
ਧਨਾਸਰੀ ਮਹਲਾ ੫ ॥ ਜਾ ਕਉ ਹਰਿ ਰੰਗੁ ਲਾਗੋ ਇਸੁ ਜੁਗ ਮਹਿ ਸੋ ਕਹੀਅਤ ਹੈ ਸੂਰਾ ॥ ਆਤਮ ਜਿਣੈ ਸਗਲ ਵਸਿ ਤਾ ਕੈ ਜਾ ਕਾ ਸਤਿਗੁਰੁ ਪੂਰਾ ॥੧॥ ਠਾਕੁਰੁ ਗਾਈਐ ਆਤਮ ਰੰਗਿ ॥ ਸਰਣੀ ਪਾਵਨ ਨਾਮ ਧਿਆਵਨ ਸਹਜਿ ਸਮਾਵਨ ਸੰਗਿ ॥੧॥ ਰਹਾਉ ॥ ਜਨ ਕੇ ਚਰਨ ਵਸਹਿ ਮੇਰੈ ਹੀਅਰੈ ਸੰਗਿ ਪੁਨੀਤਾ ਦੇਹੀ ॥ ਜਨ ਕੀ ਧੂਰਿ ਦੇਹੁ ਕਿਰਪਾ ਨਿਧਿ ਨਾਨਕ ਕੈ ਸੁਖੁ ਏਹੀ ॥੨॥੪॥੩੫॥ {ਪੰਨਾ 679-680}
ਪਦਅਰਥ: ਜਾ ਕਉ = ਜਿਸ (ਮਨੁੱਖ) ਨੂੰ। ਰੰਗੁ = ਪ੍ਰੇਮ। ਇਸੁ ਜੁਗ ਮਹਿ = ਇਸ ਜਗਤ ਵਿਚ। ਸੂਰਾ = ਸੂਰਮਾ। ਆਤਮੁ = ਆਪਣੇ ਆਪ ਨੂੰ, ਆਪਣੇ ਮਨ ਨੂੰ। ਜਿਣੈ = ਜਿੱਤ ਲੈਂਦਾ ਹੈ। ਵਸਿ = ਵੱਸ ਵਿਚ। ਤਾ ਕੈ ਵਸਿ = ਉਸ ਦੇ ਵੱਸ ਵਿਚ।੧।
ਆਤਮ ਰੰਗਿ = ਦਿਲੀ ਪਿਆਰ ਨਾਲ। ਗਾਈਐ = ਗਾਣਾ ਚਾਹੀਦਾ ਹੈ। ਸਹਜਿ = ਆਤਮਕ ਅਡੋਲਤਾ ਵਿਚ। ਸੰਗਿ = ਨਾਲ।੧।ਰਹਾਉ।
ਵਸਹਿ = ਵੱਸ ਪੈਣ। ਮੇਰੈ ਹੀਅਰੈ = ਮੇਰੇ ਹਿਰਦੇ ਵਿਚ। ਪੁਨੀਤਾ = ਪਵਿਤ੍ਰ। ਦੇਹੀ = ਸਰੀਰ। ਕਿਰਪਾ ਨਿਧਿ = ਹੇ ਕਿਰਪਾ ਦੇ ਖ਼ਜ਼ਾਨੇ! ਨਾਨਕ ਕੈ = ਨਾਨਕ ਦੇ ਹਿਰਦੇ ਵਿਚ।੨।
ਅਰਥ: ਹੇ ਭਾਈ! ਦਿਲ ਦੇ ਪਿਆਰ ਨਾਲ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ। ਉਸ ਪਰਮਾਤਮਾ ਦੀ ਸਰਨ ਵਿਚ ਟਿਕੇ ਰਹਿਣਾ, ਉਸ ਦਾ ਨਾਮ ਸਿਮਰਨਾ-ਇਸ ਤਰੀਕੇ ਨਾਲ ਆਤਮਕ ਅਡੋਲਤਾ ਵਿਚ ਟਿਕ ਕੇ ਉਸ ਵਿਚ ਲੀਨ ਹੋ ਜਾਈਦਾ ਹੈ।੧।ਰਹਾਉ।
ਹੇ ਭਾਈ! ਇਸ ਜਗਤ ਵਿਚ ਉਹ ਮਨੁੱਖ ਸੂਰਮਾ ਆਖਿਆ ਜਾਂਦਾ ਹੈ ਜਿਸ ਨੂੰ (ਜਿਸ ਦੇ ਹਿਰਦੇ ਵਿਚ) ਪ੍ਰਭੂ ਦਾ ਪਿਆਰ ਪੈਦਾ ਹੋ ਜਾਂਦਾ ਹੈ। ਪੂਰਾ ਗੁਰੂ ਜਿਸ ਮਨੁੱਖ ਦਾ (ਮਦਦਗਾਰ ਬਣ ਜਾਂਦਾ) ਹੈ, ਉਹ ਮਨੁੱਖ ਆਪਣੇ ਮਨ ਨੂੰ ਜਿੱਤ ਲੈਂਦਾ ਹੈ, ਸਾਰੀ (ਸ੍ਰਿਸ਼ਟੀ) ਉਸ ਦੇ ਵੱਸ ਵਿਚ ਆ ਜਾਂਦੀ ਹੈ (ਦੁਨੀਆ ਦਾ ਕੋਈ ਪਦਾਰਥ ਉਸ ਨੂੰ ਮੋਹ ਨਹੀਂ ਸਕਦਾ) ।੧।
ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਜੇ ਤੇਰੇ ਦਾਸਾਂ ਦੇ ਚਰਨ ਮੇਰੇ ਹਿਰਦੇ ਵਿਚ ਵੱਸ ਪੈਣ, ਤਾਂ ਉਹਨਾਂ ਦੀ ਸੰਗਤਿ ਵਿਚ ਮੇਰਾ ਸਰੀਰ ਪਵਿਤ੍ਰ ਹੋ ਜਾਏ। (ਮੇਹਰ ਕਰ, ਮੈਨੂੰ) ਆਪਣੇ ਦਾਸਾਂ ਦੇ ਚਰਨਾਂ ਦੀ ਧੂੜ ਬਖ਼ਸ਼, ਮੈਂ ਨਾਨਕ ਵਾਸਤੇ (ਸਭ ਤੋਂ ਵੱਡਾ) ਇਹੀ ਸੁਖ ਹੈ।੨।੪।੩੫।
ਜੈਤਸਰੀ ਮਹਲਾ ੫ ਘਰੁ ੩ ਦੁਪਦੇ ੴ ਸਤਿਗੁਰ ਪ੍ਰਸਾਦਿ ॥ ਦੇਹੁ ਸੰਦੇਸਰੋ ਕਹੀਅਉ ਪ੍ਰਿਅ ਕਹੀਅਉ ॥ ਬਿਸਮੁ ਭਈ ਮੈ ਬਹੁ ਬਿਧਿ ਸੁਨਤੇ ਕਹਹੁ ਸੁਹਾਗਨਿ ਸਹੀਅਉ ॥੧॥ ਰਹਾਉ ॥ ਕੋ ਕਹਤੋ ਸਭ ਬਾਹਰਿ ਬਾਹਰਿ ਕੋ ਕਹਤੋ ਸਭ ਮਹੀਅਉ ॥ ਬਰਨੁ ਨ ਦੀਸੈ ਚਿਹਨੁ ਨ ਲਖੀਐ ਸੁਹਾਗਨਿ ਸਾਤਿ ਬੁਝਹੀਅਉ ॥੧॥ ਸਰਬ ਨਿਵਾਸੀ ਘਟਿ ਘਟਿ ਵਾਸੀ ਲੇਪੁ ਨਹੀ ਅਲਪਹੀਅਉ ॥ ਨਾਨਕੁ ਕਹਤ ਸੁਨਹੁ ਰੇ ਲੋਗਾ ਸੰਤ ਰਸਨ ਕੋ ਬਸਹੀਅਉ ॥੨॥੧॥੨॥ {ਪੰਨਾ 700}
ਪਦਅਰਥ: ਸੰਦੇਸਰੋ = ਪਿਆਰਾ ਸੰਦੇਸ਼। ਕਹੀਅਉ = ਦੱਸੋ। ਪ੍ਰਿਅ ਸੰਦੇਸਰੋ = ਪਿਆਰੇ ਦਾ ਮਿੱਠਾ ਸੁਨੇਹਾ। ਬਿਸਮੁ = ਹੈਰਾਨ। ਭਈ = ਹੋ ਗਈ। ਬਹੁ ਬਿਧਿ = ਕਈ ਕਿਸਮਾਂ। ਕਹਹੁ = ਦੱਸੋ। ਸਹੀਅਉ = ਹੇ ਸਹੇਲੀਹੋ!।੧।ਰਹਾਉ।
ਕੋ = ਕੋਈ। ਕਹਤੋ = ਆਖਦਾ ਹੈ। ਮਹੀਅਉ = ਵਿਚ, ਮਾਹਿ। ਬਰਨੁ = ਰੰਗ {वर्ण}। ਦੀਸੈ = ਦਿੱਸਦਾ। ਚਿਹਨੁ = ਨਿਸ਼ਾਨ, ਲੱਛਣ। ਲਖੀਐ = ਨਜ਼ਰ ਆਉਂਦਾ। ਸੁਹਾਗਨਿ = ਹੇ ਸੁਹਾਗਣੋ! ਸਾਤਿ = ਸਤਿ, ਸੱਚ। ਬੁਝਹੀਅਉ = ਸਮਝਾਓ।੧।
ਨਿਵਾਸੀ = ਨਿਵਾਸ ਰੱਖਣ ਵਾਲਾ। ਘਟਿ ਘਟਿ = ਹਰੇਕ ਸਰੀਰ ਵਿਚ। ਵਾਸੀ = ਵੱਸਣ ਵਾਲਾ। ਲੇਪੁ = (ਮਾਇਆ ਦਾ) ਅਸਰ। ਅਲਪਹੀਅਉ = ਅਲਪ ਭੀ, ਰਤਾ ਭਰ ਭੀ। ਨਾਨਕੁ ਕਹਤ = ਨਾਨਕ ਆਖਦਾ ਹੈ। ਹੇ ਲੋਗਾ = ਹੇ ਲੋਕੋ! ਸੰਤ ਰਸਨ ਕੋ = ਸੰਤ ਕੋ ਰਸਨ, ਸੰਤਾਂ ਦੀ ਜੀਭ ਉਤੇ। ਬਸਹੀਅਉ = ਵੱਸਦਾ ਹੈ।੨।
ਅਰਥ: ਹੇ ਸੁਹਾਗਵਤੀ ਸਹੇਲੀਹੋ! ਹੇ ਗੁਰ-ਸਿੱਖੋ!) ਮੈਨੂੰ ਪਿਆਰੇ ਪ੍ਰਭੂ ਦਾ ਮਿੱਠਾ ਜਿਹਾ ਸਨੇਹਾ ਦਿਹੋ, ਦੱਸੋ। ਮੈਂ (ਉਸ ਪਿਆਰੇ ਦੀ ਬਾਬਤ) ਕਈ ਕਿਸਮਾਂ (ਦੀਆਂ ਗੱਲਾਂ) ਸੁਣ ਸੁਣ ਕੇ ਹੈਰਾਨ ਹੋ ਰਹੀ ਹਾਂ।੧।ਰਹਾਉ।
ਕੋਈ ਆਖਦਾ ਹੈ, ਉਹ ਸਭਨਾਂ ਤੋਂ ਬਾਹਰ ਹੀ ਵੱਸਦਾ ਹੈ, ਕੋਈ ਆਖਦਾ ਹੈ, ਉਹ ਸਭਨਾਂ ਦੇ ਵਿੱਚ ਵੱਸਦਾ ਹੈ। ਉਸ ਦਾ ਰੰਗ ਨਹੀਂ ਦਿੱਸਦਾ, ਉਸ ਦਾ ਕੋਈ ਲੱਛਣ ਨਜ਼ਰ ਨਹੀਂ ਆਉਂਦਾ। ਹੇ ਸੁਗਾਗਣੋ! ਤੁਸੀ ਮੈਨੂੰ ਸੱਚੀ ਗੱਲ ਸਮਝਾਓ।੧।
ਨਾਨਕ ਆਖਦਾ ਹੈ-ਹੇ ਲੋਕੋ! ਸੁਣੋ। ਉਹ ਪਰਮਾਤਮਾ ਸਾਰਿਆਂ ਵਿਚ ਨਿਵਾਸ ਰੱਖਣ ਵਾਲਾ ਹੈ, ਹਰੇਕ ਸਰੀਰ ਵਿਚ ਵੱਸਣ ਵਾਲਾ ਹੈ (ਫਿਰ ਭੀ, ਉਸ ਨੂੰ ਮਾਇਆ ਦਾ) ਰਤਾ ਭੀ ਲੇਪ ਨਹੀਂ ਹੈ। ਉਹ ਪ੍ਰਭੂ ਸੰਤ ਜਨਾਂ ਦੀ ਜੀਭ ਉਤੇ ਵੱਸਦਾ ਹੈ (ਸੰਤ ਜਨ ਹਰ ਵੇਲੇ ਉਸ ਦਾ ਨਾਮ ਜਪਦੇ ਹਨ) ।੨।੧।੨।
ਸੋਰਠਿ ਮਹਲਾ ੧ ਘਰੁ ੧ ॥ ਮਨੁ ਹਾਲੀ ਕਿਰਸਾਣੀ ਕਰਣੀ ਸਰਮੁ ਪਾਣੀ ਤਨੁ ਖੇਤੁ ॥ ਨਾਮੁ ਬੀਜੁ ਸੰਤੋਖੁ ਸੁਹਾਗਾ ਰਖੁ ਗਰੀਬੀ ਵੇਸੁ ॥ ਭਾਉ ਕਰਮ ਕਰਿ ਜੰਮਸੀ ਸੇ ਘਰ ਭਾਗਠ ਦੇਖੁ ॥੧॥ ਬਾਬਾ ਮਾਇਆ ਸਾਥਿ ਨ ਹੋਇ ॥ ਇਨਿ ਮਾਇਆ ਜਗੁ ਮੋਹਿਆ ਵਿਰਲਾ ਬੂਝੈ ਕੋਇ ॥ ਰਹਾਉ ॥ ਹਾਣੁ ਹਟੁ ਕਰਿ ਆਰਜਾ ਸਚੁ ਨਾਮੁ ਕਰਿ ਵਥੁ ॥ ਸੁਰਤਿ ਸੋਚ ਕਰਿ ਭਾਂਡਸਾਲ ਤਿਸੁ ਵਿਚਿ ਤਿਸ ਨੋ ਰਖੁ ॥ ਵਣਜਾਰਿਆ ਸਿਉ ਵਣਜੁ ਕਰਿ ਲੈ ਲਾਹਾ ਮਨ ਹਸੁ ॥੨॥ ਸੁਣਿ ਸਾਸਤ ਸਉਦਾਗਰੀ ਸਤੁ ਘੋੜੇ ਲੈ ਚਲੁ ॥ ਖਰਚੁ ਬੰਨੁ ਚੰਗਿਆਈਆ ਮਤੁ ਮਨ ਜਾਣਹਿ ਕਲੁ ॥ ਨਿਰੰਕਾਰ ਕੈ ਦੇਸਿ ਜਾਹਿ ਤਾ ਸੁਖਿ ਲਹਹਿ ਮਹਲੁ ॥੩॥ ਲਾਇ ਚਿਤੁ ਕਰਿ ਚਾਕਰੀ ਮੰਨਿ ਨਾਮੁ ਕਰਿ ਕੰਮੁ ॥ ਬੰਨੁ ਬਦੀਆ ਕਰਿ ਧਾਵਣੀ ਤਾ ਕੋ ਆਖੈ ਧੰਨੁ ॥ ਨਾਨਕ ਵੇਖੈ ਨਦਰਿ ਕਰਿ ਚੜੈ ਚਵਗਣ ਵੰਨੁ ॥੪॥੨॥ {ਪੰਨਾ 595}
ਪਦਅਰਥ: ਹਾਲੀ = ਹਲ ਵਾਹੁਣ ਵਾਲਾ। ਕਿਰਸਾਣੀ = ਵਾਹੀ ਦਾ ਕੰਮ। ਕਰਣੀ = ਉੱਚਾ ਆਚਰਨ। ਸਰਮੁ = {श्रम} ਮੇਹਨਤ, ਉੱਦਮ। ਰਖੁ = ਰਾਖਾ। ਗਰੀਬੀ ਵੇਸੁ = ਸਾਦਾ ਲਿਬਾਸ, ਸਾਦਗੀ, ਸਾਦਾ ਜੀਵਨ। ਭਾਉ = ਪ੍ਰੇਮ। ਕਰਮ = ਬਖ਼ਸ਼ਸ਼। ਕਰਮ ਕਰਿ = (ਪਰਮਾਤਮਾ ਦੀ) ਮੇਹਰ ਨਾਲ। ਜੰਮਸੀ = ਉੱਗੇਗਾ, ਪੈਦਾ ਹੋਵੇਗਾ। ਭਾਗਠ = ਭਾਗਾਂ ਵਾਲੇ, ਧਨਾਢ।੧।
ਬਾਬਾ = ਹੇ ਭਾਈ! ਇਨਿ = ਇਸ ਨੇ।ਰਹਾਉ।
ਹਾਣੁ = ਬੀਤਣਾ, ਗੁਜ਼ਰਨਾ। ਆਰਜਾ = ਉਮਰ। ਆਰਜਾ ਹਾਣੁ = ਉਮਰ ਦਾ ਬੀਤਣਾ, ਸੁਆਸਾਂ ਦਾ ਚਲਣਾ, ਹਰੇਕ ਸੁਆਸ ਦੇ ਨਾਲ ਨਾਮ ਨੂੰ ਪ੍ਰੋਣਾ। ਹਟੁ = ਦੁਕਾਨ। ਵਥੁ = ਸੌਦਾ। ਸੋਚ = ਵਿਚਾਰ। ਭਾਂਡਸਾਲ = ਭਾਂਡਿਆਂ ਦੀ ਕਤਾਰ। ਤਿਸੁ ਵਿਚ = ਉਸ ਭਾਂਡਸਾਲ ਵਿਚ। ਤਿਸ ਨੋ = ਉਸ ਨਾਮ = ਵਥ ਨੂੰ {ਨੋਟ: 'ਜਿਸੁ, ਕਿਸੁ, ਤਿਸੁ, ਉਸੁ' ਦਾ ਅੰਤਲਾ ੁ ਹੇਠ = ਲਿਖੇ ਸੰਬੰਧਕਾਂ ਦੇ ਨਾਲ ਉੱਡ ਜਾਂਦਾ ਹੈ– ਕਾ, ਕੇ, ਕੀ, ਦਾ, ਦੇ, ਦੀ, ਨੈ, ਨੋ, ਤੇ}। ਵਣਜਾਰੇ = ਸਤਸੰਗੀ। ਮਨ ਹਸੁ = ਮਨ ਦਾ ਹਾਸਾ, ਮਨ ਦਾ ਖਿੜਾਉ।੨।
ਸਾਸਤ = ਧਰਮ = ਪੁਸਤਕ। ਸਤੁ = ਉੱਚਾ ਆਚਰਨ। ਮਨ = ਹੇ ਮਨ! ਮਤੁ ਜਾਣਹਿ ਕਲੁ = ਮਤਾਂ ਕੱਲ ਜਾਣੇ, ਕੱਲ ਤੇ ਨਾਹ ਪਾਈਂ। ਦੇਸਿ = ਦੇਸ ਵਿਚ। ਸੁਖਿ = ਸੁਖ ਵਿਚ, ਆਤਮਕ ਆਨੰਦ ਵਿਚ। ਮਹਲੁ = ਟਿਕਾਣਾ।੩।
ਚਾਕਰੀ = ਨੌਕਰੀ। ਕੰਮੁ = ਨੌਕਰੀ ਦਾ ਕੰਮ। ਬੰਨੁ = ਰੋਕ ਰੱਖ। ਧਾਵਣੀ = ਨੌਕਰੀ ਦੀ ਦੌੜ = ਭੱਜ। ਤਾ = ਤਦੋਂ ਹੀ। ਧੰਨੁ = ਸ਼ਾਬਾਸ਼ੇ। ਚਵਗਣ = ਚੌਗੁਣਾ। ਵੰਨੁ = ਰੰਗ।੪।
ਨੋਟ: ਧਨ ਕਮਾਣ ਲਈ ਆਮ ਤੌਰ ਤੇ ਚਾਰ ਵਸੀਲੇ ਹਨ-ਵਾਹੀ, ਦੁਕਾਨ, ਵਪਾਰ, ਤੇ ਨੌਕਰੀ। ਇਸ ਸ਼ਬਦ ਵਿਚ ਫ਼ੁਰਮਾਂਦੇ ਹਨ ਕਿ ਦੁਨੀਆ ਦਾ ਧਨ ਤਾਂ ਇਥੋਂ ਤੁਰਨ ਵੇਲੇ ਸਾਥ ਛੱਡ ਦੇਵੇਗਾ, ਨਾਲ ਨਿਭਣ ਵਾਲਾ ਨਾਮ-ਧਨ ਹੈ, ਉਸ ਨੂੰ ਇਕੱਠਾ ਕਰਨ ਲਈ ਉਵੇਂ ਹੀ ਮੇਹਨਤ ਕਰਨੀ ਹੈ ਜਿਵੇਂ ਕਿਸਾਨ ਵਾਹੀ ਦੀ ਮੇਹਨਤ ਕਰਦਾ ਹੈ, ਜਿਵੇਂ ਦੁਕਾਨਦਾਰ ਦੁਕਾਨ ਵਿਚ, ਜਿਵੇਂ ਵਪਾਰੀ ਵਪਾਰ ਵਿਚ ਤੇ ਜਿਵੇਂ ਮੁਲਾਜ਼ਮ ਨੌਕਰੀ ਵਿਚ।
ਅਰਥ: ਹੇ ਭਾਈ! ਇਥੋਂ ਤੁਰਨ ਵੇਲੇ) ਮਾਇਆ ਜੀਵ ਦੇ ਨਾਲ ਨਹੀਂ ਜਾਂਦੀ (ਇਹ ਹਰੇਕ ਨੂੰ ਪਤਾ ਹੈ ਫਿਰ ਭੀ) ਇਸ ਮਾਇਆ ਨੇ ਸਾਰੇ ਜਗਤ ਨੂੰ ਆਪਣੇ ਵੱਸ ਵਿਚ ਕੀਤਾ ਹੋਇਆ ਹੈ। ਕੋਈ ਵਿਰਲਾ ਮਨੁੱਖ ਸਮਝਦਾ ਹੈ (ਕਿ ਸਦਾ ਨਾਲ ਨਿਭਣ ਵਾਲਾ ਧਨ ਹੋਰ ਹੈ) ।੧।ਰਹਾਉ।
(ਹੇ ਭਾਈ! ਸਦਾ ਨਾਲ ਨਿਭਣ ਵਾਲਾ ਧਨ ਕਮਾਣ ਲਈ) ਮਨ ਨੂੰ ਹਾਲੀ (ਵਰਗਾ ਉੱਦਮੀ) ਬਣਾ, ਉਚੇ ਆਚਰਨ ਨੂੰ ਵਾਹੀ ਸਮਝ, ਮੇਹਨਤ (ਨਾਮ ਫ਼ਸਲ ਵਾਸਤੇ) ਪਾਣੀ ਹੈ, (ਇਹ ਆਪਣਾ) ਸਰੀਰ (ਹੀ) ਪੈਲੀ ਹੈ। (ਇਸ ਪੈਲੀ ਵਿਚ) ਪਰਮਾਤਮਾ ਦਾ ਨਾਮ ਬੀਜ, (ਬੀ ਬੀਜ ਕੇ ਉਸ ਨੂੰ ਪੰਛੀਆ ਤੋਂ ਬਚਾਣ ਲਈ ਸੁਹਾਗਾ ਫੇਰਨਾ ਜ਼ਰੂਰੀ ਹੈ, ਇਸੇ ਤਰ੍ਹਾਂ ਜੇ ਸੰਤੋਖ ਵਾਲਾ ਜੀਵਨ ਨਹੀਂ, ਤਾਂ ਮਾਇਆ ਦੀ ਤ੍ਰਿਸ਼ਨਾ ਨਾਮ-ਬੀਜ ਨੂੰ ਮੁਕਾ ਦੇਵੇਗੀ) ਸੰਤੋਖ (ਨਾਮ-ਬੀਜ ਨੂੰ ਤ੍ਰਿਸ਼ਨਾ-ਪੰਛੀਆਂ ਤੋਂ ਬਚਾਣ ਲਈ) ਸੁਹਾਗਾ ਹੈ, ਸਾਦਾ ਜੀਵਨ (ਨਾਮ-ਫ਼ਸਲ ਦੀ ਰਾਖੀ ਕਰਨ ਲਈ) ਰਾਖਾ ਹੈ। (ਹੇ ਭਾਈ! ਇਹ ਵਾਹੀ ਕੀਤਿਆਂ ਸਰੀਰ-ਪੈਲੀ ਵਿਚ) ਪਰਮਾਤਮਾ ਦੀ ਮੇਹਰ ਨਾਲ ਪ੍ਰੇਮ ਪੈਦਾ ਹੋਵੇਗਾ। ਵੇਖ, (ਜਿਨ੍ਹਾਂ ਇਹ ਵਾਹੀ ਕੀਤੀ) ਉਹ ਹਿਰਦੇ (ਨਾਮ-ਧਨ ਨਾਲ) ਧਨਾਢ ਹੋ ਗਏ।੧।
(ਹੇ ਭਾਈ!) ਉਮਰ ਦੇ ਹਰੇਕ ਸੁਆਸ ਨੂੰ ਖੱਟੀ ਬਣਾ, ਇਸ ਹੱਟੀ ਵਿਚ ਸਦਾ-ਥਿਰ ਰਹਿਣ ਵਾਲਾ ਹਰੀ ਨਾਮ ਸੌਦਾ ਬਣਾ। ਆਪਣੀ ਸੁਰਤਿ ਤੇ ਵਿਚਾਰ-ਮੰਡਲ ਨੂੰ ਭਾਂਡਿਆਂ ਦੀ ਕਤਾਰ ਬਣਾ, ਇਸ ਭਾਂਡਸਾਲ ਵਿਚ ਇਸ ਹਰੀ-ਨਾਮ ਸੌਦੇ ਨੂੰ ਪਾ। ਇਹ ਨਾਮ-ਵਣਜ ਕਰਨ ਵਾਲੇ ਸਤਸੰਗੀਆਂ ਨਾਲ ਮਿਲ ਕੇ ਤੂੰ ਭੀ ਹਰੀ-ਨਾਮ ਦਾ ਵਣਜ ਕਰ। ਇਸ ਵਣਜ ਵਿਚੋਂ ਖੱਟੀ ਮਿਲੇਗੀ ਮਨ ਦਾ ਖਿੜਾਓ।੨।
(ਹੇ ਭਾਈ! ਸੌਦਾਗਰਾਂ ਵਾਂਗ ਹਰੀ-ਨਾਮ ਦਾ ਸੌਦਾਗਰ ਬਣ) ਧਰਮ-ਪੁਸਤਕਾਂ (ਦਾ ਉਪਦੇਸ਼) ਸੁਣਿਆ ਕਰ, ਇਹ ਹਰੀ-ਨਾਮ ਦੀ ਸੌਦਾਗਰੀ ਹੈ, (ਸੌਦਾਗਰੀ ਦਾ ਮਾਲ ਲੱਦਣ ਵਾਸਤੇ) ਉੱਚੇ ਆਚਰਨ ਨੂੰ ਘੋੜੇ ਬਣਾ ਕੇ ਲੈ ਤੁਰ, (ਜ਼ਿੰਦਗੀ ਦੇ ਸਫ਼ਰ ਵਿਚ ਭੀ ਖ਼ਰਚ ਦੀ ਲੋੜ ਹੈ) ਚੰਗੇ ਗੁਣਾਂ ਨੂੰ ਜੀਵਨ-ਸਫ਼ਰ ਦਾ ਖ਼ਰਚ ਬਣਾ। ਹੇ ਮਨ! ਇਸ ਵਪਾਰ ਦੇ ਉੱਦਮ ਨੂੰ) ਕੱਲ ਤੇ ਨਾਹ ਪਾਈਂ। ਇਸ ਵਪਾਰ ਨਾਲ ਜੇ ਤੂੰ ਪਰਮਾਤਮਾ ਦੇ ਦੇਸ ਵਿਚ (ਪਰਮਾਤਮਾ ਦੇ ਚਰਨਾਂ ਵਿਚ) ਟਿਕ ਜਾਏਂ, ਤਾਂ ਆਤਮਕ ਸੁਖ ਵਿਚ ਥਾਂ ਲੱਭ ਲਏਂਗਾ।੩।
(ਹੇ ਭਾਈ! ਨੌਕਰ ਰੋਜ਼ੀ ਕਮਾਣ ਲਈ ਮੇਹਨਤ ਨਾਲ ਮਾਲਕ ਦੀ ਸੇਵਾ ਕਰਦਾ ਹੈ, ਤੂੰ ਭੀ) ਪੂਰੇ ਧਿਆਨ ਨਾਲ (ਪ੍ਰਭੂ-ਮਾਲਕ ਦੀ) ਨੌਕਰੀ ਕਰ (ਜਿਵੇਂ ਨੌਕਰ ਆਪਣੇ ਮਾਲਕ ਦੇ ਹੁਕਮ ਨੂੰ ਭੁਲਾਂਦਾ ਨਹੀਂ ਤੂੰ ਭੀ) ਪਰਮਾਤਮਾ-ਮਾਲਕ ਦੇ ਨਾਮ ਨੂੰ ਮਨ ਵਿਚ ਪੱਕਾ ਕਰ ਰੱਖ, ਇਹੀ ਹੈ ਉਸ ਦੀ ਸੇਵਾ। ਵਿਕਾਰਾਂ ਨੂੰ (ਆਪਣੇ ਨੇੜੇ ਆਉਣੋਂ) ਰੋਕ ਦੇ, ਇਹ ਹੈ ਪਰਮਾਤਮਾ ਦੀ ਨੌਕਰੀ ਵਾਸਤੇ ਦੌੜ-ਭੱਜ। (ਜੇ ਇਹ ਉੱਦਮ ਕਰੇਂਗਾ) ਤਾਂ ਹਰ ਕੋਈ ਤੈਨੂੰ ਸ਼ਾਬਾਸ਼ੇ ਆਖੇਗਾ। ਹੇ ਨਾਨਕ! ਇਹ ਨੌਕਰੀ ਕੀਤਿਆਂ ਪਰਮਾਤਮਾ ਤੈਨੂੰ ਮੇਹਰ ਦੀ ਨਜ਼ਰ ਨਾਲ ਵੇਖੇਗਾ, ਤੇਰੀ ਜਿੰਦ ਉਤੇ ਚੌ-ਗੁਣਾਂ ਆਤਮਕ ਰੂਪ ਚੜ੍ਹੇਗਾ।੪।੨।
