂ) ਪਰਮਾਤਮਾ ਦੇ ਚਰਨਾਂ ਵਿਚ ਚਿੱਤ ਜੋੜਦਾ ਹੈ, ਉਸ ਦੇ ਕ੍ਰੋੜਾਂ ਜਨਮਾਂ ਦੇ ਪਾਪ ਨਾਸ ਹੋ ਜਾਂਦੇ ਹਨ।
ਹੇ ਸੰਤ ਜਨੋ! ਜਿਸ ਪਰਮਾਤਮਾ ਨੇ (ਸਾਰੇ ਸੰਸਾਰ ਵਿਚ ਆਪਣੀ) ਪੂਰੀ ਸੱਤਿਆ ਟਿਕਾ ਰੱਖੀ ਹੈ, ਉਸ ਦੀ ਸਿਫ਼ਤਿ-ਸਾਲਾਹ ਸਦਾ ਕਰਦੇ ਰਿਹਾ ਕਰੋ। ਹੇ ਭਾਈ! ਉਹ ਸਾਰੇ ਹੀ ਪ੍ਰਾਣੀ ਸੁੱਚੇ ਜੀਵਨ ਵਾਲੇ ਬਣ ਜਾਂਦੇ ਹਨ, ਜੇਹੜੇ ਸਦਾ-ਥਿਰ ਹਰਿ-ਨਾਮ ਸਿਮਰਨ ਵਾਲੀ ਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕਰਦੇ ਹਨ।੩।
ਹੇ ਨਾਨਕ! ਆਖ-ਜੀਵਨ ਦੇ ਰਸਤੇ ਵਿਚੋਂ ਸਾਰੀਆਂ) ਰੁਕਾਵਟਾਂ ਦੂਰ ਕਰਨ ਵਾਲਾ, ਸਾਰੇ ਦੁੱਖ ਨਾਸ ਕਰਨ ਵਾਲਾ ਹਰਿ-ਨਾਮ ਗੁਰੂ ਨੇ ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪੱਕਾ ਕਰ ਦਿੱਤਾ, ਉਹਨਾਂ ਦੇ ਸਾਰੇ ਪਾਪ ਨਾਸ ਹੋ ਜਾਂਦੇ ਹਨ, ਉਹ ਸਾਰੇ ਪਵਿਤ੍ਰ ਜੀਵਨ ਵਾਲੇ ਬਣ ਜਾਂਦੇ ਹਨ, ਉਹ ਆਤਮਕ ਆਨੰਦ ਨਾਲ ਅੰਤਰ-ਆਤਮੇ ਟਿਕੇ ਰਹਿੰਦੇ ਹਨ।੪।੩।੫੩।
ਸਲੋਕ ॥ ਬਸੰਤਿ ਸ੍ਵਰਗ ਲੋਕਹ ਜਿਤਤੇ ਪ੍ਰਿਥਵੀ ਨਵ ਖੰਡਣਹ ॥ ਬਿਸਰੰਤ ਹਰਿ ਗੋਪਾਲਹ ਨਾਨਕ ਤੇ ਪ੍ਰਾਣੀ ਉਦਿਆਨ ਭਰਮਣਹ ॥੧॥ ਕਉਤਕ ਕੋਡ ਤਮਾਸਿਆ ਚਿਤਿ ਨ ਆਵਸੁ ਨਾਉ ॥ ਨਾਨਕ ਕੋੜੀ ਨਰਕ ਬਰਾਬਰੇ ਉਜੜੁ ਸੋਈ ਥਾਉ ॥੨॥ {ਪੰਨਾ 707}
