Sikhyouthpb

Sikh Youth Of Punjab Youtube Channel. The Purpose of this channel is to promote and spread Gurbani all over the world. In this channle you can watch all type of Gurmat Video like Gurbani Vichar, Gurbani kirtan, katha, kavita, paath, Guru Itihaas, Nitnem, Kavi Dabar, Simran etc.

Subscribe Us

Today Hukamnama Sahib

Tuesday, 30 June 2020

☬|| ਅੱਜ ਦਾ ਫੁਰਮਾਨ ||☬ || 30-6-2020|| ਸ਼੍ਰੀ ਅਕਾਲ ਤਖ਼ਤ ਸਾਹਿਬ, (ਅੰਮ੍ਰਿਤਸਰ), ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ,(ਨਾਂਦੇੜ) , ਤਖ਼ਤ ਸ੍ਰੀ ਪਟਨਾ ਸਾਹਿਬ, ਤਖ਼ਤ ਸ੍ਰੀ ਕੇਸ਼ਗੜ੍ਹ ਸਾਹਿਬ, (ਰੋਪੜ), ਤਖ਼ਤ ਸ੍ਰੀ ਦਮਦਮਾ ਸਾਹਿਬ,(ਤਲਵੰਡੀ ਸਾਬੋ), ਗੁ: ਨਨਕਾਣਾ ਸਾਹਿਬ,(ਪਾਕਿਸਤਾਨ), ਗੁ: ਪੰਜਾ ਸਾਹਿਬ,(ਪਾਕਿਸਤਾਨ), ਗੁ: ਕਰਤਾਰਪੁਰ ਸਾਹਿਬ (ਪਾਕਿਸਤਾਨ), ਸ਼੍ਰੀ ਦਰਬਾਰ ਸਹਿਬ, (ਅੰਮ੍ਰਿਤਸਰ), ਗੁ: ਬੰਗਲਾ ਸਾਹਿਬ, (ਦਿੱਲੀ), ਗੁ: ਸੀਸ ਗੰਜ ਸਾਹਿਬ, (ਦਿੱਲੀ), ਗੁ: ਭੱਠਾ ਸਾਹਿਬ,(ਰੋਪੜ) , ਗੁ: ਦੁਖਨਿਵਾਰਨ ਸਾਹਿਬ, (ਪਟਿਆਲਾ) , ਗੁ: ਫਤਹਿਗੜ੍ਹ ਸਾਹਿਬ ,ਗੁ:ਸ਼੍ਰੀ ਕਤਲਗੜ ਸਾਹਿਬ ਸ਼੍ਰੀ ਚਮਕੌਰ ਸਾਹਿਬ ,ਗੁਰਦੁਆਰਾ ਸ੍ਰੀ ਪੰੰਜੋਖਰਾ ਸਾਹਿਬ ਪਾਤਸ਼ਾਹੀ: ਅੱੱਠਵੀਂ (ਅੰਬਾਲਾ) ਗੁ: ਸ਼ਹੀਦ ਗੰਜ ਸਾਹਿਬ,(ਅੰਮ੍ਰਿਤਸਰ) , ਗੁ:ਸ਼੍ਰੀ ਕੰਧ ਸਾਹਿਬ (ਬਟਾਲਾ) ਇਹ ਸਾਰੇ ਗੁਰਦੁਆਰਾ ਸਾਹਿਬ ਦੇ ਪਾਬਨ ਹੁਕਮਨਾਮਾ ਸਾਹਿਬ ਜੀ

*┈┉┅━❀꧁ੴ꧂❀━┅┉┈*

||ਅੱਜ ਦਾ ਫੁਰਮਾਨ|| ਸ਼੍ਰੀ ਅਕਾਲ ਤਖ਼ਤ ਸਾਹਿਬ, ਅੰਮ੍ਰਿਤਸਰ ||
*Please cover your head & Remove your shoes before reading Hukamnama sahib Ji*

ਸੂਹੀ ਮਹਲਾ ੪ ॥ ਹਰਿ ਪਹਿਲੜੀ ਲਾਵ ਪਰਵਿਰਤੀ ਕਰਮ ਦ੍ਰਿੜਾਇਆ ਬਲਿ ਰਾਮ ਜੀਉ ॥ ਬਾਣੀ ਬ੍ਰਹਮਾ ਵੇਦੁ ਧਰਮੁ ਦ੍ਰਿੜਹੁ ਪਾਪ ਤਜਾਇਆ ਬਲਿ ਰਾਮ ਜੀਉ ॥ ਧਰਮੁ ਦ੍ਰਿੜਹੁ ਹਰਿ ਨਾਮੁ ਧਿਆਵਹੁ ਸਿਮ੍ਰਿਤਿ ਨਾਮੁ ਦ੍ਰਿੜਾਇਆ ॥ ਸਤਿਗੁਰੁ ਗੁਰੁ ਪੂਰਾ ਆਰਾਧਹੁ ਸਭਿ ਕਿਲਵਿਖ ਪਾਪ ਗਵਾਇਆ ॥ ਸਹਜ ਅਨੰਦੁ ਹੋਆ ਵਡਭਾਗੀ ਮਨਿ ਹਰਿ ਹਰਿ ਮੀਠਾ ਲਾਇਆ ॥ ਜਨੁ ਕਹੈ ਨਾਨਕੁ ਲਾਵ ਪਹਿਲੀ ਆਰੰਭੁ ਕਾਜੁ ਰਚਾਇਆ ॥੧॥ {ਪੰਨਾ 773}

ਪਦਅਰਥ: ਹਰਿ ਪਹਿਲੜੀ ਲਾਵ = ਪ੍ਰਭੂ = ਪਤੀ ਨਾਲ (ਜੀਵ = ਇਸਤ੍ਰੀ ਦੇ ਵਿਆਹ ਦੀ) ਇਹ ਪਹਿਲੀ ਸੋਹਣੀ ਲਾਵ ਹੈ। ਪਰਵਿਰਤੀ ਕਰਮ = ਪਰਮਾਤਮਾ ਦਾ ਨਾਮ ਜਪਣ ਦੇ ਆਹਰ ਵਿਚ ਰੁੱਝਣ ਦਾ ਕੰਮ। ਦ੍ਰਿੜਾਇਆ = (ਗੁਰੂ ਨੇਨਿਸ਼ਚੇ ਕਰਾਇਆ ਹੈ। ਬਾਣੀ = ਗੁਰੂ ਦੀ ਬਾਣੀ। ਦ੍ਰਿੜਹੁ = ਹਿਰਦੇ ਵਿਚ ਪੱਕਾ ਕਰੋ। ਤਜਾਇਆ = ਤਜੇ ਜਾਂਦੇ ਹਨ। ਸਿਮ੍ਰਿਤਿ ਨਾਮੁ ਦ੍ਰਿੜਾਇਆ = ਗੁਰੂ ਨੇ ਜੋ ਹਰਿ = ਨਾਮ = ਸਿਮਰਨ ਦੀ ਤਾਕੀਦ ਕੀਤੀ ਹੈ– ਇਹੀ ਸਿੱਖ ਵਾਸਤੇ ਸਿਮ੍ਰਿਤਿ (ਦਾ ਉਪਦੇਸ਼) ਹੈ। ਸਭਿ = ਸਾਰੇ। ਕਿਲਵਿਖ = ਪਾਪ। ਸਹਜ ਅਨੰਦੁ = ਆਤਮਕ ਅਡੋਲਤਾ ਦਾ ਸੁਖ। ਮਨਿ = ਮਨ ਵਿਚ। ਆਰੰਭੁ = ਮੁੱਢ। ਕਾਜੁ = ਵਿਆਹ।੧।

ਅਰਥ: ਹੇ ਰਾਮ ਜੀ! ਮੈਂ ਤੈਥੋਂ ਸਦਕੇ ਹਾਂ। (ਤੇਰੀ ਮਿਹਰ ਨਾਲ ਗੁਰੂ ਨੇ ਸਿੱਖ ਨੂੰ) ਹਰਿ-ਨਾਮ ਜਪਣ ਦੇ ਆਹਰ ਵਿਚ ਰੁੱਝਣ ਦਾ ਕੰਮ ਨਿਸ਼ਚੇ ਕਰਾਇਆ ਹੈ (ਤਾਕੀਦ ਕੀਤੀ ਹੈ। ਇਹੀ ਹੈ ਪ੍ਰਭੂ-ਪਤੀ ਨਾਲ (ਜੀਵ-ਇਸਤ੍ਰੀ ਦੇ ਵਿਆਹ ਦੀ) ਪਹਿਲੀ ਸੋਹਣੀ ਲਾਂਵ। ਹੇ ਭਾਈ! ਗੁਰੂ ਦੀ ਬਾਣੀ ਹੀ (ਸਿੱਖ ਵਾਸਤੇ) ਬ੍ਰਹਮਾ ਦਾ ਵੇਦ ਹੈ। ਇਸ ਬਾਣੀ ਦੀ ਬਰਕਤਿ ਨਾਲ ਪਰਮਾਤਮਾ ਦਾ ਨਾਮ ਸਿਮਰਨ ਦਾ) ਧਰਮ (ਆਪਣੇ ਹਿਰਦੇ ਵਿਚ) ਪੱਕਾ ਕਰੋ (ਨਾਮ ਸਿਮਰਿਆਂ ਸਾਰੇ) ਪਾਪ ਦੂਰ ਹੋ ਜਾਂਦੇ ਹਨ। ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਦੇ ਰਹੋ, (ਮਨੁੱਖਾ ਜੀਵਨ ਦਾ ਇਹ) ਧਰਮ (ਆਪਣੇ ਅੰਦਰ) ਪੱਕਾ ਕਰ ਲਵੋ। ਗੁਰੂ ਨੇ ਜੋ ਨਾਮ ਸਿਮਰਨ ਦੀ ਤਾਕੀਦ ਕੀਤੀ ਹੈਇਹੀ ਸਿੱਖ ਵਾਸਤੇ ਸਿਮ੍ਰਿਤਿ (ਦਾ ਉਪਦੇਸ਼ਹੈ। ਹੇ ਭਾਈ! ਪੂਰੇ ਗੁਰੂ (ਦੇ ਇਸ ਉਪਦੇਸ਼ ਨੂੰ) ਹਰ ਵੇਲੇ ਚੇਤੇ ਰੱਖੋ, ਸਾਰੇ ਪਾਪ ਵਿਕਾਰ (ਇਸ ਦੀ ਬਰਕਤਿ ਨਾਲ) ਦੂਰ ਹੋ ਜਾਂਦੇ ਹਨ।

ਹੇ ਭਾਈ! ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਦਾ ਨਾਮ ਪਿਆਰਾ ਲੱਗਣ ਲੱਗ ਪੈਂਦਾ ਹੈ, ਉਸ ਵੱਡੇ ਭਾਗਾਂ ਵਾਲੇ ਨੂੰ ਆਤਮਕ ਅਡੋਲਤਾ ਦਾ ਸੁਖ ਮਿਲਿਆ ਰਹਿੰਦਾ ਹੈ। ਦਾਸ ਨਾਨਕ ਆਖਦਾ ਹੈ-ਪਰਮਾਤਮਾ ਦਾ ਨਾਮ ਜਪਣਾ ਹੀ ਪ੍ਰਭੂ-ਪਤੀ ਨਾਲ ਜੀਵ-ਇਸਤ੍ਰੀ ਦੇ ਵਿਆਹ ਦੀ ਪਹਿਲੀ ਲਾਂਵ ਹੈ। ਹਰਿ-ਨਾਮ ਸਿਮਰਨ ਤੋਂ ਹੀ (ਪ੍ਰਭੂ-ਪਤੀ ਨਾਲ ਜੀਵ-ਇਸਤ੍ਰੀ ਦੇ) ਵਿਆਹ (ਦਾ) ਮੁੱਢ ਬੱਝਦਾ ਹੈ।੧।

ਹਰਿ ਦੂਜੜੀ ਲਾਵ ਸਤਿਗੁਰੁ ਪੁਰਖੁ ਮਿਲਾਇਆ ਬਲਿ ਰਾਮ ਜੀਉ ॥ ਨਿਰਭਉ ਭੈ ਮਨੁ ਹੋਇ ਹਉਮੈ ਮੈਲੁ ਗਵਾਇਆ ਬਲਿ ਰਾਮ ਜੀਉ ॥ ਨਿਰਮਲੁ ਭਉ ਪਾਇਆ ਹਰਿ ਗੁਣ ਗਾਇਆ ਹਰਿ ਵੇਖੈ ਰਾਮੁ ਹਦੂਰੇ ॥ ਹਰਿ ਆਤਮ ਰਾਮੁ ਪਸਾਰਿਆ ਸੁਆਮੀ ਸਰਬ ਰਹਿਆ ਭਰਪੂਰੇ ॥ ਅੰਤਰਿ ਬਾਹਰਿ ਹਰਿ ਪ੍ਰਭੁ ਏਕੋ ਮਿਲਿ ਹਰਿ ਜਨ ਮੰਗਲ ਗਾਏ ॥ ਜਨ ਨਾਨਕ ਦੂਜੀ ਲਾਵ ਚਲਾਈ ਅਨਹਦ ਸਬਦ ਵਜਾਏ ॥੨॥ {ਪੰਨਾ 774}

ਪਦਅਰਥ: ਹਰਿ ਦੂਜੜੀ ਲਾਵ = ਪ੍ਰਭੂ = ਪਤੀ (ਜੀਵ = ਇਸਤ੍ਰੀ ਦੇ ਵਿਆਹ ਦੀ) ਦੂਜੀ ਸੋਹਣੀ ਲਾਂਵ। ਸਤਿਗੁਰੁ ਪੁਰਖੁ ਮਿਲਾਇਆ = (ਪ੍ਰਭੂ ਨੇ ਜੀਵ = ਇਸਤ੍ਰੀ ਨੂੰ) ਗੁਰੂ ਮਹਾ ਪੁਰਖ ਮਿਲਾ ਦਿੱਤਾ। ਬਲਿ ਰਾਮ ਜੀਉ = ਹੇ ਰਾਮ ਜੀ! ਤੈਥੋਂ ਸਦਕੇ ਹਾਂ। ਭੈ = (ਦੁਨੀਆ ਦੇ) ਸਾਰੇ ਡਰਾਂ ਤੋਂ। ਨਿਰਭਉ = ਨਿਡਰ। ਹੋਇ = ਹੋ ਜਾਂਦਾ ਹੈ। ਗਵਾਇਆ = (ਗੁਰੂ) ਦੂਰ ਕਰ ਦੇਂਦਾ ਹੈ। ਭਉ = ਡਰ। ਨਿਰਮਲੁ ਭਉ = ਪਵਿੱਤਰ ਡਰ, ਅਦਬ = ਸਤਕਾਰ। ਵੇਖੈ = ਵੇਖਦੀ ਹੈ। ਹਦੂਰੇ = ਹਾਜ਼ਰ = ਨਾਜ਼ਰ, ਅੰਗ = ਸੰਗ। ਆਤਮ ਰਾਮੁ ਪਸਾਰਿਆ = ਪ੍ਰਭੂ ਆਪਣੇ ਆਪੇ ਦਾ ਪਸਾਰਾ ਪਸਾਰ ਰਿਹਾ ਹੈ! ਸਰਬ = ਸਭ ਜੀਵਾਂ ਵਿਚ। ਭਰਪੂਰੇ = ਵਿਆਪਕ। ਏਕੋ = ਇੱਕ ਹੀ। ਮਿਲਿ ਹਰਿ ਜਨ = ਸੰਤ ਜਨਾਂ ਨਾਲ ਮਿਲ ਕੇ, ਸਾਧ ਸੰਗਤਿ ਵਿਚ ਮਿਲ ਕੇ। ਮੰਗਲ = ਸਿਫ਼ਤਿ-ਸਾਲਾਹ ਦੇ ਗੀਤ। ਚਲਾਈ = ਤੋਰ ਦਿੱਤੀ। ਅਨਹਦ = ਇਕ-ਰਸ, ਬਿਨਾ ਵਜਾਇਆਂ। ਸਬਦ ਵਜਾਏ = ਸਿਫ਼ਤਿ-ਸਾਲਾਹ ਦੀ ਬਾਣੀ ਦੇ ਮਾਨੋ, ਵਾਜੇ ਵਜਾ ਦੇਂਦਾ ਹੈ।੨।

ਅਰਥ: ਹੇ ਰਾਮ ਜੀ! ਮੈਂ ਤੈਥੋਂ ਸਦਕੇ ਹਾਂ। (ਤੂੰ ਮਿਹਰ ਕਰ ਕੇ ਜਿਸ ਜੀਵ-ਇਸਤ੍ਰੀ ਨੂੰ) ਗੁਰੂ ਮਹਾ ਪੁਰਖ ਮਿਲਾ ਦੇਂਦਾ ਹੈਂ (ਉਸ ਦਾ) ਮਨ (ਦੁਨੀਆ ਦੇ) ਸਾਰੇ ਡਰਾਂ ਵਲੋਂ ਨਿਡਰ ਹੋ ਜਾਂਦਾ ਹੈ, (ਗੁਰੂ ਉਸ ਦੇ ਅੰਦਰੋਂ) ਹਉਮੈ ਦੀ ਮੈਲ ਦੂਰ ਕਰ ਦੇਂਦਾ ਹੈ-ਇਹੀ ਹੈ ਪ੍ਰਭੂ-ਪਤੀ ਨਾਲ (ਜੀਵ-ਇਸਤ੍ਰੀ ਦੇ ਵਿਆਹ ਦੀ) ਦੂਜੀ ਸੋਹਣੀ ਲਾਂਵ।

ਹੇ ਭਾਈ! ਜੇਹੜੀ ਜੀਵ-ਇਸਤ੍ਰੀ ਹਉਮੈ ਦੂਰ ਕਰ ਕੇ) ਪਰਮਾਤਮਾ ਦੇ ਗੁਣ ਗਾਂਦੀ ਹੈ, ਉਸ ਦੇ ਅੰਦਰ (ਪ੍ਰਭੂ-ਪਤੀ ਵਾਸਤੇ) ਆਦਰ-ਸਤਕਾਰ ਪੈਦਾ ਹੋ ਜਾਂਦਾ ਹੈ, ਉਹ ਪਰਮਾਤਮਾ ਨੂੰ ਆਪਣੇ ਅੰਗ-ਸੰਗ ਵੱਸਦਾ ਵੇਖਦੀ ਹੈ। (ਉਸ ਨੂੰ ਨਿਸ਼ਚਾ ਹੋ ਜਾਂਦਾ ਹੈ ਕਿ ਇਹ ਜਗਤ-ਖਿਲਾਰਾ) ਪ੍ਰਭੂ ਆਪਣੇ ਆਪੇ ਦਾ ਪਸਾਰਾ ਪਸਾਰ ਰਿਹਾ ਹੈ, ਅਤੇ ਉਹ ਮਾਲਕ-ਪ੍ਰਭੂ ਸਭ ਜੀਵਾਂ ਵਿਚ ਵਿਆਪਕ ਹੋ ਰਿਹਾ ਹੈ। (ਉਸ ਜੀਵ-ਇਸਤ੍ਰੀ ਨੂੰ ਆਪਣੇ) ਅੰਦਰ ਅਤੇ ਬਾਹਰ (ਸਾਰੇ ਜਗਤ ਵਿਚ) ਸਿਰਫ਼ ਪਰਮਾਤਮਾ ਹੀ (ਵੱਸਦਾ ਦਿੱਸਦਾ ਹੈ) , ਸਾਧ ਸੰਗਤਿ ਵਿਚ ਮਿਲ ਕੇ ਉਹ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੀ ਰਹਿੰਦੀ ਹੈ।

ਹੇ ਦਾਸ ਨਾਨਕ! ਆਖ-ਗੁਰੂ ਦੀ ਸਰਨ ਪੈ ਕੇ, ਹਉਮੈ ਦੂਰ ਕਰਕੇ ਪ੍ਰਭੂ ਸਿਫ਼ਤਿ-ਸਾਲਾਹ ਦੇ ਗੀਤ ਗਾਣੇ ਅਤੇ ਉਸ ਨੂੰ ਸਰਬ-ਵਿਆਪਕ ਵੇਖਣਾ-ਪ੍ਰਭੂ ਨੇ ਇਹਦੂਜੀ ਲਾਂਵ (ਜੀਵ-ਇਸਤ੍ਰੀ ਦੇ ਵਿਆਹ ਦੀ) ਤੋਰ ਦਿੱਤੀ ਹੈ, (ਇਸ ਆਤਮਕ ਅਵਸਥਾ ਤੇ ਪਹੁੰਚੀ ਜੀਵ-ਇਸਤ੍ਰੀ ਦੇ ਅੰਦਰ ਪ੍ਰਭੂ) ਸਿਫ਼ਤਿ-ਸਾਲਾਹ ਦੀ ਬਾਣੀ ਦੇ, ਮਾਨੋ, ਇਕ-ਰਸ ਵਾਜੇ ਵਜਾ ਦੇਂਦਾ ਹੈ।੨।

ਹਰਿ ਤੀਜੜੀ ਲਾਵ ਮਨਿ ਚਾਉ ਭਇਆ ਬੈਰਾਗੀਆ ਬਲਿ ਰਾਮ ਜੀਉ ॥ ਸੰਤ ਜਨਾ ਹਰਿ ਮੇਲੁ ਹਰਿ ਪਾਇਆ ਵਡਭਾਗੀਆ ਬਲਿ ਰਾਮ ਜੀਉ ॥ ਨਿਰਮਲੁ ਹਰਿ ਪਾਇਆ ਹਰਿ ਗੁਣ ਗਾਇਆ ਮੁਖਿ ਬੋਲੀ ਹਰਿ ਬਾਣੀ ॥ ਸੰਤ ਜਨਾ ਵਡਭਾਗੀ ਪਾਇਆ ਹਰਿ ਕਥੀਐ ਅਕਥ ਕਹਾਣੀ ॥ ਹਿਰਦੈ ਹਰਿ ਹਰਿ ਹਰਿ ਧੁਨਿ ਉਪਜੀ ਹਰਿ ਜਪੀਐ ਮਸਤਕਿ ਭਾਗੁ ਜੀਉ ॥ ਜਨੁ ਨਾਨਕੁ ਬੋਲੇ ਤੀਜੀ ਲਾਵੈ ਹਰਿ ਉਪਜੈ ਮਨਿ ਬੈਰਾਗੁ ਜੀਉ ॥੩॥ {ਪੰਨਾ 774}

ਪਦਅਰਥ: ਤੀਜੜੀ ਲਾਵ = ਤੀਜੀ ਸੋਹਣੀ ਲਾਂਵ। ਹਰਿ ਤੀਜੜੀ ਲਾਵ = ਪ੍ਰਭੂ = ਪਤੀ ਨਾਲ (ਜੀਵ = ਇਸਤ੍ਰੀ ਦੇ ਵਿਆਹ ਦੀ) ਤੀਜੀ ਸੋਹਣੀ ਲਾਂਵ। ਮਨਿ = ਮਨ ਵਿਚ। ਬੈਰਾਗੀਆ ਮਨਿ = ਵੈਰਾਗਵਾਨਾਂ ਦੇ ਮਨ ਵਿਚ। ਚਾਉ = (ਪ੍ਰਭੂ = ਮਿਲਾਪ ਲਈਉਤਸ਼ਾਹ। ਮੇਲੁ = ਮਿਲਾਪ। ਵਡਭਾਗੀਆ = ਵੱਡੇ ਭਾਗਾਂ ਵਾਲੇ ਮਨੁੱਖ। ਮੁਖਿ = ਮੂੰਹ ਤੋਂ। ਬੋਲੀ = ਉਚਾਰੀ। ਹਰਿ ਬਾਣੀ = ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ। ਕਥੀਐ = ਕਥਨ ਕਰਨੀ ਚਾਹੀਦੀ ਹੈ। ਅਕਥ = ਅਕੱਥ, ਜਿਸ ਦਾ ਸਹੀ ਸਰੂਪ ਬਿਆਨ ਨਾਹ ਕੀਤਾ ਜਾ ਸਕੇ। ਅਕਥ ਕਹਾਣੀ = ਅਕੱਥ ਪ੍ਰਭੂ ਦੀ ਸਿਫ਼ਤਿ-ਸਾਲਾਹ। ਹਿਰਦੈ = ਹਿਰਦੇ ਵਿਚ। ਧੁਨਿ = ਰੌ, ਲਗਨ। ਜਪੀਐ = ਜਪਿਆ ਜਾ ਸਕਦਾ ਹੈ। ਮਸਤਕਿ = ਮੱਥੇ ਉੱਤੇ। ਭਾਗੁ = ਚੰਗੀ ਕਿਸਮਤ। ਨਾਨਕੁ ਬੋਲੇ = ਨਾਨਕ ਬੋਲਦਾ ਹੈ। ਤੀਜੀ ਲਾਵੈ = ਤੀਜੀ ਲਾਂਵ ਦੀ ਰਾਹੀਂ, ਪ੍ਰਭੂ = ਪਤੀ ਨਾਲ ਜੀਵ = ਇਸਤ੍ਰੀ ਦੇ ਵਿਆਹ ਦੀ ਤੀਜੀ ਲਾਂਵ ਸਮੇ। ਮਨਿ = (ਜੀਵ = ਇਸਤ੍ਰੀ ਦੇਮਨ ਵਿਚ। ਹਰਿ ਬੈਰਾਗੁ = ਪ੍ਰਭੂ (-ਮਿਲਾਪ ਦੀ) ਤੀਬਰ ਤਾਂਘ। ਉਪਜੈ = ਪੈਦਾ ਹੋ ਜਾਂਦੀ ਹੈ।੩।

ਅਰਥ: ਹੇ ਰਾਮ ਜੀ! ਮੈਂ ਤੈਥੋਂ ਸਦਕੇ ਹਾਂ। (ਤੇਰੀ ਮਿਹਰ ਨਾਲਵੈਰਾਗਵਾਨਾਂ ਦੇ ਮਨ ਵਿਚ (ਤੇਰੇ ਮਿਲਾਪ ਲਈਤਾਂਘ ਪੈਦਾ ਹੁੰਦੀ ਹੈ, (ਇਹ ਆਤਮਕ ਅਵਸਥਾ ਪ੍ਰਭੂ-ਪਤੀ ਨਾਲ ਜੀਵ-ਇਸਤ੍ਰੀ ਦੇ ਵਿਆਹ ਦੀ) ਤੀਜੀ ਸੋਹਣੀ ਲਾਂਵ ਹੈ।

ਹੇ ਭਾਈ! ਜਿਨ੍ਹਾਂ ਵੱਡੇ ਭਾਗਾਂ ਵਾਲੇ ਮਨੁੱਖਾਂ ਨੂੰ ਸੰਤ ਜਨਾਂ ਦਾ ਮਿਲਾਪ ਹਾਸਲ ਹੁੰਦਾ ਹੈ, ਉਹਨਾਂ ਨੂੰ ਪਰਮਾਤਮਾ ਦਾ ਮੇਲ ਪ੍ਰਾਪਤ ਹੁੰਦਾ ਹੈ, (ਉਹ ਮਨੁੱਖ ਜੀਵਨ ਨੂੰਪਵਿੱਤਰ ਕਰਨ ਵਾਲੇ ਪ੍ਰਭੂ ਦਾ ਮਿਲਾਪ ਪ੍ਰਾਪਤ ਕਰਦੇ ਹਨ, ਸਦਾ ਪ੍ਰਭੂ ਦੇ ਗੁਣ ਗਾਂਦੇ ਹਨ, ਅਤੇ ਮੂੰਹ ਨਾਲ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਉਚਾਰਦੇ ਹਨ, ਉਹ ਵਡ-ਭਾਗੀ ਮਨੁੱਖ ਸੰਤ ਜਨਾਂ ਦੀ ਸੰਗਤਿ ਵਿਚ ਪ੍ਰਭੂ-ਮਿਲਾਪ ਪ੍ਰਾਪਤ ਕਰਦੇ ਹਨ।

ਹੇ ਭਾਈ! ਅਕੱਥ ਪ੍ਰਭੂ ਦੀ ਸਿਫ਼ਤਿ-ਸਾਲਾਹ ਸਦਾ ਕਰਦੇ ਰਹਿਣਾ ਚਾਹੀਦਾ ਹੈ, (ਜਿਹੜਾ ਮਨੁੱਖ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਰਹਿੰਦਾ ਹੈ, ਉਸ ਦੇ) ਹਿਰਦੇ ਵਿਚ ਸਦਾ ਟਿਕੀ ਰਹਿਣ ਵਾਲੀ ਪ੍ਰਭੂ-ਪ੍ਰੇਮ ਦੀ ਰੌ ਚੱਲ ਪੈਂਦੀ ਹੈ। ਪਰ, ਹੇ ਭਾਈ! ਪਰਮਾਤਮਾ ਦਾ ਨਾਮ (ਤਦੋਂ ਹੀ) ਜਪਿਆ ਜਾ ਸਕਦਾ ਹੈ, ਜੇ ਮੱਥੇ ਉੱਤੇ ਚੰਗਾ ਭਾਗ ਜਾਗ ਪਏ।

ਹੇ ਭਾਈ! ਦਾਸ ਨਾਨਕ ਆਖਦਾ ਹੈ (ਕਿ ਪ੍ਰਭੂ-ਪਤੀ ਨਾਲ ਜੀਵ-ਇਸਤ੍ਰੀ ਦੇ ਵਿਆਹ ਦੀ) ਤੀਜੀ ਲਾਂਵ ਸਮੇ (ਜੀਵ-ਇਸਤ੍ਰੀ ਦੇ) ਮਨ ਵਿਚ ਪ੍ਰਭੂ (-ਮਿਲਾਪ ਦੀ) ਤੀਬਰ ਤਾਂਘ ਪੈਦਾ ਹੋ ਜਾਂਦੀ ਹੈ।੩।

ਹਰਿ ਚਉਥੜੀ ਲਾਵ ਮਨਿ ਸਹਜੁ ਭਇਆ ਹਰਿ ਪਾਇਆ ਬਲਿ ਰਾਮ ਜੀਉ ॥ ਗੁਰਮੁਖਿ ਮਿਲਿਆ ਸੁਭਾਇ ਹਰਿ ਮਨਿ ਤਨਿ ਮੀਠਾ ਲਾਇਆ ਬਲਿ ਰਾਮ ਜੀਉ ॥ ਹਰਿ ਮੀਠਾ ਲਾਇਆ ਮੇਰੇ ਪ੍ਰਭ ਭਾਇਆ ਅਨਦਿਨੁ ਹਰਿ ਲਿਵ ਲਾਈ ॥ ਮਨ ਚਿੰਦਿਆ ਫਲੁ ਪਾਇਆ ਸੁਆਮੀ ਹਰਿ ਨਾਮਿ ਵਜੀ ਵਾਧਾਈ ॥ ਹਰਿ ਪ੍ਰਭਿ ਠਾਕੁਰਿ ਕਾਜੁ ਰਚਾਇਆ ਧਨ ਹਿਰਦੈ ਨਾਮਿ ਵਿਗਾਸੀ ॥ ਜਨੁ ਨਾਨਕੁ ਬੋਲੇ ਚਉਥੀ ਲਾਵੈ ਹਰਿ ਪਾਇਆ ਪ੍ਰਭੁ ਅਵਿਨਾਸੀ ॥੪॥੨॥ {ਪੰਨਾ 774}

ਪਦਅਰਥ: ਚਉਥੜੀ ਲਾਵ = ਚੌਥੀ ਸੋਹਣੀ ਲਾਂਵ। ਹਰਿ ਚਉਥੜੀ ਲਾਵ = ਪ੍ਰਭੂ = ਪਤੀ ਨਾਲ (ਜੀਵ = ਇਸਤ੍ਰੀ ਦੇ ਵਿਆਹ ਦੀ) ਚੌਥੀ ਸੋਹਣੀ ਲਾਂਵ। ਮਨਿ = (ਜੀਵ = ਇਸਤ੍ਰੀ ਦੇ) ਮਨ ਵਿਚ। ਸਹਜੁ = ਆਤਮਕ ਅਡੋਲਤਾ। ਗੁਰਮੁਖਿ = ਗੁਰੂ ਵਲ ਮੂੰਹ ਕਰ ਕੇ, ਗੁਰੂ ਦੇ ਸਨਮੁਖ ਰਹਿ ਕੇ। ਸੁਭਾਇ = (ਪ੍ਰਭੂ ਦੇ) ਪਿਆਰ ਵਿਚ (ਟਿਕ ਕੇ। ਮਨਿ = ਮਨ ਵਿਚ। ਤਨਿ = ਤਨ ਵਿਚ। ਪ੍ਰਭ ਭਾਇਆ = ਪ੍ਰਭੂ ਨੂੰ ਪਿਆਰਾ ਲੱਗਾ। ਅਨਦਿਨੁ = {अनुदिनांਹਰ ਰੋਜ਼, ਹਰ ਵੇਲੇ। ਲਿਵ ਲਾਈ = ਸੁਰਤਿ ਜੋੜੀ ਰੱਖੀ। ਮਨ ਚਿੰਦਿਆ = ਮਨ = ਇੱਛਤ।

ਨਾਮਿ-ਨਾਮ ਦੀ ਰਾਹੀਂ। ਵਜੀ ਵਾਧਾਈ-ਚੜ੍ਹਦੀ ਕਲਾ ਬਣ ਗਈ। ਪ੍ਰਭਿ-ਪ੍ਰਭੂ ਨੇ। ਠਾਕੁਰਿ-ਠਾਕੁਰ ਨੇ। ਕਾਜੁ-(ਜੀਵ-ਇਸਤ੍ਰੀ ਦੇਵਿਆਹ ਦਾ ਉੱਦਮ। ਰਚਾਇਆ-ਅਰੰਭ ਦਿੱਤਾ। ਧਨ-ਜੀਵ-ਇਸਤ੍ਰੀ। ਹਿਰਦੈ-ਹਿਰਦੇ ਵਿਚ। ਨਾਮਿ-ਨਾਮ ਦੀ ਬਰਕਤਿ ਨਾਲ। ਵਿਗਾਸੀ-ਖਿੜ ਪਈ, ਆਨੰਦ-ਭਰਪੂਰ ਹੋ ਗਈ। ਚਉਥੀ ਲਾਵੈ-ਪ੍ਰਭੂ-ਪਤੀ ਨਾਲ ਜੀਵ-ਇਸਤ੍ਰੀ ਦੇ ਵਿਆਹ ਦੀ ਚੌਥੀ ਲਾਂਵ ਸਮੇ। ਅਵਿਨਾਸੀ-ਕਦੇ ਨਾਸ ਨਾਹ ਹੋਣ ਵਾਲਾ।੪।

ਅਰਥ: ਹੇ ਸੋਹਣੇ ਰਾਮ! ਮੈਂ ਤੈਥੋਂ ਸਦਕੇ ਹਾਂ। (ਤੇਰੀ ਮੇਹਰ ਨਾਲ ਜਿਸ ਜੀਵ-ਇਸਤ੍ਰੀ ਦੇ) ਮਨ ਵਿਚ ਆਤਮਕ ਅਡੋਲਤਾ ਪੈਦਾ ਹੋ ਜਾਂਦੀ ਹੈ, ਉਸ ਨੂੰ ਤੇਰਾ ਮਿਲਾਪ ਹੋ ਜਾਂਦਾ ਹੈ। (ਇਹ ਆਤਮਕ ਅਵਸਥਾ ਪ੍ਰਭੂ-ਪਤੀ ਨਾਲ ਜੀਵ-ਇਸਤ੍ਰੀ ਦੇ ਮਿਲਾਪ ਦੀ) ਚੌਥੀ ਸੋਹਣੀ ਲਾਂਵ ਹੈ।

ਹੇ ਭਾਈ! ਗੁਰੂ ਦੀ ਸਰਨ ਪੈ ਕੇ (ਪ੍ਰਭੂ-) ਪ੍ਰੇਮ ਵਿਚ (ਟਿਕ ਕੇ, ਜਿਸ ਜੀਵ-ਇਸਤ੍ਰੀ ਨੂੰ ਪ੍ਰਭੂ) ਮਿਲ ਪੈਂਦਾ ਹੈ, (ਉਸ ਦੇਮਨ ਵਿਚ (ਉਸ ਦੇ) ਤਨ ਵਿਚ ਪ੍ਰਭੂ ਪਿਆਰਾ ਲੱਗਣ ਲੱਗ ਪੈਂਦਾ ਹੈ।

ਹੇ ਭਾਈ! ਜਿਸ ਜੀਵ ਨੂੰ ਪਰਮਾਤਮਾ ਪਿਆਰਾ ਲੱਗਣ ਲੱਗ ਪੈਂਦਾ ਹੈ, ਪ੍ਰਭੂ ਨੂੰ ਉਹ ਜੀਵ ਪਿਆਰਾ ਲੱਗਣ ਲੱਗ ਪੈਂਦਾ ਹੈ, ਉਹ ਮਨੁੱਖ ਸਦਾ ਪ੍ਰਭੂ (ਦੀ ਯਾਦ ਵਿਚ (ਆਪਣੀ) ਸੁਰਤਿ ਜੋੜੀ ਰੱਖਦਾ ਹੈਉਹ ਮਨੁੱਖ ਪ੍ਰਭੂ-ਮਿਲਾਪ ਦਾ ਮਨ-ਇੱਛਤ ਫਲ ਪ੍ਰਾਪਤ ਕਰ ਲੈਂਦਾ ਹੈ। ਪ੍ਰਭੂ ਦੇ ਨਾਮ ਦੀ ਬਰਕਤਿ ਨਾਲ (ਉਸ ਦੇ ਅੰਦਰ ਸਦਾਚੜ੍ਹਦੀ ਕਲਾ ਬਣੀ ਰਹਿੰਦੀ ਹੈ।

