ਵਡਹੰਸੁ ਮਹਲਾ ੪ ॥ ਹਰਿ ਸਤਿਗੁਰ ਹਰਿ ਸਤਿਗੁਰ ਮੇਲਿ ਹਰਿ ਸਤਿਗੁਰ ਚਰਣ ਹਮ ਭਾਇਆ ਰਾਮ ॥ ਤਿਮਰ ਅਗਿਆਨੁ ਗਵਾਇਆ ਗੁਰ ਗਿਆਨੁ ਅੰਜਨੁ ਗੁਰਿ ਪਾਇਆ ਰਾਮ ॥ ਗੁਰ ਗਿਆਨ ਅੰਜਨੁ ਸਤਿਗੁਰੂ ਪਾਇਆ ਅਗਿਆਨ ਅੰਧੇਰ ਬਿਨਾਸੇ ॥ ਸਤਿਗੁਰ ਸੇਵਿ ਪਰਮ ਪਦੁ ਪਾਇਆ ਹਰਿ ਜਪਿਆ ਸਾਸ ਗਿਰਾਸੇ ॥ ਜਿਨ ਕੰਉ ਹਰਿ ਪ੍ਰਭਿ ਕਿਰਪਾ ਧਾਰੀ ਤੇ ਸਤਿਗੁਰ ਸੇਵਾ ਲਾਇਆ ॥ ਹਰਿ ਸਤਿਗੁਰ ਹਰਿ ਸਤਿਗੁਰ ਮੇਲਿ ਹਰਿ ਸਤਿਗੁਰ ਚਰਣ ਹਮ ਭਾਇਆ ॥੧॥ {ਪੰਨਾ 573}
ਪਦਅਰਥ: ਹਰਿ = ਹੇ ਹਰੀ! ਮੇਲਿ = ਮਿਲਾਪ ਵਿਚ। ਸਤਿਗੁਰ ਮੇਲਿ = ਗੁਰੂ ਦੇ ਮਿਲਾਪ ਵਿਚ (ਰੱਖ) , ਗੁਰੂ ਦੇ ਚਰਨਾਂ ਵਿਚ ਰੱਖ। ਹਮ = ਮੈਨੂੰ, ਸਾਨੂੰ। ਭਾਇਆ = ਚੰਗੇ ਲੱਗਦੇ ਹਨ। ਤਿਮਰ = ਹਨੇਰਾ। ਅਗਿਆਨੁ = ਬੇ = ਸਮਝੀ, ਆਤਮਕ ਜੀਵਨ ਵਲੋਂ ਬੇ = ਸਮਝੀ। ਗਿਆਨੁ = ਆਤਮਕ ਜੀਵਨ ਦੀ ਸੂਝ। ਅੰਜਨੁ = ਸੁਰਮਾ। ਗੁਰਿ = ਗੁਰੂ ਦੀ ਰਾਹੀਂ। ਸਤਿਗੁਰੂ = ਗੁਰੂ ਦੀ ਰਾਹੀਂ। ਅੰਧੇਰ = ਹਨੇਰੇ। ਸੇਵਿ = ਸੇਵਾ ਕਰ ਕੇ। ਪਰਮ ਪਦੁ = ਸਭ ਤੋਂ ਉੱਚਾ ਦਰਜਾ। ਸਾਸ ਗਿਰਾਸੇ = ਹਰੇਕ ਸਾਹ ਤੇ ਗਿਰਾਹੀ ਨਾਲ। ਪ੍ਰਭਿ = ਪ੍ਰਭੂ ਨੇ। ਤੇ = ਉਹ ਬੰਦੇ।੧।
ਅਰਥ: ਹੇ ਹਰੀ! ਮੈਨੂੰ ਗੁਰੂ ਦੇ ਚਰਨਾਂ ਵਿਚ ਰੱਖ, ਮੈਨੂੰ ਗੁਰੂ ਦੇ ਚਰਨਾਂ ਵਿਚ ਰੱਖ। ਗੁਰੂ ਦੇ ਚਰਨ ਮੈਨੂੰ ਪਿਆਰੇ ਲੱਗਦੇ ਹਨ। (ਜਿਸ ਮਨੁੱਖ ਨੇ) ਗੁਰੂ ਦੀ ਰਾਹੀਂ ਆਤਮਕ ਜੀਵਨ ਦੀ ਸੂਝ (ਦਾ) ਸੁਰਮਾ ਹਾਸਲ ਕਰ ਲਿਆ, (ਉਸ ਨੇ ਆਪਣੇ ਅੰਦਰੋਂ) ਆਤਮਕ ਜੀਵਨ ਵਲੋਂ ਬੇਸਮਝੀ (ਦਾ) ਹਨੇਰਾ ਦੂਰ ਕਰ ਲਿਆ।
ਜਿਸ ਮਨੁੱਖ ਨੇ ਗੁਰੂ ਪਾਸੋਂ ਗਿਆਨ ਦਾ ਸੁਰਮਾ ਲੈ ਲਿਆ ਉਸ ਮਨੁੱਖ ਦੇ ਅਗਿਆਨ ਦੇ ਹਨੇਰੇ ਨਾਸ ਹੋ ਜਾਂਦੇ ਹਨ। ਗੁਰੂ ਦੀ ਦੱਸੀ ਸੇਵਾ ਕਰ ਕੇ ਉਹ ਮਨੁੱਖ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦਾ ਹੈ, ਉਹ ਮਨੁੱਖ ਹਰੇਕ ਸਾਹ ਨਾਲ ਹਰੇਕ ਗਿਰਾਹੀ ਨਾਲ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਹੈ।
ਹੇ ਭਾਈ! ਹਰਿ-ਪ੍ਰਭੂ ਨੇ ਜਿਨ੍ਹਾਂ ਮਨੁੱਖਾਂ ਉਤੇ ਮੇਹਰ ਕੀਤੀ, ਉਹਨਾਂ ਨੂੰ ਉਸ ਨੇ ਗੁਰੂ ਦੀ ਸੇਵਾ ਵਿਚ ਜੋੜ ਦਿੱਤਾ। ਹੇ ਹਰੀ! ਮੈਨੂੰ ਗੁਰੂ ਦੇ ਚਰਨਾਂ ਵਿਚ ਰੱਖ, ਗੁਰੂ ਦੇ ਚਰਨਾਂ ਵਿਚ ਰੱਖ, ਗੁਰੂ ਦੇ ਚਰਨ ਮੈਨੂੰ ਪਿਆਰੇ ਲੱਗਦੇ ਹਨ।੧।
*ਗੱਜ-ਵੱਜ ਕੇ ਫਤਹਿ ਬੁਲਾਓ ਜੀ !!*
*ਵਾਹਿਗੁਰੂ ਜੀ ਕਾ ਖਾਲਸਾ !!*
*ਵਾਹਿਗੁਰੂ ਜੀ ਕੀ ਫਤਹਿ ਜੀ !!*
*┈┉┅━❀꧁ੴ꧂❀━┅┉┈*
No comments:
Post a Comment