ਰਾਗੁ ਸੂਹੀ ਛੰਤ ਮਹਲਾ ੩ ਘਰੁ ੨ ੴ ਸਤਿਗੁਰ ਪ੍ਰਸਾਦਿ ॥ ਸੁਖ ਸੋਹਿਲੜਾ ਹਰਿ ਧਿਆਵਹੁ ॥ ਗੁਰਮੁਖਿ ਹਰਿ ਫਲੁ ਪਾਵਹੁ ॥ ਗੁਰਮੁਖਿ ਫਲੁ ਪਾਵਹੁ ਹਰਿ ਨਾਮੁ ਧਿਆਵਹੁ ਜਨਮ ਜਨਮ ਕੇ ਦੂਖ ਨਿਵਾਰੇ ॥ ਬਲਿਹਾਰੀ ਗੁਰ ਅਪਣੇ ਵਿਟਹੁ ਜਿਨਿ ਕਾਰਜ ਸਭਿ ਸਵਾਰੇ ॥ ਹਰਿ ਪ੍ਰਭੁ ਕ੍ਰਿਪਾ ਕਰੇ ਹਰਿ ਜਾਪਹੁ ਸੁਖ ਫਲ ਹਰਿ ਜਨ ਪਾਵਹੁ ॥ ਨਾਨਕੁ ਕਹੈ ਸੁਣਹੁ ਜਨ ਭਾਈ ਸੁਖ ਸੋਹਿਲੜਾ ਹਰਿ ਧਿਆਵਹੁ ॥੧॥ {ਪੰਨਾ 767}
ਪਦਅਰਥ: ਸੁਖ = ਆਤਮਕ ਆਨੰਦ। ਸੋਹਿਲੜਾ = {सुख केल:ਸੋਹਿਲਾ} ਖ਼ੁਸ਼ੀ ਪੈਦਾ ਕਰਨ ਵਾਲਾ ਗੀਤ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਨਿਵਾਰੇ = ਦੂਰ ਕਰਦਾ ਹੈ। ਵਿਟਹੁ = ਤੋਂ। ਬਲਿਹਾਰੀ = ਸਦਕੇ। ਜਿਨਿ = ਜਿਸ (ਗੁਰੂ) ਨੇ। ਸਭਿ = ਸਾਰੇ। ਜਾਪਹੁ = ਜਪਿਆ ਕਰੋ। ਨਾਨਕੁ ਕਹੈ– ਨਾਨਕ ਆਖਦਾ ਹੈ। ਜਨ ਭਾਈ = ਹੇ ਭਾਈ ਜਨੋ!।੧।
ਅਰਥ: ਹੇ ਭਾਈ ਜਨੋ! ਆਤਮਕ ਆਨੰਦ ਦੇਣ ਵਾਲਾ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਇਆ ਕਰੋ। ਗੁਰੂ ਦੀ ਸਰਨ ਪੈ ਕੇ (ਸਿਫ਼ਤਿ-ਸਾਲਾਹ ਦਾ ਗੀਤ ਗਾਇਆਂ) ਪਰਮਾਤਮਾ ਦੇ ਦਰ ਤੋਂ (ਇਸ ਦਾ) ਫਲ ਪ੍ਰਾਪਤ ਕਰੋਗੇ।
ਹੇ ਭਾਈ! ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰਿਆ ਕਰੋ, (ਇਸ ਦਾ) ਫਲ ਹਾਸਲ ਕਰੋਗੇ, ਪਰਮਾਤਮਾ ਦਾ ਨਾਮ ਅਨੇਕਾਂ ਜਨਮਾਂ ਦੇ ਦੁੱਖ ਦੂਰ ਕਰ ਦੇਂਦਾ ਹੈ। ਜਿਸ ਗੁਰੂ ਨੇ ਤੁਹਾਡੇ (ਲੋਕ ਪਰਲੋਕ ਦੇ) ਸਾਰੇ ਕੰਮ ਸਵਾਰ ਦਿੱਤੇ ਹਨ, ਉਸ ਆਪਣੇ ਗੁਰੂ ਤੋਂ ਸਦਕੇ ਜਾਵੋ।
ਹੇ ਭਾਈ! ਪਰਮਾਤਮਾ ਦਾ ਨਾਮ ਜਪਿਆ ਕਰੋ। ਹਰੀ-ਪ੍ਰਭੂ ਕਿਰਪਾ ਕਰੇਗਾ, (ਉਸ ਦੇ ਦਰ ਤੋਂ) ਆਤਮਕ ਆਨੰਦ ਦਾ ਫਲ ਪ੍ਰਾਪਤ ਕਰ ਲਵੋਗੇ। ਨਾਨਕ ਆਖਦਾ ਹੈ-ਹੇ ਭਾਈ ਜਨੋ! ਆਤਮਕ ਆਨੰਦ ਦੇਣ ਵਾਲਾ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦੇ ਰਿਹਾ ਕਰੋ।੧।
ਸੁਣਿ ਹਰਿ ਗੁਣ ਭੀਨੇ ਸਹਜਿ ਸੁਭਾਏ ॥ ਗੁਰਮਤਿ ਸਹਜੇ ਨਾਮੁ ਧਿਆਏ ॥ ਜਿਨ ਕਉ ਧੁਰਿ ਲਿਖਿਆ ਤਿਨ ਗੁਰੁ ਮਿਲਿਆ ਤਿਨ ਜਨਮ ਮਰਣ ਭਉ ਭਾਗਾ ॥ ਅੰਦਰਹੁ ਦੁਰਮਤਿ ਦੂਜੀ ਖੋਈ ਸੋ ਜਨੁ ਹਰਿ ਲਿਵ ਲਾਗਾ ॥ ਜਿਨ ਕਉ ਕ੍ਰਿਪਾ ਕੀਨੀ ਮੇਰੈ ਸੁਆਮੀ ਤਿਨ ਅਨਦਿਨੁ ਹਰਿ ਗੁਣ ਗਾਏ ॥ ਸੁਣਿ ਮਨ ਭੀਨੇ ਸਹਜਿ ਸੁਭਾਏ ॥੨॥ {ਪੰਨਾ 767-768}
ਪਦਅਰਥ: ਭੀਨੇ = ਭਿੱਜ ਜਾਂਦੇ ਹਨ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਏ = ਸੁਭਾਇ, ਪ੍ਰੇਮ ਵਿਚ। ਧਿਆਏ = ਧਿਆਇ, ਸਿਮਰ ਕੇ। ਧੁਰਿ = ਧੁਰ ਦਰਗਾਹ ਤੋਂ। ਤਿਨ੍ਹ੍ਹ = ਉਹਨਾਂ ਨੂੰ। ਤਿਨ ਭਉ = ਉਹਨਾਂ ਦਾ ਡਰ। ਅੰਦਰਹੁ = ਹਿਰਦੇ ਵਿਚੋਂ। ਦੁਰਮਤਿ ਦੂਜੀ = ਮਾਇਆ ਵਲ ਲੈ ਜਾਣ ਵਾਲੀ ਖੋਟੀ ਮਤਿ। ਖੋਈ = ਦੂਰ ਕਰ ਲਈ। ਲਿਵ = ਲਗਨ। ਮੇਰੈ ਸੁਆਮੀ = ਮੇਰੇ ਮਾਲਕ ਨੇ। ਅਨਦਿਨੁ = ਹਰ ਰੋਜ਼ {अनुदिनां} ਹਰ ਵੇਲੇ।੨।
ਅਰਥ: ਹੇ ਭਾਈ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣ ਕੇ ਆਤਮਕ ਅਡੋਲਤਾ ਵਿਚ ਪ੍ਰੇਮ ਵਿਚ ਭਿੱਜ ਜਾਈਦਾ ਹੈ। ਹੇ ਭਾਈ! ਤੂੰ ਭੀ ਗੁਰੂ ਦੀ ਮਤਿ ਉਤੇ ਤੁਰ ਕੇ ਪ੍ਰਭੂ ਦਾ ਨਾਮ ਸਿਮਰ ਦੇ ਆਤਮਕ ਅਡੋਲਤਾ ਵਿਚ ਟਿਕ। ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਮੱਥੇ ਉਤੇ ਧੁਰ ਦਰਗਾਹ ਤੋਂ ਲਿਖਿਆ ਲੇਖ ਉੱਘੜਦਾ ਹੈ ਉਹਨਾਂ ਨੂੰ ਗੁਰੂ ਮਿਲਦਾ ਹੈ (ਤੇ, ਨਾਮ ਦੀ ਬਰਕਤਿ ਨਾਲ) ਉਹਨਾਂ ਦਾ ਜਨਮ ਮਰਨ (ਦੇ ਗੇੜ) ਦਾ ਡਰ ਦੂਰ ਹੋ ਜਾਂਦਾ ਹੈ। (ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਆਪਣੇ) ਹਿਰਦੇ ਵਿਚੋਂ ਮਾਇਆ ਵਲ ਲੈ ਜਾਣ ਵਾਲੀ ਖੋਟੀ ਮਤਿ ਦੂਰ ਕਰਦਾ ਹੈ, ਉਹ ਮਨੁੱਖ ਪਰਮਾਤਮਾ ਦੇ ਚਰਨਾਂ ਵਿਚ ਸੁਰਤਿ ਜੋੜਦਾ ਹੈ।
ਹੇ ਭਾਈ! ਮੇਰੇ ਮਾਲਕ-ਪ੍ਰਭੂ ਨੇ ਜਿਨ੍ਹਾਂ ਮਨੁੱਖਾਂ ਉਤੇ ਮੇਹਰ ਕੀਤੀ, ਉਹਨਾਂ ਹਰ ਵੇਲੇ ਪਰਮਾਤਮਾ ਦੇ ਗੁਣ ਗਾਣੇ ਸ਼ੁਰੂ ਕਰ ਦਿੱਤੇ। ਹੇ ਮਨ! ਪਰਮਾਤਮਾ ਦੀ ਸਿਫ਼ਤਿ-ਸਾਲਾਹ) ਸੁਣ ਕੇ ਆਤਮਕ ਅਡੋਲਤਾ ਵਿਚ ਪ੍ਰੇਮ ਵਿਚ ਭਿੱਜ ਜਾਈਦਾ ਹੈ।੨।
ਜੁਗ ਮਹਿ ਰਾਮ ਨਾਮੁ ਨਿਸਤਾਰਾ ॥ ਗੁਰ ਤੇ ਉਪਜੈ ਸਬਦੁ ਵੀਚਾਰਾ ॥ ਗੁਰ ਸਬਦੁ ਵੀਚਾਰਾ ਰਾਮ ਨਾਮੁ ਪਿਆਰਾ ਜਿਸੁ ਕਿਰਪਾ ਕਰੇ ਸੁ ਪਾਏ ॥ ਸਹਜੇ ਗੁਣ ਗਾਵੈ ਦਿਨੁ ਰਾਤੀ ਕਿਲਵਿਖ ਸਭਿ ਗਵਾਏ ॥ ਸਭੁ ਕੋ ਤੇਰਾ ਤੂ ਸਭਨਾ ਕਾ ਹਉ ਤੇਰਾ ਤੂ ਹਮਾਰਾ ॥ ਜੁਗ ਮਹਿ ਰਾਮ ਨਾਮੁ ਨਿਸਤਾਰਾ ॥੩॥ {ਪੰਨਾ 768}
ਪਦਅਰਥ: ਜੁਗ ਮਹਿ = ਜਗਤ ਵਿਚ। ਨਿਸਤਾਰਾ = ਪਾਰ = ਉਤਾਰਾ (ਕਰਦਾ ਹੈ) । ਗੁਰ ਤੇ ਉਪਜੈ = (ਜੇਹੜਾ ਮਨੁੱਖ) ਗੁਰੂ ਪਾਸੋਂ ਨਵਾਂ ਜਨਮ ਲੈਂਦਾ ਹੈ। ਸਹਜੇ = ਆਤਮਕ ਅਡੋਲਤਾ ਵਿਚ (ਟਿਕ ਕੇ) । ਕਿਲਵਿਖ = ਪਾਪ। ਸਭਿ = ਸਾਰੇ। ਸਭੁ ਕੋ = ਹਰੇਕ ਜੀਵ। ਹਉ = ਮੈਂ।੩।
ਅਰਥ: ਹੇ ਭਾਈ! ਜਗਤ ਵਿਚ ਪਰਮਾਤਮਾ ਦਾ ਨਾਮ ਹੀ (ਹਰੇਕ ਜੀਵ ਦਾ) ਪਾਰ-ਉਤਾਰਾ ਕਰਦਾ ਹੈ। ਜੇਹੜਾ ਮਨੁੱਖ ਗੁਰੂ ਪਾਸੋਂ ਨਵਾਂ ਆਤਮਕ ਜੀਵਨ ਲੈਂਦਾ ਹੈ, ਉਹ ਗੁਰੂ ਦੇ ਸ਼ਬਦ ਨੂੰ ਵਿਚਾਰਦਾ ਹੈ। ਉਹ ਮਨੁੱਖ ਗੁਰੂ ਦੇ ਸ਼ਬਦ ਨੂੰ (ਜਿਉਂ ਜਿਉਂ) ਵਿਚਾਰਦਾ ਹੈ ਤਿਉਂ ਤਿਉਂ) ਪਰਮਾਤਮਾ ਦਾ ਨਾਮ ਉਸ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ ਪਰ, ਹੇ ਭਾਈ! ਜਿਸ ਮਨੁੱਖ ਉਤੇ ਪ੍ਰਭੂ ਕਿਰਪਾ ਕਰਦਾ ਹੈ, ਉਹੀ ਮਨੁੱਖ (ਇਹ ਦਾਤਿ) ਪ੍ਰਾਪਤ ਕਰਦਾ ਹੈ।
ਉਹ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ ਦਿਨ ਰਾਤ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ, ਅਤੇ ਆਪਣੇ ਸਾਰੇ ਪਾਪ ਦੂਰ ਕਰ ਲੈਂਦਾ ਹੈ।
ਹੇ ਪ੍ਰਭੂ! ਹਰੇਕ ਜੀਵ ਤੇਰਾ (ਪੈਦਾ ਕੀਤਾ ਹੋਇਆ ਹੈ) , ਤੂੰ ਸਾਰੇ ਜੀਵਾਂ ਦਾ ਖਸਮ ਹੈਂ। ਹੇ ਪ੍ਰਭੂ! ਮੈਂ ਤੇਰਾ (ਸੇਵਕ) ਹਾਂ, ਤੂੰ ਸਾਡਾ ਮਾਲਕ ਹੈਂ (ਸਾਨੂੰ ਆਪਣਾ ਨਾਮ ਬਖ਼ਸ਼) । ਹੇ ਭਾਈ! ਸੰਸਾਰ ਵਿਚ ਪਰਮਾਤਮਾ ਦਾ ਨਾਮ (ਹੀ ਹਰੇਕ ਜੀਵ ਦਾ ਪਾਰ-ਉਤਾਰਾ ਕਰਦਾ ਹੈ।੩।
ਸਾਜਨ ਆਇ ਵੁਠੇ ਘਰ ਮਾਹੀ ॥ ਹਰਿ ਗੁਣ ਗਾਵਹਿ ਤ੍ਰਿਪਤਿ ਅਘਾਹੀ ॥ ਹਰਿ ਗੁਣ ਗਾਇ ਸਦਾ ਤ੍ਰਿਪਤਾਸੀ ਫਿਰਿ ਭੂਖ ਨ ਲਾਗੈ ਆਏ ॥ ਦਹ ਦਿਸਿ ਪੂਜ ਹੋਵੈ ਹਰਿ ਜਨ ਕੀ ਜੋ ਹਰਿ ਹਰਿ ਨਾਮੁ ਧਿਆਏ ॥ ਨਾਨਕ ਹਰਿ ਆਪੇ ਜੋੜਿ ਵਿਛੋੜੇ ਹਰਿ ਬਿਨੁ ਕੋ ਦੂਜਾ ਨਾਹੀ ॥ ਸਾਜਨ ਆਇ ਵੁਠੇ ਘਰ ਮਾਹੀ ॥੪॥੧॥ {ਪੰਨਾ 768}
ਪਦਅਰਥ: ਸਾਜਨ = ਸੱਜਣ ਪ੍ਰਭੂ ਜੀ। ਵੁਠੇ = ਵੱਸ ਪਏ। ਘਰ = ਹਿਰਦਾ = ਘਰ। ਗਾਵਹਿ = ਗਾਂਦੇ ਹਨ। ਤ੍ਰਿਪਤਿ = ਸੰਤੋਖ। ਅਘਾਹੀ = ਅਘਾਹਿ, ਰੱਜ ਜਾਂਦੇ ਹਨ। ਤ੍ਰਿਪਤਾਸੀ = (ਜੇਹੜੀ ਜਿੰਦ) ਤ੍ਰਿਪਤ ਹੋ ਗਈ, ਰੱਜ ਗਈ। ਨ ਲਾਗੈ = ਨਹੀਂ ਚੰਬੜਦੀ। ਆਏ = ਆਇ, ਆ ਕੇ। ਦਹ ਦਿਸਿ = ਦਸੀਂ ਪਾਸੀਂ, ਹਰ ਥਾਂ। ਪੂਜ = ਇੱਜ਼ਤ। ਨਾਨਕ = ਹੇ ਨਾਨਕ! ਆਪੇ = ਆਪ ਹੀ। ਜੋੜਿ = (ਮਾਇਆ ਵਿਚ) ਜੋੜ ਕੇ। ਵਿਛੋੜੇ = (ਆਪਣੇ ਚਰਨਾਂ ਨਾਲੋਂ) ਵਿਛੋੜਦਾ ਹੈ।੪।
ਅਰਥ: ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਹਿਰਦੇ-ਘਰ ਵਿਚ ਸੱਜਣ ਪ੍ਰਭੂ ਜੀ ਆ ਵੱਸਦੇ ਹਨ, ਉਹ ਮਨੁੱਖ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ, ਮਾਇਆ ਵਲੋਂ ਉਹਨਾਂ ਨੂੰ ਸੰਤੋਖ ਆ ਜਾਂਦਾ ਹੈ, ਉਹ ਰੱਜ ਜਾਂਦੇ ਹਨ।
ਹੇ ਭਾਈ! ਜੇਹੜੀ ਜਿੰਦ ਸਦਾ ਪ੍ਰਭੂ ਦੇ ਗੁਣ ਗਾ ਗਾ ਕੇ (ਮਾਇਆ ਵਲੋਂ) ਤ੍ਰਿਪਤ ਹੋ ਜਾਂਦੀ ਹੈ, ਉਸ ਨੂੰ ਮੁੜ ਮਾਇਆ ਦੀ ਭੁੱਖ ਆ ਕੇ ਨਹੀਂ ਚੰਬੜਦੀ। ਜੇਹੜਾ ਮਨੁੱਖ ਸਦਾ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ, ਉਸ ਸੇਵਕ ਦੀ ਹਰ ਥਾਂ ਇੱਜ਼ਤ ਹੁੰਦੀ ਹੈ।
ਹੇ ਨਾਨਕ! ਪਰਮਾਤਮਾ ਆਪ ਹੀ (ਕਿਸੇ ਨੂੰ ਮਾਇਆ ਵਿਚ) ਜੋੜ ਕੇ (ਆਪਣੇ ਚਰਨਾਂ) ਨਾਲੋਂ ਵਿਛੋੜਦਾ ਹੈ। ਪਰਮਾਤਮਾ ਤੋਂ ਬਿਨਾ ਹੋਰ (ਐਸੀ ਸਮਰਥਾ ਵਾਲਾ) ਨਹੀਂ ਹੈ। (ਜਿਸ ਉਤੇ ਮੇਹਰ ਕਰਦੇ ਹਨ) ਉਸ ਦੇ ਹਿਰਦੇ-ਘਰ ਵਿਚ ਸੱਜਣ ਪ੍ਰਭੂ ਜੀ ਆ ਨਿਵਾਸ ਕਰਦੇ ਹਨ।੪।੧।
ਸੋਰਠਿ ਮਹਲਾ ੩ ਘਰੁ ੧ ਤਿਤੁਕੀ ੴ ਸਤਿਗੁਰ ਪ੍ਰਸਾਦਿ ॥ ਭਗਤਾ ਦੀ ਸਦਾ ਤੂ ਰਖਦਾ ਹਰਿ ਜੀਉ ਧੁਰਿ ਤੂ ਰਖਦਾ ਆਇਆ ॥ ਪ੍ਰਹਿਲਾਦ ਜਨ ਤੁਧੁ ਰਾਖਿ ਲਏ ਹਰਿ ਜੀਉ ਹਰਣਾਖਸੁ ਮਾਰਿ ਪਚਾਇਆ ॥ ਗੁਰਮੁਖਾ ਨੋ ਪਰਤੀਤਿ ਹੈ ਹਰਿ ਜੀਉ ਮਨਮੁਖ ਭਰਮਿ ਭੁਲਾਇਆ ॥੧॥ ਹਰਿ ਜੀ ਏਹ ਤੇਰੀ ਵਡਿਆਈ ॥ ਭਗਤਾ ਕੀ ਪੈਜ ਰਖੁ ਤੂ ਸੁਆਮੀ ਭਗਤ ਤੇਰੀ ਸਰਣਾਈ ॥ ਰਹਾਉ ॥ ਭਗਤਾ ਨੋ ਜਮੁ ਜੋਹਿ ਨ ਸਾਕੈ ਕਾਲੁ ਨ ਨੇੜੈ ਜਾਈ ॥ ਕੇਵਲ ਰਾਮ ਨਾਮੁ ਮਨਿ ਵਸਿਆ ਨਾਮੇ ਹੀ ਮੁਕਤਿ ਪਾਈ ॥ ਰਿਧਿ ਸਿਧਿ ਸਭ ਭਗਤਾ ਚਰਣੀ ਲਾਗੀ ਗੁਰ ਕੈ ਸਹਜਿ ਸੁਭਾਈ ॥੨॥ {ਪੰਨਾ 637}
ਨੋਟ: ਤਿ-ਤੁਕੀ-ਤਿੰਨ ਤੁਕਾਂ ਵਾਲੀ, ਉਹ ਅਸ਼ਟਪਦੀ ਜਿਸ ਦੇ ਹਰੇਕ ਬੰਦ ਵਿਚ ਤਿੰਨ ਤੁਕਾਂ ਹਨ।
ਪਦਅਰਥ: ਹਰਿ ਜੀਉ = ਹੇ ਪ੍ਰਭੂ ਜੀ! ਧੁਰਿ = ਧੁਰ ਤੋਂ, ਸ਼ੁਰੂ ਤੋਂ, ਜਦੋਂ ਦਾ ਸੰਸਾਰ ਬਣਿਆ ਹੈ ਤਦੋਂ ਦਾ। ਪ੍ਰਹਿਲਾਦ ਜਨ = ਪ੍ਰਹਿਲਾਦ ਅਤੇ ਇਹੋ ਜਿਹੇ ਹੋਰ ਸੇਵਕ। ਮਾਰਿ = ਮਾਰ ਕੇ। ਪਚਾਇਆ = ਖ਼ੁਆਰ ਕੀਤਾ, ਤਬਾਹ ਕਰ ਦਿੱਤਾ। ਪਰਤੀਤਿ = ਸਰਧਾ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਭਰਮਿ = ਭਟਕਣਾ ਵਿਚ।੧।
ਵਡਿਆਈ = ਇੱਜ਼ਤ। ਪੈਜ = ਲਾਜ। ਸੁਆਮੀ = ਹੇ ਸੁਆਮੀ!।ਰਹਾਉ।
ਜਮੁ = ਮੌਤ, ਮੌਤ ਦਾ ਡਰ। ਜੋਹਿ ਨ ਸਾਕੈ = ਤੱਕ ਨਹੀਂ ਸਕਦਾ। ਕਾਲੁ = ਮੌਤ ਦਾ ਡਰ। ਮਨਿ = ਮਨ ਵਿਚ। ਨਾਮੇ ਹੀ = ਨਾਮ ਵਿਚ ਜੁੜ ਕੇ ਹੀ। ਮੁਕਤਿ = ਮੌਤ ਦੇ ਡਰ ਤੋਂ ਖ਼ਲਾਸੀ। ਰਿਧਿ ਸਿਧਿ = ਕਰਾਮਾਤੀ ਤਾਕਤਾਂ। ਗੁਰ ਕੈ = ਗੁਰੂ ਦੀ ਰਾਹੀਂ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਈ = ਸੁਭਾਇ, ਪ੍ਰੇਮ ਵਿਚ।੨।
ਅਰਥ: ਹੇ ਹਰੀ! ਹੇ ਸੁਆਮੀ! ਭਗਤ ਤੇਰੀ ਸਰਨ ਪਏ ਰਹਿੰਦੇ ਹਨ, ਤੂੰ ਆਪਣੇ ਭਗਤਾਂ ਦੀ ਇੱਜ਼ਤ ਰੱਖ। ਹੇ ਹਰੀ! (ਭਗਤਾਂ ਦੀ ਇੱਜ਼ਤ) ਤੇਰੀ ਹੀ ਇੱਜ਼ਤ ਹੈ।ਰਹਾਉ।
ਹੇ ਹਰੀ! ਤੂੰ ਆਪਣੇ ਭਗਤਾਂ ਦੀ ਇੱਜ਼ਤ ਸਦਾ ਰੱਖਦਾ ਹੈਂ, ਜਦੋਂ ਤੋਂ ਜਗਤ ਬਣਿਆ ਹੈ ਤਦੋਂ ਤੋਂ (ਭਗਤਾਂ ਦੀ ਇੱਜ਼ਤ) ਰੱਖਦਾ ਆ ਰਿਹਾ ਹੈਂ। ਹੇ ਹਰੀ! ਪ੍ਰਹਿਲਾਦ ਭਗਤ ਵਰਗੇ ਅਨੇਕਾਂ ਸੇਵਕਾਂ ਦੀ ਤੂੰ ਇੱਜ਼ਤ ਰੱਖੀ ਹੈ, ਤੂੰ ਹਰਣਾਖਸ ਨੂੰ ਮਾਰ ਕੇ ਮੁਕਾ ਦਿੱਤਾ। ਹੇ ਹਰੀ! ਜੇਹੜੇ ਮਨੁੱਖ ਗੁਰੂ ਦੇ ਸਨਮੁਖ ਰਹਿੰਦੇ ਹਨ ਉਹਨਾਂ ਨੂੰ ਨਿਸ਼ਚਾ ਹੁੰਦਾ ਹੈ (ਕਿ ਤੂੰ ਭਗਤਾਂ ਦੀ ਇੱਜ਼ਤ ਬਚਾਂਦਾ ਹੈਂ, ਪਰ) ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਭਟਕਣਾ ਵਿਚ ਪੈ ਕੇ ਕੁਰਾਹੇ ਪਏ ਰਹਿੰਦੇ ਹਨ।੧।
