*┈┉┅━❀꧁ੴ꧂❀━┅┉┈*
||ਅੱਜ ਦਾ ਫੁਰਮਾਨ|| ਸ਼੍ਰੀ ਅਕਾਲ ਤਖ਼ਤ ਸਾਹਿਬ, ਅੰਮ੍ਰਿਤਸਰ ||
*Please cover your head & Remove your shoes before reading Hukamnama sahib Ji*
ਰਾਗੁ ਸੂਹੀ ਛੰਤ ਮਹਲਾ ੪ ਘਰੁ ੩ ੴ ਸਤਿਗੁਰ ਪ੍ਰਸਾਦਿ ॥ ਆਵਹੋ ਸੰਤ ਜਨਹੁ ਗੁਣ ਗਾਵਹ ਗੋਵਿੰਦ ਕੇਰੇ ਰਾਮ ॥ ਗੁਰਮੁਖਿ ਮਿਲਿ ਰਹੀਐ ਘਰਿ ਵਾਜਹਿ ਸਬਦ ਘਨੇਰੇ ਰਾਮ ॥ ਸਬਦ ਘਨੇਰੇ ਹਰਿ ਪ੍ਰਭ ਤੇਰੇ ਤੂ ਕਰਤਾ ਸਭ ਥਾਈ ॥ ਅਹਿਨਿਸਿ ਜਪੀ ਸਦਾ ਸਾਲਾਹੀ ਸਾਚ ਸਬਦਿ ਲਿਵ ਲਾਈ ॥ ਅਨਦਿਨੁ ਸਹਜਿ ਰਹੈ ਰੰਗਿ ਰਾਤਾ ਰਾਮ ਨਾਮੁ ਰਿਦ ਪੂਜਾ ॥ ਨਾਨਕ ਗੁਰਮੁਖਿ ਏਕੁ ਪਛਾਣੈ ਅਵਰੁ ਨ ਜਾਣੈ ਦੂਜਾ ॥੧॥ {ਪੰਨਾ 775}
ਪਦਅਰਥ: ਆਵਹੋ = ਆਵਹੁ, ਆਓ। ਸੰਤ ਜਨਹੁ = ਹੇ ਸੰਤ ਜਨੋ! ਗਾਵਹ = ਆਓ, ਅਸੀ ਗਾਵੀਏ। ਕੇਰੇ = ਦੇ। ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਮਿਲਿ ਰਹੀਐ = (ਪ੍ਰਭੂ = ਚਰਨਾਂ ਵਿਚ) ਖੜੇ ਰਹਿਣਾ ਚਾਹੀਦਾ ਹੈ। ਘਰਿ = (ਹਿਰਦੇ-) ਘਰ ਵਿਚ। ਵਾਜਹਿ = ਵੱਜ ਪੈਂਦੇ ਹਨ, ਆਪਣਾ ਪ੍ਰਭਾਵ ਪਾਈ ਰੱਖਦੇ ਹਨ। ਸਬਦ = (ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ) ਸ਼ਬਦ। ਘਨੇਰੇ = ਅਨੇਕਾਂ, ਬਹੁਤ। ਪ੍ਰਭ = ਹੇ ਪ੍ਰਭੂ! ਥਾਈ = ਥਾਈਂ, ਥਾਵਾਂ ਵਿਚ। ਅਹਿ = ਦਿਨ। ਨਿਸਿ = ਰਾਤ। ਜਪੀ = ਜਪੀਂ, ਮੈਂ ਜਪਦਾ ਰਹਾਂ। ਸਾਲਾਹੀ = ਸਾਲਾਹੀਂ, ਮੈਂ ਸਲਾਹੁੰਦਾ ਰਹਾਂ। ਸਾਚ ਸਬਦਿ = ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਵਿਚ। ਲਿਵ ਲਾਈ = ਲਿਵ ਲਾਈਂ, ਸੁਰਤਿ ਜੋੜੀ ਰੱਖਾਂ। ਅਨਦਿਨੁ = {अनुदिनां} ਹਰ ਰੋਜ਼, ਹਰ ਵੇਲੇ। ਸਹਜਿ = ਆਤਮਕ ਅਡੋਲਤਾ ਵਿਚ। ਰੰਗਿ = ਪ੍ਰੇਮ = ਰੰਗ ਵਿਚ। ਰਾਤਾ ਰਹੈ– ਰੰਗਿਆ ਰਹਿੰਦਾ ਹੈ। ਰਿਦ ਪੂਜਾ = ਹਿਰਦੇ ਦੀ ਪੂਜਾ (ਬਣਾਂਦਾ ਹੈ) ।੧।
ਅਰਥ: ਹੇ ਸੰਤ ਜਨੋ! ਆਓ, (ਸਾਧ ਸੰਗਤਿ ਵਿਚ ਮਿਲ ਕੇ) ਪਰਮਾਤਮਾ ਦੇ ਗੁਣ ਗਾਂਦੇ ਰਹੀਏ। (ਹੇ ਸੰਤ ਜਨੋ!) ਗੁਰੂ ਦੀ ਸਰਨ ਪੈ ਕੇ (ਪ੍ਰਭੂ-ਚਰਨਾਂ ਵਿਚ) ਜੁੜੇ ਰਹਿਣਾ ਚਾਹੀਦਾ ਹੈ (ਪ੍ਰਭੂ-ਚਰਨਾਂ ਵਿਚ ਜੁੜਨ ਦੀ ਬਰਕਤ ਨਾਲ) ਹਿਰਦੇ-ਘਰ ਵਿਚ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਆਪਣਾ ਪ੍ਰਭਾਵ ਪਾਈ ਰੱਖਦੇ ਹਨ।
ਹੇ ਪ੍ਰਭੂ! ਜਿਉਂ ਜਿਉਂ) ਤੇਰੀ ਸਿਫ਼ਤਿ-ਸਾਲਾਹ ਦੇ ਸ਼ਬਦ (ਮਨੁੱਖ ਦੇ ਹਿਰਦੇ ਵਿਚ) ਪ੍ਰਭਾਵ ਪਾਂਦੇ ਹਨ, (ਤਿਉਂ ਤਿਉਂ ਤੂੰ) ਉਸ ਨੂੰ ਸਭ ਥਾਈਂ ਵੱਸਦਾ ਦਿੱਸਦਾ ਹੈਂ। (ਹੇ ਪ੍ਰਭੂ! ਮੇਰੇ ਉੱਤੇ ਭੀ ਮਿਹਰ ਕਰ) ਮੈਂ ਦਿਨ ਰਾਤ ਤੇਰਾ ਨਾਮ ਜਪਦਾ ਰਹਾਂ, ਮੈਂ ਸਦਾ ਤੇਰੀ ਸਿਫ਼ਤਿ-ਸਾਲਾਹ ਕਰਦਾ ਰਹਾਂ, ਮੈਂ ਤੇਰੀ ਸਦਾ-ਥਿਰ ਸਿਫ਼ਤਿ-ਸਾਲਾਹ ਵਿਚ ਸੁਰਤਿ ਜੋੜੀ ਰੱਖਾਂ।
ਹੇ ਨਾਨਕ! ਜਿਹੜਾ ਮਨੁੱਖ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਦੀ ਪੂਜਾ ਬਣਾਂਦਾ ਹੈ (ਭਾਵ, ਹਰ ਵੇਲੇ ਹਿਰਦੇ ਵਿਚ ਵਸਾਈ ਰੱਖਦਾ ਹੈ) ਉਹ ਮਨੁੱਖ ਹਰ ਵੇਲੇ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ, ਉਹ ਮਨੁੱਖ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹੈ। ਗੁਰੂ ਦੀ ਸਰਨ ਪੈ ਕੇ ਉਹ ਇਕ ਪ੍ਰਭੂ ਨਾਲ ਹੀ ਸਾਂਝ ਪਾਈ ਰੱਖਦਾ ਹੈ, ਕਿਸੇ ਹੋਰ ਦੂਜੇ ਨਾਲ ਡੂੰਘੀ ਸਾਂਝ ਨਹੀਂ ਪਾਂਦਾ।੧।
*┈┉┅━❀꧁ੴ꧂❀━┅┉┈*
||ਅੱਜ ਦਾ ਫੁਰਮਾਨ|| ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ (ਨਾਂਦੇੜ) ||
ਟੋਡੀ ਮਹਲਾ ੫ ਘਰੁ ੪ ਦੁਪਦੇ ੴ ਸਤਿਗੁਰ ਪ੍ਰਸਾਦਿ ॥ ਰੂੜੋ ਮਨੁ ਹਰਿ ਰੰਗੋ ਲੋੜੈ ॥ ਗਾਲੀ ਹਰਿ ਨੀਹੁ ਨ ਹੋਇ ॥ ਰਹਾਉ ॥ ਹਉ ਢੂਢੇਦੀ ਦਰਸਨ ਕਾਰਣਿ ਬੀਥੀ ਬੀਥੀ ਪੇਖਾ ॥ ਗੁਰ ਮਿਲਿ ਭਰਮੁ ਗਵਾਇਆ ਹੇ ॥੧॥ ਇਹ ਬੁਧਿ ਪਾਈ ਮੈ ਸਾਧੂ ਕੰਨਹੁ ਲੇਖੁ ਲਿਖਿਓ ਧੁਰਿ ਮਾਥੈ ॥ ਇਹ ਬਿਧਿ ਨਾਨਕ ਹਰਿ ਨੈਣ ਅਲੋਇ ॥੨॥੧॥੧੮॥ {ਪੰਨਾ 715}
ਪਦਅਰਥ: ਰੂੜੋ = ਸੁੰਦਰ। ਰੂੜੋ ਹਰਿ ਰੰਗੋ = ਪਰਮਾਤਮਾ ਦਾ ਸੋਹਣਾ ਪ੍ਰੇਮ = ਰੰਗ। ਲੋੜੈ = ਚਾਹੁੰਦਾ ਹੈ। ਗਾਲੀ = (ਨਿਰੀਆਂ) ਗੱਲਾਂ ਨਾਲ। ਨੀਹੁ = ਨਿਹੁ, ਪ੍ਰੇਮ।ਰਹਾਉ।
ਹਉ = ਮੈਂ। ਢੂਢੇਦੀ = ਢੂੰਢਦੀ ਰਹੀ। ਬੀਥੀ = {वीथि} ਗਲੀ। ਬੀਥੀ ਬੀਥੀ = ਗਲੀ ਗਲੀ, ਜਾਪ ਤਾਪ ਕਰਮ ਕਾਂਡ ਆਦਿਕ ਦੀ ਹਰੇਕ ਗਲੀ। ਪੇਖਾ = ਪੇਖਾਂ, ਮੈਂ ਵੇਖਿਆ। ਮਿਲਿ = ਮਿਲ ਕੇ। ਭਰਮੁ = ਭਟਕਦਾ।੧।
ਬੁਧਿ = ਅਕਲ, ਸਮਝ। ਸਾਧੂ ਕੰਨਹੁ = ਗੁਰੂ ਪਾਸੋਂ। ਧੁਰਿ = ਧੁਰ ਦਰਗਾਹ ਤੋਂ। ਅਲੋਇ = (ਮੈਂ) ਵੇਖ ਲਿਆ।੨।
ਅਰਥ: (ਹੇ ਭਾਈ! ਉਂਞ ਤਾਂ ਇਹ) ਮਨ ਪਰਮਾਤਮਾ ਦਾ ਸੋਹਣਾ ਪ੍ਰੇਮ-ਰੰਗ (ਪ੍ਰਾਪਤ ਕਰਨਾ) ਚਾਹੁੰਦਾ ਰਹਿੰਦਾ ਹੈ, ਪਰ ਨਿਰੀਆਂ ਗੱਲਾਂ ਨਾਲ ਪ੍ਰੇਮ ਨਹੀਂ ਮਿਲਦਾ।ਰਹਾਉ।
ਹੇ ਭਾਈ! ਪਰਮਾਤਮਾ ਦਾ ਦਰਸਨ ਕਰਨ ਵਾਸਤੇ ਮੈਂ (ਜਾਪ ਤਾਪ ਕਰਮ ਕਾਂਡ ਆਦਿਕ ਦੀ) ਗਲੀ ਗਲੀ ਢੂੰਢਦੀ ਰਹੀ, ਵੇਖਦੀ ਰਹੀ। (ਆਖ਼ਰ) ਗੁਰੂ ਨੂੰ ਮਿਲ ਕੇ (ਮੈਂ ਆਪਣੇ ਮਨ ਦੀ) ਭਟਕਣਾ ਦੂਰ ਕੀਤੀ ਹੈ।੧।
(ਹੇ ਭਾਈ! ਮਨ ਦੀ ਭਟਕਣਾ ਦੂਰ ਕਰਨ ਦੀ) ਇਹ ਅਕਲ ਮੈਂ ਗੁਰੂ ਪਾਸੋਂ ਹਾਸਲ ਕੀਤੀ, ਮੇਰੇ ਮੱਥੇ ਉਤੇ (ਗੁਰੂ ਦੇ ਮਿਲਾਪ ਦਾ) ਲੇਖ ਧੁਰ ਦਰਗਾਹ ਤੋਂ ਲਿਖਿਆ ਹੋਇਆ ਸੀ। ਹੇ ਨਾਨਕ! ਆਖ-) ਇਸ ਤਰ੍ਹਾਂ ਮੈਂ ਪਰਮਾਤਮਾ ਨੂੰ (ਹਰ ਥਾਂ ਵੱਸਦਾ) ਆਪਣੀਆਂ ਅੱਖਾਂ ਨਾਲ ਵੇਖ ਲਿਆ।੨।੧।੧੮।
*┈┉┅━❀꧁ੴ꧂❀━┅┉┈*
||ਅੱਜ ਦਾ ਫੁਰਮਾਨ|| ਤਖ਼ਤ ਸ੍ਰੀ ਪਟਨਾ ਸਾਹਿਬ ||
