*┈┉┅━❀꧁ੴ꧂❀━┅┉┈*
||ਅੱਜ ਦਾ ਫੁਰਮਾਨ|| ਗੁਰਦੁਆਰਾ ਪੰਜਾ ਸਾਹਿਬ ( ਪਾਕਿਸਤਾਨ ) ||
*Please cover your head & Remove your shoes before reading Hukamnama sahib Ji*
ਟੋਡੀ ਮਹਲਾ ੫ ॥ ਗਰਬਿ ਗਹਿਲੜੋ ਮੂੜੜੋ ਹੀਓ ਰੇ ॥ ਹੀਓ ਮਹਰਾਜ ਰੀ ਮਾਇਓ ॥ ਡੀਹਰ ਨਿਆਈ ਮੋਹਿ ਫਾਕਿਓ ਰੇ ॥ ਰਹਾਉ ॥ ਘਣੋ ਘਣੋ ਘਣੋ ਸਦ ਲੋੜੈ ਬਿਨੁ ਲਹਣੇ ਕੈਠੈ ਪਾਇਓ ਰੇ ॥ ਮਹਰਾਜ ਰੋ ਗਾਥੁ ਵਾਹੂ ਸਿਉ ਲੁਭੜਿਓ ਨਿਹਭਾਗੜੋ ਭਾਹਿ ਸੰਜੋਇਓ ਰੇ ॥੧॥ ਸੁਣਿ ਮਨ ਸੀਖ ਸਾਧੂ ਜਨ ਸਗਲੋ ਥਾਰੇ ਸਗਲੇ ਪ੍ਰਾਛਤ ਮਿਟਿਓ ਰੇ ॥ ਜਾ ਕੋ ਲਹਣੋ ਮਹਰਾਜ ਰੀ ਗਾਠੜੀਓ ਜਨ ਨਾਨਕ ਗਰਭਾਸਿ ਨ ਪਉੜਿਓ ਰੇ ॥੨॥੨॥੧੯॥ {ਪੰਨਾ 715}
ਪਦਅਰਥ: ਗਰਬਿ = ਅਹੰਕਾਰ ਵਿਚ। ਗਹਿਲੜੋ = ਗਹਿਲਾ, ਬਾਵਲਾ, ਝੱਲਾ। ਮੂੜੜੋ = ਮੂੜ੍ਹਾ, ਮੂਰਖ। ਹੀਓ = ਹਿਰਦਾ। ਰੇ = ਹੇ ਭਾਈ! ਮਹਰਾਜ ਰੀ = ਮਹਾਰਾਜ ਦੀ। ਮਾਇਓ = ਮਾਇਆ (ਨੇ) । ਡੀਹਰ ਨਿਆਈ = ਮੱਛੀ ਵਾਂਗ। ਮੋਹਿ = ਮੋਹ ਵਿਚ। ਫਾਕਿਓ = ਫਸਾ ਲਿਆ ਹੈ।ਰਹਾਉ।
ਘਣੋ = ਬਹੁਤ। ਸਦ = ਸਦਾ। ਲੋੜੈ = ਮੰਗਦਾ ਹੈ। ਬਿਨੁ ਲਹਣੇ = ਭਾਗਾਂ ਤੋਂ ਬਿਨਾ। ਕੈਠੇ = ਕਿਸ ਥਾਂ ਤੋਂ, ਕਿਥੋਂ? ਮਹਰਾਜ ਰੋ = ਮਹਾਰਾਜ ਦਾ। ਗਾਥੁ = ਸਰੀਰ। ਵਾਹੂ ਸਿਉ = ਉਸ (ਸਰੀਰ) ਨਾਲ ਹੀ। ਲੁਭੜਿਓ = ਲੋਭ ਕਰ ਰਿਹਾ ਹੈ, ਮੋਹ ਕਰ ਰਿਹਾ ਹੈ। ਨਿਹਭਾਗੜੋ = ਨਿਭਾਗਾ। ਭਾਹਿ = (ਤ੍ਰਿਸ਼ਨਾ ਦੀ) ਅੱਗ। ਸੰਜੋਇਓ = ਜੋੜ ਰਿਹਾ ਹੈ।੧।
