
ਰਾਗੁ ਸੂਹੀ ਮਹਲਾ ੩ ਘਰੁ ੧੦ ੴ ਸਤਿਗੁਰ ਪ੍ਰਸਾਦਿ ॥ ਦੁਨੀਆ ਨ ਸਾਲਾਹਿ ਜੋ ਮਰਿ ਵੰਞਸੀ ॥ ਲੋਕਾ ਨ ਸਾਲਾਹਿ ਜੋ ਮਰਿ ਖਾਕੁ ਥੀਈ ॥੧॥ ਵਾਹੁ ਮੇਰੇ ਸਾਹਿਬਾ ਵਾਹੁ ॥ ਗੁਰਮੁਖਿ ਸਦਾ ਸਲਾਹੀਐ ਸਚਾ ਵੇਪਰਵਾਹੁ ॥੧॥ ਰਹਾਉ ॥ ਦੁਨੀਆ ਕੇਰੀ ਦੋਸਤੀ ਮਨਮੁਖ ਦਝਿ ਮਰੰਨਿ ॥ ਜਮ ਪੁਰਿ ਬਧੇ ਮਾਰੀਅਹਿ ਵੇਲਾ ਨ ਲਾਹੰਨਿ ॥੨॥ ਗੁਰਮੁਖਿ ਜਨਮੁ ਸਕਾਰਥਾ ਸਚੈ ਸਬਦਿ ਲਗੰਨਿ ॥ ਆਤਮ ਰਾਮੁ ਪ੍ਰਗਾਸਿਆ ਸਹਜੇ ਸੁਖਿ ਰਹੰਨਿ ॥੩॥ ਗੁਰ ਕਾ ਸਬਦੁ ਵਿਸਾਰਿਆ ਦੂਜੈ ਭਾਇ ਰਚੰਨਿ ॥ ਤਿਸਨਾ ਭੁਖ ਨ ਉਤਰੈ ਅਨਦਿਨੁ ਜਲਤ ਫਿਰੰਨਿ ॥੪॥ ਦੁਸਟਾ ਨਾਲਿ ਦੋਸਤੀ ਨਾਲਿ ਸੰਤਾ ਵੈਰੁ ਕਰੰਨਿ ॥ ਆਪਿ ਡੁਬੇ ਕੁਟੰਬ ਸਿਉ ਸਗਲੇ ਕੁਲ ਡੋਬੰਨਿ ॥੫॥ ਨਿੰਦਾ ਭਲੀ ਕਿਸੈ ਕੀ ਨਾਹੀ ਮਨਮੁਖ ਮੁਗਧ ਕਰੰਨਿ ॥ ਮੁਹ ਕਾਲੇ ਤਿਨ ਨਿੰਦਕਾ ਨਰਕੇ ਘੋਰਿ ਪਵੰਨਿ ॥੬॥ {ਪੰਨਾ 755}
ਪਦਅਰਥ: ਮਰਿ ਵੰਞਸੀ = ਮਰ ਜਾਇਗੀ। ਮਰਿ = ਮਰ ਕੇ। ਖਾਕੁ = ਮਿੱਟੀ। ਥੀਈ = ਹੋ ਜਾਇਗੀ।੧।
ਵਾਹੁ = ਧੰਨ, ਸਲਾਹੁਣ = ਜੋਗ। ਸਾਹਿਬਾ = ਹੇ ਮਾਲਕ! ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਸਲਾਹੀਐ = ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ। ਸਚਾ = ਸਦਾ ਕਾਇਮ ਰਹਿਣ ਵਾਲਾ। ਵੇਪਰਵਾਹੁ = ਬੇ = ਮੁਥਾਜ।੧।ਰਹਾਉ।
ਕੇਰੀ = ਦੀ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਦਝਿ = ਸੜ ਕੇ। ਮਰੰਨਿ = ਮਰਦੇ ਹਨ। ਜਮ ਪੁਰਿ = ਜਮ ਦੀ ਪੁਰੀ ਵਿਚ। ਮਾਰੀਅਹਿ = ਮਾਰੇ ਜਾਂਦੇ ਹਨ, ਮਾਰ ਖਾਂਦੇ ਹਨ। ਵੇਲਾ = ਮਨੁੱਖਾ ਜਨਮ ਦਾ ਮੌਕਾ। ਨ ਲਾਹੰਨਿ = ਨਹੀਂ ਪ੍ਰਾਪਤ ਕਰ ਸਕਦੇ।੨।
ਗੁਰਮੁਖਿ = ਗੁਰੂ ਦੀ ਸਰਨ ਪੈਣ ਵਾਲੇ ਮਨੁੱਖ। ਸਕਾਰਥਾ = ਸਫਲ। ਸਚੈ ਸਬਦਿ = ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਵਿਚ। ਆਤਮ ਰਾਮੁ = ਸਰਬ = ਵਿਆਪਕ ਪਰਮਾਤਮਾ। ਸਹਜੇ = ਆਤਮਕ ਅਡੋਲਤਾ ਵਿਚ। ਸੁਖਿ = ਅਨੰਦ ਵਿਚ।੩।
ਦੂਜੈ ਭਾਇ = ਮਾਇਆ ਦੇ ਪਿਆਰ ਵਿਚ। ਅਨਦਿਨੁ = {अनुदिनं} ਹਰ ਰੋਜ਼, ਹਰ ਵੇਲੇ।੪।
ਕਰੰਨਿ = ਕਰਦੇ ਹਨ। ਦੁਸਟ = ਮੰਦ = ਕਰਮੀ, ਭੈੜੇ। ਸਿਉ = ਸਮੇਤ। ਡੋਬੰਨਿ = ਡੋਬ ਦੇਂਦੇ ਹਨ।੫।
ਮੁਗਧ = ਮੂਰਖ। ਨਰਕੇ ਘੋਰਿ = ਘੋਰ ਨਰਕ ਵਿਚ, ਭਿਆਨਕ ਨਰਕ ਵਿਚ। ਪਵੰਨਿ = ਪ ੈਂਦੇ ਹਨ।੬।
ਅਰਥ: ਹੇ ਮੇਰੇ ਮਾਲਕ! ਤੂੰ ਧੰਨ ਹੈਂ! ਤੂੰ ਹੀ ਸਲਾਹੁਣ-ਜੋਗ ਹੈਂ। ਹੇ ਭਾਈ! ਗੁਰੂ ਦੀ ਸਰਨ ਪੈ ਕੇ ਸਦਾ ਉਸ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ ਜੋ ਸਦਾ ਕਾਇਮ ਰਹਿਣ ਵਾਲਾ ਹੈ, ਅਤੇ ਜਿਸ ਨੂੰ ਕਿਸੇ ਦੀ ਮੁਥਾਜੀ ਨਹੀਂ ਹੈ।੧।ਰਹਾਉ।
ਹੇ ਭਾਈ! ਦੁਨੀਆ ਦੀ ਖ਼ੁਸ਼ਾਮਦ ਨਾਹ ਕਰਦਾ ਫਿਰ, ਦੁਨੀਆ ਤਾਂ ਨਾਸ ਹੋ ਜਾਇਗੀ। ਲੋਕਾਂ ਨੂੰ ਭੀ ਨਾਹ ਵਡਿਆਉਂਦਾ ਫਿਰ, ਖ਼ਲਕਤ ਭੀ ਮਰ ਕੇ ਮਿੱਟੀ ਹੋ ਜਾਇਗੀ।੧।
ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੁਨੀਆ ਦੀ ਮਿਤ੍ਰਤਾ ਵਿਚ ਹੀ ਸੜ ਮਰਦੇ ਹਨ (ਆਤਮਕ ਜੀਵਨ ਸਾੜ ਕੇ ਸੁਆਹ ਕਰ ਲੈਂਦੇ ਹਨ। ਅੰਤ) ਜਮਰਾਜ ਦੇ ਦਰ ਤੇ ਚੋਟਾਂ ਖਾਂਦੇ ਹਨ। ਤਦੋਂ ਉਹਨਾਂ ਨੂੰ (ਹੱਥੋਂ ਖੁੰਝਿਆ ਹੋਇਆ ਮਨੁੱਖਾ ਜਨਮ ਦਾ) ਸਮਾ ਨਹੀਂ ਮਿਲਦਾ।੨।
ਹੇ ਭਾਈ! ਜੇਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ, ਉਹਨਾਂ ਦਾ ਜੀਵਨ ਸਫਲ ਹੋ ਜਾਂਦਾ ਹੈ, ਕਿਉਂਕਿ ਉਹ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਵਿਚ ਜੁੜੇ ਰਹਿੰਦੇ ਹਨ। ਉਹਨਾਂ ਦੇ ਅੰਦਰ ਸਰਬ-ਵਿਆਪਕ ਪਰਮਾਤਮਾ ਦਾ ਪਰਕਾਸ਼ ਹੋ ਜਾਂਦਾ ਹੈ। ਉਹ ਆਤਮਕ ਅਡੋਲਤਾ ਵਿਚ ਆਨੰਦ ਵਿਚ ਮਗਨ ਰਹਿੰਦੇ ਹਨ।੩।
ਹੇ ਭਾਈ! ਜੇਹੜੇ ਮਨੁੱਖ ਗੁਰੂ ਦੀ ਬਾਣੀ ਨੂੰ ਭੁਲਾ ਦੇਂਦੇ ਹਨ, ਉਹ ਮਾਇਆ ਦੇ ਮੋਹ ਵਿਚ ਮਸਤ ਰਹਿੰਦੇ ਹਨ, ਉਹਨਾਂ ਦੇ ਅੰਦਰੋਂ ਮਾਇਆ ਦੀ ਤ੍ਰੇਹ ਭੁੱਖ ਦੂਰ ਨਹੀਂ ਹੁੰਦੀ, ਉਹ ਹਰ ਵੇਲੇ (ਤ੍ਰਿਸ਼ਨਾ ਦੀ ਅੱਗ ਵਿਚ) ਸੜਦੇ ਫਿਰਦੇ ਹਨ।੪।
ਅਜੇਹੇ ਮਨੁੱਖ ਭੈੜੇ ਬੰਦਿਆਂ ਨਾਲ ਮਿਤ੍ਰਤਾ ਗੰਢੀ ਰੱਖਦੇ ਹਨ, ਅਤੇ ਸੰਤ ਜਨਾਂ ਨਾਲ ਵੈਰ ਕਰਦੇ ਰਹਿੰਦੇ ਹਨ। ਉਹ ਆਪ ਆਪਣੇ ਪਰਵਾਰ ਸਮੇਤ (ਸੰਸਾਰ-ਸਮੁੰਦਰ ਵਿਚ) ਡੁੱਬ ਜਾਂਦੇ ਹਨ, ਆਪਣੀਆਂ ਕੁਲਾਂ ਨੂੰ ਭੀ (ਆਪਣੇ ਹੋਰ ਰਿਸ਼ਤੇਦਾਰਾਂ ਨੂੰ ਭੀ) ਨਾਲ ਹੀ ਡੋਬ ਲੈਂਦੇ ਹਨ।੫।
ਹੇ ਭਾਈ! ਕਿਸੇ ਦੀ ਭੀ ਨਿੰਦਾ ਕਰਨੀ ਚੰਗਾ ਕੰਮ ਨਹੀਂ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮੂਰਖ ਮਨੁੱਖ ਹੀ ਨਿੰਦਾ ਕਰਿਆ ਕਰਦੇ ਹਨ। (ਲੋਕ ਪਰਲੋਕ ਵਿਚ) ਉਹੀ ਬਦਨਾਮੀ ਖੱਟਦੇ ਹਨ, ਅਤੇ ਭਿਆਨਕ ਨਰਕ ਵਿਚ ਪੈਂਦੇ ਹਨ।੬।

ਧਨਾਸਰੀ ਮਹਲਾ ੫ ॥ ਬਿਨੁ ਜਲ ਪ੍ਰਾਨ ਤਜੇ ਹੈ ਮੀਨਾ ਜਿਨਿ ਜਲ ਸਿਉ ਹੇਤੁ ਬਢਾਇਓ ॥ ਕਮਲ ਹੇਤਿ ਬਿਨਸਿਓ ਹੈ ਭਵਰਾ ਉਨਿ ਮਾਰਗੁ ਨਿਕਸਿ ਨ ਪਾਇਓ ॥੧॥ ਅਬ ਮਨ ਏਕਸ ਸਿਉ ਮੋਹੁ ਕੀਨਾ ॥ ਮਰੈ ਨ ਜਾਵੈ ਸਦ ਹੀ ਸੰਗੇ ਸਤਿਗੁਰ ਸਬਦੀ ਚੀਨਾ ॥੧॥ ਰਹਾਉ ॥ ਕਾਮ ਹੇਤਿ ਕੁੰਚਰੁ ਲੈ ਫਾਂਕਿਓ ਓਹੁ ਪਰ ਵਸਿ ਭਇਓ ਬਿਚਾਰਾ ॥ ਨਾਦ ਹੇਤਿ ਸਿਰੁ ਡਾਰਿਓ ਕੁਰੰਕਾ ਉਸ ਹੀ ਹੇਤ ਬਿਦਾਰਾ ॥੨॥ ਦੇਖਿ ਕੁਟੰਬੁ ਲੋਭਿ ਮੋਹਿਓ ਪ੍ਰਾਨੀ ਮਾਇਆ ਕਉ ਲਪਟਾਨਾ ॥ ਅਤਿ ਰਚਿਓ ਕਰਿ ਲੀਨੋ ਅਪੁਨਾ ਉਨਿ ਛੋਡਿ ਸਰਾਪਰ ਜਾਨਾ ॥੩॥ ਬਿਨੁ ਗੋਬਿੰਦ ਅਵਰ ਸੰਗਿ ਨੇਹਾ ਓਹੁ ਜਾਣਹੁ ਸਦਾ ਦੁਹੇਲਾ ॥ ਕਹੁ ਨਾਨਕ ਗੁਰ ਇਹੈ ਬੁਝਾਇਓ ਪ੍ਰੀਤਿ ਪ੍ਰਭੂ ਸਦ ਕੇਲਾ ॥੪॥੨॥ {ਪੰਨਾ 670-671}
ਪਦਅਰਥ: ਤਜੇ ਹੈ– ਤਿਆਗ ਦੇਂਦੀ ਹੈ। ਮੀਨਾ = ਮੱਛੀ। ਜਿਨਿ = ਜਿਸ ਨੇ, ਕਿਉਂਕਿ ਉਸ (ਮੱਕੀ) ਨੇ। ਸਿਉ = ਨਾਲ। ਹੇਤੁ = ਪਿਆਰ। ਕਮਲ ਹੇਤਿ = ਕੌਲ = ਫੁੱਲ ਦੇ ਪਿਆਰ ਵਿਚ। ਉਨਿ = ਉਸ (ਭੌਰੇ) ਨੇ। ਮਾਰਗੁ = ਰਸਤਾ। ਨਿਕਸਿ = (ਫੁੱਲ ਵਿਚੋਂ) ਨਿਕਲ ਕੇ।੧।
ਮਨ = ਹੇ ਮਨ! ਅਬ = ਹੁਣ, ਇਸ ਮਨੁੱਖਾ ਜਨਮ ਵਿਚ। ਮੋਹੁ = ਪ੍ਰੇਮ। ਸਦ ਹੀ = ਸਦਾ ਹੀ। ਸਬਦੀ = ਸ਼ਬਦ ਦੀ ਰਾਹੀਂ। ਚੀਨਾ = ਪਛਾਣ ਲਿਆ।੧।ਰਹਾਉ।
ਕਾਮਿ ਹੇਤਿ = ਕਾਮ = ਵਾਸ਼ਨਾ ਦੀ ਖ਼ਾਤਰ। ਕੁੰਚਰੁ = ਹਾਥੀ। ਫਾਂਕਿਓ = ਫੜਿਆ ਗਿਆ। ਓਹੁ = ਉਹ ਹਾਥੀ। ਵਸਿ = ਵੱਸ ਵਿਚ। ਨਾਦ ਹੇਤਿ = (ਘੰਡੇਹੇੜੇ ਦੀ) ਆਵਾਜ਼ ਦੇ ਮੋਹ ਵਿਚ। ਕੁਰੰਕਾ = ਹਰਨ। ਬਿਦਾਰਾ = ਮਾਰਿਆ ਗਿਆ।੨।
ਦੇਖਿ = ਦੇਖ ਕੇ। ਕੁਟੰਬੁ = ਪਰਵਾਰ। ਲੋਭਿ = ਲੋਭ ਵਿਚ। ਲਪਟਾਨਾ = ਚੰਬੜਿਆ ਰਿਹਾ। ਅਤਿ ਰਚਿਓ = (ਮਾਇਆ ਵਿਚ) ਬਹੁਤ ਮਗਨ ਹੋ ਗਿਆ। ਉਨਿ = ਉਸ (ਮਨੁੱਖ) ਨੇ। ਸਰਾਪਰ = ਜ਼ਰੂਰ।੩।
ਸੰਗਿ = ਨਾਲ। ਨੇਹਾ = ਪਿਆਰ। ਦੁਹੇਲਾ = ਦੁੱਖੀ। ਗੁਰਿ = ਗੁਰੂ ਨੇ। ਸਦ = ਸਦਾ। ਕੇਲਾ = ਆਨੰਦ।੪।
ਅਰਥ: ਹੇ ਮਨ! ਜਿਸ ਮਨੁੱਖ ਨੇ ਹੁਣ (ਇਸ ਜਨਮ ਵਿਚ) ਇੱਕ ਪਰਮਾਤਮਾ ਨਾਲ ਪਿਆਰ ਪਾ ਲਿਆ ਹੈ, ਉਹ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ, ਉਹ ਸਦਾ ਹੀ ਪਰਮਾਤਮਾ ਦੇ ਚਰਨਾਂ ਵਿਚ ਮਗਨ ਰਹਿੰਦਾ ਹੈ, ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ ਪਰਮਾਤਮਾ ਨਾਲ ਸਾਂਝ ਬਣਾਈ ਰੱਖਦਾ ਹੈ।੧।ਰਹਾਉ।
ਹੇ ਭਾਈ! ਮੱਛੀ ਪਾਣੀ ਤੋਂ ਵਿਛੁੜ ਕੇ ਜਿੰਦ ਦੇ ਦੇਂਦੀ ਹੈ ਕਿਉਂਕਿ ਉਸ (ਮੱਛੀ) ਨੇ ਪਾਣੀ ਨਾਲ ਪਿਆਰ ਵਧਾਇਆ ਹੋਇਆ ਹੈ। ਕੌਲ-ਫੁੱਲ ਦੇ ਪਿਆਰ ਵਿਚ ਭੌਰੇ ਨੇ ਮੌਤ ਸਹੇੜ ਲਈ, (ਕਿਉਂਕਿ) ਉਸ ਨੇ (ਕੌਲ-ਫੁੱਲ ਵਿਚੋਂ) ਨਿਕਲ ਕੇ (ਬਾਹਰ ਦਾ) ਰਸਤਾ ਨਾਹ ਲੱਭਾ।੧।