ਪਦਅਰਥ: ਬਸੰਤਿ = ਵੱਸਦੇ ਹੋਣ। ਸ੍ਵਰਗ ਲੋਕਹ = ਸੁਰਗ ਵਰਗੇ ਦੇਸਾਂ ਵਿਚ। ਜਿਤਤੇ = ਜਿੱਤ ਲੈਣ। ਨਵ ਖੰਡਣਹ ਪ੍ਰਿਥਮੀ = ਨੌ ਖੰਡਾਂ ਵਾਲੀ ਧਰਤੀ, ਸਾਰੀ ਧਰਤੀ। ਗੋਪਾਲ = {ਗੋ+ਪਾਲ} ਧਰਤੀ ਦਾ ਰੱਖਕ। ਉਦਿਆਨ = ਜੰਗਲ।੧।
ਕਉਤਕ = ਖੇਲ, ਚੋਜ। ਕੋਡ = ਕ੍ਰੋੜਾਂ। ਚਿਤਿ = ਚਿੱਤ ਵਿਚ। ਨ ਆਵਸੁ = ਜੇ ਉਸ ਨੂੰ ਨਾਹ ਆਵੇ। ਕੋੜੀ ਨਰਕ = ਘੋਰ ਭਿਆਨਕ ਨਰਕ। ਉਜੜੁ = ਉਜੜਿਆ ਹੋਇਆ, ਉਜਾੜ।੨।
ਅਰਥ: ਜੇ ਸੁਰਗ ਵਰਗੇ ਦੇਸ ਵਿਚ ਵੱਸਦੇ ਹੋਣ, ਜੇ ਸਾਰੀ ਧਰਤੀ ਨੂੰ ਜਿੱਤ ਲੈਣ, ਪਰ, ਹੇ ਨਾਨਕ! ਜੇ ਜਗਤ ਦੇ ਰੱਖਕ ਪ੍ਰਭੂ ਨੂੰ ਵਿਸਾਰ ਦੇਣ, ਤਾਂ ਉਹ ਮਨੁੱਖ (ਮਾਨੋ) ਜੰਗਲ ਵਿਚ ਭਟਕ ਰਹੇ ਹਨ।੧।
ਜਗਤ ਦੇ ਕ੍ਰੋੜਾਂ ਚੋਜ ਤਮਾਸ਼ਿਆਂ ਦੇ ਕਾਰਨ ਜੇ ਪ੍ਰਭੂ ਦਾ ਨਾਮ ਚਿੱਤ ਵਿਚ (ਯਾਦ) ਨਾਹ ਰਹੇ, ਤਾਂ ਹੇ ਨਾਨਕ! ਉਹ ਥਾਂ ਉਜਾੜ ਸਮਝੋ, ਉਹ ਥਾਂ ਭਿਆਨਕ ਨਰਕ ਦੇ ਬਰਾਬਰ ਹੈ।੨।
ਸੋਰਠਿ ਮਹਲਾ ੫ ॥ ਪ੍ਰਭ ਕੀ ਸਰਣਿ ਸਗਲ ਭੈ ਲਾਥੇ ਦੁਖ ਬਿਨਸੇ ਸੁਖੁ ਪਾਇਆ ॥ ਦਇਆਲੁ ਹੋਆ ਪਾਰਬ੍ਰਹਮੁ ਸੁਆਮੀ ਪੂਰਾ ਸਤਿਗੁਰੁ ਧਿਆਇਆ ॥੧॥ ਪ੍ਰਭ ਜੀਉ ਤੂ ਮੇਰੋ ਸਾਹਿਬੁ ਦਾਤਾ ॥ ਕਰਿ ਕਿਰਪਾ ਪ੍ਰਭ ਦੀਨ ਦਇਆਲਾ ਗੁਣ ਗਾਵਉ ਰੰਗਿ ਰਾਤਾ ॥ ਰਹਾਉ ॥ ਸਤਿਗੁਰਿ ਨਾਮੁ ਨਿਧਾਨੁ ਦ੍ਰਿੜਾਇਆ ਚਿੰਤਾ ਸਗਲ ਬਿਨਾਸੀ ॥ ਕਰਿ ਕਿਰਪਾ ਅਪੁਨੋ ਕਰਿ ਲੀਨਾ ਮਨਿ ਵਸਿਆ ਅਬਿਨਾਸੀ ॥੨॥ ਤਾ ਕਉ ਬਿਘਨੁ ਨ ਕੋਊ ਲਾਗੈ ਜੋ ਸਤਿਗੁਰਿ ਅਪੁਨੈ ਰਾਖੇ ॥ ਚਰਨ ਕਮਲ ਬਸੇ ਰਿਦ ਅੰਤਰਿ ਅੰਮ੍ਰਿਤ ਹਰਿ ਰਸੁ ਚਾਖੇ ॥੩॥ ਕਰਿ ਸੇਵਾ ਸੇਵਕ ਪ੍ਰਭ ਅਪੁਨੇ ਜਿਨਿ ਮਨ ਕੀ ਇਛ ਪੁਜਾਈ ॥ ਨਾਨਕ ਦਾਸ ਤਾ ਕੈ ਬਲਿਹਾਰੈ ਜਿਨਿ ਪੂਰਨ ਪੈਜ ਰਖਾਈ ॥੪॥੧੪॥੨੫॥ {ਪੰਨਾ 615-616}
ਪਦਅਰਥ: ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ}। ਪੂਰਾ = ਸਾਰੇ ਗੁਣਾਂ ਦਾ ਮਾਲਕ।੧।
ਪ੍ਰਭ = ਹੇ ਪ੍ਰਭੂ! ਸਾਹਿਬੁ = ਮਾਲਕ। ਗਾਵਉ = ਗਾਵਉਂ, ਮੈਂ ਗਾਵਾਂ। ਰੰਗਿ = ਪ੍ਰੇਮ = ਰੰਗ ਵਿਚ। ਰਾਤਾ = ਰੰਗਿਆ ਹੋਇਆ।ਰਹਾਉ।
ਸਤਿਗੁਰਿ = ਗੁਰੂ ਨੇ। ਨਿਧਾਨੁ = ਖ਼ਜ਼ਾਨਾ। ਦ੍ਰਿੜਾਇਆ = ਹਿਰਦੇ ਵਿਚ ਪੱਕਾ ਕਰ ਦਿੱਤਾ। ਕਰਿ ਲੀਨਾ = ਬਣਾ ਲਿਆ। ਮਨਿ = ਮਨ ਵਿਚ।੨।
ਕਉ = ਨੂੰ। ਬਿਘਨੁ = ਰੁਕਾਵਟ। ਰਿਦ = ਹਿਰਦਾ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ।੩।
ਸੇਵਕ = ਸੇਵਕਾਂ ਵਾਂਗ। ਜਿਨਿ = ਜਿਸ (ਪ੍ਰਭੂ) ਨੇ। ਇਛ = ਕਾਮਨਾ। ਪੁਜਾਈ = ਪੂਰੀ ਕਰ ਦਿੱਤੀ। ਤਾ ਕੈ = ਉਸ ਤੋਂ। ਪੈਜ = ਇੱਜ਼ਤ। ਪੂਰਨ = ਪੂਰੇ ਤੌਰ ਤੇ।੪।
ਅਰਥ: ਹੇ ਪ੍ਰਭੂ ਜੀ! ਤੂੰ ਮੇਰਾ ਮਾਲਕ ਹੈਂ, ਤੂੰ ਮੈਨੂੰ ਸਾਰੀਆਂ ਦਾਤਾਂ ਦੇਣ ਵਾਲਾ ਹੈਂ। ਹੇ ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ! ਮੇਰੇ ਉਤੇ) ਮੇਹਰ ਕਰ, ਮੈਂ ਤੇਰੇ ਪ੍ਰੇਮ-ਰੰਗ ਵਿਚ ਰੰਗੀਜ ਕੇ ਤੇਰੇ ਗੁਣ ਗਾਂਦਾ ਰਹਾਂ।ਰਹਾਉ।