ੴ ਸਤਿਗੁਰ ਪ੍ਰਸਾਦਿ ॥ ਰਾਗੁ ਸੂਹੀ ਛੰਤ ਮਹਲਾ ੧ ਘਰੁ ੪ ॥ ਜਿਨਿ ਕੀਆ ਤਿਨਿ ਦੇਖਿਆ ਜਗੁ ਧੰਧੜੈ ਲਾਇਆ ॥ ਦਾਨਿ ਤੇਰੈ ਘਟਿ ਚਾਨਣਾ ਤਨਿ ਚੰਦੁ ਦੀਪਾਇਆ ॥ ਚੰਦੋ ਦੀਪਾਇਆ ਦਾਨਿ ਹਰਿ ਕੈ ਦੁਖੁ ਅੰਧੇਰਾ ਉਠਿ ਗਇਆ ॥ ਗੁਣ ਜੰਞ ਲਾੜੇ ਨਾਲਿ ਸੋਹੈ ਪਰਖਿ ਮੋਹਣੀਐ ਲਇਆ ॥ ਵੀਵਾਹੁ ਹੋਆ ਸੋਭ ਸੇਤੀ ਪੰਚ ਸਬਦੀ ਆਇਆ ॥ ਜਿਨਿ ਕੀਆ ਤਿਨਿ ਦੇਖਿਆ ਜਗੁ ਧੰਧੜੈ ਲਾਇਆ ॥੧॥ ਹਉ ਬਲਿਹਾਰੀ ਸਾਜਨਾ ਮੀਤਾ ਅਵਰੀਤਾ ॥ ਇਹੁ ਤਨੁ ਜਿਨ ਸਿਉ ਗਾਡਿਆ ਮਨੁ ਲੀਅੜਾ ਦੀਤਾ ॥ ਲੀਆ ਤ ਦੀਆ ਮਾਨੁ ਜਿਨ੍ਹ੍ਹ ਸਿਉ ਸੇ ਸਜਨ ਕਿਉ ਵੀਸਰਹਿ ॥ ਜਿਨ੍ਹ੍ਹ ਦਿਸਿ ਆਇਆ ਹੋਹਿ ਰਲੀਆ ਜੀਅ ਸੇਤੀ ਗਹਿ ਰਹਹਿ ॥ ਸਗਲ ਗੁਣ ਅਵਗਣੁ ਨ ਕੋਈ ਹੋਹਿ ਨੀਤਾ ਨੀਤਾ ॥ ਹਉ ਬਲਿਹਾਰੀ ਸਾਜਨਾ ਮੀਤਾ ਅਵਰੀਤਾ ॥੨॥ ਗੁਣਾ ਕਾ ਹੋਵੈ ਵਾਸੁਲਾ ਕਢਿ ਵਾਸੁ ਲਈਜੈ ॥ ਜੇ ਗੁਣ ਹੋਵਨ੍ਹ੍ਹਿ ਸਾਜਨਾ ਮਿਲਿ ਸਾਝ ਕਰੀਜੈ ॥ ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗਣ ਚਲੀਐ ॥ ਪਹਿਰੇ ਪਟੰਬਰ ਕਰਿ ਅਡੰਬਰ ਆਪਣਾ ਪਿੜੁ ਮਲੀਐ ॥ ਜਿਥੈ ਜਾਇ ਬਹੀਐ ਭਲਾ ਕਹੀਐ ਝੋਲਿ ਅੰਮ੍ਰਿਤੁ ਪੀਜੈ ॥ ਗੁਣਾ ਕਾ ਹੋਵੈ ਵਾਸੁਲਾ ਕਢਿ ਵਾਸੁ ਲਈਜੈ ॥੩॥ ਆਪਿ ਕਰੇ ਕਿਸੁ ਆਖੀਐ ਹੋਰੁ ਕਰੇ ਨ ਕੋਈ ॥ ਆਖਣ ਤਾ ਕਉ ਜਾਈਐ ਜੇ ਭੂਲੜਾ ਹੋਈ ॥ ਜੇ ਹੋਇ ਭੂਲਾ ਜਾਇ ਕਹੀਐ ਆਪਿ ਕਰਤਾ ਕਿਉ ਭੁਲੈ ॥ ਸੁਣੇ ਦੇਖੇ ਬਾਝੁ ਕਹਿਐ ਦਾਨੁ ਅਣਮੰਗਿਆ ਦਿਵੈ ॥ ਦਾਨੁ ਦੇਇ ਦਾਤਾ ਜਗਿ ਬਿਧਾਤਾ ਨਾਨਕਾ ਸਚੁ ਸੋਈ ॥ ਆਪਿ ਕਰੇ ਕਿਸੁ ਆਖੀਐ ਹੋਰੁ ਕਰੇ ਨ ਕੋਈ ॥੪॥੧॥੪॥ {ਪੰਨਾ 765-766}
ਪਦਅਰਥ: ਜਿਨਿ = ਜਿਸ ਨੇ, (ਹੇ ਪ੍ਰਭੂ!) ਜਿਸ ਤੈਂ ਨੇ। ਕੀਆ = ਪੈਦਾ ਕੀਤਾ ਹੈ। ਤਿਨਿ = ਉਸ ਨੇ (ਹੇ ਪ੍ਰਭੂ!) ਉਸ ਤੈਂ ਨੇ ਹੀ। ਦੇਖਿਆ = ਸੰਭਾਲ ਕੀਤੀ ਹੋਈ ਹੈ। ਧੰਧੜੈ = ਮਾਇਆ ਦੀ ਦੌੜ = ਭੱਜ ਵਿਚ। ਦਾਨਿ ਤੇਰੈ = ਤੇਰੀ ਬਖ਼ਸ਼ਸ਼ ਨਾਲ। ਘਟਿ = ਜੀਵ ਦੇ ਹਿਰਦੇ ਵਿਚ। ਤਨਿ = ਸਰੀਰ ਵਿਚ। ਚੰਦੁ ਦੀਪਾਇਆ = ਚੰਦ ਚਮਕ ਰਿਹਾ ਹੈ, ਸੀਤਲਤਾ ਹੁਲਾਰੇ ਦੇ ਰਹੀ ਹੈ। ਦਾਨਿ ਹਰਿ ਕੈ = ਪਰਮਾਤਮਾ ਦੀ ਬਖ਼ਸ਼ਸ਼ ਨਾਲ। ਸੋਹੈ– ਸੋਭਦੀ ਹੈ। ਪਰਖਿ = ਪਰਖ ਕੇ। ਮੋਹਣੀ = ਮਨ ਨੂੰ ਮੋਹ ਲੈਣ ਵਾਲੀ, ਸੁੰਦਰ ਇਸਤ੍ਰੀ, ਉਹ ਜੀਵ = ਇਸਤ੍ਰੀ ਜਿਸ ਨੇ ਆਪਣਾ ਜੀਵਨ ਸੁੰਦਰ ਬਣਾ ਲਿਆ ਹੈ। ਮੋਹਣੀਐ = ਸੁੰਦਰ ਜੀਵ = ਇਸਤ੍ਰੀ ਨੇ। ਸੇਤੀ = ਨਾਲ। ਸੋਭ = ਸੋਭਾ। ਵੀਵਾਹੁ = ਜੀਵ = ਇਸਤ੍ਰੀ ਦਾ ਪ੍ਰਭੂ ਨਾਲ ਮਿਲਾਪ। ਪੰਚ ਸਬਦ = ਪੰਜ ਕਿਸਮਾਂ ਦੇ ਸਾਜਾਂ ਦੇ ਵੱਜਣ ਦੀਆਂ ਆਵਾਜ਼ਾਂ। ਪੰਚ ਸਬਦ ਧੁਨਿ = ਪੰਚ ਕਿਸਮਾਂ ਦੇ ਸਾਜਾਂ ਦੇ ਵੱਜਣ ਤੋਂ ਪੈਦਾ ਹੋਈ ਮਿਲਵੀਂ ਸੁਰ, ਇਕ-ਰਸ ਆਨੰਦ। ਪੰਚ ਸਬਦੀ = ਇਕ-ਰਸ ਆਨੰਦ ਦਾ ਦੇਣ ਵਾਲਾ ਪ੍ਰਭੂ। ਆਇਆ = ਹਿਰਦੇ ਵਿਚ ਪਰਗਟ ਹੋਇਆ।੧।
ਹਉ = ਮੈਂ। ਅਵਰੀਤਾ = {अवृत} ਜਿਨ੍ਹਾਂ ਉਤੇ ਮਾਇਆ ਦਾ ਪਰਦਾ ਨਹੀਂ ਪਿਆ। ਜਿਨ ਸਿਉ ਗਾਡਿਆ = ਜਿਨ੍ਹਾਂ ਨਾਲ ਮਿਲਾਇਆ ਹੈ। ਤਨੁ = ਸਰੀਰ। ਮਨੁ ਲੀਅੜਾ ਦੀਤਾ = ਜਿਨ੍ਹਾਂ ਦਾ ਮਨ ਲਿਆ ਹੈ ਤੇ ਜਿਨ੍ਹਾਂ ਨੂੰ ਆਪਣਾ ਮਨ ਦਿੱਤਾ ਹੈ, ਜਿਨ੍ਹਾਂ ਨਾਲ ਦਿਲ ਦੀ ਸਾਂਝ ਪਾਈ ਹੈ। ਮਾਨੁ = ਮਨ। ਵੀਸਰਹਿ = ਭੁੱਲ ਜਾਣ। ਦਿਸਿ ਆਇਆ = ਦੀਦਾਰ ਕੀਤਿਆਂ। ਹੋਹਿ ਰਲੀਆ = ਆਤਮਕ ਖ਼ੁਸ਼ੀਆਂ ਪੈਦਾ ਹੁੰਦੀਆਂ ਹਨ। ਜੀਅ ਸੇਤੀ = ਜਿੰਦ ਨਾਲ। ਗਹਿ ਰਹਹਿ = ਫੜ ਰੱਖਦੇ ਹਨ, ਲਾ ਰੱਖਦੇ ਹਨ। ਸਗਲ = ਸਾਰੇ। ਨੀਤਾ ਨੀਤਾ = ਨਿੱਤ ਹੀ ਨਿੱਤ, ਸਦਾ ਹੀ।੨।
ਵਾਸ = {वासु = to make fragrant ਸੁਗੰਧਿਤ ਕਰਨਾ} ਸੁਗੰਧੀ, ਖ਼ੁਸ਼ਬੂ। ਵਾਸੁਲਾ = ਸੁਗੰਧੀ ਦੇਣ ਵਾਲੀਆਂ ਚੀਜ਼ਾਂ ਦਾ ਡੱਬਾ। ਕਢਿ = ਕੱਢ ਕੇ। ਲਈਜੈ = ਲੈਣੀ ਚਾਹੀਦੀ ਹੈ। ਸਾਜਨਾ ਮਿਲਿ = ਗੁਰਮੁਖਾਂ ਨਾਲ ਮਿਲ ਕੇ। ਸਾਝ = ਗੁਣਾਂ ਦੀ ਸਾਂਝ। ਕਰੀਜੈ = ਕਰਨੀ ਚਾਹੀਦੀ ਹੈ। ਗੁਣਹ ਕੇਰੀ = ਗੁਣਾਂ ਦੀ। ਕੇਰੀ = ਦੀ। ਛੋਡਿ = ਤਿਆਗ ਕੇ। ਚਲੀਐ = ਜੀਵਨ = ਸਫ਼ਰ ਵਿਚ ਤੁਰਨਾ ਚਾਹੀਦਾ ਹੈ। ਪਹਿਰੇ = ਪਹਿਰਿ, ਪਹਿਨ ਕੇ। ਪਟੰਬਰ = {ਪਟ = ਅੰਬਰ} ਰੇਸ਼ਮ ਦੇ ਕੱਪੜੇ, ਕੋਮਲਤਾ ਤੇ ਪ੍ਰੇਮ ਦਾ ਵਰਤਾਵ। ਅਡੰਬਰ = ਹਾਰ = ਸਿੰਗਾਰ, ਸੋਹਣੇ ਉੱਦਮ। ਮਲੀਐ = ਮੱਲ ਲੈਣਾ ਚਾਹੀਦਾ ਹੈ, ਮੱਲਿਆ ਜਾ ਸਕਦਾ ਹੈ। ਆਪਣਾ ਪਿੜੁ ਮਲੀਐ = ਦੁਨੀਆ ਦੇ ਵਿਕਾਰਾਂ ਦੇ ਟਾਕਰੇ ਤੇ ਪਿੜ ਮੱਲਿਆ ਜਾ ਸਕਦਾ ਹੈ, ਵਿਕਾਰਾਂ ਦੇ ਟਾਕਰੇ ਤੇ ਕੁਸ਼ਤੀ ਜਿੱਤੀ ਜਾ ਸਕਦੀ ਹੈ {ਨੋਟ: ਜਗਤ ਵਿਚ ਜੀਵ, ਮਾਨੋ, ਪਹਿਲਵਾਨ ਹੈ। ਕਾਮਾਦਿਕ ਵਿਕਾਰਾਂ ਨਾਲ ਇਸ ਦੀ ਕੁਸ਼ਤੀ ਹੋ ਰਹੀ ਹੈ। ਜੇਹੜਾ ਹਾਰ ਜਾਂਦਾ ਹੈ ਉਹ ਪਿੜ ਵਿਚੋਂ ਭੱਜ ਜਾਂਦਾ ਹੈ}। ਪਿੜ = ਉਹ ਥਾਂ ਜਿੱਥੇ ਕੁਸ਼ਤੀਆਂ ਹੁੰਦੀਆਂ ਹਨ, ਘੋਲ ਹੁੰਦੇ ਹਨ। ਕਹੀਐ = ਕਹਿਣਾ ਚਾਹੀਦਾ ਹੈ। ਝੋਲਿ = ਹਿਲਾ ਕੇ, ਨਿਤਾਰ ਕੇ, ਵਿਕਾਰਾਂ ਦੇ ਬੂਰ ਆਦਿਕ ਨੂੰ ਪਰੇ ਹਟਾ ਕੇ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ = ਜਲ। ਪੀਜੈ = ਪੀਣਾ ਚਾਹੀਦਾ ਹੈ।੩।
ਕਿਸੁ ਆਖੀਐ = ਹੋਰ ਕਿਸੇ ਅੱਗੇ ਗਿਲਾ ਨਹੀਂ ਕੀਤਾ ਜਾ ਸਕਦਾ। ਤਾ ਕਉ = ਉਸ (ਪਰਮਾਤਮਾ) ਨੂੰ। ਜਾਇ = ਜਾ ਕੇ। ਕਿਉ ਭੁਲੈ = ਨਹੀਂ ਭੁੱਲ ਸਕਦਾ। ਬਾਝੁ ਕਹਿਐ = (ਜੀਵਾਂ ਦੇ) ਆਖਣ ਤੋਂ ਬਿਨਾ ਹੀ। ਦਿਵੈ = ਦੇਂਦਾ ਹੈ, ਦੇਵੈ। ਦੇਇ = ਦੇਂਦਾ ਹੈ। ਜਗਿ = ਜਗਤ ਵਿਚ (ਸਭ ਜੀਵਾਂ ਨੂੰ) । ਬਿਧਾਤਾ = ਸਿਰਜਣਹਾਰ। ਸਚੁ = ਸਦਾ-ਥਿਰ ਰਹਿਣ ਵਾਲਾ।੪।
ਅਰਥ: ਜਿਸ ਪ੍ਰਭੂ ਨੇ ਇਹ ਜਗਤ ਪੈਦਾ ਕੀਤਾ ਹੈ ਉਸੇ ਨੇ ਇਸ ਦੀ ਸੰਭਾਲ ਕੀਤੀ ਹੋਈ ਹੈ, ਉਸੇ ਨੇ ਇਸ ਨੂੰ ਮਾਇਆ ਦੀ ਦੌੜ-ਭੱਜ ਵਿਚ ਲਾਇਆ ਹੋਇਆ ਹੈ।
(ਪਰ ਹੇ ਪ੍ਰਭੂ!) ਤੇਰੀ ਬਖ਼ਸ਼ਸ਼ ਨਾਲ (ਕਿਸੇ ਸੁਭਾਗ) ਹਿਰਦੇ ਵਿਚ ਤੇਰੀ ਜੋਤਿ ਦਾ ਚਾਨਣ ਹੁੰਦਾ ਹੈ, (ਕਿਸੇ ਸੁਭਾਗ) ਸਰੀਰ ਵਿਚ ਚੰਦ ਚਮਕਦਾ ਹੈ (ਤੇਰੇ ਨਾਮ ਦੀ ਸੀਤਲਤਾ ਹੁਲਾਰੇ ਦੇਂਦੀ ਹੈ) ।