ਹੇ ਭਾਈ! ਪ੍ਰਭੂ ਨੇਮਾਲਕ-ਹਰੀ ਨੇ (ਜਿਸ ਜੀਵ-ਇਸਤ੍ਰੀ ਦੇ) ਵਿਆਹ ਦਾ ਉੱਦਮ ਸ਼ੁਰੂ ਕਰ ਦਿੱਤਾ, ਉਹ ਜੀਵ-ਇਸਤ੍ਰੀ ਨਾਮ ਸਿਮਰਨ ਦੀ ਬਰਕਤਿ ਨਾਲ (ਆਪਣੇ) ਹਿਰਦੇ ਵਿਚ ਸਦਾ ਆਨੰਦ-ਭਰਪੂਰ ਰਹਿੰਦੀ ਹੈ। ਦਾਸ ਨਾਨਕ ਆਖਦਾ ਹੈ-ਪ੍ਰਭੂ-ਪਤੀ ਨਾਲ ਜੀਵ-ਇਸਤ੍ਰੀ ਦੇ ਵਿਆਹ ਦੀ ਚੌਥੀ ਲਾਂਵ ਸਮੇ ਜੀਵ-ਇਸਤ੍ਰੀ ਕਦੇ ਨਾਸ ਨਾਹ ਹੋਣ ਵਾਲੇ ਪ੍ਰਭੂ ਦਾ ਮਿਲਾਪ ਪ੍ਰਾਪਤ ਕਰ ਲੈਂਦੀ ਹੈ।੪।੨।

*┈┉┅━❀꧁ੴ꧂❀━┅┉┈*

||ਅੱਜ ਦਾ ਫੁਰਮਾਨ|| ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ (ਨਾਂਦੇੜ) ||

ਟੋਡੀ ਮਹਲਾ ੫ ॥ ਪ੍ਰਭ ਤੇਰੇ ਪਗ ਕੀ ਧੂਰਿ ॥ ਦੀਨ ਦਇਆਲ ਪ੍ਰੀਤਮ ਮਨਮੋਹਨ ਕਰਿ ਕਿਰਪਾ ਮੇਰੀ ਲੋਚਾ ਪੂਰਿ ॥ ਰਹਾਉ ॥ ਦਹ ਦਿਸ ਰਵਿ ਰਹਿਆ ਜਸੁ ਤੁਮਰਾ ਅੰਤਰਜਾਮੀ ਸਦਾ ਹਜੂਰਿ ॥ ਜੋ ਤੁਮਰਾ ਜਸੁ ਗਾਵਹਿ ਕਰਤੇ ਸੇ ਜਨ ਕਬਹੁ ਨ ਮਰਤੇ ਝੂਰਿ ॥੧॥ ਧੰਧ ਬੰਧ ਬਿਨਸੇ ਮਾਇਆ ਕੇ ਸਾਧੂ ਸੰਗਤਿ ਮਿਟੇ ਬਿਸੂਰ ॥ ਸੁਖ ਸੰਪਤਿ ਭੋਗ ਇਸੁ ਜੀਅ ਕੇ ਬਿਨੁ ਹਰਿ ਨਾਨਕ ਜਾਨੇ ਕੂਰ ॥੨॥੪॥੨੩॥ {ਪੰਨਾ 716}

ਪਦਅਰਥ: ਪ੍ਰਭ = ਹੇ ਪ੍ਰਭੂ! ਪਗ = ਚਰਨ। ਧੂਰਿ = ਖ਼ਾਕ, ਧੂੜ। ਪ੍ਰੀਤਮ = ਹੇ ਪ੍ਰੀਤਮ! ਮਨ ਮੋਹਨ– ਹੇ ਮਨ ਨੂੰ ਮੋਹਨ ਵਾਲੇ! ਲੋਚਾ = ਤਾਂਘ। ਪੂਰਿ = ਪੂਰੀ ਕਰ।ਰਹਾਉ।

ਦਹਦਿਸ = ਦਸੀਂ ਪਾਸੀਂਸਾਰੇ ਸੰਸਾਰ ਵਿਚ। ਰਵਿ ਰਹਿਆ = ਪਸਰਿਆ ਹੋਇਆ ਹੈ। ਜਸੁ = ਸੋਭਾ। ਅੰਤਰਜਾਮੀ = ਹੇ ਹਰੇਕ ਦੇ ਦਿਲ ਦੀ ਜਾਣਨ ਵਾਲੇ! ਹਜੂਰਿ = ਅੰਗ = ਸੰਗ। ਗਾਵਹਿ = ਗਾਂਦੇ ਹਨ। ਕਰਤੇ = ਹੇ ਕਰਤਾਰ! ਨ ਮਰਤੇ = ਆਤਮਕ ਮੌਤ ਨਹੀਂ ਸਹੇੜਦੇ। ਝੂਰਿ = (ਮਾਇਆ ਦੀ ਖ਼ਾਤਰ) ਕ੍ਰੁੱਝ ਕੇ।੧।

ਧੰਧ ਬੰਧ = ਧੰਧਿਆਂ ਦੇ ਬੰਧਨ। ਬਿਸੂਰ = ਚਿੰਤਾ = ਫ਼ਿਕਰ। ਸੰਪਤਿ = ਧਨ ਪਦਾਰਥ। ਜੀਅ ਕੇ = ਜਿੰਦ ਦੇ। ਕੂਰ = ਕੂੜ, ਝੂਠੇ, ਨਾਸਵੰਤ।੨।

ਅਰਥ: ਹੇ ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ! ਹੇ ਪ੍ਰੀਤਮ! ਹੇ ਮਨਮੋਹਨਮੇਹਰ ਕਰ, ਮੇਰੀ ਤਾਂਘ ਪੂਰੀ ਕਰ, ਮੈਨੂੰ ਤੇਰੇ ਚਰਨਾਂ ਦੀ ਧੂੜ ਮਿਲਦੀ ਰਹੇ।ਰਹਾਉ।

ਹੇ ਅੰਤਰਜਾਮੀ! ਤੂੰ ਸਦਾ (ਸਭ ਜੀਵਾਂ ਦੇ) ਅੰਗ-ਸੰਗ ਰਹਿੰਦਾ ਹੈਂ, ਤੇਰੀ ਸੋਭਾ ਸਾਰੇ ਸੰਸਾਰ ਵਿਚ ਖਿਲਰੀ ਰਹਿੰਦੀ ਹੈ। ਹੇ ਕਰਤਾਰ! ਜੇਹੜੇ ਮਨੁੱਖ ਤੇਰੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੇ ਰਹਿੰਦੇ ਹਨ, ਉਹ (ਮਾਇਆ ਦੀ ਖ਼ਾਤਰ) ਚਿੰਤਾ-ਫ਼ਿਕਰ ਕਰ ਕਰ ਕੇ ਕਦੇ ਭੀ ਆਤਮਕ ਮੌਤ ਨਹੀਂ ਸਹੇੜਦੇ।੧।

ਹੇ ਨਾਨਕ! ਜੇਹੜੇ ਮਨੁੱਖ ਕਰਤਾਰ ਦਾ ਜਸ ਗਾਂਦੇ ਰਹਿੰਦੇ ਹਨ) ਸਾਧ ਸੰਗਤਿ ਦੀ ਬਰਕਤਿ ਨਾਲ ਉਹਨਾਂ ਦੇ ਸਾਰੇ ਚਿੰਤਾ-ਫ਼ਿਕਰ ਮਿਟ ਜਾਂਦੇ ਹਨ, (ਉਹਨਾਂ ਵਾਸਤੇ ਮਾਇਆ ਦੇ ਧੰਧਿਆਂ ਦੀਆਂ ਫਾਹੀਆਂ ਨਾਸ ਹੋ ਜਾਂਦੀਆਂ ਹਨ। ਦੁਨੀਆ ਦੇ ਸੁਖ, ਧਨ-ਪਦਾਰਥਇਸ ਜਿੰਦ ਨੂੰ ਪਿਆਰੇ ਲੱਗਣ ਵਾਲੇ ਮਾਇਕ ਪਦਾਰਥਾਂ ਦੇ ਭੋਗ-ਪਰਮਾਤਮਾ ਦੇ ਨਾਮ ਤੋਂ ਬਿਨਾ ਉਹ ਮਨੁੱਖ ਇਹਨਾਂ ਸਭਨਾਂ ਨੂੰ ਝੂਠੇ ਜਾਣਦੇ ਹਨ।੨।੪।੨੩।

*┈┉┅━❀꧁ੴ꧂❀━┅┉┈*

||ਅੱਜ ਦਾ ਫੁਰਮਾਨ|| ਤਖ਼ਤ ਸ੍ਰੀ ਪਟਨਾ ਸਾਹਿਬ ||

ਗੂਜਰੀ ਮਹਲਾ ੫ ਤਿਪਦੇ ਘਰੁ ੨     ੴ ਸਤਿਗੁਰ ਪ੍ਰਸਾਦਿ ॥ ਦੁਖ ਬਿਨਸੇ ਸੁਖ ਕੀਆ ਨਿਵਾਸਾ ਤ੍ਰਿਸਨਾ ਜਲਨਿ ਬੁਝਾਈ ॥ ਨਾਮੁ ਨਿਧਾਨੁ ਸਤਿਗੁਰੂ ਦ੍ਰਿੜਾਇਆ ਬਿਨਸਿ ਨ ਆਵੈ ਜਾਈ ॥੧॥ ਹਰਿ ਜਪਿ ਮਾਇਆ ਬੰਧਨ ਤੂਟੇ ॥ ਭਏ ਕ੍ਰਿਪਾਲ ਦਇਆਲ ਪ੍ਰਭ ਮੇਰੇ ਸਾਧਸੰਗਤਿ ਮਿਲਿ ਛੂਟੇ ॥੧॥ ਰਹਾਉ ॥ ਆਠ ਪਹਰ ਹਰਿ ਕੇ ਗੁਨ ਗਾਵੈ ਭਗਤਿ ਪ੍ਰੇਮ ਰਸਿ ਮਾਤਾ ॥ ਹਰਖ ਸੋਗ ਦੁਹੁ ਮਾਹਿ ਨਿਰਾਲਾ ਕਰਣੈਹਾਰੁ ਪਛਾਤਾ ॥੨॥ ਜਿਸ ਕਾ ਸਾ ਤਿਨ ਹੀ ਰਖਿ ਲੀਆ ਸਗਲ ਜੁਗਤਿ ਬਣਿ ਆਈ ॥ ਕਹੁ ਨਾਨਕ ਪ੍ਰਭ ਪੁਰਖ ਦਇਆਲਾ ਕੀਮਤਿ ਕਹਣੁ ਨ ਜਾਈ ॥੩॥੧॥੯॥ {ਪੰਨਾ 497-498}

ਪਦ ਅਰਥ: ਜਲਨਿ = ਸੜਨ। ਨਿਧਾਨੁ = ਖ਼ਜ਼ਾਨਾ। ਦ੍ਰਿੜਾਇਆ = ਹਿਰਦੇ ਵਿਚ ਪੱਕਾ ਕਰ ਦਿੱਤਾ। ਬਿਨਸਿ = ਨਾਸ ਹੋ ਕੇ, ਆਤਮਕ ਮੌਤੇ ਮਰ ਕੇ। ਆਵੈ = ਜੰਮਦਾ। ਜਾਈ = ਮਰਦਾ।1।

ਜਪਿ = ਜਪ ਕੇ। ਮਿਲਿ = ਮਿਲ ਕੇ। ਛੂਟੇ = ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ।1। ਰਹਾਉ।

ਗਾਵੈ = ਗਾਂਦਾ ਹੈ। ਰਸਿ = ਸੁਆਦ ਵਿਚ। ਮਾਤਾ = ਮਸਤ। ਹਰਖ = ਖ਼ੁਸ਼ੀ। ਸੋਗ = ਗ਼ਮੀ। ਦੁਹੁ ਮਾਹਿ = ਦੋਹਾਂ ਵਿਚ। ਨਿਰਾਲਾ = {ਨਿਰ-ਆਲਯ। ਆਲਯ = ਘਰ} ਵੱਖਰਾ, ਨਿਰਲੇਪ।2।

ਜਿਸ ਕਾ = {ਲਫ਼ਜ਼ 'ਜਿਸੁ' ਦਾ ੁ ਸੰਬੰਧਕ 'ਕਾ' ਦੇ ਕਾਰਨ ਉੱਡ ਗਿਆ ਹੈ}। ਸਾ = ਸੀ। ਤਿਨ ਹੀ = ਤਿਨਿ ਹੀ, ਉਸੇ (ਪ੍ਰਭੂ) ਨੇ ਹੀ {ਲਫ਼ਜ਼ 'ਤਿਨਿ' ਦੀ ਿ ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਈ ਹੈ}। ਜੁਗਤਿ = ਜੀਵਨ-ਮਰਯਾਦਾ।3।

ਅਰਥ: ਹੇ ਭਾਈ! ਮੇਰੇ ਪ੍ਰਭੂ ਜੀ ਜਿਸ ਮਨੁੱਖ ਉੱਤੇ ਕਿਰਪਾਲ ਹੁੰਦੇ ਹਨ, ਉਹ ਮਨੁੱਖ ਸਾਧ ਸੰਗਤਿ ਵਿਚ ਮਿਲ ਕੇ ਮਾਇਆ ਦੇ ਬੰਧਨਾਂ ਤੋਂ ਅਜ਼ਾਦ ਹੋ ਜਾਂਦਾ ਹੈ, ਪਰਮਾਤਮਾ ਦਾ ਨਾਮ ਜਪ ਕੇ ਉਸ ਦੇ ਮਾਇਆ ਦੇ ਬੰਧਨ ਟੁੱਟ ਜਾਂਦੇ ਹਨ।1। ਰਹਾਉ।

ਹੇ ਭਾਈ! ਗੁਰੂ ਨੇ ਜਿਸ ਮਨੁੱਖ ਦੇ ਹਿਰਦੇ ਵਿਚ (ਸਾਰੇ ਸੁਖਾਂ ਦਾ) ਖ਼ਜ਼ਾਨਾ ਹਰਿ-ਨਾਮ ਪੱਕਾ ਕਰ ਦਿੱਤਾ, ਉਹ ਆਤਮਕ ਮੌਤ ਨਹੀਂ ਸਹੇੜਦਾ, ਉਹ ਨਾਹ (ਮੁੜ ਮੁੜ) ਜੰਮਦਾ ਹੈ ਨਾਹ ਮਰਦਾ ਹੈ, ਉਸ ਦੇ ਸਾਰੇ ਦੁੱਖ ਨਾਸ ਹੋ ਜਾਂਦੇ ਹਨ, ਉਸ ਦੇ ਅੰਦਰ ਸੁਖ ਆ ਨਿਵਾਸ ਕਰਦੇ ਹਨ, ਪਰਮਾਤਮਾ ਦਾ ਨਾਮ ਉਸ ਦੀ ਤ੍ਰਿਸ਼ਨਾ ਦੀ ਸੜਨ ਬੁਝਾ ਦੇਂਦਾ ਹੈ।1।

(ਹੇ ਭਾਈ! ਜਿਸ ਮਨੁੱਖ ਉੱਤੇ ਪ੍ਰ੍ਰਭੂ ਜੀ ਦਇਆਵਾਨ ਹੁੰਦੇ ਹਨ, ਉਹ) ਪਰਮਾਤਮਾ ਦੀ ਭਗਤੀ ਤੇ ਪਿਆਰ ਦੇ ਸੁਆਦ ਵਿਚ ਮਸਤ ਹੋ ਕੇ ਅੱਠੇ ਪਹਰ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ, (ਇਸ ਤਰ੍ਹਾਂ) ਉਹ ਖ਼ੁਸ਼ੀ ਤੇ ਗ਼ਮੀ ਦੋਹਾਂ ਤੋਂ ਨਿਰਲੇਪ ਰਹਿੰਦਾ ਹੈ, ਉਹ ਸਦਾ ਸਿਰਜਣਹਾਰ-ਪ੍ਰਭੂ ਨਾਲ ਸਾਂਝ ਪਾਈ ਰੱਖਦਾ ਹੈ।1।

(ਹੇ ਭਾਈ! ਪ੍ਰਭੂ! ਦੀ ਦਇਆ ਨਾਲ) ਜਿਹੜਾ ਮਨੁੱਖ ਉਸ ਪ੍ਰਭੂ ਦਾ ਹੀ ਸੇਵਕ ਬਣ ਜਾਂਦਾ ਹੈ, ਉਹ ਪ੍ਰਭੂ ਹੀ ਉਸ ਨੂੰ ਮਾਇਆ ਦੇ ਬੰਧਨਾਂ ਤੋਂ ਬਚਾ ਲੈਂਦਾ ਹੈ, ਉਸ ਮਨੁੱਖ ਦੀ ਸਾਰੀ ਜੀਵਨ-ਮਰਯਾਦਾ ਸੁਚੱਜੀ ਬਣ ਜਾਂਦੀ ਹੈ।

ਹੇ ਨਾਨਕ! ਆਖ– ਸਰਬ-ਵਿਆਪਕ ਪ੍ਰਭੂ ਜੀ (ਆਪਣੇ ਸੇਵਕ ਉਤੇ ਸਦਾ) ਦਇਆਵਾਨ ਰਹਿੰਦੇ ਹਨ। ਪ੍ਰਭੂ ਦੀ ਦਇਆਲਤਾ ਦਾ ਮੁੱਲ ਦੱਸਿਆ ਨਹੀਂ ਜਾ ਸਕਦਾ।3।1।9।

ਨੋਟ: ਸਿਰਲੇਖ ਵਿਚ ਲਿਖਿਆ ਹੈ 'ਤਿਪਦੇ' (ਤਿੰਨਾਂ ਬੰਦਾਂ ਵਾਲੇ ਸ਼ਬਦ = ਬਹੁ-ਵਚਨ)। ਪਰ ਇਥੇ ਸਿਰਫ਼ ਇਹੋ ਹੀ 'ਤਿਪਤਾ' ਦਰਜ ਹੈ।

*┈┉┅━❀꧁ੴ꧂❀━┅┉┈*

||ਅੱਜ ਦਾ ਫੁਰਮਾਨ|| ਤਖ਼ਤ ਸ੍ਰੀ ਕੇਸ਼ਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ (ਰੋਪੜ) ||

ਧਨਾਸਰੀ ਮਹਲਾ ੧ ਘਰੁ ੧ ਚਉਪਦੇ

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ
ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

ਜੀਉ ਡਰਤੁ ਹੈ ਆਪਣਾ ਕੈ ਸਿਉ ਕਰੀ ਪੁਕਾਰ ॥ ਦੂਖ ਵਿਸਾਰਣੁ ਸੇਵਿਆ ਸਦਾ ਸਦਾ ਦਾਤਾਰੁ ॥੧॥ ਸਾਹਿਬੁ ਮੇਰਾ ਨੀਤ ਨਵਾ ਸਦਾ ਸਦਾ ਦਾਤਾਰੁ ॥੧॥ ਰਹਾਉ ॥ ਅਨਦਿਨੁ ਸਾਹਿਬੁ ਸੇਵੀਐ ਅੰਤਿ ਛਡਾਏ ਸੋਇ ॥ ਸੁਣਿ ਸੁਣਿ ਮੇਰੀ ਕਾਮਣੀ ਪਾਰਿ ਉਤਾਰਾ ਹੋਇ ॥੨॥ ਦਇਆਲ ਤੇਰੈ ਨਾਮਿ ਤਰਾ ॥ ਸਦ ਕੁਰਬਾਣੈ ਜਾਉ ॥੧॥ ਰਹਾਉ ॥ ਸਰਬੰ ਸਾਚਾ ਏਕੁ ਹੈ ਦੂਜਾ ਨਾਹੀ ਕੋਇ ॥ ਤਾ ਕੀ ਸੇਵਾ ਸੋ ਕਰੇ ਜਾ ਕਉ ਨਦਰਿ ਕਰੇ ॥੩॥ ਤੁਧੁ ਬਾਝੁ ਪਿਆਰੇ ਕੇਵ ਰਹਾ ॥ ਸਾ ਵਡਿਆਈ ਦੇਹਿ ਜਿਤੁ ਨਾਮਿ ਤੇਰੇ ਲਾਗਿ ਰਹਾਂ ॥ ਦੂਜਾ ਨਾਹੀ ਕੋਇ ਜਿਸੁ ਆਗੈ ਪਿਆਰੇ ਜਾਇ ਕਹਾ ॥੧॥ ਰਹਾਉ ॥ ਸੇਵੀ ਸਾਹਿਬੁ ਆਪਣਾ ਅਵਰੁ ਨ ਜਾਚੰਉ ਕੋਇ ॥ ਨਾਨਕੁ ਤਾ ਕਾ ਦਾਸੁ ਹੈ ਬਿੰਦ ਬਿੰਦ ਚੁਖ ਚੁਖ ਹੋਇ ॥੪॥ ਸਾਹਿਬ ਤੇਰੇ ਨਾਮ ਵਿਟਹੁ ਬਿੰਦ ਬਿੰਦ ਚੁਖ ਚੁਖ ਹੋਇ ॥੧॥ ਰਹਾਉ ॥੪॥੧॥ {ਪੰਨਾ 660}

ਪਦਅਰਥ: ਜੀਉ = ਜਿੰਦ। ਕੈ ਸਿਉ = ਕਿਸ ਪਾਸਕਰੀ = ਮੈਂ ਕਰਾਂ। ਦੂਖ ਵਿਸਾਰਣੁ = ਦੁੱਖ ਦੂਰ ਕਰਨ ਵਾਲਾ ਪ੍ਰਭੂ। ਸੇਵਿਆ = ਮੈਂ ਸਿਮਰਿਆ ਹੈ।੧।

ਨੀਤ = ਨਿੱਤ। ਨਵਾ = (ਭਾਵ, ਦਾਤਾਂ ਦੇ ਦੇ ਕੇ ਅੱਕਣ ਵਾਲਾ ਨਹੀਂ। ਦਾਤਾਰੁ = ਦਾਤਾਂ ਦੇਣ ਵਾਲਾ।੧।ਰਹਾਉ।

ਅਨਦਿਨੁ = ਹਰ ਰੋਜ਼, ਸਦਾ। ਅੰਤਿ = ਆਖ਼ਰ ਨੂੰ। ਮੇਰੀ ਕਾਮਣੀ = ਹੇ ਮੇਰੀ ਜਿੰਦੇ!੨।

ਦਇਆਲ = ਹੇ ਦਇਆ ਦੇ ਘਰਨਾਮਿ = ਨਾਮ ਦੀ ਰਾਹੀਂ। ਤਰਾ = ਤਰ ਸਕਦਾ ਹਾਂ, ਪਾਰ ਲੰਘ ਸਕਦਾ ਹਾਂ।੧।ਰਹਾਉ।

ਸਰਬੰ = ਹਰ ਥਾਂ। ਸਾਚਾ = ਸਦਾ ਕਾਇਮ ਰਹਿਣ ਵਾਲਾ। ਕਉ = ਨੂੰ। ਨਦਰਿ = ਮੇਹਰ ਦੀ ਨਜ਼ਰ। ਕਰੇਇ = ਕਰਦਾ ਹੈ।੩।

ਕੇਵ ਰਹਾ = ਕਿਵੇਂ ਰਹਿ ਸਕਦਾ ਹਾਂਮੈਂ ਵਿਆਕੁਲ ਹੋ ਜਾਂਦਾ ਹਾਂ। ਜਿਤੁ = ਜਿਸ ਦੀ ਰਾਹੀਂ। ਜਾਇ = ਜਾ ਕੇ।੧।ਰਹਾਉ।

ਸੇਵੀ = ਮੈਂ ਸੇਂਵਦਾ ਹਾਂ। ਜਾਚੰਉ = ਮੈਂ ਮੰਗਦਾ ਹਾਂ। ਬਿੰਦ ਬਿੰਦ = ਖਿਨ ਖਿਨ। ਚੁਖ ਚੁਖ = ਟੋਟੇ ਟੋਟੇ, ਕੁਰਬਾਨ।੪।

ਵਿਟਹੁ = ਤੋਂ। ਸਾਹਿਬ = ਹੇ ਸਾਹਿਬ!

ਅਰਥ: (ਜਗਤ ਦੁੱਖਾਂ ਦਾ ਸਮੁੰਦਰ ਹੈਇਹਨਾਂ ਦੁੱਖਾਂ ਨੂੰ ਵੇਖ ਕੇ) ਮੇਰੀ ਜਿੰਦ ਕੰਬਦੀ ਹੈ (ਪਰਮਾਤਮਾ ਤੋਂ ਬਿਨਾ ਹੋਰ ਕੋਈ ਬਚਾਣ ਵਾਲਾ ਦਿੱਸਦਾ ਨਹੀਂਜਿਸ ਦੇ ਪਾਸ ਮੈਂ ਮਿੰਨਤਾਂ ਕਰਾਂ। (ਸੋ, ਹੋਰ ਆਸਰੇ ਛੱਡ ਕੇ) ਮੈਂ ਦੁੱਖਾਂ ਦੇ ਨਾਸ ਕਰਨ ਵਾਲੇ ਪ੍ਰਭੂ ਨੂੰ ਹੀ ਸਿਮਰਦਾ ਹਾਂ, ਉਹ ਸਦਾ ਹੀ ਬਖ਼ਸ਼ਸ਼ਾਂ ਕਰਨ ਵਾਲਾ ਹੈ।੧।

(ਫਿਰ ਉਹ) ਮੇਰਾ ਮਾਲਿਕ ਸਦਾ ਹੀ ਬਖ਼ਸ਼ਸ਼ਾਂ ਤਾਂ ਕਰਦਾ ਰਹਿੰਦਾ ਹੈ (ਪਰ ਉਹ ਮੇਰੇ ਨਿੱਤ ਦੇ ਤਰਲੇ ਸੁਣ ਕੇ ਕਦੇ ਅੱਕਦਾ ਨਹੀਂ, ਬਖ਼ਸ਼ਸ਼ਾਂ ਵਿਚ) ਨਿੱਤ ਇਉਂ ਹੈ ਜਿਵੇਂ ਪਹਿਲੀ ਵਾਰੀ ਹੀ ਬਖ਼ਸ਼ਸ਼ ਕਰਨ ਲੱਗਾ ਹੈ।੧।ਰਹਾਉ।

ਹੇ ਮੇਰੀ ਜਿੰਦੇ! ਹਰ ਰੋਜ਼ ਉਸ ਮਾਲਿਕ ਨੂੰ ਯਾਦ ਕਰਨਾ ਚਾਹੀਦਾ ਹੈ (ਦੁੱਖਾਂ ਵਿਚੋਂ) ਆਖ਼ਰ ਉਹੀ ਬਚਾਂਦਾ ਹੈ। ਹੇ ਜਿੰਦੇ! ਧਿਆਨ ਨਾਲ ਸੁਣ (ਉਸ ਮਾਲਿਕ ਦਾ ਆਸਰਾ ਲਿਆਂ ਹੀ ਦੁੱਖਾਂ ਦੇ ਸਮੁੰਦਰ ਵਿਚੋਂ) ਪਾਰ ਲੰਘ ਸਕੀਦਾ ਹੈ।੨।

ਹੇ ਦਿਆਲ ਪ੍ਰਭੂ! ਮੈਂ ਤੈਥੋਂ ਸਦਾ ਸਦਕੇ ਜਾਂਦਾ ਹਾਂ (ਮੇਹਰ ਕਰ, ਆਪਣਾ ਨਾਮ ਦੇਹ, ਤਾ ਕਿ) ਤੇਰੇ ਨਾਮ ਦੀ ਰਾਹੀਂ ਮੈਂ (ਦੁੱਖਾਂ ਦੇ ਇਸ ਸਮੁੰਦਰ ਵਿਚੋਂ) ਪਾਰ ਲੰਘ ਸਕਾਂ।੧।ਰਹਾਉ।

ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਹੀ ਸਭ ਥਾਈਂ ਮੌਜੂਦ ਹੈ, ਉਸ ਤੋਂ ਬਿਨਾ ਹੋਰ ਕੋਈ ਨਹੀਂ। ਜਿਸ ਜੀਵ ਉਤੇ ਉਹ ਮੇਹਰ ਦੀ ਨਿਗਾਹ ਕਰਦਾ ਹੈ, ਉਹ ਉਸ ਦਾ ਸਿਮਰਨ ਕਰਦਾ ਹੈ।੩।

ਹੇ ਪਿਆਰੇ (ਪ੍ਰਭੂ!) ਤੇਰੀ ਯਾਦ ਤੋਂ ਬਿਨਾ ਮੈਂ ਵਿਆਕੁਲ ਹੋ ਜਾਂਦਾ ਹਾਂ। ਮੈਨੂੰ ਕੋਈ ਉਹ ਵੱਡੀ ਦਾਤਿ ਦੇਹ, ਜਿਸ ਦਾ ਸਦਕਾ ਮੈਂ ਤੇਰੇ ਨਾਮ ਵਿਚ ਜੁੜਿਆ ਰਹਾਂ। ਹੇ ਪਿਆਰੇ! ਤੈਥੋਂ ਬਿਨਾ ਹੋਰ ਐਸਾ ਕੋਈ ਨਹੀਂ ਹੈ, ਜਿਸ ਪਾਸ ਜਾ ਕੇ ਮੈਂ ਇਹ ਅਰਜ਼ੋਈ ਕਰ ਸਕਾਂ।੧।ਰਹਾਉ।

(ਦੁੱਖਾਂ ਦੇ ਇਸ ਸਾਗਰ ਵਿਚੋਂ ਤਰਨ ਲਈ) ਮੈਂ ਆਪਣੇ ਮਾਲਿਕ ਪ੍ਰਭੂ ਨੂੰ ਹੀ ਯਾਦ ਕਰਦਾ ਹਾਂ, ਕਿਸੇ ਹੋਰ ਪਾਸੋਂ ਮੈਂ ਇਹ ਮੰਗ ਨਹੀਂ ਮੰਗਦਾ। ਨਾਨਕ (ਆਪਣੇ) ਉਸ (ਮਾਲਿਕ) ਦਾ ਹੀ ਸੇਵਕ ਹੈ, ਉਸ ਮਾਲਿਕ ਤੋਂ ਹੀ ਖਿਨ ਖਿਨ ਸਦਕੇ ਹੁੰਦਾ ਹੈ।੪।

ਹੇ ਮੇਰੇ ਮਾਲਿਕ! ਮੈਂ ਤੇਰੇ ਨਾਮ ਤੋਂ ਖਿਨ ਖਿਨ ਕੁਰਬਾਨ ਜਾਂਦਾ ਹਾਂ।੧।ਰਹਾਉ।

*┈┉┅━❀꧁ੴ꧂❀━┅┉┈*

||ਅੱਜ ਦਾ ਫੁਰਮਾਨ|| ਤਖ਼ਤ ਸ੍ਰੀ ਦਮਦਮਾ ਸਾਹਿਬ (ਤਲਵੰਡੀ ਸਾਬੋ)  ||

ਸੋਰਠਿ ਮਹਲਾ ੯ ॥ ਜੋ ਨਰੁ ਦੁਖ ਮੈ ਦੁਖੁ ਨਹੀ ਮਾਨੈ ॥ ਸੁਖ ਸਨੇਹੁ ਅਰੁ ਭੈ ਨਹੀ ਜਾ ਕੈ ਕੰਚਨ ਮਾਟੀ ਮਾਨੈ ॥੧॥ ਰਹਾਉ ॥ ਨਹ ਨਿੰਦਿਆ ਨਹ ਉਸਤਤਿ ਜਾ ਕੈ ਲੋਭੁ ਮੋਹੁ ਅਭਿਮਾਨਾ ॥ ਹਰਖ ਸੋਗ ਤੇ ਰਹੈ ਨਿਆਰਉ ਨਾਹਿ ਮਾਨ ਅਪਮਾਨਾ ॥੧॥ ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੈ ਨਿਰਾਸਾ ॥ ਕਾਮੁ ਕ੍ਰੋਧੁ ਜਿਹ ਪਰਸੈ ਨਾਹਨਿ ਤਿਹ ਘਟਿ ਬ੍ਰਹਮੁ ਨਿਵਾਸਾ ॥੨॥ ਗੁਰ ਕਿਰਪਾ ਜਿਹ ਨਰ ਕਉ ਕੀਨੀ ਤਿਹ ਇਹ ਜੁਗਤਿ ਪਛਾਨੀ ॥ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗਿ ਪਾਨੀ ॥੩॥੧੧॥ {ਪੰਨਾ 633}

ਪਦਅਰਥ: ਦੁਖ ਮੈ = ਦੁੱਖਾਂ ਵਿਚ (ਘਿਰਿਆ ਹੋਇਆ ਭੀ। ਨਹੀ ਮਾਨੈ = ਨਹੀਂ ਪ੍ਰਤੀਤ ਕਰਦਾ, ਨਹੀਂ ਘਬਰਾਂਦਾ। ਸੁਖ ਸਨੇਹੁ = ਸੁਖਾਂ ਦਾ ਮੋਹ। ਭੈ = {ਲਫ਼ਜ਼ 'ਭਉਤੋਂ ਬਹੁ-ਵਚਨ}। ਜਾ ਕੈ = ਜਿਸ ਦੇ ਮਨ ਵਿਚ। ਕੰਚਨ = ਸੋਨਾ।੧।ਰਹਾਉ।

ਨਿੰਦਿਆ = ਚੁਗ਼ਲੀ = ਬੁਰਾਈ। ਉਸਤਤਿ = ਖ਼ੁਸ਼ਾਮਦ। ਹਰਖ ਸੋਗ ਤੇ = ਖ਼ੁਸ਼ੀ ਗ਼ਮੀ ਤੋਂ। ਮਾਨ = ਆਦਰ। ਅਪਮਾਨਾ = ਨਿਰਾਦਰੀ।੧।

ਮਨਸਾ = {मनीषाਮਨੋਕਾਮਨਾ। ਤੇ = ਤੋਂ। ਪਰਸੈ = ਛੁੰਹਦਾ। ਤਿਹ ਘਟਿ = ਉਸ ਦੇ ਹਿਰਦੇ ਵਿਚ। ਬ੍ਰਹਮੁ ਨਿਵਾਸਾ = ਪਰਮਾਤਮਾ ਦਾ ਨਿਵਾਸ।੨।

ਗੁਰ = ਗੁਰੂ ਨੇ। ਜਿਹ ਨਰ ਕਉ = ਜਿਸ ਮਨੁੱਖ ਉਤੇ। ਤਿਹ = ਉਸ ਨੇ। ਸਿਉ = ਨਾਲ, ਵਿਚ। ਸੰਗਿ = ਨਾਲ।੩।

ਅਰਥ: ਹੇ ਭਾਈ! ਜੇਹੜਾ ਮਨੁੱਖ ਦੁੱਖਾਂ ਵਿਚ ਘਬਰਾਂਦਾ ਨਹੀਂ, ਜਿਸ ਮਨੁੱਖ ਦੇ ਹਿਰਦੇ ਵਿਚ ਸੁਖਾਂ ਨਾਲ ਮੋਹ ਨਹੀਂ, ਅਤੇ (ਕਿਸੇ ਕਿਸਮ ਦੇ) ਡਰ ਨਹੀਂ, ਜੇਹੜਾ ਮਨੁੱਖ ਸੋਨੇ ਨੂੰ ਮਿੱਟੀ (ਸਮਾਨ) ਸਮਝਦਾ ਹੈ (ਉਸ ਦੇ ਅੰਦਰ ਪਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ੧।ਰਹਾਉ।

ਹੇ ਭਾਈ! ਜਿਸ ਮਨੁੱਖ ਦੇ ਅੰਦਰ ਕਿਸੇ ਦੀ ਚੁਗ਼ਲੀ-ਬੁਰਾਈ ਨਹੀਂ, ਕਿਸੇ ਦੀ ਖ਼ੁਸ਼ਾਮਦ ਨਹੀਂ, ਜਿਸ ਦੇ ਅੰਦਰ ਨਾਹ ਲੋਭ ਹੈ, ਨਾਹ ਮੋਹ ਹੈ, ਨਾਹ ਅਹੰਕਾਰ ਹੈਜੇਹੜਾ ਮਨੁੱਖ ਖ਼ੁਸ਼ੀ ਤੇ ਗ਼ਮੀ ਤੋਂ ਨਿਰਲੇਪ ਰਹਿੰਦਾ ਹੈ, ਜਿਸ ਨੂੰ ਨਾਹ ਆਦਰ ਪੋਹ ਸਕਦਾ ਹੈ ਨਾਹ ਨਿਰਾਦਰੀ (ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ੧।

ਹੇ ਭਾਈ! ਜੇਹੜਾ ਮਨੁੱਖਾਂ ਆਸਾਂ ਉਮੈਦਾਂ ਸਭ ਤਿਆਗ ਦੇਂਦਾ ਹੈ, ਜਗਤ ਤੋਂ ਨਿਰਮੋਹ ਰਹਿੰਦਾ ਹੈਜਿਸ ਮਨੁੱਖ ਨੂੰ ਨਾਹ ਕਾਮ-ਵਾਸਨਾ ਛੋਹ ਸਕਦੀ ਹੈ ਨਾਹ ਕ੍ਰੋਧ ਛੋਹ ਸਕਦਾ ਹੈ, ਉਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ।੨।

(ਪਰ) ਹੇ ਨਾਨਕ! ਆਖ-) ਜਿਸ ਮਨੁੱਖ ਉੱਤੇ ਗੁਰੂ ਨੇ ਮੇਹਰ ਕੀਤੀ ਉਸ ਨੇ (ਹੀ ਜੀਵਨ ਦੀ) ਇਹ ਜਾਚ ਸਮਝੀ ਹੈ। ਉਹ ਮਨੁੱਖ ਪਰਮਾਤਮਾ ਨਾਲ ਇਉਂ ਇਕ-ਮਿਕ ਹੋ ਜਾਂਦਾ ਹੈ, ਜਿਵੇਂ ਪਾਣੀ ਨਾਲ ਪਾਣੀ ਮਿਲ ਜਾਂਦਾ ਹੈ।੩।੧੧।