ਹੇ ਭਾਈ! ਭਗਤਾਂ ਨੂੰ ਮੌਤ ਡਰਾ ਨਹੀਂ ਸਕਦੀ, ਮੌਤ ਦਾ ਡਰ ਭਗਤਾਂ ਦੇ ਨੇੜੇ ਨਹੀਂ ਢੁਕਦਾ (ਕਿਉਂਕਿ ਮੌਤ ਦੇ ਡਰ ਦੇ ਥਾਂ) ਸਿਰਫ਼ ਪਰਮਾਤਮਾ ਦਾ ਨਾਮ (ਉਹਨਾਂ ਦੇ) ਮਨ ਵਿਚ ਵੱਸਦਾ ਹੈ, ਨਾਮ ਦੀ ਬਰਕਤਿ ਨਾਲ ਹੀ ਉਹ (ਮੌਤ ਦੇ ਡਰ ਤੋਂ) ਖ਼ਲਾਸੀ ਪ੍ਰਾਪਤ ਕਰ ਲੈਂਦੇ ਹਨ। ਭਗਤ ਗੁਰੂ ਦੀ ਰਾਹੀਂ (ਗੁਰੂ ਦੀ ਸ਼ਰਨ ਪੈ ਕੇ) ਆਤਮਕ ਅਡੋਲਤਾ ਵਿਚ ਪ੍ਰਭੂ-ਪਿਆਰ ਵਿਚ (ਟਿਕੇ ਰਹਿੰਦੇ ਹਨ, ਇਸ ਵਾਸਤੇ) ਸਭ ਕਰਾਮਾਤੀ ਤਾਕਤਾਂ ਭਗਤਾਂ ਦੀ ਚਰਨੀਂ ਲੱਗੀਆਂ ਰਹਿੰਦੀਆਂ ਹਨ।੨।
ਮਨਮੁਖਾ ਨੋ ਪਰਤੀਤਿ ਨ ਆਵੀ ਅੰਤਰਿ ਲੋਭ ਸੁਆਉ ॥ ਗੁਰਮੁਖਿ ਹਿਰਦੈ ਸਬਦੁ ਨ ਭੇਦਿਓ ਹਰਿ ਨਾਮਿ ਨ ਲਾਗਾ ਭਾਉ ॥ ਕੂੜ ਕਪਟ ਪਾਜੁ ਲਹਿ ਜਾਸੀ ਮਨਮੁਖ ਫੀਕਾ ਅਲਾਉ ॥੩॥ ਭਗਤਾ ਵਿਚਿ ਆਪਿ ਵਰਤਦਾ ਪ੍ਰਭ ਜੀ ਭਗਤੀ ਹੂ ਤੂ ਜਾਤਾ ॥ ਮਾਇਆ ਮੋਹ ਸਭ ਲੋਕ ਹੈ ਤੇਰੀ ਤੂ ਏਕੋ ਪੁਰਖੁ ਬਿਧਾਤਾ ॥ ਹਉਮੈ ਮਾਰਿ ਮਨਸਾ ਮਨਹਿ ਸਮਾਣੀ ਗੁਰ ਕੈ ਸਬਦਿ ਪਛਾਤਾ ॥੪॥ ਅਚਿੰਤ ਕੰਮ ਕਰਹਿ ਪ੍ਰਭ ਤਿਨ ਕੇ ਜਿਨ ਹਰਿ ਕਾ ਨਾਮੁ ਪਿਆਰਾ ॥ ਗੁਰ ਪਰਸਾਦਿ ਸਦਾ ਮਨਿ ਵਸਿਆ ਸਭਿ ਕਾਜ ਸਵਾਰਣਹਾਰਾ ॥ ਓਨਾ ਕੀ ਰੀਸ ਕਰੇ ਸੁ ਵਿਗੁਚੈ ਜਿਨ ਹਰਿ ਪ੍ਰਭੁ ਹੈ ਰਖਵਾਰਾ ॥੫॥ {ਪੰਨਾ 637-638}
ਪਦਅਰਥ: ਨੋ = ਨੂੰ। ਆਵੀ = ਆਵੈ, ਆਉਂਦੀ। ਲੋਭ ਸੁਆਉ = ਲੋਭ ਦਾ ਸੁਆਰਥ, ਲੋਭ = ਭਰੀ ਗ਼ਰਜ਼। ਗੁਰਮੁਖਿ = ਗੁਰੂ ਦੀ ਸ਼ਰਨ ਪੈ ਕੇ। ਹਿਰਦੈ = ਹਿਰਦੇ ਵਿਚ। ਭੇਦਿਓ = ਵਿੱਝਿਆ। ਨਾਮਿ = ਨਾਮ ਵਿਚ। ਭਾਉ = ਪਿਆਰ। ਪਾਜੁ = ਮੁਲੰਮਾ। ਲਹਿ ਜਾਸੀ = ਉਤਰ ਜਾਏਗਾ। ਅਲਾਉ = ਅਲਾਪ, ਬੋਲ।੩।
ਵਰਤਦਾ = ਕੰਮ ਕਰਦਾ। ਭਗਤੀ = ਭਗਤਾਂ ਨੇ। ਤੂ = ਤੈਨੂੰ। ਲੋਕ = ਸ੍ਰਿਸ਼ਟੀ। ਬਿਧਾਤਾ = ਰਚਨਹਾਰ। ਮਨਸਾ = {मनीषा} ਮਨੋ = ਕਾਮਨਾ। ਮਨਹਿ = ਮਨਿ ਹੀ, ਮਨ ਵਿਚ ਹੀ {ਲਫ਼ਜ਼ 'ਮਨਿ' ਦੀ 'ਿ' ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਈ ਹੈ}। ਸਬਦਿ = ਸ਼ਬਦ ਦੀ ਰਾਹੀਂ।੪।
ਅਚਿੰਤ = ਚਿੰਤਾ ਤੋਂ ਬਿਨਾ ਹੀ। ਪ੍ਰਭ = ਹੇ ਪ੍ਰਭੂ! ਪਰਸਾਦਿ = ਕਿਰਪਾ ਨਾਲ। ਮਨਿ = ਮਨ ਵਿਚ। ਸਭਿ = ਸਾਰੇ। ਸੁ = ਉਹ (ਮਨੁੱਖ) । ਵਿਗੁਚੈ = ਖ਼ੁਆਰ ਹੁੰਦਾ ਹੈ।੫।
ਅਰਥ: ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਨੂੰ (ਪਰਮਾਤਮਾ ਉਤੇ) ਯਕੀਨ ਨਹੀਂ ਬੱਝਦਾ, ਉਹਨਾਂ ਦੇ ਅੰਦਰ ਲੋਭ-ਭਰੀ ਗ਼ਰਜ਼ ਟਿਕੀ ਰਹਿੰਦੀ ਹੈ। ਗੁਰੂ ਦੀ ਸਰਨ ਪੈ ਕੇ ਉਹਨਾਂ (ਮਨਮੁਖਾਂ) ਦੇ ਹਿਰਦੇ ਵਿਚ ਗੁਰੂ ਦਾ ਸ਼ਬਦ ਨਹੀਂ ਵਿੱਝਦਾ, ਪਰਮਾਤਮਾ ਦੇ ਨਾਮ ਵਿਚ ਉਹਨਾਂ ਦਾ ਪਿਆਰ ਨਹੀਂ ਬਣਦਾ। ਮਨਮੁਖਾਂ ਦਾ ਬੋਲ ਭੀ ਰੁੱਖਾ ਰੁੱਖਾ ਹੁੰਦਾ ਹੈ। ਪਰ ਉਹਨਾਂ ਦਾ ਝੂਠ ਤੇ ਠੱਗੀ ਦਾ ਪਾਜ ਉੱਘੜ ਹੀ ਜਾਂਦਾ ਹੈ।੩।
ਹੇ ਪ੍ਰਭੂ! ਆਪਣੇ ਭਗਤਾਂ ਵਿਚ ਤੂੰ ਆਪ ਕੰਮ ਕਰਦਾ ਹੈਂ, ਤੇਰੇ ਭਗਤਾਂ ਨੇ ਹੀ ਤੇਰੇ ਨਾਲ ਡੂੰਘੀ ਸਾਂਝ ਪਾਈ ਹੈ। ਪਰ, ਹੇ ਪ੍ਰਭੂ! ਮਾਇਆ ਦਾ ਮੋਹ ਭੀ ਤੇਰੀ ਹੀ ਰਚਨਾ ਹੈ, ਤੂੰ ਆਪ ਹੀ ਸਰਬ-ਵਿਆਪਕ ਹੈਂ, ਤੇ ਰਚਨਹਾਰ ਹੈਂ, ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਸ਼ਬਦਾਂ ਦੀ ਰਾਹੀਂ (ਆਪਣੇ ਅੰਦਰੋਂ) ਹਉਮੈ ਦੂਰ ਕਰ ਕੇ ਮਨ ਦਾ ਫੁਰਨਾ ਮਨ ਵਿਚ ਹੀ ਲੀਨ ਕਰ ਦਿੱਤਾ ਹੈ, ਉਹਨਾਂ ਨੇ (ਹੇ ਪ੍ਰਭੂ! ਤੇਰੇ ਨਾਲ) ਸਾਂਝ ਪਾ ਲਈ।੪।
ਹੇ ਪ੍ਰਭੂ! ਜਿਨ੍ਹਾਂ ਨੂੰ ਤੇਰਾ ਹਰਿ-ਨਾਮ ਪਿਆਰਾ ਲੱਗਦਾ ਹੈ ਤੂੰ ਉਹਨਾਂ ਦੇ ਕੰਮ ਕਰ ਦੇਂਦਾ ਹੈ, ਉਹਨਾਂ ਨੂੰ ਕੋਈ ਚਿੰਤਾ-ਫ਼ਿਕਰ ਹੀ ਨਹੀਂ ਹੁੰਦਾ। ਹੇ ਭਾਈ! ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਦੇ ਮਨ ਵਿਚ ਪਰਮਾਤਮਾ ਸਦਾ ਵੱਸਿਆ ਰਹਿੰਦਾ ਹੈ, ਪਰਮਾਤਮਾ ਉਹਨਾਂ ਦੇ ਸਾਰੇ ਕੰਮ ਸਵਾਰ ਦੇਂਦਾ ਹੈ। ਜਿਨ੍ਹਾਂ ਮਨੁੱਖਾਂ ਦਾ ਰਾਖਾ ਪਰਮਾਤਮਾ ਆਪ ਬਣਦਾ ਹੈ, ਉਹਨਾਂ ਦੀ ਬਰਾਬਰੀ ਜੇਹੜਾ ਭੀ ਮਨੁੱਖ ਕਰਦਾ ਹੈ ਉਹ ਖ਼ੁਆਰ ਹੁੰਦਾ ਹੈ।੫।
ਬਿਨੁ ਸਤਿਗੁਰ ਸੇਵੇ ਕਿਨੈ ਨ ਪਾਇਆ ਮਨਮੁਖਿ ਭਉਕਿ ਮੁਏ ਬਿਲਲਾਈ ॥ ਆਵਹਿ ਜਾਵਹਿ ਠਉਰ ਨ ਪਾਵਹਿ ਦੁਖ ਮਹਿ ਦੁਖਿ ਸਮਾਈ ॥ ਗੁਰਮੁਖਿ ਹੋਵੈ ਸੁ ਅੰਮ੍ਰਿਤੁ ਪੀਵੈ ਸਹਜੇ ਸਾਚਿ ਸਮਾਈ ॥੬॥ ਬਿਨੁ ਸਤਿਗੁਰ ਸੇਵੇ ਜਨਮੁ ਨ ਛੋਡੈ ਜੇ ਅਨੇਕ ਕਰਮ ਕਰੈ ਅਧਿਕਾਈ ॥ ਵੇਦ ਪੜਹਿ ਤੈ ਵਾਦ ਵਖਾਣਹਿ ਬਿਨੁ ਹਰਿ ਪਤਿ ਗਵਾਈ ॥ ਸਚਾ ਸਤਿਗੁਰੁ ਸਾਚੀ ਜਿਸੁ ਬਾਣੀ ਭਜਿ ਛੂਟਹਿ ਗੁਰ ਸਰਣਾਈ ॥੭॥ ਜਿਨ ਹਰਿ ਮਨਿ ਵਸਿਆ ਸੇ ਦਰਿ ਸਾਚੇ ਦਰਿ ਸਾਚੈ ਸਚਿਆਰਾ ॥ ਓਨਾ ਦੀ ਸੋਭਾ ਜੁਗਿ ਜੁਗਿ ਹੋਈ ਕੋਇ ਨ ਮੇਟਣਹਾਰਾ ॥ ਨਾਨਕ ਤਿਨ ਕੈ ਸਦ ਬਲਿਹਾਰੈ ਜਿਨ ਹਰਿ ਰਾਖਿਆ ਉਰਿ ਧਾਰਾ ॥੮॥੧॥ {ਪੰਨਾ 638}
ਪਦਅਰਥ: ਕਿਨੈ = ਕਿਸੇ ਨੇ ਭੀ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਭਉਕਿ = ਫ਼ਜ਼ੂਲ ਬੋਲ ਕੇ। ਮੁਏ = ਆਤਮਕ ਮੌਤ ਸਹੇੜ ਬੈਠੇ। ਬਿਲਲਾਈ = ਬਿਲਲਾਇ, ਵਿਲਕ ਕੇ। ਆਵਹਿ ਜਾਵਹਿ = ਜੰਮਦੇ ਹਨ ਮਰਦੇ ਹਨ। ਠਉਰ = ਟਿਕਾਣਾ, ਜਨਮ ਮਰਨ ਤੋਂ ਖਲ੍ਹੀਰ। ਦੁਖਿ = ਦੁੱਖ ਵਿਚ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ = ਜਲ। ਸਹਜੇ = ਆਤਮਕ ਅਡੋਲਤਾ ਵਿਚ। ਸਾਚਿ = ਸਦਾ-ਥਿਰ ਪ੍ਰਭੂ ਵਿਚ। ਸਮਾਈ = ਲੀਨਤਾ।੬।
ਜਨਮੁ = ਜਨਮਾਂ ਦਾ ਗੇੜ। ਅਧਿਕਾਈ = ਬਹੁਤ। ਪੜਹਿ = ਪੜ੍ਹਦੇ ਹਨ {ਬਹੁ-ਵਚਨ}। ਤੈ = ਅਤੇ। ਵਾਦ = ਚਰਚਾ, ਬਹਿਸਾਂ। ਪਤਿ = ਇੱਜ਼ਤ। ਸਚਾ = ਸਦਾ-ਥਿਰ (ਪ੍ਰਭੂ ਦਾ ਉਪਦੇਸ਼ ਕਰਨ ਵਾਲਾ) । ਸਾਚੀ = ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲੀ। ਭਜਿ = ਭੱਜ ਕੇ, ਦੌੜ ਕੇ। ਛੂਟਹਿ = (ਆਤਮਕ ਮੌਤ ਤੋਂ) ਬਚਦੇ ਹਨ।੭।
ਮਨਿ = ਮਨ ਵਿਚ। ਦਰਿ = ਪ੍ਰਭੂ ਦੇ ਦਰ ਤੇ। ਸਾਚੇ = ਸੁਰਖ਼ = ਰੂ। ਦਰਿ ਸਾਚੈ = ਸਦਾ-ਥਿਰ ਪ੍ਰਭੂ ਦੇ ਦਰ ਤੇ। ਸਚਿਆਰਾ = ਸੁਰਖ਼ = ਰੂ, ਇੱਜ਼ਤ ਵਾਲੇ। ਜੁਗਿ ਜੁਗਿ = ਹਰੇਕ ਜੁਗ ਵਿਚ। ਤਿਨ ਕੈ = ਉਹਨਾਂ ਤੋਂ। ਸਦ = ਸਦਾ। ਉਰਿ = ਹਿਰਦੇ ਵਿਚ।
ਅਰਥ: ਹੇ ਭਾਈ! ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਕਿਸੇ ਮਨੁੱਖ ਨੇ ਭੀ (ਪਰਮਾਤਮਾ ਦਾ ਮਿਲਾਪ) ਹਾਸਲ ਨਹੀਂ ਕੀਤਾ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਫ਼ਜ਼ੂਲ ਬੋਲ ਬੋਲ ਕੇ ਵਿਲਕ ਵਿਲਕ ਕੇ ਆਤਮਕ ਮੌਤ ਸਹੇੜ ਲੈਂਦੇ ਹਨ। ਉਹ ਸਦਾ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ (ਇਸ ਗੇੜ ਤੋਂ ਬਚਣ ਲਈ ਕੋਈ) ਠਾਹਰ ਉਹ ਲੱਭ ਨਹੀਂ ਸਕਦੇ, ਦੁੱਖ ਵਿਚ (ਜੀਵਨ ਬਤੀਤ ਕਰਦੇ ਆਖ਼ਰ) ਦੁੱਖ ਵਿਚ (ਹੀ) ਗ਼ਰਕ ਹੋ ਜਾਂਦੇ ਹਨ। ਜੇਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ ਉਹ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦਾ ਹੈ, (ਤੇ, ਇਸ ਤਰ੍ਹਾਂ) ਆਤਮਕ ਅਡੋਲਤਾ ਵਿਚ ਸਦਾ-ਥਿਰ ਹਰਿ-ਨਾਮ ਵਿਚ ਲੀਨ ਰਹਿੰਦਾ ਹੈ।੬।
ਹੇ ਭਾਈ! ਗੁਰੂ ਦੀ ਸ਼ਰਨ ਪੈਣ ਤੋਂ ਬਿਨਾ (ਮਨੁੱਖ ਨੂੰ ਜਨਮਾਂ ਦਾ ਗੇੜ ਨਹੀਂ ਛੱਡਦਾ, ਉਹ ਭਾਵੇਂ ਬਥੇਰੇ ਅਨੇਕਾਂ ਹੀ (ਮਿੱਥੇ ਹੋਏ ਧਾਰਮਿਕ) ਕਰਮ ਕਰਦਾ ਰਹੇ। (ਪੰਡਿਤ ਲੋਕ) ਵੇਦ (ਆਦਿਕ ਧਰਮ-ਪੁਸਤਕਾਂ) ਪੜ੍ਹਦੇ ਹਨ, ਅਤੇ (ਉਹਨਾਂ ਬਾਬਤ ਨਿਰੀਆਂ) ਬਹਿਸਾਂ (ਹੀ) ਕਰਦੇ ਹਨ। (ਯਕੀਨ ਜਾਣੋ ਕਿ) ਪਰਮਾਤਮਾ ਦੇ ਨਾਮ ਤੋਂ ਬਿਨਾ ਉਹਨਾਂ ਨੇ ਪ੍ਰਭੂ-ਦਰ ਤੇ ਆਪਣੀ ਇੱਜ਼ਤ ਗਵਾ ਲਈ ਹੈ।
ਹੇ ਭਾਈ! ਗੁਰੂ ਸਦਾ-ਥਿਰ ਪ੍ਰਭੂ ਦੇ ਨਾਮ ਦਾ ਉਪਦੇਸ਼ ਕਰਨ ਵਾਲਾ ਹੈ, ਉਸ ਦੀ ਬਾਣੀ ਭੀ ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਾਲੀ ਹੈ। ਜੇਹੜੇ ਮਨੁੱਖ ਦੌੜ ਕੇ ਗੁਰੂ ਦੀ ਸ਼ਰਨ ਜਾ ਪੈਂਦੇ ਹਨ, ਉਹ (ਆਤਮਕ ਮੌਤ ਤੋਂ) ਬਚ ਜਾਂਦੇ ਹਨ।੭।
ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਪਰਮਾਤਮਾ ਆ ਵੱਸਦਾ ਹੈ, ਉਹ ਮਨੁੱਖ ਸਦਾ-ਥਿਰ ਪ੍ਰਭੂ ਦੇ ਦਰ ਤੇ ਸੁਰਖ਼-ਰੂ ਹੋ ਜਾਂਦੇ ਹਨ। ਉਹਨਾਂ ਮਨੁੱਖਾਂ ਦੀ ਵਡਿਆਈ ਹਰੇਕ ਜੁਗ ਵਿਚ ਹੀ ਹੁੰਦੀ ਹੈ, ਕੋਈ (ਨਿੰਦਕ ਆਦਿਕ ਉਹਨਾਂ ਦੀ ਇਸ ਹੋ ਰਹੀ ਵਡਿਆਈ ਨੂੰ) ਮਿਟਾ ਨਹੀਂ ਸਕਦਾ। ਹੇ ਨਾਨਕ! ਆਖ-) ਮੈਂ ਉਹਨਾਂ ਮਨੁੱਖਾਂ ਤੋਂ ਸਦਕੇ ਜਾਂਦਾ ਹਾਂ, ਜਿਨ੍ਹਾਂ ਨੇ ਪਰਮਾਤਮਾ (ਦੇ ਨਾਮ) ਨੂੰ ਆਪਣੇ ਹਿਰਦੇ ਵਿਚ ਵਸਾ ਰੱਖਿਆ ਹੈ।੮।੧।
ਸਲੋਕੁ ਮਃ ੩ ॥ ਸੇਖਾ ਚਉਚਕਿਆ ਚਉਵਾਇਆ ਏਹੁ ਮਨੁ ਇਕਤੁ ਘਰਿ ਆਣਿ ॥ ਏਹੜ ਤੇਹੜ ਛਡਿ ਤੂ ਗੁਰ ਕਾ ਸਬਦੁ ਪਛਾਣੁ ॥ {ਪੰਨਾ 646}
ਅਰਥ: ਹੇ ਚੁੱਕੇ ਚੁਕਾਏ ਸ਼ੇਖ਼! ਇਸ ਮਨ ਨੂੰ ਇਕ ਟਿਕਾਣੇ ਤੇ ਲਿਆ; ਵਿੰਗੀਆਂ ਟੇਢੀਆਂ ਗੱਲਾਂ ਛੱਡ ਤੇ ਸਤਿਗੁਰੂ ਦੇ ਸ਼ਬਦ ਨੂੰ ਸਮਝ।
ਸਤਿਗੁਰ ਅਗੈ ਢਹਿ ਪਉ ਸਭੁ ਕਿਛੁ ਜਾਣੈ ਜਾਣੁ ॥ ਆਸਾ ਮਨਸਾ ਜਲਾਇ ਤੂ ਹੋਇ ਰਹੁ ਮਿਹਮਾਣੁ ॥ ਸਤਿਗੁਰ ਕੈ ਭਾਣੈ ਭੀ ਚਲਹਿ ਤਾ ਦਰਗਹ ਪਾਵਹਿ ਮਾਣੁ ॥ {ਪੰਨਾ 646}
ਅਰਥ: ਹੇ ਸ਼ੇਖਾ! ਜੋ (ਸਭ ਦਾ) ਜਾਣੂ ਸਤਿਗੁਰੂ ਸਭ ਕੁਝ ਸਮਝਦਾ ਹੈ ਉਸ ਦੀ ਚਰਨੀਂ ਲੱਗ; ਆਸਾਂ ਤੇ ਮਨ ਦੀਆਂ ਦੌੜਾਂ ਮਿਟਾ ਕੇ ਆਪਣੇ ਆਪ ਨੂੰ ਜਗਤ ਵਿਚ ਪਰਾਹੁਣਾ ਸਮਝ; ਜੇ ਤੂੰ ਸਤਿਗੁਰੂ ਦੇ ਭਾਣੇ ਵਿਚ ਚਲੇਂਗਾ ਤਾਂ ਰੱਬ ਦੀ ਦਰਗਾਹ ਵਿਚ ਆਦਰ ਪਾਵੇਂਗਾ।
ਨਾਨਕ ਜਿ ਨਾਮੁ ਨ ਚੇਤਨੀ ਤਿਨ ਧਿਗੁ ਪੈਨਣੁ ਧਿਗੁ ਖਾਣੁ ॥੧॥ {ਪੰਨਾ 646}
ਅਰਥ: ਹੇ ਨਾਨਕ! ਜੋ ਮਨੁੱਖ ਨਾਮ ਨਹੀਂ ਸਿਮਰਦੇ, ਉਹਨਾਂ ਦਾ (ਚੰਗਾ) ਖਾਣਾ ਤੇ (ਚੰਗਾ) ਪਹਿਨਣਾ ਫਿਟਕਾਰ-ਜੋਗ ਹੈ।੧।
ਮਃ ੩ ॥ ਹਰਿ ਗੁਣ ਤੋਟਿ ਨ ਆਵਈ ਕੀਮਤਿ ਕਹਣੁ ਨ ਜਾਇ ॥ ਨਾਨਕ ਗੁਰਮੁਖਿ ਹਰਿ ਗੁਣ ਰਵਹਿ ਗੁਣ ਮਹਿ ਰਹੈ ਸਮਾਇ ॥੨॥ {ਪੰਨਾ 646}
ਅਰਥ: ਹਰੀ ਦੇ ਗੁਣ ਬਿਆਨ ਕਰਦਿਆਂ ਉਹ ਗੁਣ ਮੁੱਕਦੇ ਨਹੀਂ, ਤੇ ਨਾਹ ਹੀ ਇਹ ਦੱਸਿਆ ਜਾ ਸਕਦਾ ਹੈ ਕਿ ਇਹਨਾਂ ਗੁਣਾਂ ਨੂੰ ਵਿਹਾਝਣ ਲਈ ਮੁੱਲ ਕੀਹ ਹੈ; (ਪਰ,) ਹੇ ਨਾਨਕ! ਗੁਰਮੁਖ ਜੀਊੜੇ ਹਰੀ ਦੇ ਗੁਣ ਗਾਉਂਦੇ ਹਨ। (ਜਿਹੜਾ ਮਨੁੱਖ ਪ੍ਰਭੂ ਦੇ ਗੁਣ ਗਾਂਦਾ ਹੈ ਉਹ) ਗੁਣਾਂ ਵਿਚ ਲੀਨ ਹੋਇਆ ਰਹਿੰਦਾ ਹੈ।੨।
ਪਉੜੀ ॥ ਹਰਿ ਚੋਲੀ ਦੇਹ ਸਵਾਰੀ ਕਢਿ ਪੈਧੀ ਭਗਤਿ ਕਰਿ ॥ ਹਰਿ ਪਾਟੁ ਲਗਾ ਅਧਿਕਾਈ ਬਹੁ ਬਹੁ ਬਿਧਿ ਭਾਤਿ ਕਰਿ ॥ ਕੋਈ ਬੂਝੈ ਬੂਝਣਹਾਰਾ ਅੰਤਰਿ ਬਿਬੇਕੁ ਕਰਿ ॥ ਸੋ ਬੂਝੈ ਏਹੁ ਬਿਬੇਕੁ ਜਿਸੁ ਬੁਝਾਏ ਆਪਿ ਹਰਿ ॥ {ਪੰਨਾ 646}
ਅਰਥ: (ਇਹ ਮਨੁੱਖਾ) ਸਰੀਰ, ਮਾਨੋ, ਚੋਲੀ ਹੈ ਜੋ ਪ੍ਰਭੂ ਨੇ ਬਣਾਈ ਹੈ ਤੇ ਭਗਤੀ (-ਰੂਪ ਕਸੀਦਾ) ਕੱਢ ਕੇ ਇਹ ਚੋਲੀ ਪਹਿਨਣ-ਜੋਗ ਬਣਦੀ ਹੈ। (ਇਸ ਚੋਲੀ ਨੂੰ) ਬਹੁਤ ਤਰ੍ਹਾਂ ਕਈ ਵੰਨਗੀਆਂ ਦਾ ਹਰੀ-ਨਾਮ ਪੱਟ ਲੱਗਾ ਹੋਇਆ ਹੈ; (ਇਸ ਭੇਤ ਨੂੰ) ਮਨ ਵਿਚ ਵਿਚਾਰ ਕਰ ਕੇ ਕੋਈ ਵਿਰਲਾ ਸਮਝਣ ਵਾਲਾ ਸਮਝਦਾ ਹੈ। ਇਸ ਵਿਚਾਰ ਨੂੰ ਉਹ ਸਮਝਦਾ ਹੈ, ਜਿਸ ਨੂੰ ਹਰੀ ਆਪ ਸਮਝਾਵੇ।
ਜਨੁ ਨਾਨਕੁ ਕਹੈ ਵਿਚਾਰਾ ਗੁਰਮੁਖਿ ਹਰਿ ਸਤਿ ਹਰਿ ॥੧੧॥ {ਪੰਨਾ 646}