ਹੇ ਭਾਈ! ਜੇਹੜਾ ਮਨੁੱਖ ਪੂਰੇ ਗੁਰੂ ਦਾ ਧਿਆਨ ਧਰਦਾ ਹੈ, ਉਸ ਉੱਤੇ ਮਾਲਕ ਪਰਮਾਤਮਾ ਦਇਆਵਾਨ ਹੁੰਦਾ ਹੈ (ਤੇ, ਉਹ ਮਨੁੱਖ ਪਰਮਾਤਮਾ ਦੀ ਸਰਨ ਪੈਂਦਾ ਹੈ) ਪਰਮਾਤਮਾ ਦੀ ਸਰਨ ਪਿਆਂ ਉਸ ਦੇ ਸਾਰੇ ਡਰ ਲਹਿ ਜਾਂਦੇ ਹਨ, ਸਾਰੇ ਦੁੱਖ ਦੂਰ ਹੋ ਜਾਂਦੇ ਹਨ, ਉਹ (ਸਦਾ) ਆਤਮਕ ਆਨੰਦ ਮਾਣਦਾ ਹੈ।੧।
ਹੇ ਭਾਈ! ਜਿਸ ਮਨੁੱਖ ਦੇ ਹਿਰਦੇ ਵਿਚ ਗੁਰੂ ਨੇ ਸਾਰੇ ਸੁਖਾਂ ਦਾ ਖ਼ਜ਼ਾਨਾ ਪ੍ਰਭੂ-ਨਾਮ ਪੱਕਾ ਕਰ ਦਿੱਤਾ, ਉਸ ਦੀ ਸਾਰੀ ਚਿੰਤਾ ਦੂਰ ਹੋ ਗਈ। ਪਰਮਾਤਮਾ ਮੇਹਰ ਕਰ ਕੇ ਉਸ ਨੂੰ ਆਪਣਾ ਬਣਾ ਲੈਂਦਾ ਹੈ, ਉਸ ਦੇ ਮਨ ਵਿਚ ਨਾਸ ਰਹਿਤ ਪਰਮਾਤਮਾ ਆ ਵੱਸਦਾ ਹੈ।੨।
ਹੇ ਭਾਈ! ਆਪਣੇ ਗੁਰੂ ਨੇ ਜਿਸ ਮਨੁੱਖ ਦੀ ਰੱਖਿਆ ਕੀਤੀ ਉਸ ਨੂੰ (ਆਤਮਕ ਜੀਵਨ ਦੇ ਰਸਤੇ ਵਿਚ) ਕੋਈ ਰੁਕਾਵਟ ਨਹੀਂ ਆਉਂਦੀ। ਪਰਮਾਤਮਾ ਦੇ ਕੌਲ ਫੁੱਲਾਂ ਵਰਗੇ ਕੋਮਲ ਚਰਨ ਉਸ ਦੇ ਹਿਰਦੇ ਵਿਚ ਆ ਵੱਸਦੇ ਹਨ, ਉਹ ਮਨੁੱਖ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ-ਰਸ ਸਦਾ ਚੱਖਦਾ ਹੈ।੩।
ਹੇ ਭਾਈ! ਜਿਸ ਪਰਮਾਤਮਾ ਨੇ (ਹਰ ਵੇਲੇ) ਤੇਰੇ ਮਨ ਦੀ (ਹਰੇਕ) ਕਾਮਨਾ ਪੂਰੀ ਕੀਤੀ ਹੈ, ਸੇਵਕਾਂ ਵਾਂਗ ਉਸ ਦੀ ਸੇਵਾ-ਭਗਤੀ ਕਰਦਾ ਰਹੁ। ਹੇ ਦਾਸ ਨਾਨਕ! ਆਖ-) ਮੈਂ ਉਸ ਪ੍ਰਭੂ ਤੋਂ ਸਦਕੇ ਜਾਂਦਾ ਹਾਂ, ਜਿਸ ਨੇ (ਵਿਘਨਾਂ ਦੇ ਟਾਕਰੇ ਤੇ ਹਰ ਵੇਲੇ) ਪੂਰੇ ਤੌਰ ਤੇ ਇੱਜ਼ਤ ਰੱਖੀ ਹੈ।੪।੧੪।੨੫।