*┈┉┅━❀꧁ੴ꧂❀━┅┉┈*

||ਅੱਜ ਦਾ ਫੁਰਮਾਨ|| ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ|| 

ਰਾਗੁ ਸੂਹੀ ਮਹਲਾ ੩ ਘਰੁ ੧੦    ੴ ਸਤਿਗੁਰ ਪ੍ਰਸਾਦਿ ॥ ਦੁਨੀਆ ਨ ਸਾਲਾਹਿ ਜੋ ਮਰਿ ਵੰਞਸੀ ॥ ਲੋਕਾ ਨ ਸਾਲਾਹਿ ਜੋ ਮਰਿ ਖਾਕੁ ਥੀਈ ॥੧॥ ਵਾਹੁ ਮੇਰੇ ਸਾਹਿਬਾ ਵਾਹੁ ॥ ਗੁਰਮੁਖਿ ਸਦਾ ਸਲਾਹੀਐ ਸਚਾ ਵੇਪਰਵਾਹੁ ॥੧॥ ਰਹਾਉ ॥ ਦੁਨੀਆ ਕੇਰੀ ਦੋਸਤੀ ਮਨਮੁਖ ਦਝਿ ਮਰੰਨਿ ॥ ਜਮ ਪੁਰਿ ਬਧੇ ਮਾਰੀਅਹਿ ਵੇਲਾ ਨ ਲਾਹੰਨਿ ॥੨॥ ਗੁਰਮੁਖਿ ਜਨਮੁ ਸਕਾਰਥਾ ਸਚੈ ਸਬਦਿ ਲਗੰਨਿ ॥ ਆਤਮ ਰਾਮੁ ਪ੍ਰਗਾਸਿਆ ਸਹਜੇ ਸੁਖਿ ਰਹੰਨਿ ॥੩॥ ਗੁਰ ਕਾ ਸਬਦੁ ਵਿਸਾਰਿਆ ਦੂਜੈ ਭਾਇ ਰਚੰਨਿ ॥ ਤਿਸਨਾ ਭੁਖ ਨ ਉਤਰੈ ਅਨਦਿਨੁ ਜਲਤ ਫਿਰੰਨਿ ॥੪॥ ਦੁਸਟਾ ਨਾਲਿ ਦੋਸਤੀ ਨਾਲਿ ਸੰਤਾ ਵੈਰੁ ਕਰੰਨਿ ॥ ਆਪਿ ਡੁਬੇ ਕੁਟੰਬ ਸਿਉ ਸਗਲੇ ਕੁਲ ਡੋਬੰਨਿ ॥੫॥ ਨਿੰਦਾ ਭਲੀ ਕਿਸੈ ਕੀ ਨਾਹੀ ਮਨਮੁਖ ਮੁਗਧ ਕਰੰਨਿ ॥ ਮੁਹ ਕਾਲੇ ਤਿਨ ਨਿੰਦਕਾ ਨਰਕੇ ਘੋਰਿ ਪਵੰਨਿ ॥੬॥ {ਪੰਨਾ 755}

ਪਦਅਰਥ: ਮਰਿ ਵੰਞਸੀ = ਮਰ ਜਾਇਗੀ। ਮਰਿ = ਮਰ ਕੇ। ਖਾਕੁ = ਮਿੱਟੀ। ਥੀਈ = ਹੋ ਜਾਇਗੀ।੧।

ਵਾਹੁ = ਧੰਨ, ਸਲਾਹੁਣ = ਜੋਗ। ਸਾਹਿਬਾ = ਹੇ ਮਾਲਕ! ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਸਲਾਹੀਐ = ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ। ਸਚਾ = ਸਦਾ ਕਾਇਮ ਰਹਿਣ ਵਾਲਾ। ਵੇਪਰਵਾਹੁ = ਬੇ = ਮੁਥਾਜ।੧।ਰਹਾਉ।

ਕੇਰੀ = ਦੀ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਦਝਿ = ਸੜ ਕੇ। ਮਰੰਨਿ = ਮਰਦੇ ਹਨ। ਜਮ ਪੁਰਿ = ਜਮ ਦੀ ਪੁਰੀ ਵਿਚ। ਮਾਰੀਅਹਿ = ਮਾਰੇ ਜਾਂਦੇ ਹਨ, ਮਾਰ ਖਾਂਦੇ ਹਨ। ਵੇਲਾ = ਮਨੁੱਖਾ ਜਨਮ ਦਾ ਮੌਕਾ। ਨ ਲਾਹੰਨਿ = ਨਹੀਂ ਪ੍ਰਾਪਤ ਕਰ ਸਕਦੇ।੨।

ਗੁਰਮੁਖਿ = ਗੁਰੂ ਦੀ ਸਰਨ ਪੈਣ ਵਾਲੇ ਮਨੁੱਖ। ਸਕਾਰਥਾ = ਸਫਲ। ਸਚੈ ਸਬਦਿ = ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਵਿਚ। ਆਤਮ ਰਾਮੁ = ਸਰਬ = ਵਿਆਪਕ ਪਰਮਾਤਮਾ। ਸਹਜੇ = ਆਤਮਕ ਅਡੋਲਤਾ ਵਿਚ। ਸੁਖਿ = ਅਨੰਦ ਵਿਚ।੩।

ਦੂਜੈ ਭਾਇ = ਮਾਇਆ ਦੇ ਪਿਆਰ ਵਿਚ। ਅਨਦਿਨੁ = {अनुदिनंਹਰ ਰੋਜ਼, ਹਰ ਵੇਲੇ।੪।

ਕਰੰਨਿ = ਕਰਦੇ ਹਨ। ਦੁਸਟ = ਮੰਦ = ਕਰਮੀ, ਭੈੜੇ। ਸਿਉ = ਸਮੇਤ। ਡੋਬੰਨਿ = ਡੋਬ ਦੇਂਦੇ ਹਨ।੫।

ਮੁਗਧ = ਮੂਰਖ। ਨਰਕੇ ਘੋਰਿ = ਘੋਰ ਨਰਕ ਵਿਚ, ਭਿਆਨਕ ਨਰਕ ਵਿਚ। ਪਵੰਨਿ = ਪ ੈਂਦੇ ਹਨ।੬।

ਅਰਥ: ਹੇ ਮੇਰੇ ਮਾਲਕ! ਤੂੰ ਧੰਨ ਹੈਂ! ਤੂੰ ਹੀ ਸਲਾਹੁਣ-ਜੋਗ ਹੈਂ। ਹੇ ਭਾਈ! ਗੁਰੂ ਦੀ ਸਰਨ ਪੈ ਕੇ ਸਦਾ ਉਸ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ ਜੋ ਸਦਾ ਕਾਇਮ ਰਹਿਣ ਵਾਲਾ ਹੈ, ਅਤੇ ਜਿਸ ਨੂੰ ਕਿਸੇ ਦੀ ਮੁਥਾਜੀ ਨਹੀਂ ਹੈ।੧।ਰਹਾਉ।

ਹੇ ਭਾਈ! ਦੁਨੀਆ ਦੀ ਖ਼ੁਸ਼ਾਮਦ ਨਾਹ ਕਰਦਾ ਫਿਰ, ਦੁਨੀਆ ਤਾਂ ਨਾਸ ਹੋ ਜਾਇਗੀ। ਲੋਕਾਂ ਨੂੰ ਭੀ ਨਾਹ ਵਡਿਆਉਂਦਾ ਫਿਰ, ਖ਼ਲਕਤ ਭੀ ਮਰ ਕੇ ਮਿੱਟੀ ਹੋ ਜਾਇਗੀ।੧।

ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੁਨੀਆ ਦੀ ਮਿਤ੍ਰਤਾ ਵਿਚ ਹੀ ਸੜ ਮਰਦੇ ਹਨ (ਆਤਮਕ ਜੀਵਨ ਸਾੜ ਕੇ ਸੁਆਹ ਕਰ ਲੈਂਦੇ ਹਨ। ਅੰਤ) ਜਮਰਾਜ ਦੇ ਦਰ ਤੇ ਚੋਟਾਂ ਖਾਂਦੇ ਹਨ। ਤਦੋਂ ਉਹਨਾਂ ਨੂੰ (ਹੱਥੋਂ ਖੁੰਝਿਆ ਹੋਇਆ ਮਨੁੱਖਾ ਜਨਮ ਦਾ) ਸਮਾ ਨਹੀਂ ਮਿਲਦਾ।੨।

ਹੇ ਭਾਈ! ਜੇਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ, ਉਹਨਾਂ ਦਾ ਜੀਵਨ ਸਫਲ ਹੋ ਜਾਂਦਾ ਹੈ, ਕਿਉਂਕਿ ਉਹ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਵਿਚ ਜੁੜੇ ਰਹਿੰਦੇ ਹਨ। ਉਹਨਾਂ ਦੇ ਅੰਦਰ ਸਰਬ-ਵਿਆਪਕ ਪਰਮਾਤਮਾ ਦਾ ਪਰਕਾਸ਼ ਹੋ ਜਾਂਦਾ ਹੈ। ਉਹ ਆਤਮਕ ਅਡੋਲਤਾ ਵਿਚ ਆਨੰਦ ਵਿਚ ਮਗਨ ਰਹਿੰਦੇ ਹਨ।੩।

ਹੇ ਭਾਈ! ਜੇਹੜੇ ਮਨੁੱਖ ਗੁਰੂ ਦੀ ਬਾਣੀ ਨੂੰ ਭੁਲਾ ਦੇਂਦੇ ਹਨ, ਉਹ ਮਾਇਆ ਦੇ ਮੋਹ ਵਿਚ ਮਸਤ ਰਹਿੰਦੇ ਹਨ, ਉਹਨਾਂ ਦੇ ਅੰਦਰੋਂ ਮਾਇਆ ਦੀ ਤ੍ਰੇਹ ਭੁੱਖ ਦੂਰ ਨਹੀਂ ਹੁੰਦੀ, ਉਹ ਹਰ ਵੇਲੇ (ਤ੍ਰਿਸ਼ਨਾ ਦੀ ਅੱਗ ਵਿਚ) ਸੜਦੇ ਫਿਰਦੇ ਹਨ।੪।

ਅਜੇਹੇ ਮਨੁੱਖ ਭੈੜੇ ਬੰਦਿਆਂ ਨਾਲ ਮਿਤ੍ਰਤਾ ਗੰਢੀ ਰੱਖਦੇ ਹਨ, ਅਤੇ ਸੰਤ ਜਨਾਂ ਨਾਲ ਵੈਰ ਕਰਦੇ ਰਹਿੰਦੇ ਹਨ। ਉਹ ਆਪ ਆਪਣੇ ਪਰਵਾਰ ਸਮੇਤ (ਸੰਸਾਰ-ਸਮੁੰਦਰ ਵਿਚ) ਡੁੱਬ ਜਾਂਦੇ ਹਨ, ਆਪਣੀਆਂ ਕੁਲਾਂ ਨੂੰ ਭੀ (ਆਪਣੇ ਹੋਰ ਰਿਸ਼ਤੇਦਾਰਾਂ ਨੂੰ ਭੀ) ਨਾਲ ਹੀ ਡੋਬ ਲੈਂਦੇ ਹਨ।੫।

ਹੇ ਭਾਈ! ਕਿਸੇ ਦੀ ਭੀ ਨਿੰਦਾ ਕਰਨੀ ਚੰਗਾ ਕੰਮ ਨਹੀਂ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮੂਰਖ ਮਨੁੱਖ ਹੀ ਨਿੰਦਾ ਕਰਿਆ ਕਰਦੇ ਹਨ। (ਲੋਕ ਪਰਲੋਕ ਵਿਚ) ਉਹੀ ਬਦਨਾਮੀ ਖੱਟਦੇ ਹਨ, ਅਤੇ ਭਿਆਨਕ ਨਰਕ ਵਿਚ ਪੈਂਦੇ ਹਨ।੬।

ਏ ਮਨ ਜੈਸਾ ਸੇਵਹਿ ਤੈਸਾ ਹੋਵਹਿ ਤੇਹੇ ਕਰਮ ਕਮਾਇ ॥ ਆਪਿ ਬੀਜਿ ਆਪੇ ਹੀ ਖਾਵਣਾ ਕਹਣਾ ਕਿਛੂ ਨ ਜਾਇ ॥੭॥ ਮਹਾ ਪੁਰਖਾ ਕਾ ਬੋਲਣਾ ਹੋਵੈ ਕਿਤੈ ਪਰਥਾਇ ॥ ਓਇ ਅੰਮ੍ਰਿਤ ਭਰੇ ਭਰਪੂਰ ਹਹਿ ਓਨਾ ਤਿਲੁ ਨ ਤਮਾਇ ॥੮॥ ਗੁਣਕਾਰੀ ਗੁਣ ਸੰਘਰੈ ਅਵਰਾ ਉਪਦੇਸੇਨਿ ॥ ਸੇ ਵਡਭਾਗੀ ਜਿ ਓਨਾ ਮਿਲਿ ਰਹੇ ਅਨਦਿਨੁ ਨਾਮੁ ਲਏਨਿ ॥੯॥ ਦੇਸੀ ਰਿਜਕੁ ਸੰਬਾਹਿ ਜਿਨਿ ਉਪਾਈ ਮੇਦਨੀ ॥ ਏਕੋ ਹੈ ਦਾਤਾਰੁ ਸਚਾ ਆਪਿ ਧਣੀ ॥੧੦॥ ਸੋ ਸਚੁ ਤੇਰੈ ਨਾਲਿ ਹੈ ਗੁਰਮੁਖਿ ਨਦਰਿ ਨਿਹਾਲਿ ॥ ਆਪੇ ਬਖਸੇ ਮੇਲਿ ਲਏ ਸੋ ਪ੍ਰਭੁ ਸਦਾ ਸਮਾਲਿ ॥੧੧॥ ਮਨੁ ਮੈਲਾ ਸਚੁ ਨਿਰਮਲਾ ਕਿਉ ਕਰਿ ਮਿਲਿਆ ਜਾਇ ॥ ਪ੍ਰਭੁ ਮੇਲੇ ਤਾ ਮਿਲਿ ਰਹੈ ਹਉਮੈ ਸਬਦਿ ਜਲਾਇ ॥੧੨॥ {ਪੰਨਾ 755}

ਪਦਅਰਥ: ਏ ਮਨ = ਹੇ ਮਨ! ਹੇ ਜੀਵ! ਜੈਸਾ ਸੇਵਹਿ = ਜਿਹੋ ਜਿਹੇ ਦੀ ਤੂੰ ਸੇਵਾ = ਭਗਤੀ ਕਰਦਾ ਹੈਂ। ਤੈਸਾ ਹੋਵਹਿ = ਤੂੰ ਉਹੋ ਜਿਹਾ ਬਣ ਜਾਂਦਾ ਹੈਂ। ਤੇਹੇ = ਉਹੋ ਜਿਹੇ। ਕਮਾਇ = ਕਮਾ ਕੇ। ਬੀਜਿ = (ਕਰਮਾਂ ਦਾ ਬੀਜ) ਬੀਜ ਕੇ। ਆਪੇ = ਆਪ ਹੀ। ਕਹਣਾ ਕਿਛੂ ਨ ਜਾਇ = (ਇਸ ਨਿਯਮ ਵਿਚਕੋਈ ਇਤਰਾਜ਼ ਨਹੀਂ ਕੀਤਾ ਜਾ ਸਕਦਾ।੭।

ਕਿਤੈ ਪਰਥਾਇ = ਕਿਸੇ ਪਰਸੰਗ ਅਨੁਸਾਰ। ਓਇ = ਮਹਾ ਪੁਰਖ {ਬਹੁ-ਵਚਨ ਲਫ਼ਜ਼ 'ਓਹਤੋਂ}। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ ਨਾਮ = ਰਸ। ਹਹਿ = ਹੁੰਦੇ ਹਨ। ਤਮਾਇ = ਲਾਲਚ, ਆਪਣੀ ਗ਼ਰਜ਼।੮।

ਗੁਣਕਾਰੀ = ਗੁਣ ਕਰਨ ਵਾਲਾ, ਉਪਕਾਰੀ, ਗੁਰਮੁਖਿ। ਸੰਘਰੈ = ਇੱਕਠਾ ਕਰਦਾ ਹੈ। ਉਪਦੇਸੇਨਿ = ਉਪਦੇਸ਼ ਦੇਂਦੇ ਹਨ। ਸੇ = ਉਹ {ਬਹੁ-ਵਚਨ}। ਜਿ = ਜੇਹੜੇ। ਅਨਦਿਨੁ = ਹਰ ਰੋਜ਼, ਹਰ ਵੇਲੇ। ਲਏਨਿ = ਲੈਂਦੇ ਹਨ।੯।

ਦੇਸੀ = ਦੇਵੇਗਾ। ਸੰਬਾਹਿ = ਅਪੜਾ ਕੇ। ਜਿਨਿ = ਜਿਸ (ਪਰਮਾਤਮਾ) ਨੇ। ਮੇਦਨੀ = ਸ੍ਰਿਸ਼ਟੀ। ਧਣੀ = ਮਾਲਕ।੧੦।

ਸਚੁ = ਸਦਾ ਕਾਇਮ ਰਹਿਣ ਵਾਲਾ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਨਦਰਿ ਨਿਹਾਲਿ = ਗਹੁ ਨਾਲ ਵੇਖ। ਸਮਾਲਿ = ਹਿਰਦੇ ਵਿਚ ਸਾਂਭ ਰੱਖ।੧੧।

ਨਿਰਮਲਾ = ਪਵਿਤ੍ਰ। ਸਬਦਿ = ਸ਼ਬਦ ਦੀ ਰਾਹੀਂ। ਜਲਾਇ = ਸਾੜ ਕੇ।੧੨।

ਅਰਥ: ਹੇ (ਮੇਰੇਮਨ! ਤੂੰ ਜਿਹੋ ਜਿਹੇ ਦੀ ਸੇਵਾ-ਭਗਤੀ ਕਰੇਂਗਾ, ਉਹੋ ਜਿਹੇ ਕਰਮ ਕਮਾ ਕੇ ਉਹੋ ਬਣ ਜਾਇਂਗਾ। (ਪ੍ਰਭੂ ਦੀ ਰਜ਼ਾ ਵਿਚ ਇਹ ਨਿਯਮ ਹੈ ਕਿ ਜੀਵ ਨੇ ਇਸ ਕਰਮ-ਭੂਮੀ ਸਰੀਰ ਵਿਚ) ਆਪ ਬੀਜ ਕੇ ਆਪ ਹੀ (ਉਸ ਦਾ) ਫਲ ਖਾਣਾ ਹੁੰਦਾ ਹੈ। ਇਸ ਦੀ ਉਲੰਘਣਾ ਨਹੀਂ ਕੀਤੀ ਜਾ ਸਕਦੀ।੭।

(ਉੱਚੀ ਆਤਮਾ ਵਾਲੇ) ਮਹਾ ਪੁਰਖਾਂ ਦਾ ਬਚਨ ਕਿਸੇ ਪਰਸੰਗ ਅਨੁਸਾਰ ਹੋਇਆ ਹੈ। ਉਹ ਮਹਾ ਪੁਰਖ ਆਤਮਕ ਜੀਵਨ ਦੇਣ ਵਾਲੇ ਨਾਮ-ਰਸ ਨਾਲ ਭਰਪੂਰ ਰਹਿੰਦੇ ਹਨ, ਉਹਨਾਂ ਨੂੰ ਕਿਸੇ ਸੇਵਾ ਆਦਿਕ ਦਾ ਲਾਲਚ ਨਹੀਂ ਹੁੰਦਾ (ਪਰ ਜੇਹੜਾ ਮਨੁੱਖ ਉਹਨਾਂ ਦੀ ਸੇਵਾ ਕਰਦਾ ਹੈ, ਉਸ ਨੂੰ ਉਹਨਾਂ ਪਾਸੋਂ ਆਤਮਕ ਜੀਵਨ ਮਿਲ ਜਾਂਦਾ ਹੈ੮।

ਉਹ ਮਹਾ ਪੁਰਖ ਹੋਰਨਾਂ ਨੂੰ (ਭੀ ਨਾਮ ਜਪਣ ਦਾ) ਉਪਦੇਸ਼ ਕਰਦੇ ਹਨ। ਗੁਣ ਗ੍ਰਹਿਣ ਕਰਨ ਵਾਲਾ ਮਨੁੱਖ (ਉਹਨਾਂ ਪਾਸੋਂ) ਗੁਣ ਗ੍ਰਹਿਣ ਕਰ ਲੈਂਦਾ ਹੈ। ਸੋ, ਜੇਹੜੇ ਮਨੁੱਖ ਉਹਨਾਂ ਮਹਾ ਪੁਰਖਾਂ ਦੀ ਸੰਗਤਿ ਵਿਚ ਰਹਿੰਦੇ ਹਨ, ਉਹ ਵੱਡੇ ਭਾਗਾਂ ਵਾਲੇ ਹੋ ਜਾਂਦੇ ਹਨਉਹ ਭੀ ਹਰ ਵੇਲੇ ਨਾਮ ਜਪਣ ਲੱਗ ਪੈਂਦੇ ਹਨ।੯।

ਹੇ ਭਾਈ! ਜਿਸ ਪਰਮਾਤਮਾ ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ ਉਹ ਆਪ ਹੀ ਸਭ ਜੀਵਾਂ ਨੂੰ ਰਿਜ਼ਕ ਅਪੜਾਂਦਾ ਹੈ। ਉਹੀ ਆਪ ਸਭ ਦਾਤਾਂ ਦੇਣ ਵਾਲਾ ਹੈ। ਉਹ ਮਾਲਕ ਸਦਾ ਕਾਇਮ ਰਹਿਣ ਵਾਲਾ (ਭੀਹੈ।੧੦।

ਹੇ ਭਾਈ! ਉਹ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਤੇਰੇ ਅੰਗ-ਸੰਗ ਵੱਸਦਾ ਹੈ। ਗੁਰੂ ਦੀ ਸਰਨ ਪੈ ਕੇ ਤੂੰ ਉਸ ਨੂੰ ਆਪਣੀ ਅੱਖੀਂ ਵੇਖ ਲੈ। (ਜਿਸ ਮਨੁੱਖ ਉਤੇ ਉਹ) ਆਪ ਹੀ ਬਖ਼ਸ਼ਸ਼ ਕਰਦਾ ਹੈ ਉਸ ਨੂੰ ਆਪ ਹੀ (ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈ। ਹੇ ਭਾਈਉਸ ਪ੍ਰਭੂ ਨੂੰ ਸਦਾ ਆਪਣੇ ਹਿਰਦੇ ਵਿਚ ਵਸਾਈ ਰੱਖ।੧੧।

ਹੇ ਭਾਈ! ਉਹ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ (ਸਦਾ) ਪਵਿਤ੍ਰ ਹੈ, (ਜਦੋਂ ਤਕ ਮਨੁੱਖ ਦਾ) ਮਨ (ਵਿਕਾਰਾਂ ਨਾਲ) ਮੈਲਾ ਰਹੇ, ਉਸ ਪਰਮਾਤਮਾ ਨਾਲ ਮਿਲਾਪ ਨਹੀਂ ਹੋ ਸਕਦਾ। ਜੀਵ ਤਦੋਂ ਹੀ ਉਸ ਪ੍ਰਭੂ ਦੇ ਚਰਨਾਂ ਵਿਚ ਮਿਲ ਸਕਦਾ ਹੈ, ਜਦੋਂ ਪ੍ਰਭੂ ਆਪ ਗੁਰੂ ਦੇ ਸ਼ਬਦ ਦੀ ਰਾਹੀਂ ਉਸ ਦੇ ਅੰਦਰ ਦੀ ਹਉਮੈ ਸਾੜ ਕੇ ਉਸ ਨੂੰ ਆਪਣੇ ਨਾਲ ਮਿਲਾਂਦਾ ਹੈ।੧੨।

ਸੋ ਸਹੁ ਸਚਾ ਵੀਸਰੈ ਧ੍ਰਿਗੁ ਜੀਵਣੁ ਸੰਸਾਰਿ ॥ ਨਦਰਿ ਕਰੇ ਨਾ ਵੀਸਰੈ ਗੁਰਮਤੀ ਵੀਚਾਰਿ ॥੧੩॥ ਸਤਿਗੁਰੁ ਮੇਲੇ ਤਾ ਮਿਲਿ ਰਹਾ ਸਾਚੁ ਰਖਾ ਉਰ ਧਾਰਿ ॥ ਮਿਲਿਆ ਹੋਇ ਨ ਵੀਛੁੜੈ ਗੁਰ ਕੈ ਹੇਤਿ ਪਿਆਰਿ ॥੧੪॥ ਪਿਰੁ ਸਾਲਾਹੀ ਆਪਣਾ ਗੁਰ ਕੈ ਸਬਦਿ ਵੀਚਾਰਿ ॥ ਮਿਲਿ ਪ੍ਰੀਤਮ ਸੁਖੁ ਪਾਇਆ ਸੋਭਾਵੰਤੀ ਨਾਰਿ ॥੧੫॥ ਮਨਮੁਖ ਮਨੁ ਨ ਭਿਜਈ ਅਤਿ ਮੈਲੇ ਚਿਤਿ ਕਠੋਰ ॥ ਸਪੈ ਦੁਧੁ ਪੀਆਈਐ ਅੰਦਰਿ ਵਿਸੁ ਨਿਕੋਰ ॥੧੬॥ ਆਪਿ ਕਰੇ ਕਿਸੁ ਆਖੀਐ ਆਪੇ ਬਖਸਣਹਾਰੁ ॥ ਗੁਰ ਸਬਦੀ ਮੈਲੁ ਉਤਰੈ ਤਾ ਸਚੁ ਬਣਿਆ ਸੀਗਾਰੁ ॥੧੭॥ ਸਚਾ ਸਾਹੁ ਸਚੇ ਵਣਜਾਰੇ ਓਥੈ ਕੂੜੇ ਨਾ ਟਿਕੰਨਿ ॥ ਓਨਾ ਸਚੁ ਨ ਭਾਵਈ ਦੁਖ ਹੀ ਮਾਹਿ ਪਚੰਨਿ ॥੧੮॥ {ਪੰਨਾ 755}

ਪਦਅਰਥ: ਸਹੁ = ਖਸਮਸ਼ਹੁ। ਧ੍ਰਿਗੁ = ਫਿਟਕਾਰ = ਜੋਗ। ਸੰਸਾਰਿ = ਸੰਸਾਰ ਵਿਚ। ਨਦਰਿ = ਮੇਹਰ ਦੀ ਨਿਗਾਹ। ਗੁਰਮਤੀ = ਗੁਰੂ ਦੀ ਮਤਿ ਲੈ ਕੇ। ਵੀਚਾਰਿ = ਹਰਿ = ਨਾਮ ਦੀ ਵਿਚਾਰ ਕਰਦਾ ਹੈ।੧੩।

ਮਿਲਿ ਰਹਾ = ਮਿਲਿ ਰਹਾਂਮੈਂ ਮਿਲਿਆ ਰਹਿ ਸਕਦਾ ਹਾਂ। ਰਖਾ = ਰੱਖਾਂ, ਮੈਂ ਰੱਖ ਸਕਦਾ ਹਾਂ। ਉਰ = ਹਿਰਦਾ। ਧਾਰਿ = ਟਿਕਾ ਕੇ। ਕੈ ਹੇਤਿ ਪਿਆਰਿ = ਦੇ ਪਿਆਰ ਹਿਤ ਦੀ ਬਰਕਤਿ ਨਾਲ।੧੪।

ਪਿਰੁ ਸਾਲਾਹੀ = ਹੇ ਭਾਈਤੂੰ ਪ੍ਰਭੂ = ਪਤੀ ਦੀ ਸਿਫ਼ਤਿ-ਸਾਲਾਹ ਕਰਿਆ ਕਰ। ਵੀਚਾਰਿ = ਸੁਰਤਿ ਜੋੜ ਕੇ। ਸਬਦਿ = ਸ਼ਬਦ ਵਿਚ। ਮਿਲਿ = ਮਿਲ ਕੇ।੧੫।

ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਅਤਿ = ਬਹੁਤ। ਚਿਤਿ = ਚਿੱਤ ਵਿਚ। ਸਪੈ = ਸੱਪ ਨੂੰ। ਵਿਸੁ = ਜ਼ਹਿਰ। ਨਿਕੋਰ = ਨਿਰੋਲ।੧੬।

ਸਬਦੀ = ਸ਼ਬਦ ਦੀ ਰਾਹੀਂ। ਸਚੁ = ਸਦਾ-ਥਿਰ ਰਹਿਣ ਵਾਲਾ।੧੭।

ਵਣਜਾਰੇ = ਵਣਜ ਕਰਨ ਵਾਲੇ। ਓਥੈ = ਉਸ ਸ਼ਾਹ ਦੇ ਦਰਬਾਰ ਵਿਚ। ਕੂੜੇ = ਮਾਇਆ ਨਾਲ ਹੀ ਪਿਆਰ ਕਰਨ ਵਾਲੇ। ਟਿਕੰਨਿ = ਟਿਕ ਸਕਦੇ। ਨ ਭਾਵਈ = ਨ ਭਾਵੈ, ਪਸੰਦ ਨਹੀਂ ਆਉਂਦਾ। ਸਚੁ = ਸਦਾ-ਥਿਰ ਪ੍ਰਭੂ ਦਾ ਨਾਮ। ਪਚੰਨਿ = ਖ਼ੁਆਰ ਹੁੰਦੇ ਹਨ।੧੮।

ਅਰਥ: ਹੇ ਭਾਈ! ਜੇ ਉਹ ਸਦਾ ਕਾਇਮ ਰਹਿਣ ਵਾਲਾ ਖਸਮ-ਪ੍ਰਭੂ ਭੁੱਲ ਜਾਏ, ਤਾਂ ਜਗਤ ਵਿਚ ਜੀਊਣਾ ਫਿਟਕਾਰ-ਜੋਗ ਹੈ। ਜਿਸ ਮਨੁੱਖ ਉਤੇ ਪ੍ਰਭੂ ਆਪ ਮੇਹਰ ਦੀ ਨਿਗਾਹ ਕਰਦਾ ਹੈ, ਉਸ ਨੂੰ ਪ੍ਰਭੂ ਨਹੀਂ ਭੁੱਲਦਾ। ਉਹ ਮਨੁੱਖ ਗੁਰੂ ਦੀ ਮਤਿ ਦੀ ਬਰਕਤਿ ਨਾਲ ਹਰਿ-ਨਾਮ ਵਿਚ ਸੁਰਤਿ ਜੋੜਦਾ ਹੈ।੧੩।

ਹੇ ਭਾਈ! ਅਸਾਂ ਜੀਵਾਂ ਦਾ ਕੋਈ ਆਪਣਾ ਜ਼ੋਰ ਨਹੀਂ ਚੱਲ ਸਕਦਾ) ਜੇ ਗੁਰੂ (ਮੈਨੂੰ ਪ੍ਰਭੂ ਨਾਲ) ਮਿਲਾ ਦੇਵੇ, ਤਾਂ ਹੀ ਮੈਂ ਮਿਲਿਆ ਰਹਿ ਸਕਦਾ ਹਾਂ, ਅਤੇ ਉਸ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੂੰ ਮੈਂ ਆਪਣੇ ਹਿਰਦੇ ਵਿਚ ਟਿਕਾ ਕੇ ਰੱਖ ਸਕਦਾ ਹਾਂ। ਹੇ ਭਾਈ! ਗੁਰੂ ਦੇ ਪਿਆਰ ਦੀ ਬਰਕਤਿ ਨਾਲ ਜੇਹੜਾ ਮਨੁੱਖ ਪ੍ਰਭੂ-ਚਰਨਾਂ ਵਿਚ ਮਿਲ ਜਾਏ, ਉਹ ਫਿਰ ਕਦੇ ਉਥੋਂ ਨਹੀਂ ਵਿਛੁੜਦਾ।੧੪।

ਹੇ ਭਾਈ! ਗੁਰੂ ਦੇ ਸ਼ਬਦ ਵਿਚ ਸੁਰਤਿ ਜੋੜ ਕੇ ਤੂੰ ਭੀ ਆਪਣੇ ਖਸਮ-ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਿਆ ਕਰ। ਪ੍ਰੀਤਮ ਪ੍ਰਭੂ ਨੂੰ ਮਿਲ ਕੇ ਜਿਸ ਜੀਵ-ਇਸਤ੍ਰੀ ਨੇ ਆਤਮਕ ਆਨੰਦ ਪ੍ਰਾਪਤ ਕਰ ਲਿਆ, ਉਸ ਨੇ (ਲੋਕ ਪਰਲੋਕ ਵਿਚਸੋਭਾ ਖੱਟ ਲਈ।੧੫।

ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਦਾ ਮਨ ਪਰਮਾਤਮਾ ਦੇ ਨਾਮ ਵਿਚ ਨਹੀਂ ਭਿੱਜਦਾ (ਹਰਿ-ਨਾਮ ਨਾਲ ਪਿਆਰ ਨਹੀਂ ਪਾਂਦਾ। ਉਹ ਮਨੁੱਖ ਆਪਣੇ ਮਨ ਵਿਚ ਮੈਲੇ ਅਤੇ ਕਠੋਰ ਰਹਿੰਦੇ ਹਨ। ਜੇ ਸੱਪ ਨੂੰ ਦੁੱਧ ਭੀ ਪਿਲਾਇਆ ਜਾਏ, ਤਾਂ ਭੀ ਉਸ ਦੇ ਅੰਦਰ ਨਿਰੋਲ ਜ਼ਹਿਰ ਹੀ ਟਿਕਿਆ ਰਹਿੰਦਾ ਹੈ।੧੬।

ਹੇ ਭਾਈ! ਸਭ ਜੀਵਾਂ ਵਿਚ ਵਿਆਪਕ ਹੋ ਕੇ ਸਭ ਕੁਝ) ਪ੍ਰਭੂ ਆਪ ਹੀ ਕਰ ਰਿਹਾ ਹੈ। ਕਿਸ ਨੂੰ (ਚੰਗਾ ਜਾਂ ਮੰਦਾ) ਆਖਿਆ ਜਾ ਸਕਦਾ ਹੈ? (ਕੁਰਾਹੇ ਪਏ ਜੀਵਾਂ ਉਤੇ ਭੀਉਹ ਆਪ ਹੀ ਬਖ਼ਸ਼ਸ਼ ਕਰਨ ਵਾਲਾ ਹੈ। ਜਦੋਂ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਕਿਸੇ ਮਨੁੱਖ ਦੇ ਮਨ ਦੀ) ਮੈਲ ਲਹਿ ਜਾਂਦੀ ਹੈ, ਤਾਂ ਉਸ ਦੇ ਆਤਮਾ ਨੂੰ ਸਦਾ ਕਾਇਮ ਰਹਿਣ ਵਾਲੀ ਸੁੰਦਰਤਾ ਮਿਲ ਜਾਂਦੀ ਹੈ।੧੭।

ਹੇ ਭਾਈ! ਹਰਿ-ਨਾਮ-ਸਰਮਾਏ ਦਾ ਮਾਲਕ) ਸ਼ਾਹ-ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦੇ ਨਾਮ ਦਾ ਵਣਜ ਕਰਨ ਵਾਲੇ ਭੀ ਅਟੱਲ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ। ਪਰ ਉਸ ਸ਼ਾਹ ਦੇ ਦਰਬਾਰ ਵਿਚ ਕੂੜੀ ਦੁਨੀਆ ਦੇ ਵਣਜਾਰੇ ਨਹੀਂ ਟਿਕ ਸਕਦੇ। ਉਹਨਾਂ ਨੂੰ ਸਦਾ-ਥਿਰ ਪ੍ਰਭੂ ਦਾ ਨਾਮ ਪਸੰਦ ਨਹੀਂ ਆਉਂਦਾ, ਤੇ, ਉਹ ਸਦਾ ਦੁੱਖ ਵਿਚ ਹੀ ਖ਼ੁਆਰ ਹੁੰਦੇ ਰਹਿੰਦੇ ਹਨ।੧੮।

ਹਉਮੈ ਮੈਲਾ ਜਗੁ ਫਿਰੈ ਮਰਿ ਜੰਮੈ ਵਾਰੋ ਵਾਰ ॥ ਪਇਐ ਕਿਰਤਿ ਕਮਾਵਣਾ ਕੋਇ ਨ ਮੇਟਣਹਾਰ ॥੧੯॥ ਸੰਤਾ ਸੰਗਤਿ ਮਿਲਿ ਰਹੈ ਤਾ ਸਚਿ ਲਗੈ ਪਿਆਰੁ ॥ ਸਚੁ ਸਲਾਹੀ ਸਚੁ ਮਨਿ ਦਰਿ ਸਚੈ ਸਚਿਆਰੁ ॥੨੦॥ ਗੁਰ ਪੂਰੇ ਪੂਰੀ ਮਤਿ ਹੈ ਅਹਿਨਿਸਿ ਨਾਮੁ ਧਿਆਇ ॥ ਹਉਮੈ ਮੇਰਾ ਵਡ ਰੋਗੁ ਹੈ ਵਿਚਹੁ ਠਾਕਿ ਰਹਾਇ ॥੨੧॥ ਗੁਰੁ ਸਾਲਾਹੀ ਆਪਣਾ ਨਿਵਿ ਨਿਵਿ ਲਾਗਾ ਪਾਇ ॥ ਤਨੁ ਮਨੁ ਸਉਪੀ ਆਗੈ ਧਰੀ ਵਿਚਹੁ ਆਪੁ ਗਵਾਇ ॥੨੨॥ ਖਿੰਚੋਤਾਣਿ ਵਿਗੁਚੀਐ ਏਕਸੁ ਸਿਉ ਲਿਵ ਲਾਇ ॥ ਹਉਮੈ ਮੇਰਾ ਛਡਿ ਤੂ ਤਾ ਸਚਿ ਰਹੈ ਸਮਾਇ ॥੨੩॥ {ਪੰਨਾ 756}

ਪਦਅਰਥ: ਮੈਲਾ = ਮੈਲੇ ਮਨ ਵਾਲਾ। ਵਾਰੋ ਵਾਰ = ਮੁੜ ਮੁੜ। ਪਇਐ ਕਿਰਤਿ = ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ।੧੯।

ਸਚਿ = ਸਦਾ-ਥਿਰ ਪ੍ਰਭੂ ਵਿਚ। ਸਲਾਹੀ = ਸਾਲਾਹਿ, ਸਿਫ਼ਤਿ-ਸਾਲਾਹ ਕਰ। ਮਨਿ = ਮਨ ਵਿਚ। ਦਰਿ ਸਚੈ = ਸਦਾ-ਥਿਰ ਪ੍ਰਭੂ ਦੇ ਦਰ ਤੇ। ਸਚਿਆਰੁ = ਸੁਰਖ਼ = ਰੂ।੨੦।

ਪੂਰੀ = ਉਕਾਈ = ਹੀਣ। ਅਹਿ = ਦਿਨ। ਨਿਸਿ = ਰਾਤ। ਠਾਕਿ ਰਹਾਇ = ਰੋਕ ਕੇ ਰੱਖਦਾ ਹੈ।੨੧।

ਸਾਲਾਹੀ = ਸਾਲਾਹੀਂਮੈਂ ਸਿਫ਼ਤਿ-ਸਾਲਾਹ ਕਰਾਂ। ਨਿਵਿ = ਨਿਊਂ ਕੇ। ਲਾਗਾ = ਲਾਗਾਂ, ਮੈਂ ਲੱਗਾਂ। ਪਾਇ = ਪੈਰੀਂ। ਸਉਪੀ = ਸਉਪੀਂ, ਮੈਂ ਸਉਂਪ ਦਿਆਂ। ਧਰੀ = ਧਰੀਂ, ਮੈਂ ਧਰ ਦਿਆਂ। ਆਪੁ = ਆਪਾ = ਭਾਵ। ਗਵਾਇ = ਦੂਰ ਕਰ ਕੇ।੨੨।