ਪਦਅਰਥ: ਸਤਿ = ਸਦਾ-ਥਿਰ ਰਹਿਣ ਵਾਲਾ।
ਅਰਥ: ਦਾਸ ਨਾਨਕ ਇਹ ਵਿਚਾਰ ਦੱਸਦਾ ਹੈ ਕਿ ਸਦਾ-ਥਿਰ ਰਹਿਣ ਵਾਲਾ ਹਰੀ ਗੁਰੂ ਦੀ ਰਾਹੀਂ (ਸਿਮਰਿਆ ਜਾ ਸਕਦਾ ਹੈ) ।੧੧।
*┈┉┅━❀꧁ੴ꧂❀━┅┉┈*
ਧਨਾਸਰੀ ਮਹਲਾ ੩ ॥ ਕਾਚਾ ਧਨੁ ਸੰਚਹਿ ਮੂਰਖ ਗਾਵਾਰ ॥ ਮਨਮੁਖ ਭੂਲੇ ਅੰਧ ਗਾਵਾਰ ॥ ਬਿਖਿਆ ਕੈ ਧਨਿ ਸਦਾ ਦੁਖੁ ਹੋਇ ॥ ਨਾ ਸਾਥਿ ਜਾਇ ਨ ਪਰਾਪਤਿ ਹੋਇ ॥੧॥ ਸਾਚਾ ਧਨੁ ਗੁਰਮਤੀ ਪਾਏ ॥ ਕਾਚਾ ਧਨੁ ਫੁਨਿ ਆਵੈ ਜਾਏ ॥ ਰਹਾਉ ॥ ਮਨਮੁਖਿ ਭੂਲੇ ਸਭਿ ਮਰਹਿ ਗਵਾਰ ॥ ਭਵਜਲਿ ਡੂਬੇ ਨ ਉਰਵਾਰਿ ਨ ਪਾਰਿ ॥ ਸਤਿਗੁਰੁ ਭੇਟੇ ਪੂਰੈ ਭਾਗਿ ॥ ਸਾਚਿ ਰਤੇ ਅਹਿਨਿਸਿ ਬੈਰਾਗਿ ॥੨॥ ਚਹੁ ਜੁਗ ਮਹਿ ਅੰਮ੍ਰਿਤੁ ਸਾਚੀ ਬਾਣੀ ॥ ਪੂਰੈ ਭਾਗਿ ਹਰਿ ਨਾਮਿ ਸਮਾਣੀ ॥ ਸਿਧ ਸਾਧਿਕ ਤਰਸਹਿ ਸਭਿ ਲੋਇ ॥ ਪੂਰੈ ਭਾਗਿ ਪਰਾਪਤਿ ਹੋਇ ॥੩॥ ਸਭੁ ਕਿਛੁ ਸਾਚਾ ਸਾਚਾ ਹੈ ਸੋਇ ॥ ਊਤਮ ਬ੍ਰਹਮੁ ਪਛਾਣੈ ਕੋਇ ॥ ਸਚੁ ਸਾਚਾ ਸਚੁ ਆਪਿ ਦ੍ਰਿੜਾਏ ॥ ਨਾਨਕ ਆਪੇ ਵੇਖੈ ਆਪੇ ਸਚਿ ਲਾਏ ॥੪॥੭॥ {ਪੰਨਾ 665}
ਪਦਅਰਥ: ਕਾਚਾ = ਕੱਚਾ, ਟੁੱਟ ਜਾਣ ਵਾਲਾ, ਨਾਸ ਹੋ ਜਾਣ ਵਾਲਾ। ਸੰਚਹਿ = ਇਕੱਠਾ ਕਰਦੇ ਹਨ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਭੂਲੇ = ਕੁਰਾਹੇ ਪਏ ਹੋਏ। ਅੰਧ = (ਮਾਇਆ ਦੇ ਮੋਹ ਵਿਚ) ਅੰਨ੍ਹੇ। ਬਿਖਿਆ = ਮਾਇਆ। ਕੈ ਧਨਿ = ਦੇ ਧਨ ਨਾਲ। ਪਰਾਪਤਿ = ਰਜੇਵਾਂ, ਤਸੱਲੀ, ਸੰਤੋਖ।੧।
ਸਾਚਾ = ਸਦਾ ਕਾਇਮ ਰਹਿਣ ਵਾਲਾ। ਗੁਰਮਤੀ = ਗੁਰੂ ਦੀ ਮਤਿ ਉੱਤੇ ਤੁਰ ਕੇ। ਫੁਨਿ = ਮੁੜ ਮੁੜ। ਆਵੈ = ਮਿਲਦਾ ਹੈ, ਲੱਭਦਾ ਹੈ। ਜਾਏ = ਹੱਥੋਂ ਖੁੱਸ ਜਾਂਦਾ ਹੈ।ਰਹਾਉ।
ਸਭਿ = ਸਾਰੇ। ਮਰਹਿ = ਆਤਮਕ ਜੀਵਨ ਗਵਾ ਲੈਂਦੇ ਹਨ। ਭਵਜਲਿ = ਸੰਸਾਰ = ਸਮੁੰਦਰ ਵਿਚ। ਉਰਵਾਰਿ = ਉਰਲੇ ਬੰਨੇ। ਪਾਰਿ = ਪਾਰਲੇ ਬੰਨੇ। ਭੇਟੇ = ਮਿਲਦਾ ਹੈ। ਭਾਗਿ = ਕਿਸਮਤ ਨਾਲ। ਸਾਚਿ = ਸਦਾ-ਥਿਰ ਹਰਿ = ਨਾਮ ਵਿਚ। ਰਤੇ = ਮਸਤ। ਅਹਿ = ਦਿਨ। ਨਿਸਿ = ਰਾਤ। ਬੈਰਾਗਿ = ਵੈਰਾਗ ਵਿਚ।੨।
ਚਹੁ ਜੁਗ ਮਹਿ = ਚੌਹਾਂ ਜੁਗਾਂ ਵਿਚ, ਸਦਾ ਹੀ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ। ਸਾਚੀ ਬਾਣੀ = ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲੀ ਬਾਣੀ। ਨਾਮਿ = ਨਾਮ ਵਿਚ। ਸਿਧ = ਕਰਾਮਾਤੀ ਜੋਗੀ। ਸਾਧਿਕ = ਸਾਧਨਾਂ ਕਰਨ ਵਾਲੇ। ਸਭਿ = ਸਾਰੇ। ਲੋਇ = ਲੋਕ ਵਿਚ, ਜਗਤ ਵਿਚ।੩।
ਸਭੁ ਕਿਛੁ = ਹਰੇਕ ਚੀਜ਼। ਸਾਚਾ = ਸਦਾ-ਥਿਰ ਰਹਿਣ ਵਾਲਾ ਪ੍ਰਭੂ। ਸੋਇ = ਉਹ (ਪ੍ਰਭੂ) ਹੀ। ਕੋਇ = ਕੋਈ ਵਿਰਲਾ ਮਨੁੱਖ। ਪਛਾਣੈ = ਸਾਂਝ ਪਾਂਦਾ ਹੈ। ਸਚੁ ਸਾਚਾ = ਸਦਾ ਕਾਇਮ ਰਹਿਣ ਵਾਲਾ ਪਰਮਾਤਮਾ। ਸਚੁ = ਸਦਾ-ਥਿਰ ਹਰਿ = ਨਾਮ। ਦ੍ਰਿੜਾਏ = (ਹਿਰਦੇ ਵਿਚ) ਪੱਕਾ ਕਰਦਾ ਹੈ। ਆਪੇ = ਆਪ ਹੀ। ਵੇਖੈ = ਸੰਭਾਲ ਕਰਦਾ ਹੈ। ਸਚਿ = ਸਦਾ-ਥਿਰ ਨਾਮ ਵਿਚ।੪।
ਅਰਥ: ਜੇਹੜਾ ਮਨੁੱਖ ਗੁਰੂ ਦੀ ਮਤਿ ਉਤੇ ਤੁਰਦਾ ਹੈ, ਉਹ ਸਦਾ ਕਾਇਮ ਰਹਿਣ ਵਾਲਾ ਹਰਿ-ਨਾਮ-ਧਨ ਹਾਸਲ ਕਰ ਲੈਂਦਾ ਹੈ। (ਪਰ ਦੁਨੀਆ ਵਾਲਾ) ਨਾਸਵੰਤ ਧਨ ਕਦੇ ਮਨੁੱਖ ਨੂੰ ਮਿਲ ਜਾਂਦਾ ਹੈ ਕਦੇ ਹੱਥੋਂ ਨਿਕਲ ਜਾਂਦਾ ਹੈ।ਰਹਾਉ।
ਹੇ ਭਾਈ! ਮੂਰਖ ਅੰਞਾਣ ਲੋਕ (ਸਿਰਫ਼ ਦੁਨੀਆ ਵਾਲਾ) ਨਾਸਵੰਤ ਧਨ (ਹੀ) ਜੋੜਦੇ ਰਹਿੰਦੇ ਹਨ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ, ਮਾਇਆ ਦੇ ਮੋਹ ਵਿਚ ਅੰਨ੍ਹੇ ਹੋਏ ਹੋਏ ਮਨੁੱਖ ਕੁਰਾਹੇ ਪਏ ਰਹਿੰਦੇ ਹਨ। ਹੇ ਭਾਈ! ਮਾਇਆ ਦੇ ਧਨ ਨਾਲ ਸਦਾ ਦੁੱਖ (ਹੀ) ਮਿਲਦਾ ਹੈ। ਇਹ ਧਨ ਨਾਹ ਹੀ ਮਨੁੱਖ ਦੇ ਨਾਲ ਜਾਂਦਾ ਹੈ, ਅਤੇ, ਨਾਹ ਹੀ (ਇਸ ਨੂੰ ਜੋੜ ਜੋੜ ਕੇ) ਸੰਤੋਖ ਪ੍ਰਾਪਤ ਹੁੰਦਾ ਹੈ।੧।
ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮੂਰਖ ਮਨੁੱਖ (ਮਾਇਆ ਦੇ ਮੋਹ ਦੇ ਕਾਰਨ) ਕੁਰਾਹੇ ਪੈ ਕੇ ਸਭ ਆਤਮਕ ਮੌਤ ਸਹੇੜ ਲੈਂਦੇ ਹਨ, ਸੰਸਾਰ-ਸਮੁੰਦਰ ਵਿਚ ਡੁੱਬ ਜਾਂਦੇ ਹਨ, ਨਾਹ ਉਰਲੇ ਬੰਨੇ ਰਹਿੰਦੇ ਹਨ, ਨਾਹ ਪਾਰਲੇ ਬੰਨੇ (ਨਾਹ ਇਹ ਮਾਇਆ ਸਾਥ ਤੋੜ ਨਿਬਾਹੁੰਦੀ ਹੈ, ਨਾਹ ਨਾਮ-ਧਨ ਜੋੜਿਆ ਹੁੰਦਾ ਹੈ) । ਜਿਨ੍ਹਾਂ ਮਨੁੱਖਾਂ ਨੂੰ ਪੂਰੀ ਕਿਸਮਤ ਨਾਲ ਗੁਰੂ ਮਿਲ ਪੈਂਦਾ ਹੈ ਉਹ ਦਿਨ ਰਾਤ (ਹਰ ਵੇਲੇ) ਸਦਾ-ਥਿਰ ਹਰਿ-ਨਾਮ ਵਿਚ ਮਗਨ ਰਹਿੰਦੇ ਹਨ (ਨਾਮ ਦੀ ਬਰਕਤਿ ਨਾਲ ਮਾਇਆ ਵਲੋਂ) ਉਪਰਾਮਤਾ ਵਿਚ ਟਿਕੇ ਰਹਿੰਦੇ ਹਨ।੨।
ਹੇ ਭਾਈ! ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲੀ ਗੁਰਬਾਣੀ ਸਦਾ ਹੀ ਆਤਮਕ ਜੀਵਨ ਦੇਣ ਵਾਲਾ ਨਾਮ-ਜਲ (ਵੰਡਦੀ ਹੈ) , ਪੂਰੀ ਕਿਸਮਤ ਨਾਲ (ਮਨੁੱਖ ਇਸ ਬਾਣੀ ਦੀ ਬਰਕਤਿ ਨਾਲ) ਪਰਮਾਤਮਾ ਦੇ ਨਾਮ ਵਿਚ ਲੀਨ ਹੋ ਜਾਂਦਾ ਹੈ। ਹੇ ਭਾਈ! ਕਰਾਮਾਤੀ ਜੋਗੀ ਤੇ ਸਾਧਨਾਂ ਕਰਨ ਵਾਲੇ ਜੋਗੀ ਸਾਰੇ ਹੀ ਜਗਤ ਵਿਚ (ਇਸ ਬਾਣੀ ਦੀ ਖ਼ਾਤਰ) ਤਰਲੇ ਲੈਂਦੇ ਹਨ, ਪਰ ਪੂਰੀ ਕਿਸਮਤ ਨਾਲ ਹੀ ਮਿਲਦੀ ਹੈ।੩।
ਹੇ ਭਾਈ! ਜੇਹੜਾ ਕੋਈ ਵਿਰਲਾ ਮਨੁੱਖ ਪਵਿੱਤ੍ਰ-ਸਰੂਪ ਪਰਮਾਤਮਾ ਨਾਲ ਸਾਂਝ ਪਾਂਦਾ ਹੈ ਉਸ ਨੂੰ ਹਰੇਕ ਸ਼ੈ ਉਸ ਸਦਾ-ਥਿਰ ਪ੍ਰਭੂ ਦਾ ਰੂਪ ਦਿੱਸਦੀ ਹੈ, ਉਸ ਨੂੰ ਹਰ ਥਾਂ ਉਹ ਸਦਾ-ਥਿਰ ਪ੍ਰਭੂ ਹੀ ਵੱਸਦਾ ਦਿੱਸਦਾ ਹੈ। ਹੇ ਨਾਨਕ! ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਆਪਣਾ ਸਦਾ-ਥਿਰ ਨਾਮ ਆਪ ਹੀ (ਮਨੁੱਖ ਦੇ ਹਿਰਦੇ ਵਿਚ) ਪੱਕਾ ਕਰਦਾ ਹੈ। ਉਹ ਆਪ ਹੀ (ਸਭ ਦੀ) ਸੰਭਾਲ ਕਰਦਾ ਹੈ, ਤੇ, ਆਪ ਹੀ (ਜੀਵਾਂ ਨੂੰ) ਆਪਣੇ ਸਦਾ-ਥਿਰ ਨਾਮ ਵਿਚ ਜੋੜਦਾ ਹੈ।੪।੭।
*┈┉┅━❀꧁ੴ꧂❀━┅┉┈*
ਧਨਾਸਰੀ ਮਹਲਾ ੪ ॥ ਹਮ ਅੰਧੁਲੇ ਅੰਧ ਬਿਖੈ ਬਿਖੁ ਰਾਤੇ ਕਿਉ ਚਾਲਹ ਗੁਰ ਚਾਲੀ ॥ ਸਤਗੁਰੁ ਦਇਆ ਕਰੇ ਸੁਖਦਾਤਾ ਹਮ ਲਾਵੈ ਆਪਨ ਪਾਲੀ ॥੧॥ ਗੁਰਸਿਖ ਮੀਤ ਚਲਹੁ ਗੁਰ ਚਾਲੀ ॥ ਜੋ ਗੁਰੁ ਕਹੈ ਸੋਈ ਭਲ ਮਾਨਹੁ ਹਰਿ ਹਰਿ ਕਥਾ ਨਿਰਾਲੀ ॥੧॥ ਰਹਾਉ ॥ ਹਰਿ ਕੇ ਸੰਤ ਸੁਣਹੁ ਜਨ ਭਾਈ ਗੁਰੁ ਸੇਵਿਹੁ ਬੇਗਿ ਬੇਗਾਲੀ ॥ ਸਤਗੁਰੁ ਸੇਵਿ ਖਰਚੁ ਹਰਿ ਬਾਧਹੁ ਮਤ ਜਾਣਹੁ ਆਜੁ ਕਿ ਕਾਲ੍ਹ੍ਹੀ ॥੨॥ ਹਰਿ ਕੇ ਸੰਤ ਜਪਹੁ ਹਰਿ ਜਪਣਾ ਹਰਿ ਸੰਤੁ ਚਲੈ ਹਰਿ ਨਾਲੀ ॥ ਜਿਨ ਹਰਿ ਜਪਿਆ ਸੇ ਹਰਿ ਹੋਏ ਹਰਿ ਮਿਲਿਆ ਕੇਲ ਕੇਲਾਲੀ ॥੩॥ ਹਰਿ ਹਰਿ ਜਪਨੁ ਜਪਿ ਲੋਚ ਲਚਾਨੀ ਹਰਿ ਕਿਰਪਾ ਕਰਿ ਬਨਵਾਲੀ ॥ ਜਨ ਨਾਨਕ ਸੰਗਤਿ ਸਾਧ ਹਰਿ ਮੇਲਹੁ ਹਮ ਸਾਧ ਜਨਾ ਪਗ ਰਾਲੀ ॥੪॥੪॥ {ਪੰਨਾ 667}
ਪਦਅਰਥ: ਅੰਧੁਲੇ ਅੰਧ = ਬਹੁਤ ਹੀ ਅੰਨ੍ਹੇ। ਬਿਖੈ ਬਿਖੁ = ਮਾਇਕ ਪਦਾਰਥਾਂ ਦਾ ਜ਼ਹਰ। ਰਾਤੇ = ਮਗਨ। ਕਿਉ ਚਾਲਹ = ਅਸੀ ਕਿਵੇਂ ਚੱਲ ਸਕਦੇ ਹਾਂ? ਲਾਵੈ = ਲਾ ਲਏ। ਪਾਲੀ = ਪੱਲੇ, ਲੜ।੧।
ਮੀਤ = ਹੇ ਮਿੱਤਰੋ! ਭਲ = ਭਲਾ। ਨਿਰਾਲੀ = ਅਨੋਖੀ, ਅਚਰਜ।੧।ਰਹਾਉ।
ਗੁਰੁ ਸੇਵਿਹੁ = ਗੁਰੂ ਦੀ ਸਰਨ ਪੈ ਜਾਓ। ਬੇਗਿ = ਛੇਤੀ। ਬੇਗਿ ਬੇਗਾਲੀ = ਬਹੁਤ ਛੇਤੀ। ਖਰਚੁ ਹਰਿ = ਪ੍ਰਭੂ ਦਾ ਨਾਮ (ਜੀਵਨ = ਸਫ਼ਰ ਵਾਸਤੇ) ਖ਼ਰਚ। ਬਾਧਹੁ = (ਪੱਲੇ) ਬੰਨ੍ਹ ਲਵੋ। ਕਾਲ੍ਹ੍ਹੀ = ਕੱਲ੍ਹ, ਭਲਕੇ।੨।
ਜਪਣਾ = ਜਾਪ। ਚਲੈ ਹਰਿ ਨਾਲੀ = ਹਰੀ ਦੀ ਰਜ਼ਾ ਵਿਚ ਤੁਰਦਾ ਹੈ। ਕੇਲ = ਚੋਜ, ਤਮਾਸ਼ੇ। ਕੇਲਾਲੀ = ਚੋਜੀ।੩।
ਲਚਾਨੀ = {ਅਸਲ ਲਫ਼ਜ਼ 'ਲੋਚਾਨੀ' ਹੈ, ਇਥੇ 'ਲੁਚਾਨੀ' ਪੜ੍ਹਨਾ ਹੈ}। ਹਰਿ = ਹੇ ਹਰੀ! ਬਨਵਾਲੀ = ਹੇ ਬਨਵਾਲੀ, ਹੇ ਪਰਮਾਤਮਾ! ਪਗ = ਪੈਰ। ਰਾਲੀ = ਖ਼ਾਕ, ਧੂੜ।੪।
ਅਰਥ: ਹੇ ਗੁਰਸਿੱਖ ਮਿੱਤਰੋ! ਗੁਰੂ ਦੇ ਦੱਸੇ ਹੋਏ ਜੀਵਨ-ਰਾਹ ਤੇ ਤੁਰੋ। (ਗੁਰੂ ਆਖਦਾ ਹੈ ਕਿ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਿਆ ਕਰੋ, ਇਹ) ਜੋ ਕੁਝ ਗੁਰੂ ਆਖਦਾ ਹੈ, ਇਸ ਨੂੰ (ਆਪਣੇ ਵਾਸਤੇ) ਭਲਾ ਸਮਝੋ, (ਕਿਉਂਕਿ) ਪ੍ਰਭੂ ਦੀ ਸਿਫ਼ਤਿ-ਸਾਲਾਹ ਅਨੋਖੀ (ਤਬਦੀਲੀ ਜੀਵਨ ਵਿਚ ਪੈਦਾ ਕਰ ਦੇਂਦੀ ਹੈ) ।੧।ਰਹਾਉ।
ਹੇ ਭਾਈ! ਅਸੀ ਜੀਵ ਮਾਇਆ ਦੇ ਮੋਹ ਵਿਚ ਬਹੁਤ ਅੰਨ੍ਹੇ ਹੋ ਕੇ ਮਾਇਕ ਪਦਾਰਥਾਂ ਦੇ ਜ਼ਹਰ ਵਿਚ ਮਗਨ ਰਹਿੰਦੇ ਹਾਂ। ਅਸੀ ਕਿਵੇਂ ਗੁਰੂ ਦੇ ਦੱਸੇ ਜੀਵਨ-ਰਾਹ ਉਤੇ ਤੁਰ ਸਕਦੇ ਹਾਂ? ਸੁਖਾਂ ਦਾ ਦੇਣ ਵਾਲਾ ਗੁਰੂ (ਆਪ ਹੀ) ਮੇਹਰ ਕਰੇ, ਤੇ, ਸਾਨੂੰ ਆਪਣੇ ਲੜ ਲਾ ਲਏ।੧।
ਹੇ ਹਰੀ ਦੇ ਸੰਤ ਜਨੋ! ਹੇ ਭਰਾਵੋ! ਸੁਣੋ, ਛੇਤੀ ਹੀ ਗੁਰੂ ਦੀ ਸਰਨ ਪੈ ਜਾਓ। ਗੁਰੂ ਦੀ ਸਰਨ ਪੈ ਕੇ (ਜੀਵਨ-ਸਫ਼ਰ ਵਾਸਤੇ) ਪਰਮਾਤਮਾ ਦੇ ਨਾਮ ਦੀ ਖਰਚੀ (ਪੱਲੇ) ਬੰਨ੍ਹੋ। ਮਤਾਂ ਇਹ ਸਮਝਿਓ ਕਿ ਅੱਜ (ਇਹ ਕੰਮ ਕਰ ਲਵਾਂਗੇ) ਭਲਕੇ (ਇਹ ਕੰਮ ਕਰ ਲਵਾਂਗੇ। ਟਾਲ ਮਟੋਲੇ ਨਾਹ ਕਰਨੇ) ।੨।
ਹੇ ਹਰੀ ਦੇ ਸੰਤ ਜਨੋ! ਪਰਮਾਤਮਾ ਦੇ ਨਾਮ ਦਾ ਜਾਪ ਜਪਿਆ ਕਰੋ। (ਇਸ ਜਾਪ ਦੀ ਬਰਕਤਿ ਨਾਲ) ਹਰੀ ਦਾ ਸੰਤ ਹਰੀ ਦੀ ਰਜ਼ਾ ਵਿਚ ਤੁਰਨ ਲੱਗ ਪੈਂਦਾ ਹੈ। ਹੇ ਭਾਈ! ਜੇਹੜੇ ਮਨੁੱਖ ਪਰਮਾਤਮਾ ਦਾ ਨਾਮ ਜਪਦੇ ਹਨ, ਉਹ ਪਰਮਾਤਮਾ ਦਾ ਰੂਪ ਹੋ ਜਾਂਦੇ ਹਨ। ਚੋਜ-ਤਮਾਸ਼ੇ ਕਰਨ ਵਾਲਾ ਚੋਜੀ ਪ੍ਰਭੂ ਉਹਨਾਂ ਨੂੰ ਮਿਲ ਪੈਂਦਾ ਹੈ।੩।
ਹੇ ਦਾਸ ਨਾਨਕ! ਆਖ-) ਹੇ ਬਨਵਾਰੀ ਪ੍ਰਭੂ! ਮੈਨੂੰ ਤੇਰਾ ਨਾਮ ਜਪਣ ਦੀ ਤਾਂਘ ਲੱਗੀ ਹੋਈ ਹੈ। ਮੇਹਰ ਕਰ ਮੈਨੂੰ ਸਾਧ ਸੰਗਤਿ ਵਿਚ ਮਿਲਾਈ ਰੱਖ, ਮੈਨੂੰ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮਿਲੀ ਰਹੇ।੪।੪।
ਸੋਰਠਿ ਮਹਲਾ ੫ ॥ ਹਮਰੀ ਗਣਤ ਨ ਗਣੀਆ ਕਾਈ ਅਪਣਾ ਬਿਰਦੁ ਪਛਾਣਿ ॥ ਹਾਥ ਦੇਇ ਰਾਖੇ ਕਰਿ ਅਪੁਨੇ ਸਦਾ ਸਦਾ ਰੰਗੁ ਮਾਣਿ ॥੧॥ ਸਾਚਾ ਸਾਹਿਬੁ ਸਦ ਮਿਹਰਵਾਣ ॥ ਬੰਧੁ ਪਾਇਆ ਮੇਰੈ ਸਤਿਗੁਰਿ ਪੂਰੈ ਹੋਈ ਸਰਬ ਕਲਿਆਣ ॥ ਰਹਾਉ ॥ ਜੀਉ ਪਾਇ ਪਿੰਡੁ ਜਿਨਿ ਸਾਜਿਆ ਦਿਤਾ ਪੈਨਣੁ ਖਾਣੁ ॥ ਅਪਣੇ ਦਾਸ ਕੀ ਆਪਿ ਪੈਜ ਰਾਖੀ ਨਾਨਕ ਸਦ ਕੁਰਬਾਣੁ ॥੨॥੧੬॥੪੪॥ {ਪੰਨਾ 619}
ਪਦਅਰਥ: ਹਮਰੀ = ਅਸਾਂ ਜੀਵਾਂ ਦੀ। ਗਣਤ = ਕੀਤੇ ਕਰਮਾਂ ਦਾ ਹਿਸਾਬ। ਨ ਗਣੀਆ = ਨਹੀਂ ਗਿਣਦਾ। ਕਾਈ ਗਣਤ = ਕੋਈ ਭੀ ਲੇਖਾ। ਬਿਰਦੁ = ਮੁੱਢ = ਕਦੀਮਾਂ ਦਾ (ਪਿਆਰ ਵਾਲਾ) ਸੁਭਾਉ। ਪਛਾਣਿ = ਪਛਾਣੈ, ਚੇਤੇ ਰੱਖਦਾ ਹੈ। ਦੇਇ = ਦੇ ਕੇ। ਰਾਖੇ = (ਕੁਕਰਮਾਂ ਤੋਂ) ਬਚਾਈ ਰੱਖਦਾ ਹੈ। ਮਾਣਿ = ਮਾਣੈ, ਮਾਣਦਾ ਹੈ।੧।
ਸਾਚਾ = ਸਦਾ ਕਾਇਮ ਰਹਿਣ ਵਾਲਾ। ਸਦ = ਸਦਾ। ਬੰਧੁ = ਰੋਕ, ਬੰਨ੍ਹ (ਕੁਕਰਮਾਂ ਦੇ ਰਾਹ ਵਿਚ) ਰੁਕਾਵਟ। ਸਤਿਗੁਰਿ = ਗੁਰੂ ਨੇ। ਕਲਿਆਣ = (ਆਤਮਕ) ਸੁਖ।ਰਹਾਉ।
ਜੀਉ = ਜਿੰਦ। ਪਾਇ = ਪਾ ਕੇ। ਪਿੰਡੁ = ਸਰੀਰ। ਜਿਨ = ਜਿਸ (ਪ੍ਰਭੂ) ਨੇ। ਸਜਾਇਆ = ਪੈਦਾ ਕੀਤਾ। ਪੈਜ = ਇੱਜ਼ਤ। ਸਦ = ਸਦਾ।੨।
ਅਰਥ: ਹੇ ਭਾਈ! ਸਦਾ ਕਾਇਮ ਰਹਿਣ ਵਾਲਾ ਮਾਲਕ-ਪ੍ਰਭੂ ਸਦਾ ਦਇਆਵਾਨ ਰਹਿੰਦਾ ਹੈ, (ਕੁਕਰਮਾਂ ਵਲ ਪਰਤ ਰਹੇ ਬੰਦਿਆਂ ਨੂੰ ਉਹ ਗੁਰੂ ਮਿਲਾਂਦਾ ਹੈ। ਜਿਸ ਨੂੰ ਪੂਰਾ ਗੁਰੂ ਮਿਲ ਪਿਆ, ਉਸ ਦੇ ਵਿਕਾਰਾਂ ਦੇ ਰਸਤੇ ਵਿਚ) ਮੇਰੇ ਪੂਰੇ ਗੁਰੂ ਨੇ ਬੰਨ੍ਹ ਮਾਰ ਦਿੱਤਾ (ਤੇ, ਇਸ ਤਰ੍ਹਾਂ ਉਸ ਦੇ ਅੰਦਰ) ਸਾਰੇ ਆਤਮਕ ਆਨੰਦ ਪੈਦਾ ਹੋ ਗਏ।ਰਹਾਉ।