ਪ੍ਰਭੂ ਦੀ ਬਖ਼ਸ਼ਸ਼ ਨਾਲ ਜਿਸ ਹਿਰਦੇ ਵਿਚ (ਪ੍ਰਭੂ-ਨਾਮ ਦੀ) ਸੀਤਲਤਾ ਲਿਸ਼ਕ ਮਾਰਦੀ ਹੈ ਉਸ ਹਿਰਦੇ ਵਿਚੋਂ (ਅਗਿਆਨਤਾ ਦਾ) ਹਨੇਰਾ ਤੇ ਦੁੱਖ-ਕਲੇਸ਼ ਦੂਰ ਹੋ ਜਾਂਦਾ ਹੈ। ਜਿਵੇਂ ਜੰਞ ਲਾੜੇ ਨਾਲ ਹੀ ਸੋਹਣੀ ਲੱਗਦੀ ਹੈ, ਤਿਵੇਂ ਜੀਵ-ਇਸਤ੍ਰੀ ਦੇ ਗੁਣ ਤਦੋਂ ਹੀ ਸੋਭਦੇ ਹਨ ਜੇ ਪ੍ਰਭੂ-ਪਤੀ ਹਿਰਦੇ ਵਿਚ ਵੱਸਦਾ ਹੋਵੇ। ਜਿਸ ਜੀਵ-ਇਸਤ੍ਰੀ ਨੇ ਆਪਣੇ ਜੀਵਨ ਨੂੰ ਪ੍ਰਭੂ ਦੀ ਸਿਫ਼ਤਿ-ਸਾਲਾਹ ਨਾਲ ਸੁੰਦਰ ਬਣਾ ਲਿਆ ਹੈ, ਉਸ ਨੇ ਇਸ ਦੀ ਕਦਰ ਸਮਝ ਕੇ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾ ਲਿਆ ਹੈ। ਉਸ ਦਾ ਪ੍ਰਭੂ-ਪਤੀ ਨਾਲ ਮਿਲਾਪ ਹੋ ਜਾਂਦਾ ਹੈ, (ਲੋਕ ਪਰਲੋਕ ਵਿਚ) ਉਸ ਨੂੰ ਸੋਭਾ ਭੀ ਮਿਲਦੀ ਹੈ, ਇਕ-ਰਸ ਆਤਮਕ ਆਨੰਦ ਦਾ ਦਾਤਾ ਪ੍ਰਭੂ ਉਸ ਦੇ ਹਿਰਦੇ ਵਿਚ ਪਰਗਟ ਹੋ ਜਾਂਦਾ ਹੈ।
ਜਿਸ ਪ੍ਰਭੂ ਨੇ ਇਹ ਜਗਤ ਪੈਦਾ ਕੀਤਾ ਹੈ ਉਹੀ ਇਸ ਦੀ ਸੰਭਾਲ ਕਰਦਾ ਹੈ, ਉਸ ਨੇ ਇਸ ਨੂੰ ਮਾਇਆ ਦੀ ਦੌੜ-ਭੱਜ ਵਿਚ ਲਾਇਆ ਹੋਇਆ ਹੈ।੧।
ਮੈਂ ਉਹਨਾਂ ਸੱਜਣਾਂ ਮਿੱਤਰਾਂ ਤੋਂ ਸਦਕੇ ਹਾਂ ਜਿਨ੍ਹਾਂ ਉਤੇ ਮਾਇਆ ਦਾ ਪਰਦਾ ਨਹੀਂ ਪਿਆ ਜਿਨ੍ਹਾਂ ਦੀ ਸੰਗਤਿ ਕਰ ਕੇ ਮੈਂ ਉਹਨਾਂ ਨਾਲ ਦਿਲੀ ਸਾਂਝ ਪਾਈ ਹੈ। ਜਿਨ੍ਹਾਂ ਗੁਰਮੁਖਾਂ ਨਾਲ ਦਿਲੀ ਸਾਂਝ ਪੈ ਸਕੇ ਉਹ ਸੱਜਣ ਕਦੇ ਭੀ ਭੁੱਲਣੇ ਨਹੀਂ ਚਾਹੀਦੇ। ਉਹਨਾਂ ਦਾ ਦਰਸਨ ਕੀਤਿਆਂ ਆਤਮਕ ਖ਼ੁਸ਼ੀਆਂ ਪੈਦਾ ਹੁੰਦੀਆਂ ਹਨ, ਉਹ ਸੱਜਣ (ਆਪਣੇ ਸਤਸੰਗੀਆਂ ਨੂੰ ਆਪਣੀ) ਜਾਨ ਨਾਲ ਲਾ ਰੱਖਦੇ ਹਨ (ਜਿੰਦ ਤੋਂ ਪਿਆਰਾ ਸਮਝਦੇ ਹਨ) । ਉਹਨਾਂ ਵਿਚ ਸਾਰੇ ਗੁਣ ਹੀ ਗੁਣ ਹੁੰਦੇ ਹਨ, ਔਗੁਣ ਉਹਨਾਂ ਦੇ ਨੇੜੇ ਨਹੀਂ ਢੁਕਦੇ।
ਮੈਂ ਸਦਕੇ ਹਾਂ ਉਹਨਾਂ ਸੱਜਣਾਂ ਮਿੱਤਰਾਂ ਤੋਂ ਜਿਨ੍ਹਾਂ ਉਤੇ ਮਾਇਆ ਦਾ ਪ੍ਰਭਾਵ ਨਹੀਂ ਪਿਆ।੨।
(ਜੇ ਕਿਸੇ ਮਨੁੱਖ ਪਾਸ ਸੁਗੰਧੀ ਦੇਣ ਵਾਲੀਆਂ ਚੀਜ਼ਾਂ ਨਾਲ ਭਰਿਆ ਡੱਬਾ ਹੋਵੇ, ਉਸ ਡੱਬੇ ਦਾ ਲਾਭ ਉਸ ਨੂੰ ਤਦੋਂ ਹੀ ਹੈ ਜੇ ਉਹ ਡੱਬਾ ਖੋਹਲ ਕੇ ਉਹ ਸੁਗੰਧੀ ਲਏ। ਗੁਰਮੁਖਾਂ ਦੀ ਸੰਗਤਿ ਗੁਣਾਂ ਦਾ ਡੱਬਾ ਹੈ) ਜੇ ਕਿਸੇ ਨੂੰ ਗੁਣਾਂ ਦਾ ਡੱਬਾ ਲੱਭ ਪਏ, ਤਾਂ ਉਹ ਡੱਬਾ ਖੋਹਲ ਕੇ (ਡੱਬੇ ਵਿਚਲੀ) ਸੁਗੰਧੀ ਲੈਣੀ ਚਾਹੀਦੀ ਹੈ। (ਹੇ ਭਾਈ!) ਜੇ ਤੂੰ ਚਾਹੁੰਦਾ ਹੈਂ ਕਿ ਤੇਰੇ ਅੰਦਰ ਗੁਣ ਪੈਦਾ ਹੋਣ, ਤਾਂ ਗੁਰਮੁਖਾਂ ਨੂੰ ਮਿਲ ਕੇ ਉਹਨਾਂ ਨਾਲ ਗੁਣਾਂ ਦੀ ਸਾਂਝ ਕਰਨੀ ਚਾਹੀਦੀ ਹੈ। (ਗੁਰਮੁਖਾਂ ਨਾਲ) ਗੁਣਾਂ ਦੀ ਸਾਂਝ ਕਰਨੀ ਚਾਹੀਦੀ ਹੈ, ਇਸ ਤਰ੍ਹਾਂ (ਅੰਦਰੋਂ) ਔਗੁਣ ਤਿਆਗ ਕੇ ਜੀਵਨ-ਰਾਹ ਤੇ ਤੁਰ ਸਕੀਦਾ ਹੈ, ਸਭ ਨਾਲ ਪ੍ਰੇਮ ਵਾਲਾ ਵਰਤਾਵ ਕਰ ਕੇ ਤੇ ਭਲਾਈ ਦੇ ਸੋਹਣੇ ਉੱਦਮ ਕਰ ਕੇ ਵਿਕਾਰਾਂ ਦੇ ਟਾਕਰੇ ਤੇ ਜੀਵਨ-ਘੋਲ ਜਿੱਤਿਆ ਜਾ ਸਕਦਾ ਹੈ।
(ਗੁਰਮੁਖਾਂ ਦੀ ਸੰਗਤਿ ਦੀ ਬਰਕਤਿ ਨਾਲ ਫਿਰ) ਜਿੱਥੇ ਭੀ ਜਾ ਕੇ ਬੈਠੀਏ ਭਲਾਈ ਦੀ ਗੱਲ ਹੀ ਕੀਤੀ ਜਾ ਸਕਦੀ ਹੈ, ਤੇ ਮੰਦੇ ਪਾਸੇ ਵਲੋਂ ਹਟ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਤਾ ਜਾ ਸਕਦਾ ਹੈ।
(ਹੇ ਭਾਈ!) ਜੇ ਕਿਸੇ ਨੂੰ ਗੁਣਾਂ ਦਾ ਡੱਬਾ ਲੱਭ ਪਏ ਤਾਂ ਉਹ ਡੱਬਾ ਖੋਹਲ ਕੇ (ਡੱਬੇ ਵਿਚਲੀ) ਸੁਗੰਧੀ ਲੈਣੀ ਚਾਹੀਦੀ ਹੈ।੩।
(ਜਗਤ ਵਿਚ ਅਨੇਕਾਂ ਜੀਵ ਗੁਣ ਵਿਹਾਝ ਰਹੇ ਹਨ, ਅਨੇਕਾਂ ਹੀ ਔਗੁਣ ਕਮਾ ਰਹੇ ਹਨ। ਇਹ ਪਰਮਾਤਮਾ ਦੀ ਆਪਣੀ ਹੀ ਰਚੀ ਖੇਡ ਹੈ) ਪਰਮਾਤਮਾ ਆਪ ਹੀ (ਇਹ ਸਭ ਕੁਝ) ਕਰ ਰਿਹਾ ਹੈ, ਉਸ ਤੋਂ ਬਿਨਾ ਹੋਰ ਕੋਈ ਨਹੀਂ ਕਰ ਸਕਦਾ, (ਤਾਹੀਏਂ) ਕਿਸੇ ਹੋਰ ਦੇ ਪਾਸ (ਇਸ ਦੇ ਸੰਬੰਧ ਵਿਚ) ਕੋਈ ਗਿਲਾ ਆਦਿਕ ਨਹੀਂ ਕੀਤਾ ਜਾ ਸਕਦਾ। (ਫਿਰ ਜੋ ਕੁਝ ਉਹ ਪ੍ਰਭੂ ਕਰਦਾ ਹੈ ਠੀਕ ਕਰਦਾ ਹੈ) ਉਹ ਖੁੰਝਿਆ ਹੋਇਆ ਨਹੀਂ ਹੈ, ਇਸ ਵਾਸਤੇ (ਕਿਸੇ ਖੁੰਝਾਈ ਬਾਰੇ) ਉਸ ਨੂੰ ਕੁਝ ਆਖਣ ਜਾਣ ਦੀ ਲੋੜ ਹੀ ਨਹੀਂ ਪੈਂਦੀ। ਜੇ ਉਹ ਖੁੰਝਿਆ ਹੋਇਆ ਹੋਵੇ ਤਾਂ ਜਾ ਕੇ ਕੁਝ ਆਖੀਏ ਭੀ, ਪਰ ਆਪ ਕਰਤਾਰ ਕੋਈ ਭੁੱਲ ਨਹੀਂ ਕਰ ਸਕਦਾ। ਉਹ ਸਭ ਜੀਵਾਂ ਦੀਆਂ ਅਰਦਾਸਾਂ ਸੁਣਦਾ ਹੈ ਉਹ ਸਭ ਜੀਵਾਂ ਦੇ ਕੀਤੇ ਕੰਮ ਵੇਖਦਾ ਹੈ, ਮੰਗਣ ਤੋਂ ਬਿਨਾ ਹੀ ਸਭ ਨੂੰ ਦਾਨ ਦੇਂਦਾ ਹੈ। ਉਹ ਦਾਤਾਰ ਜਗਤ ਵਿਚ ਹਰੇਕ ਜੀਵ ਨੂੰ ਦਾਨ ਦੇਂਦਾ ਹੈ। ਹੇ ਨਾਨਕ! ਉਹ ਸਿਰਜਣਹਾਰ ਹੀ ਸਦਾ-ਥਿਰ ਰਹਿਣ ਵਾਲਾ ਹੈ। ਉਹ ਸਭ ਕੁਝ ਆਪ ਹੀ ਕਰਦਾ ਹੈ, ਕੋਈ ਹੋਰ (ਉਸ ਤੋਂ ਆਕੀ ਹੋ ਕੇ) ਕੁਝ ਨਹੀਂ ਕਰ ਸਕਦਾ। ਕਿਸੇ ਹੋਰ ਦੇ ਪਾਸ ਜਾ ਕੇ ਕੋਈ ਗਿਲਾ ਨਹੀਂ ਕੀਤਾ ਜਾ ਸਕਦਾ।੪।੧।੪।
*┈┉┅━❀꧁ੴ꧂❀━┅┉┈*
||ਅੱਜ ਦਾ ਫੁਰਮਾਨ|| ਤਖ਼ਤ ਸ੍ਰੀ ਦਮਦਮਾ ਸਾਹਿਬ (ਤਲਵੰਡੀ ਸਾਬੋ) ||
ਸੋਰਠਿ ਮਹਲਾ ੩ ਘਰੁ ੧ ਤਿਤੁਕੀ ੴ ਸਤਿਗੁਰ ਪ੍ਰਸਾਦਿ ॥ ਭਗਤਾ ਦੀ ਸਦਾ ਤੂ ਰਖਦਾ ਹਰਿ ਜੀਉ ਧੁਰਿ ਤੂ ਰਖਦਾ ਆਇਆ ॥ ਪ੍ਰਹਿਲਾਦ ਜਨ ਤੁਧੁ ਰਾਖਿ ਲਏ ਹਰਿ ਜੀਉ ਹਰਣਾਖਸੁ ਮਾਰਿ ਪਚਾਇਆ ॥ ਗੁਰਮੁਖਾ ਨੋ ਪਰਤੀਤਿ ਹੈ ਹਰਿ ਜੀਉ ਮਨਮੁਖ ਭਰਮਿ ਭੁਲਾਇਆ ॥੧॥ ਹਰਿ ਜੀ ਏਹ ਤੇਰੀ ਵਡਿਆਈ ॥ ਭਗਤਾ ਕੀ ਪੈਜ ਰਖੁ ਤੂ ਸੁਆਮੀ ਭਗਤ ਤੇਰੀ ਸਰਣਾਈ ॥ ਰਹਾਉ ॥ ਭਗਤਾ ਨੋ ਜਮੁ ਜੋਹਿ ਨ ਸਾਕੈ ਕਾਲੁ ਨ ਨੇੜੈ ਜਾਈ ॥ ਕੇਵਲ ਰਾਮ ਨਾਮੁ ਮਨਿ ਵਸਿਆ ਨਾਮੇ ਹੀ ਮੁਕਤਿ ਪਾਈ ॥ ਰਿਧਿ ਸਿਧਿ ਸਭ ਭਗਤਾ ਚਰਣੀ ਲਾਗੀ ਗੁਰ ਕੈ ਸਹਜਿ ਸੁਭਾਈ ॥੨॥ {ਪੰਨਾ 637}
ਨੋਟ: ਤਿ-ਤੁਕੀ-ਤਿੰਨ ਤੁਕਾਂ ਵਾਲੀ, ਉਹ ਅਸ਼ਟਪਦੀ ਜਿਸ ਦੇ ਹਰੇਕ ਬੰਦ ਵਿਚ ਤਿੰਨ ਤੁਕਾਂ ਹਨ।
ਪਦਅਰਥ: ਹਰਿ ਜੀਉ = ਹੇ ਪ੍ਰਭੂ ਜੀ! ਧੁਰਿ = ਧੁਰ ਤੋਂ, ਸ਼ੁਰੂ ਤੋਂ, ਜਦੋਂ ਦਾ ਸੰਸਾਰ ਬਣਿਆ ਹੈ ਤਦੋਂ ਦਾ। ਪ੍ਰਹਿਲਾਦ ਜਨ = ਪ੍ਰਹਿਲਾਦ ਅਤੇ ਇਹੋ ਜਿਹੇ ਹੋਰ ਸੇਵਕ। ਮਾਰਿ = ਮਾਰ ਕੇ। ਪਚਾਇਆ = ਖ਼ੁਆਰ ਕੀਤਾ, ਤਬਾਹ ਕਰ ਦਿੱਤਾ। ਪਰਤੀਤਿ = ਸਰਧਾ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਭਰਮਿ = ਭਟਕਣਾ ਵਿਚ।੧।
ਵਡਿਆਈ = ਇੱਜ਼ਤ। ਪੈਜ = ਲਾਜ। ਸੁਆਮੀ = ਹੇ ਸੁਆਮੀ!।ਰਹਾਉ।