ਪਹਿਲ ਪੁਰੀਏ ਪੁੰਡਰਕ ਵਨਾ ॥ ਤਾ ਚੇ ਹੰਸਾ ਸਗਲੇ ਜਨਾਂ ॥ ਕ੍ਰਿਸ੍ਨਾ ਤੇ ਜਾਨਊ ਹਰਿ ਹਰਿ ਨਾਚੰਤੀ ਨਾਚਨਾ ॥੧॥ ਪਹਿਲ ਪੁਰਸਾਬਿਰਾ ॥ ਅਥੋਨ ਪੁਰਸਾਦਮਰਾ ॥ ਅਸਗਾ ਅਸ ਉਸਗਾ ॥ ਹਰਿ ਕਾ ਬਾਗਰਾ ਨਾਚੈ ਪਿੰਧੀ ਮਹਿ ਸਾਗਰਾ ॥੧॥ ਰਹਾਉ ॥ ਨਾਚੰਤੀ ਗੋਪੀ ਜੰਨਾ ॥ ਨਈਆ ਤੇ ਬੈਰੇ ਕੰਨਾ ॥ ਤਰਕੁ ਨ ਚਾ ॥ ਭ੍ਰਮੀਆ ਚਾ ॥ ਕੇਸਵਾ ਬਚਉਨੀ ਅਈਏ ਮਈਏ ਏਕ ਆਨ ਜੀਉ ॥੨॥ ਪਿੰਧੀ ਉਭਕਲੇ ਸੰਸਾਰਾ ॥ ਭ੍ਰਮਿ ਭ੍ਰਮਿ ਆਏ ਤੁਮ ਚੇ ਦੁਆਰਾ ॥ ਤੂ ਕੁਨੁ ਰੇ ॥ ਮੈ ਜੀ ॥ ਨਾਮਾ ॥ ਹੋ ਜੀ ॥ ਆਲਾ ਤੇ ਨਿਵਾਰਣਾ ਜਮ ਕਾਰਣਾ ॥੩॥੪॥ {ਪੰਨਾ 693}
ਪਦਅਰਥ: ਪਹਿਲ ਪੁਰੀਏ = ਪਹਿਲਾਂ ਪਹਿਲ। {ਪੁਰਾ (पुरा) ਸੰਸਕ੍ਰਿਤ ਪਦ ਹੈ, ਇਸ ਦਾ ਅਰਥ ਹੈ 'ਪਹਿਲਾਂ'}। ਪੁੰਡਰਕ ਵਨਾ = ਪੁੰਡਰਕਾਂ ਦਾ ਬਨ, ਕੌਲ ਫੁੱਲਾਂ ਦਾ ਖੇਤ। ਪੁੰਡਰਕ = {पुंडरीक} ਚਿੱਟਾ ਕੌਲ ਫੁੱਲ। ਤਾ ਚੇ = ਉਸ (ਪੁੰਡਰਕ ਵਨ) ਦੇ, ਉਸ (ਕੌਲ ਫੁੱਲਾਂ ਦੇ ਖੇਤ) ਦੇ। ਸਗਲੇ ਜਨਾਂ = ਸਾਰੇ ਜੀਅ ਜੰਤ। ਕ੍ਰਿਸ੍ਨਾ = ਮਾਇਆ। ਤੇ = ਤੋਂ। ਜਾਨਊ = ਜਾਣੋ, ਸਮਝੋ। ਹਰਿ ਕ੍ਰਿਸ੍ਨਾ = ਪ੍ਰਭੂ ਦੀ ਮਾਇਆ। ਹਰਿ ਨਾਚਨਾ = ਪ੍ਰਭੂ ਦੀ ਨਾਚ ਕਰਨ ਵਾਲੀ (ਸ੍ਰਿਸ਼ਟੀ) । ਨਾਚੰਤੀ = ਨੱਚ ਰਹੀ ਹੈ।੧।