ਖਿੰਚੋਤਾਣਿ = ਖਿੰਚੋਤਾਣ ਵਿਚ, ਡਾਂਵਾਂ = ਡੋਲ ਹਾਲਤ ਵਿਚ। ਵਿਗੁਚੀਐ = ਖ਼ੁਆਰ ਹੋਈਦਾ ਹੈ। ਲਿਵ ਲਾਇ = ਪਿਆਰ ਜੋੜ। ਮੇਰਾ = ਮਮਤਾ। ਸਚਿ = ਸਦਾ-ਥਿਰ ਪ੍ਰਭੂ ਵਿਚ।੨੩।

ਅਰਥ: ਹੇ ਭਾਈ! ਹਉਮੈ (ਦੀ ਮੈਲ) ਨਾਲ ਮੈਲਾ ਹੋਇਆ ਹੋਇਆ ਜਗਤ ਭਟਕ ਰਿਹਾ ਹੈ, ਮੁੜ ਮੁੜ ਜਨਮ ਮਰਨ ਦੇ ਗੇੜ ਵਿਚ ਰਹਿੰਦਾ ਹੈ, ਪਿਛਲੇ ਜਨਮਾਂ ਦੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਓਹੋ ਜਿਹੇ ਹੀ ਹੋਰ ਕਰਮ ਕਰੀ ਜਾਂਦਾ ਹੈ। (ਕਰਮਾਂ ਦੀ ਬਣੀ ਇਸ ਫਾਹੀ ਨੂੰ) ਕੋਈ ਮਿਟਾ ਨਹੀਂ ਸਕਦਾ।੧੯।

ਹੇ ਭਾਈ! ਜੇ ਮਨੁੱਖ ਸਾਧ ਸੰਗਤਿ ਵਿਚ ਟਿਕਿਆ ਰਹੇ, ਤਾਂ ਇਸ ਦਾ ਪਿਆਰ ਸਦਾ-ਥਿਰ ਪ੍ਰਭੂ ਵਿਚ ਬਣ ਜਾਂਦਾ ਹੈ। ਹੇ ਭਾਈਤੂੰ (ਸਾਧ ਸੰਗਤਿ ਵਿਚ ਟਿਕ ਕੇ) ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਿਆ ਕਰ, ਸਦਾ-ਥਿਰ ਪ੍ਰਭੂ ਨੂੰ ਆਪਣੇ ਮਨ ਵਿਚ ਵਸਾ ਲੈ, (ਇਸ ਤਰ੍ਹਾਂ) ਸਦਾ-ਥਿਰ ਪ੍ਰਭੂ ਦੇ ਦਰ ਤੇ ਸੁਰਖ਼-ਰੂ ਹੋਵੇਂਗਾ।੨੦।

ਹੇ ਭਾਈ! ਪੂਰੇ ਗੁਰੂ ਦੀ ਮਤਿ ਉਕਾਈ-ਹੀਣ ਹੈ। (ਜੇਹੜਾ ਮਨੁੱਖ ਗੁਰੂ ਦੀ ਪੂਰੀ ਮਤਿ ਲੈ ਕੇ) ਦਿਨ ਰਾਤ ਪਰਮਾਤਮਾ ਦਾ ਨਾਮ ਸਿਮਰਦਾ ਹੈ, ਉਹ ਮਨੁੱਖ ਹਉਮੈ ਅਤੇ ਮਮਤਾ ਦੇ ਵੱਡੇ ਰੋਗ ਨੂੰ ਆਪਣੇ ਅੰਦਰੋਂ ਰੋਕ ਦੇਂਦਾ ਹੈ।੨੧।

ਹੇ ਭਾਈ! ਜੇ ਪ੍ਰਭੂ ਮੇਹਰ ਕਰੇ, ਤਾਂ) ਮੈਂ ਆਪਣੇ ਗੁਰੂ ਦੀ ਵਡਿਆਈ ਕਰਾਂ, ਨਿਊਂ ਨਿਊਂ ਕੇ ਮੈਂ ਗੁਰੂ ਦੀ ਚਰਨੀਂ ਲੱਗਾਂ, ਆਪਣੇ ਅੰਦਰੋਂ ਹਉਮੈ ਦੂਰ ਕਰ ਕੇ ਆਪਣਾ ਮਨ ਆਪਣਾ ਤਨ ਗੁਰੂ ਦੇ ਹਵਾਲੇ ਕਰ ਦਿਆਂਗੁਰੂ ਦੇ ਅੱਗੇ ਰੱਖ ਦਿਆਂ।੨੨।

ਹੇ ਭਾਈ! ਡਾਂਵਾਂ-ਡੋਲ ਹਾਲਤ ਵਿਚ ਰਿਹਾਂ ਖ਼ੁਆਰ ਹੋਈਦਾ ਹੈ। ਇਕ ਪਰਮਾਤਮਾ ਨਾਲ ਹੀ ਸੁਰਤਿ ਜੋੜੀ ਰੱਖ। ਆਪਣੇ ਅੰਦਰੋਂ ਹਉਮੈ ਦੂਰ ਕਰ, ਮਮਤਾ ਦੂਰ ਕਰ। (ਜਦੋਂ ਮਨੁੱਖ ਹਉਮੈ ਮਮਤਾ ਦੂਰ ਕਰਦਾ ਹੈ) ਤਦੋਂ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਹੋਇਆ ਰਹਿੰਦਾ ਹੈ।੨੩।

ਸਤਿਗੁਰ ਨੋ ਮਿਲੇ ਸਿ ਭਾਇਰਾ ਸਚੈ ਸਬਦਿ ਲਗੰਨਿ ॥ ਸਚਿ ਮਿਲੇ ਸੇ ਨ ਵਿਛੁੜਹਿ ਦਰਿ ਸਚੈ ਦਿਸੰਨਿ ॥੨੪॥ ਸੇ ਭਾਈ ਸੇ ਸਜਣਾ ਜੋ ਸਚਾ ਸੇਵੰਨਿ ॥ ਅਵਗਣ ਵਿਕਣਿ ਪਲ੍ਹ੍ਹਰਨਿ ਗੁਣ ਕੀ ਸਾਝ ਕਰੰਨ੍ਹ੍ਹਿ ॥੨੫॥ ਗੁਣ ਕੀ ਸਾਝ ਸੁਖੁ ਊਪਜੈ ਸਚੀ ਭਗਤਿ ਕਰੇਨਿ ॥ ਸਚੁ ਵਣੰਜਹਿ ਗੁਰ ਸਬਦ ਸਿਉ ਲਾਹਾ ਨਾਮੁ ਲਏਨਿ ॥੨੬॥ ਸੁਇਨਾ ਰੁਪਾ ਪਾਪ ਕਰਿ ਕਰਿ ਸੰਚੀਐ ਚਲੈ ਨ ਚਲਦਿਆ ਨਾਲਿ ॥ ਵਿਣੁ ਨਾਵੈ ਨਾਲਿ ਨ ਚਲਸੀ ਸਭ ਮੁਠੀ ਜਮਕਾਲਿ ॥੨੭॥ ਮਨ ਕਾ ਤੋਸਾ ਹਰਿ ਨਾਮੁ ਹੈ ਹਿਰਦੈ ਰਖਹੁ ਸਮ੍ਹ੍ਹਾਲਿ ॥ ਏਹੁ ਖਰਚੁ ਅਖੁਟੁ ਹੈ ਗੁਰਮੁਖਿ ਨਿਬਹੈ ਨਾਲਿ ॥੨੮॥ ਏ ਮਨ ਮੂਲਹੁ ਭੁਲਿਆ ਜਾਸਹਿ ਪਤਿ ਗਵਾਇ ॥ ਇਹੁ ਜਗਤੁ ਮੋਹਿ ਦੂਜੈ ਵਿਆਪਿਆ ਗੁਰਮਤੀ ਸਚੁ ਧਿਆਇ ॥੨੯॥ {ਪੰਨਾ 756}

ਪਦਅਰਥ: ਨੇ = ਨੂੰ। ਸਿ = ਉਹ ਮਨੁੱਖ {ਸੇ=ਬਹੁ = ਬਚਨ}। ਭਾਇਰਾ = (ਮੇਰੇ) ਭਰਾ। ਸਚੈ ਸਬਦਿ = ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਵਿਚ। ਲਗੰਨਿ = ਲੱਗਦੇ ਹਨ, ਚਿੱਤ ਜੋੜਦੇ ਹਨ। ਸਚਿ = ਸਦਾ-ਥਿਰ ਪ੍ਰਭੂ ਵਿਚ। ਦਰਿ ਸਚੈ = ਸਦਾ-ਥਿਰ ਪ੍ਰਭੂ ਦੇ ਦਰ ਤੇ।੨੪।

ਸੇ = ਉਹ ਮਨੁੱਖ {ਬਹੁ-ਵਚਨ}। ਸੇਵੰਨਿ = ਸਿਮਰਦੇ ਹਨ। ਵਿਕਣਿ = ਵਿਕਣ ਨਾਲ। ਅਵਗਣ ਵਿਕਣਿ = ਅਉਗਣਾਂ ਦੇ ਵਿਕ ਜਾਣ ਨਾਲ। ਪਲ੍ਹ੍ਹਰਨਿ = ਪਲ੍ਹਰਦੇ ਹਨਪ੍ਰਫੁਲਤ ਹੁੰਦੇ ਹਨ।੨੫।

ਸਚੀ ਭਗਤਿ = ਸਦਾ ਕਾਇਮ ਰਹਿਣ ਵਾਲੀ ਹਰਿ = ਭਗਤੀ। ਕਰੰਨ੍ਹ੍ਹਿ = ਕਰਦੇ ਹਨ। ਵਣੰਜਹਿ = ਵਿਹਾਝਦੇ ਹਨ। ਸਿਉ = ਨਾਲ, ਦੀ ਰਾਹੀਂ। ਲਾਹਾ = ਲਾਭ। ਲਏਨਿ = ਲੈਂਦੇ ਹਨ।੨੬।

ਰੁਪਾ = ਚਾਂਦੀ। ਸੰਚੀਐ = ਇਕੱਠਾ ਕਰੀਦਾ ਹੈ। ਨ ਚਲਸੀ = ਨਹੀਂ ਚੱਲੇਗਾ। ਸਭ = ਸਾਰੀ ਲੁਕਾਈ। ਮੁਠੀ = ਲੁੱਟ ਲਈ। ਜਮਕਾਲਿ = ਜਮ = ਕਾਲ ਨੇ, ਮੌਤ ਨੇਆਤਮਕ ਮੌਤ ਨੇ।੨੭।

ਤੋਸਾ = ਰਸਤੇ ਦਾ ਖ਼ਰਚ। ਸਮ੍ਹ੍ਹਾਲਿ = ਸੰਭਾਲ ਕੇ। ਅਖੁਟੁ = ਕਦੇ ਨਾਹ ਮੁੱਕਣ ਵਾਲਾ। ਗੁਰਮੁਖਿ = ਉਹ ਮਨੁੱਖ ਜੋ ਗੁਰੂ ਦੇ ਦੱਸੇ ਰਸਤੇ ਉਤੇ ਤੁਰਦਾ ਹੈ।੨੮।

ਮੂਲਹੁ = ਮੂਲ ਤੋਂ, ਪਰਮਾਤਮਾ ਤੋਂ। ਜਾਸਹਿ = ਜਾਵੇਂਗਾ। ਪਤਿ = ਇੱਜ਼ਤ। ਗਵਾਇ = ਗਵਾ ਕੇ। ਮੋਹ = ਮੋਹ ਵਿਚ। ਮੋਹਿ ਦੂਜੇ = ਦੂਜੇ ਦੇ ਮੋਹ ਵਿਚ, ਮਾਇਆ ਦੇ ਮੋਹ ਵਿਚ। ਵਿਆਖਿਆ: ਫਸਿਆ ਹੋਇਆ ਹੈ। ਸਚੁ = ਸਦਾ ਕਾਇਮ ਰਹਿਣ ਵਾਲਾ ਪਰਮਾਤਮਾ।੨੯।

ਅਰਥ: ਹੇ ਭਾਈ! ਮੇਰੇ) ਉਹ ਮਨੁੱਖ ਭਰਾ ਹਨ, ਜੇਹੜੇ ਗੁਰੂ ਦੀ ਸਰਨ ਵਿਚ ਆ ਪਏ ਹਨ, ਅਤੇ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਵਿਚ ਚਿੱਤ ਜੋੜਦੇ ਹਨ। ਜੇਹੜੇ ਮਨੁੱਖ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਜਾਂਦੇ ਹਨ, ਉਹ (ਫਿਰ ਪ੍ਰਭੂ ਨਾਲੋਂ) ਨਹੀਂ ਵਿਛੁੜਦੇ। ਉਹ ਸਦਾ-ਥਿਰ ਪ੍ਰਭੂ ਦੇ ਦਰ ਤੇ (ਟਿਕੇ ਹੋਏ) ਦਿੱਸਦੇ ਹਨ।੨੪।

ਹੇ ਭਾਈ! ਮੇਰੇ ਉਹ ਮਨੁੱਖ ਭਰਾ ਹਨ ਸੱਜਣ ਹਨ, ਜੇਹੜੇ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਸੇਵਾ-ਭਗਤੀ ਕਰਦੇ ਹਨ। (ਗੁਣਾਂ, ਦੇ ਵੱਟੇ) ਅਉਗਣ ਵਿਕ ਜਾਣ ਨਾਲ (ਦੂਰ ਹੋ ਜਾਣ ਨਾਲ) ਉਹ ਮਨੁੱਖ (ਆਤਮਕ ਜੀਵਨ ਵਿਚ) ਪ੍ਰਫੁਲਤ ਹੁੰਦੇ ਹਨ, ਉਹ ਮਨੁੱਖ ਪਰਮਾਤਮਾ ਦੇ ਗੁਣਾਂ ਨਾਲ ਸਾਂਝ ਪਾਂਦੇ ਹਨ।੨੫।

ਹੇ ਭਾਈ! ਗੁਰੂ ਨਾਲ (ਆਤਮਕ) ਸਾਂਝ ਦੀ ਬਰਕਤਿ ਨਾਲ (ਉਹਨਾਂ ਦੇ ਅੰਦਰ ਆਤਮਕ ਆਨੰਦ ਪੈਦਾ ਹੁੰਦਾ ਹੈ, ਉਹ ਪਰਮਾਤਮਾ ਦੀ ਅਟੱਲ ਰਹਿਣ ਵਾਲੀ ਭਗਤੀ ਕਰਦੇ ਰਹਿੰਦੇ ਹਨ। ਉਹ ਮਨੁੱਖ ਗੁਰੂ ਦੇ ਸ਼ਬਦ ਨਾਲ ਸਦਾ-ਥਿਰ ਪ੍ਰਭੂ ਦਾ ਨਾਮ ਵਿਹਾਝਦੇ ਹਨ ਅਤੇ ਹਰਿ-ਨਾਮ (ਦਾਲਾਭ ਖੱਟਦੇ ਹਨ।੨੬।

ਹੇ ਭਾਈ! ਕਈ ਕਿਸਮ ਦੇਪਾਪ ਕਰ ਕਰ ਕੇ ਸੋਨਾ ਚਾਂਦੀ (ਆਦਿਕ ਧਨਇਕੱਠਾ ਕਰੀਦਾ ਹੈ, ਪਰ (ਜਗਤ ਤੋਂ) ਤੁਰਨ ਵੇਲੇ (ਉਹ ਧਨ ਮਨੁੱਖ ਦੇਨਾਲ ਨਹੀਂ ਜਾਂਦਾ। ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ ਭੀ ਚੀਜ਼ ਮਨੁੱਖ ਦੇ ਨਾਲ ਨਹੀਂ ਜਾਵੇਗੀ। ਨਾਮ ਤੋਂ ਸੁੰਞੀ ਸਾਰੀ ਲੁਕਾਈ ਆਤਮਕ ਮੌਤ ਦੀ ਹੱਥੀ ਲੁੱਟੀ ਜਾਂਦੀ ਹੈ (ਆਪਣਾ ਆਤਮਕ ਜੀਵਨ ਲੁਟਾ ਬੈਠਦੀ ਹੈ੨੭।

ਹੇ ਭਾਈ! ਮਨੁੱਖ ਦੇ ਮਨ ਵਾਸਤੇ ਪਰਮਾਤਮਾ ਦਾ ਨਾਮ ਹੀ (ਜੀਵਨ-ਸਫ਼ਰ ਦਾਖ਼ਰਚ ਹੈ। ਇਸ ਸਫ਼ਰ-ਖ਼ਰਚ ਨੂੰ ਆਪਣੇ ਹਿਰਦੇ ਵਿਚ ਸਾਂਭ ਕੇ ਰੱਖੋ। ਇਹ ਖ਼ਰਚ ਕਦੇ ਮੁੱਕਣ ਵਾਲਾ ਨਹੀਂ ਹੈ। ਜੇਹੜਾ ਮਨੁੱਖ ਗੁਰੂ ਦੇ ਦੱਸੇ ਰਸਤੇ ਉਤੇ ਤੁਰਦਾ ਹੈ, ਉਸ ਦੇ ਨਾਲ ਇਹ ਸਦਾ ਲਈ ਸਾਥ ਬਣਾਂਦਾ ਹੈ।੨੮।

ਜਗਤ ਦੇ ਮੂਲ ਪਰਮਾਤਮਾ ਤੋਂ ਖੁੰਝੇ ਹੋਏ ਹੇ ਮਨ! (ਜੇ ਤੂੰ ਇਸੇ ਤਰ੍ਹਾਂ ਖੁੰਝਿਆ ਹੀ ਰਿਹਾ, ਤਾਂ) ਆਪਣੀ ਇੱਜ਼ਤ ਗਵਾ ਕੇ (ਇਥੋਂ) ਜਾਵੇਂਗਾ। ਇਹ ਜਗਤ ਤਾਂ ਮਾਇਆ ਦੇ ਮੋਹ ਵਿਚ ਫਸਿਆ ਪਿਆ ਹੈ (ਤੂੰ ਇਸ ਨਾਲ ਆਪਣਾ ਮੋਹ ਛੱਡ, ਅਤੇ) ਗੁਰੂ ਦੀ ਮਤਿ ਉਤੇ ਤੁਰ ਕੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਨਾਮ ਸਿਮਰਿਆ ਕਰ।੨੯।

ਹਰਿ ਕੀ ਕੀਮਤਿ ਨਾ ਪਵੈ ਹਰਿ ਜਸੁ ਲਿਖਣੁ ਨ ਜਾਇ ॥ ਗੁਰ ਕੈ ਸਬਦਿ ਮਨੁ ਤਨੁ ਰਪੈ ਹਰਿ ਸਿਉ ਰਹੈ ਸਮਾਇ ॥੩੦॥ ਸੋ ਸਹੁ ਮੇਰਾ ਰੰਗੁਲਾ ਰੰਗੇ ਸਹਜਿ ਸੁਭਾਇ ॥ ਕਾਮਣਿ ਰੰਗੁ ਤਾ ਚੜੈ ਜਾ ਪਿਰ ਕੈ ਅੰਕਿ ਸਮਾਇ ॥੩੧॥ ਚਿਰੀ ਵਿਛੁੰਨੇ ਭੀ ਮਿਲਨਿ ਜੋ ਸਤਿਗੁਰੁ ਸੇਵੰਨਿ ॥ ਅੰਤਰਿ ਨਵ ਨਿਧਿ ਨਾਮੁ ਹੈ ਖਾਨਿ ਖਰਚਨਿ ਨ ਨਿਖੁਟਈ ਹਰਿ ਗੁਣ ਸਹਜਿ ਰਵੰਨਿ ॥੩੨॥ ਨਾ ਓਇ ਜਨਮਹਿ ਨਾ ਮਰਹਿ ਨਾ ਓਇ ਦੁਖ ਸਹੰਨਿ ॥ ਗੁਰਿ ਰਾਖੇ ਸੇ ਉਬਰੇ ਹਰਿ ਸਿਉ ਕੇਲ ਕਰੰਨਿ ॥੩੩॥ ਸਜਣ ਮਿਲੇ ਨ ਵਿਛੁੜਹਿ ਜਿ ਅਨਦਿਨੁ ਮਿਲੇ ਰਹੰਨਿ ॥ ਇਸੁ ਜਗ ਮਹਿ ਵਿਰਲੇ ਜਾਣੀਅਹਿ ਨਾਨਕ ਸਚੁ ਲਹੰਨਿ ॥੩੪॥੧॥੩॥ {ਪੰਨਾ 756}

ਪਦਅਰਥ: ਜਸੁ = ਸੋਭਾਵਡਿਆਈ। ਕੈ ਸਬਦਿ = ਦੇ ਸ਼ਬਦਿ ਵਿਚ। ਸਿਉ = ਨਾਲ।੩੦।

ਸਹੁ = ਸ਼ਹੁ, ਖਸਮ = ਪ੍ਰਭੂ। ਰੰਗੁਲਾ = ਰੰਗੀਲਾ, ਆਨੰਦ = ਸਰੂਪ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਇ = ਪ੍ਰੇਮ ਵਿਚ। ਕਾਮਣਿ = ਜੀਵ = ਇਸਤ੍ਰੀ। ਰੰਗੁ = ਪ੍ਰੇਮ ਰੰਗ। ਤਾ = ਤਾਂ, ਤਦੋਂ। ਜਾ = ਜਾਂ, ਜਦੋਂ। ਕੈ ਅੰਕਿ = ਦੀ ਗੋਦ ਵਿਚਦੇ ਚਰਨਾਂ ਵਿਚ।੩੧।

ਮਿਲਨਿ = ਮਿਲ ਪੈਂਦੇ ਹਨ। ਸੇਵੰਨਿ = ਸਰਨ ਪੈਂਦੇ ਹਨ। ਅੰਤਰਿ = (ਹਰੇਕ ਦੇ) ਅੰਦਰ। ਨਵਨਿਧਿ = ਧਰਤੀ ਦੇ ਸਾਰੇ ਨੌ ਖ਼ਜ਼ਾਨੇ। ਖਾਨਿ = ਖਾਂਦੇ ਹਨ। ਖਰਚਨਿ = ਖ਼ਰਚਦੇ ਹਨ। ਰਵੰਨਿ = ਸਿਮਰਦੇ ਹਨ।੩੨।

ਓਇ = {ਲਫ਼ਜ਼ 'ਓਹਤੋਂ ਬਹੁ-ਵਚਨ}। ਸਹੰਨਿ = ਸਹਿੰਦੇ ਹਨ। ਗੁਰਿ = ਗੁਰੂ ਨੇ। ਉਬਰੇ = (ਜਨਮ ਮਰਨ ਦੇ ਗੇੜ ਵਿਚੋਂ) ਬਚ ਗਏ। ਸਿਉ = ਨਾਲ। ਕੇਲ = ਆਨੰਦ।੩੩।

ਜਿ = ਜੇਹੜੇ। ਅਨਦਿਨੁ = ਹਰ ਰੋਜ਼, ਹਰ ਵੇਲੇ {अनुदिनां}। ਜਾਣੀਅਹਿ = ਜਾਣੇ ਜਾਂਦੇ ਹਨ। ਸਚੁ = ਸਦਾ-ਥਿਰ ਪ੍ਰਭੂ। ਲਹੰਨਿ = ਲੈਂਦੇ ਹਨ, ਮੇਲ ਪ੍ਰਾਪਤ ਕਰਦੇ ਹਨ।੩੪।

ਅਰਥ: ਹੇ ਭਾਈ! ਪਰਮਾਤਮਾ ਕਿਸੇ ਮੁੱਲ ਤੋਂ ਨਹੀਂ ਮਿਲ ਸਕਦਾ। ਪਰਮਾਤਮਾ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ। ਜਿਸ ਮਨੁੱਖ ਦਾ ਮਨ ਅਤੇ ਤਨ ਗੁਰੂ ਦੇ ਸ਼ਬਦ ਵਿਚ ਰੰਗਿਆ ਜਾਂਦਾ ਹੈ, ਉਹ ਸਦਾ ਪਰਮਾਤਮਾ ਵਿਚ ਲੀਨ ਰਹਿੰਦਾ ਹੈ।੩੦।

ਹੇ ਭਾਈ! ਮੇਰਾ ਉਹ ਖਸਮ-ਪ੍ਰਭੂ ਆਨੰਦ-ਸਰੂਪ ਹੈ (ਜੇਹੜਾ ਮਨੁੱਖ ਉਸ ਦੇ ਚਰਨਾਂ ਵਿਚ ਆ ਜੁੜਦਾ ਹੈ) ਉਸ ਨੂੰ ਉਹ ਆਤਮਕ ਅਡੋਲਤਾ ਵਿਚ, ਪ੍ਰੇਮ-ਰੰਗ ਵਿਚ ਰੰਗ ਦੇਂਦਾ ਹੈ। ਜਦੋਂ ਕੋਈ ਜੀਵ-ਇਸਤ੍ਰੀ ਉਸ ਖਸਮ-ਪ੍ਰਭੂ ਦੇ ਚਰਨਾਂ ਵਿਚ ਲੀਨ ਹੋ ਜਾਂਦੀ ਹੈ, ਤਦੋਂ ਉਸ (ਦੀ ਜਿੰਦ) ਨੂੰ ਪ੍ਰੇਮ-ਰੰਗ ਚੜ੍ਹ ਜਾਂਦਾ ਹੈ।੩੧।

ਹੇ ਭਾਈ! ਜੇਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ, ਉਹ (ਪ੍ਰਭੂ ਨਾਲੋਂਚਿਰ ਦੇ ਵਿਛੁੜੇ ਹੋਏ ਭੀ (ਪ੍ਰਭੂ ਨੂੰ) ਆ ਮਿਲਦੇ ਹਨ। ਪਰਮਾਤਮਾ ਦਾ ਨਾਮ (ਜੋ, ਮਾਨੋ, ਧਰਤੀ ਦੇ ਸਾਰੇ) ਨੌ ਖ਼ਜ਼ਾਨੇ (ਹੈ, ਉਹਨਾਂ ਨੂੰ) ਆਪਣੇ ਅੰਦਰ ਹੀ ਲੱਭ ਪੈਂਦਾ ਹੈ। ਉਸ ਨਾਮ-ਖ਼ਜ਼ਾਨੇ ਨੂੰ ਉਹ ਆਪ ਵਰਤਦੇ ਹਨ, ਹੋਰਨਾਂ ਨੂੰ ਵੰਡਦੇ ਹਨ, ਉਹ ਫਿਰ ਭੀ ਨਹੀਂ ਮੁੱਕਦਾ। ਆਤਮਕ ਅਡੋਲਤਾ ਵਿਚ ਟਿਕ ਕੇ ਉਹ ਮਨੁੱਖ ਪਰਮਾਤਮਾ ਦੇ ਗੁਣ ਯਾਦ ਕਰਦੇ ਰਹਿੰਦੇ ਹਨ।੩੨।

ਹੇ ਭਾਈ! ਗੁਰੂ ਦੀ ਸਰਨ ਆ ਪਏ) ਉਹ ਮਨੁੱਖ ਨਾਹ ਜੰਮਦੇ ਹਨ ਨਾਹ ਮਰਦੇ ਹਨ, ਨਾਹ ਹੀ ਉਹ (ਜਨਮ ਮਰਨ ਦੇ ਗੇੜ ਦੇ) ਦੁੱਖ ਸਹਾਰਦੇ ਹਨ। ਜਿਨ੍ਹਾਂ ਦੀ ਰੱਖਿਆ ਗੁਰੂ ਨੇ ਕਰ ਦਿੱਤੀ ਹੈ, ਉਹ (ਜਨਮ ਮਰਨ ਦੇ ਗੇੜ ਤੋਂ) ਬਚ ਗਏ। ਉਹ ਸਦਾ ਪ੍ਰਭੂ ਦੇ ਚਰਨਾਂ ਵਿਚ ਜੁੜ ਕੇ ਆਤਮਕ ਆਨੰਦ ਮਾਣਦੇ ਹਨ।੩੩।

ਹੇ ਭਾਈ! ਜੇਹੜੇ ਭਲੇ ਮਨੁੱਖ ਹਰ ਵੇਲੇ ਪ੍ਰਭੂ-ਚਰਨਾਂ ਵਿਚ ਜੁੜੇ ਰਹਿੰਦੇ ਹਨ, ਉਹ ਪ੍ਰਭੂ-ਚਰਨਾਂ ਵਿਚ ਮਿਲ ਕੇ ਮੁੜ ਕਦੇ ਨਹੀਂ ਵਿਛੁੜਦੇ। ਪਰ, ਹੇ ਨਾਨਕ! ਇਸ ਜਗਤ ਵਿਚ ਅਜੇਹੇ ਵਿਰਲੇ ਬੰਦੇ ਹੀ ਉੱਘੜਦੇ ਹਨਜੇਹੜੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਮਿਲਾਪ ਪ੍ਰਾਪਤ ਕਰਦੇ ਹਨ।੩੪।੧।੩।

*┈┉┅━❀꧁ੴ꧂❀━┅┉┈*


||ਅੱਜ ਦਾ ਫੁਰਮਾਨ|| ਗੁਰਦੁਆਰਾ ਨਨਕਾਣਾ ਸਾਹਿਬ ( ਪਾਕਿਸਤਾਨ ) ||

ਬਿਲਾਵਲੁ ਮਹਲਾ ੧ ॥ ਆਪੇ ਸਬਦੁ ਆਪੇ ਨੀਸਾਨੁ ॥ ਆਪੇ ਸੁਰਤਾ ਆਪੇ ਜਾਨੁ ॥ ਆਪੇ ਕਰਿ ਕਰਿ ਵੇਖੈ ਤਾਣੁ ॥ ਤੂ ਦਾਤਾ ਨਾਮੁ ਪਰਵਾਣੁ ॥੧॥ ਐਸਾ ਨਾਮੁ ਨਿਰੰਜਨ ਦੇਉ ॥ ਹਉ ਜਾਚਿਕੁ ਤੂ ਅਲਖ ਅਭੇਉ ॥੧॥ ਰਹਾਉ ॥ ਮਾਇਆ ਮੋਹੁ ਧਰਕਟੀ ਨਾਰਿ ॥ ਭੂੰਡੀ ਕਾਮਣਿ ਕਾਮਣਿਆਰਿ ॥ ਰਾਜੁ ਰੂਪੁ ਝੂਠਾ ਦਿਨ ਚਾਰਿ ॥ ਨਾਮੁ ਮਿਲੈ ਚਾਨਣੁ ਅੰਧਿਆਰਿ ॥੨॥ ਚਖਿ ਛੋਡੀ ਸਹਸਾ ਨਹੀ ਕੋਇ ॥ ਬਾਪੁ ਦਿਸੈ ਵੇਜਾਤਿ ਨ ਹੋਇ ॥ ਏਕੇ ਕਉ ਨਾਹੀ ਭਉ ਕੋਇ ॥ ਕਰਤਾ ਕਰੇ ਕਰਾਵੈ ਸੋਇ ॥੩॥ ਸਬਦਿ ਮੁਏ ਮਨੁ ਮਨ ਤੇ ਮਾਰਿਆ ॥ ਠਾਕਿ ਰਹੇ ਮਨੁ ਸਾਚੈ ਧਾਰਿਆ ॥ ਅਵਰੁ ਨ ਸੂਝੈ ਗੁਰ ਕਉ ਵਾਰਿਆ ॥ ਨਾਨਕ ਨਾਮਿ ਰਤੇ ਨਿਸਤਾਰਿਆ ॥੪॥੩॥ {ਪੰਨਾ 795-796}

ਪਦਅਰਥ: ਸਬਦੁ = ਸਿਫ਼ਤਿ-ਸਾਲਾਹ ਦੀ ਬਾਣੀ। ਨੀਸਾਨੁ = ਪਰਵਾਨਾ, ਰਾਹਦਾਰੀ। ਸੁਰਤਾ = ਸੁਣਨ ਵਾਲਾ। ਜਾਨੁ = ਜਾਣਨ ਵਾਲਾ। ਕਰਿ ਕਰਿ = ਸ੍ਰਿਸ਼ਟੀ ਰਚ ਰਚ ਕੇ। ਵੇਖੈ = ਸੰਭਾਲ ਕਰਦਾ ਹੈ। ਤਾਣੁ = ਤਾਕਤ, ਬਲ। ਪਰਵਾਣੁ = ਕਬੂਲ।੧।

ਐਸਾ = ਏਹੋ ਜੇਹਾ ਹੀ (ਭਾਵ, ਮਾਇਆ ਦੇ ਪ੍ਰਭਾਵ ਤੋਂ ਨਿਰਲੇਪ ਰੱਖਣ ਵਾਲਾ। ਨਿਰੰਜਨ = ਹੇ ਨਿਰਲੇਪ ਪ੍ਰਭੂ! ਦੇਉ = ਪ੍ਰਕਾਸ਼ = ਰੂਪ। ਹਉ = ਮੈਂ। ਜਾਚਿਕੁ = ਮੰਗਤਾ। ਅਲਖ = ਜਿਸ ਦਾ ਕੋਈ ਚਿਹਨ ਚੱਕ੍ਰ ਨਾਹ ਲੱਭ ਸਕੇ। ਅਭੇਉ = ਜਿਸ ਦਾ ਭੇਦ ਨਾ ਪਾਇਆ ਜਾ ਸਕੇ।੧।ਰਹਾਉ।

ਧਰਕਟੀ ਨਾਰਿ = ਵਿਭਚਾਰਨ ਇਸਤ੍ਰੀ। ਭੂੰਡੀ = ਭੈੜੀ। ਕਾਮਣਿ = ਇਸਤ੍ਰੀ। ਕਾਮਣਿਆਰਿ = ਟੂਣੇ ਕਰਨ ਵਾਲੀ। ਝੂਠਾ = ਨਾਸਵੰਤ। ਦਿਨ ਚਾਰਿ = ਥੋੜ੍ਹੇ ਦਿਨ ਰਹਿਣ ਵਾਲਾ। ਅੰਧਿਆਰਿ = (ਮਾਇਆ ਦੇ ਮੋਹ ਦੇ) ਹਨੇਰੇ ਵਿਚ।੨।

ਚਖਿ ਛੋਡੀ = ਪਰਖ ਵੇਖੀ ਹੈ {ਨੋਟ: ਲਫ਼ਜ਼ 'ਛੋਡੀਦਾ ਭਾਵ ਸਮਝਣ ਵਾਸਤੇ ਵੇਖੋ "ਰਾਗ ਆਸਾ ਪਟੀ ਮ: ੧ਵਿਚ ਆਇਆ ਲਫ਼ਜ਼ 'ਛੋਡੀ'}। ਸਹਸਾ = ਸ਼ੱਕ। ਬਾਪੁ = ਪਿਉ। ਦਿਸੈ = ਹਰੇਕ ਨੂੰ ਪਤਾ ਹੋਵੇ, ਪ੍ਰਤੱਖ ਨਜ਼ਰੀਂ ਆਉਂਦਾ ਹੋਵੇ। ਵੇਜਾਤਿ = ਹਰਾਮੀ। ਏਕੇ ਕਉ = ਇੱਕ ਪ੍ਰਭੂ-ਪਿਤਾ ਵਾਲੇ ਨੂੰ।੩।

ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਵਿਚ (ਜੁੜ ਕੇ। ਮੁਏ = ਜੋ ਮਨੁੱਖ ਆਪਾ = ਭਾਵ ਵਲੋਂ ਮਰੇ ਹਨ। ਮਨ ਤੇ = ਮਨ ਤੋਂ, ਮਾਨਸਕ ਫੁਰਨਿਆਂ ਤੋਂ, ਮਾਇਕ ਫੁਰਨਿਆਂ ਵਲੋਂ। ਠਾਕਿ ਰਹੇ = ਠਾਕੇ ਰਹਿੰਦੇ ਹਨ, ਰੁਕੇ ਰਹਿੰਦੇ ਹਨ। ਸਾਚੈ = ਸੱਚੇ ਪ੍ਰਭੂ ਨੇ। ਧਾਰਿਆ = ਆਸਰਾ ਦਿੱਤਾ ਹੈ। ਵਾਰਿਆ = ਕੁਰਬਾਨ ਹੁੰਦੇ ਹਨ। ਨਾਮਿ = ਨਾਮ ਵਿਚ। ਰਤੇ = ਰੰਗੇ ਹੋਏ।੪।

ਅਰਥ: ਹੇ ਮਾਇਆ ਦੇ ਪ੍ਰਭਾਵ ਤੋਂ ਰਹਿਤ ਪ੍ਰਕਾਸ਼-ਰੂਪ ਪ੍ਰਭੂ! ਤੇਰਾ ਨਾਮ ਭੀ ਏਹੋ ਜੇਹਾ ਹੀ ਹੈ (ਜਿਹੋ ਜੇਹਾ ਤੂੰ ਆਪ ਹੈਂ। ਭਾਵ, ਤੇਰਾ ਨਾਮ ਭੀ ਮਾਇਆ ਦੇ ਮੋਹ ਤੋਂ ਬਚਾਂਦਾ ਹੈ। ਹੇ ਪ੍ਰਭੂ! ਤੇਰਾ ਕੋਈ ਖ਼ਾਸ ਚਿਹਨ ਚੱਕ੍ਰ ਨਹੀਂ ਲੱਭ ਸਕਦਾ, ਤੇਰਾ ਭੇਦ ਨਹੀਂ ਪਾਇਆ ਜਾ ਸਕਦਾ। ਮੈਂ (ਤੇਰੇ ਦਰ ਤੇ) ਮੰਗਤਾ ਹਾਂ (ਤੇ ਤੈਥੋਂ ਤੇਰੇ ਨਾਮ ਦੀ ਦਾਤਿ ਮੰਗਦਾ ਹਾਂ੧।ਰਹਾਉ।