ਹੇ ਭਾਈ! ਕਾਮ-ਵਾਸਨਾ ਦੀ ਖ਼ਾਤਰ ਹਾਥੀ ਫਸ ਗਿਆ, ਉਹ ਵਿਚਾਰਾ ਪਰ-ਅਧੀਨ ਹੋ ਗਿਆ। (ਘੰਡੇਹੇੜੇ ਦੀ) ਆਵਾਜ਼ ਦੇ ਪਿਆਰ ਵਿਚ ਹਰਨ ਆਪਣਾ ਸਿਰ ਦੇ ਬੈਠਦਾ ਹੈ, ਉਸੇ ਦੇ ਪਿਆਰ ਵਿਚ ਮਾਰਿਆ ਜਾਂਦਾ ਹੈ।੨।
(ਹੇ ਭਾਈ! ਇਸੇ ਤਰ੍ਹਾਂ) ਮਨੁੱਖ (ਆਪਣਾ) ਪਰਵਾਰ ਵੇਖ ਕੇ (ਮਾਇਆ ਦੇ) ਲੋਭ ਵਿਚ ਫਸ ਜਾਂਦਾ ਹੈ, ਮਾਇਆ ਨਾਲ ਚੰਬੜਿਆ ਰਹਿੰਦਾ ਹੈ, (ਮਾਇਆ ਦੇ ਮੋਹ ਵਿਚ) ਬਹੁਤ ਮਗਨ ਰਹਿੰਦਾ ਹੈ, (ਮਾਇਆ ਨੂੰ) ਆਪਣੀ ਬਣਾ ਲੈਂਦਾ ਹੈ (ਇਹ ਨਹੀਂ ਸਮਝਦਾ ਕਿ ਆਖ਼ਰ) ਉਸ ਨੇ ਜ਼ਰੂਰ (ਸਭ ਕੁਝ) ਛੱਡ ਕੇ ਇਥੋਂ ਚਲੇ ਜਾਣਾ ਹੈ।੩।
ਹੇ ਭਾਈ! ਜੇਹੜਾ ਮਨੁੱਖ ਪਰਮਾਤਮਾ ਤੋਂ ਬਿਨਾ ਹੋਰ ਨਾਲ ਪਿਆਰ ਪਾਂਦਾ ਹੈ, ਯਕੀਨ ਜਾਣੋ, ਉਹ ਸਦਾ ਦੁਖੀ ਰਹਿੰਦਾ ਹੈ। ਹੇ ਨਾਨਕ! ਆਖ-ਗੁਰੂ ਨੇ (ਮੈਨੂੰ) ਇਹ ਹੀ ਸਮਝ ਦਿੱਤੀ ਹੈ ਕਿ ਪਰਮਾਤਮਾ ਨਾਲ ਪਿਆਰ ਕੀਤਿਆਂ ਸਦਾ ਆਤਮਕ ਆਨੰਦ ਬਣਿਆ ਰਹਿੰਦਾ ਹੈ।੪।੨।

ਬਿਲਾਵਲੁ ਮਹਲਾ ੫ ॥ ਅਪਣੇ ਬਾਲਕ ਆਪਿ ਰਖਿਅਨੁ ਪਾਰਬ੍ਰਹਮ ਗੁਰਦੇਵ ॥ ਸੁਖ ਸਾਂਤਿ ਸਹਜ ਆਨਦ ਭਏ ਪੂਰਨ ਭਈ ਸੇਵ ॥੧॥ ਰਹਾਉ ॥ ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭਿ ਆਪਿ ॥ ਰੋਗ ਮਿਟਾਇ ਜੀਵਾਲਿਅਨੁ ਜਾ ਕਾ ਵਡ ਪਰਤਾਪੁ ॥੧॥ ਦੋਖ ਹਮਾਰੇ ਬਖਸਿਅਨੁ ਅਪਣੀ ਕਲ ਧਾਰੀ ॥ ਮਨ ਬਾਂਛਤ ਫਲ ਦਿਤਿਅਨੁ ਨਾਨਕ ਬਲਿਹਾਰੀ ॥੨॥੧੬॥੮੦॥ {ਪੰਨਾ 819-820}
ਪਦਅਰਥ: ਰਖਿਅਨੁ = ਰੱਖੇ ਹਨ ਉਸ (ਪ੍ਰਭੂ) ਨੇ। ਗੁਰਦੇਵ = ਸਭ ਤੋਂ ਵੱਡਾ ਦੇਵਤਾ। ਸਹਜ = ਆਤਮਕ ਅਡੋਲਤਾ। ਸੇਵ = ਸਿਮਰਨ ਦੀ ਘਾਲ।੧।ਰਹਾਉ।
ਪ੍ਰਭਿ = ਪ੍ਰਭੂ ਨੇ। ਜੀਵਾਲਿਅਨੁ = ਉਸ ਨੇ ਜਿਵਾਲੇ ਹਨ, ਉਸ ਨੇ ਆਤਮਕ ਜੀਵਨ ਦਿੱਤਾ ਹੈ।੧।
ਦੋਖ = ਐਬ, ਵਿਕਾਰ। ਬਖਸਿਆਨੁ = ਉਸ ਨੇ ਬਖ਼ਸ਼ੇ ਹਨ। ਕਲ = ਕਲਾ, ਸੱਤਿਆ। ਧਾਰੀ = ਟਿਕਾਈ ਹੈ। ਮਨ ਬਾਂਛਤ = ਮਨ = ਮੰਗੇ। ਦਿਤਿਅਨੁ = ਦਿੱਤੇ ਹਨ ਉਸ ਪ੍ਰਭੂ ਨੇ।੨।
ਅਰਥ: ਹੇ ਭਾਈ! ਪਰਮਾਤਮਾ ਸਭ ਤੋਂ ਵੱਡਾ ਦੇਵਤਾ (ਹੈ, ਅਸੀ ਜੀਵ ਉਸ ਦੇ ਬੱਚੇ ਹਾਂ) ਆਪਣੇ ਬੱਚਿਆਂ ਦੀ ਉਹ ਸਦਾ ਹੀ ਆਪ ਰੱਖਿਆ ਕਰਦਾ ਆਇਆ ਹੈ। (ਜੇਹੜੇ ਮਨੁੱਖ ਉਸ ਦੀ ਸਰਨ ਪੈਂਦੇ ਹਨ, ਉਹਨਾਂ ਦੇ ਅੰਦਰ) ਸ਼ਾਂਤੀ, ਆਤਮਕ ਅਡੋਲਤਾ ਦੇ ਸੁਖ ਆਨੰਦ ਪੈਦਾ ਹੁੰਦੇ ਹਨ, ਉਹਨਾਂ ਦੀ ਸੇਵਾ-ਸਿਮਰਨ ਦੀ ਘਾਲ ਸਫਲ ਹੋ ਜਾਂਦੀ ਹੈ।੧।ਰਹਾਉ।
ਹੇ ਭਾਈ! ਜਿਸ ਪ੍ਰਭੂ ਦਾ (ਸਭ ਤੋਂ) ਵੱਡਾ ਤੇਜ-ਪ੍ਰਤਾਪ ਹੈ ਉਸ ਨੇ ਆਪਣੇ ਭਗਤਾਂ ਦੀ ਅਰਜ਼ੋਈ (ਸਦਾ) ਸੁਣੀ ਹੈ (ਉਹਨਾਂ ਦੇ ਅੰਦਰੋਂ) ਰੋਗ ਮਿਟਾ ਕੇ ਉਹਨਾਂ ਨੂੰ ਆਤਮਕ ਜੀਵਨ ਦੀ ਦਾਤਿ ਬਖ਼ਸ਼ੀ ਹੈ।੧।
ਹੇ ਭਾਈ! ਉਸ ਪ੍ਰਭੂ-ਪਿਤਾ ਨੇ ਅਸਾਂ ਬੱਚਿਆਂ ਦੇ ਐਬ ਸਦਾ ਬਖ਼ਸ਼ੇ ਹਨ, ਅਤੇ ਸਾਡੇ ਅੰਦਰ ਆਪਣੇ ਨਾਮ ਦੀ ਤਾਕਤ ਭਰੀ ਹੈ। ਹੇ ਨਾਨਕ! ਪ੍ਰਭੂ-ਪਿਤਾ ਨੇ ਅਸਾਂ ਬੱਚਿਆਂ ਨੂੰ ਸਦਾ ਮਨ-ਮੰਗੇ ਫਲ ਦਿੱਤੇ ਹਨ, ਉਸ ਪ੍ਰਭੂ ਤੋਂ ਸਦਾ ਸਦਕੇ ਜਾਣਾ ਚਾਹੀਦਾ ਹੈ।੨।੧੬।੮੦।
ਧਨਾਸਰੀ ਮਹਲਾ ੧ ਘਰੁ ੧ ਚਉਪਦੇ
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ
ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ਜੀਉ ਡਰਤੁ ਹੈ ਆਪਣਾ ਕੈ ਸਿਉ ਕਰੀ ਪੁਕਾਰ ॥ ਦੂਖ ਵਿਸਾਰਣੁ ਸੇਵਿਆ ਸਦਾ ਸਦਾ ਦਾਤਾਰੁ ॥੧॥ ਸਾਹਿਬੁ ਮੇਰਾ ਨੀਤ ਨਵਾ ਸਦਾ ਸਦਾ ਦਾਤਾਰੁ ॥੧॥ ਰਹਾਉ ॥ ਅਨਦਿਨੁ ਸਾਹਿਬੁ ਸੇਵੀਐ ਅੰਤਿ ਛਡਾਏ ਸੋਇ ॥ ਸੁਣਿ ਸੁਣਿ ਮੇਰੀ ਕਾਮਣੀ ਪਾਰਿ ਉਤਾਰਾ ਹੋਇ ॥੨॥ ਦਇਆਲ ਤੇਰੈ ਨਾਮਿ ਤਰਾ ॥ ਸਦ ਕੁਰਬਾਣੈ ਜਾਉ ॥੧॥ ਰਹਾਉ ॥ ਸਰਬੰ ਸਾਚਾ ਏਕੁ ਹੈ ਦੂਜਾ ਨਾਹੀ ਕੋਇ ॥ ਤਾ ਕੀ ਸੇਵਾ ਸੋ ਕਰੇ ਜਾ ਕਉ ਨਦਰਿ ਕਰੇ ॥੩॥ ਤੁਧੁ ਬਾਝੁ ਪਿਆਰੇ ਕੇਵ ਰਹਾ ॥ ਸਾ ਵਡਿਆਈ ਦੇਹਿ ਜਿਤੁ ਨਾਮਿ ਤੇਰੇ ਲਾਗਿ ਰਹਾਂ ॥ ਦੂਜਾ ਨਾਹੀ ਕੋਇ ਜਿਸੁ ਆਗੈ ਪਿਆਰੇ ਜਾਇ ਕਹਾ ॥੧॥ ਰਹਾਉ ॥ ਸੇਵੀ ਸਾਹਿਬੁ ਆਪਣਾ ਅਵਰੁ ਨ ਜਾਚੰਉ ਕੋਇ ॥ ਨਾਨਕੁ ਤਾ ਕਾ ਦਾਸੁ ਹੈ ਬਿੰਦ ਬਿੰਦ ਚੁਖ ਚੁਖ ਹੋਇ ॥੪॥ ਸਾਹਿਬ ਤੇਰੇ ਨਾਮ ਵਿਟਹੁ ਬਿੰਦ ਬਿੰਦ ਚੁਖ ਚੁਖ ਹੋਇ ॥੧॥ ਰਹਾਉ ॥੪॥੧॥ {ਪੰਨਾ 660}
ਪਦਅਰਥ: ਜੀਉ = ਜਿੰਦ। ਕੈ ਸਿਉ = ਕਿਸ ਪਾਸ? ਕਰੀ = ਮੈਂ ਕਰਾਂ। ਦੂਖ ਵਿਸਾਰਣੁ = ਦੁੱਖ ਦੂਰ ਕਰਨ ਵਾਲਾ ਪ੍ਰਭੂ। ਸੇਵਿਆ = ਮੈਂ ਸਿਮਰਿਆ ਹੈ।੧।
ਨੀਤ = ਨਿੱਤ। ਨਵਾ = (ਭਾਵ, ਦਾਤਾਂ ਦੇ ਦੇ ਕੇ ਅੱਕਣ ਵਾਲਾ ਨਹੀਂ) । ਦਾਤਾਰੁ = ਦਾਤਾਂ ਦੇਣ ਵਾਲਾ।੧।ਰਹਾਉ।
ਅਨਦਿਨੁ = ਹਰ ਰੋਜ਼, ਸਦਾ। ਅੰਤਿ = ਆਖ਼ਰ ਨੂੰ। ਮੇਰੀ ਕਾਮਣੀ = ਹੇ ਮੇਰੀ ਜਿੰਦੇ!।੨।
ਦਇਆਲ = ਹੇ ਦਇਆ ਦੇ ਘਰ! ਨਾਮਿ = ਨਾਮ ਦੀ ਰਾਹੀਂ। ਤਰਾ = ਤਰ ਸਕਦਾ ਹਾਂ, ਪਾਰ ਲੰਘ ਸਕਦਾ ਹਾਂ।੧।ਰਹਾਉ।
ਸਰਬੰ = ਹਰ ਥਾਂ। ਸਾਚਾ = ਸਦਾ ਕਾਇਮ ਰਹਿਣ ਵਾਲਾ। ਕਉ = ਨੂੰ। ਨਦਰਿ = ਮੇਹਰ ਦੀ ਨਜ਼ਰ। ਕਰੇਇ = ਕਰਦਾ ਹੈ।੩।
ਕੇਵ ਰਹਾ = ਕਿਵੇਂ ਰਹਿ ਸਕਦਾ ਹਾਂ? ਮੈਂ ਵਿਆਕੁਲ ਹੋ ਜਾਂਦਾ ਹਾਂ। ਜਿਤੁ = ਜਿਸ ਦੀ ਰਾਹੀਂ। ਜਾਇ = ਜਾ ਕੇ।੧।ਰਹਾਉ।
ਸੇਵੀ = ਮੈਂ ਸੇਂਵਦਾ ਹਾਂ। ਜਾਚੰਉ = ਮੈਂ ਮੰਗਦਾ ਹਾਂ। ਬਿੰਦ ਬਿੰਦ = ਖਿਨ ਖਿਨ। ਚੁਖ ਚੁਖ = ਟੋਟੇ ਟੋਟੇ, ਕੁਰਬਾਨ।੪।
ਵਿਟਹੁ = ਤੋਂ। ਸਾਹਿਬ = ਹੇ ਸਾਹਿਬ!
ਅਰਥ: (ਜਗਤ ਦੁੱਖਾਂ ਦਾ ਸਮੁੰਦਰ ਹੈ, ਇਹਨਾਂ ਦੁੱਖਾਂ ਨੂੰ ਵੇਖ ਕੇ) ਮੇਰੀ ਜਿੰਦ ਕੰਬਦੀ ਹੈ (ਪਰਮਾਤਮਾ ਤੋਂ ਬਿਨਾ ਹੋਰ ਕੋਈ ਬਚਾਣ ਵਾਲਾ ਦਿੱਸਦਾ ਨਹੀਂ) ਜਿਸ ਦੇ ਪਾਸ ਮੈਂ ਮਿੰਨਤਾਂ ਕਰਾਂ। (ਸੋ, ਹੋਰ ਆਸਰੇ ਛੱਡ ਕੇ) ਮੈਂ ਦੁੱਖਾਂ ਦੇ ਨਾਸ ਕਰਨ ਵਾਲੇ ਪ੍ਰਭੂ ਨੂੰ ਹੀ ਸਿਮਰਦਾ ਹਾਂ, ਉਹ ਸਦਾ ਹੀ ਬਖ਼ਸ਼ਸ਼ਾਂ ਕਰਨ ਵਾਲਾ ਹੈ।੧।
(ਫਿਰ ਉਹ) ਮੇਰਾ ਮਾਲਿਕ ਸਦਾ ਹੀ ਬਖ਼ਸ਼ਸ਼ਾਂ ਤਾਂ ਕਰਦਾ ਰਹਿੰਦਾ ਹੈ (ਪਰ ਉਹ ਮੇਰੇ ਨਿੱਤ ਦੇ ਤਰਲੇ ਸੁਣ ਕੇ ਕਦੇ ਅੱਕਦਾ ਨਹੀਂ, ਬਖ਼ਸ਼ਸ਼ਾਂ ਵਿਚ) ਨਿੱਤ ਇਉਂ ਹੈ ਜਿਵੇਂ ਪਹਿਲੀ ਵਾਰੀ ਹੀ ਬਖ਼ਸ਼ਸ਼ ਕਰਨ ਲੱਗਾ ਹੈ।੧।ਰਹਾਉ।
ਹੇ ਮੇਰੀ ਜਿੰਦੇ! ਹਰ ਰੋਜ਼ ਉਸ ਮਾਲਿਕ ਨੂੰ ਯਾਦ ਕਰਨਾ ਚਾਹੀਦਾ ਹੈ (ਦੁੱਖਾਂ ਵਿਚੋਂ) ਆਖ਼ਰ ਉਹੀ ਬਚਾਂਦਾ ਹੈ। ਹੇ ਜਿੰਦੇ! ਧਿਆਨ ਨਾਲ ਸੁਣ (ਉਸ ਮਾਲਿਕ ਦਾ ਆਸਰਾ ਲਿਆਂ ਹੀ ਦੁੱਖਾਂ ਦੇ ਸਮੁੰਦਰ ਵਿਚੋਂ) ਪਾਰ ਲੰਘ ਸਕੀਦਾ ਹੈ।੨।
ਹੇ ਦਿਆਲ ਪ੍ਰਭੂ! ਮੈਂ ਤੈਥੋਂ ਸਦਾ ਸਦਕੇ ਜਾਂਦਾ ਹਾਂ (ਮੇਹਰ ਕਰ, ਆਪਣਾ ਨਾਮ ਦੇਹ, ਤਾ ਕਿ) ਤੇਰੇ ਨਾਮ ਦੀ ਰਾਹੀਂ ਮੈਂ (ਦੁੱਖਾਂ ਦੇ ਇਸ ਸਮੁੰਦਰ ਵਿਚੋਂ) ਪਾਰ ਲੰਘ ਸਕਾਂ।੧।ਰਹਾਉ।
ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਹੀ ਸਭ ਥਾਈਂ ਮੌਜੂਦ ਹੈ, ਉਸ ਤੋਂ ਬਿਨਾ ਹੋਰ ਕੋਈ ਨਹੀਂ। ਜਿਸ ਜੀਵ ਉਤੇ ਉਹ ਮੇਹਰ ਦੀ ਨਿਗਾਹ ਕਰਦਾ ਹੈ, ਉਹ ਉਸ ਦਾ ਸਿਮਰਨ ਕਰਦਾ ਹੈ।੩।
ਹੇ ਪਿਆਰੇ (ਪ੍ਰਭੂ!) ਤੇਰੀ ਯਾਦ ਤੋਂ ਬਿਨਾ ਮੈਂ ਵਿਆਕੁਲ ਹੋ ਜਾਂਦਾ ਹਾਂ। ਮੈਨੂੰ ਕੋਈ ਉਹ ਵੱਡੀ ਦਾਤਿ ਦੇਹ, ਜਿਸ ਦਾ ਸਦਕਾ ਮੈਂ ਤੇਰੇ ਨਾਮ ਵਿਚ ਜੁੜਿਆ ਰਹਾਂ। ਹੇ ਪਿਆਰੇ! ਤੈਥੋਂ ਬਿਨਾ ਹੋਰ ਐਸਾ ਕੋਈ ਨਹੀਂ ਹੈ, ਜਿਸ ਪਾਸ ਜਾ ਕੇ ਮੈਂ ਇਹ ਅਰਜ਼ੋਈ ਕਰ ਸਕਾਂ।੧।ਰਹਾਉ।
(ਦੁੱਖਾਂ ਦੇ ਇਸ ਸਾਗਰ ਵਿਚੋਂ ਤਰਨ ਲਈ) ਮੈਂ ਆਪਣੇ ਮਾਲਿਕ ਪ੍ਰਭੂ ਨੂੰ ਹੀ ਯਾਦ ਕਰਦਾ ਹਾਂ, ਕਿਸੇ ਹੋਰ ਪਾਸੋਂ ਮੈਂ ਇਹ ਮੰਗ ਨਹੀਂ ਮੰਗਦਾ। ਨਾਨਕ (ਆਪਣੇ) ਉਸ (ਮਾਲਿਕ) ਦਾ ਹੀ ਸੇਵਕ ਹੈ, ਉਸ ਮਾਲਿਕ ਤੋਂ ਹੀ ਖਿਨ ਖਿਨ ਸਦਕੇ ਹੁੰਦਾ ਹੈ।੪।