ਪੁਰਸਾਬਿਰਾ = ਪੁਰਸ = ਆਬਿਰਾ। ਪੁਰਸ = ਪਰਮਾਤਮਾ। ਆਬਿਰਾ = ਪਰਗਟ (ਹੋਇਆ) । ਆਬਿਰ ਭੂ = {आविर भु } ਪਰਗਟ ਹੋਣਾ। ਅਥੋਨ = ਉਸ ਤੋਂ ਪਿਛੋਂ, ਫਿਰ। ਪੁਰਸਾਦਮਰਾ = ਪੁਰਸ਼ਾਤ = ਅਮਰਾ {पुरूषात् = अमरा} ਪੁਰਸ਼ ਤੋਂ ਮਾਇਆ। ਅਮਰਾ = ਮਾਇਆ, ਕੁਦਰਤ। ਅਸ ਗਾ = ਇਸ ਦਾ। ਅਸ = ਅਤੇ। ਉਸ ਗਾ = ਉਸ ਦਾ। ਬਾਗਰਾ = ਸੋਹਣਾ ਜਿਹਾ ਬਾਗ਼। ਪਿੰਧੀ = ਟਿੰਡਾਂ। ਸਾਗਰਾ = ਸਮੁੰਦਰ, ਪਾਣੀ।੧।ਰਹਾਉ।
ਗੋਪੀ ਜੰਨਾ = ਇਸਤ੍ਰੀਆਂ ਅਤੇ ਮਰਦ। ਨਈਆ = ਨਾਇਕ, ਪਰਮਾਤਮਾ। ਤੇ = ਤੋਂ। ਬੈਰੇ = ਵੱਖਰੇ। ਕੰਨਾ = ਕੋਈ ਨਹੀਂ। ਕੇਸਵਾ ਬਚਉਨੀ = ਕੇਸ਼ਵ ਦੇ ਬਚਨ ਹੀ। ਅਈਏ ਮਈਏ = ਇਸਤ੍ਰੀ ਮਰਦ ਵਿਚ। ਅਈਆ = {अर्या} ਇਸਤ੍ਰੀ। ਮਈਆ {मर्य} ਮਨੁੱਖ। ਏਕ ਆਨ = {एकायन = ਇਕ ਅਯਨ। ਅਯਨ = ਰਸਤਾ} ਇੱਕੋ ਰਾਹੇ, ਇੱਕ = ਰਸ।੨।
ਉਭਕਲੇ = ਡੁਬਕੀਆਂ। ਸੰਸਾਰਾ = ਸੰਸਾਰ (ਸਮੁੰਦਰ) ਵਿਚ। ਭ੍ਰਮਿ ਭ੍ਰਮਿ = ਭਟਕ ਭਟਕ ਕੇ। ਤੁਮ ਚੇ = ਤੇਰੇ। ਚੇ = ਦੇ। ਰੇ = ਹੇ ਭਾਈ! ਕੁਨੁ = ਕੌਣ? ਜੀ = ਹੇ (ਪ੍ਰਭੂ) ਜੀ! ਆਲਾ = ਆਲਯ, ਘਰ, ਜਗਤ ਦਾ ਜੰਜਾਲ। ਤੇ = ਤੋਂ। ਨਿਵਾਰਣਾ = ਬਚਾ ਲੈ। ਜਮ ਕਾਰਣਾ = ਜਮਾਂ (ਦੇ ਡਰ) ਦਾ ਕਾਰਨ।