(ਜਿਸ ਮਨੁੱਖ ਨੂੰ ਨਾਮ ਦੀ ਦਾਤਿ ਮਿਲ ਜਾਂਦੀ ਹੈ ਉਸ ਨੂੰ ਇਹ ਯਕੀਨ ਬਣ ਜਾਂਦਾ ਹੈ ਕਿ ਪ੍ਰਭੂ) ਆਪ ਹੀ ਸਿਫ਼ਤਿ-ਸਾਲਾਹ ਹੈ (ਭਾਵ, ਜਿਥੇ ਉਸ ਦੀ ਸਿਫ਼ਤਿ-ਸਾਲਾਹ ਹੁੰਦੀ ਹੈ ਉਥੇ ਉਹ ਮੌਜੂਦ ਹੈ) , ਆਪ ਹੀ (ਜੀਵ ਵਾਸਤੇ ਜੀਵਨ-ਸਫ਼ਰ ਵਿਚ) ਰਾਹਦਾਰੀ ਹੈ, ਪ੍ਰਭੂ ਆਪ ਹੀ (ਜੀਵਾਂ ਦੀਆਂ ਅਰਦਾਸਾਂ) ਸੁਣਨ ਵਾਲਾ ਹੈ, ਆਪ ਹੀ (ਜੀਵਾਂ ਦੇ ਦੁੱਖ-ਦਰਦ) ਜਾਣਨ ਵਾਲਾ ਹੈ। ਪ੍ਰਭੂ ਆਪ ਹੀ ਜਗਤ-ਰਚਨਾ ਰਚ ਕੇ ਆਪ ਹੀ ਆਪਣਾ (ਇਹ) ਬਲ ਵੇਖ ਰਿਹਾ ਹੈ।

ਹੇ ਪ੍ਰਭੂ! ਤੂੰ (ਜੀਵਾਂ ਨੂੰ ਸਭ ਦਾਤਾਂ) ਦੇਣ ਵਾਲਾ ਹੈਂ, (ਜਿਸ ਨੂੰ ਤੂੰ ਆਪਣਾ ਨਾਮ ਬਖ਼ਸ਼ਦਾ ਹੈਂ, ਉਹ ਤੇਰੇ ਦਰ ਤੇ) ਕਬੂਲ ਹੋ ਜਾਂਦਾ ਹੈ।੧।

(ਨਾਮ ਜਪਣ ਵਾਲੇ ਨੂੰ ਇਹ ਸਮਝ ਆ ਜਾਂਦੀ ਹੈ ਕਿਮਾਇਆ ਦਾ ਮੋਹ ਇਕ ਵਿਭਚਾਰਨ ਇਸਤ੍ਰੀ ਦੇ ਮੋਹ ਸਮਾਨ ਹੈ, ਮਾਇਆ ਇਕ ਟੂਣੇ ਕਰਨ ਵਾਲੀ ਭੈੜੀ ਇਸਤ੍ਰੀ ਸਮਾਨ ਹੈ, ਦੁਨੀਆ ਦੀ ਹਕੂਮਤ ਤੇ ਸੁੰਦਰਤਾ ਨਾਸਵੰਤ ਹਨ, ਥੋੜੇ ਹੀ ਦਿਨ ਰਹਿਣ ਵਾਲੇ ਹਨ (ਪਰ ਇਹਨਾਂ ਦੇ ਅਸਰ ਹੇਠ ਮਨੁੱਖ ਜਹਾਲਤ ਦੇ ਹਨੇਰੇ ਵਿਚ ਜੀਵਨ ਵਿਚ ਜੀਵਨ-ਠੇਡੇ ਖਾਂਦਾ ਫਿਰਦਾ ਹੈ। ਜਿਸ ਮਨੁੱਖ ਨੂੰ ਪ੍ਰਭੂ ਦਾ ਨਾਮ ਮਿਲ ਜਾਂਦਾ ਹੈ, ਉਸ ਨੂੰ (ਮਾਇਆ ਦੇ ਮੋਹ ਦੇ) ਹਨੇਰੇ ਵਿਚ ਚਾਨਣ ਮਿਲ ਜਾਂਦਾ ਹੈ।੨।

(ਇਹ ਗੱਲ ਚੰਗੀ ਤਰ੍ਹਾਂ) ਪਰਖ ਵੇਖੀ ਹੈ, ਜਿਸ ਵਿਚ ਕੋਈ ਸ਼ੱਕ ਨਹੀਂ ਕਿ ਜਿਸ ਦਾ ਪਿਉ ਪ੍ਰਤੱਖ ਦਿੱਸਦਾ ਹੋਵੇ ਉਹ ਭੈੜੇ ਅਸਲੇ ਵਾਲਾ ਨਹੀਂ ਅਖਵਾਂਦਾ (ਜੋ ਮਨੁੱਖ ਆਪਣੇ ਸਿਰ ਉਤੇ ਪਿਤਾ-ਪ੍ਰਭੂ ਨੂੰ ਰਾਖਾ ਮੰਨਦਾ ਹੈ ਉਹ ਵਿਕਾਰਾਂ ਵਲ ਨਹੀਂ ਪਰਤਦਾ। ਇੱਕ ਪ੍ਰਭੂ-ਪਿਤਾ ਵਾਲੇ ਨੂੰ (ਕਿਸੇ ਤੋਂ) ਕੋਈ ਡਰ ਨਹੀਂ ਰਹਿੰਦਾ (ਕਿਉਂਕਿ ਉਸ ਨੂੰ) ਯਕੀਨ ਬਣਿਆ ਰਹਿੰਦਾ ਹੈ ਕਿ) ਉਹ ਪਰਮਾਤਮਾ ਹੀ ਸਭ ਕੁਝ ਕਰਦਾ ਹੈ ਤੇ (ਜੀਵਾਂ ਪਾਸੋਂ) ਕਰਾਂਦਾ ਹੈ।੩।

ਜਿਹੜੇ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ ਆਪਾ-ਭਾਵ ਮੁਕਾਂਦੇ ਹਨ ਆਪਣੇ ਮਨ ਨੂੰ ਮਾਇਕ ਫੁਰਨਿਆਂ ਵਲੋਂ ਰੋਕ ਲੈਂਦੇ ਹਨ, ਉਹ ਵਿਕਾਰਾਂ ਵਲੋਂ ਰੁਕੇ ਰਹਿੰਦੇ ਹਨ ਕਿਉਂਕਿ ਸੱਚਾ ਕਰਤਾਰ ਉਹਨਾਂ ਦੇ ਮਨ ਨੂੰ (ਆਪਣੇ ਨਾਮ ਦਾ) ਆਸਰਾ ਦੇਂਦਾ ਹੈ। ਮੈਂ ਗੁਰੂ ਤੋਂ ਸਦਕੇ ਹਾਂਉਸ ਤੋਂ ਬਿਨਾ ਕੋਈ ਹੋਰ ਐਸਾ ਨਹੀਂ (ਜੋ ਮਨ ਨੂੰ ਪ੍ਰਭੂ ਵਿਚ ਜੋੜਨ ਲਈ ਸਹਾਇਤਾ ਕਰੇ

ਹੇ ਨਾਨਕ! ਪ੍ਰਭੂ-ਨਾਮ ਵਿਚ ਰੰਗੇ ਹੋਏ ਬੰਦਿਆਂ ਨੂੰ ਪ੍ਰਭੂ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ।੪।੩।

*┈┉┅━❀꧁ੴ꧂❀━┅┉┈*

||ਅੱਜ ਦਾ ਫੁਰਮਾਨ|| ਗੁਰਦੁਆਰਾ ਪੰਜਾ ਸਾਹਿਬ ( ਪਾਕਿਸਤਾਨ ) ||


*┈┉┅━❀꧁ੴ꧂❀━┅┉┈*

||ਅੱਜ ਦਾ ਫੁਰਮਾਨ|| ਗੁਰਦੁਆਰਾ ਕਰਤਾਰਪੁਰ ਸਾਹਿਬ (ਪਾਕਿਸਤਾਨ)

ਸੂਹੀ ਮਹਲਾ ੫ ॥ ਉਮਕਿਓ ਹੀਉ ਮਿਲਨ ਪ੍ਰਭ ਤਾਈ ॥ ਖੋਜਤ ਚਰਿਓ ਦੇਖਉ ਪ੍ਰਿਅ ਜਾਈ ॥ ਸੁਨਤ ਸਦੇਸਰੋ ਪ੍ਰਿਅ ਗ੍ਰਿਹਿ ਸੇਜ ਵਿਛਾਈ ॥ ਭ੍ਰਮਿ ਭ੍ਰਮਿ ਆਇਓ ਤਉ ਨਦਰਿ ਨ ਪਾਈ ॥੧॥ ਕਿਨ ਬਿਧਿ ਹੀਅਰੋ ਧੀਰੈ ਨਿਮਾਨੋ ॥ ਮਿਲੁ ਸਾਜਨ ਹਉ ਤੁਝੁ ਕੁਰਬਾਨੋ ॥੧॥ ਰਹਾਉ ॥ ਏਕਾ ਸੇਜ ਵਿਛੀ ਧਨ ਕੰਤਾ ॥ ਧਨ ਸੂਤੀ ਪਿਰੁ ਸਦ ਜਾਗੰਤਾ ॥ ਪੀਓ ਮਦਰੋ ਧਨ ਮਤਵੰਤਾ ॥ ਧਨ ਜਾਗੈ ਜੇ ਪਿਰੁ ਬੋਲੰਤਾ ॥੨॥ ਭਈ ਨਿਰਾਸੀ ਬਹੁਤੁ ਦਿਨ ਲਾਗੇ ॥ ਦੇਸ ਦਿਸੰਤਰ ਮੈ ਸਗਲੇ ਝਾਗੇ ॥ ਖਿਨੁ ਰਹਨੁ ਨ ਪਾਵਉ ਬਿਨੁ ਪਗ ਪਾਗੇ ॥ ਹੋਇ ਕ੍ਰਿਪਾਲੁ ਪ੍ਰਭ ਮਿਲਹ ਸਭਾਗੇ ॥੩॥ ਭਇਓ ਕ੍ਰਿਪਾਲੁ ਸਤਸੰਗਿ ਮਿਲਾਇਆ ॥ ਬੂਝੀ ਤਪਤਿ ਘਰਹਿ ਪਿਰੁ ਪਾਇਆ ॥ ਸਗਲ ਸੀਗਾਰ ਹੁਣਿ ਮੁਝਹਿ ਸੁਹਾਇਆ ॥ ਕਹੁ ਨਾਨਕ ਗੁਰਿ ਭਰਮੁ ਚੁਕਾਇਆ ॥੪॥ ਜਹ ਦੇਖਾ ਤਹ ਪਿਰੁ ਹੈ ਭਾਈ ॥ ਖੋਲ੍ਹ੍ਹਿਓ ਕਪਾਟੁ ਤਾ ਮਨੁ ਠਹਰਾਈ ॥੧॥ ਰਹਾਉ ਦੂਜਾ ॥੫॥ {ਪੰਨਾ 737-738}

ਪਦਅਰਥ: ਉਮਕਿਓ = ਖ਼ੁਸ਼ੀ ਨਾਲ ਉਛਲ ਪਿਆ ਹੈ। ਹੀਉ = ਹਿਰਦਾ। ਤਾਈ = ਵਾਸਤੇ। ਖੋਜਤ ਚਰਿਓ = ਲੱਭਣ ਚੜ੍ਹ ਪਿਆ ਹੈ। ਦੇਖਉ = ਦੇਖਉਂ, ਮੈਂ ਵੇਖਾਂ। ਪ੍ਰਿਅ ਜਾਈ = ਪਿਆਰੇ (ਦੇ ਰਹਿਣ) ਦੀ ਥਾਂ। ਸਦੇਸਰੋ ਪ੍ਰਿਅ = ਪਿਆਰੇ ਦਾ ਸਨੇਹਾ। ਗ੍ਰਿਹਿ = ਹਿਰਦੇ = ਘਰ ਵਿਚ। ਭ੍ਰਮਿ ਭ੍ਰਮਿ = ਭਟਕ ਭਟਕ ਕੇ। ਤਉ = ਤਾਂ ਭੀ। ਨਦਰਿ = ਮੇਹਰ ਦੀ ਨਿਗਾਹ।੧।

ਕਿਨ ਬਿਧਿ = ਕਿਨ੍ਹਾਂ ਤਰੀਕਿਆਂ ਨਾਲਹੀਅਰੋ ਨਿਮਾਨੋ = ਇਹ ਵਿਚਾਰਾ ਹਿਰਦਾ। ਸਾਜਨ = ਹੇ ਸਾਜਨ! ਹਉ = ਹਉਂ, ਮੈਂ।੧।ਰਹਾਉ।

ਧਨ = ਇਸਤ੍ਰੀ। ਪਿਰੁ = ਪਤੀ। ਪੀਓ = ਪੀਤਾ ਹੋਇਆ ਹੈ। ਮਦਰੋ = ਮਦਿਰਾ, ਸ਼ਰਾਬ। ਮਤਵੰਤਾ = ਮਸਤ। ਜਾਗੈ = ਜਾਗ ਪੈਂਦਾ ਹੈ। ਬੋਲੰਤਾ = ਬੁਲਾਂਦਾ ਹੈ, ਸੱਦਦਾ ਹੈ।੨।

ਨਿਰਾਸੀ = ਉਦਾਸ। ਦਿਸੰਤਰ = ਦੇਸ ਅੰਤਰ। ਦੇਸ ਦਿਸੰਤਰ = ਦੇਸ ਦੇ ਦੇਸ ਅੰਤਰ, ਹੋਰ ਹੋਰ ਦੇਸ। ਝਾਗੇ = ਫਿਰੇ ਹਨ। ਨ ਪਾਵਉ = ਨ ਪਾਵਉਂ, ਮੈਂ ਨਹੀਂ ਲੱਭ ਸਕਦੀ। ਰਹਨੁ = ਟਿਕਾਉ, ਧੀਰਜ। ਪਗ = ਪੈਰ। ਬਿਨੁ ਪਗ ਪਾਗੇ = ਚਰਨਾਂ ਉਤੇ ਪੈਣ ਤੋਂ ਬਿਨਾ। ਪ੍ਰਭ ਮਿਲਹ = ਅਸੀ ਪ੍ਰਭੂ ਨੂੰ ਮਿਲ ਸਕਦੇ ਹਾਂ। ਸਭਾਗੇ = ਭਾਗਾਂ ਵਾਲੇ।੩।

ਸਤ ਸੰਗਿ = ਸਤ ਸੰਗ ਵਿਚ। ਤਪਤਿ = ਤਪਸ਼, ਸੜਨ। ਘਰਹਿ = ਘਰ ਹੀ, ਘਰ ਵਿਚ ਹੀ। ਮੁਝਹਿ = ਮੈਨੂੰ। ਗੁਰਿ = ਗੁਰੂ ਨੇ। ਚੁਕਾਇਆ = ਦੂਰ ਕਰ ਦਿੱਤਾ।੪।

ਜਹ = ਜਿੱਥੇ। ਦੇਖਾ = ਦੇਖਾਂ, ਮੈਂ ਵੇਖਦਾ ਹਾਂ। ਭਾਈ = ਹੇ ਭਾਈ! ਕਪਾਟੁ = ਕਵਾੜ, ਭਿੱਤ। ਠਹਰਾਈ = ਟਿਕ ਗਿਆ ਹੈ।੧।ਰਹਾਉ ਦੂਜਾ।

ਅਰਥ: ਹੇ ਸੱਜਣ ਪ੍ਰਭੂ! ਮੈਨੂੰ) ਮਿਲ, ਮੈਂ ਤੈਥੋਂ ਸਦਕੇ ਜਾਂਦੀ ਹਾਂ। (ਤੇਰੇ ਦਰਸਨ ਤੋਂ ਬਿਨਾਮੇਰਾ ਇਹ ਨਿਮਾਣਾ ਦਿਲ ਕਿਵੇਂ ਧੀਰਜ ਫੜੇ?੧।ਰਹਾਉ।

ਹੇ ਸਖੀ! ਪਿਆਰੇ ਦਾ ਸਨੇਹਾ ਸੁਣਦਿਆਂ ਮੈਂ ਹਿਰਦੇ-ਘਰ ਵਿਚ ਸੇਜ ਵਿਛਾ ਦਿੱਤੀ। ਮੇਰਾ ਹਿਰਦਾ ਪ੍ਰਭੂ ਨੂੰ ਮਿਲਣ ਵਾਸਤੇ ਖ਼ੁਸ਼ੀ ਨਾਲ ਨੱਚ ਪਿਆ, (ਪ੍ਰਭੂ ਨੂੰ) ਲੱਭਣ ਚੜ੍ਹ ਪਿਆ (ਕਿ) ਮੈਂ ਪਿਆਰੇ ਦੇ ਰਹਿਣ ਦੀ ਥਾਂ (ਕਿਤੇ) ਵੇਖਾਂ। (ਪਰ) ਭਟਕ ਭਟਕ ਕੇ ਮੁੜ ਆਇਆ, ਤਦੋਂ (ਪ੍ਰਭੂ ਦੀ ਮੇਹਰ ਦੀ) ਨਿਗਾਹ ਹਾਸਲ ਨਾਹ ਹੋਈ।੧।

ਹੇ ਸਖੀ! ਜੀਵ-ਇਸਤ੍ਰੀ ਅਤੇ ਪ੍ਰਭੂ-ਪਤੀ ਦੀ ਇਕੋ ਹੀ ਸੇਜ (ਜੀਵ-ਇਸਤ੍ਰੀ ਦੇ ਹਿਰਦੇ ਵਿਚ) ਵਿਛੀ ਹੋਈ ਹੈਪਰ ਜੀਵ-ਇਸਤ੍ਰੀ (ਸਦਾ ਮਾਇਆ ਦੇ ਮੋਹ ਦੀ ਨੀਂਦ ਵਿਚ) ਸੁੱਤੀ ਰਹਿੰਦੀ ਹੈ, ਪ੍ਰਭੂ-ਪਤੀ ਸਦਾ ਜਾਗਦਾ ਰਹਿੰਦਾ ਹੈ (ਮਾਇਆ ਦੇ ਪ੍ਰਭਾਵ ਤੋਂ ਉਤਾਂਹ ਰਹਿੰਦਾ ਹੈ) ਜੀਵ-ਇਸਤ੍ਰੀ ਇਉਂ ਮਸਤ ਰਹਿੰਦੀ ਹੈ ਜਿਵੇਂ ਇਸ ਨੇ ਸ਼ਰਾਬ ਪੀਤੀ ਹੋਈ ਹੈ। (ਹਾਂ) ਜੀਵ-ਇਸਤ੍ਰੀ ਜਾਗ ਭੀ ਸਕਦੀ ਹੈ, ਜੇ ਪ੍ਰਭੂ-ਪਤੀ (ਆਪ) ਜਗਾਏ।੨।

ਹੇ ਸਖੀ! ਉਮਰ ਦੇਬਹੁਤ ਸਾਰੇ ਦਿਨ ਬੀਤ ਗਏ ਹਨ, ਮੈਂ (ਬਾਹਰ) ਹੋਰ ਹੋਰ ਸਾਰੇ ਦੇਸ ਭਾਲ ਵੇਖੇ ਹਨ (ਪਰ ਬਾਹਰ ਪ੍ਰਭੂ-ਪਤੀ ਕਿਤੇ ਲੱਭਾ ਨਹੀਂ। ਹੁਣ) ਮੈਂ (ਬਾਹਰ ਭਾਲ ਭਾਲ ਕੇ) ਨਿਰਾਸ ਹੋ ਗਈ ਹਾਂ। ਉਸ ਪ੍ਰਭੂ-ਪਤੀ ਦੇ ਚਰਨਾਂ ਉਤੇ ਪੈਣ ਤੋਂ ਬਿਨਾ ਮੈਨੂੰ ਇਕ ਛਿਨ ਵਾਸਤੇ ਭੀ ਸ਼ਾਂਤੀ ਪ੍ਰਾਪਤ ਨਹੀਂ ਹੁੰਦੀ। (ਹਾਂ, ਹੇ ਸਖੀ!) ਜੇ ਉਹ ਆਪ ਕਿਰਪਾਲ ਹੋਵੇ, ਤਾਂ ਸਹੀ ਜੀਵ-ਇਸਤ੍ਰੀਆਂ ਚੰਗੇ ਭਾਗ ਜਾਗਣ ਨਾਲ ਉਸ ਪ੍ਰਭੂ ਨੂੰ ਮਿਲ ਸਕਦੀਆਂ ਹਾਂ।੩।

ਹੇ ਨਾਨਕ! ਆਖ-ਪ੍ਰਭੂ ਮੇਰੇ ਉਤੇ ਦਇਆਵਾਨ ਹੋ ਗਿਆ ਹੈ। ਮੈਨੂੰ ਉਸ ਨੇ ਸਤਸੰਗ ਵਿਚ ਮਿਲਾ ਦਿੱਤਾ ਹੈ। ਮੇਰੀ (ਵਿਕਾਰਾਂ ਦੀ) ਤਪਸ਼ ਮਿਟ ਗਈ ਹੈ, ਮੈਂ ਉਸ ਪ੍ਰਭੂ-ਪਤੀ ਨੂੰ ਹਿਰਦੇ-ਘਰ ਵਿਚ ਹੀ ਲੱਭ ਲਿਆ ਹੈ। ਹੁਣ ਮੈਨੂੰ (ਆਪਣੇ) ਸਾਰੇ ਸਿੰਗਾਰ (ਉੱਦਮ) ਸੋਹਣੇ ਲੱਗ ਰਹੇ ਹਨ। ਗੁਰੂ ਨੇ ਮੇਰੀ ਭਟਕਣਾ ਦੂਰ ਕਰ ਦਿੱਤੀ ਹੈ।੪।

ਹੇ ਭਾਈ! ਗੁਰੂ ਨੇ ਮੇਰੇ ਅੰਦਰੋਂ) ਭਰਮ ਦਾ ਪਰਦਾ ਲਾਹ ਦਿੱਤਾ ਹੈ, ਮੇਰਾ ਮਨ ਟਿਕ ਗਿਆ ਹੈ। ਹੁਣ ਮੈਂ ਜਿਧਰ ਵੇਖਦਾ ਹਾਂ, ਮੈਨੂੰ ਪ੍ਰਭੂ ਹੀ ਦਿੱਸਦਾ ਹੈ।੧।ਰਹਾਉ ਦੂਜਾ।੫।

*┈┉┅━❀꧁ੴ꧂❀━┅┉┈*


||ਅੱਜ ਦਾ ਫੁਰਮਾਨ|| ਗੁਰਦੁਆਰਾ ਬੰਗਲਾ ਸਾਹਿਬ ਜੀ (ਦਿੱਲੀ) || 

ਸੋਰਠਿ ਮਹਲਾ ੫ ॥ ਗੁਰਿ ਪੂਰੈ ਚਰਨੀ ਲਾਇਆ ॥ ਹਰਿ ਸੰਗਿ ਸਹਾਈ ਪਾਇਆ ॥ ਜਹ ਜਾਈਐ ਤਹਾ ਸੁਹੇਲੇ ॥ ਕਰਿ ਕਿਰਪਾ ਪ੍ਰਭਿ ਮੇਲੇ ॥੧॥ ਹਰਿ ਗੁਣ ਗਾਵਹੁ ਸਦਾ ਸੁਭਾਈ ॥ ਮਨ ਚਿੰਦੇ ਸਗਲੇ ਫਲ ਪਾਵਹੁ ਜੀਅ ਕੈ ਸੰਗਿ ਸਹਾਈ ॥੧॥ ਰਹਾਉ ॥ ਨਾਰਾਇਣ ਪ੍ਰਾਣ ਅਧਾਰਾ ॥ ਹਮ ਸੰਤ ਜਨਾਂ ਰੇਨਾਰਾ ॥ ਪਤਿਤ ਪੁਨੀਤ ਕਰਿ ਲੀਨੇ ॥ ਕਰਿ ਕਿਰਪਾ ਹਰਿ ਜਸੁ ਦੀਨੇ ॥੨॥ ਪਾਰਬ੍ਰਹਮੁ ਕਰੇ ਪ੍ਰਤਿਪਾਲਾ ॥ ਸਦ ਜੀਅ ਸੰਗਿ ਰਖਵਾਲਾ ॥ ਹਰਿ ਦਿਨੁ ਰੈਨਿ ਕੀਰਤਨੁ ਗਾਈਐ ॥ ਬਹੁੜਿ ਨ ਜੋਨੀ ਪਾਈਐ ॥੩॥ ਜਿਸੁ ਦੇਵੈ ਪੁਰਖੁ ਬਿਧਾਤਾ ॥ ਹਰਿ ਰਸੁ ਤਿਨ ਹੀ ਜਾਤਾ ॥ ਜਮਕੰਕਰੁ ਨੇੜਿ ਨ ਆਇਆ ॥ ਸੁਖੁ ਨਾਨਕ ਸਰਣੀ ਪਾਇਆ ॥੪॥੯॥੫੯॥ {ਪੰਨਾ 623}

ਪਦਅਰਥ: ਗੁਰਿ ਪੂਰੈ = ਪੂਰੇ ਗੁਰੂ ਨੇ। ਸੰਗਿ = (ਆਪਣੇ) ਨਾਲ। ਸਹਾਈ = ਮਦਦਗਾਰ, ਸਾਥੀ। ਜਹ = ਜਿੱਥੇ। ਸੁਹੇਲੇ = ਸੁਖੀ। ਪ੍ਰਭਿ = ਪ੍ਰਭੂ ਨੇ।੧।

ਸੁਭਾਈ = ਸੁਭਾਇ, ਪਿਆਰ ਨਾਲ। ਮਨਚਿੰਦੇ = ਮਨ = ਇੱਛਤ, ਮਨ = ਮੰਗੇ। ਸਗਲੇ = ਸਾਰੇ। ਜੀਅ ਕੈ ਸੰਗਿ = ਜਿੰਦ ਦੇ ਨਾਲ।੧।ਰਹਾਉ।

ਹਮ = ਅਸੀ, ਮੈਂ। ਰੇਨਾਰਾ = ਰੇਣ, ਚਰਨ = ਧੂੜ। ਅਧਾਰਾ = ਆਸਰਾ। ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ। ਪੁਨੀਤ = ਪਵਿਤ੍ਰ। ਜਸੁ = ਸਿਫ਼ਤਿ-ਸਾਲਾਹ।੨।

ਸਦ = ਸਦਾ। ਰੈਨਿ = ਰਾਤ। ਬਹੁੜਿ = ਮੁੜ।੩।

ਬਿਧਾਤਾ = ਕਰਤਾਰ, ਰਚਨਹਾਰ। ਰਸੁ = ਸੁਆਦ। ਤਿਨ ਹੀ = ਤਿਨਿ ਹੀ, ਉਸ ਮਨੁੱਖ ਨੇ ਹੀ {ਲਫ਼ਜ਼ 'ਤਿਨਿਦੀ 'ਿਕ੍ਰਿਆ ਵਿਸ਼ਸ਼ੇਣ 'ਹੀਦੇ ਕਾਰਨ ਉੱਡ ਗਈ ਹੈ}। ਜਮ ਕੰਕਰੁ = {ਕਿੰਕਰੁ = किंकरਜਮ ਦਾ ਸੇਵਕ, ਜਮ = ਦੂਤ।੪।

ਅਰਥ: ਹੇ ਭਾਈ! ਸਦਾ ਪਿਆਰ ਨਾਲ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੇ ਰਿਹਾ ਕਰੋ। (ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ) ਮਨ-ਮੰਗੇ ਫਲ (ਪ੍ਰਭੂ ਦੇ ਦਰ ਤੋਂ) ਪ੍ਰਾਪਤ ਕਰਦੇ ਰਹੋਗੇ, ਪਰਮਾਤਮਾ ਜਿੰਦ ਦੇ ਨਾਲ (ਵੱਸਦਾ) ਸਾਥੀ (ਪ੍ਰਤੀਤ ਹੁੰਦਾ ਰਹੇਗਾ੧।ਰਹਾਉ।

(ਹੇ ਭਾਈ! ਜਿਸ ਮਨੁੱਖ ਨੂੰ) ਪੂਰੇ ਗੁਰੂ ਨੇ (ਪਰਮਾਤਮਾ ਦੇਚਰਨਾਂ ਵਿਚ ਜੋੜ ਦਿੱਤਾ, ਉਸ ਨੇ ਉਹ ਪਰਮਾਤਮਾ ਲੱਭ ਲਿਆ ਜੋ ਹਰ ਵੇਲੇ ਅੰਗ-ਸੰਗ ਵੱਸਦਾ ਹੈ, ਤੇ, (ਜਿੰਦ ਦਾ) ਮਦਦਗਾਰ ਹੈ। (ਜੇ ਪ੍ਰਭੂ-ਚਰਨਾਂ ਵਿਚ ਜੁੜੇ ਰਹੀਏ, ਤਾਂ) ਜਿੱਥੇ ਭੀ ਜਾਈਏ, ਉਥੇ ਹੀ ਸੁਖੀ ਰਹਿ ਸਕੀਦਾ ਹੈ (ਪਰ ਜਿਨ੍ਹਾਂ ਨੂੰ ਚਰਨਾਂ ਵਿਚ ਮਿਲਾਇਆ ਹੈ) ਪ੍ਰਭੂ ਨੇ (ਆਪ ਹੀ) ਕਿਰਪਾ ਕਰ ਕੇ ਮਿਲਾਇਆ ਹੈ।੧।

ਹੇ ਭਾਈ! ਮੈਂ ਤਾਂ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣਿਆ ਰਹਿੰਦਾ ਹਾਂ, (ਸੰਤ ਜਨਾਂ ਦੀ ਕਿਰਪਾ ਨਾਲ) ਪਰਮਾਤਮਾ ਜਿੰਦ ਦਾ ਆਸਰਾ (ਪ੍ਰਤੀਤ ਹੁੰਦਾ ਰਹਿੰਦਾ ਹੈ। ਸੰਤ ਜਨ ਕਿਰਪਾ ਕਰ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਦਾਤਿ ਦੇਂਦੇ ਹਨ, (ਅਤੇ ਇਸ ਤਰ੍ਹਾਂ) ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ (ਭੀ) ਪਵਿਤ੍ਰ ਜੀਵਨ ਵਾਲਾ ਬਣਾ ਲੈਂਦੇ ਹਨ।੨।

ਹੇ ਭਾਈ! ਦਿਨ ਰਾਤ (ਹਰ ਵੇਲੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦੇ ਰਹਿਣਾ ਚਾਹੀਦਾ ਹੈ, (ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ) ਮੁੜ ਜਨਮ ਮਰਨ ਦੇ ਗੇੜ ਵਿਚ ਨਹੀਂ ਪਈਦਾ। ਪਰਮਾਤਮਾ ਆਪ (ਸਿਫ਼ਤਿ-ਸਾਲਾਹ ਕਰਨ ਵਾਲਿਆਂ ਦੀਰਾਖੀ ਕਰਦਾ ਹੈ, ਸਦਾ ਉਹਨਾਂ ਦੀ ਜਿੰਦ ਦੇ ਨਾਲ ਰਾਖਾ ਬਣਿਆ ਰਹਿੰਦਾ ਹੈ।੩।

(ਪਰ,) ਹੇ ਨਾਨਕ! ਉਸ ਮਨੁੱਖ ਨੇ ਹੀ ਪਰਮਾਤਮਾ ਦੇ ਨਾਮ ਦਾ ਸੁਆਦ ਸਮਝਿਆ ਹੈ (ਕਦਰ ਜਾਣੀ ਹੈ) , ਜਿਸ ਨੂੰ ਸਿਰਜਣਹਾਰ ਸਰਬ-ਵਿਆਪਕ ਪ੍ਰਭੂ ਆਪ (ਇਹ ਦਾਤਿ) ਦੇਂਦਾ ਹੈ। ਪਰਮਾਤਮਾ ਦੀ ਸ਼ਰਨ ਪਿਆ ਰਹਿ ਕੇ ਉਹ ਆਤਮਕ ਆਨੰਦ ਮਾਣਦਾ ਰਹਿੰਦਾ ਹੈ। ਜਮ-ਦੂਤ ਭੀ ਉਸ ਦੇ ਨੇੜੇ ਨਹੀਂ ਢੁਕਦਾ।੪।੯।੫੯।

*┈┉┅━❀꧁ੴ꧂❀━┅┉┈*

||ਅੱਜ ਦਾ ਫੁਰਮਾਨ|| ਗੁਰਦੁਆਰਾ ਸੀਸ ਗੰਜ ਸਾਹਿਬ ਜੀ (ਦਿੱਲੀ) ||

ਧਨਾਸਰੀ ਛੰਤ ਮਹਲਾ ੪ ਘਰੁ ੧    ੴ ਸਤਿਗੁਰ ਪ੍ਰਸਾਦਿ ॥ ਹਰਿ ਜੀਉ ਕ੍ਰਿਪਾ ਕਰੇ ਤਾ ਨਾਮੁ ਧਿਆਈਐ ਜੀਉ ॥ ਸਤਿਗੁਰੁ ਮਿਲੈ ਸੁਭਾਇ ਸਹਜਿ ਗੁਣ ਗਾਈਐ ਜੀਉ ॥ ਗੁਣ ਗਾਇ ਵਿਗਸੈ ਸਦਾ ਅਨਦਿਨੁ ਜਾ ਆਪਿ ਸਾਚੇ ਭਾਵਏ ॥ ਅਹੰਕਾਰੁ ਹਉਮੈ ਤਜੈ ਮਾਇਆ ਸਹਜਿ ਨਾਮਿ ਸਮਾਵਏ ॥ ਆਪਿ ਕਰਤਾ ਕਰੇ ਸੋਈ ਆਪਿ ਦੇਇ ਤ ਪਾਈਐ ॥ ਹਰਿ ਜੀਉ ਕ੍ਰਿਪਾ ਕਰੇ ਤਾ ਨਾਮੁ ਧਿਆਈਐ ਜੀਉ ॥੧॥ {ਪੰਨਾ 690}

ਪਦਅਰਥ: ਧਿਆਈਐ = ਸਿਮਰਿਆ ਜਾ ਸਕਦਾ ਹੈ। ਸੁਭਾਇ = ਪ੍ਰੇਮ ਵਿਚ। ਸਹਜਿ = ਆਤਮਕ ਅਡੋਲਤਾ ਵਿਚ। ਗਾਈਐ = ਗਾ ਸਕੀਦਾ ਹੈ। ਵਿਗਸੈ = ਖਿੜਿਆ ਰਹਿੰਦਾ ਹੈ। ਗਾਇ = ਗਾ ਕੇ। ਅਨਦਿਨੁ = ਹਰ ਰੋਜ਼, ਹਰ ਵੇਲੇ {अनुदिन}। ਸਾਚੇ ਭਾਵਏ = ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਚੰਗਾ ਲੱਗੇ। ਭਾਵਏ = ਭਾਵੈ, ਚੰਗਾ ਲੱਗੇ। ਨਾਮਿ = ਨਾਮ ਵਿਚ। ਸਮਾਵਏ = ਸਮਾਵੈ, ਸਮਾ ਜਾਂਦਾ ਹੈ। ਦੇਇ = ਦੇਂਦਾ ਹੈ। ਤ = ਤਾਂ, ਤਦੋਂ।੧।

ਅਰਥ: ਹੇ ਭਾਈ! ਜੇ ਪਰਮਾਤਮਾ ਆਪ ਕਿਰਪਾ ਕਰੇ, ਤਾਂ ਉਸ ਦਾ ਨਾਮ ਸਿਮਰਿਆ ਜਾ ਸਕਦਾ ਹੈ। ਜੇ ਗੁਰੂ ਮਿਲ ਪਏ, ਤਾਂ (ਪ੍ਰਭੂ ਦੇ) ਪ੍ਰੇਮ ਵਿਚ (ਲੀਨ ਹੋ ਕੇ) ਆਤਮਕ ਅਡੋਲਤਾ ਵਿਚ (ਟਿਕ ਕੇ) ਪਰਮਾਤਮਾ ਦੇ ਗੁਣਾਂ ਨੂੰ ਗਾ ਸਕੀਦਾ ਹੈ। (ਪਰਮਾਤਮਾ ਦੇ) ਗੁਣ ਗਾ ਕੇ (ਮਨੁੱਖ) ਸਦਾ ਹਰ ਵੇਲੇ ਖਿੜਿਆ ਰਹਿੰਦਾ ਹੈ, (ਪਰ ਇਹ ਤਦੋਂ ਹੀ ਹੋ ਸਕਦਾ ਹੈ) ਜਦੋਂ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਆਪ (ਇਹ ਮੇਹਰ ਕਰਨੀ) ਪਸੰਦ ਆਵੇ। (ਗੁਣ ਗਾਣ ਦੀ ਬਰਕਤਿ ਨਾਲ ਮਨੁੱਖ) ਅਹੰਕਾਰ, ਹਉਮੈ, ਮਾਇਆ (ਦਾ ਮੋਹਤਿਆਗ ਦੇਂਦਾ ਹੈ, ਅਤੇ, ਆਤਮਕ ਅਡੋਲਤਾ ਵਿਚ ਹਰਿ-ਨਾਮ ਵਿਚ ਲੀਨ ਹੋ ਜਾਂਦਾ ਹੈ। (ਨਾਮ ਸਿਮਰਨ ਦੀ ਦਾਤਿ) ਉਹ ਪਰਮਾਤਮਾ ਆਪ ਹੀ ਕਰਦਾ ਹੈ, ਜਦੋਂ ਉਹ (ਇਹ ਦਾਤਿ) ਦੇਂਦਾ ਹੈ ਤਦੋਂ ਮਿਲਦੀ ਹੈ। ਹੇ ਭਾਈ! ਪਰਮਾਤਮਾ ਕਿਰਪਾ ਕਰੇਤਾਂ ਉਸ ਦਾ ਨਾਮ ਸਿਮਰਿਆ ਜਾ ਸਕਦਾ ਹੈ।੧।