ਹੇ ਮੇਰੇ ਮਾਲਿਕ! ਮੈਂ ਤੇਰੇ ਨਾਮ ਤੋਂ ਖਿਨ ਖਿਨ ਕੁਰਬਾਨ ਜਾਂਦਾ ਹਾਂ।੧।ਰਹਾਉ।

ਸਲੋਕੁ ਮਃ ੩ ॥ ਮਾਇਆ ਮਮਤਾ ਮੋਹਣੀ ਜਿਨਿ ਵਿਣੁ ਦੰਤਾ ਜਗੁ ਖਾਇਆ ॥ ਮਨਮੁਖ ਖਾਧੇ ਗੁਰਮੁਖਿ ਉਬਰੇ ਜਿਨੀ ਸਚਿ ਨਾਮਿ ਚਿਤੁ ਲਾਇਆ ॥ {ਪੰਨਾ 643}
ਪਦਅਰਥ: ਜਿਨਿ = ਜਿਸ (ਮਾਇਆ ਦੀ ਅਪਣੱਤ) ਨੇ।
{ਨੋਟ: 'ਮਾਇਆ' ਤੇ 'ਮਮਤਾ' ਦੋ ਵੱਖੋ ਵੱਖ ਚੀਜ਼ਾਂ ਨਹੀਂ ਲੈਣੀਆਂ; ਲਫ਼ਜ਼ 'ਜਿਨਿ' (=ਜਿਸ ਨੇ) 'ਇਕ-ਵਚਨ' ਹੈ।
ਅਰਥ: ਮਾਇਆ ਦੀ ਅਪਣੱਤ (ਭਾਵ, ਇਹ ਖ਼ਿਆਲ ਕਿ ਏਹ ਸ਼ੈ ਮੇਰੀ ਹੈ, ਇਹ ਧਨ ਮੇਰਾ ਹੈ,) ਮਨ ਨੂੰ ਮੋਹਣ ਵਾਲੀ ਹੈ, ਇਸ ਨੇ ਸੰਸਾਰ ਨੂੰ ਬਿਨਾਂ ਦੰਦਾਂ ਤੋਂ ਹੀ ਖਾ ਲਿਆ ਹੈ (ਭਾਵ, ਸਮੂਲਚਾ ਹੀ ਨਿਗਲ ਲਿਆ ਹੈ) , ਮਨਮੁਖ (ਇਸ 'ਮਮਤਾ' ਵਿਚ) ਗ੍ਰਸੇ ਗਏ ਹਨ, ਤੇ ਜਿਨ੍ਹਾਂ ਗੁਰਮੁਖਾਂ ਨੇ ਸੱਚੇ ਨਾਮ ਵਿਚ ਚਿੱਤ ਜੋੜਿਆ ਹੈ ਉਹ ਬਚ ਗਏ ਹਨ।
ਬਿਨੁ ਨਾਵੈ ਜਗੁ ਕਮਲਾ ਫਿਰੈ ਗੁਰਮੁਖਿ ਨਦਰੀ ਆਇਆ ॥ ਧੰਧਾ ਕਰਤਿਆ ਨਿਹਫਲੁ ਜਨਮੁ ਗਵਾਇਆ ਸੁਖਦਾਤਾ ਮਨਿ ਨ ਵਸਾਇਆ ॥ {ਪੰਨਾ 643}
ਅਰਥ: ਸਤਿਗੁਰੂ ਦੇ ਸਨਮੁਖ ਹੋ ਕੇ ਇਹ ਦਿੱਸ ਪੈਂਦਾ ਹੈ ਕਿ ਸੰਸਾਰ ਨਾਮ ਤੋਂ ਬਿਨਾ ਕਮਲਾ ਹੋਇਆ ਭਟਕਦਾ ਹੈ, ਮਾਇਆ ਦੇ ਕਜ਼ੀਏ ਕਰਦਿਆਂ ਮਨੁੱਖਾ ਜਨਮ ਨਿਸਫਲ ਗਵਾ ਲੈਂਦਾ ਹੈ ਤੇ ਸੁਖਦਾਤਾ ਨਾਮ ਮਨ ਵਿਚ ਨਹੀਂ ਵਸਾਉਂਦਾ।
ਨਾਨਕ ਨਾਮੁ ਤਿਨਾ ਕਉ ਮਿਲਿਆ ਜਿਨ ਕਉ ਧੁਰਿ ਲਿਖਿ ਪਾਇਆ ॥੧॥ {ਪੰਨਾ 644}
ਅਰਥ: (ਪਰ) ਹੇ ਨਾਨਕ! ਨਾਮ ਉਹਨਾਂ ਮਨੁੱਖਾਂ ਨੂੰ ਹੀ ਮਿਲਦਾ ਹੈ ਜਿਨ੍ਹਾਂ ਦੇ ਹਿਰਦੇ ਵਿਚ ਮੁੱਢ ਤੋਂ (ਕੀਤੇ ਕਰਮਾਂ ਦੇ ਅਨੁਸਾਰ) (ਸੰਸਕਾਰ-ਰੂਪ ਲੇਖ) ਉੱਕਰ ਕੇ ਪ੍ਰਭੂ ਨੇ ਰੱਖ ਦਿੱਤਾ ਹੈ।੧।
ਸੋਰਠਿ ਮਹਲਾ ੧ ਘਰੁ ੧ ਅਸਟਪਦੀਆ ਚਉਤੁਕੀ ੴ ਸਤਿਗੁਰ ਪ੍ਰਸਾਦਿ ॥ ਦੁਬਿਧਾ ਨ ਪੜਉ ਹਰਿ ਬਿਨੁ ਹੋਰੁ ਨ ਪੂਜਉ ਮੜੈ ਮਸਾਣਿ ਨ ਜਾਈ ॥ ਤ੍ਰਿਸਨਾ ਰਾਚਿ ਨ ਪਰ ਘਰਿ ਜਾਵਾ ਤ੍ਰਿਸਨਾ ਨਾਮਿ ਬੁਝਾਈ ॥ ਘਰ ਭੀਤਰਿ ਘਰੁ ਗੁਰੂ ਦਿਖਾਇਆ ਸਹਜਿ ਰਤੇ ਮਨ ਭਾਈ ॥ ਤੂ ਆਪੇ ਦਾਨਾ ਆਪੇ ਬੀਨਾ ਤੂ ਦੇਵਹਿ ਮਤਿ ਸਾਈ ॥੧॥ ਮਨੁ ਬੈਰਾਗਿ ਰਤਉ ਬੈਰਾਗੀ ਸਬਦਿ ਮਨੁ ਬੇਧਿਆ ਮੇਰੀ ਮਾਈ ॥ ਅੰਤਰਿ ਜੋਤਿ ਨਿਰੰਤਰਿ ਬਾਣੀ ਸਾਚੇ ਸਾਹਿਬ ਸਿਉ ਲਿਵ ਲਾਈ ॥ ਰਹਾਉ ॥ ਅਸੰਖ ਬੈਰਾਗੀ ਕਹਹਿ ਬੈਰਾਗ ਸੋ ਬੈਰਾਗੀ ਜਿ ਖਸਮੈ ਭਾਵੈ ॥ ਹਿਰਦੈ ਸਬਦਿ ਸਦਾ ਭੈ ਰਚਿਆ ਗੁਰ ਕੀ ਕਾਰ ਕਮਾਵੈ ॥ ਏਕੋ ਚੇਤੈ ਮਨੂਆ ਨ ਡੋਲੈ ਧਾਵਤੁ ਵਰਜਿ ਰਹਾਵੈ ॥ ਸਹਜੇ ਮਾਤਾ ਸਦਾ ਰੰਗਿ ਰਾਤਾ ਸਾਚੇ ਕੇ ਗੁਣ ਗਾਵੈ ॥੨॥ ਮਨੂਆ ਪਉਣੁ ਬਿੰਦੁ ਸੁਖਵਾਸੀ ਨਾਮਿ ਵਸੈ ਸੁਖ ਭਾਈ ॥ ਜਿਹਬਾ ਨੇਤ੍ਰ ਸੋਤ੍ਰ ਸਚਿ ਰਾਤੇ ਜਲਿ ਬੂਝੀ ਤੁਝਹਿ ਬੁਝਾਈ ॥ ਆਸ ਨਿਰਾਸ ਰਹੈ ਬੈਰਾਗੀ ਨਿਜ ਘਰਿ ਤਾੜੀ ਲਾਈ ॥ ਭਿਖਿਆ ਨਾਮਿ ਰਜੇ ਸੰਤੋਖੀ ਅੰਮ੍ਰਿਤੁ ਸਹਜਿ ਪੀਆਈ ॥੩॥ ਦੁਬਿਧਾ ਵਿਚਿ ਬੈਰਾਗੁ ਨ ਹੋਵੀ ਜਬ ਲਗੁ ਦੂਜੀ ਰਾਈ ॥ ਸਭੁ ਜਗੁ ਤੇਰਾ ਤੂ ਏਕੋ ਦਾਤਾ ਅਵਰੁ ਨ ਦੂਜਾ ਭਾਈ ॥ ਮਨਮੁਖਿ ਜੰਤ ਦੁਖਿ ਸਦਾ ਨਿਵਾਸੀ ਗੁਰਮੁਖਿ ਦੇ ਵਡਿਆਈ ॥ ਅਪਰ ਅਪਾਰ ਅਗੰਮ ਅਗੋਚਰ ਕਹਣੈ ਕੀਮ ਨ ਪਾਈ ॥੪॥ ਸੁੰਨ ਸਮਾਧਿ ਮਹਾ ਪਰਮਾਰਥੁ ਤੀਨਿ ਭਵਣ ਪਤਿ ਨਾਮੰ ॥ ਮਸਤਕਿ ਲੇਖੁ ਜੀਆ ਜਗਿ ਜੋਨੀ ਸਿਰਿ ਸਿਰਿ ਲੇਖੁ ਸਹਾਮੰ ॥ ਕਰਮ ਸੁਕਰਮ ਕਰਾਏ ਆਪੇ ਆਪੇ ਭਗਤਿ ਦ੍ਰਿੜਾਮੰ ॥ ਮਨਿ ਮੁਖਿ ਜੂਠਿ ਲਹੈ ਭੈ ਮਾਨੰ ਆਪੇ ਗਿਆਨੁ ਅਗਾਮੰ ॥੫॥ ਜਿਨ ਚਾਖਿਆ ਸੇਈ ਸਾਦੁ ਜਾਣਨਿ ਜਿਉ ਗੁੰਗੇ ਮਿਠਿਆਈ ॥ ਅਕਥੈ ਕਾ ਕਿਆ ਕਥੀਐ ਭਾਈ ਚਾਲਉ ਸਦਾ ਰਜਾਈ ॥ ਗੁਰੁ ਦਾਤਾ ਮੇਲੇ ਤਾ ਮਤਿ ਹੋਵੈ ਨਿਗੁਰੇ ਮਤਿ ਨ ਕਾਈ ॥ ਜਿਉ ਚਲਾਏ ਤਿਉ ਚਾਲਹ ਭਾਈ ਹੋਰ ਕਿਆ ਕੋ ਕਰੇ ਚਤੁਰਾਈ ॥੬॥ ਇਕਿ ਭਰਮਿ ਭੁਲਾਏ ਇਕਿ ਭਗਤੀ ਰਾਤੇ ਤੇਰਾ ਖੇਲੁ ਅਪਾਰਾ ॥ ਜਿਤੁ ਤੁਧੁ ਲਾਏ ਤੇਹਾ ਫਲੁ ਪਾਇਆ ਤੂ ਹੁਕਮਿ ਚਲਾਵਣਹਾਰਾ ॥ ਸੇਵਾ ਕਰੀ ਜੇ ਕਿਛੁ ਹੋਵੈ ਅਪਣਾ ਜੀਉ ਪਿੰਡੁ ਤੁਮਾਰਾ ॥ ਸਤਿਗੁਰਿ ਮਿਲਿਐ ਕਿਰਪਾ ਕੀਨੀ ਅੰਮ੍ਰਿਤ ਨਾਮੁ ਅਧਾਰਾ ॥੭॥ ਗਗਨੰਤਰਿ ਵਾਸਿਆ ਗੁਣ ਪਰਗਾਸਿਆ ਗੁਣ ਮਹਿ ਗਿਆਨ ਧਿਆਨੰ ॥ ਨਾਮੁ ਮਨਿ ਭਾਵੈ ਕਹੈ ਕਹਾਵੈ ਤਤੋ ਤਤੁ ਵਖਾਨੰ ॥ ਸਬਦੁ ਗੁਰ ਪੀਰਾ ਗਹਿਰ ਗੰਭੀਰਾ ਬਿਨੁ ਸਬਦੈ ਜਗੁ ਬਉਰਾਨੰ ॥ ਪੂਰਾ ਬੈਰਾਗੀ ਸਹਜਿ ਸੁਭਾਗੀ ਸਚੁ ਨਾਨਕ ਮਨੁ ਮਾਨੰ ॥੮॥੧॥ {ਪੰਨਾ 634-635}
ਪਦਅਰਥ: ਦੁਬਿਧਾ = ਦੁ = ਪਾਸਾ = ਪਨ, ਪਰਮਾਤਮਾ ਤੋਂ ਬਿਨਾ ਹੋਰ ਆਸਰੇ ਦੀ ਭਾਲ। ਨ ਪੜਉ = ਮੈਂ ਨਹੀਂ ਪੈਂਦਾ। ਨ ਪੂਜਉ = ਮੈਂ ਨਹੀਂ ਪੂਜਦਾ। ਮੜੈ = ਸਮਾਧ, ਕਬਰ। ਮਸਾਣਿ = ਸ਼ਮਸ਼ਾਨ, ਜਿੱਥੇ ਮੁਰਦੇ ਫੂਕੀਦੇ ਹਨ। ਨ ਜਾਈ = ਮੈਂ ਨਹੀਂ ਜਾਂਦਾ। ਰਾਚਿ = ਫਸ ਕੇ। ਪਰ ਘਰਿ = ਪਰਾਏ ਘਰ ਵਿਚ, ਪਰਮਾਤਮਾ ਤੋਂ ਬਿਨਾ ਕਿਸੇ ਹੋਰ ਘਰ ਵਿਚ। ਨਾਮਿ = ਨਾਮ ਨੇ। ਬੁਝਾਈ = ਬੁਝਾ ਦਿੱਤੀ ਹੈ। ਭੀਤਰਿ = ਅੰਦਰ। ਘਰੁ = ਪਰਮਾਤਮਾ ਦਾ ਨਿਵਾਸ। ਸਹਜਿ = ਅਡੋਲ ਅਵਸਥਾ ਵਿਚ। ਮਨ = ਮਨ ਨੂੰ। ਭਾਈ = ਪਸੰਦ ਆ ਗਈ ਹੈ। ਦਾਨਾ = ਜਾਣਨ ਵਾਲਾ। ਬੀਨਾ = ਪਛਾਣਨ ਵਾਲਾ। ਸਾਈ = ਹੇ ਸਾਈਂ!।੧।
ਬੈਰਾਗਿ = ਵੈਰਾਗ ਵਿਚ, ਵਿਛੋੜੇ ਦੇ ਅਹਿਸਾਸ ਵਿਚ, ਬਿਰਹੋਂ ਵਿਚ। ਰਤਉ = ਰੰਗਿਆ ਹੋਇਆ। ਬੈਰਾਗੀ = ਤਿਆਗੀ। ਬੇਧਿਆ = ਵਿੱਝਿਆ ਹੋਇਆ। ਨਿਰੰਤਰਿ = ਵਿੱਥ ਤੋਂ ਬਿਨਾ, ਇੱਕ = ਰਸ।ਰਹਾਉ।
ਅਸੰਖ = ਬੇਅੰਤ। ਬੈਰਾਗ = ਵੈਰਾਗ ਦੀਆਂ ਗੱਲਾਂ। ਭੈ = ਪਰਮਾਤਮਾ ਦੇ ਡਰ = ਅਦਬ ਵਿਚ। ਧਾਵਤੁ = ਮਾਇਆ ਵਲ ਦੌੜਦੇ ਨੂੰ। ਰਹਾਵੈ = ਕਾਬੂ ਰੱਖਦਾ ਹੈ। ਸਹਜੇ = ਸਹਿਜ ਵਿਚ।੨।
ਪਉਣੁ = ਹਵਾ (ਵਾਂਗ ਚੰਚਲ) । ਬਿੰਦੁ = ਰਤਾ ਭਰ ਭੀ। ਸੋਤ੍ਰ = ਇੰਦ੍ਰੇ। ਜਲਿ = ਜਲਨ, ਤ੍ਰਿਸ਼ਨਾ = ਅੱਗ। ਭਾਈ = ਹੇ ਭਾਈ!।੩।
ਦੂਜੀ = ਕੋਈ ਹੋਰ ਝਾਕ। ਰਾਈ = ਰਤਾ ਭੀ। ਦੁਖਿ = ਦੁੱਖ ਵਿਚ। ਦੇ = ਦੇਂਦਾ ਹੈ। ਅਗੋਚਰ = ਅ = ਗੋਚਰ, ਜਿਸ ਤਕ ਗਿਆਨ = ਇੰਦ੍ਰਿਆਂ ਦੀ ਪਹੁੰਚ ਨਹੀਂ। ਕੀਮ = ਕੀਮਤ। ਕਹਣੈ = ਕਹਿਣ ਨਾਲ।੪।
ਸੁੰਨ = ਸੁੰਝ, ਜਿਥੇ ਫੁਰਨਿਆਂ ਵਲੋਂ ਸੁੰਝ ਹੈ, ਅਫੁਰ ਅਵਸਥਾ। ਸੁੰਨ ਸਮਾਧਿ = ਉਹ ਜੇਹੜਾ ਸਦਾ ਅਫੁਰ ਆਤਮਕ ਅਵਸਥਾ ਵਿਚ ਟਿਕਿਆ ਰਹਿੰਦਾ ਹੈ, ਜਿਸ ਉਤੇ ਮਾਇਆ ਵਾਲੇ ਫੁਰਨੇ ਜ਼ੋਰ ਨਹੀਂ ਪਾਂਦੇ। ਪਰਮਾਰਥੁ = ਪਰਮ ਅਰਥ, ਸਭ ਤੋਂ ਉੱਚਾ ਸ੍ਰੇਸ਼ਟ ਧਨ। ਪਤਿ = ਮਾਲਕ। ਮਸਤਕਿ = ਮੱਥੇ ਉਤੇ। ਜਗਿ = ਜਗਤ ਵਿਚ। ਸਿਰਿ ਸਿਰਿ = ਹਰੇਕ ਦੇ ਸਿਰ ਉਤੇ, ਹਰੇਕ ਜੀਵ ਆਪੋ ਆਪਣੇ ਸਿਰ ਉਤੇ। ਸਹਾਮੰ = ਸਹਾਰਦਾ ਹੈ। ਕਰਮ = ਕੰਮ। ਸੁਕਰਮ = ਚੰਗੇ ਕੰਮ। ਦ੍ਰਿੜਾਮੰ = (ਹਿਰਦੇ ਵਿਚ) ਪੱਕੇ ਤੌਰ ਤੇ ਟਿਕਾਂਦਾ ਹੈ। ਮਨਿ = ਮਨ ਵਿਚ। ਮੁਖਿ = ਮੂੰਹ ਵਿਚ। ਜੂਠਿ = ਮੈਲ। ਭੈ = ਡਰ ਵਿਚ। ਅਗਾਮੰ = ਅਗੰਮ ਪ੍ਰਭੂ।੫।
ਅਕਥ = ਜਿਸ ਦਾ ਸਰੂਪ ਬਿਆਨ ਨ ਕੀਤਾ ਜਾ ਸਕੇ। ਭਾਈ = ਹੇ ਭਾਈ! ਚਾਲਉ = ਮੈਂ ਚੱਲਦਾ ਹਾਂ। ਦਾਤਾ = ਦਾਤਾਰ ਪ੍ਰਭੂ। ਚਾਲਹ = ਅਸੀ (ਜੀਵ) ਚੱਲਦੇ ਹਾਂ।੬।
ਇਕਿ = {ਲਫ਼ਜ਼ 'ਇਕਿ' ਤੋਂ ਬਹੁ-ਵਚਨ} ਅਨੇਕਾਂ ਜੀਵ। ਭਰਮਿ = ਭਟਕਣਾ ਵਿਚ। ਰਾਤੇ = ਰੰਗੇ ਹੋਏ। ਜਿਤੁ = ਜਿਸ ਵਿਚ, ਜਿਸ ਪਾਸੇ, ਜਿਸ ਕੰਮ ਵਿਚ। ਹੁਕਮਿ = ਹੁਕਮ ਵਿਚ। ਕਰੀ = ਮੈਂ ਕਰਾਂ। ਜੀਉ = ਜਿੰਦ। ਪਿੰਡੁ = ਸਰੀਰ। ਸਤਿਗੁਰਿ ਮਿਲਿਐ = ਜੇ ਸਤਿਗੁਰ ਮਿਲ ਪਏ।੭।