ਜਮੁ = ਮੌਤ, ਮੌਤ ਦਾ ਡਰ। ਜੋਹਿ ਨ ਸਾਕੈ = ਤੱਕ ਨਹੀਂ ਸਕਦਾ। ਕਾਲੁ = ਮੌਤ ਦਾ ਡਰ। ਮਨਿ = ਮਨ ਵਿਚ। ਨਾਮੇ ਹੀ = ਨਾਮ ਵਿਚ ਜੁੜ ਕੇ ਹੀ। ਮੁਕਤਿ = ਮੌਤ ਦੇ ਡਰ ਤੋਂ ਖ਼ਲਾਸੀ। ਰਿਧਿ ਸਿਧਿ = ਕਰਾਮਾਤੀ ਤਾਕਤਾਂ। ਗੁਰ ਕੈ = ਗੁਰੂ ਦੀ ਰਾਹੀਂ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਈ = ਸੁਭਾਇ, ਪ੍ਰੇਮ ਵਿਚ।੨।
ਅਰਥ: ਹੇ ਹਰੀ! ਹੇ ਸੁਆਮੀ! ਭਗਤ ਤੇਰੀ ਸਰਨ ਪਏ ਰਹਿੰਦੇ ਹਨ, ਤੂੰ ਆਪਣੇ ਭਗਤਾਂ ਦੀ ਇੱਜ਼ਤ ਰੱਖ। ਹੇ ਹਰੀ! (ਭਗਤਾਂ ਦੀ ਇੱਜ਼ਤ) ਤੇਰੀ ਹੀ ਇੱਜ਼ਤ ਹੈ।ਰਹਾਉ।
ਹੇ ਹਰੀ! ਤੂੰ ਆਪਣੇ ਭਗਤਾਂ ਦੀ ਇੱਜ਼ਤ ਸਦਾ ਰੱਖਦਾ ਹੈਂ, ਜਦੋਂ ਤੋਂ ਜਗਤ ਬਣਿਆ ਹੈ ਤਦੋਂ ਤੋਂ (ਭਗਤਾਂ ਦੀ ਇੱਜ਼ਤ) ਰੱਖਦਾ ਆ ਰਿਹਾ ਹੈਂ। ਹੇ ਹਰੀ! ਪ੍ਰਹਿਲਾਦ ਭਗਤ ਵਰਗੇ ਅਨੇਕਾਂ ਸੇਵਕਾਂ ਦੀ ਤੂੰ ਇੱਜ਼ਤ ਰੱਖੀ ਹੈ, ਤੂੰ ਹਰਣਾਖਸ ਨੂੰ ਮਾਰ ਕੇ ਮੁਕਾ ਦਿੱਤਾ। ਹੇ ਹਰੀ! ਜੇਹੜੇ ਮਨੁੱਖ ਗੁਰੂ ਦੇ ਸਨਮੁਖ ਰਹਿੰਦੇ ਹਨ ਉਹਨਾਂ ਨੂੰ ਨਿਸ਼ਚਾ ਹੁੰਦਾ ਹੈ (ਕਿ ਤੂੰ ਭਗਤਾਂ ਦੀ ਇੱਜ਼ਤ ਬਚਾਂਦਾ ਹੈਂ, ਪਰ) ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਭਟਕਣਾ ਵਿਚ ਪੈ ਕੇ ਕੁਰਾਹੇ ਪਏ ਰਹਿੰਦੇ ਹਨ।੧।
ਹੇ ਭਾਈ! ਭਗਤਾਂ ਨੂੰ ਮੌਤ ਡਰਾ ਨਹੀਂ ਸਕਦੀ, ਮੌਤ ਦਾ ਡਰ ਭਗਤਾਂ ਦੇ ਨੇੜੇ ਨਹੀਂ ਢੁਕਦਾ (ਕਿਉਂਕਿ ਮੌਤ ਦੇ ਡਰ ਦੇ ਥਾਂ) ਸਿਰਫ਼ ਪਰਮਾਤਮਾ ਦਾ ਨਾਮ (ਉਹਨਾਂ ਦੇ) ਮਨ ਵਿਚ ਵੱਸਦਾ ਹੈ, ਨਾਮ ਦੀ ਬਰਕਤਿ ਨਾਲ ਹੀ ਉਹ (ਮੌਤ ਦੇ ਡਰ ਤੋਂ) ਖ਼ਲਾਸੀ ਪ੍ਰਾਪਤ ਕਰ ਲੈਂਦੇ ਹਨ। ਭਗਤ ਗੁਰੂ ਦੀ ਰਾਹੀਂ (ਗੁਰੂ ਦੀ ਸ਼ਰਨ ਪੈ ਕੇ) ਆਤਮਕ ਅਡੋਲਤਾ ਵਿਚ ਪ੍ਰਭੂ-ਪਿਆਰ ਵਿਚ (ਟਿਕੇ ਰਹਿੰਦੇ ਹਨ, ਇਸ ਵਾਸਤੇ) ਸਭ ਕਰਾਮਾਤੀ ਤਾਕਤਾਂ ਭਗਤਾਂ ਦੀ ਚਰਨੀਂ ਲੱਗੀਆਂ ਰਹਿੰਦੀਆਂ ਹਨ।੨।
*┈┉┅━❀꧁ੴ꧂❀━┅┉┈*
||ਅੱਜ ਦਾ ਫੁਰਮਾਨ|| ਤਖ਼ਤ ਸ੍ਰੀ ਕੇਸ਼ਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ (ਰੋਪੜ) ||
ਸੋਰਠਿ ਮਹਲਾ ੯ ॥ ਜੋ ਨਰੁ ਦੁਖ ਮੈ ਦੁਖੁ ਨਹੀ ਮਾਨੈ ॥ ਸੁਖ ਸਨੇਹੁ ਅਰੁ ਭੈ ਨਹੀ ਜਾ ਕੈ ਕੰਚਨ ਮਾਟੀ ਮਾਨੈ ॥੧॥ ਰਹਾਉ ॥ ਨਹ ਨਿੰਦਿਆ ਨਹ ਉਸਤਤਿ ਜਾ ਕੈ ਲੋਭੁ ਮੋਹੁ ਅਭਿਮਾਨਾ ॥ ਹਰਖ ਸੋਗ ਤੇ ਰਹੈ ਨਿਆਰਉ ਨਾਹਿ ਮਾਨ ਅਪਮਾਨਾ ॥੧॥ ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੈ ਨਿਰਾਸਾ ॥ ਕਾਮੁ ਕ੍ਰੋਧੁ ਜਿਹ ਪਰਸੈ ਨਾਹਨਿ ਤਿਹ ਘਟਿ ਬ੍ਰਹਮੁ ਨਿਵਾਸਾ ॥੨॥ ਗੁਰ ਕਿਰਪਾ ਜਿਹ ਨਰ ਕਉ ਕੀਨੀ ਤਿਹ ਇਹ ਜੁਗਤਿ ਪਛਾਨੀ ॥ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗਿ ਪਾਨੀ ॥੩॥੧੧॥ {ਪੰਨਾ 633}
ਪਦਅਰਥ: ਦੁਖ ਮੈ = ਦੁੱਖਾਂ ਵਿਚ (ਘਿਰਿਆ ਹੋਇਆ ਭੀ) । ਨਹੀ ਮਾਨੈ = ਨਹੀਂ ਪ੍ਰਤੀਤ ਕਰਦਾ, ਨਹੀਂ ਘਬਰਾਂਦਾ। ਸੁਖ ਸਨੇਹੁ = ਸੁਖਾਂ ਦਾ ਮੋਹ। ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ}। ਜਾ ਕੈ = ਜਿਸ ਦੇ ਮਨ ਵਿਚ। ਕੰਚਨ = ਸੋਨਾ।੧।ਰਹਾਉ।
ਨਿੰਦਿਆ = ਚੁਗ਼ਲੀ = ਬੁਰਾਈ। ਉਸਤਤਿ = ਖ਼ੁਸ਼ਾਮਦ। ਹਰਖ ਸੋਗ ਤੇ = ਖ਼ੁਸ਼ੀ ਗ਼ਮੀ ਤੋਂ। ਮਾਨ = ਆਦਰ। ਅਪਮਾਨਾ = ਨਿਰਾਦਰੀ।੧।
ਮਨਸਾ = {मनीषा} ਮਨੋਕਾਮਨਾ। ਤੇ = ਤੋਂ। ਪਰਸੈ = ਛੁੰਹਦਾ। ਤਿਹ ਘਟਿ = ਉਸ ਦੇ ਹਿਰਦੇ ਵਿਚ। ਬ੍ਰਹਮੁ ਨਿਵਾਸਾ = ਪਰਮਾਤਮਾ ਦਾ ਨਿਵਾਸ।੨।
ਗੁਰ = ਗੁਰੂ ਨੇ। ਜਿਹ ਨਰ ਕਉ = ਜਿਸ ਮਨੁੱਖ ਉਤੇ। ਤਿਹ = ਉਸ ਨੇ। ਸਿਉ = ਨਾਲ, ਵਿਚ। ਸੰਗਿ = ਨਾਲ।੩।
ਅਰਥ: ਹੇ ਭਾਈ! ਜੇਹੜਾ ਮਨੁੱਖ ਦੁੱਖਾਂ ਵਿਚ ਘਬਰਾਂਦਾ ਨਹੀਂ, ਜਿਸ ਮਨੁੱਖ ਦੇ ਹਿਰਦੇ ਵਿਚ ਸੁਖਾਂ ਨਾਲ ਮੋਹ ਨਹੀਂ, ਅਤੇ (ਕਿਸੇ ਕਿਸਮ ਦੇ) ਡਰ ਨਹੀਂ, ਜੇਹੜਾ ਮਨੁੱਖ ਸੋਨੇ ਨੂੰ ਮਿੱਟੀ (ਸਮਾਨ) ਸਮਝਦਾ ਹੈ (ਉਸ ਦੇ ਅੰਦਰ ਪਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ) ।੧।ਰਹਾਉ।
ਹੇ ਭਾਈ! ਜਿਸ ਮਨੁੱਖ ਦੇ ਅੰਦਰ ਕਿਸੇ ਦੀ ਚੁਗ਼ਲੀ-ਬੁਰਾਈ ਨਹੀਂ, ਕਿਸੇ ਦੀ ਖ਼ੁਸ਼ਾਮਦ ਨਹੀਂ, ਜਿਸ ਦੇ ਅੰਦਰ ਨਾਹ ਲੋਭ ਹੈ, ਨਾਹ ਮੋਹ ਹੈ, ਨਾਹ ਅਹੰਕਾਰ ਹੈ; ਜੇਹੜਾ ਮਨੁੱਖ ਖ਼ੁਸ਼ੀ ਤੇ ਗ਼ਮੀ ਤੋਂ ਨਿਰਲੇਪ ਰਹਿੰਦਾ ਹੈ, ਜਿਸ ਨੂੰ ਨਾਹ ਆਦਰ ਪੋਹ ਸਕਦਾ ਹੈ ਨਾਹ ਨਿਰਾਦਰੀ (ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ) ।੧।
ਹੇ ਭਾਈ! ਜੇਹੜਾ ਮਨੁੱਖਾਂ ਆਸਾਂ ਉਮੈਦਾਂ ਸਭ ਤਿਆਗ ਦੇਂਦਾ ਹੈ, ਜਗਤ ਤੋਂ ਨਿਰਮੋਹ ਰਹਿੰਦਾ ਹੈ, ਜਿਸ ਮਨੁੱਖ ਨੂੰ ਨਾਹ ਕਾਮ-ਵਾਸਨਾ ਛੋਹ ਸਕਦੀ ਹੈ ਨਾਹ ਕ੍ਰੋਧ ਛੋਹ ਸਕਦਾ ਹੈ, ਉਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ।੨।
(ਪਰ) ਹੇ ਨਾਨਕ! ਆਖ-) ਜਿਸ ਮਨੁੱਖ ਉੱਤੇ ਗੁਰੂ ਨੇ ਮੇਹਰ ਕੀਤੀ ਉਸ ਨੇ (ਹੀ ਜੀਵਨ ਦੀ) ਇਹ ਜਾਚ ਸਮਝੀ ਹੈ। ਉਹ ਮਨੁੱਖ ਪਰਮਾਤਮਾ ਨਾਲ ਇਉਂ ਇਕ-ਮਿਕ ਹੋ ਜਾਂਦਾ ਹੈ, ਜਿਵੇਂ ਪਾਣੀ ਨਾਲ ਪਾਣੀ ਮਿਲ ਜਾਂਦਾ ਹੈ।੩।੧੧।
*┈┉┅━❀꧁ੴ꧂❀━┅┉┈*
||ਅੱਜ ਦਾ ਫੁਰਮਾਨ|| ਗੁਰਦੁਆਰਾ ਨਨਕਾਣਾ ਸਾਹਿਬ ( ਪਾਕਿਸਤਾਨ ) ||
ਸੋਰਠਿ ਮਹਲਾ ੯ ॥ ਮਨ ਰੇ ਕਉਨੁ ਕੁਮਤਿ ਤੈ ਲੀਨੀ ॥ ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤਿ ਨਹਿ ਕੀਨੀ ॥੧॥ ਰਹਾਉ ॥ ਮੁਕਤਿ ਪੰਥੁ ਜਾਨਿਓ ਤੈ ਨਾਹਨਿ ਧਨ ਜੋਰਨ ਕਉ ਧਾਇਆ ॥ ਅੰਤਿ ਸੰਗ ਕਾਹੂ ਨਹੀ ਦੀਨਾ ਬਿਰਥਾ ਆਪੁ ਬੰਧਾਇਆ ॥੧॥ ਨਾ ਹਰਿ ਭਜਿਓ ਨ ਗੁਰ ਜਨੁ ਸੇਵਿਓ ਨਹ ਉਪਜਿਓ ਕਛੁ ਗਿਆਨਾ ॥ ਘਟ ਹੀ ਮਾਹਿ ਨਿਰੰਜਨੁ ਤੇਰੈ ਤੈ ਖੋਜਤ ਉਦਿਆਨਾ ॥੨॥ ਬਹੁਤੁ ਜਨਮ ਭਰਮਤ ਤੈ ਹਾਰਿਓ ਅਸਥਿਰ ਮਤਿ ਨਹੀ ਪਾਈ ॥ ਮਾਨਸ ਦੇਹ ਪਾਇ ਪਦ ਹਰਿ ਭਜੁ ਨਾਨਕ ਬਾਤ ਬਤਾਈ ॥੩॥੩॥ {ਪੰਨਾ 631-632}