ਅੰਦਰਿ ਸਾਚਾ ਨੇਹੁ ਪੂਰੇ ਸਤਿਗੁਰੈ ਜੀਉ ॥ ਹਉ ਤਿਸੁ ਸੇਵੀ ਦਿਨੁ ਰਾਤਿ ਮੈ ਕਦੇ ਨ ਵੀਸਰੈ ਜੀਉ ॥ ਕਦੇ ਨ ਵਿਸਾਰੀ ਅਨਦਿਨੁ ਸਮ੍ਹ੍ਹਾਰੀ ਜਾ ਨਾਮੁ ਲਈ ਤਾ ਜੀਵਾ ॥ ਸ੍ਰਵਣੀ ਸੁਣੀ ਤ ਇਹੁ ਮਨੁ ਤ੍ਰਿਪਤੈ ਗੁਰਮੁਖਿ ਅੰਮ੍ਰਿਤੁ ਪੀਵਾ ॥ ਨਦਰਿ ਕਰੇ ਤਾ ਸਤਿਗੁਰੁ ਮੇਲੇ ਅਨਦਿਨੁ ਬਿਬੇਕ ਬੁਧਿ ਬਿਚਰੈ ॥ ਅੰਦਰਿ ਸਾਚਾ ਨੇਹੁ ਪੂਰੇ ਸਤਿਗੁਰੈ ॥੨॥ {ਪੰਨਾ 690}

ਪਦਅਰਥ: ਸਾਚਾ = ਸਦਾ-ਥਿਰ ਰਹਿਣ ਵਾਲਾ। ਨੇਹੁ = ਪ੍ਰੇਮ। ਪੂਰੇ ਸਤਿਗੁਰੈ = ਪੂਰੇ ਗੁਰੂ ਦੀ ਰਾਹੀਂ। ਹਉ = ਮੈਂ। ਤਿਸੁ = ਉਸ (ਪ੍ਰਭੂ) ਨੂੰ। ਸੇਵੀ = ਸੇਵੀਂ, ਮੈਂ ਸੇਂਵਦਾ ਹਾਂ। ਵੀਸਰੈ = ਭੁੱਲਦਾ। ਮੈ = ਮੈਨੂੰ। ਵਿਸਾਰੀ = ਵਿਸਾਰੀਂ, ਮੈਂ ਭੁਲਾਂਦਾ। ਸਮ੍ਹ੍ਹਾਰੀ = ਸਮ੍ਹ੍ਹਾਰੀਂ, ਮੈਂ ਸੰਭਾਲਦਾ। ਲਈ = ਲਈਂ। ਜੀਵਾ = ਜੀਵਾਂ। ਸ੍ਰਵਣੀ = ਕੰਨਾਂ ਨਾਲ। ਸੁਣੀ = ਸੁਣੀਂ। ਤ੍ਰਿਪਤੈ = ਰੱਜ ਜਾਂਦਾ ਹੈ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ = ਜਲ। ਪੀਵਾ = ਪੀਵਾਂ। ਬਿਬੇਕ = (ਚੰਗੇ ਮੰਦੇ ਦੀ) ਪਰਖ। ਬਿਚਰੈ = ਵਿਚਰਦੀ ਹੈ, ਵਰਤਦੀ ਹੈ।੨।

ਅਰਥ: ਹੇ ਭਾਈ! ਪੂਰੇ ਗੁਰੂ ਦੀ ਰਾਹੀਂ (ਮੇਰੇ) ਮਨ ਵਿਚ (ਪਰਮਾਤਮਾ ਨਾਲ) ਸਦਾ-ਥਿਰ ਰਹਿਣ ਵਾਲਾ ਪਿਆਰ ਬਣ ਗਿਆ ਹੈ। (ਗੁਰੂ ਦੀ ਕਿਰਪਾ ਨਾਲ) ਮੈਂ ਉਸ (ਪ੍ਰਭੂ) ਨੂੰ ਦਿਨ ਰਾਤ ਸਿਮਰਦਾ ਰਹਿੰਦਾ ਹਾਂ, ਮੈਨੂੰ ਉਹ ਕਦੇ ਭੀ ਨਹੀਂ ਭੁੱਲਦਾ। ਮੈਂ ਉਸ ਨੂੰ ਕਦੇ ਭੁਲਾਂਦਾ ਨਹੀਂ, ਮੈਂ ਹਰ ਵੇਲੇ (ਉਸ ਪ੍ਰਭੂ ਨੂੰ) ਹਿਰਦੇ ਵਿਚ ਵਸਾਈ ਰੱਖਦਾ ਹਾਂ। ਜਦੋਂ ਮੈਂ ਉਸ ਦਾ ਨਾਮ ਜਪਦਾ ਹਾਂ, ਤਦੋਂ ਮੈਨੂੰ ਆਤਮਕ ਜੀਵਨ ਪ੍ਰਾਪਤ ਹੁੰਦਾ ਹੈ। ਜਦੋਂ ਮੈਂ ਆਪਣੇ ਕੰਨਾਂ ਨਾਲ (ਹਰਿ-ਨਾਮ) ਸੁਣਦਾ ਹਾਂ ਤਦੋਂ (ਮੇਰਾ) ਇਹ ਮਨ (ਮਾਇਆ ਵਲੋਂ) ਰੱਜ ਜਾਂਦਾ ਹੈ। ਹੇ ਭਾਈ! ਮੈਂ ਗੁਰੂ ਦੀ ਸਰਨ ਪੈ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦਾ ਰਹਿੰਦਾ ਹਾਂ (ਜਦੋਂ ਪ੍ਰਭੂ ਮਨੁੱਖ ਉਤੇ ਮੇਹਰ ਦੀ) ਨਿਗਾਹ ਕਰਦਾ ਹੈਤਦੋਂ (ਉਸ ਨੂੰ) ਗੁਰੂ ਮਿਲਾਂਦਾ ਹੈ (ਤਦੋਂ ਹਰ ਵੇਲੇ ਉਸ ਮਨੁੱਖ ਦੇ ਅੰਦਰ) ਚੰਗੇ ਮੰਦੇ ਦੀ ਪਰਖ ਕਰ ਸਕਣ ਵਾਲੀ ਅਕਲ ਕੰਮ ਕਰਦੀ ਹੈ। ਹੇ ਭਾਈ! ਪੂਰੇ ਗੁਰੂ ਦੀ ਕਿਰਪਾ ਨਾਲ ਮੇਰੇ ਅੰਦਰ (ਪ੍ਰਭੂ ਨਾਲ) ਸਦਾ ਕਾਇਮ ਰਹਿਣ ਵਾਲਾ ਪਿਆਰ ਬਣ ਗਿਆ ਹੈ।੨।

ਸਤਸੰਗਤਿ ਮਿਲੈ ਵਡਭਾਗਿ ਤਾ ਹਰਿ ਰਸੁ ਆਵਏ ਜੀਉ ॥ ਅਨਦਿਨੁ ਰਹੈ ਲਿਵ ਲਾਇ ਤ ਸਹਜਿ ਸਮਾਵਏ ਜੀਉ ॥ ਸਹਜਿ ਸਮਾਵੈ ਤਾ ਹਰਿ ਮਨਿ ਭਾਵੈ ਸਦਾ ਅਤੀਤੁ ਬੈਰਾਗੀ ॥ ਹਲਤਿ ਪਲਤਿ ਸੋਭਾ ਜਗ ਅੰਤਰਿ ਰਾਮ ਨਾਮਿ ਲਿਵ ਲਾਗੀ ॥ ਹਰਖ ਸੋਗ ਦੁਹਾ ਤੇ ਮੁਕਤਾ ਜੋ ਪ੍ਰਭੁ ਕਰੇ ਸੁ ਭਾਵਏ ॥ ਸਤਸੰਗਤਿ ਮਿਲੈ ਵਡਭਾਗਿ ਤਾ ਹਰਿ ਰਸੁ ਆਵਏ ਜੀਉ ॥੩॥ {ਪੰਨਾ 690}

ਪਦਅਰਥ: ਭਾਗਿ = ਭਾਗ ਨਾਲ, ਕਿਸਮਤ ਨਾਲ। ਰਸੁ = ਸੁਆਦ। ਆਵਏ = ਆਉਂਦਾ ਹੈ, ਆਵੈ। ਅਨਦਿਨੁ = ਹਰ ਰੋਜ਼, ਹਰ ਵੇਲੇ। ਲਿਵ = ਲਗਨ। ਸਮਾਵਏ = ਸਮਾਵੈ। ਮਨਿ = ਮਨ ਵਿਚ। ਭਾਵੈ = ਪਿਆਰਾ ਲੱਗਦਾ ਹੈ। ਅਤੀਤੁ = ਵਿਰਕਤ, ਮਾਇਆ ਦੇ ਮੋਹ ਤੋਂ ਪਾਰ ਲੰਘਿਆ ਹੋਇਆ। ਬੈਰਾਗੀ = ਨਿਰਮੋਹ। ਹਲਤਿ = ਇਸ ਲੋਕ ਵਿਚ {अत्र}। ਪਲਤਿ = {परत्रਪਰਲੋਕ ਵਿਚ। ਅੰਤਰਿ = ਵਿਚ। ਨਾਮਿ = ਨਾਮ ਵਿਚ। ਹਰਖ = ਖ਼ੁਸ਼ੀ। ਸੋਗ = ਗ਼ਮ। ਤੇ = ਤੋਂ। ਮੁਕਤਾ = ਸੁਤੰਤਰ। ਭਾਵਏ = ਭਾਵੈ।੩।

ਅਰਥ: (ਜਿਸ ਮਨੁੱਖ ਨੂੰ) ਵੱਡੀ ਕਿਸਮਤ ਨਾਲ ਸਾਧ ਸੰਗਤਿ ਪ੍ਰਾਪਤ ਹੋ ਜਾਂਦੀ ਹੈ, ਤਾਂ ਉਸ ਨੂੰ ਪਰਮਾਤਮਾ ਦੇ ਨਾਮ ਦਾ ਸੁਆਦ ਆਉਣ ਲੱਗ ਪੈਂਦਾ ਹੈ, ਉਹ ਹਰ ਵੇਲੇ (ਪ੍ਰਭੂ ਦੀ ਯਾਦ ਵਿਚ) ਸੁਰਤਿ ਜੋੜੀ ਰੱਖਦਾ ਹੈ, ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ। ਜਦੋਂ ਮਨੁੱਖ ਆਤਮਕ ਅਡੋਲਤਾ ਵਿਚ ਲੀਨ ਹੋ ਜਾਂਦਾ ਹੈ, ਤਦੋਂ ਪਰਮਾਤਮਾ ਦੇ ਮਨ ਵਿਚ ਪਿਆਰਾ ਲੱਗਣ ਲੱਗ ਪੈਂਦਾ ਹੈ, ਤਦੋਂ ਮਾਇਆ ਦੇ ਮੋਹ ਤੋਂ ਪਰੇ ਲੰਘ ਜਾਂਦਾ ਹੈ, ਨਿਰਲੇਪ ਹੋ ਜਾਂਦਾ ਹੈ। ਇਸ ਲੋਕ ਵਿਚ, ਪਰਲੋਕ ਵਿਚ, ਸਾਰੇ ਸੰਸਾਰ ਵਿਚ ਉਸ ਦੀ ਸੋਭਾ ਹੋਣ ਲੱਗ ਪੈਂਦੀ ਹੈ, ਪਰਮਾਤਮਾ ਦੇ ਨਾਮ ਵਿਚ ਉਸ ਦੀ ਲਗਨ ਲੱਗੀ ਰਹਿੰਦੀ ਹੈ। ਉਹ ਮਨੁੱਖ ਖ਼ੁਸ਼ੀ ਗ਼ਮੀ ਦੋਹਾਂ ਤੋਂ ਸੁਤੰਤਰ ਹੋ ਜਾਂਦਾ ਹੈ, ਜੋ ਕੁਝ ਪਰਮਾਤਮਾ ਕਰਦਾ ਹੈ ਉਹ ਉਸ ਨੂੰ ਚੰਗਾ ਲੱਗਣ ਲੱਗ ਪੈਂਦਾ ਹੈ। ਹੇ ਭਾਈ! ਜਦੋਂ ਵੱਡੀ ਕਿਸਮਤ ਨਾਲ ਕਿਸੇ ਮਨੁੱਖ ਨੂੰ ਸਾਧ ਸੰਗਤਿ ਪ੍ਰਾਪਤ ਹੁੰਦੀ ਹੈ ਤਦੋਂ ਉਸ ਨੂੰ ਪਰਮਾਤਮਾ ਦੇ ਨਾਮ ਦਾ ਰਸ ਆਉਣ ਲੱਗ ਪੈਂਦਾ ਹੈ।੩।

ਦੂਜੈ ਭਾਇ ਦੁਖੁ ਹੋਇ ਮਨਮੁਖ ਜਮਿ ਜੋਹਿਆ ਜੀਉ ॥ ਹਾਇ ਹਾਇ ਕਰੇ ਦਿਨੁ ਰਾਤਿ ਮਾਇਆ ਦੁਖਿ ਮੋਹਿਆ ਜੀਉ ॥ ਮਾਇਆ ਦੁਖਿ ਮੋਹਿਆ ਹਉਮੈ ਰੋਹਿਆ ਮੇਰੀ ਮੇਰੀ ਕਰਤ ਵਿਹਾਵਏ ॥ ਜੋ ਪ੍ਰਭੁ ਦੇਇ ਤਿਸੁ ਚੇਤੈ ਨਾਹੀ ਅੰਤਿ ਗਇਆ ਪਛੁਤਾਵਏ ॥ ਬਿਨੁ ਨਾਵੈ ਕੋ ਸਾਥਿ ਨ ਚਾਲੈ ਪੁਤ੍ਰ ਕਲਤ੍ਰ ਮਾਇਆ ਧੋਹਿਆ ॥ ਦੂਜੈ ਭਾਇ ਦੁਖੁ ਹੋਇ ਮਨਮੁਖਿ ਜਮਿ ਜੋਹਿਆ ਜੀਉ ॥੪॥ {ਪੰਨਾ 690}

ਪਦਅਰਥ: ਦੂਜੈ ਭਾਇ = (ਪ੍ਰਭੂ ਤੋਂ ਬਿਨਾ) ਹੋਰ ਪਿਆਰ ਵਿਚ। ਮਨਮੁਖ = ਆਪਣੇ ਮਨ ਦੇ ਪਿਛੇ ਤੁਰਨ ਵਾਲਾ। ਜਮਿ = ਜਮ ਨੇ, ਮੌਤ ਨੇ, ਆਤਮਕ ਮੌਤ ਨੇ। ਜੋਹਿਆ = ਤੱਕ ਵਿਚ ਰੱਖਿਆ। ਦੁਖਿ = ਦੁੱਖ ਵਿਚ। ਮੋਹਿਆ = ਫਸਿਆ ਹੋਇਆ। ਰੋਹਿਆ = ਰੋਹ ਵਿਚ ਰਹਿੰਦਾ ਹੈ, ਕ੍ਰੋਧਵਾਨ। ਕਰਤ = ਕਰਦਿਆਂ। ਵਿਹਾਵਏ = ਵਿਹਾਵੈ, ਬੀਤ ਜਾਂਦੀ ਹੈ। ਦੇਇ = ਦੇਂਦਾ ਹੈ। ਤਿਸੁ = ਉਸ (ਪ੍ਰਭੂ) ਨੂੰ। ਕਲਤ੍ਰ = ਇਸਤ੍ਰੀ। ਧੋਹਿਆ = ਛਲ, ਧ੍ਰੋਹ, ਠੱਗੀ।੪।

ਅਰਥ: ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੂੰ ਆਤਮਕ ਮੌਤ ਨੇ ਸਦਾ ਆਪਣੀ ਤੱਕ ਵਿਚ ਰੱਖਿਆ ਹੋਇਆ ਹੈਮਾਇਆ ਦੇ ਮੋਹ ਦੇ ਕਾਰਨ ਉਸ ਨੂੰ ਸਦਾ ਦੁੱਖ ਵਿਆਪਦਾ ਹੈ। ਉਹ ਦਿਨ ਰਾਤ 'ਹਾਇ ਹਾਇਕਰਦਾ ਰਹਿੰਦਾ ਹੈ, ਮਾਇਆ ਦੇ ਦੁੱਖ ਵਿਚ ਫਸਿਆ ਰਹਿੰਦਾ ਹੈ। ਉਹ ਸਦਾ ਮਾਇਆ ਦੇ ਦੁੱਖ ਵਿਚ ਗ੍ਰਸਿਆ ਹੋਇਆ ਹਉਮੈ ਦੇ ਕਾਰਨ ਕ੍ਰੋਧਾਤੁਰ ਭੀ ਰਹਿੰਦਾ ਹੈ। ਉਸ ਦੀ ਸਾਰੀ ਉਮਰ 'ਮੇਰੀ ਮਾਇਆ, ਮੇਰੀ ਮਾਇਆਕਰਦਿਆਂ ਲੰਘ ਜਾਂਦੀ ਹੈ। ਜੇਹੜਾ ਪਰਮਾਤਮਾ (ਉਸ ਨੂੰ ਸਭ ਕੁਝ) ਦੇ ਰਿਹਾ ਹੈ ਉਸ ਪਰਮਾਤਮਾ ਨੂੰ ਉਹ ਕਦੇ ਚੇਤੇ ਨਹੀਂ ਕਰਦਾ, ਆਖ਼ਰ ਜਦੋਂ ਇਥੋਂ ਤੁਰਦਾ ਹੈ ਤਾਂ ਪਛੁਤਾਂਦਾ ਹੈ। ਪੁੱਤਰ ਇਸਤ੍ਰੀ (ਆਦਿਕਹਰਿ-ਨਾਮ ਤੋਂ ਬਿਨਾ ਕੋਈ ਭੀ (ਮਨੁੱਖ ਦੇ) ਨਾਲ ਨਹੀਂ ਜਾਂਦਾ, ਦੁਨੀਆ ਦੀ ਮਾਇਆ ਉਸ ਨੂੰ ਛਲ ਲੈਂਦੀ ਹੈ। ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੂੰ ਆਤਮਕ ਮੌਤ ਗ੍ਰਸੀ ਰੱਖਦੀ ਹੈ, ਮਾਇਆ ਦੇ ਮੋਹ ਦੇ ਕਾਰਨ ਉਸ ਨੂੰ ਸਦਾ ਦੁੱਖ ਵਿਆਪਦਾ ਹੈ।੪।

ਕਰਿ ਕਿਰਪਾ ਲੇਹੁ ਮਿਲਾਇ ਮਹਲੁ ਹਰਿ ਪਾਇਆ ਜੀਉ ॥ ਸਦਾ ਰਹੈ ਕਰ ਜੋੜਿ ਪ੍ਰਭੁ ਮਨਿ ਭਾਇਆ ਜੀਉ ॥ ਪ੍ਰਭੁ ਮਨਿ ਭਾਵੈ ਤਾ ਹੁਕਮਿ ਸਮਾਵੈ ਹੁਕਮੁ ਮੰਨਿ ਸੁਖੁ ਪਾਇਆ ॥ ਅਨਦਿਨੁ ਜਪਤ ਰਹੈ ਦਿਨੁ ਰਾਤੀ ਸਹਜੇ ਨਾਮੁ ਧਿਆਇਆ ॥ ਨਾਮੋ ਨਾਮੁ ਮਿਲੀ ਵਡਿਆਈ ਨਾਨਕ ਨਾਮੁ ਮਨਿ ਭਾਵਏ ॥ ਕਰਿ ਕਿਰਪਾ ਲੇਹੁ ਮਿਲਾਇ ਮਹਲੁ ਹਰਿ ਪਾਵਏ ਜੀਉ ॥੫॥੧॥ {ਪੰਨਾ 690}

ਪਦਅਰਥ: ਕਰਿ = ਕਰ ਕੇ। ਲੇਹੁ ਮਿਲਾਇ = (ਤੂੰ) ਮਿਲਾ ਲੈਂਦਾ ਹੈਂ। ਮਹਲੁ = ਹਜ਼ੂਰੀ, (ਚਰਨਾਂ ਵਿਚ) ਥਾਂ। ਹਰਿ = ਹੇ ਹਰੀ! ਕਰ = {ਬਹੁ-ਵਚਨਦੋਵੇਂ ਹੱਥ। ਜੋੜਿ = ਜੋੜ ਕੇ। ਮਨਿ = (ਉਸ ਦੇ) ਮਨ ਵਿਚ। ਭਾਇਆ = ਪਿਆਰਾ ਲੱਗਾ। ਭਾਵੈ = ਪਿਆਰਾ ਲੱਗਦਾ ਹੈ। ਤਾ = ਤਦੋਂ। ਹੁਕਮਿ = ਹੁਕਮ ਵਿਚ। ਮੰਨਿ = ਮੰਨ ਕੇ। ਅਨਦਿਨੁ = {अनुदिनांਹਰ ਰੋਜ਼, ਹਰ ਵੇਲੇ। ਸਹਜੇ = ਸਹਜਿ, ਆਤਮਕ ਅਡੋਲਤਾ ਵਿਚ। ਨਾਮੋ ਨਾਮੁ = ਨਾਮ ਹੀ ਨਾਮ।੫।

ਅਰਥ: ਹੇ ਹਰੀ! ਜਿਸ ਮਨੁੱਖ ਨੂੰ ਤੂੰ (ਆਪਣੀ) ਕਿਰਪਾ ਕਰ ਕੇ (ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈਂਉਸ ਨੂੰ ਤੇਰੀ ਹਜ਼ੂਰੀ ਪ੍ਰਾਪਤ ਹੋ ਜਾਂਦੀ ਹੈ। (ਹੇ ਭਾਈ! ਉਹ ਮਨੁੱਖ ਪ੍ਰਭੂ ਦੀ ਹਜ਼ੂਰੀ ਵਿਚ) ਸਦਾ ਹੱਥ ਜੋੜ ਕੇ ਟਿਕਿਆ ਰਹਿੰਦਾ ਹੈ, ਉਸ ਨੂੰ (ਆਪਣੇ) ਮਨ ਵਿਚ ਪ੍ਰਭੂ ਪਿਆਰਾ ਲੱਗਦਾ ਹੈ। ਜਦੋਂ ਮਨੁੱਖ ਨੂੰ ਆਪਣੇ ਮਨ ਵਿਚ ਪ੍ਰਭੂ ਪਿਆਰਾ ਲੱਗਦਾ ਹੈ, ਤਦੋਂ ਉਹ ਪ੍ਰਭੂ ਦੀ ਰਜ਼ਾ ਵਿਚ ਟਿਕ ਜਾਂਦਾ ਹੈ, ਤੇ, ਹੁਕਮ ਮੰਨ ਕੇ ਆਤਮਕ ਆਨੰਦ ਮਾਣਦਾ ਹੈ। ਉਹ ਮਨੁੱਖ ਹਰ ਵੇਲੇ ਦਿਨ ਰਾਤ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਹੈ, ਆਤਮਕ ਅਡੋਲਤਾ ਵਿਚ ਟਿਕ ਕੇ ਉਹ ਹਰਿ-ਨਾਮ ਸਿਮਰਦਾ ਰਹਿੰਦਾ ਹੈ। ਹੇ ਨਾਨਕ! ਪਰਮਾਤਮਾ ਦਾ (ਹਰ ਵੇਲੇ) ਨਾਮ-ਸਿਮਰਨ (ਹੀ) ਉਸ ਨੂੰ ਵਡਿਆਈ ਮਿਲੀ ਰਹਿੰਦੀ ਹੈ, ਪ੍ਰਭੂ ਦਾ ਨਾਮ (ਉਸ ਨੂੰ ਆਪਣੇ) ਮਨ ਵਿਚ ਪਿਆਰਾ ਲੱਗਦਾ ਹੈ। ਹੇ ਹਰੀ! (ਆਪਣੀ) ਕਿਰਪਾ ਕਰ ਕੇ (ਜਿਸ ਮਨੁੱਖ ਨੂੰ ਤੂੰ ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈਂ, ਉਸ ਨੂੰ ਤੇਰੀ ਹਜ਼ੂਰੀ ਪ੍ਰਾਪਤ ਹੋ ਜਾਂਦੀ ਹੈ।੫।੧।

*┈┉┅━❀꧁ੴ꧂❀━┅┉┈*


||ਅੱਜ ਦਾ ਫੁਰਮਾਨ|| ਗੁਰਦੁਆਰਾ ਸ੍ਰੀ ਭੱਠਾ ਸਾਹਿਬ ਪਾਤਸ਼ਾਹੀ ੧੦ਵੀਂ (ਰੋਪੜ) ||

ਸੂਹੀ ਮਹਲਾ ੪ ॥ ਜਿਨ ਕੈ ਅੰਤਰਿ ਵਸਿਆ ਮੇਰਾ ਹਰਿ ਹਰਿ ਤਿਨ ਕੇ ਸਭਿ ਰੋਗ ਗਵਾਏ ॥ ਤੇ ਮੁਕਤ ਭਏ ਜਿਨ ਹਰਿ ਨਾਮੁ ਧਿਆਇਆ ਤਿਨ ਪਵਿਤੁ ਪਰਮ ਪਦੁ ਪਾਏ ॥੧॥ ਮੇਰੇ ਰਾਮ ਹਰਿ ਜਨ ਆਰੋਗ ਭਏ ॥ ਗੁਰ ਬਚਨੀ ਜਿਨਾ ਜਪਿਆ ਮੇਰਾ ਹਰਿ ਹਰਿ ਤਿਨ ਕੇ ਹਉਮੈ ਰੋਗ ਗਏ ॥੧॥ ਰਹਾਉ ॥ ਬ੍ਰਹਮਾ ਬਿਸਨੁ ਮਹਾਦੇਉ ਤ੍ਰੈ ਗੁਣ ਰੋਗੀ ਵਿਚਿ ਹਉਮੈ ਕਾਰ ਕਮਾਈ ॥ ਜਿਨਿ ਕੀਏ ਤਿਸਹਿ ਨ ਚੇਤਹਿ ਬਪੁੜੇ ਹਰਿ ਗੁਰਮੁਖਿ ਸੋਝੀ ਪਾਈ ॥੨॥ ਹਉਮੈ ਰੋਗਿ ਸਭੁ ਜਗਤੁ ਬਿਆਪਿਆ ਤਿਨ ਕਉ ਜਨਮ ਮਰਣ ਦੁਖੁ ਭਾਰੀ ॥ ਗੁਰ ਪਰਸਾਦੀ ਕੋ ਵਿਰਲਾ ਛੂਟੈ ਤਿਸੁ ਜਨ ਕਉ ਹਉ ਬਲਿਹਾਰੀ ॥੩॥ ਜਿਨਿ ਸਿਸਟਿ ਸਾਜੀ ਸੋਈ ਹਰਿ ਜਾਣੈ ਤਾ ਕਾ ਰੂਪੁ ਅਪਾਰੋ ॥ ਨਾਨਕ ਆਪੇ ਵੇਖਿ ਹਰਿ ਬਿਗਸੈ ਗੁਰਮੁਖਿ ਬ੍ਰਹਮ ਬੀਚਾਰੋ ॥੪॥੩॥੧੪॥ {ਪੰਨਾ 735}

ਪਦਅਰਥ: ਕੈ ਅੰਤਰਿ = ਦੇ ਅੰਦਰ, ਦੇ ਹਿਰਦੇ ਵਿਚ। ਸਭਿ = ਸਾਰੇ। ਤੇ = ਉਹ ਮਨੁੱਖ {ਬਹੁ-ਵਚਨ}। ਮੁਕਤ = ਰੋਗਾਂ ਤੋਂ ਸੁਤੰਤਰ। ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ। ਪਾਏ = ਪਾਇਆ, ਪਾ ਲਿਆ।੧।

ਮੇਰੇ ਰਾਮ ਹਰਿ ਜਨ = ਮੇਰੇ ਰਾਮ ਦੇ ਹਰੀ ਦੇ ਜਨ। ਆਰੋਗ = ਰੋਗ = ਰਹਿਤ।੧।ਰਹਾਉ।

ਮਹਾ ਦੇਉ = ਸ਼ਿਵ। ਤ੍ਰੈ ਗੁਣ = ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਦੇ ਕਾਰਨ। ਕਮਾਈ = ਕੀਤੀ। ਜਿਨਿ = ਜਿਨ (ਪਰਮਾਤਮਾ) ਨੇ। ਤਿਸਹਿ = {ਲਫ਼ਜ਼ 'ਤਿਸੁਦਾ ੁ ਕ੍ਰਿਆ ਵਿਸ਼ੇਸ਼ਣ 'ਹੀਦੇ ਕਾਰਨ ਉੱਡ ਗਿਆ ਹੈਉਸ ਨੂੰ ਹੀ। ਨ ਚੇਤਹਿ = ਨਹੀਂ ਚੇਤਦੇ। ਬਪੁੜੇ = ਵਿਚਾਰੇ। ਗੁਰਮੁਖਿ = ਗੁਰੂ ਦੀ ਸਰਨ ਪਿਆਂ।੨।

ਰੋਗਿ = ਰੋਗ ਵਿਚ। ਬਿਆਪਿਆ = ਫਸਿਆ ਹੋਇਆ। ਪਰਸਾਦੀ = ਪਰਸਾਦਿ, ਕਿਰਪਾ ਨਾਲ। ਕੋ = ਕੋਈ ਮਨੁੱਖ। ਹਉ = ਹਉਂ, ਮੈਂ। ਬਲਿਹਾਰੀ = ਸਦਕੇ।੩।

ਸਿਸਟਿ = ਦੁਨੀਆ। ਸਾਜੀ = ਪੈਦਾ ਕੀਤੀ। ਤਾ ਕਾ = ਉਸ (ਪਰਮਾਤਮਾ) ਦਾ। ਅਪਾਰੋ = ਅਪਾਰ, ਜਿਸ ਦਾ ਪਾਰਲਾ ਬੰਨਾ ਨਾਹ ਦਿੱਸੇ। ਆਪੇ = ਆਪ ਹੀ। ਵੇਖਿ = ਵੇਖ ਕੇ। ਵਿਗਸੈ = ਖ਼ੁਸ਼ ਹੁੰਦਾ ਹੈ। ਬ੍ਰਹਮ ਬੀਚਾਰੋ = ਪਰਮਾਤਮਾ ਦੇ ਗੁਣਾਂ ਦੀ ਵਿਚਾਰ।੪।

ਅਰਥ: ਹੇ ਭਾਈ! ਮੇਰੇ ਰਾਮ ਦੇ, ਮੇਰੇ ਹਰੀ ਦੇ, ਦਾਸ (ਹਉਮੈ ਆਦਿਕ ਤੋਂ) ਨਰੋਏ ਹੋ ਗਏ ਹਨ। ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਬਚਨਾਂ ਉੱਤੇ ਤੁਰ ਕੇ ਮੇਰੇ ਹਰਿ ਪ੍ਰਭੂ ਦਾ ਨਾਮ ਜਪਿਆ ਉਹਨਾਂ ਦੇ ਹਉਮੈ (ਆਦਿਕ) ਰੋਗ ਦੂਰ ਹੋ ਗਏ।੧।ਰਹਾਉ।

ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਮੇਰਾ ਹਰਿ-ਪ੍ਰਭੂ ਆ ਵੱਸਦਾ ਹੈ, ਉਹਨਾਂ ਦੇ ਉਹ ਹਰੀ ਸਾਰੇ ਰੋਗ ਦੂਰ ਕਰ ਦੇਂਦਾ ਹੈ। ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਸਿਮਰਿਆ, ਉਹ (ਹਉਮੈ ਆਦਿਕ ਰੋਗਾਂ ਤੋਂ) ਸੁਤੰਤਰ ਹੋ ਗਏ, ਉਹਨਾਂ ਨੇ ਸਭ ਤੋਂ ਉੱਚਾ ਤੇ ਪਵਿਤ੍ਰ ਆਤਮਕ ਦਰਜਾ ਪ੍ਰਾਪਤ ਕਰ ਲਿਆ।੧।

(ਹੇ ਭਾਈ! ਪੁਰਾਣਾਂ ਦੀਆਂ ਦੱਸੀਆਂ ਸਾਖੀਆਂ ਅਨੁਸਾਰ) ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਦੇ ਕਾਰਨ (ਵੱਡੇ ਦੇਵਤੇ) ਬ੍ਰਹਮਾ, ਵਿਸ਼ਨੂੰ, ਸ਼ਿਵ (ਭੀ) ਰੋਗੀ ਹੀ ਰਹੇ, (ਕਿਉਂਕਿ ਉਹਨਾਂ ਨੇ ਭੀ) ਹਉਮੈ ਵਿਚ ਹੀ ਕਾਰ ਕੀਤੀ। ਜਿਸ ਪਰਮਾਤਮਾ ਨੇ ਉਹਨਾਂ ਨੂੰ ਪੈਦਾ ਕੀਤਾ ਸੀ, ਉਸ ਨੂੰ ਉਹ ਵਿਚਾਰੇ ਚੇਤਦੇ ਨਾਹ ਰਹੇ। ਹੇ ਭਾਈ! ਪਰਮਾਤਮਾ ਦੀ ਸੂਝ (ਤਾਂ) ਗੁਰੂ ਦੀ ਸਰਨ ਪਿਆਂ ਹੀ ਪੈਂਦੀ ਹੈ।੨।

ਹੇ ਭਾਈ! ਸਾਰਾ ਜਗਤ ਹਉਮੈ ਦੇ ਰੋਗ ਵਿਚ ਫਸਿਆ ਰਹਿੰਦਾ ਹੈ (ਤੇ, ਹਉਮੈ ਵਿਚ ਫਸੇ ਹੋਏ) ਉਹਨਾਂ ਮਨੁੱਖਾਂ ਨੂੰ ਜਨਮ ਮਰਨ ਦੇ ਗੇੜ ਦਾ ਭਾਰਾ ਦੁੱਖ ਲੱਗਾ ਰਹਿੰਦਾ ਹੈ। ਕੋਈ ਵਿਰਲਾ ਮਨੁੱਖ ਗੁਰੂ ਦੀ ਕਿਰਪਾ ਨਾਲ (ਇਸ ਹਉਮੈ ਰੋਗ ਤੋਂ) ਖ਼ਲਾਸੀ ਪਾਂਦਾ ਹੈ। ਮੈਂ (ਅਜੇਹੇ) ਉਸ ਮਨੁੱਖ ਤੋਂ ਸਦਕੇ ਜਾਂਦਾ ਹਾਂ।੩।

ਹੇ ਭਾਈ! ਜਿਸ ਪਰਮਾਤਮਾ ਨੇ ਇਹ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ, ਉਹ ਆਪ ਹੀ (ਇਸ ਦੇ ਰੋਗ ਨੂੰ) ਜਾਣਦਾ ਹੈ (ਤੇ, ਦੂਰ ਕਰਦਾ ਹੈ। ਉਸ ਪਰਮਾਤਮਾ ਦਾ ਸਰੂਪ ਹੱਦ ਬੰਨੇ ਤੋਂ ਪਰੇ ਹੈ। ਹੇ ਨਾਨਕ! ਉਹ ਪਰਮਾਤਮਾ ਆਪ ਹੀ (ਆਪਣੀ ਰਚੀ ਸ੍ਰਿਸ਼ਟੀ ਨੂੰ) ਵੇਖ ਕੇ ਖ਼ੁਸ਼ ਹੁੰਦਾ ਹੈ। ਗੁਰੂ ਦੀ ਸਰਨ ਪੈ ਕੇ ਹੀ ਪਰਮਾਤਮਾ ਦੇ ਗੁਣਾਂ ਦੀ ਸੂਝ ਆਉਂਦੀ ਹੈ।੪।੩।੧੪।

*┈┉┅━❀꧁ੴ꧂❀━┅┉┈*


||ਅੱਜ ਦਾ ਫੁਰਮਾਨ|| ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ||

ਸੋਰਠਿ ਮਹਲਾ ੫ ॥ ਗੁਰਿ ਪੂਰੈ ਕਿਰਪਾ ਧਾਰੀ ॥ ਪ੍ਰਭਿ ਪੂਰੀ ਲੋਚ ਹਮਾਰੀ ॥ ਕਰਿ ਇਸਨਾਨੁ ਗ੍ਰਿਹਿ ਆਏ ॥ ਅਨਦ ਮੰਗਲ ਸੁਖ ਪਾਏ ॥੧॥ ਸੰਤਹੁ ਰਾਮ ਨਾਮਿ ਨਿਸਤਰੀਐ ॥ ਊਠਤ ਬੈਠਤ ਹਰਿ ਹਰਿ ਧਿਆਈਐ ਅਨਦਿਨੁ ਸੁਕ੍ਰਿਤੁ ਕਰੀਐ ॥੧॥ ਰਹਾਉ ॥ ਸੰਤ ਕਾ ਮਾਰਗੁ ਧਰਮ ਕੀ ਪਉੜੀ ਕੋ ਵਡਭਾਗੀ ਪਾਏ ॥ ਕੋਟਿ ਜਨਮ ਕੇ ਕਿਲਬਿਖ ਨਾਸੇ ਹਰਿ ਚਰਣੀ ਚਿਤੁ ਲਾਏ ॥੨॥ ਉਸਤਤਿ ਕਰਹੁ ਸਦਾ ਪ੍ਰਭ ਅਪਨੇ ਜਿਨਿ ਪੂਰੀ ਕਲ ਰਾਖੀ ॥ ਜੀਅ ਜੰਤ ਸਭਿ ਭਏ ਪਵਿਤ੍ਰਾ ਸਤਿਗੁਰ ਕੀ ਸਚੁ ਸਾਖੀ ॥੩॥ ਬਿਘਨ ਬਿਨਾਸਨ ਸਭਿ ਦੁਖ ਨਾਸਨ ਸਤਿਗੁਰਿ ਨਾਮੁ ਦ੍ਰਿੜਾਇਆ ॥ ਖੋਏ ਪਾਪ ਭਏ ਸਭਿ ਪਾਵਨ ਜਨ ਨਾਨਕ ਸੁਖਿ ਘਰਿ ਆਇਆ ॥੪॥੩॥੫੩॥ {ਪੰਨਾ 621-622}

ਪਦਅਰਥ: ਗੁਰਿ = ਗੁਰੂ ਨੇ। ਪ੍ਰਭਿ = ਪ੍ਰਭੂ ਨੇ। ਲੋਚ = ਤਾਂਘ। ਕਰਿ ਇਸਨਾਨੁ = ਮਨ ਨੂੰ ਨਾਮ ਜਲ ਨਾਲ ਪਵਿਤ੍ਰ ਕਰ ਕੇ। ਗ੍ਰਿਹਿ ਆਏ = ਅੰਤਰ = ਆਤਮੇ ਟਿਕ ਗਏ ਹਾਂ, ਮਾਇਆ ਦੀ ਖ਼ਾਤਰ ਭਟਕਣ ਤੋਂ ਬਚ ਗਏ ਹਾਂ।੧।