ਗਗਨ = ਆਕਾਸ਼, ਚਿਤ = ਆਕਾਸ਼, ਦਸਮ ਦੁਆਰਾ, ਦਿਮਾਗ਼, ਆਤਮਕ ਮੰਡਲ। ਗਗਨੰਤਰਿ = ਗਗਨ ਅੰਤਰਿ, ਆਤਮਕ ਮੰਡਲ ਵਿਚ, ਉੱਚੇ ਆਤਮਕ ਟਿਕਾਣੇ ਵਿਚ। ਮਹਿ = ਵਿਚ। ਗਿਆਨ = ਡੂੰਘੀ ਸਾਂਝ। ਧਿਆਨੰ = ਸੁਰਤਿ ਦਾ ਟਿਕਾਉ। ਗਹਿਰ ਗੰਭੀਰਾ = ਡੂੰਘੇ ਜਿਗਰੇ ਵਾਲਾ। ਤਤੋ ਤਤੁ = ਤੱਤ ਹੀ ਤੱਤ, ਜਗਤ ਦੇ ਮੂਲ = ਪ੍ਰਭੂ ਨੂੰ ਹੀ। ਬਉਰਾਨੰ = ਕਮਲਾ, ਝੱਲਾ। ਸਹਜਿ = ਸਹਜ ਅਵਸਥਾ ਵਿਚ, ਅਡੋਲ ਆਤਮਕ ਅਵਸਥਾ ਵਿਚ। ਸਚੁ = ਸਦਾ-ਥਿਰ ਪ੍ਰਭੂ।੮।
ਅਰਥ: ਹੇ ਮੇਰੀ ਮਾਂ! ਮੇਰਾ ਮਨ ਗੁਰੂ ਦੇ ਸ਼ਬਦ ਵਿਚ ਵਿੱਝ ਗਿਆ ਹੈ (ਪ੍ਰੋਤਾ ਗਿਆ ਹੈ। ਸ਼ਬਦ ਦੀ ਬਰਕਤਿ ਨਾਲ ਮੇਰੇ ਅੰਦਰ ਪਰਮਾਤਮਾ ਤੋਂ ਵਿਛੋੜੇ ਦਾ ਅਹਿਸਾਸ ਪੈਦਾ ਹੋ ਗਿਆ ਹੈ) । ਉਹੀ ਮਨੁੱਖ (ਅਸਲ) ਤਿਆਗੀ ਹੈ ਜਿਸ ਦਾ ਮਨ ਪਰਮਾਤਮਾ ਦੇ ਬਿਰਹੋਂ-ਰੰਗ ਵਿਚ ਰੰਗਿਆ ਗਿਆ ਹੈ। ਉਸ (ਬੈਰਾਗੀ) ਦੇ ਅੰਦਰ ਪ੍ਰਭੂ ਦੀ ਜੋਤਿ ਜਗ ਪੈਂਦੀ ਹੈ, ਉਹ ਇਕ-ਰਸ ਸਿਫ਼ਤਿ-ਸਾਲਾਹ ਦੀ ਬਾਣੀ ਵਿਚ (ਮਸਤ ਰਹਿੰਦਾ ਹੈ) , ਸਦਾ ਕਾਇਮ ਰਹਿਣ ਵਾਸਤੇ ਮਾਲਕ-ਪ੍ਰਭੂ (ਦੇ ਚਰਨਾਂ ਵਿਚ) ਉਸ ਦੀ ਸੁਰਤਿ ਜੁੜੀ ਰਹਿੰਦੀ ਹੈ।੧।ਰਹਾਉ।
ਮੈਂ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਆਸਰੇ ਦੀ ਭਾਲ ਵਿਚ ਨਹੀਂ ਪੈਂਦਾ, ਮੈਂ ਪ੍ਰਭੂ ਤੋਂ ਬਿਨਾ ਕਿਸੇ ਹੋਰ ਨੂੰ ਨਹੀਂ ਪੂਜਦਾ, ਮੈਂ ਕਿਤੇ ਸਮਾਧਾਂ ਤੇ ਮਸਾਣਾਂ ਵਿਚ ਭੀ ਨਹੀਂ ਜਾਂਦਾ। ਮਾਇਆ ਦੀ ਤ੍ਰਿਸ਼ਨਾ ਵਿਚ ਫਸ ਕੇ ਮੈਂ (ਪਰਮਾਤਮਾ ਦੇ ਦਰ ਤੋਂ ਬਿਨਾ) ਕਿਸੇ ਹੋਰ ਘਰ ਵਿਚ ਨਹੀਂ ਜਾਂਦਾ, ਮੇਰੀ ਮਾਇਕ ਤ੍ਰਿਸ਼ਨਾ ਪਰਮਾਤਮਾ ਦੇ ਨਾਮ ਨੇ ਮਿਟਾ ਦਿੱਤੀ ਹੈ। ਗੁਰੂ ਨੇ ਮੈਨੂੰ ਮੇਰੇ ਹਿਰਦੇ ਵਿਚ ਹੀ ਪਰਮਾਤਮਾ ਦਾ ਨਿਵਾਸ-ਅਸਥਾਨ ਵਿਖਾ ਦਿੱਤਾ ਹੈ, ਅਤੇ ਅਡੋਲ ਅਵਸਥਾ ਵਿਚ ਰੱਤੇ ਹੋਏ ਮੇਰੇ ਮਨ ਨੂੰ ਉਹ ਸਹਿਜ-ਅਵਸਥਾ ਚੰਗੀ ਲੱਗ ਰਹੀ ਹੈ।
ਹੇ ਮੇਰੇ ਸਾਈਂ! ਇਹ ਸਭ ਤੇਰੀ ਹੀ ਮੇਹਰ ਹੈ) ਤੂੰ ਆਪ ਹੀ (ਮੇਰੇ ਦਿਲ ਦੀ) ਜਾਣਨ-ਵਾਲਾ ਹੈਂ; ਆਪ ਹੀ ਪਛਾਣਨ ਵਾਲਾ ਹੈਂ, ਤੂੰ ਆਪ ਹੀ ਮੈਨੂੰ (ਚੰਗੀ) ਮਤਿ ਦੇਂਦਾ ਹੈਂ (ਜਿਸ ਕਰਕੇ ਤੇਰਾ ਦਰ ਛੱਡ ਕੇ ਹੋਰ ਪਾਸੇ ਨਹੀਂ ਭਟਕਦਾ) ।੧।
ਅਨੇਕਾਂ ਹੀ ਵੈਰਾਗੀ ਵੈਰਾਗ ਦੀਆਂ ਗੱਲਾਂ ਕਰਦੇ ਹਨ, ਪਰ ਅਸਲ ਵੈਰਾਗ ਉਹ ਹੈ ਜੋ (ਪਰਮਾਤਮਾ ਦੇ ਬਿਰਹੋਂ-ਰੰਗ ਵਿਚ ਇਤਨਾ ਰੰਗਿਆ ਹੋਇਆ ਹੈ ਕਿ ਉਹ) ਖਸਮ-ਪ੍ਰਭੂ ਨੂੰ ਪਿਆਰਾ ਲੱਗਦਾ ਹੈ, ਉਹ ਗੁਰੂ ਦੇ ਸ਼ਬਦ ਦੀ ਰਾਹੀਂ ਆਪਣੇ ਹਿਰਦੇ ਵਿਚ (ਪਰਮਾਤਮਾ ਦੀ ਯਾਦ ਨੂੰ ਵਸਾਂਦਾ ਹੈ ਤੇ) ਸਦਾ ਪਰਮਾਤਮਾ ਦੇ ਡਰ-ਅਦਬ ਵਿਚ ਮਸਤ (ਰਹਿ ਕੇ) ਗੁਰੂ ਦੀ ਦੱਸੀ ਹੋਈ ਕਾਰ ਕਰਦਾ ਹੈ। ਉਹ ਬੈਰਾਗੀ ਸਿਰਫ਼ ਪਰਮਾਤਮਾ ਨੂੰ ਚੇਤਦਾ ਹੈ (ਜਿਸ ਕਰਕੇ ਉਸ ਦਾ) ਮਨ (ਮਾਇਆ ਵਾਲੇ ਪਾਸੇ) ਨਹੀਂ ਡੋਲਦਾ, ਉਹ ਬੈਰਾਗੀ (ਮਾਇਆ ਵਲ) ਦੌੜਦੇ ਮਨ ਨੂੰ ਰੋਕ ਕੇ (ਪ੍ਰਭੂ-ਚਰਨਾਂ ਵਿਚ) ਜੋੜੀ ਰੱਖਦਾ ਹੈ। ਅਡੋਲ ਅਵਸਥਾ ਵਿਚ ਮਸਤ ਉਹ ਬੈਰਾਗੀ ਸਦਾ (ਪ੍ਰਭੂ ਦੇ ਨਾਮ-) ਰੰਗ ਵਿਚ ਰੰਗਿਆ ਰਹਿੰਦਾ ਹੈ, ਤੇ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹੈ।੨।
ਹੇ ਭਾਈ! ਜਿਸ ਮਨੁੱਖ ਦਾ) ਚੰਚਲ ਮਨ ਰਤਾ ਭਰ ਭੀ ਆਤਮਕ ਆਨੰਦ ਵਿਚ ਨਿਵਾਸ ਦੇਣ ਵਾਲੇ ਨਾਮ ਵਿਚ ਵੱਸਦਾ ਹੈ (ਉਹ ਮਨੁੱਖ ਅਸਲ ਬੈਰਾਗੀ ਹੈ, ਤੇ ਉਹ ਬੈਰਾਗੀ) ਆਤਮਕ ਆਨੰਦ (ਮਾਣਦਾ ਹੈ) । ਹੇ ਪ੍ਰਭੂ! ਤੂੰ ਆਪ (ਉਸ ਬੈਰਾਗੀ ਨੂੰ ਜੀਵਨ ਦੇ ਸਹੀ ਰਸਤੇ ਦੀ) ਸਮਝ ਦਿੱਤੀ ਹੈ, (ਜਿਸ ਦੀ ਬਰਕਤਿ ਨਾਲ ਉਸ ਦੀ ਤ੍ਰਿਸ਼ਨਾ-) ਅੱਗ ਬੁਝ ਗਈ ਹੈ, ਤੇ ਉਸ ਦੀ ਜੀਭ ਉਸ ਦੀਆਂ ਅੱਖਾਂ (ਆਦਿਕ) ਇੰਦ੍ਰੇ ਸਦਾ-ਥਿਰ (ਹਰਿ-ਨਾਮ) ਵਿਚ ਰੰਗੇ ਰਹਿੰਦੇ ਹਨ। ਉਹ ਬੈਰਾਗੀ ਦੁਨੀਆ ਦੀਆਂ ਆਸਾਂ ਤੋਂ ਨਿਰਮੋਹ ਹੋ ਕੇ ਜੀਵਨ ਬਿਤੀਤ ਕਰਦਾ ਹੈ, ਉਹ (ਦੁਨੀਆ ਵਾਲੇ ਘਰ-ਘਾਟ ਦੀ ਅਪਣੱਤ ਛੱਡ ਕੇ) ਉਸ ਘਰ ਵਿਚ ਸੁਰਤਿ ਜੋੜੀ ਰੱਖਦਾ ਹੈ ਜੋ ਸਚ ਮੁਚ ਉਸ ਦਾ ਆਪਣਾ ਹੀ ਰਹੇਗਾ। ਅਜੇਹੇ ਬੈਰਾਗੀ (ਗੁਰੂ-ਦਰ ਤੋਂ ਮਿਲੀ) ਨਾਮ-ਭਿੱਛਿਆ ਨਾਲ ਰੱਜੇ ਰਹਿੰਦੇ ਹਨ, ਸੰਤੋਖੀ ਰਹਿੰਦੇ ਹਨ, (ਕਿਉਂਕਿ ਉਹਨਾਂ ਨੂੰ ਗੁਰੂ ਨੇ) ਅਡੋਲ ਆਤਮਕ ਅਵਸਥਾ ਵਿਚ ਟਿਕਾ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪਿਲਾ ਦਿੱਤਾ ਹੈ।੩।
ਜਦ ਤਕ (ਮਨ ਵਿਚ) ਰਤਾ ਭਰ ਭੀ ਕੋਈ ਹੋਰ ਝਾਕ ਹੈ ਕਿਸੇ ਹੋਰ ਆਸਰੇ ਦੀ ਭਾਲ ਹੈ ਤਦ ਤਕ ਬਿਰਹੋਂ-ਅਵਸਥਾ ਪੈਦਾ ਨਹੀਂ ਹੋ ਸਕਦੀ। (ਪਰ ਹੇ ਪ੍ਰਭੂ! ਇਹ ਬਿਰਹੋਂ ਦੀ) ਦਾਤ ਦੇਣ ਵਾਲਾ ਤੂੰ ਇਕ ਆਪ ਹੀ ਹੈਂ, ਤੈਥੋਂ ਬਿਨਾ ਕੋਈ ਹੋਰ (ਇਹ ਦਾਤਿ) ਦੇਣ ਵਾਲਾ ਨਹੀਂ ਹੈ, ਤੇ ਇਹ ਸਾਰਾ ਜਗਤ ਤੇਰਾ ਆਪਣਾ ਹੀ (ਰਚਿਆ ਹੋਇਆ) ਹੈ।
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਸਦਾ ਦੁੱਖ ਵਿਚ ਟਿਕੇ ਰਹਿੰਦੇ ਹਨ, ਜੇਹੜੇ ਬੰਦੇ ਗੁਰੂ ਦੀ ਸ਼ਰਨ ਪੈਂਦੇ ਹਨ, ਉਹਨਾਂ ਨੂੰ ਪ੍ਰਭੂ (ਨਾਮ ਦੀ ਦਾਤਿ ਦੇ ਕੇ) ਆਦਰ ਮਾਣ ਬਖ਼ਸ਼ਦਾ ਹੈ। ਉਸ ਬੇਅੰਤ ਅਪਹੁੰਚ ਤੇ ਅਗੋਚਰ ਪ੍ਰਭੂ ਦੀ ਕੀਮਤ (ਜੀਵਾਂ ਦੇ) ਬਿਆਨ ਕਰਨ ਨਾਲ ਨਹੀਂ ਦੱਸੀ ਜਾ ਸਕਦੀ (ਉਸਦੇ ਬਰਾਬਰ ਦਾ ਹੋਰ ਕੋਈ ਦੱਸਿਆ ਨਹੀਂ ਜਾ ਸਕਦਾ) ।੪।
ਪਰਮਾਤਮਾ ਇਕ ਐਸੀ ਆਤਮਕ ਅਵਸਥਾ ਦਾ ਮਾਲਕ ਹੈ ਕਿ ਉਸ ਉਤੇ ਮਾਇਆ ਦੇ ਫੁਰਨੇ ਜ਼ੋਰ ਨਹੀਂ ਪਾ ਸਕਦੇ, ਉਹ ਤਿੰਨਾਂ ਹੀ ਭਵਨਾਂ ਦਾ ਮਾਲਕ ਹੈ, ਉਸ ਦਾ ਨਾਮ ਜੀਵਾਂ ਵਾਸਤੇ ਮਹਾਨ ਉੱਚਾ ਸ੍ਰੇਸ਼ਟ ਧਨ ਹੈ। ਜਗਤ ਵਿਚ ਜਿਤਨੇ ਭੀ ਜੀਵ ਜਨਮ ਲੈਂਦੇ ਹਨ ਉਹਨਾਂ ਦੇ ਮੱਥੇ ਉਤੇ (ਉਹਨਾਂ ਦੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਪਰਮਾਤਮਾ ਦੀ ਰਜ਼ਾ ਵਿਚ ਹੀ) ਲੇਖ (ਲਿਖਿਆ ਜਾਂਦਾ ਹੈ, ਹਰੇਕ ਜੀਵ ਨੂੰ) ਆਪੋ ਆਪਣੇ ਸਿਰ ਉਤੇ ਲਿਖਿਆ ਲੇਖ ਸਹਿਣਾ ਪੈਂਦਾ ਹੈ। ਪਰਮਾਤਮਾ ਆਪ ਹੀ (ਸਾਧਾਰਨ) ਕੰਮ ਤੇ ਚੰਗੇ ਕੰਮ (ਜੀਵਾਂ ਪਾਸੋਂ) ਕਰਾਂਦਾ ਹੈ, ਆਪ ਹੀ (ਜੀਵਾਂ ਦੇ ਹਿਰਦੇ ਵਿਚ ਆਪਣੀ) ਭਗਤੀ ਦ੍ਰਿੜ੍ਹ ਕਰਦਾ ਹੈ। ਅਪਹੁੰਚ ਪ੍ਰਭੂ ਆਪ ਹੀ (ਜੀਵਾਂ ਨੂੰ ਆਪਣੀ) ਡੂੰਘੀ ਸਾਂਝ ਬਖਸ਼ਦਾ ਹੈ। (ਸੱਚਾ ਵੈਰਾਗੀ) ਪਰਮਾਤਮਾ ਦੇ ਡਰ-ਅਦਬ ਵਿਚ ਗਿੱਝ ਜਾਂਦਾ ਹੈ, ਉਸ ਦੇ ਮਨ ਵਿਚ ਤੇ ਮੂੰਹ ਵਿਚ (ਪਹਿਲਾਂ ਜੋ ਭੀ ਵਿਕਾਰਾਂ ਦੀ ਨਿੰਦਾ ਆਦਿਕ ਦੀ) ਮੈਲ (ਹੁੰਦੀ ਹੈ ਉਹ) ਦੂਰ ਹੋ ਜਾਂਦੀ ਹੈ।੫।
ਜਿਨ੍ਹਾਂ ਮਨੁੱਖ ਨੇ (ਪਰਮਾਤਮਾ ਦੇ ਨਾਮ ਦਾ ਰਸ) ਚੱਖਿਆ ਹੈ, (ਉਸ ਦਾ) ਸੁਆਦ ਉਹੀ ਜਾਣਦੇ ਹਨ (ਦੱਸ ਨਹੀਂ ਸਕਦੇ) , ਜਿਵੇਂ ਗੁੰਗੇ ਮਨੁੱਖ ਦੀ ਖਾਧੀ ਮਿਠਿਆਈ (ਦਾ ਸੁਆਦ ਗੁੰਗਾ ਆਪ ਹੀ ਜਾਣਦਾ ਹੈ, ਕਿਸੇ ਨੂੰ ਦੱਸ ਨਹੀਂ ਸਕਦਾ) । ਹੇ ਭਾਈ! ਨਾਮ-ਰਸ ਹੈ ਹੀ ਅਕੱਥ, ਬਿਆਨ ਕੀਤਾ ਹੀ ਨਹੀਂ ਜਾ ਸਕਦਾ। (ਮੈਂ ਤਾਂ ਸਦਾ ਇਹੀ ਤਾਂਘ ਰੱਖਦਾ ਹਾਂ ਕਿ) ਮੈਂ ਉਸ ਮਾਲਕ-ਪ੍ਰਭੂ ਦੀ ਰਜ਼ਾ ਵਿਚ ਤੁਰਾਂ। (ਪਰ ਰਜ਼ਾ ਵਿਚ ਤੁਰਨ ਦੀ) ਸੂਝ ਭੀ ਤਦੋਂ ਹੀ ਆਉਂਦੀ ਹੈ ਜੇ ਗੁਰੂ ਉਸ ਦਾਤਾਰ-ਪ੍ਰਭੂ ਨਾਲ ਮਿਲਾ ਦੇਵੇ। ਜੇਹੜਾ ਬੰਦਾ ਗੁਰੂ ਦੀ ਸ਼ਰਨ ਨਹੀਂ ਪਿਆ, ਉਸ ਨੂੰ ਇਹ ਸਮਝ ਰਤਾ ਭੀ ਨਹੀਂ ਆਉਂਦੀ। ਹੇ ਭਾਈ! ਕੋਈ ਆਦਮੀ ਆਪਣੀ ਸਿਆਣਪ ਦਾ ਮਾਣ ਨਹੀਂ ਕਰ ਸਕਦਾ, ਜਿਵੇਂ ਜਿਵੇਂ ਪਰਮਾਤਮਾ ਸਾਨੂੰ ਜੀਵਾਂ ਨੂੰ (ਜੀਵਨ-ਰਾਹ ਉਤੇ) ਤੋਰਦਾ ਹੈ ਤਿਵੇਂ ਤਿਵੇਂ ਹੀ ਅਸੀ ਤੁਰਦੇ ਹਾਂ।੬।