ਪਦਅਰਥ: ਕੁਮਤਿ = ਭੈੜੀ ਮਤਿ। ਦਾਰਾ = ਇਸਤ੍ਰੀ। ਰਾਸਿ = ਰਸ ਵਿਚ। ਰਚਿਓ = ਮਸਤ ਹੈਂ।ਰਹਾਉ।
ਮੁਕਤਿ ਪੰਥੁ = (ਇਹਨਾਂ) ਵਿਕਾਰਾਂ ਤੋਂ ਖ਼ਲਾਸੀ ਦਾ ਰਾਹ। ਨਾਹਨਿ = ਨਹੀਂ। ਧਾਇਆ = ਦੌੜਿਆ ਫਿਰਦਾ ਹੈਂ। ਸੰਗ = ਸਾਥ। ਕਾਹੂ = ਕਿਸੇ ਨੇ ਭੀ। ਬਿਰਥਾ = ਵਿਅਰਥ ਹੀ। ਆਪੁ = ਆਪਣੇ ਆਪ ਨੂੰ।੧।
ਗਿਆਨਾ = ਆਤਮਕ ਜੀਵਨ ਦੀ ਸੂਝ। ਘਟ = ਹਿਰਦਾ। ਤੇਰੈ ਘਟ ਹੀ ਮਾਹਿ = ਤੇਰੇ ਹਿਰਦੇ ਵਿਚ ਹੀ। ਉਦਿਆਨਾ = ਜੰਗਲ।੨।
ਤੈ ਹਾਰਿਓ = ਤੂੰ (ਮਨੁੱਖਾ ਜਨਮ ਦੀ ਬਾਜ਼ੀ) ਹਾਰ ਲਈ ਹੈ। ਅਸਥਿਰ = ਅਡੋਲਤਾ ਵਿਚ ਰੱਖਣ ਵਾਲੀ। ਮਾਨਸ ਦੇਹ ਪਦ = ਮਨੁੱਖਾ ਸਰੀਰ ਦਾ ਦਰਜਾ। ਪਾਇ = ਹਾਸਲ ਕਰ ਕੇ। ਨਾਨਕ = ਹੇ ਨਾਨਕ!।੩।
ਅਰਥ: ਹੇ ਮਨ! ਤੂੰ ਕੇਹੜੀ ਭੈੜੀ ਸਿੱਖਿਆ ਲੈ ਲਈ ਹੈ? ਤੂੰ ਪਰਾਈ ਇਸਤ੍ਰੀ, ਪਰਾਈ ਨਿੰਦਿਆ ਦੇ ਰਸ ਵਿਚ ਮਸਤ ਰਹਿੰਦਾ ਹੈਂ। ਪਰਮਾਤਮਾ ਦੀ ਭਗਤੀ ਤੂੰ (ਕਦੇ) ਨਹੀਂ ਕੀਤੀ।੧।ਰਹਾਉ।
ਹੇ ਭਾਈ! ਤੂੰ ਵਿਕਾਰਾਂ ਤੋਂ ਖ਼ਲਾਸੀ ਪਾਣ ਦਾ ਰਸਤਾ (ਅਜੇ ਤਕ) ਨਹੀਂ ਸਮਝਿਆ, ਧਨ ਇਕੱਠਾ ਕਰਨ ਲਈ ਤੂੰ ਸਦਾ ਦੌੜ-ਭਜ ਕਰ ਰਿਹਾ ਹੈਂ। (ਦੁਨੀਆ ਦੇ ਪਦਾਰਥਾਂ ਵਿਚੋਂ) ਕਿਸੇ ਨੇ ਭੀ ਆਖ਼ਰ ਕਿਸੇ ਦਾ ਸਾਥ ਨਹੀਂ ਦਿੱਤਾ। ਤੂੰ ਵਿਅਰਥ ਹੀ ਆਪਣੇ ਆਪ ਨੂੰ (ਮਾਇਆ ਦੇ ਮੋਹ ਵਿਚ) ਜਕੜ ਰੱਖਿਆ ਹੈ।੧।
ਹੇ ਭਾਈ! ਅਜੇ ਤਕ) ਨਾਹ ਤੂੰ ਪਰਮਾਤਮਾ ਦੀ ਭਗਤੀ ਕੀਤੀ ਹੈ, ਨਾਹ ਗੁਰੂ ਦੀ ਸ਼ਰਨ ਪਿਆ ਹੈਂ, ਨਾਹ ਹੀ ਤੇਰੇ ਅੰਦਰ ਆਤਮਕ ਜੀਵਨ ਦੀ ਸੋਝੀ ਪਈ ਹੈ। ਮਾਇਆ ਤੋਂ ਨਿਰਲੇਪ ਪ੍ਰਭੂ ਤੇਰੇ ਹਿਰਦੇ ਵਿਚ ਵੱਸ ਰਿਹਾ ਹੈ, ਪਰ ਤੂੰ (ਬਾਹਰ) ਜੰਗਲਾਂ ਵਿਚ ਉਸ ਨੂੰ ਭਾਲ ਰਿਹਾ ਹੈਂ।੨।
ਹੇ ਭਾਈ! ਅਨੇਕਾਂ ਜਨਮਾਂ ਵਿਚ ਭਟਕ ਭਟਕ ਕੇ ਤੂੰ (ਮਨੁੱਖਾ ਜਨਮ ਦੀ ਬਾਜ਼ੀ) ਹਾਰ ਲਈ ਹੈ, ਤੂੰ ਅਜੇਹੀ ਅਕਲ ਨਹੀਂ ਸਿੱਖੀ ਜਿਸ ਦੀ ਬਰਕਤਿ ਨਾਲ (ਜਨਮਾਂ ਦੇ ਗੇੜ ਵਿਚੋਂ) ਤੈਨੂੰ ਅਡੋਲਤਾ ਹਾਸਲ ਹੋ ਸਕੇ। ਹੇ ਨਾਨਕ! ਆਖ-ਹੇ ਭਾਈ! ਗੁਰੂ ਨੇ ਤਾਂ ਇਹ) ਗੱਲ ਸਮਝਾਈ ਹੈ ਕਿ ਮਨੁੱਖਾ ਜਨਮ ਦਾ (ਉੱਚਾ) ਦਰਜਾ ਹਾਸਲ ਕਰ ਕੇ ਪਰਮਾਤਮਾ ਦਾ ਭਜਨ ਕਰ।੩।੩।
*┈┉┅━❀꧁ੴ꧂❀━┅┉┈*
||ਅੱਜ ਦਾ ਫੁਰਮਾਨ|| ਗੁਰਦੁਆਰਾ ਪੰਜਾ ਸਾਹਿਬ ( ਪਾਕਿਸਤਾਨ ) ||
ਟੋਡੀ ਮਹਲਾ ੫ ॥ ਗਰਬਿ ਗਹਿਲੜੋ ਮੂੜੜੋ ਹੀਓ ਰੇ ॥ ਹੀਓ ਮਹਰਾਜ ਰੀ ਮਾਇਓ ॥ ਡੀਹਰ ਨਿਆਈ ਮੋਹਿ ਫਾਕਿਓ ਰੇ ॥ ਰਹਾਉ ॥ ਘਣੋ ਘਣੋ ਘਣੋ ਸਦ ਲੋੜੈ ਬਿਨੁ ਲਹਣੇ ਕੈਠੈ ਪਾਇਓ ਰੇ ॥ ਮਹਰਾਜ ਰੋ ਗਾਥੁ ਵਾਹੂ ਸਿਉ ਲੁਭੜਿਓ ਨਿਹਭਾਗੜੋ ਭਾਹਿ ਸੰਜੋਇਓ ਰੇ ॥੧॥ ਸੁਣਿ ਮਨ ਸੀਖ ਸਾਧੂ ਜਨ ਸਗਲੋ ਥਾਰੇ ਸਗਲੇ ਪ੍ਰਾਛਤ ਮਿਟਿਓ ਰੇ ॥ ਜਾ ਕੋ ਲਹਣੋ ਮਹਰਾਜ ਰੀ ਗਾਠੜੀਓ ਜਨ ਨਾਨਕ ਗਰਭਾਸਿ ਨ ਪਉੜਿਓ ਰੇ ॥੨॥੨॥੧੯॥ {ਪੰਨਾ 715}
ਪਦਅਰਥ: ਗਰਬਿ = ਅਹੰਕਾਰ ਵਿਚ। ਗਹਿਲੜੋ = ਗਹਿਲਾ, ਬਾਵਲਾ, ਝੱਲਾ। ਮੂੜੜੋ = ਮੂੜ੍ਹਾ, ਮੂਰਖ। ਹੀਓ = ਹਿਰਦਾ। ਰੇ = ਹੇ ਭਾਈ! ਮਹਰਾਜ ਰੀ = ਮਹਾਰਾਜ ਦੀ। ਮਾਇਓ = ਮਾਇਆ (ਨੇ) । ਡੀਹਰ ਨਿਆਈ = ਮੱਛੀ ਵਾਂਗ। ਮੋਹਿ = ਮੋਹ ਵਿਚ। ਫਾਕਿਓ = ਫਸਾ ਲਿਆ ਹੈ।ਰਹਾਉ।
ਘਣੋ = ਬਹੁਤ। ਸਦ = ਸਦਾ। ਲੋੜੈ = ਮੰਗਦਾ ਹੈ। ਬਿਨੁ ਲਹਣੇ = ਭਾਗਾਂ ਤੋਂ ਬਿਨਾ। ਕੈਠੇ = ਕਿਸ ਥਾਂ ਤੋਂ, ਕਿਥੋਂ? ਮਹਰਾਜ ਰੋ = ਮਹਾਰਾਜ ਦਾ। ਗਾਥੁ = ਸਰੀਰ। ਵਾਹੂ ਸਿਉ = ਉਸ (ਸਰੀਰ) ਨਾਲ ਹੀ। ਲੁਭੜਿਓ = ਲੋਭ ਕਰ ਰਿਹਾ ਹੈ, ਮੋਹ ਕਰ ਰਿਹਾ ਹੈ। ਨਿਹਭਾਗੜੋ = ਨਿਭਾਗਾ। ਭਾਹਿ = (ਤ੍ਰਿਸ਼ਨਾ ਦੀ) ਅੱਗ। ਸੰਜੋਇਓ = ਜੋੜ ਰਿਹਾ ਹੈ।੧।
ਮਨ = ਹੇ ਮਨ! ਸੀਖ = ਸਿੱਖਿਆ। ਸਾਧੂ ਜਨ = ਗੁਰਮੁਖਿ ਸਤਸੰਗੀ। ਸਗਲੋ = ਸਾਰੇ। ਥਾਰੇ = ਤੇਰੇ। ਪ੍ਰਾਛਤ = ਪਾਪ। ਜਾ ਕੋ = ਜਿਸ ਦਾ। ਗਾਠੜੀਓ = ਗਠੜੀ ਵਿਚੋਂ। ਗਰਭਾਸਿ = ਗਰਭ ਜੂਨ ਵਿਚ। ਨ ਪਉੜਿਓ = ਨਹੀਂ ਪੈਂਦਾ।੨।
ਅਰਥ: ਹੇ ਭਾਈ! ਮੂਰਖ ਹਿਰਦਾ ਅਹੰਕਾਰ ਵਿਚ ਝੱਲਾ ਹੋਇਆ ਰਹਿੰਦਾ ਹੈ। ਇਸ ਹਿਰਦੇ ਨੂੰ ਮਹਾਰਾਜ (ਪ੍ਰਭੂ) ਦੀ ਮਾਇਆ ਨੇ ਮੱਛੀ ਵਾਂਗ ਮੋਹ ਵਿਚ ਫਸਾ ਰੱਖਿਆ ਹੈ (ਜਿਵੇਂ ਮੱਛੀ ਨੂੰ ਕੁੰਡੀ ਵਿਚ) ।ਰਹਾਉ।
ਹੇ ਭਾਈ! ਮੋਹ ਵਿਚ ਫਸਿਆ ਹੋਇਆ ਹਿਰਦਾ) ਸਦਾ ਬਹੁਤ ਬਹੁਤ (ਮਾਇਆ) ਮੰਗਦਾ ਰਹਿੰਦਾ ਹੈ, ਪਰ ਭਾਗਾਂ ਤੋਂ ਬਿਨਾ ਕਿਥੋਂ ਪ੍ਰਾਪਤ ਕਰੇ? ਹੇ ਭਾਈ! ਮਹਾਰਾਜ ਦਾ (ਦਿੱਤਾ ਹੋਇਆ) ਇਹ ਸਰੀਰ ਹੈ, ਇਸੇ ਨਾਲ (ਮੂਰਖ ਜੀਵ) ਮੋਹ ਕਰਦਾ ਰਹਿੰਦਾ ਹੈ। ਨਿਭਾਗਾ ਮਨੁੱਖ (ਆਪਣੇ ਮਨ ਨੂੰ ਤ੍ਰਿਸ਼ਨਾ ਦੀ) ਅੱਗ ਨਾਲ ਜੋੜੀ ਰੱਖਦਾ ਹੈ।੧।
ਹੇ ਮਨ! ਸਾਰੇ ਸਾਧੂ ਜਨਾਂ ਦੀ ਸਿੱਖਿਆ ਸੁਣਿਆ ਕਰ, (ਇਸ ਦੀ ਬਰਕਤਿ ਨਾਲ) ਤੇਰੇ ਸਾਰੇ ਪਾਪ ਮਿਟ ਜਾਣਗੇ। ਹੇ ਦਾਸ ਨਾਨਕ! ਆਖ-) ਮਹਾਰਾਜ ਦੇ ਖ਼ਜ਼ਾਨੇ ਵਿਚੋਂ ਜਿਸ ਦੇ ਭਾਗਾਂ ਵਿਚ ਕੁਝ ਪ੍ਰਾਪਤੀ ਲਿਖੀ ਹੈ, ਉਹ ਜੂਨਾਂ ਵਿਚ ਨਹੀਂ ਪੈਂਦਾ।੨।੨।੧੯।
*┈┉┅━❀꧁ੴ꧂❀━┅┉┈*
||ਅੱਜ ਦਾ ਫੁਰਮਾਨ|| ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ||
ਸੋਰਠਿ ਮਹਲਾ ੩ ਘਰੁ ੧ ਤਿਤੁਕੀ ੴ ਸਤਿਗੁਰ ਪ੍ਰਸਾਦਿ ॥ ਭਗਤਾ ਦੀ ਸਦਾ ਤੂ ਰਖਦਾ ਹਰਿ ਜੀਉ ਧੁਰਿ ਤੂ ਰਖਦਾ ਆਇਆ ॥ ਪ੍ਰਹਿਲਾਦ ਜਨ ਤੁਧੁ ਰਾਖਿ ਲਏ ਹਰਿ ਜੀਉ ਹਰਣਾਖਸੁ ਮਾਰਿ ਪਚਾਇਆ ॥ ਗੁਰਮੁਖਾ ਨੋ ਪਰਤੀਤਿ ਹੈ ਹਰਿ ਜੀਉ ਮਨਮੁਖ ਭਰਮਿ ਭੁਲਾਇਆ ॥੧॥ ਹਰਿ ਜੀ ਏਹ ਤੇਰੀ ਵਡਿਆਈ ॥ ਭਗਤਾ ਕੀ ਪੈਜ ਰਖੁ ਤੂ ਸੁਆਮੀ ਭਗਤ ਤੇਰੀ ਸਰਣਾਈ ॥ ਰਹਾਉ ॥ ਭਗਤਾ ਨੋ ਜਮੁ ਜੋਹਿ ਨ ਸਾਕੈ ਕਾਲੁ ਨ ਨੇੜੈ ਜਾਈ ॥ ਕੇਵਲ ਰਾਮ ਨਾਮੁ ਮਨਿ ਵਸਿਆ ਨਾਮੇ ਹੀ ਮੁਕਤਿ ਪਾਈ ॥ ਰਿਧਿ ਸਿਧਿ ਸਭ ਭਗਤਾ ਚਰਣੀ ਲਾਗੀ ਗੁਰ ਕੈ ਸਹਜਿ ਸੁਭਾਈ ॥੨॥ {ਪੰਨਾ 637}
ਨੋਟ: ਤਿ-ਤੁਕੀ-ਤਿੰਨ ਤੁਕਾਂ ਵਾਲੀ, ਉਹ ਅਸ਼ਟਪਦੀ ਜਿਸ ਦੇ ਹਰੇਕ ਬੰਦ ਵਿਚ ਤਿੰਨ ਤੁਕਾਂ ਹਨ।