ਨਾਮਿ = ਨਾਮ ਵਿਚ (ਜੁੜ ਕੇ ਹੀ। ਨਿਸਤਰੀਐ = ਪਾਰ ਲੰਘ ਸਕੀਦਾ ਹੈ। ਧਿਆਈਐ = ਧਿਆਉਣਾ ਚਾਹੀਦਾ ਹੈ। ਅਨਦਿਨੁ = ਹਰਿ ਰੋਜ਼, ਹਰ ਵੇਲੇ। ਸੁਕ੍ਰਿਤੁ = ਨੇਕ ਕਰਮ। ਕਰੀਐ = ਕਰਨਾ ਚਾਹੀਦਾ ਹੈ।੧।ਰਹਾਉ।

ਮਾਰਗੁ = (ਜੀਵਨ ਦਾਰਸਤਾ। ਕੋ = ਕੋਈ ਵਿਰਲਾ। ਕੋਟਿ = ਕ੍ਰੋੜਾਂ। ਕਿਲਬਿਖ = ਪਾਪ।੨।

ਉਸਤਤਿ = ਸਿਫ਼ਤਿ-ਸਾਲਾਹ। ਜਿਨਿ = ਜਿਸ (ਪ੍ਰਭੂ) ਨੇ। ਕਲ = ਕਲਾ, ਤਾਕਤ। ਸਭਿ = ਸਾਰੇ। ਸਾਖੀ = ਸਿੱਖਿਆ। ਸਚੁ = ਸਦਾ-ਥਿਰ ਹਰਿ = ਨਾਮ (ਦਾ ਸਿਮਰਨ੩।

ਸਤਿਗੁਰਿ = ਗੁਰੂ ਨੇ। ਦ੍ਰਿੜਾਇਆ = ਹਿਰਦੇ ਵਿਚ ਪੱਕਾ ਕਰ ਦਿੱਤਾ। ਸਭਿ = ਸਾਰੇ। ਪਾਵਨ = ਪਵਿੱਤ੍ਰ। ਸੁਖਿ = ਆਨੰਦ ਨਾਲ। ਘਰਿ = ਘਰ ਵਿਚ, ਹਿਰਦੇ ਵਿਚ, ਅੰਤਰ = ਆਤਮੇ।੪।

ਅਰਥ: ਹੇ ਸੰਤ ਜਨੋ! ਪਰਮਾਤਮਾ ਦੇ ਨਾਮ ਵਿਚ (ਜੁੜਿਆਂ ਹੀ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਸਕੀਦਾ ਹੈ। (ਇਸ ਵਾਸਤੇ) ਉਠਦਿਆਂ ਬੈਠਦਿਆਂ ਹਰ ਵੇਲੇ ਹਰਿ-ਨਾਮ ਸਿਮਰਨਾ ਚਾਹੀਦਾ ਹੈ, (ਹਰਿ-ਨਾਮ ਸਿਮਰਨ ਦੀ ਇਹ) ਨੇਕ ਕਮਾਈ ਹਰ ਵੇਲੇ ਕਰਨੀ ਚਾਹੀਦੀ ਹੈ।੧।ਰਹਾਉ।

(ਹੇ ਸੰਤ ਜਨੋ! ਜਦੋਂ ਤੋਂ) ਪੂਰੇ ਗੁਰੂ ਨੇ ਮੇਹਰ ਕੀਤੀ ਹੈ, ਪ੍ਰਭੂ ਨੇ ਸਾਡੀ (ਨਾਮ ਸਿਮਰਨ ਦੀ) ਤਾਂਘ ਪੂਰੀ ਕਰ ਦਿੱਤੀ ਹੈ। (ਨਾਮ ਸਿਮਰਨ ਦੀ ਬਰਕਤਿ ਨਾਲ) ਆਤਮਕ ਇਸ਼ਨਾਨ ਕਰ ਕੇ ਅਸੀ ਅੰਤਰ-ਆਤਮੇ ਟਿਕੇ ਰਹਿੰਦੇ ਹਾਂ। ਆਤਮਕ ਆਨੰਦ ਆਤਮਕ ਖ਼ੁਸ਼ੀਆਂ ਆਤਮਕ ਸੁਖ ਮਾਣ ਰਹੇ ਹਾਂ।੧।

(ਹੇ ਸੰਤ ਜਨੋ! ਸਿਮਰਨ ਕਰਨਾ ਹੀ ਇਨਸਾਨ ਵਾਸਤੇ) ਗੁਰੂ ਦਾ (ਦੱਸਿਆ ਹੋਇਆ ਸਹੀ) ਰਸਤਾ ਹੈ, (ਸਿਮਰਨ ਹੀ) ਧਰਮ ਦੀ ਪਉੜੀ ਹੈ (ਜਿਸ ਦੀ ਰਾਹੀਂ ਮਨੁੱਖ ਪ੍ਰਭੂ-ਚਰਨਾਂ ਵਿਚ ਪਹੁੰਚ ਸਕਦਾ ਹੈ, ਪਰ) ਕੋਈ ਵਿਰਲਾ ਭਾਗਾਂ ਵਾਲਾ (ਇਹ ਪਉੜੀ) ਲੱਭਦਾ ਹੈ। ਜੇਹੜਾ ਮਨੁੱਖ (ਸਿਮਰਨ ਦੀ ਰਾਹੀਂ) ਪਰਮਾਤਮਾ ਦੇ ਚਰਨਾਂ ਵਿਚ ਚਿੱਤ ਜੋੜਦਾ ਹੈ, ਉਸ ਦੇ ਕ੍ਰੋੜਾਂ ਜਨਮਾਂ ਦੇ ਪਾਪ ਨਾਸ ਹੋ ਜਾਂਦੇ ਹਨ।

ਹੇ ਸੰਤ ਜਨੋ! ਜਿਸ ਪਰਮਾਤਮਾ ਨੇ (ਸਾਰੇ ਸੰਸਾਰ ਵਿਚ ਆਪਣੀ) ਪੂਰੀ ਸੱਤਿਆ ਟਿਕਾ ਰੱਖੀ ਹੈ, ਉਸ ਦੀ ਸਿਫ਼ਤਿ-ਸਾਲਾਹ ਸਦਾ ਕਰਦੇ ਰਿਹਾ ਕਰੋ। ਹੇ ਭਾਈ! ਉਹ ਸਾਰੇ ਹੀ ਪ੍ਰਾਣੀ ਸੁੱਚੇ ਜੀਵਨ ਵਾਲੇ ਬਣ ਜਾਂਦੇ ਹਨ, ਜੇਹੜੇ ਸਦਾ-ਥਿਰ ਹਰਿ-ਨਾਮ ਸਿਮਰਨ ਵਾਲੀ ਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕਰਦੇ ਹਨ।੩।

ਹੇ ਨਾਨਕ! ਆਖ-ਜੀਵਨ ਦੇ ਰਸਤੇ ਵਿਚੋਂ ਸਾਰੀਆਂ) ਰੁਕਾਵਟਾਂ ਦੂਰ ਕਰਨ ਵਾਲਾ, ਸਾਰੇ ਦੁੱਖ ਨਾਸ ਕਰਨ ਵਾਲਾ ਹਰਿ-ਨਾਮ ਗੁਰੂ ਨੇ ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪੱਕਾ ਕਰ ਦਿੱਤਾ, ਉਹਨਾਂ ਦੇ ਸਾਰੇ ਪਾਪ ਨਾਸ ਹੋ ਜਾਂਦੇ ਹਨ, ਉਹ ਸਾਰੇ ਪਵਿਤ੍ਰ ਜੀਵਨ ਵਾਲੇ ਬਣ ਜਾਂਦੇ ਹਨ, ਉਹ ਆਤਮਕ ਆਨੰਦ ਨਾਲ ਅੰਤਰ-ਆਤਮੇ ਟਿਕੇ ਰਹਿੰਦੇ ਹਨ।੪।੩।੫੩।

*┈┉┅━❀꧁ੴ꧂❀━┅┉┈*


||ਅੱਜ ਦਾ ਫੁਰਮਾਨ|| ਗੁਰੂਦਵਾਰਾ ਸ਼੍ਰੀ ਕਤਲਗੜ ਸਾਹਿਬ ਸ਼੍ਰੀ ਚਮਕੌਰ ਸਾਹਿਬ ।।

ਗੂਜਰੀ ਮਹਲਾ ੫ ਘਰੁ ੨    ੴ ਸਤਿਗੁਰ ਪ੍ਰਸਾਦਿ ॥ ਰਾਜਨ ਮਹਿ ਤੂੰ ਰਾਜਾ ਕਹੀਅਹਿ ਭੂਮਨ ਮਹਿ ਭੂਮਾ ॥ ਠਾਕੁਰ ਮਹਿ ਠਕੁਰਾਈ ਤੇਰੀ ਕੋਮਨ ਸਿਰਿ ਕੋਮਾ ॥੧॥ ਪਿਤਾ ਮੇਰੋ ਬਡੋ ਧਨੀ ਅਗਮਾ ॥ ਉਸਤਤਿ ਕਵਨ ਕਰੀਜੈ ਕਰਤੇ ਪੇਖਿ ਰਹੇ ਬਿਸਮਾ ॥੧॥ ਰਹਾਉ ॥ ਸੁਖੀਅਨ ਮਹਿ ਸੁਖੀਆ ਤੂੰ ਕਹੀਅਹਿ ਦਾਤਨ ਸਿਰਿ ਦਾਤਾ ॥ ਤੇਜਨ ਮਹਿ ਤੇਜਵੰਸੀ ਕਹੀਅਹਿ ਰਸੀਅਨ ਮਹਿ ਰਾਤਾ ॥੨॥ ਸੂਰਨ ਮਹਿ ਸੂਰਾ ਤੂੰ ਕਹੀਅਹਿ ਭੋਗਨ ਮਹਿ ਭੋਗੀ ॥ ਗ੍ਰਸਤਨ ਮਹਿ ਤੂੰ ਬਡੋ ਗ੍ਰਿਹਸਤੀ ਜੋਗਨ ਮਹਿ ਜੋਗੀ ॥੩॥ ਕਰਤਨ ਮਹਿ ਤੂੰ ਕਰਤਾ ਕਹੀਅਹਿ ਆਚਾਰਨ ਮਹਿ ਆਚਾਰੀ ॥ ਸਾਹਨ ਮਹਿ ਤੂੰ ਸਾਚਾ ਸਾਹਾ ਵਾਪਾਰਨ ਮਹਿ ਵਾਪਾਰੀ ॥੪॥ ਦਰਬਾਰਨ ਮਹਿ ਤੇਰੋ ਦਰਬਾਰਾ ਸਰਨ ਪਾਲਨ ਟੀਕਾ ॥ ਲਖਿਮੀ ਕੇਤਕ ਗਨੀ ਨ ਜਾਈਐ ਗਨਿ ਨ ਸਕਉ ਸੀਕਾ ॥੫॥ ਨਾਮਨ ਮਹਿ ਤੇਰੋ ਪ੍ਰਭ ਨਾਮਾ ਗਿਆਨਨ ਮਹਿ ਗਿਆਨੀ ॥ ਜੁਗਤਨ ਮਹਿ ਤੇਰੀ ਪ੍ਰਭ ਜੁਗਤਾ ਇਸਨਾਨਨ ਮਹਿ ਇਸਨਾਨੀ ॥੬॥ ਸਿਧਨ ਮਹਿ ਤੇਰੀ ਪ੍ਰਭ ਸਿਧਾ ਕਰਮਨ ਸਿਰਿ ਕਰਮਾ ॥ ਆਗਿਆ ਮਹਿ ਤੇਰੀ ਪ੍ਰਭ ਆਗਿਆ ਹੁਕਮਨ ਸਿਰਿ ਹੁਕਮਾ ॥੭॥ ਜਿਉ ਬੋਲਾਵਹਿ ਤਿਉ ਬੋਲਹ ਸੁਆਮੀ ਕੁਦਰਤਿ ਕਵਨ ਹਮਾਰੀ ॥ ਸਾਧਸੰਗਿ ਨਾਨਕ ਜਸੁ ਗਾਇਓ ਜੋ ਪ੍ਰਭ ਕੀ ਅਤਿ ਪਿਆਰੀ ॥੮॥੧॥੮॥ {ਪੰਨਾ 507}

ਪਦਅਰਥ: ਕਹੀਅਹਿ = ਤੂੰ ਕਿਹਾ ਜਾਂਦਾ ਹੈਂ। ਭੂਮਾ = ਭੂਮੀ ਦਾ ਮਾਲਕ। ਠਾਕੁਰ = ਮਾਲਕ, ਸਰਦਾਰ। ਠਕੁਰਾਈ = ਸਰਦਾਰੀ। ਕੋਮਾ = (ਉੱਚੀ) ਕੁਲ ਵਾਲਾ। ਸਿਰਿ = ਸਿਰ ਉੱਤੇ, ਸ੍ਰੇਸ਼ਟ। ਕੋਮਨ ਸਿਰਿ = ਉੱਚੀ ਕੁਲ ਵਾਲਿਆਂ ਦੇ ਸਿਰ ਉੱਤੇ।੧।

ਧਨੀ = ਮਾਲਕ। ਅਗਮਾ = ਅਪਹੁੰਚ। ਉਸਤਤਿ = ਵਡਿਆਈ। ਕਰਤੇ = ਹੇ ਕਰਤਾਰ! ਪੇਖਿ = ਵੇਖ ਕੇ। ਬਿਸਮਾ = ਹੈਰਾਨ।੧।ਰਹਾਉ।

ਦਾਤਨ ਸਿਰਿ = ਦਾਤਿਆਂ ਦੇ ਸਿਰ ਉਤੇ, ਦਾਤਿਆਂ ਵਿਚ ਸ਼ਿਰੋਮਣੀ। ਤੇਜਨ ਮਹਿ = ਤੇਜ ਪ੍ਰਤਾਪ ਵਾਲਿਆਂ ਵਿਚ। ਰਸੀਅਨ ਮਹਿ = ਰਸ ਲੈਣ ਵਾਲਿਆਂ ਵਿਚ। ਰਾਤਾ = ਰੱਤਾ ਹੋਇਆ, ਰਸ ਵਿਚ ਮਸਤ।੨।

ਸੂਰਾ = ਸੂਰਮਾ। ਭੋਗਨ ਮਹਿ = ਭੋਗਣ ਵਾਲਿਆਂ ਵਿਚ। ਜੋਗਨ ਮਹਿ = ਵਿਰਕਤਾਂ ਵਿਚ।੩।

ਕਰਤਨ ਮਹਿ = ਨਵੇਂ ਕੰਮ ਕਰਨ ਵਾਲਿਆਂ ਵਿਚ। ਆਚਾਰਨ ਮਹਿ = ਧਾਰਮਿਕ ਰਸਮਾਂ ਕਰਨ ਵਾਲਿਆਂ ਵਿਚ।੪।

ਸਰਨ ਪਾਲਨ ਟੀਕਾ = ਸਰਨ ਪਿਆਂ ਦੀ ਲਾਜ ਰੱਖਣ ਵਾਲਿਆਂ ਦਾ ਤੂੰ ਟਿੱਕਾ (ਸ਼ਿਰੋਮਣੀ) ਹੈਂ। ਕੇਤਕ = ਕਿਤਨੀ ਕੁਬੇਅੰਤ। ਗਨਿ ਨ ਸਕਉ = ਮੈਂ ਗਿਣ ਨਹੀਂ ਸਕਦਾ। ਸੀਕਾ = ਸਿੱਕੇ, ਰੁਪਏ, ਖ਼ਜ਼ਾਨੇ।੫।

ਨਾਮਨ ਮਨਿ = ਨਾਮਣੇ ਵਾਲਿਆਂ ਵਿਚ। ਨਾਮਾ = ਨਾਮਣਾ। ਜੁਗਤਨ ਮਹਿ = ਚੰਗੀ ਜੀਵਨ = ਜੁਗਤਿ ਵਾਲਿਆਂ ਵਿਚ।੬।

ਸਿਧਨ ਮਹਿ = ਕਰਾਮਾਤੀ ਤਾਕਤਾਂ ਵਾਲਿਆਂ ਵਿਚ। ਸਿਧਾ = ਕਰਾਮਾਤੀ ਤਾਕਤ। ਕਰਮਨ ਸਿਰਿ = ਕਰਮ ਕਰਨ ਵਾਲਿਆਂ ਵਿਚ ਸ਼ਿਰੋਮਣੀ। ਆਗਿਆ = ਹੁਕਮ। ਹੁਕਮਨ ਸਿਰਿ = ਹੁਕਮ ਕਰਨ ਵਾਲਿਆਂ ਵਿਚ ਸ਼ਿਰੋਮਣੀ।੭।

ਬੋਲਾਵਹਿ = ਤੂੰ ਬੁਲਾਂਦਾ ਹੈਂ। ਬੋਲਹ = ਅਸੀ ਬੋਲਦੇ ਹਾਂ। ਸੁਆਮੀ = ਹੇ ਸੁਆਮੀ! ਕੁਦਰਤਿ = ਤਾਕਤ। ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ। ਗਾਇਓ = ਗਾਇਆ।੮।

ਅਰਥ: ਹੇ ਕਰਤਾਰ! ਤੂੰ ਮੇਰਾ ਪਿਤਾ ਹੈਂ, ਤੂੰ ਸਾਡੀ ਸਿਆਣਪ ਦੀ ਪਹੁੰਚ ਤੋਂ ਪਰੇ ਹੈਂ। ਹੇ ਕਰਤਾਰ! ਤੇਰੀ ਕੇਹੜੀ ਕੇਹੜੀ ਵਡਿਆਈ ਅਸੀ ਕਰੀਏ? (ਤੇਰੀ ਲੀਲਾਵੇਖ ਵੇਖ ਕੇ ਅਸੀ ਹੈਰਾਨ ਹੋ ਰਹੇ ਹਾਂ।੧।ਰਹਾਉ।

ਹੇ ਕਰਤਾਰ! ਦੁਨੀਆ ਦੇਰਾਜਿਆਂ ਵਿਚ ਤੂੰ (ਸ਼ਿਰੋਮਣੀ) ਰਾਜਾ ਅਖਵਾਂਦਾ ਹੈਂ, ਭੁਇਂ ਦੇ ਮਾਲਕਾਂ ਵਿਚ ਤੂੰ (ਸਭ ਤੋਂ ਵੱਡਾ) ਭੁਇਂ ਦਾ ਮਾਲਕ ਹੈਂ। ਹੇ ਕਰਤਾਰ! ਦੁਨੀਆ ਦੇ) ਸਰਦਾਰਾਂ ਵਿਚ ਤੇਰੀ ਸਰਦਾਰੀ (ਸਭ ਤੋਂ ਵੱਡੀ) ਹੈ, ਉੱਚੀ ਕੁਲ ਵਾਲਿਆਂ ਵਿਚ ਤੂੰ ਸ਼ਿਰੋਮਣੀ ਕੁਲ ਵਾਲਾ ਹੈਂ।੧।

ਹੇ ਕਰਤਾਰ! ਦੁਨੀਆ ਦੇਸੁਖੀ ਲੋਕਾਂ ਵਿਚ ਤੂੰ (ਸ਼ਿਰੋਮਣੀ) ਸੁਖੀ ਕਿਹਾ ਜਾ ਸਕਦਾ ਹੈਂ, ਦਾਨੀਆਂ ਵਿਚ ਤੂੰ ਹੀ (ਸ਼ਿਰੋਮਣੀ) ਤੇਜਸ੍ਵੀ ਕਹਾ ਸਕਦਾ ਹੈਂ (ਦੁਨੀਆ ਦੇ) ਰਸ ਮਾਣਨ ਵਾਲਿਆਂ ਵਿਚ ਤੂੰ ਸ਼ਿਰੋਮਣੀ ਰਸੀਆ ਹੈਂ।੨।

ਹੇ ਕਰਤਾਰ! ਸੂਰਮਿਆਂ ਵਿਚ ਤੂੰ ਸ਼ਿਰੋਮਣੀ ਸੂਰਮਾ ਅਖਵਾਣ ਦਾ ਹੱਕਦਾਰ ਹੈਂ, (ਦੁਨੀਆ ਦੇ ਸਭ ਜੀਵਾਂ ਵਿਚ ਵਿਆਪਕ ਹੋਣ ਕਰ ਕੇ) ਭੋਗੀਆਂ ਵਿਚ ਤੂੰ ਹੀ ਭੋਗੀ ਹੈਂ। ਗ੍ਰਿਹਸਤੀਆਂ ਵਿਚ ਤੂੰ ਸਭ ਤੋਂ ਵੱਡਾ ਗ੍ਰਿਹਸਤੀ ਹੈਂ (ਜਿਸ ਦਾ ਇਤਨਾ ਵੱਡਾ ਸੰਸਾਰ-ਟੱਬਰ ਹੈ) , ਜੋਗੀਆਂ ਵਿਚ ਤੂੰ ਸ਼ਿਰੋਮਣੀ ਜੋਗੀ ਹੈਂ (ਇਤਨੇ ਵੱਡੇ ਪਰਵਾਰ ਵਾਲਾ ਹੁੰਦਿਆਂ ਭੀ ਨਿਰਲੇਪ ਹੈਂ)।੩।

ਹੇ ਕਰਤਾਰ! ਨਵੇਂ ਕੰਮ ਕਰਨ ਵਾਲੇ ਸਿਆਣਿਆਂ ਵਿਚ ਤੂੰ ਸ਼ਿਰੋਮਣੀ ਰਚਨਹਾਰ ਹੈਧਾਰਮਿਕ ਰਸਮਾਂ ਕਰਨ ਵਾਲਿਆਂ ਵਿਚ ਭੀ ਤੂੰ ਹੀ ਸ਼ਿਰੋਮਣੀ ਹੈਂ। ਹੇ ਕਰਤਾਰ! ਦੁਨੀਆ ਦੇ) ਸਾਹੂਕਾਰਾਂ ਵਿਚ ਤੂੰ ਸਦਾ ਕਾਇਮ ਰਹਿਣ ਵਾਲਾ (ਸ਼ਿਰੋਮਣੀ) ਸਾਹੂਕਾਰ ਹੈਂ, ਤੇ ਵਾਪਾਰੀਆਂ ਵਿਚ ਤੂੰ ਵੱਡਾ ਵਾਪਾਰੀ ਹੈਂ (ਜਿਸ ਨੇ ਇਤਨਾ ਵੱਡਾ ਜਗਤ-ਪਸਾਰਾ ਪਸਾਰਿਆ ਹੋਇਆ ਹੈ)।੪।

ਹੇ ਕਰਤਾਰ! ਦੁਨੀਆ ਦੇਦਰਬਾਰ ਲਾਣ ਵਾਲਿਆਂ ਵਿਚ ਤੇਰਾ ਦਰਬਾਰ ਸ਼ਿਰੋਮਣੀ ਹੈ, ਸਰਨ ਪਿਆਂ ਦੀ ਲਾਜ ਰੱਖਣ ਵਾਲਿਆਂ ਦਾ ਤੂੰ ਸ਼ਿਰੋਮਣੀ ਟਿੱਕਾ ਹੈਂ। ਹੇ ਕਰਤਾਰ! ਤੇਰੇ ਘਰ ਵਿਚ ਕਿਤਨੀ ਕੁ ਮਾਇਆ ਹੈ-ਇਸ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਮੈਂ ਤੇਰੇ ਖ਼ਜ਼ਾਨੇ ਗਿਣ ਨਹੀਂ ਸਕਦਾ।੫।

ਹੇ ਪ੍ਰਭੂ! ਦੁਨੀਆ ਦੇਵਡਿਆਈ-ਨਾਮਣੇ ਵਾਲਿਆਂ ਵਿਚੋਂ ਤੇਰਾ ਨਾਮਣਾ ਸ਼ਿਰੋਮਣੀ ਹੈ, ਤੇ ਗਿਆਨਵਾਨਾਂ ਵਿਚ ਤੂੰ ਹੀ ਸ਼ਿਰੋਮਣੀ ਗਿਆਨੀ ਹੈਂ। ਹੇ ਪ੍ਰਭੂ! ਚੰਗੀ ਜੀਵਨ-ਜੁਗਤਿ ਵਾਲਿਆਂ ਵਿਚ ਤੇਰੀ ਜੁਗਤਿ ਸ੍ਰੇਸ਼ਟ ਹੈ, (ਦੁਨੀਆ ਦੇ ਤੀਰਥ-) ਇਸ਼ਨਾਨੀਆਂ ਵਿਚ ਤੂੰ ਸ਼ਿਰੋਮਣੀ ਇਸ਼ਨਾਨੀ ਹੈਂ (ਕਿਉਂਕਿ ਸਾਰੇ ਜਲਾਂ ਵਿਚ ਤੂੰ ਸਦਾ ਆਪ ਹੀ ਵੱਸ ਰਿਹਾ ਹੈਂ)।੬।

ਹੇ ਪ੍ਰਭੂ! ਕਰਾਮਾਤੀ ਤਾਕਤਾਂ ਰੱਖਣ ਵਾਲਿਆਂ ਵਿਚ ਤੇਰੀ ਕਰਾਮਾਤੀ ਤਾਕਤ ਸ਼ਿਰੋਮਣੀ ਹੈ, ਕੰਮ ਕਰਨ ਵਾਲਿਆਂ ਵਿਚ ਤੂੰ ਸ਼ਿਰੋਮਣੀ ਉੱਦਮੀ ਹੈਂ। ਹੇ ਪ੍ਰਭੂ! ਦੁਨੀਆ ਦੇ) ਇਖ਼ਤਿਆਰ ਵਾਲਿਆਂ ਵਿਚ ਤੇਰਾ ਇਖ਼ਤਿਆਰ ਸਭ ਤੋਂ ਵੱਡਾ ਹੈ, (ਦੁਨੀਆ ਦੇ) ਹੁਕਮ ਚਲਾਣ ਵਾਲਿਆਂ ਵਿਚ ਤੂੰ ਸ਼ਿਰੋਮਣੀ ਹਾਕਮ ਹੈਂ।੭।

ਹੇ ਕਰਤਾਰ! ਹੇ ਸੁਆਮੀਸਾਡੀ (ਤੇਰੇ ਪੈਦਾ ਕੀਤੇ ਹੋਏ ਜੀਵਾਂ ਦੀਕੀਹ ਪਾਇਆਂ ਹੈਜਿਵੇਂ ਤੂੰ ਸਾਨੂੰ ਬੁਲਾਂਦਾ ਹੈਂ ਉਸੇ ਤਰ੍ਹਾਂ ਅਸੀ ਬੋਲਦੇ ਹਾਂ।

ਹੇ ਨਾਨਕ! ਆਖ-ਕਰਤਾਰ ਦੀ ਪ੍ਰੇਰਨਾ ਨਾਲ ਹੀ ਮਨੁੱਖ ਨੇ) ਸਾਧ ਸੰਗਤਿ ਵਿਚ ਟਿਕ ਕੇ ਪ੍ਰਭੂ ਦੀ ਸਿਫ਼ਤਿ-ਸਾਲਾਹ ਕੀਤੀ ਹੈ, ਇਹ ਸਿਫ਼ਤਿ-ਸਾਲਾਹ ਪ੍ਰਭੂ ਨੂੰ ਬੜੀ ਪਿਆਰੀ ਲੱਗਦੀ ਹੈ।੮।੧।੮।

*┈┉┅━❀꧁ੴ꧂❀━┅┉┈*

||ਅੱਜ ਦਾ ਫੁਰਮਾਨ|| ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ ਪਾਤਸ਼ਾਹੀ ੯ਵੀਂ (ਪਟਿਆਲਾ) ||

ਜੈਤਸਰੀ ਮਹਲਾ ੫ ਘਰੁ ੩    ੴ ਸਤਿਗੁਰ ਪ੍ਰਸਾਦਿ ॥ ਕੋਈ ਜਾਨੈ ਕਵਨੁ ਈਹਾ ਜਗਿ ਮੀਤੁ ॥ ਜਿਸੁ ਹੋਇ ਕ੍ਰਿਪਾਲੁ ਸੋਈ ਬਿਧਿ ਬੂਝੈ ਤਾ ਕੀ ਨਿਰਮਲ ਰੀਤਿ ॥੧॥ ਰਹਾਉ ॥ ਮਾਤ ਪਿਤਾ ਬਨਿਤਾ ਸੁਤ ਬੰਧਪ ਇਸਟ ਮੀਤ ਅਰੁ ਭਾਈ ॥ ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤਹਿ ਕੋ ਨ ਸਹਾਈ ॥੧॥ ਮੁਕਤਿ ਮਾਲ ਕਨਿਕ ਲਾਲ ਹੀਰਾ ਮਨ ਰੰਜਨ ਕੀ ਮਾਇਆ ॥ ਹਾ ਹਾ ਕਰਤ ਬਿਹਾਨੀ ਅਵਧਹਿ ਤਾ ਮਹਿ ਸੰਤੋਖੁ ਨ ਪਾਇਆ ॥੨॥ ਹਸਤਿ ਰਥ ਅਸ੍ਵ ਪਵਨ ਤੇਜ ਧਣੀ ਭੂਮਨ ਚਤੁਰਾਂਗਾ ॥ ਸੰਗਿ ਨ ਚਾਲਿਓ ਇਨ ਮਹਿ ਕਛੂਐ ਊਠਿ ਸਿਧਾਇਓ ਨਾਂਗਾ ॥੩॥ ਹਰਿ ਕੇ ਸੰਤ ਪ੍ਰਿਅ ਪ੍ਰੀਤਮ ਪ੍ਰਭ ਕੇ ਤਾ ਕੈ ਹਰਿ ਹਰਿ ਗਾਈਐ ॥ ਨਾਨਕ ਈਹਾ ਸੁਖੁ ਆਗੈ ਮੁਖ ਊਜਲ ਸੰਗਿ ਸੰਤਨ ਕੈ ਪਾਈਐ ॥੪॥੧॥ {ਪੰਨਾ 700}

ਪਦਅਰਥ: ਕੋਈ = ਕੋਈ ਵਿਰਲਾ। ਈਹਾ ਜਗਿ = ਇਥੇ ਜਗਤ ਵਿਚ। ਸੋਈ = ਉਹੀ ਮਨੁੱਖ। ਬਿਧਿ = ਜੁਗਤਿ। ਤਾ ਕੀ = ਉਸ ਮਨੁੱਖ ਦੀ। ਰੀਤਿ = ਜੀਵਨ = ਜੁਗਤਿ।੧।ਰਹਾਉ।

ਬਨਿਤਾ = ਇਸਤ੍ਰੀ। ਸੁਤ = ਪੁੱਤਰ। ਬੰਧਪ = ਰਿਸ਼ਤੇਦਾਰ। ਇਸਟ = ਪਿਆਰੇ, ਇਸ਼ਟ। ਅਰੁ = ਅਤੇ। ਪੂਰਬ = ਪਹਿਲੇ। ਸੰਜੋਗੀ = ਸੰਜੋਗਾਂ ਨਾਲ। ਅੰਤਹਿ = ਅਖ਼ੀਰ ਵੇਲੇ। ਕੋ = ਕੋਈ ਭੀ। ਸਹਾਈ = ਸਾਥੀ।੧।

ਮੁਕਤਿ = {मौक्ितकਮੋਤੀ। ਕਨਿਕ = ਸੋਨਾ। ਮਨ ਰੰਜਨ ਕੀ = ਮਨ ਨੂੰ ਖ਼ੁਸ਼ ਕਰਨ ਵਾਲੀ। ਬਿਹਾਨੀ = ਬੀਤ ਗਈ। ਅਵਧਹਿ = ਉਮਰ। ਤਾ ਮਹਿ = ਇਹਨਾਂ ਪਦਾਰਥਾਂ ਵਿਚ। ਸੰਤੋਖੁ = ਸ਼ਾਂਤੀ, ਰੱਜ।੨।

ਹਸਤਿ = ਹਾਥੀ। ਅਸ੍ਵ = ਘੋੜੇ। ਪਵਨ ਤੇਜ = ਹਵਾ ਦੇ ਵੇਗ ਵਾਲੇ। ਧਣੀ = ਧਨ ਦਾ ਮਾਲਕ। ਭੂਮਨ = ਜ਼ਿਮੀ ਦਾ ਮਾਲਕ। ਚਤੁਰਾਂਗਾ = ਚਾਰ ਅੰਗਾਂ ਵਾਲੀ ਫ਼ੌਜ = ਹਾਥੀ, ਰਥ, ਘੋੜੇ, ਪੈਦਲ। ਸੰਗਿ = ਨਾਲ। ਕਛੂਐ = ਕੁਝ ਭੀ। ਸਿਧਾਇਓ = ਤੁਰ ਪਿਆ।੩।

ਪ੍ਰਿਅ = ਪਿਆਰੇ। ਤਾ ਕੈ = ਉਹਨਾਂ ਦੀ ਸੰਗਤਿ ਵਿਚ। ਗਾਈਐ = ਗਾਣਾ ਚਾਹੀਦਾ ਹੈ। ਈਹਾ = ਇਸ ਲੋਕ ਵਿਚ। ਆਗੈ = ਪਰਲੋਕ ਵਿਚ। ਊਜਲ = ਰੌਸ਼ਨ। ਕੈ ਸੰਗਿ = ਦੇ ਨਾਲ, ਦੀ ਸੰਗਤਿ ਵਿਚ।੪।

ਅਰਥ: ਹੇ ਭਾਈ! ਕੋਈ ਵਿਰਲਾ ਮਨੁੱਖ ਜਾਣਦਾ ਹੈ (ਕਿ) ਇਥੇ ਜਗਤ ਵਿਚ (ਅਸਲੀ) ਮਿੱਤਰ ਕੌਣ ਹੈ। ਜਿਸ ਮਨੁੱਖ ਉੱਤੇ (ਪਰਮਾਤਮਾ) ਦਇਆਵਾਨ ਹੁੰਦਾ ਹੈ, ਉਹੀ ਮਨੁੱਖ ਇਸ ਗੱਲ ਨੂੰ ਸਮਝਦਾ ਹੈ, (ਫਿਰ) ਉਸ ਮਨੁੱਖ ਦੀ ਜੀਵਨਿ-ਜੁਗਤਿ ਪਵਿੱਤ੍ਰ ਹੋ ਜਾਂਦੀ ਹੈ।੧।ਰਹਾਉ।

ਹੇ ਭਾਈ! ਮਾਂ ਪਿਉਇਸਤ੍ਰੀ, ਪੁੱਤਰ, ਰਿਸ਼ਤੇਦਾਰ, ਪਿਆਰੇ ਮਿੱਤਰ ਅਤੇ ਭਰਾ-ਇਹ ਸਾਰੇ ਪਹਿਲੇ ਜਨਮਾਂ ਦੇ ਸੰਜੋਗਾਂ ਕਰਕੇ (ਇਥੇਮਿਲ ਪਏ ਹਨ। ਅਖ਼ੀਰ ਵੇਲੇ ਇਹਨਾਂ ਵਿਚੋਂ ਕੋਈ ਭੀ ਸਾਥੀ ਨਹੀਂ ਬਣਦਾ।੧।

ਹੇ ਭਾਈ! ਮੋਤੀਆਂ ਦੀ ਮਾਲਾ, ਸੋਨਾ, ਲਾਲ, ਹੀਰੇ, ਮਨ ਨੂੰ ਖ਼ੁਸ਼ ਕਰਨ ਵਾਲੀ ਮਾਇਆ-ਇਹਨਾਂ ਵਿਚ (ਲੱਗਿਆਂ) ਸਾਰੀ ਉਮਰ 'ਹਾਇ, ਹਾਇਕਰਦਿਆਂ ਗੁਜ਼ਰ ਜਾਂਦੀ ਹੈ, ਮਨ ਨਹੀਂ ਰੱਜਦਾ।੨।

ਹੇ ਭਾਈ! ਹਾਥੀ, ਰਥ, ਹਵਾ ਦੇ ਵੇਗ ਵਰਗੇ ਘੋੜੇ (ਹੋਣ) , ਧਨਾਢ ਹੋਵੇ, ਜ਼ਿਮੀ ਦਾ ਮਾਲਕ ਹੋਵੇ, ਚਾਰ ਕਿਸਮ ਦੀ ਫ਼ੌਜ ਦਾ ਮਾਲਕ ਹੋਵੇ-ਇਹਨਾਂ ਵਿਚੋਂ (ਭੀ) ਕੋਈ ਚੀਜ਼ ਭੀ ਨਾਲ ਨਹੀਂ ਜਾਂਦੀ, (ਇਹਨਾਂ ਦਾ ਮਾਲਕ ਮਨੁੱਖ ਇਥੋਂ) ਨੰਗਾ ਹੀ ਉੱਠ ਕੇ ਤੁਰ ਪੈਂਦਾ ਹੈ।੩।

ਹੇ ਨਾਨਕ! ਪਰਮਾਤਮਾ ਦੇ ਸੰਤ ਜਨ ਪਰਮਾਤਮਾ ਦੇ ਪਿਆਰੇ ਹੁੰਦੇ ਹਨ, ਉਹਨਾਂ ਦੀ ਸੰਗਤਿ ਵਿਚ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ। ਇਸ ਲੋਕ ਵਿਚ ਸੁਖ ਮਿਲਦਾ ਹੈ, ਪਰਲੋਕ ਵਿਚ ਸੁਰਖ਼-ਰੂ ਹੋ ਜਾਈਦਾ ਹੈ। (ਪਰ ਇਹ ਦਾਤਿ) ਸੰਤ ਜਨਾਂ ਦੀ ਸੰਗਤਿ ਵਿਚ ਹੀ ਮਿਲਦੀ ਹੈ।੪।੧।

*┈┉┅━❀꧁ੴ꧂❀━┅┉┈*

||ਅੱਜ ਦਾ ਫੁਰਮਾਨ|| ਗੁਰਦੁਆਰਾ ਸ੍ਰੀ ਪੰੰਜੋਖਰਾ ਸਾਹਿਬ ਪਾਤਸ਼ਾਹੀ: ਅੱੱਠਵੀਂ (ਅੰਬਾਲਾ)