ਹੇ ਅਪਾਰ ਪ੍ਰਭੂ! ਅਨੇਕਾਂ ਜੀਵ ਭਟਕਣਾ ਵਿਚ (ਪਾ ਕੇ) ਕੁਰਾਹੇ ਪਾਏ ਹੋਏ ਹਨ, ਅਨੇਕਾਂ ਜੀਵ ਤੇਰੀ ਭਗਤੀ (ਦੇ ਰੰਗ) ਵਿਚ ਰੰਗੇ ਹੋਏ ਹਨ-ਇਹ (ਸਭ) ਤੇਰਾ ਖੇਲ (ਰਚਿਆ ਹੋਇਆ) ਹੈ। ਜਿਸ ਪਾਸੇ ਤੂੰ ਜੀਵਾਂ ਨੂੰ ਲਾਇਆ ਹੋਇਆ ਹੈ ਉਹੋ ਜਿਹਾ ਫਲ ਜੀਵ ਭੋਗ ਰਹੇ ਹਨ। ਤੂੰ (ਸਭ ਜੀਵਾਂ ਨੂੰ) ਆਪਣੇ ਹੁਕਮ ਵਿਚ ਚਲਾਣ ਦੇ ਸਮਰੱਥ ਹੈਂ। (ਮੇਰੇ ਪਾਸ) ਜੇ ਕੋਈ ਚੀਜ਼ ਮੇਰੀ ਆਪਣੀ ਹੋਵੇ ਤਾਂ (ਮੈਂ ਇਹ ਆਖਣ ਦਾ ਫ਼ਖਰ ਕਰ ਸਕਾਂ ਕਿ) ਮੈਂ ਤੇਰੀ ਸੇਵਾ ਕਰ ਰਿਹਾ ਹਾਂ, ਪਰ ਮੇਰੀ ਇਹ ਜਿੰਦ ਤੇਰੀ ਹੀ ਦਿੱਤੀ ਹੋਈ ਹੈ ਤੇ ਮੇਰਾ ਸਰੀਰ ਭੀ ਤੇਰਾ ਹੀ ਦਿੱਤਾ ਹੋਇਆ ਹੈ। ਜੇ ਗੁਰੂ ਮਿਲ ਪਏ ਤਾਂ ਉਹ ਕਿਰਪਾ ਕਰਦਾ ਹੈ ਤੇ ਆਤਮਕ ਜੀਵਨ ਦੇਣ ਵਾਲਾ ਤੇਰਾ ਨਾਮ ਮੈਨੂੰ (ਜ਼ਿੰਦਗੀ ਦਾ) ਆਸਰਾ ਦੇਂਦਾ ਹੈ।੭।
ਹੇ ਨਾਨਕ! ਜੋ ਮਨੁੱਖ ਸਦਾ ਉੱਚੇ ਆਤਮਕ ਮੰਡਲ ਵਿਚ ਵੱਸਦਾ ਹੈ (ਸੁਰਤਿ ਟਿਕਾਈ ਰੱਖਦਾ ਹੈ) ਉਸ ਦੇ ਅੰਦਰ ਆਤਮਕ ਗੁਣ ਪਰਗਟ ਹੁੰਦੇ ਹਨ, ਆਤਮਕ ਗੁਣਾਂ ਨਾਲ ਉਹ ਡੂੰਘੀ ਸਾਂਝ ਪਾਈ ਰੱਖਦਾ ਹੈ, ਆਤਮਕ ਗੁਣਾਂ ਵਿਚ ਹੀ ਉਸ ਦੀ ਸੁਰਤਿ ਜੁੜੀ ਰਹਿੰਦੀ ਹੈ (ਉਹੀ ਮਨੁੱਖ ਪੂਰਨ ਤਿਆਗੀ ਹੈ) । ਉਸ ਦੇ ਮਨ ਨੂੰ ਪਰਮਾਤਮਾ ਦਾ ਨਾਮ ਪਿਆਰਾ ਲੱਗਦਾ ਹੈ, ਉਹ (ਆਪ ਨਾਮ) ਸਿਮਰਦਾ ਹੈ (ਹੋਰਨਾਂ ਨੂੰ ਸਿਮਰਨ ਲਈ) ਪ੍ਰੇਰਦਾ ਹੈ। ਉਹ ਸਦਾ ਜਗਤ-ਮੂਲ ਪ੍ਰਭੂ ਦੀ ਹੀ ਸਿਫ਼ਤਿ-ਸਾਲਾਹ ਕਰਦਾ ਹੈ। ਗੁਰੂ ਪੀਰ ਦੇ ਸ਼ਬਦ ਨੂੰ (ਹਿਰਦੇ ਵਿਚ ਟਿਕਾ ਕੇ) ਉਹ ਡੂੰਘੇ ਜਿਗਰੇ ਵਾਲਾ ਬਣ ਜਾਂਦਾ ਹੈ। ਪਰ ਗੁਰ-ਸ਼ਬਦ ਤੋਂ ਖੁੰਝ ਕੇ ਜਗਤ (ਮਾਇਆ ਦੇ ਮੋਹ ਵਿਚ) ਕਮਲਾ (ਹੋਇਆ ਫਿਰਦਾ) ਹੈ। ਉਹ ਪੂਰਨ ਤਿਆਗੀ ਮਨੁੱਖ ਅਡੋਲ ਆਤਮਕ ਅਵਸਥਾ ਵਿਚ ਟਿਕ ਕੇ ਚੰਗੇ ਭਾਗਾਂ ਵਾਲਾ ਬਣ ਜਾਂਦਾ ਹੈ, ਉਸ ਦਾ ਮਨ ਸਦਾ-ਥਿਰ ਰਹਿਣ ਵਾਲੇ ਪ੍ਰਭੂ (ਦੀ ਯਾਦ ਨੂੰ ਹੀ ਆਪਣਾ ਜੀਵਨ-ਨਿਸ਼ਾਨਾ) ਮੰਨਦਾ ਹੈ।੮।੧।

ਜੈਤਸਰੀ ਮਹਲਾ ੪ ਘਰੁ ੧ ਚਉਪਦੇ
ੴ ਸਤਿਗੁਰ ਪ੍ਰਸਾਦਿ ॥
ਮੇਰੈ ਹੀਅਰੈ ਰਤਨੁ ਨਾਮੁ ਹਰਿ ਬਸਿਆ ਗੁਰਿ ਹਾਥੁ ਧਰਿਓ ਮੇਰੈ ਮਾਥਾ ॥ ਜਨਮ ਜਨਮ ਕੇ ਕਿਲਬਿਖ ਦੁਖ ਉਤਰੇ ਗੁਰਿ ਨਾਮੁ ਦੀਓ ਰਿਨੁ ਲਾਥਾ ॥੧॥ ਮੇਰੇ ਮਨ ਭਜੁ ਰਾਮ ਨਾਮੁ ਸਭਿ ਅਰਥਾ ॥ ਗੁਰਿ ਪੂਰੈ ਹਰਿ ਨਾਮੁ ਦ੍ਰਿੜਾਇਆ ਬਿਨੁ ਨਾਵੈ ਜੀਵਨੁ ਬਿਰਥਾ ॥ ਰਹਾਉ ॥ ਬਿਨੁ ਗੁਰ ਮੂੜ ਭਏ ਹੈ ਮਨਮੁਖ ਤੇ ਮੋਹ ਮਾਇਆ ਨਿਤ ਫਾਥਾ ॥ ਤਿਨ ਸਾਧੂ ਚਰਣ ਨ ਸੇਵੇ ਕਬਹੂ ਤਿਨ ਸਭੁ ਜਨਮੁ ਅਕਾਥਾ ॥੨॥ ਜਿਨ ਸਾਧੂ ਚਰਣ ਸਾਧ ਪਗ ਸੇਵੇ ਤਿਨ ਸਫਲਿਓ ਜਨਮੁ ਸਨਾਥਾ ॥ ਮੋ ਕਉ ਕੀਜੈ ਦਾਸੁ ਦਾਸ ਦਾਸਨ ਕੋ ਹਰਿ ਦਇਆ ਧਾਰਿ ਜਗੰਨਾਥਾ ॥੩॥ ਹਮ ਅੰਧੁਲੇ ਗਿਆਨਹੀਨ ਅਗਿਆਨੀ ਕਿਉ ਚਾਲਹ ਮਾਰਗਿ ਪੰਥਾ ॥ ਹਮ ਅੰਧੁਲੇ ਕਉ ਗੁਰ ਅੰਚਲੁ ਦੀਜੈ ਜਨ ਨਾਨਕ ਚਲਹ ਮਿਲੰਥਾ ॥੪॥੧॥ {ਪੰਨਾ 696}
ਪਦਅਰਥ: ਹੀਅਰੈ = ਹਿਰਦੇ ਵਿਚ। ਗੁਰਿ = ਗੁਰੂ ਨੇ। ਮੇਰੈ ਮਾਥਾ = ਮੇਰੈ ਮਾਥੈ, ਮੇਰੇ ਮੱਥੇ ਉੱਤੇ। ਕਿਲਬਿਖ = ਪਾਪ। ਰਿਨੁ = ਕਰਜ਼ਾ, ਵਿਕਾਰਾਂ ਦਾ ਭਾਰ।੧।
ਮਨ = ਹੇ ਮਨ! ਸਭਿ = ਸਾਰੇ। ਅਰਥਾ = ਪਦਾਰਥ। ਦ੍ਰਿੜਾਇਆ = ਪੱਕਾ ਕਰ ਦਿੱਤਾ। ਬਿਰਥਾ = ਵਿਅਰਥ।ਰਹਾਉ।
ਮੂੜ = ਮੂਰਖ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਤੇ = ਉਹ {ਬਹੁ-ਵਚਨ}। ਸਾਧੂ = ਗੁਰੂ। ਅਕਥਾ = ਨਿਸਫਲ, ਅਕਾਰਥ।੨।
ਪਗ = ਪੈਰ, ਚਰਨ। ਸਫਲਿਓ = ਕਾਮਯਾਬ। ਸਨਾਥਾ = ਖਸਮ ਵਾਲੇ। ਮੋ ਕਉ = ਮੈਨੂੰ। ਕਉ = ਨੂੰ। ਕੀਜੈ = ਬਣਾ ਲੈ। ਜਗੰਨਾਥਾ = ਹੇ ਜਗਤ ਦੇ ਨਾਥ!।੩।
ਕਿਉ = ਕਿਵੇਂ? ਚਾਲਹ = ਅਸੀ ਚੱਲੀਏ। ਮਾਰਗਿ = ਰਸਤੇ ਉਤੇ। ਪੰਥਾ = ਪੰਥਿ, ਰਸਤੇ ਉਤੇ। ਗੁਰ = ਹੇ ਗੁਰੂ! ਅੰਚਲੁ = ਪੱਲਾ। ਮਿਲੰਥਾ = ਮਿਲ ਕੇ।੪।
ਅਰਥ: ਹੇ ਮੇਰੇ ਮਨ! ਸਦਾ) ਪਰਮਾਤਮਾ ਦਾ ਨਾਮ ਸਿਮਰਿਆ ਕਰ, (ਪਰਮਾਤਮਾ) ਸਾਰੇ ਪਦਾਰਥ (ਦੇਣ ਵਾਲਾ ਹੈ) । (ਹੇ ਮਨ! ਗੁਰੂ ਦੀ ਸਰਨ ਪਿਆ ਰਹੁ) ਪੂਰੇ ਗੁਰੂ ਨੇ (ਹੀ) ਪਰਮਾਤਮਾ ਦਾ ਨਾਮ (ਹਿਰਦੇ ਵਿਚ) ਪੱਕਾ ਕੀਤਾ ਹੈ। ਤੇ, ਨਾਮ ਤੋਂ ਬਿਨਾ ਮਨੁੱਖਾ ਜ਼ਿੰਦਗੀ ਵਿਅਰਥ ਚਲੀ ਜਾਂਦੀ ਹੈ।ਰਹਾਉ।
(ਹੇ ਭਾਈ! ਜਦੋਂ) ਗੁਰੂ ਨੇ ਮੇਰੇ ਸਿਰ ਉੱਤੇ ਆਪਣਾ ਹੱਥ ਰੱਖਿਆ, ਤਾਂ ਮੇਰੇ ਹਿਰਦੇ ਵਿਚ ਪਰਮਾਤਮਾ ਦਾ ਰਤਨ (ਵਰਗਾ ਕੀਮਤੀ) ਨਾਮ ਆ ਵੱਸਿਆ। (ਹੇ ਭਾਈ! ਜਿਸ ਭੀ ਮਨੁੱਖ ਨੂੰ) ਗੁਰੂ ਨੇ ਪਰਮਾਤਮਾ ਦਾ ਨਾਮ ਦਿੱਤਾ, ਉਸ ਦੇ ਅਨੇਕਾਂ ਜਨਮਾਂ ਦੇ ਪਾਪ ਦੁੱਖ ਦੂਰ ਹੋ ਗਏ, (ਉਸ ਦੇ ਸਿਰੋਂ ਪਾਪਾਂ ਦਾ) ਕਰਜ਼ਾ ਉਤਰ ਗਿਆ।੧।
ਹੇ ਭਾਈ! ਜੇਹੜੇ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦੇ ਹਨ ਉਹ ਗੁਰੂ (ਦੀ ਸਰਨ) ਤੋਂ ਬਿਨਾ ਮੂਰਖ ਹੋਏ ਰਹਿੰਦੇ ਹਨ, ਉਹ ਸਦਾ ਮਾਇਆ ਦੇ ਮੋਹ ਵਿਚ ਫਸੇ ਰਹਿੰਦੇ ਹਨ। ਉਹਨਾਂ ਨੇ ਕਦੇ ਭੀ ਗੁਰੂ ਦਾ ਆਸਰਾ ਨਹੀਂ ਲਿਆ, ਉਹਨਾਂ ਦਾ ਸਾਰਾ ਜੀਵਨ ਵਿਅਰਥ ਚਲਾ ਜਾਂਦਾ ਹੈ।੨।
ਹੇ ਭਾਈ! ਜੇਹੜੇ ਮਨੁੱਖ ਗੁਰੂ ਦੇ ਚਰਨਾਂ ਦੀ ਓਟ ਲੈਂਦੇ ਹਨ, ਉਹ ਖਸਮ ਵਾਲੇ ਬਣ ਜਾਂਦੇ ਹਨ, ਉਹਨਾਂ ਦੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ। ਹੇ ਹਰੀ! ਹੇ ਜਗਤ ਦੇ ਨਾਥ! ਮੇਰੇ ਉੱਤੇ ਮੇਹਰ ਕਰ, ਮੈਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਲੈ।੩।
ਹੇ ਗੁਰੂ! ਅਸੀ ਮਾਇਆ ਵਿਚ ਅੰਨ੍ਹੇ ਹੋ ਰਹੇ ਹਾਂ, ਅਸੀਂ ਆਤਮਕ ਜੀਵਨ ਦੀ ਸੂਝ ਤੋਂ ਸੱਖਣੇ ਹਾਂ, ਸਾਨੂੰ ਸਹੀ ਜੀਵਨ-ਜੁਗਤਿ ਦੀ ਸੂਝ ਨਹੀਂ ਹੈ, ਅਸੀ ਤੇਰੇ ਦੱਸੇ ਹੋਏ ਜੀਵਨ-ਰਾਹ ਉੱਤੇ ਤੁਰ ਨਹੀਂ ਸਕਦੇ। ਹੇ ਦਾਸ ਨਾਨਕ! (ਆਖ-) ਹੇ ਗੁਰੂ! ਸਾਨੂੰ ਅੰਨਿ੍ਹਆਂ ਨੂੰ ਆਪਣਾ ਪੱਲਾ ਫੜਾ, ਤਾਂ ਕਿ ਤੇਰੇ ਪੱਲੇ ਲੱਗ ਕੇ ਅਸੀ ਤੇਰੇ ਦੱਸੇ ਹੋਏ ਰਸਤੇ ਉਤੇ ਤੁਰ ਸਕੀਏ।੪।੧।
ਰਾਗੁ ਸੂਹੀ ਮਹਲਾ ੩ ਘਰੁ ੧ ਅਸਟਪਦੀਆ ੴ ਸਤਿਗੁਰ ਪ੍ਰਸਾਦਿ ॥ ਨਾਮੈ ਹੀ ਤੇ ਸਭੁ ਕਿਛੁ ਹੋਆ ਬਿਨੁ ਸਤਿਗੁਰ ਨਾਮੁ ਨ ਜਾਪੈ ॥ ਗੁਰ ਕਾ ਸਬਦੁ ਮਹਾ ਰਸੁ ਮੀਠਾ ਬਿਨੁ ਚਾਖੇ ਸਾਦੁ ਨ ਜਾਪੈ ॥ ਕਉਡੀ ਬਦਲੈ ਜਨਮੁ ਗਵਾਇਆ ਚੀਨਸਿ ਨਾਹੀ ਆਪੈ ॥ ਗੁਰਮੁਖਿ ਹੋਵੈ ਤਾ ਏਕੋ ਜਾਣੈ ਹਉਮੈ ਦੁਖੁ ਨ ਸੰਤਾਪੈ ॥੧॥ ਬਲਿਹਾਰੀ ਗੁਰ ਅਪਣੇ ਵਿਟਹੁ ਜਿਨਿ ਸਾਚੇ ਸਿਉ ਲਿਵ ਲਾਈ ॥ ਸਬਦੁ ਚੀਨ੍ਹ੍ਹਿ ਆਤਮੁ ਪਰਗਾਸਿਆ ਸਹਜੇ ਰਹਿਆ ਸਮਾਈ ॥੧॥ ਰਹਾਉ ॥ਗੁਰਮੁਖਿ ਗਾਵੈ ਗੁਰਮੁਖਿ ਬੂਝੈ ਗੁਰਮੁਖਿ ਸਬਦੁ ਬੀਚਾਰੇ ॥ ਜੀਉ ਪਿੰਡੁ ਸਭੁ ਗੁਰ ਤੇ ਉਪਜੈ ਗੁਰਮੁਖਿ ਕਾਰਜ ਸਵਾਰੇ ॥ ਮਨਮੁਖਿ ਅੰਧਾ ਅੰਧੁ ਕਮਾਵੈ ਬਿਖੁ ਖਟੇ ਸੰਸਾਰੇ ॥ ਮਾਇਆ ਮੋਹਿ ਸਦਾ ਦੁਖੁ ਪਾਏ ਬਿਨੁ ਗੁਰ ਅਤਿ ਪਿਆਰੇ ॥੨॥ {ਪੰਨਾ 753}
ਪਦਅਰਥ: ਨਾਮੈ ਹੀ ਤੇ = ਪਰਮਾਤਮਾ ਦੇ ਨਾਮ ਤੇ ਹੀ। ਨ ਜਾਪੈ = ਕਦਰ ਨਹੀਂ ਪੈਂਦੀ, ਸਮਝ ਨਹੀਂ ਆਉਂਦੀ। ਮਹਾ ਰਸੁ = ਵੱਡੇ ਰਸ ਵਾਲਾ। ਸਾਦੁ = ਸੁਆਦ। ਚੀਨ੍ਹ੍ਹਸਿ = ਪਛਾਣਦਾ। ਆਪੈ = ਆਪਣੇ ਆਪ ਨੂੰ, ਆਪਣੇ ਆਤਮਕ ਜੀਵਨ ਨੂੰ। ਗੁਰਮੁਖਿ = ਗੁਰੂ ਦੇ ਦੱਸੇ ਰਾਹ ਉਤੇ ਤੁਰਨ ਵਾਲਾ। ਜਾਣੈ = ਸਾਂਝ ਪਾਂਦਾ ਹੈ। ਸੰਤਾਪੈ = ਦੁੱਖ ਦੇਂਦਾ।੧।
ਵਿਟਹੁ = ਤੋਂ। ਜਿਨਿ = ਜਿਸ (ਗੁਰੂ) ਨੇ। ਸਿਉ = ਨਾਲ। ਲਿਵ = ਲਗਨ, ਪ੍ਰੀਤਿ। ਚੀਨ੍ਹ੍ਹਿ = ਪਛਾਣ ਕੇ। ਆਤਮੁ = ਆਪਣਾ ਆਪਾ। ਪਰਗਾਸਿਆ = ਰੌਸ਼ਨ ਹੋ ਜਾਂਦਾ ਹੈ, ਚਮਕ ਪੈਂਦਾ ਹੈ। ਸਹਜੇ = ਆਤਮਕ ਅਡੋਲਤਾ ਵਿਚ।੧।ਰਹਾਉ।
ਜੀਉ = ਜਿੰਦ। ਪਿੰਡੁ = ਸਰੀਰ। ਤੇ = ਤੋਂ। ਉਪਜੈ = ਪੈਦਾ ਹੁੰਦਾ ਹੈ, ਆਤਮਕ ਜਨਮ ਲੈਂਦਾ ਹੈ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਬਿਖ = ਜ਼ਹਿਰ, ਆਤਮਕ ਜੀਵਨ ਨੂੰ ਮਾਰ ਮੁਕਾਣ ਵਾਲਾ ਜ਼ਹਿਰ। ਮੋਹਿ = ਮੋਹ ਵਿਚ।੨।