ਮਨ = ਹੇ ਮਨ! ਸੀਖ = ਸਿੱਖਿਆ। ਸਾਧੂ ਜਨ = ਗੁਰਮੁਖਿ ਸਤਸੰਗੀ। ਸਗਲੋ = ਸਾਰੇ। ਥਾਰੇ = ਤੇਰੇ। ਪ੍ਰਾਛਤ = ਪਾਪ। ਜਾ ਕੋ = ਜਿਸ ਦਾ। ਗਾਠੜੀਓ = ਗਠੜੀ ਵਿਚੋਂ। ਗਰਭਾਸਿ = ਗਰਭ ਜੂਨ ਵਿਚ। ਨ ਪਉੜਿਓ = ਨਹੀਂ ਪੈਂਦਾ।੨।
ਅਰਥ: ਹੇ ਭਾਈ! ਮੂਰਖ ਹਿਰਦਾ ਅਹੰਕਾਰ ਵਿਚ ਝੱਲਾ ਹੋਇਆ ਰਹਿੰਦਾ ਹੈ। ਇਸ ਹਿਰਦੇ ਨੂੰ ਮਹਾਰਾਜ (ਪ੍ਰਭੂ) ਦੀ ਮਾਇਆ ਨੇ ਮੱਛੀ ਵਾਂਗ ਮੋਹ ਵਿਚ ਫਸਾ ਰੱਖਿਆ ਹੈ (ਜਿਵੇਂ ਮੱਛੀ ਨੂੰ ਕੁੰਡੀ ਵਿਚ) ।ਰਹਾਉ।
ਹੇ ਭਾਈ! ਮੋਹ ਵਿਚ ਫਸਿਆ ਹੋਇਆ ਹਿਰਦਾ) ਸਦਾ ਬਹੁਤ ਬਹੁਤ (ਮਾਇਆ) ਮੰਗਦਾ ਰਹਿੰਦਾ ਹੈ, ਪਰ ਭਾਗਾਂ ਤੋਂ ਬਿਨਾ ਕਿਥੋਂ ਪ੍ਰਾਪਤ ਕਰੇ? ਹੇ ਭਾਈ! ਮਹਾਰਾਜ ਦਾ (ਦਿੱਤਾ ਹੋਇਆ) ਇਹ ਸਰੀਰ ਹੈ, ਇਸੇ ਨਾਲ (ਮੂਰਖ ਜੀਵ) ਮੋਹ ਕਰਦਾ ਰਹਿੰਦਾ ਹੈ। ਨਿਭਾਗਾ ਮਨੁੱਖ (ਆਪਣੇ ਮਨ ਨੂੰ ਤ੍ਰਿਸ਼ਨਾ ਦੀ) ਅੱਗ ਨਾਲ ਜੋੜੀ ਰੱਖਦਾ ਹੈ।੧।
ਹੇ ਮਨ! ਸਾਰੇ ਸਾਧੂ ਜਨਾਂ ਦੀ ਸਿੱਖਿਆ ਸੁਣਿਆ ਕਰ, (ਇਸ ਦੀ ਬਰਕਤਿ ਨਾਲ) ਤੇਰੇ ਸਾਰੇ ਪਾਪ ਮਿਟ ਜਾਣਗੇ। ਹੇ ਦਾਸ ਨਾਨਕ! ਆਖ-) ਮਹਾਰਾਜ ਦੇ ਖ਼ਜ਼ਾਨੇ ਵਿਚੋਂ ਜਿਸ ਦੇ ਭਾਗਾਂ ਵਿਚ ਕੁਝ ਪ੍ਰਾਪਤੀ ਲਿਖੀ ਹੈ, ਉਹ ਜੂਨਾਂ ਵਿਚ ਨਹੀਂ ਪੈਂਦਾ।੨।੨।੧੯।
*ਗੱਜ-ਵੱਜ ਕੇ ਫਤਹਿ ਬੁਲਾਓ ਜੀ !!*
*ਵਾਹਿਗੁਰੂ ਜੀ ਕਾ ਖਾਲਸਾ !!*
*ਵਾਹਿਗੁਰੂ ਜੀ ਕੀ ਫਤਹਿ ਜੀ !!*
*┈┉┅━❀꧁ੴ꧂❀━┅┉┈*
No comments:
Post a Comment