ਧਨਾਸਰੀ ਮਹਲਾ ੩ ॥ ਕਾਚਾ ਧਨੁ ਸੰਚਹਿ ਮੂਰਖ ਗਾਵਾਰ ॥ ਮਨਮੁਖ ਭੂਲੇ ਅੰਧ ਗਾਵਾਰ ॥ ਬਿਖਿਆ ਕੈ ਧਨਿ ਸਦਾ ਦੁਖੁ ਹੋਇ ॥ ਨਾ ਸਾਥਿ ਜਾਇ ਨ ਪਰਾਪਤਿ ਹੋਇ ॥੧॥ ਸਾਚਾ ਧਨੁ ਗੁਰਮਤੀ ਪਾਏ ॥ ਕਾਚਾ ਧਨੁ ਫੁਨਿ ਆਵੈ ਜਾਏ ॥ ਰਹਾਉ ॥ ਮਨਮੁਖਿ ਭੂਲੇ ਸਭਿ ਮਰਹਿ ਗਵਾਰ ॥ ਭਵਜਲਿ ਡੂਬੇ ਨ ਉਰਵਾਰਿ ਨ ਪਾਰਿ ॥ ਸਤਿਗੁਰੁ ਭੇਟੇ ਪੂਰੈ ਭਾਗਿ ॥ ਸਾਚਿ ਰਤੇ ਅਹਿਨਿਸਿ ਬੈਰਾਗਿ ॥੨॥ ਚਹੁ ਜੁਗ ਮਹਿ ਅੰਮ੍ਰਿਤੁ ਸਾਚੀ ਬਾਣੀ ॥ ਪੂਰੈ ਭਾਗਿ ਹਰਿ ਨਾਮਿ ਸਮਾਣੀ ॥ ਸਿਧ ਸਾਧਿਕ ਤਰਸਹਿ ਸਭਿ ਲੋਇ ॥ ਪੂਰੈ ਭਾਗਿ ਪਰਾਪਤਿ ਹੋਇ ॥੩॥ ਸਭੁ ਕਿਛੁ ਸਾਚਾ ਸਾਚਾ ਹੈ ਸੋਇ ॥ ਊਤਮ ਬ੍ਰਹਮੁ ਪਛਾਣੈ ਕੋਇ ॥ ਸਚੁ ਸਾਚਾ ਸਚੁ ਆਪਿ ਦ੍ਰਿੜਾਏ ॥ ਨਾਨਕ ਆਪੇ ਵੇਖੈ ਆਪੇ ਸਚਿ ਲਾਏ ॥੪॥੭॥ {ਪੰਨਾ 665}

ਪਦਅਰਥ: ਕਾਚਾ = ਕੱਚਾ, ਟੁੱਟ ਜਾਣ ਵਾਲਾ, ਨਾਸ ਹੋ ਜਾਣ ਵਾਲਾ। ਸੰਚਹਿ = ਇਕੱਠਾ ਕਰਦੇ ਹਨ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਭੂਲੇ = ਕੁਰਾਹੇ ਪਏ ਹੋਏ। ਅੰਧ = (ਮਾਇਆ ਦੇ ਮੋਹ ਵਿਚ) ਅੰਨ੍ਹੇ। ਬਿਖਿਆ = ਮਾਇਆ। ਕੈ ਧਨਿ = ਦੇ ਧਨ ਨਾਲ। ਪਰਾਪਤਿ = ਰਜੇਵਾਂ, ਤਸੱਲੀਸੰਤੋਖ।੧।

ਸਾਚਾ = ਸਦਾ ਕਾਇਮ ਰਹਿਣ ਵਾਲਾ। ਗੁਰਮਤੀ = ਗੁਰੂ ਦੀ ਮਤਿ ਉੱਤੇ ਤੁਰ ਕੇ। ਫੁਨਿ = ਮੁੜ ਮੁੜ। ਆਵੈ = ਮਿਲਦਾ ਹੈ, ਲੱਭਦਾ ਹੈ। ਜਾਏ = ਹੱਥੋਂ ਖੁੱਸ ਜਾਂਦਾ ਹੈ।ਰਹਾਉ।

ਸਭਿ = ਸਾਰੇ। ਮਰਹਿ = ਆਤਮਕ ਜੀਵਨ ਗਵਾ ਲੈਂਦੇ ਹਨ। ਭਵਜਲਿ = ਸੰਸਾਰ = ਸਮੁੰਦਰ ਵਿਚ। ਉਰਵਾਰਿ = ਉਰਲੇ ਬੰਨੇ। ਪਾਰਿ = ਪਾਰਲੇ ਬੰਨੇ। ਭੇਟੇ = ਮਿਲਦਾ ਹੈ। ਭਾਗਿ = ਕਿਸਮਤ ਨਾਲ। ਸਾਚਿ = ਸਦਾ-ਥਿਰ ਹਰਿ = ਨਾਮ ਵਿਚ। ਰਤੇ = ਮਸਤ। ਅਹਿ = ਦਿਨ। ਨਿਸਿ = ਰਾਤ। ਬੈਰਾਗਿ = ਵੈਰਾਗ ਵਿਚ।੨।

ਚਹੁ ਜੁਗ ਮਹਿ = ਚੌਹਾਂ ਜੁਗਾਂ ਵਿਚ, ਸਦਾ ਹੀ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ। ਸਾਚੀ ਬਾਣੀ = ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲੀ ਬਾਣੀ। ਨਾਮਿ = ਨਾਮ ਵਿਚ। ਸਿਧ = ਕਰਾਮਾਤੀ ਜੋਗੀ। ਸਾਧਿਕ = ਸਾਧਨਾਂ ਕਰਨ ਵਾਲੇ। ਸਭਿ = ਸਾਰੇ। ਲੋਇ = ਲੋਕ ਵਿਚ, ਜਗਤ ਵਿਚ।੩।

ਸਭੁ ਕਿਛੁ = ਹਰੇਕ ਚੀਜ਼। ਸਾਚਾ = ਸਦਾ-ਥਿਰ ਰਹਿਣ ਵਾਲਾ ਪ੍ਰਭੂ। ਸੋਇ = ਉਹ (ਪ੍ਰਭੂ) ਹੀ। ਕੋਇ = ਕੋਈ ਵਿਰਲਾ ਮਨੁੱਖ। ਪਛਾਣੈ = ਸਾਂਝ ਪਾਂਦਾ ਹੈ। ਸਚੁ ਸਾਚਾ = ਸਦਾ ਕਾਇਮ ਰਹਿਣ ਵਾਲਾ ਪਰਮਾਤਮਾ। ਸਚੁ = ਸਦਾ-ਥਿਰ ਹਰਿ = ਨਾਮ। ਦ੍ਰਿੜਾਏ = (ਹਿਰਦੇ ਵਿਚਪੱਕਾ ਕਰਦਾ ਹੈ। ਆਪੇ = ਆਪ ਹੀ। ਵੇਖੈ = ਸੰਭਾਲ ਕਰਦਾ ਹੈ। ਸਚਿ = ਸਦਾ-ਥਿਰ ਨਾਮ ਵਿਚ।੪।

ਅਰਥ: ਜੇਹੜਾ ਮਨੁੱਖ ਗੁਰੂ ਦੀ ਮਤਿ ਉਤੇ ਤੁਰਦਾ ਹੈ, ਉਹ ਸਦਾ ਕਾਇਮ ਰਹਿਣ ਵਾਲਾ ਹਰਿ-ਨਾਮ-ਧਨ ਹਾਸਲ ਕਰ ਲੈਂਦਾ ਹੈ। (ਪਰ ਦੁਨੀਆ ਵਾਲਾ) ਨਾਸਵੰਤ ਧਨ ਕਦੇ ਮਨੁੱਖ ਨੂੰ ਮਿਲ ਜਾਂਦਾ ਹੈ ਕਦੇ ਹੱਥੋਂ ਨਿਕਲ ਜਾਂਦਾ ਹੈ।ਰਹਾਉ।

ਹੇ ਭਾਈ! ਮੂਰਖ ਅੰਞਾਣ ਲੋਕ (ਸਿਰਫ਼ ਦੁਨੀਆ ਵਾਲਾ) ਨਾਸਵੰਤ ਧਨ (ਹੀ) ਜੋੜਦੇ ਰਹਿੰਦੇ ਹਨ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ, ਮਾਇਆ ਦੇ ਮੋਹ ਵਿਚ ਅੰਨ੍ਹੇ ਹੋਏ ਹੋਏ ਮਨੁੱਖ ਕੁਰਾਹੇ ਪਏ ਰਹਿੰਦੇ ਹਨ। ਹੇ ਭਾਈ! ਮਾਇਆ ਦੇ ਧਨ ਨਾਲ ਸਦਾ ਦੁੱਖ (ਹੀ) ਮਿਲਦਾ ਹੈ। ਇਹ ਧਨ ਨਾਹ ਹੀ ਮਨੁੱਖ ਦੇ ਨਾਲ ਜਾਂਦਾ ਹੈ, ਅਤੇ, ਨਾਹ ਹੀ (ਇਸ ਨੂੰ ਜੋੜ ਜੋੜ ਕੇ) ਸੰਤੋਖ ਪ੍ਰਾਪਤ ਹੁੰਦਾ ਹੈ।੧।

ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮੂਰਖ ਮਨੁੱਖ (ਮਾਇਆ ਦੇ ਮੋਹ ਦੇ ਕਾਰਨ) ਕੁਰਾਹੇ ਪੈ ਕੇ ਸਭ ਆਤਮਕ ਮੌਤ ਸਹੇੜ ਲੈਂਦੇ ਹਨ, ਸੰਸਾਰ-ਸਮੁੰਦਰ ਵਿਚ ਡੁੱਬ ਜਾਂਦੇ ਹਨ, ਨਾਹ ਉਰਲੇ ਬੰਨੇ ਰਹਿੰਦੇ ਹਨ, ਨਾਹ ਪਾਰਲੇ ਬੰਨੇ (ਨਾਹ ਇਹ ਮਾਇਆ ਸਾਥ ਤੋੜ ਨਿਬਾਹੁੰਦੀ ਹੈ, ਨਾਹ ਨਾਮ-ਧਨ ਜੋੜਿਆ ਹੁੰਦਾ ਹੈ। ਜਿਨ੍ਹਾਂ ਮਨੁੱਖਾਂ ਨੂੰ ਪੂਰੀ ਕਿਸਮਤ ਨਾਲ ਗੁਰੂ ਮਿਲ ਪੈਂਦਾ ਹੈ ਉਹ ਦਿਨ ਰਾਤ (ਹਰ ਵੇਲੇ) ਸਦਾ-ਥਿਰ ਹਰਿ-ਨਾਮ ਵਿਚ ਮਗਨ ਰਹਿੰਦੇ ਹਨ (ਨਾਮ ਦੀ ਬਰਕਤਿ ਨਾਲ ਮਾਇਆ ਵਲੋਂ) ਉਪਰਾਮਤਾ ਵਿਚ ਟਿਕੇ ਰਹਿੰਦੇ ਹਨ।੨।

ਹੇ ਭਾਈ! ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲੀ ਗੁਰਬਾਣੀ ਸਦਾ ਹੀ ਆਤਮਕ ਜੀਵਨ ਦੇਣ ਵਾਲਾ ਨਾਮ-ਜਲ (ਵੰਡਦੀ ਹੈ) , ਪੂਰੀ ਕਿਸਮਤ ਨਾਲ (ਮਨੁੱਖ ਇਸ ਬਾਣੀ ਦੀ ਬਰਕਤਿ ਨਾਲ) ਪਰਮਾਤਮਾ ਦੇ ਨਾਮ ਵਿਚ ਲੀਨ ਹੋ ਜਾਂਦਾ ਹੈ। ਹੇ ਭਾਈ! ਕਰਾਮਾਤੀ ਜੋਗੀ ਤੇ ਸਾਧਨਾਂ ਕਰਨ ਵਾਲੇ ਜੋਗੀ ਸਾਰੇ ਹੀ ਜਗਤ ਵਿਚ (ਇਸ ਬਾਣੀ ਦੀ ਖ਼ਾਤਰ) ਤਰਲੇ ਲੈਂਦੇ ਹਨ, ਪਰ ਪੂਰੀ ਕਿਸਮਤ ਨਾਲ ਹੀ ਮਿਲਦੀ ਹੈ।੩।

ਹੇ ਭਾਈ! ਜੇਹੜਾ ਕੋਈ ਵਿਰਲਾ ਮਨੁੱਖ ਪਵਿੱਤ੍ਰ-ਸਰੂਪ ਪਰਮਾਤਮਾ ਨਾਲ ਸਾਂਝ ਪਾਂਦਾ ਹੈ ਉਸ ਨੂੰ ਹਰੇਕ ਸ਼ੈ ਉਸ ਸਦਾ-ਥਿਰ ਪ੍ਰਭੂ ਦਾ ਰੂਪ ਦਿੱਸਦੀ ਹੈ, ਉਸ ਨੂੰ ਹਰ ਥਾਂ ਉਹ ਸਦਾ-ਥਿਰ ਪ੍ਰਭੂ ਹੀ ਵੱਸਦਾ ਦਿੱਸਦਾ ਹੈ। ਹੇ ਨਾਨਕ! ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਆਪਣਾ ਸਦਾ-ਥਿਰ ਨਾਮ ਆਪ ਹੀ (ਮਨੁੱਖ ਦੇ ਹਿਰਦੇ ਵਿਚ) ਪੱਕਾ ਕਰਦਾ ਹੈ। ਉਹ ਆਪ ਹੀ (ਸਭ ਦੀ) ਸੰਭਾਲ ਕਰਦਾ ਹੈ, ਤੇ, ਆਪ ਹੀ (ਜੀਵਾਂ ਨੂੰ) ਆਪਣੇ ਸਦਾ-ਥਿਰ ਨਾਮ ਵਿਚ ਜੋੜਦਾ ਹੈ।੪।੭।

*┈┉┅━❀꧁ੴ꧂❀━┅┉┈*

||ਅੱਜ ਦਾ ਫੁਰਮਾਨ|| ਗੁਰਦੁਆਰਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ, ਸ਼ਹੀਦ ਗੰਜ ਸਾਹਿਬ, ਅੰਮ੍ਰਿਤਸਰ ||

ਸਲੋਕੁ ਮਃ ੩ ॥ ਮਾਇਆ ਮਮਤਾ ਮੋਹਣੀ ਜਿਨਿ ਵਿਣੁ ਦੰਤਾ ਜਗੁ ਖਾਇਆ ॥ ਮਨਮੁਖ ਖਾਧੇ ਗੁਰਮੁਖਿ ਉਬਰੇ ਜਿਨੀ ਸਚਿ ਨਾਮਿ ਚਿਤੁ ਲਾਇਆ ॥ {ਪੰਨਾ 643}

ਪਦਅਰਥ: ਜਿਨਿ = ਜਿਸ (ਮਾਇਆ ਦੀ ਅਪਣੱਤ) ਨੇ।

{ਨੋਟ: 'ਮਾਇਆਤੇ 'ਮਮਤਾਦੋ ਵੱਖੋ ਵੱਖ ਚੀਜ਼ਾਂ ਨਹੀਂ ਲੈਣੀਆਂਲਫ਼ਜ਼ 'ਜਿਨਿ' (=ਜਿਸ ਨੇ) 'ਇਕ-ਵਚਨਹੈ।

ਅਰਥ: ਮਾਇਆ ਦੀ ਅਪਣੱਤ (ਭਾਵ, ਇਹ ਖ਼ਿਆਲ ਕਿ ਏਹ ਸ਼ੈ ਮੇਰੀ ਹੈ, ਇਹ ਧਨ ਮੇਰਾ ਹੈ,) ਮਨ ਨੂੰ ਮੋਹਣ ਵਾਲੀ ਹੈ, ਇਸ ਨੇ ਸੰਸਾਰ ਨੂੰ ਬਿਨਾਂ ਦੰਦਾਂ ਤੋਂ ਹੀ ਖਾ ਲਿਆ ਹੈ (ਭਾਵ, ਸਮੂਲਚਾ ਹੀ ਨਿਗਲ ਲਿਆ ਹੈ) , ਮਨਮੁਖ (ਇਸ 'ਮਮਤਾਵਿਚ) ਗ੍ਰਸੇ ਗਏ ਹਨ, ਤੇ ਜਿਨ੍ਹਾਂ ਗੁਰਮੁਖਾਂ ਨੇ ਸੱਚੇ ਨਾਮ ਵਿਚ ਚਿੱਤ ਜੋੜਿਆ ਹੈ ਉਹ ਬਚ ਗਏ ਹਨ।

ਬਿਨੁ ਨਾਵੈ ਜਗੁ ਕਮਲਾ ਫਿਰੈ ਗੁਰਮੁਖਿ ਨਦਰੀ ਆਇਆ ॥ ਧੰਧਾ ਕਰਤਿਆ ਨਿਹਫਲੁ ਜਨਮੁ ਗਵਾਇਆ ਸੁਖਦਾਤਾ ਮਨਿ ਨ ਵਸਾਇਆ ॥ {ਪੰਨਾ 643}

ਅਰਥ: ਸਤਿਗੁਰੂ ਦੇ ਸਨਮੁਖ ਹੋ ਕੇ ਇਹ ਦਿੱਸ ਪੈਂਦਾ ਹੈ ਕਿ ਸੰਸਾਰ ਨਾਮ ਤੋਂ ਬਿਨਾ ਕਮਲਾ ਹੋਇਆ ਭਟਕਦਾ ਹੈ, ਮਾਇਆ ਦੇ ਕਜ਼ੀਏ ਕਰਦਿਆਂ ਮਨੁੱਖਾ ਜਨਮ ਨਿਸਫਲ ਗਵਾ ਲੈਂਦਾ ਹੈ ਤੇ ਸੁਖਦਾਤਾ ਨਾਮ ਮਨ ਵਿਚ ਨਹੀਂ ਵਸਾਉਂਦਾ।

ਨਾਨਕ ਨਾਮੁ ਤਿਨਾ ਕਉ ਮਿਲਿਆ ਜਿਨ ਕਉ ਧੁਰਿ ਲਿਖਿ ਪਾਇਆ ॥੧॥ {ਪੰਨਾ 644}

ਅਰਥ: (ਪਰ) ਹੇ ਨਾਨਕ! ਨਾਮ ਉਹਨਾਂ ਮਨੁੱਖਾਂ ਨੂੰ ਹੀ ਮਿਲਦਾ ਹੈ ਜਿਨ੍ਹਾਂ ਦੇ ਹਿਰਦੇ ਵਿਚ ਮੁੱਢ ਤੋਂ (ਕੀਤੇ ਕਰਮਾਂ ਦੇ ਅਨੁਸਾਰ) (ਸੰਸਕਾਰ-ਰੂਪ ਲੇਖ) ਉੱਕਰ ਕੇ ਪ੍ਰਭੂ ਨੇ ਰੱਖ ਦਿੱਤਾ ਹੈ।੧।

ਮਃ ੩ ॥ ਘਰ ਹੀ ਮਹਿ ਅੰਮ੍ਰਿਤੁ ਭਰਪੂਰੁ ਹੈ ਮਨਮੁਖਾ ਸਾਦੁ ਨ ਪਾਇਆ ॥ ਜਿਉ ਕਸਤੂਰੀ ਮਿਰਗੁ ਨ ਜਾਣੈ ਭ੍ਰਮਦਾ ਭਰਮਿ ਭੁਲਾਇਆ ॥ ਅੰਮ੍ਰਿਤੁ ਤਜਿ ਬਿਖੁ ਸੰਗ੍ਰਹੈ ਕਰਤੈ ਆਪਿ ਖੁਆਇਆ ॥ {ਪੰਨਾ 644}

ਅਰਥ: (ਨਾਮ-ਰੂਪਅੰਮ੍ਰਿਤ (ਹਰੇਕ ਜੀਵ ਦੇ ਹਿਰਦੇ-ਰੂਪ) ਘਰ ਵਿਚ ਹੀ ਭਰਿਆ ਹੋਇਆ ਹੈ, (ਪਰ) ਮਨਮੁਖਾਂ ਨੂੰ (ਉਸ ਦਾਸੁਆਦ ਨਹੀਂ ਆਉਂਦਾ। ਜਿਵੇਂ ਹਰਨ (ਆਪਣੀ ਨਾਭੀ ਵਿਚ) ਕਸਤੂਰੀ ਨਹੀਂ ਸਮਝਦਾ ਤੇ ਭਰਮ ਵਿਚ ਭੁਲਾਇਆ ਹੋਇਆ ਭਟਕਦਾ ਹੈ, ਤਿਵੇਂ ਮਨਮੁਖ ਨਾਮ-ਅੰਮ੍ਰਿਤ ਨੂੰ ਛੱਡ ਕੇ ਵਿਹੁ ਨੂੰ ਇਕੱਠਾ ਕਰਦਾ ਹੈ, (ਪਰ ਉਸ ਦੇ ਭੀ ਕੀਹ ਵੱਸ?) ਕਰਤਾਰ ਨੇ (ਉਸ ਦੇ ਪਿਛਲੇ ਕੀਤੇ ਅਨੁਸਾਰ) ਉਸ ਨੂੰ ਆਪ ਖੁੰਝਾਇਆ ਹੋਇਆ ਹੈ।

ਗੁਰਮੁਖਿ ਵਿਰਲੇ ਸੋਝੀ ਪਈ ਤਿਨਾ ਅੰਦਰਿ ਬ੍ਰਹਮੁ ਦਿਖਾਇਆ ॥ ਤਨੁ ਮਨੁ ਸੀਤਲੁ ਹੋਇਆ ਰਸਨਾ ਹਰਿ ਸਾਦੁ ਆਇਆ ॥ {ਪੰਨਾ 644}

ਅਰਥ: ਵਿਰਲੇ ਗੁਰਮੁਖਾਂ ਨੂੰ ਸਮਝ ਪੈਂਦੀ ਹੈ, ਉਹਨਾਂ ਨੂੰ ਹਿਰਦੇ ਵਿਚ ਹੀ (ਪਰਮਾਤਮਾ ਦਿੱਸ ਪੈਂਦਾ ਹੈਉਹਨਾਂ ਦਾ ਮਨ ਤੇ ਸਰੀਰ ਠੰਢੇ-ਠਾਰ ਹੋ ਜਾਂਦੇ ਹਨ ਤੇ ਜੀਭ ਨਾਲ (ਜਪ ਕੇ) ਉਹਨਾਂ ਨੂੰ ਨਾਮ ਦਾ ਸੁਆਦ ਆ ਜਾਂਦਾ ਹੈ।

ਸਬਦੇ ਹੀ ਨਾਉ ਊਪਜੈ ਸਬਦੇ ਮੇਲਿ ਮਿਲਾਇਆ ॥ ਬਿਨੁ ਸਬਦੈ ਸਭੁ ਜਗੁ ਬਉਰਾਨਾ ਬਿਰਥਾ ਜਨਮੁ ਗਵਾਇਆ ॥ {ਪੰਨਾ 644}

ਅਰਥ: ਸਤਿਗੁਰੂ ਦੇ ਸ਼ਬਦ ਨਾਲ ਹੀ ਨਾਮ (ਦਾ ਅੰਗੂਰ ਹਿਰਦੇ ਵਿਚ) ਉੱਗਦਾ ਹੈ ਤੇ ਸ਼ਬਦ ਦੀ ਰਾਹੀਂ ਹੀ ਹਰੀ ਨਾਲ ਮੇਲ ਹੁੰਦਾ ਹੈਸ਼ਬਦ ਤੋਂ ਬਿਨਾ ਸਾਰਾ ਸੰਸਾਰ ਪਾਗਲ ਹੋਇਆ ਪਿਆ ਹੈ ਤੇ ਮਨੁੱਖਾ ਜਨਮ ਵਿਅਰਥ ਗਵਾਉਂਦਾ ਹੈ।

ਅੰਮ੍ਰਿਤੁ ਏਕੋ ਸਬਦੁ ਹੈ ਨਾਨਕ ਗੁਰਮੁਖਿ ਪਾਇਆ ॥੨॥ {ਪੰਨਾ 644}

ਅਰਥ: ਹੇ ਨਾਨਕ! ਗੁਰੂ ਦਾ ਇਕ ਸ਼ਬਦ ਹੀ ਆਤਮਕ ਜੀਵਨ ਦੇਣ ਵਾਲਾ ਜਲ ਹੈ ਜੋ ਸਤਿਗੁਰੂ ਦੇ ਸਨਮੁਖ ਮਨੁੱਖ ਨੂੰ ਮਿਲਦਾ ਹੈ।੨।

ਪਉੜੀ ॥ ਸੋ ਹਰਿ ਪੁਰਖੁ ਅਗੰਮੁ ਹੈ ਕਹੁ ਕਿਤੁ ਬਿਧਿ ਪਾਈਐ ॥ ਤਿਸੁ ਰੂਪੁ ਨ ਰੇਖ ਅਦ੍ਰਿਸਟੁ ਕਹੁ ਜਨ ਕਿਉ ਧਿਆਈਐ ॥ ਨਿਰੰਕਾਰੁ ਨਿਰੰਜਨੁ ਹਰਿ ਅਗਮੁ ਕਿਆ ਕਹਿ ਗੁਣ ਗਾਈਐ ॥ {ਪੰਨਾ 644}

ਅਰਥ: ਹੇ ਭਾਈ! ਦੱਸ ਉਹ ਹਰੀ, ਜੋ ਅਗੰਮ ਪੁਰਖ ਹੈ, ਕਿਸ ਤਰ੍ਹਾਂ ਮਿਲ ਸਕਦਾ ਹੈਉਸ ਦਾ ਕੋਈ ਰੂਪ ਨਹੀਂ, ਕੋਈ ਰੇਖ ਨਹੀਂ, ਦਿੱਸਦਾ ਭੀ ਨਹੀਂ, ਉਸ ਨੂੰ ਕਿਵੇਂ ਸਿਮਰੀਏਸ਼ਕਲ ਤੋਂ ਬਿਨਾ ਹੈ, ਮਾਇਆ ਤੋਂ ਰਹਿਤ ਹੈ, ਪਹੁੰਚ ਤੋਂ ਪਰੇ ਹੈ, ਸੋ, ਕੀਹ ਆਖ ਕੇ ਉਸ ਦੀ ਸਿਫ਼ਤਿ-ਸਾਲਾਹ ਕਰੀਏ?

ਜਿਸੁ ਆਪਿ ਬੁਝਾਏ ਆਪਿ ਸੁ ਹਰਿ ਮਾਰਗਿ ਪਾਈਐ ॥ ਗੁਰਿ ਪੂਰੈ ਵੇਖਾਲਿਆ ਗੁਰ ਸੇਵਾ ਪਾਈਐ ॥੪॥ {ਪੰਨਾ 644}

ਪਦਅਰਥ: ਮਾਰਗਿ = ਰਸਤੇ ਤੇ। ਗੁਰ ਸੇਵਾ = ਗੁਰੂ ਦੀ ਦੱਸੀ ਕਾਰ।

ਅਰਥ: ਜਿਸ ਮਨੁੱਖ ਨੂੰ ਆਪ ਪ੍ਰਭੂ ਸਮਝ ਦੇਂਦਾ ਹੈ ਉਹ ਪ੍ਰਭੂ ਦੇ ਰਾਹ ਤੇ ਤੁਰਦਾ ਹੈਪੂਰੇ ਗੁਰੂ ਨੇ ਹੀ ਉਸ ਦਾ ਦੀਦਾਰ ਕਰਾਇਆ ਹੈ, ਗੁਰੂ ਦੀ ਦੱਸੀ ਕਾਰ ਕੀਤਿਆਂ ਹੀ ਉਹ ਮਿਲਦਾ ਹੈ।੪।

*┈┉┅━❀꧁ੴ꧂❀━┅┉┈*

||ਅੱਜ ਦਾ ਫੁਰਮਾਨ|| ਗੁਰਦੁਆਰਾ ਸ਼੍ਰੀ ਕੰਧ ਸਾਹਿਬ ਬਟਾਲਾ ||

ਸੋਰਠਿ ਮਹਲਾ ੫ ॥ ਗੁਰਿ ਪੂਰੈ ਚਰਨੀ ਲਾਇਆ ॥ ਹਰਿ ਸੰਗਿ ਸਹਾਈ ਪਾਇਆ ॥ ਜਹ ਜਾਈਐ ਤਹਾ ਸੁਹੇਲੇ ॥ ਕਰਿ ਕਿਰਪਾ ਪ੍ਰਭਿ ਮੇਲੇ ॥੧॥ ਹਰਿ ਗੁਣ ਗਾਵਹੁ ਸਦਾ ਸੁਭਾਈ ॥ ਮਨ ਚਿੰਦੇ ਸਗਲੇ ਫਲ ਪਾਵਹੁ ਜੀਅ ਕੈ ਸੰਗਿ ਸਹਾਈ ॥੧॥ ਰਹਾਉ ॥ ਨਾਰਾਇਣ ਪ੍ਰਾਣ ਅਧਾਰਾ ॥ ਹਮ ਸੰਤ ਜਨਾਂ ਰੇਨਾਰਾ ॥ ਪਤਿਤ ਪੁਨੀਤ ਕਰਿ ਲੀਨੇ ॥ ਕਰਿ ਕਿਰਪਾ ਹਰਿ ਜਸੁ ਦੀਨੇ ॥੨॥ ਪਾਰਬ੍ਰਹਮੁ ਕਰੇ ਪ੍ਰਤਿਪਾਲਾ ॥ ਸਦ ਜੀਅ ਸੰਗਿ ਰਖਵਾਲਾ ॥ ਹਰਿ ਦਿਨੁ ਰੈਨਿ ਕੀਰਤਨੁ ਗਾਈਐ ॥ ਬਹੁੜਿ ਨ ਜੋਨੀ ਪਾਈਐ ॥੩॥ ਜਿਸੁ ਦੇਵੈ ਪੁਰਖੁ ਬਿਧਾਤਾ ॥ ਹਰਿ ਰਸੁ ਤਿਨ ਹੀ ਜਾਤਾ ॥ ਜਮਕੰਕਰੁ ਨੇੜਿ ਨ ਆਇਆ ॥ ਸੁਖੁ ਨਾਨਕ ਸਰਣੀ ਪਾਇਆ ॥੪॥੯॥੫੯॥ {ਪੰਨਾ 623}

ਪਦਅਰਥ: ਗੁਰਿ ਪੂਰੈ = ਪੂਰੇ ਗੁਰੂ ਨੇ। ਸੰਗਿ = (ਆਪਣੇ) ਨਾਲ। ਸਹਾਈ = ਮਦਦਗਾਰ, ਸਾਥੀ। ਜਹ = ਜਿੱਥੇ। ਸੁਹੇਲੇ = ਸੁਖੀ। ਪ੍ਰਭਿ = ਪ੍ਰਭੂ ਨੇ।੧।

ਸੁਭਾਈ = ਸੁਭਾਇ, ਪਿਆਰ ਨਾਲ। ਮਨਚਿੰਦੇ = ਮਨ = ਇੱਛਤ, ਮਨ = ਮੰਗੇ। ਸਗਲੇ = ਸਾਰੇ। ਜੀਅ ਕੈ ਸੰਗਿ = ਜਿੰਦ ਦੇ ਨਾਲ।੧।ਰਹਾਉ।

ਹਮ = ਅਸੀ, ਮੈਂ। ਰੇਨਾਰਾ = ਰੇਣ, ਚਰਨ = ਧੂੜ। ਅਧਾਰਾ = ਆਸਰਾ। ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ। ਪੁਨੀਤ = ਪਵਿਤ੍ਰ। ਜਸੁ = ਸਿਫ਼ਤਿ-ਸਾਲਾਹ।੨।

ਸਦ = ਸਦਾ। ਰੈਨਿ = ਰਾਤ। ਬਹੁੜਿ = ਮੁੜ।੩।

ਬਿਧਾਤਾ = ਕਰਤਾਰ, ਰਚਨਹਾਰ। ਰਸੁ = ਸੁਆਦ। ਤਿਨ ਹੀ = ਤਿਨਿ ਹੀ, ਉਸ ਮਨੁੱਖ ਨੇ ਹੀ {ਲਫ਼ਜ਼ 'ਤਿਨਿਦੀ 'ਿਕ੍ਰਿਆ ਵਿਸ਼ਸ਼ੇਣ 'ਹੀਦੇ ਕਾਰਨ ਉੱਡ ਗਈ ਹੈ}। ਜਮ ਕੰਕਰੁ = {ਕਿੰਕਰੁ = किंकरਜਮ ਦਾ ਸੇਵਕ, ਜਮ = ਦੂਤ।੪।

ਅਰਥ: ਹੇ ਭਾਈ! ਸਦਾ ਪਿਆਰ ਨਾਲ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੇ ਰਿਹਾ ਕਰੋ। (ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ) ਮਨ-ਮੰਗੇ ਫਲ (ਪ੍ਰਭੂ ਦੇ ਦਰ ਤੋਂ) ਪ੍ਰਾਪਤ ਕਰਦੇ ਰਹੋਗੇ, ਪਰਮਾਤਮਾ ਜਿੰਦ ਦੇ ਨਾਲ (ਵੱਸਦਾ) ਸਾਥੀ (ਪ੍ਰਤੀਤ ਹੁੰਦਾ ਰਹੇਗਾ੧।ਰਹਾਉ।

(ਹੇ ਭਾਈ! ਜਿਸ ਮਨੁੱਖ ਨੂੰ) ਪੂਰੇ ਗੁਰੂ ਨੇ (ਪਰਮਾਤਮਾ ਦੇਚਰਨਾਂ ਵਿਚ ਜੋੜ ਦਿੱਤਾ, ਉਸ ਨੇ ਉਹ ਪਰਮਾਤਮਾ ਲੱਭ ਲਿਆ ਜੋ ਹਰ ਵੇਲੇ ਅੰਗ-ਸੰਗ ਵੱਸਦਾ ਹੈ, ਤੇ, (ਜਿੰਦ ਦਾ) ਮਦਦਗਾਰ ਹੈ। (ਜੇ ਪ੍ਰਭੂ-ਚਰਨਾਂ ਵਿਚ ਜੁੜੇ ਰਹੀਏ, ਤਾਂ) ਜਿੱਥੇ ਭੀ ਜਾਈਏ, ਉਥੇ ਹੀ ਸੁਖੀ ਰਹਿ ਸਕੀਦਾ ਹੈ (ਪਰ ਜਿਨ੍ਹਾਂ ਨੂੰ ਚਰਨਾਂ ਵਿਚ ਮਿਲਾਇਆ ਹੈ) ਪ੍ਰਭੂ ਨੇ (ਆਪ ਹੀ) ਕਿਰਪਾ ਕਰ ਕੇ ਮਿਲਾਇਆ ਹੈ।੧।

ਹੇ ਭਾਈ! ਮੈਂ ਤਾਂ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣਿਆ ਰਹਿੰਦਾ ਹਾਂ, (ਸੰਤ ਜਨਾਂ ਦੀ ਕਿਰਪਾ ਨਾਲ) ਪਰਮਾਤਮਾ ਜਿੰਦ ਦਾ ਆਸਰਾ (ਪ੍ਰਤੀਤ ਹੁੰਦਾ ਰਹਿੰਦਾ ਹੈ। ਸੰਤ ਜਨ ਕਿਰਪਾ ਕਰ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਦਾਤਿ ਦੇਂਦੇ ਹਨ, (ਅਤੇ ਇਸ ਤਰ੍ਹਾਂ) ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ (ਭੀ) ਪਵਿਤ੍ਰ ਜੀਵਨ ਵਾਲਾ ਬਣਾ ਲੈਂਦੇ ਹਨ।੨।

ਹੇ ਭਾਈ! ਦਿਨ ਰਾਤ (ਹਰ ਵੇਲੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦੇ ਰਹਿਣਾ ਚਾਹੀਦਾ ਹੈ, (ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ) ਮੁੜ ਜਨਮ ਮਰਨ ਦੇ ਗੇੜ ਵਿਚ ਨਹੀਂ ਪਈਦਾ। ਪਰਮਾਤਮਾ ਆਪ (ਸਿਫ਼ਤਿ-ਸਾਲਾਹ ਕਰਨ ਵਾਲਿਆਂ ਦੀਰਾਖੀ ਕਰਦਾ ਹੈ, ਸਦਾ ਉਹਨਾਂ ਦੀ ਜਿੰਦ ਦੇ ਨਾਲ ਰਾਖਾ ਬਣਿਆ ਰਹਿੰਦਾ ਹੈ।੩।

(ਪਰ,) ਹੇ ਨਾਨਕ! ਉਸ ਮਨੁੱਖ ਨੇ ਹੀ ਪਰਮਾਤਮਾ ਦੇ ਨਾਮ ਦਾ ਸੁਆਦ ਸਮਝਿਆ ਹੈ (ਕਦਰ ਜਾਣੀ ਹੈ) , ਜਿਸ ਨੂੰ ਸਿਰਜਣਹਾਰ ਸਰਬ-ਵਿਆਪਕ ਪ੍ਰਭੂ ਆਪ (ਇਹ ਦਾਤਿ) ਦੇਂਦਾ ਹੈ। ਪਰਮਾਤਮਾ ਦੀ ਸ਼ਰਨ ਪਿਆ ਰਹਿ ਕੇ ਉਹ ਆਤਮਕ ਆਨੰਦ ਮਾਣਦਾ ਰਹਿੰਦਾ ਹੈ। ਜਮ-ਦੂਤ ਭੀ ਉਸ ਦੇ ਨੇੜੇ ਨਹੀਂ ਢੁਕਦਾ।੪।੯।੫੯।

*┈┉┅━❀꧁ੴ꧂❀━┅┉┈*


*ਗੱਜ-ਵੱਜ ਕੇ ਫਤਹਿ ਬੁਲਾਓ ਜੀ !!*
*ਵਾਹਿਗੁਰੂ ਜੀ ਕਾ ਖਾਲਸਾ !!*
*ਵਾਹਿਗੁਰੂ ਜੀ ਕੀ ਫਤਹਿ ਜੀ !!*

*┈┉┅━❀꧁ੴ꧂❀━┅┉┈*

No comments:

Post a Comment

Live Gurbani

ਰੋਜ਼ਾਨਾ ਹੁਕਮਨਾਮਾ ਸਾਹਿਬ

     * ਹੁਕਮਨਾਮਾ ਸਾਹਿਬ ਜੀ ਪੜ੍ਹਨ ਵੇਲੇ ਆਪਣੇ ਸਿਰ ਨੂੰ ਢਕ ਕੇ ਅਤੇ ਆਪਣੇ ਬੂਟ/ਚੱਪਲ ਉਤਾਰ ਕੇ ਪੜ੍ਹਨ ਦੀ ਖੇਚਲ ਕਰੋ ਜੀ * *┈┉┅━❀꧁ੴ꧂❀━┅┉┈* ||ਅੱਜ ਦਾ ਫੁਰਮਾਨ|| ਸ਼...

Live kirtan

Click on the play button to play a sound:

Popular Posts