ਅਰਥ: ਹੇ ਭਾਈ! ਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ, ਜਿਸ ਨੇ (ਸਰਨ ਆਏ ਮਨੁੱਖ ਦੀ) ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨਾਲ ਪ੍ਰੀਤਿ ਜੋੜ ਦਿੱਤੀ (ਭਾਵ, ਜੋੜ ਦੇਂਦਾ ਹੈ) । ਗੁਰੂ ਦੇ ਸ਼ਬਦ ਨਾਲ ਸਾਂਝ ਪਾ ਕੇ ਮਨੁੱਖ ਦਾ ਆਤਮਕ ਜੀਵਨ ਚਮਕ ਪੈਂਦਾ ਹੈ, ਮਨੁੱਖ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ।੧।ਰਹਾਉ।
ਹੇ ਭਾਈ! ਪਰਮਾਤਮਾ ਦੇ ਨਾਮ ਤੋਂ ਸਭ ਕੁਝ (ਸਾਰਾ ਰੌਸ਼ਨ ਆਤਮਕ ਜੀਵਨ) ਹੁੰਦਾ ਹੈ, ਪਰ ਗੁਰੂ ਦੀ ਸਰਨ ਪੈਣ ਤੋਂ ਬਿਨਾ ਨਾਮ ਦੀ ਕਦਰ ਨਹੀਂ ਪੈਂਦੀ। ਗੁਰੂ ਦਾ ਸ਼ਬਦ ਵੱਡੇ ਰਸ ਵਾਲਾ ਹੈ ਮਿੱਠਾ ਹੈ, ਜਿਤਨਾ ਚਿਰ ਇਸ ਨੂੰ ਚੱਖਿਆ ਨਾਹ ਜਾਏ, ਸੁਆਦ ਦਾ ਪਤਾ ਨਹੀਂ ਲੱਗ ਸਕਦਾ। ਜੇਹੜਾ ਮਨੁੱਖ (ਗੁਰੂ ਦੇ ਸ਼ਬਦ ਦੀ ਰਾਹੀਂ) ਆਪਣੇ ਆਤਮਕ ਜੀਵਨ ਨੂੰ ਪਛਾਣਦਾ ਨਹੀਂ, ਉਹ ਆਪਣੇ ਮਨੁੱਖਾ ਜਨਮ ਨੂੰ ਕੌਡੀ ਦੇ ਵੱਟੇ (ਵਿਅਰਥ ਹੀ) ਗਵਾ ਲੈਂਦਾ ਹੈ। ਜਦੋਂ ਮਨੁੱਖ ਗੁਰੂ ਦੇ ਦੱਸੇ ਰਾਹ ਉਤੇ ਤੁਰਦਾ ਹੈ, ਤਦੋਂ ਇਕ ਪਰਮਾਤਮਾ ਨਾਲ ਡੂੰਘੀ ਸਾਂਝ ਪਾਂਦਾ ਹੈ, ਤੇ, ਉਸ ਨੂੰ ਹਉਮੈ ਦਾ ਦੁੱਖ ਨਹੀਂ ਸਤਾ ਸਕਦਾ।੧।
ਹੇ ਭਾਈ! ਗੁਰੂ ਦੀ ਸਰਨ ਪੈਣ ਵਾਲਾ ਮਨੁੱਖ ਗੁਰੂ ਦੇ ਸ਼ਬਦ ਨੂੰ ਗਾਂਦਾ ਰਹਿੰਦਾ ਹੈ, ਗੁਰੂ ਦੇ ਸ਼ਬਦ ਨੂੰ ਸਮਝਦਾ ਹੈ, ਗੁਰੂ ਦੇ ਸ਼ਬਦ ਨੂੰ ਵਿਚਾਰਦਾ ਹੈ। ਉਸ ਮਨੁੱਖ ਦੀ ਜਿੰਦ ਉਸ ਦਾ ਸਰੀਰ ਗੁਰੂ ਦੀ ਬਰਕਤਿ ਨਾਲ ਨਵਾਂ ਆਤਮਕ ਜਨਮ ਲੈਂਦਾ ਹੈ, ਗੁਰੂ ਦੀ ਸਰਨ ਪੈ ਕੇ ਉਹ ਆਪਣੇ ਸਾਰੇ ਕੰਮ ਸਵਾਰ ਲੈਂਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਰਹਿੰਦਾ ਹੈ, ਉਹ ਸਦਾ ਅੰਨਿ੍ਹਆਂ ਵਾਲਾ ਕੰਮ ਹੀ ਕਰਦਾ ਰਹਿੰਦਾ ਹੈ, ਜਗਤ ਵਿਚ ਉਹ ਉਹੀ ਖੱਟੀ ਖੱਟਦਾ ਹੈ ਜੇਹੜੀ ਉਸ ਦੇ ਆਤਮਕ ਜੀਵਨ ਵਾਸਤੇ ਜ਼ਹਿਰ ਬਣ ਜਾਂਦੀ ਹੈ। ਪਿਆਰੇ ਗੁਰੂ ਦੀ ਸਰਨ ਤੋਂ ਬਿਨਾ ਉਹ ਮਨੁੱਖ ਮਾਇਆ ਦੇ ਮੋਹ ਵਿਚ ਫਸ ਕੇ ਸਦਾ ਦੁੱਖ ਸਹਾਰਦਾ ਰਹਿੰਦਾ ਹੈ।੨।
ਰਾਗੁ ਸੋਰਠਿ ਬਾਣੀ ਭਗਤ ਰਵਿਦਾਸ ਜੀ ਕੀ ੴ ਸਤਿਗੁਰ ਪ੍ਰਸਾਦਿ ॥ ਜਬ ਹਮ ਹੋਤੇ ਤਬ ਤੂ ਨਾਹੀ ਅਬ ਤੂਹੀ ਮੈ ਨਾਹੀ ॥ ਅਨਲ ਅਗਮ ਜੈਸੇ ਲਹਰਿ ਮਇ ਓਦਧਿ ਜਲ ਕੇਵਲ ਜਲ ਮਾਂਹੀ ॥੧॥ ਮਾਧਵੇ ਕਿਆ ਕਹੀਐ ਭ੍ਰਮੁ ਐਸਾ ॥ ਜੈਸਾ ਮਾਨੀਐ ਹੋਇ ਨ ਤੈਸਾ ॥੧॥ ਰਹਾਉ ॥ ਨਰਪਤਿ ਏਕੁ ਸਿੰਘਾਸਨਿ ਸੋਇਆ ਸੁਪਨੇ ਭਇਆ ਭਿਖਾਰੀ ॥ ਅਛਤ ਰਾਜ ਬਿਛੁਰਤ ਦੁਖੁ ਪਾਇਆ ਸੋ ਗਤਿ ਭਈ ਹਮਾਰੀ ॥੨॥ ਰਾਜ ਭੁਇਅੰਗ ਪ੍ਰਸੰਗ ਜੈਸੇ ਹਹਿ ਅਬ ਕਛੁ ਮਰਮੁ ਜਨਾਇਆ ॥ ਅਨਿਕ ਕਟਕ ਜੈਸੇ ਭੂਲਿ ਪਰੇ ਅਬ ਕਹਤੇ ਕਹਨੁ ਨ ਆਇਆ ॥੩॥ ਸਰਬੇ ਏਕੁ ਅਨੇਕੈ ਸੁਆਮੀ ਸਭ ਘਟ ਭਗਵੈ ਸੋਈ ॥ ਕਹਿ ਰਵਿਦਾਸ ਹਾਥ ਪੈ ਨੇਰੈ ਸਹਜੇ ਹੋਇ ਸੁ ਹੋਈ ॥੪॥੧॥ {ਪੰਨਾ 657-658}
ਪਦਅਰਥ: ਜਬ = ਜਿਤਨਾ ਚਿਰ। ਹਮ = ਅਸੀ, ਹਉਮੈ, ਆਪਾ = ਭਾਵ। ਹੋਤੇ = ਹੁੰਦੇ ਹਾਂ। ਮੈ = ਮੇਰੀ ਅਪਣੱਤ, ਹਉਮੈ। ਅਨਲ = {Skt. अनिल} ਹਵਾ। ਅਨਲ ਅਗਮ = ਭਾਰੀ ਹਨੇਰੀ (ਦੇ ਕਾਰਨ) । ਲਹਰਿ ਮਇ = ਲਹਰਿ ਮਯ, ਲਹਰਿ ਮੈ, {ਸੰ: ਮਯ = ਜਿਸ ਲਫ਼ਜ਼ ਦੇ ਅਖ਼ੀਰ ਵਿਚ ਲਫ਼ਜ਼ 'ਮਯ' ਵਰਤਿਆ ਜਾਏ, ਉਸ ਦੇ ਅਰਬ ਵਿਚ 'ਬਹੁਲਤਾ' ਦਾ ਖ਼ਿਆਲ ਵਧਾਇਆ ਜਾਂਦਾ ਹੈ, ਜਿਵੇਂ ਦਇਆ ਮਯ = ਦਇਆ ਨਾਲ ਭਰਪੂਰ} ਲਹਰਾਂ ਨਾਲ ਭਰਪੂਰ। ਓਦਧਿ = {Skt. ਉਦਧਿ, उदधि} ਸਮੁੰਦਰ।੧।
ਮਾਧਵੇ = ਹੇ ਮਾਧੋ! (ਨੋਟ: ਲਫ਼ਜ਼ 'ਮਾਧੋ' ਭਗਤ ਰਵਿਦਾਸ ਜੀ ਦਾ ਖ਼ਾਸ ਪਿਆਰਾ ਲਫ਼ਜ਼ ਹੈ, ਬਹੁਤੀ ਵਾਰੀ ਪਰਮਾਤਮਾ ਵਾਸਤੇ ਇਹੀ ਲਫ਼ਜ਼ ਵਰਤਦੇ ਹਨ, ਸੰਸਕ੍ਰਿਤ ਧਾਰਮਿਕ ਪੁਸਤਕਾਂ ਵਿਚ ਇਹ ਨਾਮ ਕ੍ਰਿਸ਼ਨ ਜੀ ਦਾ ਹੈ। ਜੇ ਰਵਿਦਾਸ ਜੀ ਸ੍ਰੀ ਰਾਮ ਚੰਦ ਜੀ ਦੇ ਉਪਾਸ਼ਕ ਹੁੰਦੇ, ਤਾਂ ਇਹ ਲਫ਼ਜ਼ ਉਹ ਨਾਹ ਵਰਤਦੇ) । ਕਿਆ ਕਹੀਐ = ਕੀਹ ਆਖੀਏ? ਕਿਹਾ ਨਹੀਂ ਜਾ ਸਕਦਾ। ਭ੍ਰਮੁ = ਭੁਲੇਖਾ। ਮਾਨੀਐ = ਮੰਨਿਆ ਜਾ ਰਿਹਾ ਹੈ, ਖ਼ਿਆਲ ਬਣਾਇਆ ਹੋਇਆ ਹੈ।੧।ਰਹਾਉ।
ਨਰਪਿਤ = ਰਾਜਾ। ਸਿੰਘਾਸਨਿ = ਤਖ਼ਤ ਉੱਤੇ। ਭਿਖਾਰੀ = ਮੰਗਤਾ। ਅਛਤ = ਹੁੰਦਿਆਂ ਸੁੰਦਿਆਂ। ਗਤਿ = ਹਾਲਤ।੨।
ਰਾਜ = ਰੱਜੂ, ਰੱਸੀ। ਭੁਇਅੰਗ = ਸੱਪ। ਪ੍ਰਸੰਗ = ਵਾਰਤਾ, ਗੱਲ। ਮਰਮੁ = ਭੇਤ, ਰਾਜ਼। ਕਟਕ = ਕੜੇ। ਕਹਤੇ = ਆਖਦਿਆਂ।੩।
ਸਰਬੇ = ਸਾਰਿਆਂ ਵਿਚ। ਅਨੇਕੈ = ਅਨੇਕ = ਰੂਪ ਹੋ ਕੇ। ਭਗਵੈ = {ਨੋਟ: ਅੱਖਰ 'ਭ' ਦੇ ਨਾਲ ਦੋ ਲਗਾਂ ਹਨ (ੋ) ਤੇ (ੁ) । ਅਸਲ ਲਫ਼ਜ਼ ਹੈ 'ਭੋਗਵੈ' ਪਰ ਇਥੇ ਪੜ੍ਹਨਾ ਹੈ 'ਭੁਗਵੈ'} ਭੋਗ ਰਿਹਾ ਹੈ, ਮੌਜੂਦ ਹੈ। ਪੈ = ਤੋਂ। ਸਹਜੇ = ਸੁਤੇ ਹੀ, ਉਸ ਦੀ ਰਜ਼ਾ ਵਿਚ।੪।
ਅਰਥ: (ਹੇ ਮਾਧੋ!) ਜਿਤਨਾ ਚਿਰ ਅਸਾਂ ਜੀਵਾਂ ਦੇ ਅੰਦਰ ਹਉਮੈ ਰਹਿੰਦੀ ਹੈ, ਉਤਨਾ ਚਿਰ ਤੂੰ (ਅਸਾਡੇ ਅੰਦਰ) ਪਰਗਟ ਨਹੀਂ ਹੁੰਦਾ, ਪਰ ਜਦੋਂ ਤੂੰ ਪ੍ਰਤੱਖ ਹੁੰਦਾ ਹੈਂ ਤਦੋਂ ਅਸਾਡੀ 'ਮੈਂ' ਦੂਰ ਹੋ ਜਾਂਦੀ ਹੈ; (ਇਸ 'ਮੈਂ' ਦੇ ਹਟਣ ਨਾਲ ਇਹ ਸਮਝ ਆ ਜਾਂਦੀ ਹੈ ਕਿ) ਜਿਵੇਂ ਬੜਾ ਤੂਫ਼ਾਨ ਆਇਆਂ ਸਮੁੰਦਰ ਲਹਿਰਾਂ ਨਾਲ ਨਕਾ-ਨਕ ਭਰ ਜਾਂਦਾ ਹੈ, ਪਰ ਅਸਲ ਵਿਚ ਉਹ (ਲਹਿਰਾਂ ਸਮੁੰਦਰ ਦੇ) ਪਾਣੀ ਵਿਚ ਪਾਣੀ ਹੀ ਹੈ (ਤਿਵੇਂ ਇਹ ਸਾਰੇ ਜੀਆ ਜੰਤ ਤੇਰਾ ਆਪਣਾ ਹੀ ਵਿਕਾਸ ਹੈ) ।੧।
ਹੇ ਮਾਧੋ! ਅਸਾਂ ਜੀਵਾਂ ਨੂੰ ਕੁਝ ਅਜਿਹਾ ਭੁਲੇਖਾ ਪਿਆ ਹੋਇਆ ਹੈ ਕਿ ਇਹ ਬਿਆਨ ਨਹੀਂ ਕੀਤਾ ਜਾ ਸਕਦਾ। ਅਸੀ ਜੋ ਮੰਨੀ ਬੈਠੇ ਹਾਂ (ਕਿ ਜਗਤ ਤੇਰੇ ਨਾਲੋਂ ਕੋਈ ਵੱਖਰੀ ਹਸਤੀ ਹੈ) , ਉਹ ਠੀਕ ਨਹੀਂ ਹੈ।੧।ਰਹਾਉ।
(ਜਿਵੇਂ) ਕੋਈ ਰਾਜਾ ਆਪਣੇ ਤਖ਼ਤ ਉਤੇ ਸੌਂ ਜਾਏ, ਤੇ, ਸੁਫ਼ਨੇ ਵਿਚ ਮੰਗਤਾ ਬਣ ਜਾਏ, ਰਾਜ ਹੁੰਦਿਆਂ ਸੁੰਦਿਆਂ ਉਹ (ਸੁਪਨੇ ਵਿਚ ਰਾਜ ਤੋਂ) ਵਿਛੜ ਕੇ ਦੁੱਖੀ ਹੁੰਦਾ ਹੈ, ਤਿਵੇਂ ਹੀ (ਹੇ ਮਾਧੋ! ਤੈਥੋਂ ਵਿਛੁੜ ਕੇ) ਅਸਾਡਾ ਜੀਵਾਂ ਦਾ ਹਾਲ ਹੋ ਰਿਹਾ ਹੈ।੨।
ਜਿਵੇਂ ਰੱਸੀ ਤੇ ਸੱਪ ਦਾ ਦ੍ਰਿਸ਼ਟਾਂਤ ਹੈ, ਜਿਵੇਂ (ਸੋਨੇ ਤੋਂ ਬਣੇ ਹੋਏ) ਅਨੇਕਾਂ ਕੜੇ ਵੇਖ ਕੇ ਭੁਲੇਖਾ ਪੈ ਜਾਏ (ਕਿ ਸੋਨਾ ਹੀ ਕਈ ਕਿਸਮ ਦਾ ਹੁੰਦਾ ਹੈ, ਤਿਵੇਂ ਅਸਾਨੂੰ ਭੁਲੇਖਾ ਬਣਿਆ ਪਿਆ ਹੈ ਕਿ ਇਹ ਜਗਤ ਤੈਥੋਂ ਵੱਖਰਾ ਹੈ) , ਪਰ ਤੂੰ ਮੈਨੂੰ ਹੁਣ ਕੁਝ ਕੁਝ ਭੇਤ ਜਣਾ ਦਿੱਤਾ ਹੈ। ਹੁਣ ਉਹ ਪੁਰਾਣੀ ਵਿਤਕਰੇ ਵਾਲੀ ਗੱਲ ਮੈਥੋਂ ਆਖੀ ਨਹੀਂ ਜਾਂਦੀ (ਭਾਵ, ਹੁਣ ਮੈਂ ਇਹ ਨਹੀਂ ਆਖਦਾ ਕਿ ਜਗਤ ਤੈਥੋਂ ਵੱਖਰੀ ਹਸਤੀ ਹੈ) ।੩।
(ਹੁਣ ਤਾਂ) ਰਵਿਦਾਸ ਆਖਦਾ ਹੈ ਕਿ ਉਹ ਪ੍ਰਭੂ-ਖਸਮ ਅਨੇਕਾਂ ਰੂਪ ਬਣਾ ਕੇ ਸਾਰਿਆਂ ਵਿਚ ਇੱਕ ਆਪ ਹੀ ਹੈ, ਸਭ ਘਟਾਂ ਵਿਚ ਆਪ ਹੀ ਬੈਠਾ ਜਗਤ ਦੇ ਰੰਗ ਮਾਣ ਰਿਹਾ ਹੈ। (ਦੂਰ ਨਹੀਂ) ਮੇਰੇ ਹੱਥ ਤੋਂ ਭੀ ਨੇੜੇ ਹੈ, ਜੋ ਕੁਝ (ਜਗਤ ਵਿਚ) ਵਰਤ ਰਿਹਾ ਹੈ, ਉਸੇ ਦੀ ਰਜ਼ਾ ਵਿਚ ਹੋ ਰਿਹਾ ਹੈ।੪।੧।
ਸ਼ਬਦ ਦਾ ਭਾਵ: ਪਰਮਾਤਮਾ ਸਰਬ-ਵਿਆਪਕ ਹੈ। ਪਰ ਜੀਵ ਆਪਣੀ 'ਹਉਂ' ਦੇ ਘੇਰੇ ਵਿਚ ਰਹਿ ਕੇ ਜਗਤ ਨੂੰ ਉਸ ਤੋਂ ਵੱਖਰੀ ਹਸਤੀ ਸਮਝਦਾ ਹੈ। ਜਿਤਨਾ ਚਿਰ 'ਹਉਂ' ਹੈ, ਉਤਨਾ ਚਿਰ ਵਿਤਕਰੇ ਹਨ।
ਧਨਾਸਰੀ ਮਹਲਾ ੫ ॥ ਜਿਸ ਕਾ ਤਨੁ ਮਨੁ ਧਨੁ ਸਭੁ ਤਿਸ ਕਾ ਸੋਈ ਸੁਘੜੁ ਸੁਜਾਨੀ ॥ ਤਿਨ ਹੀ ਸੁਣਿਆ ਦੁਖੁ ਸੁਖੁ ਮੇਰਾ ਤਉ ਬਿਧਿ ਨੀਕੀ ਖਟਾਨੀ ॥੧॥ ਜੀਅ ਕੀ ਏਕੈ ਹੀ ਪਹਿ ਮਾਨੀ ॥ ਅਵਰਿ ਜਤਨ ਕਰਿ ਰਹੇ ਬਹੁਤੇਰੇ ਤਿਨ ਤਿਲੁ ਨਹੀ ਕੀਮਤਿ ਜਾਨੀ ॥ ਰਹਾਉ ॥ ਅੰਮ੍ਰਿਤ ਨਾਮੁ ਨਿਰਮੋਲਕੁ ਹੀਰਾ ਗੁਰਿ ਦੀਨੋ ਮੰਤਾਨੀ ॥ ਡਿਗੈ ਨ ਡੋਲੈ ਦ੍ਰਿੜੁ ਕਰਿ ਰਹਿਓ ਪੂਰਨ ਹੋਇ ਤ੍ਰਿਪਤਾਨੀ ॥੨॥ ਓਇ ਜੁ ਬੀਚ ਹਮ ਤੁਮ ਕਛੁ ਹੋਤੇ ਤਿਨ ਕੀ ਬਾਤ ਬਿਲਾਨੀ ॥ ਅਲੰਕਾਰ ਮਿਲਿ ਥੈਲੀ ਹੋਈ ਹੈ ਤਾ ਤੇ ਕਨਿਕ ਵਖਾਨੀ ॥੩॥ ਪ੍ਰਗਟਿਓ ਜੋਤਿ ਸਹਜ ਸੁਖ ਸੋਭਾ ਬਾਜੇ ਅਨਹਤ ਬਾਨੀ ॥ ਕਹੁ ਨਾਨਕ ਨਿਹਚਲ ਘਰੁ ਬਾਧਿਓ ਗੁਰਿ ਕੀਓ ਬੰਧਾਨੀ ॥੪॥੫॥ {ਪੰਨਾ 671}