ਨੋਟ: ਲਫ਼ਜ਼ 'ਆਲਾ' ਦਾ ਅਰਥ ਕਈ ਸੱਜਣ 'ਆਇਆ' ਕਰਦੇ ਹਨ। ਇਸ ਲਫ਼ਜ਼ 'ਆਲਾ' ਨੂੰ ਉਹ ਧਾਤੂ 'ਆ' ਦਾ 'ਭੂਤਕਾਲ' ਮੰਨਦੇ ਹਨ। ਮਰਾਠੀ ਬੋਲੀ ਵਿਚ ਕਿਸੇ ਧਾਤੂ ਤੋਂ 'ਭੂਤਕਾਲ' ਬਣਾਣ ਲਈ ਪਿਛੇਤਰ 'ਲਾ' ਵਰਤੀਦਾ ਹੈ। ਪਰ ਧਾਤੂ 'ਆ' ਤੋਂ ਮਰਾਠੀ ਵਿਚ 'ਆਲਾ' ਭੂਤਕਾਲ ਨਹੀਂ ਬਣਦਾ, 'ਆ' ਅਤੇ 'ਲਾ' ਦੇ ਵਿਚਕਾਰ 'ਇ' ਭੀ ਵਰਤੀ ਜਾਂਦੀ ਹੈ। 'ਆ' ਤੋਂ ਭੂਤਕਾਲ 'ਆਇਲਾ' ਹੈ; ਜਿਵੇਂ:
"ਗਰੁੜ ਚੜੇ ਗੋਬਿੰਦੁ ਆਇਲਾ" {ਨਾਮਦੇਵ ਜੀ}
ਲਫ਼ਜ਼ 'ਤੇ' ਦਾ ਉਹ ਸੱਜਣ 'ਅਤੇ' ਅਰਥ ਕਰਦੇ ਹਨ। ਇਹ ਭੀ ਗ਼ਲਤ ਹੈ। 'ਤੇ' ਦਾ ਅਰਥ ਹੈ 'ਤੋਂ'। 'ਅਤੇ' ਵਾਸਤੇ ਪੁਰਾਣੀ ਪੰਜਾਬੀ ਵਿਚ ਲਫ਼ਜ਼ 'ਤੈ' ਹੈ।੩।
ਅਰਥ: ਪਹਿਲਾਂ ਪੁਰਸ਼ (ਅਕਾਲ ਪੁਰਖ) ਪਰਗਟ ਹੋਇਆ {"ਆਪੀਨ੍ਹ੍ਹੈ ਆਪੁ ਸਾਜਿਓ, ਆਪੀਨ੍ਹ੍ਹੈ ਰਚਿਓ ਨਾਉ"}। ਫਿਰ ਅਕਾਲ ਪੁਰਖ ਤੋਂ ਮਾਇਆ (ਬਣੀ) ("ਦੁਯੀ ਕੁਦਰਤਿ ਸਾਜੀਐ") । ਇਸ ਮਾਇਆ ਦਾ ਅਤੇ ਉਸ ਅਕਾਲ ਪੁਰਖ ਦਾ (ਮੇਲ ਹੋਇਆ) ("ਕਰਿ ਆਸਣੁ ਡਿਠੋ ਚਾਉ") । (ਇਸ ਤਰ੍ਹਾਂ ਇਹ ਸੰਸਾਰ) ਪਰਮਾਤਮਾ ਦਾ ਇਕ ਸੋਹਣਾ ਜਿਹਾ ਬਾਗ਼ (ਬਣ ਗਿਆ ਹੈ, ਜੋ) ਇਉਂ ਨੱਚ ਰਿਹਾ ਹੈ ਜਿਵੇਂ (ਖੂਹ ਦੀਆਂ) ਟਿੰਡਾਂ ਵਿਚ ਪਾਣੀ ਨੱਚਦਾ ਹੈ (ਭਾਵ, ਸੰਸਾਰ ਦੇ ਜੀਵ ਮਾਇਆ ਵਿਚ ਮੋਹਿਤ ਹੋ ਕੇ ਦੌੜ-ਭੱਜ ਕਰ ਰਹੇ ਹਨ, ਮਾਇਆ ਦੇ ਹੱਥਾਂ ਉੱਤੇ ਨੱਚ ਰਹੇ ਹਨ) ।੧।ਰਹਾਉ।