ਪਦਅਰਥ: ਹਰਿ ਜੀਉ = ਹੇ ਪ੍ਰਭੂ ਜੀ! ਧੁਰਿ = ਧੁਰ ਤੋਂ, ਸ਼ੁਰੂ ਤੋਂ, ਜਦੋਂ ਦਾ ਸੰਸਾਰ ਬਣਿਆ ਹੈ ਤਦੋਂ ਦਾ। ਪ੍ਰਹਿਲਾਦ ਜਨ = ਪ੍ਰਹਿਲਾਦ ਅਤੇ ਇਹੋ ਜਿਹੇ ਹੋਰ ਸੇਵਕ। ਮਾਰਿ = ਮਾਰ ਕੇ। ਪਚਾਇਆ = ਖ਼ੁਆਰ ਕੀਤਾ, ਤਬਾਹ ਕਰ ਦਿੱਤਾ। ਪਰਤੀਤਿ = ਸਰਧਾ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਭਰਮਿ = ਭਟਕਣਾ ਵਿਚ।੧।
ਵਡਿਆਈ = ਇੱਜ਼ਤ। ਪੈਜ = ਲਾਜ। ਸੁਆਮੀ = ਹੇ ਸੁਆਮੀ!।ਰਹਾਉ।
ਜਮੁ = ਮੌਤ, ਮੌਤ ਦਾ ਡਰ। ਜੋਹਿ ਨ ਸਾਕੈ = ਤੱਕ ਨਹੀਂ ਸਕਦਾ। ਕਾਲੁ = ਮੌਤ ਦਾ ਡਰ। ਮਨਿ = ਮਨ ਵਿਚ। ਨਾਮੇ ਹੀ = ਨਾਮ ਵਿਚ ਜੁੜ ਕੇ ਹੀ। ਮੁਕਤਿ = ਮੌਤ ਦੇ ਡਰ ਤੋਂ ਖ਼ਲਾਸੀ। ਰਿਧਿ ਸਿਧਿ = ਕਰਾਮਾਤੀ ਤਾਕਤਾਂ। ਗੁਰ ਕੈ = ਗੁਰੂ ਦੀ ਰਾਹੀਂ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਈ = ਸੁਭਾਇ, ਪ੍ਰੇਮ ਵਿਚ।੨।
ਅਰਥ: ਹੇ ਹਰੀ! ਹੇ ਸੁਆਮੀ! ਭਗਤ ਤੇਰੀ ਸਰਨ ਪਏ ਰਹਿੰਦੇ ਹਨ, ਤੂੰ ਆਪਣੇ ਭਗਤਾਂ ਦੀ ਇੱਜ਼ਤ ਰੱਖ। ਹੇ ਹਰੀ! (ਭਗਤਾਂ ਦੀ ਇੱਜ਼ਤ) ਤੇਰੀ ਹੀ ਇੱਜ਼ਤ ਹੈ।ਰਹਾਉ।
ਹੇ ਹਰੀ! ਤੂੰ ਆਪਣੇ ਭਗਤਾਂ ਦੀ ਇੱਜ਼ਤ ਸਦਾ ਰੱਖਦਾ ਹੈਂ, ਜਦੋਂ ਤੋਂ ਜਗਤ ਬਣਿਆ ਹੈ ਤਦੋਂ ਤੋਂ (ਭਗਤਾਂ ਦੀ ਇੱਜ਼ਤ) ਰੱਖਦਾ ਆ ਰਿਹਾ ਹੈਂ। ਹੇ ਹਰੀ! ਪ੍ਰਹਿਲਾਦ ਭਗਤ ਵਰਗੇ ਅਨੇਕਾਂ ਸੇਵਕਾਂ ਦੀ ਤੂੰ ਇੱਜ਼ਤ ਰੱਖੀ ਹੈ, ਤੂੰ ਹਰਣਾਖਸ ਨੂੰ ਮਾਰ ਕੇ ਮੁਕਾ ਦਿੱਤਾ। ਹੇ ਹਰੀ! ਜੇਹੜੇ ਮਨੁੱਖ ਗੁਰੂ ਦੇ ਸਨਮੁਖ ਰਹਿੰਦੇ ਹਨ ਉਹਨਾਂ ਨੂੰ ਨਿਸ਼ਚਾ ਹੁੰਦਾ ਹੈ (ਕਿ ਤੂੰ ਭਗਤਾਂ ਦੀ ਇੱਜ਼ਤ ਬਚਾਂਦਾ ਹੈਂ, ਪਰ) ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਭਟਕਣਾ ਵਿਚ ਪੈ ਕੇ ਕੁਰਾਹੇ ਪਏ ਰਹਿੰਦੇ ਹਨ।੧।
ਹੇ ਭਾਈ! ਭਗਤਾਂ ਨੂੰ ਮੌਤ ਡਰਾ ਨਹੀਂ ਸਕਦੀ, ਮੌਤ ਦਾ ਡਰ ਭਗਤਾਂ ਦੇ ਨੇੜੇ ਨਹੀਂ ਢੁਕਦਾ (ਕਿਉਂਕਿ ਮੌਤ ਦੇ ਡਰ ਦੇ ਥਾਂ) ਸਿਰਫ਼ ਪਰਮਾਤਮਾ ਦਾ ਨਾਮ (ਉਹਨਾਂ ਦੇ) ਮਨ ਵਿਚ ਵੱਸਦਾ ਹੈ, ਨਾਮ ਦੀ ਬਰਕਤਿ ਨਾਲ ਹੀ ਉਹ (ਮੌਤ ਦੇ ਡਰ ਤੋਂ) ਖ਼ਲਾਸੀ ਪ੍ਰਾਪਤ ਕਰ ਲੈਂਦੇ ਹਨ। ਭਗਤ ਗੁਰੂ ਦੀ ਰਾਹੀਂ (ਗੁਰੂ ਦੀ ਸ਼ਰਨ ਪੈ ਕੇ) ਆਤਮਕ ਅਡੋਲਤਾ ਵਿਚ ਪ੍ਰਭੂ-ਪਿਆਰ ਵਿਚ (ਟਿਕੇ ਰਹਿੰਦੇ ਹਨ, ਇਸ ਵਾਸਤੇ) ਸਭ ਕਰਾਮਾਤੀ ਤਾਕਤਾਂ ਭਗਤਾਂ ਦੀ ਚਰਨੀਂ ਲੱਗੀਆਂ ਰਹਿੰਦੀਆਂ ਹਨ।੨।
||ਅੱਜ ਦਾ ਫੁਰਮਾਨ|| ਗੁਰਦੁਆਰਾ ਬੰਗਲਾ ਸਾਹਿਬ ਜੀ (ਦਿੱਲੀ) ||
ਧਨਾਸਰੀ ਮਹਲਾ ੫ ॥ ਜਿਸ ਕਾ ਤਨੁ ਮਨੁ ਧਨੁ ਸਭੁ ਤਿਸ ਕਾ ਸੋਈ ਸੁਘੜੁ ਸੁਜਾਨੀ ॥ ਤਿਨ ਹੀ ਸੁਣਿਆ ਦੁਖੁ ਸੁਖੁ ਮੇਰਾ ਤਉ ਬਿਧਿ ਨੀਕੀ ਖਟਾਨੀ ॥੧॥ ਜੀਅ ਕੀ ਏਕੈ ਹੀ ਪਹਿ ਮਾਨੀ ॥ ਅਵਰਿ ਜਤਨ ਕਰਿ ਰਹੇ ਬਹੁਤੇਰੇ ਤਿਨ ਤਿਲੁ ਨਹੀ ਕੀਮਤਿ ਜਾਨੀ ॥ ਰਹਾਉ ॥ ਅੰਮ੍ਰਿਤ ਨਾਮੁ ਨਿਰਮੋਲਕੁ ਹੀਰਾ ਗੁਰਿ ਦੀਨੋ ਮੰਤਾਨੀ ॥ ਡਿਗੈ ਨ ਡੋਲੈ ਦ੍ਰਿੜੁ ਕਰਿ ਰਹਿਓ ਪੂਰਨ ਹੋਇ ਤ੍ਰਿਪਤਾਨੀ ॥੨॥ ਓਇ ਜੁ ਬੀਚ ਹਮ ਤੁਮ ਕਛੁ ਹੋਤੇ ਤਿਨ ਕੀ ਬਾਤ ਬਿਲਾਨੀ ॥ ਅਲੰਕਾਰ ਮਿਲਿ ਥੈਲੀ ਹੋਈ ਹੈ ਤਾ ਤੇ ਕਨਿਕ ਵਖਾਨੀ ॥੩॥ ਪ੍ਰਗਟਿਓ ਜੋਤਿ ਸਹਜ ਸੁਖ ਸੋਭਾ ਬਾਜੇ ਅਨਹਤ ਬਾਨੀ ॥ ਕਹੁ ਨਾਨਕ ਨਿਹਚਲ ਘਰੁ ਬਾਧਿਓ ਗੁਰਿ ਕੀਓ ਬੰਧਾਨੀ ॥੪॥੫॥ {ਪੰਨਾ 671}
ਪਦਅਰਥ: ਜਿਸ ਕਾ, ਤਿਸ ਕਾ = {ਲਫ਼ਜ਼ 'ਜਿਸੁ' 'ਤਿਸੁ' ਦਾ ੁ ਸੰਬੰਧਕ 'ਕਾ' ਦੇ ਕਾਰਨ ਉੱਡ ਗਿਆ ਹੈ}। ਸੋਈ = ਉਹ (ਪ੍ਰਭੂ) ਹੀ। ਸੁਘੜੁ = ਸੁਚੱਜੀ ਆਤਮਕ ਘਾੜਤ ਵਾਲਾ। ਸੁਜਾਨੀ = ਸਿਆਣਾ। ਤਿਨ ਹੀ = ਤਿਨਿ ਹੀ {ਲਫ਼ਜ਼ 'ਤਿਨ' ਦੀ 'ਿ' ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਣ ਉੱਡ ਗਈ ਹੈ}। ਤਉ = ਤਦੋਂ। ਨੀਕੀ ਬਿਧਿ = ਚੰਗੀ ਹਾਲਤ। ਖਟਾਨੀ = ਬਣ ਗਈ।੧।
ਜੀਅ ਕੀ = ਜਿੰਦ ਦੀ। ਏਕੈ ਹੀ ਪਹਿ = ਇਕ ਪਰਮਾਤਮਾ ਦੇ ਪਾਸ ਹੀ। ਮਾਨੀ = ਮੰਨੀ ਜਾਂਦੀ ਹੈ। ਅਵਰਿ = {ਲਫ਼ਜ਼ 'ਅਵਰ' ਤੋਂ ਬਹੁ-ਵਚਨ} ਹੋਰ। ਤਿਨ ਕੀਮਤਿ = ਉਹਨਾਂ (ਜਤਨਾਂ) ਦੀ ਕੀਮਤਿ। ਜਾਨੀ = ਜਾਣੀ ਜਾਂਦੀ।ਰਹਾਉ।
ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ। ਨਿਰਮੋਲਕੁ = ਜਿਸ ਦਾ ਕੋਈ ਮੁੱਲ ਨਾਹ ਪਾਇਆ ਜਾ ਕੇ। ਗੁਰਿ = ਗੁਰੂ ਨੇ। ਮੰਤਾਨੀ = ਮੰਤਰ। ਦ੍ਰਿੜੁ ਕਰਿ ਰਹਿਓ = ਪੱਕੇ ਤੌਰ ਤੇ ਟਿਕ ਗਿਆ।੨।
ਓਇ = {ਲਫ਼ਜ਼ 'ਓਹ' ਤੋਂ ਬਹੁ-ਵਚਨ}। ਓਇ ਬੀਚ = ਉਹ ਅੰਤਰੇ, ਉਹ ਵਿੱਥਾਂ, ਉਹ ਵਿਤਕਰੇ। ਹਮ ਤੁਮ ਬੀਚ = ਅਸੀ ਤੁਸੀ ਵਾਲੇ ਵਿਤਕਰੇ, ਮੇਰ = ਤੇਰ ਵਾਲੇ ਵਿਤਕਰੇ। ਬਿਲਾਨੀ = ਬੀਤ ਜਾਂਦੀ ਹੈ, ਮੁੱਕ ਜਾਂਦੀ ਹੈ। ਅਲੰਕਾਰ = ਗਹਣੇ। ਮਿਲਿ = ਮਿਲ ਕੇ। ਥੈਲੀ = ਰੈਣੀ, ਢੇਲੀ। ਤਾ ਤੇ = ਉਸ (ਰੈਣੀ) ਤੋਂ। ਕਨਿਕ = ਸੋਨਾ।੩।
ਸਹਜ ਸੁਖ = ਆਤਮਕ ਅਡੋਲਤਾ ਦੇ ਆਨੰਦ। ਬਾਜੇ = ਵੱਜਦੇ ਹਨ। ਅਨਹਤ = ਇਕ-ਰਸ, ਲਗਾਤਾਰ। ਬਾਨੀ = ਸਿਫ਼ਤਿ-ਸਾਲਾਹ ਵਾਲੀ ਗੁਰਬਾਣੀ। ਨਿਹਚਲ = ਅਟੱਲ। ਗੁਰਿ = ਗੁਰੂ ਨੇ। ਬੰਧਾਨੀ = ਮਰਯਾਦਾ।੪।
ਅਰਥ: ਹੇ ਭਾਈ! ਜਿੰਦ ਦੀ (ਅਰਦਾਸ) ਇਕ ਪਰਮਾਤਮਾ ਦੇ ਕੋਲ ਹੀ ਮੰਨੀ ਜਾਂਦੀ ਹੈ। (ਪਰਮਾਤਮਾ ਦੇ ਆਸਰੇ ਤੋਂ ਬਿਨਾ ਲੋਕ) ਹੋਰ ਬਥੇਰੇ ਜਤਨ ਕਰ ਕੇ ਥੱਕ ਜਾਂਦੇ ਹਨ, ਉਹਨਾਂ ਜਤਨਾਂ ਦਾ ਮੁੱਲ ਇਕ ਤਿਲ ਜਿਤਨਾ ਭੀ ਨਹੀਂ ਸਮਝਿਆ ਜਾਂਦਾ।ਰਹਾਉ।
ਹੇ ਭਾਈ! ਜਿਸ ਪ੍ਰਭੂ ਦਾ ਦਿੱਤਾ ਹੋਇਆ ਇਹ ਸਰੀਰ ਤੇ ਮਨ ਹੈ, ਇਹ ਸਾਰਾ ਧਨ-ਪਦਾਰਥ ਭੀ ਉਸੇ ਦਾ ਦਿੱਤਾ ਹੋਇਆ ਹੈ, ਉਹੀ ਸੁਚੱਜਾ ਹੈ ਤੇ ਸਿਆਣਾ ਹੈ। ਅਸਾਂ ਜੀਵਾਂ ਦਾ ਦੁੱਖ ਸੁਖ (ਸਦਾ) ਉਸ ਪਰਮਾਤਮਾ ਨੇ ਹੀ ਸੁਣਿਆ ਹੈ, (ਜਦੋਂ ਉਹ ਸਾਡੀ ਅਰਦਾਸ-ਅਰਜ਼ੋਈ ਸੁਣਦਾ ਹੈ) ਤਦੋਂ (ਸਾਡੀ) ਹਾਲਤ ਚੰਗੀ ਬਣ ਜਾਂਦੀ ਹੈ।੧।