ਪਦਅਰਥ: ਜਿਸ ਕਾ, ਤਿਸ ਕਾ = {ਲਫ਼ਜ਼ 'ਜਿਸੁ' 'ਤਿਸੁ' ਦਾ ੁ ਸੰਬੰਧਕ 'ਕਾ' ਦੇ ਕਾਰਨ ਉੱਡ ਗਿਆ ਹੈ}। ਸੋਈ = ਉਹ (ਪ੍ਰਭੂ) ਹੀ। ਸੁਘੜੁ = ਸੁਚੱਜੀ ਆਤਮਕ ਘਾੜਤ ਵਾਲਾ। ਸੁਜਾਨੀ = ਸਿਆਣਾ। ਤਿਨ ਹੀ = ਤਿਨਿ ਹੀ {ਲਫ਼ਜ਼ 'ਤਿਨ' ਦੀ 'ਿ' ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਣ ਉੱਡ ਗਈ ਹੈ}। ਤਉ = ਤਦੋਂ। ਨੀਕੀ ਬਿਧਿ = ਚੰਗੀ ਹਾਲਤ। ਖਟਾਨੀ = ਬਣ ਗਈ।੧।
ਜੀਅ ਕੀ = ਜਿੰਦ ਦੀ। ਏਕੈ ਹੀ ਪਹਿ = ਇਕ ਪਰਮਾਤਮਾ ਦੇ ਪਾਸ ਹੀ। ਮਾਨੀ = ਮੰਨੀ ਜਾਂਦੀ ਹੈ। ਅਵਰਿ = {ਲਫ਼ਜ਼ 'ਅਵਰ' ਤੋਂ ਬਹੁ-ਵਚਨ} ਹੋਰ। ਤਿਨ ਕੀਮਤਿ = ਉਹਨਾਂ (ਜਤਨਾਂ) ਦੀ ਕੀਮਤਿ। ਜਾਨੀ = ਜਾਣੀ ਜਾਂਦੀ।ਰਹਾਉ।
ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ। ਨਿਰਮੋਲਕੁ = ਜਿਸ ਦਾ ਕੋਈ ਮੁੱਲ ਨਾਹ ਪਾਇਆ ਜਾ ਕੇ। ਗੁਰਿ = ਗੁਰੂ ਨੇ। ਮੰਤਾਨੀ = ਮੰਤਰ। ਦ੍ਰਿੜੁ ਕਰਿ ਰਹਿਓ = ਪੱਕੇ ਤੌਰ ਤੇ ਟਿਕ ਗਿਆ।੨।
ਓਇ = {ਲਫ਼ਜ਼ 'ਓਹ' ਤੋਂ ਬਹੁ-ਵਚਨ}। ਓਇ ਬੀਚ = ਉਹ ਅੰਤਰੇ, ਉਹ ਵਿੱਥਾਂ, ਉਹ ਵਿਤਕਰੇ। ਹਮ ਤੁਮ ਬੀਚ = ਅਸੀ ਤੁਸੀ ਵਾਲੇ ਵਿਤਕਰੇ, ਮੇਰ = ਤੇਰ ਵਾਲੇ ਵਿਤਕਰੇ। ਬਿਲਾਨੀ = ਬੀਤ ਜਾਂਦੀ ਹੈ, ਮੁੱਕ ਜਾਂਦੀ ਹੈ। ਅਲੰਕਾਰ = ਗਹਣੇ। ਮਿਲਿ = ਮਿਲ ਕੇ। ਥੈਲੀ = ਰੈਣੀ, ਢੇਲੀ। ਤਾ ਤੇ = ਉਸ (ਰੈਣੀ) ਤੋਂ। ਕਨਿਕ = ਸੋਨਾ।੩।
ਸਹਜ ਸੁਖ = ਆਤਮਕ ਅਡੋਲਤਾ ਦੇ ਆਨੰਦ। ਬਾਜੇ = ਵੱਜਦੇ ਹਨ। ਅਨਹਤ = ਇਕ-ਰਸ, ਲਗਾਤਾਰ। ਬਾਨੀ = ਸਿਫ਼ਤਿ-ਸਾਲਾਹ ਵਾਲੀ ਗੁਰਬਾਣੀ। ਨਿਹਚਲ = ਅਟੱਲ। ਗੁਰਿ = ਗੁਰੂ ਨੇ। ਬੰਧਾਨੀ = ਮਰਯਾਦਾ।੪।
ਅਰਥ: ਹੇ ਭਾਈ! ਜਿੰਦ ਦੀ (ਅਰਦਾਸ) ਇਕ ਪਰਮਾਤਮਾ ਦੇ ਕੋਲ ਹੀ ਮੰਨੀ ਜਾਂਦੀ ਹੈ। (ਪਰਮਾਤਮਾ ਦੇ ਆਸਰੇ ਤੋਂ ਬਿਨਾ ਲੋਕ) ਹੋਰ ਬਥੇਰੇ ਜਤਨ ਕਰ ਕੇ ਥੱਕ ਜਾਂਦੇ ਹਨ, ਉਹਨਾਂ ਜਤਨਾਂ ਦਾ ਮੁੱਲ ਇਕ ਤਿਲ ਜਿਤਨਾ ਭੀ ਨਹੀਂ ਸਮਝਿਆ ਜਾਂਦਾ।ਰਹਾਉ।
ਹੇ ਭਾਈ! ਜਿਸ ਪ੍ਰਭੂ ਦਾ ਦਿੱਤਾ ਹੋਇਆ ਇਹ ਸਰੀਰ ਤੇ ਮਨ ਹੈ, ਇਹ ਸਾਰਾ ਧਨ-ਪਦਾਰਥ ਭੀ ਉਸੇ ਦਾ ਦਿੱਤਾ ਹੋਇਆ ਹੈ, ਉਹੀ ਸੁਚੱਜਾ ਹੈ ਤੇ ਸਿਆਣਾ ਹੈ। ਅਸਾਂ ਜੀਵਾਂ ਦਾ ਦੁੱਖ ਸੁਖ (ਸਦਾ) ਉਸ ਪਰਮਾਤਮਾ ਨੇ ਹੀ ਸੁਣਿਆ ਹੈ, (ਜਦੋਂ ਉਹ ਸਾਡੀ ਅਰਦਾਸ-ਅਰਜ਼ੋਈ ਸੁਣਦਾ ਹੈ) ਤਦੋਂ (ਸਾਡੀ) ਹਾਲਤ ਚੰਗੀ ਬਣ ਜਾਂਦੀ ਹੈ।੧।
ਹੇ ਭਾਈ! ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ, ਨਾਮ ਇਕ ਐਸਾ ਹੀਰਾ ਹੈ ਜੇਹੜਾ ਕਿਸੇ ਮੁੱਲ ਤੋਂ ਨਹੀਂ ਮਿਲ ਸਕਦਾ। ਗੁਰੂ ਨੇ ਇਹ ਨਾਮ-ਮੰਤਰ (ਜਿਸ ਮਨੁੱਖ ਨੂੰ) ਦੇ ਦਿੱਤਾ, ਉਹ ਮਨੁੱਖ (ਵਿਕਾਰਾਂ ਵਿਚ) ਡਿੱਗਦਾ ਨਹੀਂ, ਡੋਲਦਾ ਨਹੀਂ, ਉਹ ਮਨੁੱਖ ਪੱਕੇ ਇਰਾਦੇ ਵਾਲਾ ਬਣ ਜਾਂਦਾ ਹੈ, ਉਹ ਮੁਕੰਮਲ ਤੌਰ ਤੇ (ਮਾਇਆ ਵਲੋਂ) ਸੰਤੋਖੀ ਰਹਿੰਦਾ ਹੈ।੨।
(ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਪਾਸੋਂ ਨਾਮ-ਹੀਰਾ ਮਿਲ ਜਾਂਦਾ ਹੈ, ਉਸ ਦੇ ਅੰਦਰੋਂ) ਉਹਨਾਂ ਮੇਰ-ਤੇਰ ਵਾਲੇ ਸਾਰੇ ਵਿਤਕਰਿਆਂ ਦੀ ਗੱਲ ਮੁੱਕ ਜਾਂਦੀ ਹੈ ਜੋ ਜਗਤ ਵਿਚ ਬੜੇ ਪ੍ਰਬਲ ਹਨ। (ਉਸ ਮਨੁੱਖ ਨੂੰ ਹਰ ਪਾਸੇ ਪਰਮਾਤਮਾ ਹੀ ਇਉਂ ਦਿੱਸਦਾ ਹੈ, ਜਿਵੇਂ) ਅਨੇਕਾਂ ਗਹਣੇ ਮਿਲ ਕੇ (ਗਾਲੇ ਜਾ ਕੇ) ਰੈਣੀ ਬਣ ਜਾਂਦੀ ਹੈ, ਤੇ, ਉਸ ਢੇਲੀ ਤੋਂ ਉਹ ਸੋਨਾ ਹੀ ਅਖਵਾਂਦੀ ਹੈ।੩।
(ਹੇ ਭਾਈ! ਜਿਸ ਮਨੁੱਖ ਦੇ ਅੰਦਰ ਗੁਰੂ ਦੀ ਕਿਰਪਾ ਨਾਲ) ਪਰਮਾਤਮਾ ਦੀ ਜੋਤਿ ਦਾ ਪਰਕਾਸ਼ ਹੋ ਜਾਂਦਾ ਹੈ, ਉਸ ਦੇ ਅੰਦਰ ਆਤਮਕ ਅਡੋਲਤਾ ਦੇ ਆਨੰਦ ਪੈਦਾ ਹੋ ਜਾਂਦੇ ਹਨ, ਉਸ ਨੂੰ ਹਰ ਥਾਂ ਸੋਭਾ ਮਿਲਦੀ ਹੈ, ਉਸ ਦੇ ਹਿਰਦੇ ਵਿਚ ਸਿਫ਼ਤਿ-ਸਾਲਾਹ ਦੀ ਬਾਣੀ ਦੇ (ਮਾਨੋ) ਇਕ-ਰਸ ਵਾਜੇ ਵੱਜਦੇ ਰਹਿੰਦੇ ਹਨ। ਹੇ ਨਾਨਕ! ਆਖ-ਗੁਰੂ ਨੇ ਜਿਸ ਮਨੁੱਖ ਵਾਸਤੇ ਇਹ ਪ੍ਰਬੰਧ ਕਰ ਦਿੱਤਾ, ਉਹ ਮਨੁੱਖ ਸਦਾ ਲਈ ਪ੍ਰਭੂ-ਚਰਨਾਂ ਵਿਚ ਟਿਕਾਣਾ ਪ੍ਰਾਪਤ ਕਰ ਲੈਂਦਾ ਹੈ।੪।੫।
ਧਨਾਸਰੀ ਮਹਲਾ ੪ ॥ ਇਛਾ ਪੂਰਕੁ ਸਰਬ ਸੁਖਦਾਤਾ ਹਰਿ ਜਾ ਕੈ ਵਸਿ ਹੈ ਕਾਮਧੇਨਾ ॥ ਸੋ ਐਸਾ ਹਰਿ ਧਿਆਈਐ ਮੇਰੇ ਜੀਅੜੇ ਤਾ ਸਰਬ ਸੁਖ ਪਾਵਹਿ ਮੇਰੇ ਮਨਾ ॥੧॥ ਜਪਿ ਮਨ ਸਤਿ ਨਾਮੁ ਸਦਾ ਸਤਿ ਨਾਮੁ ॥ ਹਲਤਿ ਪਲਤਿ ਮੁਖ ਊਜਲ ਹੋਈ ਹੈ ਨਿਤ ਧਿਆਈਐ ਹਰਿ ਪੁਰਖੁ ਨਿਰੰਜਨਾ ॥ ਰਹਾਉ ॥ ਜਹ ਹਰਿ ਸਿਮਰਨੁ ਭਇਆ ਤਹ ਉਪਾਧਿ ਗਤੁ ਕੀਨੀ ਵਡਭਾਗੀ ਹਰਿ ਜਪਨਾ ॥ ਜਨ ਨਾਨਕ ਕਉ ਗੁਰਿ ਇਹ ਮਤਿ ਦੀਨੀ ਜਪਿ ਹਰਿ ਭਵਜਲੁ ਤਰਨਾ ॥੨॥੬॥੧੨॥ {ਪੰਨਾ 669-670}
ਪਦਅਰਥ: ਪੂਰਕੁ = ਪੂਰੀਆਂ ਕਰਨ ਵਾਲਾ। ਦਾਤਾ = ਦੇਣ ਵਾਲਾ। ਸਰਬ = ਸਾਰੇ। ਜਾ ਕੈ ਵਸਿ = ਜਿਸ ਦੇ ਇਖ਼ਤਿਆਰ ਵਿਚ। ਧੇਨ = ਗਾਂ। ਕਾਮ = ਵਾਸਨਾ। ਕਾਮਧੇਨ = ਸ੍ਵਰਗ ਦੀ ਉਹ ਗਾਂ ਜੋ ਸਾਰੀਆਂ ਵਾਸਨਾਂ ਪੂਰੀਆਂ ਕਰ ਦੇਂਦੀ ਹੈ। ਜੀਅੜੇ = ਹੇ ਸੋਹਣੀ ਜਿੰਦੇ! ਤਾ = ਤਦੋਂ। ਪਾਵਹਿ = ਪਾ ਲਏਂਗਾ।੧।
ਮਨ = ਹੇ ਮਨ! ਸਤਿ ਨਾਮੁ = ਸਦਾ-ਥਿਰ ਰਹਿਣ ਵਾਲਾ ਹਰਿ = ਨਾਮ। ਹਲਤਿ = {अत्र} ਇਸ ਲੋਕ ਵਿਚ। ਪਲਤਿ = {परत्र} ਪਰਲੋਕ ਵਿਚ। ਮੁਖ ਊਜਲ = ਉੱਜਲ ਮੂੰਹ ਵਾਲੇ, ਸੁਰਖ਼ = ਰੂ। ਪੁਰਖੁ = ਸਰਬ = ਵਿਆਪਕ। ਨਿਰੰਜਨਾ = ਮਾਇਆ ਤੋਂ ਨਿਰਲੇਪ ਪ੍ਰਭੂ।ਰਹਾਉ।
ਜਹ = ਜਿਥੇ, ਜਿਸ ਹਿਰਦੇ ਵਿਚ। ਤਹ = ਉਸ ਹਿਰਦੇ ਵਿਚੋਂ। ਉਪਾਧਿ = ਝਗੜਾ = ਬਖੇੜਾ। ਗਤੁ ਕੀਨੀ = ਚਾਲੇ ਪਾ ਜਾਂਦਾ ਹੈ। ਕਉ = ਨੂੰ। ਗੁਰਿ = ਗੁਰੂ ਨੇ। ਭਵਜਲੁ = ਸੰਸਾਰ = ਸਮੁੰਦਰ।੨।
ਅਰਥ: ਹੇ ਮਨ! ਸਦਾ-ਥਿਰ ਪ੍ਰਭੂ ਦਾ ਨਾਮ ਸਦਾ ਜਪਿਆ ਕਰ। ਹੇ ਭਾਈ! ਸਰਬ-ਵਿਆਪਕ ਨਿਰਲੇਪ ਹਰੀ ਦਾ ਸਦਾ ਧਿਆਨ ਧਰਨਾ ਚਾਹੀਦਾ ਹੈ, (ਇਸ ਤਰ੍ਹਾਂ) ਲੋਕ ਪਰਲੋਕ ਵਿਚ ਇੱਜ਼ਤ ਖੱਟ ਲਈਦੀ ਹੈ।ਰਹਾਉ।
ਹੇ ਮੇਰੀ ਜਿੰਦੇ! ਜੇਹੜਾ ਹਰੀ ਸਾਰੀਆਂ ਕਾਮਨਾਂ ਪੂਰੀਆਂ ਕਰਨ ਵਾਲਾ ਹੈ, ਜੇਹੜਾ ਸਾਰੇ ਸੁਖ ਦੇਣ ਵਾਲਾ ਹੈ, ਜਿਸ ਦੇ ਵੱਸ ਵਿਚ (ਸ੍ਵਰਗ ਵਿਚ ਰਹਿਣ ਵਾਲੀ ਸਮਝੀ ਗਈ) ਕਾਮਧੇਨ ਹੈ ਉਸ ਅਜੇਹੀ ਸਮਰਥਾ ਵਾਲੇ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ। ਹੇ ਮੇਰੇ ਮਨ! ਜਦੋਂ ਤੂੰ ਪਰਮਾਤਮਾ ਦਾ ਸਿਮਰਨ ਕਰੇਂਗਾ) ਤਦੋਂ ਸਾਰੇ ਸੁਖ ਹਾਸਲ ਕਰ ਲਏਂਗਾ।੧।
ਹੇ ਭਾਈ! ਜਿਸ ਹਿਰਦੇ ਵਿਚ ਪਰਮਾਤਮਾ ਦੀ ਭਗਤੀ ਹੁੰਦੀ ਹੈ ਉਸ ਵਿਚੋਂ ਹਰੇਕ ਕਿਸਮ ਦਾ ਝਗੜਾ-ਬਖੇੜਾ ਚਾਲੇ ਪਾ ਜਾਂਦਾ ਹੈ। (ਫਿਰ ਭੀ) ਵੱਡੇ ਭਾਗਾਂ ਨਾਲ ਹੀ ਪਰਮਾਤਮਾ ਦਾ ਭਜਨ ਹੋ ਸਕਦਾ ਹੈ। ਹੇ ਭਾਈ! ਦਾਸ ਨਾਨਕ ਨੂੰ (ਤਾਂ) ਗੁਰੂ ਨੇ ਇਹ ਸਮਝ ਬਖ਼ਸ਼ੀ ਹੈ ਕਿ ਪਰਮਾਤਮਾ ਦਾ ਨਾਮ ਜਪ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ।੨।੬।੧੨।
ਬਿਲਾਵਲੁ ਮਹਲਾ ੧ ॥ ਮੈ ਮਨਿ ਚਾਉ ਘਣਾ ਸਾਚਿ ਵਿਗਾਸੀ ਰਾਮ ॥ ਮੋਹੀ ਪ੍ਰੇਮ ਪਿਰੇ ਪ੍ਰਭਿ ਅਬਿਨਾਸੀ ਰਾਮ ॥ ਅਵਿਗਤੋ ਹਰਿ ਨਾਥੁ ਨਾਥਹ ਤਿਸੈ ਭਾਵੈ ਸੋ ਥੀਐ ॥ ਕਿਰਪਾਲੁ ਸਦਾ ਦਇਆਲੁ ਦਾਤਾ ਜੀਆ ਅੰਦਰਿ ਤੂੰ ਜੀਐ ॥ ਮੈ ਅਵਰੁ ਗਿਆਨੁ ਨ ਧਿਆਨੁ ਪੂਜਾ ਹਰਿ ਨਾਮੁ ਅੰਤਰਿ ਵਸਿ ਰਹੇ ॥ ਭੇਖੁ ਭਵਨੀ ਹਠੁ ਨ ਜਾਨਾ ਨਾਨਕਾ ਸਚੁ ਗਹਿ ਰਹੇ ॥੧॥ {ਪੰਨਾ 843-844}