ਹੇ ਭਾਈ! ਪਰਮਾਤਮਾ ਅਸਾਂ ਜੀਵਾਂ ਦੇ ਕੀਤੇ ਮੰਦ-ਕਰਮਾਂ ਦਾ ਕੋਈ ਖ਼ਿਆਲ ਨਹੀਂ ਕਰਦਾ। ਉਹ ਆਪਣੇ ਮੁੱਢ-ਕਦੀਮਾਂ ਦੇ (ਪਿਆਰ ਵਾਲੇ) ਸੁਭਾਉ ਨੂੰ ਚੇਤੇ ਰੱਖਦਾ ਹੈ, (ਉਹ, ਸਗੋਂ, ਸਾਨੂੰ ਗੁਰੂ ਮਿਲਾ ਕੇ, ਸਾਨੂੰ) ਆਪਣੇ ਬਣਾ ਕੇ (ਆਪਣੇ) ਹੱਥ ਦੇ ਕੇ (ਸਾਨੂੰ ਵਿਕਾਰਾਂ ਵਲੋਂ) ਬਚਾਂਦਾ ਹੈ। (ਜਿਸ ਵਡ-ਭਾਗੀ ਨੂੰ ਗੁਰੂ ਮਿਲ ਪੈਂਦਾ ਹੈ, ਉਹ) ਸਦਾ ਹੀ ਆਤਮਕ ਆਨੰਦ ਮਾਣਦਾ ਹੈ।੧।
ਹੇ ਭਾਈ! ਜਿਸ ਪਰਮਾਤਮਾ ਨੇ ਜਿੰਦ ਪਾ ਕੇ (ਸਾਡਾ) ਸਰੀਰ ਪੈਦਾ ਕੀਤਾ ਹੈ, ਜੇਹੜਾ (ਹਰ ਵੇਲੇ) ਸਾਨੂੰ ਖ਼ੁਰਾਕ ਤੇ ਪੁਸ਼ਾਕ ਦੇ ਰਿਹਾ ਹੈ, ਉਹ ਪਰਮਾਤਮਾ (ਸੰਸਾਰ-ਸਮੁੰਦਰ ਦੀਆਂ ਵਿਕਾਰ-ਲਹਿਰਾਂ ਤੋਂ) ਆਪਣੇ ਸੇਵਕ ਦੀ ਇੱਜ਼ਤ (ਗੁਰੂ ਮਿਲਾ ਕੇ) ਆਪ ਬਚਾਂਦਾ ਹੈ। ਹੇ ਨਾਨਕ! ਆਖ-ਮੈਂ ਉਸ ਪਰਮਾਤਮਾ ਤੋਂ) ਸਦਾ ਸਦਕੇ ਜਾਂਦਾ ਹਾਂ।੨।੧੬।੪੪।
*┈┉┅━❀꧁ੴ꧂❀━┅┉┈*
ਟੋਡੀ ਮਹਲਾ ੫ ਘਰੁ ੫ ਦੁਪਦੇ ੴ ਸਤਿਗੁਰ ਪ੍ਰਸਾਦਿ ॥ ਐਸੋ ਗੁਨੁ ਮੇਰੋ ਪ੍ਰਭ ਜੀ ਕੀਨ ॥ ਪੰਚ ਦੋਖ ਅਰੁ ਅਹੰ ਰੋਗ ਇਹ ਤਨ ਤੇ ਸਗਲ ਦੂਰਿ ਕੀਨ ॥ ਰਹਾਉ ॥ ਬੰਧਨ ਤੋਰਿ ਛੋਰਿ ਬਿਖਿਆ ਤੇ ਗੁਰ ਕੋ ਸਬਦੁ ਮੇਰੈ ਹੀਅਰੈ ਦੀਨ ॥ ਰੂਪੁ ਅਨਰੂਪੁ ਮੋਰੋ ਕਛੁ ਨ ਬੀਚਾਰਿਓ ਪ੍ਰੇਮ ਗਹਿਓ ਮੋਹਿ ਹਰਿ ਰੰਗ ਭੀਨ ॥੧॥ ਪੇਖਿਓ ਲਾਲਨੁ ਪਾਟ ਬੀਚ ਖੋਏ ਅਨਦ ਚਿਤਾ ਹਰਖੇ ਪਤੀਨ ॥ ਤਿਸ ਹੀ ਕੋ ਗ੍ਰਿਹੁ ਸੋਈ ਪ੍ਰਭੁ ਨਾਨਕ ਸੋ ਠਾਕੁਰੁ ਤਿਸ ਹੀ ਕੋ ਧੀਨ ॥੨॥੧॥੨੦॥ {ਪੰਨਾ 716}
ਪਦਅਰਥ: ਗੁਨੁ = ਉਪਕਾਰ। ਪੰਚ ਦੋਖ = (ਕਾਮਾਦਿਕ) ਪੰਜੇ ਵਿਕਾਰ। ਅਰੁ = ਅਤੇ। ਅਹੰ ਰੋਗ = ਹਉਮੈ ਦਾ ਰੋਗ। ਤੇ = ਤੋਂ। ਸਗਲ = ਸਾਰੇ।ਰਹਾਉ।
ਬੰਧਨ = ਫਾਹੀਆਂ। ਤੋਰਿ = ਤੋੜ ਕੇ। ਛੋਰਿ = ਛੁਡਾ ਕੇ। ਬਿਖਿਆ ਤੇ = ਮਾਇਆ (ਦੇ ਮੋਹ) ਤੋਂ। ਕੋ = ਦਾ। ਮੇਰੈ ਹੀਅਰੈ = ਮੇਰੇ ਹਿਰਦੇ ਵਿਚ। ਰੂਪੁ = ਸੁਹਜ। ਅਨਰੂਪੁ = ਕੁਹਜ। ਗਹਿਓ = ਫੜ ਲਿਆ, ਬੰਨ੍ਹ ਦਿੱਤਾ। ਮੋਹਿ = ਮੈਨੂੰ। ਰੰਗਿ = ਪ੍ਰੇਮ = ਰੰਗ ਵਿਚ। ਭੀਨ = ਭਿਉਂ ਦਿੱਤਾ।੧।
ਲਾਲਨੁ = ਸੋਹਣਾ ਲਾਲ। ਪਾਟ ਬੀਚ = ਵਿਚਲੇ ਪਰਦੇ। ਖੋਏ = ਖੋਇ, ਦੂਰ ਕਰਕੇ। ਹਰਖੇ = ਖ਼ੁਸ਼ੀ ਵਿਚ। ਪਤੀਨ = ਪਤੀਜ ਗਿਆ। ਤਿਸ ਹੀ = {ਲਫ਼ਜ਼ 'ਤਿਸੁ' ਦਾ ੁ ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਿਆ ਹੈ}। ਗ੍ਰਿਹੁ = ਸਰੀਰ = ਘਰ। ਠਾਕੁਰੁ = ਮਾਲਕ। ਕੋ ਧੀਨ = ਕਾ ਅਧੀਨ, ਦਾ ਸੇਵਕ।੨।
ਅਰਥ: ਹੇ ਭਾਈ! ਮੇਰੇ ਪ੍ਰਭੂ ਜੀ ਨੇ (ਮੇਰੇ ਉੱਤੇ) ਇਹੋ ਜਿਹਾ ਉਪਕਾਰ ਕਰ ਦਿੱਤਾ ਹੈ, (ਕਿ) ਕਾਮਾਦਿਕ ਪੰਜੇ ਵਿਕਾਰ ਅਤੇ ਹਉਮੈ ਦਾ ਰੋਗ-ਇਹ ਸਾਰੇ ਉਸ ਨੇ ਮੇਰੇ ਸਰੀਰ ਵਿਚੋਂ ਕੱਢ ਦਿੱਤੇ ਹਨ।ਰਹਾਉ।
(ਹੇ ਭਾਈ! ਮੇਰੇ ਪ੍ਰਭੂ ਜੀ ਨੇ ਮੇਰੀਆਂ ਮਾਇਆ ਦੀਆਂ) ਫਾਹੀਆਂ ਤੋੜ ਕੇ (ਮੈਨੂੰ) ਮਾਇਆ (ਦੇ ਮੋਹ) ਤੋਂ ਛੁਡਾ ਕੇ ਗੁਰੂ ਦਾ ਸ਼ਬਦ ਮੇਰੇ ਹਿਰਦੇ ਵਿਚ ਵਸਾ ਦਿੱਤਾ ਹੈ। ਮੇਰਾ ਕੋਈ ਸੁਹਜ ਕੋਈ ਕੁਹਜ ਉਸ ਨੇ ਕੋਈ ਭੀ ਆਪਣੇ ਮਨ ਵਿਚ ਨਹੀਂ ਲਿਆਂਦਾ। ਮੈਨੂੰ ਉਸ ਨੇ ਆਪਣੇ ਪ੍ਰੇਮ ਨਾਲ ਬੰਨ੍ਹ ਦਿੱਤਾ ਹੈ। ਮੈਨੂੰ ਆਪਣੇ ਪਿਆਰ-ਰੰਗ ਵਿਚ ਭਿਉਂ ਦਿੱਤਾ ਹੈ।੧।
ਹੇ ਨਾਨਕ! ਆਖ-ਹੇ ਭਾਈ!) ਹੁਣ ਜਦੋਂ ਵਿਚਕਾਰਲੇ ਪਰਦੇ ਦੂਰ ਕਰ ਕੇ ਮੈਂ ਉਸ ਸੋਹਣੇ ਲਾਲ ਨੂੰ ਵੇਖਿਆ ਹੈ, ਤਾਂ ਮੇਰੇ ਚਿਤ ਵਿਚ ਆਨੰਦ ਪੈਦਾ ਹੋ ਗਿਆ ਹੈ, ਮੇਰਾ ਮਨ ਖ਼ੁਸ਼ੀ ਵਿਚ ਗਦ-ਗਦ ਹੋ ਉੱਠਿਆ ਹੈ। (ਹੁਣ ਮੇਰਾ ਇਹ ਸਰੀਰ) ਉਸੇ ਦਾ ਹੀ ਘਰ (ਬਣ ਗਿਆ ਹੈ) ਉਹੀ (ਇਸ ਘਰ ਦਾ) ਮਾਲਕ (ਬਣ ਗਿਆ ਹੈ) , ਉਸੇ ਦਾ ਹੀ ਮੈਂ ਸੇਵਕ ਬਣ ਗਿਆ ਹਾਂ।੨।੧।੨੦।
*┈┉┅━❀꧁ੴ꧂❀━┅┉┈*

ਧਨਾਸਰੀ ਮਹਲਾ ੫ ॥ ਜਿਸ ਕਾ ਤਨੁ ਮਨੁ ਧਨੁ ਸਭੁ ਤਿਸ ਕਾ ਸੋਈ ਸੁਘੜੁ ਸੁਜਾਨੀ ॥ ਤਿਨ ਹੀ ਸੁਣਿਆ ਦੁਖੁ ਸੁਖੁ ਮੇਰਾ ਤਉ ਬਿਧਿ ਨੀਕੀ ਖਟਾਨੀ ॥੧॥ ਜੀਅ ਕੀ ਏਕੈ ਹੀ ਪਹਿ ਮਾਨੀ ॥ ਅਵਰਿ ਜਤਨ ਕਰਿ ਰਹੇ ਬਹੁਤੇਰੇ ਤਿਨ ਤਿਲੁ ਨਹੀ ਕੀਮਤਿ ਜਾਨੀ ॥ ਰਹਾਉ ॥ ਅੰਮ੍ਰਿਤ ਨਾਮੁ ਨਿਰਮੋਲਕੁ ਹੀਰਾ ਗੁਰਿ ਦੀਨੋ ਮੰਤਾਨੀ ॥ ਡਿਗੈ ਨ ਡੋਲੈ ਦ੍ਰਿੜੁ ਕਰਿ ਰਹਿਓ ਪੂਰਨ ਹੋਇ ਤ੍ਰਿਪਤਾਨੀ ॥੨॥ ਓਇ ਜੁ ਬੀਚ ਹਮ ਤੁਮ ਕਛੁ ਹੋਤੇ ਤਿਨ ਕੀ ਬਾਤ ਬਿਲਾਨੀ ॥ ਅਲੰਕਾਰ ਮਿਲਿ ਥੈਲੀ ਹੋਈ ਹੈ ਤਾ ਤੇ ਕਨਿਕ ਵਖਾਨੀ ॥੩॥ ਪ੍ਰਗਟਿਓ ਜੋਤਿ ਸਹਜ ਸੁਖ ਸੋਭਾ ਬਾਜੇ ਅਨਹਤ ਬਾਨੀ ॥ ਕਹੁ ਨਾਨਕ ਨਿਹਚਲ ਘਰੁ ਬਾਧਿਓ ਗੁਰਿ ਕੀਓ ਬੰਧਾਨੀ ॥੪॥੫॥ {ਪੰਨਾ 671}
ਪਦਅਰਥ: ਜਿਸ ਕਾ, ਤਿਸ ਕਾ = {ਲਫ਼ਜ਼ 'ਜਿਸੁ' 'ਤਿਸੁ' ਦਾ ੁ ਸੰਬੰਧਕ 'ਕਾ' ਦੇ ਕਾਰਨ ਉੱਡ ਗਿਆ ਹੈ}। ਸੋਈ = ਉਹ (ਪ੍ਰਭੂ) ਹੀ। ਸੁਘੜੁ = ਸੁਚੱਜੀ ਆਤਮਕ ਘਾੜਤ ਵਾਲਾ। ਸੁਜਾਨੀ = ਸਿਆਣਾ। ਤਿਨ ਹੀ = ਤਿਨਿ ਹੀ {ਲਫ਼ਜ਼ 'ਤਿਨ' ਦੀ 'ਿ' ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਣ ਉੱਡ ਗਈ ਹੈ}। ਤਉ = ਤਦੋਂ। ਨੀਕੀ ਬਿਧਿ = ਚੰਗੀ ਹਾਲਤ। ਖਟਾਨੀ = ਬਣ ਗਈ।੧।
ਜੀਅ ਕੀ = ਜਿੰਦ ਦੀ। ਏਕੈ ਹੀ ਪਹਿ = ਇਕ ਪਰਮਾਤਮਾ ਦੇ ਪਾਸ ਹੀ। ਮਾਨੀ = ਮੰਨੀ ਜਾਂਦੀ ਹੈ। ਅਵਰਿ = {ਲਫ਼ਜ਼ 'ਅਵਰ' ਤੋਂ ਬਹੁ-ਵਚਨ} ਹੋਰ। ਤਿਨ ਕੀਮਤਿ = ਉਹਨਾਂ (ਜਤਨਾਂ) ਦੀ ਕੀਮਤਿ। ਜਾਨੀ = ਜਾਣੀ ਜਾਂਦੀ।ਰਹਾਉ।
ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ। ਨਿਰਮੋਲਕੁ = ਜਿਸ ਦਾ ਕੋਈ ਮੁੱਲ ਨਾਹ ਪਾਇਆ ਜਾ ਕੇ। ਗੁਰਿ = ਗੁਰੂ ਨੇ। ਮੰਤਾਨੀ = ਮੰਤਰ। ਦ੍ਰਿੜੁ ਕਰਿ ਰਹਿਓ = ਪੱਕੇ ਤੌਰ ਤੇ ਟਿਕ ਗਿਆ।੨।
ਓਇ = {ਲਫ਼ਜ਼ 'ਓਹ' ਤੋਂ ਬਹੁ-ਵਚਨ}। ਓਇ ਬੀਚ = ਉਹ ਅੰਤਰੇ, ਉਹ ਵਿੱਥਾਂ, ਉਹ ਵਿਤਕਰੇ। ਹਮ ਤੁਮ ਬੀਚ = ਅਸੀ ਤੁਸੀ ਵਾਲੇ ਵਿਤਕਰੇ, ਮੇਰ = ਤੇਰ ਵਾਲੇ ਵਿਤਕਰੇ। ਬਿਲਾਨੀ = ਬੀਤ ਜਾਂਦੀ ਹੈ, ਮੁੱਕ ਜਾਂਦੀ ਹੈ। ਅਲੰਕਾਰ = ਗਹਣੇ। ਮਿਲਿ = ਮਿਲ ਕੇ। ਥੈਲੀ = ਰੈਣੀ, ਢੇਲੀ। ਤਾ ਤੇ = ਉਸ (ਰੈਣੀ) ਤੋਂ। ਕਨਿਕ = ਸੋਨਾ।੩।
ਸਹਜ ਸੁਖ = ਆਤਮਕ ਅਡੋਲਤਾ ਦੇ ਆਨੰਦ। ਬਾਜੇ = ਵੱਜਦੇ ਹਨ। ਅਨਹਤ = ਇਕ-ਰਸ, ਲਗਾਤਾਰ। ਬਾਨੀ = ਸਿਫ਼ਤਿ-ਸਾਲਾਹ ਵਾਲੀ ਗੁਰਬਾਣੀ। ਨਿਹਚਲ = ਅਟੱਲ। ਗੁਰਿ = ਗੁਰੂ ਨੇ। ਬੰਧਾਨੀ = ਮਰਯਾਦਾ।੪।
ਅਰਥ: ਹੇ ਭਾਈ! ਜਿੰਦ ਦੀ (ਅਰਦਾਸ) ਇਕ ਪਰਮਾਤਮਾ ਦੇ ਕੋਲ ਹੀ ਮੰਨੀ ਜਾਂਦੀ ਹੈ। (ਪਰਮਾਤਮਾ ਦੇ ਆਸਰੇ ਤੋਂ ਬਿਨਾ ਲੋਕ) ਹੋਰ ਬਥੇਰੇ ਜਤਨ ਕਰ ਕੇ ਥੱਕ ਜਾਂਦੇ ਹਨ, ਉਹਨਾਂ ਜਤਨਾਂ ਦਾ ਮੁੱਲ ਇਕ ਤਿਲ ਜਿਤਨਾ ਭੀ ਨਹੀਂ ਸਮਝਿਆ ਜਾਂਦਾ।ਰਹਾਉ।
ਹੇ ਭਾਈ! ਜਿਸ ਪ੍ਰਭੂ ਦਾ ਦਿੱਤਾ ਹੋਇਆ ਇਹ ਸਰੀਰ ਤੇ ਮਨ ਹੈ, ਇਹ ਸਾਰਾ ਧਨ-ਪਦਾਰਥ ਭੀ ਉਸੇ ਦਾ ਦਿੱਤਾ ਹੋਇਆ ਹੈ, ਉਹੀ ਸੁਚੱਜਾ ਹੈ ਤੇ ਸਿਆਣਾ ਹੈ। ਅਸਾਂ ਜੀਵਾਂ ਦਾ ਦੁੱਖ ਸੁਖ (ਸਦਾ) ਉਸ ਪਰਮਾਤਮਾ ਨੇ ਹੀ ਸੁਣਿਆ ਹੈ, (ਜਦੋਂ ਉਹ ਸਾਡੀ ਅਰਦਾਸ-ਅਰਜ਼ੋਈ ਸੁਣਦਾ ਹੈ) ਤਦੋਂ (ਸਾਡੀ) ਹਾਲਤ ਚੰਗੀ ਬਣ ਜਾਂਦੀ ਹੈ।੧।
ਹੇ ਭਾਈ! ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ, ਨਾਮ ਇਕ ਐਸਾ ਹੀਰਾ ਹੈ ਜੇਹੜਾ ਕਿਸੇ ਮੁੱਲ ਤੋਂ ਨਹੀਂ ਮਿਲ ਸਕਦਾ। ਗੁਰੂ ਨੇ ਇਹ ਨਾਮ-ਮੰਤਰ (ਜਿਸ ਮਨੁੱਖ ਨੂੰ) ਦੇ ਦਿੱਤਾ, ਉਹ ਮਨੁੱਖ (ਵਿਕਾਰਾਂ ਵਿਚ) ਡਿੱਗਦਾ ਨਹੀਂ, ਡੋਲਦਾ ਨਹੀਂ, ਉਹ ਮਨੁੱਖ ਪੱਕੇ ਇਰਾਦੇ ਵਾਲਾ ਬਣ ਜਾਂਦਾ ਹੈ, ਉਹ ਮੁਕੰਮਲ ਤੌਰ ਤੇ (ਮਾਇਆ ਵਲੋਂ) ਸੰਤੋਖੀ ਰਹਿੰਦਾ ਹੈ।੨।
(ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਪਾਸੋਂ ਨਾਮ-ਹੀਰਾ ਮਿਲ ਜਾਂਦਾ ਹੈ, ਉਸ ਦੇ ਅੰਦਰੋਂ) ਉਹਨਾਂ ਮੇਰ-ਤੇਰ ਵਾਲੇ ਸਾਰੇ ਵਿਤਕਰਿਆਂ ਦੀ ਗੱਲ ਮੁੱਕ ਜਾਂਦੀ ਹੈ ਜੋ ਜਗਤ ਵਿਚ ਬੜੇ ਪ੍ਰਬਲ ਹਨ। (ਉਸ ਮਨੁੱਖ ਨੂੰ ਹਰ ਪਾਸੇ ਪਰਮਾਤਮਾ ਹੀ ਇਉਂ ਦਿੱਸਦਾ ਹੈ, ਜਿਵੇਂ) ਅਨੇਕਾਂ ਗਹਣੇ ਮਿਲ ਕੇ (ਗਾਲੇ ਜਾ ਕੇ) ਰੈਣੀ ਬਣ ਜਾਂਦੀ ਹੈ, ਤੇ, ਉਸ ਢੇਲੀ ਤੋਂ ਉਹ ਸੋਨਾ ਹੀ ਅਖਵਾਂਦੀ ਹੈ।੩।
(ਹੇ ਭਾਈ! ਜਿਸ ਮਨੁੱਖ ਦੇ ਅੰਦਰ ਗੁਰੂ ਦੀ ਕਿਰਪਾ ਨਾਲ) ਪਰਮਾਤਮਾ ਦੀ ਜੋਤਿ ਦਾ ਪਰਕਾਸ਼ ਹੋ ਜਾਂਦਾ ਹੈ, ਉਸ ਦੇ ਅੰਦਰ ਆਤਮਕ ਅਡੋਲਤਾ ਦੇ ਆਨੰਦ ਪੈਦਾ ਹੋ ਜਾਂਦੇ ਹਨ, ਉਸ ਨੂੰ ਹਰ ਥਾਂ ਸੋਭਾ ਮਿਲਦੀ ਹੈ, ਉਸ ਦੇ ਹਿਰਦੇ ਵਿਚ ਸਿਫ਼ਤਿ-ਸਾਲਾਹ ਦੀ ਬਾਣੀ ਦੇ (ਮਾਨੋ) ਇਕ-ਰਸ ਵਾਜੇ ਵੱਜਦੇ ਰਹਿੰਦੇ ਹਨ। ਹੇ ਨਾਨਕ! ਆਖ-ਗੁਰੂ ਨੇ ਜਿਸ ਮਨੁੱਖ ਵਾਸਤੇ ਇਹ ਪ੍ਰਬੰਧ ਕਰ ਦਿੱਤਾ, ਉਹ ਮਨੁੱਖ ਸਦਾ ਲਈ ਪ੍ਰਭੂ-ਚਰਨਾਂ ਵਿਚ ਟਿਕਾਣਾ ਪ੍ਰਾਪਤ ਕਰ ਲੈਂਦਾ ਹੈ।੪।੫।
*┈┉┅━❀꧁ੴ꧂❀━┅┉┈*
ਧਨਾਸਰੀ ਮਹਲਾ ੩ ॥ ਕਾਚਾ ਧਨੁ ਸੰਚਹਿ ਮੂਰਖ ਗਾਵਾਰ ॥ ਮਨਮੁਖ ਭੂਲੇ ਅੰਧ ਗਾਵਾਰ ॥ ਬਿਖਿਆ ਕੈ ਧਨਿ ਸਦਾ ਦੁਖੁ ਹੋਇ ॥ ਨਾ ਸਾਥਿ ਜਾਇ ਨ ਪਰਾਪਤਿ ਹੋਇ ॥੧॥ ਸਾਚਾ ਧਨੁ ਗੁਰਮਤੀ ਪਾਏ ॥ ਕਾਚਾ ਧਨੁ ਫੁਨਿ ਆਵੈ ਜਾਏ ॥ ਰਹਾਉ ॥ ਮਨਮੁਖਿ ਭੂਲੇ ਸਭਿ ਮਰਹਿ ਗਵਾਰ ॥ ਭਵਜਲਿ ਡੂਬੇ ਨ ਉਰਵਾਰਿ ਨ ਪਾਰਿ ॥ ਸਤਿਗੁਰੁ ਭੇਟੇ ਪੂਰੈ ਭਾਗਿ ॥ ਸਾਚਿ ਰਤੇ ਅਹਿਨਿਸਿ ਬੈਰਾਗਿ ॥੨॥ ਚਹੁ ਜੁਗ ਮਹਿ ਅੰਮ੍ਰਿਤੁ ਸਾਚੀ ਬਾਣੀ ॥ ਪੂਰੈ ਭਾਗਿ ਹਰਿ ਨਾਮਿ ਸਮਾਣੀ ॥ ਸਿਧ ਸਾਧਿਕ ਤਰਸਹਿ ਸਭਿ ਲੋਇ ॥ ਪੂਰੈ ਭਾਗਿ ਪਰਾਪਤਿ ਹੋਇ ॥੩॥ ਸਭੁ ਕਿਛੁ ਸਾਚਾ ਸਾਚਾ ਹੈ ਸੋਇ ॥ ਊਤਮ ਬ੍ਰਹਮੁ ਪਛਾਣੈ ਕੋਇ ॥ ਸਚੁ ਸਾਚਾ ਸਚੁ ਆਪਿ ਦ੍ਰਿੜਾਏ ॥ ਨਾਨਕ ਆਪੇ ਵੇਖੈ ਆਪੇ ਸਚਿ ਲਾਏ ॥੪॥੭॥ {ਪੰਨਾ 665}
ਪਦਅਰਥ: ਕਾਚਾ = ਕੱਚਾ, ਟੁੱਟ ਜਾਣ ਵਾਲਾ, ਨਾਸ ਹੋ ਜਾਣ ਵਾਲਾ। ਸੰਚਹਿ = ਇਕੱਠਾ ਕਰਦੇ ਹਨ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਭੂਲੇ = ਕੁਰਾਹੇ ਪਏ ਹੋਏ। ਅੰਧ = (ਮਾਇਆ ਦੇ ਮੋਹ ਵਿਚ) ਅੰਨ੍ਹੇ। ਬਿਖਿਆ = ਮਾਇਆ। ਕੈ ਧਨਿ = ਦੇ ਧਨ ਨਾਲ। ਪਰਾਪਤਿ = ਰਜੇਵਾਂ, ਤਸੱਲੀ, ਸੰਤੋਖ।੧।
ਸਾਚਾ = ਸਦਾ ਕਾਇਮ ਰਹਿਣ ਵਾਲਾ। ਗੁਰਮਤੀ = ਗੁਰੂ ਦੀ ਮਤਿ ਉੱਤੇ ਤੁਰ ਕੇ। ਫੁਨਿ = ਮੁੜ ਮੁੜ। ਆਵੈ = ਮਿਲਦਾ ਹੈ, ਲੱਭਦਾ ਹੈ। ਜਾਏ = ਹੱਥੋਂ ਖੁੱਸ ਜਾਂਦਾ ਹੈ।ਰਹਾਉ।
ਸਭਿ = ਸਾਰੇ। ਮਰਹਿ = ਆਤਮਕ ਜੀਵਨ ਗਵਾ ਲੈਂਦੇ ਹਨ। ਭਵਜਲਿ = ਸੰਸਾਰ = ਸਮੁੰਦਰ ਵਿਚ। ਉਰਵਾਰਿ = ਉਰਲੇ ਬੰਨੇ। ਪਾਰਿ = ਪਾਰਲੇ ਬੰਨੇ। ਭੇਟੇ = ਮਿਲਦਾ ਹੈ। ਭਾਗਿ = ਕਿਸਮਤ ਨਾਲ। ਸਾਚਿ = ਸਦਾ-ਥਿਰ ਹਰਿ = ਨਾਮ ਵਿਚ। ਰਤੇ = ਮਸਤ। ਅਹਿ = ਦਿਨ। ਨਿਸਿ = ਰਾਤ। ਬੈਰਾਗਿ = ਵੈਰਾਗ ਵਿਚ।੨।
ਚਹੁ ਜੁਗ ਮਹਿ = ਚੌਹਾਂ ਜੁਗਾਂ ਵਿਚ, ਸਦਾ ਹੀ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ। ਸਾਚੀ ਬਾਣੀ = ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲੀ ਬਾਣੀ। ਨਾਮਿ = ਨਾਮ ਵਿਚ। ਸਿਧ = ਕਰਾਮਾਤੀ ਜੋਗੀ। ਸਾਧਿਕ = ਸਾਧਨਾਂ ਕਰਨ ਵਾਲੇ। ਸਭਿ = ਸਾਰੇ। ਲੋਇ = ਲੋਕ ਵਿਚ, ਜਗਤ ਵਿਚ।੩।