ਹੇ ਭਾਈ! ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ, ਨਾਮ ਇਕ ਐਸਾ ਹੀਰਾ ਹੈ ਜੇਹੜਾ ਕਿਸੇ ਮੁੱਲ ਤੋਂ ਨਹੀਂ ਮਿਲ ਸਕਦਾ। ਗੁਰੂ ਨੇ ਇਹ ਨਾਮ-ਮੰਤਰ (ਜਿਸ ਮਨੁੱਖ ਨੂੰ) ਦੇ ਦਿੱਤਾ, ਉਹ ਮਨੁੱਖ (ਵਿਕਾਰਾਂ ਵਿਚ) ਡਿੱਗਦਾ ਨਹੀਂ, ਡੋਲਦਾ ਨਹੀਂ, ਉਹ ਮਨੁੱਖ ਪੱਕੇ ਇਰਾਦੇ ਵਾਲਾ ਬਣ ਜਾਂਦਾ ਹੈ, ਉਹ ਮੁਕੰਮਲ ਤੌਰ ਤੇ (ਮਾਇਆ ਵਲੋਂ) ਸੰਤੋਖੀ ਰਹਿੰਦਾ ਹੈ।੨।
(ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਪਾਸੋਂ ਨਾਮ-ਹੀਰਾ ਮਿਲ ਜਾਂਦਾ ਹੈ, ਉਸ ਦੇ ਅੰਦਰੋਂ) ਉਹਨਾਂ ਮੇਰ-ਤੇਰ ਵਾਲੇ ਸਾਰੇ ਵਿਤਕਰਿਆਂ ਦੀ ਗੱਲ ਮੁੱਕ ਜਾਂਦੀ ਹੈ ਜੋ ਜਗਤ ਵਿਚ ਬੜੇ ਪ੍ਰਬਲ ਹਨ। (ਉਸ ਮਨੁੱਖ ਨੂੰ ਹਰ ਪਾਸੇ ਪਰਮਾਤਮਾ ਹੀ ਇਉਂ ਦਿੱਸਦਾ ਹੈ, ਜਿਵੇਂ) ਅਨੇਕਾਂ ਗਹਣੇ ਮਿਲ ਕੇ (ਗਾਲੇ ਜਾ ਕੇ) ਰੈਣੀ ਬਣ ਜਾਂਦੀ ਹੈ, ਤੇ, ਉਸ ਢੇਲੀ ਤੋਂ ਉਹ ਸੋਨਾ ਹੀ ਅਖਵਾਂਦੀ ਹੈ।੩।
(ਹੇ ਭਾਈ! ਜਿਸ ਮਨੁੱਖ ਦੇ ਅੰਦਰ ਗੁਰੂ ਦੀ ਕਿਰਪਾ ਨਾਲ) ਪਰਮਾਤਮਾ ਦੀ ਜੋਤਿ ਦਾ ਪਰਕਾਸ਼ ਹੋ ਜਾਂਦਾ ਹੈ, ਉਸ ਦੇ ਅੰਦਰ ਆਤਮਕ ਅਡੋਲਤਾ ਦੇ ਆਨੰਦ ਪੈਦਾ ਹੋ ਜਾਂਦੇ ਹਨ, ਉਸ ਨੂੰ ਹਰ ਥਾਂ ਸੋਭਾ ਮਿਲਦੀ ਹੈ, ਉਸ ਦੇ ਹਿਰਦੇ ਵਿਚ ਸਿਫ਼ਤਿ-ਸਾਲਾਹ ਦੀ ਬਾਣੀ ਦੇ (ਮਾਨੋ) ਇਕ-ਰਸ ਵਾਜੇ ਵੱਜਦੇ ਰਹਿੰਦੇ ਹਨ। ਹੇ ਨਾਨਕ! ਆਖ-ਗੁਰੂ ਨੇ ਜਿਸ ਮਨੁੱਖ ਵਾਸਤੇ ਇਹ ਪ੍ਰਬੰਧ ਕਰ ਦਿੱਤਾ, ਉਹ ਮਨੁੱਖ ਸਦਾ ਲਈ ਪ੍ਰਭੂ-ਚਰਨਾਂ ਵਿਚ ਟਿਕਾਣਾ ਪ੍ਰਾਪਤ ਕਰ ਲੈਂਦਾ ਹੈ।੪।੫।
*┈┉┅━❀꧁ੴ꧂❀━┅┉┈*
||ਅੱਜ ਦਾ ਫੁਰਮਾਨ|| ਗੁਰਦੁਆਰਾ ਸੀਸ ਗੰਜ ਸਾਹਿਬ ਜੀ (ਦਿੱਲੀ) ||
ਸਲੋਕ ਮਃ ੧ ॥ ਦੁਇ ਦੀਵੇ ਚਉਦਹ ਹਟਨਾਲੇ ॥ ਜੇਤੇ ਜੀਅ ਤੇਤੇ ਵਣਜਾਰੇ ॥ ਖੁਲ੍ਹ੍ਹੇ ਹਟ ਹੋਆ ਵਾਪਾਰੁ ॥ ਜੋ ਪਹੁਚੈ ਸੋ ਚਲਣਹਾਰੁ ॥ ਧਰਮੁ ਦਲਾਲੁ ਪਾਏ ਨੀਸਾਣੁ ॥ ਨਾਨਕ ਨਾਮੁ ਲਾਹਾ ਪਰਵਾਣੁ ॥ ਘਰਿ ਆਏ ਵਜੀ ਵਾਧਾਈ ॥ ਸਚ ਨਾਮ ਕੀ ਮਿਲੀ ਵਡਿਆਈ ॥੧॥ {ਪੰਨਾ 789}
ਪਦਅਰਥ: ਦੁਇ = ਦੋਵੇਂ, ਚੰਦ ਤੇ ਸੂਰਜ। ਚਉਦਹ = ਚੌਦਾਂ ਲੋਕ। ਹਟਨਾਲੇ = ਬਾਜ਼ਾਰ। ਲਾਹਾ = ਨਫ਼ਾ। ਘਰਿ = ਘਰ ਵਿਚ, ਭਟਕਣ ਤੋਂ ਹਟ ਕੇ ਪ੍ਰਭੂ ਦੇ ਦਰ ਤੇ। ਵਧਾਈ ਵਜੀ = ਵਧਾਈ ਵੱਜਦੀ ਹੈ, ਚੜ੍ਹਦੀ ਕਲਾ ਬਣਦੀ ਹੈ।
ਅਰਥ: ਜਗਤ-ਰੂਪ ਸ਼ਹਰ ਵਿਚ ਚੰਦ ਤੇ ਸੂਰਜ, ਮਾਨੋ, ਦੋ ਲੈਂਪ ਜਗ ਰਹੇ ਹਨ, ਤੇ ਚੌਦਾਂ ਲੋਕ (ਇਹ ਜਗਤ-ਸ਼ਹਰ ਦੇ, ਮਾਨੋ) ਬਜ਼ਾਰ ਹਨ, ਸਾਰੇ ਜੀਵ (ਇਸ ਸ਼ਹਰ ਦੇ) ਵਪਾਰੀ ਹਨ। ਜਦੋਂ ਹੱਟ ਖੁਲ੍ਹ ਪਏ (ਜਗਤ-ਰਚਨਾ ਹੋਈ) , ਵਪਾਰ ਹੋਣ ਲੱਗ ਪਿਆ। ਜੋ ਜੋ ਵਪਾਰੀ ਏਥੇ ਆਉਂਦਾ ਹੈ ਉਹ ਮੁਸਾਫ਼ਿਰ ਹੀ ਹੁੰਦਾ ਹੈ।
(ਹਰੇਕ ਜੀਵ-ਵਪਾਰੀ ਦੀ ਕਰਣੀ-ਰੂਪ ਸਉਦੇ ਤੇ) ਧਰਮ-ਰੂਪ ਦਲਾਲ ਨਿਸ਼ਾਨ ਲਾਈ ਜਾਂਦਾ ਹੈ (ਕਿ ਇਸ ਦਾ ਸਉਦਾ ਖਰਾ ਹੈ ਜਾਂ ਖੋਟਾ) , ਹੇ ਨਾਨਕ! ਸ਼ਾਹ-ਪ੍ਰਭੂ ਦੇ ਹੱਟ ਤੇ) 'ਨਾਮ' ਨਫ਼ਾ ਹੀ ਕਬੂਲ ਹੁੰਦਾ ਹੈ। ਜੋ (ਇਹ ਨਫ਼ਾ ਖੱਟ ਕੇ) ਹਜ਼ੂਰੀ ਵਿਚ ਅੱਪੜਦਾ ਹੈ ਉਸ ਨੂੰ ਲਾਲੀ ਚੜ੍ਹਦੀ ਹੈ ਤੇ ਸੱਚੇ ਨਾਮ ਦੀ (ਪ੍ਰਾਪਤੀ ਦੀ) ਉਸ ਨੂੰ ਵਡਿਆਈ ਮਿਲਦੀ ਹੈ।੧।
ਮਃ ੧ ॥ ਰਾਤੀ ਹੋਵਨਿ ਕਾਲੀਆ ਸੁਪੇਦਾ ਸੇ ਵੰਨ ॥ ਦਿਹੁ ਬਗਾ ਤਪੈ ਘਣਾ ਕਾਲਿਆ ਕਾਲੇ ਵੰਨ ॥ ਅੰਧੇ ਅਕਲੀ ਬਾਹਰੇ ਮੂਰਖ ਅੰਧ ਗਿਆਨੁ ॥ ਨਾਨਕ ਨਦਰੀ ਬਾਹਰੇ ਕਬਹਿ ਨ ਪਾਵਹਿ ਮਾਨੁ ॥੨॥ {ਪੰਨਾ 789}
ਪਦਅਰਥ: ਸੇ ਵੰਨ = ਉਹੀ ਰੰਗ। ਸੁਪੇਦਾ = ਸਫ਼ੈਦ ਚੀਜ਼ਾਂ ਦਾ। ਦਿਹੁ = ਦਿਨ। ਬਗਾ = ਚਿੱਟਾ। ਘਣਾ = ਬਹੁਤ। ਵੰਨ = ਰੰਗ। ਅੰਧ ਗਿਆਨੁ = ਅੰਨ੍ਹੀ ਮਤਿ।
ਅਰਥ: ਰਾਤਾਂ ਕਾਲੀਆਂ ਹੁੰਦੀਆਂ ਹਨ (ਪਰ) ਚਿੱਟੀਆਂ ਚੀਜ਼ਾਂ ਦੇ ਉਹੀ ਚਿੱਟੇ ਰੰਗ ਹੀ ਰਹਿੰਦੇ ਹਨ (ਰਾਤ ਦੀ ਕਾਲਖ ਦਾ ਅਸਰ ਉਹਨਾਂ ਤੇ ਨਹੀਂ ਪੈਂਦਾ) , ਦਿਨ ਚਿੱਟਾ ਹੁੰਦਾ ਹੈ, ਚੰਗਾ ਤਕੜਾ ਚਮਕਦਾ ਹੈ, ਪਰ ਕਾਲੇ ਪਦਾਰਥਾਂ ਦੇ ਰੰਗ ਕਾਲੇ ਹੀ ਰਹਿੰਦੇ ਹਨ (ਦਿਨ ਦੀ ਰੌਸ਼ਨੀ ਦਾ ਅਸਰ ਇਹਨਾਂ ਕਾਲੀਆਂ ਚੀਜ਼ਾਂ ਤੇ ਨਹੀਂ ਪੈਂਦਾ) । (ਏਸੇ ਤਰ੍ਹਾਂ) ਜੋ ਮਨੁੱਖ ਅੰਨ੍ਹੇ ਮੂਰਖ ਅਕਲ-ਹੀਣ ਹਨ ਉਹਨਾਂ ਦੀ ਅੰਨ੍ਹੀ ਹੀ ਮਤਿ ਰਹਿੰਦੀ ਹੈ; ਹੇ ਨਾਨਕ! ਜਿਨ੍ਹਾਂ ਉਤੇ ਪ੍ਰਭੂ ਦੀ ਮਿਹਰ ਦੀ ਨਜ਼ਰ ਨਹੀਂ ਹੋਈ ਉਹਨਾਂ ਨੂੰ ਕਦੇ ('ਨਾਮ' ਦੀ ਪ੍ਰਾਪਤੀ ਦਾ) ਮਾਣ ਨਹੀਂ ਮਿਲਦਾ।੨।
*┈┉┅━❀꧁ੴ꧂❀━┅┉┈*
||ਅੱਜ ਦਾ ਫੁਰਮਾਨ|| ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ ਪਾਤਸ਼ਾਹੀ ੯ਵੀਂ (ਪਟਿਆਲਾ) ||
ਸਲੋਕ ॥ ਦਇਆ ਕਰਣੰ ਦੁਖ ਹਰਣੰ ਉਚਰਣੰ ਨਾਮ ਕੀਰਤਨਹ ॥ ਦਇਆਲ ਪੁਰਖ ਭਗਵਾਨਹ ਨਾਨਕ ਲਿਪਤ ਨ ਮਾਇਆ ॥੧॥ ਭਾਹਿ ਬਲੰਦੜੀ ਬੁਝਿ ਗਈ ਰਖੰਦੜੋ ਪ੍ਰਭੁ ਆਪਿ ॥ ਜਿਨਿ ਉਪਾਈ ਮੇਦਨੀ ਨਾਨਕ ਸੋ ਪ੍ਰਭੁ ਜਾਪਿ ॥੨॥ {ਪੰਨਾ 709}
ਪਦਅਰਥ: ਕੀਰਤਨ = ਸਿਫ਼ਤਿ-ਸਾਲਾਹ, ਵਡਿਆਈ। ਲਿਪਤ ਨ = ਨਹੀਂ ਲਿੱਬੜਦਾ, ਨਹੀਂ ਫਸਦਾ। ਪੁਰਖ = ਸਾਰ = ਵਿਆਪਕ। ਭਗਵਾਨ = ਭਾਗਾਂ ਵਾਲਾ, ਪਰਤਾਪਵਾਨ ਪ੍ਰਭੂ।੧।
ਭਾਹਿ = ਅੱਗ। ਜਿਨਿ = ਜਿਸ ਪ੍ਰਭੂ ਨੇ। ਮੇਦਨੀ = ਧਰਤੀ, ਸ੍ਰਿਸ਼ਟੀ।੨।
ਅਰਥ: ਹੇ ਨਾਨਕ! ਜੇ ਮਨੁੱਖ ਦਿਆਲ ਸਰਬ-ਵਿਆਪੀ ਭਗਵਾਨ ਦੇ ਨਾਮ ਦੀ ਵਡਿਆਈ ਕਰੇ ਤਾਂ ਪ੍ਰਭੂ ਮੇਹਰ ਕਰਦਾ ਹੈ, ਉਸ ਦੇ ਦੁੱਖਾਂ ਦਾ ਨਾਸ ਕਰਦਾ ਹੈ ਤੇ ਉਹ ਮਨੁੱਖ ਮਾਇਆ ਦੇ ਮੋਹ ਵਿਚ ਨਹੀਂ ਫਸਦਾ।੧।
ਹੇ ਨਾਨਕ! ਜਿਸ ਪ੍ਰਭੂ ਨੇ ਸਾਰੀ ਸ੍ਰਿਸ਼ਟੀ ਰਚੀ ਹੈ ਉਸ ਦਾ ਸਿਮਰਨ ਕਰ, (ਸਿਮਰਨ ਕੀਤਿਆਂ) ਉਹ ਪ੍ਰਭੂ ਆਪ ਜੀਵ ਦਾ ਰਾਖਾ ਬਣਦਾ ਹੈ ਤੇ ਉਸ ਦੇ ਅੰਦਰ ਦੀ ਬਲਦੀ (ਤ੍ਰਿਸਨਾ ਦੀ) ਅੱਗ ਬੁੱਝ ਜਾਂਦੀ ਹੈ।੨।
*┈┉┅━❀꧁ੴ꧂❀━┅┉┈*
||ਅੱਜ ਦਾ ਫੁਰਮਾਨ|| ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ||