ਪਦਅਰਥ: ਮੈ ਮਨਿ = ਮੇਰੇ ਮਨ ਵਿਚ। ਘਣਾ = ਬਹੁਤ। ਸਾਚਿ = ਸਦਾ-ਥਿਰ ਹਰਿ = ਨਾਮ ਵਿਚ (ਟਿਕ ਕੇ) । ਵਿਗਾਸੀ = ਮੈਂ ਖਿੜ ਰਹੀ ਹਾਂ, ਮੇਰਾ ਮਨ ਖਿੜਿਆ ਰਹਿੰਦਾ ਹੈ। ਪਿਰੇ = ਪਿਰਿ, ਪਿਰ ਨੇ। ਪ੍ਰਭਿ = ਪ੍ਰਭੂ ਨੇ। ਅਵਿਗਤੋ = {अव्यतत्र्} ਅਦ੍ਰਿਸ਼ਟ। ਨਾਥੁ ਨਾਥਹ = ਨਾਥਾਂ ਦਾ ਨਾਥ। ਤਿਸੈ = ਉਸ (ਪ੍ਰਭੂ) ਨੂੰ ਹੀ। ਥੀਐ = ਹੁੰਦਾ ਹੈ। ਜੀਐ = ਜਿੰਦ ਦੇਣ ਵਾਲਾ। ਅਵਰੁ = ਹੋਰ। ਗਿਆਨੁ = ਧਰਮ = ਚਰਚਾ। ਧਿਆਨੁ = ਸਮਾਧੀ ਆਦਿਕ ਦਾ ਉੱਦਮ। ਭਵਨੀ = ਤੀਰਥ = ਜਾਤ੍ਰਾ। ਹਠੁ = ਹਠ (ਦੇ ਆਸਰੇ ਕੀਤੇ) ਯੋਗ = ਆਸਣ। ਸਚੁ = ਸਦਾ-ਥਿਰ ਰਹਿਣ ਵਾਲਾ ਪਰਮਾਤਮਾ।੧।
ਅਰਥ: ਹੇ ਸਹੇਲੀਏ! ਅਬਿਨਾਸ਼ੀ ਪਿਆਰੇ ਪ੍ਰਭੂ ਨੇ (ਮੇਰੇ ਮਨ ਨੂੰ ਆਪਣੇ) ਪ੍ਰੇਮ (ਦੀ ਖਿੱਚ ਨਾਲ) ਮਸਤ ਕਰ ਰੱਖਿਆ ਹੈ, ਸਦਾ-ਥਿਰ ਰਹਿਣ ਵਾਲੇ ਪਰਮਾਤਮਾ (ਦੇ ਨਾਮ) ਵਿਚ (ਟਿਕ ਕੇ) ਮੇਰਾ ਮਨ ਖਿੜਿਆ ਰਹਿੰਦਾ ਹੈ, ਮੇਰੇ ਮਨ ਵਿਚ ਬਹੁਤ ਚਾਉੇ ਬਣਿਆ ਰਹਿੰਦਾ ਹੈ। ਹੇ ਸਹੇਲੀਏ! ਉਹ ਪਰਮਾਤਮਾ ਇਹਨਾਂ ਅੱਖਾਂ ਨਾਲ ਨਹੀਂ ਦਿੱਸਦਾ, ਪਰ ਉਹ ਪਰਮਾਤਮਾ (ਵੱਡੇ ਵੱਡੇ) ਨਾਥਾਂ ਦਾ (ਭੀ) ਨਾਥ ਹੈ, (ਜਗਤ ਵਿਚ) ਉਹ ਹੀ ਹੁੰਦਾ ਹੈ, ਜੋ ਉਸ ਪਰਮਾਤਮਾ ਨੂੰ ਹੀ ਚੰਗਾ ਲੱਗਦਾ ਹੈ।
ਹੇ ਪ੍ਰਭੂ! ਤੂੰ ਮਿਹਰ ਦਾ ਸਮੁੰਦਰ ਹੈਂ, ਤੂੰ ਸਦਾ ਹੀ ਦਇਆ ਦਾ ਸੋਮਾ ਹੈਂ, ਤੂੰ ਹੀ ਸਭ ਦਾਤਾਂ ਦੇਣ ਵਾਲਾ ਹੈਂ, ਤੂੰ ਸਭ ਜੀਵਾਂ ਦੇ ਅੰਦਰ ਜਿੰਦ ਹੈਂ।
ਹੇ ਸਹੇਲੀਏ! ਮੇਰੇ) ਮਨ ਵਿਚ ਪਰਮਾਤਮਾ ਦਾ ਨਾਮ ਵੱਸ ਰਿਹਾ ਹੈ (ਇਸ ਹਰਿ-ਨਾਮ ਦੇ ਬਰਾਬਰ ਦੀ) ਮੈਨੂੰ ਕੋਈ ਧਰਮ-ਚਰਚਾ, ਕੋਈ ਸਮਾਧੀ, ਕੋਈ ਦੇਵ-ਪੂਜਾ ਨਹੀਂ ਸੁੱਝਦੀ। ਹੇ ਨਾਨਕ! ਆਖ-ਹੇ ਸਹੇਲੀਏ!) ਮੈਂ ਸਦਾ ਕਾਇਮ ਰਹਿਣ ਵਾਲੇ ਹਰਿ-ਨਾਮ ਨੂੰ (ਆਪਣੇ ਹਿਰਦੇ ਵਿਚ) ਪੱਕੀ ਤਰ੍ਹਾਂ ਟਿਕਾ ਲਿਆ ਹੈ (ਇਸ ਦੇ ਬਰਾਬਰ ਦਾ) ਮੈਂ ਕੋਈ ਭੇਖ, ਕੋਈ ਤੀਰਥ-ਰਟਨ, ਕੋਈ ਹਠ-ਜੋਗ ਨਹੀਂ ਸਮਝਦੀ।੧।॥
ਪਹਿਲ ਪੁਰੀਏ ਪੁੰਡਰਕ ਵਨਾ ॥ ਤਾ ਚੇ ਹੰਸਾ ਸਗਲੇ ਜਨਾਂ ॥ ਕ੍ਰਿਸ੍ਨਾ ਤੇ ਜਾਨਊ ਹਰਿ ਹਰਿ ਨਾਚੰਤੀ ਨਾਚਨਾ ॥੧॥ ਪਹਿਲ ਪੁਰਸਾਬਿਰਾ ॥ ਅਥੋਨ ਪੁਰਸਾਦਮਰਾ ॥ ਅਸਗਾ ਅਸ ਉਸਗਾ ॥ ਹਰਿ ਕਾ ਬਾਗਰਾ ਨਾਚੈ ਪਿੰਧੀ ਮਹਿ ਸਾਗਰਾ ॥੧॥ ਰਹਾਉ ॥ ਨਾਚੰਤੀ ਗੋਪੀ ਜੰਨਾ ॥ ਨਈਆ ਤੇ ਬੈਰੇ ਕੰਨਾ ॥ ਤਰਕੁ ਨ ਚਾ ॥ ਭ੍ਰਮੀਆ ਚਾ ॥ ਕੇਸਵਾ ਬਚਉਨੀ ਅਈਏ ਮਈਏ ਏਕ ਆਨ ਜੀਉ ॥੨॥ ਪਿੰਧੀ ਉਭਕਲੇ ਸੰਸਾਰਾ ॥ ਭ੍ਰਮਿ ਭ੍ਰਮਿ ਆਏ ਤੁਮ ਚੇ ਦੁਆਰਾ ॥ ਤੂ ਕੁਨੁ ਰੇ ॥ ਮੈ ਜੀ ॥ ਨਾਮਾ ॥ ਹੋ ਜੀ ॥ ਆਲਾ ਤੇ ਨਿਵਾਰਣਾ ਜਮ ਕਾਰਣਾ ॥੩॥੪॥ {ਪੰਨਾ 693}
ਪਦਅਰਥ: ਪਹਿਲ ਪੁਰੀਏ = ਪਹਿਲਾਂ ਪਹਿਲ। {ਪੁਰਾ (पुरा) ਸੰਸਕ੍ਰਿਤ ਪਦ ਹੈ, ਇਸ ਦਾ ਅਰਥ ਹੈ 'ਪਹਿਲਾਂ'}। ਪੁੰਡਰਕ ਵਨਾ = ਪੁੰਡਰਕਾਂ ਦਾ ਬਨ, ਕੌਲ ਫੁੱਲਾਂ ਦਾ ਖੇਤ। ਪੁੰਡਰਕ = {पुंडरीक} ਚਿੱਟਾ ਕੌਲ ਫੁੱਲ। ਤਾ ਚੇ = ਉਸ (ਪੁੰਡਰਕ ਵਨ) ਦੇ, ਉਸ (ਕੌਲ ਫੁੱਲਾਂ ਦੇ ਖੇਤ) ਦੇ। ਸਗਲੇ ਜਨਾਂ = ਸਾਰੇ ਜੀਅ ਜੰਤ। ਕ੍ਰਿਸ੍ਨਾ = ਮਾਇਆ। ਤੇ = ਤੋਂ। ਜਾਨਊ = ਜਾਣੋ, ਸਮਝੋ। ਹਰਿ ਕ੍ਰਿਸ੍ਨਾ = ਪ੍ਰਭੂ ਦੀ ਮਾਇਆ। ਹਰਿ ਨਾਚਨਾ = ਪ੍ਰਭੂ ਦੀ ਨਾਚ ਕਰਨ ਵਾਲੀ (ਸ੍ਰਿਸ਼ਟੀ) । ਨਾਚੰਤੀ = ਨੱਚ ਰਹੀ ਹੈ।੧।
ਪੁਰਸਾਬਿਰਾ = ਪੁਰਸ = ਆਬਿਰਾ। ਪੁਰਸ = ਪਰਮਾਤਮਾ। ਆਬਿਰਾ = ਪਰਗਟ (ਹੋਇਆ) । ਆਬਿਰ ਭੂ = {आविर भु } ਪਰਗਟ ਹੋਣਾ। ਅਥੋਨ = ਉਸ ਤੋਂ ਪਿਛੋਂ, ਫਿਰ। ਪੁਰਸਾਦਮਰਾ = ਪੁਰਸ਼ਾਤ = ਅਮਰਾ {पुरूषात् = अमरा} ਪੁਰਸ਼ ਤੋਂ ਮਾਇਆ। ਅਮਰਾ = ਮਾਇਆ, ਕੁਦਰਤ। ਅਸ ਗਾ = ਇਸ ਦਾ। ਅਸ = ਅਤੇ। ਉਸ ਗਾ = ਉਸ ਦਾ। ਬਾਗਰਾ = ਸੋਹਣਾ ਜਿਹਾ ਬਾਗ਼। ਪਿੰਧੀ = ਟਿੰਡਾਂ। ਸਾਗਰਾ = ਸਮੁੰਦਰ, ਪਾਣੀ।੧।ਰਹਾਉ।
ਗੋਪੀ ਜੰਨਾ = ਇਸਤ੍ਰੀਆਂ ਅਤੇ ਮਰਦ। ਨਈਆ = ਨਾਇਕ, ਪਰਮਾਤਮਾ। ਤੇ = ਤੋਂ। ਬੈਰੇ = ਵੱਖਰੇ। ਕੰਨਾ = ਕੋਈ ਨਹੀਂ। ਕੇਸਵਾ ਬਚਉਨੀ = ਕੇਸ਼ਵ ਦੇ ਬਚਨ ਹੀ। ਅਈਏ ਮਈਏ = ਇਸਤ੍ਰੀ ਮਰਦ ਵਿਚ। ਅਈਆ = {अर्या} ਇਸਤ੍ਰੀ। ਮਈਆ {मर्य} ਮਨੁੱਖ। ਏਕ ਆਨ = {एकायन = ਇਕ ਅਯਨ। ਅਯਨ = ਰਸਤਾ} ਇੱਕੋ ਰਾਹੇ, ਇੱਕ = ਰਸ।੨।
ਉਭਕਲੇ = ਡੁਬਕੀਆਂ। ਸੰਸਾਰਾ = ਸੰਸਾਰ (ਸਮੁੰਦਰ) ਵਿਚ। ਭ੍ਰਮਿ ਭ੍ਰਮਿ = ਭਟਕ ਭਟਕ ਕੇ। ਤੁਮ ਚੇ = ਤੇਰੇ। ਚੇ = ਦੇ। ਰੇ = ਹੇ ਭਾਈ! ਕੁਨੁ = ਕੌਣ? ਜੀ = ਹੇ (ਪ੍ਰਭੂ) ਜੀ! ਆਲਾ = ਆਲਯ, ਘਰ, ਜਗਤ ਦਾ ਜੰਜਾਲ। ਤੇ = ਤੋਂ। ਨਿਵਾਰਣਾ = ਬਚਾ ਲੈ। ਜਮ ਕਾਰਣਾ = ਜਮਾਂ (ਦੇ ਡਰ) ਦਾ ਕਾਰਨ।
ਨੋਟ: ਲਫ਼ਜ਼ 'ਆਲਾ' ਦਾ ਅਰਥ ਕਈ ਸੱਜਣ 'ਆਇਆ' ਕਰਦੇ ਹਨ। ਇਸ ਲਫ਼ਜ਼ 'ਆਲਾ' ਨੂੰ ਉਹ ਧਾਤੂ 'ਆ' ਦਾ 'ਭੂਤਕਾਲ' ਮੰਨਦੇ ਹਨ। ਮਰਾਠੀ ਬੋਲੀ ਵਿਚ ਕਿਸੇ ਧਾਤੂ ਤੋਂ 'ਭੂਤਕਾਲ' ਬਣਾਣ ਲਈ ਪਿਛੇਤਰ 'ਲਾ' ਵਰਤੀਦਾ ਹੈ। ਪਰ ਧਾਤੂ 'ਆ' ਤੋਂ ਮਰਾਠੀ ਵਿਚ 'ਆਲਾ' ਭੂਤਕਾਲ ਨਹੀਂ ਬਣਦਾ, 'ਆ' ਅਤੇ 'ਲਾ' ਦੇ ਵਿਚਕਾਰ 'ਇ' ਭੀ ਵਰਤੀ ਜਾਂਦੀ ਹੈ। 'ਆ' ਤੋਂ ਭੂਤਕਾਲ 'ਆਇਲਾ' ਹੈ; ਜਿਵੇਂ:
"ਗਰੁੜ ਚੜੇ ਗੋਬਿੰਦੁ ਆਇਲਾ" {ਨਾਮਦੇਵ ਜੀ}
ਲਫ਼ਜ਼ 'ਤੇ' ਦਾ ਉਹ ਸੱਜਣ 'ਅਤੇ' ਅਰਥ ਕਰਦੇ ਹਨ। ਇਹ ਭੀ ਗ਼ਲਤ ਹੈ। 'ਤੇ' ਦਾ ਅਰਥ ਹੈ 'ਤੋਂ'। 'ਅਤੇ' ਵਾਸਤੇ ਪੁਰਾਣੀ ਪੰਜਾਬੀ ਵਿਚ ਲਫ਼ਜ਼ 'ਤੈ' ਹੈ।੩।
ਅਰਥ: ਪਹਿਲਾਂ ਪੁਰਸ਼ (ਅਕਾਲ ਪੁਰਖ) ਪਰਗਟ ਹੋਇਆ {"ਆਪੀਨ੍ਹ੍ਹੈ ਆਪੁ ਸਾਜਿਓ, ਆਪੀਨ੍ਹ੍ਹੈ ਰਚਿਓ ਨਾਉ"}। ਫਿਰ ਅਕਾਲ ਪੁਰਖ ਤੋਂ ਮਾਇਆ (ਬਣੀ) ("ਦੁਯੀ ਕੁਦਰਤਿ ਸਾਜੀਐ") । ਇਸ ਮਾਇਆ ਦਾ ਅਤੇ ਉਸ ਅਕਾਲ ਪੁਰਖ ਦਾ (ਮੇਲ ਹੋਇਆ) ("ਕਰਿ ਆਸਣੁ ਡਿਠੋ ਚਾਉ") । (ਇਸ ਤਰ੍ਹਾਂ ਇਹ ਸੰਸਾਰ) ਪਰਮਾਤਮਾ ਦਾ ਇਕ ਸੋਹਣਾ ਜਿਹਾ ਬਾਗ਼ (ਬਣ ਗਿਆ ਹੈ, ਜੋ) ਇਉਂ ਨੱਚ ਰਿਹਾ ਹੈ ਜਿਵੇਂ (ਖੂਹ ਦੀਆਂ) ਟਿੰਡਾਂ ਵਿਚ ਪਾਣੀ ਨੱਚਦਾ ਹੈ (ਭਾਵ, ਸੰਸਾਰ ਦੇ ਜੀਵ ਮਾਇਆ ਵਿਚ ਮੋਹਿਤ ਹੋ ਕੇ ਦੌੜ-ਭੱਜ ਕਰ ਰਹੇ ਹਨ, ਮਾਇਆ ਦੇ ਹੱਥਾਂ ਉੱਤੇ ਨੱਚ ਰਹੇ ਹਨ) ।੧।ਰਹਾਉ।
ਪਹਿਲਾਂ ਪਹਿਲ (ਜੋ ਜਗਤ ਬਣਿਆ ਹੈ ਉਹ, ਮਾਨੋ) ਕੌਲ ਫੁੱਲਾਂ ਦਾ ਖੇਤ ਹੈ, ਸਾਰੇ ਜੀਅ ਜੰਤ ਉਸ (ਕੌਲ ਫੁੱਲਾਂ ਦੇ ਖੇਤ) ਦੇ ਹੰਸ ਹਨ। ਪਰਮਾਤਮਾ ਦੀ ਇਹ ਰਚਨਾ ਨਾਚ ਕਰ ਰਹੀ ਹੈ। ਇਹ ਪ੍ਰਭੂ ਦੀ ਮਾਇਆ (ਦੀ ਪ੍ਰੇਰਨਾ) ਤੋਂ ਸਮਝੋ।੧।
ਇਸਤ੍ਰੀਆਂ ਮਰਦ ਸਭ ਨੱਚ ਰਹੇ ਹਨ, (ਪਰ ਇਹਨਾਂ ਸਭਨਾਂ ਵਿਚ) ਪਰਮਾਤਮਾ ਤੋਂ ਬਿਨਾ ਕੋਈ ਹੋਰ ਨਹੀਂ ਹੈ। (ਹੇ ਭਾਈ! ਇਸ ਵਿਚ) ਸ਼ੱਕ ਨਾ ਕਰ, (ਇਸ ਸੰਬੰਧੀ) ਭਰਮ ਦੂਰ ਕਰ ਦੇਹ। ਹਰੇਕ ਇਸਤ੍ਰੀ-ਮਰਦ ਵਿਚ ਪਰਮਾਤਮਾ ਦੇ ਬਚਨ ਹੀ ਇੱਕ-ਰਸ ਹੋ ਰਹੇ ਹਨ (ਭਾਵ, ਹਰੇਕ ਜੀਵ ਵਿਚ ਪਰਮਾਤਮਾ ਆਪ ਹੀ ਬੋਲ ਰਿਹਾ ਹੈ) ।੨।
(ਹੇ ਭਾਈ! ਜੀਵ-) ਟਿੰਡਾਂ ਸੰਸਾਰ-ਸਮੁੰਦਰ ਵਿਚ ਡੁਬਕੀਆਂ ਲੈ ਰਹੀਆਂ ਹਨ। ਹੇ ਪ੍ਰਭੂ! ਭਟਕ ਭਟਕ ਕੇ ਮੈਂ ਤੇਰੇ ਦਰ ਤੇ ਆ ਡਿੱਗਾ ਹਾਂ। ਹੇ (ਪ੍ਰਭੂ) ਜੀ! ਜੇ ਤੂੰ ਮੈਨੂੰ ਪੁੱਛੇਂ-) ਤੂੰ ਕੌਣ ਹੈਂ? (ਤਾਂ) ਹੇ ਜੀ! ਮੈਂ ਨਾਮਾ ਹਾਂ। ਮੈਨੂੰ ਜਗਤ ਦੇ ਜੰਜਾਲ ਤੋਂ, ਜੋ ਕਿ ਜਮਾਂ (ਦੇ ਡਰ) ਦਾ ਕਾਰਨ ਹੈ, ਬਚਾ ਲੈ।੩, ੪।
ਸ਼ਬਦ ਦਾ ਭਾਵ: ਮਾਇਆ ਦਾ ਪ੍ਰਭਾਵ ਅਤੇ ਇਸ ਦਾ ਇਲਾਜ।
ਇਹ ਸਾਰੀ ਮਾਇਕ ਰਚਨਾ ਪ੍ਰਭੂ ਤੋਂ ਹੀ ਹੋਈ ਹੈ, ਪ੍ਰਭੂ ਸਭ ਵਿਚ ਵਿਆਪਕ ਹੈ। ਪਰ ਜੀਵ ਪ੍ਰਭੂ ਨੂੰ ਵਿਸਾਰ ਕੇ ਮਾਇਆ ਦੇ ਹੱਥ ਉੱਤੇ ਨੱਚ ਰਹੇ ਹਨ। ਪ੍ਰਭੂ ਦੀ ਸ਼ਰਨ ਪਿਆਂ ਹੀ ਇਸ ਤੋਂ ਬਚੀਦਾ ਹੈ।
Waheguru Ji
ReplyDelete