ਸਭੁ ਕਿਛੁ = ਹਰੇਕ ਚੀਜ਼। ਸਾਚਾ = ਸਦਾ-ਥਿਰ ਰਹਿਣ ਵਾਲਾ ਪ੍ਰਭੂ। ਸੋਇ = ਉਹ (ਪ੍ਰਭੂ) ਹੀ। ਕੋਇ = ਕੋਈ ਵਿਰਲਾ ਮਨੁੱਖ। ਪਛਾਣੈ = ਸਾਂਝ ਪਾਂਦਾ ਹੈ। ਸਚੁ ਸਾਚਾ = ਸਦਾ ਕਾਇਮ ਰਹਿਣ ਵਾਲਾ ਪਰਮਾਤਮਾ। ਸਚੁ = ਸਦਾ-ਥਿਰ ਹਰਿ = ਨਾਮ। ਦ੍ਰਿੜਾਏ = (ਹਿਰਦੇ ਵਿਚ) ਪੱਕਾ ਕਰਦਾ ਹੈ। ਆਪੇ = ਆਪ ਹੀ। ਵੇਖੈ = ਸੰਭਾਲ ਕਰਦਾ ਹੈ। ਸਚਿ = ਸਦਾ-ਥਿਰ ਨਾਮ ਵਿਚ।੪।
ਅਰਥ: ਜੇਹੜਾ ਮਨੁੱਖ ਗੁਰੂ ਦੀ ਮਤਿ ਉਤੇ ਤੁਰਦਾ ਹੈ, ਉਹ ਸਦਾ ਕਾਇਮ ਰਹਿਣ ਵਾਲਾ ਹਰਿ-ਨਾਮ-ਧਨ ਹਾਸਲ ਕਰ ਲੈਂਦਾ ਹੈ। (ਪਰ ਦੁਨੀਆ ਵਾਲਾ) ਨਾਸਵੰਤ ਧਨ ਕਦੇ ਮਨੁੱਖ ਨੂੰ ਮਿਲ ਜਾਂਦਾ ਹੈ ਕਦੇ ਹੱਥੋਂ ਨਿਕਲ ਜਾਂਦਾ ਹੈ।ਰਹਾਉ।
ਹੇ ਭਾਈ! ਮੂਰਖ ਅੰਞਾਣ ਲੋਕ (ਸਿਰਫ਼ ਦੁਨੀਆ ਵਾਲਾ) ਨਾਸਵੰਤ ਧਨ (ਹੀ) ਜੋੜਦੇ ਰਹਿੰਦੇ ਹਨ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ, ਮਾਇਆ ਦੇ ਮੋਹ ਵਿਚ ਅੰਨ੍ਹੇ ਹੋਏ ਹੋਏ ਮਨੁੱਖ ਕੁਰਾਹੇ ਪਏ ਰਹਿੰਦੇ ਹਨ। ਹੇ ਭਾਈ! ਮਾਇਆ ਦੇ ਧਨ ਨਾਲ ਸਦਾ ਦੁੱਖ (ਹੀ) ਮਿਲਦਾ ਹੈ। ਇਹ ਧਨ ਨਾਹ ਹੀ ਮਨੁੱਖ ਦੇ ਨਾਲ ਜਾਂਦਾ ਹੈ, ਅਤੇ, ਨਾਹ ਹੀ (ਇਸ ਨੂੰ ਜੋੜ ਜੋੜ ਕੇ) ਸੰਤੋਖ ਪ੍ਰਾਪਤ ਹੁੰਦਾ ਹੈ।੧।
ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮੂਰਖ ਮਨੁੱਖ (ਮਾਇਆ ਦੇ ਮੋਹ ਦੇ ਕਾਰਨ) ਕੁਰਾਹੇ ਪੈ ਕੇ ਸਭ ਆਤਮਕ ਮੌਤ ਸਹੇੜ ਲੈਂਦੇ ਹਨ, ਸੰਸਾਰ-ਸਮੁੰਦਰ ਵਿਚ ਡੁੱਬ ਜਾਂਦੇ ਹਨ, ਨਾਹ ਉਰਲੇ ਬੰਨੇ ਰਹਿੰਦੇ ਹਨ, ਨਾਹ ਪਾਰਲੇ ਬੰਨੇ (ਨਾਹ ਇਹ ਮਾਇਆ ਸਾਥ ਤੋੜ ਨਿਬਾਹੁੰਦੀ ਹੈ, ਨਾਹ ਨਾਮ-ਧਨ ਜੋੜਿਆ ਹੁੰਦਾ ਹੈ) । ਜਿਨ੍ਹਾਂ ਮਨੁੱਖਾਂ ਨੂੰ ਪੂਰੀ ਕਿਸਮਤ ਨਾਲ ਗੁਰੂ ਮਿਲ ਪੈਂਦਾ ਹੈ ਉਹ ਦਿਨ ਰਾਤ (ਹਰ ਵੇਲੇ) ਸਦਾ-ਥਿਰ ਹਰਿ-ਨਾਮ ਵਿਚ ਮਗਨ ਰਹਿੰਦੇ ਹਨ (ਨਾਮ ਦੀ ਬਰਕਤਿ ਨਾਲ ਮਾਇਆ ਵਲੋਂ) ਉਪਰਾਮਤਾ ਵਿਚ ਟਿਕੇ ਰਹਿੰਦੇ ਹਨ।੨।
ਹੇ ਭਾਈ! ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲੀ ਗੁਰਬਾਣੀ ਸਦਾ ਹੀ ਆਤਮਕ ਜੀਵਨ ਦੇਣ ਵਾਲਾ ਨਾਮ-ਜਲ (ਵੰਡਦੀ ਹੈ) , ਪੂਰੀ ਕਿਸਮਤ ਨਾਲ (ਮਨੁੱਖ ਇਸ ਬਾਣੀ ਦੀ ਬਰਕਤਿ ਨਾਲ) ਪਰਮਾਤਮਾ ਦੇ ਨਾਮ ਵਿਚ ਲੀਨ ਹੋ ਜਾਂਦਾ ਹੈ। ਹੇ ਭਾਈ! ਕਰਾਮਾਤੀ ਜੋਗੀ ਤੇ ਸਾਧਨਾਂ ਕਰਨ ਵਾਲੇ ਜੋਗੀ ਸਾਰੇ ਹੀ ਜਗਤ ਵਿਚ (ਇਸ ਬਾਣੀ ਦੀ ਖ਼ਾਤਰ) ਤਰਲੇ ਲੈਂਦੇ ਹਨ, ਪਰ ਪੂਰੀ ਕਿਸਮਤ ਨਾਲ ਹੀ ਮਿਲਦੀ ਹੈ।੩।
ਹੇ ਭਾਈ! ਜੇਹੜਾ ਕੋਈ ਵਿਰਲਾ ਮਨੁੱਖ ਪਵਿੱਤ੍ਰ-ਸਰੂਪ ਪਰਮਾਤਮਾ ਨਾਲ ਸਾਂਝ ਪਾਂਦਾ ਹੈ ਉਸ ਨੂੰ ਹਰੇਕ ਸ਼ੈ ਉਸ ਸਦਾ-ਥਿਰ ਪ੍ਰਭੂ ਦਾ ਰੂਪ ਦਿੱਸਦੀ ਹੈ, ਉਸ ਨੂੰ ਹਰ ਥਾਂ ਉਹ ਸਦਾ-ਥਿਰ ਪ੍ਰਭੂ ਹੀ ਵੱਸਦਾ ਦਿੱਸਦਾ ਹੈ। ਹੇ ਨਾਨਕ! ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਆਪਣਾ ਸਦਾ-ਥਿਰ ਨਾਮ ਆਪ ਹੀ (ਮਨੁੱਖ ਦੇ ਹਿਰਦੇ ਵਿਚ) ਪੱਕਾ ਕਰਦਾ ਹੈ। ਉਹ ਆਪ ਹੀ (ਸਭ ਦੀ) ਸੰਭਾਲ ਕਰਦਾ ਹੈ, ਤੇ, ਆਪ ਹੀ (ਜੀਵਾਂ ਨੂੰ) ਆਪਣੇ ਸਦਾ-ਥਿਰ ਨਾਮ ਵਿਚ ਜੋੜਦਾ ਹੈ।੪।੭।
*┈┉┅━❀꧁ੴ꧂❀━┅┉┈*
ਆਸਾ ਮਹਲਾ ੪ ॥ ਸਤਜੁਗਿ ਸਭੁ ਸੰਤੋਖ ਸਰੀਰਾ ਪਗ ਚਾਰੇ ਧਰਮੁ ਧਿਆਨੁ ਜੀਉ ॥ ਮਨਿ ਤਨਿ ਹਰਿ ਗਾਵਹਿ ਪਰਮ ਸੁਖੁ ਪਾਵਹਿ ਹਰਿ ਹਿਰਦੈ ਹਰਿ ਗੁਣ ਗਿਆਨੁ ਜੀਉ ॥ ਗੁਣ ਗਿਆਨੁ ਪਦਾਰਥੁ ਹਰਿ ਹਰਿ ਕਿਰਤਾਰਥੁ ਸੋਭਾ ਗੁਰਮੁਖਿ ਹੋਈ ॥ ਅੰਤਰਿ ਬਾਹਰਿ ਹਰਿ ਪ੍ਰਭੁ ਏਕੋ ਦੂਜਾ ਅਵਰੁ ਨ ਕੋਈ ॥ ਹਰਿ ਹਰਿ ਲਿਵ ਲਾਈ ਹਰਿ ਨਾਮੁ ਸਖਾਈ ਹਰਿ ਦਰਗਹ ਪਾਵੈ ਮਾਨੁ ਜੀਉ ॥ ਸਤਜੁਗਿ ਸਭੁ ਸੰਤੋਖ ਸਰੀਰਾ ਪਗ ਚਾਰੇ ਧਰਮੁ ਧਿਆਨੁ ਜੀਉ ॥੧॥ {ਪੰਨਾ 445}
ਪਦ ਅਰਥ: ਸਤ ਜੁਗਿ = ਸਤਜੁਗ ਵਿਚ, ਉਸ ਆਤਮਕ ਅਵਸਥਾ ਵਿਚ ਜੇਹੜੀ ਸਤਜੁਗ ਵਾਲੀ ਕਹੀ ਜਾਂਦੀ ਹੈ। ਸਭੁ = ਹਰ ਥਾਂ। ਪਗ ਚਾਰੇ ਧਰਮੁ = ਚਹੁ ਪੈਰਾਂ ਵਾਲਾ ਧਰਮ (-ਰੂਪ ਧੌਲ) {ਅੰਞਾਣ ਲੋਕ ਖ਼ਿਆਲ ਕਰਦੇ ਸਨ ਕਿ ਧਰਤੀ ਨੂੰ ਇਕ ਬਲਦ ਨੇ ਆਪਣੇ ਸਿੰਙਾਂ ਉਤੇ ਚੁੱਕਿਆ ਹੋਇਆ ਹੈ}। ਮਨਿ = ਮਨ ਵਿਚ। ਤਨਿ = ਤਨ ਵਿਚ, ਹਿਰਦੇ ਵਿਚ। ਹਰਿ ਗਾਵਹਿ = ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦੇ ਹਨ। ਪਰਮ = ਸਭ ਤੋਂ ਉੱਚਾ। ਪਾਵਹਿ = ਪ੍ਰਾਪਤ ਕਰਦੇ ਹਨ। ਹਰਿ ਗੁਣ ਗਿਆਨੁ = ਪਰਮਾਤਮਾ ਦੇ ਗੁਣਾਂ ਦੀ ਡੂੰਘੀ ਸਾਂਝ। ਕਿਰਤਾਰਥੁ = ਸਫਲ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਲਿਵ ਲਾਈ = ਸੁਰਤਿ ਜੋੜੀ। ਸਖਾਈ = ਮਿੱਤਰ, ਸਾਥੀ। ਪਾਵੈ = ਹਾਸਲ ਕਰਦਾ ਹੈ। ਮਾਨੁ = ਆਦਰ।1।
ਅਰਥ: ਸਤਜੁਗੀ ਆਤਮਕ ਅਵਸਥਾ ਵਿਚ ਟਿਕੇ ਹੋਏ ਮਨੁੱਖ ਨੂੰ ਹਰ ਥਾਂ ਸੰਤੋਖ (ਆਤਮਕ ਸਹਾਰਾ) ਦੇਈ ਰੱਖਦਾ ਹੈ, ਹਰ ਵੇਲੇ ਮੁਕੰਮਲ ਧਰਮ ਉਸ ਦੇ ਜੀਵਨ ਦਾ ਨਿਸ਼ਾਨਾ ਹੁੰਦਾ ਹੈ। (ਸਤਜੁਗੀ) ਆਤਮਕ ਅਵਸਥਾ ਵਿਚ ਟਿਕੇ ਹੋਏ (ਮਨੁੱਖ) ਆਪਣੇ ਮਨ ਵਿਚ ਹਿਰਦੇ ਵਿਚ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦੇ ਰਹਿੰਦੇ ਹਨ, ਤੇ ਸਭ ਤੋਂ ਉੱਚਾ ਆਤਮਕ ਆਨੰਦ ਮਾਣਦੇ ਰਹਿੰਦੇ ਹਨ, ਉਹਨਾਂ ਦੇ ਹਿਰਦੇ ਵਿਚ ਪਰਮਾਤਮਾ ਦੇ ਗੁਣਾਂ ਨਾਲ ਡੂੰਘੀ ਸਾਂਝ ਟਿਕੀ ਰਹਿੰਦੀ ਹੈ।
ਸਤਜੁਗੀ ਆਤਮਕ ਅਵਸਥਾ ਵਿਚ ਟਿਕਿਆ ਹੋਇਆ ਮਨੁੱਖ ਪਰਮਾਤਮਾ ਦੇ ਗੁਣਾਂ ਨਾਲ ਡੂੰਘੀ ਸਾਂਝ ਨੂੰ ਕੀਮਤੀ ਚੀਜ਼ ਜਾਣਦਾ ਹੈ, ਹਰਿ-ਨਾਮ ਸਿਮਰਨ ਵਿਚ ਆਪਣੇ ਜੀਵਨ ਨੂੰ ਸਫਲ ਸਮਝਦਾ ਹੈ, ਗੁਰੂ ਦੀ ਸਰਨ ਪੈ ਕੇ ਉਸ ਨੂੰ (ਹਰ ਥਾਂ) ਸੋਭਾ ਮਿਲਦੀ ਹੈ। ਉਸ ਨੂੰ ਆਪਣੇ ਅੰਦਰ ਤੇ ਸਾਰੇ ਜਗਤ ਵਿਚ ਇਕ ਪਰਮਾਤਮਾ ਹੀ ਵੱਸਦਾ ਦਿੱਸਦਾ ਹੈ, ਉਸ ਤੋਂ ਬਿਨਾ ਕੋਈ ਹੋਰ ਉਸ ਨੂੰ ਨਹੀਂ ਦਿੱਸਦਾ।
(ਹੇ ਭਾਈ!) ਜੇਹੜਾ ਮਨੁੱਖ ਪਰਮਾਤਮਾ ਦੇ ਚਰਨਾਂ ਵਿਚ ਸੁਰਤਿ ਜੋੜਦਾ ਹੈ, ਪਰਮਾਤਮਾ ਉਸ ਦਾ (ਸਦਾ ਲਈ) ਸਾਥੀ ਬਣ ਜਾਂਦਾ ਹੈ, ਉਹ ਮਨੁੱਖ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ ਪਾਂਦਾ ਹੈ। (ਹੇ ਭਾਈ!) ਅਜੇਹੀ ਸਤਜੁਗੀ ਆਤਮਕ ਅਵਸਥਾ ਵਿਚ ਟਿਕੇ ਹੋਏ ਮਨੁੱਖ ਨੂੰ ਹਰ ਥਾਂ ਸੰਤੋਖ (ਆਤਮਕ ਸਹਾਰਾ ਦੇਈ ਰੱਖਦਾ ਹੈ) ਹਰ ਗੱਲੇ ਮੁਕੰਮਲ ਧਰਮ ਉਸ ਦੇ ਜੀਵਨ ਦਾ ਨਿਸ਼ਾਨਾ ਬਣਿਆ ਰਹਿੰਦਾ ਹੈ।1।
ਤੇਤਾ ਜੁਗੁ ਆਇਆ ਅੰਤਰਿ ਜੋਰੁ ਪਾਇਆ ਜਤੁ ਸੰਜਮ ਕਰਮ ਕਮਾਇ ਜੀਉ ॥ ਪਗੁ ਚਉਥਾ ਖਿਸਿਆ ਤ੍ਰੈ ਪਗ ਟਿਕਿਆ ਮਨਿ ਹਿਰਦੈ ਕ੍ਰੋਧੁ ਜਲਾਇ ਜੀਉ ॥ ਮਨਿ ਹਿਰਦੈ ਕ੍ਰੋਧੁ ਮਹਾ ਬਿਸਲੋਧੁ ਨਿਰਪ ਧਾਵਹਿ ਲੜਿ ਦੁਖੁ ਪਾਇਆ ॥ ਅੰਤਰਿ ਮਮਤਾ ਰੋਗੁ ਲਗਾਨਾ ਹਉਮੈ ਅਹੰਕਾਰੁ ਵਧਾਇਆ ॥ ਹਰਿ ਹਰਿ ਕ੍ਰਿਪਾ ਧਾਰੀ ਮੇਰੈ ਠਾਕੁਰਿ ਬਿਖੁ ਗੁਰਮਤਿ ਹਰਿ ਨਾਮਿ ਲਹਿ ਜਾਇ ਜੀਉ ॥ ਤੇਤਾ ਜੁਗੁ ਆਇਆ ਅੰਤਰਿ ਜੋਰੁ ਪਾਇਆ ਜਤੁ ਸੰਜਮ ਕਰਮ ਕਮਾਇ ਜੀਉ ॥੨॥ {ਪੰਨਾ 445}
ਪਦ ਅਰਥ: ਅੰਤਰਿ = ਜਿਸ ਮਨੁੱਖ ਦੇ ਅੰਦਰ। ਜੋਰੁ = ਧੱਕਾ। ਸੰਜਮੁ = ਇੰਦ੍ਰਿਆਂ ਨੂੰ ਕਾਬੂ ਕਰਨ ਦੇ 'ਜਤ' ਆਦਿਕ ਜਤਨ। ਪਗੁ = ਪੈਰ। ਮਨਿ = ਮਨ ਵਿਚ। ਜਲਾਇ = ਸਾੜਦਾ ਹੈ। ਬਿਸਲੋਧੁ = {ਬਿਸ = ਜ਼ਹਰ। ਲੋਧੁ = ਲਾਲ ਜਾਂ ਚਿੱਟੇ ਫੁੱਲਾਂ ਵਾਲਾ ਇਕ ਕਿਸਮ ਦਾ ਰੁੱਖ ਹੈ} ਵਿਹੁਲਾ ਰੁੱਖ। ਨਿਰਪ = ਰਾਜੇ। ਧਾਵਹਿ = ਦੌੜਦੇ ਹਨ, ਇਕ ਦੂਜੇ ਉਤੇ ਹਮਲੇ ਕਰਦੇ ਹਨ। ਮਮਤਾ = ਅਪਣੱਤ। ਮੇਰੈ ਠਾਕੁਰਿ = ਮੇਰੇ ਠਾਕੁਰ ਨੇ। ਬਿਖੁ = ਜ਼ਹਰ। ਨਾਮਿ = ਨਾਮ ਦੀ ਰਾਹੀਂ।2।
ਅਰਥ: (ਹੇ ਭਾਈ!) ਜਿਸ ਮਨੁੱਖ ਦੇ ਅੰਦਰ (ਦੂਜਿਆਂ ਉਤੇ) ਧੱਕਾ (ਕਰਨ ਦਾ ਸੁਭਾਉ) ਆ ਵੱਸਦਾ ਹੈ, ਉਸ ਦੇ ਭਾ ਦਾ ਤ੍ਰੇਤਾ ਜੁਗ ਆ ਜਾਂਦਾ ਹੈ (ਉਸ ਦੇ ਅੰਦਰ ਮਾਨੋ ਤ੍ਰੇਤਾ ਜੁਗ ਵਾਪਰ ਰਿਹਾ ਹੈ। ਉਹ ਮਨੁੱਖ ਪਰਮਾਤਮਾ ਦਾ ਸਿਮਰਨ ਭੁਲਾ ਕੇ) ਵੀਰਜ ਨੂੰ ਰੋਕਣਾ (ਹੀ ਧਰਮ ਸਮਝ ਲੈਂਦਾ ਹੈ) ਉਹ ਮਨੁੱਖ ਇੰਦ੍ਰਿਆਂ ਨੂੰ ਵੱਸ ਕਰਨ ਵਾਲੇ ਕਰਮ ਹੀ ਕਮਾਂਦਾ ਹੈ। ਉਸ ਮਨੁੱਖ ਦੇ ਅੰਦਰੋਂ (ਧਰਮ-ਬਲਦ ਦਾ) ਚੌਥਾ ਪੈਰ ਤਿਲਕ ਜਾਂਦਾ ਹੈ (ਉਸ ਦੇ ਅੰਦਰ ਧਰਮ-ਬਲਦ) ਤਿੰਨਾਂ ਪੈਰਾਂ ਦੇ ਸਹਾਰੇ ਖਲੋਂਦਾ ਹੈ, ਉਸ ਦੇ ਮਨ ਵਿਚ ਉਸ ਦੇ ਹਿਰਦੇ ਵਿਚ ਕ੍ਰੋਧ ਪੈਦਾ ਹੁੰਦਾ ਹੈ ਜੋ ਉਸ (ਦੇ ਆਤਮਕ ਜੀਵਨ) ਨੂੰ ਸਾੜਦਾ ਹੈ।
(ਹੇ ਭਾਈ!) ਉਸ ਮਨੁੱਖ ਦੇ ਮਨ ਵਿਚ ਹਿਰਦੇ ਵਿਚ ਕ੍ਰੋਧ ਪੈਦਾ ਹੋਇਆ ਰਹਿੰਦਾ ਹੈ ਜੋ, ਮਾਨੋ, ਇਕ ਵੱਡਾ ਵਿਹੁਲਾ ਰੁੱਖ (ਉੱਗਾ ਹੋਇਆ) ਹੈ। (ਧੱਕਾ ਕਰਨ ਦੇ ਸੁਭਾਵ ਤੋਂ ਪੈਦਾ ਹੋਏ ਇਸ ਕ੍ਰੋਧ ਦੇ ਕਾਰਨ ਹੀ) ਰਾਜੇ ਇਕ ਦੂਜੇ ਉਤੇ ਹਮਲੇ ਕਰਦੇ ਹਨ, ਆਪੋ ਵਿਚ ਲੜ ਲੜ ਕੇ ਦੁੱਖ ਪਾਂਦੇ ਹਨ। ਜਿਸ ਮਨੁੱਖ ਦੇ ਅੰਦਰ ਮਮਤਾ ਦਾ ਰੋਗ ਲੱਗ ਜਾਂਦਾ ਹੈ ਉਸ ਦੇ ਅੰਦਰ ਹਉਮੈ ਵਧਦੀ ਹੈ ਅਹੰਕਾਰ ਵਧਦਾ ਹੈ ਪਰ ਜਿਸ ਮਨੁੱਖ ਉੱਤੇ ਮੇਰੇ ਮਾਲਕ ਪ੍ਰਭੂ ਨੇ ਮੇਹਰ ਕੀਤੀ, ਗੁਰੂ ਦੀ ਮਤਿ ਦੀ ਬਰਕਤਿ ਨਾਲ ਹਰਿ-ਨਾਮ ਦੀ ਬਰਕਤਿ ਨਾਲ ਉਸ ਦੇ ਅੰਦਰੋਂ ਇਹ ਜ਼ਹਰ ਉਤਰ ਜਾਂਦੀ ਹੈ। (ਹੇ ਭਾਈ!) ਜਿਸ ਮਨੁੱਖ ਦੇ ਅੰਦਰ (ਦੂਜਿਆਂ ਉੱਤੇ) ਧੱਕਾ (ਕਰਨ ਦਾ ਸੁਭਾਉ) ਆ ਵੱਸਦਾ ਹੈ ਉਸ ਦੇ ਅੰਦਰ, ਮਾਨੋ, ਤ੍ਰੇਤਾ ਜੁਗ ਵਾਪਰ ਰਿਹਾ ਹੈ।2।
ਜੁਗੁ ਦੁਆਪੁਰੁ ਆਇਆ ਭਰਮਿ ਭਰਮਾਇਆ ਹਰਿ ਗੋਪੀ ਕਾਨ੍ਹ੍ਹੁ ਉਪਾਇ ਜੀਉ ॥ ਤਪੁ ਤਾਪਨ ਤਾਪਹਿ ਜਗ ਪੁੰਨ ਆਰੰਭਹਿ ਅਤਿ ਕਿਰਿਆ ਕਰਮ ਕਮਾਇ ਜੀਉ ॥ ਕਿਰਿਆ ਕਰਮ ਕਮਾਇਆ ਪਗ ਦੁਇ ਖਿਸਕਾਇਆ ਦੁਇ ਪਗ ਟਿਕੈ ਟਿਕਾਇ ਜੀਉ ॥ ਮਹਾ ਜੁਧ ਜੋਧ ਬਹੁ ਕੀਨ੍ਹ੍ਹੇ ਵਿਚਿ ਹਉਮੈ ਪਚੈ ਪਚਾਇ ਜੀਉ ॥ ਦੀਨ ਦਇਆਲਿ ਗੁਰੁ ਸਾਧੁ ਮਿਲਾਇਆ ਮਿਲਿ ਸਤਿਗੁਰ ਮਲੁ ਲਹਿ ਜਾਇ ਜੀਉ ॥ ਜੁਗੁ ਦੁਆਪੁਰੁ ਆਇਆ ਭਰਮਿ ਭਰਮਾਇਆ ਹਰਿ ਗੋਪੀ ਕਾਨ੍ਹ੍ਹੁ ਉਪਾਇ ਜੀਉ ॥੩॥ {ਪੰਨਾ 445}
ਪਦ ਅਰਥ: ਭਰਮਿ = (ਮਾਇਆ ਦੀ) ਭਟਕਣਾ ਵਿਚ। ਗੋਪੀ ਕਾਨੁ੍ਹ੍ਹ = ਇਸਤ੍ਰੀ ਮਰਦ {'ਨਾਚੰਤੀ ਗੋਪੀ ਜੰਨਾ'}। ਤਾਪਹਿ = ਤਪਦੇ ਹਨ, ਕਲੇਸ਼ ਸਹਾਰਦੇ ਹਨ। ਪੁੰਨ = (ਮਿਥੇ ਹੋਏ) ਨੇਕ ਕੰਮ। ਜੋਧ = ਜੋਧੇ, ਸੂਰਮੇ। ਪਚੈ = ਸੜਦਾ ਹੈ। ਪਚਾਇ = ਸਾੜਦਾ ਹੈ। ਦਇਆਲਿ = ਦਇਆਲ ਨੇ। ਸਾਧੁ = ਗੁਰੂ। ਮਿਲਿ = ਮਿਲ ਕੇ।3।
ਅਰਥ: ਜੋ ਜੋ ਇਸਤ੍ਰੀ ਮਰਦ ਪਰਮਾਤਮਾ ਨੇ ਪੈਦਾ ਕੀਤਾ ਹੈ (ਇਹ ਸਾਰੇ ਇਸਤ੍ਰੀ ਮਰਦ ਜੋ ਹਰੀ ਨੇ ਪੈਦਾ ਕੀਤੇ ਹਨ, ਇਹਨਾਂ ਵਿਚੋਂ ਜੇਹੜਾ ਜੇਹੜਾ ਮਾਇਆ ਦੀ) ਭਟਕਣਾ ਵਿਚ ਭਟਕ ਰਿਹਾ ਹੈ (ਉਸ ਦੇ ਵਾਸਤੇ, ਮਾਨੋ) ਦੁਆਪੁਰ ਜੁਗ ਆਇਆ ਹੋਇਆ ਹੈ। (ਅਜੇਹੇ ਲੋਕ ਭਟਕਣਾ ਵਿਚ ਪੈ ਕੇ) ਤਪ ਸਾਧਦੇ ਹਨ, ਧੂਣੀਆਂ ਤਪਾਣ ਦੇ ਕਸ਼ਟ ਸਹਾਰਦੇ ਹਨ, ਜੱਗ ਆਦਿਕ (ਮਿਥੇ ਹੋਏ) ਪੁੰਨ ਕਰਮ ਕਰਦੇ ਹਨ। (ਜੇਹੜਾ ਭੀ ਮਨੁੱਖ ਪਰਮਾਤਮਾ ਦਾ ਸਿਮਰਨ ਛੱਡ ਕੇ ਹੋਰ ਹੋਰ ਧਾਰਮਿਕ ਮਿਥਿਆ ਹੋਇਆ) ਕਿਰਿਆ ਕਰਮ ਕਰਦਾ ਹੈ (ਉਸ ਦੇ ਅੰਦਰੋਂ ਧਰਮ-ਬਲਦ ਆਪਣੇ ਦੋਵੇਂ) ਪੈਰ ਖਿਸਕਾ ਲੈਂਦਾ ਹੈ (ਉਸ ਦੇ ਅੰਦਰ ਧਰਮ-ਬਲਦ) ਦੋ ਪੈਰਾਂ ਦੇ ਆਸਰੇ ਟਿਕਿਆ ਰਹਿੰਦਾ ਹੈ। (ਇਹ ਦੁਆਪੁਰ ਜੁਗ ਦਾ ਪ੍ਰਭਾਵ ਹੀ ਸਮਝੋ ਕਿ ਮਾਇਆ ਦੀ ਭਟਕਣਾ ਵਿਚ ਫਸ ਕੇ) ਬੜੇ ਬੜੇ ਸੂਰਮੇ ਵੱਡੇ ਜੁੱਧ ਮਚਾ ਦੇਂਦੇ ਹਨ। (ਮਾਇਆ ਦੀ ਭਟਕਣਾ ਦੇ ਕਾਰਨ ਹੀ ਮਨੁੱਖ ਆਪ) ਹਉਮੈ ਵਿਚ ਸੜਦਾ ਹੈ ਤੇ ਹੋਰਨਾਂ ਨੂੰ ਸਾੜਦਾ ਹੈ।