ਸੋਰਠਿ ਮਹਲਾ ੫ ॥ ਗੁਰੁ ਪੂਰਾ ਭੇਟਿਓ ਵਡਭਾਗੀ ਮਨਹਿ ਭਇਆ ਪਰਗਾਸਾ ॥ ਕੋਇ ਨ ਪਹੁਚਨਹਾਰਾ ਦੂਜਾ ਅਪੁਨੇ ਸਾਹਿਬ ਕਾ ਭਰਵਾਸਾ ॥੧॥ ਅਪੁਨੇ ਸਤਿਗੁਰ ਕੈ ਬਲਿਹਾਰੈ ॥ ਆਗੈ ਸੁਖੁ ਪਾਛੈ ਸੁਖ ਸਹਜਾ ਘਰਿ ਆਨੰਦੁ ਹਮਾਰੈ ॥ ਰਹਾਉ ॥ ਅੰਤਰਜਾਮੀ ਕਰਣੈਹਾਰਾ ਸੋਈ ਖਸਮੁ ਹਮਾਰਾ ॥ ਨਿਰਭਉ ਭਏ ਗੁਰ ਚਰਣੀ ਲਾਗੇ ਇਕ ਰਾਮ ਨਾਮ ਆਧਾਰਾ ॥੨॥ ਸਫਲ ਦਰਸਨੁ ਅਕਾਲ ਮੂਰਤਿ ਪ੍ਰਭੁ ਹੈ ਭੀ ਹੋਵਨਹਾਰਾ ॥ ਕੰਠਿ ਲਗਾਇ ਅਪੁਨੇ ਜਨ ਰਾਖੇ ਅਪੁਨੀ ਪ੍ਰੀਤਿ ਪਿਆਰਾ ॥੩॥ ਵਡੀ ਵਡਿਆਈ ਅਚਰਜ ਸੋਭਾ ਕਾਰਜੁ ਆਇਆ ਰਾਸੇ ॥ ਨਾਨਕ ਕਉ ਗੁਰੁ ਪੂਰਾ ਭੇਟਿਓ ਸਗਲੇ ਦੂਖ ਬਿਨਾਸੇ ॥੪॥੫॥ {ਪੰਨਾ 609}
ਪਦਅਰਥ: ਭੇਟਿਓ = ਮਿਲਿਆ ਹੈ। ਵਡ ਭਾਗੀ = ਵੱਡੇ ਭਾਗਾਂ ਨਾਲ। ਮਨਹਿ = ਮਨ ਵਿਚ। ਪਰਗਾਸਾ = (ਆਤਮਕ ਜੀਵਨ ਦਾ) ਚਾਨਣ। ਸਾਹਿਬ = ਮਾਲਕ। ਭਰਵਾਸਾ = ਭਰੋਸਾ, ਸਹਾਰਾ।੧।
ਕੈ = ਤੋਂ। ਬਲਿਹਾਰੈ = ਸਦਕੇ। ਆਗੈ ਪਾਛੈ = ਲੋਕ ਪਰਲੋਕ ਵਿਚ, ਹਰ ਥਾਂ। ਸਹਜਾ = ਆਤਮਕ ਅਡੋਲਤਾ। ਘਰਿ = ਹਿਰਦੇ = ਘਰ ਵਿਚ।ਰਹਾਉ।
ਅੰਤਰਜਾਮੀ = ਸਭ ਦੇ ਦਿਲ ਦੀ ਜਾਣਨ ਵਾਲਾ। ਕਰਣੈਹਾਰਾ = ਪੈਦਾ ਕਰਨ ਵਾਲਾ। ਸੋਈ = ਉਹ ਹੀ। ਆਧਾਰਾ = ਆਸਰਾ।੨।
ਸਫਲ ਦਰਸਨੁ = ਜਿਸ (ਪ੍ਰਭੂ) ਦਾ ਦਰਸਨ ਜੀਵਨ = ਮਨੋਰਥ ਪੂਰਾ ਕਰਦਾ ਹੈ। ਅਕਾਲ ਮੂਰਤਿ = ਜਿਸ ਦੀ ਹਸਤੀ ਮੌਤ ਤੋਂ ਰਹਿਤ ਹੈ। ਹੋਵਨਹਾਰਾ = ਸਦਾ ਹੀ ਜੀਊਂਦਾ ਰਹਿਣ ਵਾਲਾ। ਕੰਠਿ = ਗਲ ਨਾਲ। ਲਗਾਇ = ਲਾ ਕੇ।੩।
ਕਾਰਜੁ = ਜ਼ਿੰਦਗੀ ਦਾ ਮਨੋਰਥ। ਆਇਆ ਰਾਸੇ = ਰਾਸਿ ਆਇਆ, ਸਿਰੇ ਚੜ੍ਹ ਗਿਆ ਹੈ। ਸਗਲੇ = ਸਾਰੇ।੪।
ਅਰਥ: ਹੇ ਭਾਈ! ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ, (ਗੁਰੂ ਦੀ ਕਿਰਪਾ ਨਾਲ) ਮੇਰੇ ਹਿਰਦੇ-ਘਰ ਵਿਚ ਆਨੰਦ ਬਣਿਆ ਰਹਿੰਦਾ ਹੈ, ਇਸ ਲੋਕ ਵਿਚ ਭੀ ਆਤਮਕ ਅਡੋਲਤਾ ਦਾ ਸੁਖ ਮੈਨੂੰ ਪ੍ਰਾਪਤ ਹੋ ਗਿਆ ਹੈ, ਤੇ, ਪਰਲੋਕ ਵਿਚ ਭੀ ਇਹ ਸੁਖ ਟਿਕਿਆ ਰਹਿਣ ਵਾਲਾ ਹੈ।ਰਹਾਉ।
ਹੇ ਭਾਈ! ਵੱਡੀ ਕਿਸਮਤਿ ਨਾਲ ਮੈਨੂੰ ਪੂਰਾ ਗੁਰੂ ਮਿਲ ਪਿਆ ਹੈ, ਮੇਰੇ ਮਨ ਵਿਚ ਆਤਮਕ ਜੀਵਨ ਦੀ ਸੂਝ ਪੈਦਾ ਹੋ ਗਈ ਹੈ। ਹੁਣ ਮੈਨੂੰ ਆਪਣੇ ਮਾਲਕ ਦਾ ਸਹਾਰਾ ਹੋ ਗਿਆ ਹੈ, ਕੋਈ ਉਸ ਮਾਲਕ ਦੀ ਬਰਾਬਰੀ ਨਹੀਂ ਕਰ ਸਕਦਾ।੧।
ਹੇ ਭਾਈ! ਜਦੋਂ ਦਾ ਮੈਂ ਗੁਰੂ ਦੀ ਚਰਨੀਂ ਲੱਗਾ ਹਾਂ, ਮੈਨੂੰ ਪਰਮਾਤਮਾ ਦੇ ਨਾਮ ਦਾ ਆਸਰਾ ਹੋ ਗਿਆ ਹੈ, ਕੋਈ ਡਰ ਮੈਨੂੰ ਹੁਣ ਪੋਹ ਨਹੀਂ ਸਕਦਾ (ਮੈਨੂੰ ਨਿਸ਼ਚਾ ਹੋ ਗਿਆ ਹੈ ਕਿ ਜੇਹੜਾ) ਸਿਰਜਣਹਾਰ ਸਭ ਦੇ ਦਿਲ ਦੀ ਜਾਣਨ ਵਾਲਾ ਹੈ ਉਹੀ ਮੇਰੇ ਸਿਰ ਉਤੇ ਰਾਖਾ ਹੈ।੨।
(ਹੇ ਭਾਈ! ਗੁਰੂ ਦੀ ਕਿਰਪਾ ਨਾਲ ਮੈਨੂੰ ਯਕੀਨ ਬਣ ਗਿਆ ਹੈ ਕਿ) ਜਿਸ ਪਰਮਾਤਮਾ ਦਾ ਦਰਸ਼ਨ ਮਨੁੱਖਾ ਜਨਮ ਦਾ ਫਲ ਦੇਣ ਵਾਲਾ ਹੈ, ਜਿਸ ਪਰਮਾਤਮਾ ਦੀ ਹਸਤੀ ਮੌਤ ਤੋਂ ਰਹਿਤ ਹੈ, ਉਹ ਇਸ ਵੇਲੇ ਭੀ (ਮੇਰੇ ਸਿਰ ਉਤੇ) ਮੌਜੂਦ ਹੈ, ਤੇ, ਸਦਾ ਕਾਇਮ ਰਹਿਣ ਵਾਲਾ ਹੈ। ਉਹ ਪ੍ਰਭੂ ਆਪਣੀ ਪ੍ਰੀਤਿ ਦੀ ਆਪਣੇ ਪਿਆਰ ਦੀ ਦਾਤਿ ਦੇ ਕੇ ਆਪਣੇ ਸੇਵਕਾਂ ਨੂੰ ਆਪਣੇ ਗਲ ਨਾਲ ਲਾ ਕੇ ਰੱਖਦਾ ਹੈ।੩।
ਹੇ ਭਾਈ! ਮੈਨੂੰ ਨਾਨਕ ਨੂੰ ਪੂਰਾ ਗੁਰੂ ਮਿਲ ਪਿਆ ਹੈ, ਮੇਰੇ ਸਾਰੇ ਦੁੱਖ ਦੂਰ ਹੋ ਗਏ ਹਨ। ਉਹ ਗੁਰੂ ਬੜੀ ਵਡਿਆਈ ਵਾਲਾ ਹੈ, ਅਚਰਜ ਸੋਭਾ ਵਾਲਾ ਹੈ, ਉਸ ਦੀ ਸਰਨ ਪਿਆਂ ਜ਼ਿੰਦਗੀ ਦਾ ਮਨੋਰਥ ਪ੍ਰਾਪਤ ਹੋ ਜਾਂਦਾ ਹੈ।੪।੫।
*┈┉┅━❀꧁ੴ꧂❀━┅┉┈*
||ਅੱਜ ਦਾ ਫੁਰਮਾਨ|| ਗੁਰਦੁਆਰਾ ਸ੍ਰੀ ਭੱਠਾ ਸਾਹਿਬ ਪਾਤਸ਼ਾਹੀ ੧੦ਵੀਂ (ਰੋਪੜ) ||
ਧਨਾਸਰੀ ਮਹਲਾ ੫ ॥ ਅਉਖੀ ਘੜੀ ਨ ਦੇਖਣ ਦੇਈ ਅਪਨਾ ਬਿਰਦੁ ਸਮਾਲੇ ॥ ਹਾਥ ਦੇਇ ਰਾਖੈ ਅਪਨੇ ਕਉ ਸਾਸਿ ਸਾਸਿ ਪ੍ਰਤਿਪਾਲੇ ॥੧॥ ਪ੍ਰਭ ਸਿਉ ਲਾਗਿ ਰਹਿਓ ਮੇਰਾ ਚੀਤੁ ॥ ਆਦਿ ਅੰਤਿ ਪ੍ਰਭੁ ਸਦਾ ਸਹਾਈ ਧੰਨੁ ਹਮਾਰਾ ਮੀਤੁ ॥ ਰਹਾਉ ॥ ਮਨਿ ਬਿਲਾਸ ਭਏ ਸਾਹਿਬ ਕੇ ਅਚਰਜ ਦੇਖਿ ਬਡਾਈ ॥ ਹਰਿ ਸਿਮਰਿ ਸਿਮਰਿ ਆਨਦ ਕਰਿ ਨਾਨਕ ਪ੍ਰਭਿ ਪੂਰਨ ਪੈਜ ਰਖਾਈ ॥੨॥੧੫॥੪੬॥ {ਪੰਨਾ 682}
ਪਦਅਰਥ: ਅਉਖੀ = ਦੁੱਖ ਦੇਣ ਵਾਲੀ। ਦੇਈ = ਦੇਂਦਾ। ਬਿਰਦੁ = ਮੁੱਢ = ਕਦੀਮਾਂ ਦਾ (ਪਿਆਰ ਵਾਲਾ) ਸੁਭਾਉ। ਸਮਾਲੇ = ਚੇਤੇ ਰੱਖਦਾ ਹੈ। ਦੇਇ = ਦੇ ਕੇ। ਰਾਖੈ = ਰੱਖਿਆ ਕਰਦਾ ਹੈ। ਕਉ = ਨੂੰ। ਸਾਸਿ ਸਾਸਿ = ਹਰੇਕ ਸਾਹ ਦੇ ਨਾਲ।੧।
ਸਿਉ = ਨਾਲ। ਆਦਿ ਅੰਤਿ = ਸ਼ੁਰੂ ਤੋਂ ਅਖ਼ੀਰ ਤਕ, ਸਦਾ ਹੀ। ਸਹਾਈ = ਮਦਦਗਾਰ। ਧੰਨੁ = ਸਲਾਹੁਣ ਜੋਗ।ਰਹਾਉ।
ਮਨਿ = ਮਨ ਵਿਚ। ਬਿਲਾਸ = ਖ਼ੁਸ਼ੀਆਂ। ਦੇਖਿ = ਵੇਖ ਕੇ। ਸਿਮਰਿ = ਸਿਮਰ ਕੇ। ਕਰਿ = ਮਾਣ। ਪ੍ਰਭਿ = ਪ੍ਰਭੂ ਨੇ। ਪੈਜ = ਇੱਜ਼ਤ।੨।
ਅਰਥ: ਹੇ ਭਾਈ! ਮੇਰਾ ਮਨ (ਭੀ) ਉਸ ਪ੍ਰਭੂ ਨਾਲ ਜੁੜਿਆ ਰਹਿੰਦਾ ਹੈ, ਜੋ ਸ਼ੁਰੂ ਤੋਂ ਅਖ਼ੀਰ ਤਕ ਸਦਾ ਹੀ ਮਦਦਗਾਰ ਬਣਿਆ ਰਹਿੰਦਾ ਹੈ। ਸਾਡਾ ਉਹ ਮਿੱਤਰ ਪ੍ਰਭੂ ਧੰਨ ਹੈ (ਉਸ ਦੀ ਸਦਾ ਸਿਫ਼ਤਿ ਕਰਨੀ ਚਾਹੀਦੀ ਹੈ) ।ਰਹਾਉ।
ਹੇ ਭਾਈ! ਉਹ ਪ੍ਰਭੂ ਆਪਣੇ ਸੇਵਕ ਨੂੰ) ਕੋਈ ਦੁੱਖ ਦੇਣ ਵਾਲਾ ਸਮਾ ਨਹੀਂ ਵੇਖਣ ਦੇਂਦਾ, ਉਹ ਆਪਣਾ ਮੁੱਢ-ਕਦੀਮਾਂ ਦਾ (ਪਿਆਰ ਵਾਲਾ) ਸੁਭਾਉ ਸਦਾ ਚੇਤੇ ਰੱਖਦਾ ਹੈ। ਪ੍ਰਭੂ ਆਪਣਾ ਹੱਥ ਦੇ ਕੇ ਆਪਣੇ ਸੇਵਕ ਦੀ ਰਾਖੀ ਕਰਦਾ ਹੈ, (ਸੇਵਕ ਨੂੰ ਉਸ ਦੇ) ਹਰੇਕ ਸਾਹ ਦੇ ਨਾਲ ਪਾਲਦਾ ਰਹਿੰਦਾ ਹੈ।੧।
ਹੇ ਭਾਈ! ਮਾਲਕ-ਪ੍ਰਭੂ ਦੇ ਹੈਰਾਨ ਕਰਨ ਵਾਲੇ ਕੌਤਕ ਵੇਖ ਕੇ, ਉਸ ਦੀ ਵਡਿਆਈ ਵੇਖ ਕੇ, (ਸੇਵਕ ਦੇ) ਮਨ ਵਿਚ (ਭੀ) ਖ਼ੁਸ਼ੀਆਂ ਬਣੀਆਂ ਰਹਿੰਦੀਆਂ ਹਨ। ਹੇ ਨਾਨਕ! ਤੂੰ ਭੀ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਆਤਮਕ ਆਨੰਦ ਮਾਣ। (ਜਿਸ ਭੀ ਮਨੁੱਖ ਨੇ ਸਿਮਰਨ ਕੀਤਾ) ਪ੍ਰਭੂ ਨੇ ਪੂਰੇ ਤੌਰ ਤੇ ਉਸ ਦੀ ਇੱਜ਼ਤ ਰੱਖ ਲਈ।੨।੧੫।੪੬।
*┈┉┅━❀꧁ੴ꧂❀━┅┉┈*
*ਗੱਜ-ਵੱਜ ਕੇ ਫਤਹਿ ਬੁਲਾਓ ਜੀ !!*
*ਵਾਹਿਗੁਰੂ ਜੀ ਕਾ ਖਾਲਸਾ !!*
*ਵਾਹਿਗੁਰੂ ਜੀ ਕੀ ਫਤਹਿ ਜੀ !!*
*┈┉┅━❀꧁ੴ꧂❀━┅┉┈*
ਵਾਹਿਗੁਰੂ ਜੀ
ReplyDelete