ਪਹਿਲਾਂ ਪਹਿਲ (ਜੋ ਜਗਤ ਬਣਿਆ ਹੈ ਉਹ, ਮਾਨੋ) ਕੌਲ ਫੁੱਲਾਂ ਦਾ ਖੇਤ ਹੈ, ਸਾਰੇ ਜੀਅ ਜੰਤ ਉਸ (ਕੌਲ ਫੁੱਲਾਂ ਦੇ ਖੇਤ) ਦੇ ਹੰਸ ਹਨ। ਪਰਮਾਤਮਾ ਦੀ ਇਹ ਰਚਨਾ ਨਾਚ ਕਰ ਰਹੀ ਹੈ। ਇਹ ਪ੍ਰਭੂ ਦੀ ਮਾਇਆ (ਦੀ ਪ੍ਰੇਰਨਾ) ਤੋਂ ਸਮਝੋ।੧।
ਇਸਤ੍ਰੀਆਂ ਮਰਦ ਸਭ ਨੱਚ ਰਹੇ ਹਨ, (ਪਰ ਇਹਨਾਂ ਸਭਨਾਂ ਵਿਚ) ਪਰਮਾਤਮਾ ਤੋਂ ਬਿਨਾ ਕੋਈ ਹੋਰ ਨਹੀਂ ਹੈ। (ਹੇ ਭਾਈ! ਇਸ ਵਿਚ) ਸ਼ੱਕ ਨਾ ਕਰ, (ਇਸ ਸੰਬੰਧੀ) ਭਰਮ ਦੂਰ ਕਰ ਦੇਹ। ਹਰੇਕ ਇਸਤ੍ਰੀ-ਮਰਦ ਵਿਚ ਪਰਮਾਤਮਾ ਦੇ ਬਚਨ ਹੀ ਇੱਕ-ਰਸ ਹੋ ਰਹੇ ਹਨ (ਭਾਵ, ਹਰੇਕ ਜੀਵ ਵਿਚ ਪਰਮਾਤਮਾ ਆਪ ਹੀ ਬੋਲ ਰਿਹਾ ਹੈ) ।੨।
(ਹੇ ਭਾਈ! ਜੀਵ-) ਟਿੰਡਾਂ ਸੰਸਾਰ-ਸਮੁੰਦਰ ਵਿਚ ਡੁਬਕੀਆਂ ਲੈ ਰਹੀਆਂ ਹਨ। ਹੇ ਪ੍ਰਭੂ! ਭਟਕ ਭਟਕ ਕੇ ਮੈਂ ਤੇਰੇ ਦਰ ਤੇ ਆ ਡਿੱਗਾ ਹਾਂ। ਹੇ (ਪ੍ਰਭੂ) ਜੀ! ਜੇ ਤੂੰ ਮੈਨੂੰ ਪੁੱਛੇਂ-) ਤੂੰ ਕੌਣ ਹੈਂ? (ਤਾਂ) ਹੇ ਜੀ! ਮੈਂ ਨਾਮਾ ਹਾਂ। ਮੈਨੂੰ ਜਗਤ ਦੇ ਜੰਜਾਲ ਤੋਂ, ਜੋ ਕਿ ਜਮਾਂ (ਦੇ ਡਰ) ਦਾ ਕਾਰਨ ਹੈ, ਬਚਾ ਲੈ।੩, ੪।
ਸ਼ਬਦ ਦਾ ਭਾਵ: ਮਾਇਆ ਦਾ ਪ੍ਰਭਾਵ ਅਤੇ ਇਸ ਦਾ ਇਲਾਜ।
ਇਹ ਸਾਰੀ ਮਾਇਕ ਰਚਨਾ ਪ੍ਰਭੂ ਤੋਂ ਹੀ ਹੋਈ ਹੈ, ਪ੍ਰਭੂ ਸਭ ਵਿਚ ਵਿਆਪਕ ਹੈ। ਪਰ ਜੀਵ ਪ੍ਰਭੂ ਨੂੰ ਵਿਸਾਰ ਕੇ ਮਾਇਆ ਦੇ ਹੱਥ ਉੱਤੇ ਨੱਚ ਰਹੇ ਹਨ। ਪ੍ਰਭੂ ਦੀ ਸ਼ਰਨ ਪਿਆਂ ਹੀ ਇਸ ਤੋਂ ਬਚੀਦਾ ਹੈ।
No comments:
Post a Comment