ਦੀਨਾਂ ਉਤੇ ਦਇਆ ਕਰਨ ਵਾਲੇ ਪਰਮਾਤਮਾ ਨੇ ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲਾ ਦਿੱਤਾ, ਗੁਰੂ ਨੂੰ ਮਿਲ ਕੇ (ਉਸ ਦੇ ਅੰਦਰੋਂ ਮਾਇਆ ਦੀ) ਮੈਲ ਲਹਿ ਜਾਂਦੀ ਹੈ। (ਹੇ ਭਾਈ!) ਜੋ ਜੋ ਇਸਤ੍ਰੀ ਮਰਦ ਪਰਮਾਤਮਾ ਨੇ ਪੈਦਾ ਕੀਤਾ ਹੈ, ਜੇਹੜਾ ਜੇਹੜਾ ਮਾਇਆ ਦੀ ਭਟਕਣਾ ਵਿਚ ਭਟਕ ਰਿਹਾ ਹੈ (ਉਸ ਦੇ ਵਾਸਤੇ, ਮਾਨੋ) ਦੁਆਪੁਰ ਜੁਗ ਆਇਆ ਹੋਇਆ ਹੈ।3।
ਕਲਿਜੁਗੁ ਹਰਿ ਕੀਆ ਪਗ ਤ੍ਰੈ ਖਿਸਕੀਆ ਪਗੁ ਚਉਥਾ ਟਿਕੈ ਟਿਕਾਇ ਜੀਉ ॥ ਗੁਰ ਸਬਦੁ ਕਮਾਇਆ ਅਉਖਧੁ ਹਰਿ ਪਾਇਆ ਹਰਿ ਕੀਰਤਿ ਹਰਿ ਸਾਂਤਿ ਪਾਇ ਜੀਉ ॥ ਹਰਿ ਕੀਰਤਿ ਰੁਤਿ ਆਈ ਹਰਿ ਨਾਮੁ ਵਡਾਈ ਹਰਿ ਹਰਿ ਨਾਮੁ ਖੇਤੁ ਜਮਾਇਆ ॥ ਕਲਿਜੁਗਿ ਬੀਜੁ ਬੀਜੇ ਬਿਨੁ ਨਾਵੈ ਸਭੁ ਲਾਹਾ ਮੂਲੁ ਗਵਾਇਆ ॥ ਜਨ ਨਾਨਕਿ ਗੁਰੁ ਪੂਰਾ ਪਾਇਆ ਮਨਿ ਹਿਰਦੈ ਨਾਮੁ ਲਖਾਇ ਜੀਉ ॥ ਕਲਜੁਗੁ ਹਰਿ ਕੀਆ ਪਗ ਤ੍ਰੈ ਖਿਸਕੀਆ ਪਗੁ ਚਉਥਾ ਟਿਕੈ ਟਿਕਾਇ ਜੀਉ ॥੪॥੪॥੧੧॥ {ਪੰਨਾ 446}
ਪਦ ਅਰਥ: ਅਉਖਧੁ = ਦਵਾਈ। ਕੀਰਤਿ = ਸਿਫ਼ਤਿ-ਸਾਲਾਹ। ਰੁਤਿ = ਸਮਾ, ਮਨੁੱਖਾ ਜਨਮ ਦਾ ਸਮਾ। ਵਡਾਈ = ਆਦਰ-ਮਾਣ। ਖੇਤੁ = ਫਸਲ। ਕਲਿਜੁਗਿ = ਕਲਜੁਗ (ਦੇ ਪ੍ਰਭਾਵ) ਵਿਚ। ਲਾਹਾ = ਲਾਭ। ਮੂਲੁ = ਸਰਮਾਇਆ। ਨਾਨਕਿ = ਨਾਨਕ ਨੇ। ਮਨਿ = ਮਨ ਵਿਚ। ਹਿਰਦੈ = ਹਿਰਦੇ ਵਿਚ। ਲਖਾਇ = ਪਰਗਟ ਕਰ ਦਿੱਤਾ।4।
ਅਰਥ: (ਹੇ ਭਾਈ! ਜਿਸ ਮਨੁੱਖ ਦੇ ਅੰਦਰੋਂ ਧਰਮ-ਬਲਦ ਦੇ) ਤਿੰਨ ਪੈਰ ਤਿਲਕ ਗਏ (ਜਿਸ ਮਨੁੱਖ ਦੇ ਅੰਦਰ ਧਰਮ-ਬਲਦ ਸਿਰਫ਼) ਚੌਥਾ ਪੈਰ ਟਿਕਾਈ ਰੱਖਦਾ ਹੈ (ਜਿਸ ਦੇ ਅੰਦਰ ਸਿਰਫ਼ ਨਾਮ-ਮਾਤ੍ਰ ਧਰਮ ਰਹਿ ਜਾਂਦਾ ਹੈ, ਉਸ ਦੇ ਵਾਸਤੇ) ਪਰਮਾਤਮਾ ਨੇ (ਮਾਨੋ) ਕਲਿਜੁਗ ਬਣਾ ਦਿੱਤਾ। ਜੇਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਕਮਾਂਦਾ ਹੈ (ਸ਼ਬਦ ਅਨੁਸਾਰ ਆਪਣਾ ਜੀਵਨ ਢਾਲਦਾ ਹੈ) ਉਹ ਹਰਿ-ਨਾਮ ਦਵਾਈ ਹਾਸਲ ਕਰ ਲੈਂਦਾ ਹੈ, ਉਹ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ, ਪਰਮਾਤਮਾ (ਉਸ ਦੇ ਅੰਦਰ) ਸ਼ਾਂਤੀ ਪੈਦਾ ਕਰ ਦੇਂਦਾ ਹੈ। (ਉਸ ਮਨੁੱਖ ਨੂੰ ਸਮਝ ਆ ਜਾਂਦੀ ਹੈ ਕਿ ਇਹ ਮਨੁੱਖਾ ਜਨਮ ਦੀ) ਰੁੱਤ ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਾਸਤੇ ਮਿਲੀ ਹੈ, ਪਰਮਾਤਮਾ ਦਾ ਨਾਮ ਹੀ (ਲੋਕ-ਪਰਲੋਕ ਵਿਚ) ਆਦਰ-ਮਾਣ ਦੇਂਦਾ ਹੈ (ਉਹ ਮਨੁੱਖ ਆਪਣੇ ਅੰਦਰ) ਪਰਮਾਤਮਾ ਦੇ ਨਾਮ (ਦਾ) ਫਸਲ ਬੀਜਦਾ ਹੈ। ਪਰ ਜੇਹੜਾ ਮਨੁੱਖ ਪਰਮਾਤਮਾ ਦਾ ਨਾਮ ਛੱਡ ਕੇ (ਕਰਮ ਕਾਂਡ ਆਦਿਕ ਕੋਈ ਹੋਰ) ਬੀਜ ਬੀਜਦਾ ਹੈ ਉਹ (ਮਾਨੋ) ਕਲਿਜੁਗ (ਦੇ ਪ੍ਰਭਾਵ) ਵਿਚ ਹੈ ਉਹ ਸਰਮਾਇਆ ਭੀ ਗਵਾ ਲੈਂਦਾ ਹੈ ਤੇ ਲਾਭ ਭੀ ਕੋਈ ਨਹੀਂ ਖੱਟਦਾ।
(ਹੇ ਭਾਈ! ਪਰਮਾਤਮਾ ਦੀ ਕਿਰਪਾ ਨਾਲ) ਦਾਸ ਨਾਨਕ ਨੇ ਪੂਰਾ ਗੁਰੂ ਲੱਭ ਲਿਆ ਹੈ, ਗੁਰੂ ਨੇ (ਨਾਨਕ ਦੇ) ਮਨ ਵਿਚ ਹਿਰਦੇ ਵਿਚ ਪ੍ਰਭੂ ਨਾਮ ਪਟਗਟ ਕਰ ਦਿੱਤਾ ਹੈ।
(ਹੇ ਭਾਈ! ਜਿਸ ਮਨੁੱਖ ਦੇ ਅੰਦਰੋਂ ਧਰਮ-ਬਲਦ ਦੇ) ਤਿੰਨ ਪੈਰ ਤਿਲਕ ਗਏ (ਜਿਸ ਮਨੁੱਖ ਦੇ ਅੰਦਰ ਧਰਮ-ਬਲਦ ਸਿਰਫ਼) ਚੌਥਾ ਪੈਰ ਟਿਕਾਈ ਰੱਖਦਾ ਹੈ (ਜਿਸ ਦੇ ਅੰਦਰ ਸਿਰਫ਼-ਨਾਮ-ਮਾਤ੍ਰ ਧਰਮ ਰਹਿ ਜਾਂਦਾ ਹੈ, ਉਸ ਦੇ ਵਾਸਤੇ) ਪਰਮਾਤਮਾ ਨੇ (ਮਾਨੋ) ਕਲਿਜੁਗ ਬਣਾ ਦਿੱਤਾ ਹੈ।4। 4।11।
*┈┉┅━❀꧁ੴ꧂❀━┅┉┈*
ਧਨਾਸਰੀ ਛੰਤ ਮਹਲਾ ੪ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਹਰਿ ਜੀਉ ਕ੍ਰਿਪਾ ਕਰੇ ਤਾ ਨਾਮੁ ਧਿਆਈਐ ਜੀਉ ॥ ਸਤਿਗੁਰੁ ਮਿਲੈ ਸੁਭਾਇ ਸਹਜਿ ਗੁਣ ਗਾਈਐ ਜੀਉ ॥ ਗੁਣ ਗਾਇ ਵਿਗਸੈ ਸਦਾ ਅਨਦਿਨੁ ਜਾ ਆਪਿ ਸਾਚੇ ਭਾਵਏ ॥ ਅਹੰਕਾਰੁ ਹਉਮੈ ਤਜੈ ਮਾਇਆ ਸਹਜਿ ਨਾਮਿ ਸਮਾਵਏ ॥ ਆਪਿ ਕਰਤਾ ਕਰੇ ਸੋਈ ਆਪਿ ਦੇਇ ਤ ਪਾਈਐ ॥ ਹਰਿ ਜੀਉ ਕ੍ਰਿਪਾ ਕਰੇ ਤਾ ਨਾਮੁ ਧਿਆਈਐ ਜੀਉ ॥੧॥ {ਪੰਨਾ 690}
ਪਦਅਰਥ: ਧਿਆਈਐ = ਸਿਮਰਿਆ ਜਾ ਸਕਦਾ ਹੈ। ਸੁਭਾਇ = ਪ੍ਰੇਮ ਵਿਚ। ਸਹਜਿ = ਆਤਮਕ ਅਡੋਲਤਾ ਵਿਚ। ਗਾਈਐ = ਗਾ ਸਕੀਦਾ ਹੈ। ਵਿਗਸੈ = ਖਿੜਿਆ ਰਹਿੰਦਾ ਹੈ। ਗਾਇ = ਗਾ ਕੇ। ਅਨਦਿਨੁ = ਹਰ ਰੋਜ਼, ਹਰ ਵੇਲੇ {अनुदिन}। ਸਾਚੇ ਭਾਵਏ = ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਚੰਗਾ ਲੱਗੇ। ਭਾਵਏ = ਭਾਵੈ, ਚੰਗਾ ਲੱਗੇ। ਨਾਮਿ = ਨਾਮ ਵਿਚ। ਸਮਾਵਏ = ਸਮਾਵੈ, ਸਮਾ ਜਾਂਦਾ ਹੈ। ਦੇਇ = ਦੇਂਦਾ ਹੈ। ਤ = ਤਾਂ, ਤਦੋਂ।੧।
ਅਰਥ: ਹੇ ਭਾਈ! ਜੇ ਪਰਮਾਤਮਾ ਆਪ ਕਿਰਪਾ ਕਰੇ, ਤਾਂ ਉਸ ਦਾ ਨਾਮ ਸਿਮਰਿਆ ਜਾ ਸਕਦਾ ਹੈ। ਜੇ ਗੁਰੂ ਮਿਲ ਪਏ, ਤਾਂ (ਪ੍ਰਭੂ ਦੇ) ਪ੍ਰੇਮ ਵਿਚ (ਲੀਨ ਹੋ ਕੇ) ਆਤਮਕ ਅਡੋਲਤਾ ਵਿਚ (ਟਿਕ ਕੇ) ਪਰਮਾਤਮਾ ਦੇ ਗੁਣਾਂ ਨੂੰ ਗਾ ਸਕੀਦਾ ਹੈ। (ਪਰਮਾਤਮਾ ਦੇ) ਗੁਣ ਗਾ ਕੇ (ਮਨੁੱਖ) ਸਦਾ ਹਰ ਵੇਲੇ ਖਿੜਿਆ ਰਹਿੰਦਾ ਹੈ, (ਪਰ ਇਹ ਤਦੋਂ ਹੀ ਹੋ ਸਕਦਾ ਹੈ) ਜਦੋਂ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਆਪ (ਇਹ ਮੇਹਰ ਕਰਨੀ) ਪਸੰਦ ਆਵੇ। (ਗੁਣ ਗਾਣ ਦੀ ਬਰਕਤਿ ਨਾਲ ਮਨੁੱਖ) ਅਹੰਕਾਰ, ਹਉਮੈ, ਮਾਇਆ (ਦਾ ਮੋਹ) ਤਿਆਗ ਦੇਂਦਾ ਹੈ, ਅਤੇ, ਆਤਮਕ ਅਡੋਲਤਾ ਵਿਚ ਹਰਿ-ਨਾਮ ਵਿਚ ਲੀਨ ਹੋ ਜਾਂਦਾ ਹੈ। (ਨਾਮ ਸਿਮਰਨ ਦੀ ਦਾਤਿ) ਉਹ ਪਰਮਾਤਮਾ ਆਪ ਹੀ ਕਰਦਾ ਹੈ, ਜਦੋਂ ਉਹ (ਇਹ ਦਾਤਿ) ਦੇਂਦਾ ਹੈ ਤਦੋਂ ਮਿਲਦੀ ਹੈ। ਹੇ ਭਾਈ! ਪਰਮਾਤਮਾ ਕਿਰਪਾ ਕਰੇ, ਤਾਂ ਉਸ ਦਾ ਨਾਮ ਸਿਮਰਿਆ ਜਾ ਸਕਦਾ ਹੈ।੧।
ਅੰਦਰਿ ਸਾਚਾ ਨੇਹੁ ਪੂਰੇ ਸਤਿਗੁਰੈ ਜੀਉ ॥ ਹਉ ਤਿਸੁ ਸੇਵੀ ਦਿਨੁ ਰਾਤਿ ਮੈ ਕਦੇ ਨ ਵੀਸਰੈ ਜੀਉ ॥ ਕਦੇ ਨ ਵਿਸਾਰੀ ਅਨਦਿਨੁ ਸਮ੍ਹ੍ਹਾਰੀ ਜਾ ਨਾਮੁ ਲਈ ਤਾ ਜੀਵਾ ॥ ਸ੍ਰਵਣੀ ਸੁਣੀ ਤ ਇਹੁ ਮਨੁ ਤ੍ਰਿਪਤੈ ਗੁਰਮੁਖਿ ਅੰਮ੍ਰਿਤੁ ਪੀਵਾ ॥ ਨਦਰਿ ਕਰੇ ਤਾ ਸਤਿਗੁਰੁ ਮੇਲੇ ਅਨਦਿਨੁ ਬਿਬੇਕ ਬੁਧਿ ਬਿਚਰੈ ॥ ਅੰਦਰਿ ਸਾਚਾ ਨੇਹੁ ਪੂਰੇ ਸਤਿਗੁਰੈ ॥੨॥ {ਪੰਨਾ 690}
ਪਦਅਰਥ: ਸਾਚਾ = ਸਦਾ-ਥਿਰ ਰਹਿਣ ਵਾਲਾ। ਨੇਹੁ = ਪ੍ਰੇਮ। ਪੂਰੇ ਸਤਿਗੁਰੈ = ਪੂਰੇ ਗੁਰੂ ਦੀ ਰਾਹੀਂ। ਹਉ = ਮੈਂ। ਤਿਸੁ = ਉਸ (ਪ੍ਰਭੂ) ਨੂੰ। ਸੇਵੀ = ਸੇਵੀਂ, ਮੈਂ ਸੇਂਵਦਾ ਹਾਂ। ਵੀਸਰੈ = ਭੁੱਲਦਾ। ਮੈ = ਮੈਨੂੰ। ਵਿਸਾਰੀ = ਵਿਸਾਰੀਂ, ਮੈਂ ਭੁਲਾਂਦਾ। ਸਮ੍ਹ੍ਹਾਰੀ = ਸਮ੍ਹ੍ਹਾਰੀਂ, ਮੈਂ ਸੰਭਾਲਦਾ। ਲਈ = ਲਈਂ। ਜੀਵਾ = ਜੀਵਾਂ। ਸ੍ਰਵਣੀ = ਕੰਨਾਂ ਨਾਲ। ਸੁਣੀ = ਸੁਣੀਂ। ਤ੍ਰਿਪਤੈ = ਰੱਜ ਜਾਂਦਾ ਹੈ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ = ਜਲ। ਪੀਵਾ = ਪੀਵਾਂ। ਬਿਬੇਕ = (ਚੰਗੇ ਮੰਦੇ ਦੀ) ਪਰਖ। ਬਿਚਰੈ = ਵਿਚਰਦੀ ਹੈ, ਵਰਤਦੀ ਹੈ।੨।
ਅਰਥ: ਹੇ ਭਾਈ! ਪੂਰੇ ਗੁਰੂ ਦੀ ਰਾਹੀਂ (ਮੇਰੇ) ਮਨ ਵਿਚ (ਪਰਮਾਤਮਾ ਨਾਲ) ਸਦਾ-ਥਿਰ ਰਹਿਣ ਵਾਲਾ ਪਿਆਰ ਬਣ ਗਿਆ ਹੈ। (ਗੁਰੂ ਦੀ ਕਿਰਪਾ ਨਾਲ) ਮੈਂ ਉਸ (ਪ੍ਰਭੂ) ਨੂੰ ਦਿਨ ਰਾਤ ਸਿਮਰਦਾ ਰਹਿੰਦਾ ਹਾਂ, ਮੈਨੂੰ ਉਹ ਕਦੇ ਭੀ ਨਹੀਂ ਭੁੱਲਦਾ। ਮੈਂ ਉਸ ਨੂੰ ਕਦੇ ਭੁਲਾਂਦਾ ਨਹੀਂ, ਮੈਂ ਹਰ ਵੇਲੇ (ਉਸ ਪ੍ਰਭੂ ਨੂੰ) ਹਿਰਦੇ ਵਿਚ ਵਸਾਈ ਰੱਖਦਾ ਹਾਂ। ਜਦੋਂ ਮੈਂ ਉਸ ਦਾ ਨਾਮ ਜਪਦਾ ਹਾਂ, ਤਦੋਂ ਮੈਨੂੰ ਆਤਮਕ ਜੀਵਨ ਪ੍ਰਾਪਤ ਹੁੰਦਾ ਹੈ। ਜਦੋਂ ਮੈਂ ਆਪਣੇ ਕੰਨਾਂ ਨਾਲ (ਹਰਿ-ਨਾਮ) ਸੁਣਦਾ ਹਾਂ ਤਦੋਂ (ਮੇਰਾ) ਇਹ ਮਨ (ਮਾਇਆ ਵਲੋਂ) ਰੱਜ ਜਾਂਦਾ ਹੈ। ਹੇ ਭਾਈ! ਮੈਂ ਗੁਰੂ ਦੀ ਸਰਨ ਪੈ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦਾ ਰਹਿੰਦਾ ਹਾਂ (ਜਦੋਂ ਪ੍ਰਭੂ ਮਨੁੱਖ ਉਤੇ ਮੇਹਰ ਦੀ) ਨਿਗਾਹ ਕਰਦਾ ਹੈ, ਤਦੋਂ (ਉਸ ਨੂੰ) ਗੁਰੂ ਮਿਲਾਂਦਾ ਹੈ (ਤਦੋਂ ਹਰ ਵੇਲੇ ਉਸ ਮਨੁੱਖ ਦੇ ਅੰਦਰ) ਚੰਗੇ ਮੰਦੇ ਦੀ ਪਰਖ ਕਰ ਸਕਣ ਵਾਲੀ ਅਕਲ ਕੰਮ ਕਰਦੀ ਹੈ। ਹੇ ਭਾਈ! ਪੂਰੇ ਗੁਰੂ ਦੀ ਕਿਰਪਾ ਨਾਲ ਮੇਰੇ ਅੰਦਰ (ਪ੍ਰਭੂ ਨਾਲ) ਸਦਾ ਕਾਇਮ ਰਹਿਣ ਵਾਲਾ ਪਿਆਰ ਬਣ ਗਿਆ ਹੈ।੨।
ਸਤਸੰਗਤਿ ਮਿਲੈ ਵਡਭਾਗਿ ਤਾ ਹਰਿ ਰਸੁ ਆਵਏ ਜੀਉ ॥ ਅਨਦਿਨੁ ਰਹੈ ਲਿਵ ਲਾਇ ਤ ਸਹਜਿ ਸਮਾਵਏ ਜੀਉ ॥ ਸਹਜਿ ਸਮਾਵੈ ਤਾ ਹਰਿ ਮਨਿ ਭਾਵੈ ਸਦਾ ਅਤੀਤੁ ਬੈਰਾਗੀ ॥ ਹਲਤਿ ਪਲਤਿ ਸੋਭਾ ਜਗ ਅੰਤਰਿ ਰਾਮ ਨਾਮਿ ਲਿਵ ਲਾਗੀ ॥ ਹਰਖ ਸੋਗ ਦੁਹਾ ਤੇ ਮੁਕਤਾ ਜੋ ਪ੍ਰਭੁ ਕਰੇ ਸੁ ਭਾਵਏ ॥ ਸਤਸੰਗਤਿ ਮਿਲੈ ਵਡਭਾਗਿ ਤਾ ਹਰਿ ਰਸੁ ਆਵਏ ਜੀਉ ॥੩॥ {ਪੰਨਾ 690}
ਪਦਅਰਥ: ਭਾਗਿ = ਭਾਗ ਨਾਲ, ਕਿਸਮਤ ਨਾਲ। ਰਸੁ = ਸੁਆਦ। ਆਵਏ = ਆਉਂਦਾ ਹੈ, ਆਵੈ। ਅਨਦਿਨੁ = ਹਰ ਰੋਜ਼, ਹਰ ਵੇਲੇ। ਲਿਵ = ਲਗਨ। ਸਮਾਵਏ = ਸਮਾਵੈ। ਮਨਿ = ਮਨ ਵਿਚ। ਭਾਵੈ = ਪਿਆਰਾ ਲੱਗਦਾ ਹੈ। ਅਤੀਤੁ = ਵਿਰਕਤ, ਮਾਇਆ ਦੇ ਮੋਹ ਤੋਂ ਪਾਰ ਲੰਘਿਆ ਹੋਇਆ। ਬੈਰਾਗੀ = ਨਿਰਮੋਹ। ਹਲਤਿ = ਇਸ ਲੋਕ ਵਿਚ {अत्र}। ਪਲਤਿ = {परत्र} ਪਰਲੋਕ ਵਿਚ। ਅੰਤਰਿ = ਵਿਚ। ਨਾਮਿ = ਨਾਮ ਵਿਚ। ਹਰਖ = ਖ਼ੁਸ਼ੀ। ਸੋਗ = ਗ਼ਮ। ਤੇ = ਤੋਂ। ਮੁਕਤਾ = ਸੁਤੰਤਰ। ਭਾਵਏ = ਭਾਵੈ।੩।
ਅਰਥ: (ਜਿਸ ਮਨੁੱਖ ਨੂੰ) ਵੱਡੀ ਕਿਸਮਤ ਨਾਲ ਸਾਧ ਸੰਗਤਿ ਪ੍ਰਾਪਤ ਹੋ ਜਾਂਦੀ ਹੈ, ਤਾਂ ਉਸ ਨੂੰ ਪਰਮਾਤਮਾ ਦੇ ਨਾਮ ਦਾ ਸੁਆਦ ਆਉਣ ਲੱਗ ਪੈਂਦਾ ਹੈ, ਉਹ ਹਰ ਵੇਲੇ (ਪ੍ਰਭੂ ਦੀ ਯਾਦ ਵਿਚ) ਸੁਰਤਿ ਜੋੜੀ ਰੱਖਦਾ ਹੈ, ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ। ਜਦੋਂ ਮਨੁੱਖ ਆਤਮਕ ਅਡੋਲਤਾ ਵਿਚ ਲੀਨ ਹੋ ਜਾਂਦਾ ਹੈ, ਤਦੋਂ ਪਰਮਾਤਮਾ ਦੇ ਮਨ ਵਿਚ ਪਿਆਰਾ ਲੱਗਣ ਲੱਗ ਪੈਂਦਾ ਹੈ, ਤਦੋਂ ਮਾਇਆ ਦੇ ਮੋਹ ਤੋਂ ਪਰੇ ਲੰਘ ਜਾਂਦਾ ਹੈ, ਨਿਰਲੇਪ ਹੋ ਜਾਂਦਾ ਹੈ। ਇਸ ਲੋਕ ਵਿਚ, ਪਰਲੋਕ ਵਿਚ, ਸਾਰੇ ਸੰਸਾਰ ਵਿਚ ਉਸ ਦੀ ਸੋਭਾ ਹੋਣ ਲੱਗ ਪੈਂਦੀ ਹੈ, ਪਰਮਾਤਮਾ ਦੇ ਨਾਮ ਵਿਚ ਉਸ ਦੀ ਲਗਨ ਲੱਗੀ ਰਹਿੰਦੀ ਹੈ। ਉਹ ਮਨੁੱਖ ਖ਼ੁਸ਼ੀ ਗ਼ਮੀ ਦੋਹਾਂ ਤੋਂ ਸੁਤੰਤਰ ਹੋ ਜਾਂਦਾ ਹੈ, ਜੋ ਕੁਝ ਪਰਮਾਤਮਾ ਕਰਦਾ ਹੈ ਉਹ ਉਸ ਨੂੰ ਚੰਗਾ ਲੱਗਣ ਲੱਗ ਪੈਂਦਾ ਹੈ। ਹੇ ਭਾਈ! ਜਦੋਂ ਵੱਡੀ ਕਿਸਮਤ ਨਾਲ ਕਿਸੇ ਮਨੁੱਖ ਨੂੰ ਸਾਧ ਸੰਗਤਿ ਪ੍ਰਾਪਤ ਹੁੰਦੀ ਹੈ ਤਦੋਂ ਉਸ ਨੂੰ ਪਰਮਾਤਮਾ ਦੇ ਨਾਮ ਦਾ ਰਸ ਆਉਣ ਲੱਗ ਪੈਂਦਾ ਹੈ।੩।
ਦੂਜੈ ਭਾਇ ਦੁਖੁ ਹੋਇ ਮਨਮੁਖ ਜਮਿ ਜੋਹਿਆ ਜੀਉ ॥ ਹਾਇ ਹਾਇ ਕਰੇ ਦਿਨੁ ਰਾਤਿ ਮਾਇਆ ਦੁਖਿ ਮੋਹਿਆ ਜੀਉ ॥ ਮਾਇਆ ਦੁਖਿ ਮੋਹਿਆ ਹਉਮੈ ਰੋਹਿਆ ਮੇਰੀ ਮੇਰੀ ਕਰਤ ਵਿਹਾਵਏ ॥ ਜੋ ਪ੍ਰਭੁ ਦੇਇ ਤਿਸੁ ਚੇਤੈ ਨਾਹੀ ਅੰਤਿ ਗਇਆ ਪਛੁਤਾਵਏ ॥ ਬਿਨੁ ਨਾਵੈ ਕੋ ਸਾਥਿ ਨ ਚਾਲੈ ਪੁਤ੍ਰ ਕਲਤ੍ਰ ਮਾਇਆ ਧੋਹਿਆ ॥ ਦੂਜੈ ਭਾਇ ਦੁਖੁ ਹੋਇ ਮਨਮੁਖਿ ਜਮਿ ਜੋਹਿਆ ਜੀਉ ॥੪॥ {ਪੰਨਾ 690}
ਪਦਅਰਥ: ਦੂਜੈ ਭਾਇ = (ਪ੍ਰਭੂ ਤੋਂ ਬਿਨਾ) ਹੋਰ ਪਿਆਰ ਵਿਚ। ਮਨਮੁਖ = ਆਪਣੇ ਮਨ ਦੇ ਪਿਛੇ ਤੁਰਨ ਵਾਲਾ। ਜਮਿ = ਜਮ ਨੇ, ਮੌਤ ਨੇ, ਆਤਮਕ ਮੌਤ ਨੇ। ਜੋਹਿਆ = ਤੱਕ ਵਿਚ ਰੱਖਿਆ। ਦੁਖਿ = ਦੁੱਖ ਵਿਚ। ਮੋਹਿਆ = ਫਸਿਆ ਹੋਇਆ। ਰੋਹਿਆ = ਰੋਹ ਵਿਚ ਰਹਿੰਦਾ ਹੈ, ਕ੍ਰੋਧਵਾਨ। ਕਰਤ = ਕਰਦਿਆਂ। ਵਿਹਾਵਏ = ਵਿਹਾਵੈ, ਬੀਤ ਜਾਂਦੀ ਹੈ। ਦੇਇ = ਦੇਂਦਾ ਹੈ। ਤਿਸੁ = ਉਸ (ਪ੍ਰਭੂ) ਨੂੰ। ਕਲਤ੍ਰ = ਇਸਤ੍ਰੀ। ਧੋਹਿਆ = ਛਲ, ਧ੍ਰੋਹ, ਠੱਗੀ।੪।
ਅਰਥ: ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੂੰ ਆਤਮਕ ਮੌਤ ਨੇ ਸਦਾ ਆਪਣੀ ਤੱਕ ਵਿਚ ਰੱਖਿਆ ਹੋਇਆ ਹੈ, ਮਾਇਆ ਦੇ ਮੋਹ ਦੇ ਕਾਰਨ ਉਸ ਨੂੰ ਸਦਾ ਦੁੱਖ ਵਿਆਪਦਾ ਹੈ। ਉਹ ਦਿਨ ਰਾਤ 'ਹਾਇ ਹਾਇ' ਕਰਦਾ ਰਹਿੰਦਾ ਹੈ, ਮਾਇਆ ਦੇ ਦੁੱਖ ਵਿਚ ਫਸਿਆ ਰਹਿੰਦਾ ਹੈ। ਉਹ ਸਦਾ ਮਾਇਆ ਦੇ ਦੁੱਖ ਵਿਚ ਗ੍ਰਸਿਆ ਹੋਇਆ ਹਉਮੈ ਦੇ ਕਾਰਨ ਕ੍ਰੋਧਾਤੁਰ ਭੀ ਰਹਿੰਦਾ ਹੈ। ਉਸ ਦੀ ਸਾਰੀ ਉਮਰ 'ਮੇਰੀ ਮਾਇਆ, ਮੇਰੀ ਮਾਇਆ' ਕਰਦਿਆਂ ਲੰਘ ਜਾਂਦੀ ਹੈ। ਜੇਹੜਾ ਪਰਮਾਤਮਾ (ਉਸ ਨੂੰ ਸਭ ਕੁਝ) ਦੇ ਰਿਹਾ ਹੈ ਉਸ ਪਰਮਾਤਮਾ ਨੂੰ ਉਹ ਕਦੇ ਚੇਤੇ ਨਹੀਂ ਕਰਦਾ, ਆਖ਼ਰ ਜਦੋਂ ਇਥੋਂ ਤੁਰਦਾ ਹੈ ਤਾਂ ਪਛੁਤਾਂਦਾ ਹੈ। ਪੁੱਤਰ ਇਸਤ੍ਰੀ (ਆਦਿਕ) ਹਰਿ-ਨਾਮ ਤੋਂ ਬਿਨਾ ਕੋਈ ਭੀ (ਮਨੁੱਖ ਦੇ) ਨਾਲ ਨਹੀਂ ਜਾਂਦਾ, ਦੁਨੀਆ ਦੀ ਮਾਇਆ ਉਸ ਨੂੰ ਛਲ ਲੈਂਦੀ ਹੈ। ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੂੰ ਆਤਮਕ ਮੌਤ ਗ੍ਰਸੀ ਰੱਖਦੀ ਹੈ, ਮਾਇਆ ਦੇ ਮੋਹ ਦੇ ਕਾਰਨ ਉਸ ਨੂੰ ਸਦਾ ਦੁੱਖ ਵਿਆਪਦਾ ਹੈ।੪।
ਕਰਿ ਕਿਰਪਾ ਲੇਹੁ ਮਿਲਾਇ ਮਹਲੁ ਹਰਿ ਪਾਇਆ ਜੀਉ ॥ ਸਦਾ ਰਹੈ ਕਰ ਜੋੜਿ ਪ੍ਰਭੁ ਮਨਿ ਭਾਇਆ ਜੀਉ ॥ ਪ੍ਰਭੁ ਮਨਿ ਭਾਵੈ ਤਾ ਹੁਕਮਿ ਸਮਾਵੈ ਹੁਕਮੁ ਮੰਨਿ ਸੁਖੁ ਪਾਇਆ ॥ ਅਨਦਿਨੁ ਜਪਤ ਰਹੈ ਦਿਨੁ ਰਾਤੀ ਸਹਜੇ ਨਾਮੁ ਧਿਆਇਆ ॥ ਨਾਮੋ ਨਾਮੁ ਮਿਲੀ ਵਡਿਆਈ ਨਾਨਕ ਨਾਮੁ ਮਨਿ ਭਾਵਏ ॥ ਕਰਿ ਕਿਰਪਾ ਲੇਹੁ ਮਿਲਾਇ ਮਹਲੁ ਹਰਿ ਪਾਵਏ ਜੀਉ ॥੫॥੧॥ {ਪੰਨਾ 690}
ਪਦਅਰਥ: ਕਰਿ = ਕਰ ਕੇ। ਲੇਹੁ ਮਿਲਾਇ = (ਤੂੰ) ਮਿਲਾ ਲੈਂਦਾ ਹੈਂ। ਮਹਲੁ = ਹਜ਼ੂਰੀ, (ਚਰਨਾਂ ਵਿਚ) ਥਾਂ। ਹਰਿ = ਹੇ ਹਰੀ! ਕਰ = {ਬਹੁ-ਵਚਨ} ਦੋਵੇਂ ਹੱਥ। ਜੋੜਿ = ਜੋੜ ਕੇ। ਮਨਿ = (ਉਸ ਦੇ) ਮਨ ਵਿਚ। ਭਾਇਆ = ਪਿਆਰਾ ਲੱਗਾ। ਭਾਵੈ = ਪਿਆਰਾ ਲੱਗਦਾ ਹੈ। ਤਾ = ਤਦੋਂ। ਹੁਕਮਿ = ਹੁਕਮ ਵਿਚ। ਮੰਨਿ = ਮੰਨ ਕੇ। ਅਨਦਿਨੁ = {अनुदिनां} ਹਰ ਰੋਜ਼, ਹਰ ਵੇਲੇ। ਸਹਜੇ = ਸਹਜਿ, ਆਤਮਕ ਅਡੋਲਤਾ ਵਿਚ। ਨਾਮੋ ਨਾਮੁ = ਨਾਮ ਹੀ ਨਾਮ।੫।
ਅਰਥ: ਹੇ ਹਰੀ! ਜਿਸ ਮਨੁੱਖ ਨੂੰ ਤੂੰ (ਆਪਣੀ) ਕਿਰਪਾ ਕਰ ਕੇ (ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈਂ, ਉਸ ਨੂੰ ਤੇਰੀ ਹਜ਼ੂਰੀ ਪ੍ਰਾਪਤ ਹੋ ਜਾਂਦੀ ਹੈ। (ਹੇ ਭਾਈ! ਉਹ ਮਨੁੱਖ ਪ੍ਰਭੂ ਦੀ ਹਜ਼ੂਰੀ ਵਿਚ) ਸਦਾ ਹੱਥ ਜੋੜ ਕੇ ਟਿਕਿਆ ਰਹਿੰਦਾ ਹੈ, ਉਸ ਨੂੰ (ਆਪਣੇ) ਮਨ ਵਿਚ ਪ੍ਰਭੂ ਪਿਆਰਾ ਲੱਗਦਾ ਹੈ। ਜਦੋਂ ਮਨੁੱਖ ਨੂੰ ਆਪਣੇ ਮਨ ਵਿਚ ਪ੍ਰਭੂ ਪਿਆਰਾ ਲੱਗਦਾ ਹੈ, ਤਦੋਂ ਉਹ ਪ੍ਰਭੂ ਦੀ ਰਜ਼ਾ ਵਿਚ ਟਿਕ ਜਾਂਦਾ ਹੈ, ਤੇ, ਹੁਕਮ ਮੰਨ ਕੇ ਆਤਮਕ ਆਨੰਦ ਮਾਣਦਾ ਹੈ। ਉਹ ਮਨੁੱਖ ਹਰ ਵੇਲੇ ਦਿਨ ਰਾਤ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਹੈ, ਆਤਮਕ ਅਡੋਲਤਾ ਵਿਚ ਟਿਕ ਕੇ ਉਹ ਹਰਿ-ਨਾਮ ਸਿਮਰਦਾ ਰਹਿੰਦਾ ਹੈ। ਹੇ ਨਾਨਕ! ਪਰਮਾਤਮਾ ਦਾ (ਹਰ ਵੇਲੇ) ਨਾਮ-ਸਿਮਰਨ (ਹੀ) ਉਸ ਨੂੰ ਵਡਿਆਈ ਮਿਲੀ ਰਹਿੰਦੀ ਹੈ, ਪ੍ਰਭੂ ਦਾ ਨਾਮ (ਉਸ ਨੂੰ ਆਪਣੇ) ਮਨ ਵਿਚ ਪਿਆਰਾ ਲੱਗਦਾ ਹੈ। ਹੇ ਹਰੀ! (ਆਪਣੀ) ਕਿਰਪਾ ਕਰ ਕੇ (ਜਿਸ ਮਨੁੱਖ ਨੂੰ ਤੂੰ ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈਂ, ਉਸ ਨੂੰ ਤੇਰੀ ਹਜ਼ੂਰੀ ਪ੍ਰਾਪਤ ਹੋ ਜਾਂਦੀ ਹੈ।੫।੧।

ਸੂਹੀ ਮਹਲਾ ੪ ॥ ਜਿਨ ਕੈ ਅੰਤਰਿ ਵਸਿਆ ਮੇਰਾ ਹਰਿ ਹਰਿ ਤਿਨ ਕੇ ਸਭਿ ਰੋਗ ਗਵਾਏ ॥ ਤੇ ਮੁਕਤ ਭਏ ਜਿਨ ਹਰਿ ਨਾਮੁ ਧਿਆਇਆ ਤਿਨ ਪਵਿਤੁ ਪਰਮ ਪਦੁ ਪਾਏ ॥੧॥ ਮੇਰੇ ਰਾਮ ਹਰਿ ਜਨ ਆਰੋਗ ਭਏ ॥ ਗੁਰ ਬਚਨੀ ਜਿਨਾ ਜਪਿਆ ਮੇਰਾ ਹਰਿ ਹਰਿ ਤਿਨ ਕੇ ਹਉਮੈ ਰੋਗ ਗਏ ॥੧॥ ਰਹਾਉ ॥ ਬ੍ਰਹਮਾ ਬਿਸਨੁ ਮਹਾਦੇਉ ਤ੍ਰੈ ਗੁਣ ਰੋਗੀ ਵਿਚਿ ਹਉਮੈ ਕਾਰ ਕਮਾਈ ॥ ਜਿਨਿ ਕੀਏ ਤਿਸਹਿ ਨ ਚੇਤਹਿ ਬਪੁੜੇ ਹਰਿ ਗੁਰਮੁਖਿ ਸੋਝੀ ਪਾਈ ॥੨॥ ਹਉਮੈ ਰੋਗਿ ਸਭੁ ਜਗਤੁ ਬਿਆਪਿਆ ਤਿਨ ਕਉ ਜਨਮ ਮਰਣ ਦੁਖੁ ਭਾਰੀ ॥ ਗੁਰ ਪਰਸਾਦੀ ਕੋ ਵਿਰਲਾ ਛੂਟੈ ਤਿਸੁ ਜਨ ਕਉ ਹਉ ਬਲਿਹਾਰੀ ॥੩॥ ਜਿਨਿ ਸਿਸਟਿ ਸਾਜੀ ਸੋਈ ਹਰਿ ਜਾਣੈ ਤਾ ਕਾ ਰੂਪੁ ਅਪਾਰੋ ॥ ਨਾਨਕ ਆਪੇ ਵੇਖਿ ਹਰਿ ਬਿਗਸੈ ਗੁਰਮੁਖਿ ਬ੍ਰਹਮ ਬੀਚਾਰੋ ॥੪॥੩॥੧੪॥ {ਪੰਨਾ 735}
ਪਦਅਰਥ: ਕੈ ਅੰਤਰਿ = ਦੇ ਅੰਦਰ, ਦੇ ਹਿਰਦੇ ਵਿਚ। ਸਭਿ = ਸਾਰੇ। ਤੇ = ਉਹ ਮਨੁੱਖ {ਬਹੁ-ਵਚਨ}। ਮੁਕਤ = ਰੋਗਾਂ ਤੋਂ ਸੁਤੰਤਰ। ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ। ਪਾਏ = ਪਾਇਆ, ਪਾ ਲਿਆ।੧।
ਮੇਰੇ ਰਾਮ ਹਰਿ ਜਨ = ਮੇਰੇ ਰਾਮ ਦੇ ਹਰੀ ਦੇ ਜਨ। ਆਰੋਗ = ਰੋਗ = ਰਹਿਤ।੧।ਰਹਾਉ।
ਮਹਾ ਦੇਉ = ਸ਼ਿਵ। ਤ੍ਰੈ ਗੁਣ = ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਦੇ ਕਾਰਨ। ਕਮਾਈ = ਕੀਤੀ। ਜਿਨਿ = ਜਿਨ (ਪਰਮਾਤਮਾ) ਨੇ। ਤਿਸਹਿ = {ਲਫ਼ਜ਼ 'ਤਿਸੁ' ਦਾ ੁ ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਿਆ ਹੈ} ਉਸ ਨੂੰ ਹੀ। ਨ ਚੇਤਹਿ = ਨਹੀਂ ਚੇਤਦੇ। ਬਪੁੜੇ = ਵਿਚਾਰੇ। ਗੁਰਮੁਖਿ = ਗੁਰੂ ਦੀ ਸਰਨ ਪਿਆਂ।੨।
ਰੋਗਿ = ਰੋਗ ਵਿਚ। ਬਿਆਪਿਆ = ਫਸਿਆ ਹੋਇਆ। ਪਰਸਾਦੀ = ਪਰਸਾਦਿ, ਕਿਰਪਾ ਨਾਲ। ਕੋ = ਕੋਈ ਮਨੁੱਖ। ਹਉ = ਹਉਂ, ਮੈਂ। ਬਲਿਹਾਰੀ = ਸਦਕੇ।੩।
ਸਿਸਟਿ = ਦੁਨੀਆ। ਸਾਜੀ = ਪੈਦਾ ਕੀਤੀ। ਤਾ ਕਾ = ਉਸ (ਪਰਮਾਤਮਾ) ਦਾ। ਅਪਾਰੋ = ਅਪਾਰ, ਜਿਸ ਦਾ ਪਾਰਲਾ ਬੰਨਾ ਨਾਹ ਦਿੱਸੇ। ਆਪੇ = ਆਪ ਹੀ। ਵੇਖਿ = ਵੇਖ ਕੇ। ਵਿਗਸੈ = ਖ਼ੁਸ਼ ਹੁੰਦਾ ਹੈ। ਬ੍ਰਹਮ ਬੀਚਾਰੋ = ਪਰਮਾਤਮਾ ਦੇ ਗੁਣਾਂ ਦੀ ਵਿਚਾਰ।੪।
ਅਰਥ: ਹੇ ਭਾਈ! ਮੇਰੇ ਰਾਮ ਦੇ, ਮੇਰੇ ਹਰੀ ਦੇ, ਦਾਸ (ਹਉਮੈ ਆਦਿਕ ਤੋਂ) ਨਰੋਏ ਹੋ ਗਏ ਹਨ। ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਬਚਨਾਂ ਉੱਤੇ ਤੁਰ ਕੇ ਮੇਰੇ ਹਰਿ ਪ੍ਰਭੂ ਦਾ ਨਾਮ ਜਪਿਆ ਉਹਨਾਂ ਦੇ ਹਉਮੈ (ਆਦਿਕ) ਰੋਗ ਦੂਰ ਹੋ ਗਏ।੧।ਰਹਾਉ।
ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਮੇਰਾ ਹਰਿ-ਪ੍ਰਭੂ ਆ ਵੱਸਦਾ ਹੈ, ਉਹਨਾਂ ਦੇ ਉਹ ਹਰੀ ਸਾਰੇ ਰੋਗ ਦੂਰ ਕਰ ਦੇਂਦਾ ਹੈ। ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਸਿਮਰਿਆ, ਉਹ (ਹਉਮੈ ਆਦਿਕ ਰੋਗਾਂ ਤੋਂ) ਸੁਤੰਤਰ ਹੋ ਗਏ, ਉਹਨਾਂ ਨੇ ਸਭ ਤੋਂ ਉੱਚਾ ਤੇ ਪਵਿਤ੍ਰ ਆਤਮਕ ਦਰਜਾ ਪ੍ਰਾਪਤ ਕਰ ਲਿਆ।੧।
(ਹੇ ਭਾਈ! ਪੁਰਾਣਾਂ ਦੀਆਂ ਦੱਸੀਆਂ ਸਾਖੀਆਂ ਅਨੁਸਾਰ) ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਦੇ ਕਾਰਨ (ਵੱਡੇ ਦੇਵਤੇ) ਬ੍ਰਹਮਾ, ਵਿਸ਼ਨੂੰ, ਸ਼ਿਵ (ਭੀ) ਰੋਗੀ ਹੀ ਰਹੇ, (ਕਿਉਂਕਿ ਉਹਨਾਂ ਨੇ ਭੀ) ਹਉਮੈ ਵਿਚ ਹੀ ਕਾਰ ਕੀਤੀ। ਜਿਸ ਪਰਮਾਤਮਾ ਨੇ ਉਹਨਾਂ ਨੂੰ ਪੈਦਾ ਕੀਤਾ ਸੀ, ਉਸ ਨੂੰ ਉਹ ਵਿਚਾਰੇ ਚੇਤਦੇ ਨਾਹ ਰਹੇ। ਹੇ ਭਾਈ! ਪਰਮਾਤਮਾ ਦੀ ਸੂਝ (ਤਾਂ) ਗੁਰੂ ਦੀ ਸਰਨ ਪਿਆਂ ਹੀ ਪੈਂਦੀ ਹੈ।੨।
ਹੇ ਭਾਈ! ਸਾਰਾ ਜਗਤ ਹਉਮੈ ਦੇ ਰੋਗ ਵਿਚ ਫਸਿਆ ਰਹਿੰਦਾ ਹੈ (ਤੇ, ਹਉਮੈ ਵਿਚ ਫਸੇ ਹੋਏ) ਉਹਨਾਂ ਮਨੁੱਖਾਂ ਨੂੰ ਜਨਮ ਮਰਨ ਦੇ ਗੇੜ ਦਾ ਭਾਰਾ ਦੁੱਖ ਲੱਗਾ ਰਹਿੰਦਾ ਹੈ। ਕੋਈ ਵਿਰਲਾ ਮਨੁੱਖ ਗੁਰੂ ਦੀ ਕਿਰਪਾ ਨਾਲ (ਇਸ ਹਉਮੈ ਰੋਗ ਤੋਂ) ਖ਼ਲਾਸੀ ਪਾਂਦਾ ਹੈ। ਮੈਂ (ਅਜੇਹੇ) ਉਸ ਮਨੁੱਖ ਤੋਂ ਸਦਕੇ ਜਾਂਦਾ ਹਾਂ।੩।
ਹੇ ਭਾਈ! ਜਿਸ ਪਰਮਾਤਮਾ ਨੇ ਇਹ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ, ਉਹ ਆਪ ਹੀ (ਇਸ ਦੇ ਰੋਗ ਨੂੰ) ਜਾਣਦਾ ਹੈ (ਤੇ, ਦੂਰ ਕਰਦਾ ਹੈ) । ਉਸ ਪਰਮਾਤਮਾ ਦਾ ਸਰੂਪ ਹੱਦ ਬੰਨੇ ਤੋਂ ਪਰੇ ਹੈ। ਹੇ ਨਾਨਕ! ਉਹ ਪਰਮਾਤਮਾ ਆਪ ਹੀ (ਆਪਣੀ ਰਚੀ ਸ੍ਰਿਸ਼ਟੀ ਨੂੰ) ਵੇਖ ਕੇ ਖ਼ੁਸ਼ ਹੁੰਦਾ ਹੈ। ਗੁਰੂ ਦੀ ਸਰਨ ਪੈ ਕੇ ਹੀ ਪਰਮਾਤਮਾ ਦੇ ਗੁਣਾਂ ਦੀ ਸੂਝ ਆਉਂਦੀ ਹੈ।੪।੩।੧੪।
ਸੋਰਠਿ ਮਹਲਾ ੫ ॥ ਹਰਿ ਮਨਿ ਤਨਿ ਵਸਿਆ ਸੋਈ ॥ ਜੈ ਜੈ ਕਾਰੁ ਕਰੇ ਸਭੁ ਕੋਈ ॥ ਗੁਰ ਪੂਰੇ ਕੀ ਵਡਿਆਈ ॥ ਤਾ ਕੀ ਕੀਮਤਿ ਕਹੀ ਨ ਜਾਈ ॥੧॥ ਹਉ ਕੁਰਬਾਨੁ ਜਾਈ ਤੇਰੇ ਨਾਵੈ ॥ ਜਿਸ ਨੋ ਬਖਸਿ ਲੈਹਿ ਮੇਰੇ ਪਿਆਰੇ ਸੋ ਜਸੁ ਤੇਰਾ ਗਾਵੈ ॥੧॥ ਰਹਾਉ ॥ ਤੂੰ ਭਾਰੋ ਸੁਆਮੀ ਮੇਰਾ ॥ ਸੰਤਾਂ ਭਰਵਾਸਾ ਤੇਰਾ ॥ ਨਾਨਕ ਪ੍ਰਭ ਸਰਣਾਈ ॥ ਮੁਖਿ ਨਿੰਦਕ ਕੈ ਛਾਈ ॥੨॥੨੨॥੮੬॥ {ਪੰਨਾ 629}
ਪਦਅਰਥ: ਮਨਿ = ਮਨ ਵਿਚ। ਤਨਿ = ਤਨ ਵਿਚ। ਸੋਈ = ਉਹ (ਪਰਮਾਤਮਾ) ਹੀ। ਜੈ ਜੈ ਕਾਰੁ = ਸੋਭਾ। ਸਭੁ ਕੋਈ = ਹਰੇਕ ਜੀਵ। ਵਡਿਆਈ = ਬਰਕਤਿ, ਬਖ਼ਸ਼ਸ਼। ਤਾ ਕੀ = ਉਸ (ਪੂਰੇ ਗੁਰੂ ਦੀ ਬਖ਼ਸ਼ਸ਼) ਦੀ।੧।
ਹਉ ਜਾਈ = ਹਉਂ ਜਾਈਂ; ਮੈਂ ਜਾਂਦਾ ਹਾਂ। ਨਾਵੈ = ਨਾਮ ਤੋਂ। ਜਿਸ ਨੋ = {ਲਫ਼ਜ਼ 'ਜਿਸ' ਦਾ ੁ ਸੰਬੰਧਕ 'ਨੋ' ਦੇ ਕਾਰਨ ਉੱਡ ਗਿਆ ਹੈ}। ਪਿਆਰੇ = ਹੇ ਪਿਆਰੇ! ਜਸੁ = ਸਿਫ਼ਤਿ-ਸਾਲਾਹ ਦਾ ਗੀਤ।੧।ਰਹਾਉ।
ਭਾਰੋ = ਵੱਡਾ। ਸੁਆਮੀ = ਮਾਲਕ। ਭਰਵਾਸਾ = ਭਰੋਸਾ, ਸਹਾਰਾ। ਕੈ ਮੁਖਿ = ਦੇ ਮੂੰਹ ਉਤੇ। ਛਾਈ = ਸੁਆਹ। ਨਿੰਦਕ = ਨਿੰਦਾ ਕਰਨ ਵਾਲਾ, ਦੋਖੀ।੨।
ਅਰਥ: ਹੇ ਮੇਰੇ ਪਿਆਰੇ ਪ੍ਰਭੂ! ਮੈਂ ਤੇਰੇ ਨਾਮ ਤੋਂ ਸਦਕੇ ਜਾਂਦਾ ਹਾਂ। ਤੂੰ ਜਿਸ ਮਨੁੱਖ ਉੱਤੇ ਬਖ਼ਸ਼ਸ਼ ਕਰਦਾ ਹੈਂ, ਉਹ ਸਦਾ ਤੇਰੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦਾ ਹੈ।੧।ਰਹਾਉ।
ਹੇ ਭਾਈ! ਜਿਸ ਮਨੁੱਖ ਦੇ ਮਨ ਵਿਚ ਤਨ ਵਿਚ ਉਹ ਪਰਮਾਤਮਾ ਹੀ ਵੱਸਿਆ ਰਹਿੰਦਾ ਹੈ, ਹਰੇਕ ਜੀਵ ਉਸ ਦੀ ਸੋਭਾ ਕਰਦਾ ਹੈ। (ਪਰ ਇਹ) ਪੂਰੇ ਗੁਰੂ ਦੀ ਹੀ ਬਖ਼ਸ਼ਸ਼ ਹੈ (ਜਿਸ ਦੀ ਮੇਹਰ ਨਾਲ ਪਰਮਾਤਮਾ ਦੀ ਯਾਦ ਕਿਸੇ ਵਡਭਾਗੀ ਦੇ ਮਨ ਤਨ ਵਿਚ ਵੱਸਦੀ ਹੈ) ਗੁਰੂ ਦੀ ਬਖ਼ਸ਼ਸ਼ ਦਾ ਮੁੱਲ ਨਹੀਂ ਪੈ ਸਕਦਾ।੧।
ਹੇ ਪ੍ਰਭੂ! ਤੂੰ ਮੇਰਾ ਵੱਡਾ ਮਾਲਕ ਹੈਂ। ਤੇਰੇ ਸੰਤਾਂ ਨੂੰ (ਭੀ) ਤੇਰਾ ਹੀ ਸਹਾਰਾ ਰਹਿੰਦਾ ਹੈ। ਹੇ ਨਾਨਕ! ਜੇਹੜਾ ਮਨੁੱਖ ਪ੍ਰਭੂ ਦੀ ਸ਼ਰਨ ਪਿਆ ਰਹਿੰਦਾ ਹੈ (ਉਸ ਦਾ ਦੁੱਖ ਕਰਨ ਵਾਲੇ) ਦੋਖੀ ਦੇ ਮੂੰਹ ਉਤੇ ਸੁਆਹ ਹੀ ਪੈਂਦੀ ਹੈ (ਪ੍ਰਭੂ ਦੀ ਸ਼ਰਨ ਪਏ ਮਨੁੱਖ ਦਾ ਕੋਈ ਕੁਝ ਵਿਗਾੜ ਨਹੀਂ ਸਕਦਾ) ।੨।੨੨।੮੬।
*┈┉┅━❀꧁ੴ꧂❀━┅┉┈*
No comments:
Post a Comment